ਇਹ ਧਾਰਨਾ ਮਨੁੱਖੀ ਮਨ ਵਿੱਚ ਕੁੱਟ-ਕੁੱਟ ਕੇ ਭਰੀ ਹੈ ਜਾਂ ਇੰਜ਼ ਕਹਿ ਲਓ ਕਿ
ਸਦੀਆਂ ਤੋਂ ਇਹ ਧਾਰਨਾਂ ਸਾਡੇ ਜ਼ਹਿਨ ਵਿੱਚ ਚਲੀ ਆ ਰਹੀ ਹੈ ਕਿ ਖ਼ੁਦਾ ਹਰ ਜਗ੍ਹਾ ਭਾਵ
ਕਿ ਕਣ-ਕਣ ਵਿੱਚ ਮੌਜ਼ੂਦ ਹੈ। ਕੁਝ ਲੋਕ ਅਜਿਹੇ ਵੀ ਹਨ ਜਿਹੜੇ ਕਿ ਖ਼ੁਦਾ ਦੀ ਮੌਜ਼ੂਦਗੀ
ਨੂੰ ਝੁਠਲਾਉਂਦੇ ਹਨ। ਫਿਰ ਜਿਸ ਕਿਸੇ ਨੇ ਵੀ ਖ਼ੁਦਾ ਦੀ ਮੌਜ਼ੁਦਗੀ ਨੂੰ ਝੁਠਲਾਇਆ ਹੈ
ਉਸਨੇ ਖ਼ੁਦਾ ਦੇ ਕਿਧਰੇ ਵੀ ਮੌਜ਼ੂਦ ਨਾ ਹੋਣ ਦਾ ਤਰਕ ਵੀ ਪੇਸ਼ ਕੀਤਾ ਹੈ।
ਹੁਣ ਰੱਬ ਦੀ ਤੁਲਨਾ ਸੱਚ ਨਾਲ ਕੀਤੀ ਗਈ ਹੈ ਤੇ ਇਹ ਕਿਹਾ ਗਿਆ ਹੈ ਕਿ ਆਦਿ
ਸੱਚ, ਜੁਗਾਦਿ ਸੱਚ ਹੈ ਭੀ ਸੱਚ ਹੋਸੀ ਵੀ ਸੱਚ
। ਪਰ ਸੱਚ ਕਿਸ ਜਗ੍ਹਾ ਮੌਜ਼ੂਦ ਹੈ ਅੱਜ ਦੇ ਕਲਯੁਗ ਦੇ ਸਮੇਂ ਵੱਲ ਨਿਗ੍ਹਾ ਮਾਰ ਕੇ
ਦੇਖੋ ਤਾਂ ਸੱਚ ਕਿਸ ਮੌੜ ‘ਤੇ ਖੜ੍ਹਾ ਹੈ। ਜਦ ਅਸੀਂ ਸਮਾਜ ਵਿਚਲੇ ਹਰਾਮੀਆਂ ਵੱਲ ਤੇ
ਉਨ੍ਹਾਂ ਦੀਆਂ ਜ਼ਲੀਲ ਹਰਕਤਾਂ ਵੱਲ ਝਾਤ ਮਾਰਦੇ ਹਾਂ ਤਾਂ ਰੱਬ ਕਿਧਰੇ ਵੀ ਦਿਖਾਈ
ਨਹੀਂ ਦਿੰਦਾ। ਜੇਕਰ ਰੱਬ ਭਾਵ ਸੱਚ ਹੈ ਤਾਂ ਕੀ ਸੱਚ-ਮੁੱਚ ਹੀ ਮੌਜ਼ੂਦ ਹੈ।
ਚਲੋ ਮਨ ਲੈਂਦੇ ਹਾਂ ਕਿ ਰੱਬ ਭਾਵ ਸੱਚ ਹੈ ਤਾਂ ਫਿਰ ਇੱਥੇ ਸੱਚ-ਬੋਲਣ ਵਾਲਿਆਂ
ਨੂੰ ਨੀਹਾਂ ਚ ਕਿਉਂ ਚਿਣਵਾਇਆ ਜਾਂਦਾ ਹੈ। ਤੱਤੀਆਂ ਤਵੀਆਂ ‘ਤੇ ਕਿਉਂ ਬਿਠਾਇਆ
ਜਾਂਦਾ ਹੈ ? ਸੱਚ ਨੂੰ ਸ਼ਲੀਬ ‘ਤੇ ਕਿਉਂ ਚੜ੍ਹਾਇਆ ਜਾ ਰਿਹਾ ਹੈ? ਸੱਚ ਨੂੰ ਜ਼ੇਲ੍ਹਾਂ
ਵਿੱਚ ਕਿਉਂ ਡੱਕਿਆ ਜਾਂਦਾ ਹੈ? ਸੱਚ ਨਾਲ ਬੈਠ ਕੇ ਭੋਜਨ ਛੱਕਣ ਤੇ ਦੂਜੇ ਦੇ ਭਿੱਟਣ
ਦੀ ਗੱਲ ਕਿਧਰ ਪੈਂਦਾ ਹੁੰਦੀ ਹੈ? ਗੱਲ ਕੀ ਹੈ ਕਿ ਕੌਣ ਕਿਸ ਨੂੰ ਦੋਸ਼ ਦੇਵੇ ਹਰ ਇੱਕ
ਤਾਂ ਕਾਣਾ ਹੋਇਆ ਫਿਰਦਾ ਹੈ। ਇੱਕ ਹਰਾਮੀ ਕੋਈ ਮੂਰਖਾਂ ਵਾਲੀ ਗੱਲ ਕਰਦਾ ਹੈ ਤਾਂ
ਦੂਜੇ ਮੂਰਖ ਫਟਾ ਫਟਾ ਉਸ ਮੂਰਖ ਦਾ ਸਾਥ ਦੇਣ ਲੱਗਦੇ ਹਨ ਕਹਿਣ ਦਾ ਭਾਵ ਕਿ ਇੱਕ
ਗੰਦੀ ਮੱਛਲੀ ਹੀ ਸਾਰੇ ਤਲਾਬ ਨੂੰ ਗੰਦਾ ਕਰਨ ਦਾ ਕੰਮ ਕਰ ਦਿੰਦੀ ਹੈ ਇਸੇ ਲਈ ਤਾਂ
ਅੱਜ ਤੱਕ ਕੋਈ ਸੱਚ ਦਾ ਪਾਰ ਨਹੀਂ ਪਾ ਸਕਿਆ।
ਗੱਲ ਕੀ ਹੈ ਜੀ ਸਭ ਨੂੰ ਸਿਰਫ਼ ਆਪਣੇ ਤੱਕ ਹੀ ਸੀਮਿਤ ਹੋ ਕੇ ਰਹਿਣ ਦਾ ਇੱਕ ਚਸਕਾ
ਜਿਹਾ ਪਿਆ ਹੋਇਆ ਹੈ ਇਸ ਦੀ ਇਵਜ਼ ਵਿੱਚ ਸੱਚ ਚਾਹੇ ਖ਼ਤਮ ਹੀ ਕਿਉਂ ਨਾ ਹੋ ਜਾਵੇ ਕੋਈ
ਪ੍ਰਵਾਹ ਨਹੀਂ। ਜਿੰਨੇ ਵੀ ਮਹਾ- ਪੁਰਖ ਇਸ ਦੁਨੀਆਂ ‘ਤੇ ਆਏ ਉਨ੍ਹਾਂ ਨੇ ਕਲਯੁੱਗ
ਨੂੰ ਹੀ ਪ੍ਰਧਾਨ ਹੁੰਦੇ ਹੋਏ ਦੇਖਿਆ ਤੇ ਉਨ੍ਹਾਂ ਨੇ ਆਪਣੀ ਬਾਣੀ ਰਾਹੀ ਦੁਨੀਆਂ ਨੂੰ
ਸੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਤੇ ਦੀ ਪੂਛ ਵਿੰਗੀ ਦੀ ਵਿੰਗੀ ਹੀ ਰਹੀ ਤੇ
ਉਨ੍ਹਾਂ ਮਹਾਂ-ਪੁਰਖਾਂ ਦੀ ਬਾਣੀ ਬੇ-ਸ਼ੱਕ ਪੜ੍ਹੀ ਜਾ ਰਹੀ ਹੈ ਪਰ ਕੀ ਕਦੇ ਕਿਸੇ ਨੇ
ਉਸ ‘ਤੇ ਅਮਲ ਕਰ ਕੇ ਦੇਖਿਆ ਹੈ?
ਇਸ ਗੱਲ ਦੀ ਬੜੀ ਜ਼ੋਰ-ਸ਼ੋਰ ਨਾਲ ਗ਼ਵਾਹੀ ਭਰੀ ਜਾ ਰਹੀ ਹੈ ਭਾਈ ਗੁਰੂ ਘਰ ਜਾਇਆ
ਕਰੋ ਪਰ ਕੀ ਸੱਚ ਮੁੱਖ ਗੁਰੂ ਘਰੋਂ ਕਿਸੇ ਨੇ ਸੱਚ ਮੁੱਚ ਰੱਬ ਦੀ ਖੋਜ਼ ਕੀਤੀ ਹੈ?
ਸੋਚ ਕੇ ਦੇਖੋ ਮੈਂ ਅਜੇ ਤੱਕ ਇਹ ਦੇਖਿਆ, ਪੜ੍ਹਿਆ ਜਾਂ ਸੁਣਿਆ ਨਹੀਂ ਕਿ ਕਿਸੇ ਨੇ
ਗੁਰਦੁਆਰੇ ਜਾ ਕੇ ਰੱਬ ਪਾਇਆ ਹੋਵੇ। ਰੱਬ ਦਾ ਅਰਥ ਹੈ ਸੱਚ ਤੇ ਸੱਚ ਦਾ ਮਤਲਬ
ਸਮਾਨਤਾ ਹੈ ਤੇ ਫਿਰ ਗੁਰੂਦੁਆਰਿਆਂ ਵਿੱਚ ਵੀ ਰਾਜਨੀਤੀ ਨੂੰ ਵਾੜ ਕੇ ਅਸਮਾਨਤਾ ਕਿਉਂ
ਪੈਦਾ ਕੀਤੀ ਜਾ ਰਹੀ ਹੈ? ਫਿਰ ਇੱਕ ਨੂੰ ਰਾਜਾ ਤੇ ਦੂਜੇ ਰੰਕ ਜਾਂ ਭਿਖਾਰੀ ਕਿਉਂ
ਮੰਨਿਆ ਜਾ ਰਿਹਾ ਹੈ।
ਇਥੇ ਮੈਨੂੰ ਇੱਕ ਹਾਸੇ ਵਾਲੀ ਗੱਲ ਯਾਦ ਆ ਰਹੀ ਹੈ ਕਿ ਇੱਕ ਭਿਖਾਰੀ ਜਿਹੜਾ ਕਿ
ਕਈ ਦਿਨਾਂ ਤੋਂ ਭੁੱਖਾ ਸੀ ਤੇ ਇੱਕ ਮਸੀਤ ਦੇ ਮੋਹਰੇ ਜਾ ਕੇ ਮੰਗਣ ਲੱਗਾ ਅਖੇ
ਅੱਲ੍ਹਾ ਤੈਨੂੰ ਬਹੁਤ ਦੇਵੇ, ਖ਼ੁਦਾ ਤੈਨੂੰ ਬਹੁਤ ਦੇਵੇ ਮੈਨੂੰ ਕੁਝ ਖਾਣ ਨੂੰ ਦੇ
ਮੈਂ ਕਈ ਦਿਨਾਂ ਤੋਂ ਕੁਝ ਨਹੀਂ ਖਾਧਾ ਤੇ ਜਿਹੜਾ ਵੀ ਬਾਹਰ ਆਵੇ ਚੱਲ-ਚੱਲ ਪਰ੍ਹੇ
ਹੱਟ ਛੁੱਟੇ ਨਹੀਂ। ਫਿਰ ਬੇਚਾਰਾ ਗੁਰੂਦੁਆਰੇ ਚਲਾ ਗਿਆ ਵਾਹਿਗੁਰੂ ਤੈਨੂੰ ਬਹੁਤ
ਦੇਵੇ ਉੱਥੋਂ ਵੀ ਉਸਨੂੰ ਠੋਕਰਾਂ ਹੀ ਮਿਲੀਆਂ। ਫਿਰ ਹਾਰ ਕੇ ਇੱਕ ਠੇਕੇ ਵੱਲ ਚਲਾ
ਗਿਆ ਇੱਕ ਸ਼ਰਾਬੀ ਠੇਕਿਓਂ ਬਾਹਰ ਨਿਕਲਿਆ ਭਿਖਾਰੀ ਨੇ ਉਸ ਅੱਗੇ ਆਪਣਾ ਉਹੀ ਰੋਣਾ
ਰੋਇਆ ਤੇ ਉਸ ਸ਼ਰਾਬੀ ਨੇ ਬੜ੍ਹਕ ਮਾਰੀ ਤੇ ਦਸਾਂ ਦਾ ਨੋਟ ਦੇ ਦਿੱਤਾ ਤੇ ਦੂਸਰਾ
ਸ਼ਰਾਬੀ ਨਿਕਲਿਆ ਤੇ ਉਸ ਨੇ ਵੀ ਉਸੇ ਤਰ੍ਹਾਂ ਹੀ ਵੀਹ ਦਾ ਨੋਟ ਫਿਰ ਤੀਜੇ ਸ਼ਰਾਬੀ ਨੇ
ਪੰਜਾਹ ਦਾ ਨੋਟ ਤੇ ਇੱਕ ਨੇ ਸੌ ਦਾ ਨੋਟ। ਸ਼ਰਾਬੀ ਰੱਬ ਅੱਗੇ ਹੱਥ ਜ਼ੋੜ ਕੇ ਖੜ੍ਹਾ ਹੋ
ਗਿਆ ਤੇ ਕਹਿਣ ਲੱਗਾ ਵਾਹ ਓਏ ਰੱਬਾ ਰਹਿੰਦਾ ਕਿਤੇ ਹੋਰ ਏ ਤੇ ਐਡਰੈੱਸ ਕਿਸੇ ਹੋਰ
ਜਗ੍ਹਾ ਦਾ ਦਿੱਤਾ ਹੈ।
ਸੋ ਕੀ ਗੁਰੂ ਘਰਾਂ ਵਿੱਚ ਸੱਚ-ਮੁੱਚ ਹੀ ਰੱਬ ਦਾ ਨਿਵਾਸ ਹੈ ਜਾਂ ਫਿਰ ਸਾਡੇ ਇਸ
ਸਮਾਜ ਨੇ ਰੱਬ ਬੇਚਾਰੇ ਨੂੰ ਵੀ ਆਪਣੇ ਗੁਰੂ ਘਰਾਂ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ
ਹੈ। ਫਿਰ ਜੇਕਰ ਰੱਬ ਜਾਂ ਕੋਈ ਸਰਬਉੱਚ ਤਾਕਤ ਨਹੀਂ ਹੈ ਤਾਂ ਇਹ ਵੀ ਸ਼ਵਾਲ ਪੈਦਾ
ਹੁੰਦਾ ਹੈ ਕਿ ਇਹ ਸਭ ਕੁਝ ਜੋ ਕੁਝ ਦਿਸ ਰਿਹਾ ਹੈ ਇਹ ਸਾਰਾ ਕਿੱਥੋਂ ਆਇਆ ਹੈ? ਹੁਣ
ਇਹ ਵੀ ਕਿਹਾ ਗਿਆ ਹੈ ਕਿ ਖ਼ੁਦਾ ਇੱਕ ਵਿਸ਼ਵਾਸ ਵੀ ਹੋ ਸਕਦਾ ਹੈ। ਜੇਕਰ ਵਿਸ਼ਵਾਸ ਹੈ
ਤਾਂ ਖ਼ੁਦਾ ਹੈ ਜੇਕਰ ਵਿਸ਼ਵਾਸ ਨਹੀਂ ਹੈ ਤਾਂ ਖ਼ੁਦਾ ਵੀ ਨਹੀਂ ਹੈ।
ਹੁਣ ਜੇਕਰ ਮਨ ਲਈਏ ਕਿ ਵਿਸ਼ਵਾਸ ਕਾਇਮ ਹੈ ਜਾਂ ਜ਼ਿੰਦਾ ਹੈ ਤਾਂ ਇਸ ਦਾ ਅਰਥ ਇਹ
ਬਣਦਾ ਹੈ ਕਿ ਰੱਬ ਦੀ ਹੋਂਦ ਤੋਂ ਵੀ ਇਨਕਾਰੀ ਜਾਂ ਮੁੰਨਕਰ ਨਹੀਂ ਹੋਇਆ ਜਾ ਸਕਦਾ।
ਹੁਣ ਇੱਕ ਗੱਲ ਇਹ ਵੀ ਉਤਪੰਨ ਹੁੰਦੀ ਹੈ ਜਾਂ ਇੰਜ਼ ਕਹਿ ਲਓ ਕਿ ਇੱਕ ਸ਼ਵਾਲ ਇਹ ਵੀ
ਪੈਂਦਾ ਹੁੰਦਾ ਹੋਇਆ ਨਜ਼ਰ ਆਇਆ ਹੈ ਕਿ ਖ਼ੁਦਾ ਜਾਂ ਰੱਬ ਨੂੰ ਲੱਭ ਲਿਆ ਗਿਆ ਹੈ ਜਾਂ
ਉਹ ਅਜੇ ਵੀ ਗੁਆਚਾ ਹੋਇਆ ਹੈ?
ਹੁਣ ਬਹੁਤ ਸਾਰੇ ਮਹਾਂਪੁਰਸ਼ਾਂ ਦੀ ਬਾਣੀ ਵੀ ਤਾਂ ਇਹ ਹੀ ਬਿਆਨ ਕਰਦੀ ਹੈ ਕਿ
ਤੇਰਾ ਭਾਵ ਖ਼ੁਦਾ ਜਾਂ ਰੱਬ ਦਾ ਅੰਤ ਕਿਸੇ ਨਾ ਪਾਇਆ ਕਿ ਉਹ ਖ਼ੁਦਾ ਜਾਂ ਰੱਬ ਕਿੰਨਾਂ
ਵਿਸ਼ਾਲ ਹੈ। ਅਰਥਾਤ ਪ੍ਰਮਾਤਮਾਂ ਦਾ ਭੇਦ ਕੋਈ ਵੀ ਨਹੀਂ ਪਾ ਸਕਿਆ ਜਾਂ ਇੰਜ਼ ਕਹਿ ਲਓ
ਕਿ ਉਸ ਖ਼ੁਦਾ ਨੂੰ ਕੋਈ ਲੱਭ ਨਹੀਂ ਸਕਿਆ। ਅਰਥਾਤ ਉਸ ਖ਼ੁਦਾ ਨੂੰ ਤਾਂ ਅਸੀਂ ਅਜੇ ਤੱਕ
ਵੀ ਗ਼ੁਆਈ ਹੀ ਬੈਠੇ ਹਾਂ। ਹੁਣ ਇਸ ਤੋਂ ਇਹ ਹੀ ਭਾਂਪ ਰਿਹਾ ਹੈ ਕਿ ਜੇਕਰ ਇਸ ਨੂੰ
ਕੋਈ ਲੱਭ ਨਹੀਂ ਸਕਿਆ ਜਾਂ ਇਸ ਦਾ ਕੋਈ ਭੇਦ ਨਹੀਂ ਪਾ ਸਕਿਆ ਤਾਂ ਇਹ ਮੌਜ਼ੂਦ ਕਿਵੇਂ
ਹੋ ਸਕਦਾ ਹੈ।
ਕੁਝ ਇੱਕ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਜੇਕਰ ਖ਼ੁਦਾ ਮੌਜ਼ੂਦ ਹੈ ਤਾਂ ਕੀ ਉਹ
ਸ਼ੈਤਾਨ ਲੋਕਾਂ ਤੋਂ ਡਰਦਾ ਹੋਇਆ ਉਨ੍ਹਾਂ ਨੂੰ ਆਪਣੀ ਮਨਆਈ ਕਰਨ ਦਾ ਲਾਇਸੰਸ ਪ੍ਰਦਾਨ
ਕਰ ਦਿੰਦਾ ਹੈ ? ਜੇਕਰ ਅਜਿਹਾ ਨਹੀਂ ਹੈ ਤਾਂ ਫਿਰ ਇਹ ਦੁਨਿਆਵੀ ਸ਼ੈਤਾਨ ਖ਼ੁਦਾ ਨੂੰ
ਹੀ ਵਕਤ ਵਿੱਚ ਕਿਉਂ ਪਾਈ ਰੱਖਦੇ ਹਨ ? ਇਹ ਵੀ ਵਿਚਾਰ ਕਰਨਾ ਬਣਦਾ ਹੈ। ਬਾਕੀ ਇਸ
ਦੁਨੀਆਂ ‘ਤੇ ਹਰ ਇੱਕ ਦੀ ਆਪਣੀ ਇੱਕ ਸੋਚ ਹੈ ਇਸ ਬਾਰੇ ਕੋਈ ਕੀ ਗੱਲ ਕੀਤੀ ਜਾ ਸਕਦੀ
ਹੈ। ਪ੍ਰਸਿੱਧ ਸਾਹਿਤਕਾਰ ਧਨੀ ਰਾਮ ਚਾਤ੍ਰਿਕ ਆਪਣੀ ਰਚਨਾ ਵਿੱਚ ਇਸ ਰੱਬ ਵਾਲੇ ਜਾਂ
ਬੇ-ਰੱਬੇ ਸਮਾਜ ਦੀ ਤਸਵੀਰ ਕੁਝ ਇਸ ਤਰ੍ਹਾਂ ਬਿਆਨ ਕੀਤੀ ਹੈ-
ਨਾ ਕੋਈ ਠਾਕੁਰ ਤੇ ਨਾ ਕੋਈ ਪੂਜ਼ਕ,
ਸਭ ਰੋਟੀ ਦੇ ਉਪਰਾਲੇ,
ਚਿੱਟੀਆਂ ਪੱਗਾਂ ਤੇ ਦੂਹਰੇ ਟਿੱਕੇ,
ਅੰਦਰੋਂ ਹਿਰਦੇ ਕਾਲੇ,
ਹੱਥ ਵਿੱਚ ਮਾਲਾ ਤੇ ਮੂੰਹ ਵਿੱਚ ਮੰਤਰ,
ਕੱਛ ਵਿੱਚ ਤੇਜ਼ ਕਟਾਰੀ,
ਐਸੇ ਠੱਗਾਂ ਨਾਲੋਂ ਚੰਗੇ,
ਖੀਸੇ ਕਤਰਨ ਵਾਲੇ।
ਧੰਨਵਾਦ ਸਹਿਤ ।
ਪਰਸ਼ੋਤਮ ਲਾਲ ਸਰੋਏ,
ਮੋਬਾਇਲ- 91-92175-44348
ਪਿੰਡ-ਧਾਲੀਵਾਲ-ਕਾਦੀਆਂ,
ਡਾਕਘਰ-ਬਸਤੀ-ਗੁਜ਼ਾਂ-ਜਲੰਧਰ-144002
ਪੰਜਾਬ – ਭਾਰਤ
05/06/2012
|