ਅਲਗ ਅਲਗ ਸਮੇਂ ਭਾਰਤ ਦੀ ਇਸ ਧਰਤੀ ਤੇ ਸਮੇਂ ਸਮੇਂ ਦੌਰਾਨ ਅਲਗ ਅਲਗ
ਸੰਤਾਂ-ਮਹਾਂਪੁਰਸ਼ਾਂ, ਕਵੀਆਂ , ਲੇਖਕਾਂ ਆਦਿ ਨੇ ਇਸ ਧਰਤੀ ਨੂੰ ਭਾਗ ਲਾਏ ਤੇ ਆਪਣੀ
ਇੱਕ ਅਨੋਖੀ ਛਾਪ ਛੱਡੀ ਹੈ। ਜਿਨ੍ਹਾਂ ਦਾ ਨਾਂ ਰਹਿੰਦੀ ਦੁਨੀਆਂ ਤੱਕ ਚਮਕਾਰੇ ਮਾਰਦਾ
ਹੈ। ਇਨ੍ਹਾਂ ਸਭਨਾਂ ਨੇ ਮਨੁੱਖ ਨੂੰ ਇੱਕ ਸੇਧ ਦੇਣ ਲਈ ਵੱਡਮੁੱਲਾ ਯੋਗਦਾਨ ਪਾਇਆ
ਹੈ। ਇੰਜ ਕਹਿ ਲਓ ਕਿ ਉਨ੍ਹਾਂ ਨੇ ਲੋਕਾਈ ਦੀ ਭਲਾਈ ਲਈ ਉਪਰਾਲੇ ਕੀਤੇ ਹਨ। ਜਿਸ
ਕਰਕੇ ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ। ਇਨ੍ਹਾਂ ਰਹਿਬਰਾਂ ਵਿੱਚੋਂ
ਕਬੀਰ ਜੀ ਮਹਾਰਾਜ ਜੀ ਦਾ ਇੱਕ ਆਪਣਾ ਹੀ ਵੱਖਰਾ ਸਥਾਨ ਹੈ।
ਕਬੀਰ ਦਾ ਅਰਥ ਅਰਬੀ ਭਾਸ਼ਾ ਵਿੱਚ ਗ੍ਰੇਟ ਜਾਂ ਮਹਾਨ ਤੋਂ ਹੈ ਤੇ ਦਾਸ ਦਾ ਅਰਥ
ਸੇਵਕ ਹੈ। ਕਬੀਰ ਸਾਹਿਬ ਭਾਰਤ ਦੇ ਇੱਕ ਬਹੁਤ ਹੀ ਮਹਾਨ ਸੰਤ ਕਵੀ ਹੋਏ ਹਨ। ਜਿਨ੍ਹਾਂ
ਦੀਆਂ ਰਚਨਾਵਾਂ ਵਿੱਚ ਭਗਤੀ ਰਸ ਵਲਵਲੇ ਮਾਰਦਾ ਹੋਇਆ ਦਿਖਾਈ ਦਿੰਦਾ ਹੈ। ਜਾਂ ਇੰਜ
ਕਹਿ ਲਓ ਕਿ ਕਬੀਰ ਸਾਹਿਬ ਜੀ ਦੀ ਰਚਨਾ ਭਗਤੀ ਰਸ ਨਾਲ ਭਰਪੂਰ ਹੈ। ਆਪਜੀ ਦੀਆਂ
ਰਚਨਾਵਾਂ ਨੇ ਸਿੱਖ ਧਰਮ ਤੇ ਬਹੁਤ ਪ੍ਰਭਾਵ ਪਾਇਆ । ਆਪ ਦੇ ਵਿਚਾਰਾਂ ਵਿੱਚ ਵਿਸ਼ਵਾਸ
ਰੱਖਣ ਵਾਲੇ ਕਬੀਰ ਪੰਥ ਕਹਿਲਾਏ ਜਾਂਦੇ ਹਨ। ਆਪ ਜੀ ਦੀਆਂ ਸਿਖਿਆਵਾਂ ਨੇ ਭਗਤੀ ਲਹਿਰ
ਵਿੱਚ ਇੱਕ ਜ਼ਾਨ ਹੀ ਪਾ ਦਿੱਤੀ।
ਕਬੀਰ ਪੰਥੀਆਂ ਦਾ ਵਿਚਾਰ ਹੈ ਕਿ ਆਪ ਇਸ ਧਰਤੀ ਉੱਪਰ ਲਗਭਗ 120 ਵਰਸ਼ ਰਹੇ। ਆਪਜੀ
ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਵਿੱਚ 277 ਪਦੁ ਜਿਨ੍ਹਾਂ ਵਿੱਚ
17 ਰਾਗੁ, 237 ਸਲੋਕ ਦਰਜ ਹਨ। ਆਪ ਜੀ ਦੇ ਜਨਮ ਬਾਰੇ ਇਹ ਵਿਚਾਰ ਹੈ ਕਿ ਆਪ ਜੀ ਦਾ
ਜਨਮ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਸਾਹਿਬ ਜੀ ਤੋਂ 71 ਸਾਲ ਪਹਿਲਾਂ ਹੋਇਆ। ਕਬੀਰ
ਸਾਹਿਬ ਜੀ ਨੇ ਗੁਰੂ ਰਵਿਦਾਸ, ਬਾਬਾ ਫਰੀਦ ਤੇ ਨਾਮਦੇਵ ਜੀ ਦੀ ਤਰ੍ਹਾਂ ਭਗਤੀ ਲਹਿਰ
ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ।
ਸੰਤ ਰਾਮਾ ਨੰਦ ਜੀ ਨੂੰ ਆਪ ਜੀ ਦੇ ਗੁਰੂ ਹੋਣ ਦਾ ਰੁਤਬਾ ਪ੍ਰਾਪਤ ਹੈ ਆਪ ਦੇ ਪਿਤਾ
ਦਾ ਨਾਮ ਨੀਰੂ ਤੇ ਮਾਤਾ ਨੀਮਾ ਹੈ। ਭਗਤੀ ਲਹਿਰ ਦੇ ਨਾਲ ਨਾਲ ਸੂਫੀ ਮਤ ਵਿੱਚ ਵੀ
ਕਬੀਰ ਸਹਿਬ ਦਾ ਵਡਮੁੱਲਾ ਯੋਗਦਾਨ ਹੈ। ਕਬੀਰ ਸਾਹਿਬ ਜੀ ਬਾਰੇ ਇਹ ਵੀ ਧਾਰਨਾ ਹੈ ਕਿ
ਕਬੀਰ ਸਾਹਿਬ ਜੀ ਨੂੰ ਇਸ ਗੱਲ ਦੀ ਸੋਝੀ ਹੋ ਗਈ ਸੀ ਕਿ-
''ਪੈਰਾਂ ਤੋਂ ਬਿਨਾਂ ਕਿਵੇਂ ਚਲਿਆ ਜਾ ਸਕਦਾ ਸੀ, ਅੱਖਾਂ ਤੋਂ ਬਗੈਰ ਕਿਵੇਂ
ਦੇਖਿਆ ਜਾ ਸਕਦਾ ਸੀ, ਮੂੰਹ ਤੋਂ ਬਗੈਰ ਕਿਵੇਂ ਪੀਤਾ ਜਾ ਸਕਦਾ ਸੀ, ਅਤੇ ਪਰਾਂ ਤੋਂ
ਬਗੈਰ ਕਿਵੇਂ ਚਲਿਆ ਜਾ ਸਕਦਾ ਸੀ। ''
ਇਹ ਸਾਰਾ ਇਸ ਕਰਕੇ ਸੀ ਕਿਉਂਕਿ ਉਨ੍ਹਾਂ ਦਾ ਮਨ ਪ੍ਰਮਾਤਮਾ ਵਿੱਚ ਅਥਾਹ ਸ਼ਰਧਾ ਤੇ
ਵਿਸ਼ਵਾਸ ਨਾਲ ਭਰਿਆ ਹੋਇਆ ਸੀ। ਕਬੀਰ ਸਹਿਬ ਜੀ ਦਾ ਕਹਿਣਾ ਹੈ ਕਿ ਪ੍ਰਮਾਤਮਾ ਬਾਰੇ
ਬਿਆਨ ਕਰਨ ਬਾਰੇ ਕੋਈ ਸ਼ਬਦ ਨਹੀ ਹਨ ਕਿ ਉਹ ਕਿੰਨਾ ਵਿਸ਼ਾਲ ਹੈ। ਕਬੀਰ ਜੀ ਦਾ ਮਤ ਹੈ-
'' ਨਿਰਗੁਣ ਆਗੈ ਸਰਗੁਣ ਨਾਹੀਂ। ''
ਉਜ ਵੀ ਦੇਖਿਆ ਜਾਵੇ ਤਾਂ ਭਗਤਾ ਦਾ ਰੁਤਬਾ ਭਗਵਾਨ ਨਾਲੋਂ ਵੱਧ ਹੁੰਦਾ ਹੈ।
ਪ੍ਰਮਾਤਮਾ ਨੂੰ ਆਪਣੇ ਭਗਤਾਂ ਅੱਗੇ ਕਈ ਵਾਰ ਝੁਕਣਾ ਪੈ ਜਾਂਦਾ ਹੈ। ਕਬੀਰ ਸਾਹਿਬ ਜੀ
ਦੀ ਬਾਣੀ ਵਿੱਚ ਭਗਤੀ ਰਸ ਦੇ ਨਾਲ ਨਾਲ ਸੰਗੀਤ ਰਸ ਵੀ ਭਰਿਆ ਹੋਇਆ ਹੈ। ਕਬੀਰ ਸਾਹਿਬ
ਜੀ ਸੰਗੀਤਕ ਰਸ ਵਿੱਚ ਪ੍ਰਭੂ ਨੂੰ ਕਹਿੰਦੇ ਹੋਏ ਦਿਖਾਈ ਦਿੰਦੇ ਹਨ- '' ਮੋਹੀ ਤੋਹੀ
ਲਾਗੀ ਕੈਸੇ ਛੂਟੈ। '' ਅਰਥਾਤ ਕਬੀਰ ਸਾਹਿਬ ਸਦਾ ਲਈ ਪ੍ਰਭੂ ਦੇ ਪ੍ਰੇਮ ਨਾਲ ਬੰਧੇ
ਹੋਏ ਹਨ। ਆਪ ਜੀ ਦੀ ਬਾਣੀ ਨੇ ਹਿੰਦੂਆਂ ਮੁਸਲਮਾਨਾ ਆਦਿ ਸਭਨਾ ਦੇ ਦਿਲਾਂ ਤੇ ਆਪਣੀ
ਛਾਪ ਛੱਡੀ ਹੈ।
ਕਬੀਰ ਸਾਹਿਬ ਜੀ ਨੂੰ ਇੱਕ ਭਗਤੀ ਲਹਿਰ ਦਾ ਇੱਕ ਕ੍ਰਾਂਤੀਕਾਰੀ ਸੂਫੀ ਕਵੀ ਵੀ
ਕਿਹਾ ਜਾਂਦਾ ਹੇ। ਉਨ੍ਹਾਂ ਨੇ ਸਾਰੀ ਮਨੁੱਖਤਾ ਵਿੱਚ ਸਮਾਨਤਾ ਤੇ ਭਰਾਤਰੀ ਭਾਵ ਹੋਣ
ਤੇ ਜ਼ੋਰ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਇੱਕ ਵਾਰ ਕਬੀਰ ਸਾਹਿਬ ਆਪਣਾ ਬੁਣਿਆ ਹੋਇਆ
ਕਪੜਾ ਵੇਚਣ ਜਾ ਰਹੇ ਹਨ ਤੇ ਉਨ੍ਹਾਂ ਨੂੰ ਰਾਸਤੇ ਵਿੱਚ ਕੁਝ ਸਾਧੂ ਮਿਲੇ ਤੇ ਉਨ੍ਹਾਂ
ਨੇ ਉਹ ਸਾਰਾ ਕਪੜਾ ਉਨ੍ਹਾਂ ਸਾਧੂਆਂ ਨੂੰ ਮੁਫ਼ਤ ਵਿੱਚ ਹੀ ਦੇ ਦਿੱਤਾ। ਕਬੀਰ ਸਾਹਿਬ
ਨੇ ਪ੍ਰਭੂ ਲੋਕਾਂ ਨੂੰ ਪ੍ਰਭੂ ਭਗਤੀ ਵੱਲ ਪ੍ਰੇਰਿਤ ਕੀਤਾ ਹੈ।
ਉਨ੍ਹਾਂ ਨੇ ਸਾਰੀ ਦੁਨੀਆਂ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਪ੍ਰਮਤਮਾ ਇੱਕ ਹੈ ਤੇ
ਉਹ ਹੀ ਸਰਵ ਵਿਆਪਕ ਹੈ। ਸਾਰੀ ਮਨੁੱਖਤਾ ਨੂੰ ਭਰਾਤਰੀ ਭਾਵ ਤੇ ਇੱਕ ਹੋ ਕੇ ਰਹਿਣ ਦਾ
ਉਪਦੇਸ਼ ਦਿੱਤਾ ਹੈ ਤੇ ਅੱਜ ਜਿਹੜਾ ਸਮਾ ਚਲ ਰਿਹਾ ਹੈ ਜਿਸ ਵਿੱਚ ਹਰ ਇੱਕ ਆਪਣਾ ਉੱਲੂ
ਸਿੱਧਾ ਕਰਨ ਤੇ ਲੱਗਾ ਹੋਇਆ ਹੈ ਤੇ ਚਾਰੇ ਪਾਸੇ ਲੁੱਟ ਖਸੁੱਟ ਤੇ ਭ੍ਰਸ਼ਟਾਚਾਰੀ ਦਾ
ਹੀ ਬੋਲਬਾਲਾ ਹੈ ਕਿ ਇਹ ਸਾਰਾ ਕੁਝ ਦੇਖ ਕੇ ਕਬੀਰ ਸਾਹਿਬ ਜੀ ਦੇ ਮਨ ਨੂੰ ਠੇਸ ਨਹੀ
ਹੁੰਦੀ ਹੋਵੇਗੀ। ਆਓ ਸਾਰੇ ਰਲ ਮਿਲ ਕੇ ਇਸ ਤੇ ਨਿਰੰਕੁਸ਼ ਲਾਉਣ ਲਈ ਉਪਰਾਲਾ ਕਰੀਏ।
ਧੰਨਵਾਦ ਸਾਹਿਤ।
ਪਰਸ਼ੋਤਮ ਲਾਲ ਸਰੋਏ , ਪਿੰਡ ਧਾਲੀਵਾਲ-ਕਾਦੀਆਂ, ਡਾਕਘਰ-ਬਸ਼ਤੀ-ਗੁਜ਼ਾਂ,
ਜਲੰਧਰ-144002
ਮੋਬਾਇਲ ਨੰਬਰ:- 9217544348
ਭਗਤ ਕਬੀਰ ਇੱਕ ਮਹਾਨ ਫਿਲਾਸਫਰ
ਭਾਰਤ ਦੀ ਧਰਤੀ ਉੱਪਰ ਕਈ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਨੇ ਜਨਮ ਲਿਆ ਹੈ ਅਤੇ
ਉਨ੍ਹਾਂ ਦੇ ਕੁਝ ਮਹਾਨ ਕਰਮਾਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ
ਰਹਿ ਜਾਂਦਾ ਹੈ। ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ
ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸਖ਼ਸੀਅਤਾਂ ਵਿੱਚੋਂ ਇੱਕ ਹਨ।
ਭਗਤ ਕਬੀਰ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਤੋਂ 71 ਸਾਲ ਪੂਰਵ ਮੰਨਿਆਂ ਜਾਂਦਾ ਹੈ।
'ਕਬੀਰ' ਦਾ ਅਰਬੀ ਭਾਸ਼ਾ ਵਿੱਚ ਸ਼ਾਬਦਿਕ ਅਰਥ 'ਗਰੇਟ ਜਾਂ ਮਹਾਨ' ਹੈ ਅਤੇ ਦਾਸ ਸ਼ਬਦ
ਦਾ ਸੰਸਕ੍ਰਿਤ ਭਾਸ਼ਾ ਵਿੱਚ ਅਰਥ 'ਸੇਵਕ' ਹੈ। ਉਨ੍ਹਾਂ ਦੀ ਬਾਣੀ ਧਾਰਮਿਕ ਪਵਿੱਤਰ
ਉਨ੍ਹਾਂ 'ਗੁਰੂ ਗ੍ਰੰਥ ਸਾਹਿਬ' ਵਿੱਚ ਦਰਜ਼ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ
ਦੀ ਬਾਣੀ ਨੂੰ ਇੱਕ ਖ਼ਾਸ ਸਥਾਨ ਪ੍ਰਾਪਤ ਹੈ। ਉਨ੍ਹਾਂ ਨੇ 17 ਰਾਗਾਂ ਵਿੱਚ 227 ਪਦੁ
ਦੀ ਰਚਨਾ ਕੀਤੀ ਅਤੇ 237 ਸਲੋਕ ਵੀ ਉਨ੍ਹਾਂ ਦੀ ਬਾਣੀ ਵਿੱਚ ਸ਼ਾਮਿਲ ਹਨ। ਹਿੰਦੂ ਤੇ
ਮੁਸਲਿਮ ਦੋਨੋਂ ਹੀ ਉਨ੍ਹਾਂ ਦੀ ਬਾਣੀ ਨੂੰ ਮਾਨਤਾ ਪ੍ਰਦਾਨ ਕਰਦੇ ਹਨ।
ਉਨ੍ਹਾਂ ਦਾ ਜਨਮ ਲਾਹੌਰ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਹੋਇਆ ਮੰਨਿਆਂ
ਜਾਂਦਾ ਹੈ। ਭਗਤ ਕਬੀਰ ਜੀ ਬਨਾਰਸ ਵਿੱਚ ਇੱਕ ਕੰਵਲ ਦੇ ਫੁੱਲ ਵਿੱਚ ਇੱਕ ਤਲਾਅ ਦੇ
ਨਜ਼ਦੀਕ ਪਿਤਾ ਨੀਰੂ ਅਤੇ ਮਾਤਾ ਨੀਮਾਂ ਨੂੰ ਮਿਲੇ ਜਿਨ੍ਹਾਂ ਨੇ ਭਗਤ ਜੀ ਦਾ
ਪਾਲਣ-ਪੋਸ਼ਣ ਕੀਤਾ ਅਤੇ ਆਪ ਜੀ ਦਾ ਨਾਂਮ ਕਬੀਰ ਰੱਖਿਆ ਗਿਆ। ਪੁਰਾਣੇ ਇਤਿਹਾਸ ਤੋਂ
ਇਹ ਪਤਾ ਚਲਦਾ ਹੈ ਕਿ ਉਹ ਜੁਲਾਹਾ ਜਾਤ ਨਾਲ ਸਬੰਧਤ ਸਨ। ਉਨ੍ਹਾਂ ਦੀ ਪਤਨੀ ਦਾ ਨਾਮ
'ਲੋਈ' ਉਨ੍ਹਾਂ ਦਾ ਇੱਕ ਪੁੱਤਰ 'ਕਮਲ' ਤੇ ਪੁੱਤਰੀ 'ਕਮਲੀ' ਸੀ। ਕਬੀਰ ਜੀ ਨੂੰ
ਸੂਫ਼ੀ ਕਵੀ ਦੇ ਤੌਰ ਤੇ ਵੀ ਜਾਣਿਆ ਜਾ ਸਕਦਾ ਹੈ। ਕਬੀਰ ਜੀ ਨੂੰ ਮੰਨਣ ਵਾਲੇ
ਕਬੀਰਪੰਥੀਆਂ ਦਾ ਵਿਚਾਰ ਹੈ ਕਿ ਭਗਤ ਕਬੀਰ ਜੀ ਇਸ ਜਗਤ ਉੱਤੇ 120 ਸਾਲ ਰਹੇ ਹਨ ਅਤੇ
ਪ੍ਰਭੂ ਦੀ ਭਗਤੀ ਦੇ ਅੰਦੋਲਨ ਦਾ ਪ੍ਰਸਾਰ ਕੀਤਾ। ਇਤਿਹਾਸ ਰਾਮਾਨੰਦ ਸਾਗਰ ਜੀ ਨੂੰ
ਭਗਤ ਕਬੀਰ ਜੀ ਦੇ ਗੁਰੂ ਹੋਣ ਬਾਰੇ ਬਿਆਨ ਕਰਦਾ ਹੈ।
ਕਬੀਰ ਜੀ ਜੀਵ ਨੂੰ ਸਮਝਾਉਂਣ ਲਈ ਪ੍ਰਭੂ ਅਤੇ ਭੈੜੀਆਂ ਵਿਰਤੀਆਂ ਵਿੱਚ ਨੂੰ ਸਪਸ਼ਟ
ਕਰਨ ਲਈ ਕਹਿੰਦੇ ਹਨ :' ਬੇਚਾਰਾ ਪਥ ਕੀ ਕਰ ਸਕਦਾ ਹੈ, ਜੇਕਰ ਉਸ ਉੱਪਰ ਚੱਲਣ ਵਾਲੇ
ਹੀ ਸਹੀ ਤਰੀਕੇ ਨਾਲ ਨਾ ਚੱਲਣ, ਜਾਂ ਫਿਰ ਕੀ ਹੋ ਸਕਦਾ ਹੈ ਜੇਕਰ ਇੱਕ ਜਣਾ ਹੱਥ
ਵਿੱਚ ਲੈਂਪ ਲਈ ਘੁੰਮ ਰਿਹਾ ਹੈ ਉਸ ਦੇ ਬਾਵਜ਼ੂਦ ਵੀ ਦੂਸਰਾ ਹਨ੍ਹੇਰੇ ਖੂੰਹ ਵਿੱਚ
ਡਿੱਗ ਜਾਵੇ। ' ਕਬੀਰ ਜੀ ਅਨੁਸਾਰ ਸਾਡਾ ਸਾਰਾ ਜੀ ਦੋ ਧਾਰਮਿਕ ਸਿਧਾਂਤਾ ਦੇ
ਇਰਦ=ਗਿਰਦ ਹੀ ਘੁੰਮਦਾ ਹੈ= ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪ੍ਰਮਾਤਮਾ ਹੈ।
ਕਬੀਰ ਇਨ੍ਹਾਂ ਦੋਹਾਂ ਸਿਧਾਂਤਾਂ ਵਿੱਚ ਮੇਲ ਹੋਣ ਨੂੰ ਮੁਕਤੀ ਦਾ ਰਾਹ ਦਸਦੇ ਹਨ।
ਕਬੀਰ ਜਾਤ ਪਾਤ ਤੋਂ ਮੁਕਤ ਹਨ ਨਾ ਉਹ ਆਪਣੇ ਆਪ ਨੂੰ ਹਿੰਦੂ ਦੱਸਦੇ ਹਨ ਨਾ ਹੀ
ਮੁਸ਼ਲਮਾਨ, ਨਾ ਹੀ ਸੂਫ਼ੀ ਜਾਂ ਭਗਤ। ਕਬੀਰ ਜੀ ਇਸ ਵਿਚਾਰਧਾਰਾ ਨੂੰ ਧਿਆਨ ਵਿੱਚ
ਰੱਖਦੇ ਹਨ ਕਿ ਸਾਰੇ ਇਨਸ਼ਾਨ ਇੱਕ ਹਨ, ਕਬੀਰ ਜੀ ਕਹਿੰਦੇ ਹਨ ਕਿ ਉਹ ਅੱਲ੍ਹਾ ਅਤੇ
ਰਾਮ ਦਾ ਇੱਕ ਪੁੱਤਰ ਹਨ।
ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵ ਗੁਸੱਈਆਂ ਕੋਈ ਅੱਲਾਹੇ ।
ਕਬੀਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ੍ਹ ਕੇ ਖੰਡਨ ਕੀਤਾ ਤੇ ਭਾਰਤ ਦੀ
ਵਿਚਾਰਧਾਰਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਬਾਹਰ ਕਰਮ ਕਾਂਡਾਂ 'ਚੋਂ ਨਿਕਲ
ਕੇ ਜੀਵ ਨੂੰ ਪ੍ਰਭੂ ਦੀ ਭਗਤੀ ਸੱਚੇ ਦਿਲੋਂ ਕਰਨ ਲਈ ਪ੍ਰੇਰਨਾ ਦਿੱਤੀ।
ਕਬੀਰ ਜੀ ਮਹਾਰਾਜ ਮਨੁੱਖ ਨੂੰ ਜੀਵਣ=ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਪ੍ਰਭੂ ਜੀ
ਦੀ ਭਗਤੀ ਵਲ ਪ੍ਰੇਰਦੇ ਹਨ ਅਤੇ ਕਬੀਰ ਜੀ ਨੂੰ ਮਰਨ ਦਾ ਕੋਈ ਵੀ ਭੈਅ ਨਹੀਂ ਸਤਾਉਂਦਾ
ਉਹ ਕਹਿੰਦੇ ਹਨ ਕਿ ਦੁਨਿਆਵੀ ਬੰਧਨਾ ਵਿੱਚ ਫਸ ਕੇ ਜੀਵ ਆਤਮਾਂਵਾਂ ਦੁੱਖ ਭੋਗਦੀਆਂ
ਹਨ ਅਤੇ ਮਰਨ ਤੋਂ ਬਾਅਦ ਹੀ ਉਹ ਸੁੱਖ ਸ਼ਾਂਤ ਰਹਿ ਸਕਦੀਆਂ ਹਨ ਭਾਵ ਉਨ੍ਹਾਂ ਨੂੰ ਮਰਨ
ਤੋਂ ਬਾਅਦ ਹੀ ਅਸਲ ਮੁਕਤੀ ਪ੍ਰਾਪਤ ਹੁੰਦੀ ਹੈ। ਆਪਣੀ ਰਚਨਾ ਵਿੱਚ ਉਹ ਕੁਝ ਇਸ
ਪ੍ਰਕਾਰ ਲਿਖਦੇ ਹਨ:
ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨੁ ਅਨੰਦ ।
ਮਰਨੇ ਤੇ ਹੀ ਪਾਈਏ ਪੂਰਨ ਮਰਮਾਨੰਦੁ।
ਭਾਵ ਸਾਰੀ ਦੁਨੀਆਂ ਮਰਨ ਤੋਂ ਡਰਦੀ ਹੈ ਪਰ ਕਬੀਰ ਜੀ ਕਹਿੰਦੇ ਹਨ ਕਿ ਜੋ ਸੱਚੇ
ਸੁੱਖ ਜਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹ ਮਨੁੱਖੀ ਜੀਵ ਨੂੰ ਮਰਨ ਉਪਰੰਤ ਹੀ
ਹੁੰਦੀ ਹੈ। ਇੰਝ ਹੀ ਉਹ ਅਗਲੀਆਂ ਸਤਰਾਂ 'ਚ ਬਿਆਨ ਕਰਦੇ ਹਨ ਕਿ ਕੋਈ ਜੀਵ ਆਤਮਾ ਜਦ
ਇਸ ਜਗਤ ਤੋਂ ਅਲਬਿਦਾ ਲੈ ਲੈਂਦੀ ਹੈ ਤਾਂ ਉਹ ਪ੍ਰਮਾਤਮਾਂ ਦੇ ਦਰ 'ਤੇ ਚਲੀ ਜਾਂਦੀ
ਹੈ।
ਕਬੀਰ ਮੋਹਿ ਮਰਨੇ ਕਾ ਚਉ ਹੈ ਮਰਉ ਤ ਹਰਿ ਕੇ ਦੁਆਰ।
ਮਤਿ ਹਰਿ ਪੂਛੇ ਕਉਨ ਹੈ ਪਰਾ ਹਮਾਰੇ ਬਾਰ।
ਅੱਗੇ ਕਬੀਰ ਜੀ ਜਨਮ ਤੇ ਮਰਨ ਵਿੱਚ ਅੰਤਰ ਵੀ ਸਮਝਾਂਦੇ ਹਨ। ਉਨ੍ਹਾਂ ਦਾ ਵਿਚਾਰ
ਹੈ ਕਿ ਚੰਗੇ ਕਰਮਾਂ ਵਾਲੇ ਜੀਵ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਜਾਂਦੇ ਹਨ ਉਹ
ਆਪਣੀ ਰਚਨਾ ਵਿੱਚ ਕੁਝ ਇਸ ਤਰ੍ਹਾਂ ਲਿਖਦੇ ਹਨ:=
ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ।
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ।
ਕਬੀਰ ਜੀ ਆਪਣੀ ਰਚਨਾ ਵਿੱਚ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੋ ਕੁਝ ਵੀ
ਇਸ ਦੁਨੀਆਂ ਤੇ ਹੁੰਦਾ ਹੈ, ਉਹ ਉਸ ਇੱਕ ਸਿਰਜਣਹਾਰ ਹੀ ਰਜ਼ਾ 'ਚ ਹੁੰਦਾ ਹੈ। ਉਹ
ਲਿਖਦੇ ਹਨ:
ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰ ।
ਤਿਸ ਬਿਨੁ ਦੂਸਰ ਕੋ ਨਹੀ ਏਕੈ ਸਿਰਜਨ ਹਾਰੁ।
ਕਬੀਰ ਜੀ ਮਹਾਰਾਜ ਨੇ ਆਪਣੀ ਰਚਨਾ 'ਚ ਇਹ ਹੀ ਸਮਝਾਉਣ ਦੀ ਕਿ ਮਨੁੱਖ ਦਾ ਅਸਲ ਘਰ
ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਹੈ ਇਸੇ ਲਈ ਉਹ ਕੁਝ ਇਸ ਤਰ੍ਹਾਂ ਬਿਆਨ ਕਰਦੇ
ਹਨ:
ਕਬੀਰ ਸੰਤ ਮੂਏ ਕਿਆ ਰੋਇਐ ਜੋ ਅਪਨੇ ਗ੍ਰਹਿ ਜਾਇ
ਰੋਵਤ ਸਾਕਤ ਬਪੁਰੇ ਜੋ ਹਾਟੈ ਹਾਟੈ ਬਿਕਾਇ ।
ਕਬੀਰ ਜੀ ਦੀ ਕਵਿਤਾ ਦੀ ਇੱਕ ਸੰਗੀਤਮਈ ਧੁੰਨ ਕੁਝ ਇਸ ਤਰ੍ਹਾਂਹੈ :-
ਮੋ ਕੋ ਕਹਾਂ ਢੂੰਡੇ ਰੇ ਬੰਦੇ , ਮੈਂ ਤੋਂ ਤੇਰੇ ਪਾਸ ਰੇ,
ਨਾ ਮੈ ਮੰਦਿਰ ਨ ਮੈਂ ਤੀਰਥ, ਨ ਕਾਬੇ ਕੈਲਾਸ਼ ਮੇਂ।
ਅਰਥਾਤ ਪ੍ਰਭੂ ਬਾਹਰੀ ਦੁਨੀਆਂ ਤੇ ਕਿਤੇ ਵੀ ਨਜ਼ਰੀ ਨਹੀਂ ਆਉਂਦਾ ਉਹ ਤਾਂ ਜੀਵ ਦੇ
ਆਪਣੇ ਅੰਦਰ ਹੀ ਸਮਾਇਆ ਹੋਇਆ ਹੈ। ਕਬੀਰ ਜੀ ਅਨੁਸਾਰ ਪ੍ਰਮਾਤਮਾ ਜੀਵ ਦੇ ਵਿਸ਼ਵਾਸ
ਵਿੱਚ ਹੀ ਵਸਿਆ ਹੋਇਆ ਹੈ ਬਸ ਇੱਕ ਵਾਰ ਹਿੰਮਤ ਕਰਕੇ ਆਪਣੇ ਅੰਦਰ ਝਾਤੀ ਮਾਰ ਕੇ ਉਸ
ਨੂੰ ਲੱਭਣ ਦੀ ਲੋੜ ਹੈ।
ਪਰਸ਼ੋਤਮ ਲਾਲ ਸਰੋਏ, ਮੋਬਾਇਲ ਨੰਬਰ- 92175-44348
ਪਿੰਡ- ਧਾਲੀਵਾਲ-ਕਾਦੀਆਂ, ਡਾਕਘਰ- ਬਸ਼ਤੀ-ਗੁਜ਼ਾਂ-ਜਲੰਧਰ- 144002 |