ਸ਼੍ਰੀ
ਗੁਰੂ ਰਵਿਦਾਸ ਜੀ ਮਹਾਰਾਜ ਦਾ ਜਨਮ 14ਵੀਂ ਸ਼ਤਾਵਦੀ ਵਿੱਚ 15 ਮਾਘ ਬਿਕਰਮੀਂ ਸੰਮਤ
1433 - ਜੋ ਕਿ 15 ਜਨਵਰੀ ਦਿਨ ਐਤਵਾਰ ਆਉਂਦਾ ਹੈ - ਨੂੰ ਕਾਂਸ਼ੀਂ ਬਨਾਰਸ ਵਿੱਚ
ਹੋਇਆ ਮੰਨਿਆ ਜਾਂਦਾ ਹੈ। ਇਹ ਭਾਰਤ ਵਿੱਚ ਉੱਤਰ ਪ੍ਰਦੇਸ ਵਿੱਚ ਸਥਿਤ ਹੈ। ਪਿਤਾ
ਸੰਤੋਖ ਦਾਸ ਅਤੇ ਮਾਤਾ ਕਲਸਾਂ ਦੇਵੀ ਜੀ ਦੇ ਘਰ ਹੋਇਆ। ਉਹਨਾਂ ਦਾ ਜਨਮ ਚਮਾਰ ਜਾਤੀ
ਵਿੱਚ ਹੋਇਆ, ਜਿਸ ਨੂੰ ਕੁਟਬੰਧਲਾ ਵੀ ਕਿਹਾ ਜਾਂਦਾ ਹੈ। ਜਨਮ ਸਮੇਂ ਹੀ ਆਪ ਦੇ ਮੁੱਖ
ਉੱਤੇ ਸੂਰਜ ਰੂਪੀ ਤੇਜ਼ ਸੀ। ਆਪ ਜੀ ਦਾ ਕੰਮ ਲੋਕਾਂ ਦੀਆਂ ਜੁੱਤੀਆਂ ਗੰਢਣਾ ਸੀ। ਨਾ
ਕੇਵਲ ਆਪ ਜੀ ਨੇ ਜੁੱਤੀਆਂ ਗੰਢਣ ਦਾ ਹੀ ਕੰਮ ਕੀਤਾ ਬਲਕਿ ਲੋਕਾਂ ਦੀਆਂ ਟੁੱਟੀਆਂ
ਹੋਈਆਂ ਤਕਦੀਰਾਂ ਗੰਢਣ ਦਾ ਕੰਮ ਵੀ ਕੀਤਾ।
ਆਪ ਜੀ ਦਾ ਪ੍ਰਮਾਤਮਾਂ ਪ੍ਰਤੀ ਅਥਾਹ ਪਿਆਰ ਹੋਣ ਕਰਕੇ ਆਪ ਖੁਦ ਹੀ ਰੱਬ ਦਾ ਰੂਪ
ਸਨ। ਆਪ ਜੀ ਦਾ ਵਿਆਹ ਮਾਤਾ ਲੂਣਾਂ ਨਾਲ ਹੋਇਆ। ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ
ਲਿਆ। ਗੁਰੂ ਰਵਿਦਾਸ ਪੁਰਾਨ ਅਨੁਸਾਰ ਆਪ ਜੀ ਦੇ ਪੁੱਤਰ ਦਾ ਨਾਂ ਵਿਜੇਦਾਸ ਮੰਨਿਆਂ
ਗਿਆ ਹੈ। ਜਦ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਹੋਇਆ, ਉਸ ਸਮੇਂ ਦੀ ਸਮਾਜਿਕ
ਵਿਵਸਥਾ ਬੜੀ ਬੁਰੀ ਤਰਾਂ ਨਾਲ ਤਹਿਸ-ਨਹਿਸ ਹੋ ਚੁੱਕੀ ਸੀ। ਛੋਟੀ ਜਾਤ ਦੇ ਲੋਕਾਂ
ਨੂੰ ਮੰਦਰਾਂ ‘ਚ ਜਾ ਕੇ ਪੂਜਾ ਕਰਨ ਦੀ ਮਨਾਹੀ ਸੀ। ਸਕੂਲਾਂ ਵਿੱਚ ਜਾਣ ਦੀ ਮਨਾਹੀ
ਸੀ। ਦਿਨ ਵੇਲੇ ਪਿੰਡਾਂ ਵਿੱਚ ਘੁੰਮਣ ਦੀ ਮਨਾਹੀ ਸੀ। ਜ਼ਿਆਦਾਤਰ ਲੋਕ ਪਿੰਡ ਤੋਂ
ਬਾਹਰ ਝੁੱਗੀਆਂ ‘ਚ ਰਹਿ ਰਹੇ ਸਨ। ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਨੁਸਾਰ
ਸਾਰੇ ਮਨੁੱਖ ਸਮਾਨ ਸਨ। ਉਹ ਊਚ ਨੀਚ ਦੇ ਭੇਦ ਨੂੰ ਖਤਮ ਕਰਨ ਦਾ ਉਪਦੇਸ ਦਿੰਦੇ ਸਨ।
ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਹੀ ਚਿਤੌੜਗੜ ਦੇ ਮਹਾਰਾਜਾ
ਤੇ ਮਹਾਰਾਣੀ ਆਪ ਜੀ ਦੇ ਚੇਲੇ ਬਣ ਗਏ ਸਨ। ਗੁਰੂ ਜੀ ਦੇ ਚੇਲਿਆਂ ਵਿੱਚੋਂ ਮੀਰਾਂ
ਬਾਈ ਵੀ ਇੱਕ ਸੀ। ਗੁਰੂ ਗ੍ਰੰਥ ਸਹਿਬ ਵਿੱਚ ਆਪ ਜੀ ਦੇ 40 ਸ਼ਬਦ ਤੇ ਇੱਕ ਸਲੋਕ
ਸ਼ਾਮਿਲ ਹਨ। ਜਿਵੇਂ ਕਿ ਸਿਰੀਰਾਗ, ਰਾਗ ਗਉੜੀ, ਆਸਾ, ਗੂਜ਼ਰੀ, ਰਾਗੁ ਸੋਰਠਿ,
ਧਨਾਸਰੀ, ਜੈਤਸਿਰੀ, ਰਾਗੁ ਸੂਹੀ, ਬਿਲਾਵਲੁ, ਰਾਗੁ ਗੋਂਡ, ਰਾਮ ਕਲੀ, ਰਾਗੁ ਮਾਰੂ,
ਰਾਗੁ ਕੇਦਾਰਾ, ਭੈਰਉ ਬਾਣੀ, ਬਸੰਤੁ ਬਾਣੀ, ਮਲਾਰ ਬਣੀ । ਗੁਰੂ ਜੀ ਦੇ ਸਮੇਂ ਉਸ
ਰਾਜ ਵਿੱਚ ਇੱਕ ਰਾਜਾ ਰਹਿੰਦਾ ਸੀ। ਉਸ ਰਾਜ ਵਿੱਚ ਇੱਕ ਰਾਜਾ ਸੀ ਜਿਸ ਕੋਲ
ਧੰਨ-ਦੌਲਤ ਤਾਂ ਬਹੁਤ ਸੀ ਪਰ ਉਸ ਨੂੰ ਮਾਨਸਿਕ ਸ਼ਾਂਤੀ ਦੀ ਘਾਟ ਸੀ। ਰਾਜ ਦਾ ਕੋਈ
ਆਦਮੀ ਰਾਜੇ ਨੂੰ ਦੱਸਦਾ ਹੈ ਕਿ ਇਸ ਸ਼ਹਿਰ ਵਿੱਚ ਇੱਕ ਮਹਾਨ ਸੰਤ ਰਹਿੰਦਾ ਹੈ। ਜੋ ਉਸ
ਨੂੰ ਮਾਨਸਿਕ ਸ਼ਾਂਤੀ ਦੇ ਸਕਦਾ ਹੈ। ਜਦ ਰਾਜਾ ਨੂੰ ਪਤਾ ਲਗਦਾ ਹੈ ਕਿ ਉਹ ਇੱਕ ਮੋਚੀ
ਦਾ ਕੰਮ ਕਰਦਾ ਹੈ ਤਾਂ ਰਾਜਾ ਨੂੰ ਬੜਾ ਹੀ ਕ੍ਰੋਧ ਆਉਂਦਾ ਹੈ। ਉਹ ਕਹਿੰਦਾ ਹੈ ਕਿ
ਮੈਂ ਤਾਂ ਇੱਕ ਰਾਜਾ ਹਾਂ ਤੇ ਉਹ ਇੱਕ ਮੋਚੀ ਹੈ। ਲੇਕਿਨ ਉਹ ਬੰਦਾ ਉਸ ਨੂੰ
ਸਮਝਾਉਂਦਾ ਹੈ ਤਾਂ ਅੰਤਕਾਰ ਊਹ ਰਾਜਾ ਗੁਰੂ ਜੀ ਪਾਸ ਜਾਣ ਨੂੰ ਤਿਆਰ ਹੋ ਜਾਂਦਾ ਹੈ।
ਉਹ ਰਾਜਾ ਗੁਰੂ ਜੀ ਨੂੰ ਨਮਸਕਾਰ ਕਰ ਕੇ ਆਤਮਿਕ ਸ਼ਾਤੀ ਪ੍ਰਾਪਤੀ ਦੇ ਲਈ ਅਰਦਾਸ
ਕਰਦਾ ਹੈ। ਗੁਰੂ ਜੀ ਆਪਣੇ ਪੱਥਰ ਦੇ ਬਰਤਨ ਜਿਸ ਵਿੱਚ ਕਿ ਉਹ ਚਮੜਾ ਭਿਓਂ ਕੇ
ਜੁੱਤੀਆਂ ਗੰਢਦੇ ਹਨ, ਉਹ ਪਾਣੀ ਰਾਜੇ ਨੂੰ ਇੱਕ ਕਟੋਰੇ ਵਿੱਚ ਪਾ ਕੇ ਦਿੰਦੇ ਹਨ ਤੇ
ਪੀਣ ਲਈ ਕਹਿੰਦੇ ਹਨ। ਰਾਜਾ ਉਸ ਅਮ੍ਰਿਤ ਰੂਪੀ ਪਾਣੀ ਨੂੰ ਗੰਦਾ ਸਮਝ ਕੇ ਉਸ ਨੂੰ
ਪੀਣ ਤੋਂ ਇਨਕਾਰ ਕਰ ਦਿੰਦਾ ਹੈ। ਇਸ ਤੇ ਪਾਣੀ ਉਸ ਦੇ ਕੱਪੜਿਆਂ ਉੱਪਰ ਡੁੱਲ ਜਾਂਦਾ
ਹੈ ਤੇ ਰਾਜਾ ਕ੍ਵੋਧਵਸ ਹੋ ਕੇ ਵਾਪਸ ਆਪਣੇ ਦਰਵਾਰ ਚਲਾ ਜਾਂਦਾਂ ਹੈ। ਉਹ ਸ਼ਾਹੀ ਧੋਬੀ
ਨੂੰ ਉਹ ਦਾਗ਼ ਮਿਟਾਉਣ ਲਈ ਦਿੰਦਾ ਹੈ। ਉਹ ਦੇਖਦਾ ਹੈ ਕਿ ਇਹ ਨਿਸ਼ਾਨ ਤਾਂ ਗੁਰੂ
ਰਵਿਦਾਸ ਜੀ ਦੇ ਕੁੰਨ ਦੇ ਪਾਣੀ ਦਾ ਹੈ। ਉਹ ਸ਼ਾਹੀ ਧੋਬੀ ਉਹ ਕੱਪੜੇ ਆਪਣੀ ਕੁੜੀ ਨੂੰ
ਧੋਣ ਨੂੰ ਦਿੰਦਾ ਹੈ। ਉਸ ਧੋਬੀ ਦੀ ਲੜਕੀ ਬੜੀ ਸਿਆਣੀ ਹੈ ਉਹ ਪਾਣੀ ਦਾ ਸਾਰਾ ਦਾਗ਼
ਨੂੰ ਚੂਸ ਲੈਂਦੀ ਹੈ ਤੇ ਤਦ ਉਹ ਉਸ ਕੱਪੜੇ ਨੂੰ ਧੋਂਦੀ ਹੈ ਤੇ ਵਾਪਸ ਆਪਣੇ ਪਿਤਾ
ਨੂੰ ਦੇ ਦਿੰਦੀ ਹੈ। ਉਸ ਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤਦ ਤੋਂ ਉਹ
ਲੜਕੀ ਬੜੀ ਸੂਝਵਾਨ ਬਣ ਜਾਂਦੀ ਹੈ।
ਲੜਕੀ ਦੀ ਦਿਨੋਂ ਦਿਨ ਬਹੁਤ ਮੰਨਤ ਹੋਣ ਲੱਗ ਜਾਂਦੀ ਹੈ। ਲੋਕ ਉਸ ਕੋਲ ਵੀ ਗੁਰੂ
ਜੀ ਦੀ ਤਰਾਂ ਅਸ਼ੀਰਵਾਦ ਲੈਣ ਆਉਣ ਲੱਗਦੇ ਹਨ। ਰਾਜ ਦਾ ਇੱਕ ਆਦਮੀ ਵੀ ਉਸ ਲੜਕੀ ਕੋਲ
ਆਉਂਦਾ ਹੈ ਅਤੇ ਜਾ ਕੇ ਰਾਜੇ ਨੂੰ ਦੱਸਦਾ ਹੈ ਕਿ ਤੁਸੀਂ ਅਜੇ ਵੀ ਬੜੇ ਦੁਖੀ ਅਤੇ
ਆਸ਼ਾਂਤ ਹੋ। ਇਸ ਦੁੱਖ ਅਤੇ ਆਸ਼ਾਤੀ ਦਾ ਨਿਵਾਰਨ ਤੁਸੀਂ ਉਸ ਲੜਕੀ ਕੋਲੋਂ ਕਰਾ ਸਕਦੇ
ਹੋ। ਰਾਜੇ ਦਾ ਮਨ ਉਸ ਸ਼ਾਹੀ ਧੋਬੀ ਦੀ ਲੜਕੀ ਕੋਲ ਜਾਣ ਨੂੰ ਨਹੀਂ ਕਰਦਾ, ਅੰਤ ਨੂੰ
ਉਹ ਉਸ ਲੜਕੀ ਕੋਲ ਜਾਣ ਦਾ ਮਨ ਬਣਾ ਲੈਂਦਾ ਹੈ ਅਤੇ ਉਸ ਕੋਲ ਜਾ ਕੇ ਆਪਣੀ ਦੁਬਿਧਾ
ਨੂੰ ਦੂਰ ਕਰਨ ਦੀ ਬੇਨਤੀ ਕਰਦਾ ਹੈ। ਉਹ ਰਾਜੇ ਨੂੰ ਦੱਸਦੀ ਹੈ ਕਿ ਜੋ ਕੁਝ ਵੀ ਅੱਜ
ਉਸ ਕੋਲ ਹੈ ਉਹ ਗੁਰੂ ਰਵਿਦਾਸ ਜੀ ਦੇ ਕੁੰਨ ਦੇ ਪਾਣੀ ਦੇ ਦਾਗ ਦਾ ਹੀ ਪ੍ਰਤਾਪ ਹੈ
ਜੋ ਉਸ ਦੇ ਪਿਤਾ ਨੇ ਤੁਹਾਡੇ ਕੱਪੜੇ ਤੋਂ ਮਿਟਾਉਣ ਨੂੰ ਦਿੱਤੇ ਸਨ।
ਇੱਕ ਵਾਰ ਇੱਕ ਬ੍ਰਾਹਮਣ ਗੰਗਾ ਇਸ਼ਨਾਨ ਲਈ ਜਾ ਰਿਹਾ ਹੁੰਦਾ ਹੈ, ਗੁਰੂ ਰਵਿਦਾਸ
ਜੀ ਮਹਾਰਾਜ ਉਸ ਨੂੰ ਇੱਕ ਦਮੜੀ ਗੰਗਾ ਮਾਈ ਨੂੰ ਭੇਂਟ ਕਰਨ ਲਈ ਦਿੰਦੇ ਹਨ। ਨਾਲ ਹੀ
ਇਹ ਵੀ ਕਹਿੰਦੇ ਹਨ ਕਿ ਜੇਕਰ ਗੰਗਾ ਮਾਈ ਹੱਥ ਕੱਢ ਕੇ ਦਮੜੀ ਸਵੀਕਾਰ ਕਰੇਗੀ ਤਾਂ
ਦਮੜੀ ਉਸ ਨੂੰ ਦੇ ਦੇਣਾ। ਬ੍ਰਾਹਮਣ ਨੇ ਗੁਰੂ ਜੀ ਦੀ ਗੱਲ ਨੂੰ ਇੱਕ ਮਜ਼ਾਕ ਦੇ ਤੌਰ
ਤੇ ਲਿਆ। ਪਰ ਜਦੋਂ ਗੰਗਾ ਮਾਤਾ ਨੇ ਆਪਣੇ ਹੱਥ ਬਾਹਰ ਗੁਰੂ ਜੀ ਦੀ ਭੇਜੀ ਗਈ ਦਮੜੀ
ਨੂੰ ਸਵੀਕਾਰ ਕੀਤਾ ਤਾਂ ਉਸ ਬ੍ਰਾਹਮਣ ਨੂੰ ਬੜੀ ਹੈਰਾਨੀ ਹੋਈ। ਉਸ ਦਮੜੀ ਦੇ ਬਦਲੇ
ਵਿੱਚ ਗੰਗਾ ਮਾਈ ਨੇ ਉਸ ਬ੍ਰਾਹਮਣ ਕੋਲ ਇੱਕ ਸੋਨੇ ਦਾ ਕੰਗਣ ਭੇਜਿਆ। ਇਹ ਕੰਗਣ ਦੇਖ
ਕੇ ਉਸ ਦਾ ਦਿਲ ਬੇਈਮਾਨ ਹੋ ਗਿਆ।
ਉਸ ਨੇ ਧੰਨ ਦੀ ਪ੍ਰਾਪਤੀ ਲਈ ਊਹ ਕੰਗਣ ਰਾਜੇ ਨੂੰ ਦੇ ਦਿੱਤਾ। ਰਾਣੀ ਨੇ ਜਦ ਇਹ
ਕੰਗਣ ਦੇਖਿਆ ਤਾਂ ਉਸ ਨੇ ਇਸ ਦੇ ਨਾਲ ਦੇ ਦੂਜੇ ਹੋਰ ਕੰਗਣ ਦੀ ਮੰਗ ਕੀਤੀ ਤਾਂ ਹੁਣ
ਬ੍ਰਾਹਮਣ ਦੁਬਿਧਾ ਵਿੱਚ ਫਸ ਗਿਆ। ਆਖਿਰਕਾਰ ਉਹ ਗੁਰੂ ਰਵਿਦਾਸ ਜੀ ਕੋਲ ਗਿਆ ਤੇ
ਸਾਰੀ ਵਿਥਿਆ ਬਿਆਨ ਕੀਤੀ। ਗੁਰੂ ਜੀ ਨੇ ਉਸ ਬ੍ਰਾਹਮਣ ਦੀ ਦੁਬਿਧਾ ਨੂੰ ਦੂਰ ਕੀਤੀ।
ਇਸ ਤਰਾਂ ਉਸ ਬ੍ਰਾਹਮਣ ਨੂੰ ਗੁਰੂ ਜੀ ਦੇ ਆਤਮਿਕ ਗਿਆਨ ਬਾਰੇ ਚਾਨਣਾ ਹੋਇਆ। ਝੂਠੇ
ਪਖੰਡੀ ਲੋਕਾਂ ਦਾ ਹੰਕਾਰ ਤੋੜਨ ਲਈ ਆਪ ਜੀ ਨੇ ਆਪਣੀ ਛਾਤੀ ਵਿੱਚ ਚੋਹਾਂ ਜ਼ੁਗਾਂ ਦੇ
ਜੰਜੂ ਦਿਖਾਏ ਤੇ ਦੁਨੀਆਂ ਨੂੰ ਸੱਚ ਦਾ ਚਾਨਣਾ ਕਰਾਉਣ ਲਈ ਗੰਗਾ ਨਦੀ ਵਿੱਚ ਪੱਥਰ ਵੀ
ਤਾਰ ਕੇ ਦਿਖਾਇਆ।
ਡਾਕਟਰ ਲੇਖ ਰਾਜ ਨੇ ਆਪਣੀ ਪੁਸਤਕ ’ਗੁਰੂ ਰਵਿਦਾਸ ਜੀ ਦਾ ਜੀਵਨ ਅਤੇ
ਲਿਖਤਾਂ’ ਦਾ ਪਹਿਲਾ ਐਡੀਸ਼ਨ 1993 ਵਿੱਚ ਲਿਖਿਆ ਹੈ ਕਿ ਗੁਰੂ ਰਵਿਦਾਸ ਜੀ ਉੱਤਰ
ਭਾਰਤ ਵਿੱਚ ਦੋ ਤੋਂ ਜ਼ਿਆਦਾ ਵਾਰ ਆਏ। ਪਹਿਲੀ ਵਾਰ ਤਾਂ ਉਨਾਂ ਦੇ ਨਾਲ ਕਬੀਰ ਜੀ,
ਤ੍ਰਿਲੋਚਨ ਜੀ, ਭਗਤ ਸੈਨ ਜੀ, ਅਤੇ ਭਗਤ ਧੰਨਾਂ ਜੀ ਸਨ। ਉਨਾਂ ਦੀ ਭੇਂਟਾ ਗੁਰੂ
ਨਾਨਕ ਦੇਵ ਜੀ ਨਾਲ ਚੂਹੜਕਾਣਾ, ਜੋ ਕਿ ਹੁਣ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ
ਜਾਂਦਾ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਨਾਂ ਮਹਾਨ ਸੰਤਾਂ ਮਹਾਂ ਪੁਰਖਾਂ ਨੂੰ
ਭੋਜਨ ਛਕਾ ਕੇ ਸੱਚਾ ਸੌਦਾ ਕੀਤਾ ਸੀ। ਦੂਜੀ ਵਾਰ ਗੁਰੂ ਰਵਿਦਾਸ ਜੀ ਦੀ ਗੁਰੂ ਨਾਨਕ
ਦੇਵ ਜੀ ਨਾਲ ਭੇਟਾ ਕਾਲੀ ਬੇਈਂ ਦੀ ਸੰਤ ਘਾਟ ਸੁਲਤਾਨਪੁਰ ਲੋਧੀ ਵਿਖੇ ਹੋਈ। ਤੀਜੀ
ਵਾਰੀ ਆਪ ਜੀ ਗੁਰੂ ਕਾ ਬਾਗ਼, ਬਨਾਰਸ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਭੇਟਾ ਹੋਈ ਅਤੇ
ਧਾਰਮਿਕ, ਸਮਾਜਿਕ ਵਿਵਸਥਾ ਅਤੇ ਮਨੁੱਖੀ ਸੁਤੰਤਰਤਾ ਨੂੰ ਲੈ ਕੇ ਵਿਚਾਰ ਗੋਸਟੀ ਹੋਈ।
ਗੁਰੂ ਰਵਿਦਾਸ ਜੀ ਮਹਾਰਾਜ ਨੇ ਐਸੇ ਸੰਸਾਰ ਦੀ ਕਲਪਨਾ ਕੀਤਾ ਜਿਸ ਵਿੱਚ ਕਿਸੇ
ਨੂੰ ਵੀ ਕੋਈ ਵੀ ਦੁੱਖ ਤਕਲੀਫ ਨਾ ਹੋਵੇ, ਕਿਸੇ ‘ਤੇ ਕਿਸੇ ਕਿਸਮ ਦਾ ਟੈਕਸ ਨਾ
ਲਗਾਇਆ ਜਾਵੇ। ਉਨਾਂ ਨੇ ਆਪਣੇ ਸ਼ਬਦ ‘ਬੇਗ਼ਮਪੁਰਾ‘ ਵਿੱਚ ਕੁਝ ਇਸ ਤਰਾਂ ਲਿਖਿਆ ਹੈ:
ਬੇਗ਼ਮਪੁਰਾ ਸ਼ਹਿਰ ਕੋ ਨਾਉ, ਦੂਖ ਅਨਦੋਹ ਨਾਹੀ ਤਹਿ ਠਾਉ ।
ਨਾ ਤਸਵੀਸੁ ਖਿਰਾਸ ਨਾ ਮਾਲੁ, ਖਾਉਫ ਨਾ ਖਤਾ, ਨਾ ਤਰਸ ਜਵਾਲੁ ॥
ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ 1 ਰਹਾਉ 1
ਕਾਇਮ ਦਾਇਮ ਸਦਾ ਪਾਤਸ਼ਾਹਿ, ਦੋਮ ਨਾ ਸੇਮ ਏਕ ਸੋ ਆਹੀ ।
ਆਬਾਦਾਨ ਸਦਾ ਮਸ਼ਹੂਰ, ਊਹਾਂ ਗਨਿ ਵਸਹਿ ਮਾਮੂਰ ।
ਤਿਉ ਤਿਉ ਸੈਲ ਕਰੇ ਜਿਉ ਭਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ ।
ਕਹੁ ਰਵਿਦਾਸ ਖ਼ਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ । ਅਰਥਾਰ ਗੁਰੂ ਜੀ
ਅਨੁਸਾਰ ਬੇਗਮਪੁਰਾ ਇੱਕ ਐਸਾ ਸ਼ਹਿਰ ਹੈ, ਜਿਥੇ ਕੋਈ ਵੀ ਦੁੱਖ ਤਕਲੀਫ ਨਹੀਂ ਹੈ।
ਜਿੱਥੋਂ ਦੇ ਲੋਕਾਂ ਨੂੰ ਕਿਸੇ ਨੂੰ ਕਿਸੇ ਕਿਸਮ ਦਾ ਟੈਕਸ ਨਾ ਦੇਣਾ ਪਵੇ। ਹਰ ਇੱਕ
ਦੇ ਮਾਲ ਸੰਪਤੀ ਦੀ ਸੁਰੱਖਿਅਤ ਹੋਵੇ। ਜਿੱਥੇ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ। ਸਭ
ਲੋਕ ਬਰਾਬਰ ਹਨ। ਸਭ ਨੂੰ ਪ੍ਰਭੂ ਭਗਤੀ ਦਾ ਅਧਿਕਾਰ ਹੈ। ਕਿਸੇ ਉੱਪਰ ਕੋਈ ਵੀ ਬੰਦਸ਼
ਨਹੀਂ।
ਆਪ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਰਾਜੇ ਤੇ ਰਾਣੀਆਂ ਨੇ ਆਪ
ਜੀ ਨੂੰ ਆਪਣਾ ਗੁਰੂ ਬਣਾਇਆ। ਜਿਨਾਂ ਵਿੱਚੇਂ ਰਾਜਾ ਪੀਪਾ, ਰਾਜਾ ਨਾਗਰ ਮਲ, ਰਾਣੀ
ਝਾਲਾਂ ਬਾਈ ਅਤੇ ਮੀਰਾਂ ਬਾਈ ਪ੍ਰਮੁੱਖ ਹਨ। ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਬਹੁਤ
ਥਾਵਾਂ ਦਾ ਭਮਣ ਕੀਤਾ ਜਿਵੇਂ ਕਿ ਮਥੁਰਾ, ਪ੍ਰਯਾਗ, ਹਰਿਦੁਆਰ, ਕੁਰਕੁਸ਼ੇਤਰ,
ਗੋਦਾਵਰੀ, ਸੁਲਤਾਨਪੁਰ, ਝਾਂਸੀਂ ਆਦਿ ਹਨ। ਜਿੱਥੇ ਕਿਤੇ ਵੀ ਊਹ ਗਏ ਉਨਾਂ ਤੋਂ
ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਉਸ ਦੇ ਚੇਲੇ ਬਣ ਗਏ। ਕਿਹਾ ਜ ਸਕਦਾ ਹੈ :
ਗੰਗਾ ਕਿਨਾਰੇ ਬੈਠ ਕੇ ਗੁਰੂ ਰਵਿਦਾਸ ਜੀ, ਸਤਿਨਾਮ ਦਾ ਹੋਕਾ ਲਾਇਆ ।
ਮਾਂ ਕਲਸਾਂ ਨੇ ਉਸ ਰੱਬ ਰੂਪ ਨੂੰ, ਆਪਣੀ ਗੋਦ ਖਿਡਾਇਆ ।
ਪਿਤਾ ਸੰਤੋਖ ਵੀ ਜ਼ਸ਼ਨ ਮਨਾਏ, ਪਰੀਆਂ ਵੀ ਮੰਗਲ ਗਾਇਆ ।
ਦੁਨੀਆਂ ਉੱਤੇ ਲਤਾੜੇ ਗਿਆਂ ਲਈ, ਉਹ ਖੁਦ ਬਣ ਮਸੀਹਾ ਆਇਆ ।
ਝੂਠੇ ਕਰਮਾਂ ਕਾਂਢਾਂ ‘ਚ ਫਸੀ ਲੋਕਾਈ ਨੂੰ, ਉਨਾਂ ਸੱਚ ਦਾ ਸਬਕ ਸਿਖਾਇਆ ।
ਝਾਲਾਂ ਤੇ ਮੀਰਾਂ ਬਾਈ ਨੇ, ਉਨਾਂ ਤੋਂ ਦਾਤ ਅਮ੍ਰਿਤ ਦੀ ਪਾਈ ।
ਰਾਜੇ ਰਾਣਿਆਂ ਨੇ ਵੀ ਆਪ ਨੂੰ, ਆਪਣਾ ਗੁਰੂ ਬਣਾਇਆ ।
ਪੀ.ਐਲ. ਕਰਾਂ ਵੀ ਸਿਫਤ ਉਨਾਂ ਦੀ, ਉਨਾਂ ਊਚ ਨੀਚ ਦਾ ਭੇਦ ਮਿਟਾਇਆ । ਸੰਸਾਰ
ਵਿੱਚ ਲਗਭਗ 3000 ਸਾਲ ਤੱਕ ਵਿਗੜੀ ਹੋਈ ਸਮਾਜਿਕ ਅਤੇ ਧਾਰਮਿਕ ਸਥਿਤੀ ਵਿੱਚ ਸੁਧਾਰ
ਲਿਆਉਣ ਵਿੱਚ ਉਨਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਉਨਾਂ ਦੀ ਵਿਚਾਰਧਾਰਾ ਸੀ:
ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ ,
ਛੋਟ ਬੜੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ । ਸੋ ਉਨਾਂ ਨੇ ਇੱਕ ਐਸੇ ਰਾਜ ਦੀ
ਸਥਾਪਨਾ ਕੀਤੀ ਜਿੱਥੇ ਕੋਈ ਵੀ ਉੱਚਾ ਜਾਂ ਨੀਵਾਂ, ਛੋਟਾ ਜਾਂ ਵੱਡਾ ਨਹੀਂ । ਇਸ
ਵਿੱਚ ਹੀ ਉਨਾਂ ਦੀ ਖ਼ੁਸ਼ੀ ਵੀ ਸੀ । ਬਹੁਤ ਸਾਰੇ ਵਿਦਵਾਨਾਂ ਅਨੁਸਾਰ ਉਹ ਲਗਭਗ 151
ਸਾਲ ਤੱਕ ਇਸ ਸੰਸਾਰ ਉੱਪਰ ਰਹੇ ਅਤੇ ਲੋਕਾਂ ਨੂੰ ਰੌਸ਼ਨੀ ਦਿਖਾਉਣ ਦਾ ਕੰਮ ਕੀਤਾ । |