WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)

hore-arrow1gif.gif (1195 bytes)

"ਲਾਮਿਸਾਲ ਸਾਕੇ ਵਰਤਾਏ ਬੀਰ-ਬਹਾਦਰ ਜਿੰਦਾਂ ਨੇ"
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ


ਸਾਕਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਸ਼ਕ-ਸੰਮਤ ਅਤੇ ਸਾਕੇ ਬਹੁ ਵਚਨ ਸ਼ਬਦ ਹੈ। ਸਾਕਾ ਤੋਂ ਭਾਵ ਹੈ ਕਿ ਕੋਈ ਐਸਾ ਕਰਮ ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ। ਸਿੱਖਾਂ ਤੋਂ ਪਹਿਲੇ ਵੀ ਸਾਕੇ ਵਰਤੇ ਹਨ ਹਰੇਕ ਸੱਚ ਦੇ ਪੁਜਾਰੀ ਨਾਲ ਕੋਈ ਨਾਂ ਕੋਈ ਸਾਕਾ ਵਰਤਿਆ ਹੀ ਹੈ ਜਿਵੇਂ ਮਨਸੂਰ, ਸਰਮਦ ਅਤੇ ਗੇਲੀਲੀਓ ਵਰਗੇ ਉੱਚਕੋਟੀ ਦੇ ਸੂਫੀ ਅਤੇ ਵਿਗਿਆਨੀ ਇਸ ਦੀ ਢੁੱਕਵੀਂ ਮਿਸਾਲ ਹਨ। ਪਰ ਜੋ ਛੋਟੀ ਜਿਹੀ ਸਿੱਖ ਕੌਮ ਨੇ ਲਾਸਾਨੀ ਸਾਕੇ ਵਰਤਾਏ ਅਤੇ ਹੰਡਾਏ ਉਹ ਬੇਹੱਦ ਲਾਮਿਸਾਲ ਹਨ। ਸਿੱਖ ਧਰਮ ਦੇ ਬਾਨੀ ਗੁਰੂ ਬਾਬਾ ਨਾਨਕ ਜੀ ਨੇ ਪੁਜਾਰੀਵਾਦ, ਬ੍ਰਾਹਮਣੀ ਕਰਮਕਾਂਡ, ਅਖੌਤੀ ਰੀਤਾਂ ਰਸਮਾਂ ਸਰਕਾਰੀ ਜ਼ੁਲਮ ਅਤੇ ਅਨਿਆਇਂ ਵਿਰੁੱਧ ਉੱਠ ਖੜੇ ਹੋਣ ਦਾ ਸਾਕਾ ਵਰਤਾਇਆ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਬਦ ਗੁਰੂ ਦੀ ਸ਼ਾਨ ਅਤੇ “ਸਭੇ ਸਾਂਝੀਵਾਲ ਸਦਾਇਨ” ਦੇ ਸਿਧਾਂਤ ਲਈ ਸ਼ਹੀਦੀ ਸਾਕਾ ਵਰਤਾਇਆ। ਗੁਰੂ ਤੇਗ ਬਹਾਦਰ ਜੀ ਨੇ ਮਜ਼ਲੂਮਾਂ ਦਾ ਧਰਮ ਬਚਾਉਣ ਲਈ ਆਪਾ ਵਾਰਿਆ, ਸਿੱਖ ਦੇਗਾਂ ਵਿੱਚ ਉਬਲੇ ਅਤੇ ਆਰਿਆਂ ਨਾਲ ਚੀਰੇ ਗਏ, ਇਉਂ ਸਾਕਿਆਂ ਦੀ ਲੜੀ ਚੱਲ ਪਈ। ਇਸੇ ਸਾਕਾ ਲੜੀ ਦੇ ਅਨਮੋਲ ਹੀਰੇ, ਗੁਰਮਤਿ ਗਾਨੇ ਦੇ ਸੱਚੇ ਸੁੱਚੇ ਮੋਤੀ, ਗੁਰੂ ਗੋਬਿੰਦ ਸਿੰਘ ਜੀ ਦੇ ਲਖ਼ਤੇ ਜ਼ਿਗਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਚਾਰੇ ਸਾਹਿਬਜ਼ਾਦਿਆਂ ਨੇ ਕ੍ਰਮਵਾਰ ਚਮਕੌਰ ਸਾਹਿਬ ਅਤੇ ਸਰਹਿੰਦ ਵਿਖੇ ਲਾਮਿਸਾਲ ਸਾਕੇ ਵਰਤਾ ਵਿਲੱਖਣ ਇਤਿਹਾਸ ਸਿਰਜ ਦਿੱਤਾ।

ਸਾਹਿਬਜ਼ਾਦਾ ਫਾਰਸੀ ਦਾ ਸ਼ਬਦ ਹੈ ਜਿਸ ਦੀ ਸੰਗਿਆ ਹੈ-ਬਾਦਸ਼ਾਹਜਾਦਹ, ਰਾਜਕੁਮਾਰ, ਸੁਆਮੀ ਦਾ ਬੇਟਾ ਅਤੇ ਸਿੱਖਾਂ ਵਿੱਚ ਗੁਰੂ ਸਪੁੱਤ੍ਰ ਹੈ। ਸਹਿਬਜ਼ਾਦੇ ਪੁੱਤਰਾਂ ਨੂੰ ਵੀ ਕਿਹਾ ਜਾਂਦਾ ਹੈ, ਕਈ ਵਾਰ ਸਿਆਣੇ ਲੋਕ ਇੱਕ ਦੂਜੇ ਦਾ ਹਾਲ-ਚਾਲ ਪੁੱਛਦੇ ਸਮੇ ਕਹਿੰਦੇ ਹਨ ਤੁਹਾਡੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ? ਸੁੱਖ ਨਾਲ ਆਪ ਜੀ ਦੇ ਕਿੰਨ੍ਹੇ ਸਾਹਿਬਜ਼ਾਦੇ ਹਨ? ਪਰ ਆਂਮ ਤੌਰ  ਤੇ ਸਾਹਿਬਜ਼ਾਦੇ ਲਕਬ ਗੁਰੂ ਸਪੁੱਤ੍ਰਾਂ ਲਈ ਹੀ ਢੁਕਵਾਂ ਹੈ। ਬੀਰ ਸੰਸਕ੍ਰਤਿ ਅਤੇ ਬਹਾਦਰ ਫਾਰਸੀ ਦੇ ਸ਼ਬਦ ਹਨ। ਬੀਰ-ਯੋਧਾ, ਬਹਾਦਰ-ਉਤਸ਼ਾਹੀ ਅਤੇ ਸੂਰਬੀਰ। ਜਿਦ ਅਰਬੀ ਅਤੇ ਜਿੰਦ ਫਾਰਸੀ ਦੇ ਲਫਜ਼ ਹਨ। ਜਿਦ ਦੇ ਅਰਥ ਹਨ ਮੁਖ਼ਲਫਤ, ਵਿਰੋਧ ਅਤੇ ਹਠ ਪਰ ਜਿੰਦ ਦੇ ਅਰਥ ਹਨ-ਜਾਨ, ਰੂਹ, ਜੀਵਨਸਤਾ, ਅੰਤਸ਼ਕਰਨ, ਜੀਵਨ ਅਤੇ ਜ਼ਿੰਦਗੀ। ਪਾਠਕ ਜਨ ਸਾਕੇ ਜਿੰਦਾਂ, ਸਾਹਿਬਜ਼ਾਦਾ, ਬੀਰ ਅਤੇ ਬਹਾਦਰ ਸ਼ਬਦਾਂ ਦਾ ਭਾਵ ਸਮਝ ਗਏ ਹਨ ਜੋ ਲੇਖ ਦੇ ਸਿਰਲੇਖ ਵਿੱਚ ਆਏ ਹਨ।

ਹੁਣ ਆਪਾਂ ਚਾਰ ਸਹਿਬਜ਼ਾਦਿਆਂ ਦੇ ਸੰਖੇਪ ਜੀਵਨ ਅਤੇ ਕਾਰਨਾਮਿਆਂ ਬਾਰੇ ਵਿਚਾਰ ਕਰਦੇ ਹਾਂ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਪੁੱਤਰ ਸਨ ਜਿਨ੍ਹਾਂ ਨੂੰ ਸਿੱਖ ਸੰਗਤਾਂ ਸਤਿਕਾਰ ਨਾਲ ਸਾਹਿਬਜ਼ਾਦੇ ਅਤੇ ਬਾਬਾ ਸ਼ਬਦਾਂ ਨਾਲ ਸੰਬੋਧਨ ਕਰਦੀਆਂ ਹਨ।

ਬਾਬਾ ਅਜੀਤ ਸਿੰਘ ਦਾ ਜਨਮ 23 ਮੱਘਰ ਸੰਮਤ 1743 (1686 ਈ.) ਬਾਬਾ ਜੁਝਾਰ ਸਿੰਘ ਜੀ ਦਾ ਸੰਮਤ 1747 (1690 ਈ.) ਬਾਬਾ ਜੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3 ਸੰਮਤ 1753 (1696 ਈ.) ਅਤੇ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਫੱਗਣ ਸੁਦੀ 7, ਸੰਮਤ 1755 (1698 ਈ.) ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ। ਚਾਰੇ ਸਾਹਿਜ਼ਾਦਿਆਂ ਦੀ ਮਾਂ ਮਾਤਾ ਜੀਤ ਕੌਰ ਹੀ ਹੈ ਜਿਨ੍ਹਾਂ ਨੂੰ ਸੁੰਦਰ ਸ਼ਕਲ ਹੋਣ ਕਰਕੇ "ਮਾਤਾ ਸੁੰਦਰੀ" ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਪੁਰਾਣੇ ਸਮੇਂ ਜਦ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਸੀ ਤਾਂ ਸਹੁਰੇ ਉਸ ਦਾ ਨਵਾਂ ਨਾਂ ਰੱਖਦੇ ਸਨ। ਇਸ ਕਰਕੇ ਇਤਿਹਾਸਕਾਰਾਂ ਨੂੰ ਦੋ ਮਾਤਾਵਾਂ ਹੋਣ ਦਾ ਟਪਲਾ ਲੱਗਾ ਹੈ। ਵੈਸੇ ਵੀ ਗੁਰੂ ਘਰ ਵਿੱਚ ਇੱਕ ਨਾਰੀ ਨੂੰ ਹੀ ਮਾਨਤਾ ਹੈ - ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੈ॥ (ਭਾ.ਗੁ) ਬਹੁ ਪਤਨੀ ਵਿਆਹ ਇਸਲਾਮ ਵਿੱਚ ਹੈ ਸਿੱਖ ਧਰਮ ਵਿੱਚ ਨਹੀਂ। ਫਿਰ ਗੁਰੂ ਸਾਹਿਬ ਕੋਈ ਕਾਮੀ ਪੁਰਖ ਨਹੀਂ ਸਨ ਜੋ ਬਹੁ ਪਤਨੀ ਵਿਆਹ ਕਰਦੇ। ਕਈ ਕਹਿੰਦੇ ਹਨ ਕਿ ਗਰੂ ਸਾਹਿਬ ਰਾਜਾ ਯੋਗੀ ਸਨ ਇਸ ਦਾ ਮਤਲਵ ਇਹ ਨਹੀਂ ਕਿ ਉਹ ਦੁਨਿਆਵੀ ਰਾਜਿਆਂ ਵਰਗੇ ਅਜਾਸ਼ ਸਨ? ਜੇ ਐਸਾ ਗੁਰਮਤਿ ਵਿੱਚ ਪ੍ਰਵਾਨ ਹੁੰਦਾ ਤਾਂ ਸਿੱਖਾਂ ਦੀਆਂ ਵੀ ਕਈ-ਕਈ ਪਤਨੀਆਂ ਹੁੰਦੀਆਂ। ਇਹ ਗਲਤੀ ਮਹਾਂਰਾਜਾ ਰਣਜੀਤ ਸਿੰਘ ਨੇ ਕੀਤੀ ਹੈ ਜਾਂ ਨਹੀਂ ਇਤਿਹਾਸ ਵਿੱਚ ਰਲਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਵੀ ਲਿਖਿਆ ਹੈ ਕਿ ਆਮ ਹਾਲਤਾਂ ਵਿੱਚ ਸਿੱਖ ਇੱਕ ਹੀ ਪਤਨੀ ਨਾਲ ਵਿਆਹ ਕਰੇ, ਹਾਂ ਜੇ ਕਿਸੇ ਖਾਸ ਹਾਲਤ ਵਿੱਚ ਪਹਿਲੀ ਪਤਨੀ ਚੜ੍ਹਾਈ ਕਰ ਜਾਵੇ ਜਾਂ ਸੰਤਾਨ ਨਾਂ ਹੋਵੇ ਤਾਂ ਕੁਲ ਜਾਰੀ ਰੱਖਣ ਵਾਸਤੇ ਦੂਜਾ ਵਿਆਹ ਕੀਤਾ ਜਾ ਸਕਦਾ ਹੈ ਨਾਂ ਕਿ ਐਸ਼ੋ-ਇਸ਼ਰਤ ਲਈ। ਗੁਰੂ ਸਾਹਿਬ ਜੋ ਉਪਦੇਸ਼ ਸਿੱਖਾਂ ਨੂੰ ਦਿੰਦੇ ਸਨ ਉਸਦੇ ਉਹ ਆਪ ਧਾਰਨੀ ਸਨ। ਆਪਾਂ ਗੁਰਬਾਣੀ ਸਿਧਾਂਤ ਨੂੰ ਮੁੱਖ ਰੱਖਣਾ ਹੈ ਨਾਂ ਕਿ ਸਾਖੀਆਂ ਜਾਂ ਸੁਣੀਆਂ ਸੁਣਾਈਆਂ ਗੱਲਾਂ ਨੂੰ। ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਦਾ ਜੀਵਨ ਗੁਰਬਾਣੀ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਸਿੱਖ ਧਰਮ ਨਾਰੀ ਤੇ ਪੁਰਸ਼ ਨੂੰ ਬਰਾਬਰ ਮਾਨਤਾ ਦਿੰਦਾ ਹੈ। ਜੇ ਪੁਰਸ਼ ਵੱਧ ਵਿਆਹ ਕਰਵਾ ਸਕਦਾ ਹੈ ਤਾਂ ਫਿਰ ਨਾਰੀ ਕਿਉਂ ਨਹੀਂ? ਇਤਿਹਾਸ ਪੜ੍ਹਦੇ ਤੇ ਵਾਚਦੇ ਸਮੇਂ ਗੁਰਮਤਿ ਸਿਧਾਂਤਾਂ ਦੀ ਪਰਖ ਜਰੂਰੀ ਹੈ। ਜਿਵੇਂ ਸੁਨਿਆਰਾ ਸੋਨੇ ਦੀ ਪਰਖ ਕਰਕੇ ਖੋਟ ਪ੍ਰਵਾਨ ਨਹੀਂ ਕਰਦਾ, ਇਵੇਂ ਹੀ ਸਿੱਖ ਇਤਿਹਾਸ ਰੂਪੀ ਸੋਨੇ ਵਿੱਚ ਪੈ ਚੁੱਕੀ ਖੋਟ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣ ਦੀ ਅਤਿਅੰਤ ਲੋੜ ਹੈ।

ਸਾਹਿਬਜ਼ਾਦਿਆਂ ਦੀ ਪਾਲਣਾ ਪੋਸ਼ਣਾ ਅਤੇ ਪੜ੍ਹਾਈ ਮਾਤਾ ਗੁਜਰੀ ਜੀ ਅਤੇ ਮਾਮਾ ਕ੍ਰਿਪਾਲ ਚੰਦ ਦੀ ਦੇਖ-ਰੇਖ ਵਿੱਚ ਹੋਈ। ਸਾਹਿਬਜ਼ਾਦਿਆਂ ਦਾ ਪਿਛੋਕੜ ਅਤੇ ਵਰਤਮਾਨ ਗੁਰੂ ਘਰ ਵਿੱਚ ਹੀ ਹੋਇਆ। ਜਿੱਥੇ ਬਾਕੀ ਗੁਰੂ ਸਹਿਬਾਨਾਂ ਦੇ ਕੁਝ ਸਾਹਿਬਜ਼ਾਦੇ ਗੁਰੂ ਘਰ ਤੋਂ ਬਾਗੀ ਵੀ ਰਹੇ ਓਥੇ ਗੁਰੂ ਗੋਬਿੰਦ ਸਿੰਘ ਜੀ ਦੇ ਹੋਣਹਾਰ ਸਪੁੱਤਰ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਹੀ ਅੱਣਖ ਦੀ ਜ਼ਿੰਦਗੀ ਜੀਏ ਅਤੇ ਜ਼ਾਲਮਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ। ਸਾਹਿਬਜ਼ਾਦਿਆਂ ਦੀ ਸਾਰੀ ਜਿੰਦਗੀ ਹੀ ਜੰਗਾਂ ਯੁੱਧਾਂ ਵਿੱਚ ਲੰਘੀ। ਉਹ ਆਮ ਬੱਚਿਆਂ ਵਾਂਗ ਸੁੱਖਾਂ ਤੇ ਲਾਡਾਂ ਭਰਿਆ ਬਚਪਨ ਨਹੀਂ ਮਾਨ ਸਕੇ। ਉਸ ਵੇਲੇ ਜ਼ਾਲਮ ਮੁਗਲਾਂ ਅਤੇ ਉਨ੍ਹਾਂ ਦੇ ਝੋਲੀ ਚੁੱਕ ਹਿੰਦੂ ਪਹਾੜੀ ਰਾਜਿਆਂ ਨਾਲ ਜੋ ਗੁਰੂ ਦੀ ਅਗਵਾਈ ਵਿੱਚ ਸਿੱਖਾਂ ਦੀਆਂ ਜੰਗਾਂ ਹੋਈਆਂ, ਉਹ ਉਨ੍ਹਾਂ ਨੇ ਆਪਣੀ ਅੱਖੀਂ ਦੇਖੀਆਂ ਤੇ ਹੰਡਾਈਆਂ। ਇਸ ਲਈ ਉਨ੍ਹਾਂ ਨੂੰ ਵਿਰਸੇ ਵਿੱਚ ਹੀ ਅਜਿਹੇ ਬੀਰ ਰਸੀ ਕਾਰਨਾਮਿਆਂ ਦੀ ਗੁੜ੍ਹਤੀ ਮਿਲਦੀ ਰਹੀ। ਜਿਵੇਂ ਸ਼ੇਰ ਦੇ ਬੱਚੇ ਸ਼ੇਰ ਹੀ ਹੁੰਦੇ ਹਨ ਓਵੇਂ ਸ਼ੇਰ-ਮਰਦ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਵੀ ਸ਼ੇਰ ਸਨ।

ਗੁਰੂ ਤੇਗ਼ਬਹਾਦਰ ਵੱਲੋਂ ਮਾਖੋਵਾਲ ਦੀ ਜ਼ਰ-ਖਰੀਦ ਧਰਤੀ ਉੱਪਰ ਹੀ ਅਨੰਦਪੁਰ ਸਾਹਿਬ ਵਸਾਇਆ ਗਿਆ ਜਿੱਥੇ ਗੁਰਬਾਣੀ ਪ੍ਰਚਾਰ ਦੇ ਨਾਲ-ਨਾਲ ਸਿੱਖ ਫੌਜਾਂ ਦੀ ਟ੍ਰੇਨਿੰਗ ਹੁੰਦੀ, ਰਣਜੀਤ ਨਗਾਰੇ ਵੱਜਦੇ, ਗੁਰੂ ਕੇ ਲੰਗਰ ਅਟੁੱਟ ਵਰਤਦੇ ਅਤੇ ਸਿੱਖ ਸ਼ਿਕਾਰ ਵੀ ਖੇਡਦੇ। ਹੋਲੇ ਮਹੱਲੇ ਖੇਡੇ ਜਾਂਦੇ ਅਤੇ ਵੈਸਾਖੀ ਨੂੰ ਬਹੁੱਤ ਵੱਡਾ ਜੋੜ-ਮੇਲਾ ਹੁੰਦਾ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਵੀ ਵੈਸਾਖ ਮਹੀਨੇ ਵਿੱਚ ਹੋਇਆ ਸੀ।

ਅਨੰਦਪੁਰ ਵਿਖੇ ਬੜੀਆਂ ਰੌਣਕਾਂ ਵੱਧ ਗਈਆਂ ਗੁਰਾਂ ਨੇ ਜੰਗਲ ਵਿੱਚ ਮੰਗਲ ਲਾ ਦਿੱਤੇ। ਇਹ ਸਾਰਾ ਕੁਝ ਸ਼ਹਿਨਸ਼ਾਹੀ ਵਰਤਾਰਾ ਪਹਾੜੀਏ ਬਰਦਾਸ਼ਤ ਨਾਂ ਕਰ ਸਕੇ। ਉਹ ਹਰ ਵੇਲੇ ਗੁਰੂ ਨੂੰ ਤੰਗ ਕਰਨ ਦੀ ਆੜ ਵਿੱਚ ਹੀ ਰਹਿੰਦੇ। ਇਸ ਕਰਕੇ ਅਨੰਦਪੁਰ ਦੇ ਆਲੇ ਦੁਆਲੇ ਛੋਟੀਆਂ ਮੋਟੀਆਂ ਝੜਪਾਂ ਰੂਪ ਲੜਾਈਆਂ, ਇਨ੍ਹਾਂ ਬੇ-ਗੈਰਤ ਮੁਗਲੀਆ ਹਕੂਮਤ ਦੇ ਝੋਲੀ ਚੁੱਕਾਂ ਨਾਲ ਹੁੰਦੀਆਂ ਹੀ ਰਹਿੰਦੀਆਂ, ਜਿਨ੍ਹਾਂ ਵਿੱਚ ਹਰ ਵਾਰੀ ਪਹਾੜੀਆਂ ਨੂੰ ਮੂੰਹ ਦੀ ਖਾਣੀ ਪੈਂਦੀ। ਇਸਦੇ ਹੀ ਫਲਸਰੂਪ ਭੰਗਾਣੀ ਦਾ ਵੱਡਾ ਯੁੱਧ ਹੋਇਆ, ਜਿਸ ਵਿੱਚ ਪਹਾੜੀ ਰਾਜੇ ਭੀਮਚੰਦ ਕਹਿਲੂਰੀ, ਫਤੇਸ਼ਾਹ ਗੜਵਾਲੀਆ, ਹਰੀ ਚੰਦ ਹੰਡੂਰੀਆ ਅਤੇ ਮੁਗਲ ਇਕੱਠੇ ਹੋ ਕੇ ਲੜੇ। ਨਮਕ ਹਰਾਮੀ ਪਠਾਣ ਭੀਖਨ ਖਾਂ, ਨਯਾਬਤ ਖਾਂ ਅਤੇ ਹਯਾਤ ਖਾਂ ਜੋ ਗੁਰੂ ਦੀ ਫੌਜ ਵਿੱਚ ਪੀਰ ਬੁੱਧੂ ਸ਼ਾਹ ਦੀ ਸ਼ਿਫਾਰਸ਼ ਕਰਕੇ ਨੌਕਰੀ ਲਈ ਭਰਤੀ ਕੀਤੇ ਗਏ ਸਨ, ਉਹ ਵੀ ਇਕੱਲੇ ਕਾਲੇ ਖਾਂ ਨੂੰ ਛੱਡ ਕੇ ਬਾਕੀ ਵੈਰੀਆਂ ਨਾਲ ਜਾ ਰਲੇ। ਜਿੱਥੇ ਇਸ ਲੜਾਈ ਵਿੱਚ ਜਿੱਥੇ ਪਹਾੜੀਆਂ ਦਾ ਸਿਰਕੱਢ ਜਰਨੈਲ ਰਾਜਾ ਹਰੀ ਚੰਦ ਹੰਡੂਰੀਆ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ, ਸ਼ਾਹੀ ਫੌਜਾਂ ਅਤੇ ਪਹਾੜੀਆਂ ਦਾ ਬਹੁਤ ਨੁਕਸਾਨ ਹੋਇਆ ਓਥੇ ਕੁਝ ਸਿੱਖ, ਬੀਬੀ ਵੀਰੋ ਦੇ ਦੋ ਪੁੱਤਰ ਸੰਗੋਸ਼ਾਹ, ਜੀਤਮੱਲ, ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ 700 ਮੁਰੀਦਾਂ ਚੋਂ ਬਹੁਤੇ ਮੁਰੀਦ ਵੀ ਸ਼ਹੀਦ ਹੋ ਗਏ। ਇਉਂ ਅਨੰਦਪੁਰ ਦੇ ਆਲੇ ਦੁਆਲੇ ਦੀਆਂ ਛੋਟੀਆਂ-ਮੋਟੀਆਂ ਲੜਾਈਆਂ ਤੋਂ ਬਾਅਦ ਜਦ ਅਨੰਦਪੁਰ ਸਾਹਿਬ ਨੂੰ ਪਹਾੜੀਆਂ ਅਤੇ ਮੁਗਲਾਂ ਨੇ ਮਿਲ ਕੇ 7 ਮਹੀਨੇ ਦਾ ਲੰਮਾਂ ਘੇਰਾ ਪਾ ਕੇ, ਰਸਤ-ਪਾਣੀ ਬੰਦ ਕਰ ਦਿੱਤਾ ਫਿਰ ਵੀ ਗੁਰੂ ਅਤੇ ਸਿੱਖਾਂ ਨੇ ਹੱਥ ਨਾਂ ਖੜੇ ਕੀਤੇ ਸਗੋਂ ਗਾਹੇ ਬਗਾਹੇ ਮਕਾਰਾ-ਬਕਾਰਾ ਕਰਕੇ ਰਾਤ-ਬਰਾਤੇ ਸ਼ਾਹੀ ਫੌਜਾਂ ਅਤੇ ਮਕਾਰੀ ਪਹਾੜੀਆਂ ਤੋਂ ਸ਼ੇਰ-ਮਾਰ ਵਾਂਗ ਰਸਤਾਂ-ਬਸਤਾਂ ਝੜਪ ਲਿਆਉਂਦੇ ਰਹੇ।

ਜਦ ਦੁਸ਼ਮਣ ਦਾ ਵੀ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ "ਗੁਰੂ" ਨਾਂ ਪਕੜਿਆ ਗਿਆ ਅਤੇ ਅਨੰਦਪੁਰ ਤੇ ਕਬਜ਼ਾ ਵੀ ਨਾਂ ਹੋ ਸਕਿਆ ਤਾਂ ਬੇਈਮਾਨ ਜ਼ਾਲਮ ਮੁਗਲਾਂ ਨੇ ਦਿੱਲੀ ਦੇ ਤਖਤ ਤੋਂ ਇਹ ਐਲਾਨ ਕੀਤਾ ਕਿ ਜੇ "ਗੁਰੂ" ਆਪਣੇ ਆਪ ਅਨੰਦਪੁਰ ਖਾਲੀ ਕਰ ਦੇਵੇ ਅਤੇ ਕੁਝ ਸਮੇਂ ਲਈ ਇਧਰ-ਉਧਰ ਚਲਾ ਜਾਵੇ ਤਾਂ ਅਸੀਂ "ਗੁਰੂ" ਨੂੰ ਕੁਝ ਨਹੀਂ ਕਹਾਂਗੇ ਅਤੇ ਖਰਚਾ-ਪਾਣੀ ਦੇਣ ਦੇ ਨਾਲ ਮਾਨ-ਸਨਮਾਨ ਵੀ ਕਰਾਂਗੇ। ਇਸ ਐਲਾਨਨਾਮੇ ਦੀਆਂ ਲਿਖਤੀ ਚਿੱਠੀਆਂ ਆਪਣੇ ਏਲਚੀਆਂ ਰਾਹੀਂ "ਗੁਰੂ" ਕੋਲ ਭੇਜੀਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਗੜ੍ਹੀ ਵਿੱਚ ਸਮੂੰਹ ਸਿੰਘ ਸਿੰਘਣੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਜ਼ਾਲਮਾਂ ਦੀ ਬਦਨੀਤੀ ਹੈ ਸਾਨੂੰ ਇਨ੍ਹਾਂ ਬੇਈਮਾਨਾਂ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਨੀਤੀਵੇਤਾ ਗੁਰੂ ਜੀ ਉੱਪਰ ਇਨ੍ਹਾਂ ਝੂਠਨਾਮਿਆਂ ਦਾ ਕੋਈ ਅਸਰ ਨਾਂ ਹੋਇਆ ਪਰ ਲੰਬੇ ਸਮੇਂ ਦੀ ਭੁੱਖ, ਬਿਮਾਰੀ ਅਤੇ ਸ਼ਸਤਰਾਂ ਦੀ ਘਾਟ ਨੇ ਕੁਝ ਸਿੰਘਾਂ ਨੂੰ ਲਾਚਾਰ ਕਰ ਦਿੱਤਾ, ਕਹਿੰਦੇ ਹਨ "ਮੌਤੋਂ ਭੁੱਖ ਬੁਰੀ ਦਿਨੇ ਸੁੱਤੇ ਖਾ ਕੇ ਰਾਤੀਂ ਫੇਰ ਖੜੀ" ਸਿੰਘਾਂ ਨੇ ਗੁਰੂ ਜੀ ਨਾਲ ਸਲਾਹ ਕੀਤੀ ਕਿ ਕੁਝ ਸਮੇਂ ਲਈ ਆਪਾਂ ਇਸ ਦਿੱਲੀ ਤਖਤ ਦੇ ਕੀਤੇ ਐਲਾਨਨਾਮੇ ਦਾ ਫਾਇਦਾ ਉਠਾ ਕੇ, ਆਪਣੇ ਆਪ ਨੂੰ ਹੋਰ ਮਜਬੂਤ ਕਰ ਲਈਏ ਪਰ ਨੀਤੀਵੇਤਾ ਗੁਰੂ ਜੀ ਨੇ ਇੱਕ ਤਮਾਸ਼ਾ ਦਿਖਾਇਆ ਕਿ ਚਲੋ ਆਪਾਂ ਇਨ੍ਹਾਂ ਨੂੰ ਪਰਖ ਲਈਏ। ਗੁਰੂ ਜੀ ਨੇ ਸਿੱਖਾਂ ਨੁੰ ਹੁਕਮ ਕੀਤਾ ਕਿ ਫਟੇ-ਪੁਰਾਣੇ ਕਪੜੇ ਅਤੇ ਟੁੱਟੇ-ਫੁੱਟੇ ਛਿੱਤਰਾਂ ਦੀਆਂ ਪੰਡਾਂ ਬੰਨ੍ਹ ਖੱਚਰਾਂ ਤੇ ਲੱਦ ਕੇ ਕਿਲ੍ਹਾ ਖਾਲੀ ਕਰਨ ਦਾ ਡਰਾਮਾਂ ਕੀਤਾ ਜਾਵੇ। ਗੁਰੂ ਦਾ ਹੁਕਮ ਮੰਨ, ਸਿੰਘਾਂ ਨੇ ਐਸਾ ਹੀ ਕੀਤਾ। ਗੁਰੂ ਦਾ ਖਜਾਨਾਂ ਜਾਂਦਾ ਸਮਝ ਕੇ ਮੁਗਲ ਕੁਰਾਨ ਅਤੇ ਹਿੰਦੂ ਪਹਾੜੀ ਗਊ ਮਾਤਾ ਅਤੇ ਗੀਤਾ ਦੀਆਂ ਖਾਧੀਆਂ ਝੂਠੀਆਂ ਕਸਮਾਂ ਤੋੜ ਕੇ ਗੁਰੂ ਦਾ ਸਮਾਨ ਲੁੱਟਣ ਅਤੇ ਗੁਰੂ ਨੂੰ ਜਿੰਦਾ ਪਕੜਨ ਲਈ ਅਲੀ ਅਲੀ ਕਰਦੇ ਟੁੱਟ ਪਏ। ਗੁਰੂ ਜੀ ਘੋਰ ਸੰਕਟ ਸਮੇਂ ਸਿੱਖਾਂ ਦੀ ਅਰਜ਼ ਮੰਨ ਕੇ ਸਿੱਖਾਂ ਸਮੇਤ ਦੂਸਰੇ ਰਸਤੇ ਅਨੰਦਪੁਰ ਨੂੰ ਛੱਡ ਕੇ ਚੱਲ ਪਏ, ਓਧਰ ਵੈਰੀ ਲੁੱਟ ਦੀ ਮਨਸ਼ਾ ਨਾਲ ਟੁੱਟ ਪਏ ਤਾਂ ਅੱਗੋਂ ਖੱਚਰਾਂ ਉਤੇ ਲੱਦੇ ਟੁੱਟੇ ਛਿੱਤਰ ਅਤੇ ਫਟੇ ਪੁਰਾਣੇ ਕਪੜੇ ਦੇਖ ਭਾਰੀ ਨਿਰਾਸ਼ ਹੁੰਦੇ ਹੋਏ, ਆਪਸ ਵਿੱਚ ਹੀ ਉਲਝ ਕੇ ਕਟਾਵੱਢੀ ਦਾ ਸ਼ਿਕਾਰ ਹੋ ਗਏ।

ਗੁਰੂ ਜੀ ਅਤੇ ਸਿੱਖ ਹਨੇਰੇ ਦਾ ਫਾਇਦਾ ਉਠਾ ਕੇ ਜਦ ਅਨੰਦਪੁਰ ਤੋਂ ਕਾਫੀ ਦੂਰ ਚਲੇ ਗਏ ਤਾਂ ਮੁਗਲ ਅਤੇ ਪਹਾੜੀ ਫੌਜਾਂ ਭਾਰੀ ਲਾਓ ਲਸ਼ਕਰ ਲੈ, ਉਨ੍ਹਾਂ ਪਿੱਛੇ ਟੁੱਟ ਪਈਆਂ। ਏਨੇ ਨੂੰ ਗੁਰੂ ਜੀ ਸਿੱਖਾਂ ਸਮੇਤ ਸਰਸਾ ਕਿਨਾਰੇ ਪਹੁੰਚ ਗਏ। ਉਨ੍ਹਾਂ ਦਿਨਾਂ ਚ' ਬਰਸਾਤ ਦਾ ਜੋਰ ਹੋਣ ਕਰਕੇ ਬਰਸਾਤੀ ਨਦੀ ਸਰਸਾ ਨਕਾ-ਨੱਕ ਭਰ ਕੇ ਵਗ ਰਹੀ ਸੀ। ਇਸ ਕਰਕੇ ਗੁਰੂ ਜੀ ਨੂੰ ਓਥੇ ਰੁਕਣਾ ਪਿਆ, ਇਸ ਭਿਅਨਕ ਸਮੇਂ ਵੀ ਸਿੱਖਾਂ ਨੇ "ਆਸਾ ਕੀ ਵਾਰ" ਦਾ ਕੀਰਤਨ ਕੀਤਾ। ਓਧਰ ਸ਼ਾਹੀ ਫੌਜਾਂ ਨੇ ਆਣ ਘੇਰਾ ਪਾਇਆ, ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਭਾਈ ਉਦੇ ਸਿੰਘ ਅਤੇ ਬਾਬਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਜੀ ਨੇ ਇਸ ਲੜਾਈ ਵਿੱਚ ਤਲਵਾਰ ਦੇ ਸ਼ਾਨਦਾਰ ਜੌਹਰ ਦਿਖਾਏ। ਵੈਰੀ ਦੀ ਫੌਜ ਦਾ ਭਾਰੀ ਨੁਕਸਾਨ ਹੋਇਆ ਅਤੇ ਕੁਝ ਸਿੰਘ ਵੀ ਸ਼ਹੀਦ ਹੋ ਗਏ। ਕੁਦਰਤ ਦਾ ਕਹਿਰ ਹੋਰ ਵਰਤਿਆ ਕਿ ਸਰਸਾ ਪਾਰ ਕਰਦੇ ਸਮੇਂ ਬਹੁਤ ਸਾਰਾ ਸਿੱਖ ਲਿਟਰੇਚਰ, ਧਨ, ਕੀਮਤੀ ਸਮਾਨ ਅਤੇ ਬੱਚੇ ਬੁੱਢੇ, ਨਿਢਾਲ ਅਤੇ ਬੀਮਾਰ ਸਿੱਖ ਵੀ ਸਰਸਾ ਦੇ ਭਾਰੀ ਵਹਿਣ ਵਿੱਚ ਰੁੜ ਗਏ। ਕੁਝ ਗਿਣਤੀ ਦੇ ਸਿੰਘ, ਗੁਰੂ ਕੇ ਮਹਿਲ, ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਪਾਰ ਲੰਘ ਗਏ। ਇਸ ਬਿਪਤਾ ਸਮੇਂ ਜਿਨ੍ਹਾਂ ਨੂੰ ਜਿਧਰ ਨੂੰ ਰਾਹ ਮਿਲਿਆ ਤੁਰ ਪਏ ਤਾਂ ਉਸ ਵੇਲੇ ਲੰਮੇ ਸਮੇਂ ਤੋਂ ਗੁਰੂ ਘਰ ਵਿੱਚ ਸੇਵਾ ਕਰਨ ਵਾਲਾ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ, ਆਪਣੇ ਪਿੰਡ ਖੇੜੀ ਨੂੰ ਚੱਲ ਪਿਆ। ਬਾਕੀ ਵੱਡੇ ਸਾਹਿਬਜਾਦੇ ਅਤੇ 40 ਸਿੰਘ ਗੁਰੂ ਜੀ ਨਾਲ ਰੋਪੜ ਵੱਲ ਨੂੰ ਹੋ ਤੁਰੇ ਅਤੇ ਰੋਪੜ ਲਾਗੇ ਵੇਰੀਆਂ ਨਾਲ ਛੋਟੀ ਜਿਹੀ ਝੜਪ ਪਿੱਛੋਂ ਚਮਕੌਰ ਸਾਹਿਬ ਪਾਹੁੰਚ ਗਏ।

ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ-ਇਉਂ ਹੈ ਕਿ ਮਰਦ ਅਗੰਮੜੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਤ ਧਰਮ ਦਾ ਪ੍ਰਚਾਰ ਕਰਨ, ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਣ ਅਤੇ ਦਬਲੇ ਕੁਚਲੇ ਲੋਕਾਂ ਨੂੰ ਉੱਪਰ ਉਠਾਉਣ ਅਤੇ ਰਾਜਮੱਧ ਦੇ ਹੰਕਾਰ ਵਿੱਚ ਮੱਤੇ ਆਗੂਆਂ ਨੂੰ ਸੁਧਾਰਨ ਲਈ ਸੰਘਰਸ਼ ਕਰਦਿਆਂ ਭਾਵੇਂ ਕਈ ਜੰਗਾਂ ਲੜਨੀਆਂ ਪਈਆਂ ਪਰ ਚਮਕੌਰ ਗੜ੍ਹੀ ਦਾ ਯੁੱਧ ਸੰਸਾਰ ਦਾ ਅਨੋਖਾ ਯੁੱਧ ਹੋ ਨਿਬੜਿਆ, ਜਿੱਥੇ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਨਾਲ 40 ਕੁ ਸਿੰਘਾਂ ਨੂੰ ਜ਼ਾਲਮ ਦੀਆਂ ਲੱਖਾਂ ਦੀ ਤਦਾਦ ਵਿੱਚ ਸ਼ਾਹੀ ਫੌਜਾਂ ਦੇ ਅਣਕਿਆਸੇ ਘੇਰੇ ਨਾਲ ਜੂਝਦਿਆਂ, ਮਰਦ ਅਗੰਮੜੇ ਗੁਰੂ ਗੋਬਿੰਦ ਸਿੰਘ ਜੀ ਦੀ ਸੁਚੱਜੀ ਅਗਵਾਈ ਵਿੱਚ ਸੂਰਬੀਰਤਾ, ਸ਼ਹਿਨਸ਼ੀਲਤਾ ਅਤੇ ਸਹਜਮਈ ਜੀਵਨ ਦਾ ਸਿਖਰ ਕਰ ਵਿਖਾਇਆ। ਜ਼ਫਰਨਾਮੇ ਦੀ ਚਿੱਠੀ ਅਤੇ ਇਤਿਹਾਸ ਵਿੱਚ ਜ਼ਿਕਰ ਹੈ ਕਿ-

ਗੁਰਸ਼ਨਹ ਚਿ ਕਾਰੇ ਕੁਨੰਦ ਚਿਹਲ ਨਰ॥ ਕਿ ਦਹ ਲਕ ਬਰ-ਆਇਦ ਬਰੋ ਬੇ-ਖਬਰ॥

ਭਾਵ ਕਿ ਮਕਾਰ ਵੈਰੀ ਦੀਆਂ 10 ਲੱਖ ਟ੍ਰੇਂਡ ਫੌਜਾਂ ਜਦੋਂ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਵਾਲੇ ਬੰਦਿਆਂ ਤੇ ਟੁੱਟ ਪੈਣ ਤਾਂ ਉਹ ਕੀ ਕਰ ਸਕਦੇ ਹਨ? ਪਰ ਫਿਰ ਵੀ ਗੁਰੂ ਜੀ ਦੇ ਧਰਮ ਯੁੱਧ ਦੇ ਚਾਅ ਨੂੰ ਦੇਖ ਕੇ, ਪੰਜਾਬ ਦੇ ਲੋਕਾਂ ਵਿੱਚ ਬੇ-ਮੁਹਾਹ ਜ਼ੁਰਅਤ ਭਰ ਗਈ ਕਿ ਉਹ ਗੁਰੂ ਪੰਥ ਤੋਂ ਆਪਾ ਨਿਛਾਵਰ ਕਰਨ ਲਈ ਤਿਆਰ ਸਨ। 21 ਦਸੰਬਰ 1704 ਈ. ਦੀ ਸਾਮ ਨੂੰ ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਅਤੇ ਥੱਕੇ ਟੁੱਟੇ ਲਹੂ-ਲੁਹਾਨ ਹੋਏ ਕੁਝ ਕੁ ਸਿੰਘਾਂ ਸਮੇਤ ਚਮਕੌਰ ਦੀ ਧਰਤੀ ਤੇ ਪਹੁੰਚੇ ਤਾਂ ਇੱਕ ਜ਼ਿਮੀਦਾਰ ਚੌਧਰੀ ਬੁੱਧੀਚੰਦ ਖਬਰ ਮਿਲਣ ਤੇ ਭੱਜਾ ਆਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਸਿੰਘਾਂ ਸਮੇਤ ਦਾਸ ਦੀ ਹਵੇਲੀ ਵਿੱਚ ਚਰਨ ਪਾਉ। ਦੇਖੋ ਥਾਂ ਵੀ ਉੱਚੀ ਹੈ ਖੁੱਲ੍ਹੇ ਮੈਦਾਨ ਨਾਲੋਂ ਯੁੱਧ ਲਈ ਚੰਗਾ ਰਹੇਗਾ ਅਤੇ ਕਿਹਾ ਕਿ ਮਹਾਂਰਾਜ ਆਪ ਜੀ ਸਾਡੇ ਲਈ ਕਿਤਨੇ ਵੱਡੇ ਕਸ਼ਟ ਝੱਲ ਰਹੇ ਹੋ, ਅਸੀਂ ਜਿਤਨੇ ਜੋਗੇ ਹਾਂ ਆਪ ਜੀ ਦੀ ਖਿਦਮਤ ਵਿੱਚ ਹਾਜ਼ਰ ਹਾਂ। ਇਸ ਵਾਰਤਾ ਨੂੰ ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ ਕਿ-

ਜਦ ਖਬਰ ਸੁਨੀ ਜ਼ਿਮੀਦਾਰ ਨੇ ਮਧੇ ਬਸੇ ਚਮਕੌਰ। ਸੁਨਤ ਬਚਨ ਤਤਕਾਲ ਹੀ ਉਹ ਆਯੋ ਉਠਿ ਦੌਰ।
ਹਾਥ ਜੋਰ ਐਸੇ ਕਹਯੋ ਬਿਨਤੀ ਸੁਣੋ ਕਰਤਾਰ। ਬਸੋ ਮਧਿ ਚਮਕੌਰ ਕੇ ਗੁਰ ਅਪਨੀ ਕਿਰਪਾ ਧਾਰਿ।

ਇਉਂ ਗੁਰੂ ਜੀ ਨੇ ਗੜ੍ਹੀ-ਨੁਮਾ ਇਸ ਕੱਚੀ ਹਵੇਲੀ ਦੀ ਨਾਕਾ ਬੰਦੀ ਕੀਤੀ ਅਤੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ, ਬਾਹਰ ਨਿਕਲ ਕੇ ਜੂਝਣ ਦੀ ਯੋਜਨਾ ਬਣਾਈ। ਦਸੰਬਰ 22 ਦੀ ਸਵੇਰ ਹੋਣ ਸਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਢੰਡੋਰਾ ਪਿੱਟ ਦਿੱਤਾ ਕਿ ਜੇਕਰ ਗੁਰੂ ਜੀ ਆਤਮ ਸਮਰਪਨ ਕਰ ਦੇਣ ਤਾਂ ਉਨ੍ਹਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਪਰ ਜਾਣੀ-ਜਾਣ ਮਹਾਂਬਲੀ ਗੁਰੂ ਜੀ ਨੇ ਇਸ ਦਾ ਜਵਾਬ ਤੀਰਾਂ ਦੀ ਬੁਛਾੜ ਵਿੱਚ ਦਿੱਤਾ। ਚੌਹੋਂ ਤਰਫੋਂ ਹੀ ਦੁਸ਼ਮਣਾਂ ਨੇ ਹਮਲੇ ਅਰੰਭ ਦਿੱਤੇ ਪਰ ਉਨ੍ਹਾਂ ਦੀ ਗੜ੍ਹੀ ਦੇ ਨੇੜੇ ਢੁੱਕਣ ਦੀ ਜ਼ੁਰਅਤ ਹੀ ਨਹੀਂ ਸੀ ਪੈਂਦੀ। ਜਦ ਜਰਨੈਲ ਨਾਹਰ ਖਾਂ ਪੌੜੀ ਦੁਆਰਾ ਛੁਪ ਕੇ ਗੜੀ ਦੀ ਕੰਧ ਤੇ ਚੱੜ੍ਹੇ ਨੇ, ਅਜੇ ਦੁਵਾਰ ਤੋਂ ਥੋੜਾ ਕੁ ਸਿਰ ਉੱਪਰ ਚੁੱਕਿਆ ਹੀ ਸੀ, ਉਹ ਸਤਿਗੁਰਾਂ ਦੇ ਤੀਰ ਦਾ ਨਿਸ਼ਾਨਾਂ ਬਣ ਗਿਆ। ਗਨੀ ਖਾਂ ਨੂੰ ਗੁਰੂ ਜੀ ਨੇ ਗੁਰਜ ਦੇ ਇੱਕ ਵਾਰ ਨਾਲ ਹੀ ਭੰਨਿਆਂ ਅਤੇ ਖਵਾਜਾ-ਮਰਦੂਦ ਕੰਧ ਓਲ੍ਹੇ ਛੁਪ ਕੇ ਬਚਿਆ। ਇਸ ਬਾਰੇ ਗੁਰੂ ਜੀ ਨੇ ਲਿਖਿਆ ਕਿ ਅਫਸੋਸ! ਜੇਕਰ ਉਹ ਸਾਹਮਣੇ ਆ ਜਾਂਦਾ ਤਾਂ ਮੈਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ-

ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ॥ ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ॥34॥
ਦਰੇਗਾ! ਅਗਰ ਰੂਏ ਓ ਦੀਦਮੇ॥ ਬਯਕ ਤੀਰ ਲਾਚਾਰ ਬਖਸ਼ੀਦਮੇ॥35॥

ਜਿੱਥੇ ਗੁਰੂ ਜੀ ਉੱਚੀ ਅਟਾਰੀ ਵਿੱਚੋਂ ਜ਼ਾਲਮ ਤੁਰਕਾਂ ਦੇ ਚੋਣਵੇਂ ਜਰਨੈਲਾਂ ਨੂੰ ਫੁੰਡ ਰਹੇ ਸਨ ਓਥੇ 5-5 ਸਿੰਘ ਜਥਿਆਂ ਦੇ ਰੂਪ ਵਿੱਚ ਕੱਚੀ ਗੜ੍ਹੀ ਤੋਂ ਬਾਹਰ ਆ ਕੇ ਵੈਰੀ ਨੂੰ ਚਣੇ ਚਬਾਉਂਦੇ ਸ਼ਹੀਦ ਹੋ ਰਹੇ ਸਨ। ਐਸਾ ਵੇਖਦਿਆਂ ਜਦੋਂ ਬੀਰ ਬਹਾਦਰ ਗੁਰੂ ਜੀ ਦੇ ਬੀਰ ਸਪੁੱਤਰਾਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਗੁਰਸਿੱਖ ਵੀਰਾਂ ਵਾਂਗ ਜੰਗ ਵਿੱਚ ਜੂਝਣ ਦੀ ਆਗਿਆ ਮੰਗੀ ਤਾਂ ਗੁਰਦੇਵ ਪਿਤਾ ਜੀ ਨੇ ਪ੍ਰਸੰਨ ਹੋ ਕਿਹਾ ਪੁਤਰੋ! ਇਸ ਵੇਲੇ ਪੰਥਕ ਬੇੜੇ ਦੇ ਮਲਾਹ ਤੁਸੀਂ ਹੀ ਦਿਸ ਰਹੇ ਹੋ। ਜਾਓ! ਆਪਣੇ ਖੂਨ ਦੀ ਨਦੀ ਵਹਾ ਦਿਓ ਤਾਂ ਕਿ ਜ਼ੁਲਮ ਦੇ ਬਰੇਟੇ ਵਿੱਚ ਅਟਕਿਆ ਸਿੱਖੀ ਦਾ ਬੇੜਾ ਕਿਨਾਰੇ ਲੱਗ ਜਾਵੇ। ਇਸ ਵਾਕਿਆ ਬਾਰੇ ਵੀ ਮੁਸਲਮ ਕਵੀ ਅਲ੍ਹਾਯਾਰ ਖਾਂ ਨੇ ਲਿਖਿਆ ਹੈ-

ਬੇਟਾ ਹੋ ਤੁਮ੍ਹੀ ਪੰਥ ਕੇ ਖਿਵੱਯਾ। ਸਰ ਭੇਟ ਕਰੋ ਤਾਂ ਕਿ ਚਲੇ ਧਰਮ ਦੀ ਨਯਾ। ਖਾਹਸ਼ ਹੈ ਤੁਮ੍ਹੇ ਤੇਗ ਚਲਾਤੇ ਹੂਏ ਦੇਖੇਂ। ਹਮ ਆਂਖ ਸੇ ਬਰਛੀ ਤੁਮੇ ਖਾਤੇ ਹੂਏ ਦੇਖੇਂ।

ਕਿਹਾ ਜਾਂਦਾ ਹੈ ਸਿੰਘਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋਂ ਨਿਕਲ ਜਾਓ ਤਾਂ ਕਿ ਪੰਥ ਦੀ ਸਫਲ ਅਗਵਾਈ ਹੋ ਸਕੇ ਤਾਂ ਉੱਤਰ ਵਿੱਚ ਗੁਰੂ ਜੀ ਬੋਲੇ ਸਿੰਘੋ! ਮੈਂ ਤੁਹਾਡੇ ਤੋਂ ਲੱਖ ਵਾਰ ਬਲਿਹਾਰ ਹਾਂ, ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਆਪ ਸਾਰੇ ਹੀ ਮੇਰੇ ਲਈ ਸਾਹਿਬਜ਼ਾਦੇ ਹੋ। ਖਾਲਸਾ ਜੀ! ਮੇਰਾ ਸਭ ਕੁਝ ਤੁਹਾਡੀ ਬਦੌਲਤ ਹੀ ਹੈ। ਕਮਾਲ ਦੀ ਗੱਲ ਜੋ ਗੁਰੂ ਪਾਤਸ਼ਾਹ ਨੂੰ ਸੰਸਾਰ ਭਰ ਦੇ ਰਹਿਬਰਾਂ ਚੋਂ ਸਿਰਮੌਰ ਕਰਦੀ ਹੈ, ਉਹ ਇਹ ਹੈ ਕਿ ਆਪਣੇ ਬਿੰਦੀ ਸਪੁੱਤਰ ਅੱਖਾਂ ਸਾਹਮਣੇ ਪੁਰਜਾ-ਪੁਰਜਾ ਕੱਟ ਕੇ ਸ਼ਹੀਦ ਹੁੰਦੇ ਹਨ ਅਤੇ ਪਿਤਾ ਗੁਰੂ ਜੀ ਖੁਸ਼ੀ ਵਿੱਚ ਜੈਕਾਰੇ ਛੱਡਦੇ ਹੋਏ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ। ਇਸ ਸੀਨ ਨੂੰ ਕਵੀ ਨੇ ਬੜਾ ਸਮੁੰਦਰ ਲਿਖਿਆ ਹੈ-

ਕਰੀ ਅਰਦਾਸ ਸਤਿਗੁਰੂ ਨੇ ਅਮਾਨਤ ਪੁਜਾਈ ਤੇਰੀ। ਕਰਜ਼ਾ ਅਦਾ ਹੂਆ ਹੈ ਕੁਛ ਰਹਿਮਤ ਹੂਈ ਤੇਰੀ।
ਦੋ ਰਹੇ ਗਏ ਹੈ ਬਾਕੀ ਦੋ ਭੀ ਫਿਦਾ ਕਰੂੰਗਾ। ਰਹਿਮਤ ਤੇਰੀ ਕਾ ਮਾਲਿਕ ਤਬ ਸ਼ੁਕਰ ਅਦਾ ਕਰੂੰਗਾ।

ਆਖਰ ਜਦ ਲੱਖਾਂ ਵੈਰੀਆਂ ਅਤੇ ਉਨ੍ਹਾਂ ਦੇ ਸਿਰਕੱਢ ਜਰਨੈਲਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਪੰਜਾਂ ਪਿਆਰਿਆਂ ਚੋਂ ਗੁਰੂ ਦੇ ਤਿੰਨ ਪਿਆਰੇ, ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਿੰਘ ਸਮੇਤ 40 ਸਿੰਘ ਸ਼ਹੀਦ ਹੋ ਗਏ। ਬਾਕੀ ਬਚੇ ਸਿੰਘਾਂ ਨੇ ਗੁਰੂ ਖਾਲਸੇ ਦੇ ਰੂਪ ਵਿੱਚ ਗੁਰੂ ਜੀ ਨੂੰ ਪੰਥ ਦੇ ਭਲੇ ਲਈ ਔਖੇ ਵੇਲੇ ਗੜ੍ਹੀ ਛੱਡਣ ਦਾ ਹੁਕਮ ਕੀਤਾ ਤਾਂ "ਗੁਰੂ-ਖਾਲਸੇ ਦਾ ਹੁਕਮ" ਸਿਰ ਮੱਥੇ ਤੇ ਮੰਨ ਕੇ ਗੁਰੂ ਜੀ ਯੁੱਧ ਨੀਤੀ ਵਰਤਦੇ ਹੋਏ, ਵੈਰੀ ਨੂੰ ਭੁਲੇਖਾ ਪੌਣ ਲਈ, ਆਪਣੀ ਥਾਂ ਭਾਈ ਸੰਗਤ ਸਿੰਘ ਦੇ ਸਿਰ ਕਲਗੀ ਤੋੜਾ ਸਜਾ ਗਏ, ਜਿਸ ਦੀ ਸ਼ਕਲ ਵੀ ਗੁਰੂ ਜੀ ਨਾਲ ਮਿਲਦੀ ਸੀ। ਗੁਰੂ ਜੀ ਅਤੇ ਨਾਲ ਜਾਣ ਵਾਲੇ ਸਿੱਖ ਰਾਤ ਵੇਲੇ, ਜਦ ਵੈਰੀ ਨਸ਼ੇ ਅਤੇ ਥਕਾਵਟ ਦੀ ਨੀਂਦ ਵਿੱਚ ਸਨ, ਇੱਕੋ ਸਮੇਂ ਚਾਰ ਤਰਫੋਂ ਤਾੜੀਆਂ ਮਾਰਦੇ ਹਰਨ ਹੋ ਗਏ। ਵੈਰੀ ਦਲ ਵਿੱਚ ਹਲਚਲ ਮੱਚ ਗਈ ਅਤੇ ਉਹ ਉਭੜਵਾਹੇ ਆਪਣਿਆਂ ਨੂੰ ਹੀ ਵੱਢੀ ਗਏ। ਆਖਰ ਗੜ੍ਹੀ ਵਿੱਚ ਬਚੇ ਸਿੰਘ ਭਾ. ਸੰਗਤ ਸਿੰਘ ਨਾਲ ਮੈਦਾਨੇ ਜੰਗ ਵਿੱਚ ਕੁੱਦ ਕੇ, ਅਨੇਕਾਂ ਵੈਰੀਆਂ ਦੇ ਸਿਰ ਖਰਬੂਜੇ ਵਾਂਗ ਕੱਟਦੇ ਹੋਏ ਸ਼ਹੀਦ ਹੋ ਗਏ। ਜਦੋਂ ਭਾ. ਸੰਗਤ ਸਿੰਘ ਦਾ ਸੀਸ ਵੈਰੀਆਂ ਨੂੰ ਜੰਗੇ ਮੈਦਾਨ ਚੋਂ ਮਿਲਿਆ ਤਾਂ ਉਹ ਖੁਸ਼ੀਆਂ ਵਿੱਚ ਭੰਗੜੇ ਪੌਣ ਲੱਗੇ ਕਿ ਅੱਜ ਅਸੀਂ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੂੰ ਮਾਰ ਮੁਕਾਇਆ ਹੈ ਪਰ ਜਦ ਛਾਣਬੀਣ ਕੀਤੀ ਗਈ ਤਾਂ ਉਹ ਹੱਥ ਮਲਦੇ ਹੀ ਰਹਿ ਗਏ। ਏਨੇ ਨੂੰ ਗੁਰੂ ਸਾਹਿਬ ਮਾਛੀਵਾੜੇ ਜੰਗਲ ਵਿੱਚ ਪਹੁੰਚ ਕੇ, ਥੱਕੇ ਹੋਣ ਕਰਕੇ ਟਿੰਡ ਦਾ ਸਰਹਾਣਾ ਲਾ ਸੌਂ ਗਏ। ਓਧਰ ਤਾਰਿਆਂ ਦੀ ਸੇਧ ਉੱਤੇ ਭਾ. ਦਯਾ ਸਿੰਘ, ਭਾ. ਧਰਮ ਸਿੰਘ ਅਤੇ ਭਾ. ਮਾਨ ਸਿੰਘ ਵੀ ਜਗਲੋ-ਜੰਗਲੀ ਗੁਰੂ ਦੀ ਭਾਲ ਕਰਦੇ ਹੋਏ ਗੁਰੂ ਜੀ ਨੂੰ ਜਾ ਮਿਲੇ। ਇੱਥੇ ਹੀ ਸੇਵਾ ਦਾ ਮੌਕਾ ਜਾਣ ਗੁਰੂ ਜੀ ਦੇ ਸੇਵਕ ਭਾਈ ਪੰਜਾਬਾ ਤੇ ਗੁਲਾਬਾ ਜਾਨ ਤਲੀ ਤੇ ਰੱਖ ਕੇ ਗੁਰੂ ਜੀ ਨੂੰ ਆਪਣੇ ਘਰ ਲੈ ਗਏ।

ਓਧਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੁਰੂ ਘਰ ਦੇ ਲੰਬੇ ਸਮੇਂ ਦੇ ਰਸੋਈਏ ਗੰਗੂ ਦੇ ਘਰ ਪਹੁੰਚ ਗਏ ਸਨ। ਜਦ ਗੰਗੂ ਦੇ ਘਰ ਰਾਤ ਵੇਲੇ ਥਕਾਵਟ ਕਾਰਨ ਮਾਤਾ ਜੀ ਅਤੇ ਛੋਟੇ ਬੱਚੇ ਗੂੜੀ ਨੀਂਦ ਸੌਂ ਗਏ ਤਾਂ ਪਾਪੀ ਗੰਗੂ ਦਾ ਮਨ ਬੇਈਮਾਨ ਹੋ ਗਿਆ ਅਤੇ ਮਾਤਾ ਜੀ ਦੇ ਸਿਰਹਾਣਿਓਂ ਕੀਮਤੀ ਮੋਹਰਾਂ ਵਾਲੀ ਥੈਲੀ ਖਿਸਕਾ ਲਈ। ਜਦ ਸਵੇਰੇ ਮਾਤਾ ਗੁਜਰੀ ਜੀ ਨੇ ਪੁੱਛਿਆ ਵੇ ਗੰਗਿਆ ਥੈਲੀ ਕਿੱਥੇ ਹੈ ਤਾਂ ਇਸ ਨੇ ਉੱਲਟਾ ਮਾਤਾ ਜੀ ਨੂੰ ਹੀ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਮੈਨੂੰ ਚੋਰ ਸਮਝਦੇ ਹੋ। ਇਉਂ ਗੁੱਸੇ ਵਿੱਚ ਆਏ ਨੀਚ ਬ੍ਰਾਹਮਣ ਨੇ, ਲਾਲਚ ਵਿੱਚ ਆ ਕੇ ਕਿ ਜੇ ਮੈਂ ਹਕੂਮਤ ਨੂੰ ਗੁਰੂ ਦੇ ਬੱਚੇ ਫੜਾ ਦਿਆਂ ਤਾਂ ਵੱਡਾ ਇਨਾਮ ਪਾਵਾਂਗਾ, ਇਸ ਬਦਨੀਤ ਨਾਲ ਲਾਗਲੇ ਥਾਣੇ ਮੋਰਿੰਡੇ ਵਿਖੇ ਜਾ ਇਤਲਾਹ ਦਿੱਤੀ। ਗੰਗੂ ਬਾ੍ਰਹਮਣ ਨਮਕ ਹਰਾਮੀ ਨਿਕਲਿਆ, ਗੁਰੂ ਦੇ ਬੱਚਿਆਂ ਅਤੇ ਮਾਤਾ ਜੀ ਨੂੰ ਮੋਰਿੰਡੇ ਥਾਣੇ ਫੜਾ ਦਿੱਤਾ। ਮੋਰਿੰਡੇ ਦੇ ਕੋਤਵਾਲ ਨੇ ਆਪਣੇ ਸਿਪਾਹੀਆਂ ਸਮੇਤ ਗੰਗੂ ਦੀ ਸੂਹ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਸੂਬਾ ਵਜ਼ੀਰ ਖਾਂ ਫੁੱਲਿਆ ਨਹੀਂ ਸੀ ਸਮਾ ਰਿਹਾ ਕਿ ਹੁਣ "ਗੁਰੂ" ਦੇ ਬੱਚੇ ਮੇਰੇ ਕਬਜ਼ੇ ਵਿੱਚ ਆ ਜਾਣ ਕਰਕੇ ਮੈਂ ਔਰੰਗਜ਼ੇਬ ਨੂੰ ਮੂੰਹ ਦਿਖਾਉਣ ਯੋਗਾ ਹੋ ਗਿਆ ਹਾਂ। ਮਾਤਾ ਗੁਜ਼ਰੀ ਅਤੇ ਬੱਚਿਆਂ ਨੂੰ ਠੰਡੇ ਬੁਰਜ਼ ਵਿੱਚ ਕੈਦ ਕਰ ਦਿਤਾ ਗਿਆ। ਓਧਰ ਗੁਰੂ ਦੇ ਪ੍ਰੇਮੀ ਭਾਈ ਮੋਤੀ ਮਹਿਰੇ ਨੇ ਜਾਨ ਹੂਲ ਕੇ ਮਾਤਾ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ। ਮਾਤਾ ਗੁਜ਼ਰੀ ਜਿਨ੍ਹਾਂ ਉੱਤੇ ਅਨੇਕ ਮਸੀਬਤਾਂ ਗੁਜ਼ਰੀਆਂ ਸਨ ਐਸੇ ਭਿਆਨਕ ਸਮੇਂ ਵੀ ਘਬਰਾਏ ਨਹੀਂ ਸਗੋਂ ਅਕਾਲ ਦੇ ਭਾਣੇ ਵਿੱਚ ਰਹਿੰਦਿਆਂ, ਪੋਤਿਆਂ ਨੂੰ ਉਨ੍ਹਾਂ ਦੇ ਪੜਦਾਦਾ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਅਤੇ ਦਾਦਾ ਗੁਰੂ ਤੇਗ਼ਬਹਾਦਰ ਵੱਲੋਂ ਵਰਤਾਏ ਸਾਕੇ ਅਤੇ ਕੁਰਬਾਨੀ ਦੀਆਂ ਸਾਖੀਆਂ ਸੁਣਾਂਦੇ ਰਹੇ ਕਿ ਬੱਚਿਓ! ਡੋਲਣਾਂ ਨਹੀਂ ਤੁਹਾਡਾ ਵਿਰਸਾ ਬੜਾ ਮਹਾਂਨ ਹੈ। ਗੁਰੂ ਪੁੱਤਰਾਂ ਨੇ ਕਿਹਾ ਮਾਤਾ ਜੀ ਤੁਸੀਂ ਫਿਕਰ ਨਾਂ ਕਰੋ ਧਰਮ ਹੇਤ ਸਾਡੀ ਜਾਨ ਵੀ ਚਲੀ ਜਾਵੇ ਡੋਲਾਂਗੇ ਨਹੀਂ-

ਧੰਨ ਭਾਗ ਹਮਰੇ ਹੈ ਮਾਈ। ਧਰਮ ਹੇਤ ਤਨ ਜੇ ਕਰ ਜਾਈ।(ਗੁਰ ਸ਼ੋਭਾ ਕਵੀ ਸੈਨਾਪਤੀ)
ਮਾਤਾ ਜੀ ਪੋਤਿਆਂ ਦੇ ਅਜਿਹੇ ਬੋਲ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਅਸ਼ੀਰਵਾਦ ਦਿੱਤੀ।

ਅਗਲੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਨਵਾਬ ਵਜ਼ੀਰ ਖਾਂ ਕੋਲ ਪੇਸ਼ ਕਰਨ ਲਈ ਸੂਬੇ ਦੇ ਸਿਪਾਹੀ ਲੈ ਗਏ। ਬੱਚਿਆਂ ਕੀ ਦੇਖਿਆ ਕਚਹਿਰੀ ਦਾ ਵੱਡਾ ਦਰਵਾਜਾ ਬੰਦ ਕਰ ਦਿੱਤਾ ਗਿਆ ਹੈ ਤੇ ਨਿੱਕੀ ਜਿਹੀ ਬਾਰੀ ਖੁੱਲ੍ਹੀ ਹੈ, ਦੇ ਅੰਦਰ ਜਾਣ ਸਮੇਂ ਝੁਕਣਾ ਪੈਣਾ ਹੈ। ਹੋਣਹਾਰ ਬੱਚੇ ਜ਼ਾਲਮਾਂ ਦੀ ਚਾਲ ਸਮਝ ਗਏ ਅਤੇ ਬਿਨਾ ਸੀਸ ਝੁਕਾਏ ਪਹਿਲਾਂ ਪੈਰ ਅੰਦਰ ਕਰ, ਸੂਬੇ ਦੀ ਕਚਹਿਰੀ ਵਿੱਚ ਦਾਖਲ ਹੋਏ ਅਤੇ ਪਹੁੰਚਦਿਆਂ ਹੀ ਗੱਜ ਵੱਜ ਕੇ ਫਤਿਹ ਬੁਲਾਈ-ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਸਾਰੀ ਕਚਹਿਰੀ ਗੂੰਜ ਉੱਠੀ ਇਹ ਦੇਖ ਸੂਬੇ ਸਮੇਤ ਸਾਰੇ ਦਰਬਾਰੀ ਅਤੇ ਲੋਕ ਹੱਕੇ ਬੱਕੇ ਰਹਿ ਗਏ! ਸੂਬਾ ਵਜ਼ੀਰ ਖਾਂ ਬਹਾਦਰ ਬੱਚਿਆਂ ਨੂੰ ਪੁਚਕਾਰ ਕੇ ਕਹਿਣ ਲੱਗਾ ਅਜੇ ਤੁਸੀਂ ਜਵਾਨੀ ਦੇ ਸੁਖ ਭੋਗਣੇ ਹਨ ਇਸ ਲਈ ਇਸਲਾਮ ਕਬੂਲ ਲਓ, ਤੁਹਾਡੀ ਜਾਨ ਬਚ ਜਾਵੇਗੀ, ਤੁਹਾਡੇ ਵਿਆਹ ਚੰਗੇ ਘਰਾਂ ਵਿੱਚ ਕਰ, ਰਾਜ ਭਾਗ ਦਿੱਤੇ ਜਾਣਗੇ। ਸਾਹਿਬਜ਼ਾਦੇ ਬੋਲੇ ਲਾਲਚ ਤੇ ਮੌਤ ਦੇ ਡਰਾਵੇ ਨਾਲ ਧਰਮ ਨਹੀਂ ਬਦਲੀਦਾ, ਇਹ ਧੱਕੇਸ਼ਾਹੀ ਹੈ। ਅਸੀਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤਾ ਸਰਬਸਾਂਝਾ ਧਰਮ ਨਹੀਂ ਬਦਲਾਂਗੇ ਸਾਨੂੰ ਕੋਈ ਲਾਲਚ ਜਾਂ ਡਰਾਵਾ ਧਰਮ ਤੋਂ ਡੁਲਾ ਨਹੀਂ ਸਕਦਾ। ਅਸੀਂ ਉਸ ਗੁਰੂ ਦੇ ਬੱਚੇ ਹਾਂ ਜੋ ਦੂਜਿਆਂ ਦਾ ਵੀ ਧਰਮ ਬਚਾਉਂਦਾ ਹੈ। ਸੂਬੇ ਨੇ ਕਾਜ਼ੀ ਨੂੰ ਕਿਹਾ, ਸੁਣ ਲਿਆ ਜੇ ਇਨ੍ਹਾਂ ਦਾ ਗੁਸਤਾਖੀ ਭਰਿਆ ਜਵਾਬ! ਇਨ੍ਹਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਕਾਜ਼ੀ ਨੇ ਜਵਾਬ ਦਿੱਤਾ ਸ਼ਰ੍ਹਾ ਮਸੂਮਾਂ ਅਤੇ ਬੇਗੁਨਾਹਾਂ ਨੂੰ ਸਜਾ ਦੀ ਇਜ਼ਾਜਤ ਨਹੀਂ ਦਿੰਦੀ, ਇਸ ਲਈ ਬਾਪ ਦੇ ਜ਼ੁਰਮ ਦੀ ਸਜਾ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ। ਕਾਜ਼ੀ ਤੋਂ ਇਹ ਸੁਣ ਕੇ ਵਜ਼ੀਰ ਖਾਂ ਬੜਾ ਹੈਰਾਨ ਹੋਇਆ ਕਿ ਹੈਂ ਆਪਣੇ ਧਰਮ ਉੱਤੇ ਇਨ੍ਹਾਂ ਨੂੰ ਕਿਨ੍ਹਾ ਫਕਰ ਹੈ! ਕਹਿੰਦੇ ਹਨ ਕਿ ਨਵਾਬ ਬੱਚਿਆਂ ਨੂੰ ਛੱਡਣ ਲਈ ਸੋਚ ਹੀ ਰਿਹਾ ਸੀ ਕਿ ਏਨੇ ਨੂੰ ਸਰਕਾਰ ਦਾ ਝੋਲੀ ਚੁੱਕ ਦੀਵਾਨ ਸੁੱਚਾ (ਝੂਠਾ) ਨੰਦ ਬੋਲ ਉੱਠਿਆ ਬੱਚਿਓ! ਜੇ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਕਿੱਥੇ ਜਾਓਗੇ ਅਤੇ ਕੀ ਕਰੋਗੇ? ਸਾਹਿਬਜ਼ਾਦੇ ਬੋਲੇ ਜੰਗਲਾਂ ਵਿੱਚ ਜਾ ਕੇ ਸਿੱਖ ਸੂਰਮਿਆਂ ਨੂੰ ਇਕੱਠੇ ਕਰਾਂਗੇ ਅਤੇ ਜ਼ਾਲਮ ਸਰਕਾਰ ਨਾਲ ਜੰਗ ਕਰਾਂਗੇ। ਝੂਠਾ ਨੰਦ ਕਹਿਣ ਲੱਗਾ ਤੁਹਾਡਾ ਬਾਪ ਮਾਰਿਆ ਗਿਆ ਹੈ ਜਿਦ ਛੱਡੋ ਅਤੇ ਨਵਾਬ ਦਾ ਕਹਿਣਾ ਮੰਨ ਲਓ ਤਾਂ ਦੋਵੇ ਸਾਹਿਬਜ਼ਾਦੇ ਗਰਜ ਕੇ ਬੋਲੇ ਝੂਠ ਨਾਂ ਬੋਲੋ! ਸਾਨੂੰ ਤੁਹਾਡੀ ਨਸੀਹਤ ਦੀ ਲੋੜ ਨਹੀਂ, ਜਦ ਤੱਕ ਜ਼ਾਲਮ ਰਾਜ ਖਤਮ ਨਹੀਂ ਹੋ ਜਾਂਦਾ ਅਸੀਂ ਜ਼ੁਲਮ ਖਿਲਾਫ ਲੜਾਈ ਜਾਰੀ ਰੱਖਾਂਗੇ। ਇਹ ਦਲੇਰੀ ਭਰੇ ਬਚਨ ਸੁਣ ਕੇ ਬੁੜ ਬੁੜ ਕਰਦਾ ਦੀਵਾਨ ਝੂਠਾ ਨੰਦ ਸੂਬੇ ਕੋਲ ਆ ਬੋਲਿਆ ਕਿ ਨਵਾਬ ਸਾਹਿਬ ਸੱਪ ਨੂੰ ਮਾਰਨਾ ਅਤੇ ਉਸ ਦੇ ਬੱਚਿਆਂ ਨੂੰ ਪਾਲਣਾ ਕਿਧਰ ਦਾ ਚੰਗਾ ਹੈ?
ਨੀਕੇ ਬਾਲਕ ਮਤ ਤੁਮ ਜਾਣੋ। ਨਾਗੋਂ ਕੇ ਇਹ ਪੂਤ ਪਛਾਣੋ। ਤੁਮਰੇ ਹਾਥ ਆਜ ਯਹ ਆਏ। ਕਰੋ ਖਤਮ ਆਪੇ ਮਨ ਭਾਏ।

ਸੂਬੇ ਨੇ ਬੜੇ ਧਿਆਨ ਨਾਲ ਸੁਣਿਆਂ। ਜਦ ਸੂਬੇ, ਕਾਜ਼ੀ ਅਤੇ ਬੇਈਮਾਨ ਦੀਵਾਨ ਦੀ ਗੱਲ ਚੱਲ ਰਹੀ ਸੀ ਤਾਂ ਦੋਵੇਂ ਬਹਾਦਰ ਬੱਚੇ ਬੜੀ ਬੇਪ੍ਰਵਾਹੀ ਨਾਲ ਨਿਡਰ ਹੋ, ਆਪਸ ਵਿੱਚ ਗੱਲਾਂ ਬਾਤਾਂ ਕਰਦੇ, ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਤੇ ਹੱਸ ਰਹੇ ਸਨ। ਦਰਬਾਰੀ ਅਤੇ ਹੋਰ ਲੋਕ ਹੈਰਾਨ ਹੋ ਰਹੇ ਸਨ ਕਿ ਬੱਚੇ ਬੜੇ ਅਣਖੀ ਹਨ ਇਨ੍ਹਾਂ ਨੂੰ ਮੌਤ ਦਾ ਭੋਰਾ ਵੀ ਡਰ ਨਹੀਂ। ਨਵਾਬ ਨੇ ਵੀ "ਝੂਠਾ ਨੰਦ" ਦੀ ਗੱਲ ਤੇ ਅਸਰ ਕਰਕੇ ਕਾਜ਼ੀ ਨੂੰ ਕਿਹਾ ਇਨ੍ਹਾਂ ਨੂੰ ਛੱਡਣਾ ਠੀਕ ਨਹੀਂ, ਇਹ ਆਪਣੇ ਬਾਪ ਵਾਂਗ ਬਗਾਵਤ ਦਾ ਝੰਡਾ ਖੜ੍ਹਾ ਕਰਨਗੇ। ਆਖਰ ਕਾਜ਼ੀ ਵੀ ਧਰਮ ਤੋਂ ਡੋਲਿਆ ਅਤੇ ਬਾਗੀ ਬੱਚਿਆਂ ਨੂੰ ਜਿੰਦੇ ਨੀਹਾਂ ਵਿੱਚ ਚਿਣਨ ਦਾ ਫਤਵਾ ਦੇ, ਨਵਾਬ ਵਜ਼ੀਰ ਖਾਂ ਨੂੰ ਇਹ ਸਲਾਹ ਦਿੱਤੀ ਕਿ ਇਨ੍ਹਾਂ ਨੂੰ ਨਵਾਬ ਮਲੇਰਕੋਟਲੇ ਦੇ ਹਵਾਲੇ ਕਰ ਦਿਓ ਕਿਉਂਕਿ ਇਨ੍ਹਾਂ ਦੇ ਗੁਰੂ ਪਿਤਾ ਨੇ ਨਵਾਬ ਮਲੇਰਕੋਟਲਾ ਦੇ ਭਰਾ ਨੂੰ ਲੜਾਈ ਵਿੱਚ ਮਾਰ ਦਿੱਤਾ ਸੀ। ਮਲੇਰਕੋਟਲੇ ਨਵਾਬ ਨੂੰ ਹੋਰ ਭੜਕਾਇਆ ਕਿ ਤੁਹਾਡੇ ਭਰਾ ਨੂੰ ਗੁਰੂ ਨੇ ਮਾਰ ਦਿੱਤਾ ਸੀ ਹੁਣ ਮੌਕਾ ਹੈ ਤੁਸੀਂ ਬਦਲਾ ਲੈ ਲਓ। ਇਹ ਸੁਣ ਕੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਹੌਕਾ ਭਰ ਕੇ ਕਹਿਣ ਲੱਗਾ ਕਿ ਇਹ ਭਾਰੀ ਜ਼ਲਮ ਹੈ। ਮੇਰਾ ਭਰਾ ਤਾਂ ਲੜਾਈ ਵਿੱਚ ਲੜਦਾ ਮਾਰਿਆ ਗਿਆ ਸੀ ਪਰ ਇਨ੍ਹਾਂ ਮਸੂਮਾਂ ਦਾ ਕੀ ਕਸੂਰ ਹੈ? ਇਉਂ "ਆਹ ਦਾ ਨਾਹਰਾ" ਮਾਰਦਾ ਹੋਇਆ ਨਵਾਬ ਮਲੇਰਕੋਟਲਾ ਸੂਬੇ ਦੀ ਕਚਹਿਰੀ ਚੋਂ ਬਾਹਰ ਨਿਕਲ ਗਿਆ। ਇਧਰ ਨਵਾਬ ਵਜ਼ੀਰ ਖਾਂ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਦੋਹਾਂ ਗੁਸਤਾਖ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਘੱਲ ਕੇ, ਫੌਰਨ ਜ਼ਲਾਦਾਂ ਦਾ ਬੰਦੋਬਸਤ ਕੀਤਾ ਜਾਵੇ। ਸਾਹਿਬਜ਼ਾਦੇ ਦਾਦੀ ਮਾਤਾ ਕੋਲ ਪਹੁੰਚੇ ਅਤੇ ਸਾਰੀ ਗਲਬਾਤ ਸੁਣਾਈ ਤਾਂ ਮਾਤਾ ਜੀ ਨੇ ਬੱਚਿਆਂ ਨੂੰ ਘੁੱਟ ਗਲੇ ਲਗਾ ਕੇ ਕਿਹਾ ਬੱਚਿਓ ਤੁਸੀਂ ਮਹਾਨ ਹੋ! ਧਰਮ ਨਹੀ ਹਾਰਿਆ ਗੁਰੂ ਘਰ ਦੀ ਇਜ਼ਤ ਰੱਖ ਵਿਖਾਈ ਹੈ।

ਦੂਜੇ ਦਿਨ ਬੱਚਿਆਂ ਨੂੰ ਮੁੜ ਸੂਬੇ ਦੀ ਕਚਹਿਰੀ ਪੇਸ਼ ਕੀਤਾ ਗਿਆ। ਸੂਬੇ ਨੇ ਪੁੱਛਿਆ ਕਿ ਤੁਹਾਡਾ ਕੀ ਇਰਾਦਾ ਹੈ? ਦੀਨ ਕਬੂਲ ਹੈ ਜਾਂ ਮੌਤ। ਦੋਵੇਂ ਸ਼ੇਰ ਬੱਚੇ ਨਿਧੜਕ ਬੋਲੇ ਮਰਦਾਵੀਂ ਮੌਤ! ਓਧਰ ਜਦ ਕੋਈ ਜਲਾਦ ਇਹ ਪਾਪ ਕਰਨ ਲਈ ਤਿਆਰ ਨਾਂ ਹੋਇਆ ਤਾਂ ਦਿੱਲੀ ਤੋਂ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਪੇਸ਼ੀ ਭੁਗਤਾਉਣ ਲਈ ਲਿਆਂਦੇ ਜ਼ਲਾਦ ਸ਼ਾਸ਼ਲ ਅਤੇ ਬਾਸ਼ਲ ਬੇਗ ਇਸ ਸ਼ਰਤ ਉੱਪਰ ਇਹ ਕਾਰਾ ਕਰਨ ਨੂੰ ਤਿਆਰ ਹੋ ਗਏ ਕਿ ਉਨ੍ਹਾਂ ਨੂੰ ਮੁਕੱਦਮੇ ਚੋਂ ਬਰੀ ਕੀਤਾ ਜਾਵੇ, ਐਸਾ ਹੀ ਕੀਤਾ ਗਿਆ। ਜਦ ਜਲਾਦ ਆ ਗਏ ਤੇ ਕੰਬਦੇ ਹੱਥਾਂ ਨਾਲ ਦੀਵਾਰ ਦੀਆਂ ਇੱਟਾਂ ਇਧਰ-ਓਧਰ ਰੱਖਣ ਲੱਗੇ ਤਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਵਰਤਾਉਣ ਵਾਲੇ ਭੁਝੰਗੀ ਬੋਲੇ ਓ ਜ਼ਲਾਦੋ! ਜਲਦੀ ਕਰੋ ਮੁਗਲ ਰਾਜ ਦਾ ਖਾਤਮਾਂ ਕਰਦੇ ਹੋਏ ਪਾਪਾਂ ਦੀ ਦੀਵਾਰ ਹੋਰ ਉੱਚੀ ਕਰੋ। ਇਹ ਕਹਿ ਦੋਨੋਂ ਰੱਬੀ ਰਜ਼ਾ ਵਿੱਚ ਮਗਨ ਹੋ ਗਏ। ਅੱਲ੍ਹਾ ਯਾਰ ਖਾਂ ਲਿਖਦਾ ਹੈ ਕਿ ਨੀਹਾਂ ਵਿੱਚ ਚਿਣੇ ਜਾ ਰਹੇ ਗੁਰੂ ਦੇ ਬੀਰ ਸਪੁੱਤਰ ਬੜੀ ਖੁਸ਼ੀ ਵਿੱਚ ਕਹੇ ਰਹੇ ਸਨ-

ਹਮ ਜਾਨ ਦੇਕੇ ਔਰੋਂ ਕੀ ਜਾਨ ਬਚਾ ਚਲੇ। ਸਿੱਖੀ ਕੀ ਨੀਂਵ ਕੋ ਸਰੋਂ ਪਰ ਉਠਾ ਚਲੇ।
ਗੱਦੀ ਸੇ ਤਾਜ਼ੋ-ਤਖਤ ਬਸ ਕੌਮ ਪਾਏਗੀ। ਦੁਨੀਆਂ ਮੇਂ ਜ਼ਾਲਮੋੰ ਕਾ ਨਿਸ਼ਾਂ ਤੱਕ ਮਿਟਾਏਗੀ।

ਆਖਰ 27 ਦਸੰਬਰ 1704 ਈ. ਨੂੰ ਬੜੀ ਬੇਦਰਦੀ ਨਾਲ ਮਸੂਮ ਬੱਚੇ ਕਤਲ ਕੀਤੇ ਗਏ ਅਤੇ ਮਾਤਾ ਜੀ ਨੂੰ ਵੀ ਠੰਡੇ ਬੁਰਜ ਵਿੱਚ ਸ਼ਹੀਦ ਕੀਤਾ ਗਿਆ। ਇਹ ਵਹਿਸ਼ੀਆਨਾਂ ਜੁਲਮ ਦੇਖ ਕੇ ਲੋਗ ਕਹਿ ਰਹੇ ਸਨ ਕਿ ਹੁਣ ਜ਼ਾਲਮ ਮੁਗਲ ਰਾਜ ਦੀਆਂ ਜੜਾਂ ਪੁੱਟੀਆਂ ਜਾਣਗੀਆਂ। ਦਿਨ 28 ਦਸੰਬਰ ਨੂੰ ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਖੱਤਰੀ ਨੇ ਮਹਿੰਗੀ ਜ਼ਮੀਨ ਖਰੀਦ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਕੀਤੇ ਜਿੱਥੇ ਗੁਰਦੁਆਰਾ ਜੋਤੀ ਸਰੂਪ ਸਥਿਤ ਹੈ। ਹਿੰਦੀ ਦੇ ਮਹਾਂਨ ਕਵੀ ਮੈਥਲੀ ਸ਼ਰਨ ਗੁਪਤਾ ਨੇ ਆਪਣੇ ਮਹਾਂਕਾਵਿ "ਭਾਰਤ-ਭਾਰਤੀ" ਵਿੱਚ ਇਸ ਘਟਨਾਂ ਨੂੰ ਇਉਂ ਬਿਆਨ ਕੀਤਾ ਹੈ-

ਜਿਸ ਕੁਲ ਕੌਮ ਜਾਤ ਕੇ ਬੱਚੇ ਦੇ ਸਕਤੇ ਹੈਂ ਯੂੰ ਬਲੀਦਾਨ। ਵਰਤਮਾਨ ਕੁਛ ਭੀ ਹੋ ਭਵਿਸ਼ ਹੈ ਉਸ ਕਾ ਬੜਾ ਮਹਾਨ।

ਪਾਠਕ ਜਨੋ! ਏਨੀ ਛੋਟੀ ਉੱਮਰ ਦੇ ਸ਼ਹੀਦਾਂ ਦੀ ਮਿਸਾਲ ਦੁਨੀਆਂ ਵਿੱਚ ਨਹੀਂ ਮਿਲਦੀ। ਛੋਟੇ ਬੱਚਿਆਂ ਨੇ ਵੱਡੇ ਬਜ਼ੁਰਗਾਂ ਵਾਲੇ ਕਾਰਨਾਮੇ ਕਰ ਦਿਖਾਏ। ਇਸ ਲਈ ਅਸੀਂ ਉਨ੍ਹਾਂ ਨੂੰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਕਹਿ ਕੇ ਯਾਦ ਕਰਦੇ ਹਾਂ। ਗੁਰੂ ਜੀ ਦੇ ਧਰਮ ਯੁੱਧ ਦੇ ਚਾਅ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਏਨੀ ਜ਼ੁਰਅਤ ਭਰ ਗਈ ਕਿ ਉਹ ਗੁਰੂ ਪੰਥ ਤੋਂ ਆਪਾ ਨਿਛਾਵਰ ਕਰਨ ਲਈ ਤਿਆਰ ਹੋ ਗਏ।

ਇਹ ਸੀ ਲਾਮਿਸਾਲ ਸਾਕੇ ਬੀਰ ਬਹਾਦਰ ਜਿੰਦਾਂ ਦੇ, ਜਿਨ੍ਹਾਂ ਬਾਰੇ ਇਸ ਲੇਖ ਵਿੱਚ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਪਾਠਕ ਜਨੋ! ਦੇਖੋ ਭਰ ਜਵਾਨੀ ਅਤੇ ਬਚਪਨ ਵਿੱਚ ਗੁਰੂ ਕੇ ਲਾਲ ਧਰਮ, ਅਣਖ ਅਤੇ ਇਜ਼ਤ ਆਬਰੂ ਖਾਤਰ ਗੁਰੂ ਪੰਥ ਦਾ ਕੌਮੀ ਮਹਿਲ ਉਸਾਰਨ ਲਈ ਹੱਸ-ਹੱਸ ਕੁਰਬਾਨ ਹੋ ਗਏ, ਜ਼ਾਲਮ ਮੁਗਲੀਆ ਸਰਕਾਰ ਦੀ ਈਂਨ ਨਹੀਂ ਮੰਨੀ ਪਰ ਅੱਜ ਦੇ ਨਕਲੀ ਬਾਬੇ ਉਨ੍ਹਾਂ ਬੀਰ ਬਹਾਦਰ ਬਾਬਿਆਂ ਦੀਆਂ ਅਸਲੀ ਯਾਦਗਾਰਾਂ ਉੱਤੇ ਬਦਨੀਤੀ ਦਾ ਕੁਹਾੜਾ ਚਲਾ ਕੇ ਅਸਲੀ ਨਾਮੋਂ-ਨਿਸ਼ਾਨ ਹੀ ਮਿਟਾਈ ਜਾ ਰਹੇ ਹਨ। ਸਿੱਖ ਪੰਥ ਨੂੰ ਫੌਰੀ ਇਧਰ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਸਰਕਾਰਾਂ ਦੇ ਵੋਟ ਬੈਂਕ ਲਈ ਪ੍ਰਮੋਟ ਕੀਤੇ ਹੋਏ ਨਕਲੀ ਬਾਬੇ ਸ਼ਹੀਦਾਂ ਦੀਆਂ ਅਸਲੀ ਯਾਦਾਂ ਦਾ ਪੁਰਜਾ-ਪੁਰਜਾ ਕੱਟ ਦੇਣਗੇ ਅਤੇ ਸਿੱਖ ਸਿਧਾਂਤਾਂ ਨੂੰ ਬਦਨੀਤੀ ਦੀਆਂ ਨੀਹਾਂ ਵਿੱਚ ਚਿਣਦੇ ਹੋਏ ਉਨ੍ਹਾਂ ਉੱਪਰ ਬ੍ਰਾਹਮਣਵਾਦ, ਮਿਥਿਹਾਸ ਅਤੇ ਪਾਖੰਡਵਾਦ ਦਾ ਗਿਲਾਫ ਚੜ੍ਹਾ ਦੇਣਗੇ। ਜਰਾ ਸੋਚੋ! ਜੇ ਛੋਟੀ ਉੱਮਰ ਵਿੱਚ ਸਾਹਿਬਜ਼ਾਦੇ ਸੁਚੇਤ ਸਨ ਤਾਂ ਸਾਨੂੰ ਵੀ ਉਨ੍ਹਾਂ ਦੇ ਜੀਵਨ ਤੋਂ ਸਿਖਿਆ ਲੈ ਕੇ ਅਜੋਕੇ ਬ੍ਰਾਹਮਣ ਅਤੇ ਸੰਤ-ਬਾਬਾਵਾਦ ਤੋਂ ਸੁਚੇਤ ਹੋਣਾ ਚਾਹੀਦਾ ਹੈ। ਇਹ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਉਨ੍ਹਾਂ ਬੀਰ ਬਹਾਦਰ ਗੁਰੂ ਕੇ ਲਾਲਾਂ ਨੂੰ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਬੀਰ ਗਾਥਾਵਾਂ ਪੜ੍ਹਾ-ਸੁਣਾ ਕੇ ਯੂਨੀਵਰਸਲ ਸਿੱਖ ਧਰਮ ਦੇ ਵਿਰਸੇ ਨਾਲ ਜੋੜੀਏ ਤਾਂ ਕਿ ਸਾਡੇ ਬੱਚੇ ਵੀ ਸਿੱਖੀ ਸਿਧਾਂਤਾਂ ਦੇ ਧਾਰਨੀ, ਮਾਡਲ ਅਤੇ ਪ੍ਰਚਾਰਕ ਬਣ ਕੇ, ਸਿੱਖ ਕੌਮ ਦਾ ਸਿਰ ਉੱਚਾ ਕਰ ਸਕਣ। ਐਸੀਆਂ ਬੀਰ ਬਹਾਦਰ ਜਿੰਦਾਂ ਨੂੰ ਕੋਟਿ ਕੋਟਿ ਪ੍ਰਨਾਮ!

5104325827
singhstudent@gmail.com

28/11/2012

           

ਹੋਰ ਲੇਖ

hore-arrow1gif.gif (1195 bytes)

  "ਲਾਮਿਸਾਲ ਸਾਕੇ ਵਰਤਾਏ ਬੀਰ-ਬਹਾਦਰ ਜਿੰਦਾਂ ਨੇ"
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਗੁਰੂ ਨਾਨਕ ਦੇ ਚਿੱਤਰ: ਜਨਮ ਸਾਖੀਆਂ ਤੋਂ ਲੈਕੇ ਅਜ ਤਕ
ਹਰਬੀਰ ਸਿੰਘ ਭੰਵਰ, ਲੁਧਿਆਣਾ
ਬਾਬੇ ਨਾਨਕ ਦੇ ਗੁਰਪੁਰਬ ਤੇ ਵਿਸ਼ੇਸ਼
ਸਿੱਖ ਗ੍ਰਿਹਸਤੀ ਬਾਬੇ ਦੇ ਪੈਰੋਕਾਰ ਹਨ ਜਾਂ ਵਿਹਲੜ ਸਾਧਾਂ ਦੇ ਚੇਲੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਯੂਬਾ ਸਿਟੀ ਦੇ ਸਾਲਾਨਾ ਗੁਰ-ਗੱਦੀ ਦਿਵਸ ਤੇ ਵਿਸ਼ੇਸ਼ ਲੇਖ
ਗੁਰਦੁਆਰਿਆਂ ਵਿੱਚ ਕਿਸ ਦੀ ਪ੍ਰਮੁੱਖਤਾ ਹੋਣੀ ਚਾਹੀਦੀ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ 
ਸੰਕਟ ਅਤੇ ਸ਼ਲਾਘਾ
ਅਵਤਾਰ ਸਿੰਘ ਮਿਸ਼ਨਰੀ
ਕੀ ਭਾਰਤ ਸਰਕਾਰ ਨੇ ਜਾਦੂ ਟੂਣਿਆਂ, ਭੂਤਾਂ ਪ੍ਰੇਤਾਂ ਅਤੇ ਵਹਿਮਾਂ ਭਰਮਾਂ ਰਾਹੀਂ ਮਸੂਮਾਂ ਨੂੰ ਮਾਰਨ ਦੇ ਪ੍ਰਮਿਟ ਦਿਤੇ ਹੋਏ ਹਨ?
ਅਵਤਾਰ ਸਿੰਘ ਮਿਸ਼ਨਰੀ
ਕੀ ਸਿੱਖ ਅਕਾਲ ਦੇ ਪੁਜਾਰੀ ਹਨ ਜਾਂ ਤੰਬਾਕੂ, ਧਤੂਰਾ, ਗਾਂਜਾ, ਪੋਸਤ, ਅਫੀਮ ਅਤੇ ਸੱਪਾਂ ਦੇ ਡੰਗ ਮਰਵਾ ਕੇ ਨਸ਼ਾ ਪੂਰਾ ਕਰਨ ਵਾਲੇ ਸ਼ਿਵ ਦੀ ਪਤਨੀ ਸ਼ਿਵਾ ਦੇ?
ਅਵਤਾਰ ਸਿੰਘ ਮਿਸ਼ਨਰੀ
ਕੁਦਰਤ, ਵਿਗਿਆਨ ਅਤੇ ਗੁਰਮਤਿ
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਬਾਣੀ ਗੁਰੂ, ਗੁਰੂ ਹੈ ਬਾਣੀ
ਪਰਸ਼ੋਤਮ ਲਾਲ ਸਰੋਏ
ਖੁਦਾ ਮੌਜ਼ੂਦ ਹੈ ਜਾਂ ਨਹੀਂ ਹੈ ?
ਪਰਸ਼ੋਤਮ ਲਾਲ ਸਰੋਏ
ਗੁਰੂ ਨਾਕਕ ਸਾਹਿਬ ਦੇ ਪੰਜਵੇਂ ਜਾਂਨਸ਼ੀਨ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਤੇ ਜੂਨ 84
ਅਵਤਾਰ ਸਿੰਘ ਮਿਸ਼ਨਰੀ
ਦੇਖ ਕਬੀਰਾ ਰੋਇਆ
ਪਰਸ਼ੋਤਮ ਲਾਲ ਸਰੋਏ
ਤੱਤੀਆਂ ਲੋਹਾਂ ਤੇ ਬੈਠਾ ਰੂਪ ਕਰਤਾਰ ਦਾ
ਪਰਸ਼ੋਤਮ ਲਾਲ ਸਰੋਏ
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਵਿਸ਼ੇਸ਼
ਸ਼ਹਾਦਤ ਤੋਂ ‘ਸ਼ਹੀਦਾਂ ਦੀ ਜੱਥੇਬੰਦੀ’ ਦਾ ਸਫ਼ਰ
ਗੁਰਚਰਨਜੀਤ ਸਿੰਘ ਲਾਂਬਾ
ਕੀ ਲੰਗਰ ਵੀ ਦੋ ਪ੍ਰਕਾਰ ਦੇ ਹਨ?
ਅਵਤਾਰ ਸਿੰਘ ਮਿਸ਼ਨਰੀ
ਕੀ ਸਿੱਖ ਕਦੇ ਇੱਕ ਗੁਰੂ ਗ੍ਰੰਥ ਸਾਹਿਬ, ਇੱਕ ਪੰਥ ਅਤੇ ਇੱਕ ਮਰਯਾਦਾ ਦੀ ਸਰਬੁਚਤਾ ਦੀ ਗੱਲ ਵੀ ਕਰਨਗੇ?
ਅਵਤਾਰ ਸਿੰਘ ਮਿਸ਼ਨਰੀ
ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨ ਦਿਵਸ ਦੀ ਮਹਾਂਨਤਾ
ਅਵਤਾਰ ਸਿੰਘ ਮਿਸ਼ਨਰੀ
ਸਿੱਖੀ ਦੀ ਮਹਾਨ ਪ੍ਰਚਾਰਕ ਬੀਬੀ ਹਰਸਿਮਰਤ ਕੌਰ ਖਾਲਸਾ
ਪ੍ਰਮਿੰਦਰ ਸਿੰਘ ਪ੍ਰਵਾਨਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਫਲਸਫਾ
ਬਲਵਿੰਦਰ ਸਿੰਘ ਜੌੜਾਸਿੰਘਾ,
ਮੀਤ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
ਰੱਬ ਦੀ ਹੋਂਦ ਜਾਂ ਅਣਹੋਂਦ ਵਿੱਚ ਵਿਚਾਰਕ ਵਖਰੇਂਵਾਂ ਕਿਉਂ ?
ਪਰਸ਼ੋਤਮ ਲਾਲ ਸਰੋਏ
ਬਾਬਾ ਆਇਆ ਦੇਖ ਲੋਕਾਈ, ਸੱਚੇ ਸੌਦੇ ਦੀ ਰੀਤ ਚਲਾਈ
ਪਰਸ਼ੋਤਮ ਲਾਲ ਸਰੋਏ
ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਅਸਥਾਨ ਸੰਬੰਧੀ ਖੋਜ ਪੱਤਰ
ਦਲੇਰ ਸਿੰਘ ਜੋਸ਼
ਭਗਤ ਕਬੀਰ ਇੱਕ ਮਹਾਨ ਫਿਲਾਸਫਰ
ਪਰਸ਼ੋਤਮ ਲਾਲ ਸਰੋਏ
ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਬਾਲ ਲੀਲਾ ਦੀ ਯਾਦ ਦੁਆਉਂਦਾ ਹੋਇਆ ਤਿਉਹਾਰ - ਜਨਮ ਅਸ਼ਟਮੀਂ
ਪਰਸ਼ੋਤਮ ਲਾਲ ਸਰੋਏ
ਮਾਸ ਖਾਣ ਦਾ ਵਿਗਿਆਨਕ,ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ
ਤੂੰ ਦਰਆਉ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ॥
ਪਰਸ਼ੋਤਮ ਲਾਲ ਸਰੋਏ
ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?
ਅਵਤਾਰ ਸਿੰਘ ਮਿਸ਼ਨਰੀ
ਬੇਗ਼ਮਪੁਰਾ ਸ਼ਹਿਰ ਦੇ ਨਿਰਮਾਤਾ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ
ਪਰਸ਼ੋਤਮ ਲਾਲ ਸਰੋਏ, ਜਲੰਧਰ
ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ ਸਨ?
ਅਵਤਾਰ ਸਿੰਘ ਮਿਸ਼ਨਰੀ
ਆਖਾ ਜੀਵਾ ਵਿਸਰੈ ਮਰਿ ਜਾਉ
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
ਕਾਹੇ ਰੇ ਬਨ ਖੋਜਨ ਜਾਈ ਗਿਆਨੀ
ਅਮਰੀਕ ਸਿੰਘ ‘ਮਲਿਕਪੁਰੀ’

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20012, 5abi.com