ਚਾਨਣੀ
ਰਾਤ ਆਈ ਅਤੇ ਚੰਨ ਨੇ ਅਪਣੇ ਮੁਖੜੇ ਅੱਗੋਂ ਘੁੰਡ ਲਾਹ ਦਿੱਤਾ। ਚਾਨਣੀ ਨੇ ਸਾਰੇ
ਸ਼ਿਕਾਰ, ਅਵਾਰਾ ਜੰਤੂਆਂ ਨੂੰ ਹਨੇਰੇ ਵਿੱਚੋਂ ਉਘਾੜ ਦਿੱਤਾ। ਰਾਤ ਦੇ ਪ੍ਰੇਮ ਪਿਆਸੇ,
ਰੰਡੀਬਾਜ਼ ਅਤੇ ਅਮਲੀ ਹੁਣ ਹਨੇਰੇ ਵਿੱਚ ਲੁਕ ਨਹੀਂ ਸਕਦੇ ਸੀ। ਸਭ ਕੁਝ ਦਿੱਸਦਾ ਸੀ।
ਚੰਦ ਨੇ ਜੋ ਓਹਲੇ ਸੀ ਸਾਹਮਣੇ ਕਰ ਦਿੱਤਾ।
ਇਸ ਚਾਨਣੀ ਰਾਤ ਵਿੱਚ ਹੀਰਾ ਰੁਲਿਆ ਭੁਲਿਆ ਤੁਰਦਾ ਫਿਰਦਾ ਸੀ। ਹੀਰਾ ਚਾਨਣ ਵਿੱਚ
ਦੇਖਣ ਵਾਲਿਆਂ ਨੂੰ ਤੁਰਦਾ ਫਿਰਦਾ ਲਾਸ਼ ਵਾਂਗ ਜਾਪਦਾ ਹੋਵੇਗਾ। ਲੋਇਣ ਬੇਜਾਨ ਸਨ; ਸ਼ਰੀਰ
ਵਿੱਚੋਂ ਜਾਨ ਚੱਲੀ ਗਈ ਸੀ। ਸਾਰਾ ਦਿਨ ਅਫੀਮ ਖਾ ਖਾ ਕੇ ਇਸ ਖਸਤੇ ਹਾਲਤ ਵਿੱਚ ਪਹੁੰਚ
ਗਿਆ ਸੀ।
ਹੀਰਾ ਸਾਰਾ ਦਿਨ ਸੜਕ ਦੇ ਪਾਸੇ ਬਹਿਕੇ ਆਪਣੋ ਆਪ ਨੂੰ ਨਸ਼ਾ ਚੜ੍ਹਾਉਂਦਾ ਸੀ। ਇੱਦਾਂ
ਗੁੰਮ ਸੁਮ ਰਹਿੰਦਾ ਸੀ। ਪਤਾ ਨਹੀਂ ਜੀਣ ਦੀ ਆਸ ਨੇ ਹੀਰੇ ਨੂੰ ਛੱਡ ਦਿੱਤਾ ਜਾਂ ਆਸ ਨੇ
ਹੀਰੇ ਨੂੰ। ਉਹਦਾ ਸਾਥ ਲਫੰਗੇ ਪਨ ਦੀ ਜ਼ਿੰਦਗੀ ਨੇ। ਅਪਣੇ ਆਪ ਤੋਂ ਦੂਰ ਹੋ ਗਿਆ, ਨਾਲੇ
ਟੱਬਰ ਤੋਂ।
ਹੀਰੇ ਦੇ ਮਾਂ-ਪਿਉ ਨੇ ਬਹੁਤ ਕੋਸ਼ਿਸ਼ ਕੀਤੀ ਸੀ ਉਸਨੂੰ ਚੁੰਗੇ ਰਾਹ ਰੱਖਣ ਦੀ। ਪਰ
ਕੀ ਕਰੇ? ਜ਼ਮੀਨ ਚਾਰ ਭਰਾਵਾਂ ਵਿੱਚ ਵੰਡੀ, ਫਿਰ ਹਰੇਕ ਦੇ ਨਿਆਣਿਆਂ ਨੂੰ ਹਿੱਸੇ ਮਿਲੇ।
ਹੀਰੇ ਲਈ ਕੁਝ ਬੱਚਿਆ ਨਹੀਂ; ਨਾਲੇ ਜੋ ਸੀਗਾ, ਮਸਤੀਆਂ ਵਿੱਚ, ਮਿਤਰਾਂ ਨਾਲ ਆਨੰਦ
ਕਰਦੇ ਨੇ ਖਰਚ ਦਿੱਤਾ। ਬਾਹਰਲਿਆਂ ਨੇ ਘਰ ਦਾ ਕੰਮ ਕੀਤਾ ਤੇ ਹੀਰੇ ਨੇ ਅਰਾਮ ਕੀਤਾ।
ਫਿਰ ਜੋ ਖਰਚ ਵੱਧੇ ਤੇ ਪਿਉ ਨੇ ਕਰਜ਼ ਚੱਕਿਆ, ਪਰ ਲਾਹ ਨਹੀਂ ਸਕਿਆ। ਹਾਰਕੇ ਮਜਬੂਰੀ
ਵਿੱਚ ਉਸਨੂੰ ਇੱਕ ਹੀ ਰਾਹ ਦਿੱਸਿਆ: ਆਤਮਹੱਤਿਆ ਕਰ ਲਈ। ਉਸ ਤੋਂ ਬਾਅਦ ਸਾਰਾ ਕਾਰੋਬਾਰ
ਹੀਰ ਦੇ ਹੱਥਾਂ ਵਿੱਚ ਰਹਿ ਗਿਆ। ਪਰ ਹੀਰੇ ਨੇ ਤਾਂ ਫਾਹਾ ਵੱਢ ਦਿੱਤਾ। ਮਾਂ ਭੈਣ ਰਿਹ
ਗਏ, ਪਰ ਹੀਰੇ ਦੇ ਸਹਾਰੇ ਤੋਂ ਬਿੰਨਾ ਕੀ ਕਰ ਸਕਦੇ ਸੀ? ਨੌਕਰੀ ਨਹੀਂ ਮਿਲੀ, ਨਾ ਹੀ
ਪਰਦੇਸ ਜਾਣ ਲਈ ਪੈਸੇ ਸੀ। ਸੋ ਗਲਤ ਰਾਹ ਪੈ ਗਿਆ।
ਹੀਰੇ ਦੀ ਆਨ ਨੇ ਉਸਨੂੰ ਕਾਮੇ ਬਣਨ ਤੋਂ ਰੋਕ ਦਿੱਤਾ। ਜਦ ਪੰਜਾਬੀਆਂ ਦੇ ਥਾਂ
ਬਾਹਰਲਿਆਂ ਨੂੰ ਕੰਮ ਮਿਲ ਗਿਆ, ਸਮਝੋਂ ਹੀਰੇ ਵਰਗਿਆਂ ਨੇ ਪੰਜਾਬ ਉਨ੍ਹਾਂ ਦੇ ਹਵਾਲੇ
ਕਰ ਦਿੱਤਾਂ। ਉਸਦੀ ਆਕੜ ਨੇ ਖੇਤੀ ਤੋਂ ਛੁੱਟ ਹੋਰ ਕੰਮ ਕਰਨ ਨਹੀਂ ਦਿੱਤਾ। ਫਿਰ ਰਹਿ
ਕੀ ਗਿਆ? ਅਫੀਮ ਦਾ ਸ਼ੌਕੀ ਬਣ ਗਿਆ। ਰੋਜ ਠੇਕਿਆਂ 'ਚੋਂ ਨਸ਼ੇ ਖਰੀਦ ਦਾ ਸੀ। ਜਦ ਸ਼ਰਾਬ
ਨਾਲ ਸਰੂਰ ਚੜ੍ਹ ਜਾਂਦਾ ਤਾਂ ਹੀਰਾ ਕਿਸੇ ਕੰਮ ਦੇ ਲਾਇਕ ਨਹੀਂ ਰਹਿੰਦਾ। ਮਾਂ ਦੇ ਦਰਿਆ
ਦੇ ਵਹਿਣ ਵਾਂਗੂੰ ਅਥਰੂ ਵਗੇ ਸਨ। ਪਰ ਭੈਣ ਇੰਨ੍ਹੀ ਪੋਲੀ ਨਹੀਂ ਸੀ। ਉਸਨੇ ਵਿਆਹ ਕਰਕੇ
ਫਟਾ ਫਟ ਵੀਰ ਨੂੰ ਬੇਘਰ ਕਰ ਦਿੱਤਾ। ਜਦ ਹੀਰਾ ਸੋਫੀ ਹੋ ਜਾਂਦਾ, ਫਿਰ ਸ਼ਰਮ ਆ ਜਾਂਦੀ
ਸੀ। ਇਸ ਸ਼ਰਮ ਨੇ ਹਨੇਰੇ ਵਿੱਚ ਹੀਰੇ ਨੂੰ ਕੈਦ ਕਰ ਦਿੱਤਾ। ਸਵੇਰੇ ਅਪਣਾ ਚਿਹਰਾ ਗੱਟਰ
ਵਿੱਚ ਲੁਕਾਕੇ ਬੈਠਦਾ ਸੀ ਤੇ ਰੈਣ ਦੀ ਬੁਲਕ ਵਿੱਚ ਇਧਰ ਉਧਰ ਚਰਸ ਖਰੀਦਦਾ ਫਿਰਦਾ ਸੀ।
ਚੜਦਾ ਦਿਨ ਸਭ ਨੂੰ ਹੀਰੇ ਦਾ ਮੁਖ ਖੁਲ੍ਹੀ ਤਰ੍ਹਾਂ ਦਿਖਾਉਂਦਾ ਸੀ। ਰਾਤ ਉਸਦੇ ਬੁਰੇ
ਹਾਲ, ਨਾਲੇ ਨਿਕੰਮੀ ਜ਼ਿੰਦਗੀ ਨੂੰ, ਛੁਪਾਕੇ ਰੱਖਦੀ ਸੀ। ਹਨੇਰਾ ਉਸਦੇ ਉੱਤੇ ਰਹਿਮ
ਕਰਦਾ ਸੀ, ਕਿਉਂਕਿ ਹੀਰੇ ਵਰਗੇ ਕਈ ਗਵਾਚੇ ਰੁਲੇ ਰਾਤ ਦੇ ਪਰਦੇ ਪਿੱਛੇ ਲੁਕ ਸਕਦੇ ਸੀ।
ਇਸ ਵੇਲੇ ਉਨ੍ਹਾਂ ਵਰਗੇ ਲੋਕ, ਜਾਨਵਰ ਅਤੇ ਹੋਰ ਅਜੀਬ ਸਜੀਵ ਬਾਹਰ ਆਉਂਦੇ ਸਨ। ਪਰ ਅੱਜ
ਦੀ ਰਾਤ ਗੱਲ ਹੋਰ ਸੀ। ਜਦ ਚੰਦ ਨੇ ਹੇਠਾ ਝਾਤੀ ਮਾਰੀ, ਉਸਨੂੰ ਗੁੱਸਾ ਆਗਿਆ। - ਰਾਤ
ਤੂੰ ਕਿਉਂ ਇਸ ਪਾਪੀਆਂ ਨੂੰ ਲੁਕਾਉਂਦੀ ਹੈ? ਇਸ ਮੂਡ ਵਿੱਚ ਚੰਦ ਨੇ ਧਰਤੀ ਵੱਲ ਚਾਨਣ
ਸੁੱਟ ਦਿੱਤਾ।
ਹੀਰਾ ਦੇ ਮਨ ਵਿੱਚ ਇੱਕ ਹੀ ਗੱਲ ਸੀ। ਉਹ ਆਪਣੀਆਂ ਨਾੜਾਂ ਵਿੱਚ ਸੂਈ ਖੋਭਕੇ ਨਸ਼ੇ ਵਿੱਚ
ਗੁੰਮਣਾ ਚਾਹੁੰਦਾ ਸੀ। ਜਦ ਰੈਣ ਨੇ ਉਸਨੂੰ ਧ੍ਰੋਹ ਕੀਤਾ, ਪਾਰਕ ਦੇ ਗੰਦੇ ਖੂੰਜੇ ਬੈਂਚ
ਟੋਲਕੇ ਰੁੱਖਾਂ ਦੀ ਛਾਂ ਥੱਲੇ ਬਹਿ ਗਿਆ। ਆਪਣੀ ਬਾਂਹ ਨੰਗੀ ਕੀਤੀ। ਫਿਰ ਇੱਕ ਰੱਸੀ
ਜੋਰ ਦੇਣੀ ਬਾਂਹ ਉੱਤੇ ਲੁਪੇਟ ਦਿੱਤੀ। ਇਸ ਨਾਲ ਨਾੜ ਰਾਤ ਦੇ ਚਾਨਣ ਵਿੱਚ, ਦਰਖਤਾਂ ਦੇ
ਛਾਂ ਹੇਠਵੀ ਦਿੱਸਦੀ ਸੀ। ਉਂਗਲੀ ਨਾਲ ਨਾੜ ਦਬੀ। ਜਦ ਨਾੜ ਵੱਖ ਹੋ ਗਈ, ਤਾਂ ਇੱਕ ਸੂਈ
ਵਿੱਚ ਚੋਭ ਦਿੱਤੀ। ਪਿਚਕਾਰੀ ਨੂੰ ਦਬਕੇ ਅਫੀਮ ਦਾ ਸ਼ੋਟ ਲਹੂ ਵਿੱਚ ਪਾ ਦਿੱਤਾ। ਹੌਲੀ
ਹੌਲੀ ਨਸ਼ੇ ਵਿੱਚ ਗੁਮ ਗਿਆ। ਜੇ ਇਸ ਵੇਲੇ ਹੀਰੇ ਨੇ ਉਪਰ ਝਾਤੀ ਮਾਰੀ ਹੁੰਦੀ, ਤਾਂ
ਉਸਨੂੰ ਅਨੋਖੀ ਚੀਜ਼ ਦਿੱਸਣੀ ਸੀ। ਪਰ ਨਾਂ ਹੀ ਓਨ੍ਹੇ ਦੇਖਿਆ, ਨਾਂ ਹੀ ਸੁਣਿਆ।
ਉਪਰ ਕੁਝ ਭੀਂ ਭੀਂ ਕਰਦਾ ਸੀ।
* * * * *
ਪੁਲਾੜ ਦੇ ਹਨੇਰੇ ਵਿੱਚੋਂ ਆਇਆ ਸੀ। ਭੂਮੀ ਵੱਲ ਖਿਚ ਨੇ ਉਸਨੂੰ ਲਿਆਂਦਾ, ਕਣੇ ਕੁਝ
ਭਾਲਦਾ ਸੀ। ਉਸਦੀ ਆਵਾਜ਼ ਭੀਂ ਭੀਂ ਕਰਦੀ ਸੀ। ਉਸ ਦੀਆਂ ਅੱਖਾਂ ਆਦਮੀ ਤੋਂ ਵੱਖਰੀਆਂ
ਦਿਖਾਈ ਦਿੰਦੀਆਂ ਸਨ। ਇਸ ਨੂੰ ਸਭ ਕੁਝ ਅਜੀਬ ਲਗਦਾ ਸੀ। ਹਨੇਰੇ ਵਿੱਚ ਉਸਨੇ ਰੁੱਖ ਹੇਠ
ਇੱਕ ਬੰਦਾ ਦੇਖ ਲਿਆ ਸੀ। ਬੰਦੇ ਤਾਂ ਬਥੇਰੇ ਹੋਰ ਤੁਰਦੇ ਫਿਰਦੇ ਸੀ, ਪਰ ਇਸ ਆਦਮੀ ਵੱਲ
ਖਿੱਚ ਸੀ। ਪਤਾ ਨਹੀਂ ਕਿਉਂ, ਪਰ ਖਿੱਚ ਸੀਗੀ। ਉਹ ਬੰਦੇ ਦੇ ਨੇੜੇ ਉੱਡਕੇ ਗਿਆ। ਉਸਨੂੰ
ਅਪਣਾ ਪਰਛਾਵਾਂ ਹੀਰੇ ਦੀਆਂ ਅੱਖਾਂ ਦੀਆਂ ਪੁਤਲੀਆਂ ਵਿੱਚ ਦਿੱਸਦਾ ਸੀ। ਉਂਝ ਉਸਦੇ
ਨੈਣਾਂ ਨੂੰ ਤਾਂ ਹਜ਼ਾਰ ਹਜ਼ਾਰ ਦਾਣੇ ਦੀਂਦੇ ਸਨ, ਪਰ ਜੇਕਰ ਆਦਮੀ ਦੇ ਲੋਇਣ ਹੁੰਦੇ, ਸਾਫ਼
ਭਰਿੰਡ ਦਾ ਰੂਪ ਦਿੱਸਣਾ ਸੀ। ਇੱਕ ਡੇਹਮੂ ਦਾ ਚਿਹਰਾ ਪੁਤਲੀਆਂ ਵਿੱਚੋਂ ਵਾਪਸ ਝਾਕਦਾ
ਸੀ।
ਉਸ ਪੁਲਾੜ ਦੇ ਭਰਿੰਡ ਨੂੰ ਨੰਗੀ ਬਾਂਹ ਵਿੱਚ ਹਾਲੇ ਫਸਾਈ ਸੂਈ ਦਿੱਸ ਗਈ। ਨਾੜ ਵੱਲ
ਖਿੱਚ ਪੈ ਗਈ। ਆਪਣੀ ਸੂਈ ( ਕਹਿਣ ਦਾ ਮਤਲਬ ਡੰਗਣ) ਨੂੰ ਬਾਂਹ ਵਿੱਚ ਚੋਭ ਦਿੱਤੀ।
ਆਦਮੀ ਨੂੰ ਤਾਂ ਮਹਿਸੂਸ ਨਹੀਂ ਹੋਇਆ। ਜਦ ਜ਼ਹਿਰ ਨਾੜਾਂ ਵਿੱਚ ਦੌੜ ਗਈ, ਡੇਜਮੂ ਖੋਭੀ
ਸੂਈ ਵਿੱਚ ਛੱਡਕੇ ਭੀਂ ਭੀਂ ਕਰਦਾ ਉੱਡ ਗਿਆ।
* * * * *
ਜਦ ਹੀਰਾ ਉੱਠਿਆ, ਦਿਨ ਚੜ੍ਹ ਗਿਆ ਸੀ। ਕੀ ਪਤਾ ਸੂਰਜ ਨੂੰ ਉਸ ਉੱਤੇ ਤਰਸ ਆਇਆ, ਜਾਂ
ਹਾਲੇ ਅਫ਼ੀਮ ਦਾ ਅਸਰ ਉਤਰਿਆ ਨਹੀਂ, ਪਰ ਗਰਮੀ ਓਹਨੂੰ ਮਹਿਸੂਸ ਨਹੀਂ ਹੋਈ। ਦਿਨ ਘੰਟੇ
ਘੰਟੇ ਬਾਅਦ ਬਹੁਤ ਗਰਮ ਹੋਗਿਆ। ਹੀਰਾ ਬੈਂਚ ਤੋਂ ਦੁਪਹਿਰ ਤੱਕ ਨਹੀਂ ਹਿੱਲਿਆ। ਜਦ
ਉੱਠਿਆ, ਤਾਂ ਸ਼ਰੀਰ ਇੱਕ ਦਮ ਹੋਰ ਨਸ਼ਾ ਭਾਲਦਾ ਸੀ। ਬਾਗ ਵਿੱਚੋਂ ਨਿਕੱਲਕੇ ਬਿਨਾ ਦੇਖੇ
ਸੜਕ ਨੂੰ ਪਾਰ ਕਰਨ ਲੱਗ ਪਿਆ। ਦੋਨੋਂ ਪਾਸੋਂ ਗੱਡੀਆਂ ਬੱਸਾਂ ਆਉਂਦੀਆਂ ਜਾਂਦੀਆਂ ਸੀ।
ਅੱਧਾ ਤਾਂ ਬੇਹੋਸ਼ ਸੀ। ਜਦ ਕੋਈ ਟਰੱਕ ਦੇ ਸਾਹਮਣੇ ਡਿੱਗਦਾ ਫਿਰਦਾ ਥਿੜਕਿਆ, ਹਾਰਨ
ਹੱਸਦੇ ਸੀ, ਲੋਕ ਗਾਲਾਂ ਕੱਢਦੇ ਸੀ। ਇੱਕ ਬੱਸ ਤਾਂ ਵਿੱਚ ਵੱਜਣ ਹੀ ਲੱਗੀ ਸੀ, ਉਸਦੀ
ਗ੍ਰਿੱਲ ਹੀਰੇ ਨੂੰ ਚੁੰਮਣ ਹੀ ਲੱਗੀ ਸੀ। ਡ੍ਰਾਈਵਰ ਨੇ ਹੀਰੇ ਦੇ ਮਾਂ ਭੈਣ ਇਕ ਕਰ
ਦਿੱਤੀ, ਪਰ ਹੀਰਾ ਹੱਥ ਉੱਪਰ ਕਰਕੇ ਬੇਫਿਕਰ ਹੋਕੇ ਤੁਰੀ ਗਿਆ।
ਹੀਰੇ ਦੇ ਮਨ ਵਿੱਚ ਤਾਂ ਇੱਕ ਹੀ ਸੋਚ ਸੀ; ਉਸਨੇ ਭਵਨ ਸਿਉਂ ਦੇ ਕੋਲੇ ਪਹੁੰਚਣਾ ਸੀ।
ਭਵਨ ਸਿਉਂ ਦਾ ਖਾਸ ਖਰੀਦਦਾਰ ਸੀ, ਹੀਰਾ। ਹੀਰੇ ਨੂੰ ਉਸ ਤੋਂ ਭੰਗ, ਡੋਡੇ ਅਤੇ ਕਈ ਹੋਰ
ਕੁਝ ਮਿਲਦਾ ਸੀ।
ਭਵਨ ਦੇ ਕੋਲ ਨਿਕੀ ਜਹੀ ਦੁਕਾਨ ਸੀ ਵੱਡੇ ਮਾਲ ਦੇ ਦਰਿਆਂ ਨਾਲ। ਦਰਅਸਲ ਕੇਵਲ ਕੁਲਫ਼ੀ
ਵੇਚਣ ਵਾਲੀ ਛਤਰੀ ਸੀ। ਉਂਝ ਦੇਖਣ ਵਾਲੇ ਨੂੰ ਤਾਂ ਇੱਦਾਂ ਹੀ ਲਗਦਾ ਸੀ। ਸਾਫ਼ ਸੁਥਰਾ
ਬੰਦਾ ਸੀ। ਪੱਗ ਟੋਹਰ ਨਾਲ ਬੰਨ੍ਹੀ ਸੀ। ਹਮੇਸ਼ਾ ਅੰਗ੍ਰੇਜ਼ੀ ਪੈਂਟ ਕਮੀਜ਼ ਪਾਏ ਸਨ।
ਕੁੰਡੀਆਂ ਮੁੱਛਾ ਤੇ ਅੱਖਾਂ ਨਕਾਬੀ ਐਨਕ ਦੇ ਪਿੱਛੇ ਲੁਕੋਈਆਂ ਸਨ, ਜਿੱਦਾਂ ਕੋਈ ਰਾਜ਼
ਛੁਪਾਇਆ ਸੀ। ਸੱਚ ਮੁੱਚ ਭੇਤ ਸੀ, ਕਿਉਂਕਿ ਕੁਲਫ਼ੀ ਨਾਲ ਹੱਥ ਦੀ ਸੁਫਾਈ ਨਾਲ ਖਾਸ ਗਾਹਕ
ਨੂੰ ਅਫ਼ੀਮ ਫੜਾ ਦੇਂਦਾ ਸੀ। ਆਮ ਗਾਹਕ ਨੂੰ ਮਹਿਸੂਸ ਨਹੀਂ ਹੁੰਦਾ ਸੀ ਕਿ ਭਵਨ ਦੇ ਖਾਸ
ਖਰੀਦਦਾਰ ਕੁਲਫ਼ੀ ਦੇ ਮੁਲ ਤੋਂ ਵੱਧ ਪੈਸੇ ਉਸਦੇ ਹੱਥ'ਚ ਰੱਖ ਦੇ ਸੀ। ਲੋਕਾਂ ਨੂੰ ਤਾਂ
ਬਹੁਤ ਮਹਾਨ ਮਰਦ ਲੱਗਦਾ ਸੀ। ਉਸਦੇ ਛਤਰੀ ਦੇ ਆਲੇ ਦੁਆਲੇ ਗੁਰੂਆਂ, ਸੰਤਾਂ, ਪੀਰਾਂ
ਦੀਆਂ ਕਈ ਤਸਵੀਰਾਂ ਸਨ। ਹਰ ਰੋਜ ਸਾਰਿਆਂ ਸਾਹਮਣੇ ਮੱਥਾ ਟੇਕਦਾ ਸੀ। ਗੁਰੁਦਵਾਰੇ ਰੋਜ
ਜਾਂਦਾ ਸੀ, ਆਪਣੀ ਵਹੁਟੀ ਅਤੇ ਸਾਊ ਧੀਆਂ ਨਾਲ। ਪਰ ਅੰਦਰਲਾ ਚੱਕਰ ਤਾਂ ਹੋਰ ਹੀ ਸੀ।
ਭਵਨ ਫਫੜੇ ਹੱਥਾ ਸੀ। ਸਮਾਜ ਵਿੱਚ ਇੱਜ਼ਤ ਨਾਲ ਖੜ੍ਹਦਾ ਸੀ, ਗਿਆਨੀ ਵਾਂਗ ਧਾਰਮਿਕ
ਜਾਪਦਾ ਸੀ। ਪਰ ਅੱਧੀ ਰਾਤ ਹੋਰ ਕਿਸੇ ਦੀਆਂ ਧੀਆਂ ਨੂੰ ਸਕੂਟਰੀ ਸਵਾਰ ਲੈ ਕੇ ਦਲਾਲੀ
ਦਾ ਕੰਮ ਕਰਦਾ ਸੀ। ਪਹਿਲਾਂ ਇਮਾਨਦਾਰੀ ਦਾ ਪੈਸਾ ਰੱਖਿਆ ਸੀ। ਪਰ ਫਿਰ ਭਵਨ ਸੋਚਦਾ ਸੀ
ਹੁਣ ਸਾਰਾ ਪੰਜਾਬ ਦੋਗਲਾ ਹੈ। ਕਹਾਣੀਆਂ ਛਾਪਣ ਵਾਲਿਆਂ ਤੋਂ ਲੈ ਕੇ ਡਾਕਟਰ ਤੋਂ
ਪੁਲਸੀਏ ਤੋਂ ਰਾਜਸਭਾ'ਚ ਬਹਿਣ ਵਾਲਿਆਂ ਤੱਕ ਸਭ ਹੀ ਠੱਗ ਨੇ । ਫਿਰ ਮੈਂ ਕਿਉਂ ਨਾ
ਆਪਣਾ ਫ਼ਾਇਦਾ ਕਰਾਂ? ਅਪਣਾ ਸਵਾਰਥ ਪਹਿਲਾਂ ਰੱਖਾਂ? ਆਪਣਾ ਫ਼ਾਇਦਾ ਕਰਨ ਵਿੱਚ ਹੀਰੇ
ਵਰਗਿਆਂ ਨੂੰ ਕੈਪਸੂਲ ਜਾਂ ਅਫੀਮ ਦਿੰਦਾ ਸੀ। ਤਿਜੌਰੀ ਭਾਰੀ ਹੋਈ ਗਈ, ਤੇ ਓਹਦੇ ਖ਼ਰੀਦ
ਦਾਰਾਂ ਦੀ ਖਾਲੀ।
ਹੀਰਾ ਹਾਰਕੇ ਭਵਨ ਦੀ ਛਤਰੀ ਕੋਲ ਪਹੁੰਚ ਗਿਆ। ਭਵਨ ਨੇ ਧਿਆਨ ਕੀਤਾ ਕਿ ਹੀਰੇ ਦੇ ਹੱਥ
ਕੰਬਦੇ ਸੀ। ਉਸਨੂੰ ਹੋਰ ਟੀਕਾ ਚਾਹੀਦਾ ਸੀ।
“ ਕਿਉਂ ਹੀਰਿਆ, ਤੈਨੂੰ ਕੁਲਫ਼ੀ ਦਾ ਲੋੜ ਹੈ?”, ਭਵਨ ਨੇ ਭੇੜੀਏ ਵਾਂਗ ਮੁਸਕਾ ਕੇ
ਆਖਿਆ।
“ ਹਾਂਜੀ ਜਨਾਬ”, ਹੀਰਾ ਤਾਂ ਬਿਲਕੁਲ ਲਚਾਰ ਸੀ।
“ ਗਰਮੀ ਤਿੱਖੀ ਹੈ। ਆਈਸ ਕਰੀਮ ਨੇ ਠੰਢਾ ਕਰਦੇਣਾ”, ਇੱਕ ਹੋਰ ਗਾਹਕ ਆਗਿਆ ਸੀ, ਆਪਣੇ
ਨਿਆਣਿਆਂ ਨਾਲ। “ ਠਹਿਰ, ਇੰਨ੍ਹਾਂ ਨੂੰ ਪਹਿਲਾਂ ਦੇਖਦਾਂ”। ਹੀਰੇ ਤੋਂ ਟਿੱਕ ਕੇ ਖੜ੍ਹ
ਨਹੀਂ ਹੁੰਦਾ ਸੀ। ਭਵਨ ਅਰਾਮ ਨਾਲ ਵਕਤ ਲਾਉਂਦਾ ਸੀ। ਭਵਨ ਨੇ ਹੀਰੇ ਦੇ ਸਾਹਮਣੇ ਹੌਲੌ
ਹੌਲੀ ਨਿਆਣਿਆਂ ਨੂੰ ਕੁਲਫ਼ੀਆਂ ਦਿੱਤੀਆਂ। ਫਿਰ ਹੌਲੀ ਹੌਲੀ ਪੈਸੇ ਲਏ। ਨਿਆਣਿਆਂ
ਵਿੱਚੋਂ ਇੱਕ ਕੁੜੀ ਇਸ ਅਜੀਬ ਅਵਾਰੇ ਵੱਲ ਤਾੜਦੀ ਸੀ। ਹੀਰੇ ਨੇ ਜਾਣ-ਬੁੱਝ ਕੇ ਆਪਣੀਆਂ
ਅੱਖਾਂ ਚੌੜੀਆਂ ਕੀਤੀਆਂ। ਬੱਚੀ ਡਰਕੇ ਰੋਣ ਲਗ ਪਈ। “ਦਫਾ ਹੋ!”, ਭਵਨ ਨੇ ਗਾਹਕ ਨੂੰ
ਖ਼ੁਸ਼ ਕਰਨ ਲਈ ਝਿੜਕ ਮਾਰੀ। ਹੀਰਾ ਪਾਸੇ ਜਾਕੇ ਥੋੜ੍ਹੇ ਚਿਰ ਲਈ ਖੜ੍ਹ ਗਿਆ। ਜਦ ਛਤਰੀ
ਦੇ ਸਾਹਮਣੇ ਹੋਰ ਕੋਈ ਖੜ੍ਹੋਤਾ ਨਹੀਂ ਸੀ, ਵਾਪਸ ਆਗਿਆ।
“ ਕਿਉਂ ਬੱਚਿਆਂ ਨੂੰ ਡਰਾਉਂਦਾ? ਚੁੱਪ ਚਾਪ ਨਹੀਂ ਖੜ੍ਹ ਸਕਦਾ?”,
“ ਭਵਨ ਮੈਨੂੰ ਟਿੱਕਾ ਵਿੱਚ ਪਾਉਣ ਜੋਗਾ ਚਾਹੀਦਾ। ਇਸੀ ਵਕਤ। ਮੇਰਾ ਤਾਂ ਨਸ਼ਾ ਟੁਟ
ਗਿਆ। ਅਨੰਦ ਨਹੀਂ ਆਉਂਦਾ”।
“ ਠੀਕ ਏ। ਕੋਈ ਦੇਖਦਾ ਹੋਵੇਗਾ। ਪੈਸੇ ਕੱਢ”, ਹੀਰੇ ਦੇ ਹਿਲਦੇ ਹੱਥ ਨੇ ਜੋ ਜੇਬ ਵਿੱਚ
ਸੀ ਦੇ ਦਿੱਤਾ।
“ ਏ ਕੀ ਏ? ਕੁਲਫ਼ੀ ਤਾਂ ਇਦੋਂ ਵੱਧ ਏ! ਜਾ! ਵਾਪਸ ਤਾਂ ਆਈ, ਜੇ ਤੇਰੇ ਕੋਲ ਕੁਝ ਹੈ!
ਪਤਾ ਨ੍ਹੀਂ ਮੈਨੂੰ ਕੀ ਸਮਝਦਾ!”। ਹੀਰੇ ਨੂੰ ਜੁਆਬ ਦੇਣਦਾ ਮੌਕਾ ਹਾਲੇ ਮਿੱਲਿਆ ਨਹੀਂ
ਸੀ, ਜਦ ਹੋਰ ਗਾਹਕ ਆਗਿਆ।“ ਸਸਰੀਕਾਲ ਭੈਣ ਜੀ!”, ਭਵਨ ਨੇ ਹੀਰੇ ਨੂੰ ਅੱਖੋਂ ਓਹਲੇ
ਕਰਕੇ ਗਾਹਕ ਨੂੰ ਕੁਲਫੀ ਦਿੱਤੀ। ਜਦ ਜਨਾਨੀ ਚੱਲੇ ਗਈ, ਭਵਨ ਨੇ ਦੇਖਿਆ ਕੇ ਹੀਰਾ ਹਾਲੇ
ਵੀ ਓਥੇ ਖਲੋਇਆ ਸੀ। “ ਤੂੰ ਗਿਆ ਨਹੀਂ?”।
“ ਮੇਰੇ ਪੈਸੇ?”,
“ ਤੇਰੇ ਪੈਸੇ? ਮੈਂ ਸੰਭਾਲ ਦਾ! ਜਾ ਭੀਖ ਮੰਗ ਕੇ ਹੋਰ ਲਿਆ।ਫਿਰ ਤੈਨੂੰ ਮਿਲਜੂਗੀ!”।
ਜਦ ਹੀਰਾ ਹਿੱਲਿਆ ਨਹੀਂ, ਕਰਾਰੀਆਂ ਗਾਲ੍ਹਾਂ ਕੱਢੀਆਂ, ਇੱਕ ਦੋ ਲਾਕੇ ਭਵਨ ਨੇ ਉਸਨੂੰ
ਭੇਜ ਦਿੱਤਾ।
ਉਸ ਦਿਨ ਹੀਰੇ ਨੇ ਸਾਰਿਆਂ ਦੀਆਂ ਮਿੰਨਤਾਂ ਕੀਤੀਆਂ। ਉਸਦੀ ਕੰਗਾਲੀ ਉੱਤੇ ਕਿਸੇ ਨੇ
ਤਰਸ ਨਹੀਂ ਕੀਤੀ। ਲੋਕਾਂ ਦੇ ਅੱਗੇ ਹੱਥ ਕੀਤੇ, ਪਰ ਸਾਰਿਆਂ ਨੇ ਗਾਲ੍ਹੀ ਦੇ ਕੇ ਪਰੇ
ਧੱਕ ਦਿੱਤਾ। ਉਸਦਾ ਮਨ ਅਫੀਮ ਲਈ ਲਚਾਰ ਸੀ।
ਪਹਿਲਾ ਦਰਬਾਰ ਸਾਹਿਬ ਦੇ ਬਾਹਰ ਸੜਕਾਂ 'ਚ ਭੀਖ ਮੰਗਦਾ ਸੀ। ਉਸਨੂੰ ਸਾਫ਼ ਪਤਾ ਸੀ ਕਿ
ਕੋਈ ਸ਼ਹਿਰ ਦੇ ਆਵਾਸੀ ਨੇ ਤਾਂ ਰਹਿਮ ਨਹੀਂ ਕਰਨਾ, ਪਰ ਕੀ ਪਤਾ ਕੋਈ ਪਰਦੇਸੀ ਤਿੱਤਰ
ਤਰਸ ਕਰੂਗਾ।ਐਪਰ ਕਾਮਯਾਬ ਨਹੀਂ ਹੋਇਆ ਕਿਉਂਕਿ ਇਸ ਥਾਂ ਹੋੜ ਬਹੁਤ ਸੀ। ਸਾਰੇ ਪਾਸੇ
ਤੀਵੀਆਂ ਅਪਣੇ ਬਾਲਕਾਂ ਨੂੰ ਗੋਦ ਵਿੱਚ ਪਾਕੇ ਜਾਂ ਬਾਹਾਂ ਵਿੱਚ ਫੜ੍ਹਕੇ ਸੈਲਾਨਿਆਂ
ਤੋਂ ਭੀਖ ਮੰਗ ਦੀਆਂ ਸਨ। ਹੀਰਾ ਤਾਂ ਇੱਕ ਬੰਦਾ ਸੀ, ਅਤੇ ਦੇਖਣ ਵਿੱਚ ਡਰਾਉਣਾ ਵੀ ਸੀ।
ਜਦ ਕੰਮ ਨਹੀਂ ਬਣਿਆ, ਭਾਂਜ ਖਾਕੇ ਦਰਬਾਰ ਸਾਹਿਬ ਵਿੱਚ ਅੰਦਰ ਚੱਲੇ ਗਿਆ; ਕੰਮ ਸੇ ਕੰਮ
ਖਾਣਾ ਤਾਂ ਮਿਲੂਗਾ। ਜਦ ਬਾਹਰ ਵਾਪਸ ਆਇਆ, ਢਿੱਡ ਭਾਵੇਂ ਭਰਿਆ ਸੀ, ਪਰ ਅਫੀਮ ਲਈ ਹਾਲੇ
ਵੀ ਭੁੱਖ ਸੀ। ਕਿਸ ਤਰ੍ਹਾਂ ਦਾ ਆਦਮੀ ਗੁਰਦੁਆਰੇ ਤੋਂ ਰੋਟੀ ਖਾਕੇ ਫਿਰ ਇਸ ਤਰ੍ਹਾਂ ਦੀ
ਨੀਚੀ ਖੋਜ ਕਰਦਾ ਹੈ? ਹੀਰੇ ਜੈਸਾ ਲਫੰਗਾ ਇਸ ਰਾਹ ਹੀ ਜਾ ਸਕਦਾ ਹੈ। ਪਰ ਰੱਬ ਦੀ ਨਜ਼ਰ
ਨੂੰ ਸਭ ਕੁਝ ਦੀਂਦਾ ਹੈ। ਉਂਝ ਦਰਬਾਰ ਸਾਹਿਬ ਵਿੱਚ ਚੰਗੇ ਮਾੜੇ ਬਰਾਬਰ ਹਨ, ਜਿੰਨ੍ਹਾ
ਚਿਰ ਕੋਈ ਪਾਪ ਨਹੀਂ ਉਸ ਪਾਕ ਥਾਂ ਕਰਦੇ। ਜੇ ਦੋਸ਼ੀ ਦਰਬਾਰ ਵਿੱਚ ਅਪਣੇ ਅਪਰਾਧ ਲਈ
ਖਿਮਾ ਨਹੀਂ ਮੰਗ ਸਕਦਾ, ਫਿਰ ਕਿਥੇ ਮੰਗਣੀ ਹੈ?
ਹੀਰਾ ਬਾਹਰ ਜਾਕੇ ਇੱਕ ਮੈਲੀ ਸੜਕ ਦੇ ਪਾਸੇ ਬਹਿ ਗਿਆ। ਰੋਟੀ ਲਈ ਪੈਸੇ ਮੰਗਣ ਲੱਗ ਪਿਆ
( ਲੋਕਾਂ ਨੂੰ ਤਾਂ ਦੇਖਾਉਣਾ ਸੀ ਕਿ ਭੁੱਖਾ ਨਖੱਤਾ ਹੈ)। ਫਿਰ ਵੀ ਗੰਗੀ ਭੀੜ ਭੜੱਕਾ
ਤਾਂ ਉਸਦੀ ਕਦਰ ਨਹੀਂ ਕਰਦਾ ਸੀ; ਸਮਾ ਲਹਿਰ ਵਾਂਗ ਤੁਰੀ ਗਿਆ। ਉਸਨੂੰ ਇੱਕ ਮਾਂ ਦਿੱਸ
ਪਈ, ਅਪਣੇ ਨਿਆਣੇ ਨੂੰ ਫੜ੍ਹਕੇ ਇੱਕ ਨਿੱਕੀ ਜਹੀ ਗਲ਼ੀ 'ਚ ਵੜਦੀ। ਭਿਖਾਰਣੀਆਂ ਦੇ ਟੋਲੇ
ਤੋਂ ਵੱਖਰੀ ਹੋ ਗਈ ਸੀ। ਤਿੱਖੀ ਨਜ਼ਰ ਨਾਲ ਹੀਰਾ ਉਸ ਵੱਲ ਝਾਕੇ। ਚੁੰਨੀ ਵਿੱਚ ਪੈਸਿਆ
ਦੀ ਪੰਡ ਸੀ। ਸਾਰੇ ਦਿਨ ਦੀ ਕਮਾਈ ਸੀ। ਲੋਕ ਤਾਂ ਆਪਣੇ ਫ਼ਿਕਰਾਂ'ਚ ਬਿੱਜ਼ੀ ਸੀ; ਕਿਸੇ
ਨੇ ਬੇਘਰ ਔਰਤ ਦੇਖੀ ਨਹੀਂ। ਹੀਰਾ ਉੱਠਕੇ ਉਸਦਾ ਪਿੱਛਾ ਕਰਨ ਲੱਗ ਪਿਆ। ਗਲ਼ੀ ਇੱਕ ਤੰਗ
ਥਾਂ ਲੈ ਗਈ। ਆਸ ਪਾਸ ਕੁਝ ਨਹੀਂ ਸੀ। ਕੇਵਲ ਕੂੜਾ, ਅਤੇ ਲੋਹੇ ਦੇ ਟੁਕੜਿਆਂ ਦੀ ਮੈਲ਼ੀ
ਬਸਤੀ ਬਣਾਈ ਸੀ। ਜਨਾਨੀ ਨੇ ਨਿਆਣਾ ਹੇਠਾ ਰੱਖ ਦਿੱਤਾ। ਅਪਣੇ ਘਰ ਵਿੱਚ ਵੜਣ ਹੀ ਲਗੀ
ਸੀ ਜਦ ਲੰਗੂਰ ਨੇ ਜੋਰ ਦੇਣੀ ਉਸਦੇ ਥੱਪੜ ਮਾਰਿਆ। ਨਿਆਣਾ ਰੋਣ ਲੱਗ ਗਿਆ। ਵਿਚਾਰੀ
ਚੀਕਣ ਲੱਗੀ, ਪਰ ਹੈਵਾਨ ਨੇ ਮੌਕਾ ਨਹੀਂ ਦਿੱਤਾ। ਮੂੰਹ ਉੱਤੇ ਹੱਥ ਰੱਖਕੇ ਦੁਪਟੇ
ਵਿੱਚੋਂ ਪੰਡ ਖਿੱਚ ਲਈ। ਪੈਸੇ ਗਿਣੇ। ਕੁਲਫ਼ੀ ਲਈ ਤਾਂ ਬੱਥੇਰੇ ਸੀ। ਅਪਣੀ ਜੇਬ ਵਿੱਚ
ਪਾ ਲੇ- “ ਚੁੱਪ!”, ਤੀਵੀਂ ਨੂੰ ਚੇਤਾਵਣੀ ਦਿੱਤੀ। ਫਿਰ ਛੱਡਕੇ ਤੁਰਨ ਲੱਗਾ ਸੀ ਜਦ
ਬੱਚੇ ਨੇ ਲੱਤ ਫੜ ਲਈ। ਡੰਗਰ ਨੇ ਜੋਰ ਦੇਣੀ ਕਿੱਕ ਮਾਰੀ ਅਤੇ ਨਿਆਣਾ ਥਿੜਕ ਗਿਆ। ਜੇ
ਕੋਈ ਬਸਤੀ ਅੰਦਰੋਂ ਦੇਖਦਾ ਸੀ, ਬਾਹਰ ਆਕੇ ਓਨ੍ਹਾਂ ਦੀ ਮਦਦ ਨਹੀਂ ਕੀਤੀ। ਅਸੁਰ ਨੇ
ਬੱਚੇ ਦੇ ਢਿੱਡ ਵਿੱਚ ਪੈਰ ਮਾਰਿਆ। ਫਿਰ ਨਿਆਣਾ ਪਾਸੇ ਸੁੱਟ ਦਿੱਤਾ। ਮਾਂ ਉੱਠਕੇ ਦੈਂਤ
ਉੱਤੇ ਬੈਠ ਗਈ, ਪਰ ਕਮਜ਼ੋਰ ਔਰਤ ਕੀ ਕਰ ਸਕਦੀ ਹੈ? ਰਾਖ਼ਸ਼ ਨੇ ਮੁਖ ਉੱਤੇ ਮੁੱਕਾ ਮਾਰਕੇ
ਕੰਮ ਲਾਮ ਕਰ ਦਿੱਤਾ। ਵਿਚਾਰੀ ਭੁੰਜੇ ਡਿੱਗ ਪਈ। ਬੇਮਤਲਬ ਢਿੱਡ ਵਿੱਚ ਲੱਤ ਮਾਰੀ।
“ ਜਾ ਕੋਈ ਚੱਜ ਦਾ ਕੰਮ ਕਰ! ਐਮੇ ਨਿਆਣੇ ਨੂੰ ਚੁੱਕ ਕੇ ਅਪਣੀ ਗਰੀਬੀ ਲੋਕਾਂ ਦੇ
ਗਿੱਟਿਆਂ'ਚ ਮਾਰਦੀ!”। ਦੋ ਚਾਰ ਗੰਦੀਆਂ ਗਾਲ੍ਹੀਆਂ ਕੱਢਕੇ ਰੋਂਦੀ ਮਾਂ ਅਤੇ ਭੁੱਖੇ
ਬਾਲ ਨੂੰ ਉਸ ਗੰਦੀ ਬਸਤੀ ਵਿੱਚ ਸੜਕ ਉੱਤੇ ਰਹਿਣ ਦਿੱਤਾ। ਜਦ ਗੱਲੀ ਵਿੱਚੋਂ ਬਾਹਰ
ਆਗਿਆ, ਚੋਰੀ ਕੀਤੇ ਪੈਸੇ ਫਿਰ ਗਿਣੇ।ਅਫੀਮ ਜੋਗੇ ਵੀ ਸੀ, ਸ਼ਰਾਬ ਵੀ। ਨਾਗ ਭਵਨ ਦੀ
ਛਤਰੀ ਵੱਲ ਤੁਰ ਪਿਆ।
ਗਲ਼ੀ ਵਿੱਚ ਇੱਕ ਮਾਂ ਨੇ ਹੱਥ ਰੱਬ ਵਲ ਵਧਾਇਆ। ਪਰ ਰੱਬ ਨੇ ਰਹਿਮ ਕੀ ਕਰਨਾ ਸੀ? ਇਸ
ਮੈਲ਼ੇ ਦੈਂਤ ਨੇ ਇੱਕ ਵਾਰੀ ਤਾਂ ਅੱਜ ਹੀ ਪੈਰ ਦਰਬਾਰ ਸਾਹਿਬ ਵਿੱਚ ਰੱਖਿਆ ਸੀ। ਕੀ ਹੁਣ
ਤੋਂ ਬਾਅਦ ਉਸਨੂੰ ਮਨ੍ਹਾ ਹੋਵੇਗਾ? ਹੁਣ ਕੋਈ ਸਜ਼ਾ ਮਿਲੇਗੀ? ਹੁਣ ਤਾਂ ਉਸ ਪਵਿੱਤਰ ਥਾਂ
ਤੇ ਬਾਹਰ ਸੀ। ਹੁਣ ਕੋਈ ਹਿਫਾਜਤ ਹੋਣੀ ਨਹੀਂ ਚਾਹੀਦੀ। ਪਰ ਸੱਚਾਈ ਹੈ, ਜੋ ਜ਼ਬਰਦਸਤੀ
ਨਾਲ ਕੁਝ ਲੈਂਦਾ, ਇਹ ਸੰਸਾਰ ਓਨ੍ਹਾਂ ਨੂੰ ਹੀ ਦਿੰਦਾ; ਜੋ ਅਸੂਲ ਵਾਲੇ ਹਨ, ਉਹ ਓਥੇ
ਖੜ੍ਹੇ ਖਲੋਏ ਰਹਿ ਜਾਂਦੇ ਨੇ, ਧਰਤੀ ਤਾਂ ਘੁੰਮੀ ਜਾਂਦੀ ਹੈ। ਔਰਤ ਅਪਣੇ ਲਹੂ ਦੇ ਛੱਪੜ
ਵਿੱਚ ਲੰਮੀ ਪਈ ਸੀ। ਕਹਿ ਸਕਦੇ ਹਾਂ ਕਿ ਨਰਕ ਕੁੰਡ ਵਿੱਚ ਪਈ ਸੀ। ਰੱਬ ਨੇ ਜੁਆਵ ਤਾਂ
ਦਿੱਤਾ ਨਹੀਂ। ਵਧਿਆ ਹੋਇਆ ਹੱਥ ਆਪਣੇ ਆਪ ਹੀ ਪਿਛਾਹ ਨੂੰ ਹਟ ਗਿਆ।
* * * * * *
ਹੀਰਾ ਭਵਨ ਦੀ ਛਤਰੀ ਕੋਲ ਪਹੁੰਚ ਗਿਆ। ਭਵਨ ਨੇ ਪੰਡ ਵੱਲ ਨਜ਼ਰ ਸੁਟੀ ਅਤੇ ਓਹਦੇ ਮੂੰਹ
ਉੱਤੇ ਮੁਸਕਾਨ ਚੜ੍ਹ ਗਈ, “ ਕਿਉਂ ਹੀਰਿਆ। ਕੇਲੇ ਵਾਲੇ ਫਲੇਵਰ ਦੀ ਲੈਣੀ?”।
“ ਆਹੋ। ਐ ਲੈ”, ਹੀਰੇ ਨੇ ਭਵਨ ਦੇ ਹੱਥ ਵਿੱਚ ਰੁਪਏ ਰੱਖ ਦਿੱਤੇ। ਇੱਕ ਕੁਲਫ਼ੀ ਹੀਰੇ
ਨੂੰ ਫੜਾ ਦਿੱਤੀ।
“ ਸ਼ੁਕਰੀਆ”, ਹੀਰੇ ਨੇ ਭਵਨ ਤੋਂ ਡੱਬੀ ਲੈ ਕੇ ਛੇਤੀ ਘੁੰਮਕੇ ਤੁਰ ਪਿਆ। ਭਵਨ ਹੀਰੇ
ਵੱਲ ਹਸਦਾ ਦੇਖਦਾ ਸੋਚਣ ਲੱਗਾ, - ਇਹ ਨੇ ਜ਼ਿੰਦਗੀ ਦੀ ਬਾਜ਼ੀ ਕੁਝ ਕੁਝ ਮਾੜੀ ਤਰ੍ਹਾਂ
ਹੀ ਖੇਡੀ ਸੀ-। ਇੱਕ ਹਨੇਰੇ ਵਿੱਚ ਲੁਕੀ ਹੋਈ ਗਲ਼ੀ ਵਿੱਚ ਵੜ ਗਿਆ। ਕੁਲਫ਼ੀ ਭੁੰਜੇ ਸੁਟ
ਦਿੱਤੀ। ਡੱਬੀ ਦੇ ਹੇਠਾ ਟੇਪ ਨਾਲ ਅਫੀਮ ਦਾ ਲਫ਼ਾਫ਼ਾ ਜੋੜਿਆ ਹੋਇਆ ਸੀ। ਲਫ਼ਾਫ਼ੇ ਵਿੱਚੋਂ
ਅਫੀਮ ਕੱਢਕੇ ਥੱਲੇ ਖੂੰਜੇ'ਚ ਬਹਿ ਗਿਆ। ਅਪਣੀ ਜੇਬ ਵਿੱਚੋਂ ਚਮਚਾ ਕੱਢਕੇ, ਜੋ ਲਫ਼ਾਫ਼ੇ
ਵਿੱਚ ਸੀ ਚਮਚੇ'ਚ ਪਾ ਦਿੱਤਾ। ਫਿਰ ਜੇਬ ਵਿੱਚੋਂ ਲਾਇਟਰ ਕੱਢਕੇ ਚਮਚੇ ਦੇ ਚੌੜੇ ਸਿਰ
ਨੂੰ ਹੇਠੋ ਗਰਮ ਕਰ ਦਿੱਤਾ। ਚਮਚਾ ਨਿੱਘਾ ਹੋਗਿਆ, ਅਤੇ ਅਫੀਮ ਦਾ ਪਾਣੀ ਬਣ ਗਿਆ। ਇਸ
ਜਲ ਨੂੰ ਪਿਚਕਾਰੀ ਵਿੱਚ ਭਰ ਦਿੱਤਾ। ਫਿਰ ਇੱਕ ਵਾਰੀ ਹੋਰ ਅਪਣੀ ਬਾਂਹ ਉੱਤੇ ਰਸੀ ਲਪੇਟ
ਦਿੱਤੀ ਅਤੇ ਨੰਗੀ ਨਾੜ ਨੂੰ ਟੋਲਣ ਲੱਗ ਪਿਆ। ਸੂਈ ਵਿੱਚ ਖੋਭ ਦਿੱਤੀ। ਨਸ਼ਾ ਚੜ੍ਹ ਗਿਆ।
ਢੂਹੀ ਉੱਤੇ ਸਰੂਰ ਵਿੱਚ ਪੈ ਗਿਆ।
* * * * * *
ਜਦ ਸੂਈ ਹੀਰੇ ਦੀ ਨਾੜ ਵਿੱਚ ਚੁਭੀ, ਉਸਦੇ ਦੁੱਖ ਛੇਤੀ ਹੀ ਹਨੇਰੇ ਵਿੱਚ ਅਲੋਪ ਹੋ ਗਏ।
ਉਂਝ ਸਰੀਰ ਦੀ ਮੌਤ ਓਨ੍ਹੀਂ ਅੱਗੇ ਆ ਗਈ, ਅਫੀਮ ਕਰਕੇ। ਸੱਚ ਮੁੱਚ ਨਸ਼ਾ ਮੌਤ ਦੇ ਮੂੰਹ
ਵਿੱਚ ਬੰਦੇ ਨੂੰ ਲੈ ਜਾਂਦਾ ਹੈ। ਪਰ ਉਸਦੇ ਅਸਰ ਲਈ ਆਦਮੀ ਖਾਂਦਾ ਹੈ। ਜਿੱਦਾਂ ਸਕੂਲ
ਦੇ ਬਲੈਕ ਬੋਰਡ ਤੋਂ ਚਾਕ ਲਾਹੀਦਾ ਹੈ, ਉਸ ਤਰ੍ਹਾਂ ਜੋ ਫਿਕਰ ਸਨ, ਮਿਟਾ ਦਿੱਤੇ। ਪਰ
ਸਰੀਰ ਸਰੂਰ ਵਿੱਚ ਡੁਬਿਆ ਕਰਕੇ ਮਨ ਦਾ ਖੌਫ਼ ਤਾਂ ਨਹੀਂ ਤੋੜ ਸਕਦਾ ਸੀ।
ਹੀਰੇ ਦੀ ਕਲਪਨਾ ਨੇ ਉਸਨੂੰ ਬਹੁਤ ਅਜੀਬ ਥਾਂ ਸੁਟ ਦਿੱਤਾ। ਬੇਅਰਾਮੀ ਨਾਲ ਉਂਘਣ ਲੱਗਾ।
ਉਸਦੇ ਮਨ ਦੀ ਅੱਖ ਨੇ ਓਹਦੇ ਸਾਹਮਣੇ ਬਹੁਤ ਅਨੋਖਾ ਦ੍ਰਿਸ਼ ਪੈਦਾ ਕੀਤਾ। ਆਲੇ ਦੁਆਲੇ
ਡੇਹਮੂ ਸਨ। ਸਾਰੇ ਪਾਸੇ। ਪਰ ਨਿੱਕੇ ਨਹੀਂ ਸੀ। ਹਾਥੀ ਜਿੱਡੇ ਸੀ! ਡੰਗਣੀਆਂ ਅੱਠ ਫੁੱਟ
ਲੰਬੀਆਂ ਸਨ! ਹੀਰਾ ਡਰ ਗਿਆ। ਅਪਣੇ ਸੁਪਨੇ ਤੋਂ ਨੱਸ ਨਹੀਂ ਸਕਦਾ ਸੀ! ਕਿੱਥੇ ਨੱਠੇ?
ਅਪਣੀਆਂ ਸੋਚਾਂ ਵਿੱਚ ਇੱਧਰ ਉੱਧਰ ਦੌੜਦਾ ਦੌੜਦਾ ਥੱਕੀ ਗਿਆ। ਫਿਰ ਇੱਕ ਡੇਹਮੂ ਨੇ
ਉਸਨੂੰ ਦੇੱਖ ਲਿਆ! ਡੇਹਮੂ ਹੀਰੇ ਮਗਰ ਉੱਡ ਗਿਆ, ਉੱਚੀ ਦੇਣੀ ਭੀਂ ਭੀਂ ਕਰਦਾ, ਹੀਰੇ
ਨੂੰ ਇੱਕ ਗੱਲੀ ਦਿੱਸ ਗਈ, ਅਪਣੀ ਹਿਮਤ ਨਾਲ ਉਸ ਪਾਸੇ ਭੱਜੀ ਗਿਆ, ਭੱਜੀ ਗਿਆ, ਭੱਜੀ
ਗਿਆ, ਪਰ ਭਰਿੰਡ ਨੇ ਪਿੱਛਾ ਨਹੀਂ ਛੱਡਿਆ, ਸਗੋਂ ਹੋਰ ਡੇਹਮੂ ਉਸਦੇ ਮਗਰ ਤੀਰ ਦੇ ਰੂਪ
ਵਿੱਚ ਆ ਗਏ, ਹੀਰਾ ਨੱਠੀ ਗਿਆ, ਨੱਠੀ ਗਿਆ, ਹਾਰਕੇ ਲੱਤਾਂ ਕੰਬਣ ਲੱਗ ਗੀਆਂ, ਸਾਹ ਭਰਨ
ਦੀ ਲੋੜ ਸੀ, ਪਰ ਡੇਹਮੂ ਆਈ ਗਏ, ਬੱਸ, ਬਥੇਰਾ ਹੋਗਿਆ, ਹੀਰੇ ਨੂੰ ਚੱਕਰ ਆ ਗਿਆ, ਓਥੇਂ
ਹੀ ਭੁੰਜੇ ਡਿੱਗ ਗਿਆ। ਥੱਲੇ ਪਏ ਦਾ ਕਰੀਬ ਕਰੀਬ ਸਾਹ ਹੀ ਨਿਕਲ ਗਿਆ। ਜਦ ਹੀਰੇ ਨੇ
ਉਪਰ ਝਾਤੀ ਮਾਰੀ, ਇੱਕ ਮਹਾਨ ਡੇਹਮੂ ਹਵਾ ਵਿੱਚ ਇੱਕ ਥਾਂ ਟਿਕ ਕੇ ਹੀਰੇ ਵੱਲ ਤੱਕਦਾ
ਸੀ। ਪਤੰਗੇ ਦੀ ਚੁੰਝ ਪੀਲੀ ਸੀ, ਅੱਖਾਂ ਰਗਬੀ ਬਾਲ ਤੋਂ ਤਿੰਨ ਗੁਣਾ ਵੱਡੀਆਂ; ਅੱਖਾਂ
ਛੇ ਭੁਜ ਸ਼ੀਸ਼ੇ ਵਾਂਗ ਸਨ। ਇੱਕ ਇੱਕ ਠੀਕਰੀ ਆਈਨਾ ਸੀ। ਹਰੇਕ ਵਿੱਚੋਂ ਹੀਰੇ ਦਾ ਮੁਖ
ਵਾਪਸ ਦੇਖਦਾ ਸੀ। ਉਪਰਲਾ ਸਰੀਰ ਕਾਲਾ ਸੀ, ਵਾਲਾਂ ਨਾਲ ਭਰਿਆ, ਟੋਹਣੀਆਂ ਅੱਧੀਆਂ
ਪੀਲੀਆਂ, ਅੱਧੀਆਂ ਕਾਲੀਆਂ ਸਨ। ਹੇਠਲਾ ਜਿਸਮ ਕਾਲਾ ਪੀਲਾ ਸੀ। ਭਿਆਨਕ ਦ੍ਰਿਸ਼ ਸਾਮ੍ਹਣੇ
ਉੱਡਦਾ ਸੀ! ਸੁਪਨਾ ਹੀਰੇ ਦੇ ਬਦਨ ਵਿੱਚੋਂ ਜਾਨ ਚੂਸਦਾ ਸੀ। ਕਦੋਂ ਸੁਰਤ ਆਉਗੀ! ਜਾਨ
ਨਿਚੋੜ ਗਈ!
ਫਿਰ ਹੈਰਾਨੀ ਵਾਲੀ ਗੱਲ ਹੋਈ। ਇੱਕ ਸੁੱਕੀ ਲੱਤ ਹੀਰੇ ਵੱਲ ਡੇਹਮੂ ਨੇ ਅੱਗੇ ਕੀਤੀ,
ਜਿੱਦਾਂ ਇਸ਼ਾਰਾ ਦੇਂਦਾ ਸੀ, ਕਿ ਸਭ ਕੁਝ ਠੀਕ ਠਾਕ ਹੈ, ਮੈਂ ਬੁਰਾਈ ਨਹੀਂ ਕਰੂੰਗਾ।
ਹੀਰੇ ਨੇ ਅੱਖਾਂ ਮੀਚਕੇ ਫੜ ਲਈ। ਜਦ ਨੈਣ ਖੋਲ੍ਹੇ, ਉਸ ਭਰਿੰਡ ਦੇ ਪਿੱਠ ਉੱਤੇ ਸਵਾਰ
ਸੀ। ਹਵਾ ਵਿੱਚ ਉੱਡਦਾ ਸੀ।
ਹੀਰੇ ਦਾ ਪਿੰਡਾ ਨੰਗਾ ਸੀ, ਪਰ ਸਾਰੇ ਪਾਸੇ ਪੀਲਾ ਕਾਲਾ ਰੰਗ ਲਾਇਆ ਸੀ। ਜਿੱਦਾਂ ਖੁਦ
ਭਰਿੰਡ ਬਣਨਾ ਚਾਹੁੰਦਾ। ਜਦ ਪਿੱਛੇ ਦੇਖਿਆ, ਪੂਰੀ ਫੌਜ ਡੇਹਮੂਆਂ ਦੀ ਮਗਰ ਉੱਡਦੀ ਸੀ।
ਜਿਸ ਡੇਹਮੂ ਉਪਰ ਹੀਰਾ ਸਵਾਰ ਸੀ, ਭੀਂ ਭੀਂ ਕਰਦਾ ਸੀ।
ਹੇਠਾ ਇੱਕ ਬਹੁਤ ਵੱਡਾ ( ਹੀਰੇ ਨੂੰ ਤਾਂ ਸ਼ਹਿਰ ਜਿਡਾ ਜਾਪਦਾ ਸੀ) ਮਖਿਆਲ਼-ਛੱਤਾ ਸੀ।
ਉਸਦੇ ਆਲੇ ਦੁਆਲੇ ਹਜ਼ਾਰ ਹਜ਼ਾਰ ਸ਼ਹਿਦ ਦੀਆਂ ਮੱਖੀਆਂ ਸਨ। ਆਦਮੀ ਜਿਡੀਆਂ ਸਨ। ਹੀਰੇ ਦਾ
ਡੇਹਮੂ ਓਥੇਂ ਹੀ ਹਵਾ ਵਿੱਚ ਰੁਕ ਗਿਆ; ਪਰ ਦੂਜੇ ਸਾਰੇ ਡੇਹਮੂ ਛੱਤਾ ਵੱਲ ਉੱਡ ਗਏ।
ਫਿਰ ਹੀਰੇ ਦੇ ਸਾਮ੍ਹਣੇ ਸ਼ਾਹਿਦ ਦੀਆਂ ਮੱਖੀਆਂ ਦੀ ਹੱਤਿਆ ਕੀਤੀ। ਇੱਕ ਡੇਹਮੂ ਨੇ ਵੀਹ
ਵੀਹ ਮਾਰੀਆਂ; ਕਿਸੇ ਨੂੰ ਡੰਕ ਮਾਰਕੇ, ਕਿਸੇ ਦਾ ਸੀਸ ਅਪਣੀ ਚੂੰਝ ਨਾਲ ਕੱਟ ਦਿੱਤਾ।
ਘੰਟੇ ਵਿੱਚ ਸ਼ਾਇਦ ਸਾਰੀਆਂ ਮਾਰਕੇ ਖਾਣ ਲੱਗ ਪਏ। ਹੀਰੇ ਨੂੰ ਉਲਟੀ ਆ ਗਈ। ਕੀ ਪਤਾ
ਅਫੀਮ ਨੇ ਜਾਣ ਨਿਚੋੜ ਦਿੱਤੀ ਸੀ?
* * * * * *
ਹੀਰਾ ਪਲਸੇਟੇ ਮਾਰਦਾ ਅਤੇ ਨੀਂਦ ਵਿੱਚ ਹਾਉਂਕੇ ਪਿਆ ਭਰਦਾ ਸੀ। ਮੱਥੇ ਉੱਤੋਂ ਪਸੀਨਾ
ਚੋਂਦਾ ਸੀ। ਸੁਪਨੇ ਨੇ ਡਰਾ ਦਿੱਤਾ ਸੀ, ਪਰ ਅਫੀਮ ਦੇ ਅਸਰ ਨੇ ਉਸਨੂੰ ਹਾਲੇ ਡੂੰਘੀ
ਨੀਂਦ ਵਿੱਚ ਕੈਦ ਰਖਿਆ ਸੀ। ਫਿਰ ਸਭ ਕੁਝ ਚੇਤਾ ਭੁੱਲਾ ਦਿੱਤਾ। ਡੂੰਘੀ ਨੀਂਦ ਵਿੱਚ
ਡੁੱਬ ਗਿਆ।
ਸ਼ਾਇਦ ਮਿੰਟ ਕੁ ਪਿਛੋਂ, ਸ਼ਾਇਦ ਘੰਟਾ ਕੁ ਪਿਛੋਂ ਚਾਨਣ ਖਾਸਾ ਹੋ ਗਿਆ। ਹੀਰੇ ਕੋਲ ਕੋਈ
ਅੰਦਾਜ਼ਾ ਨਹੀਂ ਸੀ। ਰਾਤ ਦਾ ਭਿਆਨਕ ਸੁਪਨਾ ਧੁੰਦ ਵਿੱਚ ਗੁਮ ਗਿਆ ਸੀ। ਨਸ਼ਾ ਹੁਣ
ਬਿਲਕੁਲ ਲਹਿ ਗਿਆ। ਪਰ ਸਰੀਰ ਦੁੱਖਦਾ ਸੀ। ਕਮਜ਼ੋਰ ਹੋਗਿਆ ਸੀ, ਹੀਰਾ। ਸੂਰਜ ਨੇ ਹੀਰੇ
ਦੀਆਂ ਅੱਖਾਂ ਵਿੱਚ ਤਕਿਆ। ਆਪਣੇ ਆਪ ਨੂੰ ਘਸੀਟਦਾ ਕੁਝ ਖਾਣ ਲਈ ਲੱਭਣ ਗਿਆ। ਅੰਗ੍ਰੇਜ਼ੀ
ਠੇਕੇ ਨਾਲ ਉਸਦੀ ਅੱਖ ਲੜ ਗਈ। ਜਿੰਨੇ ਪੈਸੇ ਜੇਬ ਵਿੱਚ ਸੀ, ਇਥੇ ਖਰਚ ਦਿੱਤੇ। ਐਤਕੀ,
ਜਦ ਗੁਰਦਆਰੇ ਦੇ ਦਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਰਾਖੀ ਨੇ ਉਸਦਾ ਹਾਲ ਦੇਖ ਲਿਆ।
ਨੇਜ਼ਾ ਸਾਮ੍ਹਣਾ ਰੱਖਕੇ ਸਾਫ਼ ਮਨ੍ਹਾ ਕੀਤਾ ਅੰਦਰ ਵੜਣ ਤੋਂ। ਹੀਰੇ ਕੋਲ ਹਿਮਤ ਨਹੀਂ ਸੀ
ਸਾਮ੍ਹਣਾ ਕਰਨ ਦੀ। ਆਵਾਰੇ ਕੁੱਤੇ ਵਾਂਗ ਸਾਰਾ ਦਿਨ ਸੜਕਾਂ ਉੱਤੇ ਘੁੰਮੀ ਗਿਆ, ਕੂੜੇ
ਦੇ ਢੋਲ'ਚੋਂ ਖਾਣ ਲਈ ਟੁਕੜੇ ਕੱਢਦਾ। ਇਹ ਚੱਕਰ ਸੀ ਅਮਲੀ ਦਾ। ਇੱਕ ਢੋਲ ਕੋਲੇ ਕਈ
ਭਰਿੰਡ ਵੀ ਸਨ। ਯਾਦ ਤਾਂ ਆਇਆ ਨਹੀਂ, ਮੈਂ ਕਿਉਂ ਡਰਦਾ, ਪਰ ਡਰਕੇ ਪਰੇ ਹੋਗਿਆ। ਹੌਲੀ
ਹੌਲੀ ਜਿਸਮ ਨੂੰ ਭੁੱਖ ਫਿਰ ਲਗਣ ਲੱਗ ਗਈ। ਇੱਦਾਂ ਹੀ ਦਿਨ ਬੀਤ ਗਿਆ।
ਜਦ ਦਿਨ ਸੌ ਗਿਆ ਅਤੇ ਰਾਤ ਉੱਠ ਗਈ, ਚੰਦ ਦਾ ਚਿਤ ਨਹੀਂ ਸੀ ਕਰਦਾ ਕਿਸੇ ਨੂੰ ਚਾਨਣੀ
ਨਾਲ ਛੋਹਣ। ਹੀਰੇ ਵਰਗੇ ਭੁੱਖੇ ਡੰਗਰ ਇਸਦਾ ਹਮੇਸ਼ਾ ਫਾਇਦਾ ਲੈਂਦੇ ਸੀ। ਕਾਲ ਦੀ ਬੁੱਕਲ
ਹੇਠ, ਕੰਧਾਂ ਨੇੜੇ ਤੁਰਦੇ ਸੀ, ਜਿੱਦਾਂ ਕੋਈ ਭੂੰਡ ਦੀਵਾਰ ਉੱਤੇ ਰੀਂਗਦਾ ਸੀ। ਭੁੱਖ
ਨਾਲ ਹੰਝੂ ਛਲਕ ਪਏ। ਅੱਧੀ ਭੁੱਖ ਰੋਟੀ ਲਈ, ਅੱਧੀ ਡੋਡਿਆਂ ਲਈ। ਨਾੜ ਸੂਈ ਮੰਗਦੀ ਸੀ।
ਪਰ ਹੀਰੇ ਕੋਲ ਕੋਈ ਪੈਸਾ ਨਹੀਂ ਸੀ। ਭਾਨ ਵੀ ਨਹੀਂ ਸੀ। ਹੀਰੇ ਦੀ ਅੱਖਾਂ ਨੂੰ ਇੱਕ
ਸ਼ਿਕਾਰ ਦਿੱਸ ਪਿਆ। ਇੱਕ ਆਦਮੀ ਸੜਕ ਦੇ ਦੂਜੇ ਪਾਸੇ ਇਕੱਲਾ ਤੁਰਦਾ ਸੀ। ਕੱਪੜੇ ਸੋਹਣੇ
ਸੀ। ਪੈਸੇ ਜਰੂਰ ਹੋਣਗੇ।
ਬੰਦੇ ਦਾ ਪਿੱਛਾ ਕੀਤਾ। ਓਹਲੇ ਓਹਲੇ ਤੁਰਦਾ ਰਿਹਾ, ਇਸ ਕਰਕੇ ਭਾਲ ਨੂੰ ਮਹਿਸੂਸ ਨਹੀਂ
ਹੋਇਆ; ਹੋਰ ਪੈਦਲ ਤੁਰਨ ਵਾਲਿਆਂ ਨੂੰ ਵੀ ਨਹੀਂ ਦਿੱਸਿਆ। ਹੀਰਾ ਸਾਇਆ ਵਾਂਗ ਹਿੱਲਦਾ
ਸੀ। ਫਿਰ ਇੱਕ ਪਲ ਲਈ ਆਦਮੀ ਹਨੇਰੇ ਵਿੱਚ ਲੁਪੇਟੀ ਗੱਲੀ ਦੇ ਬਾਹਰ ਠਹਿਰਿਆ। ਵਿਚਾਰੇ
ਨੂੰ ਪਤਾ ਨਹੀਂ ਲੱਗਿਆ ਕਿ ਕੀ ਹੋਇਆ। ਗਿਦੜ ਨੇ ਛਾਲ ਮਾਰਕੇ ਗੱਲੀ ਵਿੱਚ ਧੱਕ ਦਿੱਤਾ।
ਇੱਕ ਦੋਂ ਆਵਾਰੇ ਗੱਲੀ ਦੇ ਮੂੰਹ ਕੋਲ ਬੈਠੇ ਸਨ, ਪਰ ਓਨ੍ਹਾਂ ਨੇ ਕੁਝ ਨਹੀਂ ਕਿਹਾ;
ਕੁਝ ਕੀਤਾ ਨਹੀਂ। ਬਣ ਮਾਣਸ ਵਾਂਗ ਬੰਦੇ ਦੇ ਸਰੀਰ ਉਪਰ ਬਾਹਾਂ ਲੱਤਾਂ ਮਾਰੀਆਂ। ਖੂਨ
ਦਾ ਛੱਪੜ ਆਸ ਪਾਸ ਡੁਲ੍ਹ ਗਿਆ। ਫਿਰ ਜੇਬਾਂ'ਚੋਂ ਜੋ ਲੱਭਦਾ ਸੀ, ਚੋਰੀ ਕਰ ਲਿਆ।
ਬਟੂਆ, ਘੜੀ, ਸੋਨੇ ਦਾ ਕੜਾ। ਆਦਮੀ ਨੂੰ ਨੰਗਾ ਕਰਕੇ ਨਾਗ ਵਾਂਗ ਤਿਲਕ ਕੇ, ਹਨੇਰੇ
ਵਿੱਚ ਅਲੋਪ ਹੋਗਿਆ।
ਹੀਰੇ ਨੇ ਪੈਸੇ ਗਿਣੇ; ਅਫੀਮ ਜੋਗੇ ਸੀ। ਭੋਜਨ ਉੱਤੇ ਇੱਕ ਭਾਨ ਵੀ ਨਹੀਂ ਖਰਚਣਾ
ਚਾਹੁੰਦਾ ਸੀ। ਭੋਜਨਸ਼ਾਲਾ ਵੱਲ ਤੁਰ ਪਿਆ। ਓਥੇ ਹੀਰਾ ਬਾਬਾ ਚਿਕਨ ਦੇ ਬਾਹਰ ਕਾਲੇ
ਖੁੰਜੇ ਖੜ੍ਹਾ ਰਿਹਾ। ਜਦ ਕੋਈ ਕਾਮੇ ਨੇ ਰਸੋਈ ਦਾ ਬੂਹਾ ਖੋਲ੍ਹਿਆ, ਇੱਕ ਚਾਨਣ ਦੀ
ਤਿਕੋਣੀ ਰੌਸ਼ਨੀ ਧਰਤੀ ਉੱਤੇ ਡਿੱਗੀ। ਜੇ ਕਾਮੇ ਨੇ ਅੱਖ ਖੋਲ੍ਹ ਕੇ ਰੱਖੀ ਸੀ, ਉਸਨੂੰ
ਹੀਰੇ ਦਾ ਸਾਇਆ ਤਿਕੋਣ ਉੱਤੇ ਮੈਲੀ ਬੱਜ ਵਿਛਾਉਂਦਾ ਦਿੱਸਣਾ ਸੀ। ਪਰ ਕਾਮੇ ਦਾ ਧਿਆਨ
ਆਪਣੇ ਮੋਬਾਇਲ ਉੱਤੇ ਨੰਬਰ ਘੁੰਮਾਉਣ ਵਿੱਚ ਸੀ। ਉਸਦੇ ਪਿੱਛੇ ਛਾਇਆ ਅੰਦਰ ਵੜ ਗਿਆ।
ਹੀਰੇ ਨੂੰ ਪਤਾ ਸੀ ਕਿ ਰਸੋਈ ਵਿੱਚ ਵੀ ਰਸੋਈਏ ਹੋਣਗੇ। ਲੁਕ ਲੁਕਕੇ ਜੇਬਾਂ ਵਿੱਚ ਜੋ
ਪਾ ਸੱਕਿਆ ਪਾ ਲਿਆ। ਕਿਸੇ ਦੀ ਨਿਗਾਹ ਪੈਣ ਤੋਂ ਪਹਿਲਾਂ ਹੀਂ ਥਾਂ ਨੂੰ ਅਲਵਿਦਾ ਕਹਿ
ਗਿਆ। ਕਾਮੇ ਨੂੰ ਧੌਣ ਉੱਤੇ ਹਵਾ ਮਹਿਸੂਸ ਹੋਈ, ਪਰ ਜਿੰਨ ਤੱਕਿਆ ਨਹੀਂ। ਹੀਰਾ ਗਾਇਬ
ਹੋਗਿਆ। ਹੁਣ ਭਵਨ ਦੀ ਭਾਲ'ਚ ਚੱਲੇ ਗਿਆ।
ਹੀਰੇ ਨੂੰ ਅੰਦਾਜ਼ਾ ਸੀ ਕਿਥੇ ਇਸ ਵੇਲੇ ਭਵਨ ਹੋਵੇਗਾ। ਸ਼ਹਿਰ ਵਿੱਚ ਇੱਕ ਥਾਂ ਸੀ ਜਿਥੇ
ਠੇਕੇ ਨਾਲ ਢਾਬਾ ਸੀ। ਇਸ ਢਾਬੇ ਦੇ ਬਾਹਰ ਕੁਰਸੀਆਂ ਉੱਤੇ ਹਰੇਕ ਰਾਤ ਮੁੰਡਿਆਂ ਦਾ
ਟੋਲਾ ਹੁੰਦਾ ਸੀ। ਕਈ ਵਾਰੀ ਭਵਨ ਦੇ ਗਾਹਕ ਵੀ ਇਥੇ ਹੁੰਦੇ ਸੀ। ਅਫੀਮ ਲਈ ਨਹੀਂ।
ਕੁੜੀਆਂ ਦੇ ਜਿਸਮ ਦਾ ਸੌਦਾ ਇਥੇ ਹੁੰਦਾ ਸੀ। ਢਾਬੇ ਦੇ ਉਲਟੇ ਪਾਸੇ, ਬੇਚਾਨਣ ਕੋਣੇ
ਵਿੱਚ ਬੁੱਕਲ ਮਾਰਕੇ ਹੀਰਾ ਖੜ੍ਹਾ ਰਿਹਾ। ਘੰਟਾ ਬੀਤ ਗਿਆ। ਜਿੱਦਾਂ ਅਪਣੇ ਜਾਲ ਦੇ
ਖੁੰਜੇ ਮੱਕੜੀ ਧੀਰਜ ਨਾਲ ਮੱਖੀ ਲਈ ਠਹਿਰੀ ਹੁੰਦੀ, ਇਸ ਤਰ੍ਹਾਂ ਹੀਰਾ ਹਨੇਰੇ ਵਿੱਚ
ਲੁਕਿਆ ਰਿਹਾ। ਹਾਰਕੇ ਇੱਕ ਸਕੂਟਰੀ ਆ ਗਈ। ਭਵਨ ਦੇ ਪਿੱਛੇ ਲੜਕੀ ਬੈਠੀ ਸੀ। ਉਮਰ ਵਿੱਚ
ਭਵਨ ਦੀ ਧੀ ਜਿੱਡੀ ਹੀ ਸੀ। ਹੀਰੇ ਦੀ ਨਜ਼ਰ ਵਿੱਚ ਤਾਂ ਭਵਨ ਉਸ ਤੋਂ ਵੀ ਨੀਚਾ ਬੰਦਾ
ਸੀ।
ਸਕੂਟਰੀ ਘੁੰਮਕੇ ਢਾਬੇ ਸਾਹਮਣੇ ਖੜ੍ਹ ਗਈ। ਭਵਨ ਪੂਰਾ ਬੇਵਕੂਫ਼ ਨਹੀਂ ਸੀ। ਕੁੜੀ ਓਥੇ
ਛੱਡਕੇ ਇੱਕ ਮੇਜ਼ ਵੱਲ ਤੁਰਪਿਆ। ਢਾਬੇ ਦੇ ਰੇਡੀਓ ਵਿੱਚੋਂ ਮੁਹੰਮਦ ਰਫ਼ੀ ਦਾ ਪਿਆਰਾ ਗੀਤ
ਸੁਣਦਾ ਸੀ। “ਜੀ ਕਰਦਾ ਹੈ, ਇਸ ਦੁਨੀਆ ਨੂੰ ਹੱਸਕੇ ਟੱਕਰ ਮਾਰ ਦਿਆ”। ਹੀਰਾ ਅਪਣੀ
ਮੱਖੀ ਮਗਰ ਬਾਹਰ ਆਗਿਆ। ਢਾਬੇ ਦੇ ਨੇੜੇ ਖੜ੍ਹੋਤਾ, ਓਨ੍ਹਾਂ ਦੀਆਂ ਗੱਲਾਂ ਸੁਣਦਾ ਸੀ।
ਕੋਈ ਮੁੰਡਾ ਜਿਸਦਾ ਨਾਂ ਨੇਕ ਸੀ, ਭਵਨ ਨਾਲ ਕੁੜੀ ਵਾਰੇ ਗੱਲ ਕਰਦਾ ਸੀ। ਲੁਧਿਆਣੇ ਤੋਂ
ਟੋਲਾ ਆਇਆ ਸੀ। ਨੇਕ ਨਾਲ ਬਿੱਟੂ ਸੀ। ਇਹ ਸਾਰੇ ਨਾਂ ਸੁਣੇ। ਹੀਰੇ ਨੂੰ ਇਹ ਵੀ ਪਤਾ
ਲੱਗਾ ਗਿਆ ਕਿਥੇ ਕੁੜੀ ਨੂੰ ਭਵਨ ਨੇ ਛੱਡਣਾ ਸੀ ( ਕਿਉਂਕਿ ਇਥੇ ਤਾਂ ਮੁੰਡਿਆਂ ਦੇ ਹੱਥ
ਨਹੀਂ ਦੇਣੀ ਸੀ। ਸੰਸਾਰ ਜਿਓ ਦੇਖਦਾ ਸੀ)। ਸਿਰਨਾਵਾਂ ਦਾ ਜਦ ਹੀਰੇ ਨੂੰ ਪਤਾ ਲੱਗ
ਗਿਆ, ਫੱਟਾ ਫੱਟ ਓਥੇ ਨੱਸ ਗਿਆ।
ਹੀਰਾ ਇਸ ਥਾਂ ਪੌਣੇ ਘੰਟੇ ਵਿੱਚ ਪਹੁੰਚ ਗਿਆ। ਇੱਕ ਝਾੜੀ ਓਹਲੇ ਖੜ੍ਹ ਗਿਆ। ਦਸ ਮਿੰਟਾ
ਬਾਅਦ ਕੁੜੀ ਨਾਲ ਭਵਨ ਪਹੁੰਚ ਗਿਆ। ਇੱਕ ਦਮ ਝਾੜੀਆਂ'ਚੋਂ ਬਾਹਰ ਨਿਕਲ ਕੇ ਉਸਨੂੰ ਹੀਰੇ
ਨੇ ਘੇਰ ਲਿਆ।
“ ਓਏ, ਤੂੰ ਏਥੇ ਕੀ ਕਰਦਾ ਸਾਲਿਆ!”, ਭਵਨ ਨੇ ਸ਼ੁਰੂ ਕੀਤਾ। ਹੀਰਾ ਪੰਡ ਕੱਢਕੇ ਅਫੀਮ
ਮੰਗੀ ਗਿਆ। ਗੁਸਾ ਤਾਂ ਸੀ, ਪਰ ਭਵਨ ਨੇ ਫਿਰ ਵੀ ਪੈਸੇ ਫੜ ਲਏ। ਫਿਰ ਕੁੜੀ ਨੂੰ ਅੰਦਰ
ਲੈ ਕੇ ਚੱਲਾ ਸੀ ਜਦ ਹੀਰੇ ਨੇ ਫੜ ਲਿਆ, “ ਦੇਖ, ਮੈਨੂੰ ਹੁਣੇ ਦੇ!”। ਭਵਨ ਘੁੰਮਕੇ
ਜਵਾਬ ਦੇਣ ਲੱਗ ਪਿਆ। ਕਦੀ ਕੁੜੀ ਵੱਲ ਇਸ਼ਾਰੇ ਕੀਤੇ ਕਦੀ ਸੜਕ ਵੱਲ। ਹੀਰਾ ਤਾਂ ਡਰ
ਗਿਆ। ਭਵਨ ਦੀ ਆਵਾਜ਼ ਦੇ ਥਾਂ ਉਸਦੇ ਹੋਠ ਤੋਂ ਹੀਰੇ ਨੂੰ ਸਿਰਫ਼ ਭੀਂ ਭੀਂ ਹੀ ਸੁਣਦੀ
ਸੀ। ਜਿੰਨਾ ਭਵਨ ਬੋਲੇ, ਓਨੀ ਹੀ ਭੀਂ ਭੀਂ ਕਰੇ। ਹਾਰਕੇ ਭਿਣਕਾਰ ਦੇ ਵਿਚਾਲੇ ਕੋਈ
ਲਫਜ਼ਾਂ ਦੀ ਸਮਝ ਲੱਗੀ। “ ਕਾਲੂ ਛਤਰੀ ਕੋਲ ਜਾਈ”, ਭਵਨ ਨੇ ਝਾੜੀਆਂ ਵੱਲ ਹੀਰੇ ਨੂੰ
ਧੱਕ ਕੇ ਅੰਦਰ ਕੁੜੀ ਨਾਲ ਵੜ ਗਿਆ।
* * * * *
ਅਗਲੇ ਦਿਨ ਹੀਰਾ ਸੜਕ ਉੱਤੇ ਅਪਣੀਆਂ ਸੋਚਾਂ ਵਿੱਚ ਗਵਾਚਾ ਸੀ। ਉਸਨੂੰ ਇੱਕ ਮੋੜ'ਤੇ
ਆਉਂਦੀ ਗੱਡੀ ਨਹੀਂ ਦਿਸੀ, ਕਿਉਂਕਿ ਪਥ ਵੱਲ ਤੱਕਦਾ ਤੁਰਦਾ ਸੀ। ਹੀਰਾ ਭਵਨ ਦੀ ਛਤਰੀ
ਵੱਲ ਤੁਰਦਾ ਸੀ। ਇਸ ਲਈ ਗੱਡੀ ਦਾ ਪਤਾ ਨਹੀਂ ਲੱਗਿਆ ਜਦ ਤਕ ਡਰਾਈਵਰ ਨੇ ਹਾਰਨ ਤਿੰਨ
ਚਾਰ ਵਾਰੀ ਮਾਰਿਆ। ਜਦ ਗੱਡੀ ਵੱਲ ਝਾਤੀ ਮਾਰੀ ਤਾਂ ਉਸਨੂੰ ਮਹਿਸੂਸ ਹੋਇਆ ਕਿ ਉਸਦਾ
ਟੱਬਰ ਕਾਰ ਵਿੱਚ ਸੀ। ਜਦੋਂ ਗੱਡੀ ਨੇ ਮੋੜ ਟੱਪਿਆ, ਹੀਰੇ ਦੀ ਮਾਂ, ਤਾਰੋ ਨੇ ਅਪਣੇ
ਹੀਰੇ ਨੂੰ ਪਛਾਣ ਲਿਆ; ਉਸਨੇ ਅਪਣੇ ਜਵਾਈ, ਬਿੱਲਾ ( ਓਹ ਕਾਰ ਚਲਾਉਂਦਾ ਸੀ) ਨੂੰ ਗੱਡੀ
ਰੋਕਣ ਲਈ ਕਿਹਾ। ਤਾਰੋ ਦੇ ਨਾਲ ਉਸਦੀ ਧੀ, ਗੁੱਡੀ ਵੀ ਕਾਰ ਵਿੱਚ ਬੈਠੀ ਸੀ। ਗੁੱਡੀ
ਅਤੇ ਬਿੱਲੇ ਆਪਸ ਵਿੱਚ ਬਹਿਸ ਕਰਨ ਲੱਗ ਗਏ, ਪਰ ਮਾਂ ਨੇ ਜਿੱਦ ਕੀਤੀ, ਇਸ ਕਰਕੇ ਮੋਟਰ
ਗੱਡੀ ਰੋਕ ਦਿੱਤੀ।
ਹੀਰੇ ਨੂੰ ਤਾਰੋ ਨੇ ਹਾਕ ਮਾਰੀ। ਪਹਿਲਾਂ ਹੀਰੇ ਨੇ ਜਾਨ ਬੁਝ ਕੇ ਨਾਟਕ ਕੀਤਾ ਕਿ
ਸੁਣਦਾ ਨਹੀਂ ਸੀ। ਪਰ ਜਦ ਮਾਂ ਨੇ ਫਿਰ ਬੁਲਾਇਆ, ਅਪਣਾ ਦੁੱਖ, ਅਪਣੇ ਮਨ ਦੀਆਂ ਗੱਲਾਂ,
ਮਾਂ ਨਾਲ ਸਾਂਝੀ ਕਰਨੀਆਂ ਚਾਹੀਆ ਸੀ।
“ ਹੀਰਾ! ਇਥੇ ਆ ਪੁੱਤਰ”, ਮਾਂ ਨੇ ਗੱਡੀ ਦੀ ਡੋਰ ਖੋਲ੍ਹ ਦਿੱਤੀ। ਹੀਰਾ
ਹਿਚਕਚਾਉਂਦਿਆਂ ਕਾਰ ਵੱਲ ਗਿਆ। ਓਨੂੰ ਪਤਾ ਸੀ ਕਿ ਭੈਣ ਨੇ ਖਿੱਝਕੇ ਕੁਝ ਕਹਿ ਦੇਣਾ
ਸੀ, ਜਾਂ ਬਿੱਲੇ ਨੇ ਵਿਅੰਗ ਨਾਲ ਕੁਝ ਆਖ ਦੇਣਾ ਸੀ। ਪਰ ਮਾਂ ਦੀ ਖਿੱਚ ਨੇ ਗੱਡੀ ਵੱਲ
ਉਸਨੂੰ ਲਿਆਂਦਾ। “ਕਿੱਦਾਂ ਪੁੱਤਰ, ਤੂੰ ਠੀਕ ਏ?”, ਤਾਰੋ ਨੇ ਬੇਟੇ ਨੂੰ ਪੁਛਿਆ। ਹੀਰੇ
ਨੇ ਉੱਤਰ ਨਹੀਂ ਦਿੱਤਾ।
“ ਚੱਲੋ ਮਾਂ”, ਬਿੱਲੇ ਨੇ ਹੀਰੇ ਵੱਲ ਅੱਖਾਂ ਗੱਡਕੇ ਕਿਹਾ।
“ ਪੁੱਤਰ…”, ਤਾਰੋ ਨੇ ਜੱਫੀ ਪਾਈ। ਹੀਰੇ ਦਾ ਸਰੀਰ ਮੁਸ਼ਕ ਮਾਰਦਾ ਸੀ, ਪਰ ਮਾਂ ਨੇ ਇਸ
ਦੀ ਪਰਵਾਹ ਨਹੀਂ ਕੀਤੀ। ਦੋਨਾਂ ਦੇ ਗੱਲ੍ਹਾਂ ਉੱਤੇ ਹੰਝੂ ਗਿਰ ਗਏ। ਹੁਣ ਹੀਰੇ ਨੇ ਵੀ
ਮਾਂ ਨੂੰ ਜੋਰ ਦੇਣੀ ਜੱਫੀ ਪਾਈ। ਗੁੱਡੀ ਵੀ ਗੱਡੀ ਵਿੱਚੋਂ ਨਿਕਲ ਆਈ, “ ਤੂੰ ਕੀ ਕਰਦੀ
ਏ!”, ਬਿੱਲੇ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਗੁੱਡੀ ਨੇ ਅਪਣੇ ਆਵਾਰੇ ਭਰਾ ਵੱਲ ਤਰਸ ਨਾਲ ਦੇਖਿਆ। ਉਸ ਦਿਨ, ਜਦ ਘਰੋ ਕੱਢਿਆ ਸੀ,
ਰਹਿਮ ਦੀ ਸ਼ੀਸ਼ੀ ਖਾਲੀ ਹੋ ਗਈ। ਕਹਿਣ ਦਾ ਮਤਲਬ ਦਿਲ ਵਿੱਚ ਥਾਂ ਨਹੀਂ ਸੀ ਰਹੀ। ਮਨ
ਪੱਕਾ ਸੀ ਕਿ ਹੀਰਾ ਬੁਰਾ ਸੀ। ਪਰ ਹੁਣ ਉਸਦਾ ਹਾਲ ਵੇਖਕੇ ਗੁੱਡੀ ਦੇ ਅਥਰੂ ਵੀ ਛਿੜਕੇ।
“ ਵੀਰ ਜੀ”, ਗੁੱਡੀ ਨੇ ਮਲਕ ਦੇਣੀ ਕਿਹਾ। ਹੀਰਾ ਮਾਂ ਛੱਡਕੇ ਨਿੱਕੀ ਭੈਣ ਵੱਲ ਦੇਖਣ
ਲੱਗ ਗਿਆ। ਸਾਰਿਆਂ ਨੂੰ ਰੋਣ ਆ ਗਿਆ।
“ ਪੁੱਤ ਮਾਫ਼ ਕਰਦੇ। ਹੁਣ ਘਰ ਆਜਾ। ਏਥੇ ਤਾਂ ਤੇਰਾ ਕੀ ਹਾਲ ਹੋਗਿਆ! ਦੁਨੀਆ ਬਹੁਤ
ਖਰਾਬ ਹੈ!”, ਮਾਂ ਡਿੱਗਣ ਹੀ ਲੱਗੀ ਸੀ, ਪਰ ਹੀਰੇ ਨੇ ਫੜਕੇ ਗੱਡੀ ਵਿੱਚ ਬੈਠਾ ਦਿੱਤੀ।
ਅਪਣੀ ਭੈਣ ਵੱਲ ਦੇਖੇ, “ ਗੁੱਡੀ ਤੂੰ ਨਹੀਂ ਬੋਲਣਾਂ ਤਾਂ ਤੇਰੀ ਮਰਜ਼ੀ ਹੈ”। ਬਿੱਲਾ ਵੀ
ਹੁਣ ਬਾਹਰ ਆਗਿਆ। ਹਾਲੇ ਗੁੱਡੀ ਨੇ ਉੱਤਰ ਭਰਾ ਨੂੰ ਫੜਾਇਆ ਨਹੀਂ ਸੀ, ਜਦ ਹੀਰੇ ਦੇ
ਅੱਖਾਂ ਵਿੱਚ ਅੱਖਾਂ ਗੱਡਕੇ ਬਿੱਲਾ ਬੋਲਿਆ, “ਤੂੰ ਕਿਥੇ ਚੱਲਾ ਸੀ, ਇਸ ਹਾਲ'ਚ?”।
ਹੀਰੇ ਨੇ ਜੁਆਬ ਨਹੀਂ ਦਿੱਤਾ। ਬਿੱਲਾ ਉਸਦਾ ਸਾਮ੍ਹਣਾ ਕਰਨ ਲੱਗਾ ਸੀ, ਜਦ ਗੁੱਡੀ ਨੇ
ਕਿਹਾ, “ ਤੁਸੀਂ ਮਾਂ ਦੇ ਸਾਹਮਣੇ ਕੀ ਕਰਦੇ ਹੋ? ਉਸਨੂੰ ਹੋਰ ਨਾ ਸਤਾਓ”। ਬਿੱਲਾ
ਗੁੱਡੀ ਨੂੰ ਪਾਸੇ ਕਰਕੇ ਬਹਿਸ ਕਰਨ ਲੱਗ ਪਿਆ। ਹੀਰੇ ਨੂੰ ਘੁਸਰ ਮੁਸਰ ਸੁਣਦਾ ਸੀ, ਪਰ
ਅੱਖਾਂ ਮਾਂ ਦੇ ਹਾਲ ਉੱਤੇ ਠਹਿਰੀਆਂ। ਅੱਧਾ ਮਨ ਕਹਿੰਦਾ ਸੀ ਕਿ “ ਭਵਨ ਕੋਲ ਜਾਂ,
ਅਪਣੀ ਮਿੱਠੀ ਚੀਜ਼ ਲੈਣ!”, ਅੱਧਾ ਮਨ ਬੋਲਦਾ ਸੀ, “ ਦੇਖ ਮਾਂ ਦਾ ਹਾਲ। ਅਵਦਾ ਹਾਲ।
ਲੈਹ, ਲੱਗਦਾ ਗੁੱਡੀ ਵੀ ਹੁਣ ਤੈਨੂੰ ਵਾਪਸ ਝਲ ਲਵੇਗੀ!”। ਮਨ ਆਪਸ ਵਿੱਚ ਘੁਲਦਾ ਸੀ।
ਫਿਰ ਜਿੰਨ ਦੇ ਥਾਂ, ਫਰਿਸ਼ਤਾ ਜਿੱਤ ਗਿਆ। ਗੱਡੀ ਵਿੱਚ ਵੜ ਗਿਆ। ਜਦ ਬਿੱਲਾ ਘੁੰਮਿਆ,
ਉਸਦਾ ਸਾਲਾ ਕਾਰ ਵਿੱਚ ਮਾਂ ਦੀ ਗੋਦ ਵਿੱਚ ਸਿਰ ਰੱਖਕੇ ਬੈਠਾ ਸੀ।
“ ਆਪਾਂ ਇੱਕ ਹੋਰ ਮੌਕਾ ਦੇ ਦੇਈਏ। ਜਦ ਘਰੋ ਕੱਢਿਆ, ਇਹ ਹਾਲਤ ਨਹੀਂ…”, ਗੁੱਡੀ ਆਪਣੇ
ਆਦਮੀ ਨੂੰ ਕਹਿੰਦੀ ਸੀ।
“…ਤੇਰੀ ਮਰਜ਼ੀ ਏ। ਦੇਖੀਏ ਜੇ ਪੱਥਰ ਚੱਟਕੇ ਇਸ ਮੱਛੀ ਨੇ ਕੁਝ ਸਿੱਖਿਆ। ਮੈਂ ਖ਼ੁਸ਼ ਨਹੀਂ
ਹਾਂ। ਮੁਸ਼ਕ ਮਾਰਦਾ ਏ”। ਮੀਆ ਬੀਬੀ ਦੋਨੋਂ ਕਾਰ ਵਿੱਚ ਵਾਪਸ ਬਹਿ ਗਏ। ਹੀਰੇ ਨੂੰ ਘਰ
ਲੈ ਗਏ। ਗੱਡੀ ਦੇ ਪਿੱਛੇ ਹੀਰੇ ਦਾ ਸਾਇਆ ਅਫੀਮ ਲਈ ਤਰਸਦਾ ਰਹਿ ਗਿਆ।
* * * * *
ਜਦ ਘਰ ਪਹੁੰਚੇ, ਸੀਤਾ ਰਾਮ ( ਘਰ ਦਾ ਬਿਹਾਰੀ ਨੌਕਰ) ਦਰਾਂ'ਚੋਂ ਬਾਹਰ ਆਇਆ, ਉਨ੍ਹਾਂ
ਨੂੰ ਜੀ ਆਇਆਂ ਕਰਨ। ਜਦੋਂ ਗੱਡੀ ਵਿੱਚੋਂ ਹੀਰੇ ਨੂੰ ਨਿਕਲਦਾ ਦੇਖਿਆ, ਬੜਾ ਹੈਰਾਨ
ਹੋਗਿਆ।
“ ਮਾਲਿਕ! ਤੁਮ ਵਾਪਸ ਲੋਟ ਪੇ! ਤੁਮ ਕੋ ਦੇਖਕੇ ਹੱਮ ਬਹੁਤ ਖ਼ੁਸ਼ ਹੋ”। ਬਿੱਲੇ ਨੇ ਸੀਤਾ
ਰਾਮ ਵੱਲ ਘੂਰਕੇ ਝਾਕਿਆ, “ ਸਾਰੇ ਬੈਗ ਅੰਦਰ ਲੈ ਕੇ ਜਾ! ਇਸ ਲਈ ਤਾਜੇ ਕੱਪੜੇ ਤਿਆਰ
ਕਰ। ਜਲਦੀ ਜਲਦੀ। ਜਮ੍ਹਾਂ ਕਮਲਾ ਹੈ”। ਬਿੱਲੇ ਨੂੰ ਹੀਰੇ ਦੇ ਮੁਸ਼ਕ ਉੱਤੇ ਗੁਸਾ ਸੀ,
ਘਰ ਵਾਪਸ ਲਿਆਣ ਉੱਤੇ; ਤਾਂ ਸ਼ੱਕ ਸੀ ਕਿ ਇਸ ਹਾਲਤ ਵਿੱਚ ਹਾਲੇ ਵੀ ਪੂਰਾ ਅਮਲੀ ਸੀ।
ਗੁੱਡੀ ਬਹੁਤ ਨਰੋਈ ਜਨਾਨੀ ਸੀ। ਚੰਗੇ ਕੰਮ ਹੀ ਕਰਦੀ ਸੀ। ਬਿੱਲੇ ਦੀ ਮਦਦ ਨਾਲ ਘਰ
ਚਲਾਉਂਦੀ ਸੀ। ਇਸ ਲਈ ਉਸਦੀ ਗੱਲ ਮਨ ਲਈ। ਬਿੱਲੇ ਨੂੰ ਪਤਾ ਸੀ ਕਿ ਇੱਕ ਗੁੱਡੀ ਵਰਗੀ
ਸੌ ਮੁੰਡਿਆਂ ਤੋਂ ਚੰਗੀ ਸੀ।
ਬਿੱਲਾ ਭਾਰਾ ਜਿਹਾ ਆਦਮੀ ਸੀ, ਦਾੜ੍ਹੀ ਰੱਖੀ ਸੀ, ਪਰ ਕੇਸ ਨਹੀਂ। ਹੁਣ ਸੋਫੇ ਉੱਤੇ
ਬੈਠਕੇ ਤਾਰੋ ਅਤੇ ਗੁੱਡੀ ਵੱਲ ਝਾਕਦਾ ਸੀ। ਮਾਂ ਧੀ ਪਾਸੇ ਖੜ੍ਹਕੇ ਹੀਰੇ ਵਾਰੇ ਘੁਸਰ
ਮੁਸਰ ਕਰ ਰਹੇ ਸਨ। ਹੀਰਾ ਲੋਥ ਵਾਂਗ ਚੁੱਪ ਚਾਪ ਜਿਥੇ ਛੱਡ ਦਿੱਤਾ ਖਲੋਇਆ ਰਿਹਾ।
ਬਿੱਲਾ ਗੁੱਡੀ ਨੂੰ ਖ਼ੁਸ਼ ਰੱਖਣਾ ਚਾਹੁੰਦਾ ਸੀ। ਇਸ ਲਈ ਖਮੋਸ਼ ਹੋ ਕੇ ਬੈਠਾ ਰਿਹਾ।
ਗੁੱਡੀ ਸੱਸ ਵਰਗੀ ਨਹੀਂ ਸੀ। ਆਦਮੀ ਦਾ ਰੋਹਬ ਉਸ ਉੱਤੇ ਕੰਮ ਨਹੀਂ ਕਰਦਾ ਸੀ। ਗਲਤ
ਰਿਵਾਜ ਰੀਤ ਦੇ ਖਿਲਾਫ਼ ਸੀ। ਤਾਂ ਹੀ ਤਾ ਜਦ ਭਰਾ ਬੇਘਰ ਕੀਤਾ, ਡਰੀ ਨਹੀਂ। ਅਪਣੀ
ਮਾਲਕਣ ਸੀ। ਨੌਕਰੀ ਚੰਗੀ ਸੀ, ਕਮਾਉਂਦੀ ਸੀ। ਅਪਣੇ ਫਰਜ ਵੀ ਪੂਰੇ ਕਰਦੀ ਸੀ। ਪੜ੍ਹੀ
ਲਿੱਖੀ ਸੀ। ਬਿੱਲਾ ਵੀ ਸੋਚ ਸਮਝਕੇ ਚੁਣਿਆ। ਦੋਨਾਂ ਦੇ ਖਿਆਲ ਮਿਲਦੇ ਸੀ।
ਗੁੱਡੀ ਲੰਬੀ ਪਤਲੀ ਸੀ। ਅੱਖਾਂ ਉਕਾਬੀ ਸਨ, ਬੁੱਲ੍ਹਾਂ ਮੋਟੀਆਂ। ਨੱਕ ਤਿੱਖਾ ਸੀ,
ਗੱਲ੍ਹਾਂ ਪਤਲੀਆਂ। ਰੰਗ ਸਾਫ਼ ਸੀ, ਮਨ ਵੀ ਚਿੱਟੀ ਚਾਦਰ ਤੋਂ ਸਾਫ਼। ਸੁੱਚਾ ਦਿਲ,
ਇਖਲਾਕੀ ਜਿਗਰ, ਹੀਰੇ ਤੋਂ ਉਲਟ। ਬਿੱਲੇ ਨੂੰ ਪਰੀ ਮਿਲ ਗਈ ਸੀ। ਹੁਣ ਇਹ ਹੂਰ ਵੀਰ ਦਾ
ਹਾਲ ਵੇਖਕੇ ਮਾਂ ਦੀ ਗੱਲ ਮਨ ਗਈ। ਜਦ ਮਾਂ ਧੀ ਦੀ ਗੱਲ ਹੋ ਗਈ, ਗੁੱਡੀ ਨੇ ਬਿੱਲੇ ਵੱਲ
ਨੈਣਾਂ ਨਾਲ ਸੰਕੇਤ ਕੀਤਾ।
“ ਓਏ ਸੀਤਾ ਰਾਮ! ਹੀਰੇ ਲਈ ਕੱਪੜੇ ਤਿਆਰ ਕਰ ਲੈ!” ਬਿੱਲੇ ਨੇ ਉੱਚੀ ਦੇਣੀ ਆਖਿਆ।
“ ਜੀ ਹਾਂ ਸਰ ਜੀ”, ਉੱਤਰ ਉਪਰੋ ਆਇਆ।
“ ਆਕੇ ਹੀਰੇ ਨੂੰ ਲੈ ਜਾ!”, ਬਿੱਲੇ ਦਾ ਚਿਤ ਨਹੀਂ ਕਰਦਾ ਸੀ ਹੀਰੇ ਦੇ ਨੇੜੇ ਜਾਣ
ਨੂੰ।
ਸੀਤਾ ਰਾਮ ਹੀਰੇ ਨੂੰ ਉਪਰ ਜਾਣ ਲਈ ਸੇਧ ਦੇਣ ਲੱਗ ਪਿਆ, “ ਆਓ ਸਰ ਜੀ। ਤੁਮਾਰਾ ਕਮਰਾ
ਤਿਆਰ ਹੋ”। ਹੀਰਾ ਮਗਰ ਤੁਰ ਪਿਆ, ਉਂਝ ਮਨ ਭਵਨ ਦੀ ਛਤਰੀ ਕੋਲ ਚੱਲਣਾ ਚਾਹੁੰਦਾ ਸੀ।
ਜਦ ਸੀਤਾ ਰਾਮ ਨੇ ਕਮਰੇ ਵਿੱਚ ਲਿਆਂਦਾ, ਪਹਿਲੀ ਵਾਰੀ ਹੀਰੇ ਨੂੰ ਮਹਿਸੂਸ ਹੋਇਆ ਕਿਥੇ
ਸੀ। ਪਹਿਲੀ ਵਾਰੀ ਸੀਤਾ ਵੱਲ ਝਾਕਿਆ। ਸੇਵਕ ਪਤਲਾ ਜਾ ਬੰਦਾ ਸੀ। ਸਿਰ ਉੱਤੇ ਲਾਲ ਟੋਪੀ
ਪਾਈ ਸੀ। ਕੱਪੜੇ ਨਹੀਂ ਪਾਏ ਸੀ, ਪਰ ਲੀੜੇ ਪਾਏ ਸੀ।
“ ਸੀਤਾ ਰਾਮ?”, ਕਿਹਾ ਜਿੱਦਾਂ ਹੁਣੀ ਸੂਝਿਆ।
“ ਹਾਂਜੀ। ਹੁਮ ਕੋ ਪਛਾਣ ਲੀਆ”, ਖ਼ੁਸ਼ ਹੋਕੇ ਬੋਲਾ, “ ਤੁਮਾਰੇ ਕੱਪੜੇ ਪਲੰਘ ਉੱਤੇ
ਰੱਖੇ। ਜੇ ਕੁਛ ਚੀਜ਼ ਚਾਹਤੀ ਹੋ, ਮੁਜ ਕੋ ਬੁਲਾਣਾ”, ਕਹਿਕੇ ਤੁਰ ਪਿਆ।
ਹੀਰਾ ਆਲੇ ਦੁਆਲੇ ਦੇਖਣ ਲੱਗ ਪਿਆ। ਉਸਦਾ ਪੁਰਾਣਾ ਕਮਰਾ ਸੀ। ਵੱਡਾ ਪਲੰਘ ਸਾਮ੍ਹਣੇ
ਝੁਕਦਾ ਸੀ, ਜਿਵੇਂ ਪੁਰਾਣੇ ਮਾਲਿਕ ਨੂੰ ਜੀ ਆਇਆ ਨੂੰ ਕਰ ਰਿਹਾ ਸੀ। ਇੱਕ ਪਾਸੇ ਚਿੱਟੀ
ਅਲਮਾਰੀ ਖੜ੍ਹੀ ਸੀ, ਜਿੱਦਾਂ ਹੀਰੇ ਦੀ ਮਦਦ ਕਰਨ ਲਈ ਤਿਆਰ ਸੀ। ਪੈਰਾਂ ਹੇਠ ਮੋਟਾ
ਭਾਰਾ ਕਲੀਨ ਪੱਬਾਂ ਨੂੰ ਨਿੱਘਾ ਕਰ ਰਿਹਾ ਸੀ। ਦੂਜੇ ਪਾਸੇ ਲੰਬਾ ਸ਼ੀਸ਼ਾ ਖੜ੍ਹੋਤਾ ਸੀ।
ਉਸਦੇ ਪਿੱਛੇ, ਬਾਰੀ ਥੱਲੇ ਗਿੱਟੀ ਉੱਤੇ ਕਈ ਤਸਵੀਰਾਂ ਸਨ। ਇੱਕ ਵਿੱਚ ਹੀਰੇ ਦਾ ਚਿਹਰਾ
ਸੀ। ਟੋਹਰ ਨਾਲ ਪੱਗ ਬੰਨ੍ਹੀ ਸੀ। ਦਾੜ੍ਹੀ ਕਾਲੀ ਸੀ, ਮੁਖ ਉੱਤੇ ਹਾਸੇ। ਵਾਹ! ਛਬੀਲਾ
ਲੱਗਦਾ ਸੀ, ਹੀਰਾ! ਫਰ ਇਹ ਤਾਂ ਕੱਲ੍ਹ ਦਾ ਹੀਰਾ ਸੀ। ਤਸਵੀਰ ਦੇ ਅੱਗੇ ਸ਼ੀਸ਼ਾ ਸੀ। ਦਰੀ
ਅਲਮਾਰੀ ਅਤੇ ਪਲੰਘ ਵਾਂਗ ਬਾਹਾਂ ਖੋਲ੍ਹਕੇ ਪੁਰਾਣੇ ਮਾਲਿਕ ਨੂੰ ਨਹੀਂ ਮਿਲਿਆ। ਸ਼ੀਸ਼ੇ
ਨੇ ਕੌੜੀ ਸੱਚਾਈ ਸਾਫ਼ ਸਾਮ੍ਹਣੇ ਪੇਸ਼ ਕਰ ਦਿੱਤੀ। ਤਸਵੀਰਾਂ ਦੀ ਭਿੰਨਤਾ ਸੀ।
ਜਿਥੇ ਫੋਟੋ ਵਿੱਚ ਫੌਜੀ ਵਾਂਗ ਪੱਗ ਬੰਨ੍ਹੀ ਸੀ, ਸ਼ੀਸ਼ੇ ਨੇ ਲਿਬੜੀ ਲੀਰ ਦੇਖਾਈ। ਜਿਥੇ
ਤਸਵੀਰ ਵਿੱਚ ਅੱਖਾਂ ਖ਼ੁਸ਼ੀ ਅਤੇ ਆਖਰ ਨਾਲ ਚਮਕ ਦੀਆਂ ਸਨ, ਸ਼ੀਸ਼ੇ ਨੇ ਮੱਛੀ ਵਰਗੀਆਂ
ਕਾਲੀਆਂ ਮਰੀਆਂ ਅੱਖਾਂ ਪੇਸ਼ ਕੀਤੀਆਂ। ਜਿਥੇ ਫੋਟੋ ਵਿੱਚ ਸੁੰਦਰ ਤਿੱਖਾ ਨੱਕ ਸੀ, ਸ਼ੀਸ਼ੇ
ਤੋਂ ਪਰਛਾਵੇ ਨੇ ਛਾਲਿਆਂ ਨਾਲ, ਮੱਸਿਆਂ ਨਾਲ ਭਰਿਆ ਨੱਕ ਦਿਖਾਇਆ। ਲਿਸਾ ਆਦਮੀ ਵਾਪਸ
ਝਾਕਦਾ ਸੀ। ਉਸਨੂੰ ਦੇਖਕੇ ਹੀਰਾ ਡਰ ਗਿਆ। ਹੀਰੇ ਨੂੰ ਇੱਦਾਂ ਲੱਗੇ ਜਿਵੇਂ ਉਸਦਾ ਹਰੇਕ
ਪਾਪ ਵਾਪਸ ਜੀਉਂਦਾ-ਜਾਗਦਾ ਤਾੜਦਾ ਸੀ। ਮਾਸ ਵਿੱਚੋਂ ਪੀਕ ਪੈਂਦੀ ਸੀ; ਹੋਠ ਹਸਦੇ ਨਹੀਂ
ਸੀ, ਕੇਵਲ ਪੀਲੇ ਪੀਲੇ ਦੰਦ ਦਿੱਸਦੇ ਸੀ। ਹੀਰੇ ਨੂੰ ਇੱਦਾਂ ਲੱਗੇ ਜਿਵੇਂ ਬੇਮਾਸ ਖੋਪਰ
ਪਾਟੀ ਪੱਗੜੀ ਵਿੱਚ ਬੰਨ੍ਹਕੇ ਬਦਨ ਉੱਪਰ ਰਖਿਆ ਸੀ। ਰਿਸਿਆ ਮਾਦਾ ਮਾਸ ਵਿੱਚੋਂ ਚੋਂਦਾ
ਸੀ। ਪਤਾ ਨਹੀਂ ਰਾਤ ਦੀ ਖਾਧੀ ਫੀਮ ਦਾ ਅਸਰ ਸੀ; ਪਰ ਹੀਰੇ ਨੂੰ ਲੱਗੇ ਕਿ ਸ਼ੀਸ਼ੇ ਵਿੱਚ,
ਉਸਦੇ ਬਦਨ ਉੱਤੇ, ਮੁਖ ਉੱਤੇ, ਅੰਗਾਂ ਉੱਤੇ, ਕੀੜੇ, ਮੱਕੜੇ, ਅਤੇ ਸੁੰਡ ਸਰਕਦੇ ਦੀਂਦੇ
ਸਨ। ਇੱਦਾਂ ਲੱਗੇ, ਜਿੱਦਾਂ ਜੋ ਅਫੀਮ ਖਾਕੇ ਹੀਰਾ ਅੰਦਰ ਸੀ, ਸ਼ੀਸ਼ੇ ਨੇ ਉਸ ਦੀ ਨਜ਼ਰ
ਸਾਮ੍ਹਣੇ ਰੱਖ ਦਿੱਤੀ। ਹੀਰੇ ਤੋਂ ਸ਼ੀਸ਼ੇ ਦਾ ਸਾਮ੍ਹਣਾ ਨਹੀਂ ਹੋਇਆ। ਘੁੰਮਕੇ ਬੂਹੇ ਵੱਲ
ਤੁਰ ਪਿਆ। ਹੇਠੋ ਆਵਾਜ਼ਾਂ ਆਈਆਂ, ਇੱਕ ਹੀਰੇ ਨੂੰ ਟੋਕਦੀ, ਇੱਕ ਹੀਰੇ ਲਈ ਮਿੰਨਤਾਂ
ਕਰਦੀ, ਇੱਕ ਦੂਜੀਆਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀਆਂ।-ਮੈਂ ਇਥੇ ਕੀ ਕਰਦਾ ਹਾਂ? ਹੀਰੇ
ਨੇ ਸੋਚਿਆ। ਬਾਥਰੂਮ ਵਿੱਚ ਵੜ ਗਿਆ। ਭੁੰਜੇ ਡਿੱਗਕੇ ਰੱਜ ਰੱਜਕੇ ਰੋਣ ਲੱਗ ਪਿਆ।
* * * * *
ਹੀਰਾ ਮੇਜ਼ ਦੇ ਉੱਤੇ ਖਾਣ-ਪੀਣ ਦੀ ਰੱਖੀ ਦਾਤ ਵੱਲ ਝਾਕਦਾ ਸੀ। ਘਰ ਦੀ ਰੋਟੀ ਸਾਮ੍ਹਣੇ
ਪਈ ਸੀ। ਉਸਦੇ ਇੱਕ ਪਾਸੇ ਮਾਂ ਬੈਠੀ ਸੀ, ਦੂਜੇ ਪਾਸੇ ਭੈਣ ਬੈਠੀ ਸੀ। ਸਾਮ੍ਹਣੇ ਜਵਾਈ
ਖਾਂਦਾ ਸੀ। ਹੁਣ ਹੀਰੇ ਦੇ ਸਾਫ਼ ਸੁਥਰੇ ਕੱਪੜੇ ਪਾਏ ਸੀ। ।ਪੱਗ ਵੀ ਸੋਹਣੀ ਸੀ। ਫਿਰ ਵੀ
ਉਸਨੂੰ ਪੂਰਾ ਪਤਾ ਸੀ ਕਿ ਸਾਰਿਆਂ ਨੂੰ ਲਿੱਸਾ ਲੱਗਦਾ ਸੀ। ਖਮੋਸ਼ੀ ਵਿੱਚ ਡੁੱਬਕੇ ਸਾਰੇ
ਖਾਂਦੇ ਸੀ। ਕੋਈ ਨਹੀਂ ਬੋਲਿਆ। ਖਾਣ ਤੋਂ ਬਾਅਦ ਹੀਰਾ ਅਪਣੇ ਕਮਰੇ ਵਿੱਚ ਚੱਲੇ ਗਿਆ।
ਉਸਨੂੰ ਹੇਠੋਂ ਘੁਸਰ ਮੁਸਰ ਸੁਣਦੀ ਸੀ। ਹਾਲੇ ਵੀ ਉਸ ਵਾਰੇ ਬਹਿਸ ਕਰਦੇ ਸੀ। ਆਪਣਾ
ਦਰਵਾਜ਼ਾ ਬੰਦ ਕਰਕੇ ਪਲੰਘ ਉੱਤੇ ਲਿਟ ਗਿਆ। ਪਸੀਨਾ ਆਉਂਦਾ ਸੀ। ਪੱਖੇ ਲਾ ਦਿੱਤੇ। ਫਿਰ
ਵੀ ਗਰਮ ਸਰਦ ਸੀ। ਅਫੀਮ ਦਾ ਅਸਰ ਕਰਕੇ। ਹੀਰੇ ਨੂੰ ਪਤਾ ਸੀ ਕਿ ਜਦ ਅਫੀਮ ਦੇਰ ਤਕ
ਨਹੀਂ ਮਿਲਦੀ ਸੀ, ਪਿੰਡੇ ਨੂੰ ਨਸ਼ੇ ਲਈ ਪਿਆਸ ਆ ਜਾਂਦੀ ਸੀ। ਅੰਗ੍ਰੇਜ਼ੀ ਇਸ ਹਾਲਤ ਨੂੰ
“ ਕੋਲਡ ਟਰਕੀ” ਆਖਦੇ ਸੀ। ਜੋ ਬੰਦਾ ਇਸ ਹਾਲ ਨੂੰ ਬਰਦਾਸ਼ਤ ਕਰਕੇ ਰਾਤ ਲੰਘ ਗਿਆ, ਮਰਨ
ਤੋਂ ਬਿਨਾਂ, ਅਫੀਮ ਦੇ ਅਸਰ ਤੋਂ ਛੁੱਟੀ ਹੋਜੂਗੀ। ਸੋਫੀ ਬਣਨ ਦਾ ਮੌਕਾ ਸੀ। ਪਰ ਹੀਰਾ
ਇਥੇ ਰਾਤ ਤਕ ਨਹੀਂ ਰਹਿਣਾ ਚਾਹੁੰਦਾ ਸੀ। ਭਵਨ ਨੂੰ ਮਿਲਣਾ ਚਾਹੁੰਦਾ ਸੀ। ਪਰ ਬਦਨ
ਇੰਨ੍ਹਾਂ ਕਮਜ਼ੋਰ ਸੀ, ਬੈਡ ਤੋਂ ਉੱਠ ਨਹੀਂ ਸਕਿਆ। ਨੀਂਦ ਚੜ੍ਹ ਗਈ। ਥਲੋ ਟੱਬਰ ਦੀ
ਆਵਾਜ਼ ਕੰਨਾਂ ਵਿੱਚ ਭੀਂ ਭੀਂ ਕਰਦੀ ਸੀ।
ਹੀਰਾ ਸਾਰਾ ਦਿਨ ਸੁੱਤਾ ਰਿਹਾ।ਫਿਰ ਸਾਰੀ ਰਾਤ। ਕੰਬਦਾ ਰਿਹਾ, ਬਿਸਤਰੇ ਉਪਰ ਪਾਸੇ
ਮਾਰਦਾ ਰਿਹਾ। ਨੀਂਦ ਫਿਰ ਆ ਗਈ।
* * * * *
ਜਦ ਕੋਲਡ ਟਰਕੀ ਹੁੰਦਾ, ਉਹ ਆਦਮੀ ਬਹੁਤ ਦੁੱਖ ਵਿੱਚੋਂ ਲੰਘਦਾ। ਬੁਖਾਰ ਚੜ੍ਹ ਜਾਂਦਾ।
ਅਫੀਮ ਲਈ ਭੁੱਖ ਨਾਲ ਘੁਲਦਾ ਹੈ। ਇਸ ਤਰ੍ਹਾਂ ਹੀਰੇ ਨਾਲ ਹੋਇਆ। ਹਾਰਕੇ ਤਾਪ ਉਤਰ ਗਿਆ,
ਚੰਗੀ ਨੀਂਦ ਆਈ। ਹੀਰਾ ਮਰਿਆ ਨਹੀਂ। ਉਂਝ ਮਰ ਸਕਦਾ ਸੀ। ਜਦ ਉੱਠਿਆ, ਦਰਦ ਹੁੰਦਾ ਸੀ,
ਥਿਆਹ ਵੀ ਬਹੁਤ ਸੀ। ਹੁਣ ਜੀ ਕਰਦਾ ਸੀ ਰਸੋਈ ਜਾਕੇ ਫ੍ਰਿੱਜ ਵਿੱਚੋਂ ਕੁਝ ਪੀਏ। ਹੁਣ
ਗੁੱਡੀ 'ਤੇ ਬਿੱਲੇ ਨਾਲ ਗੱਲ ਕਰਨ ਲਈ ਤਿਆਰ ਸੀ। ਅੱਖਾਂ ਖੋਲ੍ਹੀਆਂ, ਬਾਹਾਂ ਲੱਤਾਂ
ਫੈਲਾਕੇ, ਉਬਾਸੀ ਲਈ। ਫਿਰ ਇੱਕ ਦਮ ਡਰ ਗਿਆ। ਸੁਪਨੇ ਵਿੱਚ ਹੀ ਹੋਵੇਗਾ!
ਜਿਥੇ ਅਲਮਾਰੀ ਖੜ੍ਹੀ ਸੀ, ਅਜੀਬ ਰੂਪ ਵਿੱਚ ਕੁਝ ਹੋਰ ਖਲੋਇਆ ਸੀ। ਕੱਪੜੇ ਵਿੱਚ ਸੀ,
ਪਰ ਆਦਮੀ ਤੋਂ ਤਿੰਨ ਗੁਣੇ ਵੱਡਾ ਸੀ। ਜਿਥੇ ਸ਼ੀਸ਼ਾ ਖੜ੍ਹਾ ਸੀ, ਪਤਲੀ ਚਾਦਰ ਵਰਗੀ
ਪਰਤਵਾਂ ਤਲ ਸੀ। ਅਪਣੀ ਪਲੰਘ ਨੂੰ ਛੋਇਆ। ਕੱਪੜੇ ਦੇ ਥਾਂ ਕੋਈ ਚਿਪਚਿਪੀ ਸਿੱਲ੍ਹੀ ਚੀਜ਼
ਸੀ। ਇੱਕ ਦਮ ਉੱਠ ਗਿਆ। ਜਦ ਪੈਰ ਫ਼ਰਸ਼ ਉੱਤੇ ਟਿਕੇ, ਦਰੀ ਦੇ ਥਾਂ ਖਾਲੀ ਥਾਂ ਸੀ। ਪਰ
ਪੈਰਾਂ ਨੂੰ ਲੱਗਿਆ ਜਿਵੇਂ ਕੋਈ ਜਿੰਦੀ ਜੀਉਂਦੀ ਚੀਜ਼ ਉੱਤੇ ਧਰੀ ਸੀ। ਸਹਿਮ ਗਿਆ। ਆਲੇ
ਦੁਆਲੇ ਦੇਖਿਆ। ਹਾਂ ਸੁਪਨਾ ਸੀ। ਅਜੀਬ ਆਭਾਸ ਸੀ। ਕਿਉਂਕਿ ਹੀਰਾ ਤਾਂ ਮਹਾਨ ਛੱਤਾਂ
ਵਿੱਚ ਖੜ੍ਹੋਤਾ ਸੀ!
ਅਪਣੇ ਆਪ ਦੇ ਚੂੰਢੀ ਵੱਢੀ। ਪਰ ਕੁਝ ਨਹੀਂ ਬਦਲਿਆ। ਹੀਰੇ ਨੂੰ ਭੁੱਖ ਲੱਗਣ ਲੱਗ ਗਈ।-
ਇਹ ਝੂੱਠ ਹੈ। ਅਫੀਮ ਦਾ ਅਸਰ ਹੋਏਗਾ। ਚੱਲ ਜੇ ਉੱਠ ਨਹੀਂ ਹੁੰਦਾ, ਇਸ ਅਣਹੋਣ ਥਾਂ
ਵਿੱਚ ਰਸੋਈ ਵੱਲ ਜਾਂਦਾ-।ਜਦ ਬੂਹਾ ਖੋਲ੍ਹਣ ਗਿਆ, ਬੂਹੇ ਦੇ ਥਾਂ ਜਾਲੀ ਸੀ, ਕੋਈ
ਰੇਸ਼ਮੀ ਜਰੀ ਦੀ ਬਣਾਈ। ਲੰਘਕੇ ਗਲਿਆਰਾ ਵਿੱਚ ਵੜ ਗਿਆ। ਘਰ ਦੇ ਥਾਂ ਛੱਤਾ ਹੀ ਸੀ। ਫਿਰ
ਵੀ ਦੇਖਣ ਵਿੱਚ ਸਭ ਕੁਝ ਹਿਲਿਆ-ਮਿਲਿਆ ਲੱਗਦਾ ਸੀ। ਪੌੜੀਆਂ ਉੱਤਰਕੇ ਹੇਠਾ ਤੁਰਕੇ
ਗਿਆ,“ਹੇੱਲੋ”, ਕਹਿੰਦਾ। ਪਰ ਕਿਸੇ ਨੇ ਉੱਤਰ ਨਹੀਂ ਦਿੱਤਾ। ਸਭ ਕੁਝ ਖਮੋਸ਼ ਸੀ। ਖੁਦ
ਚੁੱਪ ਚਾਪ ਹੋਕੇ ਰਸੋਈ ਵਿੱਚ ਵੜ ਗਿਆ। ਆਲਾ ਦੁਆਲਾ ਇੱਕ ਦਮ ਅਜੀਬ ਸੀ, ਇੱਕ ਦਮ ਗਿਆਤ।
“ ਸੀਤਾ ਰਾਮ!”। ਕੋਈ ਜਵਾਬ ਨਹੀਂ ਆਇਆ। ਜਿਥੇ ਇੱਕ ਦਿਨ ਪਹਿਲਾਂ ਫ੍ਰਿੱਜ ਖਲੋਤੀ ਸੀ,
ਹੁਣ ਇੱਕ ਅਣੋਖਾ ਜਾ ਡੱਬਾ ਖੜਾ ਸੀ। ਮੁੱਠਾ ਬਣਾਇਆ ਸੀ ਜਿਵੇਂ ਕਿਰਮ ਦੇ ਕੰਡੇ ਵਰਗੇ
ਬੇਹੱਥ ਬਾਹਾਂ ਲਈ ਸੀ, ਨਾਕੇ ਆਦਮੀ ਦੇ ਹੱਥ ਲਈ। ਮਸਾ ਖੋਲ੍ਹੀ।
“ਕਿੱਦਾਂ ਦਾ ਸੁਪਨਾ। ਸੱਚ ਮੁੱਚ ਅਮਲੀ ਬਣਕੇ ਪਾਗਲ ਹੋਗਿਆ। ਕੀ ਪਤਾ ਹੁਣ ਮੈਨੂੰ ਆਦਤ
ਛੱਡਣੀ ਚਾਹੀਦੀ ਏ”, ਆਪਣੇ ਆਪਨੂੰ ਕਹਿੰਦਾ ਫ੍ਰਿੱਜ ਵਿੱਚ ਫੋਲਾ ਫਾਲੀ ਕਰਦਾ ਸੀ। “
ਕੁਝ ਚੱਜਦਾ ਹੈਗਾ ਕਿ ਨਹੀਂ!”, ਖਿੱਝਕੇ ਡੋਰ ਬੰਦ ਕਰ ਦਿੱਤੀ। ਫਿਰ ਤਾਂ ਓਥੇ ਖੜ੍ਹਾ
ਹੀ ਡਰਨ ਲੱਗਾ ਸੀ। ਧੜਕਣ ਪਲ ਲਈ ਰੁਕ ਗਈ।
ਹੀਰੇ ਦੇ ਸਾਮ੍ਹਣੇ ਵੱਡਾ, ਪਤਲਾ ਜਾ ਭਰਿੰਡ ਖੜ੍ਹਾ ਸੀ, ਭੀਂ ਭੀਂ ਕਰਦਾ। ਉਸਦੇ ਸਿਰ
ਉੱਤੇ ਸੀਤਾ ਰਾਮ ਦੀ ਟੋਪੀ ਸੀ। ਹੁਣ ਤਾ ਡਰਾਉਣੇ ਸੁਪਨੇ ਵਿੱਚ ਸੀ! ਡਰਕੇ ਹੀਰਾ ਪਿੱਛੇ
ਹੋਗਿਆ।“ ਹਾਏ!”। ਪਰ ਹੱਦ ਦੀ ਗੱਲ ਸੀ, ਕਿ ਸੀਤਾ-ਭਰਿੰਡ ਦੇ ਗੈਰ ਚਿਹਰੇ ਉੱਤੇ ਹੀਰੇ
ਨੂੰ ਡਰ ਦਿੱਸਦਾ ਸੀ। ਦਰਿੰਦਾ ਹੀਰੇ ਤੋਂ ਡਰਦਾ ਸੀ! ਸਾਫ਼ ਦਿੱਸਦਾ ਸੀ ਕਿ ਓਨੂੰ ਹੀਰਾ
ਵੀ ਅਜੀਬ ਪਰਾਇਆ ਲੱਗਦਾ ਸੀ। ਫਿਰ ਵੀ, ਹੀਰੇ ਨੇ ਇੱਕ ਦੋ ਚੂੰਢੀਆਂ ਅਪਣੇ ਮਾਸ'ਤੇ
ਵੱਢੀਆਂ। ਪਰ ਜਦ ਨੀਂਦ ਦੇ ਹਨੇਰੇ'ਚੋਂ ਉੱਠਿਆ ਨਹੀਂ, ਅਪਣੇ ਕਮਰੇ ਵੱਲ ਦੌੜ ਪਿਆ। ਜਦ
ਅੰਦਰ ਪਹੁੰਚਿਆ, ਦਰਵਾਜ਼ਾ ਬੰਦ ਨਹੀਂ ਕਰ ਸਕਦਾ ਸੀ, ਕਿਉਂਕਿ ਕੇਵਲ ਜਾਲੀ ਸੀ। ਬਾਥਰੂਮ
ਵਿੱਚ ਚੱਲੇ ਗਿਆ ( ਇਥੇ ਵੀ ਬੂਹਾ ਦੇ ਥਾਂ ਚਾਦਰ ਹੀ ਸੀ)। ਖੁੰਜੇ ਵਿੱਚ ਕੰਨਾਂ'ਚ
ਉਂਗਲੀਆਂ ਪਾਕੇ ਬਹਿ ਗਿਆ, ਕਿਉਂਕਿ ਬਾਹਰੋ ਭੀਂ ਭੀਂ ਅਵਾਜ਼ ਆਉਂਦੀ ਸੀ, ਜਿਵੇਂ ਸ਼ਿਕਾਰ
ਕਰਦੀ ਸੀ। ਇਕੱਲੇ ਸੀਤਾ ਦੀ ਆਵਾਜ਼ ਨਹੀਂ; ਦੋ ਕੁ ਤਿੰਨ ਹੋਰ ਵੀ! ਹੀਰਾ ਵੀ ਭੀਂ ਬੋਲਣੀ
ਤਕ ਪਹੁੰਚ ਗਿਆ।
ਹੀਰੇ ਨੇ ਜਦ ਉਪਰ ਝਾਕਿਆ, ਜਾਲੀ ਵੱਲ ( ਜਿਥੇ ਅਸਲੀਅਤ'ਚ ਬੂਹਾ ਹੋਣਾ ਚਾਹੀਦਾ) ਚਾਰ
ਭਿਆਨਕ ਮੁਖ ਸਨ। ਮੁਖ ਜਾਂ ਮੱਕੜੇ! ਸਾਮ੍ਹਣੇ ਟੋਪ ਪਾਕੇ ਸੀਤਾ-ਭਰਿੰਡ ਸੀ, ਉਸਦੇ ਅੱਗੇ
ਇੱਕ ਪਤਲੀ ਭਰਿੰਡਣੀ ( ਸਿਰ ਉੱਤੇ ਚੁੰਨੀ ਪਾਈ ਸੀ), ਇੱਕ ਮੋਟੀ ਜੀ ਭਰਿੰਡਣੀ ਅਤੇ ਇੱਕ
ਭਾਰਾ ਜਾ ਭੌਰਾ, ਬਿੱਲੇ ਦੇ ਕੱਪੜਿਆਂ ਵਿੱਚ!
ਹੀਰੇ ਨੇ ਕੰਨ ਫੜ ਲੈ! “ਰੱਬਾ ਮੈਂ ਫੀਮ ਕਦੀ ਨ੍ਹੀਂ ਖਾਉਗਾ!”। ਭੀਂ ਭੀਂ ਕਰੀ ਗਏ! ਜਦ
ਉਨ੍ਹਾਂ ਨੂੰ ਹੀਰੇ ਦੀ ਆਵਾਜ਼ ਸੁਣੀ, ਡਰਕੇ ਪਿੱਛੇ ਹੋ ਗਏ। ਫਿਰ ਆਪਸ ਵਿੱਚ ਘੁਸਰ ਮੁਸਰ
ਕਰਨ ਲੱਗ ਗੇ। ਸੀਤਾ ਓਭਰਿੰਡ ਉੱਡ ਗਿਆ। ਹੁਣ ਗੁੱਡੀ- ਭਰਿੰਡਣ ਹੌਲੀ ਹੌਲੀ ਹੀਰੇ ਕੋਲ
ਆਈ। ਛੱਤੇ ਦੀ ਕੰਧ ਨਾਲ ਐਣ ਨੇੜੇ ਹੋਕੇ ਡਰਦਾ ਹੀਰਾ ਖੜ੍ਹ ਗਿਆ। ਜਦ ਉਸਦੀ ਲੰਬੀ ਵਾਲ
ਵਾਲੀ ਬੇਹੱਥ ਲੱਤ ਨੇ ਮੂੰਹ ਛੋਇਆ, ਓਥੇ ਖੜਾ ਬੇਹੋਸ਼ ਹੋਗਿਆ।
* * * * *
ਜਦ ਹੀਰਾ ਉੱਠਿਆ, ਉਸਨੇ ਸੋਚਿਆ, - ਚੰਗਾ ਹੋਗਿਆ, ਅਜੀਬ ਸੁਪਨੇ ਵਿੱਚੋਂ ਨਿਕਲ ਗਿਆ।
ਸੁਪਨੇ ਦੇ ਭੁੱਲ-ਭੁਲਈਆ'ਚ ਫਸਕੇ ਬਹੁਤ ਡਰ ਗਿਆ ਸੀ। ਜਦ ਅੱਖਾਂ ਖੋਲ੍ਹੀਆਂ, ਹਾਲੇ ਉਸ
ਦੁਨੀਆ ਵਿੱਚ ਹੀ ਸੀ! ਸੋਚਣ ਲੱਗਾ “ ਕੀ ਪਤਾ ਮੈਂ ਰੱਬ ਨੂੰ ਪਿਆਰਾ ਹੋਗਿਆ? ਬਹੁਤੀ
ਫੀਮ ਖਾ ਲਈ? ਕੀ ਪਤਾ ਨਰਕ ਵਿੱਚ ਪਹੁੰਚ ਗਿਆ?”। ਪਰ ਹੀਰਾ ਪਕਾ ਸੀ ਕਿ ਮੌਤ ਬਾਅਦ
ਸਿਰਫ਼ ਹਨੇਰਾ ਹੀ ਹੁੰਦਾ।ਕੋਈ ਹੋਰ ਚੱਕਰ ਸੀ। ਉੱਠਕੇ ਜਾਲੀ'ਚੋਂ ਸਿਰ ਬਾਹਰ ਕੀਤਾ।
ਥੱਲੋ ਭਰਿੰਡਾਂ ਦੀ ਭਿਣਕ ਆਉਂਦੀ ਸੀ। ਜਦ ਸ਼ਬਦ ਅਜੀਬ ਹੋ, ਫਿਰ ਭਿਣਕ ਲੈਣੀ ਵੀ ਔਖੀ
ਹੁੰਦੀ। ਹੁਣ ਕੀ ਕਰੇ?- ਜੇ ਸੱਚ ਮੁੱਚ ਸੁਪਨਾ ਹੀ ਸੀ, ਭਰਿੰਡ ਮੇਰਾ ਕੀ ਵਿਗਾੜੋ ਗੇ?
ਕੁਝ ਨਹੀਂ ਹੋਣਾ-। ਇਸ ਸੋਚ ਨਾਲ ਹੇਠਾ ਤੁਰ ਪਿਆ। ਜਦ ਬੈਠਕ ਦੇ ਥਾਂ ਪਹੁੰਚਿਆ ( ਉਂਝ
ਬੈਠਕ ਨਹੀਂ ਜਾਪਦੀ ਸੀ, ਪਰ ਮਖੀਰ ਵਿੱਚ ਖੁਲ੍ਹਾ ਥਾਂ), ਸਾਰੇ ਘੁੰਮਕੇ ਆਦਮੀ ਵੱਲ
ਦੇਖੇ ਡਰ ਗਏ। ਹੁਣ ਮੱਖੀਆਂ ਦੀ ਵਾਰੀ ਸੀ ਡਰਕੇ ਪਿੱਛੇ ਹੋਣ। ਪਤਾ ਨਹੀਂ ਹੀਰੇ ਦਾ ਬੋਲ
ਬੇਅਰਾਮ ਕਰਦਾ ਸੀ, ਪਤਾ ਨਹੀਂ ਬੰਦੇ ਦਾ ਰੂਪ ਕਰਦਾ ਸੀ। ਕਿਉਂਕਿ ਜਿੰਨਾ ਸਾਫ਼ ਹੀਰੇ
ਨੂੰ ਭਰਿੰਡ ਦਿੱਸਦਾ ਸੀ, ਓਨ੍ਹਾਂ ਨੂੰ ਅਜੀਬ ਚੀਜ਼ ਦੀਂਦੀ ਸੀ- ਆਦਮੀ।
“ ਓਏ, ਤੁਸੀਂ ਤਾਂ ਮੈਤੋਂ ਡਰਦੇ ਹੋ! ਠੀਕ ਹੈ। ਮੇਰੀ ਕਲਪਨਾ ਹੈ। ਅੱਛਾ, ਤੂੰ ਬਿੱਲਾ-
ਭੌਰਾ ਲੱਗਦਾਂ। ਤੂੰ ਗੁੱਡੀ- ਭਰਿੰਡਣ। ਤੁਸੀਂ ਮਾਂ ਵਰਗੇ ਹੋ। ਸਮਝ ਗਿਆ। ਜਾਨੀ ਕੇ
ਸਾਰਾ ਟੱਬਰ ਇਸ ਰੂਪ'ਚ ਹੈ। ਘਰ ਵੀ। ਕੀ ਸਮਝ ਨਹੀਂ ਲੱਗੀ? ਤੁਹਾਨੂੰ ਮੇਰੀ ਆਵਾਜ਼ ਭਿਣਕ
ਦੀ ਹੋਵੇਗੀ। ਚਿੜਾਉਂਦੀ ਹੋਵੇਗੀ। ਤੁਹਾਡੀ ਕਿਥੇ ਘੱਟ ਹੈ। ਕੰਨ ਖਾਂਦੀ ਏ! ਜਿੰਨੇ
ਬਦਸੂਰਤ ਤੁਸੀਂ ਮੈਨੂੰ ਲੱਗਦੇ, ਓਨ੍ਹਾਂ ਹੀ ਤੁਹਾਡੇ ਲਈ ਮੈਂ ਕਰੂਪ ਹਾਂ? ਸੁਪਨਾ ਤਾਂ
ਫਿਰ ਵੀ ਮੇਰਾ ਹੀ ਐ। ਜੋ ਕਰਨਾ, ਮੈਂ ਕਰ ਸੱਕਦਾ”, ਇੱਦਾਂ ਕਹਿਕੇ ਛੱਤੇ ਵਿੱਚੋਂ ਬਾਹਰ
ਤੁਰ ਪਿਆ। ਮਗਰ ਉਤੇਜਿਤ ਭਰਿੰਡ ਜੋਸ਼ ਨਾਲ ਭੀਂ ਭੀਂ ਕਰਨ ਲੱਗ ਗਏ। ਜਦ ਕਦਮ ਬਾਹਰ
ਰੱਖਕੇ, ਹਵਾ ਵਿੱਚ ਡਿੱਗਣ ਲੱਗਾ ਸੀ। ਬਿੱਲੇ ਨੇ ਚੁੰਝ ਵਿੱਚ ਫੜਕੇ ਪਿੱਛੇ ਖਿਚ ਲਿਆ।
ਹੀਰਾ ਹੈਰਾਨ ਹੋਗਿਆ। ਛੱਤਾ ਕੋਈ ਉੱਚੇ ਰੁੱਖ ਦੀ ਟਾਹਣੀ ਤੋਂ ਲਮਕਦਾ ਸੀ। ਹੀਰੇ ਨੇ
ਸਰਸਰੀ ਨਜ਼ਰ ਆਸ ਪਾਸ ਮਾਰੀ। ਜੰਗਲ ਸੀ। ਬਹੁਤ ਵੱਡਾ ਵਣ। ਸਾਰੇ ਪਾਸੇ ਡਾਲੀਆਂ ਤੇ ਮਖੀਰ
ਟੰਗੇ ਸੀ। ਧਰਤੀ ਤਾਂ ਦਿੱਸਦੀ ਵੀ ਨਹੀਂ ਸੀ! ਬਿੱਲਾ ਹੀਰੇ ਨੂੰ ਅੰਦਰ ਲੈ ਗਿਆ। ਕਾਸ਼!
ਕਿਸ ਕਿਸਮ ਦਾ ਸੁਪਨਾ ਸੀ! ਚੂੰਢੀ ਫਿਰ ਵੱਢੀ। “ਹਾਏ!”, ਕੀ ਹੋ ਸੱਕਦਾ ਇਹ ਸੱਚ ਹੈ?
* * * * *
ਹੀਰਾ ਪਲੰਘ ਵਰਗੀ ਚੀਜ਼ ਉੱਤੇ ਪਿਆ ਸੀ। ਉਸਨੇ ਉੱਠਕੇ ਜਿਥੇ ਬਾਰੀ ਹੁੰਦੀ ਸੀ, ਵਿੱਚੋਂ
ਬਾਹਰ ਝਾਤੀ ਮਾਰੀ। ਦੂਰ ਤਕ ਦਰਖਤ ਹੀ ਦਿੱਸਦੇ ਸਨ। ਹਰੇਕ ਰੁੱਖ ਤੋਂ ਮਖੀਰ ਲੰਮਕਦੇ
ਸੀ। ਇੱਕ ਦਮ ਅਜੀਬ ਲੱਗਾ, ਬੇਗਾਨਾ ਲੱਗਾ; ਪਰ ਜੇ ਦੇਰ ਲਈ ਕੋਈ ਥਾਂ ਵੱਲ ਤੱਕਦਾ ਸੀ,
ਫੇਰ ਉਸਦੇ ਪਿਆਰੇ ਸ਼ਹਿਰ ਵਰਗਾ ਰੂਪ ਜਾਪਦਾ ਸੀ।ਚੂੰਢੀਆਂ ਵੱਢ ਵੱਢਕੇ ਅੱਕ ਗਿਆ। ਹੁਣ
ਪੱਕਾ ਯਕੀਨ ਹੋਗਿਆ ਕਿ ਨੀਂਦ ਵਿੱਚ ਨਹੀਂ ਸੀ। ਭੁੱਖ ਲੱਗਣ ਲੱਗ ਪਈ। ਕਮਰੇ ਵਿੱਚੋਂ
ਭਰਿੰਡ-ਟੱਬਰ ਨੂੰ ਹਾਕ ਮਾਰੀ। ਪਹਿਲਾਂ ਤਾਂ ਕੋਈ ਆਇਆ ਨਹੀਂ।- ਸਾਰੇ ਸੱਚ ਮੁੱਚ ਮੈਤੋਂ
ਡਰਦੇ ਹੈ? ਫਿਰ ਹਾਰਕੇ ਗੁੱਡੀ ਆ ਗਈ। ਬੋਲਣ ਦਾ ਕੋਈ ਫਾਇਦਾ ਨਹੀਂ ਸੀ। ਹੱਥ ਨਾਲ ਹੀਰੇ
ਨੇ ਆਪਣੇ ਢਿੱਡ ਵੱਲ ਇਸ਼ਾਰਾ ਕੀਤਾ। ਗੁੱਡੀ ਸਮਝ ਗਈ। ਥੋੜ੍ਹਾ ਚਿਰ ਬਾਅਦ ਅੰਦਰ ਆਕੇ
ਪਲੰਘ ਉੱਤੇ ਚੁੰਝ ਵਿੱਚੋਂ ਕੀੜੇ ਮਕੌੜੇ ਛੱਡ ਦਿੱਤੇ। ਹੀਰਾ ਹੈਰਾਨ ਹੋਗਿਆ। ਕਿ ਮੈਨੂੰ
ਖੇਹ ਸੁਆਹ ਖਾਣੀ ਪਵੇਗੀ? ਜਦ ਗੁੱਡੀ ਨੇ ਦੇਖਿਆ ਹੀਰੇ ਨੇ ਨੱਕ ਚੱਕਿਆ, ਖਿੱਜਕੇ ਭੀਂ
ਭੀਂ ਕਰਦੀ ਉਡ ਗਈ। ਕਈ ਘੰਟੇ ਬੀਤੇ। ਹਾਰਕੇ ਭੁੱਖੇ ਭਾਖੇ ਹੀਰੇ ਨੇ ਕੀੜੇ ਮੂੰਹ ਵਿੱਚ
ਪਾ ਲੈ।
* * * * *
ਕਈ ਦਿਨ ਬੀਤ ਗਏ। ਹੌਲੀ ਹੌਲੀ ਹੀਰੇ ਨੂੰ ਮਹਿਸੂਸ ਹੋ ਗਿਆ ਉਹ ਇਥੇ ਫਸ ਗਿਆ ਸੀ। ਹੁਣ
ਇਹ ਅਣਹੋਣੀਸਤਾਨ ਹੀਰੇ ਦਾ ਸੰਸਾਰ ਸੀ। ਨਿਤ ਨਿਤ ਕੀੜੇ ਮਕੌੜੇ ਖਾਣ ਲਈ ਮਿਲਦੇ ਸੀ।
ਅਫੀਮ ਲਈ ਚਾਹਤ ਤਾਂ ਪਿਘਲ ਗਈ ਸੀ। ਹੁਣ ਰੋਟੀ; ਮਸਰਾਂ ਦੀ ਦਾਲ ਅਤੇ ਸਾਗ ਦੇ ਸੁਪਨੇ
ਆਉਂਦੇ ਸੀ। ਕੀ ਪਤਾ ਓਹ ਜ਼ਿੰਦਗੀ ਸੁਪਨਾ ਸੀ? ਆ ਥਾਂ ਸ਼ੁਰੂ ਤੋਂ ਸਚਾਈ ਸੀ? ਜਦ ਹਫਤੇ
ਉਪਰ ਹਫਤੇ ਬੀਤ ਗਏ, ਹੀਰੇ ਨੇ ਅਪਣੀ ਕਿਸਮਤ ਕਬੂਲ ਕਰ ਲਈ। ਇਸ ਤੋਂ ਬਾਅਦ ਕੋਸ਼ਿਸ਼ ਕੀਤੀ
ਭਰਿੰਡਾਂ ਦੀ ਭੀਂ ਭੀਂ ਨੂੰ ਸਮਝਣ ਦੀ। ਸਾਲ ਲੰਘ ਗਿਆ, ਅਤੇ ਓਹ ਦਿਨ ਆਗਿਆ ਜਦ ਭੀਂ
ਭੀਂ ਦੇ ਥਾਂ ਹੀਰੇ ਨੂੰ ਸ਼ਬਦਾਂ ਦੀ ਸਮਝ ਲੱਗਣ ਲੱਗ ਪਈ। ਹੌਲੀ ਹੌਲੀ ਵਾਕ ਸਮਝਣ ਲੱਗ
ਗਿਆ। ਫਿਰ ਖੁਦ ਭੀਂ ਭੀਂ ਕਰਨ ਲੱਗ ਗਿਆ। ਇੱਦਾਂ ਹੀ ਇੱਕ ਹੋਰ ਅਣੋਖੀ ਚੀਜ਼ ਦਾ ਗੁਹ
ਕੀਤਾ। ਸੀਤਾ ਰਾਮ ਹਿੰਦੀ ਨਹੀਂ ਬੋਲਦਾ, ਪਰ ਪੰਜਾਬੀ ਬੋਲਦਾ ਸੀ। ਉਂਝ ਤਾਂ ਭਰਿੰਡੀ
ਜਬਾਨ ਬੋਲਦੇ ਸਨ। ਪਰ ਜੱਦੋਂ ਦਾ ਪਲੇ ਪੈਣ ਲੱਗਾ, ਹੀਰੇ ਨੂੰ ਨਹੀਂ ਤਾਂ ਹਿੰਦੀ ਸੁਣਦੀ
ਸੀ ਜਾਂ ਪੰਜਾਬੀ। ਹੀਰੇ ਦਾ ਪਰਿਵਾਰ ਪੰਜਾਬੀ ਨਹੀਂ ਬੋਲਦਾ ਸੀ, ਪਰ ਹਿੰਦੀ ਬੋਲਦਾ ਸੀ।
ਪੰਜਾਬ ਵਿੱਚ ਰਹਿ ਕੇ ਕੀ ਹਾਲ ਹੋਗਿਆ? ਉਲਟਾ ਕੰਮ ਸੀ!
“ ਮੈਂ ਘਰ ਵਿੱਚ ਰਹਿ ਕੇ ਅੱਕ ਗਿਆ ਬਿੱਲੇ; ਕਦ ਮੈਨੂੰ ਬਾਹਰ ਜਾਣ ਦੇਣਾ?”, ਹੀਰੇ ਨੇ
ਇੱਕ ਦਿਨ, ਆਖਿਆ।
“ ਭੀਂ, ਤੁਮ ਕੋ, ਭੀਂ, ਬਾਹਰ ਲੈ ਕੇ, ਭੀਂ ਜਾਣਾ, ਮੁਸ਼ਕਲ ਹੋ, ਭੀਂ”, ਉੱਤਰ ਦਿੱਤਾ।
“ ਕਿਉਂ?”
“ ਆਪਣੇ ਵੱਲ, ਭੀ, ਤੁਮ ਨੇ ਸ਼ੀਸ਼ੇ ਮੇ ਦੇਖਿਆ ਹੋ? ਭੀਂ, ਤੁਮ ਨੇ ਇੱਕ ਦਿਨ ਮੇ, ਭੀਂ,
ਚੰਗਾ ਭਲਾ, ਭੀਂ, ਡੇਹਮੂ ਥਾ। ਫੇਰ, ਭੀਂ, ਅੱਗਲੇ ਦਿਨ ਉੱਠ ਕੇ, ਭੀਂ, ਅਜੀਬ ਭੂਤ ਬਣ
ਗਿਆ”,
“ ਨਹੀਂ। ਤੁਸੀਂ ਸਾਰੇ ਭਰਿੰਡ ਬਣ ਗਏ। ਮੈਂ ਤਾਂ ਹਮੇਸ਼ਾ ਇਨਸਾਨ ਸੀ”,
“ ਇਨਸਾਨ ਕਿਆ ਹੋਤਾ? ਥੁਮਾਰਾ ਕਲਪਨਾ ਤੇਜ ਹੂੰ। ਭੀਂ, ਤੁਮ ਕੋ ਕਈ ਵਾਰੀ ਕਿਹਾ ਕੇ,
ਇਨਸਾਨ ਤਾਂ ਹੁੰਦਾ ਨਹੀਂ। ਸਿਰਫ਼ ਕਾਹਾਣੀਆਂ ਮੇ ਹੂੰ। ਹੁਮ ਡਾਕਟਰਾਂ ਕੋ ਡਰਤੇ ਲਿਆਂਦੇ
ਨਹੀਂ; ਜਭ ਤੇਰੇ ਉੱਤੇ ਅੱਖਾਂ ਰੱਖੀਆਂ, ਡਰਕੇ ਤੁਮ ਕੋ ਅੰਦਰ ਕਰ ਸਕਦੇ ਹੋ”।
“ ਫਿਰ ਤੂੰ ਮੈਨੂੰ ਪਕਾ ਇਥੇ ਹੀ ਰੱਖਣਾ?”
“ ਹਮਾਰੇ ਘਰ ਕੀ ਇੱਜ਼ਤ ਕਿਆ ਸਵਾਲ ਹੋ”,
“ ਫੇਰ ਮੈਂ ਤਾਂ ਪਰਿੰਦਾ ਹੀ ਹੋ”।
ਹੀਰੇ ਨੂੰ ਗੁੱਡੀ ਤੋਂ ਪਤਾ ਲੱਗਿਆ ਕਿ ਰਾਜਧਾਨੀ ਇੱਥੇ ਮੱਖੀਆਂ ਦੀ ਸੀ। ਲੋਕਾਂ ਦੇ
ਸਾਮ੍ਹਣੇ ਹੀਰੇ ਵਰਗਾ ਡਰਾਉਣਾ ਅਜੂਬਾ, ਉਜੱਡ ਦੈਂਤ ਪੇਸ਼ ਨਹੀਂ ਕਰ ਸੱਕਦੇ ਸੀ। ਜਦ
ਹੀਰਾ ਪਹਿਲਾਂ ਇਸ ਰੂਪ ਵਿੱਚ ਸਾਰਿਆਂ ਦੇ ਸਾਮ੍ਹਣੇ ਆਇਆ, ਬਿੱਲਾ ਤਾਂ ਉਸਨੂੰ ਮਾਰਨਾ
ਚਾਹੁੰਦਾ ਸੀ। ਪਰ ਮਾਂ ਨੇ ਬਚਾ ਦਿੱਤਾ। ਫਿਰ ਭੈਣ ਨੂੰ ਵੀ ਤਰਸ ਆਗਿਆ। ਲੋਕਾਂ ਨੂੰ
ਦੱਸ ਦਿੱਤਾ ਸੀ ਕਿ ਹੀਰਾ ਪਰਦੇਸ਼ ਗਿਆ। ਕਮਰੇ ਵਿੱਚ ਬੰਦ ਰੱਖਦੇ ਸੀ, ਜਦ ਕੋਈ ਪਰਾਹੁਣਾ
ਆਉਂਦਾ ਸੀ। ਹਰ ਰੋਜ਼ ਰੱਬ ਨੂੰ ਆਖਦੇ ਸੀ ਹੀਰੇ ਨੂੰ ਠੀਕ ਕਰਦੇ। ਡੇਹਮੂ ਵਾਪਸ ਬਣਾ
ਦੇ-।
ਜਦ ਯੁਵਕ ਹੁੰਦਾ ਸੀ, ਹੀਰਾ ਸੀਤਾ ਰਾਮ ਨਾਲ ਖੇਲਦਾ ਸੀ। ਹੁਣ ਉਸਦੇ ਨਾਲ ਫਿਰ ਨਜ਼ਦੀਕ
ਹੋਗਿਆ। ਇਸ ਦਾ ਕਰਨ ਸੀ ਕਿ ਕੇਵਲ ਸੀਤਾ ਰਾਮ ਹੀਰੇ ਨਾਲ ਪੰਜਾਬੀ ਵਿੱਚ ਗੱਲ ਬਾਤ ਕਰਦਾ
ਸੀ। ਹੀਰੇ ਨੇ ਉਸਨੂੰ ਅਪਣੀ ਦੁਨੀਆ ਵਾਰੇ ਦੱਸਿਆ। ਓਹ ਹੈਰਾਨ ਸੀ ਹੀਰੇ ਦੀ ਕਲਪਨਾ
ਕਿੰਨੀ ਚੁਸਤ ਸੀ। ਹੌਲੀ ਹੌਲੀ ਹੀਰਾ ਵੀ ਮਨਣ ਲੱਗ ਗਿਆ ਕਿ ਖ਼ਬਰੇ ਮੈਂ ਵੀ ਭਰਿੰਡ ਸੀ,
ਪਰ ਕੋਈ ਦੀਰਘ ਰੋਗ ਨੇ ਮੇਰੇ ਪਿੰਡੇ ਨੂੰ ਬਦਲ ਦਿੱਤਾ-। ਹੀਰੇ ਨੇ ਸਹੁੰ ਖਾਲੀ, “ ਮੈਂ
ਕਦੀ ਅਫੀਮ ਨਹੀਂ ਖਾਵਾਂਗਾ”।
ਛੱਤੇ ਦੇ ਇੱਕ ਪਾਸੇ ਹੀਰੇ ਨੂੰ ਭਰਿੰਡਾਂ ਦੀ ਓਪਰੀ ਖੱਲ ਪਈ ਦਿੱਸ ਗਈ ਸੀ। ਸਾਰਿਆਂ ਨੇ
ਸੱਪ ਵਾਂਗ ਖੱਲੜੀ ਝਾੜ ਦਿੱਤੀ ਸੀ। ਹੀਰੇ ਦੇ ਦਿਮਾਗ਼ ਵਿੱਚ ਸੋਚ ਆ ਗਈ! ਜਦ ਉਸ ਰਾਤ
ਖਾਣ ਵਾਲੇ ਥਾਂ ਸਾਰਾ ਟੱਬਰ 'ਕੱਠਾ ਹੋਇਆ, ਹੀਰਾ ਹੇਠਾਂ ਆਇਆ ਛਾਤੀ ਚੌੜੀ ਕਰਕੇ। ਸਾਰੇ
ਉਸਨੂੰ ਦੇਖ ਕੇ ਹੈਰਾਨ ਹੋ ਗਏ। ਹੀਰੇ ਨੇ ਅਪਣੇ ਢੂਹੀ ਉੱਤੇ ਖੰਭ ਜੋੜ ਦਿੱਤੇ ਸੀ।
ਪਿੰਡੇ ਉੱਤੇ ਕਾਲਾ ਅਤੇ ਪੀਲਾ ਰੰਗ ਲਾ ਦਿੱਤਾ ਸੀ। ਦੇਖਣ ਵਿੱਚ ਭਰਿੰਡਾਂ ਦਾ ਬਾਲਕ
ਲੱਗਦਾ ਸੀ। ਸਾਰਿਆਂ ਨੂੰ ਦੱਸਿਆ ਕਿ ਇਸਦੇ ਦੋ ਕਰਨ ਸੀ। ਇੱਕ ਪਾਸੇ ਹੌਲੀ ਹੌਲੀ ਮੰਨਣ
ਲੱਗ ਗਿਆ ਕਿ ਜੋ ਅਪਣਾ ਜੀਵਨ ਸਮਝਿਆ, ਸਿਰਫ਼ ਅਨੋਖੀ ਸੋਚ ਸੀ। ਦਰਅਸਲ ਭਰਿੰਡ ਹੀ ਸੀ।
ਜੋ ਆਲੇ ਦੁਆਲੇ ਦਿੱਸਦਾ ਸੀ, ਸਚਾਈ ਸੀ। ਕੋਈ ਲੰਬੀ ਨੀਂਦ ਵਿੱਚੋਂ ਉੱਠਾ ਸੀ। ਹੁਣ ਤੋਂ
ਬਾਅਦ ਅਮਲੀ ਨਹੀਂ ਬਣੇਗਾ। ਇਸ ਗੱਲ ਨੂੰ ਸੁਣਕੇ ਸਾਰੇ ਖ਼ੁਸ਼ ਹੋ ਗਏ। ਦੂਜੀ ਗੱਲ ਸੀ ਕਿ
ਘਰ ਵਿੱਚ ਕੈਦ ਰਹਿਕੇ ਅੱਕ ਗਿਆ ਸੀ। ਜੇ ਬਾਹਰੋ ਭਰਿੰਡ ਵਰਗਾ ਲੱਗਦਾ ਸੀ, ਫਿਰ ਕਿਸੇ
ਦੇ ਪਿੱਠ ਚੜ੍ਹਕੇ ਸ਼ਹਿਰ ਵਿੱਚ ਘੁੰਮ ਸੱਕਦਾ ਸੀ। ਸਾਰੇ ਮੰਨ ਗਏ।
ਉਸ ਰਾਤ ਸੀਤਾ ਰਾਮ ਨਾਲ ਦਿਲਚਸਪੀ ਦੀਆਂ ਗੱਲਾਂ ਕੀਤੀਆਂ। ਉਂਝ ਤਾਂ ਭਰਿੰਡ ਆਪਣੀ ਹੀ
ਬੋਲੀ ਬੋਲਦੇ ਸੀ, ਪਰ ਫਿਰ ਵੀ ਵੱਖਰੀਆਂ ਉਪਭਾਸ਼ਾਂ ਸਨ। ਹੁਣ ਹੀਰੇ ਨੂੰ ਹਰੇਕ ਉਪਭਾਸ਼ੇ
ਦੇ ਫਰਕ ਦਾ ਪਤਾ ਸੀ। ਸੀਤਾ ਰਾਮ ਦੀ ਜਬਾਨ ਨੂੰ ਪੰਜਾਬੀ ਆਖਦਾ ਸੀ ਅਤੇ ਅਪਣੇ ਪਰਿਵਾਰ
ਦੀ ਨੂੰ ਹਿੰਦੀ। ਇਸ ਵਰਣਨ ਨਾਲ ਸੀਤਾ ਰਾਮ ਚੱਲਣ ਲਈ ਤਿਆਰ ਸੀ। ਉਸ ਹਿਸਾਬ ਨਾਲ ਗੱਲ
ਤੁਰੀ।
“ ਮੈਨੂੰ ਹਾਲੇ ਵੀ ਸਮਝ ਨਹੀਂ ਕਿਉਂ ਤੈਤੋਂ ਬਿਨਾਂ ਸਾਰੇ ਹਿੰਦੀ (ਇਸ ਸ਼ਹਿਰ ਵਿੱਚੋਂ
ਬਾਹਰੀ ਭਰਿੰਡ ਬੋਲੀ) ਬੋਲਦੇ”
“ ਮਾਲਿਕ ਜੀ, ਇਸ ਦੇਸ਼ ਦੀ ਬੋਲੀ ਹਿੰਦੀ ਹੈ। ਮੈਂ ਤਾਂ ਬਾਹਰੋ ਆਇਆ। ਪੰਜਾਬੀ ਤਾਂ
ਵਿਦੇਸ਼ੀ ਜਬਾਨ ਹੈ। ਨੌਕਰ ਬੋਲਦੇ ਨੇ। ਕਿ ਤੁਹਾਨੂੰ ਲੱਗਦਾ ਸੌ ਸਾਲਾ ਵਿੱਚ ਤੇਰੀ ਕੌਮ
ਮਾਂ ਬੋਲੀ ਛੱਡ ਦੇਵੇਗੀ? ਕਦੀ ਨਹੀਂ!”
“ ਤੂੰ ਤਾਂ ਅਪਣੀ ਬੋਲੀ, ਜੇ ਸੱਚ ਮੁੱਚ ਬਿਹਾਰ ਦੀ ਹੈ, ਛੱਡੀ ਨਹੀਂ?”
“ ਜਿਹੜਾ ਬੰਦਾ ਮਾਂ ਬੋਲੀ ਨੂੰ ਛੱਡਦਾ, ਉਸਨੂੰ ਅਪਣੇ ਲਈ ਕੋਈ ਪਿਆਰ ਹੈ ਨਹੀਂ। ਕਿਸ
ਮੂੰਹ ਨਾਲ ਓਹੀ ਆਦਮੀ ਅਪਣੇ ਨਿਆਣਿਆਂ ਨੂੰ ਕਹਿ ਸੱਕਦਾ, ਰੀਤ ਰੱਖ, ਰਿਵਾਜ ਰੱਖ, ਧਰਮ
ਰੱਖ? ਸੱਚ ਹੈ ਜਦ ਵਿਦੇਸ਼ ਬੰਦਾ ਚੱਲਾ ਜਾਂਦਾ, ਉਸ ਹੀ ਦਿਨ ਫੈਸਲਾ ਬਣਾਲਿਆ ਹੈ
ਸਭਿਆਚਾਰ ਨੂੰ ਪਿੱਛੇ ਛੱਡਣ ਦਾ।ਹੱਕ ਨਹੀਂ ਬੱਚੇ ਨੂੰ ਕਹਿਣ ਪੁਰਾਣੇ ਹਿਸਾਬ ਨਾਲ
ਜੀਓਣ”।
“ ਪਰ ਤੂੰ ਤਾਂ ਹਾਲੇ ਅਪਣੀ ਬੋਲੀ ਬੋਲਦਾ?”
“ ਕੱਲ੍ਹ ਦੇਖੀਏ। ਬੱਚੇ ਕੀ ਬੋਲੂਗੇ। ਓਨ੍ਹਾਂ ਨੇ ਤਾਂ ਤੁਹਾਡੇ ਮਗਰ ਲੱਗਣਾ। ਨਾਲੇ
ਮਾਲਿਕ ਜੀ, ਜਿਸਨੂੰ ਤੂੰ ਹਿੰਦੀ ਆਖੀ ਜਾਂਦਾ, ਸਾਰੇ ਪੰਜਾਬੀ ਕਹਿੰਦੇ ਨੇ। ਜਿਸਨੂੰ
ਤੂੰ ਪੰਜਾਬੀ ਸੱਦਦਾ, ਹਿੰਦੀ ਹੈ। ਕੱਲ੍ਹ ਤੂੰ ਬਾਹਰ ਜਾਣਾ। ਆਪਣੀ ਬੇਇੱਜ਼ਤੀ ਨਹੀਂ
ਕਰਨੀ”।
“ ਸੱਚ ਮੁੱਚ ਭਰਿੰਡੀਸਤਾਨ ਉਲਟ ਪੁਲਟ ਹੈ”।
“ ਲੈ ਸ਼ਹਿਦ ਦੀ ਮੱਖੀ ਖਾ”, ਹੀਰੇ ਨੇ ਮੂੰਹ ਵਿੱਚ ਪਾ ਲਈ।
* * * * *
ਹੀਰਾ ਗੁੱਡੀ ਦੀ ਪਿੱਠ ਉੱਤੇ ਸਵਾਰ ਹੋਗਿਆ। ਹੀਰੇ ਨੇ ਬਦਨ ਉੱਤੇ ਕਾਲਾ ਪੀਲਾ ਰੰਗ
ਲਾਇਆ ਸੀ। ਗੁੱਡੀ ਉੱਤੇ ਬਹਿਕੇ ਅਲੋਪ ਸੀ। ਭਰਿੰਡਾਂ ਨੇ ਗੁੱਝੇ ਹੋਏ ਹੀਰੇ ਨੂੰ ਇਸ
ਤਰ੍ਹਾਂ ਸਾਰੇ ਪਾਸੇ ਉੱਡਕੇ ਲੈ ਕੇ ਗਏ। ਗੁੱਡੀ ਦੇ ਸਾਮ੍ਹਣੇ ਬਿੱਲਾ ਸੀ, ਪਿੱਛੇ
ਤਾਰੋ। ਜਿਹੜੇ ਵਾਲ ਭੈਣ ਦੀ ਢੂਹੀ ਉੱਤੇ ਸੀ, ਹੀਰੇ ਨੇ ਫੜੇ। ਸਾਰੇ ਪਾਸੇ ਬੜੇ ਬੜੇ
ਬਿਰਖ ਸਨ। ਉਪਰੋਂ ਉਪਰੋਂ ਹੀਰੇ ਨੂੰ ਸਬਜ਼ ਵਣ ਹੀ ਦਿੱਸਦਾ ਸੀ; ਪਰ ਜਦ ਧਿਆਨ ਨਾਲ
ਦੇਖਿਆ, ਜਿਹੜਾ ਸ਼ਹਿਰ ਇਨਸਾਨ ਦੀ ਦੁਨੀਆ ਵਿੱਚੋਂ ਪਛਾਣ ਸੀ, ਉਸਦੀ ਰੂਪ-ਰੇਖਾ ਜਾਪਦਾ
ਸੀ। ਓਹੀ ਸੜਕਾਂ, ਓਹੀ ਇਮਾਰਤਾਂ ਹੁਣ ਜੰਗਲ ਦੇ ਨਕਸ਼ੇ ਵਿੱਚ ਸਨ। ਸ਼ਹਿਰ ਹਿਲਿਆ ਸੀ,
ਮਖੀਰ ਓਥੇ ਸਨ ਜਿਥੇ ਘਰ ਹੁੰਦੇ ਸੀ। ਪਰ ਓਹ ਤਾਂ ਸੁਪਨਾ ਸੀ, ਹੈ ਨਾਂ? ਗੁੱਡੀ ਨੇ
ਮੰਦਰ ਦੇਖਾਏ, ਕਾਰਖਾਨੇ ਵੀ। ਹਰੇਕ ਦਰਖਤ ਕੋਲ ਭਰਿੰਡ ਵਸਦੇ ਸੀ। ਜੰਗਲ ਰੁੱਝਿਆ ਸੀ
ਇੰਨਾਂ ਦੀ ਕਿਰਿਆ ਨਾਲ। ਹੀਰੇ ਨੂੰ ਸਭ ਕੁਝ ਦੇਖ ਕੇ ਸ਼ਾਂਤੀ ਆ ਗਈ। ਤਾਜ਼ੀ ਹਵਾ ਨਾਲ
ਬਹੁਤ ਫ਼ਰਕ ਪਿਆ। ਇੱਦਾਂ ਸਾਰੇ ਪਾਸੇ ਉੱਡਦੇ ਸੀ, ਜਦ ਇੱਕ ਛਤਰੀ ਵਰਗਾ ਫਲ ਦਿੱਸ ਪਿਆ।
ਦਰਅਸਲ ਇੱਕ ਕਾਣਿਆ ਖ਼ਰਬੂਜ਼ਾ ਸੀ, ਜਿਸ ਨੂੰ ਅੱਧ ਵਿੱਚ ਕੱਟਕੇ ਛਤਰੀ ਬਣਾਈ ਸੀ। ਉਸਦੇ
ਹੇਠਾ ਇੱਕ ਭੂੰਡ ਖੜ੍ਹਾ ਖਲੋਤਾ ਸੀ, ਜਿਸ ਦੀ ਬਨਾਵਟ ਵੇਖਕੇ ਭਵਨ ਯਾਦ ਆਗਿਆ। ਹੀਰੇ ਨੇ
ਗੁੱਡੀ ਨੂੰ ਇਸ਼ਾਰਾ ਦਿੱਤਾ ਨੇੜੇ ਜਾਣ ਲਈ। ਜਦ ਖ਼ਰਬੂਜ਼ੇ ਦੇ ਐਨ ਉੱਤੇ ਉੱਡ ਰਹੀ ਸੀ,
ਭੂੰਡ ਦੀ ਆਵਾਜ਼ ਤੋਂ ਸਮਝ ਲੱਗ ਗਈ ਕਿ ਸੱਚ ਮੁੱਚ ਭਵਨ ਸੀ। ਭਵਨ ਦੀ ਵੀ ਅੱਖ ਤਿੱਖੀ
ਸੀ; ਉਸਨੇ ਅਨੋਖੇ ਮੁੰਡੇ ਨੂੰ ਪਛਾਣ ਲਿਆ।
“ ਹੀਰਾ!”। ਜਦ ਹਾਕ ਮਾਰੀ, ਗੁੱਡੀ ਭਰਾ ਨੂੰ ਪਰੇ ਲੈ ਗਈ।
“ ਆਦਮੀ ਕੌਣ ਥਾਂ?”
“ ਕੋਈ ਨਹੀਂ”, ਝੂੱਠ ਬੋਲਕੇ ਕੁੱਲਫੀ ਵੇਚਣ ਵਾਲੇ ਵੱਲ ਆਖਰੀ ਝਾਤ ਮਾਰੀ। ਹਾਂ, ਹੁਣ
ਅਫੀਮ ਦੇ ਮਗਰ ਨਹੀਂ ਜਾਣਾ। ਟੱਬਰ ਕੋਲ ਵਾਪਸ ਆਗਿਆ ਸੀ।
* * * * *
ਉਸ ਰਾਤ ਘਰ ਭਰਿੰਡਾਂ ਨੇ ਭੰਗੜੇ ਪਾਏ, ਜਿੱਦਾਂ ਸਿਰਫ਼ ਭਰਿੰਡ ਪਾ ਸੱਕਦੇ ਸੀ। ਹੀਰਾ ਵੀ
ਬਹੁਤ ਖ਼ੁਸ਼ ਸੀ। ਸ਼ਰਾਬ ਵਰਗਾ ਰਸ ਚੂਸਿਆ। ਨਵੇਂ ਤਰ੍ਹਾਂ ਦਾ ਨਸ਼ਾ ਚੜ੍ਹ ਗਿਆ। ਇਸ ਹਾਲ
ਵਿੱਚ ਸੌਂ ਗਿਆ। ਪਰ ਇਸ ਰਾਤ ਨੀਂਦ ਨਹੀਂ ਆਉਣੀ ਸੀ। ਮੱਥੇ ਤੋਂ ਮੁੜ੍ਹਕਾ ਚੋ ਰਿਹਾ
ਸੀ। ਪਲੰਘ ਵਰਗੀ ਚੀਜ਼ ( ਜਿਸ ਉੱਤੇ ਪਿਆ ਸੀ) ਗਿੱਲੀ ਹੋ ਗਈ। ਪੇਟ ਦੁੱਖਦਾ ਸੀ, ਸਾਹ
ਔਖੀ ਦੇਣੀ ਆਉਂਦਾ ਸੀ। ਸਾਰੇ ਸਰੀਰ ਉੱਤੇ ਖਾਜ ਹੁੰਦੀ ਸੀ। ਹੀਰੇ ਨੂੰ ਲੱਗਾ ਜਿਵੇਂ
ਪਿੰਡੇ ਉੱਤੇ ਕੀੜੇ ਕਮੌੜੇ ਤੁਰਦੇ ਫਿਰਦੇ ਸਨ। ਹੱਥ ਅੱਖਾਂ ਉੱਤੇ ਰੱਖ ਦਿੱਤੇ, ਕਿਉਂਕਿ
ਇੱਦਾਂ ਲੱਗਾ ਜਿਵੇਂ ਕਿਸੇ ਨੇ ਚਾਕੂ ਨਾਲ ਖੋਭ ਦਿੱਤੇ ਸੀ। ਇਸ ਹਾਲਤ ਵਿੱਚ “ਪਲੰਘ”
ਉੱਤੇ ਇਧਰ ਉਧਰ ਘੁੰਮਦਾ ਰਿਹਾ, ਕਈ ਚਿਰ ਲਈ। “ਪਲੰਘ” ਦੇ ਕੱਪੜੇ ਨੂੰ ਮੁੱਠੀਆਂ ਵਿੱਚ
ਜੋਰ ਦੇਣੀ ਪਕੜ ਲਿਆ। ਫਿਰ ਉੱਚੀ ਚੀਕ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਆਵਾਜ਼ ਨਹੀਂ ਆਈ। ਜਦ
ਅੱਖਾਂ ਖੋਲ੍ਹੀਆਂ, ਦੁਨੀਆ ਦੀ ਸੂਝ ਬਦਲ ਗਈ। ਲੱਤਾਂ ਬਹੁਤ ਦੁਖਦੀਆਂ ਸੀ। ਅਪਣੇ ਨਹੁੰ
ਨਾਲ ਪੱਟਾਂ ਪਿੰਨੀਆਂ ਨੂੰ ਜੋਰ ਦੇਣੀ ਚੋਭਣ ਲੱਗ ਗਿਆ।ਹੱਥਾਂ ਨੇ ਮਾਸ ਹੱਡੀਆਂ ਤੋਂ
ਲਾਹ ਦਿੱਤਾ। ਹੀਰਾ ਪਾਗਲ ਹੋਗਿਆ; ਪਿੰਡੇ ਤੋਂ ਮਾਸ ਪਾਟਦਾ ਸੀ। ਜਿੱਦਾਂ ਕਸਾਬ ਅਪਣੇ
ਟੋਕੇ ਨਾਲ ਮੀਟ ਦੇ ਟੁਕੜੇ ਕੱਟਦਾ, ਇੱਦਾਂ ਸਾਰੀ ਲੱਤ ਉੱਤੋਂ ਮਾਸ ਲਾ ਦਿੱਤਾ। ਪਿੰਡਾ
ਰੱਤ ਨਾਲ ਲਿਬੜਿਆ ਸੀ। ਲਹੂ ਦੇ ਹੇਠ ਆਦਮੀ ਦੀਆਂ ਹੱਡੀਆਂ ਨਹੀਂ ਸੀ। ਟੰਗਾਂ ਦੇ ਥਾਂ
ਭਰਿੰਡ ਦੀਆਂ ਲੰਬੀਆਂ ਕਾਲੀਆਂ ਲੱਤਾਂ ਸਨ! ਢਿੱਡ ਦੇ ਪਾਸੋ ( ਜਿੱਥੇ ਗੁਰਦੇ ਹੁੰਦੇ
ਨੇ) ਹੋਰ ਚੀਸ ਪੈ ਗਈ। ਮਾਸ ਫੁੱਟ ਗਿਆ; ਜਿੱਦਾਂ ਗੰਡੋਆ ਧਰਤੀ ਵਿੱਚੋਂ ਨਿਕਲਦਾ, ਉਸ
ਤਰ੍ਹਾਂ ਦੋਨੋਂ ਪਾਸੋ ਮੱਖੀ ਦੀਆਂ ਲੱਤਾਂ ਨਿਕਲ ਗਈਆਂ!
ਹੀਰਾ ਹੱਥਾਂ ਨਾਲ ਸਾਰੇ ਬਦਨ ਉੱਤੋਂ ਮਾਸ ਲਾਹਣ ਲੱਗ ਪਿਆ, ਜਿੱਦਾਂ ਕੱਪੜੇ ਖੋਲ੍ਹੀਦੇ।
ਉਸਦੀ ਕੰਗਰੋੜ ਲੰਬੀ ਹੋਣ ਲੱਗ ਪਈ। ਸਾਰੇ ਸਰੀਰ ਵਿੱਚ ਪਈ ਖਿਚ। ਲੱਕ ਪੀੜ ਇੰਨ੍ਹੀ ਸੀ
ਕਿ ਹੁਣ ਹੀਰੇ ਨੂੰ ਮਹਿਸੂਸ ਵੀ ਨਹੀਂ ਹੁੰਦੀ ਸੀ। ਦਰਦ ਕੋਈ ਡੂਮਘੀ ਹਨੇਰੀ ਸਮਾਧੀ
ਵਿੱਚ ਲੈ ਗਿਆ। ਨਾੜਾਂ ਦੇ ਤਾਣੇ ਨਾਲ ਪਿੰਡੇ ਦਾ ਰੂਪ ਬਦਲ ਗਿਆ। ਜਦ ਉਸਨੇ ਸ਼ੀਸ਼ੇ ਵਰਗੇ
ਕੱਪੜੇ ਵੱਲ ਦੇੱਖਿਆ, ਡਰ ਲੱਗ ਗਿਆ। ਹੀਰੇ ਦਾ ਸਿਰ ( ਇਨਸਾਨ ਦਾ ਸੀਸ, ਕਹਿਣ ਦਾ
ਮਤਲਬ), ਇੱਕ ਵੱਡੀ ਭਰਿੰਡ ਦੇ ਜਿਸਮ ਉੱਤੇ ਸੀ! ਬਾਹਾਂ ਤੋਂ ਵੀ ਹੁਣ ਮਾਸ ਲੱਥ ਗਿਆ।
ਭਰਿੰਡ ਨੇ ਅਪਣੀ ਮੁਹਰਲੀ ਲੱਤ ਨਾਲ ਆਦਮੀ ਦਾ ਨਕਾਬ ਲਾਹ ਦਿੱਤਾ। ਹੁਣ ਸਾਫ਼ ਭੂੰਡ ਦਾ
ਸਿਰ ਹੀ ਸੀ। ਇੱਦਾਂ ਥੋੜ੍ਹੇ ਚਿਰ ਲਈ ਖੜਾ ਰਿਹਾ। ਹੌਲੀ ਹੌਲੀ ਦੁੱਖ ਹਟ ਗਿਆ, ਜਿੱਦਾਂ
ਕਾਲਡ ਟੱਰਕੀ ਦੇ ਹਾਲ ਬਾਅਦ ਹੁੰਦਾ ਹੈ। ਮਨ ਵਿੱਚ ਖ਼ੁਸ਼ੀ ਆ ਗਈ: ਉਮਾਹ ਵੀ ਸੀ। ਮੈਂ
ਅਪਣੇ ਟੱਬਰ ਵਰਗਾ ਬਣ ਗਿਆ! ਰੋਗ ਹਟ ਗਿਆ! ਲੋਇਣ ਵਿੱਚੋਂ ਹਜ਼ਾਰ ਸ਼ੀਸ਼ਿਆਂ ਨੇ ਹਰੇਕ
ਦਿਸ਼ਾ, ਸਾਰਾ ਆਲਾ ਦੁਆਲਾ, ਇੱਕ ਝਾਤ ਨਾਲ ਦੇਖਾਇਆ। ਕਮਰੇ ਦਾ ਰੂਪ ਬਦਲ ਗਿਆ। ਹੁਣ
ਬੰਦੇ ਦੀਆਂ ਅੱਖਾਂ ਨਹੀਂ, ਪਰ ਮਕੌੜੇ ਵਰਗੀਆਂ ਅੱਖਾਂ ਸਨ। ਇਸ ਗੱਲ ਦੀ ਤਾਂ ਹੀਰੇ ਨੂੰ
ਖ਼ੁਸ਼ੀ ਸੀ! ਆਲੇ ਦੁਆਲੇ ਦੁਨੀਆ ਵਿੱਚ ਹੁਣ ਜਚਦਾ ਸੀ। ਖ਼ੁਸ਼ੀ ਵਿੱਚ ਜੀ ਕਰਦਾ ਸੀ,
ਗੁੱਡੀ, ਬਿੱਲੇ'ਤੇ ਮਾਂ ਕੋਲ ਜਾਣ ਨੂੰ। ਓਨ੍ਹਾਂ ਨੂੰ ਦੇਖਾਉਣ ਲਈ ਕਿ ਮੈਂ ਵੀ ਤੁਹਾਡੇ
ਵਰਗਾ ਹੁਣ ਹਾਂ! ਇਸ ਸੋਚ ਵਿੱਚ ਉੱਚੀ ਦੇਣੀ ਭਿਣ ਭਿਣ ਕਰਦਾ, ਕਮਰੇ ਵਿੱਚੋਂ ਬਾਹਰ ਉੱਡ
ਗਿਆ।
ਪਹਿਲਾਂ ਤਾਂ ਸੋਚਿਆ, ਕਿਉਂਕਿ ਅੱਖਾਂ ਨਵੀਆਂ ਸਨ, ਆਲਾ ਦੁਆਲਾ ਤਾਂਹੀ ਅਜੀਬ ਲੱਗਦਾ
ਸੀ। ਫਿਰ ਅੰਜ ਕੇ ਸੋਚਣ ਲੱਗ ਗਿਆ, ਕਿ ਮਖੀਰ ਦਾ ਰੂਪ ਫਿਰ ਬਦਲ ਗਿਆ। ਛੱਤੇ ਦੇ ਥਾਂ
ਪਕੀਆਂ ਕੰਧਾਂ ਸਨ। ਉਸ ਘਰ ਵਰਗਾ ਸੀ, ਜਿਸਦਾ ਬਹੁਤ ਦੇਰ ਪਹਿਲਾਂ ਚੇਤਾ ਭੁੱਲ ਗਿਆ ਸੀ।
ਕੋਈ ਭਾਫ਼ੀ ਧੁੰਦ ਪਿੱਛੇ ਲੁੱਕਿਆ ਸੀ; ਇੱਕ ਮਕਾਨ ਜਿਸਨੂੰ ਯਥਾਰਥ ਨੇ ਅੰਧਕਾਰ ਵਿੱਚ
ਲੁਕੋ ਦਿੱਤਾ। ਇੱਕ ਪੱਲ ਲਈ ਹੀਰੇ ਨੇ ਸੋੱਚਿਆ, ਓਹ ਥਾਂ ਸਚਾਈ ਵਿੱਚ ਸੀ, ਜਾਂ ਇਹ ਥਾਂ
ਹੋਂਦ ਵਿੱਚ ਹੈ? ਨਸ਼ਾ ਫਿਰ ਚੜ੍ਹ ਗਿਆ? ਹੋ ਨਹੀਂ ਸੱਕਦਾ। ਅਫੀਮ ਤਾਂ ਖਾਧੀ ਨਹੀਂ ਸੀ।
ਜਦ ਭਰਿੰਡ ਥੱਲੇ ਪਹੁੰਚਿਆ, ਸਾਰੇ ਚੀਕਾਂ ਮਾਰਦੇ ਸੀ, ਜਿੱਵੇਂ ਕੋਈ ਦੈਂਤ ਦਿੱਸਿਆ ਸੀ।
ਸਾਰਿਆਂ ਨੂੰ ਸੁਣਾਉਣ ਲਈ ਭੀਂ ਭੀਂ ਕਰੀ ਗਿਆ। ਪਰ ਹੁਣ ਭਰਿੰਡ ਦੇ ਨੈਣ ਠੀਕ ਹੋ ਗਏ;
ਹੁਣ ਭਰਿੰਡ ਦੀ ਵਾਰੀ ਸੀ ਹੈਰਾਨ ਹੋਣ ਦੀ। ਗੁੱਡੀ, ਬਿੱਲਾ ਅਤੇ ਮਾਂ ਸਨ। ਪਰ ਇਨਸਾਨ
ਦੇ ਰੂਪ ਵਿੱਚ! ਉਂਝ ਭਰਿੰਡ ਨੂੰ ਤਾਂ ਪਰਿਵਰਤਨ ਤੋਂ ਬਾਅਦ ਚੇਤਾ ਭੁੱਲ ਗਿਆ ਇਨਸਾਨ ਕੀ
ਹੁੰਦਾ ਹੈ। ਆਪਣੀ ਖਮਾਰੀ ਵਿੱਚ ਗਵਾਚਾ ਸੀ। ਤਿੰਨ ਇਨਸਾਨ ਇੰਨ੍ਹੇ ਵੱਡੇ ਭਰਿੰਡ ਵੱਲ
ਤਾੜਕੇ ਬਹੁਤ ਡਰਦੇ ਸੀ। ਚੀਕਾਂ ਮਾਰ ਮਾਰਕੇ ਪਾਗਲ ਹੋ ਗਏ। ਭਰਿੰਡ ਨੂੰ ਕੁਝ ਨਹੀਂ
ਸੁਝਿਆ। ਫਿਰ ਬੰਦੇ ਦੇ ਹੱਥ ਨੇ ਅਖਬਾਰ ਫੜਕੇ ਭਰਿੰਡ ਵੱਲ ਮਾਰਿਆ। ਜਿੰਨ੍ਹਾ ਨੇੜੇ ਹੱਥ
ਆਇਆ, ਉੱਨਾਂ ਅਖਬਾਰ ਵੱਡਾ ਹੋਇਆ। ਜਦ ਐਨ ਨੇੜੇ ਸੀ, ਅਖਬਾਰ ਭਰਿੰਡ ਨੂੰ ਆਪ ਤੋਂ ਬਹੁਤ
ਵੱਡਾ ਲੱਗਾ। ਉਂਝ ਸੱਚ ਮੁੱਚ ਅਖਬਾਰ ਭਰਿੰਡ ਤੋਂ ਵੱਡਾ ਹੀ ਸੀ।
ਅਖਬਾਰ ਨੇ ਮੱਖੀ ਨੂੰ ਜੋਰ ਨਾਲ ਮਾਰਿਆ। ਨਸ਼ਾ ਉਤਰ ਗਿਆ। ਮਸਾ ਉਤਰ ਗਿਆ।
ਹੁਣ ਤੁਸੀਂ ਬੁਝੋ ਇਸਦਾ ਮਤਲਬ ਕੀ ਹੈ।
ਖਤਮ |