ਅੱਜ
ਜਦੋਂ ਉਹ ਵੋਟਾਂ ਮੰਗਣ ਉਸ ਘਰ ਵਿਚ ਆਇਆ ਜਿਸ ਵਿਚ ਮੈ ਰਹਿੰਦਾ ਹਾਂ ਤਾਂ
ਮੇਰਾ ਦਿਲ ਕੀਤਾ ਕਿ ਮੈ ਉਸ ਦਾ ਸਿਰ ਪਾੜ ਦੇਵਾਂ।
ਪਰ ਘਰ ਦੇ ਬਾਕੀ ਮੈਬਰਾਂ ਨੂੰ ਦੇਖਦੇ ਹੋਏ ਮੈ ਕੁੱਝ ਵੀ ਨਹੀ
ਸੀ ਕਰ ਸਕਦਾ। ਜੇ ਇਹ ਮੇਰਾ ਘਰ ਹੁੰਦਾ ਤਾਂ ਸ਼ਾਇਦ ਮੈ ਉਸ ਦੇ ਉੱਪਰ
ਗੁੱਸਾ ਕੱਢ ਕੇ ਆਪਣਾ ਮਨ ਥੌੜ੍ਹਾ ਬਹੁਤਾ ਤਾਂ ਹਲਕਾ ਕਰ ਲੈਂਦਾ।
ਪਰ ਜਿਉਂ ਹੀ ਉਸ ਨੇ ਆਪਣਾ ਪੈਰ ਘਰ ਦੀ ਦਲਹੀਜ਼ ਉੱਪਰ ਧਰਿਆ,
ਮੈ ਮਹਿਸੂਸ ਕੀਤਾ ਜਿਵੇ ਮੇਰੇ ਦਿਲ ਦੇ ਵਿਚ ਗੋਲੀ ਵਜੀ ਹੋਵੇ,
ਉਸ ਦਾ ਮੁਸਕਰਾਉਂਦਾ ਚਿਹਰਾ ਇੰਝ ਜਾਪਿਆ ਜਿਵੇ ਮੈਨੂੰ ਦੰਦੀਆਂ ਚਿੜਾ
ਰਿਹਾ ਹੋਵੇ। ਬਾਹਰ ਭਾਂਵੇ ਬਾਰਸ਼ ਹੋ ਰਹੀ ਸੀ ਅਤੇ ਹਲਕੀ ਹਲਕੀ ਠੰਡ ਵੀ
ਸੀ। ਪਰ ਮੈਨੂੰ ਚੋਗਿਰਦੇ ਲਾਟਾਂ ਬਲਦੀਆਂ ਨਜ਼ਰ ਆਈਆ। ਚੀਕ- ਚਿਹਾੜਾ ਅਤੇ
ਅੱਗਾਂ ਲਾਉਂਦੇ ਦਰਿੰਦੇ ਨਜ਼ਰ ਆਏ। ਮੇਰਾ ਪਿਉ ਦੇ ਗੱਲ ਵਿਚ ਪਾਏ ਟਾਈਰ
ਦੇ ਅੱਗ ਦੀਆਂ ਲਾਟਾਂ ਦੂਰ ਦੂਰ ਤੱਕ ਉੱਡਦੀਆਂ ਦੀਸੀਆਂ। ਮੇਰੀ ਮਾਂ
ਦੁਸ਼ਟਾਂ ਦੇ ਪੈਰ ਫੜ੍ਹਦੀ, ਮੇਰੇ ਪਿਉ ਦੀ ਜ਼ਿੰਦਗੀ ਲਈ ਭੀਖ ਮੰਗਦੀ
ਦੀਖੀ। ਪਰ ਉਹਨਾਂ ਮੇਰੀ ਮਾਂ ਨਾਲ ਜੋ ਕੀਤਾ ਮੈ ਉਸ ਨੂੰ ਯਾਦ ਕਰਕੇ ਫਿਰ
ਬੇਹੋਸ਼ ਜਾਵਾਂਗਾ। ਬੇਹੋਸ਼ ਹੋਣ ਤੋਂ ਪਹਿਲਾ ਹੀ ਮੇਰੇ ਮਾਲਕ ਨੇ ਮੈਨੂੰ
ਅਵਾਜ਼ ਮਾਰੀ, “ ਕਾਕਾ, ਦੁਕਾਨ ਤੋਂ ਮਠਿਆਈ ਹੀ ਲੈ ਆ, ਲੀਡਰ ਸਾਹਿਬ
ਲਈ।ਮਾਲਕਣ ਨੂੰ ਕਹਿ ਚਾਹ ਵੀ ਰੱਖ ਦੇਵੇ।”
“ ਦੂਜੀ ਚਾਹ ਤਾਂ ਸਾਡੇ ਕੋਲ ਗੱਡੀ ਵਿਚ ਬਥੇਰੀ ਪਈ ਹੈ।” ਲੀਡਰ
ਨੇ ਢੀਠਾਂ ਵਾਂਗ ਕਿਹਾ, ਤੁਸੀ ਪੀਂਦੇ ਨਹੀ ਇਸ ਲਈ ਅਸੀ ਲਿਆਏ ਨਹੀ।
ਵੈਸੇ ਬਹੁਤੇ ਘਰਾਂ ਵਿਚ ਅਸੀ ਪੇਟੀ ਨਾਲ ਲੈ ਕੇ ਹੀ ਵੜੀਦਾ ਹੈ।”
ਪੈਸੇ ਲੈ ਕੇ ਮਠਿਆਈ ਲੈਣ ਲਈ ਭਾਂਵੇ ਮੈ ਤੁਰ ਪਿਆ, ਪਰ ਦਿਲ ਕਰੇ ਇਸ
ਬੇਅਣਖੀ ਲੀਡਰ ਲਈ ਮੈ ਜ਼ਹਿਰ ਲੈ ਆਵਾਂ ਅਤੇ ਘਰੇ ਆਏ ਬੰਦਿਆਂ ਨੂੰ ਘੋਲ
ਕੇ ਪਿਲਾ ਦੇਵਾ ਜਿਹਨਾ ਨੂੰ ਨਾ ਆਪਣੇ ਦੇਸ਼ ਅਤੇ ਨਾ ਆਪਣੀ ਕੌਮ ਲਈ ਕੋਈ
ਪਿਆਰ ਹੈ, ਪਿਆਰ ਹੈ ਤਾਂ ਸਿਰਫ ਕੁਰਸੀ ਲਈ।
ਮਠਿਆਈ ਲੈਣ ਦੀ ਮੈ ਕੋਈ ਕਾਹਲੀ ਨਾ ਕੀਤੀ। ਹੌਲੀ ਹੌਲੀ ਦੁਕਾਨ ਤੋਂ
ਮਠਿਆਈ ਲੈ ਮੁੜ ਘਰ ਦੀ ਡਿਊੜੀ ਵਿਚ ਦਾਖਲ ਹੋਇਆ ਤਾਂ ਅੰਦਰੋਂ ਸਾਫ
ਅਵਾਜ਼ਾ ਬਾਹਰ ਤਕ ਆ ਰਹੀਆਂ ਸਨ। ਮੇਰਾ ਮਾਲਕ ਕਹਿ ਰਿਹਾ ਸੀ,
“ ਚਾਹ ਠੰਡੀ ਹੋ ਰਹੀ ਹੈ, ਲੜਕਾ ਮਠਿਆਈ ਲੈ ਕੇ ਹੀ ਨਹੀ ਮੁੜਿਆ॥”
“ ਸਰਦਾਰ ਸਾਹਿਬ, ਇਹ ਲੜਕਾ ਹੈ ਕੌਣ ?” ਲੀਡਰ ਨੇ ਪੁੱਛਿਆ।
“ ਇਸ ਦੀ ਬਹੁਤ ਲੰਮੀ ਕਹਾਣੀ ਹੈ।” ਮਾਲਕ ਨੇ ਦੱਸਿਆ, ”ਰੁਲਦਾ-ਖੁਲਦਾ
ਪਲਿਆ ਹੈ ਹੁਣੇ ਜਿਹੇ ਸਾਡੇ ਕੋਲ ਆਇਆ ਹੈ।”
ਆਪਣੇ ਬਾਰੇ ਗੱਲ ਸੁਣ ਕੇ ਮੇਰਾ ਦਿਲ ਕਰੇ ਕਿ ਮੈ ਦਰਵਾਜ਼ੇ ਪਿੱਛੇ
ਲੁੱਕ ਕੇ ਕੁੱਝ ਹੋਰ ਗੱਲਾਂ ਸੁਣਾ। ਨਾ ਚਾਹੁੰਦਿਆ ਹੋਇਆ ਵੀ ਮੈ ਮਠਿਆਈ
ਉਹਨਾਂ ਦੇ ਅੱਗੇ ਪੇਸ਼ ਕਰ ਦਿੱਤੀ ਅਤੇ ਉਹਨਾਂ ਦੇ ਕੋਲ ਹੀ ਪਏ ਮੂੜੇ ਤੇ
ਇਕ ਪਾਸੇ ਜਿਹੇ ਨੂੰ ਹੋ ਕੇ ਬੈਠ ਗਿਆ।ਉਹਨਾਂ ਚਾਹ ਪੀਦਿਂਆ ਇਕ ਦੋ ਵਾਰੀ
ਮੇਰੇ ਮੂੰਹ ਵੱਲ ਨੂੰ ਦੇਖਿਆ, ਪਰ ਆਪਣੀਆਂ ਗੱਲਾਂ ਜਾਰੀ ਰੱਖਦਿਆਂ ਮੇਰੇ
ਮਾਲਕ ਨੇ ਕਿਹਾ,
“ ਲੀਡਰ ਸਾਹਿਬ, ਪਿਛਲੇ ਸਾਲ ਤੁਸੀ ਕਾਫੀ ਜੋਰ ਲਾਇਆ ਸੀ ਕਿ ਪੰਜਾਬ ਦੇ
ਲਟਕਦੇ ਮਸਲੇ ਹਲ ਕੀਤੇ ਜਾਣ, ਹੁਣ ਜੇ ਤੁਸੀ ਪਾਵਰ ਵਿਚ ਆ ਗਏ ਤਾਂ ਉਮੀਦ
ਹੈ ਸਾਰੇ ਰਹਿੰਦੇ ਮਸਲੇ ਪੂਰੇ ਹੋ ਜਾਣਗੇ।”
ਲੀਡਰ ਨੇ ਨਾਲ ਆਏ ਦੂਸਰੇ ਬੰਦੇ ਵੱਲ ਦੇਖਿਆ ਤਾਂ ਦੋਨੋ ਮੁਸਕ੍ਰਾ
ਪਏ। ਉਹਨਾਂ ਦੇ ਦੰਦ ਮੈਨੂੰ ਹਾਥੀ ਦੇ ਲੱਗੇ ਜੋ ਖਾਣ ਹੋਰ ਅਤੇ ਦਿਖਾਣ
ਨੂੰ ਹੋਰ ਹੋਣ। ਮੈ ਨਾਲ ਆਏ ਬੰਦੇ ਵੱਲ ਗਹੁ ਨਾਲ ਦੇਖਿਆ ਤਾ ਮੈਨੂੰ
ਲੱਗਾ ਜਿਵੇ ਮੈ ਉਸ ਨੂੰ ਪਹਿਲਾ ਕਿਤੇ ਦੇਖਿਆ ਹੋਵੇ।
“ ਤੁਸੀ ਪਾਵਰ ਵਿਚ ਲਿਆਉ ਤਾਂ ਸਹੀ, ਫਿਰ ਦੇਖਿਉ ਮਸਲੇ ਇਕੱਲੇ
ਪੰਜਾਬ ਦੇ ਨਹੀ ਸਾਰੀ ਦੁਨੀਆ ਦੇ ਹੱਲ ਕਰਾਂਗੇ।” ਇਹ ਕਹਿ ਕੇ ਉਹ ਬੰਦਾ
ਜ਼ੋਰ ਦੀ ਹੱਸਿਆ।
ਜਦੋਂ ਉਹ ਹੱਸਦੇ ਤਾਂ ਮੈਨੂੰ ਹੋਰ ਵੀ ਗੁੱਸਾ ਚੜ੍ਹ ਜਾਂਦਾ। ਪਰ ਮੈ
ਆਪਣਾ ਗੁੱਸਾ ਲੁਕਾਉਂਦਾ ਹੋਇਆ ਖਾਮੋਸ਼ ਬੈਠਾਂ ਰਿਹਾ।ਹੌਲੀ ਹੌਲੀ ਉਹਨਾਂ
ਦੀਆਂ ਗੱਲਾਂ ਦੁਨੀਆ ਦੇ ਮਸਲੇ ਛੱਡ, ਪੰਜਾਬ ਦੇ ਮਸਲਿਆ ਦੇ ਵਿਚੋਂ ਦੀ
ਲੰਘਦੀਆ ਸਿੱਖਾਂ ਦੇ ਮਸਲੇ ਤੇ ਅਟਕ ਗਈਆਂ।
“ ਜੇ ਸਾਡੀ ਜਿੱਤ ਹੋਈ ਤਾਂ ਅਸੀ 1984 ਦੇ ਦੰਗਾਕਾਰੀਆਂ ਨੂੰ ਸਜ਼ਾ
ਜ਼ਰੂਰ ਦਵਾਂਵਾਗੇ।” ਉਹ ਬੰਦਾ ਫਿਰ ਬੋਲਿਆ।”
ਇਹ ਗੱਲ ਸੁਣ ਕੇ ਮੇਰਾ ਮੂੰਹ ਅਤੇ ਕੰਨ ਲਾਲ ਹੋ ਗਏ, ਮੇਰੇ ਸਾਰੇ
ਸਰੀਰ ਦੀ ਲੂਈ ਖੜ੍ਹ ਗਈ। ਮੇਰਾ ਦਿਲ ਤਰਖਾਣ ਦੀ ਧੋਕਣੀ ਵਾਂਗ ਚਲਣ
ਲੱਗਾ।ਇਸ ਤੋਂ ਜ਼ਿਆਦਾ ਮੇਰੀ ਹਾਲਤ ਹੋਰ ਵੀ ਖਰਾਬ ਹੋ ਜਾਂਣੀ ਸੀ, ਜਦੋਂ
ਕਿ ਮੇਰੇ ਮਾਲਕ ਨੇ ਉੱਚੀ ਅਵਾਜ਼ ਵਿਚ ਮੇਰਾ ਨਾਮ ਲਿਆ ਤਾਂ ਮੈਨੂੰ ਬਾਹਰ
ਜਾਣ ਦਾ ਇਸ਼ਾਰਾ ਕੀਤਾ।ਇਸ ਗਲੋਂ ਮੇਰਾ ਮਾਲਕ ਬੜਾ ਹੀ ਸਿਆਣਾ ਹੈ।ਉਹ
ਬਹੁਤ ਵਾਰੀ ਮੈਨੂੰ ਉਸ ਹਾਲਤ ਵਿਚ ਜਾਣ ਨਹੀ ਦਿੰਦਾ ਜਿਸ ਵਿਚ ਮੇਰੀ ਜਾਣ
ਨੂੰ ਖਤਰਾ ਵੀ ਹੋ ਸਕਦਾ ਹੈ। ਡਾਕਟਰ ਨੇ ਵੀ ਉਹਨਾਂ ਨੂੰ ਇਹੀ ਦੱਸਿਆ
ਹੈ, ਜਿੰਨਾ ਤੁਸੀ ਇਸ ਨੂੰ ਉਸ ਹਾਲਤ ਵਿਚ ਜਾਣ ਤੋਂ ਰੋਕੋਗੇ, ਉਹਨੀ
ਛੇਤੀ ਇਸ ਦੇ ਠੀਕ ਹੋਣ ਦੀ ਸੰਭਾਵਣਾ ਹੈ। ਵੈਸੇ ਅੱਜ ਤਾਂ ਮੈਨੂੰ ਵੀ
ਥੋੜ੍ਹਾ ਫਰਕ ਨਜ਼ਰ ਆਇਆ। ਅੱਗੇ ਤਾਂ ਕਿਸੇ ਨੇ ਚੌਰਾਸੀ ਦਾ ਨਾਮ ਲਿਆ ਨਹੀ
ਤਾਂ ਮੈ ਬੇਹੋਸ਼ ਹੋਇਆ ਨਹੀ। ਉਸ ਤਰਾਂ ਵੀ ਉਮਰ ਤੀਹਾਂ ਦੇ ਨੇੜੇ ਢੁਕਣ
ਵਾਲੀ ਹੈ ਅਤੇ ਅੱਗੇ ਨਾਲੋ ਤਕੜਾ ਹੋਇਆ ਮਹਿਸ਼ੂਸ ਕਰਦਾ ਪਿਆ ਹਾਂ। ਬਚਪਣ
ਦੇ ਦੁੱਖ ਨੇ ਜੋ ਮੇਰੇ ਸਰੀਰ ਵਿਚ ਸ਼ੇਕ ਕੀਤੇ ਸਨ, ਉਹ ਦੂਜਿਆਂ ਦੇ ਦੁੱਖ
ਦੇਖਦੇ ਥੌੜ੍ਹੇ ਭਰਨੇ ਸ਼ੁਰੂ ਹੋ ਗਏ ਸਨ। ਮਾਲਕ ਦੇ ਕਹਿਣ ਤੇ ਭਾਵੇ ਮੈ
ਕਮਰੇ ਤੋਂ ਵਿਚ ਆ ਗਿਆ, ਪਰ ਮੇਰੇ ਕੰਨ ਕਮਰੇ ਵੱਲ ਹੀ ਸਨ।
“ ਸਰਦਾਰ ਸਾਹਿਬ, ਤੁਸੀ ਉਸ ਨੂੰ ਬਾਹਰ ਕਿਉਂ ਭੇਜ ਦਿੱਤਾ?” ਲੀਡਰ ਨੇ
ਪੁੱਛਿਆ।
“ ਇਸ ਦੇ ਸਾਹਮਣੇ ਜਦੋਂ ਕੋਈ ਵੀ ਚੌਰਾਸੀ ਦੇ ਦੰਗਿਆ ਦੀ ਗੱਲ ਕਰਦਾ ਹੈ,
ਇਹ ਬੇਹੋਸ਼ ਹੋ ਜਾਂਦਾ ਹੈ।”
“ ਉਹ ਕਿਉਂ?”
“ ਇਹ ੳਦੋਂ ਛੋਟਾ ਜਿਹਾ ਸੀ ਜਦੋਂ ਦੰਗਾਕਾਰੀਆਂ ਨੇ ਇਹਨਾ ਦੇ ਘਰ ਤੇ
ਹਮਲਾ ਕਰ ਦਿੱਤਾ, ਇਸ ਦੀ ਮਾਂ ਨੇ ਇਸ ਨੂੰ ਇਕ ਅਲਮਾਰੀ ਵਿਚ ਲੁਕਾ
ਦਿੱਤਾ, ਪਰ ਜੋ ਕੁੱਝ ਵੀ ਇਹਨਾਂ ਦੇ ਘਰ ਵਿਚ ਵਾਪਰਿਆ ਉਹ ਅਲਮਾਰੀ ਦੀਆਂ
ਵਿਰਲੀਆਂ ਫੱਟੀਆਂ ਰਾਹੀ ਇਸ ਦੀਆਂ ਅੱਖਾਂ ਤੱਕ ਪੁੰਹਚਦਾ ਰਿਹਾ। ੳਦੋਂ
ਵੀ ਇਕ ਦਇਆਵਾਨ ਆਦਮੀ ਨੇ ਇਸ ਨੂੰ ਬੇਹੋਸ਼ ਹੋਏ ਨੂੰ ਅਲਮਾਰੀ ਵਿਚੋਂ
ਕੱਢਿਆ ਸੀ।”
“ ਡਾਕਟਰ ਨੂੰ ਨਹੀ ਪੁੱਛਿਆ- ਪੱਛਿਆ।” ਨਾਲ ਆਏ ਬੰਦੇ ਨੇ ਉਪਰਾ ਜਿਹਾ
ਕਿਹਾ, “ੳਦੋਂ ਤਾਂ ਜੀ ਦਿੱਲੀ ਵਿਚ ਕਹਿਰ ਹੀ ਵਰਤਿਆ।
“ ਮੇਰਾ ਦੌਸਤ ਦਸੱਦਾ ਸੀ ਕਿ ਡਾਕਟਰਾਂ ਨੇ ਕਿਹਾ ਹੈ ਕਿ ੳਦੋਂ ਦਾ ਇਸ
ਦੇ ਬਾਲ ਮਨ ਤੇ ਹਾਦਸੇ ਦਾ ਐਸਾ ਡੂੰਘਾ ਅਸਰ ਹੋ ਗਿਆ ਹੈ ਕਿ ਸਾਰੀ ਉਮਰ
ਵੀ ਰਹਿ ਸਕਦਾ ਹੈ ਅਤੇ ਸਮਾਂ ਪਾ ਕੇ ਠੀਕ ਵੀ ਹੋ ਸਕਦਾ ਹੈ।” ਮਾਲਕ
ਮੇਰੀ ਜ਼ਿੰਦਗੀ ਦੀ ਕਿਤਾਬ ਦੇ ਵਰਕੇ ਉਹਨਾਂ ਦੇ ਅੱਗੇ ਫਰੋਲਣ ਲੱਗਾ, “
ਮਾਂ-ਬਾਪ ਦੋਹਾਂ ਨੂੰ ਹੀ ਇਸ ਦੀਆਂ ਅੱਖਾਂ ਦੇ ਸਾਹਮਣੇ ਤੜਪਾ ਤੜਪਾ ਕੇ
ਮਾਰ ਦਿੱਤਾ।”
“ ਤੁਹਾਡੇ ਕੋਲ ਕਿਵੇ ਪੁੰਹਚਿਆ?”
“ਜਿਸ ਨੇ ਇਸ ਨੂੰ ਅਲਮਾਰੀ ਵਿਚੋਂ ਕੱਢਿਆ ਸੀ ਉਹ ਵੀ ਵਿਚਾਰਾ ਗਰੀਬ
ਜਿਹਾ ਤੇ ਸਿਆਣਾ ਬੰਦਾ ਸੀ। ਮੇਰੇ ਦੌਸਤ ਦੇ ਘਰ ਵਿਚ ਨੌਕਰੀ ਕਰਦਾ ਸੀ,
ਇਹ ਵੀ ਉਸ ਦੇ ਨਾਲ ਹੀ ਘਰ ਦੇ ਕੰਮਾ ਵਿਚ ਹੱਥ ਵਟਾਉਂਦਾ ਸੀ। ਪਹਿਲਾਂ
ਤਾਂ ਉਹ ਬੁੱਢਾ ਇਸ ਨੂੰ ਆਪਣਾ ਦੌਹਤਾ ਜਾਂ ਪੌਤਾ ਹੀ ਕਹਿੰਦਾ ਸੀ।”
“ ਮਰਨ ਲੱਗਾ ਹੀ ਦੱਸ ਕੇ ਗਿਆ ਹੋਵੇਗਾ।” ਨਾਲ ਦੇ ਬੰਦੇ ਨੇ ਫਿਰ
ਅੰਦਾਜ਼ਾ ਲਾਇਆ।
“ ਇਹ ਪੜ੍ਹਿਆ ਕਿੰਨਾ ਕੁ ਹੈ?” ਲੀਡਰ ਨੇ ਪੁੱਛਿਆ, “ ਜੇ ਜਿੱਤ ਗਏ ਤਾਂ
ਕਿਤੇ ਇਸ ਦੀ ਰੋਟੀ ਦਾ ਹੀ ਜੁਗਾੜ ਕਰ ਦੇਵਾਂਗੇ।”
“ ਇਸ ਮੰਹਗਾਈ ਵਿਚ ਤਾਂ ਆਪਣੇ ਬੱਚੇ ਪੜਾਉਣੇ ਔਖੇ ਹੈ। ਇਸ ਨੂੰ ਕਿਸ ਨੇ
ਕੀ ਪੜ੍ਹਾਉਣਾ ਸੀ” ਮੇਰੇ ਮਾਲਕ ਨੇ ਜਵਾਬ ਦਿੱਤਾ, “ ਪੰਜਾਬੀ ਹਿੰਦੀ
ਤਾਂ ਪੜ੍ਹਨੀ ਲ਼ਿਖਣੀ ਜਾਣਦਾ ਹੈ।”
ਇਹ ਗੱਲ ਸੁਣ ਕੇ ਮੇਰਾ ਦਿਲ ਕਰੇ ਕਹਾਂ ਮੰਹਗਾਈ ਦੀ ਤਾਂ ਗੱਲ ਹੈ
ਹੀ, ਉੰਝ ਵੀ ਅੱਜ ਦਾ ਮੁੱਨਖ ਇਤਨਾ ਖੁਦਗਰਜ਼ ਹੋ ਗਿਆ ਹੈ ਕਿ ਆਪਣੇ
ਸਵਾਰਥ ਤੋਂ ਬਗ਼ੈਰ ਕਿਸੇ ਦੂਜੇ ਦਾ ਭਲਾ ਨਹੀ ਸੋਚਦਾ।ਪਰ ਇਹ ਗੱਲ ਮੈ
ਆਪਣੇ ਅੰਦਰ ਹੀ ਦੱਬ ਗਿਆਂ ਅਤੇ ਫਿਰ ਉਹਨਾਂ ਦੀ ਗੱਲ ਸੁੱਨਣ ਲੱਗਾ।
“ ਦੇਖਣ ਨੂੰ ਅਨਪੜ੍ਹ ਨਹੀ ਲਗਦਾ।”
“ ਸ਼ੁਰੂ ਤੋਂ ਅਫਸਰਾਂ ਨਾਲ ਰਹਿਣ ਕਾਰਣ ਇਸ ਦੀ ਰਹਿਣੀ ਬਹਿਣੀ ਵੀ ਉਸ
ਤਰਾਂ ਦੀ ਹੋ ਗਈ।”
“ ਇਸ ਦਾ ਕੋਈ ਹੋਰ ਰਿਸ਼ਤੇਦਾਰ ਵੀ ਨਹੀ ਹੈ।”
“ ਇਸ ਨੂੰ ਤਾਂ ਕਿਸੇ ਦਾ ਪਤਾ ਨਹੀ ਹੈ, ਬਾਕੀ ਕਿਸੇ ਨੇ ਕੋਸ਼ਿਸ਼ ਵੀ ਨਹੀ
ਕੀਤੀ ਇਸ ਦੇ ਰਿਸ਼ਤੇਦਾਰਾਂ ਨੂੰ ਲ਼ੱਭਣ ਦੀ।”
ਮੇਰੇ ਮਨ ਨੇ ਫਿਰ ਮੈਨੂੰ ਹੀ ਜ਼ਵਾਬ ਦਿੱਤਾ, “ ਕਈ ਰਿਸ਼ਤੇਦਾਰ ਤਾਂ ਸੰਕਟ
ਸਮੇਂ ਆਪ ਹੀ ਲੁਕ ਜਾਂਦੇ ਨੇ ਕਿਤੇ ਕਿਸੇ ਬੇਆਸਰੇ ਦਾ ਆਸਰਾ ਨਾ ਬਣਨਾ
ਪੈ ਜਾਵੇ।”
“ ਕਾਕਾ, ਚਾਹ ਵਾਲੇ ਭਾਂਡੇ ਲੈ ਜਾ।” ਮੇਰੇ ਮਾਲਕ ਨੇ ਅਦਰੋਂ ਅਵਾਜ਼
ਲਗਾਈ।
ਭਾਂਡੇ ਚੁੱਕਦਾ ਮੈ ਸੋਚ ਰਿਹਾ ਸਾਂ ਕਿ ਮੈ ਇਹਨਾਂ ਦੋਨਾਂ ਨੂੰ ਦੇਖ
ਕੇ ਖਿੱਝੀ ਕਿਉਂ ਜਾਂਦਾ ਹਾਂ। ਲੀਡਰ ਤਾਂ ਮੈਨੂੰ ਇਸ ਲਈ ਬੁਰਾ ਲੱਗਦਾ
ਹੈ ਕਿ ਚੌਰਾਸੀ ਤੋਂ ਬਾਅਦ ਏਨੀ ਵਾਰੀ ਜਿੱਤਿਆ, ਕਹਾਉਂਦਾ ਵੀ ਆਪਣੇ ਆਪ
ਨੂੰ ਸਿੱਖਾਂ ਦੀ ਮਜ਼ਬੂਤ ਪਾਰਟੀ ਦਾ ਮੋਹਰੀ, ਪਰ ਮੇਰੇ ਵਰਗੇ ਲੋਕਾਂ ਲਈ
ਕੁੱਝ ਨਾ ਕੀਤਾ। ਪਰ ਨਾਲਦਾ ਬੰਦਾ ਮੈਨੂੰ ਲੀਡਰ ਨਾਲੋ ਵੀ ਭੈੜਾ ਲੱਗਦਾ
ਹੈ।
“ ਤੁਹਾਡੀਆਂ ਪਾਰਟੀਆਂ ਤਾਂ ਵੱਖ ਵੱਖ ਹੈ, ਪਰ ਵੋਟਾਂ ਮੰਗਣ ਲਈ ਇਕੱਠੇ
ਹੀ ਆਏ ਹੋ, ਇਹ ਕਿਵੇ”? ਮਾਲਕ ਨੇ ਸਵਾਲ ਪਾਇਆ।
“ ਸਾਡੀਆਂ ਪਾਰਟੀਆਂ ਆਪਸ ਵਿਚ ਮਿਲ ਕੇ ਚੋਣ ਲੜ ਰਹੀਆ ਹੈ, ਸਾਝੇ
ਉਮੀਦਵਾਰ ਖੜ੍ਹੇ ਕਰਾਂਗੇ।”
“ ਪਰ ਪਹਿਲਾਂ ਤੁਸੀ ਆਪਣੀ ਹੁਣ ਵਾਲੀ ਵਿਰੌਧੀ ਪਾਰਟੀ ਦੇ ਵਿਚ ਕਾਫੀ
ਸਰਗਗਰਮ ਨਹੀ ਸੀ।” ਮਾਲਕ ਨੇ ਨਾਲ ਵਾਲੇ ਬੰਦੇ ਨੂੰ ਸਿੱਧਾ ਪੁੱਛਿਆ।
“ ਸਰਦਾਰ ਸਾਹਿਬ ਜੀ, ਉਸ ਪਾਰਟੀ ਨੂੰ ਤਾਂ ਮੈ ਕਾਫੀ ਚਿਰ ਤੋਂ ਤਿਆਗ
ਚੁੱਕਾ ਹਾਂ।”
“ ਹੁਣ ਤਾਂ ਰਾਜਨਿਤਕ ਇਸ ਤਰਾਂ ਦਲ ਬਦਲ ਲੈਂਦੇ ਹੈ, ਜਿਵੇ ਕਪੱੜੇ ਬਦਲ
ਲਈਏ। ਪਤਾ ਹੀ ਨਹੀ ਲੱਗਦਾ।” ਮਾਲਕ ਨੇ ਸੱਚਾਈ ਦੱਸੀ।
ਇਹ ਸੁਣ ਕੇ ਉਹ ਬੰਦਾ ਉੱਚੀ ਅਵਾਜ਼ ਵਿਚ ਹੱਸਿਆ। ਉਸ ਦਾ ਹਾਸਾ ਮੈਨੂੰ
ਝੰਜੋੜ ਗਿਆ। ਪੂਰਾ ਜ਼ੋਰ ਲਗਾ ਕੇ ਮੈ ਉਸ ਦੇ ਹਾਸੇ ਨੂੰ ਪਹਿਚਾਨਣ ਲੱਗਾ।
ਮੇਰਾ ਦਿਲ,ਦਿਮਾਗ, ਮੇਰੀਆਂ ਨਜ਼ਰਾ ਜਾਨੀ ਕਿ ਮੇਰੀਆਂ ਸਾਰੀਆਂ ਸ਼ਕਤੀਆ ਉਸ
ਟੋਹਣ ਲੱਗ ਪਈਆਂ। ਉਸ ਦੇ ਹੱਸਦੇ ਗੰਦੇ ਦੰਦ ਪਹਿਚਾਣ ਵਿਚ ਆਉਣ ਲੱਗੇ।
ਇਹ ੳਦੋਂ ਵੀ ਇਸ ਤਰਾਂ ਦਾ ਹਾਸਾ ਹੀ ਹੱਸਦਾ ਸੀ, ਜਦੋਂ ਮੇਰਾ ਪਿਉ ਟਾਈਰ
ਵਿਚ ਜਲ ਰਿਹਾ ਸੀ। ਫਰਕ ਸਿਰਫ ਏਨਾ ਸੀ ੳਦੋਂ ਜਵਾਨੀ ਵਿਚ ਹੋਣ ਕਾਰਣ ਇਸ
ਦੇ ਹਾਸੇ ਦੀ ਅਵਾਜ਼ ਟਾਈਰ ਨੂੰ ਲੱਗੀ ਹੋਈ ਅੱਗ ਨਾਲੋ ਵੀ ਜ਼ਿਆਦਾ ਮਚ ਰਹੀ
ਸੀ। ਉਹ ਸਾਰਾ ਦ੍ਰਿਸ਼ ਅੱਖਾਂ ਸਾਹਮਣੇ ਘੁੰਮਣ ਲੱਗਾ। ਚਾਹ ਦੀ ਕੇਤਲੀ
ਮੇਰੇ ਹੱਥਾਂ ਵਿਚੋਂ ਛੁੱਟ ਗਈ ਤੇ ਮੇਰੇ ਹੱਥ ਬਦੂਕ ਦੀ ਗੋਲੀ ਤਰਾਂ ਉਸ
ਬੰਦੇ ਦੀ ਧੋਣ ਨੂੰ ਜਾ ਚਿੰਬੜੇ। ਉਹ ਦੰਗਾਕਾਰੀ ਮੇਰੇ ਹੱਥਾਂ ਵਿਚ ਮੇਰੇ
ਬਾਪ ਵਾਂਗ ਹੀ ਤੜਪਣ ਲੱਗਾ। ਮੈ ਵੀ ਉਸ ਤਰਾਂ ਪਾਗਲਾਂ ਵਾਂਗ ਹੱਸਣ
ਲੱਗਾ। ਮਾਲਕ ਅਤੇ ਲੀਡਰ ਸਾਰਾ ਜ਼ੋਰ ਲਗਾ ਕੇ ਮੈਨੂੰ ਫੜਨ ਲੱਗੇ।
ਰੌਲਾ-ਰੱਪਾ ਸੁਣ ਕੇ ਮਾਲਕਣ ਦੋੜੀ ਆਈ। ਮੈਨੂੰ ਬੇਕਾਬੂ ਹੁੰਦਾ ਦੇਖ ਉਸ
ਨੇ ਆਂਢ –ਗੁਆਂਡ ਕੱਠਾ ਕਰ ਲਿਆ। ਸਾਰਿਆਂਾ ਰੱਲ ਕੇ ਮੈਨੂੰ ਕੌਠੜੀ ਵਿਚ
ਬੰਦ ਕਰ ਦਿੱਤਾ। ਦਰਵਾਜ਼ੇ ਵਿਚ ਲੱਤਾਂ ਮੁੱਕੇ ਮਾਰਦਾ ਮੈ ਨਿਢਾਲ ਹੋ ਕੇ
ਇਕ ਪਾਸੇ ਡਿਗ ਪਿਆ।
“ ਅੱਗੇ ਤਾਂ ਜੀ ਇਹ ਬੇਹੋਸ਼ ਜ਼ਰੂਰ ਹੋ ਜਾਂਦਾ ਸੀ, ਪਰ ਅੱਜ ਤਾਂ
ਪਾਗਲਪਣ ਦਾ ਦੌਰਾ ਪੈ ਗਿਆ ਲੱਗਦਾ ਹੈ।” ਮਾਲਕਣ ਨੇ ਕਿਹਾ।
“ ਬੀਬੀ, ਗੱਲਾਂ ਛੱਡੋ, ਪਾਣੀ ਲੈ ਕੇ ਆਉ, ਦੇਖੋ ਇਸ ਨੇ ਮੇਰੇ ਸਾਥੀ
ਨੂੰ ਬੇਹੋਸ਼ ਕਰ ਦਿੱਤਾ।”
ਥੌੜ੍ਹੀ ਦੇਰ ਬਾਅਦ ਹੀ ਐਬੂਲਸ ਅਤੇ ਪੁਲੀਸ ਦੀ ਗੱਡੀ ਆ ਗਈ।ਐਂਬੂਲਸ
ਵਾਲੇ ਬੇਹੋਸ਼ ਨੂੰ ਜਰਨਲ ਹਸਪਤਾਲ ਵਿਚ ਲੈ ਗਏ ਅਤੇ ਪੁਲੀਸ ਵਾਲਿਆਂ ਨੇ
ਮੈਨੂੰ ਪਾਗਲਾਂ ਦੇ ਹਸਪਤਾਲ ਜਾਂ ਜੇਲ ਵਿਚ ਪਾ ਦਿੱਤਾ।ਜਦੋਂ ਇਕ ਦਿਨ
ਮੇਰਾ ਮਾਲਕ ਮੈਨੂੰ ਦੇਖਣ ਆਇਆ ਤਾਂ ਡਾਕਟਰ ਉਸ ਨੂੰ ਦਸ ਰਿਹਾ ਸੀ,
“ ਇਸ ਦਾ ਅੰਦਰਲਾ ਗੁਭਾਰ ਇਕਦਮ ਉਸ ਦਿਨ ਬਾਹਰ ਆ ਗਿਆ, ਇਸ ਕਰਕੇ ਬੰਦੇ
ਦੇ ਗਲ ਨੂੰ ਚੰਬੜ ਗਿਆ। ਵੈਸੇ ਹੁਣ ਇਸ ਦਾ ਵਤੀਰਾ ‘ਨੋਰਮਲ’ ਇਨਸਾਨ
ਵਰਗਾ ਹੈ। ਉਮੀਦ ਹੈ ਇਹ ਹੁਣ ਕਦੀ ਵੀ ਬੇਹੌਸ਼ ਨਹੀ ਹੋਵੇਗਾ
ਮਾਲਕ ਦਿਆਲੂ ਸੁਭਾਅ ਦਾ ਹੋਣ ਕਾਰਣ ਛੇਤੀ ਹੀ ਮੈਨੂ ਆਪਣੇ ਘਰ ਫਿਰ ਲੈ
ਆਇਆ। ਹੁਣ ਕਦੀ ਵੀ ਕੋਈ ਦੰਗਿਆ ਦੀ ਗਲ ਕਰਦਾ ਮੈ ਸਹਿ ਜਾਂਦਾ ਅਤੇ
ਬੇਹੋਸ਼ੀ ਤੋਂ ਬਚਿਆ ਰਿਹਾ।
ਅੱਜ ਸਵੇਰੇ ਸਵੇਰੇ ਮੇਰਾ ਮਾਲਕ ਉੱਚੀ ਉੱਚੀ ਅਖਬਾਰ ਪੜ੍ਹ ਕੇ ਮਾਲਕਣ
ਨੂੰ ਦਸ ਰਿਹਾ ਸੀ ,
“ ਲੈ ਬਈ, ਉਹ ਬੰਦਾ ਵੋਟਾਂ ਵਿਚ ਜਿਤ ਗਿਆ, ਜਿਸ ਨੂੰ ਇਸ ਨੇ ਧੋਣ ਤੋਂ
ਫੜਿਆ ਸੀ।”
ਮਾਲਕ ਦੀ ਇਹ ਗੱਲ ਕਹਿਣ ਦੀ ਦੇਰ ਸੀ ਕਿ ਮੇਰਾ ਸਰੀਰ ਕੰਬਣ ਲੱਗਾ,
ਪਸੀਨਾ ਛੁੱਟਣ ਲੱਗਾ, ਮੇਰੀ ਬੇਹੋਸ਼ੀ ਵਾਲੀ ਹਾਲਤ ਫਿਰ ਹੋਣ ਲੱਗੀ, ਪਰ
ਮੈ ਆਪਣੇ ਆਪ ਨੂੰ ਸੰਭਾਲ ਲਿਆ। ਮੈਨੂੰ ਅਦਰੋਂ ਹੀ ਅਵਾਜ਼ ਆਈ ਤੂੰ ਬੇਹੋਸ਼
ਨਹੀ ਹੈ, ਬੇਹੋਸ਼ ਤਾਂ ਉਹ ਜਨਤਾ ਹੈ ਜਿਹੜੀ ਵੋਟਾਂ ਪਾ ਕੇ ਅਜਿਹੇ
ਬੰਦਿਆਂ ਨੂੰ ਜਿਤਾਉਂਦੀ ਹੈ ਤਾਂ ਜੋ ਇਹ ਬਦਮਾਸ਼ ਕਿਸਮ ਦੇ ਦੰਗਾਕਾਰੀ
ਤਾਕਤ ਵਿਚ ਆਉਣ ਨਾਲ, ਦਿੱਲੀ ਵਾਲੇ ਦੰਗੇ ਕਿਸੇ ਸਮੇਂ ਵੀ ਦੁਰਹਾ ਸਕਣ
ਵਿਚ ਢਿਲ ਨਾ ਕਰਨ। ਮੈਨੂੰ ਇੰਝ ਲੱਗਾ ਜਿਵੇ ਅੰਦਰਲੀ ਅਵਾਜ਼ ਆਪਣੇ ਆਪ ਹੀ
ਬਾਹਰ ਆ ਕੇ ਚੁਗਿਰਦੇ ਵਿਚ ਫੈਲ ਗਈ ਹੋਵੇ ਅਤੇ ਹਰ ਪਾਸਉਂ ਅਵਾਜ਼ਾ ਆਉਣ
ਲੱਗੀਆਂ, “ ਇਸ ਦੰਗਾਕਾਰੀ ਨੂੰ ਲੀਡਰ ਬਣਾਉਣ ਵਾਲੇ ਬੇਹੋਸ਼ ਨੇ, ਬੇਹੋਸ਼
ਨੇ, ਬੇਹੋਸ਼…..।ਭਾਂਵੇ ਇਹਨਾਂ ਅਵਾਜ਼ਾਂ ਦਾ ਸਾਰੇ ਪਾਸੇ ਸ਼ੋਰ ਸੀ, ਪਰ
ਮੈਨੂੰ ਆਪਣੇ ਅੰਦਰ ਸ਼ਾਤੀ ਮਹਿਸੂਸ ਹੋਈ ਅਤੇ ਕੋਈ ਭੇਦ ਭਰੀ ਆਸ ਵਿਚ ਮੁੜ
ਬੇਹੋਸ਼ ਹੋਣ ਤੋਂ ਬਚ ਗਿਆ। |