ਭਾਰਤ ਸਰਕਾਰ ਪਸ਼ੂ-ਪੰਛੀਆਂ ਆਦਿਕ ਦੇ ਕਾਤਲਾਂ ਨੂੰ ਤਾਂ ਸਜਾ ਦਿੰਦੀ ਹੈ ਪਰ ਧਰਮ
ਦੇ ਨਾਂ ਤੇ ਪਾਖੰਡ ਕਰਨ ਵਾਲੇ, ਥੋਥੇ ਕਰਮਕਾਂਡਾਂ ਰਾਹੀਂ, ਭੂਤਾਂ ਪ੍ਰੇਤਾਂ ਦਾ
ਹਊਆਂ ਖੜਾ ਕਰਨ ਵਾਲੇ ਜਿੱਥੇ ਲੋਕਾਂ ਨੂੰ ਲੁਟਦੇ ਹਨ ਓਥੇ ਮਸੂਮਾਂ ਅਤੇ ਗਰੀਬਾਂ ਨੂੰ
ਕੁੱਟ-ਕੁੱਟ ਕੇ ਉਨ੍ਹਾਂ ਦੀਆਂ ਬਲੀਆਂ ਵੀ ਲੈਂਦੇ ਹਨ। ਸਰਕਾਰ ਦੇ ਪਰਮੋਟਰ ਅਤੇ
ਸਪੋਟਰ ਸਾਧਾਂ ਅਤੇ ਤਾਂਤ੍ਰਿਕਾਂ ਦੇ ਡੇਰਿਆਂ ਬੇਗਾਨੇ ਬੱਚਿਆਂ ਦੀਆਂ ਬਲੀਆਂ ਦੇ ਕੇ
ਖੂਨ ਨਾਲ ਨਾਹ ਕੇ ਪੁੱਤਰ ਹੋਣ ਦੇ ਵਰ ਦੇਣ ਅਤੇ ਔਰਤਾਂ ਨੂੰ ਦੂਜਿਆਂ ਦੇ ਬੱਚੇ ਮਾਰਨ
ਲਈ ਉਕਸੌਣ ਵਾਲਿਆਂ ਨੂੰ ਸਜਾ ਕਿਉਂ ਨਹੀਂ ਦਿੰਦੀ ਜਾਂ ਰੋਕਦੀ?
ਅਗਸਤ ਮਹੀਨੇ ਦੇ ਆਖਰੀ ਹਫਤੇ ਪੰਜਾਬ ਦੇ ਇਤਿਹਾਸਕ ਪਿੰਡ ਭਿੰਡਰ ਕਲਾਂ ਵਿਖੇ
ਅਜਿਹੀ ਹੀ ਇੱਕ ਤਾਂਤ੍ਰਿਕ ਔਰਤ ਪਾਲੋ ਜੋ ਪਿੰਡ ਦੀ ਸਰਪੰਚਣੀ ਹੈ, ਨੇ ਪਿੰਡ ਮਨਾਵਾਂ
ਦੀ 10 ਸਾਲ ਦੀ ਮਸੂਮ ਬੱਚੀ ਵੀਰਪਾਲ ਕੌਰ ਨੂੰ ਭੂਤ ਕੱਢਣ ਦੇ ਬਹਾਨੇ ਗਰਮ ਚਮਟਿਆਂ
ਨਾਲ ਕੁੱਟ-ਕੁੱਟ ਅਤੇ ਪਿਆਸੀ ਨੂੰ ਤੜਫਾ-ਤੜਫਾ ਕੇ ਮਾਰ ਦਿੱਤਾ। ਪਿੰਡ ਦੇ ਲੋਕ
ਤਮਾਸ਼ਬੀਨ ਬਣ ਕੇ ਦੇਖਦੇ ਰਹੇ ਅਤੇ ਜ਼ਾਲਮ ਸਰਪੰਚਣੀ ਪਾਲੋ ਤਾਂਡਵ ਨਾਚ ਨਚਦੀ ਰਹੀ।
ਇੱਥੋਂ ਹੀ ਪਤਾ ਚਲਦਾ ਹੈ ਕਿ ਭਾਰਤ ਸਰਕਾਰ ਖਾਸ ਕਰਕੇ ਪੰਜਾਬ ਦੀ ਅਕਾਲੀ ਅਤੇ ਭਾਜਪਾ
ਸਰਕਾਰ ਜੋ ਆਪਣੇ ਆਪ ਨੂੰ ਧਰਮੀ ਵੀ ਅਖਵਾਂਦੀ ਹੈ ਜਨਤਾ ਲਈ ਕਿਨੀਕੁ ਸੁਹਿਰਦ ਹੈ ਜਿਸ
ਨੂੰ ਪੰਚਾਂ-ਸਰਪੰਚਾਂ ਦੀ ਵੀ ਸਹੀ ਚੋਣ ਨਹੀਂ ਕਰਨੀ ਆਉਂਦੀ, ਜਿਸ ਦੇ ਰਾਜ ਹਨੇਰ
ਸਾਂਈ ਦਾ! ਪੰਥ ਦੀਆਂ ਸਿਰਮੌਰ ਸਦਾਉਣ ਵਾਲੀਆਂ ਜਥੇਬੰਦੀਆਂ ਵੀ ਡੇਰੇਦਾਰ ਸਾਧਾਂ
ਸੰਤਾਂ ਨੂੰ ਮਾਨਤਾ ਦਿੰਦੀਆਂ ਹਨ। ਇਨ੍ਹਾਂ ਦੇ ਪ੍ਰਚਾਰਕ ਵੀ ਕਥਾ ਪ੍ਰਚਾਰ ਸਮੇਂ
ਅਖੌਤੀ ਭੂਤਾਂ ਪ੍ਰੇਤਾਂ ਦੀਆਂ ਮਨਘੜਤ ਕਥਾ ਕਹਾਣੀਆਂ ਸੁਣਾ ਕੇ ਸੰਗਤ ਵਿੱਚ ਵਹਿਮ
ਭਰਮ ਅਤੇ ਡਰ ਪੈਦਾ ਕਰਦੇ ਹਨ। ਹੋਰ ਤਾਂ ਹੋਰ ਹੁਣ ਤਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ
ਦਲ ਵੀ ਇਨ੍ਹਾਂ ਡੇਰੇਦਾਰਾਂ ਦੀਆਂ ਚੌਂਕੀਆਂ ਭਰਦੇ ਹਨ। ਵੋਟਾਂ ਖਾਤਰ ਸ੍ਰੋਮਣੀ
ਕਮੇਟੀ ਵਿੱਚ ਬਾਦਲ ਦਲ ਰਾਹੀਂ ਡੇਰੇਦਾਰ ਵੀ ਸ਼ਾਮਲ ਕਰ ਲਏ ਗਏ ਹਨ ਜੋ ਆਏ ਦਿਨ ਅਖੌਤੀ
ਦਸਮ ਗ੍ਰੰਥ ਚੋਂ ਖੂਨ ਪੀਣੀ ਮਹਾਂਕਾਲੀ, ਕਾਲਕਾ ਦੁਰਗਾ ਆਦਿਕ ਦੀਆਂ ਦੈਂਤਾਂ ਨਾਲ
ਲੜਾਈ ਦੀਆਂ ਬਾਤਾਂ ਪਾਉਂਦੇ ਨਹੀਂ ਥੱਕਦੇ। ਪੁਲੀਟੀਕਲ ਅਤੇ ਗਰਮ ਖਿਆਲੀ ਜਥੇਬੰਦੀਆਂ
ਵੀ ਧੜੇਬੰਦੀ ਅਤੇ ਗੋਲਕਾਂ ਦੀ ਲੜਾਈ ਵਿੱਚ ਉਲਝੀਆਂ ਰਹਿੰਦੀਆਂ ਹਨ।
ਪੰਜਾਬ ਜੋ ਗੁਰਾਂ ਦੇ ਨਾਂ ਤੇ ਵਸਦਾ ਸੀ ਅੱਜ ਡੇਰੇਦਾਰ ਸਾਧਾਂ, ਤਾਂਤਰਿਕਾਂ,
ਲਚਰ ਵਿਦਵਾਂਨ ਪ੍ਰਚਾਰਕ ਵੀ ਲਾਲਚ ਅਤੇ ਲਾਚਾਰੀ ਵੱਸ ਦੇਖ ਕੇ ਅਣਡਿੱਠ ਕਰੀ ਜਾ ਰਹੇ
ਹਨ ਪਰ ਫਿਰ ਵੀ ਸਿਆਣੇ ਕਹਿੰਦੇ ਹਨ ਕਿ ਬੀ ਨਾਸ ਨਹੀਂ ਹੁੰਦਾ। ਕੁਝ ਪੰਥਕ ਅਤੇ
ਮਿਸ਼ਨਰੀ ਪ੍ਰਚਾਰਕ ਗੁਰਬਾਣੀ ਦਾ ਸਿਧਾਂਤਕ ਪ੍ਰਚਾਰ ਕਰ ਰਹੇ ਹਨ। ਜਿਨ੍ਹਾਂ ਵਿੱਚੋਂ
ਭਾਈ ਸਤਪਾਲ ਸਿੰਘ ਫਤਹਿ ਮੀਡੀਏ ਵਾਲੇ ਵੀਰ ਇਕੱਲੇ ਵਿਅਕਤੀਗਤ ਤੌਰ ਤੇ ਸਿੱਖ ਸੰਗਤਾਂ
ਨੂੰ ਜਾਗ੍ਰਿਤ ਕਰ ਰਹੇ ਹਨ। ਕੌਮਾਂਤਰੀ ਪ੍ਰਚਰਕਾਂ ਅਤੇ ਪ੍ਰਮੁੱਖ ਗ੍ਰੰਥੀਆਂ ਵਿੱਚੋਂ
ਇੰਟ੍ਰਨੈਸ਼ਲ ਪ੍ਰਚਾਰਕ ਗ਼ਿ ਜਗਤਾਰ ਸਿੰਘ ਜਾਚਕ ਜੋ ਵਿਦੇਸ਼ ਅਮਰੀਕਾ ਵਿੱਚੋਂ ਜਾ ਕੇ
ਪਿੰਡਾਂ ਵਿੱਚ ਬਣਾ ਦਿੱਤੀਆਂ ਗਈਆਂ ਮੜ੍ਹੀਆਂ ਮੱਠਾਂ ਦੀ ਅਗਿਆਨ ਪੂਜਾ ਵੱਲੋਂ
ਸੰਗਤਾਂ ਨੂੰ ਜਾਗ੍ਰਿਤ ਕਰ ਰਹੇ ਹਨ। ਜੋ ਹੌਂਸਲਾ ਅਤੇ ਦਲੇਰੀ ਨਾਲ ਪਿੰਡ ਭਿੰਡਰ
ਕਲਾਂ ਵਿਖੇ ਪਿੰਡ ਵਾਸੀਆਂ ਨੂੰ ਗੁਰਮਤਿ ਦਾ ਹਲੂਣਾ ਦੇ ਕੇ ਭੂਤਾਂ ਅਤੇ ਖੂਨ ਪੀਣੀ
ਕਾਲੀ ਦੇਵੀ ਦੀਆਂ ਮੜ੍ਹੀਆਂ ਢਾਈਆਂ ਅਤੇ ਇੱਟਾਂ ਪੁੱਟ ਕੇ ਲੋਕਾਂ ਦਾ ਡਰ ਦੂਰ ਕੀਤਾ
ਹੈ ਉਹ ਆਪਣੀ ਮਿਸਾਲ ਆਪ ਹੈ। ਅਜਿਹੀਆਂ ਅੰਧ ਵਿਸ਼ਵਾਸ਼ੀ ਘਟਨਾਵਾਂ ਪੰਜਾਬ ਬਲਕਿ
ਸਮੁੱਚੇ ਭਾਰਤ ਵਿੱਚ ਬਹੁਤ ਹੋ ਰਹੀਆਂ ਹਨ ਜੋ ਮੀਡੀਏ ਵਿੱਚ ਨਹੀਂ ਆ ਰਹੀਆਂ। ਸਰਕਾਰ
ਦੇ ਝੋਲੀ ਚੁੱਕ ਲੋਕ ਪਰਦੇ ਪਿੱਛੇ ਕੁਕਰਮ ਕਰਕੇ ਛੁਪਵਾਈ ਜਾ ਰਹੇ ਹਨ। ਸੰਸਾਰ ਐਸ
ਵੇਲੇ ਇਕਵੀਂ ਸਦੀਂ ਪਾਰ ਕਰਦਾ ਅਗਾਂਹ ਵੱਧ ਰਿਹਾ ਹੈ ਪਰ ਭਾਰਤ ਤਾਂਤਰਿਕਾਂ,
ਯੋਤਸ਼ੀਆਂ ਅਤੇ ਅੰਧ ਵਿਸ਼ਵਾਸ਼ੀ ਸਾਧਾਂ ਮਗਰ ਲੱਗ ਕੇ ਰਸਾਤਲ ਵੱਲ ਜਾ ਰਿਹਾ ਹੈ।
ਭੁਤ ਦਾ ਅਰਥ ਹੈ ਬੀਤ ਗਿਆ, ਜੋ ਬੀਤ ਚੁੱਕਾ ਹੈ ਤੋਂ ਡਰਨਾਂ ਵਹਿਮ ਨਹੀਂ ਤਾਂ
ਹੋਰ ਕੀ ਹੈ? ਜਿਨ ਭੂਤ ਪ੍ਰੇਤ ਕਲਪਿਤ ਕਹਾਣੀਆਂ ਹਨ ਜੋ ਇਸਲਾਮ ਚੋਂ ਹਿੰਦੂਆਂ ਅਤੇ
ਹਿੰਦੂਆਂ ਚੋਂ ਭਗਵੇ ਸਾਧਾਂ-ਸੰਪ੍ਰਦਾਈਆਂ ਰਾਹੀਂ ਸਿੱਖਾਂ ਵਿੱਚ ਵੀ ਘਸੋੜ ਦਿੱਤੀਆਂ
ਗਈਆਂ ਹਨ। ਗੁਰਬਾਣੀ ਤਾਂ ਪੁਕਾਰ-ਪੁਕਾਰ ਕੇ ਕਹਿ ਰਹੀ ਹੈ ਕਿ - ਕਲਿ ਮਹਿ ਪ੍ਰੇਤ
ਜਿਨ੍ਹੀ ਰਾਮ ਨਾ ਪਛਾਤਾ॥ ਭਾਵ ਪ੍ਰੇਤ ਉਹ ਹਨ ਜੋ ਸਰੀਰਕ ਤੌਰ ਤੇ ਜੀਂਦੇ ਹੋਏ
ਰਮੇ ਹੋਏ ਸਰਬਨਿਵਾਸੀ ਰਾਮ ਨੂੰ ਪਛਾਣ (ਜਾਣ) ਨਹੀਂ ਰਹੇ ਸਗੋਂ ਠੱਗ ਅਤੇ ਕਾਤਲ
ਤਾਂਤ੍ਰਿਕਾਂ ਦੇ ਢਹੇ ਚੜ੍ਹ ਕੇ ਆਪਣਾਂ ਅਤੇ ਹੋਰਨਾਂ ਦਾ ਅਮੋਲਕ ਜੀਵਨ ਬਰਬਾਦ ਕਰ
ਰਹੇ ਹਨ। ਗੁਰਬਾਣੀ ਨੇ ਭੂਤਾਂ ਬਾਰੇ ਵੀ ਬੜਾ ਸ਼ਪੱਸ਼ਟ ਚਾਨਣਾ ਪਾਇਆ ਹੈ - ਕਬੀਰ
ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ ਭੂਤ
ਬਸਹਿ ਤਿਨ ਮਾਹਿ॥(192) (1374) ਭਾਵ ਜਿਨ੍ਹਾਂ ਘਰਾਂ ਵਿੱਚ ਸਾਧ ਗੁਰੂ ਨੂੰ
ਲੋਕ ਨਹੀਂ ਸੇਂਵਦੇ ਅਤੇ ਹਰੀ ਪ੍ਰਮਾਤਮਾਂ ਸੇਵਾ ਸਿਮਰਤੀ ਭਾਵ ਯਾਦ ਨਹੀਂ ਹੈ ਉਹ ਘਰ
ਮੜ੍ਹੀਆਂ ਸਮਾਨ ਹਨ ਅਤੇ ਉਨ੍ਹਾਂ ਵਿੱਚ ਵੱਸਣ ਵਾਲੇ ਅਖੌਤੀ ਭੂਤ ਹਨ। ਭਾਵ
ਪ੍ਰਮਾਤਮਾਂ ਨੂੰ ਭੁੱਲ ਕੇ, ਕੁਰਾਹੇ ਪਏ ਹੋਏ ਲੋਕ ਹੀ ਭੂਤ ਹਨ। ਸੋ ਭਿੰਡਰ ਕਲਾਂ
ਪਿੰਡ ਦੀ ਸਰਪੰਚਨੀ ਪਾਲੋ ਅਤੇ ਉਸ ਦੇ ਸਾਥੀ ਅਤੇ ਪਿਛਲੱਗ ਲੋਕ ਜ਼ਾਹਰਾ ਭੂਤ ਹਨ
ਜਿਨ੍ਹਾਂ ਨੇ ਮਸੂਮ ਬੱਚੀ ਵੀਰਪਾਲ ਕੌਰ ਨੂੰ ਬੜੀ ਬੇਦਰਦੀ ਨਾਲ ਕੁੱਟ-ਕੁੱਟ ਅਤੇ
ਕੋਹ-ਕੋਹ ਕੇ ਮਾਰਿਆ ਹੈ। ਅਜਿਹੀਆਂ ਅਨੇਕਾਂ ਘਟਨਾਵਾਂ ਭਾਰਤ ਵਿੱਚ ਆਏ ਦਿਨ ਹੁੰਦੀਆਂ
ਹਨ ਅਤੇ ਸਰਕਾਰ ਇਨ੍ਹਾਂ ਨੂੰ ਰੋਕਦੀ ਨਹੀਂ ਇਸ ਕਰਕੇ ਛੱਕ ਪੈਦਾ ਹੁੰਦਾ ਹੈ ਕਿ ਕੀ
ਭਾਰਤ ਸਰਕਾਰ ਨੇ ਜਾਦੂ ਟੂਣਿਆਂ, ਭੂਤਾਂ-ਪ੍ਰੇਤਾਂ ਅਤੇ ਵਹਿਮਾਂ-ਭਰਮਾਂ ਰਾਹੀਂ
ਮਸੂਮਾਂ ਨੂੰ ਮਾਰਨ ਦੇ ਪੰਚਾਂ-ਸਰਪੰਚਾਂ ਅਤੇ ਸਾਧਾਂ-ਸੰਤਾਂ ਨੂੰ ਪ੍ਰਮਟ ਦਿੱਤੇ ਹੋਏ
ਹਨ? ਆਓ ਪ੍ਰਣ ਕਰੀਏ ਕਿ ਜਗਤਾਰ ਸਿੰਘ ਜਾਚਕ ਅਤੇ ਵੀਰ ਸਤਪਾਲ ਸਿੰਘ ਵਾਂਗ ਘੱਟ ਤੋਂ
ਘੱਟ ਪੰਜਾਬ ਦੇ ਪਿੰਡਾਂ ਵਿੱਚੋਂ ਜਿੱਥੇ ਵੀ ਕਿਤੇ ਮੜ੍ਹੀਆਂ ਮੱਟਾਂ ਅਤੇ ਖੂਣ ਪੀਣੀ
ਮੰਨੀ ਗਈ ਕਾਲੀ ਦੇ ਪਖੰਡੀਆਂ ਨੇ ਥੜੇ ਡੇਰੇ ਆਦਿਕ ਕਤਲਗਾਹ ਅਸਥਾਂਨ ਬਣਾਏ ਹੋਏ ਹਨ
ਉਨ੍ਹਾਂ ਨੂੰ ਪਿੰਡਾਂ ਦੀਆਂ ਸੰਗਤਾਂ ਨੂੰ ਜਾਗ੍ਰਿਤ ਕਰਕੇ ਉਨ੍ਹਾਂ ਦੇ ਹੀ ਸਹਿਯੋਗ
ਨਾਲ ਪੁੱਟ ਕੇ ਗੁਰੂਆਂ-ਭਗਤਾਂ ਅਤੇ ਸੂਰਬੀਰ ਬਹਾਦਰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ
ਲਈ ਹਰਵੇਲੇ ਤਤਪਰ ਹੁੰਦੇ ਹੋਏ ਮੜ੍ਹੀਆਂ ਮੱਟਾਂ ਕਾਲੀ ਦੇ ਥੜੇ ਆਦਿਕ ਅਖੌਤੀ ਭੂਤਾਂ
ਪ੍ਰੇਤਾਂ ਦੇ ਅੱਡੇ ਨਹੀਂ ਬਣਨ ਦਿਆਂਗੇ! ਭਾਰਤ ਸਰਕਾਰ ਨੂੰ ਵੀ ਅਰਜ ਹੈ ਕਿ ਜਨਤਾ
ਅਤੇ ਦੇਸ਼ ਭਲਾਈ ਖਾਤਰ ਅਜਿਹੇ ਸਾਧਾਂ-ਸੰਤਾਂ ਸੰਪ੍ਰਦਾਈਆਂ, ਮਕਾਰ ਲੀਡਰਾਂ ਭੂਤ
ਕੱਢਣੇ ਪਿੰਡ ਭਿੰਡਰ ਕਲਾਂ ਦੀ ਪਾਲੋ ਵਰਗੇ ਪੰਚਾਂ-ਸਰਪੰਚਾਂ ਨੂੰ ਫੌਰੀ ਨੱਥ ਪਾਈ
ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ। ਇਨਸਾਫ ਲਈ ਗੁਰਸਿੱਖ
ਪ੍ਰਚਾਰਕ ਹੋਣ ਦੇ ਨਾਤੇ "ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ" ਦਾ
ਹੋਕਾ ਤੇ ਸੰਦੇਸ਼ ਦਿੰਦੇ ਰਹਿਣਾ ਸਾਡਾ ਫਰਜ਼ ਹੈ।
ਅਵਤਾਰ ਸਿੰਘ ਮਿਸ਼ਨਰੀ
(5104325827)
singhstudent@gmail.com
01/09/2012
|