ਹਸਪਤਾਲ
ਦੇ ਮੈਟੱਰਨਟੀ ਵਾਰਡ ਵਿੱਚ ਜਤਿੰਦਰ ਆਪਣੀ ਨਵ ਜਨਮੀ ਬੱਚੀ ਨੂੰ ਗੋਦ ਲਈ ਆਪਣੇ ਪਤੀ ਹਰਚਰਨ
ਦੀ ਉਡੀਕ ਵਿੱਚ ਸੀ ਜਿਸ ਨੇ ਹਾਲੇ ਆਪਣੀ ਬੱਚੀ ਦਾ ਮੂੰਹ ਨਹੀਂ ਸੀ ਦੇਖਿਆ। ਪ੍ਰਸੂਤ ਦੀਆਂ
ਪੀੜਾਂ ਨਾਲ ਜੂਝਦੀ ਜਤਿੰਦਰ ਇੱਕ ਅਨੋਖੇ ਆਨੰਦ ਦਾ ਸਵਾਦ ਲੈ ਰਹੀ ਸੀ ਜਿਸ ਨੂੰ ਸ਼ਾਇਦ ਉਹ
ਹੀ ਸਮਝ ਸਕਦੀ ਸੀ, ਹੋਰ ਕੋਈ ਨਹੀਂ। ਉਹ ਉਸ ਘੜੀ ਦੀ ਬਹੁਤ ਬੇਤਾਬੀ ਨਾਲ ਉਡੀਕ ਕਰ ਰਹੀ
ਸੀ ਜਦੋਂ ਹਰਚਰਨ ਉਸ ਨੂੰ ਅਤੇ ਬੱਚੀ ਨੂੰ ਦੇਖੇਗਾ ਅਤੇ ਆਪਣੀ ਖੁਸ਼ੀ ਉਸ ਨਾਲ ਸਾਂਝੀ
ਕਰੇਗਾ। ਕਲਪਨਾਵਾਂ ਦੀਆਂ ਲਹਿਰਾਂ ਵਿੱਚ ਤਰਦੀ ਜਤਿੰਦਰ ਜਿੱਥੇ ਆਉਣ ਵਾਲੇ ਸਮੇਂ ਨੂੰ
ਚਿਤਵ ਰਹੀ ਸੀ, ਉੱਥੇ ਉਹ ਮਨ ਹੀ ਮਨ ਵਿੱਚ ਹਰਚਰਨ ਨਾਲ ਆਪਣੀ ਅਤੀਤ ਵਾਰਤਾ ਕਰ ਰਹੀ ਸੀ।
‘ਮੇਰੇ ਪਿਆਰੇ ਹਰਚਰਨ, ਜੋ ਤੇਰੀ ਛੋਟੀ ਜਿਹੀ ਨਿਸ਼ਾਨੀ ਮੇਰੇ ਸਾਹਮਣੇ ਹੈ, ਇਸ ਨੇ
ਸਾਡੀ ਜ਼ਿੰਦਗੀ ਵਿੱਚ ਆਕੇ ਸੱਜਣਾ! ਮੇਰੀ ਜ਼ਿੰਦਗੀ ਨੂੰ ਸੰਪੂਰਨ ਕਰ ਦਿੱਤਾ ਹੈ। ਮੈਨੂੰ ਇਸ
ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਹੁਣ ਮੈਨੂੰ ਇਸ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਲੋੜ
ਨਹੀਂ ਹੈ। ਇਹ ਮੇਰੀ ਇਸ ਜਨਮ ਦੀ ਭੁੱਖ ਹੁਣ ਜਾਕੇ ਪੂਰੀ ਹੋਈ ਹੈ। ਪਤਾ ਨਹੀਂ ਕਈ ਲੋਕ
ਕਿਵੇਂ ਜਨਮ ਜਨਮਾਂਤਰਾਂ ਦੀ ਭੁੱਖ ਪੂਰੀ ਕਰਨ ਲਈ ਕਈ ਜਨਮਾਂ ਵਿੱਚ ਆਉਂਦੇ ਅਤੇ ਜਾਂਦੇ ਹਨ
ਅਤੇ ਫ਼ੇਰ ਵੀ ਉਨ੍ਹਾਂ ਦੀਆਂ ਰੂਹਾਂ ਭਟਕਦੀਆਂ ਰਹਿੰਦੀਆਂ ਹਨ। ਕਈ ਲੋਕ ਖੁਸ਼ੀਆਂ ਹਾਸਲ
ਕਰਕੇ ਵੀ ਉਹ ਆਪਣੇ ਆਪ ਨੂੰ ਊਣੇ ਮਹਿਸੂਸ ਕਰਦੇ ਹਨ। ਪਤਾ ਨਹੀਂ ਉਨ੍ਹਾਂ ਦੀ ਭੁੱਖ ਇੰਨੀ
ਕਿਉਂ ਹੁੰਦੀ ਹੈ। ਪਤਾ ਨਹੀਂ ਉਨ੍ਹਾਂ ਦੀ ਭੁੱਖ ਪੂਰੀ ਕਿਉਂ ਨਹੀਂ ਹੁੰਦੀ। ਕੀ ਇਹ
ਉਨ੍ਹਾਂ ਦੇ ਪੂਰਵ ਲੇਖਾਂ ਦਾ ਫ਼ਲ ਹੈ? ਕੀ ਇਹ ਉਨ੍ਹਾਂ ਦਾ ਨਿੱਜੀ ਕਸੂਰ ਹੈ? ਕੀ ਉਹ
ਬੇਵੱਸ ਹਨ? ਕੀ ਉਹ ਬੇਸਬਰੇ ਹਨ?
ਅਜਿਹੇ ਸਵਾਲਾਂ ਨੂੰ ਮੈਂ ਜਿੰਨਾ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹਾਂ ਉਹ ਓਨੇ ਹੀ ਉਲਝਦੇ
ਜਾਂਦੇ ਹਨ। ਕਦੀ ਕਦੀ ਮੈਨੂੰ ਅਜਿਹੇ ਲੋਕਾਂ ਉੱਤੇ ਗੁੱਸਾ ਆਉਂਦਾ ਹੈ ਕਿ ਉਨ੍ਹਾਂ ਵਿੱਚ
ਸਬਰ ਕਿਉਂ ਨਹੀਂ। ਫ਼ੇਰ ਕਦੀ ਕਦੀ ਮੈਨੂੰ ਉਨ੍ਹਾਂ ਉੱਤੇ ਤਰਸ ਵੀ ਆ ਜਾਂਦਾ ਹੈ ਕਿ ਪਤਾ
ਨਹੀਂ ਉਹ ਬੇਵੱਸ ਲੋਕ ਕਿੰਨੇ ਜਨਮਾਂ ਵਿੱਚ ਅਜਿਹੀਆਂ ਅਸੰਤੁਸ਼ਟੀਆਂ ਨਾਲ ਦੁਖੀ ਹੁੰਦੇ ਹੋਏ
ਇਸ ਜਨਮ ਵਿੱਚ ਪਹੁੰਚੇ ਹੋਣਗੇ। ਪਰ ਮੇਰੀ ਭੁੱਖ ਤਾਂ ਸਿਰਫ਼ ਇਸ ਜਨਮ ਦੀ ਹੈ, ਜਿਹੜੀ ਮੇਰੇ
ਪੈਦਾ ਹੋਣ ਨਾਲ ਹੀ ਪੈਦਾ ਹੋਈ ਅਤੇ ਇਸੇ ਜਨਮ ਵਿੱਚ ਹੀ ਪੂਰੀ ਹੋ ਗਈ। ਹੁਣ ਮੈਨੂੰ ਮੌਤ
ਜਦੋਂ ਮਰਜ਼ੀ ਆ ਜਾਵੇ ਮੈਂ ਹੱਸਦੀ ਹੱਸਦੀ ਉਸ ਦੀ ਝੋਲੀ ਵਿੱਚ ਆਪਣੀ ਜਾਨ ਪਾ ਦੇਵਾਂਗੀ।
ਹੁਣ ਮੇਰੀ ਰੂਹ ਨੂੰ ਹੋਰ ਕਿਸੇ ਜਨਮ ਵਿੱਚ ਕਿਸੇ ਵੀ ਖਾਹਸ਼ ਖ਼ਾਤਰ ਭਟਕਣ ਦੀ ਕੋਈ ਲੋੜ
ਨਹੀਂ।
ਮੇਰੀ ਇਸ ਜਨਮ ਦੀ ਇਹ ਖ਼ਾਹਸ਼ ਤੇਰੀ ਉਸ ਤੱਕਣੀ ਤੋਂ ਸ਼ੁਰੂ ਹੋਈ ਸੀ, ਜਿਹੜੀ ਤੂੰ ਮੇਰੇ
ਵੱਲ ਬੜੀ ਬੇਪਰਵਾਹੀ ਨਾਲ ਸੁੱਟੀ ਸੀ। ਪਰ ਤੇਰੀ ਬੇਪਰਵਾਹੀ ਹੀ ਮੇਰੇ ਧੁਰ ਅੰਦਰ ਤੱਕ
ਉੱਤਰ ਗਈ ਸੀ ਅਤੇ ਉਸ ਦਿਨ ਤੋਂ ਹੀ ਇਸ ਨੇ ਮੇਰੇ ਦਿਲ ਦੀਆਂ ਪਰਤ ਦਰ ਪਰਤ ਡੂੰਘਾਣਾਂ
ਵਿੱਚ ਵਾਸਾ ਕਰ ਲਿਆ ਸੀ। ਮੇਰੀ ਹਰ ਸੋਚ ਅਤੇ ਹਰ ਕੰਮ
ਵਿੱਚ ਤੂੰ ਆਪਣੀ ਸਾਖੀ ਭਰਨ ਲੱਗ ਪਿਆ ਸੀ। ਤੇਰਾ ਸਾਥ ਮੇਰੇ ਨਾਲ ਨਾ ਹੋਣ ਦੇ ਬਾਵਜੂਦ ਵੀ
ਤੂੰ ਖਿਆਲਾਂ ਵਿੱਚ ਹਮੇਸ਼ਾਂ ਮੇਰੇ ਨਾਲ ਸੀ।
ਮੇਰੇ ਦੁੱਖ ਵਿੱਚ, ਮੇਰੇ ਸੁੱਖ ਵਿੱਚ, ਮੇਰੇ ਰੋਣੇ ਵਿੱਚ, ਮੇਰੇ ਹਾਸੇ ਵਿੱਚ।
ਮੇਰੀ ਨੀਂਦ ਵਿੱਚ, ਮੇਰੀ ਜਾਗ ਵਿੱਚ, ਮੇਰੇ ਸੁਪਨਿਆਂ ਦੇ ਹਰ ਖ਼ਾਕੇ ਵਿੱਚ।
ਭਾਵੇਂ ਸਾਡੀ ਜ਼ਿੰਦਗੀ ਇੱਕ ਦੂਸਰੇ ਤੋਂ ਦੂਰ ਦੂਰ ਆਪਣੀਆਂ ਆਪਣੀਆਂ ਅਲੱਗ ਅਲੱਗ ਲੀਹਾਂ
ਉੱਤੇ ਚੱਲ ਰਹੀ ਸੀ, ਪਰ ਮੇਰੇ ਧੁਰ ਦਿਲ ਦੀ ਪਰਤ ਮੈਨੂੰ ਕਹਿ ਰਹੀ ਸੀ ਕਿ “ਹੇ ਦਿਲ ਸਬਰ
ਕਰ। ਤੇਰਾ ਇਹ ਬਿੱਖੜਾ ਪੈਂਡਾ ਕਦੀ ਤੇਰੀ ਮੰਜ਼ਲ ਦੇ ਉਸ ਪੈਂਡੇ ਨਾਲ ਜ਼ਰੂਰ ਜਾ ਮਿਲੇਗਾ
ਜਿਸ ਉੱਤੇ ਪੈਰ ਧਰਨ ਲਈ ਤੂੰ ਬੇਸਬਰ ਹੈਂ।”
ਯਾਦ ਹੈ ਮੇਰੇ ਭਰਾ ਦੇ ਵਿਆਹ ਵਾਲੀ ਉਹ ਰਾਤ? ਜਦੋਂ ਹਾਲ ਵਿੱਚ ਅਸੀਂ ਸਭ ਇਕੱਠੇ ਸਾਂ।
ਅਸੀਂ ਸਾਰੇ ਨੱਚ ਰਹੇ ਸਾਂ। ਮੇਰਾ ਦਿਲ ਬਾਰ ਬਾਰ ਤੈਨੂੰ ਦੇਖਣਾ ਚਾਹੁੰਦਾ ਸੀ।
ਇਸੇ ਕਰਕੇ ਹੀ ਮੈਂ ਨੱਚਦੀ ਨੱਚਦੀ ਕਈ ਵਾਰੀ ਤੇਰੇ ਕੋਲ ਗਈ ਸੀ। ਪਰ ਹਰ ਵਾਰੀ ਤੇਰੀ
ਤੱਕਣੀ ਨੇ ਮੈਨੂੰ ਪਰੇਸ਼ਾਨ ਕੀਤਾ ਸੀ। ਤੇਰੀ ਇਹ ਤੱਕਣੀ ਬੜੀ ਰੁੱਖੀ ਸੀ, ਨਿਰਖਾਹਸ਼ ਸੀ।
ਪਰ ਮੇਰੀ ਖਾਹਸ਼ ਤੈਨੂੰ ਜਾਨਣਾ ਚਾਹੁੰਦੀ ਸੀ। ਤੇਰੀ ਬੇਰੁਖੀ ਮੇਰੀ ਇਸ ਖਾਹਸ਼ ਦੇ ਰਸਤੇ
ਵਿੱਚ ਰੋੜਾ ਬਣ ਕੇ ਖੜੀ ਸੀ। ਮੈਂ ਤੇਰੀ ਬੇਰੁਖੀ ਨੂੰ ਪਾਰ ਨਾ ਕਰ ਸਕੀ। ਅਖ਼ੀਰ ਵਿੱਚ ਮੈਂ
ਆਪਣੀ ਮਾਸੀ ਗੁਰਿੰਦਰ ਕੋਲ ਜਾ ਬੈਠੀ। ਮਾਸੀ ਮੇਰੀ ਦੋਸਤ ਵੱਧ ਅਤੇ ਮਾਸੀ ਘੱਟ ਸੀ। ਮੈਂ
ਉਸ ਨਾਲ ਹਰ ਤਰ੍ਹਾਂ ਦੀ ਗੱਲ ਕਰ ਸਕਦੀ ਸਾਂ।
ਮੈਂ ਮਾਸੀ ਨੂੰ ਪੁੱਛਿਆ, “ਇਹ ਮੁੰਡਾ ਕੌਣ ਹੈ?”
“ਇਹਦਾ ਨਾਂ ਹਰਚਰਨ ਹੈ ਅਤੇ ਸਾਡੀ ਕਿਸੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਹੈ”, ਮਾਸੀ ਦਾ
ਜਵਾਬ ਸੀ।
“ਇਹ ਵਿਆਹਿਆ ਹੋਇਆ?”
“ਇਹਦੀ ਮੰਗਣੀ ਹੋ ਚੁੱਕੀ ਐ ਤੇ ਦੋ ਕੁ ਮਹੀਨੇ ਤੱਕ ਇਹਦਾ ਵਿਆਹ ਹੋਣ ਵਾਲਾ ਹੈ”
“ਉਹ ਹੋ!” ਮੇਰੇ ਮੂੰਹੋਂ ਅਚਾਨਕ ਨਿਕਲ ਗਿਆ।
“ਤੂੰ ਕਿਉਂ ਹੌਕੇ ਲੈ ਰਹੀ ਏਂ?” ਮਾਸੀ ਨੇ ਮੇਰੀ ਨਬਜ਼ ਸਮਝ ਲਈ।
“ਉਹ ਮੈਨੂੰ ਚੰਗਾ ਲੱਗਦੈ” ਮੈਂ ਨਿਸ਼ੰਗ ਕਹਿ ਦਿੱਤਾ।
“ਤੇ ਫ਼ੇਰ?”
“ਜੇ ਨਾ ਮੰਗਿਆ ਹੁੰਦਾ ਤਾਂ ਤੂੰ ਪੁੱਛ ਗਿੱਛ ਕਰ ਲੈਂਦੀ”
“ਝੱਲੀਏ ਇਹ ਗੱਲਾਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਕਿ ਜਿਹਨੂੰ ਦੇਖਿਆ ਪਸੰਦ ਕਰ ਲਿਆ
ਤੇ ਉਹਦੇ ਨਾਲ ਹੀ ਵਿਆਹ ਕਰਾਉਣ ਲਈ ਤਿਆਰ। ਇਹ ਸੰਜੋਗਾਂ ਦੇ ਖੇਲ ਹੁੰਦੇ ਆ।”
“ਪਰ ਸੰਜੋਗ ਵੀ ਤਾਂ ਆਪੇ ਬਣਾਇਆਂ ਬਣਦੇ ਆ। ਭਲਾ ਜੇ ਤੁਸੀਂ ਗੱਲ ਹੀ ਨਹੀਂ ਚਲਾਉਂਦੇ ਤਾ
ਗੱਲ ਸਿਰੇ ਕਿਵੇਂ ਲੱਗੂ? ਮੈਂ ਸੰਜੋਗਾਂ ਦੇ ਚੱਕਰ ਨੂੰ ਨਹੀਂ ਮੰਨਦੀ।”
“ਤੇਰੇ ਮੰਨਣ ਜਾਂ ਨਾ ਮੰਨਣ ਵਿੱਚ ਕੀ ਫ਼ਰਕ ਪੈਂਦਾ। ਇਹ ਤਾਂ ਜੋ ਪ੍ਰਮਾਤਮਾ ਕਰਦਾ ਉਹੀ
ਹੁੰਦਾ ਐ।”
ਮਾਸੀ ਦੀ ਗੱਲ ਮੇਰੀ ਸਮਝ ਤੋਂ ਬਾਹਰ ਸੀ। ਪਰ ਮਾਸੀ
ਦੀ ਗੱਲ ਨੇ ਮੈਂਨੂੰ ਉਦੋਂ ਬਿਲਕੁਲ ਝੰਜੋੜ ਕੇ ਰੱਖ ਦਿੱਤਾ, ਜਦੋਂ ਤੇਰਾ ਵਿਆਹ ਜਿਵੇਂ
ਸੁਰਜੀਤ ਨਾਲ ਤੈਅ ਹੋਇਆ ਸੀ ਉਵੇਂ ਹੀ ਹੋ ਗਿਆ ਅਤੇ ਮੇਰਾ ਵਿਆਹ ਮੇਰੇ ਮਾਪਿਆਂ ਨੇ ਮੇਰੀ
ਮਰਜ਼ੀ ਤੋਂ ਉਲਟ ਨਰਿੰਦਰ ਨਾਲ ਕਰ ਦਿੱਤਾ। ਮੈਂ ਬੜਾ ਰੋਈ, ਬੜਾ ਕੁਰਲਾਈ, ਪਰ ਮੇਰੀ ਕਿਸੇ
ਨੇ ਨਾ ਸੁਣੀ। ਮੈਂ ਇੱਕ ਐਸੀ ਦੁਬਿਧਾ ਵਿੱਚ ਫ਼ਸ ਗਈ ਜਿਸ ਵਿੱਚ ਇੱਕ ਪਾਸੇ ਮਾਪਿਆਂ ਦੀ
ਕੀਤੀ ਨਾ ਮੋੜਨ ਦਾ ਅਸੂਲ ਮੇਰੇ ਸਾਹਮਣੇ ਖੜਾ ਸੀ ਅਤੇ ਦੂਸਰੇ ਪਾਸੇ ਮੇਰੀਆਂ ਸੱਧਰਾਂ।
ਜ਼ੋਰਾਵਰ ਸਮਾਜਕ ਅਸੂਲਾਂ ਨੇ ਮੇਰੀਆਂ ਸੱਧਰਾਂ ਦਾ ਗਲ਼ ਘੁੱਟ ਦਿੱਤਾ ਅਤੇ ਮੈਂ ਚੀਸ ਵੱਟ ਕੇ
ਗ੍ਰਿਸਤੀ ਜੀਵਨ ਦੀ ਚੱਕੀ ਵਿੱਚ ਪੀਸੀ ਜਾਣ ਲੱਗੀ।
ਤੇਰੀ ਅਤੇ ਮੇਰੀ ਜ਼ਿੰਦਗੀ ਵੱਖੋ ਵੱਖਰੀਆਂ ਲੀਹਾਂ ਉੱਤੇ ਚੱਲਣ ਲੱਗੀ। ਪਰ ਲੱਖ ਕੋਸ਼ਿਸ਼
ਕਰਨ ਦੇ ਬਾਵਜੂਦ ਵੀ ਤੂੰ ਮੇਰੇ ਦਿਲ ਵਿੱਚੋਂ ਨਾ ਨਿਕਲ ਸਕਿਆ। ਮੈਂ ਆਪਣੇ ਆਪ ਨੂੰ ਕਈ
ਵਾਰੀ ਬਹੁਤ ਸਮਝਾਇਆ ਕਿ, “ਦਿਲਾ ਛੱਡ ਇਹ ਖਿਆਲੀ ਮਹਿਲ ਉਸਾਰਨੇ। ਅੱਜ ਤੱਕ ਤੇਰੀ ਮਰਜ਼ੀ
ਨਹੀਂ ਹੋ ਸਕੀ, ਅੱਗੇ ਤੋਂ ਇਸ ਦੀ ਕੀ ਉਮੀਦ ਹੈ?”
ਇਸੇ ਤਰ੍ਹਾਂ ਜ਼ਿੰਦਗੀ ਦੀ ਉਧੇੜ ਬੁਣ ਵਿੱਚ ਪੰਜ ਸਾਲ ਲੰਘ ਗਏ। ਇਨ੍ਹਾਂ ਪੰਜਾਂ ਸਾਲਾਂ
ਵਿੱਚ ਭਾਵੇਂ ਤੇਰੀ ਝਲਕ ਇੱਕ ਦੋ ਵਾਰੀ ਹੀ ਪਈ ਸੀ, ਪਰ ਮੈਨੂੰ ਜਦੋਂ ਵੀ ਮਾਸੀ ਨਾਲ ਗੱਲ
ਕਰਨ ਦਾ ਮੌਕਾ ਮਿਲਦਾ ਤਾਂ ਮੈਂ ਉਸ ਤੋਂ ਤੇਰਾ ਹਾਲ ਜ਼ਰੂਰ ਪੁੱਛ ਲੈਂਦੀ। ਅਸਲ ਵਿੱਚ ਸਾਡੀ
ਆਪਸੀ ਖਿਆਲਾਂ ਦੀ ਲੜਾਈ ਵਿੱਚ ਮਾਸੀ ਹੀ ਜੇਤੂ ਸਾਬਤ ਹੋ ਰਹੀ ਸੀ, ਅਤੇ ਮੈਂ ਹਰ ਕਦਮ ’ਤੇ
ਹਾਰ ਰਹੀ ਸੀ। ਹੁਣ ਜਦੋਂ ਵੀ ਮੈਂ ਤੇਰੀ ਗੱਲ ਕਰਦੀ ਤਾਂ ਮਾਸੀ ਜ਼ੋਰ ਦੇਕੇ ਕਹਿੰਦੀ,
“ਕਿਉਂ ਬਾਰ ਬਾਰ ਅਣਹੋਣੀਆਂ ਗੱਲਾਂ ਕਰਦੀ ਏਂ? ਤੂੰ ਉਸ ਦਾ ਕਾਹਦੇ ਲਈ ਹਾਲਚਾਲ ਪੁੱਛਦੀ
ਏਂ, ਜੋ ਤੇਰਾ ਕਦੀ ਹੋਇਆ ਹੀ ਨਹੀਂ। ਜਿਹੜਾ ਤੇਰੇ ਸਾਹਮਣੇ ਕਦੀ ਬੈਠਾ ਹੀ ਨਹੀਂ, ਜਿਸ
ਨੂੰ ਤੇਰੇ ਨਾਲ ਕਦੀ ਪਿਆਰ ਹੋਇਆ ਹੀ ਨਹੀਂ।”
ਪਰ ਮੈਂ ਹਰ ਵਾਰੀ ਬੇਸ਼ਰਮ ਹੋਕੇ ਮਾਸੀ ਕੋਲੋਂ ਤੇਰਾ ਹਾਲ ਪੁੱਛ ਹੀ ਲੈਂਦੀ। ਮੇਰੀ ਇਸ
ਬੇਸ਼ਰਮੀ ਨਾਲ ਪਤਾ ਨਹੀਂ ਕਿਉਂ ਮੇਰੀ ਦ੍ਰਿੜਤਾ ਹੋਰ ਵੀ ਪੱਕੀ ਹੁੰਦੀ ਜਾਂਦੀ। ਮੈਨੂੰ ਇਸ
ਤਰ੍ਹਾਂ ਮਹਿਸੂਸ ਹੁੰਦਾ ਸੀ ਜਿਵੇਂ ਮਾਸੀ ਦੀ ਹਰ ਗੱਲ ਮੇਰੇ ਲਈ ਚੁਨੌਤੀ ਬਣ ਕੇ ਮੇਰੇ
ਸਾਹਮਣੇ ਖੜੋ ਜਾਂਦੀ ਸੀ ਅਤੇ ਜਿਸ ਦਾ ਮੁਕਾਬਲਾ ਕਰਨ ਲਈ ਮੈਂ ਬੇਸ਼ਰਮੀ ਦੀਆਂ ਸਾਰੀਆਂ
ਹੱਦਾਂ ਪਾਰ ਕਰਨ ਲਈ ਤਿਆਰ ਸੀ।
ਖ਼ੈਰ ਇਨ੍ਹਾਂ ਪੰਜਾਂ ਸਾਲਾਂ ਵਿੱਚ ਤੇਰੇ ਘਰ ਕੁਲਜਿੰਦਰ ਪੈਦਾ ਹੋਕੇ ਹੁਣ ਤੱਕ ਚਾਰ
ਸਾਲ ਦੀ ਹੋ ਗਈ ਸੀ ਅਤੇ ਮੇਰੇ ਕੋਲ ਇੱਕ ਸਾਲ ਦਾ ਵਰਿੰਦਰ ਸੀ। ਘਰ ਵਿੱਚ ਨਰਿੰਦਰ ਨਾਲ
ਮੇਰੀ ਚੰਗੀ ਤਰ੍ਹਾਂ ਕਦੀ ਨਹੀਂ ਸੀ ਬਣੀ। ਨਰਿੰਦਰ ਦੀਆਂ ਸੌੜ੍ਹੀਆਂ ਪੇਂਡੂ ਸੋਚਾਂ ਮੇਰੇ
ਹਾਵ ਭਾਵ ਸਮਝਣ ਵਿੱਚ ਨਾਕਾਮ ਰਹੀਆਂ। ਮੈਂ ਆਪਣੇ ਆਪ ਨੂੰ ਬਦਲਣ ਦੀ ਕਾਫ਼ੀ ਕੋਸ਼ਿਸ਼ ਕੀਤੀ,
ਪਰ ਫੇਰ ਵੀ ਅਕਸਰ ਹਰ ਚੀਜ਼ ਦੀ ਕੋਈ ਹੱਦ ਹੁੰਦੀ ਹੈ। ਮੈਂ ਆਪਣੇ ਆਪ ਨੂੰ ਕਿੰਨਾ ਕੁ ਬਦਲ
ਸਕਦੀ ਸੀ? ਗਰਿਸਤੀ ਵਿੱਚ ਦੋਵੇਂ ਧਿਰਾਂ ਬਦਲਣ ਦੀ ਕੋਸ਼ਿਸ਼ ਕਰਨ ਤਾਂ ਹੀ ਗੱਡੀ ਚੱਲ ਸਕਦੀ
ਹੈ। ਨਰਿੰਦਰ ਮੇਰਾ ਦਿਲ ਕਦੀ ਨਾ ਜਿੱਤ ਸਕਿਆ ਅਤੇ ਮੈਂ ਧੁਰ ਦਿਲੋਂ ਉਸ ਦੀ ਕਦੀ ਨਾ ਹੋ
ਸਕੀ। ਬੱਸ ਵਿਆਹੁਕ ਰਿਸ਼ਤੇ ਦੀ ਨਰੜ ਵਿੱਚ ਮੇਰਾ ਗਲਾ ਘੁੱਟਦਾ ਗਿਆ, ਘੁੱਟਦਾ ਗਿਆ।
ਜਦੋਂ ਤੇਰੇ ਘਰ ਸੁਰਜੀਤ ਦੀ ਕੁੱਖੋਂ ਕੁਲਜਿੰਦਰ ਨੇ ਜਨਮ ਲਿਆ ਸੀ, ਪਤਾ ਨਹੀਂ ਕਿਉਂ
ਮੇਰੀ ਕੁੱਖ ਵਿੱਚ ਖੋਹ ਜਿਹੀ ਪਈ ਸੀ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਜਿਵੇਂ
ਸੁਰਜੀਤ ਨੇ ਮੇਰਾ ਹੱਕ ਖੋਹ ਲਿਆ ਹੋਵੇ। ਮੇਰਾ ਸਵਾਰਥੀ ਦਿਲ ਮੇਰੀ ਕੁੱਖੋਂ ਤੇਰੇ ਬੱਚੇ
ਦੀ ਖ਼ਾਹਿਸ਼ ਰੱਖਦਾ ਸੀ। ਆਪਣੀ ਇਸ ਹਾਲਤ ਉੱਤੇ ਮੈਂ ਆਪਣੇ ਆਪ ਨੂੰ ਲਾਹਨਤ ਵੀ ਪਾਈ,
“ਭੈੜੀਏ ਇੱਕ ਔਰਤ ਹੋਕੇ ਦੂਜੀ ਔਰਤ ਦਾ ਹੱਕ ਖੋਹਣ ਦੀ ਸੋਚਦੀ ਏਂ? ਤੈਨੂੰ ਇਹ ਵੀ ਨਹੀਂ
ਸਮਝ ਲੱਗਦੀ ਕਿ ਸੁਰਜੀਤ ਦਾ ਹਰਚਰਨ ਨਾਲ ਵਿਆਹ ਹੋ ਚੁੱਕਾ ਹੈ, ਉਹ ਦੋਨੋਂ ਸਮਾਜੀ ਰਿਸ਼ਤੇ
ਵਿੱਚ ਬੱਝੇ ਹੋਏ ਹਨ। ਇਸ ਲਈ ਇਹ ਸਾਰਾ ਹੱਕ ਉਸਦਾ ਹੀ ਬਣਦਾ ਹੈ, ਤੇਰਾ ’ਤੇ ਬਿਲਕੁੱਲ
ਨਹੀਂ ਬਣਦਾ। ਤੂੰ ਇੱਕ ਔਰਤ ਹੋਕੇ ਦੂਜੀ ਔਰਤ ਦਾ ਹੱਕ ਖੋਹਣ ਦੀ ਸੋਚ ਰਹੀ ਏਂ? ਔਰਤ ਇੱਕ
ਜਨਮਦਾਤੀ ਹੁੰਦੀ ਏ, ਜਨਮਦਾਤੀ ਤਾਂ ਸਿਰਫ਼ ਜਨਮ ਦੇ ਸਕਦੀ ਹੈ, ਖੋਹ ਨਹੀਂ ਸਕਦੀ। ਤੂੰ ਇਹ
ਕਿਸ ਤਰ੍ਹਾਂ ਕਹਿ ਸਕਦੀ ਏਂ ਕਿ ਇਸ ਸਮਾਜ ਵਿੱਚ ਜਾਇਜ਼ ਢੰਗ ਨਾਲ ਵਿਆਹੀ ਵਰੀ ਔਰਤ ਨੇ
ਤੇਰਾ ਹੱਕ ਖੋਹ ਲਿਆ?”
ਮੈਂ ਪਤਾ ਨਹੀਂ ਕਿੰਨੀ ਵਾਰੀ ਇਹੋ ਜਿਹੀ ਸੋਚ ਰੱਖਣ ਲਈ ਆਪਣੇ ਆਪ ਨੂੰ ਲਾਹਨਤਾਂ
ਪਾਈਆਂ ਅਤੇ ਕਈ ਮਹੀਨੇ ਤੱਕ ਇਸ ਦਾ ਪਛਤਾਵਾ ਕਰਦੀ ਰਹੀ। ਪਰ ਪਤਾ ਨਹੀਂ ਕਿਉਂ ਮੇਰਾ ਦਿਲ
ਇਹੋ ਜਿਹੀ ਗਲਤ ਸੋਚ ਰੱਖਣ ਦੇ ਬਾਵਜੂਦ ਵੀ ਮੇਰੀ ਇਸ ਸੋਚ ਨੂੰ ਆਖ਼ਰ ਜਾਇਜ਼ ਕਰਾਰ ਹੀ
ਦਿੰਦਾ ਰਿਹਾ।
ਖ਼ੈਰ ਸਮੇਂ ਦੇ ਨਾਲ ਨਾਲ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ। ਬਹੁਤ
ਵਾਰੀ ਮੈਂ ਨਰਿੰਦਰ ਵਿੱਚੋਂ ਤੈਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਇਹ ਹੋ ਨਾ ਸਕਿਆ। ਇਹ ਵੀ
ਮੇਰਾ ਇੱਕ ਵਹਿਮ ਸੀ ਕਿ ਇੱਕ ਇਨਸਾਨ ਦੂਸਰੇ ਵਰਗਾ ਹੋ ਸਕਦਾ ਹੈ। ਕਦੀ ਵੀ ਨਹੀਂ। ਵਰਿੰਦਰ
ਦੇ ਪੈਦਾ ਹੋਣ ਨਾਲ ਮੈਨੂੰ ਥੋੜੀ ਜਿਹੀ ਉਮੀਦ ਬੱਝੀ ਸੀ ਕਿ ਸ਼ਾਇਦ ਸਾਡਾ ਆਪਸੀ ਪਾੜਾ ਭਰਨ
ਵਿੱਚ ਵਰਿੰਦਰ ਮੱਦਦ ਕਰੇਗਾ। ਪਰ ਇਹ ਵੀ ਨਾ ਹੋਇਆ, ਬਲਕਿ ਇਸ ਤੋਂ ਉਲਟ ਆਪਣੇ ਲੜਕੇ ਦੇ
ਪੈਦਾ ਹੋਣ ਦੀ ਖੁਸ਼ੀ ਵਿੱਚ ਨਰਿੰਦਰ ਹੋਰ ਸ਼ਰਾਬ ਪੀਣ ਲੱਗ ਪਿਆ ਅਤੇ ਮੇਰੀਆਂ ਇੱਛਾਵਾਂ ਅਤੇ
ਖਾਹਸ਼ਾਂ ਨੂੰ ਉਹ ਹੋਰ ਵੀ ਅੱਖੋਂ ਪਰੋਖੇ ਕਰਦਾ ਗਿਆ। ਮੈਂ ਵਰਿੰਦਰ ਨਾਲ ਹੋਰ ਬੱਝਦੀ ਗਈ
ਅਤੇ ਨਰਿੰਦਰ ਮੈਥੋਂ ਹੋਰ ਦੂਰ ਹੁੰਦਾ ਗਿਆ। ਪੈਰ ਪੈਰ ’ਤੇ ਝਗੜਾ। ਗੱਲ ਗੱਲ ’ਤੇ ਤਕਰਾਰ।
ਅਖ਼ੀਰ ਵਿੱਚ ਮੈਂ ਫ਼ੈਸਲਾ ਕਰ ਲਿਆ ਕਿ ਭਾਵੇਂ ਕੁੱਝ ਵੀ ਹੋ ਜਾਵੇ ਮੈਂ ਨਰਿੰਦਰ ਨਾਲ ਅਜਿਹੀ
ਵਿਆਹੁਤਾ ਜ਼ਿੰਦਗੀ ਨਹੀਂ ਜੀਅ ਸਕਦੀ। ਮੇਰੇ ਮਾਪਿਆਂ ਨੇ ਕਾਫ਼ੀ ਕੋਸ਼ਿਸ਼ ਕੀਤੀ ਕਿ ਕਿਸੇ
ਤਰ੍ਹਾਂ ਮੇਰਾ ਘਰੇਲੂ ਤਾਣਾ ਬਾਣਾ ਕਾਇਮ ਰਹੇ, ਪਰ ਅਖ਼ੀਰ ਉਨ੍ਹਾਂ ਨੇ ਵੀ ਮੇਰੀ ਹਾਂ ਵਿੱਚ
ਹਾਂ ਮਿਲਾ ਦਿੱਤੀ ਅਤੇ ਕੁੱਝ ਚਿਰ ਦੀ ਸੈਪੇਰੇਸ਼ਨ ਤੋਂ ਬਾਅਦ ਸਾਡਾ ਤਲਾਕ ਹੋ ਗਿਆ।
ਮੈਂ ਫ਼ੇਰ ਮਾਪਿਆਂ ਦੇ ਪੱਲੇ ਪੈ ਗਈ, ਪਰ ਹੁਣ ਮੈਂ ਇੱਕਲੀ ਨਹੀਂ ਸੀ ਮੇਰੇ ਨਾਲ ਤਿੰਨ
ਕੁ ਸਾਲ ਦਾ ਵਰਿੰਦਰ ਵੀ ਸੀ। ਇੱਕ ਅਜੀਬ ਸਥਿਤੀ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਮੈਂ
ਖੁਸ਼ੀ ਅਤੇ ਗ਼ਮੀ ਦੇ ਵਿਚਕਾਰ ਲਟਕੀ ਹੋਈ ਹਾਂ।
ਇੱਕ ਦਿਨ ਮੈਨੂੰ ਮਾਸੀ ਦਾ ਅਚਾਨਕ ਫ਼ੋਨ ਆਇਆ,
“ਸੁਣਿਆ ਕੀ ਭਾਣਾ ਵਰਤ ਗਿਆ?” ਮਾਸੀ ਦਾ ਸਵਾਲ ਸੀ।
“ਕੀ ਹੋਇਆ?” ਮੈਂ ਵੀ ਸਵਾਲ ਉੱਤੇ ਹੋਰ ਸਵਾਲ ਕੀਤਾ।
“ਹਰਚਰਨ ਦੀ ਵਹੁਟੀ ਪੂਰੀ ਹੋ ਗਈ”
“ਕਦੋਂ”? ਮੇਰੇ ਹਵਾਸ ਉੱਡ ਗਏ।
“ਇੱਕ ਹਫ਼ਤਾ ਹੋ ਗਿਆ”
ਮੈਂ ਬੇ ਵਾਕ ਸੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਜਵਾਬ ਵਿੱਚ ਕੀ ਕਹਾਂ। ਇਹ
ਇੱਕ ਬਹੁਤ ਵੱਡੀ ਟ੍ਰੈਜਡੀ ਸੀ ਜੋ ਤੇਰੇ ਅਤੇ ਤੇਰੀ ਛੋਟੀ ਜਿਹੀ ਜਾਨ ਕੁਲਜਿੰਦਰ ਨਾਲ
ਵਾਪਰੀ ਸੀ। ਮੇਰਾ ਦਿਲ ਵਾਰ ਵਾਰ ਚਾਹੁੰਦਾ ਸੀ ਕਿ ਮੈਂ ਤੈਨੂੰ ਮਿਲਾਂ, ਤੇਰੇ ਨਾਲ ਤੇਰਾ
ਦੁੱਖ ਸਾਂਝਾ ਕਰਾਂ। ਤੇਰੇ ਦਿਲ ਨੂੰ ਧਰਵਾਸ ਦੇਵਾਂ। ਭਾਵੇਂ ਇੱਕ ਹਮਰਾਜ਼ ਹੋਣ ਦੇ ਨਾਤੇ
ਨਾ ਸਹੀ, ਪਰ ਘੱਟੋ ਘੱਟ ਇੱਕ ਇਨਸਾਨ ਹੋਣ ਦੇ ਨਾਤੇ ਹੀ ਸਹੀ।
ਹੁਣ ਮੇਰੇ ਮਨ ਵਿੱਚ ਤੇਰੀ ਯਾਦ ਹੋਰ ਵੀ ਪ੍ਰਬਲ ਹੋ ਗਈ। ਮੈਂ ਸੋਚਦੀ ਰਹਿੰਦੀ ਕਿ ਤੂੰ
ਕਿਵੇਂ ਛੋਟੀ ਬੱਚੀ ਦੀ ਪਾਲਣਾ ਕਰੇਂਗਾ? ਉਹ ਨਿੱਕੀ ਜਾਨ ਆਪਣੀ ਮਾਂ ਦਾ ਵਿਛੋੜਾ ਕਿਵੇਂ
ਸਹਾਰੇਗੀ? ਕੁਲਜਿੰਦਰ ਨੂੰ ਆਪਣੀ ਮਾਂ ਦੀ ਮਮਤਾ ਕਿੱਥੋਂ ਮਿਲੇਗੀ? ਤੂੰ ਇੱਕ ਬਾਪ ਹੋਣ ਦੇ
ਨਾਤੇ ਉਸ ਲਈ ਮਾਂ ਕਿਵੇਂ ਬਣ ਸਕੇਂਗਾ? ਇਹ ਸਾਰੀਆਂ ਗੱਲਾਂ ਜਿੱਥੇ ਮੈਂ ਆਪਣੇ ਮਨ ਵਿੱਚ
ਚਿਤਵਦੀ ਰਹਿੰਦੀ ਸੀ ਉੱਥੇ ਮੈਂ ਇਨ੍ਹਾਂ ਨੂੰ ਆਪਣੀ ਮਾਸੀ ਨਾਲ ਵੀ ਟੈਲੀਫ਼ੋਨ ਰਾਹੀਂ
ਸਾਂਝੀਆਂ ਕਰਦੀ ਰਹਿੰਦੀ ਸੀ।
ਜਿਸ ਮੋੜ ਉੱਤੇ ਜ਼ਿੰਦਗੀ ਆ ਖੜੀ ਹੋਈ ਸੀ, ਇਸ ਦਾ ਮੈਨੂੰ ਅਜੀਬ ਅਹਿਸਾਸ ਹੋ ਰਿਹਾ ਸੀ।
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਮੇਰੇ ਵਿਚਾਰ ਮਾਸੀ ਦੇ ਵਿਚਾਰਾਂ ਦੀ ਪਿੱਠ ਲਾ ਰਹੇ
ਸਨ, ਜਾਂ ਉਸ ਦੇ ਵਿਚਾਰ ਮੇਰੇ ਅੱਖੜ ਵਿਚਾਰਾਂ ਨੂੰ ਠੁੱਠ ਦਿਖਾ ਰਹੇ ਸਨ। ਇਹ ਇੱਕ ਬੜੀ
ਅਜੀਬ ਹਾਲਤ ਸੀ ਜਿਸ ਦਾ ਮੈਂ ਪੂਰੀ ਤਰ੍ਹਾਂ ਵਿਸ਼ਲੇਸ਼ਣ ਨਾ ਕਰ ਸਕੀ। ਜ਼ਿੰਦਗੀ ਬਾਰੇ ਮੇਰਾ
ਫ਼ਲਸਫ਼ਾ ਇੰਨਾ ਡੂੰਘਾਈ ਵਿੱਚ ਨਾ ਜਾ ਸਕਿਆ ਕਿ ਉਹ ਇਸ ਦਾ ਨਿਸਤਾਰਾ ਕਰ ਸਕੇ। ਦੁੱਧ ਦਾ
ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰ ਸਕੇ। ਭਾਵੇਂ ਕੁੱਛ ਵੀ ਹੋਵੇ, ਪਰ ਮੈਨੂੰ ਕਿਸੇ ਹੱਦ
ਤੱਕ ਇਹ ਮਹਿਸੂਸ ਹੋ ਰਿਹਾ ਸੀ ਕਿ ਮੈਂ ਅਪਣੇ ਮਨਸੂਬੇ ਵੱਲ ਰੱਤੀ ਰੱਤੀ ਕਰਕੇ ਵੱਧ ਰਹੀ
ਸਾਂ। ਪਰ ਇਸ ਸੋਚ ਦੇ ਪਿੱਛੇ ਮੇਰੀ ਆਤਮਾ ਕਦੀ ਕਦੀ ਮੈਨੂੰ ਲਾਹਨਤਾਂ ਪਾਉਣ ਲੱਗ ਪੈਂਦੀ।
ਉਹ ਮੈਨੂੰ ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੀ। ਉਹ
ਮੈਨੂੰ ਕਹਿੰਦੀ, “ਚੰਦਰੀਏ ਦੇਖ ਤੇਰੇ ਢੀਠ ਇਰਾਦੇ ਨੇ ਇੱਕ ਜ਼ਿੰਦਗੀ ਮੌਤ ਦੇ ਮੂੰਹ ਵਿੱਚ
ਧੱਕ ਦਿੱਤੀ ਹੈ। ਇੱਕ ਪੁੱਤਰ ਤੋਂ ਪਿਓ ਵਿਛੋੜ ਦਿੱਤਾ ਹੈ, ਇੱਕ ਬੱਚੀ ਮਾਸੂਮ ਮਮਤਾ ਤੋਂ
ਵਾਂਝੀ ਹੋ ਗਈ ਹੈ, ਇੱਕ ਪਤੀ ਨੂੰ ਆਪਣੀ ਪਤਨੀ ਦਾ ਵਿਯੋਗ ਲਾ ਦਿੱਤਾ ਹੈ। ਤੈਨੂੰ ਇਸ ਗੱਲ
ਦੀ ਕੋਈ ਸ਼ਰਮ ਨਹੀਂ?”
ਅਜਿਹੀ ਹਾਲਤ ਵਿੱਚ ਮੈਂ ਛਟਪਟਾ ਜਾਂਦੀ। ਮੈਨੂੰ ਮੇਰੀ ਮਾਸੀ ਦੇ ਸੰਜੋਗ ਅਤੇ ਵਿਜੋਗ
ਨਾਲ ਭਰਪੂਰ ਵਿਚਾਰ ਆ ਕੇ ਤਸੱਲੀ ਦੇਣੀ ਸ਼ੁਰੂ ਕਰ ਦਿੰਦੇ। ਮੈਂ ਆਪਣੇ ਆਪ ਨੂੰ ਉਨ੍ਹਾਂ ਦੇ
ਸਹਾਰੇ ਨਾਲ ਹੌਸਲਾ ਦੇਣਾ ਸ਼ੁਰੂ ਕਰ ਦਿੰਦੀ। ਅਜਿਹੀ ਹਾਲਤ ਵਿੱਚ ਮਾਸੀ ਦੇ ਵਿਚਾਰ ਮੈਨੂੰ
ਇੱਕ ਮਸੀਹਾ ਜਾਪਣ ਲੱਗ ਜਾਂਦੇ।
ਸੰਜੋਗਾਂ ਨੇ ਜਾਂ ਮੇਰੀ ਖਾਹਿਸ਼ ਨੇ ਮੇਰੀ ਜ਼ਿੰਦਗੀ ਦੇ ਅਗਲੇ ਪੜਾਓ ਦਾ ਸਬੱਬ ਇਸ
ਤਰ੍ਹਾਂ ਬਣਾ ਦਿੱਤਾ ਕਿ ਇੱਕ ਦਿਨ ਮੈਂ ਆਪਣੀ ਮਾਸੀ ਅਤੇ ਵਰਿੰਦਰ ਨਾਲ ਸ਼ੌਪਿੰਗ ਸੈਂਟਰ
ਵਿੱਚ ਘੁੰਮ ਰਹੀ ਸੀ ਕਿ ਅਚਾਨਕ ਤੇਰੀ ਝਲਕ ਪਈ। ਤੂੰ ਵੀ ਕੁਲਜਿੰਦਰ ਨਾਲ ਸ਼ੌਪਿੰਗ ਕਰ
ਰਿਹਾ ਸੀ। ਮੈਂ ਮਾਸੀ ਦਾ ਧਿਆਨ ਤੇਰੇ ਵੱਲ ਕਰਾਉਣ ਤੋਂ ਨਾ ਰਹਿ ਸਕੀ।
“ਮਾਸੀ! ਔਹ ਦੇਖ ਕੋਣ ਖੜਾ”
“ਇਹ ਤਾਂ ਹਰਚਰਨ ਐ”
“ਹਾਂ, ਚੱਲ ਵਿਚਾਰੇ ਦਾ ਹਾਲ ਪੁਛੀਏ” ਮੈਂ ਕਿਹਾ।
ਮਾਸੀ ਇੱਕ ਦਮ ਮੇਰੇ ਮਨ, ਤੇਰੇ ਹਾਲਾਤ ਅਤੇ ਇਸ ਸਥਿਤੀ ਨੂੰ ਭਾਂਪ ਗਈ ਅਤੇ ਸਾਨੂੰ
ਤੇਰੇ ਵੱਲ ਲੈ ਤੁਰੀ। ਰਸਮੀ ਹੈਲੋ ਹੈਲੋ ਤੋਂ ਬਾਅਦ ਮਾਸੀ ਨੇ ਹੀ ਸਾਡੀ ਆਪਸੀ ਜਾਣ ਪਛਾਣ
ਕਰਾਈ ਸੀ। ਮੇਰਾ ਦਿਲ ਤੇਰੇ ਉੱਤੇ ਪੂਰਾ ਪਸੀਜਿਆ ਹੋਇਆ ਸੀ। ਮੈਂ ਨਿਸ਼ੰਗ ਤੇਰੇ ਨਾਲ
ਗੱਲਬਾਤ ਦਾ ਸਿਲਸਿਲਾ ਚਲਾਉਣ ਲਈ ਉਤਾਵਲੀ ਸੀ। ਮੈਂ ਤੇਰੇ ਨਾਲ ਤੇਰੀ ਘਰਵਾਲੀ ਦੇ ਗੁਜ਼ਰ
ਜਾਣ ਦਾ ਅਤੇ ਤੇਰੇ ਤਰਸਯੋਗ ਹਾਲਾਤਾਂ ਦਾ ਸੰਖੇਪ ਵੇਰਵਾ ਸਾਂਝਾ ਕੀਤਾ। ਇਹ ਪਹਿਲਾ ਮੌਕਾ
ਸੀ ਜਦੋਂ ਮੈਂ ਮਹਿਸੂਸ ਕੀਤਾ ਕਿ ਤੇਰੇ ਵਿੱਚੋਂ ਉਹ ਪਹਿਲੇ ਵਾਲਾ ਘੁਮੰਡੀ ਇਨਸਾਨ ਤੈਨੂੰ
ਛੱਡ ਚੁੱਕਾ ਸੀ। ਇਹ ਸ਼ਾਇਦ ਉਨ੍ਹਾਂ ਹਾਲਾਤਾਂ ਦੀ ਮਿਹਰਬਾਨੀ ਸੀ ਜਾਂ ਕਰੋਪੀ ਸੀ।
ਮਿਹਰਬਾਨੀ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਇਸ ਪਿੱਛੇ ਮੇਰੀ ਖ਼ੁਦਗ਼ਰਜ਼ੀ
ਪ੍ਰਬਲ ਰੂਪ ਧਾਰੀ ਖੜ੍ਹੀ ਸੀ ਜਿਸ ਨੇ ਕਰੋਪੀ ਨੂੰ ਪਛਾੜ ਦਿੱਤਾ ਸੀ। ਸਾਡੇ ਹਾਲਾਤਾਂ ਨੂੰ
ਇੱਕ ਦੂਸਰੇ ਸਾਹਮਣੇ ਰੱਖਣ ਲਈ ਮਾਸੀ ਨੇ ਬੜਾ ਮਹੱਤਵਪੂਰਨ ਰੋਲ ਨਿਭਾਇਆ ਅਤੇ ਜਿਸ ਦਾ
ਸਿੱਟਾ ਇਹ ਹੋਇਆ ਕਿ ਤਕਰੀਬਨ ਇੱਕ ਘੰਟੇ ਦੀ ਇਸ ਮਿਲਣੀ ਵਿੱਚ ਸਾਡਾ ਮਿਠਿਆਈ ਦੀ ਦੁਕਾਨ
ਤੇ ਬੈਠ ਕੇ ਚਾਹ ਪੀਣ ਦਾ ਅਤੇ ਬੱਚਿਆਂ ਨੂੰ ਕੁੱਝ ਖਿਲਾਉਣ ਪਿਲਾਉਣ ਅਤੇ ਪਰਚਾਉਣ ਦਾ
ਸਾਰਾ ਪ੍ਰਕਰਣ ਸਾਡੀਆਂ ਭਾਵਨਾਵਾਂ ਵਿੱਚੋਂ ਆਪਣੇ ਆਪ ਹੀ ਮਨਫ਼ੀ ਹੋ ਗਿਆ। ਇਸ ਤਰ੍ਹਾਂ
ਮਹਿਸੂਸ ਹੋਇਆ ਕਿ ਜਿਵੇਂ ਇਹ ਸਭ ਕੁੱਝ ਇੱਕ ਸੁਪਨੇ ਵਿੱਚ ਹੀ ਹੋ ਗਿਆ ਸੀ।
ਖ਼ੈਰ ਉਸ ਤੋਂ ਬਾਅਦ ਸਾਡੀ ਆਪਸੀ ਟੈਲੀਫ਼ੋਨ ਰਾਹੀਂ ਗੱਲਬਾਤ ਹੌਲੀ ਹੌਲੀ ਵਧਣੀ ਸ਼ੁਰੂ
ਹੋਈ। ਅਸੀਂ ਇੱਕ ਦੂਸਰੇ ਦੇ ਹਾਲਾਤਾਂ ਨੂੰ ਕਾਫ਼ੀ ਨੇੜੇ ਤੋਂ ਦੇਖਿਆ ਅਤੇ ਸਮਝਿਆ। ਸਾਡੀਆਂ
ਕੁੱਝ ਆਪਸੀ ਮਿਲਣੀਆ ਨੇ ਵਰਿੰਦਰ ਅਤੇ ਕੁਲਜਿੰਦਰ ਨੂੰ ਆਪਸ ਵਿੱਚ ਘੁਲਣ ਮਿਲਣ ਦਾ ਮੌਕਾ
ਦਿੱਤਾ। ਫ਼ੇਰ ਇੱਕ ਦਿਨ ਉਹ ਮੌਕਾ ਵੀ ਆਇਆ ਜਿਸ ਦਿਨ ਮੇਰੀਆਂ ਜਨਮ ਜਨਮ ਤੋਂ ਥਿਰਕਦੀਆਂ
ਸੱਧਰਾਂ ਨੂੰ ਫ਼ੱਲ ਲੱਗਾ ਜਦੋਂ ਤੂੰ ਸਾਡੇ ਘਰ ਆਕੇ ਮਾਸੀ ਦੀ ਹਾਜ਼ਰੀ ਵਿੱਚ ਮੇਰੇ ਮਾਂ ਬਾਪ
ਨਾਲ ਮੇਰੇ ਨਾਲ ਵਿਆਹ ਕਰਾਉਣ ਦੀ ਇੱਛਾ ਜ਼ਾਹਿਰ ਕੀਤੀ। ਇੱਕ ਅਜੀਬ ਜਿਹਾ ਸਮਾਂ ਸੀ। ਮੈਂ
ਸਿਰ ਤੋਂ ਪੈਰਾਂ ਤੱਕ ਥਰ ਥਰਾ ਰਹੀ ਸੀ। ਮੇਰੇ ਕੋਲੋਂ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ।
ਮਾਸੀ ਅਵਾਕ ਸੀ। ਇਸ ਲਈ ਨਹੀਂ ਕਿ ਸਾਡਾ ਆਪਸੀ ਰਿਸ਼ਤਾ ਬਣਨ ਜਾ ਰਿਹਾ ਸੀ, ਬਲਕਿ ਇਸ ਲਈ
ਕਿ ਮੇਰੀਆਂ ਖ਼ਾਹਿਸ਼ਾਂ ਨੂੰ ਬੂਰ ਪੈਣ ਜਾ ਰਿਹਾ ਸੀ। ਉਨ੍ਹਾਂ ਖ਼ਾਹਿਸ਼ਾਂ ਨੂੰ, ਜਿਨ੍ਹਾਂ
ਨੂੰ ਮਾਸੀ ਕਈ ਵਾਰੀ ਨਕਾਰ ਚੁੱਕੀ ਸੀ। ਜਿਨ੍ਹਾਂ ਬਾਰੇ ਉਸ ਨੇ ਮੈਨੂੰ ਬਹੁਤ ਵਾਰੀ
ਲਾਹਨਤਾਂ ਪਾਈਆਂ ਸਨ। ਉਸ ਨੇ ਕਈ ਵਾਰੀ ਮੈਨੂੰ ਸੰਜੋਗਾਂ ਦਾ ਜ਼ੋਰ ਦੱਸ ਕੇ ਧੁਰੋਂ ਬਣੇ
ਰਿਸ਼ਤਿਆਂ ਵਿੱਚ ਮੈਨੂੰ ਦਖ਼ਲ ਦੇਣ ਤੋਂ ਵਰਜਿਆ ਸੀ। ਅਜਿਹੇ
ਦਖ਼ਲ ਨੂੰ ਕਹਿਰ ਦਾ ਨਾਂ ਦਿੱਤਾ ਸੀ। ਭਾਵੇਂ ਮੇਰੀਆਂ ਖ਼ਾਹਿਸ਼ਾਂ ਹਮੇਸ਼ਾਂ ਬਜ਼ਿਦ ਸਨ,
ਦ੍ਰਿੜ੍ਹ ਸਨ। ਹੁਣ ਮੈਂ ਵੀ ਕਿਸੇ ਹੱਦ ਤੱਕ ਬਦਲ ਚੁੱਕੀ ਸਾਂ। ਹੁਣ ਮੈਂ ਆਪਣੇ ਆਪ ਨੂੰ
ਹੋਣੀ ਦੀ ਸੌਕਣ ਨਹੀਂ ਸੀ ਸਮਝਦੀ। ਮੈਂ ਵੀ ਤਾਂ ਕੁਦਰਤ ਦੀ ਕੱਠਪੁਤਲੀ ਹੀ ਸਾਂ ਜਿਸ ਨੂੰ
ਹਾਲਾਤ ਨੇ ਆਪਣੀ ਘਨੇੜੀ ਚੜ੍ਹਾ ਕੇ ਖ਼ੂਬ ਉੱਚੇ ਨੀਵੇਂ ਝੂਟੇ ਦਿੱਤੇ ਸਨ, ਮੈਨੂੰ ਪਰਖਿਆ
ਸੀ, ਝੰਜੋੜਿਆ ਸੀ।
ਫ਼ੇਰ ਉਹ ਦਿਨ ਵੀ ਆ ਗਿਆ ਜਿਸ ਦਿਨ ਤੂੰ ਦੁਬਾਰਾ ਸਿਹਰਾ ਬੰਨ੍ਹ ਕੇ ਮੈਨੂੰ ਫ਼ੇਰ ਇਕ
ਵਾਰੀ ਦੁਲਹਨ ਬਣ ਕੇ ਤੇਰੇ ਸਾਹਮਣੇ ਪੇਸ਼ ਹੋਣ ਦਾ ਮਾਣ ਦਿੱਤਾ। ਉਹ ਸੁਹਾਗ ਰਾਤ ਮੇਰੇ ਲਈ
ਅਸਲੀ ਸੁਹਾਗ ਰਾਤ ਸੀ ਜਿਸ ਵਿੱਚ ਮਨ ਦੀਆਂ ਰੀਝਾਂ ਨੇ ਤਨ ਦੀਆਂ ਰੀਝਾਂ ਨੂੰ ਇੱਕ ਮਿੱਕ
ਕੀਤਾ ਸੀ। ਜਦੋਂ ਸਹੀ ਅਰਥਾਂ ਵਿੱਚ ਮੇਰੇ ਵਿਆਹੁਤਾ ਜੀਵਨ ਦਾ 'ਏਕ ਜੋਤਿ ਦੋਇ ਮੂਰਤੀ' ਦਾ
ਸੰਕਲਪ ਸ਼ਾਖ਼ਸਾਤ ਹੋਇਆ ਸੀ। ਉਸ ਦਿਨ ਮੇਰੀ ਜ਼ਿੰਦਗੀ ਦੇ ਅਤੀਤ ਦਾ ਹੰਢਾਇਆ ਮੇਰਾ ਸਾਰਾ
ਸੰਤਾਪ ਇੱਕ ਦਮ ਮਨਫ਼ੀ ਹੋ ਗਿਆ ਸੀ। ਮੈਨੂੰ ਆਪਣੇ ਅਤੀਤ ਦਾ ਕੋਈ ਦੁੱਖ ਨਹੀਂ ਸੀ। ਕਿਸੇ
ਨਾਲ ਕੋਈ ਗਿਲਾ ਨਹੀਂ ਸੀ। ਮੇਰੀਆਂ ਖ਼ਾਹਿਸ਼ਾਂ ਜਿੱਤ ਗਈਆਂ ਸਨ ਅਤੇ ਮਾਸੀ ਦੇ ਸੰਜੋਗ ਹਾਰ
ਗਏ ਸਨ।'
ਜਤਿੰਦਰ ਦੀ ਸੋਚਾਂ ਦੀ ਲੜੀ ਇੱਥੇ ਆਕੇ ਇੱਕਦਮ ਉਦੋਂ ਟੁੱਟ ਗਈ ਜਦੋਂ ਉਸ ਨੇ ਆਪਣੇ
ਸਾਹਮਣੇ ਫ਼ੁੱਲਾਂ ਦਾ ਗੁਲਦਸਤਾ ਲਈ ਖੜ੍ਹੇ ਹਰਚਰਨ ਨੂੰ ਦੇਖਿਆ ਜਿਸ ਦੇ ਪਿੱਛੇ ਪਿੱਛੇ
ਵਰਿੰਦਰ ਅਤੇ ਕੁਲਜਿੰਦਰ ਵੀ ਆਏ ਸਨ। ਇੱਕ ਦਮ ਉਮਡ ਕੇ ਜਤਿੰਦਰ ਨੇ ਹਰਚਰਨ ਨੂੰ ਗਲਵਕੜੀ
ਵਿੱਚ ਲੈ ਲਿਆ ਅਤੇ ਅਥਰੂਆਂ ਦੀ ਝੜੀ ਲਾਉਂਦਿਆਂ ਆਪਣੇ ਪਿਆਰੇ ਦਾ ਸਵਾਗਤ ਕਰਦਿਆਂ ਇੱਕ ਦਮ
ਬੋਲ ਉੱਠੀ:
ਜਨਮ ਜਨਮ ਤੋਂ ਤਰਸੀ ਰੂਹ ਨੂੰ, ਮਿਲਿਆ ਪਿਆਰ ਹੁਣ ਤੇਰਾ।
ਘੋਰ ਗਮਾਂ ਦੀ ਕਾਲੀ ਰਾਤ ਦਾ, ਹੋਇਆ ਅੰਤ ਸਵੇਰਾ।
ਮੇਰੀ ਧਰਤ ਸੁਹਾਵੀ ਹੋਈ, ਅਮ੍ਰਿਤ ਵਰ੍ਹਿਆ ਤੇਰਾ।
ਅਨੋਖੀ ਰੁੱਤ ਬਹਾਰਾਂ ਵਾਲੀ, ਖਿੜਿਆ ਬਾਗ਼ ਹੁਣ ਮੇਰਾ।
ਤਿੰਨ ਫ਼ੁੱਲ ਨੇ ਇਸ ਦੇ ਅੰਦਰ, ਖੁਸ਼ਬੂ, ਟਹਿਕ ਤੇ ਖੇੜਾ।
ਇੱਕ ਮੇਰਾ, ਇੱਕ ਤੇਰਾ ਸੱਜਣਾ, ਇੱਕ ਮੇਰਾ ’ਤੇ ਤੇਰਾ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ
|