ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਕਹਾਣੀ

ਤਲਾਕ
ਵਰਿੰਦਰ ਆਜ਼ਾਦ

 

 

ਔਰਤ ਅਤੇ ਮਰਦ ਦਾ ਰਿਸ਼ਤਾ ਕੁਦਰਤ ਦਾ ਬਣਿਆ ਹੋਇਆ ਰਿਸ਼ਤਾ ਹੈ। ਕਹਿੰਦੇ ਨੇ ਜੋੜੀਆਂ ਤਾਂ ਉਪਰੋਂ ਬਣ ਕੇ ਆਉਂਦੀਆਂ ਹਨ ਬਾਕੀ ਤਾਂ ਹੀਲੇ ਵਸੀਲੇ ਹੁੰਦੇ ਹਨ। ਸਮੇਂ ਅਨੁਸਾਰ ਔਰਤ ਤੇ ਮਰਦ ਦੇ ਸਬੰਧ ਬਣ ਜਾਂਦੇ ਹਨ, ਸੰਯੋਗ ਜੋਰਾਵਾਰ ਹੁੰਦੇ ਹਨ, ਜਿੰਨ੍ਹੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਸੰਯੋਗ ਬਣ ਕੇ ਰਹਿੰਦੇ ਹਨ ਅਤੇ ਜਦ ਕੁੱਦਰਤ ਨੂੰ ਇਹ ਸਬੰਧ ਮੰਨਜੂਰ ਨਹੀਂ ਹੁੰਦੇ ਤਾਂ ਦਿਲਾਂ ਵਿੱਚ ਫ਼ਰਕ ਪੈ ਜਾਂਦੇ ਹਨ। ਵਿਚਾਰਾਂ ਵਿੱਚ ਟਾਕਰਾ ਨਿਸ਼ਚਤ ਹੋ ਜਾਂਦਾ ਹੈ। ਇੱਕ ਦੂਜੇ ਨੂੰ ਅਲੱਗ ਕਰਨ ਵਾਲੇ ਹਾਲਾਤ ਪੈਦਾ ਹੋ ਜਾਂਦੇ ਹਨ। ਫਿਰ ਸਦਾ ਲਈ ਵਿਛੜ ਜਾਣ ਤੇ ਵੀ ਕੋਈ ਪਛਤਾਵਾ ਨਹੀਂ ਹੁੰਦਾ। ਰਿਸ਼ਤਿਆਂ ਦੇ ਟੁੱਟ ਜਾਣ ਤੇ ਖੁਸ਼ੀ ਹੁੰਦੀ ਹੈ। ਇਹ ਕਹਿਣਾ ਔਖਾ ਹੁੰਦਾ ਹੈ ਕਿ ਕੌਣ ਠੀਕ ਹੈ ਤੇ ਕੌਣ ਗਲਤ? ਤਲਾਕ ਤਾਂ ਸਮਾਜਿਕ ਅਤੇ ਕਾਨੂੰਨੀ ਤੌਰ ਤੇ ਇੱਕ ਰਸਮ ਹੈ। ਵੈਸੇ ਵੀ ਅਗਰ ਦਿੱਲ ਵਿੱਚ ਫਰਕ ਆ ਜਾਵੇ, ਗਲਤਫਹਿਮੀਆਂ ਭਾਰੂ ਹੋ ਜਾਣ, ਸਮਝੋਤਿਆਂ ਦੀ ਗੁੰਜਾਇਸ਼ ਖ਼ਤਮ ਹੋ ਜਾਵੇ, ਤਾਂ ਰਿਸ਼ਤਿਆਂ ਦੀ ਲਾਸ਼ ਨੂੰ ਢੋਹਣ ਨਾਲੋਂ ਰਿਸ਼ਤਿਆਂ ਦਾ ਸਦਾ ਸਦਾ ਲਈ ਖਤਮ ਹੋ ਜਾਣਾ ਹੀ ਬਿਹਤਰ ਹੁੰਦਾ ਹੈ।

ਅੱਜ ਰੋਸ਼ਨੀ ਅਤੇ ਸੰਜੀਵ ਦੀ ਆਖਰੀ ਤਰੀਕ ਸੀ। ਆਖਰੀ ਦੀ ਤਾਰੀਕ ਕਾਹਦੀ ਸੀ, ਜਿੰਦਗੀ ਵਿੱਚ ਮਿਲਣ ਦੀ ਆਖਰੀ ਤਰੀਕ ਸੀ। ਰੋਸ਼ਨੀ ਅਤੇ ਸੰਜੀਵ ਨੂੰ ਇੱਕਠਿਆਂ ਆਵਾਜ਼ ਪਈ। ਜੱਜ ਰੋਸ਼ਨੀ ਅਤੇ ਸੰਜੀਵ ਦੇ ਕਾਗਜ਼ ਦੇਖਦਿਆਂ ਬੋਲਿਆ, “ਤੁਹਾਨੂੰ ਦੋਹਾਂ ਨੂੰ ਤਾਲਾਕ ਚਾਹੀਦਾ ਹੈ ਜਾਂ ਇੱਕਠਿਆਂ ਰਹਿਣ ਦਾ ਫੈਂਸਲਾ ਕੀਤਾ ਹੈ?” ਜੀ ਸਾਨੂੰ ਤਲਾਕ ਚਾਹੀਦਾ ਹੈ। ਜੱਜ ਨੇ ਫਿਰ ਪੁੱਛਿਆ “ਚੰਗੀ ਤਰ੍ਹਾਂ ਸੋਚ ਲਿਆ ਹੈ, ਘਰ ਮੁੱੜ-ਮੁੱੜ ਨਹੀਂ ਵੱਸਦੇ? ਜੀ ਸਾਨੂੰ ਬੱਸ ਤਾਲਾਕ ਚਾਹੀਦਾ ਹੈ, ਹੋਰ ਕੁੱਝ ਨਹੀਂ। ਅਸੀਂ ਦੋਵੇਂ ਪਤੀ-ਪਤਨੀ  ਦੇ ਤੌਰ ਤੇ ਨਹੀਂ ਰਹਿ ਸਕਦੇ।” ਜੱਜ ਨੇ ਤਲਾਕ ਦੀ ਅਰਜ਼ੀ ਤੇ ਸਾਈਨ ਕੀਤੇ ਤੇ ਮੋਹਰ ਲਾ ਦਿੱਤੀ ਤੇ ਕਹਿਣ ਲੱਗਾ, “ਲਉ ਜੀ ਤਲਾਕ ਹੋ ਗਿਆ, ਅੱਜ ਤੋਂ ਤੁਸੀਂ ਦੋਵੇਂ ਆਜ਼ਾਦ, ਦੋਵੇਂ ਪਤੀ ਪਤਨੀ ਨਹੀਂ।”

ਦੋਵੇਂ ਕਮਰੇ ਵਿੱਚੋਂ ਬਾਹਰ ਆ ਗਏ, ਰੋਸ਼ਨੀ ਆਪਣੇ ਪਿਉ, ਮਾਮੇ ਅਤੇ ਹੋਰ ਰਿਸ਼ਤੇਦਾਰਾਂ ਕੋਲ ਚਲੀ ਗਈ ਤੇ ਸੰਜੀਵ ਆਪਣੇ ਮਾਤਾ-ਪਿਤਾ, ਮਾਮੇ, ਭਰਾ ਅਤੇ ਮਾਸੀ ਦੇ ਮੁੰਡੇ ਦੇ ਕੋਲ ਆ ਗਿਆ। ਰੋਸ਼ਨੀ ਦੇ ਪਿਉ ਨੂੰ ਵਕੀਲ ਕਹਿਣ ਲੱਗਾ ਕਿ ਤਾਲਾਕ ਦੀ ਕਾਪੀ ਤੁਹਾਨੂੰ ਕੁੱਝ ਹਫਤਿਆਂ ਬਾਅਦ ਮਿਲ ਜਾਵੇਗੀ। ਰੋਸ਼ਨੀ ਆਟੋ ਤੇ ਬਹਿ ਕੇ ਆਪਣੇ ਘਰ ਚਲੀ ਗਈ। ਸੰਜੀਵ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਘਰ ਚਲਿਆ ਗਿਆ। ਤਾਲਾਕ ਸਿਰਫ ਰੋਸ਼ਨੀ ਅਤੇ ਸੰਜੀਵ ਦਾ ਹੀ ਨਹੀਂ ਹੋਇਆ ਸੀ ਸਗੋਂ ਇਸ ਤਾਲਾਕ ਨਾਲ ਦੋ ਪਰਿਵਾਰਾ ਦੀ ਸਾਂਝ ਸਦਾ ਸਦਾ ਲਈ ਖਤਮ ਹੋ ਗਈ।

ਤਲਾਕ ਉਸ ਸਮੇਂ ਹੁੰਦਾ ਹੈ ਜਦ ਰਿਸ਼ਤਿਆਂ ਵਿੱਚ ਹੱਦ ਤੋਂ ਵੱਧ ਕੁੜੱਤਣ ਪੈਦਾ ਹੋ ਜਾਵੇ। ਇਹਨਾਂ ਛੇ ਸਾਲਾਂ ਵਿੱਚ ਰੋਸ਼ਨੀ ਕੇਵਲ ਅੱਠ ਮਹੀਨੇ ਹੀ ਆਪਣੇ ਸਹੁਰੇ ਘਰ ਰਹੀ। ਕਾਫੀ ਸਮਾਂ ਪੇਕੇ। ਸੰਜੀਵ ਨੇ ਰੋਸ਼ਨੀ ਅਤੇ ਬੱਚੇ ਸਮੇਤ ਘਰੋਂ ਪੈਰ ਕਾਹਦੇ ਕੱਢੇ, ਉਸ ਦਾ ਘਰ ਪਰਿਵਾਰ ਸਦਾ ਲਈ ਉੱਜੜ ਗਿਆ। ਕਾਫੀ ਦੇਰ ਰੋਸ਼ਨੀ ਆਪਣੇ ਪੇਕੇ ਘਰ ਬੈਠੀ ਰਹੀ। ਇੱਕ ਦਿਨ ਸੰਜੀਵ ਦੇ ਪਿਤਾ ਦਲੀਪ ਚੰਦ ਨੇ ਆਪਣੇ ਇੱਕ ਵਕੀਲ ਦੋਸਤ ਨਾਲ ਗੱਲ ਕੀਤੀ। “ਰਮੇਸ਼ ਜੀ, ਸੰਜੀਵ ਦੀ ਪਤਨੀ ਕਾਫੀ ਸਮੇਂ ਤੋਂ ਆਪਣੇ ਪੇਕੇ ਘਰ ਬੈਠੀ ਹੈ ਕੀ ਕੀਤਾ ਜਾਵੇ?”

ਵਕੀਲ ਦੋਸਤ ਰਮੇਸ਼ ਕਹਿਣ ਲੱਗਾ, ਦਲੀਪ ਚੰਦ ਜੀ ਦੇਖੋ! ਅੱਜ ਕੱਲ੍ਹ ਬਹੁੱਤ ਸਾਰੇ ਕਨੂੰਨ ਲੜਕੀ ਦੇ ਹੱਕ ਵਿੱਚ ਹੀ ਕੰਮ ਕਰਦੇ ਹਨ। ਅਗਰ ਉਹਨਾਂ ਨੇ ਕੁੱਝ ਉਲਟਾ-ਪੁਲਟਾ ਕੇਸ ਕਰ ਦਿੱਤਾ ਤਾਂ ਤੁਹਾਡੇ ਲਈ ਮੁਸ਼ਕਿਲ ਪੈਦਾ ਹੋ ਸਕਦੀ ਹੈ। ਇੱਕ ਤਾਂ ਪੈਸਾ ਦੇਣਾ ਪਵੇਗਾ, ਮੁੰਡੇ ਨੂੰ ਜੇਲ੍ਹ ਵੀ ਹੋ ਸਕਦੀ ਹੈ। ਫਿਰ ਤੁਸੀਂ ਵੀ ਸਰਕਾਰੀ ਮੁਲਾਜ਼ਮ ਹੋ ਅਗਰ ਕੋਈ ਖਤਰਨਾਕ ਇਲਜ਼ਾਮ ਤੁਹਾਡੇ ਤੇ ਲੱਗਾ ਤਾਂ ਤੁਹਾਡੀ ਨੌਕਰੀ ਵੀ ਜਾ ਸਕਦੀ ਹੈ। ਦਲੀਪ ਚੰਦ ਜੀ ਬੰਦੇ ਨੂੰ ਦੂਰ ਅੰਦੇਸ਼ੀ ਹੋਣਾ ਚਾਹੀਦਾ ਹੈ, ਕੁੱਝ ਵੀ ਹੋ ਸਕਦਾ ਹੈ ਅਤੇ ਉਸ ਸੱਭ ਕੁੱਝ ਦਾ ਮੁਕਾਬਲਾ ਕਰਨ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ।

ਅੱਛਾ ਫਿਰ ਕੀ ਕੀਤਾ ਜਾਵੇ? ਦਲੀਪ ਚੰਦ ਨੇ ਪੁੱਛਿਆ।

“ਤੁਸੀਂ ਪਹਿਲਾਂ ਇਹ ਦੱਸੋ ਕਿ ਆਪਣੀ ਨੂੰਹ ਨੂੰ ਰੱਖਣਾ ਚਾਹੁੰਦੇ ਹੋ ਜਾਂ ਨਹੀਂ?” ਰਮੇਸ਼ ਨੇ ਸਵਾਲ ਕੀਤਾ। ਦਲੀਪ ਚੰਦ ਕਹਿਣ ਲੱਗਾ, “ਦੇਖੋ ਜੀ ਸਾਡੇ ਚਾਹੁੰਣ ਜਾਂ ਨਾ ਚਾਹੁਣ ਨਾਲ ਕੀ ਹੁੰਦਾ ਹੈ। ਕਿਹੜਾ ਮਾਂ-ਬਾਪ ਹੈ ਜੋ ਆਪਣੇ ਧੀ-ਪੁੱਤ ਦਾ ਘਰ ਉੱਜਾੜੇਗਾ? ਘਰ ਵਸਾਉਣ ਵਾਸਤੇ ਹਰ ਤਰ੍ਹਾਂ ਦੇ ਸਮਝਾਉਤੇ ਕੀਤੇ ਜਾ ਸਕਦੇ ਹਨ। ਪਹਿਲਾਂ ਉਸਨੇ ਕਿਹਾ ਘਰੋਂ ਬਾਹਰ ਰਹਿਣਾ ਹੈ, ਅਸੀਂ ਉਹ ਵੀ ਕਰ ਦਿੱਤਾ। ਅਸੀਂ ਉਸਦੇ ਨਾਲ ਨਹੀਂ ਸੀ ਤੇ ਉਹ ਫਿਰ ਵੀ ਨਾ ਰਹੀ। ਇਸ ਵਿੱਚ ਸਾਡਾ ਕੀ ਕਸੂਰ? ਵੈਸੇ ਮੈਨੂੰ ਇਸ ਕੁੜੀ ਦੇ ਘਰ ਵਸਾਉਣ ਦੇ ਲੱਛਣ ਨਜ਼ਰ ਨਹੀਂ ਆਉਂਦੇ। “ਤੇ ਫਿਰ ਠੀਕ ਹੈ ਅਸੀਂ ਕੁੜੀ ਨੂੰ ਘਰ ਵਸਾਉਣ ਦਾ ਦਾਅਵਾ ਪੇਸ਼ ਕਰ ਦਿੰਦੇ ਹਾਂ।“ ਕੁੱਝ ਕਾਗਜ਼ ਭਰੇ ਗਏ ਅਤੇ ਵਕੀਲ ਨੇ ਡਾਕ ਰਾਹੀਂ ਰੋਸ਼ਨੀ ਦੇ ਘਰ ਸੰਮਨ ਭੇਜ ਦਿੱਤੇ। ਅਦਾਲਤ ਦੀ ਪਹਿਲੀ ਤਰੀਕ ਪਈ। ਸੰਜੀਵ ਤੇ ਉਸਦੇ ਪਰਿਵਾਰ ਨੇ ਸੋਚਿਆ ਕਿ ਰੋਸ਼ਨੀ ਤੇ ਉਸਦਾ ਪਰਿਵਾਰ ਅਦਾਲਤ ਵਿੱਚ ਤਰੀਕ ਭੁਗਤਣ ਜ਼ਰੂਰ ਆਉਣਗੇ। ਪਰ ਅਦਾਲਤ ਦੇ ਬਾਹਰ ਆਸ-ਪਾਸ ਕੋਈ ਵੀ ਨਜ਼ਰ ਨਹੀਂ ਆਇਆ।

ਸੁਰਿੰਦਰ, ਸੰਜੀਵ ਦਾ ਰਾਜਨੀਤਿਕ ਦੋਸਤ ਹੈ। ਉਸਨੂੰ ਅਦਾਲਤ ਕਚਹਿਰੀਆਂ ਦੇ ਕੰਮ ਦਾ ਬਹੁੱਤ ਤਜ਼ੁਰਬਾ ਹੈ, ਉਸਦੇ ਨਾਲ ਸੰਜੀਵ ਦੇ ਬਚਪਨ ਦਾ ਦੋਸਤ ਜਸਪਾਲ ਹੈ। ਉਹਨਾਂ ਦੀ ਰਾਜਨੀਤਿਕ ਪਾਰਟੀ ਦੀ ਇਸਤਰੀ ਸਾਥੀ ਮੈਡਮ ਨੀਲਮ ਜਿਸਨੇ ਕੌਂਸਲਰ ਦੀ ਇਲੈਕਸ਼ਨ ਲੜੀ ਸੀ, ਭਾਵੇਂ ਉਹ ਤੀਸਰੇ ਨੰਬਰ ਤੇ ਰਹੀ ਸੀ, ਪਰ ਇਲਾਕੇ ਵਿੱਚ ਉਸਦਾ ਆਧਾਰ ਬਣ ਗਿਆ ਸੀ। ਜਿਲ੍ਹਾ ਪਾਰਟੀ ਪ੍ਰਧਾਨ ਮਨਜੀਤ ਸਿੰਘ ਦਾ ਵੀ ਸੰਜੀਵ ਦੀ ਮਦਦ ਵਿੱਚ ਭਰਪੂਰ ਹੱਥ ਰਿਹਾ। ਜਦ ਉਸ ਨੂੰ ਪਤਾ ਲੱਗਿਆ ਕਿ ਸੰਜੀਵ ਦਾ ਆਪਣੀ ਪਤਨੀ ਨਾਲ ਝਗੜਾ ਚਲਦਾ ਪਿਆ ਹੈ ਤਾਂ ਉਸ ਨੇ ਕਿਹਾ ਸੀ ਕਿ “ਸੰਜੀਵ ਦੱਸ ਤੇਰਾ ਇਰਾਦਾ ਕੀ ਹੈ, ਤੇਰੀ ਜ਼ਨਾਨੀ ਨੂੰ ਲੈ ਆਈਏ? ਮੈਨੂੰ ਤੇਰੇ ਬਾਰੇ ਸੁਣ ਕੇ ਬੜ੍ਹਾ ਦੁੱਖ ਹੋਇਆ ਹੈ। ਮੈਨੂੰ ਤਾਂ ਸੁਰਿੰਦਰ ਨੇ ਦੱਸਿਆ ਕਿ ਤੇਰਾ ਤੇਰੀ ਜ਼ਨਾਨੀ ਨਾਲ ਝਗੜਾ ਚੱਲ ਰਿਹਾ ਹੈ। ਮੈਂ ਤਾਂ ਆਪਣੇ ਪਤੀ ਨੂੰ ਛੱਡ ਬੈਠੀ ਹਾਂ, ਮੀਆਂ-ਬੀਵੀ ਦਾ ਰਿਸ਼ਤਾ ਕਾਫੀ ਨਾਜ਼ੁਕ ਹੁੰਦਾ ਹੈ। ਮੈਂ ਖੁਦ ਆਪਣੇ ਪਤੀ ਦਾ ਵਿਆਹ ਕੀਤਾ ਹੈ, ਕਿਉਂਕਿ ਮੇਰੇ ਔਲਾਦ ਨਹੀਂ ਹੋਣੀ ਸੀ ਅਤੇ ਡਾਕਟਰਾਂ ਨੇ ਵੀ ਜੁਆਬ ਦੇ ਦਿੱਤਾ ਸੀ। ਉਸ ਸਮੇਂ ਮੈਨੂੰ ਲੋਕਾਂ ਦੀਆਂ ਗੱਲਾਂ ਸਮਝ ਨਾ ਆਈਆਂ, ਜਦ ਸੱਭ ਕੁੱਝ ਖਤਮ ਹੋ ਗਿਆ ਤਾਂ ਅੱਖਾਂ ਖੁਲ੍ਹੀਆਂ। ਮੈਂ ਤਾਂ ਸੰਤਾਪ ਭੋਗ ਚੁੱਕੀ ਹਾਂ, ਸ਼ਾਇਦ ਤੇਰੀ ਗੱਲ ਬਣ ਜਾਵੇ, ਉਹ ਕੀ ਚਾਹੁੰਦੀ ਹੈ…? ਦੀਦੀ ਕੋਸ਼ਿਸ਼ ਕਰ ਕੇ ਦੇਖ ਲਉ, ਜੇ ਗੱਲ ਬਣ ਜਾਵੇ ਤਾਂ ਚੰਗਾ ਹੈ, ਰਿਸ਼ਤੇ ਕਿਹੜਾ ਰੋਜ਼ ਰੋਜ਼ ਹੁੰਦੇ ਹਨ, ਸੰਜੀਵ ਨੇ ਕਿਹਾ।

ਦਲੀਪ ਚੰਦ ਹੱਥ ਵਿੱਚ ਅਖਬਾਰ ਫੜ੍ਹੀ, ਸਕੂਟਰ ਦਾ ਸਟੈਂਡ ਲਾਉਂਦਿਆਂ ਹੋਇਆ ਬੋਲਿਆ, “ਆਹ ਵੇਖ! ਨੀਨਾ, ਆਪਣੀ ਨੂੰਹ ਦੀ ਕਰਤੂਤ, ਹੁਣ ਤਾਂ ਜੱਗ ਜਾਹਰ ਹੋ ਗਿਆ ਈ, ਉਸ ਦੇ ਪੇਕਿਆਂ ਦੇ ਮੁਹੱਲੇ ਦੀ ਖਬਰ, ਰੋਸ਼ਨੀ ਬਦਕਾਰੀ ਦਾ ਧੰਦਾ ਕਰਦੀ ਫੜ੍ਹੀ ਗਈ ਹੈ। ਇਹੋ ਜਿਹੀ ਜਨਾਨੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ…?

ਅੱਛਾ! ਮੈਂ ਕਿਹਾ ਬੰਦੇ ਤੋਂ ਬਗੈਰ ਕਿਦਾਂ ਰਹਿ ਰਹੀ ਹੈ, ਉਸਨੂੰ ਤਾਂ ਬੰਦੇ ਦੀ ਲੋੜ ਹੀ ਨਹੀਂ ਉਸ ਨੂੰ ਤਾਂ ਬਹੁੱਤ ਸਾਰੇ ਬੰਦੇ ਚਾਹੀਦੇ ਹਨ…. ਕੋਲ ਬੈਠੀ ਸੰਜੀਵ ਦੀ ਮਾਂ ਦੇ ਲਫਜ਼ ਸਨ। ਕੋਲ ਹੀ ਸੰਜੀਵ ਵੀ ਬੈਠਾ ਸੀ। “ਤੂੰ ਵੀ ਵੇਖ ਲੈ ਆਪਣੀ ਜ਼ਨਾਨੀ ਦੀਆਂ ਕਰਤੂਤਾਂ, ਉਸਦੇ ਮਗਰ ਮਗਰ ਤੁਰਿਆ ਫਿਰਦਾ ਹੈ, ਮੇਰੀ ਰੋਸ਼ਨੀ, ਮੇਰੀ ਰੋਸ਼ਨੀ, ਲਿਆ ਦਿਉ, ਵੇਖ ਲੈ ਆਪਣੀ ਰੋਸ਼ਨੀ ਦੀਆਂ ਕਰਤੂਤਾਂ..। ਅਖਬਾਰ ਦੀ ਖਬਰ ਪੜ੍ਹ ਕੇ ਸੰਜੀਵ ਸੁੰਨ ਜਿਹਾ ਹੋ ਗਿਆ, ਚਾਹੇ ਜੋ ਵੀ ਹੈ, ਪਰ ਸੰਜੀਵ ਦਾ ਮਨ ਨਹੀਂ ਮਨ ਰਿਹਾ ਸੀ ਲੇਕਿਨ ਖਾਮੋਸ਼ ਰਹਿਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਸੀ। ਸੁਰਿੰਦਰ ਅਤੇ ਜਸਪਾਲ ਨਾਲ ਵੀ ਇਸ ਖਬਰ ਬਾਰੇ ਗੱਲਬਾਤ ਕੀਤੀ। “ਜ਼ਰੁਰੀ ਨਹੀਂ ਹੁੰਦਾ ਜੋ ਸਾਨੂੰ ਦਿਖਾਈ ਦੇਵੇ ਉਹ ਸੱਚ ਹੋਵੇ, ਵੈਸੇ ਤੇਰੇ ਸਹੁਰਿਆਂ ਦੇ ਸ਼ਹਿਰ ਦਾ ਸਾਡੀ ਪਾਰਟੀ ਦਾ ਜਿਲ੍ਹਾ ਪ੍ਰਧਾਨ ਰਹਿੰਦਾ ਹੈ ਮੁਲਖ ਰਾਜ ਦੀ ਪੁਲਿਸ ਵਿੱਚ ਕਾਫੀ ਜਾਣ-ਪਹਿਚਾਣ ਹੈ। ਸਾਨੂੰ ਕਿਹੜਾ ਭੁਲਿਆ ਹੈ। ਮੈਂ ਜਸਪਾਲ ਅਤੇ ਮੈਡਮ ਨੀਲਮ ਤੇਰੇ ਸਹੁਰੇ ਜਾਵਾਂਗੇ। ਪਹਿਲਾਂ ਪਾਰਟੀ ਦੇ ਪ੍ਰਧਾਨ ਨੂੰ ਮਿਲਾਂਗੇ, ਫਿਰ ਤੇਰੇ ਸਹੁਰੇ ਘਰ ਜਾ ਕੇ ਗੱਲ ਬਾਤ ਮੁਕਾ ਲਵਾਂਗੇ।“ ਸੁਰਿੰਦਰ, ਸੰਜੀਵ ਦੇ ਸਹੁਰੇ ਗਿਆ, ਪਾਰਟੀ ਪ੍ਰਧਾਨ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ। ਇਸ ਸਬੰਧੀ ਸਾਰੀ ਜਾਣਕਾਰੀ ਇੱਕਠੀ ਕੀਤੀ। ਉਸਨੇ ਸੁਰਿੰਦਰ ਨੂੰ ਕਿਹਾ “ਨਾਮ ਤਾਂ ਇਸ ਲੜਕੀ ਦਾ ਹੀ ਹੈ , ਪਰ ਉਹ ਕੁੜੀ ਹੋਰ ਨਿਕਲੀ ਹੈ, ਉਸਦਾ ਤਾਂ ਧੰਦਾ ਹੀ ਜਿਸਮ ਫਰੋਸ਼ੀ ਦਾ ਸੀ.।“ ਚਲੋ ਪ੍ਰਧਾਨ ਸਾਹਿਬ ਦੇ ਮਨ ਨੂੰ ਤਸੱਲੀ ਤਾਂ ਹੋ ਗਈ। ਇੱਕ ਬੋਝ ਤਾਂ ਦਿਲ ਤੋਂ ਦੂਰ ਹੋ ਗਿਆ। ਸੰਜੀਵ ਦਾ ਡਰ ਵੀ ਖਤਮ ਹੋ ਗਿਆ। ਸੁਰਿੰਦਰ, ਮੈਡਮ ਅਤੇ ਪਾਰਟੀ ਪ੍ਰਧਾਨ ਸੰਜੀਵ ਦੇ ਸਹੁਰੇ ਘਰ ਗਏ ਅਤੇ ਗੱਲਬਾਤ ਕਰਨ ਤੋਂ ਬਾਅਦ ਆਪਣੇ ਸ਼ਹਿਰ ਵਾਪਸ ਆ ਗਏ।

“ਦੇਖ ਸੰਜੀਵ ਤੂੰ ਮੇਰਾ ਵੀਰ ਅਤੇ ਪੁੱਤਰਾਂ ਵਰਗਾ ਹੈਂ, ਮੈਡਮ ਨੀਲਮ ਸੰਜੀਵ ਨਾਲ ਗੱਲ ਕਰਦਿਆਂ ਬੋਲੀ, ਇੱਕ ਗੱਲ ਹੈ ਤੇਰੇ ਅਤੇ ਉਸ ਪ੍ਰਵਾਰ ਦਾ ਕੋਈ ਮੇਲ ਨਹੀਂ। ਤੂੰ ਕਿੰਨੇ ਹੌਂਸਲੇ ਅਤੇ ਪਿਆਰ ਨਾਲ ਗੱਲ ਕਰਦਾਂ ਹੈਂ ਅਤੇ ਉੱਧਰ ਤੇਰੀ ਜ਼ਨਾਨੀ ਤਾਂ ਖਾਣ ਨੂੰ ਪੈਂਦੀ ਹੈ। ਮੈਂ ਵੀ ਇੱਕ ਔਰਤ ਹਾਂ ਅਤੇ ਉਹ ਤੇਰੀ ਇੱਜ਼ਤ ਬਿਲਕੁਲ ਨਹੀਂ ਕਰਦੀ। ਤੇਰਾਂ ਸਹੁਰਾ ਤਾਂ ਅੱਤ ਦਰਜੇ ਦਾ ਜ਼ਾਹਿਲ ਅਤੇ ਮੂਰਖ ਹੈ।”

“ਸੰਜੀਵ ਮੈਡਮ ਨੀਲਮ ਠੀਕ ਕਹਿੰਦੀ ਹੈ, ਤੇਰੀ ਜ਼ਨਾਨੀ ਦੇ ਲੱਛਣ ਵੱਸਣ ਵਾਲੇ ਨਹੀਂ ਹਨ। ਇਸ ਸਾਰੇ ਪਿੱਛੇ ਤੇਰੀ ਸੱਸ ਦਾ ਹੱਥ ਹੈ, ਉਹ ਕਿਸੇ ਨੂੰ ਕੁੱਝ ਮੰਨਣ ਨੂੰ ਤਿਆਰ ਨਹੀਂ, ਸੁਰਿੰਦਰ ਬੋਲਿਆ। ਸੰਜੀਵ ਭਰਾ, ਤੇਰੇ ਸਹੁਰੇ ਦਾ ਵੱਡਾ ਭਰਾ ਅਤੇ ਉਸਦੀ ਜ਼ਨਾਨੀ ਕਾਫੀ ਚਾਲਾਕ ਹੈ। ਇਸ ਸੱਭ ਪਿੱਛੇ ਉਸਦਾ ਹੀ ਦਿਮਾਗ ਚੱਲ ਰਿਹਾ ਹੈ। ਤੇਰੇ ਸੱਸ ਸਹੁਰਾ ਉਹਨਾਂ ਦੇ ਪਿੱਛੇ ਲੱਗੇ ਹੋਏ ਹਨ। ਸਾਡੀ ਤਾਂ ਬੱਸ ਕੋਸ਼ਿਸ਼ ਹੈ….।

ਚੱਲੋ ਠੀਕ ਹੈ, ਤੁਸੀਂ ਸਿਆਣੇ ਹੋ। ਅਗਰ ਨਹੀਂ ਮੰਨਦੇ ਤਾਂ ਠੀਕ ਹੈ। ਸਾਡੀ ਤਾਂ ਕੋਸ਼ਿਸ਼ ਹੈ ਨਾਲੇ ਮੈਂ ਕਿਹੜਾ ਘੱਟ ਮਿਹਨਤ ਕੀਤੀ ਹੈ। ਪਰ ਉਹਨਾਂ ਨੇ ਤਾਂ ਮੈਨੂੰ ਨਿਕੰਮਾ ਸਿੱਧ ਕਰਨ ਦੀ ਮਨ ਵਿੱਚ ਧਾਰ ਲਈ ਹੈ, ਅੱਗੇ ਜੋ ਹੋਵੇਗਾ, ਵੇਖਿਆ ਜਾਵੇ…… ਸੰਜੀਵ ਗੰਭੀਰਤਾ ਨਾਲ ਇਹ ਸੱਭ ਕਹਿ ਗਿਆ। ਸੰਜੀਵ ਦੇ ਮਾਤਾ-ਪਿਤਾ ਨੇ ਵੀ ਕਿਹਾ ਕਿ ਜਿਵੇਂ ਠੀਕ ਲੱਗੇ ਕਰੋ, ਅਗਰ ਨਹੀਂ ਬਣਦੀ ਤਾਂ ਕੀ ਕੀਤਾ ਜਾਵੇ। ਹੁਣ ਆਣ ਜਾਣ ਦੀ ਕੋਈ ਜ਼ਰੂਰਤ ਨਹੀਂ। ਇਸ ਤੋਂ ਬਾਅਦ ਸੰਜੀਵ ਨੇ ਅਦਾਲਤ ਰਾਹੀਂ ਰੋਸ਼ਨੀ ਨੂੰ ਸੰਮਨ ਭੇਜੇ। ਅਗਲੀਆਂ ਤਿੰਨ ਤਰੀਕਾਂ ਵਿੱਚ ਰੋਸ਼ਨੀ ਜਾਂ ਉਸਦੇ ਪਰਿਵਾਰ ਦਾ ਕੋਈ ਮੈਂਬਰ ਕਚਹਿਰੀ ਨਹੀਂ ਆਇਆ। ਅਦਾਲਤ ਨੂੰ ਸੰਮਨ ਰਾਹੀਂ ਭੇਜੀ ਚਿੱਠੀ ਵੀ ਵਾਪਸ ਆ ਗਈ। ਜੱਜ ਸਮਝ ਗਿਆ ਕਿ ਉਹ ਜਾਣ-ਬੁੱਝ ਕੇ ਨਹੀਂ ਆ ਰਹੇ, ਇਸ ਕਰਕੇ ਉਹਨਾਂ ਨੇ ਅਦਾਲਤ ਦਾ ਅਪਮਾਨ ਕੀਤਾ ਹੈ। ਜੱਜ ਨੇ ਇੱਕ ਤਰਫਾ ਫੈਂਸਲਾ ਸੰਜੀਵ ਦੇ ਹੱਕ ਵਿੱਚ ਕਰ ਦਿੱਤਾ। ਫਿਰ ਤਰੀਕਾਂ ਪਈਆਂ ਅਤੇ ਗਵਾਹੀਆਂ ਹੋਈਆਂ ਅਤੇ ਛੇ ਮਹੀਨੇ ਬਾਅਦ ਸੰਜੀਵ ਨੂੰ ਡਿਗਰੀ ਮਿਲ ਗਈ। ਰੋਸ਼ਨੀ ਦਾ ਪਰਿਵਾਰ ਅਦਾਲਤ ਦੀ ਪ੍ਰਵਾਹ ਨਾ ਕਰਨ ਕਰਕੇ ਅਦਾਲੋਤ ਦੇ ਗੁਣਾਗਾਰ ਬਣ ਗਿਆ।

ਰੋਸ਼ਨੀ ਦਾ ਮਾਮਾ ਰੋਸ਼ਨੀ ਦੇ ਘਰ ਆਇਆ, ਉਹ ਕਾਮਰੇਡ ਹੋਣ ਕਰਕੇ ਕਾਮਰੇਡਾਂ ਦਾ ਪਾਰਟੀ ਨਾਲ ਸਬੰਧ ਰੱਖਦਾ ਸੀ। ਰੋਸ਼ਨੀ ਦੇ ਪਰਵਾਰ ਦਾ ਗੁਆਂਢੀ ਪ੍ਰੋਫੈਸਰ, ਰੋਸ਼ਨੀ ਦਾ ਤਾਇਆ ਨਾਲੇ ਪਿਛਲੇ ਪਾਸੇ ਰਹਿਣ ਵਾਲਾ ਵਕੀਲ ਆਇਆ। “ਰੋਸਨ ਲਾਲ ਜੀ ਹੁਣ ਆਪਾਂ ਸੱਭ ਇਕੱਠੇ ਹਾਂ। ਅਦਾਲਤ ਵੱਲੋਂ ਰੋਸ਼ਨੀ ਨਾਲ ਵਸਾਉਣ ਦੀ ਡਿਗਰੀ ਸੰਜੀਵ ਨੂੰ ਮਿਲ ਗਈ ਹੈ। ਤੁਸੀਂ ਆਪਣੀ ਬੇਟੀ ਨੂੰ ਉਸਦੇ ਘਰ ਭੇਜਣਾ ਚਾਹੁੰਦੇ ਹੋ ਜਾਂ ਨਹੀਂ? ਤਾਂ ਜੋ ਉਸ ਮੁਤਾਬਿਕ ਹੀ ਕਾਰਾਵਾਈ ਕਰੀਏ। ਕੋਲ ਬੈਠੀ ਰੋਸ਼ਨੀ ਬੋਲੀ “ਮੈਂ ਨਹੀਂ ਜਾਣਾ ਉਸ ਝੁੱਡੂ ਜਿਹੇ ਨਾਲ, ਜਿਹੜਾ ਆਪਣੇ ਮਾਂ ਬਾਪ ਦੀ ਪੂਛ ਫੜ੍ਹੀ ਬੈਠਾ ਹੈ। ਮਾਂ ਬਿਨ੍ਹਾਂ ਸਾਹ ਨਹੀਂ ਭਰਦਾ, ਮਾਂ ਕਾਹਦੀ ਪੂਰੀ ਭੂਤਨੀ, ਚੜੈਲ ਹੈ ਤੇ ਪਿਓ ਜਨਾਨਾ ਜਿਹਾ…। ਚੁੱਪ ਕਰ ਜਾ ਤੈਨੂੰ ਬੋਲਣ ਲਈ ਕਿਹਾ ਕਿਸੇ ਨੇ, ਅਸੀਂ ਜੂ ਬੈਠੇ ਹਾਂ, ਤੈਨੂੰ ਕੋਈ ਬੋਲਣ ਦੀ ਲੋੜ ਨਹੀਂ….. ਕੋਲ ਬੈਠਾ ਹੋਇਆ ਤਾਇਆ ਸਿਆਣਪ ਦਿਖਾਉਂਦਾ ਹੋਇਆ ਬੋਲਿਆ। ਭਾਅ ਜੀ ਜਿਸਨੂੰ ਦੁੱਖ ਲੱਗਦਾ ਹੈ, ਦਰਦ ਵੀ ਉਸੇਨੂੰ ਹੁੰਦਾ ਹੈ। ਕੰਜਰਾਂ ਨੇ ਮੁਕੱਦਮਾ ਕਰ ਦਿੱਤਾ ਸਾਡੇ ਤੇ। ਉਹਨਾਂ ਦੀ ਨੀਅਤ ਵਿੱਚ ਪਹਿਲਾਂ ਹੀ ਖੋਟ ਸੀ, ਭੋਲੇ ਬਣਦੇ ਕਿਵੇਂ ਪਾਖੰਡ ਕਰਦੇ ਨੇ। ਕੰਜਰ ਨਿਕੰਮਾ ਜਿਹਾ, ਕੰਮ ਤਾਂ ਕੋਈ ਕਰਦਾ ਨਹੀ ਨ ਆਪਣੇ ਮਾਂ-ਬਾਪ ਦੇ ਸਿਰ ਤੇ ਅਕੜ ਦਾ ਫਿਰਦਾ ਹੈ। “ਚੁੱਪ ਕਰਦੀਆਂ ਕਿ ਨਹੀਂ ਦੋਵੇਂ ਮਾਵਾਂ-ਧੀਆਂ, ਕਿਵੇਂ ਕੁੱਤੇ ਵਾਂਗ ਭੌਂਕੀ ਜਾ ਰਹੀਆਂ ਨੇ। ਜੇ ਸਾਰੇ ਫੈਂਸਲੇ ਤੁਸੀਂ ਕਰਨੇ ਸੀ ਤਾਂ ਸਭ ਨੂੰ ਸੱਦਣ ਦੀ ਕੀ ਲੋੜ ਸੀ? ਰੋਸ਼ਨੀ ਦਾ ਪਿਓ ਮਾਵਾਂ-ਧੀਆਂ ਤੇ ਭੜਕ ਪਿਆ।

“ਹਾਂ ਬੇਟਾ ਚੁੱਪ ਹੋ ਜਾ, ਅਸੀਂ ਜੂ ਬੈਠੇ ਹਾਂ, ਤੁਸੀਂ ਫਿਕਰ ਨਾ ਕਰੋ। ਇਹ ਕਾਨੂੰਨੀ ਲੜਾਈ ਹੈ, ਕਾਨੂੰਨ ਦੇ ਨਾਲ ਹੀ ਮੁੱਕਣੀ ਹੈ। ਐਵੇਂ ਵਾਦੂ ਬੋਲਣ ਦੀ ਲੋੜ ਨਹੀਂ। ਬੋਲਣ ਨਾਲ ਕੁੱਝ ਨਹੀਂ ਬਣਦਾ ਉਹਨਾਂ ਨੇ ਘਟੀਆਂ ਤੇ ਗਹਿਰੀ ਚਾਲ ਚੱਲੀ ਹੈ…. ਪ੍ਰੋਫੈਸਰ ਤਸੱਲੀ ਦਿੰਦਾ ਹੋਇਆ ਬੋਲਿਆ।”

“ਰੋਸਨ ਲਾਲ ਜੀ ਅਸੀਂ ਗੁਆਂਢੀ ਹਾਂ ਅਤੇ ਕਈ ਸਾਲਾਂ ਤੋਂ ਇਕੱਠੇ ਰਹਿ ਰਹੇ ਹਾਂ, ਕਾਫੀ ਸਾਲਾਂ ਤੋਂ ਇਕੱਠੇ ਰਹੇ ਹਾਂ। ਇੱਕ ਵਕੀਲ ਦੀ ਹੈਸੀਅਤ ਦੇ ਨਾਲ ਨਹੀਂ , ਇੱਕ ਹਮਦਰਦ ਹੋਣ ਤੇ ਪੁੱਛਦਾ ਹਾਂ, ਤੁਹਾਡੀ ਕੀ ਸਲਾਹ ਹੈ...?

“ਹਾਂ ਦੱਸ ਭਾਅ ਜੀ, ਤੁਹਾਡਾ ਹਰ ਹੁਕਮ ਮੰਨਣ ਲੲ ਿਤਿਆਰ ਹਾਂ। ਹੁਣ ਤਾਂ ਤੁਹਾਡਾ ਹੀ ਆਸਰਾ ਹੈ, ਉਹਨਾਂ ਕੋਲ ਪੈਸਾ ਅਤੇ ਪਹੁੰਚ ਵੀ ਬਹੁੱਤ ਹੈ। ਵੇਖਿਆ ਕਿਵੇਂ, ਕਿੰਨ੍ਹੇ ਬੰਦੇ ਇਕੱਠੇ ਹੋ ਕੇ ਆਉਂਦੇ ਹਨ, ਪਤਾ ਨਹੀਂ ਕਿਹੜੇ –ਕਿਹੜੇ ਲੀਡਰਾਂ ਨਾਲ ਫਿਰਦਾ ਹੈ ਸੰਜੀਵ……।“

“ਅਸੀਂ ਰੋਸ਼ਨੀ ਦੇ ਸਹੁਰੇ ਤੇ ਕੇਸ ਕਰਦੇ ਹਾ। ਇਲਜ਼ਾਮ ਲਗਾ ਦਿੰਦੇ ਹਾਂ ਸੱਸ-ਸਹੁਰਾ, ਪਤੀ, ਜੇਠ-ਜੇਠਾਣੀ ਸੱਭ ਤੰਗ ਕਰਦੇ ਹਨ, ਦਾਜ਼ ਮੰਗਦੇ ਹਨ। ਅੱਧੀ ਅੱਧੀ ਰਾਤ ਨੂੰ ਕੁੜੀ ਨੂੰ ਕੁੱਟ ਕੇ ਘਰੋਂ ਬਾਹਰ ਕੱਢ ਦਿੰਦੇ ਹਨ। ਪਤੀ ਕੋਈ ਕੰਮ ਨਹੀਂ ਕਰਦਾ, ਮਾਂ-ਬਾਪ ਦੇ ਸਿਰ ਤੇ ਹੈ। ਉਸਦੇ ਕਿਸੇ ਦੁਸਰੀ ਲੜਕੀ ਨਾਲ ਸਬੰਧ ਹਨ। ਮਾਂ-ਪਿਉ ਉਸ ਨਾਲ ਵਿਆਹ ਕਰਨਾ ਚਾਹੁੰਦੇ ਹਨ। ਸੱਸ ਨੇ ਮੇਰੇ ਉੱਤੇ ਮਿੱਟੀ ਦਾ ਤੇਲ ਪਾਇਆ, ਗੁਆਂਢੀਆਂ ਨੇ ਬਚਾਇਆ, ਇਸ ਤਰ੍ਹਾਂ ਅਨੇਕਾਂ ਇਲਜ਼ਾਮਾਂ ਦੀ ਲੀਸਟ ਵਕੀਲ ਨੇ ਰੋਸ਼ਨੀ ਦੇ ਵਕੀਲ ਨੂੰ ਵਿਖਾਈ। ਇਸ ਸੱਭ ਇਲਜ਼ਾਮਾਂ ਦੀ ਲੀਸਟ ਵੇਖ ਕੇ ਸਾਰੇ ਖੁਸ਼ੀ ਨਾਲ ਝੂਮ ਉੱਠੇ। ਉਹਨਾਂ ਨੂੰ ਯਕੀਨ ਹੋ ਗਿਆ ਕਿ ਹੁਣ ਸੰਜੀਵ ਦਾ ਸਾਰਾ ਪਰਿਵਾਰ ਕਾਨੂੰਨੀ ਸ਼ਿਕੰਜੇ ਵਿੱਚ ਬੁਰੀ ਤਰ੍ਹਾਂ ਫਸੇਗਾ।

“ਵਕੀਲ ਸਾਹਿਬ ਇੱਕ ਤਾਂ ਸੰਜੀਵ ਦੇ ਪਿਉ ਦੀ ਨੌਕਰੀ ਲੱਥ ਜਾਵੇ ਤਾਂ ਦਿਲ ਨੂੰ ਠੰਢ ਪੈ ਜਾਵੇਗੀ। ਇਸ ਸੱਭ ਇਲਜ਼ਾਮਾਂ ਵਿੱਚ ਸੰਜੀਵ ਦਾ ਪਿਓ ਵੀ ਸ਼ਾਮਿਲ ਹੈ..। ਤਾਇਆ ਮਨ ਦੀ ਤਸੱਲੀ ਪ੍ਰਗਟ ਕਰਦਾ ਬੋਲਿਆ। ਅਤੇ ਕੇਸ ਕਰ ਦਿੱਤਾ ਗਿਆ। ਅਦਾਲਤ ਰਾਹੀਂ ਸੰਜੀਵ ਦੇ ਘਰ ਸੰਮਨ ਆਏ, ਜਦ ਇਲਜ਼ਾਮਾਂ ਦੀ ਲਿਸਟ ਪੜ੍ਹੀ ਤਾਂ ਸੱਭ ਦੰਗ ਰਹਿ ਗਏ, ਉਸ ਵਿੱਚ ਕੋਈ ਵੀ ਸੱਚਾਈ ਨਹੀਂ ਸੀ, ਸੱਭ ਝੂਠ ਦਾ ਪੁਲੰਦਾ ਸਨ। ਸੁਰਿੰਦਰ ਘਰ ਆਇਆ ਤਾਂ ਦਲੀਪ ਚੰਦ ਨੂੰ ਕਾਫੀ ਪ੍ਰੇਸ਼ਾਨ ਦੇਖਿਆ। ਉਹ ਮਹਿਸੂਸ ਕਰ ਰਹੇ ਸਨ ਕਿ ਡਿਗਰੀ ਲੈਣ ਦਾ ਕੋਈ ਲਾਭ ਨਹੀਂ ਹੋਇਆ।’ “ਬੇਟਾ ਸੁਰਿੰਦਰ ਆਹ ਦੇਖ ਅਦਾਲਤ ਰਾਹੀ ਭੇਜੇ ਸੰਮਨ ਵਿੱਚ ਉਹਨਾਂ ਨੇ ਕਿੰਨੇ ਘਟੀਆ ਅਤੇ ਖਤਰਨਾਕ ਇਲਜ਼ਾਮ ਸਾਡੇ ਉੱਤੇ ਲਾਏ ਹਨ, ਮੈਂ ਇੱਕ ਸਰਕਾਰੀ ਮੁਲਾਜ਼ਮ ਹਾਂ ਅਤੇ ਇੱਕ ਵੀ ਇਲਜ਼ਾਮ ਸਿੱਧ ਹੋ ਗਿਆ ਤਾਂ ਮੇਰੀ ਨੌਕਰੀ ਗਈ ਸਮਝੋ। ਅੰਕਲ ਜੀ, ਜਦ ਅਦਾਲਤ ਵਿੱਚ ਗੱਲ ਚਲੀ ਜਾਵੇ ਤਾਂ ਇਲਜ਼ਾਮਬਾਜ਼ੀ ਤਾਂ ਹੁੰਦੀ ਹੈ, ਸਿੱਧ ਵੀ ਕਰਨੀ ਪੈਂਦੀ ਹੈ, ਇਕੱਲਾ ਇਲਜ਼ਾਮ ਲਗਾਉਣ ਨਾਲ ਗੱਲ ਨਹੀਂ ਬਣਦੀ।ਹੁਣ ਤੁਹਾਨੂੰ ਕੇਸ ਲੜਨਾ ਪਵੇਗਾ, ਅਤੇ ਇਹੋ ਡਿਗਰੀ ਤੁਹਾਨੂੰ ਬਚਾਵੇਗੀ।

“ਚਾਹੇ ਉਹ ਮੇਰਾ ਸ਼ਹਿਰ ਹੈ, ਪਰ ਕਿਸੇ ਵਕੀਲ ਨਾਲ ਮੇਰੀ ਜਾਣ-ਪਹਿਚਾਣ ਨਹੀਂ ਹੈ। ਫਿਰ ਸ਼ਹਿਰ ਛੱਡੇ ਨੂੰ ਵੀ ਕਿੰਨ੍ਹਾ ਚਿਰ ਹੋ ਗਿਆ ਹੈ।” ਜਿਸ ਸ਼ਹਿਰ ਵਿੱਚ ਸੰਜੀਵ ਦੇ ਸਹੁਰੇ ਹਨ, ਉਸੇ ਸ਼ਹਿਰ ਵਿੱਚ ਸੰਜੀਵ ਦੇ ਦਾਦਕੇ ਵੀ ਹਨ।

ਅੰਕਲ ਜੀ ਤੁਹਾਨੂੰ ਕਿਸੇ ਨੇ ਵੀ ਪਹਿਲਾਂ ਰੋਸ਼ਨੀ ਦੇ ਪਰਵਾਰ ਬਾਰੇ ਨਹੀਂ ਦੱਸਿਆ, ਸੁੱਖ ਨਾਲ ਤੁਹਾਡਾ ਪੂਰੇ ਦਾ ਪੂਰਾ ਖਾਨਦਾਨ ਇਸ ਸ਼ਹਿਰ ਵਿੱਚ ਹੈ, ਫਿਰ ਤੁਸੀਂ ਕਿਵੇਂ ਫਸ ਗਏ.? ਸ਼ਾਰੇ ਤਾਂ ਠੀਕ ਕਹਿੰਦੇ ਸਨ, ਕੌਣ ਕਿਸੇ ਦੇ ਢਿੱਡ ਵਿੱਚ ਵੜਿਆ ਹੁੰਦਾ ਹੈ, ਬੰਦੇ ਦੀ ਪਹਿਚਾਣ ਤਾਂ ਮਿਲੇ- ਗਿਲੇ ਹੀ ਹੁੰਦੀ ਹੈ। ਨਾਲੇ ਜੇ ਬੰਦੇ ਦੀ ਕਿਸਮਤ ਵਿੱਚ ਸੁਖ ਹੁੰਦਾ ਤਾਂ ਇਹ ਰਿਸ਼ਤਾ ਨਾ ਹੁੰਦਾ ‘ਤੇ ਅਸੀਂ ਸਿਆਪੇ ਵਿੱਚ ਨਾ ਪੈਂਦੇ।”

“ਅੰਕਲ ਜੀ ਇਹ ਸਭ ਨੂੰ ਪਤਾ ਹੈ ਸੰਜੀਵ ਦੀ ਵਹੁਟੀ ਨੇ ਹੁਣ ਨਹੀਂ ਆਉਣਾ। ਇਹ ਗੱਲ ਵੀ ਪੱਕੀ ਹੈ ਕਿ ਉਹ ਤੁਹਾਨੂੰ ਬਿਨ੍ਹਾਂ ਵਜ਼ਾ ਪ੍ਰੇਸ਼ਾਨ ਕਰ ਰਹੇ ਹਾਂ। ਇਹ ਵੀ ਚੰਗਾ ਹੋਇਆ ਕਿ ਤੁਸੀਂ ਪਹਿਲਾਂ ਕੇਸ ਕਰ ਦਿੱਤਾ ਨਹੀਂ ਤਾ ਇਹਨਾਂ ਨੇ ਤੁਹਾਡੇ ਰਗੜਬਾਲੇ ਬਹੁਤ ਕਢਾਉਣੇ ਸਨ। ਮੇਰਾ ਇੱਕ ਰਾਜਨੀਤਿਕ ਮਿੱਤਰ ਹੈ ਸ਼ਹਿਰ ਵਿੱਚ, ਉਸਦਾ ਵਕੀਲਾਂ ਨਾਲ ਕਾਫੀ ਵਾਹ-ਵਾਸਤਾ ਹੈ ਉਸ ਨਾਲ ਗੱਲ ਕਰਾਂਗਾ। ਚੰਗਾ ਬੇਟਾ ਸੁਰਿੰਦਰ, ਸਵੇਰੇ ਚੱਲਾਂਗੇ, ਤੈਨੂੰ ਵੀ ਤਕਲੀਫ ਦੇ ਰਹੇ ਹਾਂ, ਪਰ ਕੀਤਾ ਕੀ ਜਾਵੇ...? “ਉਹ ਕੋਈ ਗੱਲ ਨਹੀਂ ਅੰਕਲ ਜੀ, ਸੰਜੀਵ ਸਾਡਾ ਦੋਸਤ ਵੀ ਹੈ ਅਤੇ ਭਰਾ ਵੀ। ਅਸੀਂ ਉਸਦੀ ਪਿੱਠ ਨਹੀਂ ਲੱਗਣ ਦੇਣੀ, ਪਰ ਇਹ ਵੀ ਜ਼ਰੂਰੀ ਹੈ ਕਿ ਸੰਜੀੜ ਵੀ ਉਸਨੂੰ ਭੁੱਲ ਜਾਵੇ। ਉਹ ਵੱਸਣ ਦੇ ਹੱਕ ਵਿੱਚ ਨਹੀਂ ਹੈ।”

“ਉਹ ਤਾਂ ਸਾਨੂੰ ਵੀ ਪਤਾ ਹੈ, ਪਰ ਫੈਂਸਲਾ ਤਾਂ ਕਿਸੇ ਤਰੀਕੇ ਨਾਲ ਕਰਨਾ ਹੈ….। ਅਗਲੇ ਦਿਨ ਸੁਰਿੰਦਰ, ਜਸਪਾਲ, ਦਲੀਪ ਚੰਦ ਅਤੇ ਸੰਜੀਵ ਗਏ, ਜਿਸ ਸਿਆਸਤਦਾਨ ਨਾਲ ਗੱਲ ਕਰਨੀ ਸੀ, ਉਹ ਮਿਲਿਆ ਨਹੀਂ। ਉਸਦਾ ਭਰਾ ਮਿਲਿਆ ਉਸਨੇ ਆਪਣੇ ਵਕੀਲ ਦਾ ਐਡਰੈਸ ਦੇ ਦਿੱਤਾ। ਉਹ ਕਚਹਿਰੀ ਵਿੱਚ ਮਿਲ ਗਿਆ, ਸੈਕਟਰੀ ਨੇ ਅਗਲੇ ਦਿਨ ਘਰ ਮਿਲਣ ਨੂੰ ਕਿਹਾ। ਰਾਤ ਦਲੀਪ ਚੰਦ ਨੇ ਆਪਣੇ ਭਰਾ ਦੇ ਘਰ ਕੱਟੀ। ਐਤਵਾਰ ਹੋਣ ਕਾਰਣ ਉਸਦੀ ਘਰ ਮਿਲਣ ਦੀ ਆਸ ਸੀ। ਰਸਤੇ ਵਿੱਚ ਕੁੱਝ ਬੰਦੇ ਆ ਰਹੇ ਸਨ, ਉਹਨਾਂ ਕੋਲੌਂ ਦਲੀਪ ਚੰਦ ਨੇ ਵਕੀਲ ਦਾ ਪਤਾ ਪੁੱਛਿਆ ਤਾਂ ਉਹਨਾਂ ਵਿੱਚੋਂ ਇੱਕਬੰਦਾ ਬੋਲਿਆ “ਕਿਸ ਪਾਗਲ ਦਾ ਘਰ ਪੁੱਛ ਰਹੇ ਹੋ? ਉਹ ਤਾਂ ਜਿੱਤਿਆ ਹੋਇਆਂ ਕੇਸ ਵੀ ਹਰਾ ਦੇਂਦਾ ਹੈ।“ ਇਹ ਕਹਿ ਕੇ ਬੰਦਾ ਅੱਗੇ ਨਿਕਲ ਗਿਆ।

ਵਕੀਲ ਦੀ ਤਾਰੀਫ ਬਾਹਰ ਹੀ ਸੁਣ ਲਈ ਹੈ…! ਜਸਪਾਲ ਨੇ ਕਿਹਾ। ਕੋਈ ਗੱਲ ਨਹੀਂ ਮਿਲ ਕੇ ਵੀ ਦੇਖ ਲੈਂਦੇ ਹਾਂ…। ਦਲੀਪ ਚੰਦ ਵਕੀਲ ਕੋਲ ਗਿਆ, ਚਾਹ ਪਾਣੀ ਪੀਣ ਤੋਂ ਬਾਅਦ ਗੱਲਬਾਤ ਹੋਈ, ਸੱਚ ਹੀ ਉਸਨੇ ਕੋਈ ਪਾਏਦਾਰ ਗੱਲ ਨਾ ਕੀਤੀ। ਬਗੈਰ ਕੋਈ ਫੈਂਸਲਾ ਲਏ ਉਹ ਉੱਥੋਂ ਉੱਠ ਕੇ ਆ ਗਏ। ਦਲੀਪ ਚੰਦ ਦੇ ਭਰਾ ਵਿਕਾਸ ਨੇ ਕਿਹਾ, ਕਿ ਕੌਂਸਲਰ ਦਾ ਪਤੀ ਵੀ ਵਕੀਲ ਹੈ ਨਾਲੇ ਉਹ ਵੀ ਇਸਤਰੀ ਸਭਾ ਦੀ ਪ੍ਰਧਾਨ ਹੈ, ਉਸ ਨਾਲ ਗੱਲ ਕਰਕੇ ਵੇਖਦੇ ਹਾਂ…।

“ਹਾਂ ਉਹ ਕੁੜੀ ਵੀ ਕਾਫੀ ਮਿਲਣਸਾਰ ਹੈ, ਪਰ ਜੇ ਉਹ ਇਸਤਰੀ ਸਭਾ ਦੀ ਪ੍ਰਧਾਨ ਹੈ ਤਾਂ ਉਹ ਸਾਡੀ ਗੱਲ ਕਿਉਂ ਕਰੇਗੀ, ਉਹ ਤਾਂ ਜ਼ਨਾਨੀ ਦਾ ਹੀ ਸਾਥ ਦੇਵੇਗੀ… ਜਸਪਾਲ ਗੱਲ ਸਾਫ ਕਰਦਾ ਹੋਇਆ ਬੋਲਿਆ। “ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤੁਸੀਂ ਸਾਰੀ ਗੱਲ ਸੱਚ ਸੱਚ ਦੱਸ ਦਿਉ, ਉਹ ਤੁਹਾਡਾ ਸਾਥ ਜ਼ਰੂਰ ਦੇਵੇਗੀ। ਨਾਲੇ ਉਹ ਭਾਜੀ ਦੀ ਸ਼ਰਾਫਤ ਨੂੰ ਚੰਗੀ ਤਰ੍ਹਾਂ ਜਾਣਦੀ ਹੈ” ਵਿਕਾਸ, ਜਸਪਾਲ ਦੀ ਤਸੱਲੀ ਕਰਵਾਉਂਦਾ ਹੋਇਆ ਬੋਲਿਆ।”

ਚੰਗਾ ਚੱਲਦੇ ਹਾਂ ਉਹਨਾਂ ਦੇ ਘਰ, ਜਨਾਨੀ ਤੇ ਆਦਮੀ ਘਰ ਹੀ ਮਿਲ ਜਾਣਗੇ।। ਵਕੀਲ ਕੋਲ ਗਏ ਚੰਗਾ ਭਰਵਾਂ ਸਵਾਗਤ ਕੀਤਾ ਸੁਦੇਸ ਦਾ ਪਤੀ ਵਿਕਰਮ ਸਿੰਘ ਕਾਫੀ ਮਿਲਣਸਾਰ ਸੀ, ਦਲੀਪ ਚੰਦ ਦੀ ਗੱਲ ਕਾਫੀ ਧਿਆਨ ਨਾਲ ਸੁਣੀ। ਸੁਦੇਸ ਨੇ ਕਿਹਾ, “ਵੀਰ ਜੀ ਘਬਰਾਉਣ ਦੀ ਕੋਈ ਗੱਲ ਨਹੀਂ, ਸਾਰੇ ਹਾਲਤਾਂ ਵਿੱਚ ਉਹੀ ਗਲਤ ਸਿੱਧ ਹੁੰਦੇ ਹਨ, ਮੈਂ ਇਸਤ੍ਰੀ ਸਭਾ ਦੀ ਪ੍ਰਧਾਨ ਹਾਂ, ਮੇਰੇ ਕੋਲ ਕਈ ਕਿਸਮ ਦੀਆਂ ਔਰਤਾ ਆਉਂਦੀਆਂ ਰਹਿੰਦੀਆਂ ਹਨ, ਠੀਕ ਵੀ ਤੇ ਗਲਤ ਵੀ। ਸਾਨੂੰ ਪਹਿਚਾਨ ਹੈ ਕਿ ਤੁਹਾਡੀ ਨੂੰਹ ਅਤੇ ਉਸਦਾ ਪਰਵਾਰ ਬਹੁੱਤ ਗਲਤ ਹੈ, ਵਕੀਲ ਉਹਨਾਂ ਨਾਲੋਂ ਵੀ ਵੱਧ ਮੂਰਖ। ਇਸ ਡਿਗਰੀ ਨੇ ਤੁਹਾਡਾ ਕੁੱਝ ਵੀ ਵਿਗੜਨ ਨਹੀਂ ਦੇਣਾ। ਇੱਕ ਦੋ ਤਰੀਕਾਂ ਵਿੱਚ ਫੈਂਸਲਾ ਤੁਹਾਡੇ ਹੱਕ ਵਿੱਚ ਹੋ ਜਾਵੇਗਾ। ਉਸਨੂੰ ਤੁਹਾਡੇ ਨਾਲ ਚੱਲਣਾ ਪਵੇਗਾ ਜਾਂ ਫਿਰ ਕੋਈ ਵੀ ਦਾਅਵਾ ਨਹੀਂ ਕਰ ਸਕਦੀ। ਅਸੀਂ ਦੋਵੇਂ ਪਤੀ-ਪਤਨੀ ਵਕੀਲ ਹਾਂ ਅਤੇ ਸਾਡੇ ਹੁੰਦਿਆਂ ਤੁਹਾਨੂੰ ਹੌਂਸਲਾ ਛੱਗਣ ਦੀ ਕੋਈ ਜ਼ਰੂਰਤ ਨਹੀਂ…। ਵਿਕਰਮ ਨੇ ਬੜੇ ਵਿਸ਼ਵਾਸ਼ ਨਾਲ ਗੱਲ ਕੀਤੀ। ਅਦਾਲਤ ਵਿੱਚ ਆਪਣਾ ਪੱਖ ਰੱਖ ਦਿੱਤਾ ਗਿਆ। ਰੋਸ਼ਨੀ ਅਤੇ ਸੰਜੀਵ ਨੂੰ ਆਵਾਜ਼ ਪਈ, ਜੱਜ ਨੇ ਕਾਗਜ਼ ਦੇਖ। ਰੋਸ਼ਨੀ ਦੇ ਵਕੀਲ ਨੇ ਕਿਹਾ ਕਿ ਇਹ ਡਿਗਰੀ ਨਕਲੀ ਹੈ। ਅਗਲੀ ਤਾਰੀਕ ਪਈ ਹੈ? ਜੱਜ ਨੇ ਸਵਾਲ ਕੀਤਾ।

ਤੁਸੀਂ ਪਹਿਲੇ ਫੈਂਸਲੇ ਤੇ ਕਿਉਂ ਨਹੀਂ ਪੁੱਜੇ, ਤੁਸੀ ਗਲਤ ਹੋ, ਤੁਸੀਂ ਅਦਾਲਤ ਦੀ ਬੇ-ਇੱਜ਼ਤੀ ਕੀਤੀ ਹੈ। ਤੁਹਾਡਾ ਮੁਕੱਦਮਾ ਖਾਰਜ ਕੀਤਾ ਜਾਂਦਾ ਹੈ। ਦੋ ਤਰੀਕਾਂ ਵਿੱਚ ਇੱਕ ਵਾਰ ਫੈਂਸਲਾ ਸੰਜੀਵ ਦੇ ਹੱਕ ਵਿੱਚ ਹੋ ਗਿਆ। ਸੰਜੀਵ ਦੇ ਘਰਵਾਲਿਆਂ ਨੇ ਸ਼ੁਕਰ ਕੀਤਾ।

ਮੁਕੱਦਮਾ ਖਾਰਜ ਹੋਣ ਤੇ ਰੋਸ਼ਨੀ ਦੇ ਪਰਵਾਰ ਨੂੰ ਬੜੀ ਅੱਗ ਲੱਗੀ, ਉਹਨਾਂ ਦੇ ਬਰਦਾਸ਼ਤ ਤੋਂ ਬਾਹਰ ਸੀ। ਵਕੀਲ ਹੌਂਸਲਾ ਦੇਂਦਾ ਹੋਇਆ ਬੋਲਿਆ, ਦੇਖੋ ਜੀ, ਕਾਨੂੰਨੀ ਤੌਰ ਤੇ ਰੋਸ਼ਨੀ ਦੇ ਸਹੁਰਿਆਂ ਦੀ ਪੁਜੀਸ਼ਨ ਕਾਫੀ ਮਜਬੂਤ ਹੈ, ਉਹ ਕਾਫੀ ਪੜ੍ਹਿਆ ਲਿਖਿਆ ਪਰਵਾਰ ਹੈ, ਉਹਨਾਂ ਦੇ ਸਾਲਾਹਕਾਰ ਕਾਫੀ ਚੰਗੇ ਚੰਗੇ ਲੱਗਦੇ ਹਨ, ਜੇਕਰ ਅਸੀਂ ਪਹਿਲਾਂ ਕੇਸ ਕਰਦੇ ਤਾਂ ਰੋਸ਼ਨੀ ਦੇ ਸਹੁਰੇ ਦੀ ਨੌਕਰੀ ਛੁੱਟ ਸਕਦੀ ਸੀ ਅਤੇ ਉਸਦਾ ਪਤੀ ਵੀ ਜੇਲ੍ਹ ਵਿੱਚ ਹੁੰਦਾ। “ਸਾਨੂੰ ਕੇਸ ਕਰਨ ਦਾ ਕੀ ਫਾਇਦਾ ਹੋਇਆ ਉਲਟਾ ਸਾਡਾ ਮਾਜ਼ਾਕ ਉੱਡਿਆ” ਸੰਜੀਵ ਦੀ ਸੱਸ ਬੋਲੀ।

ਭੈਣ ਜੀ ਮੁਕੱਦਮਾ ਕੋਈ ਖੇਡ ਨਹੀਂ ਹੁੰਦੀ, ਨਾਲੇ ਅਗਲੇ ਪਾਸੇ ਮੂਰਖ ਨਹੀਂ ਬੈਠੇ, ਉਹਨਾਂ ਨੂੰ ਆਪਣਾ ਬਚਾਅ ਕਰਨਾ ਆਉਂਦਾ ਹੈ। ਅਦਾਲਤ ਰਾਹੀਂ ਅਸੀਂ ਕੁੱਝ ਵੀ ਨਹੀਂ ਕਰ ਸਕੇ, ਅਦਾਲਤੀ ਫੈਂਸਲੇ ਸਾਰੇ ਉਹਨਾਂ ਦੇ ਹੱਕ ਵਿੱਚ ਹਨ।। ਕੋਈ ਗੱਲ ਨਹੀਂ ਮੇਰੇ ਮਾਮੇ ਦਾ ਪੁੱਤ ਬਲਜੀਤ ਡੀ.ਐੱਸ.ਪੀ. ਹੈ, ਉਹ ਪੁਲਿਸ ਰਾਹੀਂ ਸਾਡੀ ਮਦਦ ਕਰੇਗਾ। ਰੋਸ਼ਨੀ ਦੀ ਮਾਂ ਤੈਸ਼ ਵਿੱਚ ਆਉਂਦੀ ਬੋਲੀ।

“ਕੋਸ਼ਿਸ਼ ਕਰਕੇ ਦੇਖ ਲਉ, ਪਰ ਤੁਹਾਡਾ ਕੁੱਝ ਨਹੀਂ ਬਣ ਸਕਦਾ, ਜਦ ਅਦਾਲਤ ਕੁੱਝ ਨਹੀਂ ਕਰ ਸਕੀ ਤਾਂ ਪੁਲੀਸ ਕੀ ਕਰ ਲਊਗੀ। ਪੁਲਿਸ ਨੂੰ ਵੀ ਤਾਂ ਅਦਾਲਤ ਦਾ ਹੁਕਮ ਮੰਨਣਾ ਪੈਣਾ ਹੈ। ਸਰਕਾਰੀ ਮੁਲਾਜ਼ਮ ਗੈਰ-ਕਾਨੂੰਨੀ ਕੰਮ ਨਹੀਂ ਕਰ ਸਕਦਾ। ਅੱਗੋਂ ਤੁਹਾਡੀ ਮਰਜ਼ੀ..।” ਸੰਜੀਵ ਦੀ ਸੱਸ ਤੇ ਸਹੁਰਾ ਬਲਜੀਤ ਦੇ ਘਰ ਗਏ ਪਤਾ ਲੱਗਿਆ ਕਿ ਉਹ ਬਾਹਰ ਗਿਆ ਹੈ ਅਤੇ ਕੁੱਝ ਦਿਨ ਬਾਅਦ ਆਵੇਗਾ। ਸਾਰੀ ਸਾਲਾਹ ਕਰਨ ਤੋਂ ਬਾਅਦ ਸੰਜੀਵ ਦੇ ਸ਼ਹਿਰ ਸੰਜੀਵ ਦੇ ਵਿਰੁੱਧ ਥਾਣੇ ਵਿੱਚ ਦਾਜ਼ ਦਾ ਇਲਜ਼ਾਮ ਲਗਾ ਕੇ ਸ਼ਿਕਾਇਤ ਕਰ ਦਿੱਤੀ। ਇਹ ਸਾਰਾ ਰੋਸ਼ਨੀ ਦੇ ਸਿਆਸਤਦਾਨ ਮਾਮੇ ਦਾ ਪੁਆੜਾ ਸੀ ਕਿਉਂਕਿ ਉਸਨੇ ਉਸ ਵਾਸਤੇ ਹੋਰ ਕੋਈ ਬੰਦਾ ਵੇਖਿਆ ਸੀ ਜਿਸਦੀ ਪਹਿਲੀ ਪਤਨੀ ਮਰ ਚੁੱਕੀ ਸੀ, ਲੱਤ ਵਿੱਚ ਨੁਕਸ ਸੀ ਅਤੇ ਉਸਦੇ ਦੋ ਬੱਚੇ ਸਨ, ਚੂੰਗੀ ਮਹਿਕਮੇ ਵਿੱਚ ਨੌਕਰੀ ਕਰਦਾ ਸੀ।

ਜਦੋਂ ਸੰਜੀਵ ਦੇ ਖਿਲਾਫ ਰਿਪੋਰਟ ਦਾ ਪਤਾ ਲੱਗਿਆ ਤਾਂ ਪਾਰਟੀ ਪ੍ਰਧਾਨ ਬੜੇ ਗੁੱਸੇ ਵਿੱਚ ਬੋਲਿਆ, ਅੰਕਲ ਜੀ ਤੁਸੀਂ ਡਰਦੇ ਕਿਉਂ ਹੋ, ਅਸੀਂ ਕਿਸੇ ਨਾਲੋਂ ਘੱਟ ਨਹੀਂ ਹਾਂ, ਸੰਜੀਵ ਤੇ ਤੁਸੀਂ ਕਿਹੜੀ ਗੱਲੋਂ ਗਲਤ ਹੋ, ਇਨੇਂ ਸ਼ਰੀਫ ਬੰਦੇ ਹੋ, ਤੁਹਾਡੇ ਤੇ ਫਿਰ ਇਤਨੇ ਸੰਗੀਨ ਇਲਜ਼ਾਮ ਕਿਉਂ? ਉਹਨਾਂ ਨੇ ਕੀ ਸੋਚਿਆ, ਅੱਗੇ ਮੂਰਖ ਬੈਠੇ ਹਨ….. ਸਾਡੀ ਕੋਈ ਜਾਣ-ਪਹਿਚਾਣ ਨਹੀਂ, ਆਖਿਰ ਰਾਸ਼ਟਰੀ ਮਾਨਤਾ ਪ੍ਰਾਪਤ ਪਾਰਟੀ ਦਾ ਮੈਂ ਪ੍ਰਧਨ ਹਾਂ। ਅਸੀਂ ਥਾਣਾ ਨਹੀਂ ਵੇਖਿਆ… ਸਾਰੇ ਥਾਣੇ ਵਿੱਚ ਸਾਡੀ ਪਹਿਚਾਣ ਹੈ, ਅਸੀਂ ਚੱਲਾਂਗੇ ਘਬਰਾਉਣ ਦੀ ਕੋਈ ਲੋੜ ਨਹੀਂ। ਦਲੀਪ ਚੰਦ ਨੇ ਮੁਹੱਲਾ ਪ੍ਰਧਾਨ ਨਾਲ ਵੀ ਗੱਲ ਕੀਤੀ ਤਾਂ ਉਹ ਵੀ ਪੂਰੇ ਉਤਸ਼ਾਹ ਅਤੇ ਜੋਸ਼ ਵਿੱਚ ਬੋਲਿਆ: “ਦਲੀਪ ਚੰਦ ਜੀ, ਤੁਸੀਂ ਇੱਜ਼ਤਦਾਰ ਬੰਦੇ ਹੋ, ਅਸੀਂ ਤੁਹਾਡੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹਾਂ। ਸਾਡੀ ਸਾਂਝ ਭਰਾਵਾਂ ਵਾਲੀ ਹੈ। ਤੁਸੀਂ ਹੁਕਮ ਕਰੋ ਅਸੀਂ ਸੱਭ ਤਰੀਕੇ ਨਾਲ ਗੱਲ ਬਾਤ ਕਰਾਂਗੇ ਅਤੇ ਤੁਹਾਡੀ ਮੱਦਦ ਕਰਾਂਗੇ।”

ਜਿਸ ਦਿਨ ਰੋਸ਼ਨੀ ਅਤੇ ਸੰਜੀਵ ਦਾ ਫੈਂਸਲਾ ਸੀ, ਸੱਭ ਇਕੱਠੇ ਹੋ ਕੇ ਥਾਣੇ ਪੁੱਜ ਗਏ। ਥਾਣੇਦਾਰ ਗੱਲਬਾਤ ਸ਼ੁਰੂ ਕਰਦਾ ਬੋਲਿਆ: ਸੱਭ ਭਰਾ ਇਕੱਠੇ ਹਾਂ, ਗੱਲ ਤਾਂ ਬਹੁੱਤ ਮਾੜੀ ਹੈ, ਪਰ ਫੈਂਸਲਾ ਤਾਂ ਹੋਣਾ ਹੈ। ਇੱਕ ਦੂਜੇ ਉੱਤੇ ਇਲਜ਼ਾਮ ਲਗਾਉਣ ਦਾ ਕੋਈ ਲਾਭ ਨਹੀਂ, ਅਦਾਲਤ ਦਾ ਵੀ ਫੈਂਸਲਾ ਹੋ ਚੁੱਕਾ ਹੈ। ਹੁਣ ਤਾਂ ਸੰਜੀਵ ਦਾ ਪਰਵਾਰ ਅਤੇ ਰੋਸ਼ਨੀ ਦਾ ਪਰਵਾਰ ਬੈਠ ਕੇ ਫੈਂਸਲਾ ਕਰ ਲੈਣ, ਅੰਤ ਗੱਲਬਾਤ ਬੈਠ ਕੇ ਹੀ ਮੁੱਕਣੀ ਹੈ।

ਥਾਣੇਦਾਰ ਲਿਖਤੀ ਕਾਰਾਵਈ ਸਭ ਨੂੰ ਪੜ੍ਹ ਕੇ ਸਨਾਉਣ ਲੱਗਾ:

“ਸੰਜੀਵ ਤੇ ਰੋਸ਼ਨੀ ਦੋਵੇਂ ਪਤੀ-ਪਤਨੀ ਹਨ, ਦੋਵੈ ਇਕੱਠੇ ਰਹਿਣਾ ਨਹੀਂ ਚਾਹੁੰਦੇ, ਪੰਚਾਇਤ ਇਹਨਾਂ ਦੇ ਕਹਿਣ ਤੇ ਫੈਂਸਲਾ ਕਰਦੀ ਹੈ, ਕਿ ਇਹਨਾਂ ਦੋਹਾਂ ਨੂੰ ਅਲੱਗ ਅਲੱਗ ਕੀਤਾ ਜਾਵੇ। ਅੱਜ ਤੋਂ ਬਾਅਦ ਸੰਜੀਵ ਅਤੇ ਰੋਸ਼ਨੀ ਪਤੀ-ਪਤਨੀ ਨਹੀਂ ਹਨ। ਸਭ ਇਹ ਕਾਰਾਵਈ ਪੜ੍ਹ ਲੈਣ ਅਤੇ ਆਪੋ ਆਪਣੀ ਸਹਿਮਤੀ ਨਾਲ ਇਸ ਸਮਝੋਤੇ ਤੇ ਦਸਤਖਤ ਕਰ ਦੇਣ ਤਾਂ ਜੋ ਇਹ ਝਗੜਾ ਖਤਮ ਹੋ ਜਾਵੇ। ਸੱਭ ਤੋਂ ਪਹਿਲਾਂ ਸੰਜੀਵ ਅਤੇ ਰੋਸ਼ਨੀ ਇਸ ਫੈਂਸਲੇ ਤੇ ਦਸਤਖਤ ਕਰਨ। ਸੰਜੀਵ ਅਤੇ ਰੋਸ਼ਨੀ ਦੇ ਦਸਤਖਤਾਂ ਤੋਂ ਬਾਅਦ ਸਭ ਬੈਠੇ ਮੈਂਬਰਾਂ ਦੇ ਦਸਤਖਤ ਹੋਏ ਅਤੇ ਥਾਣੇ ਦੀ ਕਾਰਾਵਾਈ ਪੂਰੀ ਹੋਈ।”

ਪ੍ਰੋਫੈਸਰ ਦਲੀਪ ਚੰਦ ਨੂੰ ਸਾਲਾਹ ਦੇਂਦਾ ਬੋਲਿਆ:

“ਦੇਖੋ ਦਲੀਪ ਚੰਦ ਜੀ ਕੱਲ ਨੂੰ ਤੁਸੀ ਵੀ ਆਪਣਾ ਮੁੰਡਾ ਵਿਆਹੁਣਾ ਹੈ ਤੇ ਉਹਨਾਂ ਨੇ ਵੀ ਕੁੜੀ ਦੀ ਸ਼ਾਦੀ ਕਰਨੀ ਹੈ, ਕੋਈ ਹੋਰ ਕਾਨੂੰਨੀ ਰੁਕਾਵਟ ਨਾ ਪੈਦਾ ਹੋਵੇ। ਇਸ ਲਈ ਇਹ ਤਲਾਕ ਇਕ ਵਾਰ ਅਦਾਲਤ ਵਿੱਚ ਵੀ ਹੋ ਜਾਵੇ। ਤੁਹਾਨੂੰ ਤਾਂ ਪਤਾ ਹੀ ਹੈ ਕਿ ਅਦਾਲਤ ਤਾਂ ਸਿਰਫ ਅਦਾਲਤ ਦਾ ਫੈਂਸਲਾ ਹੀ ਸਵਿਕਾਰ ਕਰਦੀ ਹੈ। ਹੋਰ ਸਭ ਫੈਂਸਲਿਆਂ ਨੂੰ ਰੱਦ ਵੀ ਕਰ ਸਕਦੀ ਹੈ।”

“ਠੀਕ ਹੈ, ਪ੍ਰੋਫੈਸਰ ਸਾਹਬ ਤੁਸੀਂ ਸਿਆਣੀ ਗੱਲ ਕੀਤੀ ਹੈ, ਕਿ ਕੱਲ੍ਹ ਨੂੰ ਕੋਈ ਹੋਰ ਮੁਸ਼ਕਲ ਨਾ ਪੈਦਾ ਹੋਵੇ, ਵਕੀਲ ਤਾਂ ਸਾਡਾ ਹੀ ਹੈ ਸਾਂਝੀ ਅਰਜ਼ੀ ਦੇ ਦੇਂਦੇ ਹਾਂ ਅਤੇ ਛੇ ਮਹੀਨੇ ਮਗਰੋਂ ਅਦਾਲਤ ਤਲਾਕ ਦਾ ਫੈਂਸਲਾ ਕਰ ਦੇਵੇਗੀ”। ਇਸ ਤਰ੍ਹਾਂ ਅਦਾਲਤ ਵਿੱਚ ਤਲਾਕ ਦੀ ਅਰਜ਼ੀ ਦਿੱਤੀ ਗਈ …..ਤੇ ਤਾਲਾਕ ਹੋ ਗਿਆ।
 

 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)