WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ ਸਨ?
ਅਵਤਾਰ ਸਿੰਘ ਮਿਸ਼ਨਰੀ

ਭਾਈ ਕਾਹਨ ਸਿੰਘ ਨ੍ਹਾਭਾ ਰਚਿਤ ਮਹਾਨ ਕੋਸ਼ ਅਨੁਸਾਰ 'ਜਾਨਸ਼ੀਨ' ਫਾਰਸੀ ਦਾ ਲਫ਼ਜ ਹੈ ਅਤੇ ਇਸ ਦੇ ਅਰਥ ਹਨ ਉੱਤਰਾਧਿਕਾਰੀ, ਕਿਸੇ ਦੀ ਥਾਂ ਬੈਠਣ ਵਾਲਾ ਅਤੇ ਕਾਇਮ-ਮੁਕਾਇਮ ਥਾਪਿਆ ਜਾਣ ਵਾਲਾ। ਅਰਬੀ ਵਿੱਚ 'ਵਾਲੀ' ਦੇ ਅਰਥ ਹਨ ਮਾਲਕ, ਸੁਵਾਮੀ ਅਤੇ ਹਾਕਮ।

ਆਓ ਹੁਣ ਆਪਾਂ ਵਿਚਾਰ ਕਰੀਏ ਕਿ ਸਿੱਖ ਪੰਥ ਦੇ ਮਹਾਨ ਰਹਿਬਰ ਅਤੇ ਬਾਨੀ ਗੁਰੂ ਨਾਨਕ ਪਾਤਸ਼ਾਹ ਜੀ ਸਨ ਜਿਨ੍ਹਾਂ ਨੇ ਗਿਆਨਮਈ ਵਿਦਵਤਾ, ਨਿਡਰਤਾ, ਹਲੇਮੀ, ਪਿਆਰ, ਸੇਵਾ ਅਤੇ ਬੜੀ ਸੂਝ-ਬੂਝ ਨਾਲ ਅਖੌਤੀ ਧਰਮ ਆਗੂਆਂ ਵੱਲੋਂ ਭਰਮਾਂ ਵਿੱਚ ਪਾਈ ਅਤੇ ਉਲਝਾਈ ਗਈ ਲੋਕਾਈ ਨੂੰ ਸੱਚਾ-ਸੁੱਚਾ ਗਿਆਨ-ਵਿਗਿਆਨਮਈ ਉਪਦੇਸ਼ ਦੇਸ਼-ਵਿਦੇਸ਼ ਵਿੱਚ ਵਿਚਰ ਕੇ ਦਿੱਤਾ। ਉਸ ਵੇਲੇ ਦੇ ਵੱਡੇ-ਵੱਡੇ ਧਰਮ ਅਸਥਾਨਾਂ ਅਤੇ ਧਰਮ ਆਗੂਆਂ ਨਾਲ ਗਿਆਨ ਗੋਸ਼ਟੀਆਂ ਕੀਤੀਆਂ। ਗੁਰੂ ਨਾਨਕ ਪਾਤਸ਼ਾਹ ਇੱਕ ਅਜਿਹੇ ਰਹਿਬਰ ਸਨ ਜਿਨ੍ਹਾਂ ਨੇ ਕਿਸੇ ਨੂੰ ਧਰਮ ਬਦਲਣ ਦਾ ਨਹੀਂ ਸਗੋਂ ਮਨ ਅਤੇ ਕਰਮ ਬਦਲਣ ਦਾ ਉਪਦੇਸ਼ ਦਿੱਤਾ। ਇਸ ਕਰਕੇ ਕੀ ਹਿੰਦੂ ਅਤੇ ਕੀ ਮੁਸਲਮਾਨ ਗੁਰੂ ਬਾਬੇ ਦੇ ਵਿਚਾਰ ਸੁਣਨ, ਮੰਨਣ ਅਤੇ ਅਪਨਾਉਣ ਲੱਗ ਪਏ। ਗੁਰੂ ਜੀ ਨੇ ਧਰਮਾਂ ਦੇ ਝਗੜੇ ਛੱਡ ਕੇ ਸੱਚੇ ਮਾਰਗ ਤੇ ਚੱਲਣ ਦਾ ਹੋਕਾ ਦਿੰਦਿਆਂ ਕਿਹਾ ਕਿ ਜੇ ਰੱਬ ਇੱਕ ਹੈ ਤਾਂ ਅਸੀਂ ਸਾਰੇ ਵੀ ਉਸੇ ਦੇ ਬੱਚੇ ਬੱਚੀਆਂ ਹੁੰਦੇ ਹੋਏ ਵੱਖ-ਵੱਖ ਰੰਗਾਂ ਦੇ ਫੁੱਲਾਂ ਦੇ ਗੁਲਦਸਤੇ ਵਾਂਗ ਹਾਂ। ਉਸ ਉਪਦੇਸ਼ ਨੂੰ ਆਪਣੇ ਹੱਥ ਨਾਲ ਕਿਤਾਬ (ਪੋਥੀ) ਵਿੱਚ ਲਿਖਿਆ “ਤਿਤ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਯੋਗ ਮਿਲੀ” (ਪੁਰਾਤਨ ਜਨਮਸਾਖੀ)

ਇਸ ਸੱਚੀ-ਸੁੱਚੀ ਅਗਾਂਹ ਵਧੂ ਵਿਚਾਰਧਾਰਾ ਨੂੰ ਸਦੀਵ ਸੰਸਾਰ ਵਿੱਚ ਪ੍ਰਚਾਰਨ ਅਤੇ ਫਲਾਉਣ ਲਈ ਆਪਣੀ ਥਾਂ ਯੋਗ ਵਿਅਕਤੀਆਂ ਨੂੰ ਆਪਣਾਂ ਜਾਨਸ਼ੀਨ ਥਾਪਣ ਦਾ ਸਿਲਸਿਲਾ ਸ਼ੁਰੂ ਕੀਤਾ। ਇਵੇਂ ਉਨ੍ਹਾਂ ਦੀ ਗਿਆਨਮਈ ਰੱਬੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਪ੍ਰਚਾਰਨ ਲਈ ਕ੍ਰਮਵਾਰ ਗੁਰੂ ਅੰਗਦ, ਅਮਰਦਾਸ, ਰਾਮਦਾਸ, ਅਰਜਨ ਦੇਵ, ਹਰਗੋਬਿੰਦ, ਹਰਕ੍ਰਿਸ਼ਨ, ਤੇਗਬਹਾਦਰ ਅਤੇ ਦਸਵੀਂ ਥਾਂ ਗੁਰੂ ਗੋਬਿੰਦ ਸਿੰਘ ਜੀ ਗੁਰਤਾ ਗੱਦੀ ਦੇ ਜਾਨਸ਼ੀਨ ਥਾਪੇ ਗਏ, ਜਿਨ੍ਹਾ ਨੇ ਤਨ, ਮਨ ਅਤੇ ਧਨ ਨਾਲ ਇਹ ਸੇਵਾ ਬਾਖੂਬੀ ਨਿਭਾਈ ਅਤੇ ਇਸ ਸੰਪੂਰਨ ਨਿਰਮਲ ਵਿਚਾਰਧਾਰਾ ਨੂੰ ਸਦੀਵ ਚਲਦਾ ਰੱਖਣ ਲਈ “ਸ਼ਬਦ ਗੁਰੂ” ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਵਿੱਚ ਸਿੱਖਾਂ ਨੂੰ ਚੱਲਣ ਦਾ ਫੁਰਮਾਨ ਜਾਰੀ ਕੀਤਾ - ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।

ਇਸ ਸੱਚੀ-ਸੁੱਚੀ ਵਿਚਾਰਧਾਰਾ ਦਾ ਹਰੇਕ ਅਖੌਤੀ ਧਰਮ ਅਤੇ ਰਾਜਨੀਤਕ ਆਗੂ ਨੇ ਕਰੜਾ ਵਿਰੋਧ ਕੀਤਾ ਜਿਸ ਦੇ ਫਲਸਰੂਪ ਕਈ ਜੰਗ ਜੁੱਧ ਵੀ ਲੜਨੇ ਪਏ, ਜਿਨ੍ਹਾਂ ਵਿੱਚ ਗੁਰੂਆਂ, ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਹੋਣਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸ ਵਾਰਨਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਤੋਂ ਬਾਅਦ ਮੁਗਲ ਹਕੂਮਤਾਂ ਅਤੇ ਉਨ੍ਹਾਂ ਦੇ ਝੋਲੀ ਚੁੱਕ ਜੀ-ਹਜੂਰੀਏ ਪਹਾੜੀ ਰਾਜੇ, ਇਸ ਵਿਚਾਰਧਾਰਾ ਨੂੰ ਖਤਮ ਕਰਨ ਲਈ ਇੱਕਮੁੱਠ ਹੋ ਗਏ। ਸਿੱਖਾਂ ਦੇ ਘਰ ਘਾਟ ਹੁਣ ਘੋੜਿਆਂ ਦੀਆਂ ਕਾਠੀਆਂ ਅਤੇ ਜੰਗਲ ਬੇਲੇ ਸਨ। ਮੁਗਲੀਆ ਹਕੂਮਤ ਸਿੱਖਾਂ ਦਾ ਜਾਨਵਰਾਂ ਵਾਂਗ ਸਿ਼ਕਾਰ ਕਰਨ ਲੱਗ ਪਈ। ਜਦ ਫਿਰ ਵੀ ਜ਼ਾਲਮ ਦੀ ਤਲਵਾਰ ਗੁਰਸਿੱਖਾਂ ਦਾ ਖੁਰਾ-ਖੋਜ ਨਾਂ ਮਿਟਾ ਸੱਕੀ ਅਤੇ ਗੁਰਸਿੱਖ ਸਿਰਧੜ ਦੀ ਬਾਜੀ ਲਾ ਕੇ ਇਹ ਨਾਹਰੇ ਲਾਉਣ ਲੱਗ ਪਏ “ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ। ਜਿਉਂ ਜਿਉਂ ਮੰਨੂੰ ਵੱਢ੍ਹਦਾ ਅਸੀਂ ਦੂਣ ਸਵਾਏ ਹੋਏ” ਤਾਂ ਹੋਸ਼ੇ ਹਥਿਆਰਾਂ ਤੇ ਆ ਕੇ ਅਖੌਤੀ ਧਰਮਕ ਅਤੇ ਰਾਜਨੀਤਕ ਆਗੂਆਂ ਨੇ ਕੂਟਨੀਤੀ ਵਰਤਦੇ ਹੋਏ ਰੱਬੀ ਭਗਤਾਂ, ਗੁਰੂਆਂ ਅਤੇ ਗੁਰਸਿੱਖਾਂ ਦੇ ਇਤਿਹਾਸ ਅਤੇ ਸਿਧਾਂਤਕ ਵਿਚਾਰਧਾਰਾ ਵਿੱਚ ਰਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਉਨ੍ਹਾ ਨੇ ਜਿੱਥੇ ਬ੍ਰਾਹਮਣਵਾਦੀ ਕਰਮਕਾਂਡੀ ਰੀਤਾਂ ਘਸੋੜੀਆਂ ਓਥੇ ਸਿੱਖਾਂ ਦੇ ਰਹਿਬਰ ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਦਸਵੇਂ ਜਾਨਸ਼ੀਨ ਗੁਰੂ ਗੋਬਿੰਦ ਸਿੰਘ ਨੂੰ ਵੱਖਰੇ-ਵੱਖਰੇ ਪੰਥਾਂ ਦੇ ਆਗੂ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਪੰਥ ਤੋਂ ਦੂਰ ਕਰਨ ਲਈ, ਗੁਰੂ ਗੋਬਿੰਦ ਸਿੰਘ ਨੂੰ ਨਵਾਂ ਖਾਲਸਾ ਪੰਥ, ਤੀਜਾ ਧਰਮ ਚਲਾਉਣ ਵਾਲੇ, ਪੰਥ ਦੇ ਵਾਲੀ ਅਤੇ ਖਾਲਸਾ ਧਰਮ ਦੇ ਬਾਨੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਦੂਜਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਾਂਤੀ ਦਾ ਮਾਰਗ ਅਤੇ ਦਸਵੇਂ ਪਾਤਸ਼ਾਹ ਦਾ ਲੜਨ ਮਰਨ ਵਾਲਾ ਮਾਰਗ ਪ੍ਰਚਾਰ ਕੇ ਲੋਕਾਂ ਦੇ ਮਨਾਂ ਵਿੱਚ ਭਰਮ ਪੈਦਾ ਕਰ ਦਿੱਤਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਅਤੇ ਖਾਲਸਾ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਹਨ।

ਪਹਿਲਾਂ ਇਹ ਲੋਕ ਉਦਸੀਆਂ ਅਤੇ ਨਿਰਮਲਿਆਂ ਦੇ ਰੂਪ ਵਿੱਚ ਸਿੱਖਾਂ ਦੇ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਦੇ ਬਹਾਨੇ ਇੰਟਰ  ਹੋਏ ਅਤੇ ਅੱਜ ਅਖੌਤੀ ਸਾਧਾਂ-ਸੰਤਾਂ, ਸੰਪ੍ਰਦਾਈਆਂ, ਸਿੱਖੀ ਦਿੱਖ ਵਾਲੇ ਡੇਰੇਦਾਰਾਂ ਅਤੇ ਅਖੌਤੀ ਜਥੇਦਾਰ ਜੋ ਬਾਦਲ ਦੇ ਰਾਹੀਂ ਰਾਸ਼ਟਰੀਆ ਸਿੱਖ ਸੰਗਤ  ਦੇ ਰੂਪ ਵਿੱਚ ਸਿੱਖ ਪੰਥ ਵਿੱਚ ਘੁਸੜ ਕੇ ਵੱਖਰੀਆਂ-ਵੱਖਰੀਆਂ ਰੀਤਾਂ, ਵੱਖਰੇ-ਵੱਖਰੇ ਗ੍ਰੰਥਾਂ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਵਿਚਾਰਧਾਰਾ ਦੇ ਉਲਟ ਅਖੌਤੀ ਕਥਿਤ ਕਥਾ ਕਹਾਣੀਆਂ ਰਲਾ ਕੇ ਸਿੱਖੀ ਦਾ ਭਗਵਾਕਰਣ ਕਰਦੇ ਹੋਏ ਚੋਲੇ, ਢੋਲਕੀਆਂ, ਚਿਮਟੇ ਆਦਿਕ ਢੋਲ ਵਜਾ ਕੇ ਸਿੱਖ ਸੰਗਤਾਂ ਵਿੱਚ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨੂੰ ਅਲੱਗ ਅਲੱਗ ਕਰ ਦਿੱਤਾ ਹੈ। ਇਨ੍ਹਾਂ ਦਾ ਪੂਰਾ ਜੋਰ ਸਿੱਖਾਂ ਨੂੰ “ਗੁਰੂ ਗ੍ਰੰਥ ਸਾਹਿਬ” ਨਾਲੋਂ ਤੋੜ ਕੇ ਗੀਤਾ, ਰਮਾਇਣ, ਗਰੜ ਪੁਰਾਣ, ਡੇਰੇ, ਮੱਠ, ਕਬਰਾਂ ਅਤੇ ਅਖੌਤੀ ਦਸਮ ਗ੍ਰੰਥ ਜੋ ਬ੍ਰਾਹਮਣੀ ਕਥਾ ਕਹਾਣੀਆਂ ਅਤੇ ਵਿਸ਼ੇ ਵਿਕਾਰਾਂ ਦੀ ਸਮੱਗਰੀ ਨਾਲ ਭਰਿਆ ਪਿਆ ਹੈ, ਨਾਲ ਜੋੜਨ ਦਾ ਲੱਗਾ ਹੋਇਆ ਹੈ।

ਐਸ ਵੇਲੇ ਇਹ ਡੇਰੇਦਾਰ ਅਤੇ ਸੰਪ੍ਰਦਾਈ ਇਸ ਮਕਸਦ ਵਿੱਚ ਇਸ ਲਈ ਕਾਮਯਾਬ ਹੋ ਰਹੇ ਹਨ ਕਿ ਸਿੱਖ ਆਪ ਗੁਰਬਾਣੀ, ਇਤਿਹਾਸ ਅਤੇ ਧਰਮ ਫਿਲੌਸਫੀ  ਨੂੰ ਪੜ੍ਹਨ, ਵਿਚਾਰਨ ਅਤੇ ਧਾਰਨ ਨੂੰ ਛੱਡ ਕੇ ਇਨ੍ਹਾਂ ਕੋਲੋਂ ਅੰਨ੍ਹੀ ਸ਼ਰਧਾ ਹੇਠ ਆਪਣੀ ਖੂਨ ਪਸੀਨੇ ਦੀ ਕਿਰਤ ਕਮਾਈ ਨੂੰ ਪਾਠਾਂ, ਸੰਪਟ ਪਾਠਾਂ, ਕੀਰਤਨਾਂ ਅਤੇ ਜਪਾਂ ਤਪਾਂ ਦੇ ਨਾਂ ਤੇ ਵੱਡੀਆਂ-ਵੱਡੀਆਂ ਭੇਟਾਂ ਦੇ ਰੂਪ ਵਿੱਚ ਲੁਟਾਈ ਜਾ ਰਹੇ ਹਨ। ਇਨ੍ਹਾਂ ਲੋਕਾਂ ਨੇ ਸਿੱਖ ਧਰਮ ਨੂੰ ਵਾਪਾਰ ਅਤੇ ਗੁਰਦੁਆਰਿਆਂ ਨੂੰ ਕਮਰਸ਼ੀਅਲ  ਅੱਡੇ ਬਣਾ ਦਿੱਤਾ ਹੈ। ਗਿਣਤੀ-ਮਿਣਤੀ ਦੇ ਮੰਤ੍ਰ-ਪਾਠ ਜੋ ਬ੍ਰਾਹਮਣ ਅਤੇ ਮੌਲਾਣੇ ਕਰਕੇ ਉਸ ਵੇਲੇ ਜਨਤਾ ਨੂੰ ਲੁੱਟ ਰਹੇ ਸਨ, ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਸੀ ਅਤੇ ਅੱਜ ਅਸੀਂ ਡੇਰੇਦਾਰਾਂ ਅਤੇ ਸੰਤ ਬਾਬਿਆਂ, ਸੰਪ੍ਰਦਾਈਆਂ ਅਤੇ ਪੈਸੇ ਦੇ ਪੁਜਾਰੀ ਭਾਈਆਂ ਤੋਂ ਉਹ ਕੁਝ ਹੀ ਕਰਾਉਣ ਲੱਗ ਪਏ ਹਾਂ।

ਸਾਡੇ ਅੰਤਸ਼ਕਰਣ ਉੱਤੇ ਬ੍ਰਾਹਮਣੀ ਰੀਤਾਂ ਦਾ ਪੜਦਾ ਪਾ ਦਿੱਤਾ ਗਿਆ ਹੈ, ਇਸ ਲਈ ਅੱਜ ਸਾਨੂੰ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਦਾ ਇੱਕੋ ਹੀ ਮਾਰਗ (ਪੰਥ) ਹੈ, ਵਾਲਾ ਰਸਤਾ ਭੁੱਲਦਾ ਜਾ ਰਿਹਾ ਹੈ। ਸੋ ਜੇ ਅਸੀਂ ਆਪ ਸਿੱਖ ਸਿਧਾਂਤਾਂ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਪਤਾ ਚੱਲ ਜਾਵੇਗਾ ਕਿ ਗੁਰੂ ਨਾਨਕ ਪਾਤਸ਼ਾਹ ਹੀ ਸਾਡੇ ਰਹਿਬਰ ਅਤੇ ਬਾਨੀ ਸਨ ਅਤੇ ਬਾਕੀ ਨੌਂ ਗੁਰੂ ਉਨ੍ਹਾਂ ਦੇ ਜਾਨਸ਼ੀਨ ਸਨ। ਇਵੇਂ ਪੰਥ ਦੇ ਵਾਲੀ ਗੁਰੂ ਨਾਨਕ ਪਾਤਸ਼ਾਹ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੇ ਦਸਵੇਂ ਜਾਨਸ਼ੀਨ ਸੰਤ ਸਿਪਾਹੀ ਸਿੱਖ ਪੰਥ ਦੇ ਮਹਾਂਨ ਪ੍ਰਚਾਰਕ ਗੁਰੂ ਸਨ।

ਆਓ ਇਨ੍ਹਾਂ ਡੇਰੇਦਾਰਾਂ ਅਤੇ ਅਖੌਤੀ ਜਥੇਦਾਰਾਂ ਤੋਂ ਅਜ਼ਾਦ ਹੋ ਕੇ ਗੁਰੂ ਨਾਨਕ ਜੀ ਦੇ ਦਸਵੇਂ ਜਾਨਸ਼ੀਨ ਸਰਬੰਸਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਪ੍ਰਕਾਸ਼ ਦਿਹਾੜਾ ਅਸਲੀ ਨਾਨਕ ਸ਼ਾਹੀ ਕੈਲੰਡਰ 2003 ਦੇ ਅਨੁਸਾਰ 5 ਜਨਵਰੀ ਸੰਨ 2011 ਨੂੰ ਸ਼ਰਧਾ ਭਾਵਨਾਂ ਨਾਲ ਮਨਾ ਕੇ ਡੇਰੇਦਾਰਾਂ ਦੇ ਭਰਮਜਾਲ ਦੇ ਜੂਲੇ ਨੂੰ ਆਪੋ ਆਪਣੇ ਗਲੋਂ ਵਗਾਹ ਮਾਰੀਏ। ਕੇਵਲ ਤੇ ਕੇਵਲ, ਗੁਰੂ ਗਰੰਥ ਸਹਿਬ ਜੀ ਦੇ ਲੜ ਲਾਉਣ ਵਾਲੇ, ਦਸਵੇਂ ਪਾਤਸ਼ਾਹ ਨੂੰ ਕੋਟਿ ਕੋਟਿ ਪ੍ਰਣਾਮ!

 

 

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20011, 5abi.com