ਦੁਕਾਨ
ਵਿੱਚ ਤਿੰਨ ਜਣੇ ਕੰਮ ਕਰਦੇ ਸੀ। ਇੱਕ ਬੰਦਾ, ਉਸ ਦੀ ਵਹੁਟੀ ਅਤੇ ਉਨ੍ਹਾਂ ਦਾ ਮੁੰਡਾ।
ਦਰਅਸਲ ਵਿੱਚ ਮੁੰਡਾ ਤਾਂ ਸਕੂਲ ਤੋਂ ਸਿੱਧਾ ਘਰ ਜਾਣ ਦੇ ਥਾਂ ਮੰਮ ਡੈਡ ਦੀ ਦੁਕਾਨ ਤੇ
ਆ ਜਾਂਦਾ ਸੀ, ਉਨ੍ਹਾਂ ਦੀ ਮਦਦ ਕਰਨ। ਦੁਕਾਨ ਵਿਚ ਅਖਬਾਰ, ਰਸਾਲੇ ਅਤੇ ਕੈਂਡੀ ਵੇਚਦੇ
ਸੀ ਤੇ ਸਟੇਸ਼ਨਰੀ ਦਾ ਮਾਲ ਵੀ ਮਿਲਦਾ ਸੀ। ਦੁਕਾਨ ਦੇ ਵਿੱਚ ਇੱਕ ਖੂੰਜੇ 'ਚ ਡਾਕ ਦਾ
ਦਫ਼ਤਰ ਸੀ ਤੇ ਇੱਥੇ ਪਿਉ ਸਾਰਾ ਦਿਨ ਖਲੋਕੇ ਪੌਸਟ ਆਫਿਸ ਦਾ ਕੰਮ ਕਰਦਾ ਸੀ। ਇਸ ਦਾ
ਬੂਹਾ ਬੰਦ ਰਖਿਆ ਹੁੰਦਾ ਸੀ। ਕਾਊਂਟਰ ਦੇ ਆਲੇ ਦੁਆਲੇ ਕੱਚਦੇ ਸ਼ੀਸ਼ੇ ਸਨ ਤੇ ਸ਼ੀਸ਼ਿਆਂ ਦਾ
ਕੰਮ ਸੀ ਚੋਰੀ ਰੋਕਣਾ। ਇੱਕ ਕਿਸਮ ਦਾ ਅੱਡਾ ਸੀ। ਦੁਕਾਨਦਾਰ ਨੂੰ ਤਾਂ ਹਮੇਸ਼ਾ ਲੱਗਦਾ
ਸੀ ਜਿਵੇਂ ਡਬੇ ਵਿੱਚ ਨਿੱਤ ਨਿੱਤ ਖੜ੍ਹਕੇ ਕੰਮ ਕਰਦਾ ਸੀ। ਇਸ ਡੱਬੇ ਅੰਦਰ ਤਿਜੌਰੀ
ਰੱਖੀ ਸੀ ਜਿਸਦੇ ਵਿਚ ਕੀਮਤੀ ਕਾਗਜ਼ ਪੱਤਰ ਅਤੇ ਪੈਸੇ ਸਨ।।
ਦੁਕਾਨਦਾਰ ਦੀ ਤੀਵੀਂ ਕੰਮ ਦੇ ਕਾਊਂਟਰ ਪਿੱਛੇ ਖੜ੍ਹਕੇ ਗਾਹਕਾਂ ਤੋਂ ਪੈਸੇ ਲੈਂਦੀ
ਸੀ ਤੇ ਉਸਦੇ ਅਤੇ ਖਰੀਦਾਰਾਂ ਦੇ ਵਿਚਾਲੇ ਦੁਕਾਨ ਦੀ ਗੋਲਕ, ਕਹਿਣ ਦਾ ਮਤਲਬ ਟਿਲ
ਹੁੰਦੀ ਸੀ। ਮੁੰਡਾ ਦੁਕਾਨ ਆਕੇ ਪਹਿਲਾ ਖਾਣਾ ਖਾਂਦਾ ਸੀ। ਕਈ ਕਈ ਵਾਰੀ ਦੁਕਾਨ ਦੇ
ਭੰਡਾਰ'ਚ ਬਹਿ ਕੇ ਪੰਜਾਬੀ ਖਾਣਾ ਖਾਂਦਾ ਸੀ ਤੇ ਕਈ ਵਾਰੀ ਦੁਕਾਨ 'ਚੋਂ ਸੈਂਡਵਿਚ ਜਾਂ
ਪਾਏ ਚੱਕ ਕੇ ਛਕ ਲੈਂਦਾ ਸੀ। ਖਾਣ ਤੋਂ ਬਾਅਦ ਮੂਹਰੇ ਆਕੇ ਦੁਕਾਨ ਦੇ ਖਾਨਿਆਂ ਤੇ
ਸ਼ੇਲਫਾਂ ਵਿੱਚ ਮਾਲ ਭਰਦਾ ਸੀ। ਸਾਢੇ ਪੰਜ ਵਜੇ ਡਾਕ ਦਾ ਦਫ਼ਤਰ ਬੰਦ ਹੋ ਜਾਂਦਾ ਸੀ 'ਤੇ
ਇਸ ਵੇਲੇ ਬਾਪ ਪੈਸੇ ਗਿਣਦਾ ਸੀ। ਅੱਜ ਵੀ ਮੁੰਡਾ ਪਿੱਛੇ ਬੈਠਾ ਖਾਂਦਾ ਸੀ ਜਦ ਉਸਨੇ
ਹੁੱਲੜ ਸਾਹਮਣਿਓ ਆਉਂਦਾ ਸੁਣਿਆ। ਕਲਾਕ ਉੱਤੇ ਹਾਲੇ ਸਾਢੇ ਪੰਜ ਹੋਣ ਹੀ ਲੱਗੇ ਸੀ।
ਜਿੱਦਾਂ ਕੋਈ ਫਿਲਮ ਵਿੱਚ ਸੀਨ ਹੁੰਦੀ ਹੈ ਜੋ ਹੋਣ ਲੱਗਾ ਸੀ ਇੱਦਾਂ ਹੀ ਮੁੰਡੇ ਨੂੰ
ਜਾਪਿਆ।।
ਇੱਕ ਦਮ ਕੋਈ ਆਦਮੀ ਭੰਡਾਰ 'ਚ ਆਕੇ ਮੁੰਡੇ ਨੂੰ ਮੂਹਰੇ ਘੜੀਸ ਕੇ ਲੈ ਗਿਆ ਸੀ 'ਤੇ
ਪੌਸਟ ਆਫਸ ਦੇ ਡਬੇ ਵਾਲੇ ਕਮਰੇ ਅਤੇ ਕਾਊਂਟਰ ਦੇ ਵਿਚਾਲੇ ਦਰੀ ਉੱਤੇ ਵਗਾਹ ਕੇ ਮਾਰਿਆ।
ਮੁੰਡੇ ਦੇ ਗਲ ਉੱਤੇ ਲੰਬੀ ਰਫ਼ਲ ਦਾ ਵੇਲਣ ਰੱਖ ਦਿੱਤਾ।। ਮੁੰਡੇ ਨੂੰ ਸਭ ਕੁਝ ਟੇਢਾ
ਦਿਸਦਾ ਸੀ। ਇੱਕ ਨਕਾਬੀ ਚੋਰ ਜੋਰ ਦੇਂਣੀ ਡਾਕ ਦੇ ਕਮਰੇ ਨੂੰ ਲਗਾਤਾਰ ਠੁੱਡਾ ਮਾਰ
ਰਿਹਾ ਸੀ। ਇਸ ਤੋਂ ਛੁੱਟ ਫਰਸ਼ ਉੱਤੇ ਦੋ ਕੁ ਗਾਹਕ ਲੰਮੇ ਪਏ ਹੋਏ ਸੀ। ਬਾਪ-ਗਾਲ੍ਹਾਂ
ਦੀਆਂ ਗਾਲਾਂ ਚਲਦੀਆਂ ਸੀ, ਮਾਂ ਮਿਨਤਾਂ ਕਰਦੀ ਸੀ। ਚੋਰ ਨੰਬਰ ਇੱਕ ਨੇ ਰਫ਼ਲ ਮੁੰਡੇ
'ਤੇ ਰੱਖੀ ਤੇ ਚੋਰ ਨੰਬਰ ਦੋਂ ਕਿੱਕਾਂ ਹਾਲੇ ਵੀ ਮਾਰਦਾ ਸੀ। ਦੋਨੋਂ ਚੋਰ ਵੀ ਉੱਚੀ
ਦੇਂਣੀ ਗਾਲ੍ਹਾਂ ਕਢ ਕੇ ਪੈਸੇ ਮੰਗੀ ਜਾਂਦੇ ਸੀ।। ਮੁੰਡੇ ਨੂੰ ਮਹਿਸੂਸ ਨਹੀਂ ਸੀ ਪਰ
ਤੀਜਾ ਚੋਰ ਸੀ ਦੁਕਾਨ ਵਿੱਚ ਹੀ। ਉਸਨੇ ਮਾਂ ਨੂੰ ਬਿਨਾ ਕਿਸੇ ਸਵਾਲ ਕਿਤਿਆਂ ਗੋਲਕ
ਖੋਲ੍ਹਣ ਲਈ ਕਿਹਾ ਤੇ ਆਪਣੀ ਰਫ਼ਲ ਦੇ ਬੱਟ ਨਾਲ ਮਾਂ ਦੇ ਹੱਥ ਭੰਨੀ ਜਾਂਦਾ ਸੀ। ਮਾਂ ਨੇ
ਡਰਦੀ ਨੇ ਟਿਲ ਖੋਲ੍ਹ ਦਿੱਤਾ ਸੀ। ਆਪਣੀ ਘਰਵਾਲੀ ਦਾ ਹਾਲ ਨੂੰ ਦੇੱਖ ਕੇ ਪਿਤਾ ਵੀ
ਪਿੱਛੇ ਹੱਟ ਗਿਆ। ਦਰਵਾਜ਼ਾ ਖੋਲ੍ਹ ਦਿੱਤਾ। ਅਚਾਨਕ ਦੁਕਾਨ ਅੰਦਰ ਨਵਾਂ ਗਾਹਕ ਆਇਆ ਤੇ
ਉਸ ਨੇ ਸੀਨ ਦੇੱਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ; ਨਾਲ ਈ ਗੋਲੀ ਚੱਲਣ ਦੀ ਅਵਾਜ
ਆਈ। ਜਿੱਥੇ ਪਹਿਲਾ ਗਲ 'ਤੇ ਵੇਲਣ ਠੰਢੀ ਚੁੰਮੀ ਦੇਂਦਾ ਸੀ ਹੁਣ ਪਰਾਂ ਹੋਗਿਆ। ਮੁੰਡੇ
ਨੇ ਧੌਣ ਹਿੱਲਾ ਕੇ ਆਸ ਪਾਸ ਦੇਖਿਆ। ਜਿਹੜੇ ਚੋਰ ਨੇ ਓਹਦੇ ਮੁਖ ਉੱਤੇ ਬੰਦੂਕ ਰੱਖੀ
ਸੀ, ਉਹ ਦੁਕਾਨ 'ਚੋਂ ਬਾਹਰ ਦੌੜ ਰਿਹਾ ਸੀ। ਜਿਹੜੇ ਨੇ ਮਾਂ ਦੇ ਹੱਥ ਭਣੇ ਸੀ, ਉਹਨੇ
ਦੂਜੇ ਚੋਰ ਦੋ ਮਗਰ ਭੱਜਣ ਦੀ ਕੋਸ਼ਿਸ਼ ਕੀਤੀ । ਪਰ ਕਾਹਲੀ ਵਿਚ ਫਰਸ਼ ਉੱਤੇ ਪਾਏ ਗਾਹਕ ਦੇ
ਉੱਤੋਂ ਡਿੱਗ ਪਿਆ। ਜਿਹੜਾ ਨਵਾਂ ਗਾਹਕ ਅੰਦਰ ਆਇਆ ਸੀ, ਉਹ ਬਹੁਤ ਬਹਾਦਰ ਸੀ। ਉਸ ਨੇ
ਇੱਕ ਦਮ ਨੰਬਰ ਦੋ ਚੋਰ ਦੀ ਬੰਦੂਕ ਨੂੰ ਲੱਤ ਮਾਰ ਦਿੱਤੀ ਤੇ ਬੰਦੂਕ ਪਰ ਡਿੱਗ ਪਈ। ਹੁਣ
ਗਾਹਕ ਨੇ ਚੋਰ ਨੂੰ ਢਾਹ ਕੇ ਕਬਜ਼ਾ ਕਰ ਲਿਆ, ਤੇ ਚੋਰ ਦੇ ਉਪਰ ਬੈਠ ਗਿਆ। ਮੁੰਡਾ ਨੇ
ਸਿਰ ਘੁੰਮਾ ਕੇ ਦੇਖਿਆ ਕਿ ਬਾਪ ਨੇ ਗਰਮੀ 'ਚ ਆਕੇ ਚੋਰ ਨੰਬਰ ਇੱਕ ਦੀ ਗੰਨ ਖੋਹ ਲਈ
ਅਤੇ ਉਸਦੇ ਸੀਸ ਉੱਤੇ ਦੇ ਮਾਰੀ; ਤੇ ਚੋਰ ਘਬਰਾ ਗਿਆ। ਘੁੰਮਕੇ ਮੁੰਡੇ ਉੱਤੇ ਦੀ ਹੁੰਦਾ
ਹੋਇਆ ਬਾਹਰਲੇ ਦਰ ਵੱਲ ਦੌੜ ਗਿਆ। ਰਾਹ 'ਚ ਪੇਏ ਆਪਣੇ ਮਿੱਤਰ ਦੀ ਥੋੜ੍ਹੀ ਜਿਹੀ ਮਦਦ
ਕੀਤੀ। ਬਹਾਦਰ ਆਦਮੀ ਨੂੰ ਪਾਸੇ ਧੱਕ ਦਿੱਤਾ ਤੇ ਚੋਰ ਨੰਬਰ ਦੋ ਦੀ ਰਫਲ ਚੱਕ ਕੇ ਬੂਹਾ
ਖੋਲ਼੍ਹ ਕੇ ਬਾਹਰ ਨੂੰ ਨੱਸ ਪਿਆ।
ਮੁੰਡੇ ਦਾ ਬਾਪ ਮਗਰ ਦੌੜਿਆ।
ਮੁੰਡੇ ਨੂੰ ਤੇ ਹੋਰਾਂ ਨੂੰ ਇਹ ਨਹੀਂ ਸੀ ਪਤਾ ਕਿ ਬਾਹਰ ਇੱਕ ਗੱਡੀ ਖੜ੍ਹੀ ਸੀ,
ਚੋਰਾਂ ਨੂੰ ਗੁਨਾਹ ਦ੍ਰਿਸ਼ ਤੋਂ ਪਰੇ ਲੈ ਕੇ ਜਾਣ ਲਈ। ਜਦ ਪਹਿਲਾ ਚੋਰ ਬਾਹਰ ਨੱਠਕੇ
ਗਿਆ, ਗੱਡੀ ਵਿੱਚ ਬੈਠ ਕੇ ਡਰਾਈਵਰ ਨੂੰ ਦਬਕਾ ਮਾਰ ਕੇ ਕਿਹਾ ਚੱਲ!-। ਗੱਡੀ ਚਲ ਪੈ ਤੇ
ਦੂਜਿਆਂ ਚੋਰਾਂ ਲਈ ਠਹਿਰੀ ਨਹੀਂ।
ਜਦ ਨੰਬਰ ਤਿੰਨ ਚੋਰ ਭੱਜ ਕੇ ਬਾਹਰ ਪਹੁਚਿਆ ਗੱਡੀ ਤਾਂ ਹੈ ਨਹੀਂ ਸੀ ਤੇ ਉਹ ਘਬਰਾ
ਗਿਆ। ਦੁਕਾਨਦਾਰ ਪਿਛੇ ਪਿਛੇ ਸੀ। ਤੇਜ ਦੇਣੀ ਸੜਕ 'ਤੇ ਦੌੜਿਆ ਲੋਕਾਂ ਵੱਲ ਰਫਲ
ਹਲਾਉਂਦਾ। ਜਿੱਥੇ ਮਾਰਗ 'ਚ ਮੋੜ ਪੈਂਦਾ ਸੀ, ਇੱਕ ਗੱਡੀ ਖੜ੍ਹੀ ਸੀ ਤੇ ਗੱਡੀ ਦਾ ਇੰਜਨ
ਖੜਖੜ ਕਰਦਾ ਸੀ। ਚੋਰ ਨੂੰ ਸਮਝ ਲੱਗ ਗਈ ਕਿ ਗੱਡੀ ਚਾਲੂ ਸੀ। ਕਿਸਮਤ ਨਾਲ ਪਬ ਪਾਸੇ ਦਾ
ਪਿੱਛਲਾ ਬੂਹਾ ਖੁਲ੍ਹਾ ਸੀ। ਚੋਰ ਨੇ ਝਟਪਟ ਖੋਲ੍ਹ ਕੇ ਅੰਦਰ ਵੜ ਗਿਆ।।
* * * * * * * * * * * *
ਚੋਰ ਦਾ ਨਾਂਅ ਬਿੱਲਾ ਸੀ। ਬਿੱਲਾ ਨੇ ਆਪਣੀ ਰਫ਼ਲ ਡਰਾਈਵਰ ਦੇ ਮੌਰ 'ਚ ਚੋਭ ਦਿੱਤੀ।
ਡਰਾਈਵਰ ਆਪਣੀ ਸੀਟ ਤੇ ਬੈਠਾ ਸੀ। ਬਿੱਲੇ ਨੂੰ ਡਰਾਈਵਰ ਦੀਆਂ ਅੱਖਾਂ ਝਾਤੀ ਮਾਰਨ ਵਾਲੇ
ਸ਼ੀਸ਼ੇ 'ਚ ਦਿਸਦੀਆਂ ਸੀ; ਅੰਬਰ ਵਾਂਗ ਨੀਲੀਆਂ ਸਨ ਅਤੇ ਬਹੁਤ ਤਿੱਖੀਆਂ।।
- ਗੱਡੀ ਚੱਲਾ ਨਹੀਂ ਤਾਂ ਮੈਂ ਗੋਲੀ ਮਾਰ ਦੇਣੀ ਏ- ਬਿੱਲਾ ਨੇ ਰੌਹਬ ਨਾਲ ਆਖਿਆ।
- ਪਰ ਪਰ….- ਡਰਾਈਵਰ ਨੇ ਉਤਰ ਦੇਣਾ ਸ਼ੁਰੂ ਕੀਤਾ ।
- ਚਲਾ ਸਾਲਿਆ ਨ੍ਹਹੀਂ ਤਾਂ-
- ਅੱਛਾ ਚਲਾਉਂਦਾ, ਪਰ ਮੈਨੂੰ ਬਾਅਦ ਵਿਚ ਨਾ ਕਹੀਂ -। ਡਰਾਈਵਰ ਬੂਟਿਆਂ ਤੋਂ ਉਡਣ
ਵਾਲਾ ਨਹੀਂ ਸੀ। ਅਰਾਮ ਨਾਲ ਗੱਡੀ ਤੋਰ ਦਿੱਤੀ ਸੀ। ਬਿੱਲਾ ਨੇ ਪਿੱਛਲੇ ਸ਼ੀਸ਼ੇ 'ਚੋਂ
ਬਾਹਰ ਤੱਕਿਆ। ਦੁਕਾਨਦਾਰ ਕਾਇਮ ਸੀ। ਓਹ ਹਾਲੇ ਵੀ ਦੌੜਦਾ ਸੀ। ਬਿੱਲੇ ਨੂੰ ਸਾਭੀ ਨੇ
ਕਿਹਾ ਸੀ ਕਿ ਕੰਮ ਸੌਖਾ ਹੋਵੇਗਾ। ਪਰ ਬਹਾਦਰ ਗਾਹਕ ਅਤੇ ਦਲੇਰ ਪੌਸਟਮਾਸਟਰ ਨੇ ਤਾਂ
ਸਾਰੀ ਪਲੈਂਨਿਗ ਉੱਤੇ ਪਾਣੀ ਫੇਰ ਦਿੱਤਾ। ਹੁਣ ਦੁਕਾਨਦਾਰ ਗੱਡੀ ਦੇ ਮਗਰ ਨੱਠਣ ਲੱਗ
ਪਿਆ। ਬਿੱਲਾ ਨੇ ਉਸ ਵੱਲ ਦੋ ਉਂਗਲੀਆਂ ਕਰੀਆਂ।।
- ਜਰਾ ਰੈਸ 'ਤੇ ਪੈਰ ਮਾਰ- ਬਿੱਲਾ ਨੇ ਡਰਾਈਵਰ ਨੂੰ ਦਬਕਾ ਮਾਰਿਆ।
- ਤੇਰਾ ਨਾਂਅ ਨਹੀਂ ਕੀ ਆ?-
- ਚੁੱਪ ਕਰ ਬੇਵਕੂਫ-।
- ਅੱਛਾ, ਚੁੱਪ ਕਰ ਗਿਆ ਸਾਹਿਬ, ਮੈਂ ਇਸ ਗੱਡੀ ਨੂੰ ਬਹੁਤਾ ਤੇਜ ਨਹੀਂ ਚੱਲਾ ਸੱਕਦਾ।
ਮੇਰਾ ਮਤਲਬ, ਸਪੀਡ ਲਿੱਮਟ ਕਰਕੇ ਨਹੀਂ …-।।
ਬਿੱਲਾ ਹੁਣ ਘੁੰਮਕੇ ਨੀਲੇ ਅੱਖਾਂ ਵਾਲੇ ਆਦਮੀ ਵੱਲ ਅੱਗ ਵਾਲੀਆਂ ਭਰੀਆਂ ਅੱਖਾਂ
ਨਾਲ ਦੇਖਣ ਲੱਗ ਪਿਆ। ਦੁਕਾਨਦਾਰ ਤਾਂ ਪਿੱਛੇ ਸੜਕ ਉੱਤੇ ਰਹਿ ਗਿਆ ਸੀ ਲੰਬੇ ਲੰਬੇ ਸਾਹ
ਭਰਦਾ।- ਜੇ ਗੋਲੀ ਨ੍ਹੀਂ ਖਾਣੀ, ਤਾਂ ਤੇਜ ਜਾਂ-। ਡਰਾਈਵਰ ਕੁਝ ਹੋਰ ਕਹਿਣ ਲੱਗਾ ਸੀ
ਪਰ ਫਿਰ ਰੁੱਕ ਗਿਆ। ਸਿਰ ਉਪਰ ਹੇਠਾ ਕਰਕੇ ਗੱਡੀ ਤੇਜ ਕਰ ਦਿੱਤੀ।।
- ਇੱਥੇ ਖੱਬਾ ਮਾਰ, ਹੁਣ ਸੱਜਾ… ਹੁਣ ਖੱਬਾ-। ਬਿੱਲਾ ਨੇ ਡਰਾਈਵਰ ਨੂੰ ਸੇਧ ਦਿੱਤੀ
ਖੁਲ੍ਹੇ ਸੜਕਾਂ ਵੱਲ ਜਾਣ ਦੀ। ਮਜਬੂਰੀ 'ਚ ਡਰਾਈਵਰ ਨੇ ਆਦੇਸ਼ ਬਰਦਾਸ਼ਤ ਕਰ ਲਿਆ ਸੀ।
ਫਿਰ ਵੀ ਚੁੱਪ ਨਹੀਂ ਰਿਹ ਸਕਿਆ 'ਤੇ ਕਹਿੰਦਾ,- ਹੁਣ ਤਾਂ ਮੈਂ ਹੌਲੀ ਹੋ ਸੱਕਦਾ?-
- ਨਹੀਂ। ਆ ਆਉਂਦਾ ਜੰਕਸ਼ਨ ਫੜ। ਅੱਛਾ ਹੁਣ ਹੋਰ ਰੇਸ ਦੇ। ਮੈਂ ਓਹ ਕੁੱਤੇ ਸਾਭੀ ਨੂੰ
ਫੜਨਾ। ਸਾਲਾ ਸਾਤੋਂ ਬਗੈਰ ਦੌੜ ਪਿਆ-।
- ਹੁਣ ਤਾਂ ਤੇਜ ਜਾਣਦੀ ਲੋੜ ਨਹੀਂ। ਸਮਾਂ ਪੁਲਸ ਨੇ ਤਾਂ…-।
- ਤੂੰ ਬਹੁਤ ਬਕਦਾ ਐ। ਚਲਾ ਤੇਜ-।
- ਇੰਨ੍ਹਾਂ ਤੇਜ ਜਾਣਾ ਚੰਗਾ ਨਹੀਂ। ਕਾਨੂਨ ਕਰਕੇ ਨਹੀਂ ਕਹਿੰਦਾ ਪਰ…-।
- ਪਰ ਪਰ ਕਰਨੋ ਹਟ ਜਾ-।
- ਤੇਰੀ ਮਰਜੀ ਹੈ। ਬਾਅਦ 'ਚ ਮੈਨੂੰ ਨਾਂ ਕੇਹੀ-। ਸਾਹਮਣੇ ਕੋਈ ਗੱਡੀ ਨਹੀਂ ਸੀ। ਰਾਹ
ਸਾਫ਼ ਸੀ। ਨੀਲੇ ਅੱਖਾਂ ਵਾਲਾ ਸਪੀਡ ਸੌ ਤਕ ਲੈ ਗਿਆ। ਫਿਰ ਇੱਕ ਸੌ ਦਸ। ਫਿਰ ਬੋਲਿਆ -
ਅੱਛਾ ਆਪਣੀ ਵੱਧਰੀ ਬੰਨ੍ਹ ਲਾ-
- ਮੇਰਾ ਨਾ ਫਿਕਰ ਕਰ-। ਬਿੱਲਾ ਨੇ ਕਹਿਣਾ ਸ਼ੁਰੂ ਕੀਤਾ। ਪਰ ਅਗਲੇ ਈ ਪਲ ਵਿੱਚ ਚੋਰ
ਤਾਂ ਹੈਰਾਨ ਹੋ ਗਿਆ। ਆਲੇ ਦੁਆਲੇ ਰੁੱਖ ਮਿਟ ਗਏ। ਅੰਬਰ ਪਿਘਲ ਗਿਆ। ਸੜਕ ਘੁਲ ਗਈ।
ਆਲਾ ਦੁਆਲਾ ਰੂਪ ਵਿੱਚ ਬਦਲ ਗਿਆ। ਹੁਝਕਾ ਇੰਨ੍ਹੇ ਜੋਰ ਨਾਲ ਵੱਜਿਆ ਕਿ ਬਿੱਲੇ ਦੀ ਰਫ਼ਲ
ਭੂੰਝੇ ਡਿੱਗ ਗਈ। ਸੀਸ ਮੁਰਲੀ ਕੁਰਸੀ ਤੇ ਜੋਰ ਦੇਣੀ ਵੱਜ ਗਿਆ। ਬਿੱਲਾ ਬੇਹੋਸ਼
ਹੋਗਿਆ।।
* * * * * * * * * * * *
ਟਾਇਮ-ਸੈਲਾਨੀ ਗੱਡੀ ਦੀ ਘੋਖ ਕਰਦਾ ਸੀ। ਕਾਰ ਦੇ ਬਾਹਰ ਖੜ੍ਹਾ ਸੀ। ਓਹ ਦੀਆਂ
ਨੀਲੀਆਂ ਅੱਖਾਂ ਕੋਸੇ ਕੋਸੇ ਧੁੱਪ'ਚ ਚਮਕ ਦੀਆਂ ਸਨ। ਗੱਡੀ ਦੇ ਟਾਇਰ ਠੀਕ ਸੀ। ਜਦ
ਗੱਡੀ ਸੌ ਮੀਲ ਤੋਂ ਉਪਰ ਚੱਲੀ ਸੀ, ਮਹਾਂਕਾਲ 'ਚ ਪਾੜ ਹੋਗਿਆ ਸੀ। ਕਾਰ ਉਸ ਪਾੜ 'ਚੋਂ
ਲੰਘ ਕੇ ਇੱਥੇ ਆ ਗਈ ਸੀ। ਕਹਿਣ ਦਾ ਮਤਲਬ ਜਿੱਥੇ ਹੁਣ ਗੱਡੀ ਸੀ ਅਤੇ ਉਸਦਾ ਡਰਾਈਵਰ
ਖਲੋਤਾ ਸੀ। ਪੈਂਡਾ ਮਾਰਨ 'ਚ ਕਾਰ ਨੂੰ ਬਹੁਤ ਘੱਟ ਨੁਕਸਾਨ ਹੋਇਆ ਸੀ। ਟਾਇਰ ਧੂੰਆਂ
ਦੇਂਦੇ ਸੀ, ਪਰ ਰਬੜ ਸੜੀ ਨਹੀਂ। ਹੋਰ ਕਿੱਤੇ ਵੀ ਝਰੀਟ ਨਹੀਂ ਲੱਗੀ ਸੀ। ਹਾਲੇ ਲੋਹਾ
ਗਰਮ ਸੀ। ਇਸ ਕਰਕੇ ਮੁਸਾਫ਼ਰ ਨੇ ਹੱਥ ਨਹੀਂ ਲਾਇਆ। ਸੱਜੇ ਖੰਭ ਵਾਲੇ ਸ਼ੀਸੇ'ਚ ਆਪਣਾ
ਮੁੱਖ ਵੱਲ ਦੇਖਣ ਲੱਗ ਪਿਆ। ਨੱਕ ਤਿੱਖਾ ਸੀ, ਗਲਾਂ ਪਤਲੀਆਂ। ਬੁਲ੍ਹ ਵੀ ਪਤਲੇ ਸਨ।
ਸਿਰ ਰੋਡਾ ਸੀ। ਮੂੰਹ ਅੱਡ ਕੇ ਦੰਦਾਂ ਦੀ ਦੇੱਖ ਪੜਤਾਲ ਕਰਨ ਲੱਗ ਪਿਆ। ਆਹੋ, ਸਭ ਸੇਟ
ਸੀ। ਅਰਸੇ 'ਚੋਂ ਛਾਲ ਮਾਰਕੇ ਕੋਈ ਹਾਨ ਨਹੀਂ ਹੋਇਆ। ਘੁੰਮਕੇ ਰਾਹੀ ਨੇ ਗੱਡੀ ਵਿੱਚ
ਝਾਤੀ ਮਾਰੀ। ਰਫ਼ਲ ਥੱਲੇ ਡਿੱਗੀ ਸੀ। ਬੰਦਾ ਹਾਲੇ ਵੀ ਬੇਹੋਸ਼ ਸੀ। ਚਿਹਰਾ ਨਕਾਬ ਪਿੱਛੇ
ਲੁਕੋਇਆ ਸੀ। ਕਿਸੇ ਦੁਕਾਨ ਤੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦੀਆਂ ਗੱਲਾਂ ਤੇ
ਲੱਗੇ ਸਾਥੀ ਨੂੰ ਛੱਡ ਕੇ ਆਪ ਗੇਟਾਵੈ ਕਾਰ'ਚ ਉਡ ਗਿਆ ਸੀ। ਮਜਬੂਰੀ 'ਚ ਮੁਸਾਫ਼ਰ ਦੀ
ਗੱਡੀ ਨੂੰ ਅਗਵਾ ਕਰ ਲਿਆ। ਪਰ ਰਾਹੀ ਦੀ ਗੱਲ ਨਹੀਂ ਸੁਣੀ ਸੀ। ਹੁਣ ਨਤੀਜਾ ਦੇਖ। ਚੋਰੀ
ਦਾ ਨਤੀਜਾ ਦੋਨਾਂ ਲਈ ਬੁਰਾ ਸੀ। ਕੋਈ ਗੱਲ ਨਹੀਂ। ਘੱਟੋ ਘਟ ਇਨਸਾਨਾਂ ਦੇ ਜੱਗ 'ਚ ਸੀ
ਹਾਲੇ ਵੀ । ਸਿਰਫ਼ ਪੰਜ ਸੌ ਸਦੀਆਂ ਪਹਿਲਾ ਇਟਲੀ ਵਿੱਚ। ਕਹਿਣ ਦਾ ਮਤਲਬ ਮਹਾਂਕਾਲ
ਰਾਹੀਂ ਇਤਿਹਾਸ ਪਾਰ ਕਰ ਗਏ। ਅੱਗੇ ਨਹੀਂ, ਪਰ ਪਿੱਛੇ ਵੱਲ ਨੂੰ । ਚੱਕਰ ਇਹ ਸੀ ਕਿ
ਗੱਡੀ ਜਿਸ ਟਾਇਮ ਤੋਂ ਆਈ, ਵਾਪਸ ਨਹੀਂ ਜਾਂ ਸੱਕਦੀ ਸੀ। ਊਹ ਕੀ ਪੱਤਾ ਹਜ਼ਾਰ ਵਾਰੀ
ਇੱਦਾਂ ਛਾਲ ਮਾਰ ਕੇ ਉੱਥੇ ਵਾਪਸ ਪਹੁੰਚ ਜਾਵੇਗਾ? ਕਿਸਮਤ ਦੀ ਗੱਲ ਸੀ। ਕੁਦਰਤ ਦੇ
ਹੱਥਾਂ'ਚ ਸੀ ਸਭ ਕੁਝ।।
ਬੰਦਾ ਹੁਣ ਮਾੜਾ ਮੋਟਾ ਹਿੱਲਣ ਲਗ ਗਿਆ ਸੀ।।
ਬੰਦੇ ਨੇ ਪਹਿਲਾ ਆਪਣੇ ਸਿਰ ਉੱਤੇ ਹੱਥ ਫੇਰਿਆ। ਫਿਰ ਉਸ ਦੀਆਂ ਅੱਖਾਂ ਮੁਸਾਫ਼ਰ
ਦੀਆਂ ਨੀਲੀਆਂ ਅੱਖਾਂ ਨਾਲ ਮਿਲੀਆਂ। ਇੱਕ ਦਮ ਯਾਦ ਆ ਗਿਆ। ਗੁੱਸੇ'ਚ ਬੂਹਾ ਖੋਲ੍ਹਣ ਦੀ
ਕੋਸ਼ਿਸ਼ ਕੀਤੀ।
- ਨਾ ਕਰ! ਤੇਰਾ ਹੱਥ ਜਲ ਜਾਣਾ!-। ਪਰ ਚੋਰ ਨੇ ਤਾਂ ਦਰ ਦੀ ਹੈਂਡਲ ਫੜ ਕੇ ਹੱਥ
ਸਾੜ ਦਿੱਤਾ 'ਤੇ ਨਾਲੇ ਉੱਚੀ ਦੇਣੀ ਗਾਲ੍ਹ ਕਢੀ।
- ਮੈਂ ਕਿਹਾ ਨਾ ਹੱਥ ਨਹੀਂ ਲਊਣਾ। ਕਿਰਪਾ ਕਰਕੇ ਮੇਰੀ ਗੱਲ ਮਨ, ਆਮ ਗੱਡੀ ਨਹੀਂ ਹੈ
ਇਹ। ਤੂੰ ਸੋਚਦਾ ਹੋਵੇਂਗਾ ਮੈਂ ਤਾਂ ਬਾਹਰ ਹਾਂ। ਇਸ ਲਾਈ ਕਿ ਮੈਂ ਇਨਸਾਨ ਨਹੀਂ ਹਾਂ।
ਹਾਂ, ਪਰ ਤੇਰੇ ਵਰਗਾ ਨਹੀਂ। ਜਦ ਇੱਥੇ ਪਹੁੰਚੇ ਤਾਂ ਮੈਂ ਇੱਕ ਦਮ ਬੂਹਾ ਖੋਲ੍ਹ ਲਿਆ
ਸੀ। ਪਰ ਹੁਣ ਗੱਡੀ ਗਰਮ ਹੈ। ਟੈਮ ਲੱਗਦਾ ਕੂਲ ਹੋਣ ਨੂੰ-। ਪਰ ਚੋਰ ਨੇ ਨਾ ਸੁਣਿਆ;
ਉਹਨੇ ਰਫ਼ਲ ਚੁੱਕ ਲਈ ਸੀ। ਮੁਸਾਫ਼ਰ ਆਪਣੇ ਸੀਸ ਉਪਰ ਬਾਹਾਂ ਰੱਖ ਕੇ ਭੂੰਝੇ ਬਹਿ ਗਿਆ।
ਦੋਨਾਂ ਦੀਆਂ ਅੱਖਾਂ ਫਿਰ ਮਿਲੀਆਂ। ਗੋਲੀ ਬਾਰੀ'ਚ ਵੱਜ ਕੇ ਗੱਡੀ'ਚ ਕਿਸੇ ਖੂੰਜੇ ਫਸ
ਗਈ। ਚੋਰ ਹੈਰਾਨ ਹੋਗਿਆ। ਫਿਰ ਉੱਚੀ ਦੇਣੀ ਗਾਲ੍ਹਾਂ ਕੱਢਣ ਲੱਗ ਪਿਆ। ਅਖੀਰ ਹਾਰ ਕੇ
ਚੁੱਪ ਹੋ ਗਿਆ।।
ਸੈਲਾਨੀ ਨੇ ਤਾਕੀ ਨੂੰ ਪੋਲਾ ਦੇਣੀ ਛੋਹਿਆ। ਅੱਗੇ ਨਾਲੋਂ ਠੰਢੀ ਸੀ। - ਅੱਛਾ ਮੇਰੀ
ਗੱਲ ਸੁਣ, ਮੈਂ ਤੈਨੂੰ ਕੈਦ ਨਹੀਂ ਰਖਿਆ। ਜਦ ਗੱਡੀ ਥੋੜ੍ਹੀ ਜਿਹੀ ਹੋਰ ਠੰਢੀ ਹੋ ਗਈ,
ਮੈਂ ਦਰਵਾਜ਼ਾ ਖੋਲ੍ਹ ਦੇਣਾ। ਪਰ ਮੈਨੂੰ ਪਹਿਲਾ ਵਚਨ ਦੇ, ਕਿ ਤੂੰ ਰਫ਼ਲ ਨਹੀਂ ਚਲਾਏਂਗਾ?
ਅੱਛਾ? ਗੁਡ-। ਦਸ ਕੁ ਹੋਰ ਮਿੰਟ ਬੀਤ ਗਏ। ਗੱਡੀ ਠੰਢੀ ਹੋ ਗਈ ਸੀ। ਚੋਰ ਲਈ ਦੁਆਰ
ਖੋਲ੍ਹ ਦਿੱਤਾ ਤੇ ਚੋਰ ਬਾਹਰ ਆਕੇ ਆਲੇ ਦੁਆਲੇ ਦੇੱਖਣ ਲੱਗ ਗਿਆ। ਕੋਈ ਮੈਦਾਨ'ਚ ਨਹੀਂ
ਸੀ, ਬਸ ਆਲੇ ਦੁਆਲੇ ਝਾੜੀਆਂ ਸਨ।। ਜਿੱਥੇ ਤਕ ਨਿਗਾਹ ਜਾਂਦੀ ਸੀ ਉਥੇ ਤਕ ਕੋਈ ਮਕਾਨ
ਘਰ ਵਰਗੀ ਚੀਜ ਨਹੀਂ ਸੀ।।
- ਤੂੰ ਮੈਨੂੰ ਕਿੱਥੇ ਲਿਆਂਦਾ?-।
- ਫਿਕਰ ਨਾ ਕਰ। ਪਹਿਲੀ ਗੱਲ ਤੇ ਤੈਨੂੰ ਇੱਥੇ ਪੁਲਸ ਤੋਂ ਕੋਈ ਡਰ ਨਹੀਂ। ਦੂਜੀ ਗੱਲ
ਤੂੰ ਮੈਨੂੰ ਇੱਥੇ ਲੈ ਕੇ ਆਂਦਾ ਆਪਣੀ ਜਬਦਸਤੀ ਨਾਲ। ਤੇ ਆਖਰੀ ਗੱਲ, ਆਪਾ ਰੌਮਾ ਦੇ
ਬਾਹਰ ਹਨ। ਓਹ ਯੇਸ। ਆਪਾ ਇਟਲੀ'ਚ ਹਾਂ। ਓਹ ਵੀ ਤੇਰੇ ਜਨਮ ਤੋਂ ਤਕਰੀਬਨ ਵੀਹ ਸਦੀਆਂ
ਪਹਿਲਾ-
- ਬਕਵਾਸ ਬੰਦ ਕਰ। ਚੱਜ ਦਾ ਜੁਆਬ ਦੇ-।
- ਨਹੀਂ ਮਨੰਦਾ? ਆ ਵੇਖ- ਮੁਸਾਫ਼ਰ ਨੇ ਚੋਰ ਨੂੰ ਗੱਡੀ ਦੇ ਅੱਗੇ ਲੈ ਕੇ ਖੜ੍ਹਾ ਕਰ
ਦਿੱਤਾ ਸੀ। ਉਸਦੇ ਸਾਹਮਣੇ ਮੋਟਰ- ਇੰਜਣ ਦਾ ਢੱਕਣ ਖੋਲ੍ਹ ਦਿੱਤਾ। ਚੋਰ ਇੰਜਣ ਵੇੱਖ ਕੇ
ਹੈਰਾਨ ਸੀ। ਆਮ ਇੰਜਣ ਵਰਗਾ ਨਹੀਂ ਸੀ। ਇੱਥੇ ਉੱਥੇ ਰੰਗ ਬਰੰਗੀਆਂ ਤਾਰਾਂ ਸੱਪਾਂ ਵਾਂਗ
ਵਲ ਖਾਂਦੀਆਂ ਚਲ ਦੀਆਂ ਸਨ। ਆਪਸ ਵਿੱਚ ਵਟ ਮੋੜ ਕੇ ਬਤੀਆਂ ਨਾਲ ਚਮਕ ਦੀਆਂ ਸਨ।
- ਸਮਝ ਲੈ ਤੇਰੀ ਚੋਰੀ ਦੀ ਸਜ਼ਾ ਮਿਲ ਗਈ। ਤੂੰ ਮੈਨੂ ਸੁਣਿਆ ਨਹੀਂ। ਜਦ ਇਸ ਇੰਜਣ
ਨੂੰ ਸੌ ਮੀਲ ਤੋਂ ਉਪਰ ਲੈ ਜਾਈਏ ਤਾਂ ਗੱਡੀ ਕਾਲ ਵਿੱਚ ਪਾੜ ਕਰਕੇ ਜਿੱਦਾਂ ਕੋਈ
ਸਰੰਗ'ਚੋਂ ਲੰਘ ਦੀ ਐ, ਹੋਰ ਸਮੇਂ'ਚ ਆ ਪਹੁੰਚਦੀ ਏ। ਕਈ ਕਈ ਵਾਰੀ ਪੁਲਾੜ'ਚੋਂ ਲੰਘ ਕੇ
ਕਿਸੇ ਹੋਰ ਸੰਸਾਰ'ਚ ਵੀ ਪਹੁੰਚ ਜਾਂਦੀ ਹੈ। ਤੈਨੂੰ ਮੈਂ ਪਾਗਲ ਲੱਗਦਾ! ਆਲੇ ਦੁਆਲੇ
ਦੇੱਖ। ਇੰਜਣ ਹਾਲੇ ਵੀ ਗਰਮ ਹੈ। ਮੈਨੂੰ ਮੌਕਾ ਨਹੀਂ ਮਿਲਿਆ ਇਸ ਵਿੱਚ ਬਾਲਣ ਪਾਉਣ ਦਾ।
ਪ੍ਰੋਬੱਲਮ ਹੈ। ਰੌਮਾ 'ਚ ਜਾਕੇ ਬਾਲਣ ਟੋਲਣਾ ਪਵੇਗਾ। ਜੇ ਤੂੰ ਮੇਰੇ ਨਾਲ ਸਫਰ'ਤੇ ਜਾਣ
ਦਾ ਫੈਸਲਾ ਕਰ ਲਿਆ, ਕੋਈ ਰਾਹ ਹੈ ਨਹੀਂ ਜਿਸ ਨਾਲ ਤੇਰੇ ਸਮੇਂ, ਤੇਰੇ ਟੱਬਰ ਕੋਲੇ
ਪਹੁੰਚਾ ਸਕਦਾਂ। ਨਾਲੇ ਕਿਉਂ ਕਰਾ? ਤੂੰ ਤਾਂ ਚੋਰ ਹੈ। ਤੂੰ ਮੇਰੇ ਧੌਣ'ਤੇ ਰਫ਼ਲ ਰੱਖੀ
ਸੀ। ਜਿਹੜੇ ਕਪੜੇ ਤੇਰੇ ਪਾਏ ਹੋ, ਇਹਨਾਂ'ਚ ਇੱਥੇ ਨਹੀਂ ਫਿਰ ਸਕਦਾ। ਲੋਕਾਂ ਨੂੰ ਅਜੀਬ
ਲੱਗਣਾ- ਪਰ ਚੋਰ ਮੁਸਾਫ਼ਰ ਦੀ ਬੜਬੜ ਸੁਣਨ ਤੋਂ ਹਟ ਗਿਆ ਸੀ। ਉਸਨੇ ਗੱਡੀ ਵਿੱਚੋਂ ਰਫ਼ਲ
ਚੱਕ ਕੇ ਡਰਾਈਵਰ ਦੇ ਮੱਥੇ 'ਤੇ ਲਾ ਦਿੱਤੀ। ਦੋਨਾਂ ਦੀਆਂ ਅੱਖਾਂ ਫਿਰ ਮਿਲੀਆਂ।
ਮੁਸਾਫ਼ਰ ਨੇ ਰਫ਼ਲ ਦਾ ਵੇਲਣ ਫੜ ਕੇ ਮਲੀਦਾ ਕਰ ਦਿੱਤਾ, ਜਿੱਦਾਂ ਹੱਥਾਂ'ਚ ਗੁੰਨ੍ਹਿਆ
ਮਸਲਦਾ ਸੀ। ਚੋਰ ਹੈਰਾਨੀ ਨਾਲ ਮੂੰਹ ਅੱਡ ਕੇ ਕੰਬਣ ਲੱਗ ਪਿਆ।।
- ਡਰਨ ਦੀ ਕੋਈ ਲੋੜ ਨਹੀਂ। ਇਹ ਹੁਣ ਤੇਰੇ ਲਈ ਸੱਚਾਈ ਏ। ਚੋਰ ਨੇ ਮਸਲੀ ਹੋਈ ਰਫ਼ਲ
ਛੱਡ ਦਿੱਤੀ। ਗੂੰਗਾ ਹੋਇਆ ਡੌਰ-ਭੌਰ ਦੇਖੀ ਜਾਂਦਾ ਸੀ ; ਲਾਜਵਾਬ ਹੋਗਿਆ ਸੀ।- ਮੈਂ
ਤਾਂ ਚੋਰ ਨੂੰ ਆਪਣੇ ਦੂਰ ਦੀ ਮੰਜ਼ਲ ਲਈ ਮੁਹਿੰਮ, ਜੋਖਮ ਸਫਰਾਂ 'ਤੇ ਨਹੀਂ ਲੈ ਕੇ ਜਾਣਾ
ਚਾਹੁੰਦਾ ਸੀ। ਵਕਤ ਦਾ ਕੈਦੀ ਤੂੰ ਬਣ ਗਿਆ। ਚੰਗਾ ਪਾਸਾ ਵੇਖ। ਜੇਲ੍ਹ ਦੀਆਂ ਚਾਰ
ਕੰਧਾਂ'ਚ ਨਹੀਂ ਹੈ। ਸਿਰਫ਼ ਹੋਰ ਸਮੇਂ'ਚ ਕੈਦ ਹੈ। ਨਕਾਬ ਤਾਂ ਲਾ ਦੇ -। ਬੌਂਦਰਿਆ ਹੋਏ
ਚੋਰ ਨੇ ਮੁਖ ਤੋਂ ਮਾਸਕ ਲਾ ਦਿੱਤਾ। ਚੋਰ ਕਾਲਾ ਸੀ। ਕਹਿਣ ਦਾ ਭਾਵ ਜਮੀਕਾ। ਮੁਸਾਫ਼ਰ
ਤਾਂ ਸਫ਼ੈਦ ਰੰਗ ਦਾ ਮਨੁੱਖ ਸੀ। ਇਟੱਲੀ'ਚ ਵੀ ਲੋਕ ਚਿੱਟੇ ਸੀ। - ਭਰਾਵਾ, ਤੂੰ ਤਾਂ
ਇੱਕਦਮ ਫਸ ਗਿਆ! ਇਟਾਲਵੀਆਂ ਨੇ ਤਾਂ ਤੈਨੂੰ ਗੁਲਾਮ ਸਮਝਣਾ-।।
- ਤੇਰੇ ਨਾਲ ਚੱਲਾਂ ਜੇ -
- ਕਿੱਥੇ? ਮੈਂ ਤਾਂ ਬਾਲਣ ਲੈਣ ਚੱਲਾ। ਤੂੰ ਤਾਂ ਮੈਨੂੰ ਜਬਰਦਸਤੀ ਨਾਲ ਇੱਥੇ ਲਿਆਂਦਾ।
ਕਿਉਂ ਭਲਾ ਕਰਾ? ਹੱਥ ਜੋੜ ਦਾ। ਤੂੰ ਆਪਣੇ ਰਾਹ ਜਾ, ਮੈਂ ਆਪਣੇ-।
- ਸੁਣ ਹੁਣ ਤਾਂ ਆਪਾ ਦੋਨੋਂ ਫਸ ਗਏ। ਮੈਂ ਕਦੀ ਨਹੀਂ ਸੋੱਚਿਆ ਕੀ ਬੰਦਾ ਟਾਇਮ'ਚ ਵੀ
ਸਫਰ ਕਰ ਸਕਦਾ ਕਦੇ -
- ਮੈਨੂੰ ਤਾਂ ਲੱਗਦਾ ਤੂੰ ਸੋਚਾਂ ਵਾਲਾ ਨਹੀਂ ਏ। ਸ਼ੁਰੂ ਤੋਂ ਈ ਤੇਰੀ ਕੌਮ ਇੱਦਾਂ ਦੀ
ਏ। ਮਨਮੁਖ ਸਵਾਰਥੀ। ਵਾਪਾਰੀ ਅਤੇ ਲਾਲਚੀ। ਬਦਸੂਰਤ ਕੌਮ ਐ। ਜੰਗ, ਚੋਰੀ, ਧਰਮ ਦੇ
ਗੁਲਾਮ, ਇਨਸਾਨ ਵੱਲ ਬੇਮਾਣ। ਕੁੱਖ'ਚ ਧੀਆਂ ਨੂੰ ਮਾਰਦੇ। ਸਭ ਚੱਲਦਾ ਹੀ ਐ। ਫਿਰ
ਗੋਰਿਆ ਨੂੰ ਸੁਨਿਹਰੀ ਕੌਮ ਆਖਦੇ। ਓਹ ਤਾਂ ਹੀ ਰਬ ਦੀ ਕੌਮ, ਕਿਉਂਕਿ ਆਪਣੇ ਭੈਣ
ਭਰਾਵਾਂ ਦੀ ਮਦਦ ਕਰਦੇ-।
- ਕੰਨ ਨਾ ਖਾਂ! ਜੇ ਮਦਦ ਕਰਨੀ ਏ..ਉਫ! ਤੂੰ ਆਦਮੀ ਨਹੀਂ ਹੋ ਸਕਦਾ! ਇੰਨ੍ਹਾ ਜੋਰ!-
ਫਿਰ ਚੋਰ ਨੇ ਕਿਹਾ ਸੀ।
- ਜੋਰ! ਭਰਾਵਾ, ਮੇਰੀ ਕੌਮ ਤੇਰੇ ਤੋਂ 'ਤੇ ਸਭ ਇਨਸਾਨਾਂ ਤੋਂ ਅਲੱਗ ਅਤੇ ਤਕੜੀ ਹੈ।
ਅਸੀਂ ਪੁਲਾੜ ਨੂੰ ਖੋਜ ਦੇ, ਜਾਂਚ ਪੜਤਾਲ ਕਰਦੇ ਐ। ਅੱਛਾ ਜੇ ਤੂੰ ਮਦਦ ਚਾਹੁੰਦਾ, ਰੌਮ
ਤਕ ਮੇਰੇ ਨਾਲ ਤੁਰ ਕੇ ਜਾ। ਤੈਨੂੰ ਗੁਲਾਮ ਦੇ ਰੂਪ'ਚ ਜਾਣਾ ਪਵੇਗਾ। ਉੱਥੇ ਮੈਂ ਤੈਨੂੰ
ਛੱਡ ਦੇਣਾ। ਉਦੋਂ ਬਾਅਦ ਤੇਰੀ ਆਪਣੀ ਕਿਸਮਤ ਹੈ-।।
ਮੁਸਾਫ਼ਰ ਚੋਰ ਨੂੰ ਗੱਡੀ ਦੇ ਪਿੱਛੇ ਲੈ ਗਿਆ ਸੀ ਤੇ ਬੂਟ ਖੋਲ੍ਹ ਕੇ ਅੰਦਰ ਵੜ ਗਿਆ।
ਚੋਰ ਇੱਕ ਵਾਰੀ ਫੇਰ ਹੈਰਾਨ ਹੋਗਿਆ ਸੀ। ਉਨ੍ਹੇ ਬੂਥ ਅੰਦਰ ਤੱਕਿਆ, ਪੋੜੀਆਂ ਥੱਲੇ
ਜਾਂਦੀਆਂ ਸੀ! ਪਰ ਥੱਲਾ ਦਿੱਸਦਾ ਨਹੀਂ ਸੀ। ਕੋਈ ਅੰਤ ਨਹੀਂ ਸੀ; ਨਾ ਮੁਸਾਫ਼ਰ ਦਿੱਸਦਾ
ਸੀ। ਕੇਵਲ ਕਦਮਾਂ ਦਾ ਖੜਾਕ ਸੁਣਦਾ ਸੀ। ਫਿਰ ਖ਼ਮੋਸ਼ੀ। ਹਾਰ ਕੇ ਉਪਰ ਵਾਪਸ ਆਉਂਦੇ
ਕਦਮਾਂ ਦੀ ਆਵਾਜ਼ ਸੁਣਨ ਲੱਗ ਗਈ ਸੀ। ਥੋੜ੍ਹਾ ਚਿਰ ਬਾਅਦ ਬੂਥ ਵਿੱਚੋਂ ਮੁਸਾਫ਼ਰ ਦਾ ਸਿਰ
ਨਿਕਲ ਗਿਆ, ਜਿੱਦਾਂ ਸਹਿਆ ਦਾ ਸੀਸ ਕਿਸੇ ਖੱਡੇ'ਚੋਂ ਨਿਕਲ ਦਾ ਹੁੰਦਾ। ਸੈਲਾਨੀ ਦੇ
ਰੌਮਨੀ ਕਪੜੇ ਪਾਏ ਹੋਏ ਸੀ। ਉਨ੍ਹੇ ਚੋਰ ਦੇ ਹੱਥਾਂ'ਚ ਰੌਮਨ ਕਪੜੇ ਲੀੜੇ ਰੱਖ ਦਿੱਤੇ।
ਫਿਰ ਬੂਥ'ਚੋਂ ਬਾਹਰ ਆਕੇ ਬੰਦ ਕਰ ਦਿੱਤਾ।।
- ਤੇਰੇ ਮੁਖ ਤੋਂ ਤਾਂ ਲੱਗਦਾ ਤੈਨੂੰ ਸਮਝ ਨਹੀਂ ਪਈ। ਇਹ ਆਮ ਗੱਡੀ ਨਹੀਂ। ਇਸ
ਵਿੱਚ ਕਈ ਕਮਰੇ ਹਨ। ਸਮਝ ਲੈ ਕਿ ਇਹ ਟਾਰਿਮ-ਮਸ਼ੀਨ ਹੈ। ਕਪੜੇ ਪਾ। ਆਵਦੇ ਗੱਡੀ'ਚ ਰੱਖ
ਦੇ-।
ਚੋਰ ਨੇ ਪੁਰਾਣੀ ਇੱਟਲੀ ਦੇ ਕਪੜੇ ਪਾ ਲਏ ਸੀ। ਫਿਰ ਦੋਨਾਂ ਨੇ ਗੱਡੀ ਝਾੜੀਆਂ ਦੀ
ਝੰਗੀ'ਚ ਧੱਕ ਕੇ ਲੁਕੋ ਦਿੱਤੀ। ਦੋਨੋਂ ਫਿਰ ਪੈਦਲ ਪੱਛਮ ਵੱਲ ਚੱਲੇ ਗਏ। ਜਦ ਝਾੜੀਆਂ
'ਚੋਂ ਨਿਕਲੇ ਸੀ, ਚੋਰ ਦੇ ਸਾਹਮਣੇ ਮੈਦਾਨਾਂ'ਚ ਕਿਸਾਨ ਕੰਮ ਕਰ ਰਹੇ ਸਨ। ਉਨ੍ਹਾਂ ਦੇ
ਪਿੱਛੇ ਸਾਫ਼ ਰੌਮ ਦੇ ਇਮਾਰਤ ਕਿਲ੍ਹੇ ਦਿੱਸਦੇ ਸੀ।
- ਵਾਹ!- ਚੋਰ ਨੇ ਆਖਿਆ।
- ਬਹੁਤ ਸੰਦਰ ਹੈ- ਮੁਸਾਫ਼ਰ ਨੇ ਉਤਾਰ ਦਿੱਤਾ।।
* * * * * * * * * * * *
ਅੱਧਾ ਘੰਟੇ ਲਈ ਇੱਦਾਂ ਦੋਨੋਂ ਤੁਰਦੇ ਫਿਰਦੇ ਗਏ। ਫਿਰ ਬਿੱਲਾ ਨੇ ਨੀਲੇ ਅੱਖਾਂ
ਵਾਲੇ ਨੂੰ ਆਖਿਆ ਤੇਰਾ ਨਾਂਅ ਕੀ ਹੈ?-।
- ਤੈਤੋਂ ਕਹਿ ਨਹੀਂ ਹੋਣਾ-।
- ਦੱਸ ਕੇ ਤਾਂ ਦੇੱਖ-।
- ਅੱਛਾ। ਮੇਰਾ ਨਾਂ ਕਮਟਕਲੀਟਨਸੇਵਈਫਣਤਾ ਹੈ-।
- ਮੈਂ ਤੇਨੂੰ “ਕੈ” ਕਹੂੰਗਾ -।
- ਕਿਹਾ ਨਾ ਮੈਂ। “ਕੈ” ਵੀ ਚੱਲੇਗਾ। ਹੁਣ ਤੂੰ ਮੈਨੂੰ ਆਪਣਾ ਨਾਂਅ ਦੱਸ-।
- ਬਿੱਲਾ-।
- ਬਿੱਲਾ। ਸੋਹਣਾ ਨਾਂਅ ਐ। ਮੈਨੂੰ ਹੁਣ ਵਾਦਾ ਕਰ। ਤੂੰ ਇਸ ਥਾਂ' ਤੇ ਨਵੀ ਜਿੰਦਗੀ
ਸ਼ੁਰੂ ਕਰਨੀ ਏ। ਇੱਥੇ ਕੋਈ ਪੁਠਾ ਉਲਟਾ ਕੰਮ ਨਹੀਂ ਕਰਨਾ। ਤੇਰੇ ਸਮੇਂ ਵਾਂਗ ਨਹੀਂ ਏ।
ਸੂਲੀ ਤੇ ਲਮਕਾ ਦੇਣਾ ਜੇ ਤੂੰ ਕੁਝ ਗਲਤ ਕੀਤਾ-।
- “ਕੈ” ਤੂੰ ਮੈਨੂੰ ਆਪਣੇ ਨਾਲ ਲੈ ਜਾ। ਮੈਂ ਕਦੀ ਫਿਰ ਚੋਰੀ ਨਹੀਂ ਕਰੂਗਾ। ਇੱਥੇ ਮੈਂ
ਕੀ ਕਰ ਸਕਦਾ ਆ? ਮੇਰਾ ਤਾਂ ਰੰਗ ਗਲਤ ਹੈ। ਨਾਂ ਈ ਮੈਨੂੰ ਇਹਨਾਂ ਦੀ ਬੋਲੀ ਆਉਂਦੀ ਆ-।
- ਮੇਰੀ ਗੱਡੀ ਆਉਣ ਦੀ ਗਲਤੀ ਕੀਤੀ ਨਾ? ਸ਼ਹਿਰ ਚਲਿਏ। ਫਿਰ ਦੇਖ ਦੇ ਐ। ਰੀਲੈਕਸ। ਜੀਵਨ
ਦਾ ਨਵਾਂ ਸਫ਼ਾ ਖੋਲ੍ਹ ਦਿੱਤਾ। ਮੈਂ ਹੈ ਨਾ?-।।
ਪਰ ਬਿੱਲਾ ਇੱਥੇ ਪਕਾ ਨਹੀਂ ਰਹਿਣਾ ਚਾਹੁੰਦਾ ਸੀ। ਬਿੱਲੇ ਨੂੰ ਪੁਰੀ ਸਮਝ ਹੁਣ ਸੀ ਕਿ
ਉਸਦੀ ਗਲਤੀ ਸੀ “ਕੈ” ਦੀ ਗੱਡੀ ਵਿੱਚ ਵੜਣ ਦੀ। ਕੀ ਪਤਾ ਰਬ ਤੋਂ ਸੱਚ ਮੁੱਚ ਸੱਜ਼ਾ ਸੀ
ਚੋਰੀ ਕਰਨ ਦੀ। ਕਿਹੜੀ ਚੋਰੀ? ਓਹ ਕੰਮ ਤਾਂ ਕਾਮਯਾਬ ਵੀ ਨਹੀਂ ਸੀ! ਮੁਸੀਬਤ 'ਚ ਫਸ
ਗਿਆ ਸੀ। ਇਸ ਨਤੀਜੇ ਦੀ ਪੇਸ਼ੀਨ ਗੋਈ ਕੋਈ ਨਜੂਮੀ ਨਹੀਂ ਕਰ ਸੱਕਦਾ ਸੀ। ਇਸ ਭੌ ਤੋਂ
ਕੋਈ ਰਿਹਾਈ ਚਾਹੀਦੀ ਸੀ। ਬਾਲਣ ਲੈਣ ਤੋਂ ਬਲਣ ਬਾਅਦ, ਮਨ ਵਿੱਚ ਗੱਡੀ ਚੋਰੀ ਕਰਨ ਦੀਆਂ
ਪਲੈਨਾਂ ਬਣਾਉਣ ਲੱਗ ਗਿਆ। ਉਸ ਗੱਡੀ ਨਾਲ ਜਿੱਥੇ ਮਰਜ਼ੀ ਜਾ ਸਕਦਾ ਹੈ। ਗੱਡੀ ਬਹੁਤ ਕੁਝ
ਕਰ ਸੱਕਦੀ ਹੈ। ਦੇਵ ਬਣ ਸੱਕਦਾ ਹੈ। ਗ਼ਰੀਬੀ ਉੱਠਾ ਸੱਕਦਾ ਹੈ। ਕਹਿਣ ਦਾ ਮਤਲਬ ਆਪਣੀ।
ਹੋਰ ਕਿਸੇ ਦੀ ਨਹੀਂ। ਬੇਅੰਤ ਸੰਭਾਨਾਵਾਂ ਸੀ। “ਕੈ” ਨੂੰ ਮਿਲ ਕੇ ਹੋਂਦ ਦਾ ਮਤਲਬ ਬਦਲ
ਗਿਆ ਸੀ। ਓਏ ਬਿੱਲਿਆ, ਤੂੰ ਤਾਂ ਖੁਦਾ ਬਣ ਜਾਣਾ! ਘੱਡੀ ਨਾਲ ਬਹੁਤ ਕੁਝ ਕਰ ਸੱਕਦਾ
ਹੈ!
- ਬਿੱਲਿਆ, ਤੂੰ ਚਾਹੁੰਦਾ ਮੈਂ ਤੇਰੇ 'ਤੇ ਤਰਸ ਕਰਾ। ਇਤਬਾਰ ਕਰਾ। ਇੱਦਾਂ ਕਿਵੇਂ
ਕਰਾ ਜੇ ਤੂੰ ਮੇਰੀ ਟਾਇਮ-ਮਸ਼ੀਨ ਨੂੰ ਚੋਰੀ ਕਰਨਾ ਹੈ?- “ਕੈ” ਦੇ ਲਾਫਜ਼ ਸੁਣ ਕੇ ਬਿੱਲਾ
ਹੋਰ ਹੈਰਾਨ ਹੋ ਗਿਆ।- ਹਾਂ। ਮੈਂ ਸਭ ਦੇ ਸੋਚਾਂ ਨੂੰ ਸੁਣ ਸਕਦਾ ਹਾਂ। ਤੇਰੇ ਵਰਗਾ
ਬੰਦਾ ਬਦਲ ਨਹੀਂ ਸੱਕਦਾ-। ਹਾਲੇ ਬਿੱਲਾ ਜਵਾਬ ਹੀ ਦੇਣ ਲੱਗਾ ਸੀ, ਜਦ ਸੜਕ ਤਕ
ਪਹੁੰਚੇ। ਇੱਥੇ ਦੋ ਕੁ ਰੌਮਨ ਫੌਜੀ ਖੜ੍ਹੇ ਸੀ। “ਕੈ” ਉਨ੍ਹਾਂ ਕੋਲੇ ਜਾਕੇ ਇਟਾਲਵੀ'ਚ
ਬਕਬਕ ਕਰਨ ਲੱਗ ਗਿਆ। ਬਿੱਲੇ ਦੇ ਬੋਧ ਨੇ ਉਸ ਨੂੰ ਕਿਹਾ “ਦੌੜ”। ਪਰ ਹਾਲੇ ਸੋੱਚਣ ਹੀ
ਲੱਗਾ ਸੀ, ਜਦ ਫੌਜੀਆਂ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ। “ਕੈ” ਨੇ ਉਸਦੇ ਕੋਲੇ ਆਕੇ
ਕਿਹਾ ਕੰਨਾਂ ਵਿੱਚ - ਇਹ ਹੈ ਚੋਰੀ ਦਾ ਨਤੀਜਾ-।। ਬਿੱਲੇ ਨੂੰ ਇੱਕ ਗੱਡੇ ਵਿੱਚ ਕੈਦ
ਕਰ ਲਿਆ ਸੀ।। ਗੱਡੇ ਦੇ ਵਿਚ ਬੈਠੇ ਨੇ ਟਾਇਮ-ਸੈਲਾਨੀ ਵੱਲ ਘੂਰ ਘੂਰ ਕੇ ਦੇੱਖ ਦਾ ਰਹੇ
ਗਿਆ ਸੀ। ਫੌਜੀ ਬਿੱਲੇ ਨੂੰ ਰੌਮ ਦੀ ਜੇਲ ਲੈ ਗਏ ਸੀ।।
* * * * * * * * * * * *
ਮੁੰਡਾ ਕੰਬਦਾ ਸੀ। ਸਿਰਫ਼ ਦਸ ਮਿੰਟ ਹੋਇਆਂ ਸੀ ਜਦ ਦੇ ਦੋ ਚੋਰ ਦੁਕਾਨ ਤੋਂ ਖਿਸਕ ਗਏ
ਸੀ। ਜਿਹੜਾ ਥੱਲੇ ਡਿੱਗਿਆ ਸੀ, ਉਸਨੂੰ ਗਾਹਕਾਂ ਨੇ ਕਬਜ਼ਾ ਕਰ ਲਿਆ ਸੀ। ਮਾਂ ਨੇ ਪੁਲਸ
ਨੂੰ ਫੌਨ ਘੁੰਮਾ ਦਿੱਤਾ ਸੀ। ਹੌਲੀ ਹੌਲੀ ਮੁੰਡੇ ਨੂੰ ਮਸੂਸ ਹੋਇਆ ਕਿ ਉਸਦੇ ਟੱਬਰ ਨੂੰ
ਹੋ ਕੀ ਗਿਆ ਸੀ। ਭਾਰਾ ਸਾਹ ਭਰ ਕੇ ਘਬਰਾਹਟ ਨੂੰ ਪਰੇ ਕਰਨ ਦੀ ਕੋਸ਼ਿਸ਼ ਕਰਦਾ ਸੀ। ਸੱਜੀ
ਲੱਤ ਹਿੱਲੀ ਗਈ। ਬਹਾਦਰ ਗਾਹਕ ਨੇ ਲੱਤ ਉੱਤੇ ਹੱਥ ਰੱਖ ਕੇ ਅਡੋਲ ਕਰਨ ਦੀ ਕੋਸ਼ਿਸ਼
ਕੀਤੀ। ਮੁੰਡਾ ਰੋਣ ਲੱਗ ਗਿਆ ਸੀ। ਉਸਦਾ ਬਾਪ ਬੰਨ੍ਹੇ ਹੋਏ ਚੋਰ ਨੂੰ ਗਾਲ੍ਹਾਂ ਕਢਦਾ
ਸੀ। ਬਹਾਦਰ ਗਾਹਕ ਮੁੰਡੇ ਨੂੰ ਦੁਕਾਨ'ਚੋਂ ਬਾਹਰ ਲੈ ਗਿਆ, ਹਵਾ ਲੈਣ।।
ਇੱਕ ਨੀਲੀਆਂ ਅੱਖਾਂ ਵਾਲਾ ਰੋਡਾ ਆਦਮੀ ਭੀੜ'ਚ ਖੜ੍ਹਾ ਸੀ। ਚੋਰੀ ਜਦ ਹੁੰਦੀ ਹੈ, ਕੋਈ
ਨਹੀਂ ਹੱਥ ਵਿੱਚ ਪਾਉਂਦਾ। ਪਰ ਸਭ ਬਾਅਦ ਨਜ਼ਾਰਾ ਦੇੱਖਣ ਖਲੋ ਜਾਂਦੇ ਹਨ। ਮੁੰਡੇ ਅਤੇ
ਬੰਦੇ ਦੀਆਂ ਅੱਖਾਂ ਮਿਲੀਆ। ਪਤਾ ਨਹੀਂ ਕਿਉਂ, ਪਰ ਮੁੰਡੇ ਨੂੰ ਸ਼ਾਂਤੀ ਆ ਗਈ। ਮਨ ਵਿੱਚ
ਇੱਦਾਂ ਲੱਗਿਆ ਜਿੱਦਾਂ ਕੋਈ ਨਿਆਂ ਮਿਲ ਗਿਆ ਸੀ। ਅੰਦਰੋਂ ਮਾਂ ਦੀ ਆਵਾਜ਼ ਆਈ ਜਿਹੜਾ
ਚੋਰ ਪਹਿਲਾ ਨੱਸਿਆ, ਓਹ ਨੂੰ ਪੁਲਸ ਨੇ ਫੜ ਲਿਆ। ਦੂਜੇ ਦਾ ਨ੍ਹੀਂ ਪੱਤਾ-। ਪਰ ਮੁੰਡੇ
ਨੂੰ ਨੀਲ਼ਆਂ ਅੱਖਾਂ ਵਾਲੇ ਦੀ ਮੁਸਕਾਨ ਦੇਖ ਕੇ ਤਸੱਲੀ ਹੋ ਗਈ ਸੀ।।
ਖਤਮ |