ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਇਕ ਸੰਤ ਸਿਪਾਹੀ ਸਨ, ਇਕ
ਇਨਕਲਾਬੀ ਯੋਧਾ ਸਨ। ਉਨ੍ਹਾਂ ਪਹਿਲੇ ਨੌਂ ਗੁਰੁ ਸਾਹਿਬਾਨ ਵਾਂਗ ਜਿਥੇ ਪਰਮਾਤਮਾ ਦੇ
ਨਾਮ ਦਾ ਪਰਵਾਹ ਚਲਾਇਆ, ਉਥੇ ਕਾਲਸਾ ਪੰਥ ਦੀ ਸਾਜਨਾ ਕਰਕੇ ਹਿੰਦੁਸਤਾਨ ਦੇ ਇਤਿਹਾਸ
ਦਾ ਰੁਖ ਮੋੜ ਦਿਤਾ, ਇਕ ਨਿਤਾਨੀ ਹੋ ਚੁਕੀ ਭਾਰਤੀ ਕੌਮ ਵਿਚ ਅਜੇਹਾ ਜ਼ਜ਼ਬਾ ਭਰਿਆ
ਕਿ ਚਿੜੀਆਂ ਨੂੰ ਬਾਜ਼ਾਂ ਨਾਲ , ਸਵਾ ਲੱਖ ਨਾਲ ਇਕ ਖਾਲਸਾ ਲੜਾ ਕੇ ਭਾਰਤੀ ਸਮਾਜ ਦਾ
ਮੂੰਹ ਮੱਥਾ ਬਦਲ ਕੇ ਰਖ ਦਿਤਾ। ਜੇਕਰ ਸਰਬੰਸ ਦਾਨੀ ਗੁਰੁ ਗੋਬਿੰਦ ਸਿੰਘ ਜੀ ਅਵਤਾਰ
ਨਾ ਧਾਰਦੇ ਤਾਂ ਅਜ ਹਿੰਦੁਸਤਾਨ ਦਾ ਇਤਿਹਾਸ ਹੋਰ ਹੁੰਦਾ, ਇਸ ਦਾ ਭੂਗੋਲਿਕ ਨਕਸ਼ਾ
ਹੋਰ ਹੁੰਦਾ, ਭਾਰਤੀ ਸਮਾਜ ਹੋਰ ਹੁੰਦਾ, ਇਨ੍ਹਾਂ ਦਾ ਧਾਰਮਿਕ ਤੇ ਸਭਿਆਚਾਰਕ ਵਿਰਸਾ
ਹੋਰ ਹੁੰਦਾ।
ਇਸ ਬਾਰੇ ਹੋਰ ਗਲ ਕਰਨ ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਸਮੇਂ ਦੇ ਹਿੰਦੁਸਤਾਨ
ਦੀ ਸਥਿਤੀ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਇਸ ਬਾਰੇ ਨਾਮਵਰ ਆਰੀਆ ਸਮਾਜੀ
ਵਿਦਵਾਨ ਲਾਲਾ ਦੌਲਤ ਰਾਏ ਦੀ ਖੋਜ ਭਰਪੂਰ ਲਿਖਤ ''ਸਾਹਿਬੇ ਕਮਾਲ ਗੁਰੂ ਗੋਬਿੰਦ
ਸਿੰਘ ਜੀ'' ਅਨੁਸਾਰ ਸਿੱਖ ਧਰਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ
ਦੇ ਸਮੇਂ ਰਖੀ। ਬਾਬਰ ਦੇ ਹਿੰਦੁਸਤਾਨ ਉਤੇ ਹਮਲੇ ਤੋਂ ਲਗਭਗ 350 ਵਰ੍ਹੇ ਪਹਿਲਾਂ ਹੀ
ਹਿੰਦੁਸਤਾਨ ਦਾ ਬਹੁਤ ਸਾਰੇ ਇਲਾਕੇ ਇਸਲਾਮੀ ਹਕੂਮਤ ਅਧੀਨ ਆ ਚੁਕੇ ਸਨ। ਮੁਸਲਮਾਨਾ
ਨੂੰ ਕਿਹੜੀਆਂ ਗਲਾਂ ਨੇ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਹਿੰਦੁਸਤਾਨ ਵਿਚ ਆਉਣ ਲਈ
ਪ੍ਰੇਰਿਆ ਦਾ ਜ਼ਿਕਰ ਕਰਦਿਆ ਉਹ ਜ਼ਾਤ ਪਾਤ ਤੇ ਉਚ ਨੀਚ ਦੇ ਵਖਰੇਵੇਂ, ਭਰਮ, ਵਹਿਮ,
ਇਖਲਾਕੀ ਕਦਰਾਂ ਕੀਮਤਾਂ ਵਿਚ ਆਏ ਨਿੱਘਾਰ ਆਦਿ ਬਾਰੇ ਲਿਖਦੇ ਹਨ, ''ਮੰਨੂੰ ਤੇ
ਮਹਾਂਭਾਰਤ ਦੇ ਜ਼ਮਾਨੇ ਪਿਛੋਂ ਹਿੰਦੂ ਧਰਮ ਵਿਚ ਭਾਰੀ ਤਬਦੀਲੀ ਆਈ। ਹਿੰਦੂ ਕੌਮ ਦੀ
ਏਕਤਾ ਨਾ ਰਹੀ। ਉਨ੍ਹਾਂ ਦਾ ਕੌਮੀ ਤਾਣਾ-ਬਾਣਾ ਲੀਰੋ-ਲੀਰ ਹੋ ਗਿਆ। ਕੌਮੀ ਮਾਲਾ ਦੇ
ਮਣਕੇ ਖੇਰੂਂ ਖੇਰੂੰ ਹੋ ਗਏ। ਜ਼ਾਤੀ ਭੇਦ ਤੇ ਵਿਤਕਰਾ ਇਤਨਾ ਵਧਿਆ ਕਿ ਹਰੇਕ ਫਿਰਕਾ
ਨਾ ਕੇਵਲ ਇਕ ਦੂਜੇ ਤੋਂ ਅੱਡ ਹੋ ਕੇ ਢਾਈ ਚੌਲਾਂ ਦੀ ਖਿਚੜੀ ਵੱਖ ਵੱਖ ਪਕਾਉਣ
ਲੱਗਿਆ, ਸਗੋਂ ਇਕ ਦੁਜੇ ਦੇ ਵਿਰੋਧੀ ਹੋ ਕੇ ਆਪਸ ਵਿਚ ਖਹਿਣ ਤੇ ਇਕ ਦੂਜੇ ਨੂੰ
ਉਜਾੜਣ ਲਗ ਪਏ।''
ਉਹ ਲਿਖਦੇ ਹਨ ਕਿ ''ਸਾਫ ਸਪਸ਼ਟ ਹੈ ਕਿ ਕਮਜ਼ੋਰ ਤੇ ਗ਼ਰੀਬ ਹਮੇਸ਼ਾ
ਜ਼ਬਰ-ਜੰਗ ਤੇ ਤਾਕਤ ਦੇ ਮਾਲਕ ਦਾ ਸਦਾ ਗੋਲਾ ਹੀ ਹੁੰਦਾ ਹੈ। ਇਸੇ ਕਰ ਕੇ ਹੀ
ਮੁਸਲਮਾਨ ਜੇਤੂਆਂ ਨੇ ਆਪਣਾ ਮੂੰਹ ਹਿੰਦੁਸਤਾਨ ਵੱਲ ਕੀਤਾ ਅਤੇ ਸਿੱਟਾ ਵੀ ਉਹੀ
ਨਿਕਲਿਆ ਜਿਸ ਦੀ ਅਜੇਹੀ ਹਾਲਤ ਵਿਚ ਆਸ ਹੁੰਦੀ ਹੈ। ਇਸਲਾਮੀ ਤਲਵਾਰ ਨੇ ਆਖਰ
ਹਿੰਦੂਆਂ ਨੂੰ ਗ਼ੁਲਾਮ ਬਣਾ ਲਿਆ। ਉਨ੍ਹਾ ਦੀ ਬਚੀ ਖੁਚੀ ਤਾਕਤ ਖੇਰੂੰ ਖੇਰੂੰ ਕਰ
ਦਿਤੀ। ਜਿੰਨਾ ਵੀ ਹੋ ਸਕਿਆ, ਮੁਸਲਮਾਨਾਂ ਨੇ ਉਨ੍ਹਾਂ ਨੂੰ ਜ਼ਲੀਲ ਤੇ ਖੁਆਰ ਕੀਤਾ।
ਉਨ੍ਹਾ ਦੀ ਸ਼ਰਮ ਤੇ ਹਯਾ ਨੂੰ ਬਰਬਾਦ ਕੀਤਾ। ਇਜ਼ਤ ਦੌਲਤ ਲੁੱਟੀ ਤੇ ਆਪਣੇ ਕਬਜ਼ੇ
ਵਿਚ ਕੀਤੀ। ਗ਼ੁਲਾਮੀ ਦਾ ਪਟਾ ਉਨ੍ਹਾ ਦੇ ਗਲੇ ਵਿਚ ਐਸਾ ਪਾਇਆ, ਜਿਸ ਨੂੰ ਉਹ ਫਿਰ
ਕਦੇ ਵੀ ਆਪਣੇ ਗਲੇ ਵਿਚੋਂ ਲਾਹ ਨਾ ਸਕੇ। ਮੁੱਕਦੀ ਗਲ ਇਹ ਕਿ ਮੁਸਲਮਾਨ ਜੇਤੂ,
ਹਿੰਦੁਸਤਾਨ ਦੇ ਕਰਤਾ ਧਰਤਾ ਤੇ ਐਸੇ ਮਾਲਕ ਬਣੇ, ਜਿਵੇਂ ਕਿ ਮਨੁਖ ਪਸ਼ੂਆਂ ਦੇ ਮਾਲਕ
ਹੁੰਦੇ ਹਨ।''
''ਇਸਲਾਮ
ਦੇ ਮੁਢਲੇ ਜੇਤੂਆਂ ਨੇ ਮਜ਼ਹਬੀ ਜੋਸ਼ ਵਿਚ ਬੜੇ ਜ਼ੁਲਮ ਕੀਤੇ। ਉਨ੍ਹਾਂ ਉਪਰ ਬੜੀਆਂ
ਬੇਸ਼ਰਮ ਤੇ ਸਭਿਅਤਾਹੀਣ ਵਧੀਕੀਆ ਕੀਤੀਆ। ਹਿੰਦੂਆਂ ਦੇ ਧਾਰਮਿਕ ਅਸ਼ਥਾਨਾਂ ਤੇ
ਮੰਦਰਾ ਦੀ ਨਾ ਕੇਵਲ ਪਵਿੱਤ੍ਰਤਾ ਹੀ ਭੰਗ ਕੀਤੀ, ਸਗੋਂ ਉਨ੍ਹਾਂ ਨੂੰ ਲੁੱਟਿਆ,
ਮੂਰਤੀਆਂ ਤੋੜੀਆਂ ਤੇ ਉਨਹਾਂ ਦਾ ਖੁਰਾ ਖੋਜ ਮਿਟਾ ਦਿਤਾ। ਉਨ੍ਹਾ ਦੀ ਥਾਂ 'ਤੇ
ਮਸਜਿਦਾਂ ਬਣਾ ਦਿਤੀਆਂ । ਉਨ੍ਹਾਂ ਹਿੰਦੂਆਂ ਦਾ ਕੇਵਲ ਧਨ, ਦੌਲਤ ਤੇ ਗਹਿਣਾ-ਗੱਟਾ
ਹੀ ਨਹੀਂ ਲੁਟਿਆ, ਸਗੋਂ ਉਨ੍ਹਾ ਦੇ ਘਰ ਤੇ ਮਹੱਲੇ ਸਾੜ ਫੁਕ ਕੇ ਸੁਆਹ ਕਰ ਦਿੱਤੇ॥
ਨਾ ਕੇਵਲ ਹਿੰਦੂ ਇਸਤ੍ਰੀਆਂ ਦੀ ਇਜ਼ਤ ਹੀ ਲੁੱਟੀ, ਸਗੋਂ ਹਜ਼ਾਰਾਂ ਲੱਖਾਂ ਨੂੰ ਕਤਲ
ਕਰ ਕੇ ਹਮੇਸਾ ਦੀ ਨੀਂਦ ਸੁਲਾ ਦਿੱਤਾ। ਅਨਗਿਣਤ ਨਰ ਨਾਰੀ, ਬੱਚੇ, ਜੁਆਨ ਤੇ ਬੁੱਢੇ
ਕਤਲ ਕੀਤੇ। ਅਨੇਕਾਂ ਔਰਤਾਂ ਨੂੰ ਗ਼ੁਲਮ ਬਣਾਇਆ ਤੇ ਗ਼ਜ਼ਨੀ ਦੇ ਬਾਜ਼ਾਰਾਂ ਵਿਚ
ਲਿਜਾ ਕੇ ਕੇਵਲ ਦੋ ਦੋ ਦੀਨਾਰ ਤੋਂ ਨਿਲਾਮ ਕੀਤਾ ਤੇ ਵੇਚਿਆ। ਹਿੰਦੂਆਂ ਨੂੰ ਜ਼ਬਰੀ
ਗ਼ੁਲਾਮ ਬਣਾਇਆ। ਉਨ੍ਹਾ ਦੀਆਂ ਔਰਤਾ ਖੋਹ ਕੇ, ਉਨ੍ਹਾ ਨਾਲ ਨਿਕਾਹ ਪੜ੍ਹਾ ਕੇ ਅਪਣੇ
ਮਹਿਲਾਂ ਦੀ ਰੌਣਕ ਵਧਾਈ।'' ਜਿਹੜਾ ਵੀ ਮਸੁਲਮਾਨਾਂ ਦਾ ਫਿਰਕਾ ਜਾਂ ਖਾਨਦਾਨ ਇਕ
ਦੂਜੇ ਦੇ ਮਗਰੋਂ ਆਇਆ, ਸਾਰਿਆ ਨੇ ਹੀ ਹਿੰਦੂਆਂ ਨਾਲ ਇਹੋ ਜਿਹਾ ਹੀ ਵਿੱਤਕਰੇ ਤੇ
ਜ਼ੁਲਮ-ਭਰਿਆ ਸਲੂਕ ਜਾਰੀ ਰਖਿਆ। ਇਹੋ ਜਿਹੇ ਹਾਲਾਤ ਵਿਚ ਇਹ ਕੁਦਰਤੀ ਗਲ ਸੀ ਕਿ
ਜੇਤੂਆਂ ਤੇ ਹਾਰਿਆ ਹੋਇਆਂ ਵਿਚ ਘਿਰਣਾ ਵਧੇ। ਸਿੱਟੇ ਵਜੋਂ ਦੋਹਾਂ ਵਿਚ ਅਤਿਅੰਤ
ਨਫ਼ਰਤ ਤੇ ਦੁਸ਼ਮਣੀ ਪੈਦਾ ਹੋਈ ਤੇ ਜਾਰੀ ਰਹੀ, ਜੋ ਅਜ ਤਕ ਵੀ ਜਾਰੀ ਹੈ।
ਮਹਿਮੂਦ ਨੇ ਹਿੰਦੂਆਂ ਦੇ ਮੰਦਰਾਂ ਨੂੰ ਲੁਟਿਆ, ਉਨ੍ਹਾ ਦੇ ਦੇਵਤਿਆਂ ਦੀ
ਬੇਇਜ਼ਤੀ ਕੀਤੀ, ਮੂਰਤੀਆਂ ਭੰਨੀਆਂ ਅਤੇ ਹਿੰਦੂਆਂ ਨੂੰ ਦਿਲ ਖੋਲ੍ਹ ਕੇ ਲੁੱਟਿਆ। ਇਸ
ਤੋਂ ਪਹਿਲਾਂ ਮੁਹੰਮਦ ਕਾਸਮ ਨੇ ਹਿੰਦੂਆਂ ਨੂੰ ਉੱਕਾ ਹੀ ਬਰਬਾਦ ਕਰ ਕੇ ਰਾਜਾ ਦਾਹਿਰ
ਵਾਲੀਏ ਸਿੰਧ ਦੀਆਂ ਦੋ ਧੀਆਂ ਅਤੇ ਹੋਰ ਅਨੇਕਾਂ ਇਸਤ੍ਰੀਆਂ ਨੂੰ ਕੈਦ ਕਰ ਕੇ ਬਗ਼ਦਾਦ
ਵਿਚ, ਜਿਥੋਂ ਦਾ ਉਹ ਆਪ ਰਹਿਣ ਵਾਲਾ ਸੀ, ਖ਼ਲੀਫ਼ੇ ਦੇ ਮਹਿਲਾਂ ਵਿਚ ਦਾਖ਼ਲ ਕੀਤਾ।
ਕੁਤਬਦੀਨ ਨੇ ਮੇਰਠ ਦੇ ਸਾਰੇ ਮੰਦਰਾਂ ਤੇ ਬੁੱਤਾਂ ਨੂੰ ਤੋੜਿਆ ਤੇ ਉਨ੍ਹਾਂ ਦੀ ਥਾਂ
ਮਸਜਦਾਂ ਉਸਾਰੀਆਂ। ਜਿਸ ਨੇ ਵੀ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ, ਉਸ ਨੂੰ ਮੌਤ
ਦੀ ਨੀਂਦ ਸੁਲਾ ਦਿਤਾ। ਕੇਵਲ ਇਕ ਕਾਲੰਜਰ ਸ਼ਹਿਰ ਵਿਚ ਹੀ 113 ਮੰਦਰ ਢਾਹ ਕੇ
ਮਸਜਿਦਾਂ ਬਣਵਾ ਦਿਤੀਆਂ। ਹਜ਼ਾਰਾਂ ਹਿੰਦੂ ਕੱਤਲ ਕੀਤੇ ਤੇ ਗ਼ੁਲਾਮ ਬਣਾਏ। ਤਾਰੀਖ
ਫ਼ਰਿਸ਼ਤਾ ਅਨੁਸਰ ਫੀਰੋਜ਼ ਸਾਹ ਨੇ ਜਦੋਂ ਨਗਰਕੋਟ ਕਾਂਗੜਾ ਫਤਹਿ ਕੀਤਾ ਤਾਂ ਸਾਰੇ
ਹਿੰਦੂਆਂ ਨੂੰ ਲੁੱਟ ਕੇ ਬੁੱਤਾਂ ਨੂੰ ਤੋੜ ਦਿਤਾ ਤੇ ਉਨ੍ਹਾਂ ਬੁੱਤਾਂ ਦੇ ਟੁਕੜਿਆਂ
ਨੂੰ ਗਾਂ ਦੇ ਗੋਸਤ ਵਿਚ ਮੜ੍ਹ ਕੇ ਬ੍ਰਾਹਮਣਾਂ ਦੇ ਗਲਿਆਂ ਵਿਚ ਹਾਰ ਪਾਏ। ਤੇਰਾਂ
ਹਜ਼ਾਰ ਹਿੰਦੂ ਬੁੱਤ-ਪੂਜਾਂ ਨੂੰ ਕੈਦ ਕਰ ਕੇ ਮੂੰਹ ਵਿਚ ਗਾਂ ਦਾ ਮਾਸ ਤੁੰਨ ਕੇ ਕਤਲ
ਕੀਤਾ।
ਗਿਆਸਦੀਨ ਨੇ ਰਾਣਾ ਮੱਲ ਭੱਟੀ ਦੀ ਧੀ ਨੂੰ ਜ਼ਬਰੀ ਮੁਸਲਮਾਨ ਬਣਾ ਕੇ ਉਸ ਨਾਲ
ਨਿਕਾਹ ਪੜ੍ਹਾ ਕੇ ਆਪਣੇ ਹਰਮ ਵਿਚ ਸ਼ਾਮਿਲ ਕੀਤਾ। ਉਸ ਦੀ ਕੁੱਖ ਚੋਂ ਹੀ ਫੀਰੋਜ਼ ਸਾਹ
ਪੈਦਾ ਹੋਇਆ ਸੀ। ਇਸੇ ਬਾਦਸ਼ਾਹ ਦੇ ਕਹਿਰ ਤੋਂ ਬਚਣ ਲਈ ਜੈਸਲਮੇਰ ਵਿਚ ਅੱਠ ਹਜ਼ਾਰ
ਤੇ ਬਠਿੰਡੇ ਵਿਚ 24 ਹਜ਼ਾਰ ਇਸਤ੍ਰੀਆਂ ਆਪਣੀ ਪੱਤ ਬਚਾਉਣ ਲਈ ਜਿਉਂਦੀਆਂ ਹੀ ਸੜ
ਮਰੀਆਂ ਸਨ। ਅਮੀਰ ਅਬਦੁੱਲਾ ਖਾਂ ਨੇ ਤਜ਼ਕਰੇ ਅਤੇ ਅਲਮਸਮੱਦ ਦੇ ਤਜ਼ਕਰੇ ਦੇ ਹਵਾਲੇ
ਅਨੁਸਾਰ ਅਲਾਉਦੀਨ ਖਿਲਜੀ ਨੇ ਕਮਬਾਤ ਦੇ ਆਲੇ ਦੁਆਲੇ ਦੇ ਇਲਾਕੇ ਵਿਚ ਇਤਨੇ ਕੁ
ਹਿੰਦੂ ਕਤਲ ਕੀਤੇ ਕਿ ਲਹੂ ਦੀਆਂ ਨਹਿਰਾਂ ਵਗਾ ਦਿਤੀਆਂ। ਅਨੇਕਾਂ ਬੱਚਿਆ ਤੇ ਵੀਹ
ਹਜ਼ਾਰ ਸੁੰਦਰੀਆਂ ਨੂੰ ਗ਼ੁਲਾਮ ਬਣਾ ਕੇ ਆਪਣੇ ਦੇਸ਼ ਭੇਜਿਆ। ਉਸ ਨੇ ਦੌਲਤਾਬਾਦ
ਸ਼ਹਿਰ ਨੂੰ ਤਾਂ ਅਜਿਹਾ ਬਰਬਾਦ ਕੀਤਾ ਕਿ ਉਥੇ ਕੋਈ ਕੁੱਤਾ ਜਾਂ ਬਿੱਲੀ ਤਕ ਵੀ ਨਾ
ਬਚੇ। ਅੰਨ੍ਹਿਆਂ ਨੂੰ ਉਸ ਨੇ ਘੋੜਿਆਂ ਦੀਆਂ ਪੂਛਾਂ ਨਾਲ ਬੰਨ੍ਹ ਕੇ ਮਰਵਾਇਆ।
ਅਮੀਰ ਖੁਸਰੋ ਅਨੁਸਾਰ ਜਲਾਲੁਦੀਨ ਖਿਲਜੀ ਨੇ ਸਾਰੇ ਮਾਲਵੇ ਤੇ ਗੁਜਰਾਤ ਦੇ ਇਲਾਕੇ
ਨੂੰ ਇਥੋਂ ਤਕ ਲੁੱਟਿਆ ਕਿ ਉਥੋਂ ਦੀ ਹਿੰਦੂ ਵਸੋਂ ਪਾਸ ਨੰਗੇਜ਼ ਢੁਕਣ ਵਾਲੇ ਕਪੜੇ
ਤੇ ਮਿੱਟੀ ਦੇ ਭਾਂਡਿਆਂ ਤੋਂ ਬਿਨਾ ਕੁਝ ਵੀ ਨਾ ਰਿਹਾ। 20 ਹਜ਼ਾਰ ਬੱਚੇ, ਤੀਵੀਆਂ,
ਮਰਦ ਤੇ ਸੁੰਦਰੀਆਂ ਉਸ ਨੇ ਅਪਣੇ ਸੈਨਕਾਂ ਵਿਚ ਇਨਾਮ ਵਜੋਂ ਵੰਡੀਆਂ। 14 ਹਜ਼ਾਰ
ਹਿੰਦੂ ਰਿਸ਼ੀਆਂ ਦੇ ਸਿਰ ਵੱਢ ਕੇ ਕਿਲ੍ਹੇ ਦੀਆਂ ਕੰਧਾਂ ਉਤੇ ਰਖਵਾਏ ਤੇ ਹਰ ਇਕ ਉਤੇ
ਦੀਵੇ ਜਗਾ ਕੇ ਰੌਸ਼ਨੀ ਕੀਤੀ ਤੇ ਪਿਛੋਂ ਯਮਨਾ ਨਦੀ ਵਿਚ ਸੁਟਵਾ ਦਿਤੇ। ਤੈਮੂਰ ਨੇ
ਦਿਆਲਪੁਰ ਦੇ ਪੰਜ ਹਜ਼ਾਰ, ਅਯੁਧਿਆ ਦੇ 14 ਹਜ਼ਾਰ ਤੇ ਬਨਾਰਸ ਦੇ 20 ਹਜ਼ਾਰ
ਬੁੱਤ-ਪੂਜ ਹਿੰਦੂ ਤੇ ਬ੍ਰਾਹਮਣਾਂ ਨੂੰ ਕਤਲ ਕੀਤਾ। ਉਨ੍ਹਾ ਦੇ ਬਾਲ ਬੱਚੇ ਤੇ ਔਰਤਾਂ
ਨੂੰ ਗ਼ੁਲਾਮ ਬਣਾ ਕੇ ਆਪਣੇ ਫੌਜੀਆਂ ਵਿਚ ਵੰਡ ਦਿਤਾ। ਅਕਬਰ ਬਾਦਸ਼ਾਹ ਉਦਾਰਵਾਦੀ ਸੀ
ਤੇ ਚਾਹੂੰਦਾ ਸੀ ਕਿ ਹਿੰਦੂ ਤੇ ਮੁਸਲਮਾਨ ਮਿਲ ਕੇ ਰਹਿਣ, ਪਰ ਇਕ ਦੂਜੇ ਪ੍ਰਤੀ ਜੋ
ਘਿਰਣਾ ਪੈਦਾ ਹੋ ਗਈ ਸੀ, ਉਹ ਖਤਮ ਨਾ ਹੋਈ। ਉਹ ਹਿੰਦੂ ਰਾਜਿਆਂ ਨਾਲ ਰਿਸ਼ਤੇ ਜੋੜਣ
ਲਈ ਬਹੁਤ ਖਾਹਸ਼ਮੰਦ ਸੀ ਤੇ ਹਰ ਤਰ੍ਹਾਂ ਦੇ ਯਤਨ ਵੀ ਕਰਦਾ ਸੀ। ਉਹਦੇ ਵਾਰਸਾਂ ਨੇ
ਵੀ ਉਸ ਦੀ ਇਸ ਨੀਤੀ ਨੂੰ ਜਾਰੀ ਰਖਿਆ। ਬਜਾਏ ਇਸ ਦੇ ਕਿ ਧਰਮ ਦੇ ਬਦਲਣ ਤੋਂ ਘਿਰਣਾ
ਕੀਤੀ ਜਾਂਦੀ, ਹਿੰਦੂ ਰਾਜਿਆ ਅੰਦਰ ਬਾਦਸ਼ਾਹ ਨੂੰ ਜਵਾਈ ਬਣਾਉਣ ਦਾ ਸ਼ੋਕ ਤੇਜ਼ੀ
ਨਾਲ ਵੱਧਿਆ ਤੇ ਉਸ ਲਈ ਉਹ ਦਿਲੀ ਇੱਛਾ ਕਰਨ ਲਗ ਪਏ ਸਨ। ਇਹ ਨੀਤੀ ਵੀ ਹਿੰਦੂਆਂ ਲਈ
ਘਾਤਕ ਸਿੱਧ ਹੋਈ, ਕਿਊਂ ਜੋ ਕੋਈ ਵੀ ਹਿੰਦੂ ਰਾਜਾ ਮੁਸਲਮਾਨ ਲੜਕੀ ਵਿਆਹੁਣ ਨੂੰ
ਤਿਆਰ ਨਹੀਂ ਸੀ।
ਇਹੋ
ਜਿਹੀਆਂ ਹੋਰ ਵੀ ਅਨੇਕਾਂ ਉਦਹਾਰਣਾਂ ਇਤਿਹਾਸਿਕ ਹਵਾਲੇ ਦੇ ਕੇ ਦਿੱਤੀਆਂ ਜਾ ਸਕਦੀਆਂ
ਹਨ, ਪਰ ਥੋੜੇ ਜਿਹੇ ਨਮੂਨੇ ਨਾਲ ਸਾਰੀ ਅਸਲੀਅਤ ਦਾ ਪਤਾ ਲਗ ਜਾਂਦਾ ਹੈ। ਇਸ ਤੋਂ
ਸਾਫ ਸਪਸ਼ਟ ਹੈ ਕਿ ਹਿੰਦੂ ਸਮਾਜ ਬਹੁਤ ਹੀ ਨਿਰਬਲ, ਸੱਤਿਆਹੀਣ ਤੇ ਨਿਆਸਰਾ ਹੋ ਚੁਕਾ
ਸੀ। ਕਿਤੇ ਕਿਤੇ ਟਾਵੀਂ ਕੋਈ ਰਾਜਪੂਤ ਹਕੂਮਤ ਸੀ, ਉਹ ਵੀ ਪਹਾੜ ਦੀਆਂ ਕੁੰਦਰਾਂ ਤੇ
ਖੰਡਰਾਂ ਵਿਚ ਬਚੀ ਹੋਈ ਸੀ। ਉਸ ਦੇ ਪਿਛੇ ਵੀ ਇਸਲਾਮੀ ਟਿੱਡੀ ਦਲ ਫੋਜਾਂ ਹਰ ਸਮੇਂ
ਜਹਾਦ ਲਈ ਤਿਆਰ ਰਹਿੰਦੇ ਸਨ।
ਅਜੇਹੇ ਬਿਖੜੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਉਨ੍ਹਾ ਨੇ
ਦੋਨਾਂ ਧਰਮਾਂ ਦੇ ਪੈਰੋਕਾਰਾਂ ਨੂੰ ਸਿੱਧਾ ਸਾਦਾ ਤੇ ਨੇਕ ਜੀਵਨ ਬਿਤਾਉਣ, ਹੱਥੀ
ਕਿਰਤ ਕਰਨ, ਵੰਡ ਛੱਕਣ, ਇਕੋ ਪਰਮਾਤਮਾ ਉਤੇ ਅਟੁਟ ਵਿਸ਼ਵਾਸ ਤੇ ਸਭਨਾਂ ਨੂੰ
ਸਾਂਝੀਵਾਲਤਾ ਦਾ ਸੰਦੇਸ਼ ਦਿਤਾ। ਲਾਲਾ ਦੌਲਤ ਰਾਏ ਦੇ ਸ਼ਬਦਾਂ ਵਿਚ ''ਉਨ੍ਹਾਂ
ਇਹ ਕਾਰਜ ਐਸੀ ਜੁਗਤੀ ਨਾਲ ਆਰੰਭਿਆ ਤੇ ਨਿਭਾਇਅ, ਜੋ ਕੇਵਲ ਉਹੋ ਹੀ ਕਰ ਸਕਦੇ ਸਨ।
ਇਹੋ ਕਾਰਨ ਹੈ ਕਿ ਮੁਸਲਮਾਨ ਵੀ ਅਜਿਹੇ ਦਲੇਰ ਵਿਅਕਤੀ ਦੇ ਖਿਲਾਫ ਨਾ ਹੋਏ ਜੋ
ਹਿੰਦੂਆਂ ਨੂੰ ੳਨ੍ਹਾ ਦੇ ਮੁਕਾਬਲੇ 'ਤੇ ਲਿਆਉਣ ਦੀ ਨੀਂਹ ਰੱਖ ਰਿਹਾ ਸੀ।''
ਦੂਸਰੇ ਗੁਰੂ ਸਾਹਿਬਾਨ ਨੇ ਵੀ ਇਸ ਤਰ੍ਹਾਂ ਦੋਨਾਂ ਧਰਮਾਂ ਦੇ ਲੋਕਾਂ ਨੂੰ
ਸਾਂਝੀਵਾਲਤਾ ਦਾ ਉਪਦੇਸ਼ ਜਾਰੀ ਰਖਿਆ।
ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਸਮੇਂ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ
ਦੀ ਮੁਹਿੰਮ ਤੇਜ਼ ਹੋ ਗਈ। ਉਸ ਦੇ ਜ਼ੁਲਮ ਤੱਸ਼ਦਦ ਤੋਂ ਪਰੇਸ਼ਾਨ ਹੋਏ ਕਸ਼ਮੀਰੀ
ਪੰਡਤ ਗੁਰੂ ਤੇਗ਼ ਬਹਾਦਰ ਜੀ ਪਾਸ ਫਰਿਆਦ ਲੈ ਕੇ ਆਨੰਦਪੁਰ ਸਾਹਿਬ ਆਏ ਤਾਂ ਗੁਰੂ
ਗੋਬਿੰਦ ਸਿੰਘ ਜੀ ,ਜੋ ਕੇਵਲ 9 ਵਰ੍ਹਿਆਂ ਦੇ ਸਨ, ਦੇ ਆਖਣ 'ਤੇ ਉਨ੍ਹਾਂ ਦੀ ਰਖਿਆ
ਲਈ ਦਿੱਲੀ ਗਏ, ਜਿਥੇ ਬਾਦਸ਼ਾਹ ਦੇ ਹੁਕਮ 'ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿਤਾ ਗਿਆ।
ਗਰੀਬ, ਮਜ਼ਲੂਮ ਤੇ ਨਿਤਾਣਿਆਂ ਦੀ ਰਖਿਆ ਲਈ ਅਤੇ ਮੁਗ਼ਲ ਹਕੂਮਤ ਦੇ ਜ਼ੁਲਮ
ਤਸ਼ੱਦਦ ਤੇ ਅਤਿਆਚਾਰਾ ਦਾ ਟਾਕਰਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ
ਸਾਜਿਆ ਅਤੇ ਕੌਮ ਵਿਚ ਇਕ ਨਵੀਂ ਰੂਹ ਭਰ ਦਿਤੀ। ਗੁਰੂ ਜੀ ਦੇ ਖਾਲਸੇ ਨੇ ਇਤਿਹਾਸ ਦਾ
ਰੁਖ ਬਦਲ ਕੇ ਰਖ ਦਿਤਾ। ਇਸ ਮੁਹਿੰਮ ਵਿਚ ਉਨ੍ਹਾ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ
ਗਏ। ਲਾਲਾ ਦੌਲਤ ਰਾਏ ਦੇ ਅਪਣੇ ਸ਼ਬਦਾਂ ਅਨੁਸਾਰ, ''ਔਰੰਗਜ਼ੇਬ ਦੇ ਸਮੇਂ ਤਕ
ਹਿੰਦੂਆਂ ਤੇ ਹਿੰਦੁਸਤਾਨ ਦੀ ਅਜਿਹੀ ਦਸ਼ਾ ਹੋ ਗਈ ਸੀ ਕਿ ਸਾਰੇ ਭਾਰਤਵਰਸ਼ 'ਤੇ ਹੀ
ਇਸਲਾਮੀ ਝੰਡਾ ਝੁੱਲਣ ਲੱਗ ਗਿਆ ਸੀ। ਲਹਿੰਦੇ ਪਾਸੇ ਗੁਜਰਾਤ ਤੇ ਦੁਆਰਕਾ ਤਕ ਇਸਲਾਮੀ
ਹਕੂਮਤ ਕਾਇਮ ਹੋ ਚੁਕੀ ਸੀ। ਦੱਖਣ ਦੀਆਂ ਸਾਰੀਆਂ ਹਿੰਦੂ ਹਕੂਮਤਾਂ ਬਰਬਾਦ ਹੋ ਕੇ
ਅਪਣੀ ਹੋਂਦ ਹੀ ਖਤਮ ਕਰ ਰਹੀਆਂ ਸਨ। ਰਾਮੇਸਵਰਮ ਵਿਚ ਮਸਜਿਦਾਂ ਉਸਰ ਚੁਕੀਆਂ ਸਨ,
ਜਿੱਥੋਂ ਅੱਲ੍ਹਾ ਹੂ ਅਕਬਰ ਦੀਆਂ ਉੱਚੀਆਂ ਉੱਚੀਆਂ ਬਾਂਗਾਂ ਸੁਣਾਈ ਦੇ ਰਹੀਆਂ ਸਨ।
ਚੜ੍ਹਦੇ ਵਿਚ ਉੜੀਸਾ ਤੇ ਬੰਗਾਲ ਢੇਰ ਸਮੇਂ ਤੋਂ ਇਸਲਾਮ ਦੇ ਜ਼ੋਰ ਤੇ ਜ਼ੁਲਮ ਦੇ
ਅਭਿਆਸ ਦਾ ਖੇਤਰ ਬਣਿਆ ਹੋਇਆ ਸੀ। ਉਤਰ ਵਿਚ ਵੀ ਪਹਾੜਾਂ ਵਿਚ ਹਿੰਦੂ ਰਾਜਿਆਂ ਦੀ
ਹਕੂਮਤ ਦਾ ਭੋਗ ਪੈ ਚੁਕਾ ਸੀ ਅਤੇ ਉਹ ਸਾਰੇ ਅਧੀਨ ਹੋ ਗਏ ਸਨ। ਕਸ਼ਮੀਰ ਵਿਚ ਇਸਲਾਮੀ
ਝੰਡਾ ਲਹਿਰਾ ਰਿਹਾ ਸੀ। ਪਰ ਫਿਰ ਵੀ ਇਨ੍ਹਾਂ ਜਿੱਤਾਂ ਤੇ ਤਾਕਤੀ ਪਸਾਰੇ ਦੇ ਬਾਵਜੂਦ
ਮੁਲਕ ਵਿਚ ਚੈਨ ਨਹੀਂ ਸੀ।''
ਉਹ ਅਗੇ ਲਿਖਦੇ ਹਨ, ''ਜੋ ਕੁਝ ਪਹਿਲਾਂ ਵਾਪਰ ਚੁੱਕਾ ਸੀ, ਉਸ ਨੂੰ ਭੁਲਾ ਕੇ
ਜੇ ਇਕੱਲੇ ਔਰੰਗਜ਼ੇਬ ਦੀਆਂ ਕਰਤੂਤਾਂ ਹੀ ਵੇਖੀਆਂ ਜਾਣ ਤਾਂ ਸਪਸ਼ਟ ਹੋ ਜਾਂਦਾ ਹੈ
ਕਿ ਹੁਣ ਉਹ ਸਮਾਂ ਆ ਗਿਆ ਸੀ ਕਿ ਹਿੰਦੂਆਂ ਦਾ ਨਾਂ ਵੀ ਹਿੰਦੁਸਤਾਨ ਦੀ ਧਰਤੀ ਤੋਂ
ਉਸੇ ਤਰ੍ਹਾਂ ਹੀ ਮਿਟ ਜਾਦਾ ਜਿਵੇਂ ਕੁਰੈਸ਼ੀਆਂ ਦਾ ਅਰਬ ਵਿਚ ਮੇਟਿਆ ਗਿਆ ਸੀ। ਜਾਂ
ਫਿਰ ਉਹੀ ਹਾਲ ਹੁੰਦਾ ਜਿਵੇਂ ਇਰਾਨ, ਤੁਰਕਿਸਤਾਨ,ਅਫ਼ਗਾਨਿਸਤਾਨ ਤੇ ਬਲੋਚਿਸਤਾਨ ਦੇ
ਵਸਨੀਕ ਆਪਣੇ ਵੱਡੇ ਵਡੇਰਿਆਂ ਦੇ ਧਰਮ ਨੂੰ ਤਿਲਾਂਜਲੀ ਦੇ ਚੁਕੇ ਸਨ। ਇਥੇ ਵੀ ਸਾਰੇ
ਹੀ ਹਿੰਦੂ ਆਪਣੇ ਧਰਮ ਦਾ ਤਿਆਗ ਕਰ ਦਿੰਦੇ ਤੇ ਇਸਲਾਮ ਦੀ ਜ਼ਾਲਮ ਤਲਵਾਰ ਅਗੇ ਸਿਰ
ਨੀਵਾਂ ਕਰ ਕੇ ਆਪਣੀ ਸੰਸਕ੍ਰਿਤੀ ਤੋਂ ਹੱਥ ਧੋ ਬੈਠਦੇ ਕਿਉਂਕਿ ਹਿੰਦੂਆਂ ਵਿਚ ਹੁਣ
ਇਸਲਾਮੀ ਜਬਰ ਤੇ ਜੋਸ਼ ਦਾ ਟਾਕਰਾ ਕਰਨ ਦੀ ਨਾ ਹਿੰਮਤ ਸੀ ਤੇ ਨਾ ਹੀ ਤਾਕਤ, ਨਾ ਹੀ
ਹੌਸਲਾ ਸੀ ਤੇ ਨਾ ਹੀ ਸੂਝ, ਨਾ ਹੀ ਧਰਮ ਦਾ ਬਲ ਤੇ ਨਾ ਹੀ ਧਨ-ਬਲ ਸੀ।''
''ਫਿਰ
ਐਸੀ ਨਿਰਾਸਤਾ ਵਿਚ ਅਚਨਚੇਤ ਇਕ ਮੂਰਤ ਪ੍ਰਗਟ ਹੋਈ। ਇਸ ਹਸਤੀ ਨੇ ਹਿੰਦੂ ਧਰਮ ਦੀ
ਨਈਆ ਨੂੰ ਤੂਫ਼ਾਨ ਵਿਚੋਂ ਕੱਢਿਆ ਹੀ ਨਹੀਂ, ਸਗੋਂ ਕੰਢੇ 'ਤੇ ਆ ਖੜਾ ਕੀਤਾ। ਹਿੰਦੂ
ਧਰਮ ਦੇ ਸੁੱਕ ਚੁਕੇ ਤੇ ਕੁਮਲਾ ਗਏ ਬਾਗ਼ ਲਈ ਉਹ ਰਹਿਮਤ ਦੀ ਵਰਖਾ ਤੇ ਉਜੜ ਰਹੇ ਚਮਨ
ਦਾ ਮਾਲੀ ਤੇ ਦਰਦ ਵੰਡਾਉਣ ਵਾਲਾ ਸੀ। ਪਰ ਉਹ ਕੌਣ ਸੀ? ਹਾਂ ਉਹ ਸਨ ਗੁਰੂ ਗੋਬਿੰਦ
ਸਿੰਘ ਜੀ, ਜਿਨ੍ਹਾਂ ਦੇ ਨਾਂ ਤੋਂ ਸਾਰਾ ਸੰਸਾਰ ਭਲੀ ਪ੍ਰਕਾਰ ਜਾਣੂ ਹੈ। ਜਿਸ ਬੂਟੇ
ਨੂੰ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ, ਜਿਸ ਨੂੰ ਗੁਰੂ ਅਰਜਨ ਦੇਵ ਤੇ ਗੁਰੂ
ਹਰਿਗੋਬਿੰਦ ਜੀ ਨੇ ਆਪਣੇ ਖੁਨ ਦਾ ਪਾਣੀ ਦੇ ਕੇ ਤੇ ਹੱਡੀਆਂ ਪਾ ਕੇ ਵੱਡਾ ਕੀਤਾ ਸੀ
ਅਤੇ ਜਿਸ ਨੂੰ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਤੇ ਰੱਤ ਪਾ
ਕੇ ਪਾਲਿਆ ਪੋਸਿਆ ਤੇ ਉਸੇ ਦੀ ਸੇਵਾ ਕਰਦਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ
ਮਾਤਾ, ਚਾਰ ਪੁੱਤਰਾਂ, ਪੰਜ ਪਿਆਰਿਆ ਅਤੇ ਹਜ਼ਾਰਾਂ ਸ਼ਰਧਾਲੂ ਸਿੱਖ ਦੁਲਾਰਿਆਂ ਦੀਆਂ
ਲਹੂ ਦੀਆਂ ਵਗਦੀਆਂ ਨਦੀਆਂ ਨਾਲ ਐਸਾ ਬਲਵਾਨ ਕੀਤਾ ਕਿ ਉਸ ਨਾਲ ਫੁਲ ਲਗ ਗਏ॥ ਉਹ ਫੁਲ
ਕੀ ਸਨ? ਉਹ ਸੀ ਕੌਮੀ ਪਿਆਰ, ਧਾਰਮਿਕ ਭਾਈਚਾਰਾ, ਪ੍ਰਭੂ-ਭਗਤੀ ਤੇ ਪ੍ਰਭੂ ਪਿਆਰ ਦੇ
ਫੁੱਲ। ਇਹ ਇਕ ਐਸਾ ਫਲ ਸੀ ਕਿ ਜਿਸ ਦਾ ਫੁੱਲ ਅਕਾਲ-ਪੁਰਖ ਦੀ ਪੂਜਾ ਸੀ, ਜਿਸ ਦੇ
ਗੁੱਦੇ ਵਿਚ ਕੌਮੀ ਪਿਆਰ ਸੀ ਤੇ ਜਿਸ ਦਾ ਛਿਲਕਾ ਸੀ ਦੇਸ਼-ਪਿਆਰ।ਜਿਸ ਦੀ ਗਿਟਕ ਸੀ
ਭਗਤੀ-ਭਾਵ,ਜਿਸ ਦਾ ਮਿੱਠਾ ਰਸ ਸੀ ਕੌਮੀਅਤ।'' ਉਹ ਅੱਗੇ ਲਿਖਦੇ ਹਨ ਕਿ ਕਿਸੇ ਕਵੀ
ਨੇ ਠੀਕ ਆਖਿਆ ਹੈ:-
ਨਾ ਕਹੋਂ ਅਬ ਕੀ ਨਾ ਕਹੋਂ ਤਬ ਕੀ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ।
ਲਾਲਾ ਦੌਲਤ ਰਾਏ ਨੇ ਕਈ ਅੰਗਰੇਜ਼ ਵਿਦਵਾਨਾਂ ਦੇ ਵੀ ਇਸ ਤਰ੍ਹਾ ਦੇ ਹਵਾਲੇ ਦਿਤੇ
ਹਨ। ਲਾਲਾ ਜੀ ਦੇ ਉਪਰੋਕਤ ਵਿਚਾਰਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੇ ਕਰ ਗੁਰੂ
ਸਾਹਿਬਾਨ ਅਵਤਾਰ ਨਾ ਧਾਰਦੇ ਤਾਂ ਸਾਰਾ ਹਿੰਦੁਸਤਾਨ, ਜਿਸ ਵਿਚ ਪਾਕਿਸਤਾਨ ਤੇ ਬੰਗਲਾ
ਦੇਸ਼ ਵਾਲੇ ਖੇਤਰ ਵੀ ਸ਼ਾਮਿਲ ਸੀ, ਇਸਲਾਮੀ ਦੇਸ਼ ਬਣ ਗਿਆ ਹੁੰਦਾ। ਪ੍ਰਸਿੱਧ ਪੰਥਕ
ਵਿਦਵਾਨ ਮਰਹੂਮ ਗਿਆਨੀ ਸੰਤ ਸਿੰਘ ਮਸਕੀਨ ਆਪਣੀਆਂ ਕਈ ਕਥਾਵਾਂ ਵਿਚ ਨਾਮਵਾਰ ਸਿੱਖ
ਵਿਦਵਾਨ ਮਹਾਂਕਵੀ ਸੰਤੋਖ ਸਿੰਘ ਜੀ ਦੀ ਹੇਠ ਲਿਖੀ ਲਿਖਤ ਦਾ ਹਵਾਲਾ ਦਿਆ ਕਰਦੇ ਸਨ
:-
ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ,
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਪ੍ਰਪਕ ਜਾਤੇ ਧਰਮ ਧਮਕ ਜਾਤੇ,
ਵਰਨ ਗਰਕ ਜਾਤੇ ਸਤਿ ਬਿਧਾਤ ਕੀ ।
ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ,
ਰੀਤ ਮਿਟ ਜਾਤੀ ਸਭ ਬੇਦਨ ਪੁਰਾਨ ਕੀ।
ਸ੍ਰੀ ਗੁਰੁ ਗੋਬਿੰਦ ਸਿੰਘ ਪਾਵਨ ਸੁਰ,
ਮੂਰਤ ਨ ਹੋਤੀ ਜੋ ਪੈ ਕਰਨਾ ਨਿਧਾਨ ਕੀ॥
ਉਪਰੋਕਤ ਲਿਖਤ ਦਾ ਹਵਾਲਾ ਦੇ ਕੇ ਮਸਕੀਨ ਜੀ ਆਖਦੇ ਕਿ ਕੇ ਕਰ ਗੁਰੂ ਗੋਬਿੰਦ
ਸਿੰਘ ਜੀ ਅਵਤਾਰ ਨਾ ਧਾਰਦੇ ਤਾਂ ਇਸਲਾਮੀ ਹਮਲਾਵਰਾਂ ਤੇ ਹੁਕਮਰਾਨਾਂ ਨੇ ਸਾਰਾ
ਹਿੰਦੁਸਤਾਨ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾ ਲੈਣਾ ਸੀ ਜਿਵੇ ਉਹਨਾਂ ਨੇ ਪਹਿਲਾਂ
ਇਰਾਨ, ਅਫ਼ਗਾਨਿਸਤਾਨ ਆਦਿ ਕਈ ਦੇਸ਼ਾਂ ਨੂੰ ਤਲਵਾਰ ਦੇ ਜ਼ੋਰ ਨਾਲ ਇਸਲਾਮੀ ਦੇਸ਼
ਬਣਾ ਲਿਆ ਸੀ। ਫਿਰ ਭਾਵੇਂ ਇਸ ਦਾ ਨਾਂ ਹਿੰਦੁਸਤਾਨ ਹੀ ਰਹਿੰਦਾ, ਪਰ ਇਕ ਮੁਸਲਮਾਨੀ
ਦੇਸ਼ ਹੋਣਾ ਸੀ, ਭਾਵ ਅਜ ਵਾਲਾ ਸਾਰਾ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ਼ ਸਮੇਤ
ਭਾਰਤੀ ਉਪ-ਮਹਾਂਦੀਪ ਇਕੋ ਇਸਲਾਮੀ ਦੇਸ਼ ਹੋਣਾ ਸੀ। ਕੀ ਭਾਰਤ ਵਾਸੀ ਹਿੰਦੂ ਧਰਮ ਦੀ
ਰਖਿਆ ਅਤੇ ਇਸ ਦੇਸ਼ ਦਾ ਬੁਹ-ਧਰਮੀ ਚਰਿਤਰ (ਜਿਸ ਕਾਰਨ ਅੱਜ ਇਹ ਇਕ ਧਰਮ-ਨਿਰਪੇਖ
ਦੇਸ਼ ਹੈ) ਤੇ ਹਜ਼ਾਰਾਂ ਸਾਲ ਪੁਰਾਨੀ ਸੰਸਕ੍ਰਿਤੀ ਬਚਾਉਣ ਵਾਸਤੇ ਗੁਰੂ ਸਾਹਿਬਾਨ
ਅਤੇ ਪਿਛੋਂ ਉਨ੍ਹਾਂ ਦੇ ਬਹਾਦਰ ਯੋਧੇ ਸਿੰਘਾਂ ਵਲੋਂ ਕੀਤੀਆਂ ਮਹਾਨ ਕੁਰਬਾਨੀਆਂ ਨੂੰ
ਅੱਖੋਂ ਪਰੋਖੇ ਕਰ ਸਕਦੇ ਹਨ।
|