ਇਹ ਕਥਨ ”ਬਾਣੀ ਗੁਰੂ, ਗੁਰੂ ਹੈ ਬਾਣੀ” ਕਿੰਨਾ ਸੱਚ ਹੈ। ਇਸ ਦੀ ਪਰਖ ਕੋਈ ਹੋਛਾ
ਪੁਰਸ਼ ਕਿਵੇਂ ਕਰ ਸਕਦਾ ਹੈ। ਇਹ ਪਰਖ ਤਾਂ ਉਹੀ ਕਰ ਸਕਦਾ ਹੈ ਜਿਸ ਨੂੰ ਕੋਈ ਸਮਝ,
ਕੋਈ ਅਕਲ ਜਾਂ ਗਿਆਨ ਹੋਵੇ। ਕਿਹਾ ਜਾਂਦਾ ਹੈ ਕਿ ”ਅਸਲ ਹੀਰੇ ਦੀ ਪਹਿਚਾਣ ਜਾਂ ਪਰਖ
ਤਾਂ ਸਿਰਫ ਜੌਹਰੀ ਹੀ ਕਰ ਸਕਦਾ ਹੈ। ” ਇਹ ਬਿਲਕੁਲ ਸੱਚ ਹੈ। ਬਾਣੀ ਸੱਚ-ਮੁੱਚ ਹੀ
ਸਾਡੇ ਲਈ ਇੱਕ ਗੁਰੂ ਦਾ ਕੰਮ ਕਰਦੀ ਹੈ। ਇਸ ਬਾਣੀ ਉੱਤੇ ਅਮਲ ਕਰਨ ਦੀ ਨਾਲ ਸਾਡੇ
ਜੀਵਨ ਨੂੰ ਇੱਕ ਦਿਸ਼ਾ, ਇੱਕ ਸੇਧ ਮਿਲਦੀ ਹੈ। ਇਹ ਬਾਣੀ ਹੀ ਸਾਡੇ ਲਈ ਅਸਲ ਹੀਰਾ ਹੈ।
ਕਿਹਾ ਜਾਂਦਾ ਹੈ ਕਿ ਕਈ ਲੱਖ ਚੌਰਾਸੀ ਜੂਨਾ ਭੁਗਤ ਕੇ ਹੀ ਇਨਸਾਨ ਇਸ ਧਰਤੀ ‘ਤੇ
ਜਨਮ ਲੈਂਦਾ ਹੈ। ਮਨੁੱਖਾ ਜਨਮ ਹੀ ਬਾਕੀ ਸੱਭ ਜਨਮਾਂ (ਜੂਨਾਂ) ਤੋਂ ਉੱਤਮ ਮੰਨਿਆ
ਜਾਂਦਾ ਹੈ। ਲੇਕਿਨ ਇਹ ਮਨੁੱਖਾ ਜਨਮ ਮਿਲਣ ‘ਤੇ ਕਈ ਵਾਰ ਅਸੀਂ ਇਸ ਦੇ ਮਹੱਤਵ ਨੂੰ
ਸਮਝਣ ਤੋਂ ਬਿਨਾਂ ਬੇ-ਅਰਥ ਸਮਾਂ ਗਵਾ ਦਿੰਦੇ ਹਾਂ।
ਇਸ ਗੱਲ ਤੋਂ ਤਾਂ ਸਾਰੇ ਭਲੀ-ਭਾਂਤੀ ਜਾਣੂ ਹਨ ਕਿ ਇਸ ਜੀਵਨ ਵਿੱਚ ਸਾਨੂੰ ਬਹੁਤ
ਸਾਰੇ ਦੁੱਖਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਫਿਰ ਵੀ ਇਨਸਾਨ
ਨੂੰ ਆਪਣੇ ਮਿਲੇ ਹੋਏ ਸਵਾਸ ਪੂਰੇ ਕਰਨੇ ਹੀ ਪੈਂਦੇ ਹਨ। ਇਹ ਦੁੱਖ ਇਕੱਲੇ ਹੀ
ਮਨੁੱਖੀ ਜੀਵਨ ਦਾ ਹਿੱਸਾ ਨਹੀਂ ਹੈ ਬਲਕਿ ਕੁਝ ਇੱਕ ਸੁੱਖ ਵੀ ਹੁੰਦੇ ਹਨ।
ਇਹ ਦੇਖੋ ਜੇਕਰ ਦਿਨ ਹੈ ਤਾਂ ਰਾਤ ਹੈ। ਰਾਤ ਹੈ ਤਾਂ ਇਸ ਅੰਧੇਰੀ ਰਾਤ ਤੋਂ ਬਾਅਦ
ਦਿਨ ਦਾ ਉਜਾਲਾ ਵੀ ਆਉਂਦਾ ਹੈ। ਇਸ ਲਈ ਦਿਨ ਤੇ ਰਾਤ ਦੀ ਤਰ੍ਹਾਂ ਸੁੱਖ ਤੇ ਦੁੱਖ
ਦੋਨੋਂ ਹੀ ਜ਼ਿੰਦਗੀ ਦਾ ਹਿੱਸਾ ਹਨ। ਕਿਹਾ ਜਾਂਦਾ ਹੈ
ਦੁੱਖ-ਸੁੱਖ ਦੋਇ ਖੜ੍ਹੇ, ਕਾਕੈ ਲਾਗੈ ਪਾਉ।
ਸੋ ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ। ਜੋ ਕਿ ਜ਼ਿੰਦਗੀ ਦੇ ਅੰਗ ਹੀ ਹਨ।
ਪਰਖ ਕਰ ਕੇ ਦੇਖਿਆ ਜਾਏ ਕਿ ਜਿਹੜਿਆਂ ਨੂੰ ਅਸੀਂ ਆਪਣਿਆਂ ਦਾ ਜਾਮਾਂ ਪਹਿਨਾ ਦਿੰਦੇ
ਹਾਂ ਉਹ ਤਾਂ ਗੈਰਾਂ ਤੋਂ ਵੀ ਵਧ ਕੇ ਨੁਕਸਾਨ ਦੇਹ ਹੁੰਦੇ ਹਨ। ਇਸ ਦੁਨੀਆਂ ਦੇ ਉੱਪਰ
ਕੁਦਰਤ ਨੇ ਇੱਕ ਮੋਹ ਮਾਇਆ ਦਾ ਜਾਲ ਬੁਣਿਆ ਹੋਇਆ ਹੈ। ਜਿਸ ਦੇ ਸ਼ਿਕੰਜੇ ਵਿੱਚੋਂ ਕੋਈ
ਵੀ ਬਾਹਰ ਨਹੀਂ ਨਿਕਲ ਸਕਦਾ।
ਫਿਰ ਜਦੋਂ ਵੀ ਦੁਨੀਆਂ ‘ਤੇ ਕੋਈ ਪਾਪਾਂ ਦਾ ਬੋਲ-ਬਾਲਾ ਹੋਇਆ ਜਾਂ ਇਨ੍ਹਾਂ ਨੇ
ਗਦਰ ਮਚਾਇਆ ਹੈ ਤਾਂ ਰੱਬ ਨੂੰ ਰੂਪ ਬਦਲ ਕੇ ਇਸ ਧਰਤੀ ਉੱਤੇ ਆਉਣਾ ਹੀ ਪੈਂਦਾ ਹੈ।
ਇਸ ਤਰ੍ਹਾਂ ਉਹ ਦੁਨੀਆਂ ਜੋ ਕਿ ਕੁਰਾਹੇ ਪੈ ਚੁੱਕੀ ਹੈ, ਆਪਣਾ ਰਾਸਤਾ ਭਟਕ ਚੁੱਕੀ
ਹੈ। ਉਹ ਆਪਣੇ ਪ੍ਰਵਚਨਾਂ ਇਸ ਭਟਕੀ ਹੋਈ ਮਨੁੱਖਤਾ ਨੂੰ ਸਮਝਾਉਣ ਦਾ ਯਤਨ ਕਰਦੇ ਹਨ
ਤੇ ਰਾਹੇ ਪਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਉਨ੍ਹਾਂ ਮਹਾਂ ਪੁਰਖਾਂ ਦੇ ਇਹ ਪ੍ਰਵਚਨ ਹੀ
ਉਨ੍ਹਾਂ ਦੀ ਬਾਣੀ ਹੈ। ਇਹ ਤਰ੍ਹਾਂ ਜੋ ਗੁਰ ਸਾਨੂੰ ਉਨ੍ਹਾਂ ਦੀ ਬਾਣੀ ਤੋਂ ਮਿਲਦਾ
ਹੈ, ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਬਾਣੀ ਦੇ ਰਚਣਹਾਰ ਸ਼ਖ਼ਸ਼ਾਤ ਸਾਡੇ ਸਾਹਮਣੇ ਹੋਣ।
ਪਰ ਜੇਕਰ ਅਸੀਂ ਉਨ੍ਹਾਂ ਦੀ ਬਾਣੀ ਨੂੰ ਪੜ੍ਹਦੇ ਜਾਂ ਸੁਣਦੇ ਵਕਤ ਆਪਣਾ ਧਿਆਨ
ਜਾਂ ਚਿੱਤ ਦੂਸਰੇ ਕੋਝੇ ਤੇ ਬੇਅਰਥ ਕੰਮਾਂ ਜਾਂ ਕੋਈ ਦੂਸਰੇ ਦੁਨੀਆਵੀ ਕੰਮਾਂ ਵੱਲ
ਕਰ ਲੈਂਦੇ ਹਾਂ ਤਾਂ ਉਹ ਬੇ-ਅਰਥ ਜਾਂਦਾ ਹੈ। ਦੂਜਾ ਇਹ ਵੀ ਹੈ ਕਿ ਜੇਕਰ ਅਸੀਂ ਬਾਣੀ
ਨੂੰ ਪੜ੍ਹ ਕੇ ਜਾਂ ਸੁਣਕੇ ਉਸ ਤੇ ਅਮਲ ਨਹੀਂ ਕਰਦੇ ਜਾਂ ਇੱਕ ਕੰਨ ਤੋਂ ਸੁਣ ਕੇ
ਦੂਜੇ ਕੰਨ ਤੋਂ ਬਾਹਰ ਵੱਲ ਤੋਰ ਦਿੰਦੇ ਹਾਂ ਤਾਂ ਇੱਕ ਤਾਂ ਇਹ ਬਾਣੀ ਦਾ ਅਪਮਾਨ
ਕਰਦੇ ਹਾਂ ਤੇ ਦੂਜਾ ਅਸੀਂ ਇਸ ਦਾ ਕੋਈ ਫਲ ਵੀ ਹਾਸਲ ਨਹੀਂ ਕਰ ਸਕਦੇ।
ਕਿਸ ਰਸਤੇ ਵੱਲ ਚੱਲਣਾ ਹੈ, ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਆਦਿ ਦੀ ਪ੍ਰੇਰਨਾ
ਸਾਨੂੰ ਬਾਣੀ ਤੋਂ ਹੀ ਪ੍ਰਾਪਤ ਹੁੰਦੀ ਹੈ।
‘ਸੱਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ। ‘ ਦੀ ਸਿੱਖਿਆ ਅਸੀਂ ਗੁਰੂਆਂ ਦੀ ਬਾਣੀ
ਭਾਵ ਗੁਰਬਾਣੀ ਤੋਂ ਹੀ ਲੈਂਦੇ ਹਾਂ। ਲੇਕਿਨ ਜੇਕਰ ਅਸੀਂ ਇਸ ਬਾਣੀ ਦੀ ਤੁੱਕ ਵਲ
ਅਸੀਂ ਧਿਆਨ ਨਹੀਂ ਮਾਰਦੇ ਤਾਂ ਇੰਝ ਲਗਦਾ ਹੈ ਕਿ ਅਸੀਂ ਗੁਰੂਆਂ ਦੀ ਬਾਣੀ ਤੋਂ
ਮੁਨਕਰ ਹੋ ਕੇ ਗ਼ਲਤ ਰਸਤੇ ਵਲ ਚਲ ਰਹੇ ਹਾਂ ਕਹਿਣ ਨੂੰ ਤਾਂ ਅਸੀਂ ਗੁਰੂ ਵਾਲੇ ਹੁੰਦੇ
ਹਾਂ ਪਰ ਅਸਲ ਵਿੱਚ ਉਹ ਸਾਡੀ ਗੁਰੂਆਂ ਤੋਂ ਬੇ-ਮੁੱਖਤਾ ਵਾਲੀ ਗੱਲ ਹੀ ਹੁੰਦੀ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਕਥਨ ਅਨੁਸਾਰ :
”ਕੂੜ ਹੋਇਆ ਪ੍ਰਧਾਨ ਵੇ ਲਾਲੋ, ਪਾਪ ਦੀ ਜੰਝ ਲੈ ਕਾਬਲ ਧਾਇਆ ਜੋਰੀ ਮੰਗੈ ਦਾਨ ਵੇ
ਲਾਲੋ। ”
ਲੇਕਿਨ ਅੱਜ ਵੀ ਇਹ ਹੀ ਗੱਲ ਹੋ ਰਹੀ ਹੈ ਦੁਨੀਆ ਤੇ ਪਾਪ ਪਸਾਰਾ ਵਧ ਚੁੱਕਾ ਹੈ।
ਇਸ ਤੋਂ ਇੰਝ ਲਗਦਾ ਹੈ ਕਿ ਅੱਜ ਵੀ ਇਹ ਹੀ ਗੱਲਾਂ ਹੋ ਰਹੀਆਂ ਹਨ। ਜਿਹੜੀਆਂ ਗੱਲਾਂ
ਸਾਨੂੰ ਗੁਰੂਆਂ ਦੀ ਬਾਣੀ ਸਿਖਾਉਂਦੀ ਹੈ ਉਨ੍ਹਾਂ ਤੇ ਅਮਲ ਕੀਤਾ ਜਾਏ ਤਾਂ ਹੀ
ਦੁਨੀਆਂ ਦੀ ਭਲਾਈ ਹੋ ਸਕਦੀ ਹੈ। ਗੁਰੂਆਂ ਦੀ ਬਾਣੀ ਸਾਨੂੰ ਜਾਤਾਂ ਧਰਮਾਂ ਦੇ
ਬੰਧਨਾਂ ਤੋਂ ਵੀ ਮੁਕਤ ਕਰਦੀ ਹੈ। ਉਨ੍ਹਾਂ ਅਨੁਸਾਰ ਇਨਸਾਨੀਅਤ ਹੀ ਸਾਡਾ ਅਸਲ ਧਰਮ
ਹੈ। ਸਾਨੂੰ ਗੁਰੂਆਂ ਦੀ ਬਾਣੀ ਤੋਂ ਬੇਮੁੱਖ ਹੋ ਕੇ ਚਲਣਾ ਸੋਭਦਾ ਨਹੀਂ ਹੈ। ਜੇਕਰ
ਅਸੀਂ ਗੁਰੂਆਂ ਪੀਰਾਂ ਦੇ ਸ਼ਾਖ਼ਸ਼ਾਤ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਉਨ੍ਹਾਂ ਦੀ ਬਾਣੀ
ਨੂੰ ਪੜ੍ਹਿਆ ਤੇ ਸੁਣਿਆ ਜਾਏ ਤੇ ਉਸ ‘ਤੇ ਅਮਲ ਵੀ ਕੀਤਾ ਜਾਏ, ਕਿਉਕਿ ਬਾਣੀ ਹੀ
ਸਾਡਾ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ।
ਧੰਨਵਾਦ ਸਹਿਤ ।
ਪਰਸ਼ੋਤਮ ਲਾਲ ਸਰੋਏ,
ਮੋਬਾਇਲ- 91-92175-44348
ਪਿੰਡ-ਧਾਲੀਵਾਲ-ਕਾਦੀਆਂ,
ਡਾਕਘਰ-ਬਸਤੀ-ਗੁਜ਼ਾਂ-ਜਲੰਧਰ-144002
ਪੰਜਾਬ – ਭਾਰਤ
17/06/2012
|