|
|
|
ਉੱਡਦੇ ਪਰਿੰਦੇ
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ,
ਪੰਜਾਬ |
|
|
|
ਮੈਲਬੋਰਨ
ਦੀ ਰੰਗੀਨ ਸਵੇਰ। ਪੰਛੀਆਂ ਦੀ ਚੈਂ-ਚੈਂ। ਬੱਦਲਾ ਦੀ ਗੜਗੜਾਹਟ। ਇੱਕ ਸੰਗੀਤ ਭਰੀ
ਸਵੇਰ। ਪਤਾ ਨਹੀ ਕਿਉ ਅੱਜ ਇਹ ਉੱਡ ਰਹੇ ਪਰਿੰਦੇ ਆਪਣੇ ਹੀ ਲੱਗ ਰਹੇ ਨੇ। ਆਪਣੇ ਹੀ
ਦੇਸ਼ ਦੇ। ਵਤਨੋ ਦੂਰ ਮੇਰੇ ਵਾਂਗ ਪ੍ਰਵਾਸੀ। ਜੌਬ ਤੇ ਜਾਣ ਲਈ ਤਿਆਰ ਹੁੰਦੇ-ਹੁੰਦੇ
ਮੀਂਹ ਵੀ ਲੈ ਪਿਆ। ਕਾਲੀ ਬੱਦਲੀ ਨੇ ਦਿਨ ਚੱੜਦੇ ਹੀ ਫਿਰ ਤੋਂ ਹਨੇਰਾ ਕਰ ਦਿੱਤਾ ਸੀ।
ਅਜਿਹਾ ਤੇਜ ਮੀਂਹ ਮੈਂ ਆਸਟ੍ਰੇਲੀਆ ‘ਚ ਪਹਿਲਾਂ ਕਦੇ ਨਹੀਂ ਸੀ ਵੇਖਿਆ। ਨੀਦ ਪੂਰੀ ਨਾ
ਹੋਣ ਕਾਰਨ ਮੇਰਾ ਸਿਰ ਪਹਿਲਾਂ ਤੋਂ ਹੀ ਦਰਦ ਕਰ ਰਿਹਾ ਸੀ ‘ਤੇ ਉੱਤੋਂ ਠੰਡ ਵੱਧਦੀ ਹੀ
ਜਾ ਰਹੀ ਏ।
ਅੱਜ ਈਸਟਰ ਹੈ। ਗੋਰਿਆ ਦਾ ਤਿਉਹਾਰ ਜਿਸਨੂੰ ਉਹ ਦਿਲੋ ਮਨਾਉਦੇ ਨੇ। ਅਸਲ ਵਿੱਚ ਇਹ
ਦਿਲਾਂ ਦਾ ਤਿਉਹਾਰ ਹੀ ਹੈ। ਰਿਸ਼ਤਿਆਂ ‘ਚ ਪੈਦਾ ਹੋਈ ਕੜਵਾਹਟ ਨੂੰ ਦੂਰ ਕਰਣ ‘ਤੇ ਨਵੇਂ
ਰਿਸ਼ਤੇ ਬਣਾਉਣ ਦਾ ਤਿਉਹਾਰ। ਇੱਕ ਦੂਜੇ ਨੂੰ ਤੋਹਫ਼ੇ ਦੇਕੇ ਦਿਲਾ ਦੀ ਸਾਝ ਗੂੜੀ ਕਰਣ ਦਾ
ਤਿਉਹਾਰ। ਖੱਟੇ-ਮਿੱਠੇ ਲਾਲ ਰੰਗ ਦੇ ਅੰਡੇ ਵੰਡਣ ਦਾ ਤਿਉਹਾਰ। ਲਾਲ ਰੰਗ ਯਿਸੂ ਮਸੀਹ
ਦੇ ਪਵਿੱਤਰ ਲਹੂ ਦਾ ਪ੍ਰਤੀਕ ਮੰਨਿਆਂ ਜਾਦਾ ਹੈ ਜੋ ਮਨੁੱਖਤਾ ਦੇ ਭਲੇ ਲਈ ਆਪਣੀ ਜਾਨ
ਦੀ ਕੁਰਬਾਨੀ ਦਿੰਦੇ ਹੋਏ ਇਨਸਾਨੀਅਤ ਦੇ ਦੁਸ਼ਮਣਾਂ ਦੇ ਹੱਥੀ ਦੁੱਖ ਭਰੀ ਮੌਤ ਮਰੇ ਸਨ।
ਜਨਤਕ ਛੁੱਟੀ ਹੋਣ ਕਾਰਨ ਅੱਜ ਕੰਮ ਦੀ ਕੀਮਤ ਵੀ ਦੁਗਣੀ ਸੀ ‘ਤੇ ਸ਼ਿਫਟ ਵੀ ਡੱਬਲ।
ਮੈਨੂੰ ਵਿਸ਼ਵਾਸ ਹੈ ਕਿ ਅੱਜ ਪੀਜਾ ਡਲੀਵਰ ਕਰਦੇ-ਕਰਦੇ ਉੱਤੋ ਵੀ ਕੁਝ ਬਣ ਜੂ। ਲੱਕ ਬਾਈ
ਚਾਨਸ… ਸ਼ਾਇਦ ਅੱਜ ਕੋਈ ਲਾਟਰੀ ਹੀ ਨਿਕਲ ਆਵੇ। ਮੈਂ ਆਪਣੀ ਬੀ ਐਮ ਡਵਲਜੂ ਤੇ ਕੰਮ ਲਈ
ਘਰੋ ਤੁਰ ਪਿਆ। ਦੁਕਾਨ ਤੋਂ ਮੰਗ ਕਰਨ ਵਾਲੇ ਘਰ ਦਾ ਪਤਾ ਲਿਖਿਆ ‘ਤੇ ਇੱਕ-ਇੱਕ ਕਰਕੇ
ਡਲੀਵਰੀ ਕਰਨੀ ਸ਼ੁਰੂ ਕਰ ਦਿੱਤੀ। ਸਵੇਰ ਤੋਂ ਸ਼ਾਮ ਨੌਨ-ਸਟੌਪ ਕੰਮ ਹੀ ਕੰਮ। ਕਾਰ
ਚਲਾ-ਚਲਾ ਮੈਂ ਹੰਬ ਗਿਆ ਸਾਂ। ਪਰ ਉਤੋ ਬਣਦੇ ਡੌਲਰਾਂ ਨੇ ਮੇਰਾ ਹੌਸਲਾ ਟੁੱਟਣ ਨਾ
ਦਿੱਤਾ। ਪਤਾ ਨਹੀ ਕਿਉ ਅੱਜ ਇਹ ਤੋਹਫ਼ੇ ਦੇਣ ਵਾਲੇ ਗੋਰੇ ਵੀ ਉੱਡ ਰਹੇ ਉਹਨਾ ਪਰਿੰਦਿਆਂ
ਵਾਂਗ ਆਪਣੇ ਹੀ ਲੱਗ ਰਹੇ ਨੇ। ਕਿਸੇ ਨੇ ਪੰਜਾਹ ‘ਤੇ ਕਿਸੇ ਨੇ ਸੌ ਦਾ ਪੱਤਾ ਮੇਰੀ ਸ਼ਲਟ
ਦੀ ਉਤਲੀ ਜੇਬ ‘ਚ ਪਾਇਆ। ਕਈ ਮਕਾਨ ਮਾਲਿਕਾਂ ਨੇ ਤੋਹਫ਼ੇ ਪੈਕ ਕਰਕੇ ਘਰ ਦੇ ਦਰਵਾਜੇ ਦੇ
ਕੋਲ ਰੱਖੇ ਹੋਏ ਸਨ। ਠੰਡ ਵੱਧ ਰਹੀ ਸੀ। ਹਨੇਰਾ ਹੋ ਰਿਹਾ ਸੀ। ਅੰਤ ਵਾਲਾ ਘਰ ਸੀ।
ਬੂਹਾ ਇੱਕ ਬਜੁੱਰਗ ਨੇ ਖੋਲਿਆ। ਪੀਜਾ ਫੜਕੇ ਉਸਨੇ ਟੇਬਲ ‘ਤੇ ਰੱਖ ਦਿੱਤਾ। ਬਿੱਲ
ਦਿੱਤਾ‘ਤੇ “ਥੈਂਕਸ.. ਮਾਇਟ” ਕਹਿੰਦਿਆ ਉਸਨੇ ਬੂਹਾ ਬੰਦ ਕਰ ਲਿਆ। ਬੂਹੇ ਦੀ ਨੁਕਰ ਤੇ
ਲਾਲ ਰੰਗ ਦੀ ਪੈਕਿੰਗ ‘ਚ ਪਿਆ ਤੋਹਫ਼ਾ ਜੋ ਮੇਰੇ ਲਈ ਸੀ ਮੈਂ ਚੁੱਕ ਲਿਆ। ਅੰਬਰ ਵਿੱਚ
ਬਿਜਲੀ ਲਛਕ ਰਹੀ ਸੀ। ਬੱਦਲਾਂ ਦੇ ਗਰਜਣ ਨਾਲ ਟਿਮ-ਟਿਮਾਉਦੀ ਰੌਸ਼ਨੀ ਤੋਹਫ਼ੇ ਤੇ ਚੜਾਏ
ਲਾਲ ਰੰਗ ਦੇ ਪੰਨੇ ਨੂੰ ਹੋਰ ਸੋਹਣਾ ਕਰ ਰਹੀ ਸੀ। ਪੈਕਿੰਗ ਵਿਚਲੇ ਤੋਹਫ਼ੇ ਨੂੰ ਦੇਖਣ
ਲਈ ਮੇਰੀ ਉਤਸੁੱਕਤਾ ਵੱਧ ਰਹੀ ਸੀ। ਕਾਰ ‘ਚ ਬੈਠਦਿਆਂ ਹੀ ਮੈਂ ਪੈਕਿੰਗ ਉਤਾਰੀ। ਇੱਕ
ਡੀ.ਵੀ. ਡੀ ਸੀ ਜਿਸਤੇ ਕਾਲੇ ਰੰਗ ਦੇ ਮਾਰਕਰ ਨਾਲ ਲਿਖਿਆ ਹੋਇਆ ਸੀ -“ਕੇਅਰਫੁਲ ਮੈਨ
ਐਕਸੀਡੈਂਟਸ ਆਰ ਅਨਪਰਡਿਕਟੇਬਲ… ਸੇਵ ਯੂਅਰ ਲਾਈਫ” ਮੈਂ ਆਪਣੇ ਮਾਲਿਕ ਦੀ ਫਾਸਟ ਫੂਡ
ਵਾਲੀ ਦੁਕਾਨ ਤੇ ਜਾਦੇ ਹੀ ਮੈਨੇਜਰ ਨੂੰ ਅੰਤ ਵਾਲੀਆ ਦੋ ਡਲੀਵਰੀਆਂ ਦੇ ਰਹਿੰਦੇ ਡੌਲਰ
ਜਮਾਂ ਕਰਵਾਏ। ‘ਤੇ ਤੁਰ ਪਿਆ ਘਰ ਵੱਲ।
ਸੂਰਜ ਦੀ ਟਿੱਕੀ ਲੁੱਕਦੇ-ਲੁੱਕਦੇ ਮੈਂ ਘਰ ਪਹੁੰਚ ਗਿਆ।
ਮੇਰੀ ਵਹੁੱਟੀ ਚਾਹ ਬਣਾ ਲਿਆਈ। ਚਾਹ ਦੀਆਂ ਚੁਸਕੀਆਂ ਭਰਦੇ-ਭਰਦੇ ਮੈਂ ਉਸਨੂੰ ਸਾਰੇ
ਦਿਨ ਦੀ ਹੱਡਬੀਤੀ ਪੰਜ ਮਿੰਟਾਂ ‘ਚ ਹੀ ਸੁਣਾ ਦਿੱਤੀ। ਜਦ ਮੈਂ ਉਸ ਡੀ.ਵੀ.ਡੀ ਬਾਰੇ
ਦੱਸਿਆ ਤਾਂ ਉਹ ਇੱਕਦਮ ਪ੍ਰੇਸ਼ਾਨ ਹੋ ਗਈ। ਮੇਰੇ ਤੋਂ ਡੀ.ਵੀ.ਡੀ ਲੈਕੇ ਉਸਨੇ ਲੈਪਟੌਪ
‘ਚ ਪਾਕੇ ਪਲੇਅ ਕੀਤੀ। ਇਸ ਡੀ.ਵੀ.ਡੀ ਵਿੱਚ ਦੁਨੀਆਂ ਤਬਾਹ ਹੋਣ ਦੀ ਚਿਤਾਵਨੀ ਦਿੰਦੇ
ਭਿਅੰਕਰ ਦ੍ਰਿਸ਼ ਸਨ। ਅੱਗ ਤੇ ਪਾਣੀ ਦਾ ਕਹਿਰ, ਸੋਕਾ ‘ਤੇ ਹੇਠਾ ਧੱਸਦੀ ਜਮੀਨ,
ਜਵਾਲਾਮੁੱਖੀ ਫੱਟਣ ਤੋਂ ਬਾਦ ਲਾਵੇ ਦੇ ਕਹਿਰ ‘ਚ ਸੱੜਦੇ ਮੱਚਦੇ ਲੋਕ ਦਿਖਾਏ ਗਏ ਸਨ
‘ਤੇ ਨਾਲ ਹੀ ਹਜ਼ਾਰਾਂ ਲੋਕਾਂ ਦੇ ਮਰਣ ਤੋਂ ਬਾਅਦ ਬਚੇ ਦੋ-ਚਾਰ ਲੋਕਾਂ ਨੂੰ ਆਪਣੇ
ਪਰਮੇਸ਼ੁਰ ਦਾ ਸ਼ੁੱਕਰਾਨਾ ਕਰਦੇ ਦਿਖਾਇਆ ਗਿਆ ਸੀ। ਉਹਨਾਂ ਦੇ ਬਚਣ ਦਾ ਕਾਰਣ ਯਿਸੂ ਮਸੀਹ
ਨੂੰ ਆਪਣਾ ਪਰਮੇਸ਼ੁਰ ਧਾਰ ਕੇ ਬਾਈਬਲ ਨੂੰ ਪਵਿੱਤਰ ਗ੍ਰਥ ਮੰਨ ਕੇ ਯਿਸੂ ਮਸੀਹ ਦੀ ਛੱਤਰ
ਛਾਇਆ ਹੇਠ ਮਾਨਵਤਾ ਦੀ ਸੇਵਾ ਕਰਣ ਵਾਲੀਆ ਪਵਿੱਤਰ ਆਤਮਾਵਾਂ ਦੱਸਿਆ ਗਿਆ ਸੀ। ਅੱਗਲੇ
ਵੀਡਿਓ ਕਲਿੱਪ ਵਿੱਚ ਦਿਖਾਇਆ ਗਿਆ ਸੀ ਦੋ ਹਜ਼ਾਰ ਬਾਰਾਂ ‘ਚ ਉਹ ਪਵਿੱਤਰ ਆਤਮਾਵਾਂ ਹੀ
ਬਚਣਗੀਆਂ ਜੋ ਸੱਚੇ ਪਰਮੇਸ਼ੁਰ ਯਿਸੂ ਮਸੀਹ ਨਾਲ ਜੁੜ ਕੇ ਸੱਮੁਚੀ ਮਾਨਵਤਾ ਦਾ ਭਲਾ
ਕਰਕੇ, ਦੁਆਵਾ ਲਈ ਉਠਣ ਵਾਲੇ ਵੱਧ ਤੋਂ ਵੱਧ ਹੱਥਾਂ ਤੋਂ “ਗੌਡ ਬਲੈਸ” ਦਾ ਆਸ਼ੀਰਵਾਦ
ਇਕੱਠਾ ਕਰਨਗੀਆਂ। ਡੀ.ਵੀ ਡੀ ਦੇ ਅੰਤ ਵਾਲੇ ਭਾਗ ‘ਚ ਕਿਹਾ ਗਿਆ ਸੀ ਕਿ ਡਿਸਕ ਮਿਲਣ
ਵਾਲਾ ਆਦਮੀ ਗੌਡ ਦਾ ਇਹ ਤੋਹਫ਼ਾ ਦਿਲੋਂ ਕਬੂਲ ਕਰਕੇ ਪਵਿੱਤਰ ਆਤਮਾ ਬਣੇ ‘ਤੇ ਆਪਣੇ
ਵਰਗੇ ਹੋਰ, ਗੌਡ ਤੋਂ ਅਣਜਾਣ ਗਿਆਰਾਂ ਲੋਕਾਂ ਨੂੰ ਇਸ ਮਿਸ਼ਨ ਨਾਲ ਜੋੜੇ। ਅਗਰ ਉਹ
ਅਜਿਹਾ ਨਹੀ ਕਰਦਾ ਤਾਂ ਉਸਦੇ ਅੱਜ ਤੋਂ ਉਲਟੇ ਦਿਨ ਸ਼ੁਰੂ। ਆਉਣ ਵਾਲੇ ਸਮੇਂ ਦਾ ਕੋਈ
ਪਤਾ ਨਹੀ ਕੱਦ ਕੋਈ ਦੁਰਘਟਨਾ ਹੋ ਜਾਵੇ। ਇਹ ਸਬ ਸੁਣਦੇ ਹੀ ਮੇਰੀ ਵਹੁੱਟੀ ਕੰਬ ਗਈ।
ਸਹਿਮੀ ਹੋਈ ਕਹਿਣ ਲੱਗੀ -“ਉਲਟੇ ਦਿਨ ਹੈ ਨਾ ਮਜਾਕ” ‘ਮੈਂਨੂੰ ਤਾਂ ਇਹ ਯਾਦ ਨਹੀ
ਜਦ ਦੇ ਆਪਾਂ ਇਥੇ ਵਿਦਿਆਰਥੀ ਵੀਜੇ ‘ਤੇ ਆਏ ਆਂ। ਅਸੀ ਕੋਈ ਸਿੱਧੇ ਦਿਨ ਵੇਖੇ ਹੋਣ।
ਹੁਣ ਤੱਕ ਸੁਖ ਵਾਲਾ ਦਿਨ ਅਸਾਂ ਨੇ ਵੇਖਿਆ ਨਹੀ। ਸਵੇਰੇ ਸ਼ਾਮ ਕੰਮ ਹੀ ਕੰਮ। ਮਸ਼ੀਨ ਬਣ
ਗਏ ਇਥੇ ਆ ਕੇ। ਨੀਦ ਨੂੰ ਤਰਲੇ ਲਈਦੇ ਨੇ। ਟਰੇਨਾਂ ‘ਚ ਸਫਰ ਕਰਦੇ ਵਕਦ ਨੀਦ ਪੂਰੀ ਕਰਣ
ਦੀ ਕੋਸ਼ਿਸ ਕਰਦੇ ਆਂ। ਸਖਤ ਮਿੰਹਨਤ ਨਾ ਕਰੀਏ ਤਾਂ ਖਰਚੇ ਪੂਰੇ ਨਹੀ ਹੁੰਦੇ। ਕਾਲਜ ਦੀ
ਫੀਸ ‘ਤੇ ਘਰ ਦਾ ਕਿਰਾਇਆ ਹੀ ਕੰਨਾਂ ਨੂੰ ਹੱਥ ਲਵਾ ਦਿੰਦਾ ਏ। ਕਤਰਾ-ਕਤਰਾ ਜੋੜ ਕੇ
ਇਥੇ ਆਉਣ ਲਈ ਚੁੱਕੇ ਵਿਆਜੁ ਕਰਜੇ ਦੀ ਰਕਮ ਹੁਣ ਸੁਖ ਨਾਲ ਲੈਣ ਤੇ ਆਈ ਏ। ਬੱਚਾ ਸਾਡੇ
ਤੋਂ ਦੋ ਸਾਲ ਹੋ ਗਏ ਦੂਰ ਏ। ਬੱਚੇ ਦਾ ਮੂੰਹ ਦੇਖਣ ਨੂੰ ਤਰਸ ਗਏ ਆਂ। ਪੱਕੇ ਹੋਣ ਦਾ
ਕੋਈ ਰਾਹ ਨਜ਼ਰ ਨਹੀ ਆਉਦਾ। ‘ਤੇ ਹੁਣ ਇੱਕ ਹੋਰ ਪ੍ਰੇਸ਼ਾਨੀ।
-“ਕਮਲੀਏ” ‘ ਐਵੇ ਪ੍ਰੇਸ਼ਾਨ ਨਹੀ ਹੋਈ ਦਾ। ਅਕਾਲ ਪੁਰਖ ਆਪਣੇ ‘ਤੇ ਜਲਦ ਮਿਹਰ ਕਰੂ।
ਹੁਣ ਅਸਾਂ ਨੇ ਇੱਥੇ ਜਲਦ ਹੀ ਪੱਕੇ ਹੋ ਜਾਣਾਂ ਏ। ਕਿਸੇ ਆਵੇ- ਤਾਵੇ ਦੇ ਮਗਰ ਲੱਗ ਕੇ
ਐਵੇ ਦਿਲ ਨਹੀ ਸਾੜੀਦਾ। ਇਹ ਤਾਂ ਧਰਮ ਪ੍ਰਚਾਰ ਕਰਣ ਦਾ ਇੱਕ ਨੁਕਸਾ ਏ। ਜਦ ਘਿਉ ਸਿੱਧੀ
ਉਗਲ ਨਾਲ ਨਹੀ ਨਿਕਲਦਾ ਤਾਂ ਧਰਮ ਦੇ ਠੇਕੇਦਾਰ ਅਜਿਹੇ ਨੁਕਸੇ ਆਮ ਅਪਣਾਉਦੇ ਨੇ।
ਇਨ੍ਹਾਂ ਨੂੰ ਕੀ ਪਤਾ ਕੀ ਸਾਡਾ ਦੇਸ਼ ਤਾਂ ਪਹਿਲਾਂ ਹੀ ਧਰਮਾਂ ‘ਚ ਵੰਡਿਆ ਪਿਆ ਏ। ਹਰ
ਜਮਾਤ ਦੇ ਆਗੂ ਆਪਣੀ ਕੌਮ ਜਾਂ ਧਰਮ ਨੂੰ ਸ਼ਰੇਸਟ ਸਾਬਤ ਕਰਨ ਲਈ ਇੱਕ-ਦੂਜੇ ‘ਤੇ ਚਿੱਕੜ
ਸੁਟਣੋ ਨਹੀ ਟੱਲਦੀ। ਕਿਸੇ ਨੂੰ ਦੁਰਕਾਰਣ ਫਿਟਕਾਰਣ ਦੀ ਬਜਾਏ ਮਨੁੱਖਤਾ ਦੇ ਭਲੇ ਲਈ
ਲੋੜੀਦੇ ਕਦਮ ਚੁੱਕੇ ਜਾਣ ਤਾਂ ਸਾਡਾ ਦੇਸ਼ ਸਵਰਗ ਨਾ ਬਣਜੇ। ਸੱਚ, ਈਮਾਨ, ਨਿਆਂ ‘ਤੇ
ਧਰਮ ਨੂੰ ਛੱਡ ਕੇ ਇਹ ਆਗੂ ਲੋਕਾਂ ਦੀ ਸਹਾਨਬੁੱਤੀ ਹਾਸਿਲ ਕਰਣ ਦੇ ਲਈ ਕੁਝ ਵੀ ਕਰਦੇ
ਨੇ। ਰਾਜਸੀ ਆਗੂ ਡੱਬਾ ਵੋਟਾਂ ਦਾ ਭਰਣ ਲਈ ‘ਤੇ ਧਰਮ ਦੇ ਆਖੌਤੀ ਆਗੂ ਆਪਣੀ ਲੀਡਰੀ
ਝਾੜਕੇ ਆਪਣੀ ਵਾਹ-ਵਾਹ ਕਰਵਾਉਣ ਲਈ। ਪਤਾ ਨਹੀ ਕਿਉ ਸਾਡਾ ਵੀ ਇਹ ਸੁਭਾਵ ਬਣ ਗਿਆ ਏ
ਅਸੀ ਜਲਦ ਹੀ ਇਹਨਾਂ ਭ੍ਰਿਸ਼ਟ ਆਗੂਆਂ ਦੇ ਮਗਰ ਲੱਗ ਜਾਦੇ ਆਂ। ਬੁਰਾਈ ਵੱਲ ਛੇਤੀ ਝੁਕ
ਜਾਦੇ ਆਂ। ਚੰਗਿਆਈ, ਇਨਸਾਨੀਅਤ ‘ਤੇ ਸਹੀ ਧਰਮ ਦੇ ਰਸਤੇ ਚੱਲਣਾਂ ਸਾਨੂੰ ਅਲੂਣੀ ਸਿਲ
ਕਿਉ ਜਾਪਦਾ ਏ। ਜਾਣ-ਬੁੱਝ ਕੇ ਕੀਤਾ ਜਾਂਦਾ ਕੋਈ ਵੀ ਚੰਗਾ ਜਾਂ ਬੁਰਾ ਕੰਮ ਕਿਸੇ ਖ਼ਿਆਲ
ਨਾਲ ਸ਼ੁਰੂ ਹੁੰਦਾ ਏ। ਚੰਗੇ ਖ਼ਿਆਲ ਸੱਚੇ ਪਾਤਸ਼ਾਹ ਪਰਮੇਸ਼ੁਰ ਦੀ ਰਜਾ ‘ਚ ਰਹਿੰਣ ਵਾਲੇ
‘ਤੇ ਧਾਰਮਿਕ ਗ੍ਰੰਥਾਂ ਨੂੰ ਅਸਲ ‘ਚ ਮੰਨਣ ਵਾਲੇ ਲੋਕਾਂ ਦੇ ਦਿਲਾਂ ‘ਚ ਵਸਦੇ ਨੇ ‘ਤੇ
ਬੁਰੇ ਖ਼ਿਆਲ ਇਨਸਾਨੀਅਤ ਦੇ ਦੁਸ਼ਮਣ ਲੀਡਰਾਂ ‘ਤੇ ਸਵਾਰਥੀ ਲੋਕਾਂ ਨਾਲ ਜੁੜਕੇ ਰਹਿਣ ਨਾਲ
ਪੈਦਾ ਹੁੰਦੇ ਨੇ। “ਭਲਾਈ ਜਾਂ ਬੁਰਾਈ” ਫ਼ੈਸਲਾ ਇਨਸਾਨ ਦੇ ਹੱਥ ਵਿੱਚ ਹੀ ਹੁੰਦਾ ਹੈ।
ਲੋੜ ਹੈ ਨਾਮੁਕੰਮਲ ਸੁਭਾਵ ਬਦਲਕੇ ਜ਼ਮੀਰ ਦੀ ਅਵਾਜ਼ ਨੂੰ ਸੁਣਨ ਦੀ। ਜਿੱਥੇ ਲਾਲਚ,
ਹੰਕਾਰ, ਮੋਹ ਮਾਇਆ ਰਿਸ਼ਤਿਆਂ ਦਾ ਖੂਨ ਕਰਦੀ ਏ। ਉਥੇ ਹੀ ਪਿਆਰ, ਮੁੱਹਬਤ, ਹਮਦਰਦੀ,
ਭਾਈਚਾਰਕ ਸਾਂਝ ਨਵੇਂ ਰਿਸ਼ਤਿਆਂ ਨੂੰ ਜਨਮ ਦਿੰਦੀ ਏ। ਕਿਸੇ ਦੀ ਮਦਦ ਕਰਣ ਵਿੱਚ ਜੋ
ਅੰਨਦ ‘ਤੇ ਲੱਜਤ ਮਿਲਦੀ ਏ ਉਹ ਤਾਂ ਸਿਰਫ ਸੇਵਾਭਾਵ ਰੱਖਣ ਵਾਲਾ ਮਨੁੱਖ ਹੀ ਜਾਣ ਸਕਦਾ
ਏ। ਵਿਦੇਸ਼ਾ ‘ਚ ਵਸਦੇ ਸਾਡੇ ਵਾਗ ਪ੍ਰਵਾਸੀ ਵੀਰ ਜਿੰਨਾ ਕੋਲ ਕੰਮ ਨਹੀ ਹੈ। ਆਪਣੀ
ਜਾਣ-ਪਹਿਚਾਣ ‘ਚ ਫੋਨ ਕਰਕੇ ਉਹਨਾ ਨੂੰ ਜੌਬ ਲੱਭਣ ‘ਚ ਮਦਦ ਕਰਣਾ। ਇਸੇ ਤਰਾਂ ਜਿੰਨਾ
ਕੋਲ ਸਿਰ ਢੱਕਣ ਲਈ ਛੱਤ ਨਹੀ ਉਹਨਾਂ ਨੂੰ ਘਰ ਲੱਭਣ ‘ਚ ਮਦਦ ਕਰਣਾ। ਅਜਿਹੇ ਹਜ਼ਾਰਾਂ
ਕੰਮ ਨੇ ਜੋ ਅਸੀ ਬਿਨਾ ਸਮਾਂ ਗਵਾਏ ‘ਤੇ ਬਿਨਾ ਡੌਲਰ ਖਰਚ ਕੀਤੇ ਕਰ ਸਕਦੇ ਆਂ। ਬਸ ਦਿਲ
‘ਚ ਇੱਕ ਜਜ਼ਬਾ ਹੋਵੇ ਇਨਸਾਨੀਅਤ ਦਾ। ਅਸਲ ਵਿੱਚ ਇਹ ਹੀ ਸੱਚਾ ਧਰਮ ਏ। ਮੈਂ ਪਤਾ ਨਹੀ
ਕਿਉ ਅੱਜ ਬੋਲਦਾ ਹੀ ਜਾ ਰਿਹਾ ਸੀ। ‘ਤੇ ਉਹ ਹੁਣ ਮੇਰੇ ਚਿਹਰੇ ਵੱਲ ਤੱਕਦੀ ਹੋਈ
ਮਿੰਨਾ-ਮਿੰਨਾ ਮੁਸਕਰਾਉਦੀ ਹੋਈ ਉੱਤੋਂ ਬਣੇ ਡੌਲਰ ਗਿਣਨ ਲੱਗ ਪਈ ਸੀ। ਪੰਜਾਹ ਡੌਲਰ
ਰੱਖ ਕੇ ਬਾਕੀ ਦੇ ਮੈਂਨੂੰ ਫੜਾਉਦੇ ਹੋਏ ਕਹਿੰਣ ਲੱਗੀ-“ਜੀ.. ਮੈਂ ਸਭ ਸਮਝ ਗਈ। ਸਵੇਰੇ
ਤੁਸੀ ਇਹ ਡੌਲਰ ਯਾਦ ਨਾਲ ਬੈਂਕ ‘ਚ ਜਮਾਂ ਕਰਵਾ ਦੇਣਾ ‘ਤੇ ਇਹਨਾਂ ਪੰਜਾਵਾ ਵੱਲ ਨਜ਼ਰ
ਨਾ ਰੱਖਣਾ। ਇਹ ਆਪਾਂ ਐਤਵਾਰ ਨੂੰ ਦਰਬਾਰ ਸਾਹਿਬ ਜਾਦੇ ਹੋਏ ਲੰਗਰ ਘਰ ਵਾਸਤੇ ਕੁਝ
ਰਾਸ਼ਣ ਲੈ ਜਾਵਾਂਗੇ। ਸੇਵਾ ਤਾਂ ਆਪਣੇ ਤੋਂ ਹੁੰਦੀ ਨਹੀ। ਦਰਬਾਰ ਦਾ ਅੰਨ ਮੁਫਤ ਪਾੜ ਕੇ
ਆਉਦੇ ਆਂ।
ਮੇਰੀ ਪਤਨੀ ਦੇ ਚਿਹਰੇ ‘ਤੇ ਹੁਣ ਅਜੀਬ ਜਹੀ ਚਮਕ ਸੀ। ਇੰਜ ਲੱਗਦਾ ਸੀ ਜਿਵੇ ਉਹ
ਇਨਸਾਨ ਹੋਣ ਦਾ ਸਹੀ ਅਰਥ ਅੱਜ ਸਮਝੀ ਹੋਵੇ।
ਇਸ ਕਲਪਨੀਕ ਕਹਾਣੀ ਦਾ ਕਿਸੇ ਦੇ ਨਿੱਜੀ ਜੀਵਨ ਨਾਲ ਕੋਈ
ਸੰਬੰਧ ਨਹੀ।………… ਧੰਨਵਾਦ। |
|
ਸ਼ਨੀ ਭਾਰੂ ਜਾ ਮੰਗਲ
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ,
ਪੰਜਾਬਨਿਹਾਲੇ ਨੂੰ ਆਉਦਾ ਵੇਖ ਸਾਧ ਨੇ ਅੱਖਾਂ ਮੀਚ
ਲਈਆਂ ‘ਤੇ ਹੱਥ ‘ਚ ਫੜ੍ਹੀ ਮਾਲਾ ਫੇਰਨ ਲੱਗਾ। ਬਾਬਾ ਜੀ… ਬਾਬਾ ਜੀ… ਕਹਿੰਦਾ ਨਿਹਾਲਾ
ਸਾਧ ਦੇ ਚਰਨੀਂ ਜਾ ਲੱਗਾ। ਕੀ ਹੋਇਆ ਭਗਤਾ ? ਸਾਧ ਨੇ ਅੱਖਾਂ ਖੋਲੀਆਂ।
-“ਬਾਬਾ ਜੀ...” ‘ਮੇਰੇ ਘਰ ਬੜਾ ਕਲੇਸ਼ ਏ। ਹਰ ਵਕਤ ਲੜਾਈ ਝਗੜਾ।
ਜਦੋਂ ਦੀ ਉਹ ਘਰ ਆਈ ਏ ਘਰ ਦਾ ਸੁੱਖ ਚੈਨ ਖਤਮ ਹੋ ਗਿਆ। ਜਦ ਮੈਂ ਮਾਪਿਆਂ ਦਾ ਪੱਖ
ਲੈਦਾ ਹਾਂ ਤਾਂ ਉਹ ਦੁਪਹਿਰ ਦੇ ਸੂਰਜ ਵਾਂਗ ਤਪਨ ਲੱਗਦੀ ਏ। ਅੱਗ ਛੱਡਦੀ ਏ ਨਿਰੀ ਅੱਗ।
ਸਾਰਾ ਘਰ ਸਿਰ ਤੇ ਚੁੱਕ ਲੈਦੀ ਏ। ਕਈ ਦਿਨ ਤੂੰ-ਤੂੰ, ਮੈਂ-ਮੈਂ, ਤੇਰਾ ਮੇਰਾ ਦੀ ਜੰਗ
ਜੋਰਾ ਸ਼ੋਰਾਂ ਤੇ ਚੱਲਦੀ ਰਹਿੰਦੀ ਏ। ਜਦ ਮੈਂ ਆਪਣੀ ਵਹੁੱਟੀ ਦਾ ਸਾਥ ਦਿੰਦਾ ਹਾਂ ਤਾਂ
ਮਾਪੇ ਮੇਰੇ ਤੋਂ ਮੂੰਹ ਫੇਰ ਲੈਦੇ ਨੇ। “ਕਹਿੰਦੇ ਨੇ, “ਕਾਕਾ ਤੂੰ ਕਵਾਰਾ ਹੀ ਚੰਗਾ
ਸੀ। ਜਦ ਦਾ ਤੇਰਾ ਵਿਆਹ ਹੋਇਆ ਏ ਬਸ… ਤੀਵੀ ਜੋਗਾ ਏ। ਤੇਰੀ ਮਤ ਤਾਂ ਉਸਨੇ ਮਾਰ ਰੱਖੀ
ਏ। ਉਸ ਬਾਰੇ ਸੋਚਣ ਤੋਂ ਵੇਲ ਮਿਲੇਗੀ ਤਾਂ ਹੀ ਪੁੱਤ ਤੂੰ ਸਾਡੇ ਬਾਰੇ ਸੋਚੇਗਾ। ਬਾਬਾ
ਜੀ ਹੁਣ ਤੁਸੀ ਹੀ ਦੱਸੋ ਮੈਂ ਮਾਪਿਆਂ ਦੀ ਮੰਨਾ ਜਾਂ ਵਹੁੱਟੀ ਦੀ। ਦੋਹਾਂ ਪਾਸਿਓ ਮੇਰੀ
ਹੀ ਹਾਰ ਏ।
-“ਕਾਕਾ” ‘ਦੋਹਾਂ ਦਾ ਹੱਕ ਬਰਾਬਰ ਹੀ ਬਣਦੈ’। ਤੂੰ ਸਿਰਫ ਸੱਚ
ਦਾ ਸਾਥ ਦੇ। ਸਾਧ ਨੇ ਨਾਲ ਪਈ ਟੋਕਰੀ ‘ਚੋਂ ਕੁਝ ਫੁੱਲਾਂ ਦੀਆਂ ਪੱਤੀਆਂ ਚੁੱਕੀਆਂ,
ਮੰਤਰ ਪੜ੍ਹਿਆ ‘ਤੇ ਪੱਤੀਆਂ ਨੂੰ ਦਰੱਖਤ ਦੀ ਟਾਹਣੀ ਨਾਲ ਲਟਕ ਰਹੀ ਪਲੇਟ ਉਤੇ ਦੇ
ਮਾਰਿਆ। ਜਿਸ ‘ਤੇ ਲਿਖਿਆ ਹੋਇਆ ਸੀ। “ਦਕਸ਼ਣਾ ਸ਼ਰਧਾ ਅਨੁਸਾਰ”। ਨਿਹਾਲਾ ਸਮਝ ਗਿਆ।
ਉਸਨੇ ਜੇਬ ‘ਚੌ ਸੌਂ ਦਾ ਨੋਟ ਕੱਢਿਆ ਤੇ ਸਾਹਮਣੇ ਪਈ ਗੜ੍ਹਵੀ ‘ਚ ਰੱਖ ਦਿੱਤਾ।
-“ਆਹ ਜੱਲ ਲੈ ਜੀਂ ਭਗਤਾ, ਘਰ ਜਾ ਕੇ ਛਿੜਕੀਂ। ਸਭ ਕੁਝ ਠੀਕ ਹੋ
ਜੂ। ਸਾਡਾ ਆਸ਼ੀਰਵਾਦ ਤੇਰੇ ਨਾਲ ਹੈ।
ਸਾਧ ਨੇ ਗੜ੍ਹਵੀ ਵਿਚਲੇ ਨੋਟ ਨੂੰ ਇੱਕ ਅੱਖ ਨਾਲ ਤੱਕਦੇ ਹੋਏ ਕਿਹਾ। ਸੌ ਦਾ
ਕੜਕਦਾ-ਕੜਕਦਾ ਪੱਤਾ ਵੇਖ, ਬਾਬੇ ਨੇ ਆਪਣੀ ਸ਼ੈਤਾਨੀ ਖੋਪੜੀ ਚਲਾਈ। ਇੱਕ ਵਿਉਂਤ ਬਣਾਈ।
‘ਤੇ ਇੱਕ ਨਵਾ ਦਾਅ ਸੁੱਟਿਆ।
-“ਕਾਕਾ ਯਾਦ ਕਰ ਕੋਈ ਘਟਨਾ, ਅਪਸ਼ਗੁਨ ਜਾਂ ਕਿਸੇ ਦੀ ਮਾੜੀ ਨਜ਼ਰ।
ਤੇਰੇ ਕਰਨੀ ਜਾਂ ਮੂੰਹ ‘ਚੋਂ ਨਿਕਲੀ ਕੋਈ ਅਜਿਹੀ ਗੱਲ ਜਿਸਨੇ ਤੇਰੀ ਚੰਗੀ ਕਿਸਮਤ ਦੀ
ਰੇਖਾ ਕੱਟ ਦਿੱਤੀ ‘ਤੇ ਤੈਨੂੰ ਗ੍ਰਿਹਾਂ ਦੇ ਚੱਕਰ ਵਿੱਚ ਪਾ ਦਿੱਤਾ”।
ਨਿਹਾਲਾ ਸਿਰ ਤੇ ਹੱਥ ਰੱਖ ਕੇ ਸੋਚਣ ਲੱਗਾ। ਬਾਬੇ ਦਾ ਦਾਅ
ਨਿਸ਼ਾਨੇ ‘ਤੇ ਲੱਗਣ ਲਈ ਤਿਆਰ ਸੀ। ਨਿਹਾਲੇ ਦੇ ਮੂੰਹ ਵੱਲ ਤੱਕਦਾ ਬਾਬਾ, ਉਸਦੇ ਬੁੱਲਾਂ
ਦੇ ਹਿੱਲਣ ਦੀ ਉਡੀਕ ਵਿੱਚ ਸੀ।
-“ਜੀ… ਬਾਬਾ ਜੀ…” ਨਿਹਾਲਾ ਇੱਕਦਮ ਬੋਲ ਪਿਆ। ਕੀ ਦੱਸਾਂ ਬਾਬਾ
ਜੀ… ਦੱਸਦੇ ਨੂੰ ਵੀ ਸ਼ਰਮ ਆਉਦੀ ਏ। ਗੱਲ ਉਸ ਸਮੇ ਦੀ ਹੈ। ਜਦੋ ਮੈਂ ਆਪਣੇ ਰਿਸ਼ਤੇ ਲਈ
ਜੀਤੋ ਨੂੰ ਵੇਖਣ ਗਿਆ ਸਾਂ। ਦੋਹਾ ਪ੍ਰੀਵਾਰਾ ਦੀ ਸਹਿਮਤੀ ਤੋਂ ਬਾਅਦ ਸਾਨੂੰ ਨਾਲ ਵਾਲੇ
ਕਮਰੇ ‘ਚ ਤੋਰ ਦਿੱਤਾ। ਹੁਣ ਸਾਡੀ ਵਾਰੀ ਸੀ ਇੱਕ ਦੂਜੇ ਨੂੰ ਨੇੜਿਉ ਪਰਖਣ ਦੀ। ਉਹ
ਬੈਠਦੇ ਹੀ ਮੇਰੇ ਵੱਲ ਬਿਟਰ-ਬਿਟਰ ਤੱਕਣ ਲੱਗੀ। ਪਤਾ ਨਹੀ ਕਿਉ ਮੈਂ ਉਸਦੇ ਚੇਹਰੇ ਵੱਲ
ਵੇਖ ਕੇ ਨੀਵੀਂ ਪਾ ਲਈ ਸੀ। ਸ਼ਾਇਦ… ਮੈਂਨੂੰ ਸ਼ਰਮ ਆ ਰਹੀ ਸੀ। ਨਾ ਗੱਲ ਸ਼ੁਰੂ ਉਹ ਕਰ
ਰਹੀ ਸੀ ‘ਤੇ.. ਨਾ ਹੀ ਮੈਂ…! ਕਿੰਨਾ ਹੀ ਚਿਰ ਉਹ ਮੇਰੇ ਬੂਥੇ ਵੱਲ, ਡੱਡੂ ਵਾਂਗ
ਢੱਡੀਆਂ ਅੱਖਾਂ ਨਾਲ ਤੱਕਦੀ ਰਹੀ। ਜਿਵੇਂ ਮੈਂਨੂੰ ਕੱਚੇ ਨੂੰ ਹੀ ਖਾਣਾ ਹੋਵੇ। ਕੁਝ
ਸਮਾਂ ਮਾਹੋਲ ਸ਼ਾਂਤ ਰਹਿਣ ਮਗਰੋ ਉਹ ਬੋਲੀ -“ਜੀ.. ਤੁਸੀ.. ਮੇਰੇ…ਤੋਂ.. ਕੁਝ ਪੁੱਛਣਾ
ਨਹੀ ਚਾਹੁੰਦੇ...”? ਮੈਂ ਘਬਰਾਹਟ ਵਿੱਚ ਬੋਲ ਗਿਆ “ਭੈਣ ਜੀ.. ਤੁਸੀ ਕਿੰਨੇ ਭੈਣ-ਭਰਾ
ਓ”। ਪਹਿਲਾ ਤਾਂ ਉਹ ਗੁੱਸੇ ‘ਚ ਲਾਲ ਪੀਲੀ ਹੋ ਗਈ ‘ਤੇ ਫਿਰ ਜਲਦ ਹੀ ਠੰਢੀ ਪੈ ਗਈ।
ਜਿਵੇਂ ਉਸਨੂੰ ਸਮਝ ਆ ਗਈ ਹੋਵੇ ਕਿ ਇਹ ਮੁੰਡਾ ਜਲਦ ਹੀ ਉਸ ਦੇ ਮਗਰ ਲੱਗ ਜਾਵੇਗਾ।
ਹੱਸਦੀ ਹੋਈ ਉਹ ਬੋਲੀ, “ਜੀ.. ਪਹਿਲਾ ਤਾਂ ਤਿੰਨ ਭੈਣ-ਭਰਾ ਸਾਂ। ਪਰ ਹੁਣ ਲੱਗਦੈ
ਜਿਵੇਂ ਚਾਰ ਹੋ ਗਏ ਆਂ। ਮੇਰਾ ਵੀ ਹਾਸਾ ਨਿੱਕਲ ਗਿਆ। ਦੋਹਾਂ ਨੂੰ ਹੱਸਦੇ ਵੇਖ ਮਾਪਿਆਂ
ਨੇ ਸਾਡੇ ਬਾਹਰ ਆਉਣ ਤੋਂ ਪਹਿਲਾ ਹੀ ਰਿਸ਼ਤੇ ਪੱਕੇ ਦੀ ਮੋਹਰ ਲਗਾ ਦਿੱਤੀ। ਰੱਬ ਦਾ
ਭਾਣਾਂ ਮੰਨ ਕੇ ਅਸੀ ਵੀ ਇਸ ਨਵੇਂ ਰਿਸ਼ਤੇ ਨੂੰ ਕਬੁਲ ਕਰ ਲਿਆ।
-“ਕਾਕਾ” ‘ਉਸ ਦਿਨ ਭਲਾ ਵਾਰ ਕਹਿੜਾ ਸੀ। ਬਾਬਾ ਗੜ੍ਹਵੀ ਵਿਚਲੇ
ਨੋਟ ਨੂੰ ਚੱਕਦਾ ਹੋਇਆ ਬੋਲਿਆ।
-“ਸ਼ਾਇਦ.. ਬਾਬਾ ਜੀ.. ਸ਼ਨੀਵਾਰ,।
-“ਕਾਕਾ” ਪੈ ਗਿਆ ਨਾ ਪੰਗਾ। ਗ੍ਰਹਿ ਦਾ ਚੱਕਰ। ਸ਼ਨੀ ਦੀ ਕਰੋਪੀ। ਹੁਣ ਤਾਂ ਪਾਣੀ ਦੇ
ਛਿੜਕਾ ਨਾਲ ਵੀ ਕੁਝ ਨਹੀ ਬਣਨਾਂ। ਹਵਨ ਕਰਾਉਣਾਂ ਪੈਣਾ ਏ। ਕਾਕਾ ਇੰਜ ਕਰ ਮੇਰੇ ਚੇਲੇ
ਨੂੰ ਕਵੰਜਾ ਸੌਂ ਇੱਕ ਰੁਪਿਆ ਦੇਜਾ ਪੂਜਾ ਦੀ ਸਮੱਗਰੀ ਲਈ।
-“ਪਰ ਬਾਬਾ ਜੀ ਮੇਰੇ ਕੋਲ ਤਾਂ…!!”
-“ਕੋਈ ਗੱਲ ਨਹੀ ਕਾਕਾ ਜਿੰਨੇ ਤੇਰੇ ਕੋਲ ਹੈਗੇ ਨੇ, ਤੂੰ ਦੇਜਾ ਬਾਕੀ ਦੇ ਹਵਨ ਤੋਂ
ਬਾਅਦ ਲੈ ਲਵਾਗੇ।
ਜੇਬ ਖਾਲ੍ਹੀ ਕਰਦਾ ਨਿਹਾਲਾ ਸੋਚ ਰਿਹਾ ਸੀ ਕਿ ਉਸ ਦਿਨ ਦਾ ਸ਼ਨੀ ਮੇਰੇ ਤੇ ਭਾਰੂ ਸੀ
ਜਾਂ ਫਿਰ ਅੱਜ ਦੇ ਦਿਨ ਵਾਲਾ ਮੰਗਲ…!! |
|
ਖਾਮੋਸ਼ ਜਵਾਲਾਮੁੱਖੀ
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ,
ਪੰਜਾਬਮੀਂਹ ਪੈ ਹਟਿਆ ਸੀ। ਹਵਾ ਬੰਦ ਹੋਣ ਕਾਰਨ ਛੱਤ ‘ਤੇ ਵੀ ਤਾਅ
ਜਿਹਾ ਸੀ। ਸੂਰਜ ਡੁੱਬਣ ਵਾਲਾ ਸੀ। ਆਕਾਸ਼ ‘ਚ ਛਾਏ ਬੱਦਲਾਂ ਨੇ ਸੂਰਜ ਦੀ ਰੌਸ਼ਨੀ ਨੂੰ
ਮੱਧਮ ਕਰ ਰੱਖਿਆ ਸੀ। ਨੀਲੇ ਅੰਬਰ ‘ਚ ਛਾਈਆਂ ਕਾਲੀਆਂ ਘਟਾਵਾਂ ਵੱਲ ਵੇਖ ਆਪਣੇ ਅਤੀਤ
ਨੂੰ ਫਰੋਲਦੀ ਬੇਬੇ ਮੰਜੇ ਦੇ ਇੱਕ ਕੋਨੇ ਤੇ ਪਈ ਸੀ। ਯਾਦਾਂ ਦੀ ਉਧੇੜ ਬੁਣ ‘ਚੋ ਉਸਨੇ
ਅਤੀਤ ਦੇ ਸਾਰੇ ਪੱਤਰੇ ਫਰੋਲੇ। ਬੇਬੇ ਤਰੇਂਹਟ ਸਾਲ ਦੀ ਇੱਕ ਕਵਾਰੀ ਔਰਤ ਸੀ। ਨਾ
ਬੱਚਿਆਂ ਦਾ ਸ਼ੋਰ, ਨਾ ਘਰ-ਗ੍ਰਸਤੀ ਦਾ ਫਿਕਰ। ਅੱਧੀ ਤੋਂ ਵੱਧ ਉਮਰ ਲੰਗ ਚੁੱਕੀ ਸੀ।
ਆਪਣੀ ਤਨਹਾਈ ‘ਚ ਉਹ ਅਕਸਰ ਸਪਨਿਆਂ ਦੇ ਮਹਿਲ ਖੜ੍ਹੇ ਕਰਦੀ ਸੀ। ਇੰਜ ਹੀ ਬਚੀ ਜਿੰਦਗੀ
ਲੱਗ ਰਹੀ ਸੀ। ਅਚਾਨਕ ਅਜਨਬੀ ਪੈਰਾਂ ਦੀ ਆਹਟ ਨੇ ਬੇਬੇ ਦੀ ਸੋਚਾਂ ਦੀ ਲੜੀ ਨੂੰ ਇੱਕਦਮ
ਤੋੜ ਦਿੱਤਾ।
-“ਕੀ ਹੋਇਆ ਤਾਈ ਜੀ, ਬੜੇ ਉਦਾਸ ਬੈਠੇ ਓ…?
-“ਕੁਝ ਨਹੀ ਨਸੀਬ ਕੋਰੇ। ਬਸ … ਜਵਾਨੀ ਦੇ ਦਿਨਾਂ ‘ਚ ਕੀਤਾ ਇੱਕ ਫੈਸਲਾ ਕਦੇ- ਕਦੇ
ਬਹੁਤ ਗਲਤ ਲਗਦੈਂ। ਕਾਸ਼ ਸਾਡਾ ਸਮਝੌਤਾ ਹੋ ਜਾਦਾ… ‘ਤੇ ਅੱਜ ਮੇਰੇ ਵੀ…?
-“ਤਾਈ ਜੀ, ‘ਮੈਂ ਕੁਝ ਸਮਝੀ ਨਹੀ। ਤੁਸੀ ਕੀ ਕਹਿਣਾਂ ਚਾਹੁੰਦੇ ਓ।
-“ ਸਭ ਨਸੀਬ ਦੀਆਂ ਗੱਲਾਂ ਨੇ ਨਸੀਬ ਕੋਰੇ। ਸ਼ਾਇਦ ਅੱਜ ਮੇਰਾ ਵੀ ਹੱਸਦਾ ਖੇਡਦਾ
ਪ੍ਰੀਵਾਰ ਹੁੰਦਾ। ਨਿਆਂਣੇ ਮਾਂ ਕਹਿ ਕੇ ਬਲਾਉਦੇ, ਮੇਰੀ ਸੁੱਨੀ ਗੋਦ ਅੱਜ ਭਰੀ ਹੁੰਦੀ।
ਕਾਸ਼.. ਉਹ ਮਰ ਜਾਣਾ ਹੀ ਜਿੱਦ ਛੱਡ ਦਿੰਦਾ ……?
-“ਕੌਣ ਸੀ ਤਾਈ ਜੀ ਓ…?”
-ਮੇਰੇ ਨਾਨਕੇ ਪਿੰਡ ਦਾ ਨੱਥੂ ਬਾਣੀਏ ਦਾ ਮੁੰਡਾ ਦਲੀਪਾ। ਸਰਦਾਰ ਸੀ ਉਹ। ਮੁੱਛ
ਫੁੱਟ ਗੱਬਰੂ। ਸੱਥ ‘ਚ ਸੌਦੇ ਦੀ ਦੁਕਾਨ ਕਰਦਾ ਸੀ। ਹੁਣ ਤਾਂ ਸੁੱਖ ਨਾਲ ਉਸਦੇ ਨਿਆਣੇ
ਵੀ ਜਵਾਨ ਹੋ ਗਏ ਹੋਣਗੇ। ਪਰ ਮੈਂ ਤਾਂ ਹਲੇ ਵੀ ਉਥੇ ਦੀ ਉਥੇ… ਖੜ੍ਹੀ ਹਾਂ। ਕਿੰਨੇ
ਚੰਗੇ ਸਨ ਜਵਾਨੀ ਦੇ ਉਹ ਮੌਜ-ਮਸਤੀ ਭਰੇ ਦਿਨ। ਅਸੀ ਦੋਨੋ ਹੀ ਕੱਚੀ ਉਮਰ ਦੇ ਸਾਂ।
ਸ਼ਾਇਦ ਇਸੇ ਲਈ ਸਹੀ ਫੈਸਲਾ ਨਾ ਲੈ ਸਕੇ। ਰੱਬ ਪਤਾ ਨਹੀ ਕਿਹੜਿਆਂ ਰੰਗਾਂ ‘ਚ ਰਾਜ਼ੀ ਸੀ।
ਤਕਦੀਰ ਨੂੰ ਕਿਸਮਤ ਦੇ ਹਵਾਲੇ ਛੱਡ ਕੇ, ਅਸੀ ਚੱਲ ਪਏ ਨਵੇ ਰਾਹਾਂ ਤੇ ਆਪੋ –ਆਪਣੀ
ਮੰਜਿਲ ਦੀ ਭਾਲ ਵਿੱਚ। ਨਾ ਉਸਦੇ ਵਾਹਿਗੁਰੂ ਨੇ ਕੋਈ ਖਿਆਲ ਦਿੱਤਾ ‘ਤੇ ਨਾ ਮੇਰੇ ਮੌਲਾ
ਨੇ।
-“ਤਾਈ ਜੀ, “ਉਹ ਕਿਹੜਾ ਫੈਂਸਲਾ ਸੀ। ਜਿਸ ਨੇ ਤੁਹਾਨੂੰ ਅਲੱਗ ਕਰ ਦਿੱਤਾ..?
-“ਬੱਚਪਨ ਦਾ ਪਿਆਰ ਜਵਾਨੀ ਤੱਕ ਦਾ ਸਫਰ ਤੈਅ ਕਰ ਚੁੱਕਾ ਸੀ। ਸਾਡੇ ਪਿਆਰ ਦੀਆਂ ਗੱਲਾਂ
ਖੁੱਲ ਕੇ ਹੋਣ ਲੱਗੀਆਂ ਸਨ। ਫੈਸਲਾ ਲੈਣ ਦਾ ਸਮਾਂ ਆ ਗਿਆ ਸੀ। ਜਦ ਗੱਲ ਵਿਆਹ ਤੱਕ
ਪਹੁੰਚੀ ਮੁੰਡੇ ਨੇ ਸ਼ਰਤ ਰੱਖ ਦਿੱਤੀ। ਕਹਿੰਦਾ ਤੂੰ ਸਰੋਪਾ ਪਾ ਲੈ। ਸਿੱਖਣੀ ਬਣ ਜਾ।
-“ਫਿਰ ਤਾਈ ਜੀ ਤੁਸੀ ਕੀ ਕਿਹਾ…?”
-“ਫਿਰ ਮੈਂ ਵੀ ਸਿਆਣਪ ਤੋਂ ਕੰਮ ਲਿਆ। ਮੈਂ ਵੀ ਕਹਿ ਦਿੱਤਾ ਉਸਨੂੰ ਤੂੰ ਮੁੱਸਲਮਾਨ ਹੋ
ਜਾ।”
-“ਫਿਰ ਤਾਈ ਜੀ……?”
-“ਫਿਰ ਕੀ, ਨਾਂ ਉਸਨੇ ਮੁੜਕੇ ਵੇਖਿਆ ‘ਤੇ ਨਾਂ ਮੈਂ। ਸਾਡਾ ਬਚਪਨ ਦਾ ਪਿਆਰ ਧਰਮ
‘ਤੇ ਕੌਮ ਲਈ ਕੁਰਬਾਨ ਹੋ ਗਿਆ। ਜਦ ਆਪਣਾ ਫੈਸਲਾ ਗੱਲਤ ਲੱਗਣ ਲੱਗਾ ਤਾਂ ਬਹੁਤ ਦੇਰ ਹੋ
ਚੁੱਕੀ ਸੀ। ਸਮਾਂ ਹੱਥੋ ਨਿੱਕਲ ਚੁੱਕਾ ਸੀ। “ਨਸੀਬ ਕੋਰੇ, “ਮੈਂ-ਮੈਂ, ਤੂੰ-ਤੂੰ,
ਮੇਰਾ-ਤੇਰਾ ਹੰਕਾਰ ਦੀ ਇਹ ਭਾਵਨਾ ਸਿਰਫ ਨਫ਼ਰਤ ਪੈਦਾ ਕਰਦੀ ਹੈ। ਰਿਸ਼ਤਿਆਂ ਦਾ ਖੂੰਨ
ਕਰਦੀ ਏ। ਜਦ ਕਿ ਇੱਕ ਦੂਜੇ ਲਈ ਬਦਲਣ ਦੀ ਕੋਸ਼ਿਸ, ਹਰ ਇੱਕ ਧਰਮ ਕੌਮ ਦਾ ਸਤਿਕਾਰ,
ਭਾਈਚਾਰਕ ‘ਤੇ ਪਿਆਰ ਮੁੱਹਬਤ ਦੀ ਸਾਂਝ ਨਵੇ ਰਿਸ਼ਤਿਆਂ ਨੂੰ ਜਨਮ ਦਿੰਦੀ ਹੈ। ਕਾਸ਼…ਅਸੀ
ਦੋਨੋ ਇੱਕ-ਦੂਜੇ ਦੇ ਧਰਮ ਦਾ ਸਤਿਕਾਰ ਕਰਦੇ। ਆਪੋ- ਆਪਣੇ ਧਰਮ ਦੀ ਮਰਿਆਦਾ ਵਿੱਚ
ਰਹਿੰਦੇ ਹੋਏ। ਇੱਕ-ਦੂਜੇ ਦਾ ਜੀਵਨ ਸਾਥੀ ਬਣ ਕੇ ਪਿਆਰ ਦੀ ਸਾਂਝ ਨੂੰ ਗੂੜਾ ਕਰਦੇ।
ਕਾਸ਼……!!
ਲੰਬਾ ਹੌਂਕਾ ਭਰ ਕੇ ਬੇਬੇ ਸ਼ਾਂਤ ਹੋ ਚੁੱਕੀ ਸੀ। ਇੱਕ ਖਾਮੋਸ਼ ਜਵਾਲਾਮੁੱਖੀ ਦੀ
ਤਰ੍ਹਾਂ। ਸ਼ਾਂਤ…… ਬਿੱਲਕੁਲ ਸ਼ਾਂਤ………!!
|
|
|
|
|
|
|
|
|
|
|
|