ਗੁਰਬਾਣੀ ਦਾ ਕਥਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ (ਪੰਨਾ
695)
ਮਨੁੱਖ ਦਾ ਸ਼ਰੀਰ ਬ੍ਰਹਿਮੰਡ ਦਾ ਹੀ ਰੂਪ ਹੈ ।
ਜਿਸ ਤਰਾਂ ਸਮੁੰਦਰ ਦੇ ਪਾਣੀ ਦਾ ਸੁਭਾਅ ਉਸਦੇ ਇੱਕ ਤੁਪਕੇ ਵਰਗਾ ਹੀ ਹੁੰਦਾ ਹੈ ਇਸੇ
ਤਰਾਂ ਪਦਾਰਥ ਦਾ ਸਭ ਤੋਂ ਛੋਟਾ ਕਣ ਜਿਸ ਨੂੰ ਅਸੀਂ ਅਣੂ ਆਖਦੇ ਹਾਂ, ਵਿੱਚ ਵੀ ਉਹੀ
ਸ਼ਕਤੀ ਕੰਮ ਕਰ ਰਹੀ ਹੈ, ਜੋ ਸਮੁੱਚੇ ਬ੍ਰਹਿਮੰਡ ਨੂੰ ਇੱਕ ਖਾਸ ਸਿਸਟਮ ਵਿੱਚ ਬੰਨ੍ਹੀ
ਫਿਰਦੀ ਹੈ । ਜਦੋਂ ਅਸੀਂ ਕਿਸੇ ਜੀਵ ਦੇ ਇਕ ਸੈੱਲ
ਦਾ ਅਧਿਐਨ ਕਰਦੇ ਹਾਂ, ਤਾਂ ਦੇਖਦੇ ਹਾਂ ਕਿ ਕਿਵੇਂ ਇੱਕ ਅਣੂ ਦੇ ਵਿਚਕਾਰ ਪੌਜੇਟਿਵ
ਚਾਰਜ ਵਾਲੇ ਪਰੋਟੌਨ ਅਤੇ ਚਾਰਜ ਰਹਿਤ ਨਿਊਟਰਾਨ ਗੁੰਦੇ ਹੁੰਦੇ ਹਨ ,
ਜਿਨਾਂ ਦੁਆਲੇ ਨੈਗੇਟਿਵ ਚਾਰਜ ਵਾਲੇ ਇਲੈਕਟਰੌਨ ਇਕ ਖਾਸ ਨਿਸ਼ਚਿਤ
ਦਾਇਰੇ ਵਿੱਚ ਘੁੰਮਦੇ ਰਹਿੰਦੇ ਹਨ ।ਇਹ ਘੁੰਮਣ ਵਾਲੇ ਇਲੈਕਟਰੌਨ ਨਾਂ ਅੰਦਰ ਜਾਂਦੇ
ਹਨ ਨਾਂ ਬਾਹਰ ਜੋ ਕਿਸੇ ਤੱਤ ਦੀ ਬਣਤਰ ਦਾ ਆਧਾਰ ਬਣਦੇ ਹਨ ।
ਇਕ ਖਾਸ ਤਰਾਂ ਦੀ ਸ਼ਕਤੀ ਇਹਨਾਂ ਨੂੰ ਘੁੰਮਦੇ ਹੋਇਆਂ ਨੂੰ ਨਿਸ਼ਚਿਤ ਫ਼ਰਕ ਤੇ
ਰੱਖਦੀ ਹੈ ਬਿਲਕੁਲ ਉਸੇ ਤਰਾਂ ਜਿਵੇਂ ਬ੍ਰਹਿਮੰਡ ਵਿੱਚ ਸੂਰਜ,ਧਰਤੀ,ਚੰਦ ਅਤੇ ਤਾਰੇ
ਆਪਣੇ ਧੁਰੇ ਅਤੇ ਦੂਜਿਆਂ ਦੁਆਲੇ ਘੁੰਮਦੇ ਹੋਏ ਇਕ ਖਾਸ ਦੂਰੀ ਤੇ ਰਹਿਕੇ ਬ੍ਰਹਿਮੰਡ
ਨੂੰ ਇਕ ਆਕਾਰ ਬਕਸ਼ਦੇ ਹਨ । ਸੋ ਬ੍ਰਹਿਮੰਡ ਵਿੱਚ
ਵਿਚਰ ਰਹੀ ਸ਼ਕਤੀ ਅਤੇ ਇਕ ਸੂਖਮ ਜਿਹੇ ਅਣੂ ਵਿੱਚ ਵਿਚਰ ਰਹੀ ਸ਼ਕਤੀ ਦੇ ਗੁਣਾਂ ਦੀ
ਸ਼ਾਂਝ ਹੋਣੀ ਬਾਬੇ ਨਾਨਕ ਦੇ ਕੁਦਰਤ ਨਾਲ ਇਕ ਮਿਕ ਹੋਕੇ ਕਹੇ ਅਨੁਭਵੀ ਸ਼ਬਦ ਦੀ ਇੰਨ
ਬਿੰਨ ਪ੍ਰੋੜਤਾ ਕਰਦੀ ਹੈ ।ਇਸ ਤਰਾਂ ਅਸੀਂ ਜਾਣ ਜਾਂਦੇ ਹਾਂ ਕਿ ਬਾਬੇ ਨਾਨਕ ਦਾ
ਸੁਝਾਇਆ ਰੱਬ ਕੋਈ ਅਸਮਾਨ ਵਿੱਚ ਵੱਖਰਾ ਵਿਭਾਗ ਖੋਲ ਕੇ ਬੈਠਾ ਹੋਰ ਮੱਤਾਂ ਦੇ ਖਿਆਲੇ
ਸਵਰਗ-ਨਰਕ ਦੇ ਵਿਭਾਗਾਂ ਵਾਲੇ ਰੱਬ ਵਰਗਾ ਰੱਬ ਨਹੀਂ ਹੈ ਸਗੋਂ ਇਸ ਸਮੁੱਚੇ
ਬ੍ਰਹਿਮੰਡ ਵਿੱਚ ਅਦਿੱਖ ਸ਼ਕਤੀ ਦੇ ਰੂਪ ਵਿੱਚ ਹੀ ਹਰ ਜਗ੍ਹਾ ਇਕ ਸਾਰ ਵਿਚਰ ਰਿਹਾ
ਸੈ-ਭੰਗ(ਸਵੈ ਭੰਗ) ਕਰਤਾ ਪੁਰਖ ਹੈ ਜੋ ਆਪਣੇ ਆਪ ਤੋਂ ਹੀ ਪਰਗਟ ਹੋ ਆਪਣੀ ਕਿਰਤ
ਵਿੱਚ ਹੀ ਪੂਰਿਆ ਹੋਇਆ ਹੈ।
ਵਿਗਿਆਨੀ ਆਖਦੇ ਹਨ ਕਿ ਧਰਤੀ ਤੇ ਸਭ ਤੋਂ ਪਹਿਲਾਂ ਹਵਾ ਫਿਰ ਪਾਣੀ ਅਤੇ ਹੌਲੀ
ਹੌਲੀ ਜੀਵਾਂ ਦਾ ਵਿਕਾਸ ਹੋਇਆ । ਬਾਬਾ ਨਾਨਕ ਵੀ
ਕੁਦਰਤ ਨਾਲ ਇਕ-ਮਿਕ ਹੋਇਆ ,ਇਸੇ ਕੁਦਰਤ ਦੇ ਨਿਯਮ ਨੂੰ ਬਿਆਨਦਾ ਸਾਨੂੰ ਵੀ ਕੁਦਰਤ
ਨਾਲ ਇਕ-ਮਿਕ ਕਰਨ ਲਈ ਇੰਝ ਹੀ ਆਖਦਾ ਹੈ ।
ਸਾਚੇ ਤੇ ਪਵਨਾ ਭਇਆ ,ਪਵਨੈ ਤੇ ਜਲੁ ਹੋਇ, ਜਲ
ਤੇ ਤ੍ਰਿਭਵਣੁ ਸਾਜਿਆ ਘਟ ਘਟ ਜੋਤਿ ਸਮੋਇ ।।(ਪੰਨਾ 19)
ਅਗਰ ਧਰਤੀ ਤੇ ਫੈਲੇ ਹੋਏ ਜੀਵਨ ਦੇ ਵਿਕਾਸ ਨੂੰ ਸਮਝੀਏ ਤਾਂ ਪਤਾ ਚਲਦਾ ਹੈ ਕਿ
ਧਰਤੀ ਤੇ ਫੈਲੇ ਸਾਰੇ ਮਨੁੱਖ, ਜਾਨਵਰ ਅਤੇ ਬਨੱਸਪਤੀ
ਸਭ ਇੱਕ ਹੀ ਜੀਵ ਹੈ ਜੋ ਕੇਵਲ ਇੱਕ (੧)
ਅਕਾਲਪੁਰਖ ਦਾ ਹੀ ਫੈਲਾਵ ਹੈ । ਮਨੁੱਖ ਇਸ
ਸਮੁੱਚੇ ਜੀਵ ਰੂਪੀ ਦਰਖ਼ਤ ਦਾ ਸਿਰਮੌਰ ਫ਼ਲ ਹੈ ।
ਵਿਗਿਆਨੀ ਦਸਦੇ ਹਨ ਕਿ ਮਨੁੱਖ ਤੱਕ ਪੁੱਜੇ ਇਸ ਜੀਵ ਦਾ ਪਹਿਲਾ ਪੜਾਅ ਬਾਂਦਰ ਦੀ ਇਕ
ਖਾਸ ਨਸਲ ਸੀ ਜੋ ਕਿ ਐਵੋਲੂਸ਼ਨ ਰਾਹੀਂ ਮਨੁੱਖ ਤੱਕ ਪੁੱਜਾ ਹੈ ।
ਜਿਸ ਵੇਲੇ ਹਾਲੇ ਮਨੁੱਖ ਨਹੀਂ ਸੀ ਬਣਿਆਂ ਤਾਂ ਉਸ ਵੇਲੇ ਇਸ ਜੀਵਨ ਦਾ
ਸਿਰਮੌਰ ਜੀਵ ਬਾਂਦਰ ਸੀ । ਅਸੀਂ ਇਸ ਵਰਤਾਰੇ ਨੂੰ
ਇਸ ਤਰਾਂ ਵੀ ਆਖ ਸਕਦੇ ਹਾਂ ਕਿ ਉਸ ਵੇਲੇ ਬਾਂਦਰ ਤੋਂ ਵੱਧ ਵਿਕਸਿਤ ਕੋਈ ਪ੍ਰਾਣੀ
ਨਹੀਂ ਸੀ ਸੋ ਬਾਂਦਰ ਰੂਪੀ ਇਸ ਸਟੇਜ ਤੇ ਹੀ ਅਕਾਲਪੁਰਖ ਦੀ ਸਮਝ ਦਾ ਖਿਆਲ ਵਿਚਾਰਿਆ
ਜਾ ਸਕਦਾ ਸੀ । ਵੈਸੇ ਤਾਂ ਹਰ ਜੀਵ ਹੀ ਆਪਣੀ ਜੀਵਨ ਯਾਤਰਾ ਤੋਂ ਬਾਅਦ ਇੱਕ ਹੀ ਸਰਬ
ਸਾਂਝੀ ਪਰਮ ਸ਼ਕਤੀ ਵਿੱਚ ਸਮਾਅ ਜਾਂਦਾ ਹੈ ।ਇਸੇ ਤਰਾਂ ਅਗਰ ਪਿੱਛੇ ਨੂੰ ਜਾਂਦੇ ਜਾਈਏ
ਤਾਂ ਸਪਸ਼ਟ ਹੋ ਜਾਂਦਾ ਹੈ ਕਿ ਹਰ ਜੀਵਨ ਦੀ ਹਰ ਸਟੇਜ ਤੇ ਆਖਰੀ ਜੀਵ ਅਕਾਲਪੁਰਖ ਦੇ
ਨਜਦੀਕ ਹੁੰਦਾ ਹੋਵੇਗਾ । ਹੁਣ ਇਹੀ ਗਲ ਇਨਸਾਨ ਲਈ ਆਖੀ ਜਾਂਦੀ ਹੈ । ਹੋ ਸਕਦਾ ਹੈ
ਲੱਖਾਂ ਕਰੋੜਾਂ ਸਾਲਾਂ ਬਾਅਦ ਅਜੋਕਾ ਮਨੁੱਖ ਕਿਸੇ ਸੁਪਰ ਜੀਵ ਵਿੱਚ ਤਬਦੀਲ ਹੋ ਜਾਵੇ
ਅਤੇ ਉਹ ਸੁਪਰ ਜੀਵ ਅਕਾਲ ਪੁਰਖ ਦੇ ਨਜਦੀਕ ਆਖਰੀ ਪੜਾਅ ਬਣ ਜਾਵੇ ।ਸੋ ਜੀਵਨ ਦੇ
ਅਜਿਹੇ ਵਰਤਾਰੇ ਨੂੰ ਸਮਝ ਕੁਦਰਤ ਰੂਪੀ ਰੱਬ ਜੀ ਦੀ ਨੂੰ ਸਮਝਣਾ ਆਸਾਨ ਹੋ ਜਾਂਦਾ
ਹੈ।
ਇਹ ਅੰਤੁ ਨਾ ਜਾਣੇ ਕੋਇ ਬਹੁਤਾ ਕਹੀਐ ਬਹੁਤਾ ਹੋਇ (ਪੰਨਾ 5 )
ਅੰਤੁ ਨ ਜਾਪੈ ਕੀਤਾ ਅਕਾਰੁ ਅੰਤੁ ਨ ਜਾਪੈ ਪਾਰਾਵਾਰੁ (ਪੰਨਾ 5 )
ਅਜੋਕੇ ਵਿਗਿਆਨੀ ਵੀ ਇਸ ਬ੍ਰਹਿਮੰਡ ਨੂੰ ਆਨੰਤ ਤੱਕ ਪਸਰਿਆ ਮੰਨਦੇ ਹਨ ਜਦ ਕਿ
ਬਾਬੇ ਨਾਨਕ ਨੇ ਵੀ ਇਸ ਕੁਦਰਤ ਦੇ ਪਸਾਰੇ ਨੂੰ ਬੇਅੰਤ ਹੀ ਕਿਹਾ ਹੈ।
ਹਾਲਾਂਕਿ ਬਾਕੀ ਮੱਤਾਂ ਨੇ ਕਿਸੇ ਨੇ ਧਰਤੀ ਨੂੰ ਚਪਟੀ ਕਿਸੇ ਨੇ ਜਾਨਵਰ ਉਪਰ
ਟਿਕੀ ਆਖ ਆਪੋ ਆਪਣੇ ਅਜੀਬੋ ਗਰੀਬ ਗਿਆਨ ਦਾ ਪ੍ਰਗਟਾਵਾ ਕੀਤਾ। ਮਜ਼ਹਬੀ ਕੱਟੜਤਾ
ਅਧੀਨ ਰੱਬ ਜੀ ਦੇ ਨਿਯਮਾਂ ਅਨੁਸਾਰ ਇਸ ਧਰਤੀ ਨੂੰ ਗੋਲ ਅਤੇ ਸੂਰਜ ਦੁਆਲੇ ਘੁੰਮਦੀ
ਦੱਸਣ ਤੇ ਗਲੀਲੀਓ ਵਰਗੇ ਬ੍ਰਹਿਮੰਡ ਦੇ ਭਗਤਾਂ ਨੂੰ ਮੌਤ ਦੀ ਸਜਾ ਦਿੱਤੀ ਗਈ ।
ਗੁਰਮਤਿ ਨੇ ਵੀ ਇਸ ਧਰਤੀ ਨੂੰ ਕੁਦਰਤ ਦੇ ਨਿਯਮਾਂ ਅਧੀਨ ਚਲਦੀ ਹੋਣ ਦੀ ਗਲ ਕੀਤੀ
ਇਥੋਂ ਤੱਕ ਕਿ ਪੂਰੇ ਬ੍ਰਹਿਮੰਡ ਨੂੰ ਹੀ ਭੈ ਵਿੱਚ (ਨਿਯਮ ਵਿੱਚ)ਵਿਚਰ ਰਿਹਾ ਦੱਸਿਆ
। ਗੁਰਮਤਿ ਦਾ ਵਿਸ਼ਾ ਵਿਗਿਆਨ ਦੀ ਪ੍ਰਮਾਣਕਤਾ ਸਿਧ ਕਰਨਾ ਨਹੀਂ ਪਰ ਧਿਆਨ ਨਾਲ
ਵਿਚਾਰਨ ਤੇ ਪਤਾ ਚਲਦਾ ਹੈ ਕਿ ਵਿਗਿਆਨ ਕੁਦਰਤ ਦੀ ਸਚਾਈ ਦੀ ਖੋਜ ਹੈ ।ਕੁਦਰਤ ਦਾ
ਨਿਯਮ ਅਤੇ ਪ੍ਰਮਾਤਮਾ ਦਾ ਹੁਕਮ ਇੱਕ ਹੀ ਗਲ ਹੈ ।ਸੋ ਗੁਰਮਤਿ ਕਦੇ ਵੀ ਕੁਦਰਤ ਦੇ
ਨਿਯਮਾਂ ਅਰਥਾਤ ਵਿਗਿਆਨ ਦੇ ਵਿਰੁੱਧ ਨਹੀਂ ਜਾਂਦੀ ਪਰ ਕਈ ਵਾਰ ਸਾਨੂੰ ਅਜਿਹਾ ਜਾਪਣ
ਲਗਦਾ ਹੈ।ਵਿਗਿਆਨੀਆਂ ਦੁਆਰਾ ਇਸ ਬ੍ਰਹਿਮੰਡੀ ਸ਼ਕਤੀ ਦੇ ਗੁਣਾਂ ਦੀ ਖੋਜ ਕਰਕੇ
ਮਨੁੱਖਤਾ ਦੇ ਭਲੇ ਲਈ ਵਰਤਣਾ ਹੀ ਅਸਲੀ ਭਗਤੀ ਹੈ ।ਸੋ ਵੱਡੇ ਵੱਡੇ ਵਿਗਿਆਨੀ ਜਿਨਾਂ
ਆਪਣੀਆਂ ਜਿੰਦਗੀਆਂ ਦਾਅ ਤੇ ਲਾਕੇ ਸੱਚ ਦੀ ਖੋਜ ਕੀਤੀ ਇਸ ਕੁਦਰਤ ਵਿੱਚ ਸਮਾਏ ਰੱਬ
ਦੇ ਅਸਲ ਭਗਤ ਸਨ । ਇਹੀ ਸਿੱਖੀ ਦਾ ਨਿਆਰਾਪਣ ਹੈ ਜੋ ਮਨੁੱਖ ਨੂੰ ਕੁਦਰਤ ਦੇ ਅੰਗ
ਸੰਗ ਰੱਖਦਾ ਹੋਇਆ ਕਰਤੇ ਵਿੱਚ ਅਭੇਦ ਹੋਣ ਦੀਆਂ ਰਮਜਾਂ ਸਰਲ ਕਰਕੇ ਦੱਸਦਾ ਹੈ ।
ਉਸ ਪਰਮ ਸ਼ਕਤੀ ਦੇ ਗੁਣਾਂ ਦਾ ਅਧਿਅਨ ਕਰਨਾਂ ਇਕ ਭਗਤੀ ਹੈ । ਬ੍ਰਹਿਮੰਡ ਵਿੱਚ ਇਕ
ਮਿਕ ਹੋਏ ਇਹਨਾਂ ਕੁਦਰਤ ਦੇ ਨਿਯਮਾਂ ਨੂੰ ਸਮਝ ਜਦੋਂ ਕੋਈ ਵਿਗਿਆਨੀ ਕੁਦਰਤ ਦੇ
ਜੀਵਾਂ ਦੇ ਸੁਧਾਰ/ਸਹੂਲਤ ਲਈ ਕੋਈ ਨਵੀਂ ਖੋਜ ਕਰਦਾ ਹੈ ਤਾਂ ਇਸ ਵਿੱਚ ਲੱਗਿਆ ਸਮਾਂ
ਉਸਦੀ ਭਗਤੀ ਹੀ ਹੁੰਦਾ ਹੈ । ਐਡੀਸਨ ਦੀ ਬਿਜਲੀ ਦੇ
ਬੱਲਬ ਦੀ ਕਾਢ ਕਾਰਣ ਅੱਜ ਸਾਰਾ ਸੰਸਾਰ ਘਰ ਘਰ ਪ੍ਰਕਾਸ਼ ਕਰੀਂ ਬੈਠਾ ਹੈ ।
ਪਹੀਏ ਦੀ ਕਾਢ ਤੋਂ ਲੈਕੇ ਇੰਟਰਨੈੱਟ ਤੱਕ ਸਮੁੱਚੀ ਖੋਜ ਉਸ ਪਰਮ ਸ਼ਕਤੀ ਦੇ
ਕੁਝ ਹਿਸਿਆਂ ਦੇ ਗਿਆਨ ਵਲ ਕਦਮ ਹੀ ਹਨ । ਗੁਰੂ
ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਮਜ਼ਹਬੀ ਲੋਕ, ਲੋਕਾਈ ਨੂੰ ਧਰਮ ਦੇ ਨਾਮ ਤੇ
ਡਰਾਕੇ ਜਾਂ ਲਾਲਚ ਦੇਕੇ ਆਪੋ ਆਪਣੇ ਮਜ਼ਹਬ ਵੱਲ ਖਿਚ ਰਹੇ ਸਨ ।ਕੋਈ ਮਜ਼ਹਬ ਸਵਰਗ ਦੇ
ਬਹੁਤ ਲੁਭਾਵਣੇ ਦ੍ਰਿਸ਼ ਦਿਖਾ ਰਿਹਾ ਸੀ ਕੋਈ ਨਰਕ ਦੇ ਬਹੁਤ ਹੀ ਭਿਆਨਕ ਡਰਾਬੇ ਦੇ
ਰਿਹਾ ਸੀ । ਪਰ ਦੁਨੀਆਂ ਧਰਮ ਤੋਂ ਬਹੁਤ ਦੂਰ ਜਾ
ਰਹੀ ਸੀ ।ਡਰ ਜਾਂ ਲਾਲਚ ਕਾਰਣ ਰੱਬ ਦਾ ਭੈ ਮੰਨਣਾ ਧਾਰਮਿਕ ਹੋਣਾ ਨਹੀਂ ਹੁੰਦਾ ਬਲਕਿ
ਇਨਸਾਨ ਧਾਰਮਿਕ ਉਦੋਂ ਅਖਵਾਉਂਦਾ ਹੈ ਜਦ ਉਹ ਹਰ ਡਰ ਲਾਲਚ ਤੋਂ ਉਪਰ ਉੱਠ ਰੱਬ ਨਾਲ
ਸੱਚਾ ਪਿਆਰ ਕਰਨ ਲਗ ਜਾਂਦਾ ਹੈ ਅਤੇ ਇਸੇ ਪਿਆਰ ਵਿੱਚ ਜਿਉਂਦਾ ਹੋਇਆ ਹਰ ਪਾਸੇ ਹੀ
ਪਿਆਰੇ ਰੱਬ ਨੂੰ ਮਹਿਸੂਸ ਕਰਦਾ ਹੈ । ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਅੰਦਰ
ਧਰਮ ਪੈਦਾ ਕਰਨ ਲਈ ਹਰ ਤਰਾਂ ਦੇ ਡਰ ਅਤੇ ਲਾਲਚ ਰੱਦ ਕਰ ਦਿੱਤੇ ਸਨ ।
ਆਪਣੇ ਨਿਵੇਕਲੇ ਅਤੇ ਨਿਆਰੇ ਅੰਦਾਜ ਨਾਲ ਉਹਨਾਂ ਭੂਤ ਪਰੇਤ,
ਆਵਾਗਵਨ, ਸਵਰਗ,
ਨਰਕ, ਵਰ,
ਸਰਾਪਾਂ, ਕਰਿਸ਼ਮੇ,
ਰੂਹਾਂ ਆਦਿ ਦੇ ਪੁਰਾਣੇ ਅਤੇ ਗੈਰ ਵਿਗਿਆਨਕ ਸੰਕਲਪਾਂ ਨੂੰ ਰੱਦ ਕਰਦਿਆਂ ਅਜਿਹੀਆਂ
ਪਰਚਲਤ ਹੋ ਚੁੱਕੀਆਂ ਧਾਰਨਾਵਾਂ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਜਿਸ ਨਾਲ ਕਰੋੜਾਂ
ਲੋਕਾਂ ਨੂੰ ਬਾਬੇ ਨਾਨਕ ਦੀ ਗੱਲ ਅਸਾਨੀ ਨਾਲ ਸਮਝ ਆਉਣ ਲੱਗੀ ।
ਭਾਵੇਂ ਕੁਝ ਪ੍ਰਤੀਸ਼ਤ ਲੋਕ ਡਰ ਜਾਂ ਲਾਲਚ ਨਾਲ ਇਨਸਾਨੀਅਤ ਦੇ ਰਸਤੇ ਤੇ ਚੱਲ
ਪੈਂਦੇ ਹਨ ਪਰ ਜਿਆਦਾਤਰ ਨਹੀਂ । ਭਾਰਤ ਵਰਗੇ ਦੇਸ਼ਾਂ
ਵਿੱਚ ਵੀ ਤੇਤੀ ਕਰੋੜ ਦੇਵੀ ਦੇਵਤੇ, ਅਨੇਕਾਂ ਸੰਤ
ਬਾਬਿਆਂ, ਪੀਰਾਂ ,
ਫਕੀਰਾਂ, ਮਜ਼ਹਬਾਂ ਅਤੇ ਅਣਗਿਣਤ ਡੇਰਿਆਂ ਦੇ
ਹੁੰਦਿਆਂ ਦੁਨੀਆਂ ਪਰੈਕਟੀਕਲੀ ਸੱਚ ਧਰਮ ਤੋਂ ਦੂਰ ਹੀ ਰਹੀ ।
ਸੋ ਬਾਬੇ ਨਾਨਕ ਨੇ ਸੰਸਾਰ ਵਿੱਚ ਰੱਬ ਦੇ ਨਾਂ ਤੇ ਫੈਲਾਏ ਹਊਏ ਨੂੰ ਦੂਰ
ਕਰਕੇ ਰੱਬ ਨਾਲ ਸੱਚੇ ਦਿਲੋਂ ਪਿਆਰ ਕਰਨ ਦਾ ਨਿਰਾਲਾ ਫ਼ਲਸਫਾ ਪੇਸ਼ ਕੀਤਾ ।ਉਹਨਾਂ ਸਭ
ਤੋਂ ਪਹਿਲਾਂ ਇਹ ਕੀਤਾ ਕਿ ਰੱਬ ਨੂੰ ਆਸਮਾਨਾਂ ਤੋਂ ਉਤਾਰ ਕੇ ਮਨੁੱਖਾਂ ਦੇ ਦਿਲਾਂ
ਵਿੱਚ ਵਸਾਅ ਦਿੱਤਾ ।
ਭਾਵੇਂ ਧਰਮ ਅਤੇ ਵਿਗਿਆਨ ਦੋ ਵੱਖਰੇ ਵੱਖਰੇ ਵਿਸ਼ੇ ਹਨ ।
ਵਿਗਿਆਨ ਪਦਾਰਥ ਦੀ ਖੋਜ ਅਤੇ ਧਰਮ ਇਸਦੀ ਸਾਰਥਿਕ ਵਰਤੋਂ ਕਰਨੀ ਦੱਸਦਾ ਹੈ ।
ਧਰਮ ਅਤੇ ਵਿਗਿਆਨ ਇੱਕ ਦੂਜੇ ਦੇ ਰਸਤੇ ਨਹੀਂ ਕੱਟਦੇ ਸਗੋਂ ਮਦਦ ਹੀ ਕਰਦੇ
ਹਨ ।ਪਰ ਧਰਮ ਦੇ ਅਖਾਉਤੀ ਠੇਕੇਦਾਰਾਂ ਨੇ ਧਰਮ ਨੂੰ ਕੇਵਲ ਵਿਸ਼ਵਾਸ ਤੇ ਅਧਾਰਿਤ
ਦੱਸਕੇ ਵਿਗਿਆਨ ਨੂੰ ਸਦਾ ਧਰਮ ਦੇ ਦੁਸ਼ਮਣ ਵਜੋਂ ਪੇਸ਼ ਕੀਤਾ ਹੈ ।
ਅਸਲ ਵਿੱਚ ਧਰਮ ਦੇ ਠੇਕੇਦਾਰ ਅੰਧ ਵਿਸ਼ਵਾਸਾਂ ਨੂੰ ਹੀ ਵਿਸ਼ਵਾਸ ਸਾਬਤ ਕਰਕੇ
ਧਰਮ ਦਾ ਅਧਾਰ ਸਾਬਤ ਕਰਨਾ ਚਾਹੁੰਦੇ ਹਨ ਤਾਂ ਕਿ ਅੰਨ੍ਹੇ ਸ਼ਰਧਾਲੂ ਧਰਮ ਦੀ ਆੜ ਵਿੱਚ
ਫ਼ਸੇ ਅਗਿਆਨਤਾ ਵਸ ਦਿਮਾਗ ਨੂੰ ਜਿੰਦਰੇ ਲਾਕੇ ਸਦਾ ਲਈ ਹੀ ਲੁੱਟ ਹੁੰਦੇ ਰਹਿਣ ।
ਅਸਲ ਵਿੱਚ ਧਰਮ ਦਾ ਅਧਾਰ ਵਿਸ਼ਵਾਸ ਨਹੀਂ ਸਗੋਂ ਸੱਚ ਹੈ। ਸੱਚ ਦੀ ਕਸਵੱਟੀ
ਹੀ ਵਿਵੇਕਤਾ ਹੈ ।ਗੁਰੂ ਗ੍ਰੰਥ ਸਾਹਿਬ ਵਿੱਚ ਵਿਵੇਕ ਬੁੱਧੀ ਦੀ ਹੀ ਗਲ ਕੀਤੀ ਜਾਂਦੀ
ਹੈ ।
ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੋ ਬੁਧ ਵਿਵੈਕਾ (ਪੰਨਾ 641)
ਅੰਧ ਵਿਸ਼ਵਾਸ ਨੂੰ ਹਮੇਸ਼ਾਂ ਸੱਚ ਤੋਂ ਖਤਰਾ ਰਹਿੰਦਾ ਹੈ ।
ਜਿਓਂ ਜਿਓਂ ਸੱਚ ਦਾ ਪ੍ਰਕਾਸ਼ ਹੁੰਦਾ ਜਾਂਦਾ ਹੈ ਅੰਧ ਵਿਸ਼ਵਾਸ ਦਾ ਮੱਕੜ ਜਾਲ
ਟੁੱਟਦਾ ਜਾਂਦਾ ਹੈ । ਵਿਗਿਆਨ ਨਾਲ ਖਤਰਾ ਧਰਮ ਜਾਂ
ਸੱਚ ਨੂੰ ਨਹੀਂ ਹੁੰਦਾ ਸਗੋਂ ਅੰਧ ਵਿਸ਼ਵਾਸਾਂ ਅਤੇ ਗੈਰ ਕੁਦਰਤੀ ਵਰਤਾਰਿਆਂ ਦੇ
ਪਰਚਾਰ ਨੂੰ ਹੁੰਦਾ ਹੈ । ਜਿਉਂ ਜਿਉਂ ਦੁਨੀਆਂ ਸੱਚ ਨੂੰ ਖੋਜਦੀ ਜਾਂਦੀ ਹੈ ,ਸੱਚੇ
ਦੇ ਨਜਦੀਕ ਹੁੰਦੀ ਜਾਂਦੀ ਹੈ ।
ਵਿਗਿਆਨੀਆਂ ਅਨੁਸਾਰ ਇਸ ਬ੍ਰਹਿਮੰਡ ਦੇ ਜਿਨੇ ਪਦਾਰਥ ਅਤੇ ਸ਼ਕਤੀ ਦੀ ਹੁਣ ਤੱਕ
ਖੋਜ ਹੋਈ ਹੈ ਉਹ ਤਾਂ ਕੇਵਲ 5% ਹੀ ਹੈ । ਬਹੁਤ
ਸਾਰਾ ਪਦਾਰਥ ਅਤੇ ਸ਼ਕਤੀ ਅਣਖੋਜਿਆ ਪਿਆ ਹੈ ਜਿਸ ਨੂੰ ਬਲੈਕ
(ਡਾਰਕ) ਮੈਟਰ ਅਤੇ ਬਲੈਕ ਐਨਰਜੀ ਆਖਿਆ ਜਾਂਦਾ ਹੈ ।
ਇਹ ਬ੍ਰਹਿਮੰਡ ਜੋ ਚਾਰ ਚੁਫੇਰੇ ਲਗਾਤਾਰ ਫੈਲ ਰਿਹਾ ਹੈ ਨੂੰ ਫੈਲਾਅ ਰਹੀ
ਐਨਰਜੀ ਦੀ ਖੋਜ ਜਾਰੀ ਹੈ ।ਬਹੁਤ ਸਾਰੇ ਅਣਖੋਜੇ, ਅਣਦੇਖੇ,ਅਤੇ ਅਣਸਮਝੇ ਗਿਆਨ ਨੂੰ
ਬਹੁਤ ਲੋਕ ਰੱਬ ਦੀਆਂ ਰੱਬ ਹੀ ਜਾਣੇ ਆਖ ਛੱਡ ਦਿੰਦੇ ਹਨ ।
ਪਰ ਬ੍ਰਹਿਮੰਡ ਦੇ ਅਸਲ ਭਗਤ ਲਗਾਤਾਰ ਪ੍ਰਕਿਰਤੀ ਦੇ ਇਹਨਾਂ ਅਣਕਿਆਸੇ
ਨਿਯਮਾਂ ਨੂੰ ਸਮਝ ਕੇ ਮਨੁੱਖਤਾ ਦੇ ਭਲੇ ਲਈ ਵਰਤਣ ਲਈ ਯਤਨਸ਼ੀਲ ਰਹਿੰਦੇ ਹਨ ।
ਕਿਸੇ ਵੇਲੇ ਬੱਦਲ ਦੀ ਗਰਜ, ਬਿਜਲੀ ਦੀ ਚਮਕ,
ਮੀਂਹ ,ਹਨੇਰੀ, ਵਾ-ਵਰੋਲੇ,
ਭੁਚਾਲ, ਜਵਾਲਾਮੁਖੀ,
ਜਵਾਰ-ਭਾਟੇ , ਬਿਮਾਰੀਆਂ ਆਦਿ ਮਨੁੱਖ ਲਈ
ਅਜੀਬੋ ਗਰੀਬ ਵਰਤਾਰਾ ਸੀ । ਉਹ ਇਹਨਾਂ ਕੁਦਰਤੀ
ਘਟਨਾਵਾਂ ਨੂੰ ਸਮਝਣ ਦੀ ਜਗ੍ਹਾ ਇਹਨਾਂ ਦੀ ਪੂਜਾ ਕਰਕੇ ਹੀ ਰਾਹਤ ਮਹਿਸੂਸ ਕਰਦਾ ਸੀ
। ਹੌਲੀ ਹੌਲੀ ਬਹੁਤ ਸਾਰੇ ਕੁਦਰਤ ਦੇ ਨਿਯਮ ਉਸਦੀ
ਸਮਝ ਵਿੱਚ ਆਉਣ ਲੱਗੇ ਜਿਸ ਨਾਲ ਮਨੁੱਖ ਇਹਨਾਂ ਕੁਦਰਤੀ ਨਿਯਮਾ ਦੀ ਵਰਤੋਂ ਕਰ ਆਪਣਾ
ਜੀਵਨ ਪੱਧਰ ਉੱਪਰ ਚੁੱਕਣ ਲੱਗਾ । ਬਹੁਤ ਸਾਰੇ
ਅਦਿੱਖ ਵਰਤਾਰੇ ਹੁਣ ਉਸ ਲਈ ਕਿਸੇ ਡਰ ਵਜੋਂ ਪੂਜਾ ਦਾ ਕਾਰਣ ਨਹੀਂ ਰਹੇ ।ਪਰ ਹਾਲੇ
ਵੀ ਬਹੁਤ ਕੁਝ ਉਸਦੀ ਪਕੜ ਤੋਂ ਦੂਰ ਹੈ,ਜੋ ਕਿ ਹੌਲੀ ਹੌਲੀ ਉਸਦੀ ਲਗਨ ਤੇ ਮਿਹਨਤ
ਨਾਲ ਸਾਫ਼ ਹੁੰਦਾ ਜਾ ਰਿਹਾ ਹੈ ।
ਪਰ ਜਿਨ੍ਹਾਂ ਲੋਕਾਂ ਦੀ ਰੋਜੀ ਹੀ ਲੋਕਾਈ ਦੇ ਅਗਿਆਨੀ ਰਹਿਣ ਨਾਲ ਚਲਦੀ ਹੈ,
ਉਹ ਸਦਾ ਹੀ ਵਿਗਿਆਨ ਦੇ ਵਿਰੁੱਧ ਬੋਲਦੇ ਰਹਿੰਦੇ ਹਨ ਅਤੇ ਅੰਧਵਿਸ਼ਵਾਸਾਂ ਦਾ ਹੀ
ਪਰਚਾਰ ਕਰਦੇ ਹਨ ਜਦ ਕਿ ਉਹ ਆਪਣੇ ਜੀਵਨ ਵਿੱਚ ਖੁਦ ਵਿਗਿਆਨ ਦੀ ਹਰ ਨਵੀਨ ਖੋਜ ਦੀ
ਵਰਤੋਂ ਕਰਦੇ ਹਨ ਅਤੇ ਨਵੀਨ ਟੈਕਨੌਲੋਜੀ ਬਿਨਾਂ ਉਹਨਾਂ ਦਾ ਕਦੇ ਸਰਦਾ ਵੀ ਨਹੀਂ ।
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਕੁਦਰਤ ਦਾ ਇਕ ਅੰਸ਼ ਕਹਿ ਕੁਦਰਤ ਨਾਲ ਹੀ
ਇਕ ਮਿਕ ਹੋਕੇ ਜੀਣ ਦਾ ਵਲ ਦੱਸਿਆ ।ਕੁਦਰਤ ਦੇ ਅਟੱਲ ਨਿਯਮਾਂ ਨੂੰ ਅਕਾਲ ਪੁਰਖ ਦਾ
ਹੁਕਮ ਆਖ ਉਸਦੇ ਹੁਕਮ ਦੀ ਰਜਾ ਨੂੰ ਸਮਝਣ ਦਾ ਨਿਆਰਾ ਤਰੀਕਾ ਸਮਝਾਇਆ ।
ਸ਼ੁਰੂ ਸ਼ੁਰੂ ਵਿੱਚ ਮਨੁੱਖ ਨੇ ਬਾਬੇ ਨਾਨਕ ਦੀ ਸੱਚ ਦੀ ਬਾਣੀ ਨੂੰ ਵੀ ਅਜਿਹੇ
ਅਰਥਾਂ ਨਾਲ ਹੀ ਪ੍ਰਚਾਰਨਾ ਸ਼ੁਰੂ ਕੀਤਾ ਜਿਸ ਅਨੁਸਾਰ ਗੈਰ ਕੁਦਰਤੀ ਸ਼ਕਤੀਆਂ ਦੇ ਭਰਮ
ਦਾ ਡਰ ਜਿਉਂ ਦਾ ਤਿਉਂ ਬਣਿਆਂ ਰਹੇ ।ਪਰ ਜਿਵੇਂ ਹੀ ਨਵੀਂ ਤਕਨੀਕ ਰਾਹੀਂ ਉਪਜ ਰਹੇ
ਸੰਚਾਰ ਸਾਧਨਾ ਨਾਲ ਵਿਚਾਰ ਵਟਾਂਦਰਿਆਂ ਦਾ ਦੌਰ ਸ਼ੁਰੂ ਹੋਇਆ ਤਾਂ ਗੁਰੂ ਗ੍ਰੰਥ
ਸਾਹਿਬ ਜੀ ਅੰਦਰ ਪੇਸ਼ ਕੀਤੇ ਸੰਪੂਰਨ ਮਨੁੱਖ ਦੇ ਮਾਡਲ ਅਨੁਸਾਰ ਗੁਰਬਾਣੀ ਦੇ ਅਰਥ
ਸਾਹਮਣੇ ਆਉਣ ਲੱਗੇ। ਕੁਦਰਤ ਦੇ ਹੀ ਨਿਯਮਾਂ ਅਧੀਨ ਹੋਕੇ ਵਿਚਰਨ ਵਾਲੇ ਮਨੁੱਖ ਨੂੰ
ਗੁਰੂ ਦੀ ਸਿਖਿਆ ਅਨੁਸਾਰ ਸਚਿਆਰਾ ਹੋਣ ਦੀ ਗਲ ਸਮਝ ਆਉਣ ਲੱਗੀ ।
ਹਰ ਤਰਾਂ ਦੇ ਕਰਮਕਾਂਡ ਕਰ ਰੱਬ ਨੂੰ ਰਿਝਾਣ ਦੀ ਪ੍ਰਵਿਰਤੀ ਫਿੱਕੀ ਪੈ ਗਈ ।
ਮਨੁੱਖ ਨੂੰ ਸਮਝ ਆਉਣ ਲੱਗਾ ਕਿ ਗੁਰਬਾਣੀ ਉਪਦੇਸ਼ਾਂ ਨੂੰ ਕਰਮਕਾਂਡ ਬਣਾਕੇ
ਰਟਣ ਨਾਲੋਂ ਗੁਰਬਾਣੀ ਸਿੱਖਿਆ ਅਨੁਸਾਰ ਜਿਉਣਾ ਹੀ ਅਕਾਲ ਪੁਰਖ ਦੇ ਨਾਮ ਵਿੱਚ ਜਿਉਣਾ
ਹੈ ।
ਕੁਦਰਤ ਦੇ ਨਿਯਮ ਅਟੱਲ ਹਨ ਜੋ ਕਦੀ ਨਹੀਂ ਬਦਲਦੇ । ਤੇਜੀ ਨਾਲ ਚੱਲ ਰਹੇ
ਵਿਗਿਆਨਕ ਸਮੇ ਵਿੱਚ ਨਵੀਂ ਤੋਂ ਨਵੀਂ ਖੋਜ ਅਨੁਸਾਰ ਕੁਦਰਤ ਦੇ ਇਹਨਾਂ ਨਿਯਮਾਂ ਦੀ
ਵਿਆਖਿਆ ਵਿੱਚ ਉਸਾਰੂ ਤਬਦੀਲੀਆਂ ਹੋਣ ਦੀ ਸੰਭਾਵਨਾਂ ਰਹਿੰਦੀ ਹੈ ਜਿਸ ਨਾਲ ਇਹਨਾਂ
ਨਿਯਮਾਂ ਦੀ ਹੋਰ ਜਿਆਦਾ ਸਚਾਈ ਸਾਹਮਣੇ ਆ ਸਕੇ । ਪਰ ਇਸ ਨੂੰ ਇਹ ਕਹਿਣਾ ਠੀਕ ਨਹੀਂ
ਕਿ ਵਿਗਿਆਨ ਬਦਲਦਾ ਰਹਿੰਦਾ ਹੈ । ਅਸੀਂ ਜਾਣਦੇ ਹਾਂ
ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਜੁੱਗੋ-ਜੁੱਗ ਅਟੱਲ ਹਨ ਪਰ ਇਹਨਾਂ ਉਪਦੇਸ਼ਾਂ
ਦੀ ਵਿਆਖਿਆ ਵੀ ਕਰਨ ਵਾਲਿਆਂ ਅਨੁਸਾਰ ਬਦਲਦੀ ਰਹੀ ਹੈ ।
ਅਸਲ ਮੁੱਦਾ ਸੱਚ ਦੇ ਜਿਆਦਾ ਨਜਦੀਕ ਪੁੱਜਣਾ ਹੀ ਹੈ । ਅਗਰ ਵਿਗਿਆਨ ਉੱਪਰ
ਧਰਮ ਦਾ ਕੁੰਡਾ ਹੈ ਅਰਥਾਤ ਧਾਰਮਿਕ ਪਰਵਿਰਤੀ ਵਾਲੇ ਮਨੁੱਖ ਵਿਗਿਆਨਕ ਕਾਢਾਂ ਕੱਢਦੇ
ਹਨ ਤਾਂ ਇਸ ਨਾਲ ਸਮੁੱਚੀ ਮਨੁੱਖਤਾ ਦੀ ਭਲਾਈ ਹੁੰਦੀ ਹੈ ਪਰ ਅਗਰ ਵਿਗਿਆਨੀ ਸੱਚ ਧਰਮ
ਤੋਂ ਦੂਰ ਹੁੰਦਾ ਹੈ ਤਾਂ ਇਹੀ ਵਿਗਿਆਨ ਵਿਨਾਸ਼ਕਾਰੀ ਵੀ ਹੋ ਸਕਦੀ ਹੈ ।
ਸੋ ਕਸੂਰ ਵਿਗਿਆਨ ਦਾ ਨਹੀਂ ਸਗੋਂ ਇਸ ਦੀ ਵਰਤੋਂ ਕਰਣ ਵਾਲੇ ਮਨੁੱਖ ਦੇ
ਆਚਰਣ ਦਾ ਹੈ ।ਸੋ ਗੁਰਮਤਿ ਹਰ ਇਨਸਾਨ ਵਿੱਚ ਚੰਗਾ ਆਚਰਣ ਬਣਾਕੇ, ਸਮੁੱਚੀ ਕਾਇਨਾਤ
ਨਾਲ ਉਸਦਾ ਨਜ਼ਦੀਕੀ ਰਿਸ਼ਤਾ ਕਾਇਮ ਕਰਦਿਆਂ, ਕੁਦਰਤ ਦੇ ਨਿਯਮਾਂ ਅਧੀਨ ,ਕੁਦਰਤ ਸੰਗ
ਇਕ-ਮਿਕ ਹੋਕੇ ਜੀਣ ਦਾ ਵਿਸਮਾਦੀ ਰੰਗ ਭਰਦੀ ਹੈ ।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
gsbarsal@gmail.com
24/06/2012 |