5_cccccc1.gif (41 bytes)

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ


ਸ਼ਾਮ ਸਮੇਂ ਰਣਜੀਤ ਕੇ ਬਿਰਧ ਆਸ਼ਰਮ ਵਿਚ ਬੈਠ ਜਾਂਦਾ ਅਤੇ ਅਖ਼ਬਾਰ ਪੜ੍ਹਦਾ-ਪੜ੍ਹਦਾ ਸਭ ਖ਼ਬਰਾਂ ਆਸ਼ਰਮ ਦੇ ਵਿਹੜੇ ਵਿਚ ਬੈਠੇ ਬਾਬਿਆਂ ਨੂੰ ਵੀ ਸੁਣਾ ਜਾਂਦਾ ਰਣਜੀਤ ਕਾਫ਼ੀ ਪੜ੍ਹ-ਲਿਖ ਕੇ ਵੀ ਬੇਰੁਜ਼ਗਾਰ ਸੀ ਉਸ ਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਮਿਲੀ ਸੀ ਤਰਕ ਵਿਚਾਰਾਂ ਦਾ ਧਾਰਨੀ ਹੋਣ ਕਾਰਨ ਨੌਕਰੀ ਉਹ ਆਪਣੀ ਯੋਗਤਾ ਆਸਰੇ ਹੀ ਲੈਣਾ ਚਾਹੁੰਦਾ ਸੀ ਨਾ ਤਾਂ ਉਹ ਰਿਸ਼ਵਤ ਦੇ ਕੇ ਨੌਕਰੀ ਲੈਣੀ ਚਾਹੁੰਦਾ ਸੀ ਅਤੇ ਨਾ ਹੀ ਕਿਸੇ ਮੰਤਰੀ ਦੀ ਸਿਫ਼ਾਰਸ਼ ਪਾ ਕੇ! ਉਸ ਦਾ 'ਹਠ' ਹੀ ਉਸ ਨੂੰ ਮਾਰੀ ਰਿਹਾ ਸੀ ਅਤੇ ਉਹ ਕਈ ਸਾਲਾਂ ਤੋਂ ਵਿਹਲਾ ਘਰ ਹੀ ਬੈਠਾ ਸੀ

ਉਸ ਦਾ ਅੜਬ ਬਾਪੂ ਉਸ ਨੂੰ ਕਈ ਵਾਰ ਘੂਰ ਵੀ ਦਿੰਦਾ ਅਤੇ ਝਿੜ੍ਹਕਾਂ ਵੀ ਮਾਰਦਾ, "ਪਟਿਆਲਾ ਸ਼ਾਹੀ ਬੰਨ੍ਹੀ ਫ਼ਿਰਦੈਂ, ਕਿਸੇ ਕਿੱਤੇ 'ਤੇ ਲੱਗਜਾ!" ਬਾਪੂ ਨੂੰ ਉਸ ਦੀ ਟੂਟੀ ਵਾਲੀ ਪੱਗ ਤੋਂ ਖਿਝ ਆਉਂਦੀ, ਜਿਸ ਨੂੰ ਰਣਜੀਤ ਦੋ-ਦੋ ਘੰਟੇ ਦੀ ਜੱਦੋਜਹਿਦ ਕਰ ਕੇ ਬੰਨ੍ਹਦਾ ਸੀ ਪਰ ਰਣਜੀਤ ਬੜੇ ਸਹਿਜ ਸੁਭਾਅ ਦਾ ਮੁੰਡਾ ਸੀ ਉਹ ਕਦੇ ਅੜਬ ਬਾਪੂ ਦਾ ਗੁੱਸਾ ਨਾ ਕਰਦਾ ਉਸ ਨੂੰ ਅਹਿਸਾਸ ਸੀ ਕਿ ਬਾਪੂ ਨੇ ਉਸ ਨੂੰ ਕਿੰਨੀਆਂ ਤੰਗੀਆਂ ਤਰੁਸ਼ੀਆਂ ਨਾਲ ਪਹਿਲਾਂ ਪਾਲਿਆ ਅਤੇ ਫ਼ਿਰ ਪੜ੍ਹਾਇਆ ਸੀ ਬਾਪੂ ਦਾ ਉਲਾਂਭਾ ਅਤੇ ਗੁੱਸਾ ਵੀ ਜਾਇਜ਼ ਸੀ ਉਸ ਨੇ ਆਪਣੀ ਦਸਾਂ ਨਹੁੰਆਂ ਦੀ ਕਿਰਤ-ਮਿਹਨਤ ਨਾਲ ਪੁੱਤ ਨੂੰ ਪੜ੍ਹਾਇਆ-ਲਿਖਾਇਆ ਸੀ, ਸੁਪਨੇ ਬੁਣੇ ਸਨ, ਆਪਣੇ ਬੁਢਾਪੇ ਦਾ ਭਵਿੱਖ ਸੁਖੀ ਚਿਤਵਿਆ ਸੀ ...ਤੇ ਜਦ ਕੜੀ ਵਰਗਾ ਪੁੱਤ ਪੜ੍ਹ-ਲਿਖ ਕੇ ਵਿਹਲਾ ਫ਼ਿਰਦਾ ਸੀ ਤਾਂ ਬਾਪੂ ਦੀ ਹਿੱਕ 'ਤੇ ਸੱਪ ਲਿਟਦਾ ਸੀ ਪਰ ਵੱਸ ਕੋਈ ਰਣਜੀਤ ਦੇ ਵੀ ਨਹੀਂ ਸੀ ਇਹ ਨਹੀਂ ਕਿ ਰਣਜੀਤ ਨਿਖੱਟੂ ਪੁੱਤ ਸੀ ਉਹ ਇਮਾਨਦਾਰ ਅਤੇ ਸੁਲਝਿਆ, ਨੇਕ ਇਨਸਾਨ ਸੀ ਪਰ ਉਹ ਆਪਣੀ ਜ਼ਿੰਦਗੀ ਦੇ ਸਿਰਜੇ ਸਿਧਾਂਤਾਂ ਤੋਂ ਪਰ੍ਹੇ ਨਹੀਂ ਹੋ ਸਕਦਾ ਸੀ ਜ਼ਮੀਰ ਨਹੀਂ ਮਾਰ ਸਕਦਾ ਸੀ ਰਣਜੀਤ ਆਪਣੇ ਸਿਧਾਂਤਾਂ 'ਤੇ ਚੱਲਦਾ, ਬਾਪੂ ਦੀ ਹਰ ਤੱਤੀ-ਠੰਢੀ ਗੱਲ ਵੀ ਖਿੜੇ ਮੱਥੇ ਜਰਦਾ ਸੀ

ਜਦੋਂ ਦਾ ਬਾਪੂ ਕੁਝ ਜ਼ਿਆਦਾ ਹੀ ਖਿਝਣ ਲੱਗਿਆ ਸੀ, ਉਦੋਂ ਦਾ ਰਣਜੀਤ ਅਖ਼ਬਾਰ ਕੱਛ ਵਿਚ ਦਿੰਦਾ ਅਤੇ ਬਿਰਧ ਆਸ਼ਰਮ ਬੈਠਦਾ ਬਜ਼ੁਰਗਾਂ ਨੂੰ ਖ਼ਬਰਾਂ ਪੜ੍ਹ ਕੇ ਸੁਣਾਉਂਦਾ ਅਤੇ ਕਦੇ-ਕਦੇ ਕਿਸੇ ਗੱਲ 'ਤੇ ਬਹਿਸ ਵੀ ਚੱਲ ਪੈਂਦੀ

ਅੱਜ ਵੀ ਇਕ ਲੰਮੀ ਬਹਿਸ ਚੱਲ ਪਈ ਸੀ ਤਾਏ ਜਿਉਣ ਸਿੰਘ ਨੇ ਉਸ ਨੂੰ ਗੱਲ ਹੀ ਐਸੀ ਆਖ ਦਿੱਤੀ ਸੀ, ਜਿਸ ਦਾ ਉਸ ਕੋਲ ਜਵਾਬ ਹੀ ਕੋਈ ਨਹੀਂ ਸੀ!
"
ਪਾੜ੍ਹਿਆ, ਮੈਨੂੰ ਮੈਦ ਬਈ ਪੜ੍ਹਾਈ ਨੇ ਅੱਜ ਦੀ ਪੀੜ੍ਹੀ ਦੀ ਮੱਤ ਨਹੀਂ ਮਾਰ ਦਿੱਤੀ?" ਸੰਤ ਸਿਉਂ ਬਾਬੇ ਨੇ ਗੱਲ ਚਲਾਈ ਸੀ

"ਕਿਉਂ ਬਾਬਾ ਜੀ? ਪੜ੍ਹਾਈ ਤਾਂ ਬੰਦੇ ਦਾ ਤੀਸਰਾ ਨੇਤਰ , ਵਿਦਿਆ ਫ਼ੈਲਦੀ ਤਾਂ ਹੀ ਚਾਨਣ ਹੁੰਦੈ, ਪੜ੍ਹਾਈ ਤਾਂ ਬੰਦੇ ਨੂੰ ਸੋਝੀ ਦਿੰਦੀ !" ਰਣਜੀਤ ਨੇ ਉੱਤਰ ਦਿੱਤਾ

"ਪਾੜ੍ਹਿਆ ਤੂੰ ਕਹਿੰਨੈ ਪੜ੍ਹਾਈ ਸੋਝੀ ਦਿੰਦੀ , ਮੈਂ ਕਹਿੰਨੈ ਪੜ੍ਹਾਈ ਬੰਦੇ ਦੀ ਮੱਤ ਮਾਰਦੀ !" ਸਾਧੂ ਸਿੰਘ ਉਤੋਂ ਦੀ ਬੋਲਿਆ
"
ਕਿਉਂ ਤਾਇਆ ਜੀ?"
"
ਅੱਗੇ ਆਪਾਂ ਵਿਆਹ ਸ਼ਾਦੀ ਕਰਨ ਲੱਗੇ ਦਾਦੀ ਨਾਨੀ ਦੇ ਗੋਤਾਂ ਤੱਕ ਪਤਾ ਕਰਦੇ ਸੀ ਤੇ ਅੱਜ ਦੀ ਕੰਜਰ ਮੁੰਡੀਹਰ? ਨਾ ਗੋਤ ਵੇਂਹਦੀ ਨਾ ਜਾਤ, ਸਕੂਲ ਕਾਲਜ ' ਰਜ਼ਾਮੰਦੀ ਕਰ ਕੇ ਵਿਆਹ ਕਰਵਾ ਲੈਂਦੀ ! ਪਤਾ ਉਦੋਂ ਲੱਗਦੈ ਜਦੋਂ ਅਗਲਾ ਵਿਆਹ ਕਰਾ ਕੇ ਠਾਹ ਦੇਣੇ ਘਰੇ ਵੱਜਦੈ ਤੇ ਮਾਂ-ਪਿਉ ਕਲਪਦੇ ਰਹਿ ਜਾਂਦੇ ! ਉਹਨਾਂ ਦੀ ਵੀ ਕੋਈ ਰੀਝ ਹੁੰਦੀ ਰਣਜੀਤ ਸਿਆਂ?"

"ਤਾਇਆ ਜੀ, ਇਹੀ ਤਾਂ ਅਗਾਂਹਵਧੂ ਸੋਚ ! ਅੱਗੇ ਨਾਨਕਿਆਂ ਦਾਦਕਿਆਂ ਨੂੰ ਵਿਆਹ ਵੇਲੇ ਸੂਲੀ ਟੰਗ ਦਿੰਦੇ ਸੀ, ਅੱਜ ਕੱਲ੍ਹ ਪੜ੍ਹੀ ਲਿਖੀ ਪੀੜ੍ਹੀ ਨੇ ਇਹ ਫ਼ਾਲਤੂ ਖ਼ਰਚੇ ਖ਼ਤਮ ਕਰਕੇ ਸੰਖੇਪ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ , ਅੱਗੇ ਤਾਂ ਤਾਇਆ ਜੀ ਨਰੜ ਹੁੰਦੇ ਸੀ, ਨਰੜ! ਨਾ ਤਾਂ ਮੁੰਡੇ ਨੂੰ ਕੁੜੀ ਦੇ ਪੈਰ ਦੇ ਮੇਚੇ ਦਾ ਪਤਾ ਹੁੰਦਾ ਸੀ, ਤੇ ਨਾ ਕੁੜੀ ਨੂੰ ਮੁੰਡੇ ਬਾਰੇ ਕੁਛ ਜਾਣਕਾਰੀ ਹੁੰਦੀ ਸੀ, ਅੱਜ ਕੱਲ੍ਹ ਅਗਲੇ ਦੇਖ-ਪਰਖ ਤੇ ਹਮ-ਖਿਆਲੀ ਜੀਵਨ ਸਾਥੀ ਚੁਣਦੈ, ਕੀ ਇਹ ਚੰਗੀ ਗੱਲ ਨਹੀਂ?"

"ਤੇ ਫ਼ੇਰ ਤਲਾਕ ਲੈਣ ਲੱਗੇ ਵੀ ਪਲ ਨੀ ਲਾਉਂਦੇ!"
"
ਇਹ ਵੀ ਇਕ ਅਗਾਂਹਵਧੂ ਨੁਕਤਾ ਤਾਇਆ ਜੀ! ਜਦੋਂ ਅਗਲੇ ਦੀ ਨਹੀਂ ਬਣੀ, ਸਹਿਮਤੀ ਨਾਲ ਤਲਾਕ ਲੈ ਲਿਆ, ਪਿਛਲੇ ਜ਼ਮਾਨੇ ਵਾਂਗੂੰ ਅਗਲੇ ਦੀ ਧੀ-ਭੈਣ ਤੇਲ ਪਾ ਕੇ ਤਾਂ ਨਹੀਂ ਸਾੜਦੇ? ਜਾਂ ਕੁੱਟ ਕੇ ਪੇਕੀਂ ਤਾਂ ਨੀ ਵਾੜਦੇ!"
"
ਚੱਲ ਤੇਰੀ ਇਹ ਗੱਲ ਵੀ ਮੰਨੀ ਪਾੜ੍ਹਿਆ ਬਈ ਜ਼ਮਾਨਾਂ ਬਹੁਤ ਅੱਗੇ ਲੰਘ ਗਿਆ...!"
"
ਜ਼ਮਾਨਾ ਤਾਂ ਆਪੇ ਅੱਗੇ ਲੰਘ ਗਿਆ!" ਸਾਧੂ ਸਿੰਘ ਦੀ ਗੱਲ ਕੱਟ ਕੇ ਜਿਉਣ ਸਿਉਂ ਅੱਕ ਕੇ ਸ਼ੁਦਾਈਆਂ ਵਾਂਗ ਬੋਲਿਆ

"ਅੱਗੇ ਜ਼ਮਾਨਾ ਸੀ, ਮਾਂ-ਬਾਪ, ਬਜ਼ੁਰਗਾਂ ਦੀ ਇੱਜ਼ਤ ਹੁੰਦੀ ਸੀ ਤੇ ਲੋਕ ਮਾਂ-ਪਿਉ ਨੂੰ ਦੇਵਤੇ ਵਾਂਗੂੰ ਪੂਜਦੇ ਸੀ, ਸੇਵਾ ਕਰਦੇ ਸੀ, ਪੈਰ ਧੋ-ਧੋ ਪੀਂਦੇ ਸੀ, ਹਰ ਗੱਲ ਮੰਨਦੇ ਸੀ, ਰਾਤ ਨੂੰ ਮੰਜੇ 'ਤੇ ਬੈਠ ਕੇ ਸਲਾਹ ਮਛਵਰਾ ਕਰਦੇ ਸੀ, ਫ਼ੇਰ ਕੋਈ ਕਾਰਜ ਅੱਗੇ ਵਿੱਢਦੇ ਸੀ ਤੇ ਅੱਜ ਦਾ ਕੰਜਰ ਲਾਣਾ ਬੁੱਢੇ ਹੋਏ ਪਿਉ ਨੂੰ ਬਿਰਧ ਆਸ਼ਰਮ ਛੱਡ ਜਾਂਦੈ, ਬਈ ਜਿੰਨਾਂ ਕੁ ਕੰਮ ਇਹ ਕਰ ਸਕਦਾ ਸੀ, ਇਹਨੇ ਕਰ ਦਿੱਤਾ, ਸਾਨੂੰ ਪਾਲ ਦਿੱਤਾ, ਪੜ੍ਹਾ ਦਿੱਤਾ ਤੇ ਨੌਕਰੀਆਂ ਕਿੱਤਿਆਂ 'ਤੇ ਲਾ ਦਿੱਤਾ, ਹੁਣ ਅਸੀਂ ਇਹਤੋਂ ਬੁੱਢੇ ਤੋਂ ਕੀ ਕਰਵਾਉਣੈ? ਇਹਨੂੰ ਬਿਰਧ ਆਸ਼ਰਮ ਛੱਡੋ, ਆਪੇ ਓਥੇ ਪਿਆ ਚੂਕੀ ਜਾਊ ਤੇ ਤਰਸੀ ਜਾਊ ਪੋਤੇ ਪੋਤੀਆਂ ਦੇ ਮੂੰਹ ਦੇਖਣ ਨੂੰ! ਜ਼ਮਾਨਾ ਤਾਂ ਵਾਕਿਆ ਅੱਗੇ ਹੋ ਤੁਰਿਆ ਤੇ ਬੰਦੇ ਨੂੰ ਸੋਝੀ ਵੀ ਗਈ ਬਈ ਬੁੱਢੇ ਬੰਦੇ ਦੀ ਸੇਵਾ ਨਾ ਕਰੋ, ਉਹਨੂੰ ਜ਼ਬਰੀ ਬਿਰਧ ਆਸ਼ਰਮ ਵਾੜ ਦਿਓ ਲੋਕਾਂ ਦੀਆਂ ਗਾਲ੍ਹਾਂ ਤੇ ਧੱਕੇ ਧੋੜ੍ਹੇ ਖਾਣ ਨੂੰ!"

ਹੁਣ ਜਿਉਣ ਸਿਉਂ ਦੀ ਗੱਲ ਦਾ ਰਣਜੀਤ ਪਾੜ੍ਹੇ ਕੋਲ ਕੋਈ ਉੱਤਰ ਨਹੀਂ ਸੀ ਉਹ ਕਦੇ ਅਗਾਂਹਵਧੂ ਜ਼ਮਾਨੇ ਬਾਰੇ, ਕਦੇ ਵਿੱਦਿਆ ਬਾਰੇ ਅਤੇ ਕਦੇ ਬਿਰਧ ਆਸ਼ਰਮਾਂ ਵਿਚ ਰੁਲਦੇ-ਖੁਲਦੇ ਬਿਰਧਾਂ ਬਾਰੇ ਸੋਚ ਰਿਹਾ ਸੀ, ਜਿੰਨ੍ਹਾਂ ਦੇ ਚਾਰ-ਚਾਰ ਪੁੱਤ ਅਤੇ ਪੰਦਰਾਂ-ਪੰਦਰਾਂ ਪੋਤੇ-ਪੋਤੀਆਂ ਸਨ ...ਤੇ ਇੱਥੇ ਉਹ ਲਾਵਾਰਿਸਾਂ ਵਾਂਗ ਬਿਰਧ ਆਸ਼ਰਮਾਂ ਵਿਚ 'ਦਿਨ ਕਟੀ' ਕਰਦੇ ਆਪਣੀ ਮੌਤ ਦੀ ਉਡੀਕ ਹੀ ਤਾਂ ਕਰ ਰਹੇ ਸਨ!
 


ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ


ਰਣਦੀਪ ਇੰਗਲੈਂਡ ਵਿੱਚ 'ਕੱਚਾ' ਸੀ। ਉਸ ਨੂੰ 'ਪੱਕੇ' ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ 'ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ 'ਭੂਰ-ਚੂਰ' ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ 'ਲੇਖੇ' ਲੱਗ ਗਈ ਸੀ।

ਰਣਬੀਰ ਨੇ ਹੀ 'ਬਾਹਰ' ਆਉਣ ਦੀ ਰਟ ਲਾਈ ਰੱਖੀ ਸੀ ਅਤੇ ਹਿੰਡ ਨਹੀਂ ਛੱਡੀ ਸੀ। ਗ਼ਰੀਬ ਬਾਪ ਦੇ ਗਲ਼ 'ਗੂਠਾ' ਦੇ ਕੇ ਆਪਣੀ ਬਾਹਰ ਆਉਣ ਦੀ ਜ਼ਿਦ ਪੁਗਾਈ ਸੀ। ਰਣਬੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਬਾਪ 'ਕੱਲੇ-'ਕੱਲੇ ਪੁੱਤ ਨੂੰ ਪ੍ਰਦੇਸ ਤੋਰਨ ਦੇ ਹੱਕ ਵਿੱਚ ਨਹੀਂ ਸੀ। ਢਿੱਡ ਦੀ ਆਂਦਰ ਨੂੰ ਉਹ ਆਪਣੀਆਂ ਅੱਖਾਂ ਤੋਂ ਪਰ੍ਹੇ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਕਰਦਾ? ਉਹ ਸੁੱਖਾਂ ਸੁੱਖ-ਸੁੱਖ ਕੇ ਮਸਾਂ ਲਏ ਸੁੱਖੀ ਲੱਧੇ ਪੁੱਤਰ ਦੀ ਜ਼ਿਦ ਅੱਗੇ ਹਾਰ ਗਿਆ ਸੀ ਅਤੇ ਉਸ ਨੇ ਪੁੱਤਰ ਦੀ ਖ਼ੁਸ਼ੀ ਲਈ ਫ਼ਾਈਨੈਂਸ ਕੰਪਨੀ ਦੇ ਜਾ ਕੇ ਛੇ ਲੱਖ ਰੁਪਏ 'ਤੇ ਅੰਗੂਠਾ ਛਾਪ ਦਿੱਤਾ ਸੀ ਅਤੇ ਜ਼ਮੀਨ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਮੋੜਨ ਦੀ ਸ਼ਰਤ ਤਿੰਨ ਸਾਲ ਰੱਖੀ ਗਈ ਸੀ, ਨਾ ਮੋੜਨ ਦੀ ਸੂਰਤ ਵਿੱਚ ਜ਼ਮੀਨ 'ਕੁਰਕ' ਹੋ ਜਾਣੀ ਸੀ।

ਵਲਾਇਤ ਪਹੁੰਚ ਕੇ ਉਸ ਦਾ ਜ਼ਿੰਦਗੀ ਜਿਉਣ ਦਾ ਉਤਸ਼ਾਹ ਮਾਰਿਆ ਗਿਆ ਅਤੇ ਉਲੀਕੇ ਸੁਪਨੇ ਚਕਨਾਚੂਰ ਹੋ ਗਏ।

ਸਵੇਰੇ ਰੋਟੀ ਲੜ ਬੰਨ੍ਹ ਉਹ ਲਾਵਾਰਸਾਂ ਵਾਂਗ ਗੁਰਦੁਆਰੇ ਦੇ ਚੌਕ ਕੋਲ ਜਾ ਖੜ੍ਹਦਾ। ਕਦੇ ਉਸ ਨੂੰ ਕੰਮ ਮਿਲ ਜਾਂਦਾ ਅਤੇ ਕਦੇ-ਕਦੇ ਹਫ਼ਤਾ-ਹਫ਼ਤਾ ਦਿਹਾੜੀ ਨਸੀਬ ਨਾ ਹੁੰਦੀ। ਜੋ ਰਣਬੀਰ ਗਾਹੇ-ਵਗਾਹੇ ਕਮਾਉਂਦਾ, ਉਸ ਨਾਲ ਤਾਂ ਕਮਰੇ ਦਾ ਕਿਰਾਇਆ ਹੀ ਮਸਾਂ ਤੁਰਦਾ ਸੀ। ਮਚਦੇ ਢਿੱਡ ਦੀ ਅੱਗ ਬੁਝਾਉਣ ਵਾਸਤੇ ਰੋਟੀ ਉਸ ਨੂੰ ਗੁਰਦੁਆਰੇ ਤੋਂ ਖਾਣੀ ਪੈਂਦੀ। ਮਾਂ-ਬਾਪ ਨੂੰ ਪਿੰਡ ਫ਼ੋਨ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਫ਼ੋਨ ਕਰਦਾ ਵੀ ਕਿਸ ਖ਼ੁਸ਼ੀ ਜਾਂ ਉਤਸ਼ਾਹ ਵਿਚ? ਉਸ ਦੀ ਤਾਂ ਆਪਣੀ ਜ਼ਿੰਦਗੀ ਵਿੱਚ ਭੰਗ ਭੁੱਜੀ ਜਾ ਰਹੀ ਸੀ! ਬਾਪ ਦੀ ਕਬੀਲਦਾਰੀ ਦਾ ਫ਼ਿਕਰ ਉਸ ਨੂੰ ਤੋੜ-ਤੋੜ ਖਾਂਦਾ ਰਹਿੰਦਾ। ਰਣਬੀਰ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਨੂੰ ਨੀਂਦ ਪੈਂਦੀ ਸੀ। ਉਸ ਦੀ ਦੇਹ ਨੂੰ ਦਿਨ ਰਾਤ ਤੋੜਾ-ਖੋਹੀ ਲੱਗੀ ਰਹਿੰਦੀ।

 ''ਮੈਂ ਤਾਂ ਬਾਪੂ ਦੇ ਠੂਠੇ ਵੀ ਡਾਂਗ ਮਾਰੀ! ਜਿਹੜੇ ਦੋ ਸਿਆੜ ਸੀ, ਉਹ ਵੀ ਗਿਰਵੀ ਰਖਵਾ ਦਿੱਤੇ, ਹੁਣ ਮੋੜੂੰ ਕਿੱਥੋਂ?" ਕਦੇ-ਕਦੇ ਉਹ ਬੈੱਡ ਵਿੱਚ ਪਿਆ ਆਪਣੇ ਆਪ ਨੂੰ ਲਾਅਣਤ ਪਾਉਂਦਾ ਅਤੇ ਉਸ ਦਾ ਉੱਚੀ-ਉੱਚੀ ਰੋਣ ਨਿਕਲ ਜਾਂਦਾ। ਉਸ ਦਾ ਦਿਮਾਗ ਘੋੜ-ਦੌੜ ਵਿੱਚ ਹੀ ਪਿਆ ਰਹਿੰਦਾ ਅਤੇ ਜ਼ਿੰਦਗੀ ਦੀ ਗੱਡੀ ਹਨ੍ਹੇਰੀ ਖੱਡ ਵੱਲ ਨੂੰ ਸਰਕਦੀ ਜਾਪਦੀ। ਇਹਨਾਂ ਸੋਚਾਂ ਵਿੱਚ ਰੁਲਿਆ ਰਣਬੀਰ ਇੱਕ ਦਿਨ ਸਾਈਕਲ 'ਤੇ ਚੜ੍ਹਿਆ ਆ ਰਿਹਾ ਸੀ। ਦਿਮਾਗ ਉਸ ਦਾ ਟਿਕਾਣੇ ਨਹੀਂ ਸੀ। ਪੰਜ ਦਿਨ ਹੋ ਗਏ ਸਨ, ਕੋਈ ਕੰਮ ਨਹੀਂ ਮਿਲਿਆ ਸੀ। ਉਹ ਦੁਪਿਹਰ ਤੱਕ ਗੁਰਦੁਆਰੇ ਦੇ ਚੌਕ ਕੋਲ ਖੜ੍ਹ ਕੇ ਨਿਰਾਸ਼ ਹੋਇਆ ਮੁੜ ਆਉਂਦਾ। ਕਮਰੇ ਦਾ ਕਿਰਾਇਆ ਉਸ ਦੇ ਜ਼ਿਹਨ ਵਿੱਚ ਕੀਰਨੇਂ ਪਾ ਰਿਹਾ ਸੀ। ਕਦੇ-ਕਦੇ ਉਸ ਦਾ ਮਨ ਉਚਾਟ ਹੋ ਕੇ ਖ਼ੁਦਕਸ਼ੀ ਕਰਨ ਨੂੰ ਕਰਦਾ। ਅੱਜ ਉਸ ਦੇ ਪੱਲੇ ਇੱਕ 'ਪੈਨੀ' ਵੀ ਨਹੀਂ ਸੀ। ਸੋਚਾਂ ਉਸ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖਾ ਰਹੀਆਂ ਸਨ। ਮਜਬੂਰ ਬਾਪ ਦਾ ਗਰੀਬੜਾ ਜਿਹਾ ਭੋਲਾ ਚਿਹਰਾ ਉਸ ਦੇ ਸਿਰ ਵਿੱਚ ਵਦਾਣ ਵਾਂਗ ਸੱਲ ਕਰੀ ਜਾ ਰਿਹਾ ਸੀ। ਅਜੇ ਉਸ ਨੇ ਸਾਈਕਲ ਵੱਡੀ ਸੜਕ ਤੋਂ ਮੋੜਿਆ ਹੀ ਸੀ ਕਿ ਅਚਾਨਕ ਇੱਕ ਗੋਰੀ ਬਿਰਧ ਮਾਈ ਉਸ ਦੇ ਸਾਈਕਲ ਅੱਗੇ ਆ ਗਈ। ਰਣਬੀਰ ਦੇ ਬਰੇਕ ਲਾਉਂਦਿਆਂ-ਲਾਉਂਦਿਆਂ ਸਾਈਕਲ ਬੁੱਢੀ ਵਿੱਚ ਜਾ ਵੱਜਿਆ। ਕਸੂਰ ਸਾਰਾ ਰਣਬੀਰ ਦਾ ਵੀ ਨਹੀਂ ਸੀ। ਮਾਈ ਵੀ ਅੰਨ੍ਹੇਵਾਹ ਸੜਕ ਨੂੰ ਧੁੱਸ ਦੇਈ ਤੁਰੀ ਆ ਰਹੀ ਸੀ।

ਸਾਈਕਲ ਰਣਬੀਰ ਨੇ ਇੱਕ ਪਾਸੇ ਸੁੱਟ ਦਿੱਤਾ ਅਤੇ 'ਸੌਰੀ-ਸੌਰੀ' ਕਰਦੇ ਨੇ ਮਾਈ ਬਾਹੋਂ ਫੜ ਜਾ ਉਠਾਈ। ਮਾਈ ਵੀ ''ਓ ਗੌਡ-ਓ ਗੌਡ" ਕਰਦੀ ਖੜ੍ਹੀ ਹੋ ਗਈ। ਉਸ ਨੇ ਰਣਬੀਰ ਨੂੰ ਗਹੁ ਨਾਲ ਤੱਕਿਆ ਤਾਂ ਰਣਬੀਰ ਤ੍ਰਭਕ ਗਿਆ। ਉਸ ਨੂੰ ਗੋਰੀ ਬਿਰਧ ਮਾਈ ਤੋਂ ਭੈਅ ਆਇਆ। ਉਸ ਨੇ ਫ਼ਿਰ 'ਸੌਰੀ-ਸੌਰੀ' ਦੀ ਰਟ ਲਾ ਲਈ।
 ''ਕੀ ਨਾਂ ਏਂ ਤੇਰਾ, ਯੰਗਮੈਨ?"
 ''ਰਣਬੀਰ, ਰਣਬੀਰ ਸਿੰਘ!"
 ''ਲੋਕਲ ਹੀ ਰਹਿੰਨੈਂ?"
 ''ਹਾਂ ਜੀ!"
 ''ਕੋਈ ਗੱਲ ਨਹੀਂ, ਘਬਰਾ ਨਾ! ਐਹੋ ਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਨੇ, ਚਿੰਤਾ ਨਾ ਕਰ!" ਬੁੱਢੀ ਨੇ ਉਸ ਨੂੰ ਧਰਵਾਸ ਦਿੱਤਾ।

 ਰਣਬੀਰ ਦਾ ਮਨ ਹਲਕਾ ਹੋ ਗਿਆ।

 ''ਕਿਹੜੀ ਰੋਡ 'ਤੇ ਰਹਿੰਨੈ?"
 ''ਹਾਈ ਰੋਡ 'ਤੇ, ਇੱਕੀ ਨੰਬਰ 'ਚ!"
 ''ਇੱਕੀ ਹਾਈ ਰੋਡ? ਕੋਈ ਗੱਲ ਨਹੀਂ! ਫ਼ਿਕਰ ਨਾ ਕਰ! ਅਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਹਨ!"

 ਉਹਨਾਂ ਦੇ ਗੱਲਾਂ ਕਰਦਿਆਂ-ਕਰਦਿਆਂ ਦੋ-ਚਾਰ ਗੋਰੇ ਹੋਰ ਇਕੱਠੇ ਹੋ ਗਏ।

 ''ਤੂੰ ਜਾਹ ਯੰਗਮੈਨ!" ਬੁੱਢੀ ਨੇ ਪੋਲਾ ਜਿਹਾ ਮੋਢਾ ਥਾਪੜਦਿਆਂ ਰਣਬੀਰ ਨੂੰ ਕਿਹਾ।

 ਉਹ ਸਾਈਕਲ ਚੁੱਕ ਘਰ ਨੂੰ ਤੁਰ ਪਿਆ।

 ਬੁੱਢੀ ਇਕੱਠੇ ਹੋਏ ਗੋਰਿਆਂ ਨਾਲ ਗੱਲੀਂ ਲੱਗ ਗਈ।

  ...ਤੇ ਤੀਸਰੇ ਦਿਨ ਰਣਬੀਰ ਨੂੰ ਬੁੱਢੀ ਦੇ 'ਕਲੇਮ' ਦਾ ਇੱਕ ਪੱਤਰ ਮਿਲਿਆ, ਜੋ ਬੁੱਢੀ ਦੇ ਵਕੀਲ ਪੁੱਤਰ ਵੱਲੋਂ ਲਿਖਿਆ ਗਿਆ ਸੀ। ਲਿਖਿਆ ਸੀ ਕਿ ਜਾਂ ਤਾਂ ਇਸ ਬੁੱਢੀ ਮਾਈ ਨੂੰ ਤਿੰਨ ਹਜ਼ਾਰ ਪੌਂਡ 'ਮੁਆਵਜ਼ਾ' ਦਿੱਤਾ ਜਾਵੇ ਅਤੇ ਨਹੀਂ ਤਾਂ ਕੋਰਟ ਕੇਸ ਲਈ ਤਿਆਰ ਰਹੋ! ਰਣਬੀਰ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ। ਤਿੰਨ ਹਜ਼ਾਰ ਪੌਂਡ? ਪੈਸੇ ਪੱਖੋਂ ਤਾਂ ਉਸ ਦੀ ਜਾਨ ਅੱਗੇ ਦੁਸਾਂਗ ਵਿੱਚ ਫ਼ਸੀ ਹੋਈ ਸੀ ਅਤੇ ਹੁਣ ਉਸ ਨੂੰ ਬੁੱਢੀ ਦੇ ਵਕੀਲ ਪੁੱਤਰ ਦਾ ਜਿੰਨ ਸਤਾਉਣ ਲੱਗ ਪਿਆ ਸੀ! ਰਣਬੀਰ ਜ਼ਿੰਦਗੀ ਪੱਖੋਂ ਘੋਰ ਨਿਰਾਸ਼ ਅਤੇ ਉਦਾਸ ਹੋ ਗਿਆ ਅਤੇ ਡੀਪਰੈੱਸ਼ਨ ਦਾ ਸ਼ਿਕਾਰ ਹੋ ਗਿਆ। ਜਦ ਉਸ ਨੇ ਆਪਣੇ ਯਾਰਾਂ-ਮਿੱਤਰਾਂ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਹ ਵਲਾਇਤੀ ਜਨ-ਜੀਵਨ ਦੇ ਤਜਰਬੇ ਪੱਖੋਂ ਕੋਰੇ ਹੋਣ ਕਾਰਨ ਲਾਪ੍ਰਵਾਹਾਂ ਵਾਂਗ ਹੱਸ ਕੇ ਹੀ ਚੁੱਪ ਹੋ ਗਏ। ਰਣਬੀਰ ਦੀ ਜ਼ਿੰਦਗੀ ਨਰਕ ਬਣ ਗਈ। ਉਸ ਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀ। ਡੀਪਰੈੱਸ਼ਨ ਵੱਧਦਾ ਹੀ ਜਾ ਰਿਹਾ ਸੀ। ਇੱਕ ਰਾਤ ਉਹ ਅਥਾਹ ਬੇਚੈਨ ਹੋ ਗਿਆ ਅਤੇ ਉਸ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਸੀ। ਅਚਾਨਕ ਉਸ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਦੀ ਲੰਘਦੀ ਗੱਡੀ ਦੀ ਚੀਕ ਸੁਣਾਈ ਦਿੱਤੀ, ਜੋ ਉਸ ਦੀ ਰੂਹ ਵਾਂਗ ਹੀ ਹਉਕੇ ਜਿਹੇ ਲੈਂਦੀ, ਕੂਕ ਰਹੀ ਸੀ! ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਹ ਫ਼ੁਰਤੀ ਨਾਲ ਉਠਿਆ ਅਤੇ ਨੰਗੇ ਪੈਰੀਂ ਰੇਲਵੇ ਲਾਈਨ ਨੂੰ ਤੁਰ ਪਿਆ ...! ਬੱਸ ਇਹੀ ਉਸ ਦਾ 'ਆਖ਼ਰੀ ਦਾਅ' ਰਹਿ ਗਿਆ ਸੀ। ਰੇਲਵੇ ਲੀਹ ਵੱਲ ਤੁਰੇ ਜਾਂਦੇ ਰਣਬੀਰ ਨੂੰ ਆਪਣੇ ਘਰ ਦੇ ਜੀਅ ਤਾਂ ਕੀ, ਆਪਣੇ ਪਸ਼ੂ ਵੀ ਯਾਦ ਆ ਰਹੇ ਸਨ ...!

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com