ਮਿਤੀ: 01 ਮਾਰਚ, 2000/ਗਰੀਸ
ਮਾਈ ਡੀਅਰ ਬ੍ਰਦਰ
ਸਤਿ ਸ੍ਰੀ ਅਕਾਲ
ਮੈਂ
ਇਥੇ ‘ਰਾਜ਼ੀ-ਖ਼ੁਸ਼ੀ ਹਾਂ ਤੇ ਆਸ ਕਰਦਾ ਹਾਂ ਕਿ ਆਪ ਵੀ ਉਸ ਸਤਿਗੁਰੂ ਦੀ
ਕਿਰਪਾ ਨਾਲ ਠੀਕ-ਠਾਕ ਹੋਵੋਂਗੇ। ਮੈਂ ਤਾਂ ਰੱਬ ਕੋਲੋਂ ਹਰ ਵਕਤ ਆਪ ਸਭ
ਦੀ ਖ਼ੁਸ਼ੀ ਮੰਗਦਾਂ ਹਾਂ।
ਅੱਗੇ ਸਮਾਚਾਰ ਇਹ ਹੈ ਕਿ ਮੈਂ ਅਜੇ ਤੱਕ ਜੇਲ ਵਿਚ ਹੀ ਹਾਂ, ਬੇ-ਸਹਾਰਾ।
ਮੇਰਾ ਇਥੇ ਕੋਈ ਨਹੀਂ, ਜਿਹੜਾ ਸੀ ਉਹ ਵੀ ਸਾਥ ਛੱਡ ਗਿਐ। ਕੀਪੇ ਨੇ
ਮੇਰੀ ਖ਼ਬਰ ਤੱਕ ਨਹੀਂ ਲਈ। ਕੀ ਮਾਸੀ ਦੇ ਪੁੱਤ ਇੱਦਾਂ ਦੇ ਹੁੰਦੇ ਨੇਂ?
ਉਸ ਦਾ ਤਾਂ ਇਹ ਹਾਲ ਹੈ ਕਿ ਕਹਿਣਾ ਮੋੜਨਾ ਨਹੀਂ, ਡੱਖਾ ਤੋੜਨਾ ਨਹੀਂ।
ਮੈਂ ਉਸ ਦੀਆਂ ਬੜੀਆਂ ਮਿੰਨਤਾਂ ਕੀਤੀਆਂ ਕਿ ਮੈਨੂੰ ਆ ਕੇ ਕੋਈ ਕੱਪੜਾ
ਦੇ ਜਾਹ, ਬਹੁਤ ਠੰਡ ਹੈ। ਮੈਨੂੰ ਕੋਈ ਕੱਪੜਾ ਨਹੀਂ ਦੇ ਕੇ ਗਿਆ ਤੇ ਨਾ
ਹੀ ਕੋਈ ਪੈਸਾ ਦੇ ਕੇ ਗਿਆ। ਇਕ ਵਾਰ ਮੈਂ ਫ਼ੋਨ ਕੀਤਾ ਤਾਂ ਮੈਨੂੰ
ਕਹਿੰਦਾ ਮੈਂ ਉਸ ਜੇਲ ਵਿਚ ਰਿਹਾ ਹਾਂ ਤੇ ਫੇਰ ਮੈਨੂੰ ਜੇਲਾਂ ਦੇ ਨਾਂ
ਦੱਸਣ ਲੱਗ ਪਿਆ। ਮੇਰੇ ਕੋਲ ਕੋਈ ਪੈਸਾ ਨਹੀਂ ਸੀ ਜਿਹੜਾ ਕਿ ਮੈਂ ਉਸ
ਨੂੰ ਵਾਰ-ਵਾਰ ਫੋਨ ਕਰੀਂ ਜਾਂਦਾ। ਇਕ ਵਾਰ ਮੈਂ ਉਸ ਨੂੰ ਆਉਣ ਨੂੰ ਕਿਹਾ
ਕਿ ਮੈਨੂੰ ਕੁਝ ਪੈਸੇ ਦੇ ਜਾਹ। ਜੇ ਤੂੰ ਆਪ ਨਹੀਂ ਆ ਸਕਦਾ ਤਾਂ ਹੈਧਰੋਂ
ਬੈਂਕ ਰਾਹੀਂ ਪੈਸੇ ਭੇਜ ਦੇ। ਉਹ ਕਹਿੰਦਾ ਠੀਕ ਆ ਮੈਂ ਕੱਲ ਨੂੰ ਭੇਜ
ਦਿੰਦਾ ਆ, ਪਰ ਨਹੀਂ ਭੇਜੇ। ਦੂਜੇ ਦਿਨ ਮੈਂ ਕਿਸੇ ਕੋਲ ਭੇਜਾਂਗਾ। ਦੋ
ਦਿਨ ਬਾਅਦ ਮੈਂ ਫੇਰ ਫੋਨ ਕੀਤਾ ਤਾਂ ਫੋਨ ’ਤੇ ਆਪ ਮੇਰੇ ਨਾਲ ਗੱਲਾਂ ਕਰ
ਰਿਹਾ ਸੀ ਤੇ ਮੈਨੂੰ ਕਹੇ ਕਿ ਕੀਪਾ ਹੈਨੀਂਗਾ...! ਮੈਂ ਉਸ ਦਾ ਦੋਸਤ
ਬੋਲਦਾਂ। ਮੈਨੂੰ ‘ਸੁਨੇਹਾ’ ਦੇ ਦਿਓ। ਮੈਂ ਉਸ ਨੂੰ ਦੱਸ ਦੇਵਾਂਗਾ। ਮੈਂ
ਕਿਹਾ ਕੀਪੇ...ਕੀਪੇ ਤੂੰ ਹੀ ਤਾਂ ਬੋਲ ਰਿਹੈਂ ਤੇ ਫੇਰ ਕਹਿੰਦਾ,
‘‘ਨਹੀਂ ਮੈਂ ਉਸ ਦਾ ਦੋਸਤ ‘ਸੁੱਖਾ’ ਬੋਲਦਾ ਆਂ।’’ ਮੈਂ ਉਸ ਦੀਆਂ
ਬੜੀਆਂ ਮਿੰਨਤਾਂ ਕੀਤੀਆਂ ਪਰ ਉਸ ਨੇ ਮੇਰੀ ਇਕ ਨਹੀਂ ਸੁਣੀ। ਤਿੰਨ ਵਾਰ
ਉਸ ਨੂੰ ਕੱਟ-ਕੱਟ ਕੇ ਫੋਨ ਕੀਤਾ ਕਿ ਸ਼ਾਇਦ ਉਸ ਦੇ ਦਿਲ ਵਿਚ ਰਹਿਮ ਆ
ਜਾਵੇ, ਪਰ ਕਿੱਥੇ? ਮੈਂ ਤਾਂ ਸਿਰਫ ਉਸ ਨੂੰ ਫੋਨ ਹੀ ਕਰ ਸਕਦਾ ਸੀ। ਮੈਂ
ਹੋਰ ਕਰ ਵੀ ਕੀ ਸਕਦਾ ਸੀ। ਅੱਜ ਇਸ ਗੱਲ ਨੂੰ 15 ਦਿਨ ਹੋ ਗਏ ਨੇ। ਨਾ
ਉਹ ਆਪ ਆਇਆ ਤੇ ਨਾ ਹੀ ਉਸ ਨੇ ਪੈਸੇ ਭੇਜੇ।
ਮੈਂ ਇਥੇ ਇਕ ਕਮਰੇ ਵਿਚ ਬੰਦ ਹਾਂ। ਨਾ ਤਾਂ ਪਤਾ ਲੱਗਦਾ ਹੈ ਕਦ ਦਿਨ
ਚੜਿਆ ਤੇ ਨਾ ਹੀ ਰਾਤ ਪੈਂਦੀ ਦਾ ਪਤਾ ਲੱਗਦਾ ਹੈ। ਇਕ ਵਾਰ ‘ਰੋਟੀ’
ਦਿੰਦੇ ਨੇ, ਉਹ ਵੀ ਨਾ ਹੋਇਆਂ ਨਾਲ ਦੀ। ਜਿੱਦਾਂ ਦੀ ਮਿਲਦੀ ਹੈ, ਖਾ ਕੇ
ਟਾਈਮ-ਪਾਸ ਕਰ ਲਈਦਾ ਹੈ। ਇਸ ਆਸ ’ਤੇ ਕਿ ਸਾਨੂੰ ਇਨ੍ਹਾਂ ‘ਛੱਡ’ ਹੀ
ਦੇਣਾ ਹੈ- ਕਿਉਂਕਿ ਜਿਨ੍ਹਾਂ ਨੂੰ ਵਾਪਸ ਭੇਜਿਐ, ਉਨ੍ਹਾਂ ਨੂੰ ਦੋ
ਮਹੀਨੇ ਦੇ ਵਿਚ ਵਾਪਸ ਭੇਜ ਦਿੱਤਾ ਸੀ। ਸਾਨੂੰ ਤਾਂ ਇਥੇ ਰਹਿ ਜਾਣ ਦੀ
ਤਾਂ ਹੀ ਆਸ ਹੈ ਕਿ ਸਾਨੂੰ ਛੇ ਮਹੀਨੇ ਹੋ ਗਏ ਹਨ। ਅਸੀਂ ਇਥੇ ਰਹਿਣ ਲਈ
ਹੀ ਅਜੇ ਤੱਕ ਦੁੱਖ ਸਹਿ ਰਹੇ ਹਾਂ। ਪਰ ਫੇਰ ਵੀ ਸਾਨੂੰ ਇਸ ਕੁੱਤੀ ਕੌਮ
’ਤੇ ਯਕੀਨ ਨਹੀਂ, ਇਹ ਡਿਪੋਰਟ ਵੀ ਕਰ ਸਕਦੇ ਆ। ਮੇਰੀ ਤਾਂ ਕਿਸਮਤ ਹੀ
ਕਾਲੀ ਨਿਕਲੀ ਕਿ ਐਨੇ ਦੁੱਖ ਦੇਖ ਚੁੱਕਾ ਹਾਂ ਪਰ ਕਮਾਇਆ ਇਕ ਪੈਸਾ ਵੀ
ਨਹੀਂ। ਮੈਂ ਤਾਂ ਜਿੱਧਰ ਪੈਰ ਧਰੇ, ਦੁੱਖ ਹੀ ਪੱਲੇ ਪਏ। ਡੇਢ ਸਾਲ ਹੋ
ਗਿਆ ਹੈ, ਹੁਣ ਤੱਕ ਕੈਦ ਹੀ ਕੱਟੀ ਹੈ ਏਜੰਟਾਂ ਦੇ ਕੋਲ ਰਹਿ ਕੇ।
ਰਹਿੰਦੀ ਖੂੰਹਦੀ ਕਸਰ ਇਕ ਹਵਾਲਾਤ ਨੇ ਪੂਰੀ ਕਰ ਦਿੱਤੀ। ਨਾ ਅਸੀਂ ਅੱਗੇ
ਦੇ ਤੇ ਨਾ ਹੀ ਪਿੱਛੇ ਦੇ ਰਹੇ। ਇਥੇ ਦੇ ਤਾਂ ਹੋਵਾਂਗੇ ਜਦ ਸਾਨੂੰ ਇਥੇ
ਛੱਡਣਗੇ। ਸਾਡੇ ਕੋਲ ਪਾਸਪੋਰਟ ਨਹੀਂ ਹੈ, ਅੰਬੈਸੀ ਸਲਿੱਪ ਨਹੀਂ ਦਿੰਦੀ।
ਅੰਬੈਸੀ ਨੂੰ ਫੋਨ ਕੀਤਾ ਸੀ ਸਲਿੱਪ ਵਾਸਤੇ। ਇਹ ਸਾਨੂੰ ‘ਉਥੇ’ ਲੈ ਕੇ
ਜਾਣਗੇ ਤਾਂ ਅੰਬੈਸੀ ਸਲਿੱਪ ਦੇਵੇਗੀ। ਫੇਰ ਅੰਬੈਸਡਰ ਨੂੰ ਸਾਰੇ ਰਲ ਕੇ
ਕਹਾਂਗੇ ਕਿ ਜੇ ਸਾਨੂੰ ਵਾਪਸ ਹੀ ਭੇਜਣਾ ਸੀ ਤਾਂ ਸਾਨੂੰ ਵੀ ਉਨ੍ਹਾਂ
ਨਾਲ ਹੀ ਭੇਜ ਦਿੰਦੇ ਜਿਹੜੇ ਦੋ ਮਹੀਨੇ ਦੇ ਵਿਚ-ਵਿਚ ਵਾਪਸ ਕੀਤੇ ਸੀ।
ਅੰਬੈਸਡਰ ਨੇ ਸਾਨੂੰ ਫੋਨ ’ਤੇ ਇੰਨੀ ਗੱਲ ਕਹੀ ਸੀ ਅਸੀਂ ਤਾਂ ਕਹਿ ਹੀ
ਸਕਦੇ ਹਾਂ ਕਿ ਇਨ੍ਹਾਂ ਨੂੰ ਇਕ-ਦੋ ਮਹੀਨੇ ਦੀ ਮੋਹਲਤ ਦੇ ਦਿੱਤੀ ਜਾਵੇ।
ਬਾਕੀ ਇਨ੍ਹਾਂ ਦੀ ਮਰਜ਼ੀ ਹੈ, ਜੋ ਕੁਝ ਵੀ ਕਰਨਾ ਹੈ। ਹੁਣ ਇਸ ਵਿਚ ਅਸੀਂ
ਤਾਂ ਕੁਝ ਵੀ ਨਹੀਂ ਕਰ ਸਕਦੇ। ਸਾਨੂੰ ਰੱਬ ਨੇ ਫ਼ਸਾਇਆ ਵੀ ਇਸ ਤਰ੍ਹਾਂ
ਹੈ ਜਿੱਥੋਂ ਕਿਸੇ ਪਾਸੇ ਨੂੰ ਭੱਜ ਵੀ ਨਾ ਸਕੀਏ ਪਰ ਮਜਬੂਰੀ ਨੂੰ ਇਹ ਵੀ
ਕਰਨਾ ਪੈਣਾ ਆਂ ਕਿਉਂਕਿ ਪਿੱਛੇ ਜਾ ਕੇ ਵੀ ਨਹੀਂ ਸੱਰਦਾ। ਬਾਕੀ ਕਿਸਮਤ
ਦੀ ਗੱਲ ਆ, ਜੇ ਕਿਸਮਤ ਵਿਚ ਪੈਸਾ ਲਿਖਿਆ ਆ ਤਾਂ ਜ਼ਰੂਰ ਮਿਲੇਗਾ। ਜੇ
ਨਹੀਂ ਤਾਂ... ਨਹੀਂ...। ਮੈਂ ਤਾਂ ਚੰਗੇ ਲਈ ਕੀਤਾ ਸੀ ਪਰ ਇਹ ਨਹੀਂ ਸੀ
ਪਤਾ ਕਿ ਇੰਨੇ ਦੁੱਖ ਭੋਗਣੇ ਪੈਣਗੇ।
ਇਸ ਦੀ ਸਾਰੀ ਜ਼ਿੰਮੇਵਾਰ ਹੁਸ਼ਿਆਰਪੁਰ ਦੀ ਇਹ ਸ਼ਾਂਤੀ ਦੇਵੀ ਹੈ ਜਿਸ ਨੇ
ਮੈਨੂੰ ਫਸਾ ਦਿੱਤੈ। ਇਸ ਨੂੰ ਇਹ ਨਹੀਂ ਪਤਾ ਕਿ ਸਿੱਧੀ ਫਲਾਇਟ ਕਿੱਦਾਂ
ਹੁੰਦੀ ਹੈ। ਮਾਸਕੋ ਆਉਣ ਤੋਂ ਬਾਅਦ ਇਨ੍ਹਾਂ ਨੇ ਸਾਡੇ ਤੋਂ 900 ਡਾਲਰ
ਲੈ ਲਏ। ਮਹਿੰਦਰ ਨੇ ਫੋਨ ਕੀਤਾ ਤਾਂ ਅਸੀਂ ਸਾਰਿਆਂ ਨੇ ਪੈਸੇ ਦੇ
ਦਿੱਤੇ। 22 ਦਿਨਾਂ ਬਾਅਦ ਉਥੋਂ ਬਸ ਵਿਚ ਪੰਦਰਾਂ ਜਣੇ ਯੂਕਰੇਨ ਦੇ ਸ਼ਹਿਰ
ਉਦੇਸਾ ਆ ਗਏ। ਇਥੇ ਸਾਨੂੰ ਲੱਕੀ ਨਾਂ ਦੇ ਬੰਦੇ ਕੋਲ ਆ ਕੇ ਛੱਡ ਦਿੱਤਾ।
ਉਹ ਕਹਿੰਦਾ ਸੀ ਕਿ ਇਥੋਂ ਕੱਲ ਨੂੰ ਜਾਣਾ ਹੈ, ਉਥੇ ਅਸੀਂ 14 ਅਕਤੂਬਰ
ਨੂੰ ਪਹੁੰਚ ਗਏ ਸੀ। ਉਥੇ ਸਾਨੂੰ 1 ਮਹੀਨਾ ਰੱਖਿਆ। ਉਸ ਤੋਂ ਬਾਅਦ ਛੇ
ਬੰਦੇ ਭੇਜ ਦਿੱਤੇ। ਬਾਕੀ ਸਾਰੇ ਬੰਦੇ ਉਥੇ ਰਹਿ ਗਏ। ਟਿੰਕੂ ਮੇਰੇ
ਕੋਲੋਂ ਚਲਾ ਗਿਆ ਸੀ। ਉਸ ਤੋਂ ਬਾਅਦ ਅਸੀਂ ਮਹਿੰਦਰ ਦੇ ਬੰਦੇ ਰਹਿ ਗਏ।
ਅਸੀਂ 5 ਬੰਦੇ ਸੀ, 2 ਚਲੇ ਗਏ। ਉਸ ਤੋਂ ਬਾਅਦ ਸਾਨੂੰ ਇਕ ਅਬੂਦਾਦਾ ਨਾਂ
ਦੇ ਏਜੰਟ ਕੋਲ ਛੱਡ ਦਿੱਤਾ। ਉਸ ਨੇ ਸਾਨੂੰ ਕਿਹਾ ਸੀ ਕਿ ਦੋ ਦਿਨ ਬਾਅਦ
ਤੁਸੀਂ ਵੀ ਚਲੇ ਜਾਓਂਗੇ। ਅਸੀਂ ਉਥੇ 12 ਨਵੰਬਰ ਨੂੰ ਆਏ ਸੀ। ਉਸ ਨੇ ਵੀ
ਅੱਜ ਕੱਲ੍ਹ-ਅੱਜ ਕੱਲ੍ਹ ਕਰਦਿਆਂ ਵੀਹ-ਪੱਚੀ ਦਿਨ ਲੰਘਾ ਦਿੱਤੇ। ਉਸ ਨੇ
ਸਾਨੂੰ ਬਾਅਦ ਵਿਚ ਕਹਿ ਦਿੱਤਾ ਕਿ ਤੁਸੀਂ ਸਾਡੇ ਬੰਦੇ ਨਹੀਂ। ਤੁਹਾਡੇ
ਏਜੰਟ ਨੇ ਬਸ਼ੀਰ ਨਾਂ ਦੇ ਏਜੰਟ ਨਾਲ ਗੱਲ ਕੀਤੀ ਹੈ। ਤੁਹਾਨੂੰ ਤਿੰਨਾਂ
ਨੂੰ ਕੱਲ੍ਹ ਉਸ ਦੇ ਕੋਲ ਛੱਡ ਦੇਵਾਂਗੇ। ਅਸੀਂ ਚਾਰ ਦਸੰਬਰ ਨੂੰ ਉਸ ਦੇ
ਕੋਲ ਆ ਗਏ। ਇਸ ਵਿਚਾਲੇ ਮਹਿੰਦਰ ਨੇ ਇਕ ਵਾਰ ਫੋਨ ਕੀਤਾ। ਉਹ ਸਾਨੂੰ
ਪੁੱਛਣ ਲੱਗਾ ਕਿ ਤੁਸੀਂ ਕੀਹਦੇ ਕੋਲ ਹੋ। ਮੈਂ ਉਸ ਨੂੰ ਕਿਹਾ ਕਿ ਏਜੰਟ
ਮੈਂ ਆਂ ਕਿ ਤੂੰ ਆ? ਸਾਡੇ ਤਿੰਨਾਂ ਨਾਲ ਉਸ ਨੇ ਦੋ ਕੁ ਮਿੰਟ ਗੱਲ
ਕੀਤੀ, ਬਾਅਦ ਵਿਚ ਕਹਿੰਦਾ ਕਿ ਕੱਲ੍ਹ ਨੂੰ ਫੋਨ ਕਰੂੰਗਾ ਪਰ ਫੋਨ ਨਹੀਂ
ਆਇਆ। ਬਸ਼ੀਰ ਨੇ ਕਿਹਾ ਕਿ ਤੁਹਾਡੀ ਪੇਮੈਂਟ ਇਕ-ਦੋ ਦਿਨ ਵਿਚ ਹੋ ਜਾਏਗੀ
ਤੇ ਤੁਸੀਂ ਚਲੇ ਜਾਵੋਗੇ। ਪੱਚੀ-ਤੀਹ ਦਿਨ ਇਸੇ ਤਰ੍ਹਾਂ ਲੰਘ ਗਏ। ਫੇਰ
ਮੈਂ ਮਹਿੰਦਰ ਨੂੰ ਫੋਨ ਕੀਤਾ। ਸ਼ਾਂਤੀ ਦੇਵੀ ਨੂੰ ਫੋਨ ਕਾਫੀ ਕੀਤਾ ਤੇ
ਘਰ ਨੂੰ ਵੀ ਕੀਤੇ। ਜਿਸ ਤਰ੍ਹਾਂ ਇਹ ਪੇਮੈਂਟ ਦੇ ਲਾਰੇ ਲਾਉਂਦੇ ਰਹੇ,
ਬਸ਼ੀਰ ਨੇ ਸਾਨੂੰ ਦੱਸ ਦਿੱਤਾ ਸੀ। ਮਹਿੰਦਰ ਨੂੰ ਫੋਨ ਅਸੀਂ ਸ਼ਾਮ ਨੂੰ
ਕਰਦੇ ਸੀ ਕਿਉਂਕਿ ਦਿਨੇਂ ਸਾਨੂੰ ਪੁਲਸ ਦੀ ਮੁਸ਼ਕਲ ਸੀ। ਸਾਡੇ ਪੈਸੇ
ਫੋਨਾਂ ’ਤੇ ਬਹੁਤ ਖ਼ਰਾਬ ਹੋਏ। ਕਦੇ ਕਹਿੰਦਾ ਤੁਸੀਂ ਕੀਵ ਨੂੰ
ਵਾਪਸ ਚਲੇ ਜਾਓ, ਜੋ ਕਿ ਬਹੁਤ ਮੁਸ਼ਕਲ ਸੀ। ਇਕ ਵਾਰੀਂ ਹਿੰਮਤ ਕਰ ਕੇ
ਟਿਕਟ ਲੈ ਕੇ ਜਾਣ ਦੀ ਤਿਆਰੀ ਕੀਤੀ ਪਰ ਬੱਸ ਮਿਸ ਹੋਣ ਕਰ ਕੇ ਨਹੀਂ
ਪਹੁੰਚ ਸਕੇ। ਉਸ ਤੋਂ ਬਾਅਦ ਮਹਿੰਦਰ ਨੂੰ ਫੋਨ ਕੀਤਾ। ਉਸ ਨੇ ਕਿਹਾ ਕਿ
ਮੈਨੂੰ ਜਿੰਨੀ ਪੇਅਮੈਂਟ ਕਰਵਾਈ ਸੀ, ਉਸ ਪੇਅਮੈਂਟ ਨਾਲ ਜਿਥੇ ਮੈਂ
ਪਹੁੰਚਾਉਣਾ ਸੀ, ਪਹੁੰਚਾਅ ਦਿੱਤਾ। ਸਾਡੇ ਕੋਲ ਪੈਸੇ ਵੀ ਖ਼ਤਮ ਹੋਣ ਵਾਲੇ
ਸਨ। ਉਸ ਤੋਂ ਬਾਅਦ ਏਜੰਟ ਬਸ਼ੀਰ ਨੇ ਸਾਡਾ ਫੋਨ ਵੀ ਕਰਵਾਇਆ ਤੇ ਇਸ ਨੇ
ਜਵਾਬ ਦੇ ਦਿੱਤਾ ਸੀ। ਬਸ਼ੀਰ ਨੇ ਸਾਨੂੰ ਕਿਹਾ ਕਿ ਹੁਣ ਤੁਸੀਂ ਦੱਸੋ ਕਿ
ਕੀ ਕਰਨਾ ਹੈ? ਮੈਂ ਤੁਹਾਨੂੰ ਕਿੰਨੀ ਦੇਰ ਖੁਆਵਾਂ? ਦਿਨ ਦੇ ਪੰਜ ਡਾਲਰ
ਲੈਂਦਾ ਸੀ। ਢਾਈ ਮਹੀਨੇ ਦੇ ਕਹਿੰਦਾ ਮੈਨੂੰ ਪੈਸੇ ਦੇ ਦਿਓ। ਜਿਥੇ ਮਰਜ਼ੀ
ਜਾਵੋ। ਜਿਸ ਬੰਦੇ ਦੇ ਕੋਲ ਅਸੀਂ ਕੀਵ ਜਾਣਾ ਸੀ ਉਸ ਨਾਲ ਇਸ ਨੇ
ਗੱਲ ਕੀਤੀ ਕਿ ਮੈਨੂੰ ਪੈਸੇ ਭੇਜ। ਮੈਂ ਇਨ੍ਹਾਂ ਨੂੰ ਬਸ ਵਿਚ ਭੇਜ
ਦਿੰਦਾਂ ਹਾਂ। ਉਸ ਨੇ ਇਹਨੂੰ ਪੈਸੇ ਨਹੀਂ ਭੇਜੇ। ਇਹਨੇ ਸੋਚਿਆ ਕਿ ਕਿਤੇ
ਅਸੀਂ ਭੱਜ ਨਾ ਜਾਈਏ। ਫੇਰ ਇਹ ਨੇ ਆਪਣੇ ਬੰਦਿਆਂ ਕੋਲ ਦੂਜੀ ਥਾਂ ’ਤੇ
ਛੱਡ ਦਿੱਤਾ ਜਿੱਥੇ ਕਿ ਉਹ ਬਾਹਰ ਜਿੰਦਾ ਲਾ ਕੇ ਜਾਂਦਾ ਸੀ, ਉਥੇ ਉਹ
ਉਨ੍ਹਾਂ ਨੂੰ ਭੇਜਦਾ ਸੀ ਜਿਨ੍ਹਾਂ ਦੀ ਪੇਅਮੈਂਟ ਨਹੀਂ ਹੁੰਦੀ ਸੀ। ਉਥੇ
ਵੀ ਬੜੇ ਦੁੱਖ ਦੇਖੇ। ਕਦੇ ਰੋਟੀ ਮਿਲਦੀ ਤੇ ਕਦੇ ਨਾ ਮਿਲਦੀ। ਜਦੋਂ
ਖਾਣ-ਪੀਣ ਨੂੰ ਕੁਝ ਨਾ ਹੋਣਾ ਤਾਂ ਮਟਰਾਂ ਦੀ ਦਾਲ ਨੂੰ ਭੁੰਨ ਕੇ ਉਸ
ਨੂੰ ਲੂਣ ਵਾਲੀ ਚਾਹ ਨਾਲ ਖਾਣਾ। ਖੰਡ ਦੀ ਥਾਂ ਲੂਣ ਵਾਲੀ ਚਾਹ ਪੀ ਕੇ
ਗੁਜ਼ਾਰਾ ਕਰਨਾ। ਫੇਰ ਲੂਣ ਵੀ ਖ਼ਤਮ ਹੋ ਜਾਣਾ। ਫੇਰ ਫੋਕਾ ਪਾਣੀ ਪੀ ਕੇ
ਗੁਜ਼ਾਰਾ ਕਰਨਾ। ਸੜਕ ਵਾਲੀ ਸਾਈਡ ਇਕ ਤਾਕੀ ਵਿਚੀਂ ਬਾਹਰ ਜਾਂਦੇ ਲੋਕਾਂ
ਨੂੰ ਪੈਸੇ ਦੇਣੇ ਕਿ ਸਾਨੂੰ ਆਟਾ ਚਾਹੀਦਾ ਹੈ। ਉਨ੍ਹਾਂ ਪੈਸੇ ਲੈ ਕੇ
ਚਲੇ ਜਾਣਾ ਤੇ ਮੁੜ ਕੇ ਵਾਪਸ ਨਾ ਆਉਣਾ। ਉਸ ਤੋਂ ਬਾਅਦ ਸਾਨੂੰ ਉਸ ਨੇ
ਕਿਹਾ ਕਿ ਤੁਸੀਂ ਜੇ ਪਿੱਛੇ ਜਾਣਾ ਹੈ ਤਾਂ ਮੈਨੂੰ ਹਜ਼ਾਰ ਡਾਲਰ ਦੇਵੋ,
ਜੇ ਤੁਸੀਂ ਅੱਗੇ ਜਾਣਾ ਹੈ ਤਾਂ ਪੰਦਰਾਂ ਸੌ ਡਾਲਰ ਜੋ ਮੈਂ ਇੰਗਲੈਂਡ
ਨਾਨੀ ਦੇ ਕੋਲੋਂ ਮੰਗਵਾਇਆ। ਸੰਨ ਨੜਿਨਵੇਂ ਦੀ ਸਤ ਮਈ ਨੂੰ ਇਕ ਟਰਾਲਾ
ਆਇਆ, ਉਸ ਵਿਚ ਰੋਮਾਨੀਆ ਨੂੰ ਆਏ ਸੀ। ਉਸ ਤੋਂ ਬਾਅਦ ਨੌ ਘੰਟੇ ਪੈਦਲ
ਤੁਰ ਕੇ ਬਾਰਡਰ ਪਾਰ ਕੀਤਾ। ਫੇਰ ਉਸ ਤੋਂ ਬਾਅਦ ਇਕ ਛੋਟੀ ਜਿਹੀ ਕਿਸ਼ਤੀ
ਵਿਚ, ਤੇ ਤਿੰਨ ਘੰਟੇ ਬਾਅਦ ਫਿਰ ਟਰਾਲੇ ਵਿਚ ਬੈਠ ਕੇ ਰੋਮਾਨੀਆ ਪਹੁੰਚ
ਗਏ ਜਿੱਥੇ ਆ ਕੇ ਫਿਰ ਪੇਅਮੈਂਟ ਕਰਾਉਣੀ ਪੈਣੀ ਸੀ। ਉਥੇ ਡੇਢ ਮਹੀਨੇ
ਬਾਅਦ ਅਸੀਂ ਉਸ ਜਗ੍ਹਾਂ ਤੋਂ ਅੱਠ ਸੌ ਕਿਲੋਮੀਟਰ ਦੂਰ ਹੰਗਰੀ ਦੇ ਬਾਰਡਰ
ਦੇ ਕੋਲ ਇਕ ਪਿੰਡ ਵਿਚ ਇਕ ਕਮਰੇ ਵਿਚ 27 ਦਿਨ ਕੱਟੇ, ਜਿਥੇ 10 ਬੰਗਾਲੀ
ਵੀ ਸੀਗੇ। ਉਨ੍ਹਾਂ ਦੇ ਰੱਜ ਕੇ ਜੂੰਆਂ ਪਈਆਂ ਸਨ। ਉਥੇ ਵੀ ਦਿਨ ਬਹੁਤ
ਤੰਗੀ ਨਾਲ ਕੱਟੇ। ਉਸ ਨੇ ਅੱਜ-ਕੱਲ੍ਹ ਕਰਦੇ-ਕਰਦੇ ਨੇ ਸਤਾਈ ਦਿਨ ਕੱਢ
ਦਿੱਤੇ। ਉਸ ਤੋਂ ਬਾਅਦ ਸਾਨੂੰ ਉਸ ਨੇ ਵਾਪਸ ਸੱਦ ਲਿਆ ਸੀ। ਉਸ ਤੋਂ
ਬਾਅਦ ਦਸ ਦਿਨ ਬਾਅਦ ਸਾਨੂੰ ਬੁਲਗਾਰੀਆ ਭੇਜ ਦਿੱਤਾ ਸੀ। ਸਾਨੂੰ ਕਹਿੰਦਾ
ਸੀ ਕਿ ਮੈਂ ਤੁਹਾਨੂੰ ਗਰੀਸ ਤੋਂ ਇਟਲੀ ਭੇਜ ਦਿਆਂਗਾ। ਮੈਨੂੰ 700 ਡਾਲਰ
ਹੋਰ ਦੇ ਦਿਓ। ਜਦਕਿ ਉਸ ਦੇ ਨਾਲ 2500 ਡਾਲਰ ਦੀ ਇਟਲੀ ਗੱਲ ਕੀਤੀ ਸੀ।
ਬਾਅਦ ਵਿਚ ਕਹਿੰਦਾ ਸੀ ਕਿ ਮੈਂ 500 ਡਾਲਰ ਵਾਪਸ ਕਰ ਦਿਆਂਗਾ, ਜੇ
ਤੁਸੀਂ ਗਰੀਸ ਰਹਿਣਾ ਹੋਇਆ। ਪਰ ਪੈਸੇ ਗਰੀਸ ਪਹੁੰਚ ਕੇ ਦਿਆਂਗਾ।
ਉਸ ਨੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ। ਫੇਰ ਬੁਲਗਾਰੀਆ ਕੰਟਰੀ ਦੇ
ਸੋਫੀਆ ਸ਼ਹਿਰ ਤੋਂ ਦੋ ਮਹੀਨੇ ਬਾਅਦ ਤੋਂ ਬਾਅਦ ਇਕ ਕਾਰ ਵਿਚ ਸ਼ਾਮ ਨੂੰ 7
ਵਜੇ ਤੋਂ 11 ਵਜੇ ਤੱਕ ਸਫ਼ਰ ਕਰਨ ਤੋਂ ਬਾਅਦ ਸਾਰੀ ਰਾਤ ਤੁਰ ਕੇ ਸਵੇਰੇ
6 ਵਜੇ ਤੱਕ ਇਕ ਘਰ ਵਿਚ ਲੈ ਗਿਆ ਜਿਹੜਾ ਕਿ ਇਕ ਜੰਗਲ ਵਿਚ ਸੀ ਤੇ ਉਸ
ਦੇ ਚਾਰੇ ਪਾਸੇ ਪਹਾੜੀਆਂ ਹੀ ਸਨ। ਉਸ ਦੇ ਆਸੇ-ਪਾਸੇ ਕੋਈ ਘਰ ਨਹੀਂ ਸੀ
ਉਸ ਘਰ ਵਿਚ ਅਸੀਂ ਬਾਰਾਂ ਜਣੇ ਸੁੱਤੇ ਸਾਰਾ ਦਿਨ। ਉਸ ਤੋਂ ਬਾਅਦ ਅਸੀਂ
ਚਾਰ ਜਣੇ ਜੰਗਲ ਵਿਚ ਜਾ ਕੇ ਕੁਝ ਫਲ ਲੈ ਕੇ ਆਂਦੇ ਤੇ ਸਾਰਿਆਂ ਨੇ
ਖਾਧੇ। ਫੇਰ ਸ਼ਾਮ ਨੂੰ ਸਤ ਵਜੇ ਪੈਦਲ ਤੁਰ ਪਏ। ਉਸ ਤੋਂ ਬਾਅਦ ਸਾਰੀ ਰਾਤ
ਸਫ਼ਰ ਕਰਨ ਤੋਂ ਬਾਅਦ ਸਵੇਰੇ ਤਿੰਨ ਵਜੇ ਉਸ ਜਗ੍ਹਾ ਪਹੁੰਚ ਗਏ ਜਿਥੇ
ਸਾਡੇ ਨਾਲ ਦੇ ਦਸ ਬੰਦੇ ਹੋਰ ਆਉਂਦੇ ਸਨ। ਉਹ ਉਥੇ ਤੱਕ ਕਾਰ ਵਿਚ ਆਏ ਸੀ
ਤੇ ਅਸੀਂ ਦੋ ਦਿਨ ਤੁਰਦੇ ਰਹੇ। ਉਸ ਤੋਂ ਬਾਅਦ ਪਾਣੀ ਪੀ ਕੇ ਫੇਰ ਤੁਰ
ਪਏ। ਫੇਰ ਪੰਜ-ਛੇ ਕੁ ਵਜੇ ਇਕ ਜੰਗਲ ਵਿਚ ਮਾੜਾ ਮਾੜਾ ਦਿਨ ਚੜ੍ਹ ਗਿਆ।
ਉਸ ਨੇ ਕਿਹਾ ਕਿ ਤੁਸੀਂ ਸਾਰਾ ਦਿਨ ਇਥੇ ਰਹਿਣਾ ਹੈ ਤੇ ਸ਼ਾਮ ਨੂੰ ਇਥੋਂ
ਤੁਰਨਾ ਆ। ਉਸ ਤੋਂ ਬਾਅਦ ਜਿਹੜੇ ਦੋ ਕੁ ਬੰਦੇ ਸਾਨੂੰ ਲੈ ਕੇ ਆਏ ਸੀ
ਉਨ੍ਹਾਂ ਵਿਚੋਂ ਇਕ ਬੰਦਾ ਰੋਟੀ ਲੈਣ ਚਲਾ ਗਿਆ। ਉਹ ਫੇਰ ਸ਼ਾਮ ਨੂੰ ਅੱਠ
ਵਜੇ ਆਇਆ, ਡਬਲਰੋਟੀਆਂ ਲੈ ਕੇ। ਉਹ ਸਾਰੇ ਬੰਦਿਆਂ ਨੇ ਅੱਧੀ-ਅੱਧੀ
ਖਾਧੀ। ਪਾਣੀ ਪੀਣ ਨੂੰ ਨਹੀਂ ਮਿਲਿਆ। ਉਸ ਤੋਂ ਬਾਅਦ ਸਾਢੇ ਕੁ ਨੌ ਵਜੇ
ਤੁਰ ਪਏ। ਸਾਰੀ ਰਾਤ ਤੁਰਦੇ ਰਹੇ। ਪਹਾੜੀ ਇਲਾਕਾ ਸੀ। ਕੋਈ ਨਹੀਂ ਪਤਾ
ਲੱਗਦਾ ਸੀ। ਨਾ ਕੋਈ ਅੱਗੇ ਤੇ ਨਾ ਹੀ ਪਿੱਛੇ ਨਜ਼ਰ ਆਉਂਦਾ ਸੀ
ਚਾਰ-ਚੁਫ਼ੇਰੇ ਬੜਾ ਹਨੇਰਾ ਸੀ ਤੇ ਆਲੇ-ਦੁਆਲੇ ਬੜੀਆਂ ਡੂੰਘੀਆਂ-ਡੂੰਘੀਆਂ
ਖੱਡਾਂ। ਜੇਕਰ ਕੋਈ ਡਿੱਗਦਾ ਆ ਤਾਂ ਡਿੱਗ ਜਾਵੇ। ਕੋਈ ਸਕਾ ਸਬੰਧੀ ਚੁੱਕ
ਸਕਦਾ ਤਾਂ ਚੁੱਕ ਲਵੇ ਉਹ ਡੌਂਕਰ ਨਹੀਂ ਚੁੱਕਦੇ। ਡੌਂਕਰ ਜਿਹੜੇ ਬਾਰਡਰ
ਪਾਰ ਕਰਵਾਉਂਦੇ ਨੇ। ਉਸ ਤੋਂ ਬਾਅਦ ਇਕ ਟਰਾਲੇ ਵਿਚ ਬੈਠ ਕੇ ਮਾਰਾਟੋਨੀਆ
ਆ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਇਕ ਜੰਗਲ ਵਿਚ ਸਾਡੇ ਕੋਲ ਦੋ ਬੰਦੇ
ਛੱਡ ਦਿੱਤੇ ਅਤੇ ਆਪ ਚਲੇ ਗਏ। ਅਸੀਂ ਸਾਰਿਆਂ ਨੇ ਸਾਰਾ ਦਿਨ ਜੰਗਲ ਵਿਚ
ਈ ਕੱਟਿਆ। ਰਾਤ ਨੂੰ ਦਸ ਵਜੇ ਤੁਰਨਾ ਸੀ।
ਉਸ ਤੋਂ ਬਾਅਦ ਦੋ ਬੰਦੇ ਆਏ ਜਿਨ੍ਹਾਂ ਨਾਲ ਅਸੀਂ ਆਏ ਸੀ। ਇਕ ਨੇ ਕਿਹਾ
ਕਿ ਅੱਜ ਨਹੀਂ ਜਾਣਾ ਕੱਲ੍ਹ ਨੂੰ ਚਲਣਾ ਏ। ਸਾਨੂੰ ਸਾਰਿਆਂ ਨੂੰ ਉਹ ਫਿਰ
ਘਰ ਵਿਚ ਲੈ ਕੇ ਚਲਾ ਗਿਆ। ਉਥੇ ਜਾ ਕੇ ਇਕ ਵਜੇ ਮਾੜੀ ਮੋਟੀ ਰੋਟੀ ਖਾਧੀ
ਤੇ ਸੌਂ ਗਏ। ਦੂਜੇ ਦਿਨ ਸਵੇਰੇ ਗਿਆਰਾਂ ਵਜੇ ਉਨ੍ਹਾਂ ਚਾਰ-ਚਾਰ ਬੰਦੇ
ਕਾਰਾਂ ਵਿਚ ਬਿਠਾ ਕੇ ਉਸੇ ਜੰਗਲ ਵਿਚ ਭੇਜ ਦਿੱਤੇ। ਰਾਤ ਨੌਂ ਵਜੇ
ਉਨ੍ਹਾਂ ਸਾਨੂੰ ਥੋੜ੍ਹੀ ਰੋਟੀ ਖਾਣ ਨੂੰ ਦਿੱਤੀ ਤੇ ਪਾਣੀ ਦੀਆਂ ਬੋਤਲਾਂ
ਭਰ ਕੇ ਉਸ ਬੰਦੇ ਨਾਲ ਗਰੀਸ ਨੂੰ ਭੇਜਣ ਦੀ ਤਿਆਰੀ ਕਰ ਲਈ। ਉਹ ਰਸੂਲਪੁਰ
ਦਾ ਧੀਰਾ ਏਜੰਟ ਸੀ। ਪੰਜ ਘੰਟੇ ਲਗਾਤਾਰ ਤੁਰਨ ਤੋਂ ਬਾਅਦ ਅਸੀਂ ਗਰੀਸ
ਵਿਚ ਐਂਟਰ ਹੋ ਗਏ ਸੀ। ਰਾਤ ਢਾਈ ਕੁ ਵਜੇ ਦਾ ਟਾਈਮ ਸੀ, ਜਿਸ ਗੱਡੀ ਨੇ
ਸਾਨੂੰ ਉਥੋਂ ਲੈ ਕੇ ਜਾਣਾ ਸੀ ਉਹ ਸਵੇਰੇ ਛੇ ਵਜੇ ਆਇਆ ਸੀ। ਉਸ ਨੇ
ਕਿਹਾ ਕਿ ਹੁਣ ਦਿਨ ਹੋ ਗਿਆ ਹੈ, ਰਾਤ ਨੌਂ ਵਜੇ ਮੈਂ ਮੁੜ ਕੇ ਆਵਾਂਗਾ।
ਸਾਨੂੰ ਸਾਰਿਆਂ ਨੂੰ ਉਸ ਜਗ੍ਹਾ ਦਿਨ ਕੱਟਣਾ ਪਿਆ। ਬਹੁਤ ਗਰਮੀ ਲੱਗ ਰਹੀ
ਸੀ। ਪਾਣੀ ਤਾਂ ਬਾਰਾਂ ਵਜੇ ਤੱਕ ਮੁੱਕ ਗਿਆ ਸੀ।
ਸਾਡਾ ਏਜੰਟ ਬਿਮਾਰ ਹੋ ਗਿਆ। ਸਾਡੇ ਨਾਲ ਉਸ ਨੇ ਕੋਈ ਮਾੜਾ ਸਲੂਕ ਨਹੀਂ
ਕੀਤਾ। ਸਾਡੀ ਤਾਂ ਕਿਸਮਤ ਹੀ ਮਾੜੀ ਸੀ। ਉਸ ਤੋਂ ਬਾਅਦ ਸ਼ਾਮ ਹੋ ਗਈ ਪਰ
ਗੱਡੀ ਨਹੀਂ ਆਈ। ਸਾਡੇ ਨਾਲ ਬਾਰਾਂ ਵਜੇ ਬੰਗਲਾਦੇਸ਼ੀ ਵੀ ਸਨ। ਉਹ ਇੰਨਾ
ਦੁੱਖ ਨਹੀਂ ਸੀ ਕੱਟ ਸਕਦੇ। ਉਧਰ ਏਜੰਟ ਬਿਮਾਰ ਹੋ ਗਿਆ ਤੇ ਉਧਰ ਬੰਗਾਲੀ
ਕਹਿੰਦੇ ਕਿ ਅਸੀਂ ਸਾਰਿਆਂ ਨੇ ਸੜਕ ’ਤੇ ਤੁਰ ਪੈਣਾ ਹੈ। ਉਹ ਸਾਰੀ
ਬਾਰਡਰ ਵਾਲੀ ਜਗ੍ਹਾ ਸੀ। ਸੜਕ ਬਿਲਕੁਲ ਕੋਲ ਸੀ। ਧੀਰਾ ਰਸੂਲਪੁਰੀਆ
ਏਜੰਟ ਕਹਿੰਦਾ ਕਿ ਤੁਸੀਂ ਸਾਰੇ ਇਥੋਂ ਚਾਰ ਕਿਲੋਮੀਟਰ ਪਿੱਛੇ ਚਲੋ। ਉਥੇ
ਇਕ ਚਰਚ (ਗਿਰਜਾਘਰ) ਹੈ। ਉਥੇ ਇਕ-ਦੋ ਬੰਦੇ ਹੋਣਗੇ, ਉਨ੍ਹਾਂ ਤੋਂ ਮਦਦ
ਮੰਗਦੇ ਹਾਂ। ਇਸ ਵਿਚ ਬਹੁਤ ਰਿਸਕ ਸੀ। ਜੇ ਉਨ੍ਹਾਂ ਪੁਲਸ ਨੂੰ ਫੋਨ ਕਰ
ਦਿੱਤਾ ਤਾਂ ਸਾਰੇ ਫੜੇ ਜਾਵਾਂਗੇ। ਅਸੀਂ ਏਜੰਟ ਨੂੰ ਕਿਹਾ ਕਿ ਜੇ ਸਾਨੂੰ
ਪਾਣੀ ਮਿਲ ਜਾਵੇ ਤਾਂ ਮਸਲਾ ਹੱਲ ਹੋ ਸਕਦਾ ਹੈ। ਤੁਸੀਂ ਸਾਨੂੰ ਦੱਸੋ,
ਪਾਣੀ ਕਿੱਥੋ ਮਿਲੂਗਾ? ਉਸ ਨੇ ਸਾਨੂੰ ਨਕਸ਼ਾ ਸਮਝਾਇਆ ਕਿ ਉਥੋਂ ਤਿੰਨ
ਕਿਲੋਮੀਟਰ ਦੂਰ ਪਾਣੀ ਹੈ। ਅਸੀਂ ਚਾਰ ਜਣੇ ਪੰਦਰਾਂ ਵੀਹ ਬੋਤਲਾਂ ਲੈ ਕੇ
ਤੁਰ ਪਏ। ਸੜਕ ਦੇ ਦੋਵੇਂ ਪਾਸੇ ਬਹੁਤ ਡੂੰਘੀਆਂ ਖੱਡਾਂ ਸਨ। ਪਹਿਲਾਂ
ਅਸੀਂ ਸੜਕ ’ਤੇ ਦੂਰ ਤੱਕ ਦੇਖਣਾ ਕਿ ਕੋਈ ਗੱਡੀ ਤਾਂ ਨਹੀਂ ਆਉਂਦੀ...!
ਫੇਰ ਅਸੀਂ ਸੜਕ ’ਤੇ ਪੂਰੀ ਸਪੀਡ ਨਾਲ ਦੌੜਨਾ ਕਿ ਕੋਈ ਗੱਡੀ ਹੀ ਨਾ ਆ
ਜਾਵੇ। ਜੇਕਰ ਕੋਈ ਗੱਡੀ ਆ ਜਾਂਦੀ ਤਾਂ ਸੜਕ ਦੇ ਦੋਵੇਂ ਸਾਈਡਾਂ ’ਤੇ
ਪਾਈਪਾਂ ਲੱਗੀਆਂ ਸਨ, ਪਾਈਪਾਂ ਫੜ ਕੇ ਹੇਠਾਂ ਉੱਤਰ ਜਾਣਾ। ਉਸ ਤੋਂ
ਬਾਅਦ ਫੇਰ ਓਸੇ ਤਰ੍ਹਾਂ ਕਰਨਾ ਪੈਂਦਾ ਸੀ। ਉਸ ਤੋਂ ਬਾਅਦ ਇਕ ਰਸਤਾ
ਆਇਆ। ਅਸੀਂ ਰਸਤੇ ਨੂੰ ਛੱਡ ਕੇ ਇਕ ਖੱਡ ਵਿਚ ਉੱਤਰ ਗਏ। ਰਾਤ ਦੇ 11 ਕੁ
ਵਜੇ ਦਾ ਟਾਈਮ ਹੋਵੇਗਾ। ਸਾਨੂੰ ਪਿੱਛੇ ਦਾ ਵੀ ਫ਼ਿਕਰ ਸੀ ਕਿ ਸਾਨੂੰ
ਕਿਤੇ ਛੱਡ ਕੇ ਹੀ ਨਾ ਚਲੇ ਜਾਣ ਕਿਉਂਕਿ ਉਸ ਸੜਕ ਉੱਤੇ ਪੰਜ ਮਿੰਟ ਤੋਂ
ਜ਼ਿਆਦਾ ਗੱਡੀ ਨਹੀਂ ਰੁਕ ਸਕਦੀ ਸੀ। ਅਸੀਂ ਪਾਣੀ ਲੱਭਦੇ-ਲੱਭਦੇ ਕਾਫੀ
ਦੂਰ ਚਲੇ ਗਏ। ਹਨੇਰਾ ਹੋਣ ਕਾਰਨ ਸਾਨੂੰ ਪਾਣੀ ਨਹੀਂ ਲੱਭਾ। ਪਿਆਸ ਨਾਲ
ਸਾਡੇ ਮੂੰਹ ਸੁੱਕ ਗਏ। ਪਾਣੀ ਲੱਭਣਾ ਬਹੁਤ ਲਾਜ਼ਮੀ ਹੋ ਗਿਆ ਸੀ। ਫੇਰ...
ਅਸੀਂ... ਨਿਰਾਸ਼ ਹੋ ਕੇ ਤੁਰ ਪਏ ਤਾਂ ਅਚਾਨਕ ਸਾਨੂੰ ਪਾਣੀ ਦੀ ਅਵਾਜ਼
ਸੁਣਾਈ ਦਿੱਤੀ। ਲਾਈਟਰ ਜਲਾ ਕੇ ਦੇਖਿਆ ਤਾਂ ਪਾਣੀ ਬੜਾ ਗੰਦਾ ਸੀ। ਅਸੀਂ
ਪਿਆਸ ਨਾਲ ਵਿਆਕੁਲ ਸਾਂ। ਪਾਣੀ ਨੂੰ ਇਕ ਬੋਤਲ ਵਿਚ ਪਾ ਕੇ ਅਤੇ ਅੱਗੇ
ਰੁਮਾਲ ਰੱਖ ਕੇ ਉਸ ਨਾਲ ਮਾੜੇ-ਮਾੜੇ ਬੁੱਲ੍ਹ ਗਿੱਲੇ ਕੀਤੇ। ਉਸ ਪਾਣੀ
ਵਿਚ ਅਸੀਂ ਆਪ ਦੇਖਿਆ ਕੀੜੇ ਚੱਲ ਰਹੇ ਸਨ। ਉਸ ਤੋਂ ਬਾਅਦ ਉਹ ਬੋਤਲਾਂ
ਉਥੇ ਸੁੱਟ ਕੇ ਵਾਪਸ ਜਾਣ ਲੱਗੇ ਤਾਂ ਰਸਤਾ ਭੁੱਲ ਗਏ। ਫੇਰ,
ਲੱਭਦੇ-ਲੱਭਦੇ ਉਸ ਸੜਕ ਦੀਆਂ ਲਾਈਟਾਂ ਦੇਖ ਕੇ ਉਧਰ ਨੂੰ ਤੁਰ ਪਏ। ਬਾਅਦ
ਵਿਚ ਓਸੇ ਤਰ੍ਹਾਂ ਦੌੜ-ਦੌੜ ਕੇ ਅਸੀਂ ਉਥੇ ਵਾਪਸ ਪਹੁੰਚੇ। ਬਾਅਦ ਵਿਚ
ਧੀਰੇ ਏਜੰਟ ਨੂੰ ਨਾਲ ਲੈ ਕੇ ਗਏ ਤਾਂ ਕਿਤੇ ਜਾ ਕੇ ਪਾਣੀ ਲੈ ਕੇ ਆਂਦਾ।
ਫੇਰ ਸਾਰਿਆਂ ਨੇ ਜੀਅ ਭਰ ਕੇ ਪਾਣੀ ਪੀਤਾ। ਏਜੰਟ ਵੀ ਕੁਝ ਠੀਕ ਹੋ ਗਿਆ
ਸੀ। ਉਸ ਨੇ ਕਿਹਾ ਕਿ ਹੁਣ ਗੱਡੀ ਨਹੀਂ ਆਉਣੀ, ਅਸੀਂ ਸਾਰੇ ਜਣੇ ਥੱਲੇ
ਚੱਲਦੇ ਆਂ ਖੱਡ ਵਿਚ। ਤੁਸੀਂ ਸਾਰੇ ਜਣੇ ਉਥੇ ਹੀ ਰਿਹੋ, ਮੈਂ ਪਿੱਛੇ
ਨੂੰ ਜਾਂਦਾ ਵਾਪਸ। ਮੈਂ ਉਥੋਂ ਗੱਡੀ ਦਾ ਇੰਤਜ਼ਾਮ ਕਰ ਕੇ ਆਵਾਂਗਾ,
ਪਰਸੋਂ ਰਾਤ ਨੂੰ ਵਾਪਸ ਪੁਜੂੰਗਾ। ਅਸੀਂ ਸਾਰੇ ਜਣੇ ਪੰਜ ਵਜੇ ਉਸ ਜਗ੍ਹਾ
ਚਲੇ ਗਏ, ਇਸ ਕਰ ਕੇ ਕਿ ਉਥੇ ਪਾਣੀ ਹੈ, ਪੀ ਕੇ ਟਾਈਮ ਪਾਸ ਹੋ ਜਾਵੇਗਾ।
ਫੇਰ ਅਸੀਂ ਸਾਰਾ ਦਿਨ ਉਥੇ ਬੈਠੇ ਰਹੇ। ਸਾਰੇ ਜਣੇ ਭੁੱਖ ਨਾਲ ਬਹੁਤ ਤੰਗ
ਸਨ। ਅਸੀਂ ਥੋੜ੍ਹੇ ਜਿਹੇ ਬੇਰ ਤੋੜ ਕੇ ਲਿਆਂਦੇ ਤੇ ਸਭ ਨੂੰ ਥੋੜ੍ਹੇ
ਥੋੜ੍ਹੇ ਦਿੱਤੇ। ਸ਼ਾਮ ਨੂੰ ਅੱਠ ਕੁ ਵਜੇ ਅਸੀਂ ਤਿੰਨ ਜਣੇ ਫੇਰ ਜੰਗਲ
ਵਿਚ ਤੁਰ ਪਏ ਕਿ ਕਿਤੋਂ ਕੁਝ ਖਾਣ ਨੂੰ ਮਿਲ ਜਾਵੇ। ਫੇਰ ਸਾਨੂੰ ਬਦਾਮਾਂ
ਦਾ ਇਕ ਵੱਡਾ ਸਾਰਾ ਬਾਗ਼ ਮਿਲਿਆ ਤੇ ਅਸੀਂ ਉਥੋਂ ਚਾਲੀ-ਪੰਜਾਹ ਕਿਲੋ
ਬਦਾਮ ਤੋੜ ਕੇ ਲੈ ਆਏ ਤੇ ਸਾਰਿਆਂ ਨੂੰ ਦਿੱਤੇ। ਉਸ ਤੋਂ ਬਾਅਦ ਅਸੀਂ
ਏਜੰਟ ਨੂੰ ਪਿਛਾਂਹ ਤੋਰਿਆ। ਉਸ ਨੂੰ ਇਕ ਕਿਲੋਮੀਟਰ ਦੂਰ ਤੱਕ ਛੱਡ ਕੇ
ਆਏ ਤੇ ਉਸ ਕੋਲ ਇਕ ਬੋਤਲ ਪਾਣੀ ਦੀ ਦਿੱਤੀ ਤੇ ਉਸ ਨੂੰ ਕਿਹਾ ਕਿ ਕੱਲ੍ਹ
ਸ਼ਾਮ ਨੂੰ ਵਾਪਸ ਆ ਜਾਈਂ... ਕਿਉਂਕਿ ਬੰਗਾਲੀਆਂ ਨੇ ਚਿਤਾਰਿਆ ਹੋਇਆ ਸੀ
ਕਿ ਜੇ ਨਾ ਆਇਆ ਤਾਂ ਅਸੀਂ ਸੜਕ ’ਤੇ ਚਲੇ ਜਾਣਾ ਹੈ ਤੇ ਪੁਲਿਸ ਨੂੰ ਦੱਸ
ਦੇਣਾ ਹੈ ਕਿ ਅਸੀਂ ਐਨੇ ਬੰਦੇ ਆਂ। ਅਸੀਂ ਬਾਅਦ ਵਿਚ ਬਾਗ਼ ਦਾ ਇਕ ਹੋਰ
ਗੇੜਾ ਲਾਇਆ ਕੇ ਫੇਰ ਕਈ ਕਿਲੋ ਬਦਾਮ ਲੈ ਕੇ ਆਏ। ਅਸੀਂ ਕਿਸੇ ਨੂੰ ਵੀ
ਭੁੱਖਾ ਨਹੀਂ ਰਹਿਣ ਦਿੱਤਾ। ਅਸੀਂ ਚਾਰ ਜਣੇ ਸੀ ਬਦਾਮ ਲਿਆਉਣ ਵਾਲੇ।
ਉਥੋਂ ਥੋੜ੍ਹੀ ਦੂਰ ਇਕ ਛੋਟਾ ਜਿਹਾ ਪਿੰਡ ਸੀ। ਅਸੀਂ ਸੋਚਿਆ ਕਿ ਉਥੋਂ
ਕੁਝ ਖਰੀਦ ਕੇ ਲਿਆਂਦੇ ਆਂ ਪਰ ਪਿੰਡ ਤਾਈੰ ਪਹੁੰਚਣਾ ਮੁਸ਼ਕਲ ਸੀ ਤੇ
ਫੜ੍ਹੇ ਜਾਣ ਦਾ ਵੀ ਡਰ ਸੀ। ਅਸੀਂ ਦੁਪਹਿਰ ਨੂੰ ਫੇਰ ਬਦਾਮ ਲੈ ਕੇ ਆਏ
ਤੇ ਸ਼ਾਮ ਨੂੰ ਵੀ ਦੋ ਗੇੜੇ ਲਾਏ। ਫੇਰ ਦੂਜੇ ਦਿਨ ਏਜੰਟ ਆਇਆ ਸ਼ਾਮ ਨੂੰ।
ਬਾਰਾਂ ਵਜੇ ਅਸੀਂ ਫੇਰ ਓਸੇ ਸੜਕ ’ਤੇ ਜਾ ਬੈਠੇ। ਫੇਰ ਦੋ ਵਜੇ ਗੱਡੀ ਆਈ
ਤਾਂ ਸਾਰੇ ਜਣੇ ਬੈਠ ਕੇ ‘ਇਥੇ’ ਪਹੁੰਚੇ। ਤਕਰੀਬਨ ਪੰਜ ਘੰਟੇ ਲੱਗੇ ਇਥੇ
ਪਹੁੰਚਣ ਨੂੰ। ਮੇਰਾ ਇਥੇ ਕੀਪੇ ਤੋਂ ਸਿਵਾ ਕੋਈ ਨਹੀਂ ਸੀ। ਇਸੇ ਕਰ ਕੇ
ਮੈਨੂੰ ਕੀਪੇ ਦੇ ਕੋਲ ਜਾਣਾ ਪਿਆ। ਮੈਂ ਤਾਂ ਐਵੇਂ ਇੰਗਲੈਂਡ ਜਾਣ ਦਾ
ਲਾਲਚ ਕਰ ਬੈਠਾ। ਇੰਗਲੈਂਡ ਜਾਣ ਦੇ ਚੱਕਰ ਵਿਚ ਨਾ ਪੈਂਦਾ ਤਾਂ ਫੜ੍ਹਿਆ
ਨਾ ਜਾਂਦਾ। ਇਥੇ ਗਰੀਸ ਵਿਚ ਹੀ ਲੁੱਕ-ਛਿੱਪ ਕੇ ਕੰਮ ਕਰੀ ਜਾਣਾ ਸੀ ਜਦ
ਕਦੇ ਕਾਗ਼ਜ਼ ਖੁਲ੍ਹਦੇ ਤਾਂ ਪੱਕੇ ਹੋਣ ਲਈ ਭਰ ਦਿੰਦੇ। ਬਾਕੀ ਤੁਹਾਨੂੰ ਇਸ
ਤੋਂ ਬਾਅਦ ਦਾ ਤਾਂ ਸਭ ਪਤਾ ਹੀ ਹੈ। ਇਹ ਜੋ ਕੁਝ ਲਿਖਿਆ ਹੈ ਬਹੁਤ ਸ਼ੌਰਟ
ਕੱਟ ਹੈ। ਇਹ ਵੀ ਤਾਂ ਲਿਖਿਆ ਕਿਉਂਕਿ ਸਾਡੇ ਵਿਚੋਂ ਇਕ ਬੰਦੇ ਦੀ ਸਿਹਤ
ਖ਼ਰਾਬ ਹੋ ਗਈ ਹੈ। ਉਸ ਨੇ ਆਪਣੀ ਟਿਕਟ ਮੰਗਵਾਈ ਹੈ। ਕੀਪਾ ਆਪਣਾ ਹੋ ਕੇ
ਬੇਗ਼ਾਨਾ ਨਿਕਲਿਆ ਤੇ ਇਹ ਬੇਗ਼ਾਨਾ ਹੋ ਕੇ ਵੀ ਆਪਣਾ ਬਣ ਗਿਆ। ਇਹ ਬੰਦਾ
ਮੇਰੇ ਲਈ ਰੱਬ ਬਣ ਕੇ ਬਹੁੜਿਆ। ਅੱਜ ਤੱਕ ਮੇਰਾ ਖ਼ਰਚਾ ਇਸ ਨੇ ਹੀ ਕੀਤਾ।
ਜੋ ਵੀ ਚੀਜ਼ ਨੇ ਇਸ ਨੇ ਆਪਣੇ ਲਈ ਮੰਗਵਾਈ ਮੈਨੂੰ ਵੀ ਲੈ ਕੇ ਦਿੱਤੀ। ਇਹ
ਕਹਿੰਦਾ ਸੀ ਕਿ ਮੈਂ ਤੇਰੇ ਘਰ ਜਾਵਾਂਗਾ। ਤੂੰ ਮੈਨੂੰ ਕੁਝ ਲਿਖ ਕੇ ਦੇ
ਦੇਵੀਂ। ਮੈਂ ਤੇਰੇ ਘਰ ਦੇ ਆਵਾਂਗਾ।
ਅਜੇ ਤੱਕ ਸਾਨੂੰ ਆਪਣਾ ਕੁਝ ਵੀ ਨਹੀਂ ਪਤਾ ਕਿ ਸਾਡਾ ਕੀ ਬਣਨਾ ਆ। ਮੇਰਾ
ਤੁਸੀਂ ਕੋਈ ਫ਼ਿਕਰ ਨਹੀਂ ਕਰਨਾ। ਜੇਕਰ ਮੇਰਾ ਦਾਣਾ-ਪਾਣੀ ਇਥੇ ਲਿਖਿਆ
ਤਾਂ ਉਹ ਖਾਣਾ ਹੀ ਪੈਣਾ ਹੈ ਚਾਹੇ ਰੋ ਕੇ ਖਾਈਏ ਚਾਹੇ ਹੱਸ ਕੇ ਖਾਈਏ।
ਮੇਰੀ ਕਿਸਮਤ ਵਿਚ ਇਹੋ ਕੁਝ ਸੀ। ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਿਆ।
ਜੇਕਰ ਇਹ ਇਥੇ ਛੱਡ ਦੇਣਗੇ ਫੇਰ ਤਾਂ ਜ਼ਰੂਰ ਮੰਜ਼ਿਲ ਮਿਲ ਜਾਵੇਗੀ। ਜੇ
ਨਹੀਂ ਛੱਡਿਆ ਤਾਂ ਇਨ੍ਹਾਂ ਨੇ ਵਾਪਸ ਹੀ ਭੇਜਣਾ ਆ। ਇਹ ਇਨ੍ਹਾਂ ਦੀ ਹੀ
ਮਰਜ਼ੀ ਆ ਕਦੋਂ ਭੇਜਣ।
ਮੇਰੇ ਵਲੋਂ ਸਾਰਿਆਂ ਨੂੰ ਇਕ ਵਾਰ ਫਿਰ ਸਤਿ ਸ੍ਰੀ ਅਕਾਲ। ਲਿਖਣ ਵੇਲੇ
ਜੇਕਰ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨਾ।
ਇਸ ਖ਼ਤ ਦਾ ਜਵਾਬ ਦੇਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਮੇਰਾ ਕੋਈ ਐਡਰੈੱਸ
ਨਹੀਂ ਹੈ।
ਤੁਹਾਡਾ ਛੋਟਾ ਭਰਾ
ਪਾਲੀ
-ਸੁਰਿੰਦਰ ਪਾਲ
|