WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)

ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?
ਅਵਤਾਰ ਸਿੰਘ ਮਿਸ਼ਨਰੀ

ਭਾਈ ਕਾਹਨ ਸਿੰਘ ਨਾਭਾ ਮਹਾਂਨ ਕੋਸ਼ ਦੇ ਪੰਨਾ 359 ਤੇ ਕ੍ਰਿਪਾਨ ਦੇ ਅਰਥ ਕਰਦੇ ਹਨ ਕਿ ਇਹ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਜੋ ਕ੍ਰਿਪਾ ਨੂੰ ਫੈਂਕ ਦੇਵੇ, ਜਿਸ ਦੇ ਚਲਾਉਣੇ ਵੇਲੇ ਰਹਿਮ ਨਾਂ ਆਵੇ, ਤਲਵਾਰ, ਸ੍ਰੀ ਸਾਹਿਬ, ਸ਼ਮਸ਼ੇਰ, ਸਿੰਘਾਂ ਦਾ ਦੂਜਾ ਕਕਾਰ, ਜੋ ਅੰਮ੍ਰਿਤਧਾਰੀ ਨੂੰ ਪਹਿਨਣਾ ਵਿਧਾਨ ਹੈ। ਗੁਰਮਤਿ ਮਾਰਤੰਡ ਦੇ ਪੰਨਾ 108 ਤੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੁਰੱਖਿਆ ਅਤੇ ਦੇਸ਼ ਰੱਖਿਆ ਵਾਸਤੇ ਸ਼ਸ਼ਤ੍ਰ ਧਾਰਨੇ ਸਮਾਜਿਕ ਨਿਯਮ ਥਾਪਿਆ ਹੈ। ਪੁਰਾਤਨ ਸਮੇਂ ਕ੍ਰਿਪਾਨ ਸੂਰਮਿਆਂ ਦਾ ਸਿਰਮੌਰ ਸ਼ਸ਼ਤ੍ਰ ਹੋਇਆ ਕਰਦੀ ਸੀ। ਭਾਈ ਸਾਹਿਬ ਹੋਰ ਲਿਖਦੇ ਹਨ ਕਿ ਜਿਉਂ-ਜਿਉਂ ਸਮਾਂ ਬਦਲਿਆ, ਵਿਗਿਆਨ ਨੇ ਤਰੱਕੀ ਕੀਤੀ ਤਾਂ ਹਥਿਆਰ ਸ਼ਸ਼ਤ੍ਰ ਆਦਿਕ ਵੀ ਬਦਲੇ। ਗੁਰੂ ਸਾਹਿਬ ਤੋਂ ਪਹਿਲਾਂ ਦਾ ਸਮਾਂ ਬੜਾ ਭਿਆਨਕ ਅਤੇ ਮੁਗਲੀਆ ਹਕੂਮਤ ਦਾ ਰਾਜ ਸੀ। ਮੁਗਲਾਂ ਨੇ ਫੁਰਮਾਨ ਜਾਰੀ ਕੀਤੇ ਹੋਏ ਸਨ ਕਿ ਮੁਸਲਮਾਨਾਂ ਤੋਂ ਬਿਨਾਂ ਕੋਈ ਸ਼ਸ਼ਤ੍ਰ ਨਹੀਂ ਰੱਖ ਸਕਦਾ, ਸ਼ਿਕਾਰ ਨਹੀਂ ਖੇਡ ਸਕਦਾ, ਘੋੜ ਸਵਾਰੀ ਨਹੀਂ ਕਰ ਸਕਦਾ, ਦਸਤਾਰ ਸਜਾ ਕੇ ਅਤੇ ਉੱਚਾ ਸਿਰ ਕਰਕੇ, ਕੋਈ ਨਹੀਂ ਤੁਰ ਸਕਦਾ। ਇਵੇਂ ਹੀ ਬ੍ਰਾਹਮਣਾਂ ਨੇ ਵੀ ਰੀਤ ਚਲਾਈ ਹੋਈ ਸੀ ਕਿ ਕੋਈ ਸ਼ੂਦਰ ਧਰਮ ਗ੍ਰੰਥ ਪੜ-ਸੁਣ ਅਤੇ ਧਰਮ-ਕਰਮ ਨਹੀਂ ਕਰ ਸਕਦਾ। ਜਿਸ ਸਦਕਾ ਜਾਤਿ ਅਭਿਮਾਨੀ, ਅਮੀਰ, ਖਾਨ ਅਤੇ ਰਜਵਾੜੇ ਕਿਰਤੀਆਂ ਅਤੇ ਗਰੀਬਾਂ ਨੂੰ ਗੁਲਾਮ ਬਣਾਈ ਰੱਖਦੇ ਸਨ। ਭਾਂਵੇਂ ਗੁਰੂ ਨਾਨਕ ਸਾਹਿਬ ਨੇ ਇਸ ਸਭ ਦਾ ਗਿਆਨ ਤਰਕ ਸ਼ਾਂਸ਼ਤ੍ਰ ਰਾਹੀਂ ਤਕੜਾ ਵਿਰੋਧ ਕੀਤਾ ਅਤੇ ਸਭ ਬਨਾਵਟੀ ਦਿਖਾਵੇ ਵਾਲੇ ਧਰਮ-ਕਰਮ ਅਤੇ ਰਹੁ-ਰੀਤਾਂ ਤੋਂ ਉੱਪਰ ਉੱਠਣ ਦਾ ਉਪਦੇਸ਼ ਦਿੱਤਾ ਪਰ ਜਦ ਧਰਮ ਦੇ ਠੇਕੇਦਾਰ ਅਤੇ ਜ਼ਾਲਮ ਬਾਜ ਨਾਂ ਆਏ ਤਾਂ 6ਵੇਂ ਜਾਮੇ ਵਿੱਚ ਅਕਾਲ ਤਖ਼ਤ ਦੀ ਰਚਨਾ ਕਰਕੇ, ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ, ਐਲਾਨ ਕੀਤਾ ਕਿ ਸਿੱਖ ਸ਼ਸ਼ਤ੍ਰ ਵੀ ਪਹਿਰੇਗਾ, ਸ਼ਿਕਾਰ ਵੀ ਖੇਡੇਗਾ, ਦਸਤਾਰ ਵੀ ਸਜਾਏਗਾ, ਘੋੜ ਸਵਾਰੀ ਵੀ ਕਰੇਗਾ। ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ ਇਕੱਲੀ ਅਵਾਜ਼ ਹੀ ਨਹੀਂ ਉਠਾਏਗਾ ਸਗੋਂ ਫੌਜੀ ਰੂਪ ਵਿੱਚ ਜ਼ਾਲਮ ਵੈਰੀਆਂ ਦਾ ਟਾਕਰਾ, ਤਲਵਾਰ ਆਦਿਕ ਸ਼ਸ਼ਤਰਾਂ ਰਾਹੀਂ ਵੀ ਕਰੇਗਾ। ਮੁਗਲੀਆ ਹਕੂਮਤ ਨਾਲ ਚਾਰ ਜੰਗਾਂ ਵਿੱਚ ਜ਼ਾਲਮਾਂ ਨੂੰ ਚਿੱਤ ਕਰਕੇ ਦੰਦ ਖੱਟੇ ਕਰਨੇ ਇੱਕ ਇਤਿਹਾਸਕ ਸਚਾਈ ਹੈ। ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-ਖੇਤੀ ਵਾੜਿ ਸੁ ਢਿੰਗਰੀ, ਕਿਕਰ ਆਸ ਪਾਸ ਜਿਉਂ ਬਾਗੈ। ਸਪ ਪਲੇਟੈ ਚੰਨਣੈ, ਬੂਹੇ ਜੰਦਾ ਕੁਤਾ ਜਾਗੈ। ਫਿਰ 1699 ਦੀ ਵੈਸਾਖੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਉਤਰਾਧਿਕਾਰੀ ਗੁਰੂ ਦਸ਼ਮੇਸ਼ ਜੀ ਨੇ, ਖੰਡੇ ਦੀ ਪਹੁਲ ਦੇਣ ਵੇਲ, ਇਹ ਪੱਕਾ ਐਲਾਨ ਵੀ ਕਰ ਦਿੱਤਾ - ਜਬ ਹਮਰੇ ਦਰਸ਼ਨ ਕਉ ਆਵਹੁ॥ ਬਨਿ ਸੁਚੇਤ ਤਨਿ ਸ਼ਸ਼ਤ੍ਰ ਸਜਾਵਹੁ॥ ਕ੍ਰਿਪਾਨ ਰੂਪੀ ਸ਼ਸ਼ਤ੍ਰ ਨੂੰ ਪੰਜਾਂ ਕਕਾਰਾਂ ਦੀ ਵਰਦੀ ਵਿੱਚ ਸ਼ਾਮਲ ਕਰ ਦਿੱਤਾ ਕਿ ਸਿੱਖ ਨੇ ਕ੍ਰਿਪਾਨ ਨੂੰ ਸ਼ਸ਼ਤ੍ਰ ਜਾਣ ਕੇ ਇਸ ਦੀ ਸੰਭਾਲ ਤੇ ਸੁਯੋਗ ਵਰਤੋਂ ਕਰਨੀ ਹੈ।

ਸੋ ਸਿੱਖ ਦੀ ਕ੍ਰਿਪਾਨ ਹੋਰ ਧਰਮਾਂ ਦੇ ਚਿੰਨ੍ਹਾਂ ਵਰਗਾ ਇਕੱਲਾ ਚਿੰਨ੍ਹ ਹੀ ਨਹੀਂ ਸਗੋਂ ਸ਼ਸ਼ਤ੍ਰ ਵੀ ਹੈ। ਈਸਾਈ ਕਰਾਸ ਲਟਕਾਉਂਦੇ, ਬ੍ਰਾਹਮਣ ਜਨੇਊ ਪਾਉਂਦੇ, ਜੋਗੀ ਜਟਾਂ ਰੱਖਦੇ, ਮੁਸਲਿਮ ਸੁਨਤ ਕਰਦੇ ਅਤੇ ਲਵਾਂ ਕਟਾਉਂਦੇ ਹਨ ਪਰ ਉਨ੍ਹਾਂ ਦੇ ਇਹ ਚਿੰਨ੍ਹ ਸ਼ਸ਼ਤ੍ਰ ਨਹੀਂ ਹਨ। ਕ੍ਰਿਪਾਨ ਇੱਕ ਸ਼ਸ਼ਤ੍ਰ ਹੈ, ਸਿੱਖ ਨੇ ਜਨੇਊ ਦੀ ਤਰ੍ਹਾਂ ਗਾਤਰੇ ਪਾ ਕੇ ਇਸ ਦੀ ਪੂਜਾ ਨਹੀਂ ਕਰਨੀ ਸਗੋਂ ਲੋੜ ਪੈਣ ਤੇ ਸਵੈ ਰੱਖਿਆ ਅਤੇ ਜ਼ਾਲਮ ਦੀ ਭਖਿਆ ਵਾਸਤੇ ਇਸ ਦੀ ਸੁਜੋਗ ਵਰਤੋਂ ਕਰਨੀ ਹੈ।

ਸਿੱਖ ਸੰਤ-ਸਿਪਾਹੀ ਫੌਜੀ ਹੈ, ਜਿਵੇਂ ਫੌਜ ਦੀ ਵਰਦੀ ਅਤੇ ਸ਼ਸ਼ਤ੍ਰ ਹੁੰਦੇ ਹਨ, ਇਵੇਂ ਹੀ ਖ਼ਾਲਸੇ ਦੀ ਪੰਜ ਕਕਾਰੀ ਵਰਦੀ ਅਤੇ ਸ਼ਸ਼ਤ੍ਰ ਹਨ ਕਿਉਂਕਿ - ਖ਼ਾਲਸਾ ਅਕਾਲ ਪੁਰਖ ਕੀ ਫੌਜ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥ ਖ਼ਾਲਸੇ ਨੇ ਸਦਾ ਤਿਆਰ ਬਰ ਤਿਆਰ ਰਹਿਣਾ ਹੈ ਪਰ ਇਹ ਵਹਿਮ ਨਹੀਂ ਕਰਨਾ ਕਿ ਜੇ ਕਿਤੇ ਸੌਂਦੇ, ਨ੍ਹਾਉਂਦੇ, ਤੈਰਦੇ, ਕਬੱਡੀ ਆਦਿਕ ਖੇਡਾਂ ਖੇਡਦੇ ਅਤੇ ਹਵਾਈ ਜਹਾਜ ਆਦਿਕ ਵਿੱਚ ਸਫਰ ਕਰਦੇ ਸਮੇਂ ਜੇ ਕਿਤੇ ਕ੍ਰਿਪਾਨ ਉਤਾਰਨੀ ਵੀ ਪੈ ਜਾਏ ਤਾਂ ਗੁਰੂ ਨਿਰਾਜ ਹੋ ਜਾਵੇਗਾ। ਪਰ ਸਾਡੇ ਅਜੋਕੇ ਜਥੇਦਾਰ, ਕਥਾਕਾਰ, ਸਾਧ, ਸੰਤ ਅਤੇ ਡੇਰੇਦਾਰ ਆਪ ਤਾਂ ਜਹਾਜਾਂ ਵਿੱਚ ਕ੍ਰਿਪਾਨਾਂ ਉਤਾਰ ਕੇ ਆਉਂਦੇ ਹਨ ਪਰ ਸਿੱਖਾਂ ਨੂੰ ਡਰਾਵੇ ਅਤੇ ਉਪਦੇਸ਼ ਦਿੰਦੇ ਹਨ ਕਿ ਗੁਰੂ ਦਾ ਸਿੱਖ ਕਦੇ ਕ੍ਰਿਪਾਨ ਨਹੀਂ ਉਤਾਰ ਸਕਦਾ ਕਿਉਂਕਿ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟ ਜਾਂਦਾ ਅਤੇ ਧਰਮ ਖੰਡਤ ਹੋ ਜਾਂਦਾ ਹੈ। ਕੀ ਅੰਮ੍ਰਿਤ ਜਾਂ ਧਰਮ ਕੱਚਾ ਧਾਗਾ ਹੈ ਜੋ ਐਸਾ ਕਰਨ ਨਾਲ ਟੁੱਟ ਜਾਂਦਾ ਹੈ? ਸਿੱਖ ਨੇ ਵਿਸ਼ਾਲ ਦਿਲ ਲੈ ਕੇ ਦੁਨੀਆਂ ਵਿੱਚ ਵਿਚਰਨਾ ਹੈ ਨਾਂ ਕਿ ਕਟੜ ਹੋ ਕੇ - ਵਿਚਿ ਦੁਨੀਆਂ ਸੇਵ ਕਮਾਈਐ॥ ਤਾਂ ਦਰਗਹ ਬੈਸਣੁ ਪਾਈਐ॥(26)

ਚਿੰਨ੍ਹਾਂ ਦੀ ਕੇਵਲ ਪੂਜਾ ਕਰਨ ਵਾਲੀਆਂ ਕੌਮਾਂ ਓਨਾਂ ਚਿਰ ਗੁਲਾਮ ਰਹਿੰਦੀਆਂ ਹਨ ਜਿਨਾਂ ਚਿਰ ਉਹ ਜਾਗਦੀਆਂ ਨਹੀਂ। ਇਸ ਦੀ ਮਸਾਲ ਹਿੰਦੂ ਕੌਮ ਹੈ ਜੋ ਐਸਾ ਕਰਕੇ ਸਦੀਆਂ ਮੁਗਲਾਂ ਅਤੇ ਅੰਗ੍ਰੇਜਾਂ ਦੇ ਗੁਲਾਮ ਰਹੀ। ਸਿੱਖ ਕੌਮ ਨੇ ਗੁਲਾਮੀ ਦੇ ਸੰਗਲ ਕੱਟ ਕੇ, ਇਸ ਨੂੰ ਅਜ਼ਾਦ ਕਰਵਾਇਆ ਪਰ ਅੱਜ ਡੇਰੇਦਾਰ ਸਾਧਾਂ ਸੰਪ੍ਰਦਾਈਆਂ ਨੇ ਕੌਮ ਨੂੰ ਕੇਵਲ ਚਿੰਨ੍ਹਾਂ ਦੀ ਪੂਜਾ ਦੀ ਸਿਖਿਆ ਦੇ ਦੇ ਕੇ, ਸਰੀਰਕ ਅਤੇ ਮਾਨਸਿਕ ਤੌਰ ਤੇ ਸਰਕਾਰ ਦੀ ਅਤੇ ਆਪਣੀ ਗੁਲਾਮ ਬਣਾ ਲਿਆ ਹੈ। ਅੱਜ ਦਾ ਕ੍ਰਿਪਾਨਧਾਰੀ ਸਿੱਖ ਵੀ ਡੇਰੇਦਰ ਸਾਧਾਂ ਸੰਪ੍ਰਦਾਈਆਂ ਦਾ ਸੇਵਕ ਹੈ, ਸਾਧਾਂ ਦੀਆਂ ਬਰਸੀਆਂ ਖੂਬ ਮਨਾਉਂਦਾ ਹੈ। ਇਸ ਦਾ ਪ੍ਰਤੱ, ਡੇਰੇਦਾਰਾਂ ਦੀ ਪੂਜਾ ਅਤੇ ਮਰਯਾਦਾ ਦਾ ਧਾਰਨੀ ਹੋ ਚੁੱਕਾ ਹੈ। ਨ੍ਹਾਉਂਦੇ ਸਮੇਂ, ਕ੍ਰਿਪਾਨ ਨੂੰ ਕਦੇ ਸਿਰ ਤੇ, ਕਦੇ ਲੱਕ ਨਾਲ ਬੰਨ੍ਹਦਾ ਅਤੇ ਕਦੇ ਧਾਗੇ ਵਿੱਚ ਪਰੋ ਕੇ, ਗਲ ਵਿੱਚ ਲਟਕਾਉਂਦਾ ਹੈ। ਸਿੱਖ ਨੇ ਚਿੰਨ੍ਹਧਾਰੀ ਨਹੀਂ ਸਗੋਂ ਇੱਕ ਸੰਤ-ਸਿਪਾਹੀ ਫੌਜੀ ਰੂਪ ਵਿੱਚ ਵਿਚਰਨਾ ਹੈ ਅਤੇ ਲੋੜ ਪੈਣ ਤੇ ਕ੍ਰਿਪਾਨ ਦੀ ਸੁਯੋਗ ਵਰਤੋਂ ਕਰਨੀ ਹੈ ਨਾਂ ਕਿ ਹਰ ਵੇਲੇ ਸਰੀਰ ਨਾਲ ਰੱਖਣ ਵਾਲੀ ਚਿੰਨ੍ਹ ਪੂਜਾ ਹੀ ਕਰੀ ਜਾਣੀ ਹੈ।

ਚਿੰਨ੍ਹ ਪੂਜੇ ਤੇ ਸਤਕਾਰੇ ਜਾਂਦੇ ਹਨ ਪਰ ਸ਼ਸ਼ਤ੍ਰ ਸਦਾ ਹੀ ਸੰਭਾਲ ਕੇ ਰੱਖੇ ਅਤੇ ਵਰਤੇ ਜਾਂਦੇ ਹਨ। ਸਿੱਖ ਨੇ ਕ੍ਰਿਪਾਨ ਧਾਰਨ ਕਰਕੇ ਖਾਹ-ਮਖਾਹ ਕਿਸੇ ਨਾਲ ਨਹੀਂ ਲੜਨਾ ਸਗੋਂ ਭੀੜ ਪੈ ਜਾਣ ਤੇ ਆਪਣੇ ਅਤੇ ਮਜ਼ਲੂਮ ਦੇ ਬਚਾ ਲਈ ਵਰਤਨਾ ਹੈ। ਯਾਦ ਰੱਖੋ ਕਿ ਜਿਨ੍ਹਾਂ ਚਿਰ ਕ੍ਰਿਪਾਨ ਦੀ ਅਹਿਮੀਅਤ ਨਹੀਂ ਸਮਝ ਜਾਂ ਸਮਝਾ ਲਈ ਜਾਂਦੀ ਧਾਰਨ ਨਹੀਂ ਕਰਨੀ ਚਾਹੀਦੀ, ਜਿਵੇਂ ਸਕੂਲੀ ਬੱਚੇ ਕ੍ਰਿਪਾਨ ਦੀ ਮਹਾਨਤਾ ਨੂੰ ਨਾਂ ਜਾਣਦਿਆਂ ਹੋਇਆਂ ਇਸ ਦੀ ਗਲਤ ਵਰਤੋਂ ਵੀ ਕਰ ਲੈਂਦੇ ਹਨ। ਇਸ ਕਰਕੇ ਕਈ ਵਿਦੇਸ਼ੀ ਸਕੂਲਾਂ ਵਿੱਚ ਬੱਚਿਆਂ ਨੂੰ ਕ੍ਰਿਪਾਨ ਪਾ ਕੇ ਨਹੀਂ ਆਉਣ ਦਿੱਤਾ ਜਾਂਦਾ। ਗੁਰੂ ਸਾਹਿਬ ਨੇ ਖ਼ਾਲਸੇ ਨੂੰ ਵਹਿਮਾਂ-ਭਰਮਾਂ-ਭੇਖਾਂ ਚੋਂ ਕੱਢਿਆ ਸੀ - ਭਰਮ ਭੇਖ ਤੇ ਰਹੈ ਨਿਆਰਾ॥ ਅਤੇ ਅਗਾਹ ਵਧੂ ਸਮੇ ਦਾ ਹਾਣੀ ਹੋਣਾ ਸਿਖਾਇਆ ਸੀ - ਅਗਾਹ ਕੂ ਤ੍ਰਾਂਗਿ ਪਿਛਾ ਫੇਰਿ ਨਾ ਮੁਹਢੜਾ॥(1096)

ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਸਿੱਖ ਨੇ ਸਮੇ ਅਨੁਸਾਰ ਅਧੁਨਿਕ ਸ਼ਸ਼ਤ੍ਰ ਵੀ ਧਾਰਨ ਕਰਨੇ ਹਨ। ਸਿੱਖ ਨੇ “ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਅਤੇ ਦਿਦਾਰ ਖ਼ਾਲਸੇ ਕਾ” ਦੇ ਸਿਧਾਂਤ ਤੇ ਪਹਿਰਾ ਦੇਣਾ ਹੈ। ਸਿੱਖ ਧਰਮ ਦੁਨੀਆਂ ਦਾ ਅਗਾਹ ਵਧੂ, ਵਿਗਿਆਨਕ ਅਤੇ ਸੰਸਾਰਕ ਧਰਮ ਹੈ। ਇਸ ਨੇ ਸਮਾਜਕ ਭਾਈਚਾਰੇ ਵਿੱਚ ਰਹਿੰਦਿਆਂ, ਸਿੱਖੀ ਦੇ ਮਾਰਗ ਤੇ ਚਲਦਿਆਂ, ਸੰਸਾਰਕ ਤਰੱਕੀ ਦੀਆਂ ਪੁਲਾਗਾਂ ਵੀ ਪੁੱਟਣੀਆਂ ਹਨ ਨਾਂ ਕਿ ਤੱਪੜਾਂ, ਘੋੜਿਆਂ, ਸ਼ਸ਼ਤ੍ਰਾਂ ਅਤੇ ਬਾਣੇ ਤੱਕ ਹੀ ਸੀਮਤ ਰਹਿਣਾ ਹੈ। ਇਹ ਸਭ ਸਮੇਂ ਦੇ ਸਾਧਨ ਸਨ, ਅੱਜ ਜ਼ਮਾਨਾਂ ਬਹੁਤ ਅੱਗੇ ਹੈ, ਕਾਰਾਂ, ਹਵਾਈ ਜਹਾਜ਼ ਅਤੇ ਫੋਨ ਹਨ। ਮੀਡੀਆ, ਇੰਟ੍ਰਨੈੱਟ ਅਤੇ ਹੋਰ ਬਹੁਤ ਸੁਖ-ਸਹੂਲਤਾਂ ਹਨ, ਜੋ ਅੱਜ ਦੀ ਜਿੰਦਗੀ ਦੀਆਂ ਲੋੜਾਂ ਬਣ ਚੁੱਕੀਆਂ ਹਨ। ਸੋ ਕ੍ਰਿਪਾਨ ਤਵੀਤਾਂ ਦੀ ਤਰ੍ਹਾਂ ਧਾਗੇ ਚ’ ਪਾ ਕੇ ਗਲੇ ਲਟਾਈ ਫਿਰਨਾ, ਜਾਂ ਕਦੇ ਸਿਰ ਉੱਤੇ, ਕਦੇ ਲੱਕ ਨਾਲ ਬੰਨ੍ਹ ਅਤੇ ਕਦੇ ਕੇਵਲ ਧੂਪ ਧੁਖਾ ਕੇ ਹੀ ਪੂਜਾ ਕਰਨੀ ਅਤੇ ਇੱਕ ਚਿੰਨ੍ਹ ਹੀ ਸਮਝ ਲੈਣਾ ਕ੍ਰਿਪਾਨ ਦੀ ਅਹਿਮੀਅਤ ਤੋਂ ਅਨਜਾਣਤਾ ਹੈ। ਦੇਗ਼-ਤੇਗ਼ ਦਾ ਮਤਲਵ ਹੈ-ਪੀਰੀ-ਮੀਰੀ, ਪੀਰੀ (ਧਰਮ) ਅਤੇ ਮੀਰੀ (ਪਾਤਸ਼ਾਹੀ) ਦੀ ਲਖਾਇਕ ਹੈ। ਅੱਜ ਦੇ ਜਮਾਨੇ ਵਿੱਚ ਲੋਹੇ ਸਟੀਲ ਦੀ ਕ੍ਰਿਪਾਨ ਦੇ ਨਾਲ-ਨਾਲ ਗਿਆਨ-ਖੜਗ ਆਦਿਕ ਸਿਖਿਆ ਰੂਪ ਕ੍ਰਿਪਾਨ ਦੀ ਵੀ ਅਤਿਅੰਤ ਲੋੜ ਹੈ। ਸੋ ਕ੍ਰਿਪਾਨ ਇਕੱਲਾ ਚਿੰਨ੍ਹ ਨਹੀਂ ਸਗੋਂ ਸ਼ਸ਼ਤ੍ਰ ਵੀ ਹੈ ਅਤੇ ਅਤਿਅੰਤ ਲੋੜ ਪੈਣ ਤੇ ਸਿੱਖ ਇਸ ਦੀ ਸੁਜੋਗ ਵਰਤੋਂ ਕਰ ਸਕਦਾ ਹੈ। ਸਿੱਖ ਨੇ ਪੂਜਾ ਕਿਪ੍ਰਾਨ ਦੀ ਨਹੀਂ ਸਗੋਂ ਅਕਾਲ ਕੀ ਕਰਨੀ ਹੈ ਕਿਊਂਕਿ ਕ੍ਰਿਪਾਨ ਇੱਕ ਸ਼ਸ਼ਤ੍ਰ ਹੈ ਚਿੰਨ੍ਹ ਨਹੀਂ। ਲੋੜ ਪੈਣ ਤੇ ਉਤਾਰਨ ਨਾਲ ਅੰਮ੍ਰਿਤ ਨਹੀਂ ਟੁੱਟਦਾ ਅਤੇ ਨਾਂ ਹੀਂ ਧਰਮ ਖੰਡਤ ਹੁੰਦਾ ਹੈ ਇਹ ਸਭ ਭਰਮ ਅਤੇ ਡਰਾਵੇ ਹਨ। ਨਾਮ ਹੀ ਅੰਮ੍ਰਿਤ ਹੈ ਅਤੇ ਨਿਰਮਲ ਕਰਮ ਹੀ ਸਰਬੋਤਮ ਧਰਮ ਹੈ-ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪੁ ਨਿਰਮਲ ਕਰਮੁ॥(266) ਸਿੱਖ ਨੇ ਗੁਰਬਾਣੀ ਦੀ ਸਿਖਿਆ ਅਤੇ ਖੰਡੇ ਦੀ ਪਹੁਲ ਲੈ ਕੇ ਧਰਮੀ ਬਣਨਾ ਹੈ ਨਾਂ ਕਿ ਕਰਮਕਾਂਡੀ।ਸਿੱਖ ਕਿਸੇ ਸਾਧ ਦਾ ਨਹੀਂ ਸਗੋਂ ਸਦਾ ਹੀ ਗੁਰੂ ਦਾ ਸਿਖਿਆਰਥੀ ਹੈ।
 

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20011, 5abi.com