WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਫਲਸਫਾ
ਬਲਵਿੰਦਰ ਸਿੰਘ ਜੌੜਾਸਿੰਘਾ, ਮੀਤ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ


ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਗਤ ਵਿੱਚ ਪ੍ਰਕਾਸ਼ ਵਿਸ਼ੇਸ ਕਾਰਜ ਦੀ ਪੂਰਤੀ ਲਈ ਹੋਇਆ। ਅਕਾਲ ਪੁਰਖ ਨੇ ਪਾਤਸ਼ਾਹ ਦੇ ਜਿੰਮੇ ਜੋ ਕਾਰਜ ਲਾਇਆ ਸੀ ਉਸ ਦਾ ਖੁਲਾਸਾ ਬਚਿਤ੍ਰ ਨਾਟਕ ਵਿੱਚ ਹੋਇਆ ਹੈ:-

ਜਹਾ ਤਹਾ ਤੁਮ ਧਰਮ ਬਿਥਾਰੋ ॥
ਦੁਸਟ ਦੋਖਯਨਿ ਪਕਰਿ ਪਛਾਰੋ ॥42॥
(ਸ੍ਰੀ ਦਸਮ ਗ੍ਰੰਥ ਸਾਹਿਬ)

ਧਰਮ ਚਲਾਵਨ ਸੰਤ ਉਬਾਰਨ ॥
ਦੁਸਟ ਸਭਨ ਕੋ ਮੂਲ ਉਪਾਰਿਨ ॥43॥
(ਸ੍ਰੀ ਦਸਮ ਗ੍ਰੰਥ ਸਾਹਿਬ)

ਜਾਹਿ ਤਹਾ ਤੈ ਧਰਮੁ ਚਲਾਇ ॥
ਕਬੁਧਿ ਕਰਨ ਤੇ ਲੋਕ ਹਟਾਇ ॥29॥
(ਸ੍ਰੀ ਦਸਮ ਗ੍ਰੰਥ ਸਾਹਿਬ)

ਪ੍ਰਭੂ ਵੱਲੋਂ ਕੀਤੀ ਆਗਿਆ ਦਾ ਪਾਲਣ ਕਰਨਾ ਹੀ ਉਨ੍ਹਾਂ ਦਾ ਮਿਸ਼ਨ ਸੀ-

ਜਿਮ ਤਿਨ ਕਹੀ ਇਨੈ ਤਿਮ ਕਹਿਹੌ ॥
ਅਉਰ ਕਿਸੁ ਤੇ ਬੈਰ ਨ ਗਹਿਹੌ ॥31॥
(ਸ੍ਰੀ ਦਸਮ ਗ੍ਰੰਥ ਸਾਹਿਬ)

ਮੈ ਹੋ ਪਰਮ ਪੁਰਖ ਕੋ ਦਾਸਾ ॥
ਦੇਖਨਿ ਆਯੋ ਜਗਤ ਤਮਾਸਾ ॥
ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋ ॥
ਮ੍ਰਿਤ ਲੋਗ ਤੇ ਮੋਨਿ ਨ ਰਹਿ ਹੋ ॥33॥
(ਸ੍ਰੀ ਦਸਮ ਗ੍ਰੰਥ ਸਾਹਿਬ)

ਪਰਮ ਪੁਰਖ ਦੁਆਰਾ ਦਿੱਤੇ ਕਾਰਜ ਨੂੰ ਪੂਰਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮਕਾਲੀ ਹਾਲਤਾਂ ਨੂੰ ਦੀਰਘ ਦ੍ਰਿਸ਼ਟੀ ਨਾਲ ਘੋਖਿਆ ਤੇ ਸਮਝਿਆ। ਅਧਿਐਨ ਪਿਛੋਂ ਆਪਣਾ ਕਾਰਜ ਖੇਤਰ ਨਿਸ਼ਚਿਤ ਕੀਤਾ। ਇਸ ਕਾਰਜ ਖੇਤਰ ਨੂੰ ਉਨ੍ਹਾਂ ਨੇ ਦੋ ਭਾਗਾਂ ਵਿੱਚ ਵੰਡਿਆ। ਪਹਿਲਾਂ ਲੋਕਾਂ ਵਿਚ ਬੋਧਿਕ ਚੇਤਨਾ ਦਾ ਵਿਕਾਸ, ਦੂਜਾ ‘ਦੁਸਟ ਦਮਨ’ ਲਈ ਵਿਵਹਾਰਕ ਜਾਂ ਹੱਥੀ ਕਾਰਜ। ਦੋਹਾਂ ਲਈ ਇਕ ਨਿਸ਼ਚਿਤ ਰਸਤੇ ਦੀ ਲੋੜ ਸੀ, ਇਕ ਵਿਸ਼ੇਸ਼ ਵਿਚਾਰਧਾਰਾ, ਫਲਸਫਾ ਚਾਹੀਦਾ ਸੀ। ਜਫਰਨਾਮੇ ਵਿਚ ਇਸ ਦੀ ਪੁਸ਼ਟੀ ਹੋ ਜਾਂਦੀ ਹੈ:-

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
ਹਲਾਲ ਅਸਤੁ ਬੁਰਦਨ ਬ ਸ਼ਮਸੇਰ ਦਸਤ ॥22॥
(ਜ਼ਫ਼ਰਨਾਮਾ)

ਪਹਿਲੀ ਵਿਚਾਰਾਂ ਦੀ ਲੜਾਈ ਹੈ। ਇਹ ਬੋਧਿਕ ਚੇਤਨਾ ਪੈਦਾ ਕਰਨ ਲਈ ਜ਼ਰੂਰੀ ਹੈ। ਵਿਚਾਰਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਫਰਜਾਂ ਅਤੇ ਅਧਿਕਾਰਾਂ ਬਾਰੇ ਦੱਸਣਾ ਹੀ ਪਹਿਲਾ ਢੰਗ ਹੁੰਦਾ ਹੈ।

ਦੂਜਾ-ਜਦੋਂ ਵਿਚਾਰਾਂ ਨਾਲ ਕਾਜ ਪੂਰਤੀ ਨਾ ਹੋ ਰਹੀ ਹੋਵੇ ਤਾਂ ਦੂਜਾ ਰਸਤਾ ‘ਬ ਸ਼ਮਸੀਰ ਦਸਤ’ ਧਾਰਨ ਕਰਨ ਅਵੱਸ਼ਕ ਹੋ ਜਾਂਦਾ ਹੈ। ਕਬੁਧਿ ਹਟਾਉਣ, ਦੁਸਟ ਦਮਨ ਲਈ ਇਹ ਵੀ ਇੱਕ ਹੀਲਾ ਹੈ।

ਇਸ ਤਰ੍ਹਾਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਫਿਲਾਸਫੇ ਨੂੰ ਦੋਹਾਂ ਹੀ ਪੱਖਾਂ ਤੋਂ ਦੇਖਾਂਗੇ।

ਦਸਮੇਸ਼ ਪਿਤਾ ਜੀ ਨੇ ਜੋ ਫਲਸਫਾ ‘ਕਬੁਧਿ ਕਰਨ ਤੇ ਲੋਕ ਹਟਾਏ’ਅਤੇ ‘ਧਰਮ ਬਿਥਾਰੋ’ ਲਈ ਦਿੱਤਾ ਉਸ ਸਬੰਧੀ ਵਿਚਾਰ ਕਰਦਿਆਂ ਪਹਿਲਾਂ ‘ਕਬੁਧਿ’ਕੀ ਹੈ? ਕੀ ਹੋ ਰਹੀ ਸੀ? ਬਾਰੇ ਸੰਖੇਪ ਜਾਨਣਾ ਜ਼ਰੂਰੀ ਹੈ। ‘ਕਬੁਧਿ’ ਦਾ ਅਰਥ ਭਾਵ ਹੈ ਬੁਧੀ ਤੋਂ ਉਲਟ, ਬੁਧੀ ਰਹਿਤ ਕਰਮ, ਕੂੜ ਕਿਰਿਆ। ਉਹ ਕਰਮ ਜੋ ਧਰਮ ਦੀ ਮੂਲ ਭਾਵਨਾ ਤੋਂ ਉਲਟ ਹੋਣ। ਕਬੁਧਿ ਜੋ ਹੋ ਰਹੀ ਸੀ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤ੍ਵੈ-ਪ੍ਰਸਾਦਿ ਸ੍ਵੈਯਾਂ ਵਿੱਚ ਇਸ ਦਾ ਵਰਣਨ ਕਰਦੇ ਹਨ। ਕੂੜ ਕਿਰਿਆ ਜਾ ਕਬੁਧਿ ਇਹ ਸੀ:-

ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਯਾਨ ਲਗਾਇਓ ॥
ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ ॥
ਬਾਸੁ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੁ ਬੈਸ ਬਿਤਾਇਓ ॥
ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥9॥29॥
ਕਾਹੂੰ ਲੈ ਪਾਹਨ ਪੂਜ ਧਰਿਓ ਸਿਰਿ ਕਾਹੂੰ ਲੈ ਲਿੰਗੁ ਗਰੇ ਲਟਕਾਇਓ ॥
ਕਾਹੂੰ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂੰ ਪਛਾਹ ਕੋ ਸੀਸ ਨਿਵਾਇਓ ॥
ਕੋਊ ਬੁਤਾਨ ਕੌ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੌ ਪੂਜਨ ਧਾਇਓ ॥
ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੌ ਭੇਦੁ ਨ ਪਾਇਓ ॥10॥30॥
(ਅਕਾਲ ਉਸਤਤਿ)

ਅਕਾਲ ਉਸਤਤਿ ਬਾਣੀ ਵਿਚ ਕਬੁਧਿ ਕਰਨ ਵਾਲੇ ਲੋਕਾਂ ਦਾ ਬੜੇ ਵਿਸਥਾਰ ਨਾਲ ਵਰਣਨ ਕੀਤਾ ਹੈ ਪਰ ਇਹ ਸਭ ਨਿਜੀ ਲਾਲਚ ਜਾਂ ਕਾਮਨਾ ਅਧੀਨ ਹੀ ਕਰ ਰਹੇ ਹਨ:-

ਜੈਸੇ ਏਕ ਸ੍ਵਾਂਗੀ ਕਹੂੰ ਜੋਗੀਆ ਬੈਰਾਗੀ ਬਨੈ ਕਹੂੰ ਸਨਿਆਸ ਭੇਸ ਬਨ ਕੈ ਦਿਖਾਵਈ ॥
ਕਹੂੰ ਪਉਨਹਾਰੀ ਕਹੂੰ ਬੈਠੇ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੌ ਅਨੇਕ ਗੁਨ ਗਾਵਈ ॥
ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੁਇ ਕੈ ਲੋਗਨ ਭ੍ਰਮਾਵਈ ॥
ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਬਿਹੀਨ ਕੈਸੇ ਬ੍ਰਹਮ ਲੋਕ ਪਾਵਈ ॥12॥82॥
(ਅਕਾਲ ਉਸਤਤਿ )

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੋਧਿਕ ਚੇਤਨਾ ਲਈ ਜੋ ਵਿਚਾਰਧਾਰਿਕ ਫਲਸਫਾ ਦਿੱਤਾ ਉਸ ਵਿਚ ਮਨੁੱਖ ਦੇ ਜੀਵਨ ਦਾ ਲਕਸ਼, ਉਸਦੀ ਪ੍ਰਾਪਤੀ, ਆਪਸੀ ਭਾਈਚਾਰਕ ਸਾਂਝ ਦੀ ਸਥਾਪਤੀ ਅਤੇ ਮਾਨਵੀ ਸੰਦੇਸ਼ਾਂ ਦੀ ਮਹਾਨਤਾ ਹੈ। ਅਕਾਲ ਪੁਰਖ ਨਾਲ ਮਿਲਾਪ ਦੀ ਸਿੱਕ ਰੱਬ ਵਿਚ ਵਿਸ਼ਵਾਸ ਰੱਖਣ ਵਾਲੇ ਹਰ ਸਾਧਕ ਦੀ ਹੁੰਦੀ ਹੈ। ਇਸ ਲਈ ਉਹ ਆਪਣੀਆਂ ਮਾਨਤਾਵਾਂ ਅਨੁਸਾਰ ਧਾਰਮਿਕ ਕਾਰਜ ਕਰਦਾ ਹੈ। ਦਸਮ ਪਿਤਾ ਜੀ ਬਾਹਰੀ ਤੇ ਦਿਖਾਵੇ ਦੇ ਕਰਮਕਾਂਡ ਕਾਂਡ ਦੀ ਨਿਖੇਧੀ ਕਰਦੇ ਹਨ। ਇਸ ਦੀ ਥਾਂ ਧੁਰ ਅੰਦਰੋਂ ਅਕਾਲ ਪੁਰਖ ਨਾਲ ਜੁੜਨ ਲਈ ਉਪਦੇਸ਼ ਦੇਂਦੇ ਹਨ। ਬਾਹਰੀ ਭੇਖ ਦੀ ਥਾਂ ਅੰਤਰੀਵੀ ਪ੍ਰੇਮ ਦੀ ਲੋੜ ਹੈ ਇਸ ਤੋਂ ਪਹਿਲਾਂ ਵੱਖ-ਵੱਖ ਧਾਰਮਿਕ ਲੋਕਾਂ ‘ਅਪਨੀ ਅਪਨੀ ਉਰਝਾਨਾ ਪਾਰਬ੍ਰਹਮ ਕਾਹੂ ਨ ਪਛਾਨਾ।’ ਅਧੀਨ ਅਕਾਲ ਪੁਰਖ ਦੇ ਕਈ ਸਰੂਪ ਚਿਤਰੇ ਹੋਏ ਸਨ। ਇਸ਼ਟ ਅਨੇਕਤਾ ਨਾਲ ਧਾਰਮਿਕ ਅਨੇਕਤਾ ਵਧਦੀ ਹੈ। ਬਹੁਤ ਘੱਟ ਲੋਕ ਹੁੰਦੇ ਹਨ ਜੋ ਅਨੇਕਤਾ ਵਿਚੋਂ ਏਕਤਾ ਦੇਖਦੇ ਹਨ।

“ਭਿੰਨ ਭਿੰਨ ਸਭਹੂੰ ਕਰ ਜਾਨਾ। ਏਕ ਰੂਪ ਕਿਨਹੂੰ ਪਹਿਚਾਨਾ॥36॥”

ਇਸ ਲਈ ਪਹਿਲਾਂ ਇਸ ਭਰਮ ਦਾ ਟੁੱਟਣਾ ਜ਼ਰੂਰੀ ਸੀ। ਸਾਹਿਬਾਂ ਦਾ ਫੁਰਮਾਨ ਸੀ:-

ਕਰਤਾ ਕਰੀਮ ਸੋਈ ਰਾਜਿਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲਿ ਭ੍ਰਮ ਮਾਨਬੋ ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ ॥15॥85॥
(ਅਕਾਲ ਉਸਤਤਿ)

ਅਗਿਆਨ, ਭਰਮ ਦੇ ਹਨੇਰੇ ਦੀ ਫਜ਼ੂਲ ਭਟਕਣਾ ਦੀ ਥਾਂ ਪ੍ਰੇਮ ਤੇ ਪੂਰਨ ਪ੍ਰਤੀਤ ਵਾਲੀ ਭਾਵਨਾ ਦਾ ਉਪਦੇਸ਼ ਕੀਤਾ ਹੈ:-

ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੈ ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਹੀ ਮਠ ਭੂਲ ਨ ਮਾਨੈ ॥
(ਸਵੈਯੇ, ਸ੍ਰੀ ਦਸਮ ਗ੍ਰੰਥ ਸਾਹਿਬ)

ਦਸਮੇਸ਼ ਪਿਤਾ ਨੇ ਅਕਾਲ ਪੁਰਖ ਦੀ ਪ੍ਰਾਪਤੀ ਲਈ ਰਵਾਇਤੀ ਸਾਧਨਾਂ ਦੀ ਥਾਂ ਭਗਤੀ, ਸਿਮਰਨ, ਰਾਜ ਜੋਗ, ਸਦਾਚਾਰੀ ਜੀਵਨ ਉਤੇ ਜ਼ੋਰ ਦਿੱਤਾ ਹੈ। ਅਕਾਲ ਪੁਰਖ ਦੇ ਸਰੂਪ ਵਰਣਨ ਵਿਚ ‘ਨੇਤਿ ਨੇਤਿ’ ਕਹਿ ਕੇ ਅਨੇਕ ਗੁਣਾਂ ਵਾਲੇ, ਗੁਣ ਭਰਪੂਰ ਹਸਤੀ ਸਬੰਧੀ ਗਿਆਨ ਕਰਦਿਆਂ ਕਿਹਾ ਹੈ:-

ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
ਅਚਲ ਮੂਰਤਿ ਅਨਭਵ ਪ੍ਰਕਾਸ ਅਮਿਤੋਜ ਕਹਿਜੈ ॥
ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥
ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥1॥
(ਜਾਪੁ ਸਾਹਿਬ)

ਪ੍ਰਭੂ ਭਗਤੀ ਤੇ ਨਾਮ ਸਿਮਰਨ ਸਬੰਧੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਚੇਤੰਨ ਸਨ ਕਿਉਂਕਿ ਪ੍ਰਭੂ ਭਗਤੀ ਤੇ ਸਿਮਰਨ ਤੋਂ ਬਿਨ੍ਹਾਂ ਫੋਕਟ ਕਰਮਾਂ ਫ਼ਜ਼ੂਲ ਹਨ। ਭਗਤੀ ਤੇ ਨਾਮ ਸਿਮਰਨ ਉਤੇ ਜ਼ੋਰ ਦਿੰਦਿਆਂ ਸਾਹਿਬ ਫੁਰਮਾਣ ਕਰਦੇ ਹਨ:-

ਬਿਨੁ ਭਗਤਿ ਸਕਤਿ ਨਹੀ ਪਰਤ ਪਾਨ ॥
ਬਹੁ ਕਰਤ ਹੋਮ ਅਰੁ ਜਗ ਦਾਨ ॥
ਬਿਨੁ ਏਕ ਨਾਮੁ ਇਕ ਚਿਤ ਲੀਨ ॥
ਫੋਕਟੋ ਸਰਬ ਧਰਮਾ ਬਿਹੀਨ ॥20॥140॥
(ਅਕਾਲ ਉਸਤਤਿ)

ਪ੍ਰਭੂ ਸਿਮਰਨ ਤੋਂ ਬਿਨ੍ਹਾਂ ਵਰਤਮਾਨ ਜੀਵਨ ਤਾਂ ਵਿਅਰਥ ਹੈ ਹੀ ਦੂਜੇ ਭਵਿੱਖ ਵੀ ਬੜਾ ਭਿਆਨਕ ਹੁੰਦਾ ਹੈ:-

ਸ੍ਰੀਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ ॥3॥23॥ (ਅਕਾਲ ਉਸਤਤਿ)

ਇਕਾਗਰ ਚਿਤ ਹੋ ਕੇ ਛਿਨ ਭਰ ਦਾ ਪ੍ਰਭੂ ਸਿਮਰਨ ਤਾਰ ਦਿੰਦਾ ਹੈ:-

ਏਕ ਚਿਤ ਜਿਹ ਇਕ ਛਿਨ ਧਿਆਇਓ ॥
ਕਾਲ ਫਾਸਿ ਕੇ ਬੀਚ ਨ ਆਇਓ ॥10॥
(ਅਕਾਲ ਉਸਤਤਿ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਠ ਜੋਗ ਦੀ ਥਾਂ ਰਾਜ ਜੋਗ ਨੂੰ ਤਰਜੀਹ ਦਿੰਦੇ ਹਨ। ਰਾਜ ਜੋਗ ਵਾਲਾ ਜੀਵਨ ਕਿਹੋ ਜਿਹਾ ਹੋਵੇ ਉਸ ਦੀ ਪਛਾਣ ਕਰਕੇ ਇਹ ਕਾਰਜ ਦਸੇ ਹਨ:-

ਰੇ ਮਨ ਇਹ ਬਿਧਿ ਜੋਗ ਕਮਾਓ ॥
ਸਿੰਙੀ ਸਾਚੁ ਅਕਪਟ ਕੰਠਲਾ ਧਿਆਨ ਬਿਭੂਤ ਚੜਾਓ ॥1॥ ਰਹਾਉ ॥
ਤਾਤੀ ਗਹੁ ਆਤਮ ਬਸਿ ਕਰ ਕੀ ਭਿਛਾ ਨਾਮੁ ਅਧਾਰੰ ॥
ਬਾਜੈ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੰ ॥1॥
ਉਘਟੈ ਤਾਨ ਤਰੰਗ ਰੰਗਿ ਅਤਿ ਗਿਆਨ ਗੀਤ ਬੰਧਾਨੰ ॥
ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ ॥2॥
ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ ॥
ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ੍ਯਾਪੈ ॥3॥2॥
(ਸ਼ਬਦ ਹਜ਼ਾਰੇ)

ਰੇ ਮਨ ਐਸੋ ਕਰਿ ਸੰਨਿਆਸਾ ॥
ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥1॥ ਰਹਾਉ ॥
(ਸ਼ਬਦ ਹਜ਼ਾਰ, ਸ੍ਰੀ ਦਸਮ ਗ੍ਰੰਥ ਸਾਹਿਬ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਦਾਚਾਰੀ ਜੀਵਨ ਉਤੇ ਜ਼ੋਰ ਦਿੱਤਾ ਹੈ। ਸਦਾਚਾਰੀ ਜੀਵਨ ਵਿਚ ਜਤ, ਸਤ, ਦਯਾ, ਸ਼ਹਿਨਸ਼ੀਲਤਾ, ਸਬਰ, ਸੰਤੋਖ ਧਾਰਨ ਕਰਕੇ ਕਾਮ ਕ੍ਰੋਧ, ਲੋਭ, ਮੋਹ ਹੰਕਾਰ ਤੋਂ ਦੂਰੀ, ਪਰ-ਗਮਨ ਤੋਂ ਬਚਣ ਆਦਿ ਦਾ ਉਪਦੇਸ਼ ਪਾਤਸ਼ਾਹ ਨੇ ਕੀਤਾ ਹੈ। ਆਪ ਜੀ ਦੇ ਫੁਰਮਾਨ ਹਨ:-

ਜਤ ਕੀ ਜਟਾ ਜੋਗ ਕੋ ਮਜਨੁ ਨੇਮ ਕੇ ਨਖੁਨ ਬਢਾਓ ॥
ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥1॥
ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ॥
ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤ ॥2॥
ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਮੋ ਲਯਾਵੈ ॥
ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹ ਪਾਵੈ ॥3॥1॥
(ਸ਼ਬਦ ਹਜ਼ਾਰ, ਸ੍ਰੀ ਦਸਮ ਗ੍ਰੰਥ ਸਾਹਿਬ)

ਹੋਰ ਕਥਨ ਹੈ:-

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ ॥
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥51॥
(ਚਰਿਤ੍ਰ 21)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਫਲਸਫੇ ਵਿਚ ਮਨੁੱਖ ਦੀ ਅੰਤਰ-ਧਰਮ ਭਾਈਚਾਰਕ ਸਾਂਝ ਨੂੰ ਵੀ ਪਕੇਰਾ ਕਰਦੇ ਹਨ। ਅੰਤਰ ਧਰਮ ਭਾਈਚਾਰਕ ਸਾਂਝ ਇਸ਼ਟ ਅਨੇਕਤਾ ਦੇ ਹਠ ਕਰਕੇ ਟੁੱਟਦੀ ਹੈ। ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਏਕਤਾ ਤੇ ਵਿਸ਼ਵਾਸ ਨੂੰ ਦ੍ਰਿੜ ਕਰਾਇਆ ਹੈ। ਉਹ ‘ਨੇਤਿ ਨੇਤਿ’ਜਾਂ ਅਨੇਕ ਹੁੰਦਾ ਹੋਇਆ ਵੀ ਇਕ ਰਹਿੰਦਾ ਹੈ:-

ਅਨੇਕ ਹੈ ਫਿਰ ਏਕ ਹੈ॥ (ਜਾਪ ਸਾਹਿਬ)

ਹਰ ਇਕ ਆਪਣੀ ਆਪਣੀ ਬੁਧੀ ਮੁਤਾਬਿਕ ਉਸ ਪ੍ਰਭੂ ਦੇ ਗੁਣਾਂ ਦਾ ਵਰਣਨ ਕਰਨ ਦੇ ਯਤਨ ਵਿਚ ਹੈ:-

ਆਪੁ ਆਪੁਨੀ ਬੁਧਿ ਹੈ ਜੇਤੀ ॥ਬਰਨਤ ਭਿੰਨ ਭਿੰਨ ਤੁਹਿ ਤੇਤੀ ॥
ਤੁਮਰਾ ਲਖਾ ਨ ਜਾਇ ਪਸਾਰਾ ॥ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥393॥
(ਚੌਪਈ ਸਾਹਿਬ)

ਧਰਮ ਗ੍ਰੰਥ ਉਸ ਇਕ ਦੇ ਹੀ ਆਪਣੇ ਆਪਣੇ ਢੰਗ ਨਾਲ ਗੁਣ ਵਾਚਕ ਨਾਮ ਲੈਂਦੇ ਹਨ:-

ਅਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ ॥16॥86॥ (ਅਕਾਲ ਉਸਤਤਿ)

ਗੁਰਦੁਆਰਿਆਂ, ਮੰਦਰਾਂ, ਮਸੀਤਾਂ ਆਦਿ ਸਭ ਵਿਚ ਰੱਬ ਦੀ ਉਸਤਤਿ ਹੁੰਦੀ ਹੈ। ਪੂਜਾ ਦੇ ਢੰਗ ਵੱਖਰੇ ਵੱਖਰੇ ਹੋ ਸਕਦੇ ਹਨ ਪਰ ਮਨੋਰਥ ਇਕੋ ਹੀ ਹੈ:-

ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ ॥
ਦੇਵਤਾ ਅਦੇਵ ਜਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ॥
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਿਸ ਔ ਆਬ ਕੋ ਰਲਾਉ ਹੈ ॥
ਅਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ ॥16॥86॥
(ਅਕਾਲ ਉਸਤਤਿ)

ਸਾਰੇ ਮਨੁੱਖਾਂ ਦੇ ਜਨਮ ਤੇ ਮਰਨ ਦਾ ਕੁਦਰਤੀ ਵਰਤਾਰਾ ਇਕ ਤਰ੍ਹਾਂ ਦਾ ਹੀ ਹੈ ਜੋ ਜੰਮਦਾ ਹੈ ਉਸ ਲਈ ਮੌਤ ਅਵੱਸ਼ ਹੈ। ਇਕੋ ਜਿਹੇ ਤੱਤਾਂ ਨਾਲ ਸਰੀਰ ਰਚਨਾ ਹੁੰਦੀ ਹੈ। ਫਿਰ ਵਿਤਕਰਾ ਕਿਉਂ। ਸਾਹਿਬੇ ਕਮਾਲ ਦਾ ਸੰਦੇਸ਼ ਹੈ ਕਿ ਅਲੱਗ ਅਲੱਗ ਧਰਮਾਂ, ਮਜਹਬਾਂ ਜਾਂ ਮਤਾਂ ਦੀ ਵੰਨ-ਸੁਵੰਨਤਾ ਵਿਚ ਵੀ ਮਾਨਵੀ ਨਜ਼ਰ ਤੋਂ ਭਾਈਚਾਰਕ ਸਾਂਝ ਹੋਣੀ ਚਾਹੀਦੀ ਹੈ। ਮਾਨਸ ਕੀ ਜਾਤ ਮਨੁਖਤਾ ਹੀ ਹੈ। ਸਾਹਿਬ ਦਾ ਫੁਰਮਾਨ ਹੈ:-

ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ ॥
ਹਿੰਦੂ ਤੁਰਕ ਕੋਊ ਰਾਫਿਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ॥
ਕਰਤਾ ਕਰੀਮ ਸੋਈ ਰਾਜਿਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲਿ ਭ੍ਰਮ ਮਾਨਬੋ ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ ॥15॥85॥
(ਅਕਾਲ ਉਸਤਤਿ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨਿਆ, ਜੁਲਮ, ਅਧਰਮ, ਕਬੁਧਿ ਆਦਿ ਨੂੰ ਹਟਾਉਣ ਲਈ ਪਹਿਲਾਂ ਸਧਾਰਣ ਵਾਰਤਾਲਾਪ ਵਿਚ ਯਕੀਨ ਕੀਤਾ। ਦੂਜਾ ਭਗਤੀ ਨਾਲ ਸ਼ਕਤੀ, ਸੰਤ ਦੇ ਨਾਲ ਸਿਪਾਹੀ ਦੀ ਬੀਰਤਾ ਭਰਨ ਲਈ ਵੀ ਉਪਦੇਸ਼ ਕੀਤੇ। ਹੁਕਮਰਾਨਾ ਅਤੇ ਧਰਮ ਦੇ ਕੁਲੀਨ ਨੰਬਰਦਾਰਾਂ ਵਲੋਂ ਸਤਾਈ ਤੇ ਲਤਾੜੀ ਜਨਤਾ ਵਿਚ ਬੀਰਤਾ ਦਾ ਸਾਹਸ ਭਰਨਾ ਜ਼ਰੂਰੀ ਸੀ। ਵਿਚਾਰਾਂ ਦੀ ਬੇਬਸੀ ਤੋਂ ਪਿਛੋਂ ਤਲਵਾਰਾਂ ਚੁਕਣਾ ਵੀ ਧਰਮ ਹੈ। ਸ੍ਵੈ ਅਤੇ ਪਰ-ਧਰਮ ਦੀ ਰਖਿਆ ਲਈ ਇਹ ਸਾਧਨ ਜਾਇਜ ਸੀ। ਮਾਨਵ ਤਾਂ ਵਿਚਾਰਾਂ ਨਾਲ ਸਮਝ ਜਾਂਦਾ ਹੈ ਪਰ ਜਿਥੇ ਮਾਨਵ ਅੰਦਰ ਦਾਨਵ ਹੋਵੇ ਉਸ ਨੂੰ ਸਮਝਾਉਣ ਲਈ ਤਰੀਕਾ ਬਦਲਣਾ ਪੈਂਦਾ ਹੈ। ਇਸ ਲਈ ਆਪ ਨੇ 1699 ਈ: ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ। ਪੰਜ ਪਿਆਰਿਆਂ ਦੀ ਚੋਣ ਕਰਕੇ ਨਿਰਬਲ ਦੇਸ਼ ਵਾਸੀਆਂ ਨੂੰ ਭੇਡ ਤੋਂ ਸ਼ੇਰ ਬਣਾ ਦਿਤਾ, ਚਿੜੀਆਂ ਤੋਂ ਬਾਜ਼ਾਂ ਨੂੰ ਤੁੜਾ ਦਿੱਤਾ, ਗਰੀਬਾਂ ਨੂੰ ਬਾਦਸ਼ਾਹੀਆਂ ਬਖਸ਼ ਦਿੱਤੀਆਂ ਕਮਜੋਰਾਂ ਨੂੰ ਸੂਰਮਿਆਂ ਨਾਲ ਦੋ-ਹੱਥ ਕਰਨ ਦੇ ਜੋਗ ਬਣਾ ਦਿੱਤਾ। ਐਸੀ ਬੀਰਤਾ ਭਰੀ ਕੇ ਇਹ ਸਵਾ ਲੱਖ ਦਾ ਸਾਹਮਣਾ ਕਰਨ ਲਈ ਤਿਆਰ ਕਰ ਦਿੱਤਾ। ਬੋਦੀਆਂ ਵਾਲੇ, ਹਲ ਵਾਹੁਣ ਵਾਲੇ, ਖੁਰਪੇ ਵਾਲੇ, ਪਾਣੀ ਢੋਣ ਵਾਲੇ, ਕੱਪੜੇ ਧੋਣ ਤੇ ਸਿਉਣ ਵਾਲੇ, ਆਪਣੇ ਸਿੱਖਾਂ ਨੂੰ ਤਲਵਾਰ ਚੁਕਾ ਕੇ ‘ਰਣ ਮੈ ਤਬ ਜੂਝ ਮਰੋ’ਲਈ ਤਿਆਰ ਕਰ ਦਿੱਤਾ। ਏਸੇ ਭਾਵਨਾ ਤਹਿਤ, ਨਗਾਰੇ ਵਜਾ ਕੇ, ਕਿਲੇ ਬਣਾ ਕੇ, ਹਾਥੀ ਦੀ ਸਵਾਰੀ ਕਰਕੇ ਆਪਣੇ ਸਮੇਂ ਦੇ ਸ਼ਾਹੀ ਹਾਕਮਾਂ ਨੂੰ ਵੰਗਾਰਿਆ। ਇਕ ਨਹੀਂ ਕਈ ਯੁੱਧ ਸਮੇਂ ਦੇ ਸਭ ਤੋਂ ਵੱਧ ਤਾਕਤਵਰ ਹਾਕਮਾਂ ਨਾਲ ਲੜੇ। ਸਮੇਂ ਦੇ ਬਾਦਸ਼ਾਹ ਨੂੰ ਵਿਜੇ ਪੱਤਰ ਰਾਹੀਂ ਅਜਿਹੀਆਂ ਖਰੀਆਂ ਖਰੀਆਂ ਸੁਣਾਈਆਂ ਕਿ ਉਸ ਦੀ ਆਤਮਾ ਕੰਬ ਉਠੀ। ਬਾਦਸ਼ਾਹ ਨੂੰ ਬਚਨ ਤੋੜ, ਮਾਇਆ ਦਾ ਪੁਜਾਰੀ, ਬੇਈਮਾਨ, ਵਿਸ਼ਵਾਸਘਾਤੀ ਆਦਿ ਕਈ ਵਿਸ਼ੇਸ਼ਣਾ ਨਾਲ ਸੰਬੋਧਿਤ ਕੀਤਾ। ਬੀਰਤਾ ਭਰਨ ਲਈ ਬੀਰ ਰਸੀ ਸਾਹਿਤ ਰਚਨਾ ਵੀ ਕੀਤੀ।

ਅੰਤ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਫ਼ਲਸਫ਼ੇ ਬਾਰੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਫ਼ਲਸਫ਼ਾ ਕਿਸੇ ਝੂਠ ਜਾਂ ਅਧਰਮ ਦੀ ਪਰਦਾ ਪੋਸੀ ਕਰਨ ਵਾਲਾ ਨਹੀਂ ਹੈ ਸਗੋਂ ਸ਼ੁਭ ਕਰਮਾਂ ਵਾਲਾ, ਸੱਚੇ ਕੌਲਾਂ ਵਾਲਾ ਹੈ ਅਤੇ ਇਨ੍ਹਾਂ ਕੌਲਾਂ ਜਾਂ ਬਚਨਾਂ ਨੂੰ ਵਿਚਾਰਾਂ ਨਾਲ, ਤਲਵਾਰਾਂ ਨਾਲ ਅਤੇ ਰਣ ਵਿਚ ਜੂਝ ਕੇ ਸ਼ਹੀਦੀਆਂ ਦੇ ਕੇ ਪੁਗਾਉਣ ਵਾਲਾ ਹੈ:-

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ ॥
ਅਰੁ ਸਿਖ ਹੌ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ ॥231॥
(ਕ੍ਰਿਸ਼ਨਾ ਅਵਤਾਰ 231-1)
 


  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਫਲਸਫਾ
ਬਲਵਿੰਦਰ ਸਿੰਘ ਜੌੜਾਸਿੰਘਾ,
ਮੀਤ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
ਰੱਬ ਦੀ ਹੋਂਦ ਜਾਂ ਅਣਹੋਂਦ ਵਿੱਚ ਵਿਚਾਰਕ ਵਖਰੇਂਵਾਂ ਕਿਉਂ ?
ਪਰਸ਼ੋਤਮ ਲਾਲ ਸਰੋਏ
ਬਾਬਾ ਆਇਆ ਦੇਖ ਲੋਕਾਈ, ਸੱਚੇ ਸੌਦੇ ਦੀ ਰੀਤ ਚਲਾਈ
ਪਰਸ਼ੋਤਮ ਲਾਲ ਸਰੋਏ
ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਅਸਥਾਨ ਸੰਬੰਧੀ ਖੋਜ ਪੱਤਰ
ਦਲੇਰ ਸਿੰਘ ਜੋਸ਼
ਭਗਤ ਕਬੀਰ ਇੱਕ ਮਹਾਨ ਫਿਲਾਸਫਰ
ਪਰਸ਼ੋਤਮ ਲਾਲ ਸਰੋਏ
ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਬਾਲ ਲੀਲਾ ਦੀ ਯਾਦ ਦੁਆਉਂਦਾ ਹੋਇਆ ਤਿਉਹਾਰ - ਜਨਮ ਅਸ਼ਟਮੀਂ
ਪਰਸ਼ੋਤਮ ਲਾਲ ਸਰੋਏ
ਮਾਸ ਖਾਣ ਦਾ ਵਿਗਿਆਨਕ,ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ
ਤੂੰ ਦਰਆਉ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ॥
ਪਰਸ਼ੋਤਮ ਲਾਲ ਸਰੋਏ
ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?
ਅਵਤਾਰ ਸਿੰਘ ਮਿਸ਼ਨਰੀ
ਬੇਗ਼ਮਪੁਰਾ ਸ਼ਹਿਰ ਦੇ ਨਿਰਮਾਤਾ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ
ਪਰਸ਼ੋਤਮ ਲਾਲ ਸਰੋਏ, ਜਲੰਧਰ
ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ ਸਨ?
ਅਵਤਾਰ ਸਿੰਘ ਮਿਸ਼ਨਰੀ
ਆਖਾ ਜੀਵਾ ਵਿਸਰੈ ਮਰਿ ਜਾਉ
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
ਕਾਹੇ ਰੇ ਬਨ ਖੋਜਨ ਜਾਈ ਗਿਆਨੀ
ਅਮਰੀਕ ਸਿੰਘ ‘ਮਲਿਕਪੁਰੀ’

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20011, 5abi.com