WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)

hore-arrow1gif.gif (1195 bytes)

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਵਿਸ਼ੇਸ਼
ਸ਼ਹਾਦਤ ਤੋਂ ‘ਸ਼ਹੀਦਾਂ ਦੀ ਜੱਥੇਬੰਦੀ’ ਦਾ ਸਫ਼ਰ
ਗੁਰਚਰਨਜੀਤ ਸਿੰਘ ਲਾਂਬਾ


‘ਸ਼ਹਾਦਤ’ ਅਤੇ ‘ਸਿੱਖੀ’ ਦਾ ਰਿਸ਼ਤਾ ‘ਸੱਸੀ ਪੁਨੂੰ’, ‘ਹੀਰ ਰਾਂਝਾ’, ‘ਸੋਹਣੀ ਮਹੀਵਾਲ’ ਤੇ ‘ਲੈਲਾ ਮਜਨੂੰ’ ਦੀ ਆਸ਼ਕੀ ਅਤੇ ਪ੍ਰੇਮ ਤੋਂ ਵੱਧ ਪੀਢਾ, ਨਿੱਘਾ, ਮਿੱਠਾ ਅਤੇ ਪੱਕਾ ਹੈ। ਪਰ ਇਹ ਰਿਸ਼ਤਾ ‘ਇਸ਼ਕੇ ਮਜਾਜ਼ੀ’ ਜਾਂ ਦੁਨਿਆਵੀ ਪ੍ਰੇਮ ਦਾ ਤੋਤੇ ਮੈਨਾ ਦਾ ਕਿੱਸਾ ਵੀ ਨਹੀਂ। ਇਹ ਤਾਂ ‘ਇਸ਼ਕੇ ਹਕੀਕੀ’ ਜਾਂ ਪ੍ਰੀਤਮ ਪਿਆਰੇ ਦੇ ਸਦੀਵੀ ਪਿਆਰ ਦਾ ਇਲਾਹੀ ਸਬੰਧ ਹੈ। ਇਸ ਇਸ਼ਕ ਬਾਰੇ ਤਾਂ ਭਾਈ ਨੰਦ ਲਾਲ ਵੀ ਫੁਰਮਾਂਦੇ ਹਨ ਕਿ ਐ ਗੋਯਾ! ਤੂੰ ਲੈਲਾ ਦਾ ਹਾਲੇ ਦਿਲ ਕਿਸੇ ਸਿਰ ਫਿਰੇ ਦਿਲ ਨੂੰ ਦੱਸੀਂ, ਕਿਉਂਕਿ ਮਜਨੂੰ ਦੀ ਵਿਥਿਆ ਮੇਰੇ ਜਿਹੇ ਦੀਵਾਨੇ ਨੂੰ ਹੀ ਰਾਸ ਆਉਂਦੀ ਹੈ। ਮੂਰਖਾਂ ਨੂੰ ਇਸ ਵਿਚੋਂ ਅਸ਼ਲੀਲਤਾ ਦੀ ਬੋਅ ਆਏਗੀ।

ਮਗੋ ਅਜ਼ ਹਾਲਿ ਲੈਲਾ ਰਾ ਦਿਲਿ ਸ਼ੋਰੀਦਾਇ ਗੋਯਾ।
ਕਿ ਸ਼ਰਾਹ ਕਿੱਸਾਇ ਮਜਨੂੰ ਮਰਾ ਦੀਵਾਨਾ ਮੀ ਸਾਜ਼ਦ॥

ਇਹ ਰਿਸ਼ਤਾ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਬਾਣ ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ (1412) ਅਤੇ ਗੁਰੂ ਅਰਜਨ ਦੇਵ ਜੀ ਦੇ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (1102) ਦੇ ਸੁਨੇਹੜੇ ਤੋਂ ਆਰੰਭ ਹੁੰਦਾ ਹੈ। ਪ੍ਰੀਤਮ ਦੀ ਗਲੀ ਦੇ ਮਾਰਗ ਦੇ ਇਸ ਪੰਧ ਦਾ ਵਸਲ, ਮਿਲਾਪ ਜਾਂ ਮੰਜ਼ਲੇ-ਮਕਸੂਦ ਕਲਗੀਧਰ ਪਿਤਾ ਦੇ ਹੱਥ ਫੜੀ ਲਿਸ਼ਕਦੀ ‘ਸ੍ਰੀ ਸਾਹਿਬ’ ਨੂੰ ਸੀਸ ਭੇਂਟ ਕਰ ਕੇ ਹੁੰਦਾ ਹੈ। ਭਾਈ ਨੰਦ ਲਾਲ ਦੀ ਨਸੀਹਤ ਵੀ ਧਿਆਨ ਮੰਗਦੀ ਹੈ ਕਿ ‘ਪ੍ਰੀਤ ਦਾ ਪੈਂਡਾ ਬੜਾ ਲੰਮਾ ਹੈ, ਪੈਰਾਂ ਨਾਲ ਨਹੀਂ ਤੁਰਿਆ ਜਾਣਾ। (ਬਾਬਾ ਦੀਪ ਸਿੰਘ ਵਾਂਗ) ਆਪਣੇ ਸਿਰ ਨੂੰ ਪੈਰ ਬਣਾ ਲੈ ਤਾਂ ਜੋ ਉਸ ਪਿਆਰੇ ਦੇ ਰਾਹ ਤੇ ਤੁਰ ਸਕੇਂ। ਮੰਜ਼ਲਿ ਇਸ਼ਕ ਦਰਾਜ਼ ਅਸਤ ਬ-ਪਾ ਨਤਵਾਂ ਰਫ਼ਤ। ਸਰ ਕਦਮ ਸਾਜ਼ ਤਾ ਦਰ ਰਹਿ ਆਂ ਯਾਰ ਸ਼ਵੀ॥ (ਭਾਈ ਨੰਦ ਲਾਲ)।’

ਇਸ ਦੇ ਬਾਅਦ ਇਸ ਮਾਰਗ ਤੇ ਤੁਰਨ ਵਾਲੇ ਇਹਨਾਂ ਆਸ਼ਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ‘ਪਿਆਰਿਆਂ’ ਦਾ ਦਰਜਾ ਹੀ ਤਾਂ ਹਾਸਿਲ ਹੁੰਦਾ ਹੈ। ਹੁਣ ਗੁਰ ਪ੍ਰਮੇਸਰ ਖ਼ੁਦ ਇਹਨਾਂ ਦਾ ਮਹਿਬੂਬ ਅਤੇ ਮਾਸ਼ੂਕ ਬਣ ਜਾਂਦਾ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਵੀ ਸ਼ਹੀਦੀ ਮਾਰਗ ਤੇ ਤੁਰਨ ਵਾਲੇ ਨੂੰ ਪੀਰਾਂ ਤੇ ਪੈਗੰਬਰਾਂ ਦੇ ਤੁਲ ਪ੍ਰਵਾਨ ਕੀਤਾ ਹੈ। ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ॥ (53) ਸ਼ਹੀਦ ਤਾਂ ਮੁਕਤਾ ਹੈ। ਕਾਤਲ ਵਿਚਾਰਾ ਤਾਂ ਇਸ ਮਿਲਾਪ ਦੀ ਖੇਡ ਵਿੱਚ ਇਕ ਵਿਚੋਲੇ ਦੇ ਰੂਪ ਵਿੱਚ ਸਹਾਈ ਹੁੰਦਾ ਹੈ। ਭਾਈ ਮਨੀ ਸਿੰਘ ਤਾਹੀਓਂ ਤਾਂ ਜੱਲਾਦ ਨੂੰ ਕਹਿੰਦੇ ਹਨ, ਸੁਣ ਕਾਤਲ ਅਸੀਂ ਰਲ ਮਿਲ ਦੋਵੇਂ, ਅਜਬ ਤਮਾਸ਼ਾ ਲਾਵਾਂਗੇ।

ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਧੁਰ ਕੀ ਬਾਣੀ ਦੇ ਬਚਨ ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ॥ (ਪੰਨਾ 757) ਉਚਾਰੇ ਤਾਂ ਸਾਈਂ ਮੀਆਂ ਮੀਰ ਨੇ ਕਿਹਾ ਸੀ ਕਿ ਹਜ਼ੂਰ ਇਹ ਤੱਖ਼ਈਅਲ, ਕਾਵਿ ਉਡਾਰੀ ਬੜੀ ਉ¤ਚੀ ਹੈ। ਬਾਅਦ ਵਿੱਚ ਤੱਤੀ ਤਵੀ ਅਤੇ ਸੀਸ ਤੇ ਰੇਤਾ ਪਵਾ ਰਹੇ ਗੁਰੁ ਅਰਜਨੁ ਪਰਤਖ ਹਰਿ (757) ਨੇ ਮੀਆਂ ਮੀਰ ਨੂੰ ਪੁੱਛਿਆ ਸੀ, ਸਾਈਂ ਜੀ! ਉਹ ਉਡਾਰੀ ਕੈਸੀ ਸੀ?

ਗੁਰੂ ਅਰਜਨ ਸਾਹਿਬ ਦੀ ਨਬੂਦਤ ਅਤੇ ਰੱਬੀ ਰੂਹ ਤੇ ਕੀ ਭਾਵਨਾ ਨਾਜ਼ਲ ਹੋਈਆਂ ਹੋਣਗੀਆਂ ਜਦੋਂ ਧੁਰ ਕੀ ਬਾਣੀ ਦਾ ਭਵਿੱਖ ਵਾਕ ਜਹ ਮਹਾ ਭਇਆਨ ਤਪਤਿ ਬਹੁ ਘਾਮ॥ ਹਜ਼ੂਰ ਦੇ ਮੁਖਾਰਬਿੰਦ ਤੋਂ ਉਚਰਿਆ ਹੋਵੇਗਾ। ਪਰ ਇਸ ਦੇ ਨਾਲ ਹੀ ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ (264) ਨੇ ਰਹਿਮਤ ਤੇ ਸ਼ੁਕਰਾਨੇ ਦਾ ਹੜ ਲਿਆ ਦਿੱਤਾ ਹੋਏਗਾ।

ਸ਼ਹੀਦੀ ਜਾਂ ਸ਼ਹਾਦਤ ਦਾ ਅਖਰੀ ਅਰਥ ਹੈ ਸੱਚ ਹੱਕ ਇਨਸਾਫ਼ ਲਈ ਗਵਾਹੀ ਦੇਣਾ। ਇਸਲਾਮੀ ਸ਼ਰਾਅ ਮੁਤਾਬਿਕ ਸ਼ਹੀਦ ਤਾਂ ਪਵਿੱਤਰ ਹੁੰਦਾ ਹੈ ਸੋ ਉਸ ਨੂੰ ਦਫ਼ਨਾਉਣ, ਸਪੁਰਦੇ ਖ਼ਾਕ ਕਰਨ ਤੋਂ ਪਹਿਲਾਂ ਨਹਾਉਣ ਦੀ ਜ਼ਰੂਰਤ ਨਹੀਂ ਮੰਨੀ ਜਾਂਦੀ। ਸ਼ਹਾਦਤ ਦਾ ਸੰਕਲਪ ਸਾਮੀ ਧਰਮਾਂ ਵਿੱਚ ਤਾਂ ਸੀ ਪਰ ਭਾਰਤ ਵਰਸ਼ ਵਿੱਚ ਸੱਚ ਤੇ ਧਰਮ ਦੀ ਖ਼ਾਤਿਰ ਸ਼ਹੀਦ ਹੋਣ ਦੀ ਸ਼ਮਾ ਗੁਰੂ ਅਰਜਨ ਦੇਵ ਜੀ ਨੇ ਰੌਸ਼ਨ ਕੀਤੀ।

ਇਸਲਾਮ ਦੀ ਪਵਿੱਤਰ ਪੁਸਤਕ ‘ਕੁਰਆਨ ਮਜੀਦ’ ਦੀ ਸੂਰਾ ਅਲ ਜ਼ੁਮਰ 39 ਵਿੱਚ ਖ਼ੁਦਾ ਵੱਲੋਂ ਮੋਮਿਨਾਂ ਨਾਲ ਵਾਇਦਾ ਕੀਤੀ ਗਈ ਇਮਾਰਤ ਦਾ ਨਕਸ਼ਾ ਦਿੱਤਾ ਗਿਆ ਹੈ।

ਲਾਕਿਨਿਲ-ਲਜ਼ੀਨਤੱ ਕੌ ਰੱਬ ਹੁਮ ਲਹੁਮ ਗ਼ੁ-ਰਫ਼ਮ-ਮਿਨ ਫੌਕਿਹਾ- ਗੁ-ਰੱਫ਼ੁਮ-ਮਬਿਨਯੱਤੁਨ
ਤੱਜਰੀ ਮਿਨ ਤਹਿਤ ਹਲ-ਅਨਹਾਰੂ ਵਅ-ਦੱਲਾਹਿ ਲਾ ਯੁਖਿਲਫ਼ੁਲਾਹੁਲ-ਮੀਆਦ।

ਇਹ ਬਹੁਮੰਜ਼ਿਲਾਂ ਵਾਲੀ ਇਮਾਰਤ ਹੋਏਗੀ। ਜਿਸ ਵਿੱਚ ਬਹੁਤ ਸਾਰੀਆਂ ਅਟਾਰੀਆਂ ਜਾਂ ਖਿੜਕੀਆਂ ਹੋਣਗੀਆਂ ਅਤੇ ਇਸ ਦੇ ਹੇਠ ਨਹਿਰ ਵਗਦੀ ਹੋਏਗੀ। ਗੁਰੂ ਅਰਜਨ ਪਾਤਸ਼ਾਹ ਨੇ ਅਰਸ਼ ਦੀ ਇਮਾਰਤ ਦਾ ਨਕਸ਼ਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਪ ਵਿੱਚ ਪ੍ਰਤੱਖ ਫ਼ਰਸ਼ ’ਤੇ ਲੈ ਆਂਦਾ। ਕਾਸ਼! ਜਹਾਂਗੀਰ ਨੇ ਖ਼ੁਦਾ ਦੀ ਇਹ ਗੱਲ ਸੁਣੀ ਹੁੰਦੀ।

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸ਼ਹਾਦਤਾਂ ਦਾ ਮੁੱਢ ਬੰਨਿਆ। ਇਕ ਨੇ ਪੰਚਮ ਪਿਤਾ ਪਿਆਰੇ, ਇਕ ਉਹਨਾਂ ਦੇ ਪੋਤੇ ਜੋ। ਉਸ ਪੋਤੇ ਨੇ ਪੋਤੇ ਲੈ ਲਏ, ਦੋ ਏਧਰ ਤੇ ਉਧਰ ਦੋ। ਅਣਗਿਣਤ ਪ੍ਰਵਾਨਿਆਂ ਨੇ ਗੁਰੂ ਜੋਤਿ ਤੋਂ ਆਪਾ ਵਾਰਿਆ ਪਰ ਇਹ ਪ੍ਰਵਾਨੇ ਬਾਅਦ ਵਿੱਚ ਸੜੇ ਹਨ, ਗੁਰੂ ਜੋਤਿ ਨੇ ਪਹਿਲੋਂ ਜਹਾਂਗੀਰ ਦੀ ਦੇਗ, ਤੱਤੀ ਤਵੀ ਅਤੇ ਔਰੰਗਜ਼ੇਬ ਦੀ ਤਲਵਾਰ ਥੱਲੇ ਆਪਣਾ ਸਿਰ ਦਿੱਤਾ ਹੈ।

ਸ਼ਮਾ ਭੀ ਕਮ ਨਹੀਂ ਕੁਛ ਇਸ਼ਕ ਮੇਂ ਪਰਵਾਨੇ ਸੇ॥
ਜਾਨ ਦੇਤਾ ਹੈ ਅਗਰ ਵੋ, ਤੋ ਯੇ ਸਰ ਦੇਤੀ ਹੈ॥

ਗੁਰਮਤਿ ਅਤੇ ਭਗਤੀ ਮਤ ਵਿੱਚ ਇਕ ਮੁੱਢਲਾ ਅੰਤਰ ਹੈ। ਭਗਤੀ ਮਤ ਵਿੱਚ ਪ੍ਰਹਿਲਾਦ ਦੀ ਰਾਖੀ ਲਈ ਤਪਦੇ ਹੋਏ ਲੋਹੇ ਦੇ ਥੰਮ ਤੇ ਕੀੜੀ ਦੇ ਤੁਰਨ ਦਾ ਕੌਤਕ ਹੋ ਜਾਂਦਾ ਹੈ। ਨਾਮਦੇਵ ਦੇ ਬਚਾਅ ਲਈ ਮੋਈ ਗਾਂ ਜੀ ਪੈਂਦੀ ਹੈ। ਕਬੀਰ ਡੁੱਬਣ ਤੋਂ ਬਚ ਜਾਂਦਾ ਹੈ ਪਰ ਗੁਰੂ ਅਰਜਨ ਦੇਵ ਜੀ ਦੇ ਸੀਸ ਤੇ ਪੈ ਰਿਹਾ ਰੇਤਾ ਠੰਡਾ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਜੀ ਦੇ ਸੀਸ ਤੇ ਡਿਗ ਰਹੀ ਤਲਵਾਰ ਰੁਕਦੀ ਨਹੀਂ। ਪਰ ਇਸ ਦੇ ਬਾਅਦ ਕੀ ਹੁੰਦਾ ਹੈ। ਜ਼ਾਲਮ ਬਾਦਸ਼ਾਹਾਂ ਦੇ ਖੰਡਰਾਤ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕੋਊ ਹਰਿ ਸਮਾਨਿ ਨਹੀ ਰਾਜਾ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥ (ਪੰਨਾ 856)

ਬਾਬੇ ਕੇ ਬਾਬਰ ਕੇ ਦੋਉ॥ ਆਪ ਕਰੇ ਪਰਮੇਸਰ ਸੋਊ॥ ਦੇ ਗੁਰਵਾਕ ਮੁਤਾਬਿਕ ਐਮਨਾਬਾਦ ਵਿੱਚ ਬਾਬਰ ਨਾਲ ਬਾਬਾ ਨਾਨਕ ਦਾ ਹੋਇਆ ਟਕਰਾਅ ਬਾਬਰ ਕਿਆਂ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਆ ਕੇ ਨਿਬੜਿਆ। ਗੁਰੂ ਅਰਜਨ ਪਾਤਸ਼ਾਹ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਅਤੇ ਇਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ‘ਦੁਕਾਨੇ ਬਾਤਲ’ (ਝੂਠ ਦੀ ਦੁਕਾਨ) ਅਤੇ ਹਜ਼ੂਰ ਨੂੰ ਬਾਗੀ ਕਰਾਰ ਦੇ ਦਿੱਤਾ। ਰਾਜਿ ਰੰਗੁ ਮਾਲਿ ਰੰਗੁ॥ ਰੰਗਿ ਰਤਾ ਨਚੈ ਨੰਗੁ॥ (142) ਇਸ ਤੋਂ ਬਾਅਦ ਤਾਂ ਇਹ ਹਰਿਮੰਦਰ ਸਾਹਿਬ ਹਰ ਹਕੂਮਤ ਦੀਆਂ ਅੱਖ ਦੀ ਕਿਰਕਿਰੀ ਬਣਿਆ। ਮੁਗਲਾਂ, ਦੁੱਰਾਨੀਆਂ, ਅਫ਼ਗਾਨੀਆਂ, ਰੰਘੜਾਂ, ਫ਼ਿਰੰਗੀਆਂ ਅਤੇ ਉਸ ਤੋਂ ਬਾਅਦ ਅਜ਼ਾਦ ਭਾਰਤ ਦੀ ਸਰਕਾਰ ਦੇ ਅਜ਼ਾਬ ਤੋਂ ਨਾ ਬਚ ਸਕਿਆ। ਰੰਗ ਬਦਲ ਗਏ, ਢੰਗ ਬਦਲ ਗਏ ਪਰ ਰੰਗ ਢੰਗ ਨਾ ਬਦਲੇ। ਬਾਬੇ ਕੇ ਤੇ ਬਾਬਰ ਕਿਆਂ ਕੀ ਇਹ ਖੇਡ ਬਦਸਤੂਰ ਜਾਰੀ ਹੈ।

ਇਸਲਾਮੀ ਨਿਆਂ ਵਿਧਾਨ ਮੁਤਾਬਿਕ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਨਹੀਂ ਸੀ ਕੀਤਾ ਜਾ ਸਕਦਾ। ਪਰ ਕਾਨੂੰਨ ਤਾਂ ਸਰਕਾਰੀ ਇੱਛਾ ਤੰਤ੍ਰ ਦਾ ਇਕ ਸਾਧਨ ਮਾਤਰ ਹੁੰਦਾ ਹੈ। ਸੋ ਇਸ ਲਈ ਚੰਗੇਜ਼ ਖ਼ਾਨ ਜੋ ਕਿਸੇ ਵੀ ਧਰਮ ਨੂੰ ਨਹੀਂ ਸੀ ਮੰਨਦਾ, ਉਸ ਦੇ ਬਣਾਏ ਕਾਨੂੰਨ ‘ਯਾਸਾ’ ਮੁਤਾਬਿਕ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਮੁਗਲ ਰਾਜ ਕਾਲ ਵਿੱਚ ਪਹਿਲੀ ਵਾਰ ਗੈਰ ਇਸਲਾਮੀ ਕਾਨੂੰਨ ਲਾਗੂ ਕੀਤਾ ਗਿਆ।

ਮਤ ਕੋਈ ਖ਼ਿਆਲ ਕਰੇ ਕਿ ਇਹ ਸਾਰਾ ਕੁਛ ਨਿਰਾ ਮਿਥਿਹਾਸਕ ਵਖਿਆਨ ਹੀ ਹੈ। 1947 ਵਿੱਚ ਦੇਸ਼ ਦੀ ਵੰਡ ਸਮੇਂ ਵੀ ਧਰਮ ਬਚਾਉਣ ਦੀ ਖ਼ਾਤਰ ਅਨੇਕ ਸ਼ਹੀਦ ਹੋਏ। ਅਣਗਿਣਤ ਸਿੱਖ ਬੀਬੀਆਂ ਨੇ ਧਰਮ ਬਚਾਉਣ ਦੀ ਖ਼ਾਤਰ ਖੂਹਾਂ ’ਚ ਛਾਲਾਂ ਮਾਰ ਮਾਰ ਕੇ ਖੂਹ ਭਰ ਦਿੱਤੇ ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ। 1978 ਅਤੇ 1984 ਨੇ ਸ਼ਹਾਦਤਾਂ ਦੇ ਬੂਟੇ ਨੂੰ ਫਿਰ ਨਵੀਂ ਜ਼ਿੰਦਗੀ ਬਖ਼ਸ਼ੀ।

ਸਾਰਾ ਸਿੱਖ ਜਗਤ ਅੱਜ ਵੀ ਨਿਤਾਪ੍ਰਤਿ ਧਰਮ ਦੀ ਖ਼ਾਤਰ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੁਣ ਦੀ ਖ਼ਾਤਰ ਕੁਰਬਾਨ ਹੋਏ ਸ਼ਹੀਦਾਂ ਨੂੰ ਸਿਜਦਾ ਕਰਦਾ ਹੈ। ਅਰਦਾਸ ਦੇ ਇਹ ਬੋਲ ਸੰਖੇਪ ਵਿੱਚ ਇਤਿਹਾਸ ਹੀ ਤਾਂ ਹੈ। ‘‘ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!’’

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਤਿੰਨ ਮੁੱਖ ਕਾਰਣ ਸਨ: (1) ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ; (2) ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ, ਅਤੇ (3) ਸਾਬਤ ਸੂਰਤਿ ਦਸਤਾਰ ਸਿਰਾ॥ (1085)। ਇਹਨਾਂ ਦੀ ਅਜ਼ਮਤ ਖ਼ਾਤਰ ਗੁਰੂ ਸਾਹਿਬ ਨੇ ਸ਼ਹਾਦਤ ਦਾ ਜਾਮ ਪੀਤਾ। ਅੱਜ ਇਹ ਮੁੱਦੇ ਬਦਸਤੂਰ ਬਰਕਰਾਰ ਹਨ ਅਤੇ ਗੁਰੂ ਪੰਥ ਨੂੰ ਖ਼ਤਰਾ ਕਿਤੇ ਜ਼ਿਆਦਾ ਗੰਭੀਰ ਤੇ ਭਿਆਨਕ ਹੈ। ਭਾਵੇਂ ਗੱਲ ਹੋਵੇ ਕਸੂਰ ਦੇ ਬ੍ਰਾਹਮਣ ਦੀ ਲੜਕੀ ਛੁਡਾਉਣ ਦੀ, ਭਾਵੇਂ ਹਿੰਦੁਸਤਾਨ ਤੇ ਹੁੰਦੇ ਹਮਲਾਵਰਾਂ ਦੇ ਰਾਹ ਡੱਕਣ ਦੀ, ਭਾਵੇਂ ਲਾਲ ਕੁੜਤੀ ਪਠਾਣਾਂ ਨੂੰ ਇਮਦਾਦ ਦੇਣ ਦੀ। ਇਹ ਸਾਰੇ ਰਾਜਨੀਤਿਕ ਅਤੇ ਪੰਥਕ ਮੁੱਦੇ ਸ੍ਰੀ ਹਰਿਮੰਦਰ ਸਾਹਿਬ ’ਚੋਂ ਤੈਅ ਹੁੰਦੇ ਸਨ। ਹੁਣ ਨਹੀਂ ਹੋਣਗੇ। ਇਸ ਤੋਂ ਪਹਿਲਾਂ ਭਾਵੇਂ ਨਾਮਧਰੀਕ ਹੀ ਸਹੀ, ਕੋਈ ਤਾਂ ਪੰਥ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪੰਥਕ ਪੋਲੀਟੀਕਲ ਜੱਥੇਬੰਦੀ ਹੁੰਦੀ ਸੀ। ਹੁਣ ਤਾਂ ਨੀਤੀ ਸ਼ਾਸਤ੍ਰ ਦੀ ਸਰਕਾਰੀ ਕਲਮ ਦੀ ਮਾਰ ਨੇ ਕਾਨੂੰਨ ਧਰਮ ਅਤੇ ਪੰਥਕ ਪੋਲੀਟੀਕਲ ਜੱਥੇਬੰਦੀ ਦੀ ਕਾਇਮੀ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਸ਼ਹੀਦਾਂ ਦੀ ਜੱਥੇਬੰਦੀ ‘ਸ਼੍ਰੋਮਣੀ ਅਕਾਲੀ ਦਲ’ ਹੁਣ ਪੰਥ ਦੀ ਨੁਮਾਇੰਦਾ ਜਮਾਤ ਨਾ ਹੋ ਕੇ ਕਾਂਗਰਸ, ਕਮਿਊਨਿਸਟ, ਬੀ.ਜੇ.ਪੀ. ਦੀ ਤਰਾਂ ਇਕ ਧਰਮ ਨਿਰਪੇਖ ਦਲ ਹੈ। ਅੱਜ ਗੁਰੂ ਪੰਥ ਤੇ ਇਸ ਦੇ ਏਜੰਡੇ ਦੀ ਗੱਲ ਕਰਨ ਵਾਲਾ, ਇਸਦੀ ਨੁਮਾਇੰਦਗੀ ਕਰਨ ਵਾਲਾ ਕੋਈ ਰਾਜਨੀਤਿਕ ਦਲ ਨਹੀਂ ਹੈ। ‘ਧਰਮ ਤੇ ਰਾਜਨੀਤੀ ਇਕ ਹੈ’ ਦੇ ਨਾਅਰੇ ਹੇਠ ਹੁਣ ਰਾਜਨੀਤੀ ਨੇ ਧਰਮ ਨੂੰ ਪੂਰੀ ਤਰਾਂ ਜਕੜ ਲਿਆ ਹੈ।

ਗੁਰੂ ਅਰਜਨ ਦੇਵ ਜੀ ਮਹਾਰਾਜ! ਆਪ ਨੇ ਅਰਦਾਸ ਕਰਦਿਆਂ ਕਿਹਾ ਸੀ ਕਿ ਹੇ ਪ੍ਰਭੂ ਹੁਣ ਮੇਰੀ ਨਹੀਂ ਤੇਰੀ ਪੈਜ ਦਾ ਸਵਾਲ ਹੈ। ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ॥ (625) ਹੇ ਪੰਥ ਦੇ ਵਾਲੀ ! ਅੱਜ ਸਾਡੀ ਵੀ ਤੈਨੂੰ ਇਹੀ ਅਰਦਾਸ ਹੈ ਕਿ ਸਾਡੀ ਨਹੀਂ, ਤੇਰੇ ਬਿਰਦ ਬਾਣੇ, ਤੇਰੀ ਅਜ਼ਮਤ, ਇੱਜ਼ਤ, ਸਿਦਕ ਅਤੇ ਭਰੋਸੇ ਦਾ ਸਵਾਲ ਹੈ। ਹੁਣ ਤੂੰ ਆਪਣੀ ਪੈਜ ਬਚਾ।

22/05/ 2012
ਗੁਰਚਰਨਜੀਤ ਸਿੰਘ ਲਾਂਬਾ
lambags@gmail.com; gslamba@santsipahi.org;


           

ਹੋਰ ਲੇਖ

hore-arrow1gif.gif (1195 bytes)

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਵਿਸ਼ੇਸ਼
ਸ਼ਹਾਦਤ ਤੋਂ ‘ਸ਼ਹੀਦਾਂ ਦੀ ਜੱਥੇਬੰਦੀ’ ਦਾ ਸਫ਼ਰ
ਗੁਰਚਰਨਜੀਤ ਸਿੰਘ ਲਾਂਬਾ
ਕੀ ਲੰਗਰ ਵੀ ਦੋ ਪ੍ਰਕਾਰ ਦੇ ਹਨ?
ਅਵਤਾਰ ਸਿੰਘ ਮਿਸ਼ਨਰੀ
ਕੀ ਸਿੱਖ ਕਦੇ ਇੱਕ ਗੁਰੂ ਗ੍ਰੰਥ ਸਾਹਿਬ, ਇੱਕ ਪੰਥ ਅਤੇ ਇੱਕ ਮਰਯਾਦਾ ਦੀ ਸਰਬੁਚਤਾ ਦੀ ਗੱਲ ਵੀ ਕਰਨਗੇ?
ਅਵਤਾਰ ਸਿੰਘ ਮਿਸ਼ਨਰੀ
ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨ ਦਿਵਸ ਦੀ ਮਹਾਂਨਤਾ
ਅਵਤਾਰ ਸਿੰਘ ਮਿਸ਼ਨਰੀ
ਸਿੱਖੀ ਦੀ ਮਹਾਨ ਪ੍ਰਚਾਰਕ ਬੀਬੀ ਹਰਸਿਮਰਤ ਕੌਰ ਖਾਲਸਾ
ਪ੍ਰਮਿੰਦਰ ਸਿੰਘ ਪ੍ਰਵਾਨਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਫਲਸਫਾ
ਬਲਵਿੰਦਰ ਸਿੰਘ ਜੌੜਾਸਿੰਘਾ,
ਮੀਤ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
ਰੱਬ ਦੀ ਹੋਂਦ ਜਾਂ ਅਣਹੋਂਦ ਵਿੱਚ ਵਿਚਾਰਕ ਵਖਰੇਂਵਾਂ ਕਿਉਂ ?
ਪਰਸ਼ੋਤਮ ਲਾਲ ਸਰੋਏ
ਬਾਬਾ ਆਇਆ ਦੇਖ ਲੋਕਾਈ, ਸੱਚੇ ਸੌਦੇ ਦੀ ਰੀਤ ਚਲਾਈ
ਪਰਸ਼ੋਤਮ ਲਾਲ ਸਰੋਏ
ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਅਸਥਾਨ ਸੰਬੰਧੀ ਖੋਜ ਪੱਤਰ
ਦਲੇਰ ਸਿੰਘ ਜੋਸ਼
ਭਗਤ ਕਬੀਰ ਇੱਕ ਮਹਾਨ ਫਿਲਾਸਫਰ
ਪਰਸ਼ੋਤਮ ਲਾਲ ਸਰੋਏ
ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਬਾਲ ਲੀਲਾ ਦੀ ਯਾਦ ਦੁਆਉਂਦਾ ਹੋਇਆ ਤਿਉਹਾਰ - ਜਨਮ ਅਸ਼ਟਮੀਂ
ਪਰਸ਼ੋਤਮ ਲਾਲ ਸਰੋਏ
ਮਾਸ ਖਾਣ ਦਾ ਵਿਗਿਆਨਕ,ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ
ਤੂੰ ਦਰਆਉ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ॥
ਪਰਸ਼ੋਤਮ ਲਾਲ ਸਰੋਏ
ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?
ਅਵਤਾਰ ਸਿੰਘ ਮਿਸ਼ਨਰੀ
ਬੇਗ਼ਮਪੁਰਾ ਸ਼ਹਿਰ ਦੇ ਨਿਰਮਾਤਾ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ
ਪਰਸ਼ੋਤਮ ਲਾਲ ਸਰੋਏ, ਜਲੰਧਰ
ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ ਸਨ?
ਅਵਤਾਰ ਸਿੰਘ ਮਿਸ਼ਨਰੀ
ਆਖਾ ਜੀਵਾ ਵਿਸਰੈ ਮਰਿ ਜਾਉ
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
ਕਾਹੇ ਰੇ ਬਨ ਖੋਜਨ ਜਾਈ ਗਿਆਨੀ
ਅਮਰੀਕ ਸਿੰਘ ‘ਮਲਿਕਪੁਰੀ’

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20012, 5abi.com