ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਕਹਾਣੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ ਯੂ. ਕੇ.

 

 

ਜ਼ਿੰਦਗੀ ਦੇ ਸਫ਼ਰ ਵਿੱਚ ਕੁੱਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਜ਼ਿੰਦਗੀ ਭਰ ਨਹੀਂ ਭੁੱਲਦੀਆਂ। ਅਜਿਹੀ ਇੱਕ ਘਟਨਾ ਜੋ ਕਈ ਸਾਲ ਪਹਿਲਾਂ ਉਦੋਂ ਵਾਪਰੀ ਜਦੋਂ ਰਾਮਗੜ੍ਹੀਆ ਪੌਲੀਟੈਕਨਿਕ ਫ਼ਗਵਾੜਾ ਦੇ ਅਸੀਂ ਵਿਦਿਆਰਥੀ ਆਪਣੇ ਟੈਕਨੀਕਲ ਟੂਰ ਦਾ ਸਫ਼ਰ ਤੈਅ ਕਰਦੇ ਹੋਏ ਦੋ ਕੋਚਾਂ ਵਿੱਚ ਸਵਾਰ ਆਪਣੇ ਸਫ਼ਰ ਦੇ ਦੂਸਰੇ ਪੜਾਅ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿਕਾਸਸ਼ੀਲ ਕਸਬੇ ਸੁੰਦਰ ਨਗਰ, ਇੱਕ ਚਾਹ ਦੀ ਦੁਕਾਨ ਉੱਤੇ ਥੋੜੀ ਦੇਰ ਲਈ ਰੁਕੇ।

ਵਿਦਿਆਰਥੀ ਜੀਵਨ ਵਿੱਚ ਯਾਰੀਆਂ, ਦੋਸਤੀਆਂ, ਦੁਸ਼ਮਣੀਆਂ ਦੀ ਆਮ ਭਰਮਾਰ ਹੁੰਦੀ ਹੈ, ਜਿਸ ਨਾਲ ਗੁੱਟਬਾਜ਼ੀ ਦਾ ਪੈਦਾ ਹੋਣਾ ਵੀ ਇੱਕ ਆਮ ਗੱਲ ਹੁੰਦੀ ਹੈ। ਇਸੇ ਤਰ੍ਹਾਂ ਇਸ ਟੂਰ ਵਿੱਚ ਵੀ ਕੁੱਝ ਗੁੱਟਬਾਜ਼ੀ ਬਣੀ ਹੋਈ ਸੀ ਅਤੇ ਮੇਰੇ ਗੁੱਟ ਵਿੱਚ ਛੇ ਦੋਸਤਾਂ ਦੀ ਇੱਕ ਸਲਾਹ ਸੀ ਅਤੇ ਗੁੱਟ ਦਾ ਫ਼ੈਸਲਾ ਇਹ ਸੀ ਕਿ ਟੂਰ ਦੌਰਾਨ ਕਿਸੇ ਵੀ ਤਰ੍ਹਾਂ ਦੇ ਹਾਲਾਤ ਵਿੱਚ ਅਸੀਂ ਇਕੱਠੇ ਰਹਿਣਾ ਹੈ ਅਤੇ ਖ਼ਰਚ ਪਾਣੀ ਲਈ ਇੱਕ ਬੰਦੇ ਕੋਲ ਹੀ ਪੈਸੇ ਦੇਣੇ ਹਨ ਤਾਂਕਿ ਉਹ ਬੰਦਾ ਹੀ ਗਰੁੱਪ ਦਾ ਸਾਰਾ ਖ਼ਰਚ ਦੇਣ ਅਤੇ ਹਿਸਾਬ ਰੱਖਣ ਲਈ ਜ਼ਿੰਮੇਵਾਰ ਹੋਵੇ ਅਤੇ ਟੂਰ ਦੇ ਅਖੀਰ ਵਿੱਚ ਸਾਰਾ ਵਾਧਾ ਘਾਟਾ ਗਿਣ ਗੱਠ ਲਿਆ ਜਾਵੇ। ਇਸ ਫ਼ੈਸਲੇ ਤਹਿਤ ਮੇਰੇ ਗਰੁੱਪ ਨੇ ਇਹ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਧਰ ਦਿੱਤੀ। ਕਹਿਣ ਦਾ ਭਾਵ ਹੈ ਕਿ ਇਹ ਮੇਰੀ ਜ਼ਿੰਮੇਵਾਰੀ ਸੀ ਕਿ ਜਿੱਥੇ ਕਿੱਥੇ ਵੀ ਅਸੀਂ ਕੁੱਝ ਖਾਣਾ ਪੀਣਾ ਹੋਵੇ ਉੱਥੇ ਮੈਂ ਹੀ ਸਾਰਾ ਦੇਣ ਲੈਣ ਕਰਾਂ।

ਖ਼ੈਰ ਸੁੰਦਰ ਨਗਰ ਰੁਕ ਕੇ ਸਾਰਿਆਂ ਨੇ ਸਲਾਹ ਕੀਤੀ ਕਿ ਚਾਹ ਪੀਤੀ ਜਾਵੇ ਅਤੇ ਕੁੱਝ ਖਾਧਾ ਵੀ ਜਾਵੇ ਕਿਉਂਕਿ ਲੰਬਾ ਸਫ਼ਰ ਹੋਣ ਕਰਕੇ ਅਸੀਂ ਕਈ ਘੰਟਿਆਂ ਬਾਦ ਰੁਕੇ ਸਾਂ। ਅਸੀਂ ਇੱਕ ਛੋਟੀ ਜਿਹੀ ਚਾਹ ਦੀ ਦੁਕਾਨ ਉੱਤੇ ਗਏ ਜਿਸ ਨੂੰ ਚਲਾਉਣ ਵਾਲਾ ਹਿਮਾਚਲ ਪ੍ਰਦੇਸ਼ ਦਾ ਇੱਕ ਹਿੰਦੂ ਸੀ ਜਿਸ ਦਾ ਬੋਲਚਾਲ ਦਾ ਪਹਾੜੀ ਲਹਿਜਾ ਸਾਨੂੰ ਅਜੀਬ ਜਿਹਾ ਪ੍ਰਤੀਤ ਹੋਇਆ। ਦੁਕਾਨ ਉੱਤੇ ਪਹੁੰਚਦਿਆਂ ਮੈਂ ਛੇ ਕੱਪ ਚਾਹ ਦਾ ਆਰਡਰ ਦੇ ਦਿੱਤਾ ਅਤੇ ਇਸ ਦੇ ਨਾਲ ਹੀ ਮੈਂ ਆਪਣੇ ਦੋਸਤਾਂ ਨੂੰ ਪੁੱਛਿਆ, “ਕਿਉਂ ਬਈ ਕੁੱਝ ਖਾਣ ਦੀ ਵੀ ਸਲਾਹ ਹੈ?

“ਹਾਂ ਯਾਰ ਭੁੱਖ ਲੱਗੀ ਹੋਈ ਹੈ, ਇਸ ਲਈ ਜੋ ਵੀ ਮਿਲਦਾ ਹੈ ਲੈ ਲਓ” ਤਕਰੀਬਨ ਸਾਰੇ ਇੱਕੋ ਜ਼ੁਬਾਨ ਹੀ ਬੋਲੇ।

ਮੈਂ ਦੇਖਿਆ ਕਿ ਦੁਕਾਨਦਾਰ ਦੇ ਸ਼ੋਅਕੇਸ ਉੱਤੇ ਸ਼ੀਸ਼ੇ ਵਾਲੇ ਪੀਪੇ ਅਤੇ ਮਰਤਬਾਨ ਰੱਖੇ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਖ਼ਸਤਾ ਮੱਠੀਆਂ ਰੱਖੀਆਂ ਹੋਈਆਂ ਸਨ। ਨਮਕੀਨ ਖ਼ਸਤਾ ਮੱਠੀਆਂ ਖਾਣ ਨੂੰ ਕਿਹਦਾ ਦਿਲ ਨਹੀਂ ਕਰਦਾ? ਮੱਠੀਆਂ ਦਾ ਆਰਡਰ ਦੇਣ ਲਈ ਮੈਂ ਦੁਕਾਨਦਾਰ ਨੂੰ ਕਿਹਾ, “ਹਾਂ ਬਈ ਇਸ ਤਰ੍ਹਾਂ ਕਰ ਕਿ ਸਾਨੂੰ ਬਾਰਾਂ ਮੱਠੀਆਂ ਵੀ ਲਿਆ ਦੇਹ”।
ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਦੁਕਾਨਦਾਰ ਨੇ ਮੇਰੇ ਵੱਲ ਘੂਰ ਕੇ ਦੇਖਿਆ ਅਤੇ ਤਲਖ਼ ਆਵਾਜ਼ ਵਿੱਚ ਬੋਲਿਆ, “ਕੀ ਕਿਹਾ ਸਰਦਾਰ ਜੀ”?
ਮੈਂ ਸਮਝਿਆ ਕਿ ਸ਼ਾਇਦ ਉਸ ਨੂੰ ਮੇਰਾ ਆਰਡਰ ਚੰਗੀ ਤਰ੍ਹਾਂ ਸੁਣਿਆ ਨਹੀਂ ਸੀ ਅਤੇ ਮੈਂ ਦੁਬਾਰਾ ਕਹਿ ਦਿੱਤਾ, “ਬਾਰਾਂ ਮੱਠੀਆਂ ਲਿਆ ਦੇਹ ਬਈ”।
“ਸਰਦਾਰ ਜੀ ਮੂੰਹ ਸੰਭਾਲ ਕੇ ਗੱਲ ਕਰੋ ਜ਼ਰਾ”, ਉਸ ਦਾ ਕੜਕਵਾਂ ਜਵਾਬ ਆਇਆ। ਜਵਾਬ ਸੁਣ ਕੇ ਮੈਂ ਬੜਾ ਹੈਰਾਨ ਹੋਇਆ ਅਤੇ ਮੇਰੇ ਨਾਲ ਦੇ ਸਾਥੀ ਉਸ ਨਾਲ ਲੜਨ ਲਈ ਤਿਆਰ ਹੋ ਗਏ।
ਪਰ ਮੈਂ ਠਰ੍ਹੱਮੇ ਨਾਲ ਦੁਕਾਨਦਾਰ ਨੂੰ ਕਿਹਾ, “ਉਹ ਬਈ ਮੈਂ ਤਾਂ ਸਿਰਫ਼ ਖਾਣ ਲਈ ਮੱਠੀਆਂ ਹੀ ਮੰਗੀਆਂ ਹਨ ਜਿਹੜੀਆਂ ਇਹ ਸਾਹਮਣੇ ਤੇਰੇ ਕੋਲ ਪੀਪੇ ਵਿੱਚ ਪਈਆਂ ਹਨ, ਕੀ ਮੈਂ ਕੋਈ ਮਾੜੀ ਗੱਲ ਕਹੀ ਹੈ”?
ਮੇਰੇ ਇਸ਼ਾਰੇ ਵੱਲ ਦੇਖ ਕੇ ਉਸ ਦਾ ਪਾਰਾ ਜਿਸ ਤਰ੍ਹਾਂ ਇੱਕ ਦਮ ਚੜ੍ਹਿਆ ਸੀ ਉਸੇ ਤਰ੍ਹਾਂ ਹੀ ਇੱਕ ਦਮ ਉੱਤਰ ਗਿਆ ਅਤੇ ਸ਼ਰਮਿੰਦਾ ਜਿਹਾ ਹੋਕੇ ਬੋਲਿਆ, “ਅੱਛਾ ਅੱਛਾ, ਤੁਸੀਂ ਖਾਣ ਲਈ ਮਠੜੀਆਂ ਮੰਗ ਰਹੇ ਓ”।
“ਹਾਂ, ਚੱਲ ਮਠੜੀਆਂ ਹੀ ਸਹੀ, ਪਰ ਤੈਨੂੰ ਇੰਨਾ ਗੁੱਸਾ ਕਿਸ ਗੱਲੋਂ ਆਇਆ”? ਮੈਂ ਕਿਹਾ।
“ਸਰਦਾਰ ਜੀ ਅਸੀਂ ਇਨ੍ਹਾਂ ਨੂੰ ਮਠੜੀਆਂ ਕਹਿੰਦੇ ਹਾਂ, ਮੱਠੀਆਂ ਨਹੀਂ। ਪਰ ਜੋ ਤੁਸੀਂ ਮੰਗ ਰਹੇ ਸੀ, ਉਹ ਫ਼ੇਰ ਨਾ ਮੰਗਣਾ ਇੱਧਰ”।
“ਕਿਉਂ ਇਸ ਵਿੱਚ ਕੀ ਹਰਜ਼ ਹੈ”? ਮੈਂ ਉਤਸੁਕਤਾ ਨਾਲ ਪੁੱਛਿਆ।
“ਅਸੀਂ ਇੱਧਰ ਕੁੜੀਆਂ ਨੂੰ ਮੱਠੀਆਂ ਕਹਿੰਦੇ ਹਾਂ, ਇਸ ਗੱਲ ਦਾ ਖਿਆਲ ਰੱਖਿਓ, ਨਹੀਂ ਤਾਂ ਲੜਾਈ ਹੋ ਸਕਦੀ ਹੈ”।

ਇਹ ਸੁਣਦੇ ਸਾਰ ਹੀ ਸਾਡੇ ਸਭਨਾ ਦੇ ਚਿਹਰਿਆਂ ਦੇ ਤਣਾਓ, ਹਾਸੇ ਵਿੱਚ ਬਦਲ ਗਏ। ਸਾਡੇ ਨਾਲ ਦੁਕਾਨਦਾਰ ਵੀ ਹੱਸ ਪਿਆ। ਸਾਡਾ ਹੱਸਦਿਆਂ ਹੱਸਦਿਆਂ ਚਾਹ ਪੀਣ ਅਤੇ ਮਠੜੀਆਂ ਖਾਣ ਦਾ ਮਜ਼ਾ ਹੋਰ ਵੀ ਦੂਣ ਸਵਾਇਆ ਹੋ ਗਿਆ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ. ਕੇ.

 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)