ਸੰਸਾਰ
ਵਿੱਚ ਮੌਜੂਦ ਸਾਰੇ ਹੀ ਧਰਮਾਂ ਦੇ ਧਰਮਗ੍ਰੰਥ ਇਸ ਗੱਲ ਨਾਲ ਆਪਣੀ ਸਹਿਮਤੀ
ਪ੍ਰਗਟਾਉਂਦੇ ਹਨ ਕਿ ਮਨੁੱਖ ਦੇ ਇਸ ਜੀਵਨ ਦਾ ਮੂਲ ਮਨੋਰਥ ਪ੍ਰਭੂ ਪਿਤਾ
ਪਰਮਾਤਮਾ ਦੀ ਪ੍ਰਾਪਤੀ ਹੈ। ਇਸ ਲਈ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਲਈ
ਉਪਰਾਲੇ ਕਰਨੇ ਚਾਹੀਦੇ ਹਨ।
“ਭਈ ਪਰਾਪਤਿ ਮਾਨੁੱਖ
ਦੇਹੁਰੀਆ।।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।”
ਇਹਨਾਂ ਉਪਰਾਲਿਆਂ ਪ੍ਰਤੀ
ਵੱਖ-ਵੱਖ ਧਰਮ ਗ੍ਰੰਥਾਂ ਵਿੱਚ ਮਤਭੇਦ ਹਨ। ਕਈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ
ਕਿ ਜੰਗਲਾਂ ਵਿੱਚ ਜਾ ਕੇ ਤੱਪ ਕਰੋ। ਕਿਸੇ ਵਿੱਚ ਲਿਖਿਆ ਹੈ ਕਿ ਘਰਬਾਰ ਛੱਡ
ਦਿਓ। ਕੋਈ ਕਹਿੰਦਾ ਹੈ ਕਿ ਔਰਤ ਅਤੇ ਪਰਿਵਾਰ ਦਾ ਤਿਆਗ ਕਰੋ।
ਲੇਖ ਦੀ ਸੰਖੇਪਤਾ ਨੂੰ ਧਿਆਨ
ਵਿੱਚ ਰੱਖਦਿਆਂ ਅਸੀਂ ਇਸ ਅਧਿਆਏ ਵਿੱਚ ਕੇਵਲ ਗੁਰਮਤਿ ਦੀ ਗੱਲ ਹੀ ਕਰਾਂਗੇ ਕਿ
ਗੁਰਮਤਿ ਅਨੁਸਾਰ ਪ੍ਰਭੂ ਦੀ ਪ੍ਰਾਪਤੀ ਲਈ ਕੀ ਉਪਰਾਲੇ ਜ਼ਰੂਰੀ ਹੈ?
ਇਸ ਸੰਦਰਭ ਵਿੱਚ ਗੱਲ ਆਰੰਭ ਕਰਨ
ਤੋਂ ਪਹਿਲਾਂ ਇਹ ਦੱਸ ਦੇਣਾ ਬੇਹੱਦ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਜਿਹੜੀ ਗੱਲ
ਅੱਜ ਤੋਂ 500 ਸਾਲ ਪਹਿਲਾਂ ਕਹੀ ਗਈ ਸੀ ਉਹ ਅੱਜ ਵੀ ਉਤਨੀ ਹੀ ਸਾਰਥਕ ਅਤੇ
ਕਾਰਗਰ ਹੈ ਜਿਤਨੀ ਕਿ ਉਸ ਸਮੇਂ ਸੀ, ਜਦੋਂ ਇਹ ਕਹੀ ਗਈ ਸੀ। ਜਿਵੇਂ ਕਿ ਉੱਪਰ
ਕਹਿਆ ਗਿਆ ਹੈ ਕਿ ਸੰਸਾਰ ਵਿੱਚ ਪ੍ਰਚੱਲਿਤ ਧਰਮ ਗ੍ਰੰਥ ਇਹ ਕਹਿ ਰਹੇ ਸਨ ਕਿ
ਮਨੁੱਖ ਲਈ ਘਰ ਵਿੱਚ ਰਹਿੰਦਿਆਂ ਪ੍ਰਭੂ ਦੀ ਪ੍ਰਾਪਤੀ ਦਾ ਪ੍ਰਸ਼ਨ ਹੀ ਪੈਦਾ
ਨਹੀਂ ਹੁੰਦਾ। ਇਸ ਲਈ ਜੰਗਲਾਂ ਵਿੱਚ ਜਾਣਾ ਅਤੇ ਤੱਪ ਕਰਨਾ ਅਤਿਅੰਤ ਜ਼ਰੂਰੀ ਹੈ
ਪਰ ਗੁਰਬਾਣੀ ਇਸ ਤੱਥ ਤੇ ਆਪਣੀ ਸਹਿਮਤੀ ਨਹੀਂ ਪ੍ਰਗਟਾਉਂਦੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ
ਜੀ ਆਪਣੇ ਮੁਖਾਰਬਿੰਦ’ਚੋਂ ਉਚਾਰਨ ਕਰਦੇ ਹਨ,
“ਕਾਹੇ ਰੇ ਬਨ ਖੋਜਨ ਜਾਈ।।
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ।।”
ਇਸ ਸ਼ਬਦ ਵਿੱਚ ਗੁਰੂ ਸਾਹਿਬ
ਮਨੁੱਖ ਨੂੰ ਕਹਿ ਰਹੇ ਹਨ ਕਿ, “ਹੇ ਭਾਈ ਤੂੰ ਪ੍ਰਭੂ ਨੂੰ ਖੋਜਨ ਲਈ ਬਨ ਭਾਵ
ਜੰਗਲਾਂ ਵਿੱਚ ਕਿਉਂ ਜਾ ਰਿਹਾ ਹੈਂ? ਉਹ ਪਰਮਾਤਮਾ ਤਾਂ ਤੇਰੇ ਨਾਲ ਵੱਸਦਾ ਹੈ
ਅਤੇ ਸਾਰਿਆਂ ਵਿੱਚ ਨਿਵਾਸ ਕਰਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ।
ਫਿਰ ਜੰਗਲ ਵਿੱਚ ਜਾਣ ਦਾ ਕੀ ਫਾਇਦਾ?”
ਦੂਜੇ ਪਾਸੇ ਕੁੱਝ ਧਰਮ ਗ੍ਰੰਥ
ਕਹਿੰਦੇ ਹਨ ਕਿ ਤੀਰਥ ਅਸਥਾਨਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ ਮਨੁੱਖ ਦੇ ਪਾਪ
ਕੱਟੇ ਜਾਂਦੇ ਹਨ ਤਾਂ ਇਸ ਵਹਿਮ ਬਾਰੇ ਵੀ ਗੁਰਬਾਣੀ ਆਪਣੇ ਵਿਚਾਰ ਪੇਸ਼ ਕਰਦੀ
ਹੈ ਕਿ,
“ਤੀਰਥੁ ਨਾਵਣ ਜਾਊ ਤੀਰਥੁ ਨਾਮੁ
ਹੈ।।”
ਭਾਵ ਕਿ ਜੇ ਮਨ ਵਿੱਚ ਮੰਦੇ
ਵਿਚਾਰ ਹਨ ਤਾਂ ਫਿਰ ਤੀਰਥਾਂ ਤੇ ਕੇ ਇਸ਼ਨਾਨ ਕਰਨ ਦਾ ਕੀ ਲਾਭ? ਗੁਰੂ ਸਾਹਿਬ
ਜੀ ਫੁਰਮਾਨ ਕਰਦੇ ਹਨ ਕਿ ਤੀਰਥ ਦਾ ਪ੍ਰਭੂ ਦਾ ਨਾਮ ਹੀ ਹੈ। ਜੇ ਸੱਚੇ ਮਨ ਨਾਲ
ਉਸ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ ਤਾਂ ਕਿਸੇ ਤੀਰਥ ਤੇ ਇਸ਼ਨਾਲ ਨਾਲੋਂ ਇਹ
ਵਧੇਰੇ ਚੰਗਾ ਹੈ। ਭਗਵੇਂ ਕਪੜੇ ਪਹਿਣ ਕੇ ਘਰ-ਬਾਰ ਛੱਡਣ ਬਾਰੇ ਗੁਰਮਤਿ ਕਹਿੰਦੀ
ਹੈ ਕਿ,
ਜੋਗੁ ਨਾ ਭਗਵੇ ਕਪੜੀਂ
ਜੋਗੁ ਨਾ ਮੈਲੇ ਵੇਸ
ਨਾਨਕੁ ਘਰ ਬੈਠਿਆਂ ਜੋਗ ਪਾਈਐ
ਸਤਿਗੁਰ ਕੇ ਉਪਦੇਸ਼।।”
ਭਗਵੇਂ ਕਪੜੇ ਧਾਰਨ ਕਰਣ ਨਾਲ
ਜੋਗ ਧਾਰਣ ਨਹੀਂ ਹੁੰਦਾ ਅਤੇ ਇਹਨਾਂ ਪਾਖੰਡਾਂ ਕਾਰਣ ਪ੍ਰਭੂ ਦੀ ਪ੍ਰਾਪਤੀ ਨਹੀਂ
ਹੋ ਸਕਦੀ ਬਲਕਿ ਸੱਚੇ ਗੁਰੂ ਦੀ ਸ਼ਰਣ ਪਇਆਂ ਘਰ ਬੈਠ ਕੇ ਹੀ ਪ੍ਰਭੂ ਦੀ
ਪ੍ਰਾਪਤੀ ਦਾ ਸਾਧਨ ਬਣ ਸਕਦਾ ਹੈ। ਇਸ ਲਈ ਮਨ ਵਿੱਚ ਸ਼ੁੱਧ ਵਿਚਾਰਾਂ ਦੇ
ਮਾਧਿਅਮ ਨਾਲ ਪ੍ਰਭੂ ਦਾ ਗੁਣ ਗਾਇਨ ਕੀਤੇ ਜਾਣ ਤਾਂ ਵਾਹਿਗੁਰੂ ਦੇ ਦਰ ਦੇ
ਮਨੁੱਖ ਪ੍ਰਵਾਨ ਹੋ ਸਕਦਾ ਹੈ।
“ਜਲੁ ਕੇ ਮਜਨੁ ਜੇ ਗਤਿ ਹੋਵੈ
ਨਿਤ ਨਿਤ ਮੈਂਡਕ ਨਾਵੈ
ਜੈਸੇ ਮੈਂਡਕ ਤੈਸੇ ਉਹ ਨਰ
ਫਿਰ ਫਿਰ ਜੂਨੀ ਆਵੈ।।”
ਜੇ ਤੀਰਥਾਂ ਤੇ ਨਹਾਉਣ ਨਾਲ
ਪ੍ਰਭੂ ਦੇ ਦਰਸ਼ਨ ਹੁੰਦੇ ਤਾਂ ਡੱਡੂਆਂ ਨੂੰ ਸਭ ਤੋਂ ਪਹਿਲਾਂ ਪ੍ਰਭੂ ਦੇ ਦਰਸ਼ਨ
ਹੁੰਦੇ ਕਿਉਂਕਿ ਉਹ ਤਾਂ ਪਾਣੀ ਵਿੱਚ ਹੀ ਨਿਵਾਸ ਕਰ ਰਹੇ ਹਨ ਪਰ ਸੱਚੇ ਮਨ ਤੋਂ
ਬਿਨਾਂ ਕਿਸੇ ਤੀਰਥ ਤੇ ਕੀਤਾ ਇਸ਼ਨਾਨ ਵੀ ਵਿਅਰਥ ਹੀ ਹੁੰਦਾ ਹੈ।
ਜਿਹੜੇ ਲੋਕ ਮਨ ਦੀ ਪੱਵਿਤਰਤਾ
ਤੋਂ ਬਿਨਾਂ ਤੀਰਥਾਂ ਦੇ ਭਟਕਦੇ ਫਿਰਦੇ ਹਨ ਉਹ ਉਹਨਾਂ ਡੱਡੂਆਂ ਦੀ ਤਰ੍ਹਾਂ ਹਨ
ਜੋ ਜਲ ਵਿੱਚ ਰਹਿ ਕੇ ਵੀ ਇਸ ਤੋਂ ਲਾਭ ਪ੍ਰਾਪਤ ਨਹੀਂ ਕਰਦੇ। ਉਹਨਾਂ ਨੂੰ
ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ।
ਗੁਰਬਾਣੀ ਫੋਕੇ ਕਰਮ-ਕਾਡਾਂ ਦੀ
ਵਿਰੋਧਤਾ ਕਰਦੀ ਹੈ ਕਿ ਹਿਰਦੇ ਵਿੱਚ ਸ਼ੁੱਧ ਵਿਚਾਰਾਂ ਤੋਂ ਬਿਨਾਂ ਕੀਤਾ ਕੋਈ
ਵੀ ਕਾਰਜ ਪ੍ਰਭੂ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ।
ਇੱਕ ਵਿਦਵਾਨ ਲਿਖਦਾ ਹੈ ਕਿ
ਜੇਕਰ ਨੰਗੇ ਪੈਰ ਰਹਿਣ ਨਾਲ ਪਰਮਾਤਮਾ ਮਿਲ ਪੈਂਦਾ ਤਾਂ ਸਭ ਤੋਂ ਪਹਿਲਾਂ
ਬਾਂਦਰਾਂ ਨੂੰ ਰੱਬ ਮਿਲਦਾ, ਭਲਾ ਉਹ ਕਿਹੜੇ ਬੂਟ ਪਾਉਂਦੇ ਹਨ? ਜੇਕਰ ਭੁੱਖੇ
ਰਹਿਣ ਨਾਲ ਰੱਬ ਮਿਲਦਾ ਤਾਂ ਚਿੜੀਆਂ ਨੂੰ ਮਿਲਦਾ, ਕਿਉਂਕਿ ਚਿੜੀ ਦਾ ਪੇਟ ਇਤਨਾ
ਨਿੱਕਾ ਹੁੰਦਾ ਹੈ ਕਿ ਰਾਤ ਨੂੰ ਉਹ ਪੇਟ ਭਰ ਕੇ ਚੋਗਾ ਚੁੱਗਦੀ ਹੈ ਪਰ ਅੱਧੀ
ਰਾਤ ਨੂੰ ਉਸ ਨੂੰ ਫਿਰ ਭੁੱਖ ਲੱਗ ਜਾਂਦੀ ਹੈ। ਇਸ ਤਰ੍ਹਾਂ ਪੂਰੀ ਰਾਤ ਵਿੱਚ
ਚਿੜੀ ਨੂੰ ਤਿੰਨ ਵਾਰ ਭੁੱਖ ਨਾਲ ਦੋਰਾ ਪੈਂਦਾ ਹੈ।
ਜੇਕਰ ਪੁੱਠੇ ਲਟਕਣ ਨਾਲ ਰੱਬ
ਮਿਲਦਾ ਤਾਂ ਚੱਮਗਿਦੜਾਂ ਨੂੰ ਮਿਲਣਾ ਸੀ ਤੇ ਜੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ
ਰੱਬ ਮਿਲਦਾ ਤਾਂ ਡੱਡੂਆਂ, ਮੱਛੀਆਂ ਨੂੰ ਰੱਬ ਮਿਲਦਾ ਪਰ ਰੱਬ ਦਾ ਮਿਲਦਾ ਹੈ
ਸੱਚੀ ਪ੍ਰੀਤ ਕੀਤਿਆਂ।
“ਸਾਚ ਕਹੋਂ ਸੁਣ ਲੇਹੁ ਸਭੇ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ।।”
ਇਸ ਲਈ ਪ੍ਰਭੂ ਨੂੰ ਪਾਉਣ ਲਈ
ਫੋਕੇ ਪਾਖੰਡਾਂ ਦੀ ਲੋੜ ਨਹੀਂ ਹੈ। ਲੋੜ ਹੈ ਤਾਂ ਕੇਵਲ ਸੱਚੇ ਮਨ ਅਤੇ ਸ਼ੁੱਧ
ਵਿਚਾਰਾਂ ਨਾਲ ਪ੍ਰਭੂ ਨੂੰ ਯਾਦ ਕਰਨ ਦੀ।
ਗਿਆਨੀ ਅਮਰੀਕ
ਸਿੰਘ ‘ਮਲਿਕਪੁਰੀ’
ਮੁੱਖ ਗ੍ਰੰਥੀ
ਗੁਰਦੁਆਰਾ ਸੱਤਵੀਂ ਪਾਤਸ਼ਾਹੀ
ਚੱਕਰਵਰਤੀ ਮੁੱਹਲਾ, ਥਾਨੇਸਰ
ਜਿਲ੍ਹਾ ਕੁਰੂਕਸ਼ੇਤਰ (ਹਰਿਆਣਾ)
ਮੋਬਾਈਲ +91 98961 61534 |