ਜਦ
ਤੋਂ ਵੀ ਇਸ ਦੁਨੀਆਂ ਦੀ ਜਾਂ ਸ਼੍ਰਿਸ਼ਟੀ ਦੀ ਉਤਪਤੀ ਹੋਈ ਹੈ, ਇਸ ਸ਼੍ਰਿਸ਼ਟੀ ਨੂੰ
ਕੰਟਰੋਲ ਕਰਨ ਲਈ ਤਿੰਨ ਦੈਵੀ ਸ਼ਕਤੀ ਵੀ ਉਤਪੰਨ ਹੋਈਆਂ ਹਨ। ਇਹਨਾਂ ਤਿੰਨਾਂ ਦੈਵੀ
ਸ਼ਕਤੀਆਂ ਦਾ ਇਸ ਪੂਰੀ ਸ਼੍ਰਿਸ਼ਟੀ ਤੇ ਆਪਣਾ ਪੂਰਾ ਪੂਰਾ ਕੰਟਰੋਲ ਹੈ। ਇਹਨਾਂ ਤਿੰਨਾਂ
ਸ਼ਕਤੀਆਂ ਵਿੱਚੋਂ ਇੱਕ ਸ਼ਕਤੀ ਦੂਨੀਆਂ ਜਾਂ ਸ਼੍ਰਿਸ਼ਟੀ ਨੂੰ ਬਣਾਉਣ ਵਾਲੀ, ਦੂਜੀ ਦੈਵੀ
ਸ਼ਕਤੀ ਦੁਨੀਆਂ ਨੂੰ ਚਲਾਉਣ ਵਾਲੀ ਤੇ ਤੀਜੀ ਸ਼ਕਤੀ ਦੁਨੀਆਂ ਨੂੰ ਨਾਸ਼ ਕਰ ਕੇ ਆਪਣੇ
ਵਿੱਚ ਵਾਪਸ ਲੀਨ ਕਰਨ ਵਾਲੀ ਹੈ। ਇਹ ਤਿੰਨ ਦੈਵੀ ਸ਼ਕਤੀਆਂ ਹਨ
- ਬ੍ਰਹਮਾਂ, ਜੋ ਦੁਨੀਆਂ ਦੀ ਉਤਪਤੀ ਕਰਦੇ
ਹਨ, ਦੂਜੇ ਬਿਸ਼ਨੂੰ ਜੀ, ਜੋ ਦੁਨੀਆਂ ਚਲਾ ਰਹੇ ਹਨ ਤੇ ਤੀਜੇ ਮਹੇਸ਼ ਜੀ ਭਾਵ ਭੋਲੇ
ਨਾਥ- ਸ਼ਿਵਜੀ ਮਹਾਰਾਜ ਜੀ ਜੋ ਕਿ ਦੁਨੀਆਵੀ ਆਤਮਾਵਾਂ ਦੀ ਮੁਨਿਆਦ ਖ਼ਤਮ ਹੋਣ ਤੋਂ
ਬਾਅਦ ਵਿੱਚ ਵਾਪਸ ਆਪਣੇ ਵਿੱਚ ਲੀਨ ਕਰਨ ਦਾ ਕੰਮ ਕਰਦੇ ਹਨ। ਫਿਰ ਕੋਈ ਨਾ ਕੋਈ ਨਵੀਂ
ਉਤਪਤੀ ਹੁੰਦੀ ਹੈ, ਉਹ ਆਪਣੇ ਸਮੇਂ ਕਾਲ ਚਲਦੀ ਹੈ ਤੇ ਵਾਪਸ ਪ੍ਰਮਾਤਮਾਂ ਵਿੱਚ ਲੀਨ
ਹੋ ਜਾਂਦੀ ਹੈ।
ਪ੍ਰਮਾਤਮਾ ਤੋ ਭਾਵ ਹੈ ਪਰਮ ਆਤਮਾ। ਭਾਵ ਕਦੇ ਨਾ ਖ਼ਤਮ ਹੋਣ ਵਾਲੀ। ਇਹ ਦਾ ਕੋਈ
ਅੰਤ ਨਹੀਂ ਪਾਇਆ ਜਾ ਸਕਦਾ ਹੈ। ਇਸ ਬਾਬਤ ਇਹ ਵੀ ਕਿਹਾ ਗਿਆ ਹੈ- ਤੂੰ ਦਰਆਉ ਦਾਨਾ
ਬੀਨਾ, ਮੈਂ ਮਛਲੀ ਕੈਸੇ ਅੰਤ ਲਹਾ॥ ਭਾਵ ਪ੍ਰਮਾਤਮਾ ਇੱਕ ਵਿਸ਼ਾਲ ਸਮੁੰਦਰ ਵਾਂਗ ਹੈ
ਜਿਸ ਦਾ ਕੋਈ ਅੰਤ ਜਾਂ ਪਾਰਾ ਬਾਰਾ ਨਹੀਂ ਹੈ ਤੇ ਮਨੁੱਖੀ ਜੀਵ ਇਸ ਵਿੱਚ ਇੱਕ ਮਛਲੀ
ਦੀ ਭਾਂਤੀ ਹੈ ਜੋ ਇਸ ਦਾ ਅੰਤ ਨਹੀਂ ਪਾ ਸਕਦੀ ਹੈ ਕਿ ਇਹ ਕਿੰਨਾ ਵਿਸ਼ਾਲ ਹੈ। ਵੈਸੇ
ਤਾਂ ਹਰ ਇੱਕ ਸ਼ਕਤੀ ਦਾ ਇੱਕ ਆਪਣਾ ਮਹੱਤਵ ਹੈ ਪ੍ਰੰਤੂ ਇਸ ਵਿੱਚੋਂ ਜੋ ਇੱਕ ਪ੍ਰਮੁੱਖ
ਸ਼ਕਤੀ ਹੈ ਉਹ ਹੈ ਮਹੇਸ਼ ਜੀ ਭਾਵ ਸਿਵ ਭੋਲੇ ਨਾਥ ਜੀ।
ਭੋਲੇ ਨਾਥ ਅਰਥਾਤ ਸ਼ਿਵ ਜੀ ਮਹਾਰਾਜ ਜਿਨਾਂ ਨੂੰ ਕਈ ਹੋਰ ਵੀ ਬਹੁਤ ਸਾਰੇ ਨਾਵਾਂ
ਨਾਲ ਜਾਣਿਆ ਜਾਂਦਾ ਹੈ, ਨਾਲ ਸਬੰਧਤ ਮਹਾ ਸ਼ਿਵਰਾਤਰੀ ਦਾ ਇੱਕ ਪੁਰਵ ਬੜੀ ਹੀ ਸ਼ਰਧਾ
ਪੂਰਵਕ ਤੇ ਜ਼ੋਸ਼ੋ-ਖ਼ਰੋਸ਼ ਨਾਲ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸ਼ਿਵ
ਭਗਤਾਂ ਦੀ ਖ਼ੁਸ਼ੀ ਦਾ ਤਾਂ ਕੋਈ ਪਾਰਾ-ਬਾਰਾ ਹੀ ਨਹੀਂ ਹੁੰਦਾ। ਇਸ ਮਹਾ ਸ਼ਿਵਰਾਤਰੀ ਦੇ
ਉਤਸਵ ਦੀ ਖ਼ੁਸ਼ੀ ਦੇ ਮੌਕੇ ਤੇ ਸ਼ਿਵ ਲਿੰਗ ਦੀ ਪੂਜਾ ਕੀਤੀ ਜਾਂਦੀ ਹੈ। ਫੁੱਲ ਅਤੇ ਫ਼ਲ
ਆਦਿ ਦਾ ਚੜਾਵਾ ਦੀ ਚੜਾਇਆ ਜਾਂਦਾ ਹੈ। ਲੋਕ ਰਾਤ ਭਰ ਜਾਗ ਦੇ ਖ਼ੁਸ਼ੀ ਮਨਾਉਂਦੇ ਹਨ।
ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਮਹਾ ਸ਼ਿਵਰਾਤਰੀ ਦਾ ਉਤਸਵ ਉਸ ਰਾਤ ਵੱਲ ਇਸ਼ਾਰਾ
ਕਰਦਾ ਹੈ ਜਦ ਸ਼ਿਵਜੀ ਮਹਾਰਾਜ ਨੇ ਤਾਂਨਡ ਕੀਤਾ ਸੀ। ਇਹ ਵੀ ਮੰਨਿਆਂ ਗਿਆ ਹੈ ਕਿ ਇਸ
ਦਿਨ ਭਗਵਾਨ ਸ਼ਿਵ ਜੀ ਮਹਾਰਾਜ ਜੀ ਦਾ ਵਿਆਹ ਮਾਤਾ ਪਾਰਵਤੀ ਜੀ ਨਾਲ ਹੋਇਆ ਸੀ। ਮਹਾਂ
ਸ਼ਿਵਰਾਤਰੀ ਦਾ ਇਹ ਉਤਸਵ ਹਰ ਸਾਲ ਫਰਵਰੀ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ।
ਮਹਾ ਸ਼ਿਵਰਾਤਰੀ ਦਾ ਉਤਸਵ ਮਲਾਏ ਜਾਣ ਨਾਲ ਇੱਕ ਪੋਰਾਣਿਕ ਕਥਾ ਵੀ ਜੁੜੀ ਹੈ ।
ਮੰਨਿਆ ਜਾਂਦਾ ਹੈ ਕਿ ਜਦ ਸਮੁੰਦਰ ਮੰਥਨ ਕੀਤਾ ਗਿਆ ਸੀ ਤਾਂ ਉਸ ਮੰਥਨ ਵਿੱਚੋਂ ਇੱਕ
ਜ਼ਹਿਰ ਦਾ ਨਿਕਲਿਆ ਸੀ ਜਿਸ ਦਾ ਡਰ ਸੀ ਕਿ ਇਹ ਪੂਰੀ ਦੁਨੀਆਂ ਨੂੰ ਨਸ਼ਟ ਕਰ ਦੇਵੇਗਾ।
ਸਾਰੇ ਦੇਵੀ ਦੇਵਤਾ ਤੇ ਰਾਖ਼ਸ਼ਸ਼ਾਂ ਨੂੰ ਇਹ ਡਰ ਸਤਾਉਣ ਲੱਗਾ। ਸਾਰੇ ਸ਼ਿਵਜੀ ਮਹਾਰਾਜ
ਕੋਲ ਮਦਦ ਵਾਸਤੇ ਗਏ ਤੇ ਸ਼ਿਵਜੀ ਮਹਾਰਾਜ ਜੀ ਨੇ ਉਹ ਸਾਰਾ ਜ਼ਹਿਰ ਪੀ ਲਿਆ ਤੇ ਉਸ
ਜ਼ਹਿਰ ਨੂੰ ਆਪਣੇ ਗ਼ਲੇ ਵਿੱਚ ਉਤਾਰ ਲਿਆ ਜਿਸ ਨਾਲ ਉਨਾਂ ਦਾ ਸਾਰਾ ਗਲਾ ਨੀਲਾ ਪੈ
ਗਿਆ। ਜਿਸ ਕਰ ਕੇ ਉਨਾਂ ਦਾ ਨਾਮ ਨੀਲ ਕੰਠ ਵੀ ਪੈ ਗਿਆ ਤੇ ਇਸ ਤਰਾਂ ਕਰਕੇ ਉਨਾਂ
ਸਾਰੀ ਦੁਨੀਆਂ ਨੂੰ ਨਸ਼ਟ ਹੋਣ ਤੋਂ ਬਚਾ ਲਿਆ ਜਿਸ ਦੀ ਖ਼ੁਸ਼ੀ ਵਿੱਚ ਇਹ ਮਹਾਂ
ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਣ ਲੱਗਾ। ਸ਼ਿਵ ਪੌਰਾਣ ਅਨੁਸਾਰ ਇੱਕ ਹੋਰ ਕਥਾ
ਵਿੱਚ ਤਿੰਨ ਸ਼ਕਤੀਆਂ ਵਿੱਚੋਂ ਦੋ ਸ਼ਕਤੀਆਂ ( ਬ੍ਰਹੱਮਾਂ ਤੇ ਬਿਸ਼ਨੂੰ ) ਆਪਸ ਵਿੱਚ ਇਹ
ਜਾਣਨ ਲਈ ਲੜ ਪਈਆਂ ਕਿ ਉਨਾਂ ਵਿੱਚੋਂ ਕੌਣ ਬਲਸ਼ਾਲੀ ਹੈ। ਇਹ ਲੜਾਈ ਕਿਤੇ ਜ਼ਿਆਦਾ
ਭਿਆਨਕ ਰੂਪ ਨਾ ਧਾਰ ਕਰ ਲਵੇ ਇਸ ਲਈ ਇਨਾਂ ਵਿੱਚੋਂ ਇੱਕ ਨੇ ਸ਼ਿਵਜੀ ਭੋਲੇ ਨਾਥ
ਮਹਾਰਾਜ ਜੀ ਤੋਂ ਇਸ ਗੱਲ ਦਾ ਨਿਪਟਾਰਾ ਕਰਨ ਲਈ ਕਿਹਾ। ਭੋਲੇ ਨਾਥ ਜੀ ਨੇ ਉਨਾਂ ਦੀ
ਇਸ ਵਿਅਰਥ ਦੀ ਲੜਾਈ ਨੂੰ ਦੂਰ ਕੀਤਾ। ਇਸ ਕਰਕੇ ਵੀ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ
ਜਾਂਦਾ ਹੈ।
ਹਿੰਦੂ ਪ੍ਰੰਪ੍ਰਾ ਅਨੁਸਾਰ ਸ਼ਿਵਜੀ ਮਹਾਰਾਜ ਜੀ ਨੂੰ 108 ਨਾਵਾਂ ਨਾਲ ਸੰਬੋਧਿਤ
ਕੀਤਾ ਜਾਂਦਾ ਹੈ। ਜਿਨਾਂ ਵਿੱਚ ਭੋਲੇ ਨਾਥ, ਭੋਲੇ ਭੰਡਾਰੀ, ਗਿਰਜ਼ਾ ਪਤੀ, ਕੈਲਾਸ਼
ਪਤੀ ਜਾਂ ਕੈਲਾਸ਼ ਨਾਥ, ਮਹਾਂ ਦੇਵ, ਮਹੇਸ਼, ਨਟਰਾਜ, ਰੁਦਰਾ, ਸ਼ੰਭੂ, ਸ਼ੰਕਰ, ਤ੍ਰਿਲੋਕ
ਪਤੀ ਆਦਿ ਸ਼ਾਮਿਲ ਹਨ। ਸ਼ਿਵਰਾਤਰੀ ਨਾਲ ਸਬੰਧਿਤ ਬਹੁਤ ਸਾਰੇ ਭਜਨ ਵੀ ਪ੍ਰਲਿਤ ਹਨ ਜੋ
ਕਿ ਸ਼ਿਵਰਾਤਰੀ ਉਤਸਵ ਦੇ ਮੌਕੇ ਤੇ ਗਾਏ ਤੇ ਸੁਣੇ ਜਾਂਦੇ ਹਨ। ਇਸ ਮਹਾਂ ਸ਼ਿਵਰਾਤਰੀ
ਦੇ ਉਤਸਵ ਦਾ ਹਿੰਦੂਆਂ ਵਿੱਚ ਬਹੁਤ ਮਹੱਤਵ ਹੈ। ਸ਼ਿਵ ਭਗਤ ਇਸ ਦਿਨ ਬਹੁਤ ਖ਼ੁਸ਼ ਹੁੰਦੇ
ਹਨ ਤੇ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੋ ਜੀਵ ਪੁਰਸ਼ ਇਸ ਦਿਨ ਸ਼ਿਵਜੀ ਮਹਾਰਾਜ
ਦੀ ਪੂਜਾ ਅਰਾਧਨਾ ਮਨ ਲਗਾ ਕੇ ਕਰਦਾ ਹੈ ਉਨਾਂ ਨੂੰ ਉਨਾਂ ਦੇ ਪਾਪਾ ਤੋਂ ਮੁਕਤੀ ਮਿਲ
ਜਾਂਦੀ ਹੈ ਤੇ ਉਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਇਸ ਮਹਾ ਸ਼ਿਵਰਾਤਰੀ ਦੇ
ਮੌਕੇ ਤੇ ਸ਼ਿਵ ਭਗਤ ਸ਼ਿਵਜੀ ਮਹਾਰਾਜ ਦੀ ਦਿਨ ਰਾਤ ਪੂਜਾ ਅਰਾਧਨਾ ਕਰਦੇ ਹਨ ਤੇ ਸ਼ਿਵਜੀ
ਮਹਾਰਾਜ ਜੀ ਦੇ ਸ਼ਿਵ ਲਿੰਗ ਨੂੰ ਦੁੱਧ, ਸ਼ਹਿਦ ਤੇ ਸਾਫ਼ ਪਾਣੀ ਆਦਿ ਨਾਲ ਇਸ਼ਨਾਨ ਵੀ
ਕਰਾਇਆ ਜਾਂਦਾ ਹੈ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਇਹ ਮਹਾਂ ਸ਼ਿਵਰਾਤਰੀ ਦਾ ਉਤਸਵ ਸ਼ਿਵ ਜੀ
ਮਹਾਰਾਜ ਦੀ ਪੂਜਾ ਅਰਚਨਾ ਨਾਲ ਸਬੰਧਿਤ ਇੱਕ ਉਤਸਵ ਹੈ। ਸ਼ਿਵ ਭੋਲੇ ਨਾਥ ਜੀ ਨੂੰ ਕਸ਼ਟ
ਨਿਵਾਰਕ ਦੇ ਨਾਂ ਨਾ ਜਾਣਿਆ ਜਾਂਦਾ ਹੈ। ਇਹ ਧਾਰਨਾ ਹੈ ਕਿ ਇਸ ਮਹਾਂ-ਸ਼ਿਵਰਾਤਰੀ ਦੇ
ਉਤਸਵ ਮੌਕੇ ਜਿਹੜਾ ਵੀ ਭਗਤ ਸੱਚੇ ਦਿਲੋਂ ਸ਼ਿਵ ਮਹਾਰਾਜ ਜੀ ਦੀ ਪੂਜਾ-ਅਰਚਨਾ ਕਰਦਾ
ਹੈ। ਉਸਨੂੰ ਉਸਦੇ ਕੀਤੇ ਹੋਏ ਪਾਪਾਂ ਤੋਂ ਮੁਕਤੀ ਮਿਲਦੀ ਹੈ ਤੇ ਉਸਨੂੰ ਮੋਕਸ਼ ਦੀ
ਅਵਸਥਾ ਪ੍ਰਾਪਤ ਹੁੰਦੀ ਹੈ।
ਪਰਸ਼ੋਤਮ ਲਾਲ ਸਰੋਏ,
ਜਲੰਧਰ
ਮੋਬਾਇਲ ਨੰਬਰ- 92175-44348
|