ਗੁਰਦੁਆਰਿਆਂ ਵਿੱਚ ਬਹੁ ਪੱਖੀ ਰੱਬੀ ਗਿਆਨ ਦੇ ਭੰਡਾਰ ਸ਼ਬਦ ਗੁਰੂ “ਗੁਰੂ ਗ੍ਰੰਥ
ਸਾਹਿਬ” ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਗੁਰਦੁਆਰੇ ਸਰਬ ਸਾਂਝੇ ਧਰਮ ਅਸਥਾਨ, ਧਰਮ
ਵਿਦਿਆ ਦੇ ਕੇਂਦਰ, ਬਾਬਾਣੀਆਂ ਕਹਾਣੀਆਂ ਦੇ ਪ੍ਰਚਾਰ ਦੀਆਂ ਸਟੇਜਾਂ, ਭੁੱਖਿਆਂ
ਪਿਆਸਿਆਂ ਲਈ (ਲੰਗਰ) ਭੋਜਨ ਪਾਣੀ ਦੇ ਭੰਡਾਰ, ਰਾਹੀ ਪਾਂਧੀ ਅਥਿਤੀਆਂ ਲਈ ਰੈਣ
ਬਸੇਰਾ, ਲੋੜਵੰਦਾਂ ਲਈ ਖਜ਼ਾਨੇ, ਵਿਦਿਆਰਥੀਆਂ ਲਈ ਉੱਤਮ ਸਕੂਲ, ਰੋਗੀਆਂ ਲਈ
ਦਵਾਖਾਨੇ, ਊਚ-ਨੀਚਤਾ ਦੇ ਭੇਦ ਮੇਟਣ, ਰਾਣਾ ਰੰਕ ਬਰਾਬਰੀ ਦੇਣ ਅਤੇ ਸੰਤ ਸਿਪਾਹੀਆਂ
ਦੀ ਸਿਖਿਆ ਦੇ ਸਰਬ ਸਾਂਝੇ ਧਰਮ ਅਸਥਾਨ ਹਨ। ਅਜਿਹੇ ਸਾਰੇ ਗੁਰਦੁਆਰਿਆਂ ਵਿੱਚ
ਸੱਚੇ-ਸੁੱਚੇ ਗਿਆਨ ਦੇ ਭੰਡਾਰ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਜੀ ਦੀ ਪ੍ਰਮੁੱਖਤਾ
ਹੀ ਹੋਣੀ ਚਾਹੀਦੀ ਹੈ ਪਰ ਕੀ ਅੱਜ ਗੁਰਦੁਆਰਿਆਂ ਵਿੱਚ ਪ੍ਰਮੁੱਖ, ਪ੍ਰਧਾਨ ਜਾਂ
ਪ੍ਰਬੰਧਕ, ਧੜੇਬੰਦੀ ਅਤੇ ਡੇਰੇਦਾਰ ਸਾਧ-ਸੰਤ ਨਹੀਂ? ਗੁਰੂ ਦੀ ਥਾਂ ਪ੍ਰਧਾਨ ਅਤੇ
ਡੇਰੇਦਾਰ ਦੀ ਕਹੀ ਗੱਲ ਹੀ ਕਿਉਂ ਮੰਨੀ ਜਾਂਦੀ ਹੈ? ਇਸ ਦਾ ਪ੍ਰਤੱਖ ਪ੍ਰਮਾਣ
ਗੁਰਦੁਆਰਿਆਂ ਵਿੱਚ ਪੰਥਕ “ਸਿੱਖ ਰਹਿਤ ਮਰਯਾਦਾ” ਦੀ ਬਜਾਏ ਡੇਰੇਦਾਰ ਸੰਪ੍ਰਦਾਈ
ਮਰਯਾਦਾ ਹੀ ਧੱਕੇ ਨਾਲ ਚਲਾਈ ਜਾਂਦੀ ਹੈ।
ਅੱਜ ਵੇਖਣ ਵਿੱਚ ਆ ਰਿਹਾ ਹੈ ਕਿ ਜਿਸ ਮਕਸਦ ਲਈ ਗੁਰਦੁਆਰੇ ਬਣਾਏ ਗਏ ਸਨ ਉਹ
ਅਲੋਪ ਹੋ ਰਿਹਾ ਹੈ। ਜਰਾ ਪੁਰਾਤਨ ਇਤਿਹਾਸ ਵੱਲ ਨਿਗ੍ਹਾ ਮਾਰੋ ਅਤੇ ਪੜ੍ਹੋ ਤਾਂ
ਦੇਖੋਗੇ ਕਿ ਰੱਬੀ ਭਗਤਾਂ ਅਤੇ ਗੁਰੂਆਂ ਨੇ ਸਧਾਰਨ ਧਰਮਸ਼ਾਲਾਂ ਬਣਾਈਆਂ, ਸਤਸੰਗ ਲਈ
ਸੰਗਤਾਂ ਪੈਦਾ ਕੀਤੀਆਂ ਅਤੇ ਕਈ ਵਾਰ ਰੁੱਖਾਂ ਥੱਲੇ ਵੀ ਜਨਤਾ ਨੂੰ ਰੱਬੀ ਉਪਦੇਸ਼ ਦੇ
ਕੇ ਅਗਿਆਨਤਾ ਚੋਂ ਕੱਢਿਆ। ਇਸ ਰੱਬੀ ਗਿਆਨ ਨੂੰ ਵੰਡਣ ਵਾਸਤੇ ਸੰਗਤਾਂ ਦੇ ਕਾਫਲੇ
ਪੈਦਾ ਕੀਤੇ। ਭਗਤ ਅਤੇ ਗੁਰੂ ਸਹਿਬਾਨ ਜਿੱਥੇ ਵੀ ਜਾਂਦੇ ਖਾਲਕ ਅਤੇ ਖਲਕਤ ਨਾਲ ਪਿਆਰ
ਦੀ ਗੱਲ ਕਰਦੇ ਹੋਏ, ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਹੀ ਉਪਦੇਸ਼ ਦਿੰਦੇ।
ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ (745) ਦਾ ਉਪਦੇਸ਼ ਦੇਣ ਵਾਲੇ ਭਗਤ ਅਤੇ ਗੁਰੂ
ਸਾਹਿਬਾਨ ਆਲੀਸ਼ਾਨ ਬਿਲਡਿੰਗਾਂ ਉੱਤੇ ਕੌਮ ਦਾ ਪੈਸਾ ਬਰਬਾਦ ਕਰਨ ਦੀ ਥਾਂ, ਥੋਥੇ
ਕਰਮਕਾਂਡ ਅਤੇ ਨੱਕ ਰੱਖਣ ਵਾਲੇ ਝੂਠੇ ਵਿਖਾਵਿਆਂ ਨੂੰ ਛੱਡਣ ਦਾ ਉਪਦੇਸ਼ ਦਿੰਦੇ ਸਨ।
ਕਿਸੇ ਸ਼ਖਸ਼ੀਅਤ ਮਗਰ ਲੱਗਨ ਨਾਲੋਂ ਸਦੀਵੀ ਸ਼ਬਦ ਗੁਰੂ (ਰੱਬੀ ਗਿਆਨ) ਦੇ ਲੜ ਲੱਗਣ ਦਾ
ਪ੍ਰਚਾਰ ਕਰਦੇ ਹੋਏ, ਲੋੜਵੰਦਾਂ ਨੂੰ ਕੰਮ ਅਤੇ ਵਿਹਲੜਾਂ ਨੂੰ ਕਿਰਤ ਕਰਨ ਦਾ ਉਪਦੇਸ਼
ਦਿੰਦੇ ਸਨ। ਬ੍ਰਾਹਮਣ ਵਾਂਗ ਧਰਮ ਪੁਸਤਕਾਂ ਦੇ ਪਾਠਾਂ ਦੀਆਂ ਲੜੀਆਂ ਚਲਾ ਕੇ ਲੁਟਣ
ਦੀ ਸਿਖਿਆ ਤੋਂ ਵਰਜਦੇ ਸਨ।
ਅੱਜ ਗੁਰਦੁਆਰਿਆਂ ਵਿੱਚ ਕਿਨ੍ਹਾਂ ਦੀ ਪ੍ਰਮੁੱਖਤਾ ਹੈ? ਉੱਤਰ ਹੈ ਮਾਇਆਧਾਰੀ
ਚੌਧਰੀਆਂ, ਡੇਰੇਦਾਰ ਸਾਧਾਂ-ਸੰਤਾਂ, ਧੜੇਬੰਦੀਆਂ, ਗਿਣਤੀ-ਮਿਣਤੀ ਦੇ ਲੜੀ ਦੇ
ਪਾਠਾਂ, ਦੁਵੱਲੀ ਕਮਾਈ ਵਾਲੇ ਮਹਿੰਗੇ ਕੀਰਤਨ ਦਰਬਾਰਾਂ, ਅਖੌਤੀ ਸੰਤਾਂ, ਪ੍ਰਬੰਧਕਾਂ
ਅਤੇ ਭਾਈ ਬੰਦਾਂ ਦੇ ਗੁਰੂ ਨਾਲੋਂ ਵੱਧ ਗੁਣ ਗੌਣ ਵਾਲੇ ਕਮਰਸ਼ੀਅਲ ਕਥਾਵਾਚਕ
ਪ੍ਰਚਾਰਕਾਂ, ਜੀ-ਹਜੂਰੀ ਕਰਦੇ ਪ੍ਰਬੰਧਕਾਂ ਦੇ ਅੱਗੇ ਪਿੱਛੇ ਭੱਜੇ ਫਿਰਨ ਵਾਲੇ
ਰਾਗੀ, ਗ੍ਰੰਥੀ, ਮਨੇਜਰ ਅਤੇ ਸੇਵਾਦਾਰ ਲਾਂਗਰੀਆਂ। ਗੁਰੂਆਂ ਭਗਤਾਂ ਦੀਆਂ ਨਕਲੀ
ਤਸਵੀਰਾਂ, ਰੰਗ ਬਿਰੰਗੇ ਮਹਿੰਗੇ ਰੁਮਾਲਿਆਂ, ਗੁਰਬਾਣੀ ਦੇ ਪਵਿਤਰ ਪਤਰੇ ਸਿਲ੍ਹੇ
ਕਰਨ ਵਾਲੇ ਏਅਰਕੰਡੀਸ਼ਨਾਂ, ਸੁੱਚ-ਭਿਟ, ਛੂਆਂ ਛਾਤ, ਊਚ-ਨੀਚ, ਜਾਤ-ਪਾਤੀ ਗੋਤਾਂ,
ਵਹਿਮਾਂ ਭਰਮਾਂ, ਅਨਮਤੀ ਤਿਉਹਾਰਾਂ ਜਿਵੇਂ ਮਸਿਆ, ਪੁੰਨਿਆਂ, ਪੰਚਕਾਂ, ਲੋਹੜੀ,
ਦਿਵਾਲੀ, ਦਸਹਿਰਾ, ਚੰਗੇ ਮੰਦੇ ਦਿਨ, ਸੰਗਰਾਂਦਾਂ, ਆਰਤੀਆਂ, ਕੁੰਭ ਨਾਰੀਅਲਾਂ,
ਮੌਲੀਆਂ, ਰੱਖੜੀਆਂ, ਦਸਵੀਆਂ, 108 ਡੇਰੇਦਾਰ ਸੰਪ੍ਰਦਾਈ ਸੰਤਾਂ ਦੀਆਂ ਬਰਸੀਆਂ,
ਮਰਿਆਂ ਦੇ ਵਰੀਣੇ, ਜਨਮ ਪੱਤਰੀਆਂ, ਆਪੂੰ ਬਣਾਈਆਂ ਗੁੜਤੀਆਂ, ਵਿਆਹ ਵੇਲੇ ਲਗਨ ਸ਼ਗਨ
ਸਾਹੇ ਕਢਾਉਣ, ਮੌਤ ਉਪਰੰਤ ਰੋਣ ਅਤੇ ਮੁਕਤੀ ਲਈ ਮੁਰਦੇ ਦੀਆਂ ਹੱਡੀਆਂ ਹਰਿਦੁਆਰ ਦੀ
ਥਾਂ ਪਤਾਲਪੁਰੀ (ਕੀਰਤਪੁਰ) ਪੌਣ (ਪ੍ਰਵਾਹ ਕਰਨ), ਆਪ ਗੁਰਬਾਣੀ ਦਾ ਪਾਠ ਵਿਚਾਰ
ਕਰਕੇ, ਉਸ ਅਨੁਸਾਰ ਜੀਵਨ ਜੀਅਨ ਦੀ ਥਾਂ, ਭਾਰ ਲ੍ਹਾਉਣ ਵਾਂਗ, ਭਾੜੇ ਦੇ ਪਾਠੀਆਂ
ਕੋਲੋਂ ਪਾਠ ਕਰਾਉਣ, ਸੰਗਤ ਵਿੱਚ ਸਿਧ ਗੋਸਟ ਦੀ ਪ੍ਰਤੀਕ ਵਿਚਾਰ ਚਰਚਾ ਦੀ ਥਾਂ ਪੰਡਤ
ਪ੍ਰੋਹਿਤ ਵਾਂਗ ਇਕੱਲੇ ਕਥਾਕਾਰ ਜਾਂ ਅਖੌਤੀ ਸੰਤ ਦੇ ਲਗਾਤਾਰ ਬੋਲੀ ਜਾਣ, ਸੰਗਤ ਦੇ
ਸ਼ੰਕੇ ਨਵਿਰਤ ਨਾਂ ਕਰਨ, ਬਗਲੇ ਵਾਂਗ ਅੱਖਾਂਮੀਟੀ ਸਿਮਰਨ, ਗੁਰਬਾਣੀ ਸਿੱਖਣ ਸਿਖਾਉਣ
ਦੀ ਥਾਂ ਕੇਵਲ ਭਾੜੇ ਦੇ ਪਾਠ ਕਰੀ ਕਰਾਈ ਜਾਣ, ਲਾਇਬ੍ਰੇਰੀਆਂ ਦੀ ਥਾਂ ਕੇਵਲ ਪਿਕਚਰ
ਗੈਲਰੀਆਂ ਆਦਿਕ ਦੀ ਪ੍ਰਮੁੱਖਤਾ ਵਧਦੀ ਜਾ ਰਹੀ ਹੈ।
ਦੇਖੋ! ਗੁਰਦੁਆਰੇ ਵਿੱਚ ਸਰਬ ਪ੍ਰਮੁੱਖ ਹੋਣੇ ਚਾਹੀਦੇ ਹਨ ਪ੍ਰਥਮ ਸ਼ਬਦ ਗੁਰੂ
“ਗੁਰੂ ਗ੍ਰੰਥ ਸਾਹਿਬ”, ਦੂਜਾ “ਸਿੱਖ ਰਹਿਤ ਮਰਯਾਦਾ”, ਤੀਜਾ ਲੰਗਰ ਤੇ ਨਿਸ਼ਾਨ,
ਚੌਥਾ ਅਸਲੀ ਨਾਨਕਸ਼ਾਹੀ ਕੈਲੰਡਰ ਅਤੇ ਪੰਜਵਾਂ ਸਾਬਤ-ਸੂਰਤ ਸਿੱਖੀ-ਸਰੂਪ ਪਰ ਅੱਜ ਇਸ
ਦੇ ਉਲਟ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਦੇ ਨਾਲ ਹੋਰ-ਹੋਰ ਗ੍ਰੰਥ ਅਤੇ ਪੋਥੀਆਂ,
ਸਿੱਖ ਰਹਿਤ ਮਰਯਾਦਾ ਦੀ ਥਾਂ ਡੇਰਿਆਂ ਅਤੇ ਟਕਸਾਲਾਂ ਦੀ ਮਰਯਾਦਾ, ਸਾਦੇ ਲੰਗਰ ਦੀ
ਥਾਂ ਤਰ੍ਹਾਂ-ਤਰ੍ਹਾਂ ਦੇ ਮਹਿੰਗੇ ਪਕਵਾਨ, ਅਕਾਲ ਦੀ ਪੂਜਾ ਦੀ ਥਾਂ ਨਿਸ਼ਾਨ ਦੀ ਧੂਪ,
ਦੁੱਧ ਅਤੇ ਮੱਥਾ ਟੇਕ ਪੂਜਾ, ਅਸਲੀ ਨਾਨਕਸ਼ਾਹੀ ਕੈਲੰਡਰ ਦੀ ਥਾਂ ਧੁੰਮੇ ਅਤੇ ਮੱਕੜ
ਦਾ ਵਿਗਾੜਿਆ ਹੋਇਆ ਧੁਮੰਕੜ ਕੈਲੰਡਰ, ਗੁਰ ਪੁਰਬਾਂ ਦੀ ਥਾਂ ਕਮਰਸ਼ੀਅਲ ਮੇਲੇ, ਜੋ
ਗੁਰੂ ਉਪਦੇਸ਼ ਲੈਣ ਦੀ ਥਾਂ ਪਦਾਰਥੀ ਖਰੀਦੋ-ਫਰੋਕਤ ਤੱਕ ਹੀ ਸੀਮਤ ਰਹਿ ਜਾਂਦੇ ਹਨ।
ਸਾਧ ਸੰਗਤ ਜੀ! ਜੇ ਕਿਤੇ ਚੰਗੇ ਭਾਗਾਂ ਨੂੰ “ਗੁਰੂ ਗ੍ਰੰਥ ਸਾਹਿਬ” ਨੂੰ
ਪ੍ਰਮੁੱਖਤਾ ਦਿੱਤੀ ਜਾਵੇ ਤਾਂ ਅਜੋਕੀਆਂ ਧੜੇਬੰਦੀਆਂ ਅਤੇ ਆਪਸੀ ਪਾ ਜਾਂ ਪਵਾ
ਦਿੱਤੀਆਂ ਗਈਆਂ ਦੂਰੀਆਂ ਮਿਟ ਸਕਦੀਆਂ ਹਨ। ਪ੍ਰਬੰਧਕ, ਬਾਬੇ ਅਤੇ ਪ੍ਰਚਾਰਕ ਗੁਰੂ ਦੇ
ਸੇਵਕ ਬਣ ਕੇ, ਹਰ ਵੇਲੇ ਅਤੇ ਹਰ ਗੱਲੇ “ਗੁਰੂ ਗ੍ਰੰਥ ਸਾਹਿਬ” ਨੂੰ ਪ੍ਰਮੁੱਖਤਾ
ਦਿੰਦੇ ਹੋਏ ਹੁਕਮ ਤੇ ਮਰਯਾਦਾ ਗੁਰੂ ਦੀ ਮੰਨਣ ਤਾਂ ਪੰਥ ਚੜ੍ਹਦੀਆਂ ਕਲਾਂ ਵਿੱਚ ਜਾ
ਸਕਦਾ ਹੈ। ਇਸ ਕਰਕੇ ਗੁਰਦੁਆਰਿਆਂ ਵਿੱਚ ਪ੍ਰਬੰਧਕਾਂ, ਬਾਬਿਆਂ ਅਤੇ ਰਾਗੀਆਂ
ਗ੍ਰੰਥੀਆਂ ਦੀ ਥਾਂ ਵਿਸ਼ੇਸ਼ ਪ੍ਰਮੁੱਖਤਾ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਅਤੇ ਗੁਰੂ
ਸਾਹਿਬਾਂਨ ਦੇ ਸਿਧਾਂਤਾਂ ਦੀ ਹੋਣੀ ਚਾਹੀਦੀ ਹੈ ਅਤੇ ਪ੍ਰਬੰਧਕ ਪੜ੍ਹੇ ਲਿਖੇ
ਵਿਦਵਾਂਨ, ਸਾਦ ਮੁਰਾਦੇ, ਮਿਠ ਬੋਲੜੇ, ਸੇਵਾ ਭਾਵਨਾਂ ਵਾਲੇ, ਸ਼ੁਭ ਗੁਣਾਂ ਦੇ ਧਾਰਨੀ
ਗੁਣਗ੍ਰਾਹੀ, ਸੰਤ ਸਿਪਾਹੀ ਬਿਰਤੀ ਵਾਲੇ ਹਸਮੁਖ ਅਤੇ ਪ੍ਰਉਪਕਾਰੀ ਹੋਣੇ ਚਾਹੀਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪ੍ਰਮੁਖਤਾ ਬਾਰੇ ਸ਼ਬਦ ਮੋਹਰ ਹੈ-ਸਭਸੈ ਊਪਰਿ
ਗੁਰ ਸ਼ਬਦੁ ਵੀਚਾਰੁ॥ (904) ਜੇ ਉੱਪਰ ਕੀਤੀ ਗਈ ਵਿਚਾਰ-ਚਰਚਾ ਵੱਲ ਆਪਾਂ ਗਹੁ ਨਾਲ
ਵਿਚਾਰ ਕਰੀਏ ਤਾਂ ਆਪਣੇ ਆਪ ਪਤਾ ਚੱਲ ਜਾਵੇਗਾ ਕਿ ਗੁਰਦੁਆਰਿਆਂ ਵਿੱਚ ਮੇਲੇ ਨਹੀਂ
ਸਗੋਂ ਗੁਰ-ਪੁਰਬ ਗੁਰ ਮਰਯਾਦਾ ਨਾਲ ਮਨਾਏ ਜਾਂਦੇ ਹਨ ਅਤੇ ਗੁਰਦੁਆਰਿਆਂ ਵਿੱਚ
ਪ੍ਰਮੁੱਖਤਾ ਪ੍ਰਬੰਧਕਾਂ ਦੀ ਥਾਂ ਜੁਗੋ ਜੁੱਗ ਅਟੱਲ ਰੱਬੀ ਗਿਆਨ ਦੇ ਭੰਡਾਰ “ਗੁਰੂ
ਗ੍ਰੰਥ ਸਾਹਿਬ” ਜੀ ਦੀ ਹੀ ਹੋਣੀ ਚਾਹੀਦੀ ਹੈ।
ਅਵਤਾਰ ਸਿੰਘ ਮਿਸ਼ਨਰੀ
(5104325827)
singhstudent@gmail.com
28/10/2012
|