|
|
ਲਓ ਜੀ, ਸਾਡੇ ਨੇੜੇ ਤੇੜੇ ਹੀ ਪਿੰਡ ਸਲਾਵਤਪੁਰਾ ਵਿਖੇ "ਰੂਹਾਨੀ ਜਾਮ"
ਪਿਲਾਉਣ ਕਰਕੇ ਸਿਰਸੇ ਵਾਲ਼ੇ ਬਾਬੇ ਦਾ ਵਿਵਾਦ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ
ਵਾਂਗੂੰ ਫ਼ੈਲਿਆ, ਤਾਂ ਸੈਂਟਰ ਗੌਰਮਿੰਟ ਤੋਂ ਲੈ ਕੇ ਪੰਜਾਬ ਗੌਰਮਿੰਟ ਤੱਕ ਸਾਰਿਆਂ
ਨੂੰ ਪੰਜਾਬ ਦੇ ਹਾਲਾਤਾਂ ਦਾ ਫ਼ਿਕਰ ਪੈ ਗਿਆ। ਪੈਣਾਂ ਹੀ ਸੀ! ਅੱਗੇ ਹੀ ਵਿਚਾਰੇ
ਪੰਜਾਬ ਨੇ ਦਸ-ਪੰਦਰਾਂ ਸਾਲ ਸੰਤਾਪ ਪਿੰਡੇ ‘ਤੇ ਹੰਢਾਇਆ ਹੈ। ਇਕ ਪੰਜਾਬ ਦੇ
ਹਾਲਾਤ ਸ਼ੂਗਰ ਦੇ ਮਰੀਜ਼ ਦੀ ਹਾਲਤ ਵਾਂਗੂੰ ਵਿਗੜਦੇ ਵੀ ਬੜੇ ਛੇਤੀ ਹਨ! ਆਮ ਤਾਂ
ਗੌਰਮਿੰਟ ਨੂੰ ਪੰਜਾਬ ਦਾ ਬਹੁਤਾ ਕੋਈ ਫ਼ਿਕਰ ਨਹੀਂ ਰਹਿੰਦਾ, ਜਿਵੇਂ ਆਦੀ ਹੋਏ
ਮਾਪਿਆਂ ਨੂੰ "ਵੈਲੀ ਪੁੱਤ" ਦਾ ਬਹੁਤਾ ਝੋਰਾ ਨਹੀਂ ਹੁੰਦਾ, ਪਰ ਐਤਕੀਂ ਮਸਲਾ
ਸਿਰਸੇ ਵਾਲ਼ੇ ਬਾਬੇ ਨਾਲ਼ ਜੁੜਿਆ ਹੋਣ ਕਰਕੇ ਸਰਕਾਰ ਵੀ, ਸੱਪ ਨੂੰ ਦੇਖ ਕੇ ਚਿੜੀ
ਦੇ ਪਿੱਟ ਸਿਆਪਾ ਕਰਨ ਵਾਂਗ, ਮਿੰਟਾਂ ਵਿਚ ਸੁਚੇਤ ਹੋ ਗਈ। ਸਰਕਾਰ ਨੂੰ ਆਪਣਾ ਵੀ
ਫ਼ਿਕਰ ਸੀ, ਉਹਨਾਂ ਨੂੰ ਇਹ ਹੀ ਸੀ ਕਿ ਜੇ ਸਾਥੋਂ ਪੰਜਾਬ ਦੇ ਹਾਲਾਤ ਨਾ ਸੰਭਲ਼ੇ
ਤਾਂ ਪੰਜਾਬ ਵਿੱਚ ਗਵਰਨਰੀ ਰਾਜ ਹੋ ਸਕਦੈ ਅਤੇ ਸਾਡੀ ਰਾਜ ਗੱਦੀ ਜਾ ਸਕਦੀ ਹੈ।
ਇਸੇ ਕਰਕੇ ਤਾਂ ਵਿਚਾਰੇ ਸੁਖਬੀਰ ਬਾਦਲ ਨੇ ਦਿਨ ਰਾਤ ਇਕ ਕਰੀ ਰੱਖੀ ਕਿ ਬਾਪੂ ਜੀ
ਦੀ ਕੁਰਸੀ ਨਾ ਚਲੀ ਜਾਵੇ! ਕਿੱਡਾ ਸਲੱਗ ਪੁੱਤ ਹੈ। ਰੱਬ ਐਹੋ ਜਿਹੇ ਪੁੱਤ ਘਰ-ਘਰ
ਦੇਵੇ! ਕਿੰਨਾਂ ਖਿਆਲ ਕਰਦੈ ਉਹ ਆਪਣੇ ਬਾਪੂ ਜੀ ਦਾ! ਬਿਰਧ ਜਿਉਂ ਨੇ? ਉਹ ਵੀ ਕੀ
ਕਰਨ...? ਇਸ ਦੇ ਨਾਲ਼ ਨਾਲ਼ ਮੈਨੂੰ ਸ਼ ਬਲਵੰਤ ਸਿੰਘ ਰਾਮੂਵਾਲ਼ੀਏ ਦੀ ਗੱਲ ਯਾਦ ਆ
ਗਈ, ਲਓ ਉਹ ਵੀ ਸੁਣ ਲਓ! ਉਸ ਦਾ ਕਹਿਣਾ ਹੈ ਕਿ ਜੇ ਕਿਸੇ ਕੁੜੀ ਦੇ ਜੁਆਕ ਹੋਵੇ,
ਜਣੇਪਾ ਕਿਸੇ ਕਾਰਨ ਸਹੁਰੀਂ ਹੋਇਆ ਹੋਵੇ, ਤਾਂ ਉਹ ਸਵਾ ਮਹੀਨੇ ਬਾਅਦ ਆਪਣਾ
ਨਵ-ਜੰਮਿਆਂ ਬਾਲ ਲੈ ਕੇ ਪੇਕੀਂ "ਦਿਖਾਉਣ" ਜਾਂਦੀ ਐ। ਮੋਹ-ਵੈਰਾਗ 'ਚ ਆਇਆ ਉਸ
ਕੁੜੀ ਦਾ ਸੱਤਰ ਸਾਲਾ ਬਾਪੂ ਆਖਦੈ, "ਲਿਆ ਕੁੜੀਏ, ਮੈਨੂੰ ਫੜਾ ਦੋਹਤੇ ਨੂੰ, ਮੈਂ
ਇਹਦਾ ਸਿਰ ਪਲ਼ੋਸਾਂ ਤੇ ਪਿਆਰ ਦੇਵਾਂ...!" ਤਾਂ ਡਰਦੀ ਕੁੜੀ ਅੱਗਿਓਂ ਕਹਿੰਦੀ ਐ,
"ਨਹੀਂ ਬਾਪੂ...! ਤੂੰ ਸੱਤਰਾ ਬਹੱਤਰਾ ਹੋਇਆ ਪਿਐਂ, ਜੁਆਕ ਨੂੰ ਸਿੱਟਦੇਂਗਾ...!
ਜੇ ਤੂੰ ਇਕ ਅੱਧਾ ਰੁਪਈਆ ਦੇਣੈਂ ਸ਼ਗਨ ਦਾ ਤਾਂ ਮੈਨੂੰ ਊਂਈ ਫੜਾ ਦੇਹ...! ਮੈਂ
ਨ੍ਹੀ ਫੜਾਉਂਦੀ ਮੁੰਡਾ ਤੈਨੂੰ...! ਡਰ ਲੱਗਦੈ...! ਕੋਈ ਸੱਟ ਫ਼ੇਟ ਲੱਗਜੂ ਜੁਆਕ
ਦੇ...! ਜੇ ਕੋਈ ਬੱਜ ਪੈ ਗਈ, ਫੇਰ ਕੀਹਦੀ ਮਾਂ ਨੂੰ ਮਾਸੀ ਆਖਾਂਗੇ...?" ਕੁੜੀ
ਆਪਦਾ ਜੁਆਕ ਸੱਤਰ ਸਾਲਾ ਸਕੇ ਪਿਉ ਨੂੰ ਨਹੀਂ ਫੜਾਉਂਦੀ। ਤੇ ਸਾਡੇ ਪੰਜਾਬੀ ਐਡੇ
ਦਰਿਆ ਦਿਲ ਨੇ ਕਿ ਪੂਰੇ ਦਾ ਪੂਰਾ ਪੰਜਾਬ ਹੀ ਨੱਬੇ ਸਾਲਾਂ ਦੇ ਬਾਦਲ ਸਾਹਿਬ ਦੇ
ਹੱਥ ਫੜਾ ਦਿੱਤਾ...! ਪੰਜਾਬ ਖਾਵੇ ਖਸਮਾਂ ਨੂੰ! ਪਰ ਉਹ ਇਸ ਨੂੰ ਕਿਵੇਂ ਸਾਂਭੇ?"
ਚੰਗੇ ਭਾਗ ਸੀ ਬਾਦਲ ਸਾਹਿਬ ਦੇ ਕਿ ਸਿਰਸੇ ਵਾਲ਼ੇ ਬਾਬੇ ਨੇ "ਰੂਹਾਨੀ ਜਾਮ"
ਪਿਲਾਉਣਾਂ ਸੀ ਅਤੇ ਬਾਦਲ ਸਾਹਿਬ ਦਾ ਵਕਤੀ ਤੌਰ 'ਤੇ ਆਟੇ ਅਤੇ ਦਾਲ਼ ਵਾਲ਼ੇ ਸ਼ੋਸ਼ੇ
ਵੱਲੋਂ ਖਹਿੜ੍ਹਾ ਛੁੱਟਣਾ ਸੀ। ਬਾਦਲ ਸਾਹਿਬ ਨੂੰ ਤਾਂ ਸਿਰਸੇ ਵਾਲ਼ੇ ਸਾਧ ਦਾ
ਧੰਨਵਾਦੀ ਹੋਣਾ ਚਾਹੀਦਾ ਹੈ! ਬਾਦਲ ਸਾਹਿਬ ਇਸ ਬਾਬੇ ਦੀ ਗ੍ਰਿਫ਼ਤਾਰੀ ਦੀ ਹਮਾਇਤ
ਕਿਵੇਂ ਕਰਨ? ਜਾਂ ਕਿਉਂ ਕਰਨ? ਉਹਨਾਂ ਦਾ ਦਿਮਾਗ ਫਿਰਿਐ? ਬਾਦਲ ਸਾਹਿਬ ਨੂੰ ਤਾਂ
ਸਿਰਸੇ ਵਾਲ਼ਾ ਬਾਬਾ ਇਕ "ਵਰਦਾਨ" ਬਣ ਕੇ ਮਿਲ਼ਿਆ ਸੀ। ਬਾਦਲ ਸਾਹਿਬ ਦੇ ਮੋਢੇ ਨਾਲ਼
ਮੋਢਾ ਡਾਹ ਕੇ ਸੁਖਬੀਰ ਬਾਦਲ ਜੀ ਵੀ ਸਾਥ ਦੇ ਰਹੇ ਸਨ। ਬੜਾ ਸਿਆਣਾ ਬਰਖ਼ੁਰਦਾਰ
ਹੈ, ਸੁਖਬੀਰ ਬਾਦਲ!
ਖ਼ੈਰ, ਗੱਲ ਚੱਲਦੀ ਸੀ ਡੇਰਾ ਵਾਦ-ਵਿਵਾਦ ਦੀ! ਲਓ ਜੀ, ਅਸੀਂ ਵੀ ਪੰਜਾਬੀ ਹਾਂ
ਅਤੇ ਸਾਨੂੰ ਪੰਜਾਬ ਦਾ ਦਰਦ ਆਉਣਾ ਇਕ ਕੁਦਰਤੀ ਗੱਲ ਹੈ। ਅਸੀਂ ਪੰਜਾਬ ਦਾ ਖਾਨੇ
ਐਂ, ਪੰਜਾਬ 'ਚ ਵਸਦੇ ਐਂ, ਤੇ ਫੇਰ ਪੰਜਾਬ ਦਾ ਖਾ ਕੇ ਅਸੀਂ ਪੰਜਾਬ ਨੂੰ ਈ
"ਹਲਾਲ" ਕਰਨੈਂ! ਨਹੀਂ ਯਾਰ, ਮੇਰੇ ਮੂੰਹੋਂ ਨਿਕਲ਼ ਗਿਆ! "ਹਲਾਲ" ਤਾਂ ਆਪਣੇ
ਮੰਤਰੀ ਛੰਤਰੀ ਕਰਦੇ ਐ, ਅਸੀਂ ਤਾਂ ਪੰਜਾਬ ਦਾ ਭਲਾ ਸੋਚਣੈਂ? ਜਦੋਂ ਪੰਜਾਬ ਵਿਚ
ਸਿਰਸੇ ਵਾਲ਼ੇ ਬਾਬੇ ਬਾਰੇ ਹਾਹਾਕਾਰ ਮੱਚੀ, ਤਾਂ ਸਾਡਾ ਦਿਲ ਵੀ ਬਲੱਡ ਪ੍ਰੈਸ਼ਰ ਦੇ
ਮਰੀਜ਼ ਮਾਂਗੂੰ "ਖੜ੍ਹਬੜ੍ਹ-ਖੜ੍ਹਬੜ੍ਹ" ਕਰਦਾ, ਡੁਬਕੀਆਂ ਲਾਉਣ ਲੱਗ ਪਿਆ! ਕਦੇ
ਘਟਣ ਲੱਗ ਪਿਆ ਕਰੇ ਅਤੇ ਕਦੇ ਬੜ੍ਹਕਾਂ ਜਿਹੀਆਂ ਮਾਰਨ ਲੱਗ ਜਾਇਆ ਕਰੇ! ਦਿਲ ਦੇ
ਹਾਲਾਤ ਖ਼ਤਰਨਾਕ "ਬਾਡਰ" 'ਤੇ ਪਹੁੰਚ ਗਏ! ਅਸੀਂ ਵੀ ਆਪਣੇ "ਡਮਾਕ" ਨੂੰ ਪੁਰਾਣੇ
ਰੇਡੀਓ ਵਾਂਗੂੰ ਧੱਫ਼ਾ ਜਿਹਾ ਮਾਰਿਆ ਕਿ ਕੀ ਐ, ਇਹਦੀ ਵੀ ਕੋਈ ਤਾਰ ਜੁੜ ਜਾਵੇ ਅਤੇ
ਇਸ ਨੂੰ ਹੀ ਕੋਈ ਪੰਜਾਬ ਦਾ ਹੱਲ ਸੁੱਝ ਜਾਵੇ? ਲੈ ਬਈ, ਸਦਕੇ ਸਾਡੇ "ਲੈਕ" ਡਮਾਕ
ਦੇ! "ਘਿਰੜ੍ਹ-ਘਿਰੜ੍ਹ" ਕਰਦੇ ਡਮਾਕ ਦੀ ਧੱਫ਼ਾ ਜਿਹਾ ਮਾਰਨ ਨਾਲ਼ ਕੋਈ ਤਾਰ ਜੁੜ ਗਈ
ਅਤੇ ਇਸ ਨੇ ਵੀ ਇਕ ਸਟੇਸ਼ਨ ਫੜ ਲਿਆ ਅਤੇ ਫ਼ੁਰਨੇ ਨੂੰ ਜੱਫ਼ਾ ਜਾ ਮਾਰਿਆ! ਫ਼ੁਰਨਾ ਵੀ
ਕੀ...? ਬਹੁਤ ਹੀ ਤੱਤਾ ਅਤੇ ਢੁਕਵਾਂ, ਸਿਰੇ ਦਾ...! ਲਓ ਜੀ ਅਸੀਂ ਟਿੰਡ ਫ਼ੌਹੜੀ
ਚੱਕੀ ਅਤੇ ਪਿੰਡ ਦੇ ਕਾਮਰੇਡ ਲਾਵਾ ਸਿੰਘ ਕੋਲ਼ ਚਲੇ ਗਏ। ਸੀ ਤਾਂ ਲਾਵਾ ਸਿੰਘ
ਅਨਪੜ੍ਹ, ਪਰ ਸਾਡੇ ਲਈ ਸੋਨੇ ਦੀ ਇਕ "ਖਾਣ" ਸੀ। ਬੜਾ ਸਾਡੇ ਅੜੇ-ਥੁੜੇ ਕੰਮ
ਆਉਂਦਾ ਸੀ। ਅਸੀਂ ਸਾਰੀ ਗੱਲ ਉਸ ਨੂੰ ਜਾ ਦੱਸੀ। ਲਾਵਾ ਸਿੰਘ ਵੀ ਸੋਚਾਂ ਦੇ
ਘਨ੍ਹੇੜ੍ਹੀਂ ਚੜ੍ਹਿਆ ਆਪਣੇ ਸੋਚ ਸਮੁੰਦਰ ਵਿਚ ਜਾ ਡਿੱਗਿਆ। ਕਾਮਰੇਡ ਦੇ ਘਰਵਾਲ਼ੀ
"ਜਵਾਲਾ ਮੁਖੀ" ਵੀ ਦੰਦਾਂ 'ਚ ਉਂਗਲ਼ ਲਈ, ਸ਼ਸ਼ੋਪੰਜ ਵਿਚ ਪਈ ਖੜ੍ਹੀ ਸੀ।
-"ਤੂੰ ਕੰਡੇ ਆਲ਼ੀ ਚਾਹ-ਚੂਹ ਪੀ ਕੇ ਡਮਾਕ ਖੁਰਚ ਕੌਮਨਸ਼ਟਾ! ਤੇਲ ਪਾਏ ਬਿਨਾਂ
ਇੰਜਣ ਨ੍ਹੀ ਚੱਲਣਾ...!" ਮੈਂ ਉਸ ਨੂੰ ਹੋਰ ਸਲਾਹ ਦਿੱਤੀ।
ਆਖਰ ਕਾਫ਼ੀ ਜੱਦੋਜਹਿਦ ਬਾਅਦ ਉਸ ਨੇ ਆਪਣੀ ਸੋਚਾਂ ਦੀ ਪਟਾਰੀ ਵਿਚੋਂ ਇਕ ਸੱਪ
ਕੱਢਿਆ।
-"ਆਪਾਂ ਸ਼ਹਿਰ ਜਾ ਕੇ ਇਕ ਚਿੱਠੀ "ਟੈਪ" ਕਰਾਉਨੇ ਐਂ, ਇਹ ਗੱਲ ਕਿਸੇ ਨੂੰ
ਦੱਸਣ ਵਾਲ਼ੀ ਨ੍ਹੀ! ਕਿਸੇ ਕੋਲ਼ੇ ਗੱਲ ਨਾ ਕਰੀਂ ਮੇਰਾ ਬੀਰ! ਜੇ ਤੇਰੀ ਸਕੀਮ ਪਾਸ
ਹੋਗੀ, ਗੌਰਮਿਲਟ ਨੇ ਤੈਨੂੰ ਉਮਰ ਭਰ ਆਸਤੇ ਪਿਲਛਣ ਲਾ ਦੇਣੀ ਐਂ!" ਲਓ ਜੀ ਕਾਮਰੇਡ
ਦੀ ਗੱਲ ਸੁਣ ਕੇ ਮੇਰੇ ਤਾਂ ਸਾਰੇ ਸਰੀਰ ਦੇ ਵਾਲ਼ ਤੱਕਲ਼ੇ ਮਾਂਗੂੰ ਖੜ੍ਹੇ ਹੋ ਗਏ
ਅਤੇ ਸਾਰੇ ਪਿੰਡੇ ‘ਤੇ ਕੁਤਕੁਤੀਆਂ ਜਿਹੀਆਂ ਨਿਕਲਣ ਲੱਗ ਪਈਆਂ।
-"ਕਿੰਨੀ ਕੁ ਲਾਉਣਗੇ ਪਿਲਸ਼ਣ ਕੌਮਨਸ਼ਟਾ?" ਮੈਂ ਝੌਰ ਉਠੀ ਵਾਲ਼ੇ ਬਲ਼ਦ ਵਾਂਗ
ਪੈਰਾਂ ਹੇਠੋਂ ਮਿੱਟੀ ਕੱਢੀ।
-"ਮਹੀਨੇ ਦੀ ਦਸ ਪੰਦਰਾਂ ਹਜ਼ਾਰ ਤਾਂ ਲਾਉਣਗੇ ਈ, ਥੋੜ੍ਹੇ ਐ...?" ਕਹਿ ਕੇ ਉਸ ਨੇ
ਸਾਡਾ ਜਿੰਨ ਵਰਗਾ ਚਿਹਰਾ ਨਿਰਖਿਆ।
-"ਲਓ ਜੀ, ਫੇਰ ਤਾਂ ਸਾਡੀਆਂ ਪੌਂ ਬਾਰਾਂ ਹੋ ਗਈਆਂ...।" ਮੈਂ ਮਨ ਵਿਚ ਹੀ ਹਿਸਾਬ
ਕਿਤਾਬ ਲਾਉਣਾ ਸ਼ੁਰੂ ਕਰ ਦਿੱਤਾ। ਦਾਰੂ, ਭੁੱਕੀ ਅਤੇ ਹੋਰ ਸ਼ੌਕੀਨ ਖ਼ਰਚਿਆਂ ਨੂੰ
ਤਕਸੀਮ ਕੀਤਾ।
ਲਓ ਜੀ, ਅਸੀਂ ਪਿੰਡੋਂ ਮੋਗੇ ਵਾਲ਼ੀ ਬੱਸ ਫੜ ਲਈ। ਕਾਮਰੇਡ ਦੀ ਟਿਕਟ ਵੀ ਮੈਂ
ਹੀ ਖਰੀਦੀ। ਕੰਮ ਤਾਂ ਮੇਰਾ ਸੀ। ਉਹ ਤਾਂ ਮੇਰੀ ਮੱਦਦ ਕਰ ਰਿਹਾ ਸੀ। ਖ਼ੈਰ, ਕੰਮ
ਤਾਂ ਇਹ ਸਾਰੇ ਪੰਜਾਬ ਦਾ ਸੀ, ਪਰ ਕੁਪੱਤੀ ਜੰਨ ਵਿਚ ਸਭ ਤੋਂ ਭਲੇ ਮਾਣਸ ਤਾਂ
ਅਸੀਂ ਸੀ! ਹੋਰ ਕਿਸੇ ਨੂੰ ਪੰਜਾਬ ਦਾ ਕੀ ਫ਼ਿਕਰ ਫ਼ਾਕਾ? ਅਸੀਂ ਸ਼ਹਿਰ ਦੀਆਂ
ਕਚਿਹਰੀਆਂ ‘ਚ ਜਾ ਕੇ ਕਰੜੀ ਜਿਹੀ ਚਾਹ ਪੀਤੀ, "ਚਾਹ ਨਾਲ਼ ਡਮਾਕ ਖੁੱਲ੍ਹ ਜਾਂਦੈ!"
ਕਾਮਰੇਡ ਨੇ ਕਿਹਾ ਸੀ। ਚਾਹ ਨਾਲ਼ ਕੜਾਕੇਦਾਰ ਮਟਰੀ ਵੀ ਅੰਦਰ ਸੁੱਟੀ। ਭੁੱਖੇ ਢਿੱਡ
ਸਾਨੂੰ ਕੀ ਸੁੱਝਣਾ ਸੀ? ਭੁੱਖੇ ਢਿੱਡ ਤਾਂ ਰੱਬ ਦੇ ਭਗਤ ਵੀ ਭਗਤੀ ਕਰਨੋਂ ਮੁਨੱਕਰ
ਹੋ ਗਏ ਸਨ, ਅਸੀਂ ਤਾਂ ਕਿਹੜੇ ਬਾਗ ਦੀ ਮੂਲ਼ੀ ਸੀ? ਚਲੋ ਜੀ, ਪੰਜਾਹ ਰੁਪਏ ਖਰਚ ਕੇ
ਵੀ ਸੁਆਦ ਜਿਹਾ ਆ ਗਿਆ। ਨਹੀਂ ਤਾਂ ਕਦੇ ਜੁਆਕ ਸਕੂਲ ਦੀ ਫ਼ੀਸ ਮੰਗ ਲੈਂਦਾ, ਤਾਂ
ਸਾਨੂੰ ਦੌਰਾ ਪੈਣ ਵਾਲ਼ਾ ਹੋ ਜਾਣਾ, "ਸਾਲ਼ਿਆ ਪੜ੍ਹ ਕੇ ਐੱਲਸਪੈਲਟਰ ਬਣਨੈਂ? ਵਾਹੀ
'ਚ ਈ ਠੇਡੇ ਖਾਣੇਂ ਐਂ, ਜਦੋਂ ਮਰਜੀ ਖਾ ਲਈਂ!" ਜੁਆਕ ਨੂੰ ਸੌ-ਸੌ ਗਾਲ੍ਹ ਦੇਣੀਂ!
ਪਰ ਅੱਜ ਪੈਸੇ ਖਰਚਦਿਆਂ ਦਿਲ ਨਹੀਂ ਘਟਦਾ ਸੀ, ਸਗੋਂ ਹੌਂਸਲਾ ਸੀ! ਪੰਜਾਬ ਦਾ
ਮਸਲਾ ਜਿਉਂ ਸੀ। ਚਲੋ ਪੰਜਾਬ ਦਾ ਨਹੀਂ ਤਾਂ "ਪਿਲਸ਼ਣ" ਦਾ ਮਸਲਾ ਤਾਂ ਸੀ?
ਚਲੋ ਜੀ, ਅਸੀਂ ਇਕ "ਟੈਪ" ਕਰਨ ਆਲ਼ੇ ਕੋਲ਼ ਚਲੇ ਗਏ। ਉਸ ਨੂੰ ਸਾਰੀ ਸਕੀਮ ਦੱਸੀ
ਅਤੇ ਗੁਪਤ ਰੱਖਣ ਲਈ ਪੰਜਾਹ ਰੁਪਏ ਵੀ "ਝੋਕ" ਦਿੱਤੇ! ਪੈਸੇ ਬਿਨਾ ਤਾਂ ਅੱਜ
ਕੱਲ੍ਹ ਕੋਈ ਰੱਬ ਨੂੰ ਮੱਥਾ ਨ੍ਹੀ ਟੇਕਦਾ? ਮੈਂ, ਕਾਮਰੇਡ ਅਤੇ "ਟੈਪ" ਕਰਨ ਆਲ਼ੇ
ਨੇ ਤਿੰਨਾਂ ਨੇ ਆਪਣੀ ਹਿੰਦੀ "ਇਕੱਤਰ" ਕੀਤੀ ਅਤੇ ਰਾਸ਼ਟਰਪਤੀ ਜੀ ਨੂੰ ਚਿੱਠੀ
ਲਿਖਣ ਲੱਗ ਪਏ! ਕਾਮਰੇਡ ਅਤੇ ਮੈਂ ਲਿਖਵਾ ਰਹੇ ਸੀ ਅਤੇ "ਟੈਪ" ਕਰਨ ਵਾਲ਼ਾ ਆਪਣੀਆਂ
ਉਂਗਲਾਂ ਦੇ ਜੌਹਰ ਦਿਖਾ ਰਿਹਾ ਸੀ। ਉਸ ਦੀ "ਟਿੱਕ-ਟਿੱਕ" ਸਾਡੇ ਖ਼ੁਸ਼ੀ ਦੀਆਂ
ਕੁਤਕੁਤੀਆਂ ਕੱਢੀ ਜਾ ਰਹੀ ਸੀ।
-"ਸਤਿਕਾਰਯੋਗ ਹਿੰਦੋਸਤਾਨ ਕੇ ਰਾਸ਼ਟਰਪਤੀ ਜੀ, ਸਾਸਰੀਕਾਲ, ਨਮਿੱਸ਼ਕਾਰ, ਸਲਾਮ
ਔਰ ਜੈ ਹਿੰਦ ਜੀ...! ਹਮ ਯਹਾਂ ਪਰ ਰਾਜੀ ਖ਼ੁਸ਼ੀ ਹਾਂ ਔਰ ਹਮ ਆਪ ਕੀ ਰਾਜੀ ਖੁਸ਼ੀ
ਰੱਬ ਪਾਸੋਂ ਨੇਕ ਚਾਹਤੇ ਹੈਂ ਜੀ। ਸਭ ਰਾਜੀ ਖ਼ੁਸ਼ੀ ਕੇ ਬਾਅਦ ਸਮਾਚਾਰ ਇਹ ਹੈ ਕਿ
ਹਮ ਆਪ ਕੀ ਬਹੂਤ ਕਦਰ ਕਰਤੇ ਹੈਂ, ਆਪ ਵਾਕਿਆ ਹੀ ਹਿੰਦੋਸਤਾਨ ਕੇ ਅੱਛੇ ਰਾਸ਼ਟਰਪਤੀ
ਹੈਂ ਜੀ। ਆਪ ਕੇ ਫ਼ੈਸਲੇ ਹਮੇਸ਼ਾ ਹੀ ਹਿੰਦੋਸਤਾਨ ਕੇ ਹਿਤੋਂ ਕੇ ਹੱਕ ਮੇਂ ਜਾਤੇ
ਹੈਂ, ਔਰ ਆਪ ਸਮਝਦਾਰ ਹੈਂ ਜੀ। ਦੂਸਰੇ ਮੰਤਰੀਓਂ ਕੀ ਤਰ੍ਹਾਂ ਗਿੱਦੜਮਾਰ ਨਹੀਂ!
ਚਲੋ ਮੰਤਰੀ ਤੋ ਹੂਏ ਛੋਟੇ ਲੋਕ, ਪਰ ਆਪ ਤੋ ਹਿੰਦੋਸਤਾਨ ਕੇ ਰਾਸ਼ਟਰਪਤੀ ਜੀ ਹੈਂ
ਜੀ। ਦੂਸਰੇ ਮੰਤਰੀਓਂ ਕੀ ਬਾਤ ਛੋੜੋ, ਵੋਹ ਤੋ ਜੀ ਕਹਿਨਾ ਕੁਛ ਔਰ ਕਰਨਾ ਕੁਛ...।
ਆਪ ਬੜੇ ਸੁਲਝੇ ਇਨਸਾਨ ਹੈਂ ਜੀ। ਰਾਸ਼ਟਰਪਤੀ ਜੀ ਮੇਰਾ ਨਾਮ ਸੱਜਣ ਸਿੰਘ ਹੈ, ਸੱਜਣ
ਸਿੰਘ ਉਰਫ਼ ਬੱਕਰੀਆਂ ਵਾਲ਼ਾ ਕਰਕੇ ਮਸ਼ਾਹੂਰ ਹੈ ਜੀ। ਸੱਜਣ ਬੱਕਰੀਆਂ ਵਾਲਾ ਅਪਨੇ
ਦੇਸ਼ ਪੰਜਾਬ ਕੇ ਲਿਏ ਬਹੂਤ ਈਮਾਨਦਾਰ ਹੈ ਜੀ! ਹਮ ਦੇਸ਼ ਕੇ ਲਿਏ ਦੁਸ਼ਮਣ ਕਾ ਖ਼ੂਨ ਪੀ
ਭੀ ਸਕਤੇ ਹੈਂ ਔਰ ਦੇਸ਼ ਕੇ ਲਿਏ ਅਪਨਾ ਖ਼ੂਨ ਵਹਾ ਭੀ ਸਕਤੇ ਹੈਂ! ਆਹ ਜੋ ਸਿਰਸੇ
ਵਾਲ਼ੇ ਬਾਬਾ ਨੇ ਜੋ ਰੱਪੜ ਪਾਯਾ ਹੈ, ਉਸ ਕੇ ਬਾਰੇ ਮੇਂ ਆਪ ਕੋ ਏਕ ਸਲਾਹ ਦੇਣੀਂ
ਚਾਹਤਾ ਹੂੰ! ਆਪ ਹਮ ਕੋ ਆ ਕਰ ਮਿਲੇਂ ਜੀ! ਕਾਮ ਸੁਧਰ ਜਾਏਗਾ ਜੀ। ਆਪ ਫ਼ਿਕਰ ਮੱਤ
ਕਰਨਾ! ਹਮ ਆਪਕੇ ਨਾਲ਼ ਹੈਂ। ਜਦੋਂ ਆਖੇਂਗੇ, ਹਮ ਚਾਰ ਬੱਕਰੀਆਂ ਬੇਚ ਡਾਲੇਂਗੇ ਜੀ!
ਹਮ ਬਹੂਤ ਦਿਲ ਦਰਿਆ ਹਾਂ ਜੀ! ਖਰਚੇ ਕਾ ਫ਼ਿਕਰ ਨਾ ਕਰਨਾ! ਹਮਾਰੀ ਏਕ ਏਕ ਬੱਕਰੀ
ਪਾਂਚ-ਪਾਂਚ ਹਜ਼ਾਰ ਮੇ ਬਿਕਤੀ ਹੈ! ਏਕ-ਦੋ ਬੱਕਰਾ ਵੀ ਪਾਲ਼ਾ ਹੂਆ ਹੈ। ਉਸ ਕੋ ਬੇਚ
ਕਰ ਵੀ ਹਮ ਅਪਨੇ ਪੰਜਾਬ ਪਰ ਲਾ ਦੇਂਗੇ! ਹਮ ਆਪ ਕੇ ਊਪਰ ਸੇ ਸਾਰਾ ਬੱਕਰੀਆਂ ਵਾਲ਼ਾ
ਵਾੜਾ ਵਾਰ ਦੇਂਗੇ ਜੀ! ਹਮ ਕੋ ਲੋਕ "ਫ਼ਾਟੇ ਚੂਕ" ਪੰਜਾਬੀ ਕਹਿਤੇ ਹੈਂ, ਔਰ ਹਮ
ਕੂਤੀਓਂ ਕੋ ਕੰਧੋਂ ਪਰ ਚਾਹੜ ਦੇਤੇ ਹੈਂ ਜੀ! ਹਮ ਬੱਕਰੀ ਕੋ ਵੀ "ਗੂਲੋਂ" ਪਰ
ਚਾੜ੍ਹਨੇ ਲੱਗੇ ਦੇਖਤੇ ਵਿਚਾਰਤੇ ਨਹੀਂ ਜੀ! ਲੇਕਿਨ ਹਮਾਰੀ ਪਿਲਸ਼ਣ ਕਾ ਖਿਆਲ
ਰੱਖਨਾ ਜੀ! ਜਬ ਯੇ ਪੰਗਾ ਖ਼ਤਮ ਹੋ ਗਯਾ, ਮੁਝੇ ਪਿਲਸ਼ਣ ਜਰੂਰ ਬਰ ਜਰੂਰ ਚਾਲੂ ਕਰਵਾ
ਦੇਣੀਂ ਜੀ! ਹਮ ਆਪ ਕੋ ਏਕ ਗੁਪਤ ਸਲਾਹ ਦੇਣਾ ਹੈ। ਯੇਹ ਗੁਪਤ ਸਲਾਹ ਆਪ ਕੋ ਇਕੱਲੇ
ਕੋ ਸੁਨਾਨੀ ਪੜਨੀ ਹੈ ਜੀ! ਹਮਾਰੀ ਰੈਅ ਜਰੂਰ ਲੇਨੀ ਜੀ ਔਰ ਇਸ ਕੋ ਖ਼ਤ ਨਹੀਂ, ਤਾਰ
ਸਮਝਨਾ। ਖ਼ਤ ਕਾ ਜਵਾਬ ਆਤੀ ਡਾਕ ਮੇ ਦੇਨਾ...!" ਖ਼ੈਰ, ਅਸੀਂ ਸਾਰੀ ਰਾਜ਼ੀ ਖ਼ੁਸ਼ੀ
ਲਿਖ ਕੇ ਆਪਣੀ ਰੈਅ ਗੁਪਤ, ਰਾਖਵੀਂ ਰੱਖ ਲਈ। ਮਨ ਮੰਦਰ ਅੰਦਰ!
ਸ਼ਹਿਰੋਂ ਤੁਰਦਿਆਂ ਅਸੀਂ ਠੇਕੇ ਤੋਂ ਸੰਤਰਾ ਦੀ ਬੋਤਲ ਲੈ ਲਈ। ਮੈਂ ਅਤੇ
ਕਾਮਰੇਡ "ਸੰਧੂਰੀ" ਜਿਹੇ ਹੋ ਕੇ ਘਰੇ ਆਏ! ਘਰਵਾਲ਼ੀ ਦੇ ਹੱਥੋਂ ਅੱਜ ਰੋਟੀ ਖਾਣ
ਨੂੰ ਦਿਲ ਨਾ ਕਰੇ। ਆਪਣੀਆਂ ਸਾਰੀਆਂ ਬੱਕਰੀਆਂ ਅਤੇ ਪਠੋਰੇ, ਪਠੋਰੀਆਂ ਨੂੰ
ਪਲੋਸ-ਪਲੋਸ ਕੇ ਦੇਖਿਆ ਕਿ ਪਤਾ ਨਹੀਂ ਕਿਹੜੀ ਦੀ, ਕਦੋਂ "ਬਲੀ" ਦੇਣੀ ਪੈ ਜਾਵੇ?
ਖ਼ੈਰ ਜੀ ਰਾਸ਼ਟਰਪਤੀ ਜੀ ਦੇ ਦਰਬਾਰ ਵਿਚ ਸਾਡੀ ਚਿੱਠੀ ਪਹੁੰਚਣ ਦੀ ਦੇਰ ਸੀ ਕਿ
ਸਿਆਸਤ 'ਚ ਤਾਂ ਭੂਚਾਲ਼ ਆ ਗਿਆ...! ਤਾਰਾਂ ਖੜਕ ਪਈਆਂ। ਰਾਸ਼ਟਰਪਤੀ ਜੀ ਨੇ ਸਿੱਧੀ
ਪੰਜਾਬ ਦੇ ਗਵਰਨਰ ਨੂੰ "ਤਾਰ" ਮਾਰੀ! ਗਵਰਨਰ ਨੇ ਜਿਲ੍ਹੇ ਦੇ ਐਸ਼. ਪੀ. ਨੂੰ ਅਤੇ
ਐਸ਼.ਪੀ. ਸਾਹਿਬ ਨੇ ਡੀ.ਸੀ. ਅਤੇ ਡੀ.ਐਸ਼.ਪੀ. ਨੂੰ ਫ਼ੋਨ ਖੜਕਾ ਦਿੱਤੇ! ਸਾਰਾ ਠਾਣਾ
ਸਾਡੇ ਪਿੰਡ ਆ ਢੇਰੀ ਹੋਇਆ। ਸੱਜਣ ਸਿੰਘ ਉਰਫ਼ ਬੱਕਰੀਆਂ ਆਲ਼ੇ ਦੀ ਭਾਲ਼ ਸ਼ੁਰੂ ਹੋ
ਗਈ। ਬੜੀ ਖ਼ੁਸ਼ੀ ਹੋਈ ਕਿ ਚਲੋ ਸਾਡੀ ਪੁੱਛ ਦੱਸ ਤਾਂ ਹੋਈ? ਅਫ਼ਸਰ "ਸਰਦਾਰ ਜੀ" ਤੋਂ
ਬਿਨਾ ਗੱਲ ਨਾ ਕਰੇ! ਪਿੰਡ ਦੀ ਪੰਚਾਇਤ ਸਮੇਤ ਮੈਨੂੰ ਬੜੀ ਸ਼ਾਨ, ਬੜੀ ਠਾਠ ਨਾਲ਼
ਠਾਣੇ ਲੈ ਗਏ ਅਤੇ ਚਾਹ ਪਾਣੀ ਦੀ ਸੇਵਾ ਤੋਂ ਬਾਅਦ ਡੀ. ਐੱਸ਼. ਪੀ. ਸਾਹਿਬ ਨੇ ਸਭਾ
ਲਾ ਲਈ।
-"ਹਾਂ ਬਈ ਸੱਜਣ ਸਿਆਂ...! ਕੀ ਨੁਸਕਾ ਐ ਤੇਰੇ ਕੋਲ਼ੇ ਇਸ ਵਾਦ-ਵਿਵਾਦ ਦੇ ਹੱਲ
ਦਾ?" ਡੀ. ਐੱਸ਼. ਪੀ. ਸਾਹਿਬ ਨੇ ਬੜੇ ਪਿਆਰ ਸਤਿਕਾਰ ਨਾਲ਼ ਪੁੱਛਿਆ।
-"ਰਾਸ਼ਟਰਪਤੀ ਸਾਹਬ ਆਪ ਨ੍ਹੀ ਆਏ?" ਮੈਂ ਬੜੀ ਹੈਰਾਨੀ ਨਾਲ਼ ਪੁੱਛਿਆ।
-"ਉਹਨਾਂ ਕੋਲ਼ੇ ਟਾਈਮ ਨਹੀਂ ਸੀ, ਮੇਰੀ ਡਿਊਟੀ ਲਾਈ ਐ ਉਹਨਾਂ ਨੇ!" ਉਸ ਨੇ ਹੱਸ
ਕੇ ਕਿਹਾ। ਮੈਨੂੰ ਬੜਾ ਗੁੱਸਾ ਆਇਆ ਕਿ ਪੰਜਾਬ ਨੂੰ ਅੱਗ ਲੱਗੀ ਪਈ ਐ ਅਤੇ ਇਹ
ਹੱਸਣ ਲੱਗ ਪਿਆ?
-"ਤੁਸੀਂ ਜੀ ਮਾੜਾ ਜਿਆ ਪੜਦੇ ਨਾਲ਼ ਪੁੱਛੋ! ਐਡਾ ਵੱਡਾ ਨੁਕਸਾ, ਤੇ ਜਬਾਬ ਸਾਰਿਆਂ
ਦੇ ਸਾਹਮਣੇਂ ਈ ਮੰਗੀ ਜਾਨੇ ਐਂ? ਮੇਰੀ ਪਿਲਸ਼ਣ ਦਾ ਵੀ ਖਿਆਲ ਕਰੋ!" ਮੈਂ ਅਫ਼ਸਰ ਦੇ
ਕੰਨ ਕੋਲ਼ ਹੋ ਕੇ ਕਿਹਾ।
-"ਚਲੋ ਆਪਾਂ ਇਕ ਪਾਸੇ ਚੱਲ ਵੜਦੇ ਹਾਂ!" ਕਹਿ ਕੇ ਡੀ. ਐੱਸ਼. ਪੀ. ਸਾਹਿਬ
ਮੈਨੂੰ ਇਕ ਪਾਸੇ ਲੈ ਗਏ।
-"ਹਾਂ ਹੁਣ ਦੱਸ਼...? ਐਥੇ ਆਪਾਂ 'ਕੱਲੇ ਈ ਐਂ!" ਉਸ ਨੇ ਆਖਿਆ।
-"ਕਿਸੇ ਕੋਲ਼ੇ ਗੱਲ ਨਾ ਕਰਿਓ ਸਰਕਾਰ! ਮੇਰੀ ਪਿਲਸ਼ਣ ਦਾ ਸੁਆਲ ਐ!"
-"ਜਮਾਂ ਈ ਨ੍ਹੀ ਕਰਦਾ, ਤੂੰ ਗੱਲ ਕਰ, ਹੱਲ ਦੱਸ਼..?"
ਮੈਂ ਆਸਾ ਪਾਸਾ ਨਿਰਖ਼, ਸੁੰਘ ਕੇ ਕਹਿਣਾਂ ਸ਼ੁਰੂ ਕੀਤਾ।
-"ਜਨਾਬ ਸਿਰਸੇ ਵਾਲ਼ੇ ਬਾਬੇ ਦਾ ਇਕੋ ਹੀ ਹੱਲ ਐ ਮੇਰੇ ਕੋਲ਼ੇ...!"
-"ਦੱਸ ਵੀ...? ਸਾਡਾ ਕਾਲ਼ਜਾ ਕਿਉਂ ਕੱਢੀ ਜਾਨੈਂ?" ਅਫ਼ਸਰ ਵੀ ਮੇਰੇ ਹੋਰ ਨੇੜੇ ਹੋ
ਗਿਆ।
-"ਉਹਨੂੰ ਸਮੂਹ ਸੰਗਤ ਅੱਗੇ ਪੇਸ਼ ਹੋ ਕੇ ਸਾਰੇ ਜਗਤ ਤੋਂ ਮੁਆਫ਼ੀ ਮੰਗ ਲੈਣੀਂ
ਚਾਹੀਦੀ ਐ ਤੇ ਮੁੜ ਕੇ ਐਹੋ ਜੀ ਘਤਿੱਤ ਨ੍ਹੀ ਕਰਨੀ ਚਾਹੀਦੀ...! ਕੰਮ ਸਾਰਾ ਈ
ਲੋਟ ਆਜੂ ਸਰਕਾਰ...! ਸਿੱਖ ਕੌਮ ਬੜੀ ਭੋਲ਼ੀ ਤੇ ਬਗਸ਼ਣਹਾਰ ਐ...! ਪਲ 'ਚ ਭਾਫ਼ਾਂ
ਛੱਡਣ ਲੱਗ ਜਾਂਦੀ ਐ ਤੇ ਅਗਲੇ ਮਿਲਟ 'ਚ ਸ਼ਾਂਤ ਵੀ ਹੋ ਜਾਂਦੀ ਐ, ਸਰਕਾਰ...!"
-"ਆਹੀ ਹੱਲ ਸੀ ਤੇਰੇ ਕੋਲ਼ੇ?" ਉਹ ਹੈਰਾਨ ਹੋ ਗਿਆ।
-"ਇਹ ਹੱਲ ਕੋਈ ਛੋਟਾ ਮੋਟੈ ਜੀ? ਪੰਜਾਬ ਦੀ ਸ਼ਾਂਤੀ ਦਾ ਸੁਆਲ ਐ!" ਮੈਂ ਕਿਹਾ ਤਾਂ
ਡੀ. ਐਸ਼. ਪੀ. ਸਾਹਿਬ ਨੇ ਭਰਿੰਡਾਂ ਵਾਂਗੂੰ ਸਿਪਾਹੀ ਇਕੱਠੇ ਕਰ ਲਏ!
-"ਇਹ ਤਾਂ ਸਾਰੇ ਜੱਥੇਦਾਰ ਤੇ ਪੰਜਾਬ ਦੇ ਲੋਕ ਵੀ ਪਿੱਟੀ ਜਾਂਦੇ ਐ, ਓਦਣ ਦੇ!
ਤੇਰੇ ਕੋਲ਼ੇ ਕੋਈ ਨਵਾਂ ਹੱਲ ਐ ਇਹੇ? ਉਏ ਮੁੰਡਿਓ...! ਇਹਨੂੰ ਕੰਜਰ ਨੂੰ ਕੁੱਟੋ
ਘੱਟ ਤੇ ਘੜ੍ਹੀਸੋ ਜਾਅਦੇ! ਤੇ ਫੇਰ ਇਹਨੂੰ ਕਿਸੇ ਕਮਲ਼ਿਆਂ ਦੇ ਹਸਪਤਾਲ਼ ‘ਚ ਸਿੱਟ
ਦਿਓ ਅਤੇ ਡਾਕਟਰ ਤੋਂ ਰਿਪੋਰਟ ਲਓ ਕਿ ਇਹ ਬੰਦਾ ਦਿਮਾਗੀ ਤੌਰ ‘ਤੇ ਪਾਗਲ ਐ! ਧਿਆਨ
ਰੱਖਿਓ, ਇਹ ਰਿਪੋਰਟ "ਉਪਰ" ਜਾਣੀ ਐਂ!"
ਲਓ ਜੀ, ਗੋਡੇ, ਕੂਹਣੀਆਂ ਤੇ ਘਸੁੰਨ ਮਾਰ-ਮਾਰ ਮੇਰਾ ਤਾਂ ਪਾ ਦਿੱਤਾ ਉਹਨਾਂ
ਨੇ ਗਾਹ...! ਬੱਖੀਆਂ ਕਰਤੀਆਂ ਪੋਲੀਆਂ...! ਕੱਢਤਾ ਕਚੂੰਬਰ...! ਮੇਰੇ ਤਾਂ ਹੱਡ
ਲਾ ਦਿੱਤੇ ਟੱਸ-ਟੱਸ ਕਰਨ ਪਤੰਦਰਾਂ ਨੇ...! ਮੈਂ ਬਥੇਰ੍ਹੀ ਹਾਲ ਦੁਹਾਈ ਪਾਈ ਬਈ
ਜੇ ਥੋਨੂੰ ਮੇਰਾ ਨੁਕਸਾ ਨਹੀਂ ਫ਼ਿੱਟ, ਤਾਂ ਮੈਂ ਇਹਨੂੰ ਮੋੜ ਕੇ ਲੈ ਜਾਨੈਂ, ਪਰ
ਮੇਰੇ 'ਚ ਚਿੱਬ ਨਾ ਪਾਓ! ਮੈਂ ਭੁੱਲ ਗਿਆ...! ਮੇਰੀ ਭਿਆਂ...! ਚਾਹੇ ਬਾਪੂ
ਕਹਾਲੋ...! ਮੈਂ ਸੋਚਿਆ ਬਈ ਇਹ "ਰਿਪੋਟ" ਉਪਰ ਭੇਜਣ ਤੋਂ ਪਹਿਲਾਂ ਕਿਤੇ ਮੈਨੂੰ
ਨਾ "ਉਪਰ" ਧਰਮਰਾਜ ਦੇ ਦਰਬਾਰ ਭੇਜ ਦੇਣ! ਚਲੋ ਜੀ, ਮੇਰੇ ਸਰੀਰ ਦਾ ਭੁੱਗਾ ਕੁੱਟ
ਕੇ, ਚਿੱਤ ਖ਼ੁਸ਼ ਕਰਕੇ, ਤਸੱਲੀ ਕਰਕੇ ਸਹੁਰੇ ਮੈਨੂੰ ਕਮਲ਼ਿਆਂ ਆਲ਼ੇ ਹਸਪਤਾਲ ਸਿੱਟ
ਆਏ! ਪਹਿਲਾਂ ਤਾਂ ਕਮਲ਼ਿਆਂ ਦੇ ਹਸਪਤਾਲ਼ ਵਾਲ਼ੇ ਡਾਕਟਰ ਦੀਆਂ ਮਿੰਨਤਾਂ ਤਰਲੇ,
ਬੰਨ੍ਹ-ਸੁੱਬ ਕਰਕੇ ਖਹਿੜ੍ਹਾ ਛੁਡਾਇਆ। ਤੇ ਫੇਰ ਦਸ ਹਜਾਰ ਪੁਲਸ ਨੂੰ ਮੱਥਾ
ਟੇਕਿਆ। ਪੁਲ਼ਸ ਆਲ਼ੇ ਤਾਂ ਖਸਮਾਂ ਨੂੰ ਖਾਣੇ ਨਿੱਤ ਮੇਰੇ ਘਰੇ ਭੂਤ ਮਾਂਗੂੰ ਆ
ਵੱਜਿਆ ਕਰਨ, ਅਖੇ ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ...? ਮੈਂ ਹੱਥ ਜੋੜਿਆ ਕਰਾਂ
ਬਈ ਸਰਕਾਰ ਜੀ ਮੈਨੂੰ ਬਗਸ਼ੋ...! ਗਲਤੀ ਕਰ ਬੈਠਾ...! ਪਤੰਦਰ ਵਾੜੇ 'ਚ ਖੜ੍ਹੇ
ਪਠੋਰਿਆਂ 'ਚੋਂ ਇਕ-ਅੱਧਾ ਜਿਪਸੀ 'ਚ ਲੱਦ ਕੇ ਲੈ ਤੁਰਿਆ ਕਰਨ, ਜਿਵੇਂ ਬਾਪੂ ਦੇ
ਹੁੰਦੇ ਐ! ਜਦੋਂ ਪਠੋਰੇ ਮੁੱਕ ਗਏ, ਫੇਰ ਵਿਚਾਰੀਆਂ ਬੱਕਰੀਆਂ ਨੂੰ ਆ ਚਿੰਬੜੇ। ਜਦ
ਬੱਕਰੀਆਂ ਨਿੱਬੜ ਗਈਆਂ, ਫ਼ੇਰ ਮੇਰੇ ਬੋਕ ਨੂੰ ਵੀ ਜੀਪ 'ਚ ਚਾੜ੍ਹ ਕੇ ਲੈ ਗਏ। ਲਓ
ਜੀ, ਸਾਥੋਂ ਆਪਣਾ ਵਾੜਾ ਪੰਜਾਬ 'ਤੇ ਜਾਂ ਰਾਸ਼ਟਰਪਤੀ ਸਾਹਿਬਾਨ ਤੋਂ ਤਾਂ ਵਾਰਿਆ
ਨਹੀਂ ਗਿਆ। ਪਰ ਪੁਲ਼ਸ ਵਾਲ਼ੇ ਚੁਸਤ ਮੀਰਜ਼ਾਦੇ ਮਾਂਗੂੰ ਜ਼ਰੂਰ ਵਾੜੇ ਦੀਆਂ "ਵੇਲਾਂ"
ਕਰਵਾ ਕੇ ਲੈ ਗਏ! ਲਓ ਜੀ, ਹੁਣ ਸਾਨੂੰ ਪੰਜਾਬ ਮਸਲੇ ਦਾ ਹੱਲ ਤਾਂ ਕੀ ਲੱਭਣਾ ਸੀ?
ਹੁਣ ਤਾਂ ਸਾਨੂੰ ਸਾਡੇ ਜੁਆਕਾਂ ਦੀ ਰੋਟੀ ਦਾ ਵੀ ਹੱਲ ਨ੍ਹੀ ਲੱਭਦਾ...! ਸਾਡਾ
ਬੋਕ ਵਿਚਾਰਾ ਨਿੱਤ ਸਾਡੇ ਕੰਨਾਂ ਵਿਚ ਮਿਆਂਕਦਾ ਸੁਣਦੈ!
|