5_cccccc1.gif (41 bytes)

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ


ਅਕਸਰ ਕਿਹਾ ਜਾਂਦਾ ਹੈ ਜਿਹੜਾ ਬੰਦਾ ਮਾੜੇ ਕਰਮ ਕਰਦਾ ਹੈ ਉਸਨੂੰ ਨਰਕ ਮਿਲਦਾ ਹੈ। ਇਹ ਵੀ ਸੁਣਿਆ ਹੈ ਕਿ ਮਾੜੇ ਕਰਮ ਕਰਨ ਵਾਲਾ ਬੰਦਾ ਜਦ ਮਰਦਾ ਹੈ ਤਾਂ ਯਮ ਰਾਜ ਉਸਨੂੰ ਨਰਕਾਂ ਵਿੱਚ ਲੈ ਜਾਂਦਾ ਹੈ, ਜਮਦੂਤ ਉਸਨੂੰ ਸਜਾ ਦਿੰਦਾ ਹੈ। ਇਹ ਸੱਭ ਤਾਂ ਗੱਲਾਂ ਹਨ, ਕਿਹੜਾ ਬੰਦਾ ਮਰਨ ਤੋਂ ਬਾਅਦ ਵਾਪਿਸ ਆਇਆ ਹੈ? ਕਦੇ ਕਿਸੇ ਦੱਸਿਆ ਕਿ ਉਸ ਨਾਲ ਕੀ ਹੁੰਦਾ ਹੈ? ਜਦ ਬੰਦੇ ਦੀ ਮੌਤ ਹੁੰਦੀ ਹੈ, ਸ਼ਮਸ਼ਾਨ ਭੂਮੀ ਵਿੱਚ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ। ਮਿੱਟੀ ਦਾ ਭਾਂਡਾ ਤੋੜ ਦਿੱਤਾ ਜਾਂਦਾ ਹੈ। ਨਰਕ ਸਵਰਗ ਕਰਮਾਂ ਦਾ ਫਲ ਪੂਰੇ ਦਾ ਪੂਰਾ ਇਤਿਹਾਸ ਤਸਵੀਰਾਂ ਰਾਹੀਂ ਅਤੇ ਅੱਖਰਾਂ ਵਿੱਚ ਲਿਖਿਆ ਹੁੰਦਾ ਹੈ। ਇਹ ਤਾਂ ਮੌਤ ਦੇ ਬਾਅਦ ਦੀਆਂ ਗੱਲਾਂ ਹਨ। ਜਿਊਂਦੇ ਜੀ ਨਰਕ ਇਹ ਤਾਂ ਇਨਸਾਨ ਦੀ ਕਿਸਮਤ ਵਿੱਚ ਹੁੰਦਾ ਹੈ, ਪਿਛਲੇ ਮਾੜੇ ਕਰਮ ਕੀਤੇ ਹੋਣ ਤਾਂ ਹੀ ਉਸਨੂੰ ਇਸਦੀ ਸਜ਼ਾ ਮਿਲਦੀ ਹੈ। ਮੋਤ ਤੋਂ ਬਾਅਦ ਨਰਕ ਮਿਲਦਾ ਹੈ ਜਾਂ ਨਹੀਂ, ਇਸ ਬਾਰੇ ਸਾਧੂ, ਸੰਤ ਜਾਂ ਸਿਆਣੇ ਹੀ ਦੱਸ ਸਕਦੇ ਹਨ।

 

ਰਣਜੀਤ ਸਿੰਘ ਜਿਊਂਦੇ ਜੀਅ ਨਰਕ ਭੋਗ ਰਿਹਾ ਹੈ। ਇੰਨਾਂ ਕਲੇਸ਼ ਜਿੰਦਗੀ ਵਿੱਚ ਭੋਗਣਾ ਪਵੇਗਾ ਉਸਨੇ ਸਾਇਦ ਕਦੇ ਸੋਚਿਆ ਵੀ ਨਹੀਂ ਸੀ। ਕਹਿੰਦੇ ਹਨ ਮੁਕੱਦਮਾ ਅਤੇ ਬੀਮਾਰੀ ਘਰਾਂ ਦੇ ਘਰ ਧੋ ਦਿੰਦੀ ਹੈ। ਪਹਿਲਾਂ ਪਹਿਲ ਜਨਾਨੀ ਦੀ ਬਿਮਾਰੀ, ਫਿਰ ਡਲਿਵਰੀ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤਿੰਨ ਮੁੰਡਿਆਂ ਦੀ ਮੌਤ। ਮੁਕੱਦਮਾ ਤਾਂ ਜੱਟ ਦੀ ਜਨਮ ਕੁੰਢਲੀ ਵਿੱਚ ਹੀ ਲਿਖਿਆ ਹੁੰਦਾ ਹੈ।। ਜੱਟ ਦੀ ਜਿੰਦਗੀ ਤਾਂ ਮੁਕੱਦਮਿਆਂ ਵਿੱਚ ਹੀ ਲੰਘ ਜਾਂਦੀ ਹੈ ਅਤੇ ਮੁਕੱਦਮੇ ਵੀ ਹੰਨੂਮਾਨ ਦੀ ਪੂਛ ਦੀ ਤਰ੍ਹਾਂ ਵੱਧਦੇ ਹੀ ਜਾਂਦੇ ਹਨ। ਜਿੱਦ ਅਤੇ ਆਕੜ ਇਨਸਾਨ ਕੋਲੋਂ ਸੱਭ ਕੁੱਝ ਕਰਵਾ ਦਿੰਦੀ ਹੈ। ਹਾਲੀ ਬਚਪਨ ਮੁੱਕਿਆ ਸੀ ਕਿ ਕਿ ਛੋਟੇ ਭਰਾ ਦਲੇਰ ਸਿੰਘ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ। ਕਾਰ ਵਾਲੇ ਨੇ ਥੋੜਾ ਬਹੁਤਾ ਮੁਆਵਜ਼ਾ ਦਿੱਤਾ, ਪਿਉ ਨੇ ਉਸੇ ਵਿੱਚ ਹੀ ਸਬਰ ਕਰ ਲਿਆ। ਹੁਣ ਰਣਜੀਤ ਸਿੰਘ, ਹਰਭਜਨ ਸਿੰਘ ਅਤੇ ਮਨਜੀਤ ਸਿੰਘ ਤਿੰਨ ਭਰਾ ਰਹਿ ਗਏ ਸਨ। ਦੋ ਭੈਣਾਂ ਸੁਰਜੀਤ ਕੌਰ ਜੋ ਰਣਜੀਤ ਸਿੰਘ ਤੋਂ ਵੱਡੀ ਅਤੇ ਮਹਿੰਦਰ ਕੌਰ ਛੋਟੀ ਸੀ। ਵਿਆਹ ਤਾਂ ਪਿੰਡ ਵਿੱਚ ਹੀ ਹੋਣੇ ਸੀ। ਜੱਟ ਜਿੰਮੀਦਾਰ ਅਕਸਰ ਜਮੀਨ ਜਾਇਦਾਦ ਵੇਖਦੇ ਹਨ। ਦਾਦੇ ਦੀ ਚੰਗੀ ਜਮੀਨ ਜਾਇਦਾਦ ਪਰ ਰਣਜੀਤ ਸਿੰਘ ਦੇ ਪੱਲੇ ਥੋੜ੍ਹੀ ਕੁ ਜਾਇਦਾਦ ਆਈ ਕਿਉਂਕਿ ਦਾਦੇ ਦਾ ਇੱਕ ਹੋਰ ਵਿਆਹ ਹੋਇਆ ਸੀ। ਇੱਧਰ ਸ਼ਹਿਰ ਵਿੱਚ ਬਿਕਰਮ ਸਿੰਘ ਦੀ ਦੁੱਧ ਵੇਚਣ ਦੀ ਡੇਅਰੀ, ਘਰ ਡੰਗਰ ਰੱਖੇ ਹੋਏ ਸਨ। ਹਾਲੀ ਸਰਕਾਰ ਨੇ ਡੰਗਰ ਸ਼ਹਿਰ ਤੋਂ ਬਾਹਰ ਨਹੀਂ ਕੱਢੇ ਸਨ।


ਬਿਕਰਮ ਦੀ ਮਾਂ ਬਿਕਰਮ ਕੋਲ ਰਹਿੰਦੀ ਸੀ। ਜਦ ਬਿਕਰਮ ਦੇ ਪਿਉ ਨੇ ਦੂਸਰੀ ਸ਼ਾਦੀ ਕੀਤੀ ਤਦ ਤੋਂ ਹੀ ਬਿਕਰਮ ਦੀ ਮਾਂ ਦੀ ਬਿਕਰਮ ਦੇ ਪਿਉ ਨਾਲ ਨਾ ਬਣੀ। ਸੋ ਬਿਕਰਮ ਨੇ ਆਪਣੀ ਮਾਂ ਦਾ ਖਿਆਲ ਰੱਖਿਆ ਅਤੇ ਆਪਣੇ ਕੋਲ ਸ਼ਹਿਰ ਲੈ ਆਇਆ। ਬਿਕਰਮ ਦੇ ਸਹੁਰੇ ਚੰਗੇ ਖਾਂਦੇ ਪੀਂਦੇ ਘਰਦੇ ਹੋਣ ਕਰਕੇ ਬਿਕਰਮ ਦੀ ਰੱਜ ਕੇ ਮੱਦਦ ਕਰਦੇ। ਬਿਕਰਮ ਦੀ ਘਰਵਾਲੀ ਤੇਜ ਤਰਾਰ ਜਨਾਨੀ ਸੀ। ਸਾਰੀ ਜਿੰਦਗੀ ਉਸਨੇ ਕਿਸੇ ਨੂੰ ਨੇੜੇ ਨਹੀਂ ਫਟਕਣ ਦਿੱਤਾ। ਰਣਜੀਤ ਦਾ ਪਿਉ ਅਕਸਰ ਰਣਜੀਤ ਦੀ ਮਾਂ ਤੋਂ ਡਰਦਾ। ਉਹ ਬੋਲਣ ਲੱਗੀ ਅੱਗਾ-ਪਿੱਛਾ ਨਾ ਵੇਖਦੀ। ਪੜ੍ਹਾਈ ਤਾਂ ਉਸਨੇ ਤਿੰਨ-ਚਾਰ ਕਲਾਸਾਂ ਹੀ ਕੀਤੀਆਂ ਸਨ। ਬੱਸ ਡੰਗਰ ਚਾਰਣ ਦਾ ਸ਼ੌਂਕ ਸੀ ਉਸਨੂੰ, ਪਿਉ ਦਾ ਸਾਰਾ ਕੰਮ ਸਾਂਭ ਲਿਆ। ਪਿਉ ਨੂੰ ਤਾਂ ਮੌਜ ਲੱਗ ਗਈ, ਵੈਸੇ ਵੀ ਲਾਪਰਵਾਹ ਤਾਂ ਉਹ ਪਹਿਲਾਂ ਹੀ ਸੀ। ਹੁਣ ਹੋਰ ਵੀ ਹੋ ਗਿਆ। ਸਿਆਣਾ ਬੱਚਾ ਹੋਵੇ ਤਾਂ ਮਾਂ-ਪਿਉ ਖੁੱਸ਼ ਹੁੰਦਾ ਹੈ ਪਰ ਬਿਕਰਮ ਵਰਗੇ ਬੰਦੇ ਸਿਆਣੇ ਬੱਚੇ ਦਾ ਨਜ਼ਾਇਜ਼ ਫਾਇਦਾ ਚੁਕਦੇ ਹਨ।

 

ਮੁਹੱਲੇ ਵਿੱਚ ਮੁਹੱਲੇ ਦੇ ਚੌਧਰੀ ਘਰ ਸ਼ਰਾਬ ਕੱਢਦੇ ਕਈ ਵਾਰ ਪੁਲਿਸ ਛਾਪਾ ਮਾਰਦੀ। ਛਾਪਾ ਕਾਹਦਾ? ਪੁਲਿਸ ਅਤੇ ਉਹਨਾਂ ਦੀ ਸਾਂਝ ਗਾਠ ਹੋਣ ਕਰਕੇ ਪੁਲਿਸ ਸਿਰਫ ਖਾਨਾ ਪੂਰਤੀ ਕਰ ਕੇ ਚੱਲੀ ਜਾਂਦੀ। ਹੌਲੀ- ਹੌਲੀ ਸਾਰੇ ਭਰਾਵਾਂ ਨੇ ਪੂਰੇ ਇਲਾਕੇ ਵਿੱਚ ਆਪਣਾ ਕਬਜ਼ਾ ਕਰ ਲਿਆ। ਇਲਾਕੇ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਬਣ ਗਏ ਅਤੇ ਪੁਲਿਸ ਦੀ ਮੁਖਬਰੀ ਵੀ ਕਰਨ ਲੱਗ ਪਏ। ਮੁਹੱਲੇ ਵਿੱਚ ਉਹਨਾਂ ਦੀ ਗੰਦੀ ਸ਼ਰਾਬ ਪੀਣ ਕਰਕੇ ਕਈ ਮੌਤਾਂ ਹੋ ਚੁਕੀਆਂ ਸਨ। ਉਹਨਾਂ ਦੇ ਰਿਸ਼ਤੇਦਾਰਾ ਦੇ ਵੀ ਦੋ ਕੁ ਬੰਦੇ ਮਰ ਚੁੱਕੇ ਸਨ, ਪਰ ਉਹਨਾਂ ਤੇ ਇਹਨਾ ਗੱਲਾਂ ਦਾ ਕੋਈ ਅਸਰ ਨਹੀਂ ਸੀ ਕਿ ਕੌਣ ਜਿਉਂਦਾ ਹੈ ਅਤੇ ਕੋਣ ਮਰਦਾ ਹੈ। ਉਹਨਾਂ ਨੂੰ ਤਾਂ ਬੱਸ ਆਪਣੇ ਨਾਲ ਹੀ ਮਤਲਬ ਸੀ।

 

ਰਣਜੀਤ ਦੀ ਮਾਂ ਅਕਸਰ ਬਿਕਰਮ ਨੂੰ ਗਾਲ੍ਹਾਂ ਕੱਢਦੀ ਹੋਈ ਕਹਿੰਦੀ “ਕੁੱਝ ਤਾਂ ਸ਼ਰਮ ਕਰ, ਜਹਾਨ ਦਾ ਕੋਈ ਨਸ਼ਾ ਛੱਡਿਆ ਹੈ। ਤੂੰ ਬੱਚੇ, ਛੋਟੇ ਅਤੇ ਹੋਰ ਜੁੰਮੇਵਾਰੀ ਪਾ ਦਿੱਤੀ। ਹੱਸਣ ਖੇਡਣ ਦੀ ਉਮਰ ਹੈ ਉਸ ਵਿਚਾਰੇ ਦੀ, ਡੰਗਰਾਂ ਵਾਂਗ ਲੱਗਾ ਰਹਿੰਦਾ ਹੈ। ਰਣਜੀਤ ਵਿਚਾਰੇ ਨੂੰ ਕੋਹਲੂ ਦਾ ਬੈਲ ਹੀ ਬਣਾ ਦਿੱਤਾ ਹੈ। ਸਵੇਰ ਸਾਰ ਉੱਠ ਜਾਂਦਾ ਹੈ, ਡੰਗਰਾਂ ਨਾਲ ਡੰਗਰ ਹੋਇਆ ਰਹਿੰਦਾ ਹੈ। ਛੋਟਾ ਵੀ ਕਾਰਖਾਨੇ ਕੰਮ ਤੇ ਪਾ ਦਿੱਤਾ ਹੈ, ਪਰ ਤੈਨੂੰ ਨਸ਼ਿਆਂ ਤੋਂ ਫੁਰਸੱਤ ਕਿੱਥੇ?”

 

“ਤੇਰੇ ਪਿਉ ਦੀ ਨਹੀਂ ਪੀਂਦਾ, ਆਪਣੇ ਪੈਸਿਆਂ ਦੀ ਪੀਂਦਾ ਹਾਂ। ਤੇਰੇ ਕੰਜਰ ਭਰਾ ਮੇਰੇ ਘਰ ਕਣਕ ਨਹੀਂ ਪਾਉਂਦੇ। ਮੈਂ ਤੇ ਮੇਰੇ ਮੁੰਡੇ ਸੱਭ ਕਰਦੇ ਹਾਂ। ਸਾਰੇ ਹੀ ਸ਼ਰਾਬ ਪੀਂਦੇ ਨੇ, ਮੈਂ ਕਿਹੜੀ ਅਣੋਖੀ ਪੀਂਦਾ ਹਾਂ? ਕੁੱਤੇ ਵਾਂਗ ਭੌਕਣਾ ਬੰਦ ਕਰ, ਨਹੀਂ ਤਾਂ ਮੈਂ ਛਿੱਤਰ ਲਾਹਵਾਂ।”

 

“ਹੱਥ ਤਾਂ ਲਾ ਕੇ ਵੇਖ ਕੰਜਰਾ! ਮੇਰਾ ਪਿਉ ਤੇ ਮੇਰੇ ਭਰਾ ਤੇਰੇ ਘਰੋਂ ਖਾਣ ਨਹੀਂ ਆਉਂਦੇ। ਉਹ ਤੇਰੇ ਵਾਂਗ ਆਪਣੇ ਬੱਚਿਆਂ ਦੀ ਕਮਾਈ ਨਹੀਂ ਡੱਫਦੇ।। ਤੂੰ ਤਾਂ ਸ਼ਰਮ ਲਾਹ ਕੇ ਸੁੱਟ ਦਿੱਤੀ ਹੈ, ਵੇ ਪਾਪੀਆ! ਕਿੱਥੇ ਦੇਵੇਂਗਾ ਹਿਸਾਬ? ਬੱਚੇ ਕਾਮਈ ਕਰਦੇ ਹਨ ਤੇ ਤੂੰ ਡਫੀ ਜਾਂਦਾ ਹਾਂ। ਤੰਬਾਕੂ ਦੀ ਬੀੜਾ ਇਵੇਂ ਲਗਾਉਂਦਾ ਹੈ, ਤੇਰੇ ਤੇ ਯੂ.ਪੀ. ਦੇ ਭਈਆਂ ਵਿੱਚ ਕੋਈ ਫ਼ਰਕ ਨਹੀਂ।”
“ਕੁੱਤੀਏ ਰੰਨੇ, ਕਿਵੇਂ ਭੌਂਕੀ ਜਾਂਦੀ ਏਂ, ਠਹਿਰ ਤੇਰੇ……………!”

 

ਬਿਕਰਮ ਆਪਣੀ ਪਤਨੀ ਨੂੰ ਮਾਰਨ ਲਈ ਦੋੜਿਆ ਕਿ ਬਾਹਰੋਂ ਰਣਜੀਤ ਤੂੜੀ ਦੀ ਪੰਡ ਸਿਰ ਤੇ ਚੁੱਕੀ ਅੰਦਰ ਆ ਗਿਆ। ਪੰਡ ਇੱਕ ਪਾਸੇ ਰੱਖਦਿਆਂ ਬੋਲਿਆ “ਬਾਪੂ, ਕੀ ਕੰਜਰ ਖਾਨਾ ਰੋਜ਼ ਕਰਦੇ ਰਹਿੰਦੇ ਹੋ? ਬੀਬੀ ਨੂੰ ਕਿਉਂ ਮਾਰਨ ਲੱਗਿਆ ਸੀ?
‘ਰਣਜੀਤ ਪੁੱਤ ਤੇਰੀ ਮਾਂ ਭੌਂਕਣੋ ਨਹੀਂ ਹਟਦੀ, ਮੈਂ ਘੁੱਟ ਪੀ ਲੈਂਦਾ ਆਂ ਤਾ ਇਸਨੂੰ ਕਿਵੇਂ ਅੱਗ ਲੱਗਦੀ ਏ…….।”

 

“ਬਾਪੂ ਕਿਉਂ ਸਾਨੂੰ ਜਿਉਂਦੇ ਜੀ ਨਰਕ ਵਿੱਚ ਸੁੱਟ ਰਿਹਾ ਹੈ? ਪਤਾ ਜਿਹੜੀ ਮੁਹੱਲੇ ਵਿੱਚ ਕੱਢੀ ਲਾਹਨ (ਸ਼ਰਾਬ) ਪੀਂਦਾ ਹੈ, ਕੈਪਸ਼ਲ ਹੀ ਘੋਲੀ ਜਾਂਦੇ ਨੇ ਉਹ। ਮੁੱਹਲੇ ਵਿੱਚ ਕਿੰਨੇ ਬੰਦੇ ਮਰ ਗਏ ਨੇ। ਇਹਨਾਂ ਦੀ ਸਰਾਬ ਪੀ ਕੇ ਪੁਲਿਸ ਵੀ ਇਹਨਾਂ ਨਾਲ ਮਿਲੀ ਹੋਈ ਹੈ। ਮਹੀਨਾ ਭਰਦੇ ਨੇ ਇਹ। ਜੇ ਤੈਨੂੰ ਕੁੱਝ ਹੋ ਗਿਆ ਤਾਂ ਸਾਡਾ ਕੀ ਬਣੂ?”

 

“ਰਣਜੀਤ ਪੁੱਤ ਮੈਂ ਕਲਪਦੀ ਹਾਂ, ਪਰ ਇਸਦੇ ਪੱਲੇ ਕੁੱਝ ਨਹੀਂ ਪੈਂਦਾ। ਉਲਟਾ ਮੈਨੂੰ ਹੀ ਮਾਰਨ ਕੁੱਟਣ ਦੌੜਦਾ ਹੈ। ਮੈਂ ਹੁਣ ਕੁੱਟ ਖਾਂਦੀ ਹਾਂ ਇਸ ਕੋਲੋਂ। ਮੇਰੇ ਪੁੱਤ ਜਵਾਨ ਹੋ ਗਏ ਨੇ, ਹੱਥ ਲਾ ਕੇ ਵੇਖ…।”

 

“ਬਾਪੂ ਜੀ ਬੇਬੇ ਕੁੱਝ ਗਲਤ ਨਹੀਂ ਕਹਿੰਦੀ। ਆਪਣਾ ਨਹੀਂ ਤਾਂ ਸਾਡਾ ਤਾਂ ਖਿਆਲ ਕਰੋ। ਜੇ ਪੀਣੀ ਹੀ ਹੈ ਤਾਂ ਠੇਕੇ ਦੀ ਦੇਸੀ ਜਾਂ ਅੰਗਰੇਜੀ ਪੀ ਲਿਆ ਕਰੋ, ਮੀਟ ਵਗੈਰਾ ਖਾ ਲਿਆ ਕਰੋ। ਤੁਸੀਂ ਤਾਂ ਸੁੱਕੀ ਸ਼ਰਾਬ ਲੂਣ ਨਾਲ ਹੀ ਪੀ ਜਾਂਦੇ ਹੋ। ਸੁੱਕੀ ਸ਼ਰਾਬ ਅੰਦਰ ਖੁਸ਼ਕੀ ਪਾਉਂਦੀ ਹੈ ਨਾਲੇ ਠੇਕੇ ਦੀ ਸ਼ਰਾਬ ਦੀ ਕੋਈ ਡਿਗਰੀ ਹੁੰਦੀ ਹੈ ਤੇ ਲਾਹਨ ਦੀ ਕਾਹਦੀ ਡਿਗਰੀ? ਕਿਵੇਂ ਸੁੱਕ ਕੇ ਕਾਨ੍ਹੇ ਵਰਗੇ ਹੋ ਗਏ ਹੋ, ਬਾਪੂ ਜੀ.।”

 

“ਚੰਗਾ ਰਣਜੀਤ ਪੁੱਤ ਤੇਰੀ ਗੱਲ ਮੰਨ ਲਵਾਂਗਾ। ਆਪਣੀ ਮਾਂ ਨੂੰ ਵੀ ਸਮਝਾ ਲੈ, ਇਹ ਬੋਲਣ ਲੱਗੀ ਅੱਗਾ ਪਿੱਛਾ ਨਹੀਂ ਵੇਖਦੀ……..।”

 

“ਬੇਬੇ! ਤੂੰ ਵੀ ਕੁੱਝ ਸਮਝ ਕਰਿਆ ਕਰ। ਤੁਸੀਂ ਘਰ ‘ਚ ਵੱਡੇ ਹੋ। ਤੁਸੀਂ ਬਾਪੂ ਦੀ ਇੱਜ਼ਤ ਨਹੀਂ ਕਰੋਗੇ ਤਾਂ ਸਾਡੇ ਤੋਂ ਕੀ ਨਾਲੇ ਫਿਰ ਮੁੱਹਲੇ ਤੋਂ ਕਿਵੇਂ ਪਤੀ ਦੀ ਇੱਜ਼ਤ ਕਰਵਾਉਗੇ। ਤੁਹਾਡੀ ਲੜਾਈ ਸਾਰੇ ਮੁੱਹਲੇ ਨੂੰ ਪਤਾ ਹੈ, ਕਿਵੇ ਹੁੰਦੀ ਹੈ?
“ਅੱਛਾ ਰਣਜੀਤ ਪੁੱਤ ਅੱਗੇ ਤੋਂ ਨਹੀਂ ਬੋਲਾਂਗੀ। ਰੱਬ ਦੀ ਸੋਂਹ।”

 

ਪਰ ਇਸ ਨੂੰ ਵੀ ਤਾਂ ਮੱਤ ਦੇ ਇਹ ਕਿਵੇਂ ਤੇਰੇ ਸਾਹਮਣੇ ਹੀ ਮੈਨੂੰ ਗਾਲ੍ਹਾਂ ਕੱਢਦਾ ਹੈ। ਤੇਰੇ ਮਾਮਿਆਂ ਤੇ ਤੇਰੇ ਨਾਨੇ ਨੂੰ ਵੀ ਬੁਰਾ ਭਲਾ ਕਹਿੰਦਾ ਹੈ। ਆਪਣੇ ਪਿਉ ਦਾ ਇਸ ਨੂੰ ਪਤਾ ਨਹੀਂ ਦੋ-ਦੋ ਜਨਾਨੀਆਂ ਸਾਂਭੀ ਬੈਠਾ ਹੈ। ਸਾਡਾ ਵੀ ਹੱਕ ਮਰਵਾ ਦਿੱਤਾ ਤੇਰੇ ਦਾਦੇ ਨੇ।

 

ਬੇਬੇ ਗੱਲ ਨੂੰ ਵਧਾਉਣ ਦਾ ਕੀ ਫਾਇਦਾ? ਅਗਰ ਇੱਕ ਬੰਦਾ ਨਹੀਂ ਸਮਝਦਾ ਤਾਂ ਦੂਜੇ ਬੰਦੇ ਨੂੰ ਸਮਝ ਕਰ ਲੈਣੀ ਚਾਹੀਦੀ ਹੈ। ਗੱਲ ਆਪਣੇ ਆਪ ਮੁੱਕ ਜਾਂਦੀ ਹੈ ਅਗਰ ਦੋਵੇਂ ਲੜ੍ਹ ਪੈਣ ਤਾਂ ਮੁਸ਼ਕਿਲ ਹੋ ਜਾਵੇਗੀ।

 

“ਚੰਗਾ ਪੁੱਤ! ਜਿਵੇਂ ਕਹੇਂਗਾ, ਉਵੇਂ ਹੀ ਕਰਾਂਗੀ। ਤੇਰੀ ਮੱਤ ਨਹੀਂ ਲੈਣੀ ਤਾਂ ਹੋਰ ਕਿਸਦੀ ਲੈਣੀ ਹੈ, ਤੂੰ ਸਿਆਣਾ ਪੁੱਤ ਹੈਂ।“

 

“ਬੇਬੇ ਤੁਸੀਂ ਖੁਸ਼ ਰਹੋ। ਬਾਪੂ ਦੀਆਂ ਆਦਤਾਂ ਵਿੱਚ ਸੁਧਾਰ ਹੋ ਜਾਊ। ਪਰ ਮੈਨੂੰ ਤਾਂ ਉਮੀਦ ਨਹੀਂ ਕਿ ਬਾਪੂ ਦੀ ਸੋਚ ਵਿੱਚ ਕੁੱਝ ਫਰਕ ਪਵੇ, ਮੈਨੂੰ ਤਾਂ ਇਸਦਾ ਵਿਗਾੜ ਹੀ ਨਜ਼ਰ ਆਉਂਦਾ ਹੈ। ਕਿਵੇਂ ਹੱਥ-ਪੈਰ ਕੰਬਦੇ ਹਨ, ਸ਼ਰਾਬ ਤਾਂ ਬਾਪੂ ਦੇ ਹੱਡਾਂ ਵਿੱਚ ਰੱਚ ਗਈ। ਰੱਬ ਨਾ ਕਰੇ ਕਿਤੇ ਕੋਈ ਅਬੀ-ਨਬੀ ਹੋ ਗਈ ਤਾਂ ਅਸੀਂ ਕਿਸੇ ਜੋਗੇ ਨਹੀ ਰਹਿਣਾ।”

 

“ਨਾ ਪੁੱਤ ਨਾ, ਤੇਰੇ ਬਾਪੂ ਨੂੰ ਕੁੱਝ ਨਾ ਹੋਵੇ। ਮੇਰੇ ਸਿਰ ਦਾ ਸਾਈਂ ਹੈ। ਜਿਵੇਂ ਵੀ ਹੈ ਜਨਾਨੀ ਬੰਦੇ ਬਗੈਰ ਕਿਸੇ ਜੋਗੀ ਨਹੀਂ। ਰੰਡੀ ਜਨਾਨੀ ਦਾ ਡੰਗ ਟੱਪਣਾ ਬੜਾ ਮੁਸ਼ਕਲ ਹੁੰਦਾ ਹੈ, ਪਰ ਤੇਰਾ ਬਾਪੂ ਕਿਸੇ ਦੀ ਮੰਨਦਾ ਵੀ ਨਹੀਂ। ਸ਼ਰਾਬ ਪੀ ਕੇ ਤਾਂ ਗੱਲ ਮੰਦ ਕਰਦਾ ਹੀ ਰਹਿੰਦਾ ਹੈ।”

 

“ਬਿਕਰਮ ਸਿੰਘ ਦਾ ਬਹੁੱਤਾ ਫਿਕਰ ਮਾਂ-ਪੁੱਤ ਨੂੰ ਹੀ ਸੀ। ਉਹਨਾਂ ਨੂੰ ਡਰ ਸੀ ਕਿ ਮੁਹੱਲੇ ਵਿੱਚ ਖਤਰਨਾਕ ਸ਼ਰਾਬ ਨਿਕਲਦੀ ਹੈ ਅੱਗੇ ਹੀ ਇਹ ਸ਼ਰਾਬ ਪੀ ਕੇ ਕਈ ਬੰਦੇ ਮਰ ਚੁੱਕੇ ਹਨ। ਸ਼ਰਾਬ ਕੱਢਣ ਵਾਲੇ ਤਾਂ ਰਾਜਨੀਤਿਕ ਪਾਰਟੀ ਦੇ ਲੀਡਰਾਂ ਦੇ ਝੋਲੀ ਚੁੱਕ ਹਨ। ਪੁਲਿਸ ਵੀ ਇਹਨਾਂ ਨਾਲ ਮਿਲੀ ਹੋਈ ਹੈ। ਜੇ ਪੁਲਿਸ ਛਾਪਾ ਵੀ ਮਾਰਦੀ ਹੈ ਤਾਂ ਬੱਸ ਦਿਖਾਵਾ ਕਰਨ ਲਈ। ਸ਼ਰਾਬ ਦਾ ਕਰੋਬਾਰ ਕਰਨ ਵਾਲੇ ਮੁਹੱਲੇ ਵਿੱਚ ਖੂਬ ਗੁੰਡਾਗਰਦੀ ਕਰਦੇ ਹਨ। ਕੋਈ ਰੋਕਣ-ਟੋਕਣ ਵਾਲਾ ਨਹੀਂ ਉਹਨਾਂ ਨੂੰ। ਜੇ ਕੋਈ ਔਖਾ-ਸੌਖਾ ਹੁੰਦਾ ਹੈ ਤਾਂ ਸਾਰਾ ਟੱਬਰ ਉਸ ਦੇ ਦੁਆਲੇ ਹੋ ਜਾਂਦਾ (ਮਗਰ ਪੈ ਜਾਂਦਾ) ਹੈ। ਅਕਸਰ ਕੋਲੀ ਉਹਨਾਂ ਦੀ ਕੱਢੀ ਸ਼ਰਾਬ ਹੀ ਪੀਂਦੇ ਹਨ। ਅੱਜ ਬਿਕਰਮ ਨਾਲੇ ਤਾਂ ਬੈਠਾ ਤਾਸ਼ ਦੀ ਬਾਜ਼ੀ ਲਗਾ ਰਿਹਾ ਸੀ ਅਤੇ ਨਾਲ ਹੀ ਸ਼ਰਾਬ ਦੇ ਪੈੱਗ ਤੇ ਪੈੱਗ ਲਗਾ ਰਿਹਾ ਸੀ। ਅੱਜ ਸ਼ਰਾਬ ਸੁੱਕੀ ਨਹੀਂ ਪੀ ਰਿਹਾ ਸੀ। ਮੁਰਗਾ ਨਾਲ ਚੱਲ ਰਿਹਾ ਸੀ। ਦੁਪਿਹਰ ਵੇਲੇ ਦੇ ਬੈਠੇ ਸ਼ਾਮਾਂ ਹੋ ਗਈਆਂ, ਪਰ ਕੋਈ ਨਾ ਉਠਿਆ। ਕਈਆਂ ਦੇ ਘਰਦੇ ਆਏ, ਪਰ ਘਰ ਜਾਣ ਨੂੰ ਕੋਈ ਵੀ ਤਿਆਰ ਨਹੀਂ ਸੀ, ਉਲਟਾ ਸੱਦਣ ਵਾਲਿਆਂ ਨੂੰ ਗਾਲ੍ਹ ਮੰਦਾ ਕਰ ਰਹੇ ਸਨ।


ਸ਼ਰਾਬੀਆਂ ਦੇ ਘਰ ਵਾਲਿਆਂ ਨੂੰ ਇਹ ਗਾਲ੍ਹ ਮੰਦਾ ਸੁਨਣ ਦੀ ਆਦਤ ਹੋ ਹੀ ਜਾਂਦੀ ਹੈ। ਬੰਦਾ ਹੋਰ ਕਰ ਵੀ ਕੀ ਸਕਦਾ ਹੈ, ਮਜਬੂਰੀ ਹੁੰਦੀ ਹੈ। ਇੱਕ ਗੱਲ ਤਾਂ ਬਿਲਕੁੱਲ ਸੱਚ ਹੈ ਕਿ ਸ਼ਰਾਬੀ ਨੂੰ ਸਿਰਫ ਸ਼ਰਾਬ ਪੀਣ ਤੱਕ ਮੱਤਲਬ ਹੁੰਦਾ ਹੈ। ਕੌਣ ਜਿਉਂਦਾ ਹੈ? ਕੋਣ ਮਰਦਾ ਹੈ? ਕਿਸ ਦੀ ਬੇ-ਇੱਜ਼ਤੀ ਹੁੰਦੀ ਹੈ? ਇਸ ਨਾਲ ਕੋਈ ਮਤਲਬ ਨਹੀਂ ਹੁੰਦਾ। ਅੱਜ ਸ਼ਰਾਬ ਵੀ ਕਾਫੀ ਤੇਜ਼ ਲੱਗ ਰਹੀ ਸੀ, ਭਾਵੇਂ ਦਿਮਾਗ ਨੂੰ ਚੜ੍ਹ ਰਹੀ ਸੀ, ਪਰ ਸ਼ਰਾਬ ਦੇ ਲਾਲਚੀ ਇਵੇਂ ਪੀ ਰਹੇ ਸਨ ਜਿਵੇਂ ਸ਼ਰਾਬ ਕਦੇ ਵੇਖੀ ਹੀ ਨਾ ਹੋਵੇ ਜਾਂ ਪਹਿਲੀ ਵਾਰ ਪੀਤੀ ਹੋਵੇ। ਸੱਭ ਦੀ ਤਬੀਅਤ ਖਰਾਬ ਹੋਣ ਲੱਗੀ। ਰਣਜੀਤ ਵੀ ਕਲਪਦਾ ਹੋਇਆ ਆ ਗਿਆ। ਇੱਕ ਨਾ ਇੱਕ ਦਿਨ ਚੰਨ ਚਾੜ੍ਹਨਾ ਸੀ। ਬਿਕਰਮ ਨਾਲ ਮੁਹੱਲੇ ਦੇ ਦੋ-ਤਿੰਨ ਕੁ ਮੁੰਡੇ ਹੋਰ ਆ ਗਏ। ਛੇਤੀ ਛੇਤੀ ਬਿਕਰਮ ਨੂੰ ਟੈਂਪੂ ਵਿੱਚ ਪਾ ਕੇ ਹਸਪਤਾਲ ਲੈ ਗਏ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਹੀ ਬਿਕਰਮ ਦੇ ਪ੍ਰਾਣ ਪੰਖ ਉੱਡ ਗਏ ਅਤੇ ਉਸਦੀ ਹੁਣ ਕੇਵਲ ਮਿੱਟੀ ਹੀ ਰਹਿ ਗਈ।


ਬਿਕਰਮ ਦੀ ਲਾਸ਼ ਘਰ ਲਿਆਂਦੀ ਗਈ, ਘਰ ਵਿੱਚ ਰੋਣਾ ਪਿਟਣਾ ਸ਼ੁਰੂ ਹੋ ਗਿਆ। ਮਾਂ ਖੂਬ ਕਲਪਦੀ ਬੋਲੀ: “ਮੈਂ ਕਿਹੜਾ ਅੱਗੇ ਸੁੱਖ ਵੇਖਿਆ ਸੀ, ਜਿੰਦਗੀ ‘ਚ ਹੋਰ ਦੁੱਖ ਦੇ ਗਿਆ। ਪੁੱਤਾਂ ਦੇ ਸਿਰ ਤੋਂ ਪਿਉ ਦਾ ਸਾਇਆ ਖੋਹ ਲਿਆ। ਜਿਵੇਂ ਮਰਜ਼ੀ ਸੀ, ਮੇਰੇ ਸਿਰ ਦਾ ਸਾਈਂ ਸੀ, ਮੈਂ ਹੁਣ ਰੰਡੀ ਹੋ ਗਈ। ਸਾਰੀ ਜਿੰਦਗੀ ਕਿਵੇਂ ਕਢਾਂਗੀ ਤੇਰੇ ਬਗੈਰ? ਕਿਸ ਦੀ ਉਡੀਕ ਕਰਾਂਗੀ? ਮੈਂ ਕਿੱਥੇ ਜਾਵਾਂ……… ਕੀ ਕਰਾਂ…..?”


ਰਣਜੀਤ ਆਪਣੇ ਆਪ ਨੂੰ ਸੰਭਾਲਦਾ ਹੋਇਆ ਮਾਂ ਨੂੰ ਹੌਂਸਲਾ ਦਿੰਦਾ ਬੋਲਿਆ, “ਬੇਬੇ ਚੁੱਪ ਹੋ ਜਾ, ਰੋ-ਰੋ ਕੇ ਪਾਗਲ ਹੋਣਾ ਹੈ। ਗਏ ਵੀ ਕਦੇ ਵਾਪਿਸ ਆਏ ਨੇ, ਮਰਿਆਂ ਨਾਲ ਮਰ ਨਹੀਂ ਹੁੰਦਾ। ਖਾਣਾ ਪੀਣਾ ਤਾਂ ਉਸਦਾ ਛੁੱਟ ਗਿਆ, ਬਾਕੀ ਕਾਰ ਵਿਹਾਰ ਤਾਂ ਚੱਲਦੇ ਹੀ ਰਹਿਣੇ ਆ। ਬੇਬੇ ਬਾਪੂ ਦਾ ਦਾਣਾ ਪਾਣੀ ਹੀ ਇੰਨਾ ਸੀ, ਸ਼ਰਾਬ ਦਾ ਤਾਂ ਬੱਸ ਇੱਕ ਬਹਾਨਾ ਸੀ। ਬਾਕੀਆਂ ਨੇ ਵੀ ਤਾਂ ਖੂਬ ਸ਼ਰਾਬ ਪੀਤੀ ਸ,ਿ ਉਹ ਤਾਂ ਸਾਰੇ ਸਹੀ ਸਲਾਮਤ ਨੇ। ਬਾਪੂ ਨੇ ਹੀ ਮੁਕਣਾ ਸੀ। ਬੇਬੇ ਅਸੀਂ ਸਾਰੇ ਤੇਰੇ ਆਸਰੇ ਹਾਂ। ਸਾਡੇ ਕਿਹੜਾ ਤਾਏ, ਚਾਚੇ ਹਨ, ਸਾਰੇ ਪਰਿਵਾਰ ਦਾ ਖਿਆਲ ਹੁਣ ਤੂੰ ਹੀ ਰੱਖਣਾ ਹੈ। ਤੂੰ ਜਿਉਂਦੀ ਵੱਸਦੀ ਰਹਿ, ਤੇਰੇ ਆਸਰੇ ਅਸੀਂ ਉਡਣਾ ਹੈ। ਤੂੰ ਹੀ ਸਾਡੀ ਬੇਬੇ ਅਤੇ ਤੂੰ ਹੀ ਸਾਡਾ ਬਾਪੂ….।”


ਬਿਕਰਮ ਦਾ ਅੰਤਿਮ ਸੰਸਕਾਰ ਕੀਤਾ ਗਿਆ, ਭੋਗ ਪਿਆ। ਬਰਾਦਰੀ ਇਕੱਠੀ ਹੋਈ। ਦੂਰ-ਨੇੜੇ ਦੇ ਸਾਰੇ ਸਬੰਧੀ ਆਏ। ਬਿਕਰਮ ਦਾ ਸਾਲਾ ਅਤੇ ਸਹੁਰਾ ਰਣਜੀਤ ਨੂੰ ਹੌਂਸਲਾ ਦਿੰਦੇ ਬੋਲੇ, ‘ਬੇਟਾ ਰਣਜੀਤ ਤੈਨੂੰ ਜਿੰਮੇਵਾਰ ਦੀ ਪੱਗ ਬੰਨ੍ਹੀ ਗਈ ਹੈ। ਪੂਰੇ ਪਰਿਵਾਰ ਦੀ ਜਿੰਮੇਵਾਰੀ ਹੁਣ ਤੇਰੇ ਤੇ ਹੈ। ਪੁੱਤ ਅੱਗੇ ਵੀ ਜਿੰਮੇਵਾਰੀ ਦੀ ਤੂੰ ਕਿਹੜੀ ਕਸਰ ਛੱਡੀ ਹੈ। ਪੂਰੇ ਦਾ ਪੂਰਾ ਘਰ ਤੇਰੇ ਸਿਰ ਤੇ ਚੱਲਦਾ ਹੈ, ਜੀਜੇ ਨੇ ਕਿਹੜੀ ਜਿੰਮੇਵਾਰੀ ਸਮਝੀ ਸੀ, ਸਾਡੀ ਭੈਣ ਨੂੰ ਤਾਂ ਇਸ ਪਰਿਵਾਰ ਵਿੱਚ ਕੋਈ ਸੁਖ ਹੀ ਨਹੀਂ ਮਿਲਿਆ। ਰੱਬ ਦਾ ਲੱਖ-ਲੱਖ ਸ਼ੁਕਰ ਹੈ ਕਿ ਉਸਦੀ ਔਲਾਦ ਚੰਗੀ ਨਿਕਲੀ ਹੀਰੇ ਵਰਗਾ ਰਣਜੀਤ ਪੁੱਤਰ ਹੈ। ਏਸੇ ਤੋਂ ਹੀ ਪੂਰੇ ਘਰ ਆਸ-ਉਮੀਦ ਹੈ। ਰਣਜੀਤ ਸਿੰਘ ਤੇਰੇ ਮਾਮੇ ਜਿਉਂਦੇ ਜਾਗਦੇ ਹਨ। ਕਿਸੇ ਚੀਜ਼ ਦੀ ਵੀ ਕਦੇ ਜ਼ਰੂਰਤ ਹੋਵੇ ਬਿਨ੍ਹਾਂ ਝਿਜਕ ਦੱਸ ਦੇਵੀਂ, ਇੱਕ ਇਸ਼ਾਰੇ ਤੇ ਦੌੜਦੇ ਆਵਾਂਗੇ। ਅਸੀਂ ਕੁੱਝ ਸਮਾਂ ਰਹਿੰਦੇ ਪੁੱਤ! ਤੈਨੂੰ ਪਤਾ ਹੈ ਕਿ ਪਿੰਡ ਦੀਆਂ ਜਿੰਮੇਵਾਰੀਆਂ, ਮਾਲ ਡੰਗਰ ਦੀ ਸਾਂਭ ਸੰਭਾਲ, ਘਰ ਦਾ ਹਿਸਾਬ-ਕਿਤਾਬ ਵੀ ਵੇਖਣਾ ਹੁੰਦਾ ਹੈ। ਮਜਬੂਰੀ ਹੈ ਪੁੱਤ ਜਾਣ ਦੀ….।”


“ਰਣਜੀਤ ਪੁੱਤ ਤੂੰ ਮੇਰੀ ਧੀ ਦਾ ਸਰਵਣ ਪੁੱਤਰ ਹੈਂ, ਤੇਰੇ ਭੈਣ-ਭਰਾਵਾਂ ਆਦਿ ਨੂੰ ਤੇਰਾ ਹੀ ਆਸਰਾ ਹੈ। ਇੰਨੀ ਗੱਲ ਕਹਿੰਦਿਆਂ ਜਦ ਨਾਨੇ ਨੇ ਰਣਜੀਤ ਨੂੰ ਹਿੱਕ ਨਾਲ ਲਾਇਆ ਤਾਂ ਰਣਜੀਤ ਦੇ ਹੰਝੂਆਂ ਦਾ ਬੰਨ੍ਹ ਟੁੱਟ ਗਿਆ।”


“ਘਰੇਲੂ ਕਾਰੋਬਾਰੀਆਂ ਜੁੰਮੇਵਾਰੀਆਂ ਨੇ ਰਣਜੀਤ ਨੂੰ ਦਬਾਅ ਕੇ ਰੱਖ ਦਿੱਤਾ, ਉਸਦੀਆਂ ਆਪਣੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਛੋਟੇ ਭਰਾ ਨੇ ਵੈਲਡਿੰਗ ਦਾ ਕੰਮ ਸਿੱਖ ਲਿਆ, ਘਰ ਪੱਖਿਆਂ ਦੇ ਜੰਗਲੇ ਬਨਾਉਣ ਲੱਗ ਪਿਆ। ਬਚਪਨ ਤੋਂ ਸ਼ਰਾਰਤੀ ਹੋਣ ਕਰਕੇ ਪੜਾਈ ਤਾਂ ਉਸਨੇ ਕੀਤੀ ਹੀ ਨਹੀਂ ਸੀ। ਹਾਂ ਕੰਮ ਵਿੱਚ ਕਾਰੀਗਰ ਜ਼ਰੂਰ ਬਣ ਗਿਆ। ਛੋਟੀ ਉਮਰੇ ਹੀ ਪੱਖਿਆਂ ਦੇ ਜੰਗਲੇ ਬਣਾ ਕੇ ਫੈਕਟਰੀਆਂ ‘ਚ ਵੇਚਣ ਲੱਗ ਪਿਆ, ਘਰ ਵਿੱਚ ਕਾਰੀਗਰ ਰੱਖ ਲਏ। ਤੀਜਾ ਛੋਟਾ ਭਰਾ ਵੀ ਜਵਾਨ ਹੋ ਗਿਆ, ਸੁੱਖ ਨਾਲ ਪੜਾਈ ਉਸਨੇ ਵੀ ਨਹੀਂ ਕੀਤੀ। ਹਾਂ ਰਣਜੀਤ ਨੇ 4 ਕੁ ਜਮਾਤਾਂ ਪਾਸ ਜ਼ਰੂਰ ਕੀਤੀਆਂ ਸਨ। ਵੱਡੀ ਭੈਣ ਦਾ ਵਿਆਹ ਤਾਂ ਬਿਕਰਮ ਆਪਣੇ ਹੱਥੀ ਕਾਫੀ ਦੇਰ ਪਹਿਲਾਂ ਹੀ ਕਰ ਗਿਆ ਸੀ। ਵਿਆਹ ਵੀ ਪਿੰਡ ਵਿੱਚ ਹੀ ਹੋਇਆ ਸੀ, ਘਰ ਬਾਹਰ ਬਹੁਤ ਸੌਖਾ, ਮਾਲ ਡੰਗਰ ਬਹੁਤਾ, ਸਾਰੇ ਭਰਾਵਾਂ ਵਿੱਚੋਂ ਰਣਜੀਤ ਦਾ ਜੀਜਾ ਹੀ ਸੱਭ ਤੋਂ ਵੱਡਾ ਹੀ ਸੀ। ਛੋਟੇ ਭਰਾ ਵੀ ਵੱਡੇ ਭਰਾ ਦੀ ਬਹੁੱਤ ਇੱਜ਼ਤ ਕਰਦੇ ਸਨ। ਘਰ ਵਿੱਚ ਬਹੁੱਤ ਏਕਤਾ ਸੀ, ਸਾਰਾ ਟੱਬਰ ਮਿਲ ਵਰਤਣ ਵਾਲਾ ਸੀ। ਸੁਰੀਜਤ ਕੌਰ ਉਸ ਘਰ ਵਿੱਚ ਬਹੁੱਤ ਵਧੀਆ ਸੈੱਟ ਹੋ ਗਈ। ਸੁਰਜੀਤ ਕੌਰ ਵੀ ਇਕੱਠੇ ਪਰਿਵਾਰ ਵਿੱਚ ਰਹਿਣਾ ਪਸੰਦ ਕਰਦੀ ਸੀ, ਇਕੱਲੇ ਰਹਿਣਾ ਉਸਨੂੰ ਪਸੰਦ ਨਹੀਂ ਸੀ। ਸੁਰਜੀਤ ਕੌਰ ਦੇ ਦਿਉਰ ਸੁਰਜੀਤ ਕੌਰ ਨੂੰ ਭਰਜਾਈ ਘੱਟ ਅਤੇ ਮਾਂ ਵੱਧ ਸਮਝਦੇ ਸਨ।


ਸੱਸ ਨੇ ਸੁਰਜੀਤ ਕੋਰ ਨੂੰ ਹੱਥਾਂ ਤੇ ਚੁੱਕਿਆ ਸੀ। ਸਹੁਰਾ ਤਾਂ ਪਹਿਲਾਂ ਹੀ ਨਹੀਂ ਸੀ। ਰਣਜੀਤ ਦੀ ਮਾਂ ਅਕਸਰ ਸੁਰਜੀਤ ਕੌਰ ਨੂੰ ਮਿਲਣ ਪਿੰਡ ਆਉਂਦੀ ਸੀ। ਰਣਜੀਤ ਧਾਰਮਿਕ ਖਿਆਲ ਦਾ ਵਿਅਕਤੀ ਸੀ, ਸਿੱਖੀ ਵਿੱਚ ਉਸਦਾ ਪੂਰਾ ਵਿਸ਼ਵਾਸ਼ ਸੀ। ਨਿੱਤਨੇਮ ਨਾਲ ਗੁਰਦੁਆਰੇ ਜਾਣਾ ਉਸਦਾ ਨੇਮ ਸੀ। ਮੰਦਰ-ਮਸਜਿਦ ਦੀ ਵੀ ਉਹ ਦਿਲੋਂ ਕਦਰ ਕਰਦਾ ਸੀ। ਪੰਜਾਬੀ ਸੱਭਿਆਚਾਰ ਪ੍ਰਤੀ ਉਸਦੀ ਕਾਫੀ ਖਿੱਚ ਸੀ, ਉਹ ਅਕਸਰ ਹੀਰ-ਰਾਂਝਾ, ਮਿਰਜਾ-ਸਾਹਿਬਾ, ਸੋਹਣੀ-ਮਹੀਵਾਲ ਅਤੇ ਬਾਬਾ ਬੁਲ੍ਹੇ ਸ਼ਾਹ ਆਦਿ ਬਾਰੇ ਉਹ ਅਕਸਰ ਗਿਆਨ ਗੋਸ਼ਟੀ ਕਰਦਾ। ਉਸ ਦੀ ਜਾਨ ਪਹਿਚਾਨ ਹਮ ਉਮਰ ਨੋਜਵਾਨਾਂ ਨਾਲ ਘੱਟ ਸੀ। ਬਜੁਰਗ ਬੰਦਿਆ ਨਾਲ ਜਿਆਦਾ ਮੱਝਾਂ ਚਾਰਦਾ ਸੀ ਅਤੇ ਵਿਚਾਰ ਵਟਾਂਦਰਾ ਕਰਦਾ। ਰਣਜੀਤ ਦਾ ਮਾਮਾ ਨਿਹੰਗ ਸਿੰਘ ਪ੍ਰਥਾ ਚ ਵਿਸ਼ਵਾਸ ਰੱਖਦਾ ਸੀ। ਰਣਜੀਤ ਮਾਮੇ ਨੂੰ ਅਕਸਰ ਡੇਰੇ ਚ ਮਿਲਦਾ, ਉਸ ਕੋਲੋ ਗੁਰੂ ਸਾਹਿਬਾ ਦੀਆਂ ਸਾਖੀਆ, ਕੁਰਬਾਨੀਆਂ, ਭਗਤੀ ਰਸ ਅਤੇ ਬੀਰ ਰਸ ਦੇ ਕਿਸੇ ਸੁਣਦਾ। ਉਸਦੇ ਮਨ ਅੰਦਰ ਭਗਤੀ ਅਤੇ ਬੀਰ ਰਸ ਦਾ ਜਜਬਾ ਪੈਦਾ ਹੁੰਦਾ। ਜਿਵੇਂ ਜਿਵੇਂ ਰਣਜੀਤ ਦੀਆਂ ਪ੍ਰਵਾਹ ਪ੍ਰਤੀ ਜੁੰਮੇਵਾਰੀਆਂ ਵੱਧ ਰਹੀਆ ਸਨ ਤਿਵੇਂ ਤਿਵੇਂ ਰਣਜੀਤ ਹੋਰ ਸਿਆਣਾ ਹੋ ਰਿਹਾ ਸੀ ਵੱਡੀ ਭੈਣ ਦੇ ਵਿਆਹ ਨੂੰ ਦੱਸ ਸਾਲ ਤੋ ਉਪਰ ਹੋ ਚੁੱਕੇ ਸਨ।ਉਧਰ ਛੋਟੀ ਭੈਣ ਵੀ ਜਵਾਨ ਹੋ ਗਈ। ਮਾਂ ਨਾਲ ਸਲਾਹ ਕੀਤੀ ਅਤੇ ਪਿੰਡ ਚ ਉਸ ਵਿਆਹ ਕਰ ਦਿੱਤਾ।


ਬਾਰਡਰ ਦੇ ਨਾਲ ਪਿੰਡ ਹੋਣ ਕਰਕੇ ਉਥੇ ਅਕਸਰ ਭਾਰਤ-ਪਾਕਿ ਫੋਜਾ ਚ ਗੋਲਬਾਰੀ ਹੁੰਦੀ। ਉਥੇ ਹੀ ਸਮਾਜ ਵਿਰੋਧੀ ਅਕਸਰ ਲੋਕਾਂ ਦੇ ਘਰਾਂ ਚ ਲੁੱਕ ਰਹਿੰਦੇ। ਨਾਲੇ ਉਹ ਮੁੰਡਿਆਂ ਨੂੰ ਅਹਾਣਾ ਕਰਦੇ। ਨੋਜਵਾਨ ਮੁਡਿੰਆ ਨੂੰ ਗੁੰਮਰਾਹ ਕਰਦੇ। ਉਨ੍ਹਾਂ ਦਿਲਾ ਚ ਪੰਜਾਬ ਅੱਤਵਾਦ ਦਾ ਬੋਲਬਾਲਾ, ਕੱਟ-ਵੱਡ ਆਮ ਸੀ। ਮਹਿੰਦਰ ਕੌਰ ਦਾ ਵਿਆਹ ਹੋ ਗਿਆ। ਘਰ ਕੋਈ ਸੁੱਖ ਨਹੀ ਸੀ। ਖਸਮ ਕੋਈ ਨਹੀ ਕਰਦਾ ਸੀ। ਥੋੜੀ ਜਮੀਨ ਜਾਈਦਾਦ ਮੱਖਣ ਸਿੰਘ ਮਹਿੰਦਰ ਕੌਰ ਦਾ ਘਰ ਵਾਲਾ ਸੀ। ਦੋ ਕੁ ਸਾਲ ਲੰਘੇ ਮੱਖਣ ਸਿੰਘ ਦੀ ਸੋਚ ਕੁਟ ਭੱਟਕਣ ਵਾਲੀ ਸੀ। ਅਕਸਰ ਦਹਿਸ਼ਤ ਗਰਦ ਮੱਖਣ ਸਿੰਘ ਦੇ ਘਰ ਆਉਦੇ ਜਾਦੇਂ ਰਹਿੰਦੇ ਸਨ। ਉਨਾ ਨਾਲ ਉਸ ਦੀ ਸਾਠ ਗਾਂਠ ਹੋ ਗਈ। ਮਹਿੰਦਰ ਕੌਰ ਨੂੰ ਪਤਾ ਲੱਗਿਆ ਤਾਂ ਉਸ ਨੇ ਸੱਸ ਨਾਲ ਗੱਲ ਕੀਤੀ ਤਾਂ ਸੱਸ ਨੇ ਮਹਿੰਦਰ ਕੌਰ ਨੂੰ ਕਿਹਾ “ਦੇਖ ਕੁੜੀਏਤੇਰਾ ਕੰਮ ਚੁੱਲਾ ਚੋਕਾਂ ਕਰਨਾ ਤੂੰ ਇਨਾ ਗੱਲਾਂ ਚ ਨਾ ਪਿਆ ਕਰ ਮੁੰਡੇ ਕੀ ਕਰਦੇ ਹੈ ਤੈਨੂੰ ਤਾਂ ਰੋਟੀ ਪਾਣੀ ਸੋਖਾ ਮਿਲਦਾ ਹੈ ਨਾਂ…..”


“ਬੀਬੀ ਅਗਰ ਪੁਲਿਸ ਨੂੰ ਪਤਾ ਲੱਗ ਗਿਆ ਜਾ ਮੁਕਾਬਲਾ ਹੋ ਗਿਆ ਤਾਂ ਕੀ ਬਣੇਗਾ…? ਇਹ ਲਫਜ ਪੂਰੇ ਹੋਈ ਹੀ ਕੇ ਮੱਖਣ ਸਿੰਘ ਆਉਦਿਆਂ ਹੀ ਚਾਰੇ ਚਪੇੜਾਂ ਮਹਿੰਦਰ ਕੌਰ ਦੇ ਮਾਰ ਕੇ ਬੋਲਿਆ “ਅਸੀਂ ਧਰਮ ਦੀ ਲੜਾਈ ਲੜਦੇ ਹਾਂ ਪੁਲਿਸ ਨਾਲ ਤਾਂ ਮੁਕਾਬਲੇ ਹੁੰਦੇ ਹੀ ਰਹਿੰਦੇ ਅੱਗੇ ਤੋ ਸਾਡੇ ਮਾਮਲੇ ‘ਚ ਬੋਲੀ ਤਾਂ ਜਿਉਦੇ ਨਹੀ ਛੱਡਾਗੇ। ਜਨਾਨੀ ਹੈ ਤਾਂ ਜਨਾਨੀ ਬਣ ਕੇ ਰਹਿ ਬੰਦਿਆਂ ਦੇ ਮਾਮਲੇ ‘ਚ ਬੋਲਣ ਦੀ ਕੋਈ ਲੋੜ ਨਹੀ…।”


ਮਹਿੰਦਰ ਕੌਰ ਕੁੱਝ ਨਾ ਬੋਲੀ। ਹੰਝੂ ਸੁੱਟੇ ਤੇ ਚੁੱਪ ਹੋ ਗਈ। ਉਸ ਦਿਨ ਦੇ ਬਾਅਦ ਨਾ ਕਦੀ ਬੋਲੀ ਮਹਿੰਦਰ ਕੌਰ। ਉਸਦੀ ਸੱਸ ਬਹੁੱਤ ਤੇਜ਼ ਤਰਾਰ ਔਰਤ ਸੀ, ਜੋ ਨਿੱਤ ਮਹਿੰਦਰ ਕੌਰ ਤੇ ਜੁਲਮ ਕਰਦੀ ਸੀ। ਰਣਜੀਤ ਨੂੰ ਪਤਾ ਲੱਗਿਆ ਉਸਨੂੰ ਬਹੁੱਤ ਗੁੱਸਾ ਆਇਆ ਅਤੇ ਮੱਖਣ ਸਿੰਘ ਨੂੰ ਕਹਿਣ ਲੱਗਾ, “ਮੱਖਣ ਸਿੰਘ ਤੀਵੀਆਂ ਨੂੰ ਕੁੱਟਣਾ ਕੋਈ ਸੂਰਮਿਆਂ ਵਾਲੀ ਗੱਲ ਨਹੀਂ ਹੁੰਦੀ। ਧਰਮ ਦੀ ਲੜਾਈ ਤੀਵੀਂ ਨੂੰ ਕੁੱਟ ਕੇ ਨਹੀਂ ਲੜੀ ਜਾਂਦੀ ਜਾਂ ਫਿਰ ਮਾਂ ਦੇ ਮਗਰ ਲੱਗ ਕੇ। ਧਰਮ ਤਾਂ ਸਾਨੂੰ ਗਿਆਨ ਦਿੰਦਾ ਹੈ। ਮਾਂ ਨੂੰ ਆਪਣੀ ਥਾਂ ਅਤੇ ਜਨਾਨੀ ਨੂੰ ਆਪਣੀ ਥਾਂ ਤੇ ਰੱਖੀ ਦਾ ਹੈ। ਧਰਮ ਵੀ ਕੁੜੀਆਂ ਦੀ ਇੱਜ਼ਤ ਕਰਨੀ ਸਿਖਾਉਂਦਾ ਹੈ। ਜਿੰਹਨਾਂ ਲੋਕਾਂ ਨਾਲ ਤੂੰ ਤੁਰਿਆਂ ਫਿਰਦਾ ਹੈਂ ਕੱਲ ਨੂੰ ਕੋਈ ਅਬੀ-ਨਬੀ ਹੋ ਗਈ ਤਾਂ ਕੁੜੀਆਂ ਦਾ ਕੀ ਬਣੇਗਾ। ਕੰਮ ਕਾਰ ਵੱਲ ਤੇਰਾ ਧਿਆਨ ਕੋਈ ਨਹੀਂ। ਤੂੰ ਇਹ ਨਾ ਸਮਝੀਂ ਕਿ ਇਸਦੇ ਪਿੱਛੇ ਬੰਦੇ ਨਹੀਂ, ਘੱਟ ਅਸ਼ੀਂ ਵੀ ਨਹੀਂ ਊ। ਮੇਰਾ ਮਾਮਾ ਨਿਹੰਗ ਸਿੰਘ ਹੈ ਅਤੇ ਉਹ ਨਿਹੰਗਾਂ ਦੀ ਛਾਉਣੀ ਦਾ ਮੁੱਖੀ ਵੀ ਹੈ। ਬੰਦੇ ਨੂੰ ਸੋਧਣਾ ਉਸਨੂੰ ਵੀ ਆਉਂਦਾ ਹੈ, ਅਗਰ ਭਰੋਸਾ ਨਹੀਂ ਤਾਂ ਸੱਦ ਲੈਂਦੇ ਹਾਂ। ਧਰਮ ਸਾਨੂੰ ਵੀ ਪਤਾ, ਤੈਨੂੰ ਧਰਮ ਬਾਰੇ ਸਾਡੇ ਨਾਲ ਜਿਆਦਾ ਜਾਣਕਾਰੀ ਨਹੀਂ।

 

“ਭਾਅ ਜੀ, ਤੁਸੀਂ ਤਾਂ ਬੱਸ ਐਵੇਂ ਈ ਗੁੱਸਾ ਕਰੀ ਜਾਂਦੇ ਜੇ। ਗਲਤੀ ਹੋ ਗਈ ਅੱਗੇ ਤੋਂ ਮਹਿੰਦਰ ਕੌਰ ਨੂੰ ਹੱਥ ਨਹੀਂ ਲਗਾਵਾਂਗਾ।”
“ਠੀਕ ਹੈ, ਮੱਖਣ ਸਿੰਹਾਂ, ਅਸੀਂ ਕੋਈ ਤੇਰੇ ਵੈਰੀ ਨਹੀਂ। ਤੂੰ ਸਾਡਾ ਜਵਾਈ-ਭਾਈ ਹੈਂ। ਤੇਰੀ ਇੱਜ਼ਤ ਦਾ ਸਾਡਾ ਫਰਜ਼ ਹੈ। ਤੂੰ ਘਰ ਵਿੱਚ ਸੱਭ ਤੋਂ ਵੱਡਾ ਹੈ, ਜਿੰਮੇਵਾਰੀ ਸਮਝ। ਇਹਨਾਂ ਮੁੰਡਿਆਂ ਦਾ ਪਿੱਛਾ ਛੱਡ, ਮਾਲ ਡੰਗਰ ਵੇਖ, ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ ਚੱਲ।”
“ਠੀਕ ਕਿਹਾ ਭਾਅ! ਤੇਰੀ ਗੱਲ। ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਮੈਂ ਆਪਣੀ ਜਿੰਮੇਵਾਰੀ ਸਮਝਾਂਗਾ।”


“ਬੀਬੀ ਜੀ ਮੇਰੇ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰ ਦੇਣਾ। ਗੁੱਸੇ ਵਿੱਚ ਵੱਧ-ਘੱਟ ਬੋਲ ਗਿਆਂ। ਮੈਂ ਵੀ ਮੱਖਣ ਸਿੰਘ ਵਾਂਗ ਤੁਹਾਡਾ ਪੁੱਤਰ ਹਾਂ।”


“ਕੋਈ ਗੱਲ ਨਹੀਂ ਰਣਜੀਤ ਪੁੱਤਰ, ਮੈਂ ਗੁੱਸਾ ਨਹੀਂ ਕੀਤਾ। ਮਹਿੰਦਰ ਕੌਰ ਤੇਰੀ ਭੈਣ ਤੇਰੀ ਧੀ ਹੈ। ਮੈਨੂੰ ਪਤਾ ਹੈ ਤੂੰ ਕਿਵੇਂ ਸਾਰੇ ਪਰਿਵਾਰ ਦੀ ਜਿੰਮੇਵਾਰੀ ਸਾਂਭੀ ਹੋਈ ਹੈ………।“ ਰਣਜੀਤ ਨੂੰ ਕੁੱਝ ਹੌਂਸਲਾ ਹੋਇਆ ਕਿ ਚਲੋ ਉਸਦੀ ਭੈਣ ਘਰ ਕੁੱਝ ਸੁਧਾਰ ਹੋਇਆ ਹੈ।


ਵੱਡੀ ਭੈਣ ਸੁਰਿੰਦਰ ਕੌਰ ਦੇ ਘਰ ਦੋ ਮੁੰਡੇ ਹੋਏ। ਵੱਡਾ ਤਾਂ ਸੁੱਖ ਨਾਲ ਹੁਣ ਗੱਭਰੂ ਹੋਗਿਆ। ਅਕਸਰ ਨਾਨਕੇ ਆਉਂਦਾ ਰਹਿੰਦਾ। ਰੱਜ ਕੇ ਸ਼ਰੀਫ ਤੇ ਮਿਹਨਤੀ ਸੀ। ਸੁਰਿੰਦਰ ਦਾ ਪਤੀ ਵੀ ਤਾਂ ਬਹੁੱਤ ਸ਼ਰੀਫ ਬੰਦਾ ਸੀ। ਵੱਡੇ ਭਰਾ ਦੇ ਹੁੰਦਿਆਂ ਛੋਟੇ ਭਰਾ ਨੂੰ ਕੋਈ ਫਿਕਰ ਹੀ ਨਹੀਂ ਸੀ। ਗੁਆਂਡੀਆਂ ਦੇ ਘਰ ਟੈਲੀਫੋਨ ਆਇਆ, ਰਣਜੀਤ ਸੁਨਣ ਗਿਆ। ਟੈਲੀਫੋਨ ਸੁਰਜੀਤ ਦੇ ਦਿਉਰ ਦਾ ਸੀ। ਰਣਜੀਤ ਨੇ ਅੱਗੋਂ ਟੈਲੀਫੋਨ ਚੁੱਕਿਆ ਅਤੇ ਬੋਲਿਆ, “ਕੌਣ ਬੋਲ ਰਿਹਾ ਏ….?”
“ਮੈਂ ਦਲੀਪ ਸਿੰਘ ਬੋਲ ਰਿਹਾ ਹਾਂ…..।”
“ਹਾਂ ਦੱਸ ਦਲੀਪ ਸਿੰਘ ਕੀ ਗੱਲ ਹੈ….?”
ਦਲੀਪ ਸਿੰਘ ਟੈਲੀਫੋਨ ‘ਤੇ ਉੱਚੀ-2 ਰੋਣ ਲੱਗ ਪਿਆ।
“ਕੀ--- ਕੀ ਹੋਇਆ ਦਲੀਪ ਸਿੰਹਾਂ….?”
“ਮਨਜੀਤ ਭਾਅ……….”
“ਹਾਂ, ਕੀ ਹੋਇਆ ਮਨਜੀਤ ਸਿੰਘ ਨੂੰ……?”
“ਰਣਜੀਤ……..।”
ਦਲੀਪ ਸਿੰਘ ਦੀ ਜੁਬਾਨ ਕੰਬ ਰਹੀ ਸੀ।
“ਕੀ ਹੋਇਆ ਹੈ? ਮਨਜੀਤ ਸਿੰਘ ਨੂੰ….? ਕੁੱਝ ਤਾਂ ਦੱਸੋ।
“ਰਣਜੀਤ ਭਾਅ ਜੀ, ਮਨਜੀਤ ਭਾਅ ਇਸ ਦੁਨੀਆ ਵਿੱਚ ਨਹੀਂ ਰਿਹਾ..।”
“ਇਹ ਕਿਵੇਂ ਹੋਇਆ? ਕਦ ਹੋਇਆ…….?”
“ਤੁਸੀਂ ਪਿੰਡ ਆ ਜਾਉ, ਸਾਰੀ ਗੱਲ ਬਾਤ ਕਰਾਂਗੇ।”


“ਮਾਂ ਨੂੰ ਲੱਗਾ ਤਾਂ ਉਸੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ ਹੋਵੇ। ਬੱਸ ਕਪੜੇ ਪਾਏ ਅਤੇ ਰਣਜੀਤ ਆਪਣੀ ਮਾਂ ਨੂੰ ਲੈ ਕੇ ਪਿੰਡ ਵੱਲ ਚੱਲ ਪਿਆ। ਘਰ ਗਏ ਤਾਂ ਕੀ ਵੇਖਿਆ ਸੁਰਜੀਤ ਕੌਰ ਦੀ ਹਾਲਤ ਹਾਲੋ-ਬੇਹਾਲ ਹੋਈ ਪਈ ਸੀ। ਵਾਰ-ਵਾਰ ਬੇਹੋਸ਼ ਹੋ ਰਹੀ ਸੀ। ਲੋਹੜਾ ਹੀ ਪੈ ਗਇਆ ਸੀ। ਰੱਬ ਨੂੰ ਭੋਰਾ ਤਰਸ ਨਾ ਆਇਆ। ਸੁਰਜੀਤ ਕੌਰ ਗੱਲ-ਗੱਲ ਤੇ ਰੋ ਰਹੀ ਸੀ।


“ਕਿਵੇਂ ਹੋਇਆ? ਕੀ ਹੋਇਆ। ਅਜੇ ਪਿੱਛੇ ਜਿਹਾ ਤਾਂ ਘਰ ਆਇਆਂ ਸੀ, ਚੰਗਾਂ ਭਲਾ ਸੀ। ਫਿਰ ਆਚਾਨਕ ਕੀ ਹੋ ਗਿਆ?”
“ਹੋਣਾ ਕੀ ਸੀ ਰਾਤੀਂ ਚੰਗੇ ਭਲੇ ਸੀ, ਸਵੇਰੇ ਸਵੱਖਤੇ ਛਾਤੀ ਵਿੱਚ ਹੋਈ ਦਰਦ ਦੀ ਦਵਾਈ ਦਿੱਤੀ, ਕਹਿੰਦੇ ਦਰਦ ਠੀਕ ਹੋ ਗਈ। ਥੌੜੀ ਦੇਰ ਬਾਅਦ ਫਿਰ ਦਰਦ ਹੋਈ। ਮੰਜੇ ਤੇ ਲੇਟ ਗਏ। ਦਲੀਪ ਡਾਕਟਰ ਨੂੰ ਲੈ ਆਇਆ। ਡਾਕਟਰ ਨੇ ਕਿਹਾ ਇਹਨਾਂ ਨੂੰ ਕਿਤੇ ਲਿਜਾਣ ਦੀ ਜ਼ਰੂਰਤ ਨਹੀਂ, ਇਹ ਤਾਂ ਪੂਰੇ ਹੋ ਗਏ। ਬੀਬੀ ਬੱਸ ਕੁੱਝ ਹੀ ਪਲਾਂ ਵਿੱਚ ਮੇਰੇ ਹੱਥਾਂ ਵਿੱਚ ਹੀ ਪੂਰੇ ਹੋ ਗਏ…।”


“ਮੇਰੀਏ ਧੀਏ ਮੈਂ ਤਾਂ ਜਿੰਦਗੀ ਵਿੱਚ ਕੋਈ ਸੁੱਖ ਨਹੀਂ ਵੇਖਿਆ। ਤੇਰ ਪਿਉ ਦੁੱਖ ਦਿੰਦਾ ਮੁੱਕ ਗਿਆ। ਹੁਣ ਤੇਰਾ ਗਮ ਮੈਨੂੰ ਜਿਊਣ ਨਹੀਂ ਦੇਵੇਗਾ। ਆਹ ਪਹਾੜ ਜੇਡੀ ਜਿੰਦਗੀ ਕਿਸ ਦੇ ਆਸਰੇ ਕੱਟੇਂਗੀ….?”


“ਬੀਬੀ ਬੱਚਿਆਂ ਦਾ ਹੀ ਆਸਰਾ ਹੈ। ਸੁੱਖ ਨਾਲ ਗੱਭਰੂ ਹੋ ਗਏ ਹਨ।ਇਹਨਾਂ ਨੂੰ ਪਿਉ ਦੇ ਆਸਰੇ ਦੀ ਲੋੜ ਸੀ। ਉਸਦਾ ਤਾਂ ਹਾਲੇ ਚਾਅ ਵੀ ਮੱਠਾ ਨਹੀਂ ਹੋਇਆ ਸੀ। ਰੱਬ ਪਤਾ ਨਹੀਂ ਸਾਡਾ ਵੈਰੀ ਕਿਉਂ ਬਣ ਗਿਆ। ਕਿਹੜੇ ਪਾਪ ਸਾਡੇ ਸਾਹਮਣੇ ਆਏ।”


“ਨਾ ਪੁੱਤ, ਇਉਂ ਨਹੀਂ ਆਖੀ ਦਾ। ਤੂੰ ਭਲਾ ਕੀ ਪਾਪ ਕੀਤੇ ਹਨ? ਤੂੰ ਤਾਂ ਮੇਰਾ ਸਾਊ ਪੁੱਤ ਹੈਂ। ਮਨਜੀਤ ਤਾਂ ਪੂਰਾ ਦੇਵਤਾ ਸੀ। ਦੇਵਤਾ ਕਦੇ ਕਿਸੇ ਅੱਗੇ ਨਹੀਂ ਸੀ ਬੋਲਿਆ। ਬੀਬੀ-ਬੀਬੀ ਕਹਿੰਦੇ ਉਸਦਾ ਮੂੰਹ ਸੁਕਦਾ ਸੀ। ਦੋਵੇਂ ਭਰਾ ਹੀ ਇੰਨੇ ਨੇਕ, ਕਿ ਸਾਰਾ ਜਾਹਾਨ ਤਰੀਫ ਕਰਦਾ ਇਹਨਾਂ ਦੀ।”
“ਬੀਬੀ ਦਲੀਪ ਦੀ ਹਾਲਤ ਤਾਂ ਬਹੁੱਤ ਮਾੜੀ ਹੈ। ਉਹ ਤਾਂ ਭਰਾ ਦੇ ਬਿਨ੍ਹਾਂ ਸਾਹ ਨਹੀਂ ਭਰਦਾ ਸੀ। ਭਰਾ ਨਹੀਂ ਪਿਉ ਸਮਝਦਾ ਸੀ। ਭਾਵੇਂ ਉਮਰ ਵਿੱਚ ਇੱਕ ਸਾਲ ਦਾ ਹੀ ਫਰਕ ਹੈ, ਮੋਢਿਆਂ ਤੇ ਚੁੱਕੀ ਫਿਰਦਾ ਸੀ। ਜਨਾਨੀ ਦਾ ਸਿਆਪਾ ਮੁੱਕ ਗਿਆ। ਜਦ ਇਹ ਸਿੱਧੇ ਹੋਈ ਤਾਂ, ਬਗੈਰ ਪੈਸੇ ਲਏ ਤਲਾਕ ਹੋ ਗਿਆ। ਪਿਉ ਨੇ ਵੱਖਰੇ ਹੱਥ ਜੋੜੇ….।”


ਦਲੀਪ ਰੌਂਦਾ ਹੋਇਆ ਆਇਆ। “ਬੀਬੀ ਆਹ ਕੀ ਹੋ ਗਿਆ? ਮੇਰੀ ਤਾਂ ਬਾਂਹ ਭੱਜ ਗਈ, ਮੇਰਾ ਤਾਂ ਲੱਕ ਟੁੱਟ ਗਿਆ। ਮੈਂ ਤਾਂ ਭਾਅ ਦੇ ਸਿਰ ਤੇ ਸ਼ੇਰ ਸੀ ਹੁਣ ਤਾਂ ਮੈਂ ਗਿੱਦੜ ਹੋ ਗਿਆ। ਭਾਬੀ ਕਿਵੇਂ ਕੱਟੇਂਗੀ ਜਿੰਦਗੀ? ਮੈਨੂੰ ਤਾਂ ਇਹਨਾਂ ਬੱਚਿਆਂ ਦਾ ਆਉਂਦਾ ਹੈ, ਇਹਨਾਂ ਦਾ ਕੀ ਬਣੇਗਾ? ਭਾਅ ਨੂੰ ਤਾਂ ਬੱਚਿਆਂ ਨਾਲ ਮੋਹ ਹੀ ਬਹੁੱਤ ਸੀ। ਬੱਚੇ ਵੀ ਭਾਅ ਤੋਂ ਬਗੈਰ ਸਾਹ ਨਹੀਂ ਭਰਦੇ। ਸਵੇਰੇ ਉੱਠਦੇ ਸਾਰ ਮਾਂ ਨੂੰ ਨਹੀਂ ਬੁਲਾਉਂਦੇ, ਪਿਉ ਨੂੰ ਵੇਖਣਾ ਚਾਹੁੰਦੇ ਸਨ…….।”


ਸਮਾਂ ਆਪਣੀ ਰਫਤਾਰ ਚੱਲਦਾ ਰਿਹਾ। ਬਰਾਦਰੀ ਅਤੇ ਸੱਭ ਦੀ ਰਜ਼ਾਮੰਦੀ ਨਾਲ ਸੁਰਜੀਤ ਕੌਰ ਅਤੇ ਦਲੀਪ ਸਿੰਘ ਵਿੱਚ ਚਾਦਰ ਪਾ ਲਈ। ਦਿਉਰ-ਭਰਜਾਈ, ਪਤੀ-ਪਤਨੀ ਹੋ ਗਏ। ਬੱਚਿਆਂ ਨੂੰ ਪਿਉ ਮਿਲ ਗਿਆ। ਸਿਆਣਪ ਕੀਤੀ ਘਰਦੀ ਇੱਜ਼ਤ ਘਰ ਵਿੱਚ ਹੀ ਰਹਿ ਗਈ। ਰਣਜੀਤ ਤੇ ਉਸਦੀ ਮਾਂ ਦਾ ਫ਼ਿਕਰ ਮੁਕਿਆ…..।”


ਹਾਲੀ ਇਹ ਜਖਮ ਭਰੇ ਹੀ ਸਨ ਕਿ ਇੱਕ ਹੋਰ ਵੱਡਾ ਧੱਕਾ ਰਣਜੀਤ ਅਤੇ ਉਸਦੀ ਮਾਂ ਨਾਲ ਹੋ ਗਿਆ। ਰੱਬ ਤਾਂ ਹੱਥ ਧੋ ਕੇ ਰਣਜੀਤ ਦੇ ਪਰਿਵਾਰ ਦੇ ਪਿੱਛੇ ਹੀ ਪਿਆ ਹੋਇਆ ਸੀ। ਪੁਲੀਸ ਮੁਕਾਬਲਾ ਹੋਇਆ। ਖੂਬ ਗੋਲੀ ਬਾਰੀ ਹੋਈ ਅਤੇ ਮੱਖਣ ਸਿੰਘ ਆਪਣੇ ਚਾਰ ਸਾਥੀਆਂ ਨਾਲ ਪੁਲਿਸ ਮੁਕਾਬਲੇਵਿੱਚ ਮਾਰਿਆ ਗਿਆ। ਪੁਲਿਸ ਨੇ ਘਰ ਨੂੰ ਘੇਰ ਲਿਆ। ਮੱਖਣ ਸਿੰਘ ਸਮਾਜ ਵਿਰੋਧੀ ਅਨਸਰਾਂ ਨੂੰ ਘਰ ਵਿੱਚ ਪਨਾਹ ਦਿੰਦਾ ਸੀ ਅਤੇ ਪਾਕਿਸਤਾਨ ਤੋਂ ਹਥਿਆਰ ਲਿਆ ਕੇ ਦਹਿਸ਼ਤਗਰਦੀ ਵਾਰਦਾਤਾਂ ਕਰਦੇ ਸਨ। ਫੜ੍ਹੇ ਜਾਣ ਦੇ ਡਰ ਕਾਰਣ ਮੱਖਣ ਸਿੰਘ ਦਾ ਛੋਟਾ ਭਰਾ ਰੂਪੋਸ਼ ਹੋ ਗਿਆ। ਮੱਖਣ ਸਿੰਘ ਦੀ ਲਾਸ਼ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ। ਪੋਸਟ ਮਾਟਰਮ ਕਰਨ ਤੋਂ ਬਾਅਦ ਲਾਸ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ। ਮੱਖਣ ਸਿੰਘ ਦੇ ਘਰ ਦੀ ਪੁਲਿਸ ਨੇ ਚੱਪਾ-ਚੱਪਾ ਤਲਾਸ਼ੀ ਲਈ। ਮੱਖਣ ਸਿੰਘ ਦੇ ਸੱਜਣ ਕੰਮ ਆਏ, ਪੁਲੀਸ ਤੇ ਪ੍ਰਭਾਵ ਪੈ ਗਿਆ। ਉਹ ਰਾਜਨੀਤਿਕ ਲੋਕ ਹੋਣ ਕਰਕੇ ਪੁਲਿਸ ਨੇ ਮੱਖਣ ਸਿੰਘ ਦੇ ਪਰਿਵਾਰ ਦਾ ਪਿੱਛਾ ਛੱਡਿਆ। ਸਮਸ਼ੇਰ ਸਿੰਘ ਘਰ ਆ ਗਿਆ। ਰਣਜੀਤ ਸਿੰਘ ਤੇ ਉਸਦੀ ਮਾਂ ਵੀ ਘਰ ਆਏ ਹੋਏ ਸਨ। ਰਣਜੀਤ ਦੀ ਮਾਂ ਬੋਲੀ, “ਮੱਖਣ ਸਿੰਘ ਤਾਂ ਰਿਹਾ ਨਹੀਂ, ਕੁੜੀ ਦਾ ਇੱਥੇ ਕੀ ਕੰਮ? ਅਸੀਂ ਕੁੜੀ ਲੈ ਜਾਂਦੇ ਹਾਂ, ਮੁੜਕੇ ਕੁੜੀ ਇੱਥੇ ਨਹੀਂ ਆਵੇਗੀ।


“ਕਿਉਂ ਅਸੀਂ ਸੱਭ ਮਰ ਗਏ ਹਾਂ। ਜੇ ਮੱਖਣ ਸਿੰਘ ਨਹੀਂ ਰਿਹਾ ਤਾਂ ਅਸੀਂ ਤਾਂ ਹਾਂ। ਤੁਸੀਂ ਕੁੜੀ ਨੂੰ ਕਿਵੇਂ ਲੈ ਜਾਉਗੇ। ਅਸੀਂ ਕੁੜੀ ਵਿਆਹ ਕੇ ਲਿਆਏ ਹਾਂ। ਮਖਣ ਸਿੰਘ ਕੁੜੀ ਨੂੰ ਕੱਢ ਕੇ ਨਹੀਂ ਲਿਆਇਆ ਸੀ। ਸਿਰ ਦੇ ਵਾਲਾਂ ਨੂੰ ਪੈਂਦੀ ਕੁੜੀ ਦੀ ਸੱਸ ਬੋਲੀ।”


“ਮਾਸੀ ਭੋਰਾ ਰੱਬ ਕੋਲੋਂ ਡਰ। ਇੱਕੋ ਸਾਡਾ ਭਰਾ ਮਰ ਮੁੱਕ ਗਿਆ। ਦੂਸਰਾ ਤੁਸੀਂ ਦੁੱਖ ਤਾਂ ਕੀ ਵੰਡਾਉਣਾ ਉਲਟਾ ਭਾਬੀ ਨੂੰ ਲਿਜਾਣ ਦੀ ਗੱਲ ਕਰਦੇ ਹੋ। ਭਾਬੀ ਕੋਈ ਛੜੀ ਮਲੰਗ ਨਹੀ, ਅਸੀਂ ਕੋਈ ਸ਼ਹਿਰੀ ਨਹੀ ਜਿਵੇਂ ਮਰਜੀ ਕਰੋ। ਸਾਡੇ ‘ਚ ਸ਼ਰਮ ਹੈ। ਅਸੀਂ ਪੇਂਡੂ ਬੰਦੇ ਹਾਂ। ਅਸੀ ਮਰਦੇ ਮਰ ਜਾਵਾਂਗੇ ਪਰ ਆਪਣੀ ਇੱਜਤ ਨੂੰ ਬਾਹਰ ਨਹੀ ਜਾਣ ਦੇਵਾਗੇ। ਬੱਚੇ ਵੀ ਸਾਡੇ ਕੋਲ ਰਹਿਣਗੇ, ਤੁਸੀਂ ਕੁੜੀ ਵਿਆਹ ਦਿੱਤੀ। ਤੁਹਾਡਾ ਕੰਮ ਖਤਮ ਬੱਸ….?”


“ਗੱਲ ਸੁਣ ਲਉ ਸਾਡੀ ਬੁਰੀ ਲੱਗੇ ਜਾਂ ਚੰਗੀ, ਮੈਂ ਆਪਣੀ ਨੂੰਹ ਨੂੰ ਛੋਟੇ ਦੇ ਲੜ ਲਾ ਦੇਵਾਂਗੀ।ਵੱਡਾ ਨਹੀ ਰਿਹਾ ਤਾਂ ਛੋਟੇ ਦੀ ਤੀਵੀਂ ਬਣਕੇ ਰਹੇਗੀ। ਘਰ ਦੀ ਇੱਜਤ ਘਰ ਚ ਰਹੇਗੀ……?”


“ਇਹ ਨਹੀ ਹੋ ਸਕਦਾ……? “ਇਹ ਕਿਉਂ ਨਹੀ ਹੋ ਸਕਦਾ…? “ਵੱਡੀ ਕੁੱੜੀ ਦਾ ਸਾਕ ਵੀ ਤਾਂ ਉਸ ਛੋਟੇ ਦਿਉਰ ਨਾਲ ਕੀਤਾ ਸੀ।


“ਭੈਣ ਜੀ ਚਾਹੇ ਖੂਨ ਖਰਾਬਾ ਹੋ ਜਾਵੇ ਚਾਹੇ ਪਿਆਰ ਨਾਲ ਮੰਨ ਜਾਉ ਸਾਨੂੰ ਸਭ ਰਸਤੇ ਆਉਦੇ ਨੇ। ਸੋ ਹੱਥ ਰੱਸਾ ਸਿਰੇ ਤੇ ਗੰਢ ਤੁਹਾਡੀ ਕੁੱੜੀ ਸ਼ਮਸ਼ੇਰ ਦੀ ਹੀ ਤੀਵੀਂ ਬਣੇਗੀ ਕਰ ਲਉ ਜੋ ਕਰਨਾ ਹੈ ਤੁਸੀਂ…।”


ਰਣਜੀਤ ਤੇ ਰਣਜੀਤ ਦੀ ਮਾਂ ਦੀ ਕੋਈ ਪੇਸ਼ ਨਾ ਗਈ ਉਨ੍ਹਾ ਅੱਗੇ। ਅੰਤ ਵਿਆਹ ਹੋ ਗਿਆ। ਸ਼ਮਸ਼ੇਰ ਸਿੰਘ ਵੀ ਸਮਾਜ ਵਿਰੋਧੀ ਗਤੀਵਿਧੀਆਂ ਸਰਗਮ ਹੋਣ ਕਰਕੇ ਉਸ ਦੀ ਪਤਨੀ ਡਰੀ- ਡਰੀ ਰਹਿੰਦੀ। ਸੱਸ ਕਾਫੀ ਕੱਪਤੀ ਗੱਲ-ਗੱਲ ਤੇ ਵੱਢ ਖਾਣ ਨੂੰ ਪੈਂਦੀ, ਸ਼ਮਸ਼ੇਰ ਵੀ ਗੱਲ-ਗੱਲ ਤੇ ਰੋਹਬ ਪਾਂਦੀ ਕੋਈ ਉਸ ਦੀ ਗੱਲ ਨਹੀ ਮੰਨਦਾ। ਜਨਾਨੀ ਦੇ ਪੇਕਿਆ ਨੂੰ ਗਾਲ੍ਹਾ ਕਢਦਾ। ਸਾਲ ਕੁ ਰੋਂਦੇ ਪਿੱਟਦੇ ਲੰਘ ਗਿਆ। ਇੱਕ ਦਿਨ ਸੁਨੇਹਾ ਆਇਆ ਰਣਜੀਤ ਦੀ ਛੋਟੀ ਮਹਿੰਦਰ ਕੌਰ ਮਰ ਮੁੱਕ ਗਈ ਹੈ। ਮਾਂ-ਪੁੱਤ ਫਿਰ ਦੌੜੇ ਦੌੜੇ ਗਏ। ਜਾਦਿਆਂ ਨੂੰ ਕੁੜੀ ਦੀ ਚਿਤਾ ਨੂੰ ਅੱਗ ਲੱਗਾ ਦਿੱਤੀ ਗਈ ਸੀ। ਜਦ ਰਣਜੀਤ ਦੀ ਮਾਂ ਨੇ ਕਿਹਾ “ਉਡੀਕ ਲੈਣਾ ਸੀ ਇਨ੍ਹੀ ਕਿਹੜੀ ਕਾਹਲੀ ਪਈ ਸੀ ਨਾਲੇ ਫਿਰ ਸਾਡੀ ਕੁੜੀ ਕਿਵੇਂ ਮਰੀ ….?” ਮਹਿੰਦਰ ਕੌਰ ਦੀ ਮਾਂ ਗਲੇਡੂ ਸੁੱਟਦੀ ਬੋਲੀ।


“ਤੁਹਾਨੂੰ ਨਹੀ ਪਤਾ ਨਿੱਤ ਤਾਂ ਬਿਮਾਰ ਰਹਿੰਦੀ ਸੀ। ਉਸ ਉੱਪਰ ਬਹੁਤ ਸਾਰੇ ਪੈਸੇ ਖਰਚ ਦਿੱਤੇ ਬਿਮਾਰੀ ਠੀਕ ਨਾ ਹੋਈ ਤਾਂ ਮਰ ਮੁੱਕ ਗਈ…?” ਸ਼ਮਸ਼ੇਰ ਦਾ ਰੁੱਖਾ ਜਿਹਾ ਜਵਾਬ ਸੀ।


“ਨਾਲੇ ਫਿਰ ਉਡੀਕ ਕਰਨ ਨਾਲ ਕੀ ਫਰਕ ਪੈਣਾ ਸੀ? ਲਾਸ਼ ਦੀ ਮਿੱਟੀ ਖਰਾਬ ਕਰਨ ਵਾਲੀ ਗੱਲ ਸੀ। ਦਵਾਈਆ ਨਾਲ ਤਾਂ ਪਹਿਲੇ ਹੀ ਦੇਰ (ਸਰੀਰ) ਖਰਾਬ ਹੋ ਚੁੱਕੀ ਸੀ। ਰਾਤ ਦੀ ਮੁੱਕੀ ਪਈ ਅਗਲੇ ਦਿਨ ਤਾਂ ਸੰਸਕਾਰ ਕਰਨਾ ਹੀ ਸੀ। ਸਾਨੂੰ ਕਹਿੰਦੇ ਸੰਸਕਾਰ ਛੇਤੀ ਕੀਤਾ ਤੁਸੀ ਇਨ੍ਹੀ ਲੇਟ ਕਿਉ ਆਏ ….?” ਛੋਟੇ ਹਸਪਤਾਲਾਂ ਚ ਉਸ ਦਾ ਬੁਖਾਰ ਨਹੀ ਟੁੱਟ ਰਿਹਾ ਸੀ। ਹਸਪਤਾਲ ਕਿਹੜਾ ਨੇੜੇ ਹੈ।


“ਆਪਣਾ ਵੀ ਤਾਂ ਕਸੂਰ ਮਨੋ ਸਵਾਲ ਤਾਂ ਇਵੇ ਕਰ ਰਹੇ ਹੋ, ਜਿਵੇਂ ਤੁਹਾਡੀ ਕੁੜੀ ਅਸੀਂ ਮਾਰੀ…।” ਸ਼ਮਸ਼ੇਰ ਦੇ ਕੁਰੱਖੇ ਜਿਹੇ ਬੋਲ ਸ਼ਮਸ਼ੇਰ ਦੀ ਇਹ ਭਾਸ਼ਾ ਸੁਣ ਕੇ ਨਾਲ ਆਏ ਨਿਹੰਗ ਮਾਮਾ ਤੇ ਰਣਜੀਤ ਗਰਮ ਹੁੰਦੇ ਬੋਲੇ। “ਤੁਸੀਂ ਕੁੜੀ ਮਾਰਨ ‘ਚ ਕੋਈ ਕਸਰ ਨਹੀਂ ਛੱਡੀ, ਆਪਣੀ ਕਾਣ ਕਰਕੇ ਹੀ ਕੁੜੀ ਦਾ ਸੰਸਕਾਰ ਪਹਿਲੇ ਹੀ ਕਰ ਦਿੱਤਾ। ਗੁੱਸਾ ਤਾਂ ਸਾਨੂੰ ਵੀ ਆਉਂਦਾ ਪਰ ਅਸੀ ਕੰਜਰਾਂ ਨਾਲ ਕੰਜਰ ਨਹੀ ਬਣਨਾ ਅਗਰ ਤੂੰ ਵੱਡਾ ਸੂਰਮਾ ਹੈ ਤਾਂ ਅਸੀਂ ਵੀ ਕਿਸੇ ਨਾਲੋ ਘੱਟ ਨਹੀ। ਮੈ ਤਾਂ ਇਸ ਰਿਸ਼ਤੇ ਨੂੰ ਮੰਨਦਾ ਹੀ ਰਣਜੀਤ ਸਰਾਫਤ ਮਰ ਗਈ। ਟੱਕਰ ਲੈਣੀ ਸੀ ਤਾਂ ਸਾਡੇ ਨਾਲ ਲੈਂਦਾ। ਬੰਦੂੁਕਾਂ ਤੁਹਾਡੇ ਕੋਲ ਹੀ ਨਹੀ ਸਾਡੇ ਕੋਲ ਵੀ ਬਹੁੱਤ ਹੈ। ਅਸੀਂ ਬੰਦਾ ਮਾਰਨ ਤੋ ਪਹਿਲਾਂ ਸੋਚਦੇ ਨਹੀਂ, ਮਾਰ ਕੇ ਵਿਚਾਰ ਕਰਦੇ ਹਾਂ…..।” ਸ਼ਮਸ਼ਾਨ ਘਾਟ ‘ਚ ਜੰਗ ਦਾ ਅਖਾੜਾ ਬਣਦਾ ਨਜ਼ਰ ਆ ਰਿਹਾ ਸੀ। ਦੋਵਂੇ ਦੇ ਸਾਝੇ ਰਿਸ਼ਤੇਦਾਰਾ ਨੇ ਗੱਲ ਮੁੱਕਾ ਦਿੱਤੀ। ਸ਼ਮਸ਼ਾਨ ਘਾਟ ‘ਚ ਹੀ ਰਣਜੀਤ ਤੇ ਉਸ ਦੇ ਰਿਸ਼ਤੇਦਾਰ ਵਾਪਸ ਚੱਲੇ ਗਏ।


ਉੱਧਰ ਰਣਜੀਤ ਦੇ ਛੋਟੇ ਭਰਾ ਵੀ ਜਵਾਨ ਹੋਣ ਲੱਗਾ ਪਏ। ਦਿਨੋ ਦਿਨ ਰਣਜੀਤ ਦੀ ਉਮਰ ਵੱਧ ਰਹੀ ਸੀ। ਜਿਆਦਾ ਮੇਹਨਤ ਕਰਨ ਨਾਲ ਰਣਜੀਤ ਦੀ ਸਿਹਤ ਤੇ ਨਜ਼ਰ ਵੀ ਕਮਜੋਰ ਹੋ ਰਹੀ ਸੀ। ਉਸ ਦੇ ਰਿਸ਼ਤੇ ਦੀ ਗੱਲ ਚੱਲੀ ਦੂਰ ਪ੍ਰਦੇਸ਼ਾ ਵਿੱਚ। ਕੁੜੀ ਦੇ ਮਾਂ-ਪਿਉ ਨਹੀਂ, ਮਾਮੇ-ਮਾਮੀ ਨੇ ਪਾਲੀ ਧੀਆਂ ਵਾਂਗ ਰੱਖੀ। ਪਿਛੋਂ ਕੁੜੀ ਵਾਲੇ ਆਏ ਤਾਂ ਰਣਜੀਤ ਦੀ ਗੱਲ ਚੱਲੀ ਤਾਂ ਉਸਦਾ ਛੋਟਾ ਭਰਾ ਪਸੰਦ ਆ ਗਿਆ। ਮਾਂ ਨੇ ਸੋਚਿਆ ਵੱਡਾ ਤਾਂ ਸਾਉ ਪੁੱਤ ਹੈ ਇਹ ਵਿਗੜਿਆ ਨਵਾਬ ਇਸ ਦਾ ਵਿਆਹ ਹੋ ਜਾਵੇ ਤਾਂ ਸ਼ਾਇਦ ਸੁਧਰ ਜਾਵੇ। ਸੋ ਮਾਂ ਨੇ ਇਸੇ ‘ਚ ਭਲੀ ਸੋਚੀ। ਛੋਟੇ ਦਾ ਰਿਸ਼ਤਾ ਮਨਜੂਰ ਕਰ ਲਿਆ ਤੇ ਵਿਆਹ ਹੋ ਗਿਆ। ਰਣਜੀਤ ਨੇ ਵੀ ਕੋਈ ਇਤਰਾਜ ਨਾ ਕੀਤਾ। ਉਸ ਨੇ ਸੋਚਿਆ ਚਲੋ ਛੋਟੇ ਭਰਾ ਦਾ ਘਰ ਵੱਸ ਗਿਆ। ਕੁਝ ਸਮੇਂ ਬਾਅਦ ਬੱਚੇ ਵੀ ਹੋ ਗਏ। ਸੁੱਖ ਨਾਲ ਛੋਟੇ ਦਾ ਚੰਗਾ ਕਾਰੋਬਾਰ ਚੱਲ ਪਿਆ। ਪਹਿਲੇ ਠੇਕੇਦਾਰੀ ਫਿਰ ਬਿਜਲੀ ਦੀ ਫਿੰਟਿਗ ਕਰਨ ਲੱਗ ਪਿਆ। ਪੈਸੇ ਇੱਕਠੇ ਕਰਕੇ ਰਣਜੀਤ ਦੀ ਮਦਦ ਨਾਲ ਉਸ ਨੇ ਆਪਣੀ ਨਿੱਜੀ ਦੁਕਾਨ ਕਰ ਲਈ। ਉਧਰ ਰਣਜੀਤ ਦੀ ਉਮਰ ਕਾਫੀ ਵੱਧ ਗਈ ਸੀ। ਵਿਆਹ ਦਾ ਸਮਾਂ ਵੀ ਨਿਕਲਦਾ ਜਾ ਰਿਹਾ ਸੀ। ਮਾਂ ਨੂੰ ਰਣਜੀਤ ਦੇ ਵਿਆਹ ਦੀ ਚਿੰਤਾ ਸਤਾਉਣ ਲੱਗ ਪਈ। ਹੁਣ ਤਾਂ ਰਣਜੀਤ ਵੀ ਖੁਦ ਵੀ ਮਹਿਸੂਸ ਕਰਨ ਲੱਗ ਪਿਆ ਉਸ ਵੀ ਵਿਆਹ ਕਰ ਲੈਣਾ ਚਾਹੀਦਾ ਹੈ। ਚਾਹੁਣ ਨਾਲ ਕੀ ਹੁੰਦਾ ਗੱਲ ਤਾਂ ਬਣਾਉਦੇ ਹੀ ਬਣ ਗਈ। ਮਾਂ ਕਹਿੰਦੀ ਮੈਨੂੰ ਤਲਾਕ ਸ਼ੁਦਾ ਜਾਂ ਵਿਧਵਾ ਹੀ ਮਿਲ ਜਾਵੇ। ਜਾਤ ਬਰਾਦਰੀ ਕੌਣ ਵੇਖਦਾ? ਬੱਸ ਕਿਸੇ ਤਰੀਕੇ ਨਾਲ ਰਣਜੀਤ ਦਾ ਘਰ ਵੱਸ ਜਾਵੇ ਰਣਜੀਤ ਦੇ ਸੰਯੋਗ ਹੀ ਢਿੱਲੇ ਹਨ। ਗੱਲ ਤਾਂ ਕੀ ਬਣਨੀ ਕੋਈ ਕੁੜੀ ਨਾਜ਼ਰ ਮਾਰਿਆਂ ਨਹੀਂ ਮਿਲ ਰਹੀ।


ਤਾਰਾ ਸਿੰਘ ਰਣਜੀਤ ਸਿੰਘ ਦਾ ਗੁਆਂਢੀ ਸੀ। ਰਣਜੀਤ ਦਾ ਬਚਪਨ ਉਸਦੇ ਘਰ ਦੇ ਇਰਦ-ਗਿਰਦ ਹੀ ਬਤੀਤ ਹੋਇਆ ਸੀ। ਤਾਰਾ ਸਿੰਘ ਦੇ ਮੁੰਡੇ ਦਲੇਰ ਅਤੇ ਪ੍ਰਤਾਪ ਜੁੜਵੇਂ ਸਨ ਅਤੇ ਉਹ ਰਣਜੀਤ ਸਿੰਘ ਦੇ ਬਚਪਨ ਦੇ ਪੱਕੇ ਦੋਸਤ ਸਨ। ਤਾਰਾ ਸਿੰਘ ਦੀ ਪਤਨੀ ਬਲਬੀਰ ਕੌਰ ਰਣਜੀਤ ਦੀ ਮਾਂ ਨੂੰ ਅਕਸਰ ਮਿਲਦੀ ਰਹਿੰਦੀ। ਇੱਕ ਦਿਨ ਰਣਜੀਤ ਦੀ ਮਾਂ ਨੇ ਆਪਣੇ ਮੁੰਡੇ ਬਾਰੇ ਬਲਬੀਰ ਨਾਲ ਗੱਲ ਕੀਤੀ। “ਮੈਨੂੰ ਤਾਂ ਬੱਸ ਹੁਣ ਰਣਜੀਤ ਦਾ ਫ਼ਿਕਰ ਹੈ, ਰਣਜੀਤ ਦਾ ਸਾਕ (ਰਿਸ਼ਤਾ) ਹੋਜਾਵੇ ਤਾਂ ਮੈਂ ਸੁੱਖ ਦਾ ਸਾਹ ਲਵਾਂ। ਮੈਨੂੰ ਨਹੀਂ ਲੱਗਦਾ ਕਿ ਵਾਹਿਗੁਰੂ ਮੇਰੀ ਇਹ ਇੱਛਾ ਪੂਰੀ ਕਰੂਗਾ, ਮੇਰੇ ਬਾਅਦ ਮੇਰੇ ਪੁੱਤ ਦਾ ਕੀ ਬਣੇਗਾ…………?”


“ਗੱਲ ਤਾਂ ਤੇਰੀ ਠੀਕ ਹੈ, ਰਣਜੀਤ ਦੀ ਬੀਬੀ। ਮੁੰਡੇ ਦੀ ਉਮਰ ਵੀ ਹੁਣ ਕਾਫੀ ਹੋ ਗਈ ਹੈ। ਛੋਟੇ ਤਾਂ ਬਾਲ-ਬੱਚੇਦਾਰ ਵੀ ਹੋ ਗਏ। ਵੱਡਾ ਹਲੀ ਉਈਂ ਤੁਰਿਆ ਫਿਰਦਾ। ਮੁੰਡੇ ਵਿੱਚ ਕੋਈ ਨੁਕਸ ਨਹੀਂ, ਸਿਆਣਾ ਹੈ, ਕੋਈ ਐਬ ਹੀਂ, ਜਿੰਮੇਵਾਰ, ਕਮਾਊ, ਰੱਬ ਨੂੰ ਯਾਦ ਕਰਨ ਵਾਲਾ, ਲੀਡਰਾਂ ਵਿੱਚ ਉਸਦਾ ਉਠਣਾ ਬੈਠਣਾ, ਸਾਰਾ ਮੁਹੱਲਾ ਉਸਦੀ ਸ਼ਰਾਫਤ ਦੀ ਗਵਾਹੀ ਭਰਦਾ ਹੈ ਅਤੇ ਵਿਆਹ ਫਿਰ ਵੀ ਨਹੀਂ ਹੋ ਰਿਹਾ।“


“ਭੈਣ ਜੀ ਤੁਸੀਂ ਹੋ ਕੋਈ ਕੁੜੀ ਵੇਖੋ, ਗਰੀਬ, ਲੋੜਵੰਦ, ਵਿਧਵਾ ਜਾਂ ਤਲਾਕ-ਸ਼ੁਦਾ ਵੀ ਚੱਲੇਗੀ। ਜਾਤ-ਪਾਤ ਦੀ ਕੋਈ ਗੱਲ ਨਹੀਂ, ਬੱਸ ਘਰ ਸਾਂਭਣ ਵਾਲੀ ਹੋਵੇ……।”
ਰਣਜੀਤ ਦੀ ਬੇਬੇ ਇੱਕ ਕੁੜੀ ਤੁਹਾਡੀ ਬਰਾਦਰੀ ਦੀ ਹੈ….।”
“ਅੱਛਾ! ਕਿੱਥੇ? ਕਿਸਦੀ ਕੁੜੀ?”


“ਹੈ ਤਾਂ ਆਪਣੇ ਹੀ ਸ਼ਹਿਰ ਵਿੱਚ ਆਪਣੇ ਘਰ ਤੋਂ ਕੁੱਝ ਦੂਰ, ਮੇਰੀ ਬਹੁੱਤ ਪੁਰਾਣੀ ਸਹੇਲੀ ਦੀ ਕੁੜੀ ਹੈ। ਉਸਦੇ ਘਰਵਾਲੇ ਨੇ ਮੈਨੂੰ ਆਪਣੀ ਭੈਣ ਬਣਾਇਆ ਹੈ। ਬੱਚੇ ਵੀ ਮਾਸੀ ਤੋਂ ਛੁੱਟ ਗੱਲ ਨਹੀਂ ਕਰਦੇ। ਕੁੜੀ ਮੇਰੇ ਹੱਥਾਂ ਵਿੱਚ ਹੀ ਪਲੀ ਸੀ, ਕੁੜੀ ਦੀ ਲੱਤ ਵਿੱਚ ਮਾਮੂਲੀ ਜਿਹਾ ਨੁਕਸ ਹੈ ਪਰ ਪਤਾ ਨਹੀਂ ਲੱਗਦਾ, ਕੁੱਝ ਮੋਟੀ ਵੀ ਹੈ।”


“ਫਿਰ ਕੀ ਹੋਇਆ? ਭੇਣ ਜੀ ਗੱਲਬਾਤ ਤਾਂ ਕਰਕੇ ਦੇਖੋ, ਮੁੰਡੇ ਦਾ ਘਰ ਬਾਹਰ ਵੱਸ ਜਾਵੇ ਤਾਂ ਪੁੱੰਨ ਵਾਲੀ ਗੱਲ ਹੋਵੇਗੀ। ਮੇਰਾ ਪੁੱਤ ਸਾਰੀ ਉਮਰ ਮੈਨੂੰ ਆਸੀਸਾਂ ਦੇਵੇਗਾ।”


“ਕੁੜੀ ਦਾ ਰਿਸ਼ਤਾ ਵੀ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ? ਕਿਸੇ ਸੰਯੋਗ ਬੰਨੇ ਹਨ। ਭੈਣ ਅੱਜ ਕੱਲ ਸ਼ਰੀਕੇ ਵਿੱਚ ਕਰਨ-ਕਰਵਾਉਣ ਦੇ ਬੜੇ ਚੱਕਰ ਹੁੰਦੇ ਹਨ। ਕੋਈ ਕਿਸੇ ਨੂੰ ਸੌਖੀ ਰੋਟੀ ਖਾਂਦਿਆਂ ਵੇਖ ਖੁਸ਼ ਨਹੀਂ ਹੁੰਦਾ। ਪੂਰੇ ਦਾ ਪੂਰਾ ਪਰਿਵਾਰ ਸ਼ਰੀਫ ਹੈ। ਮੈਂ ਜੁੰਮੇਵਾਰੀ ਚੁੱਕਦੀ ਹਾਂ ਉਹਨਾਂ ਦੀ। ਦਲੇਰ ਦੇ ਭਾਪੇ ਨੂੰ ਲੈ ਕੇ ਜਾਵਾਂਗੀ, ਜੋ ਗੱਲ ਹੋਏਗੀ ਤੁਹਾਨੂੰ ਦੱਸ ਦੇਵਾਂਗੀ………।” ਬਲਬੀਰ ਕੌਰ ਆਪਣੀ ਧਰਮ ਦੀ ਬਣੀ ਭੈਣ ਕੋਲ ਆਪਣੇ ਪਤੀ ਤਾਰਾ ਸਿੰਘ ਨਾਲ ਉਹਨਾਂ ਦੇ ਘਰ ਚਲੀ ਗਈ।’


ਖੜਕ ਸਿੰਘ ਦਾ ਇਕਲੌਤਾ ਪੁੱਤਰ ਜਰਨੈਲ ਸਿੰਘ ਨੂੰਹ ਪਰਮਜੀਤ ਕੌਰ, ਵੱਡੀ ਕੁੜੀ ਸਰਬਜੀਤ ਕੌਰ ਅਤੇ ਛੋਟੀ ਬੇਟੀ ਨਰਿੰਦਰ ਸਭ ਇਕੱਠੇ ਬੈਠੇ ਸਨ। ਬਲਬੀਰ ਕੌਰ ਨੂੰ ਵੇਖ ਕੇ ਖੜਕ ਸਿੰਘ ਖੁਸ਼ੀ ਨਾਲ ਖੜਾ ਹੁੰਦਾ ਬੋਲਿਆ।
“ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਹੈ ਤੁਹਾਡਾ, ਘਰ ਪਰਿਵਾਰ ਵਿੱਚ ਸੁੱਖ ਹੈ।”
“ਸੱਭ ਠੀਕ ਹੈ ਭਰਾ ਜੀ, ਸੱਭ ਵਾਹਿਗੁਰੂ ਦੀ ਕ੍ਰਿਪਾ ਹੈ……“
“ਕ੍ਰਿਪਾ ਹੀ ਚਾਹੀਦੀ ਹੈ ਵਾਹਿਗੁਰੂ ਦੀ ਭੈਣ, ਸੇਵਾ ਦੱਸੋ।”
“ਸਰਬਜੀਤ ਦੇ ਰਿਸ਼ਤੇ ਦੀ ਗੱਲ ਕਰਨ ਆਈ ਸੀ….।”


“ਹਾਂ ਦੱਸੋ। ਸਰਬਜੀਤ ਸਾਡੀ ਹੀ ਨਹੀਂ ਤੁਹਾਡੀ ਵੀ ਧੀ ਹੈ। ਮੋਹ ਵਿਖਾਉਂਦੀ ਜਨਾਨੀ ਬੋਲੀ, ਠੀਕ ਭੈਣ ਜੀ ਜੰਮਦੀ ਤੁਸਾਂ ਮੇਰੀ ਝੋਲੀ ਵਿੱਚ ਪਾ ਦਿੱਤੀ ਸੀ।”
“ਕੋਈ ਮੁੰਡਾ ਵੇਖਿਆ ਸਰਬਜੀਤ ਵਾਸਤੇ………..?”


“ਹਾਂ ਭੈਣ! ਮੁੰਡਾ ਸਾਡੇ ਗੁਆਂਢ ਹੈ, ਪੜਾਈ ਤਾਂ ਉਸਨੇ ਘੱਟ ਹੀ ਕੀਤੀ ਪਰ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਖੁਬ ਨਿਭਾਅ ਰਿਹਾ ਹੈ। ਉਸਦੀਆਂ ਘਰੇਲੂ ਜਿੰਮੇਵਾਰੀਆਂ ਕਾਰਣ ਹੀ ਵਿਆਹ ਲੇਟ ਹੋ ਗਿਆ, ਸੱਭ ਨਾਲੋਂ ਵੱਡਾ ਹੈ। ਨਾਮ ਹੈ ਰਣਜੀਤ ਸਿੰਘ। ਤਿੰਨ ਭਰਾ ਦੋਵਾਂ ਭੈਣਾਂ ਵਿੱਚੋਂ ਇੱਕ ਵੱਡੀ ਬਾਕੀ ਸੱਭ ਭੈਣ-ਭਰਾ ਉਸਤੋਂ ਛੋਟੇ ਹਨ। ਪਿਉ ਮਰ ਚੁਕਿਆ ਹੈ। ਮੱਝਾਂ ਰੱਖੀਆਂ ਹਨ। ਛੋਟੇ ਭਰਾ ਦਾ ਵਿਆਹ ਹੋ ਚੁੱਕਿਆ ਹੈ, ਉਸਦੇ ਦੋ ਬੱਚੇ ਹਨ।”
“ਮਾਸੀ, ੳਸੁਦਾ ਵਿਆਹ ਕਿਉਂੰ ਨਹੀਂ ਹੋਇਆ? ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ? ਮੁੰਡਾ ਬੋਲਿਆ।


“ਪੁੱਤ ਦੀ ਗੱਲ ਸੁਣ ਕੇ ਖੜਕ ਸਿੰਘ ਲਾਲ-ਪੀਲਾ ਹੁੰਦਾ ਬੋਲਿਆ, “ਜਰਨੈਲ ਕੁੱਝ ਦਿਮਾਗ ਤੋਂ ਕੰਮ ਲਿਆ ਕਰ। ਤੇਰੀ ਮਾਸੀ, ਸਰਬਜੀਤ ਲਈ ਕੋਈ ਨਸ਼ਾ ਕਰਨ ਵਾਲਾ ਮੁੰਡਾ ਵੇਖੇਗੀ। ਪਹਿਲੇ ਸੋਚ-ਸਮਝ ਲਿਆ ਕਰ, ਫਿਰ ਬੋਲਿਆ ਕਰ…….।”


“ਭੈਣ ਜਰਨੈਲ ਦੀ ਗੱਲ ਦਾ ਗੁੱਸਾ ਨਾ ਕਰੀਂ। ਇਹ ਬੱਚਾ ਹੈ ਨਾ, ਸਾਨੂੰ ਤੇਰੇ ਤੇ ਪੂਰਾ ਭਰੋਸਾ ਹੈ। ਜਿਵੇਂ ਤੂੰ ਕਰੇਂਗੀ, ਠੀਕ ਹੀ ਕਰੇਂਗੀ। ਤੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ? ਤੂੰ ਮੇਰੀ ਭੈਣ ਵੀ ਹੈਂ ਤੇ ਨਨਾਣ ਵੀ…….।”


“ਮਾਸੀ ਗਲਤੀ ਹੋ ਗਈ। ਬੀਬੀ ਭਾਪਾ ਠੀਕ ਹੀ ਕਹਿੰਦੇ ਹਨ। ਅਸੀਂ ਤਾਂ ਤੁਹਾਨੂੰ ਬਚਪਨ ਤੋਂ ਜਾਣਦੇ ਹਾਂ। ਸਾਰਾ ਤਾਂ ਬਚਪਨ ਤੁਹਾਡੇ ਹੱਥਾਂ ਵਿੱਚ ਲੰਘਿਆ ਹੈ।”


“ਠੀਕ ਹੈ ਪੁੱਤ ਤੇਰੀ ਗੱਲ ਦਾ ਗੁਸਾ ਨਹੀਂ ਮੰਨਿਆ। ਮੈਨੂੰ ਤਾਂ ਖੁਸ਼ੀ ਹੋਈ ਕਿ ਆਪਣੀ ਭੈਣ ਲਈ ਕਿੰਨਾ ਫਿਕਰ ਕਰਦਾ ਹੈ ਤੂੰ। ਮੁੰਡਾ ਖਾਂਦਾ ਪੀਦਾਂ ਬਿਲਕੁਲ ਨਹੀਂ। ਛੋਟੀ ਉਮਰੇ ਪਿਉ ਮਰ ਗਿਆ। ਬਚਪਨ ਤੋਂ ਜਿੰਮੇਵਾਰੀਆਂ ਦਾ ਬੋਝ ਪੈ ਗਿਆ। ਬਾਅਦ ਇੱਕ ਤੋਂ ਬਾਅਦ ਇੱਕ ਮੁਸੀਬਤ, ਪਿਉ ਸ਼ਰਾਬੀ ਕਬਾਬੀ ਸੀ, ਛੋਟਾ ਭਰਾ ਵੀ ਨਸ਼ਾ ਕਰਦਾ ਸੀ। ਘਰ ਦੀ ਪੂਰੀ ਦੀ ਪੂਰੀ ਜਿੰਮੇਵਾਰੀ ਇਸ ਮੁੰਡੇ ਨੇ ਚੁੱਕੀ। ਮੁੰਡਾ ਵਾਹਿਗੁਰੂ ਵਿੱਚ ਬਹੁੱਤ ਭਰੋਸਾ ਰੱਖਦਾ ਹੈ………।”


“ਠੀਕ ਹੈ, ਗੱਲਬਾਤ ਕਰ ਲੈਣਾ। ਕੁੜੀ ਬਾਰੇ ਤਾਂ ਤੁਹਾਨੂੰ ਪਤਾ ਹੈ। 12 ਜਮਾਤਾਂ ਪਾਸ ਅਤੇ ਮੁੰਡੇ ਤੋਂ ਛੋਟੀ ਲਾਡਲੀ ਰੱਖੀ ਹੈ।”


ਸਾਂਝੇ ਯਤਨਾਂ ਨਾਲ ਰਣਜੀਤ ਅਤੇ ਸਰਬਜੀਤ ਦਾ ਰਿਸ਼ਤਾ ਹੋ ਗਿਆ। ਰਣਜੀਤ ਦੀ ਮਾਂ ਨੇ ਸ਼ੁਕਰ ਕੀਤਾ ਕਿ ਮੁੰਡੇ ਦਾ ਵਿਆਹ ਹੋ ਗਿਆ, ਦੋਵੇਂ ਪਰਵਾਰ ਖੁਸ਼ ਸਨ। ਕੁੜੀ ਵਾਲਿਆਂ ਦੀ ਕੁੜੀ ਨਹੀਂ ਵਿਆਹੀ ਜਾ ਰਹੀ ਸੀ ਅਤੇ ਮੁੰਡੇ ਵਾਲਿਆਂ ਦਾ ਮੁੰਡਾ ਜਿਆਦਾ ਉਮਰ ਹੋਣ ਕਰਕੇ ਨਹੀਂ ਵਿਆਹਿਆ ਜਾ ਰਿਹਾ ਸੀ। ਕੁੜੀ ਹੱਦੋਂ ਵੱਧ ਲਾਡਲੀ ਸੀ, ਵਿਆਹ ਦੀਆਂ ਜੁੰਮੇਵਾਰੀਆਂ ਤਾਂ ਕੀ ਜਿੰਦਗੀ ਦੀਆਂ ਜਿੰਮੇਵਾਰੀਆਂ ਦਾ ਉਸਨੂੰ ਪਤਾ ਨਹੀਂ ਸੀ। ਬਚਪਨ ਉਸਦਾ ਪਿੱਛਾ ਨਹੀਂ ਛੱਡ ਰਿਹਾ ਸੀ। ਉਮਰ ਵਿੱਚ ਰਣਜੀਤ ਉਸ ਨਾਲੋਂ ਕਾਫੀ ਵੱਡਾ ਸੀ। ਰਣਜੀਤ ਦੀ ਮਾਂ ਦਾ ਝੁਕਾਅ ਛੋਟੀ ਨੂੰਹ ਵੱਲ ਜਿਆਦਾ ਸੀ। ਪਹਿਲਾਂ ਆਈ ਸੀ, ਸਮਝਦਾਰ ਸੀ, ਛੋਟਾ ਮੁੰਡਾ ਭਾਵੇਂ ਨਸ਼ਿਆਂ ਦਾ ਮਾਰਿਆ ਸੀ, ਫਿਰ ਵੀ ਜਨਾਨੀ ਨੇ ਉਸਨੂੰ ਕੁੱਝ ਸਿੱਧਾ ਕੀਤਾ ਸੀ।


ਜਦ ਨਸ਼ੇ ਦਾ ਝੱਸ ਉੱਠਦਾ ਤਾਂ ਉਹ ਨਸ਼ੇ ਵਿੱਚ ਡੁੱਬ ਜਾਂਦਾ। ਵਿਆਹ ਨੂੰ ਛੇ ਮਹੀਨੇ ਹੋ ਗਏ। ਸ਼ੁਰੂ ਤੋਂ ਹੀ ਰਣਜੀਤ ਦੀ ਮਾਂ ਦੀ ਸਰਬਜੀਤ ਨਾਲ ਨਾ ਬਣੀ। ਦੂਸਰਾ ਰਣਜੀਤ ਦਾ ਝੁਕਾਅ ਵੀ ਆਪਣੇ ਛੋਟੇ ਭਰਾ ਦੀ ਪਤਨੀ ਵੱਲ ਕੁੱਝ ਜਿਆਦਾ ਸੀ, ਗਲਤ ਨਹੀਂ ਸੀ, ਉਹ ਛੋਟੇ ਭਰਾ ਦੀ ਪਤਨੀ ਨੂੰ ਆਪਣੀ ਛੋਟੀ ਭੈਣ ਅਤੇ ਬੇਟੀ ਦੇ ਬਰਾਬਰ ਸਮਝਦਾ ਸੀ। ਉਹ ਵੀ ਮਾਣ ਨਾਲ “ਭਾਅ ਜੀ, ਭਾਅ ਜੀ” ਕਹਿੰਦੀ ਨਹੀਂ ਸੀ ਥੱਕਦੀ। ਸਰਬਜੀਤ ਨੂੰ ਇਹ ਸੱਭ ਪਸੰਦ ਨਹੀਂ ਸੀ। ਇੱਕ ਦਿਨ ਸਰਬਜੀਤ ਨੇ ਕਿਹਾ, “ਤੁਸੀਂ ਆਪਣੀ ਛੋਟੀ ਭਰਜਾਈ ਦੇ ਪਿੱਛੇ-ਪਿੱਛੇ ਬੜਾ ਫਿਰਦੇ ਹੋ, ਕੀ ਗੱਲ ਹੈ? ਮੈਂ ਤੁਹਾਨੂੰ ਆਵਾਜ਼ਾਂ ਮਾਰਦੀ ਰਹਿੰਦੀ ਹਾਂ, ਤੁਸੀ ਮੇਰੇ ਵੱਲ ਧਿਆਨ ਹੀ ਨਹੀਂ ਦਿੰਦੇ, ਉਸਦੀ ਅੱਧੀ ਜੁਬਾਨ ਤੇ ਭੱਜੇ ਜਾਂਦੇ ਹੋ………।”


“ਸਰਬਜੀਤ ਉਹ ਹੈ ਬੜੀ ਸਮਝਦਾਰ। ਉਹ ਮੇਰੀ ਛੋਟੀ ਭਰਜਾਈ ਨਹੀਂ, ਉਹ ਮੇਰੀ ਧੀ ਹੈ। ਬੀਬੀ ਅਤੇ ਭੈਣ ਤੋਂ ਬਾਅਦ ਉਸਨੇ ਮੇਰਾ ਬੜਾ ਖਿਆਲ ਰੱਖਿਆ…….।” ਪਿਆਰ ਅਤੇ ਹੌਂਸਲੇ ਨਾਲ ਰਣਜੀਤ ਨੇ ਸਰਬਜੀਤ ਨੂੰ ਸਮਝਾਇਆ।


“ਮੈਂ ਸਮਝਦਾਰ ਨਹੀਂ, ਮੈਂ ਸੱਭ ਦਾ ਖਿਆਲ ਨਹੀਂ ਰੱਖਦੀ, ਅਗਰ ਉਸਦਾ ਖਿਆਲ ਰੱਖਣਾ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ? ਸਰਬਜੀਤ ਦੀਆਂ ਦਿਲ ਸਾੜਨ ਵਾਲੀਆਂ ਗੱਲਾਂ ਕਾਰਣ ਰਣਜੀਤ ਨੂੰ ਗੁੱਸਾ ਆ ਗਿਆ ਅਤੇ ਗੁੱਸੇ ਵਿੱਚ ਬੋਲਿਆ, “ਸਰਬਜੀਤ ਕੁੱਝ ਤਾਂ ਸ਼ਰਮ ਕਰ, ਜੇ ਆਪ ਕੋਲ ਅਕਲ ਨਾ ਹੋਵੇ ਤਾਂ ਕਿਸੇ ਕੋਲੋਂ ਮੰਗ ਲਈ ਦੀ ਹੈ। ਉਸ ਵਿਚਾਰੀ ਨੇ ਤੇਰਾ ਕੀ ਵਿਗਾੜਿਆ ਹੈ? ਛੇ ਮਹੀਨਿਆਂ ਵਿੱਚ ਤੇਰੇ ਨਾਲ ਵੱਧ-ਘੱਟ ਬੋਲੀ, ਖੁਸ਼ ਹੋ ਕੇ ਬੀਬੀ ਨੂੰ ਰੋਟੀ ਪਾ ਕੇ ਦਿੰਦੀ ਹੈ। ਉਸਨੂੰ ਪਤਾ ਲੱਗੇ ਤਾਂ ਉਹ ਮੈਨੂੰ ਕਦੇ ਨਹੀਂ ਬੁਲਾਵੇਗੀ…..।”


“ਮੈਂ ਉਸ ਕੋਲੋਂ ਡਰਦੀ ਨਹੀਂ, ਮੈਂ ਆਪਣੇ ਆਦਮੀ ਦੀ ਕਮਾਈ ਖਾਂਦੀ ਹਾਂ। ਨਿੱਤ ਸ਼ਰਾਬ ਪੀਂਦਾ ਹੈ, ਪਤਾ ਨਹੀਂ ਕੀ ਖਾਂਦਾ ਹੈ ਉਹ। ਇੰਨੇ ‘ਚ ਹੀ ਤਾੜ-ਤਾੜ ਕਰਦੀਆਂ ਦੋ ਚਪੇੜਾਂ ਰਣਜੀਤ ਨੇ ਸਰਬਜੀਤ ਦੀ ਗੱਲ ਉੱਤੇ ਜੜ੍ਹ ਦਿੱਤੀਆਂ ਅਤੇ ਗੁੱਸੇ ਨਾਲ ਲਾਲ-ਪੀਲਾ ਹੁੰਦਾ ਬੋਲਿਆ, “ਠਹਿਰ ਤੇਰੀ ਕਮਜਾਤ ਦੀ, ਤੈਨੂੰ ਮੈਂ ਕੁੱਝ ਕਹਿੰਦਾ ਨਹੀਂ ਤਾਂ ਸਿਰ ਤੇ ਚੜ੍ਹੀ ਜਾਂਦੀ ਹੈ। ਕਦੇ ਕਿਸੇ ਨੂੰ ਮਾੜਾ, ਕਦੇ ਕਿਸੇ ਨੂੰ ਮਾੜਾ। ਜੇ ਨਹੀਂ ਦਿਲ ਕਰਦਾ ਕਿਸੇ ਨੂੰ ਬੁਲਾਉਣ ਦਾ ਤਾਂ ਨਾ ਬੁਲਾ, ਐਵੇਂ ਕਿਸੇ ਨੂੰ ਮਾੜਾ ਕਿਉਂ ਕਹਿੰਦੀ ਹੈਂ।” ਰਣਜੀਤ ਦੀ ਮਾਂ ਵੀ ਆ ਗਈ ਅਤੇ ਗੁੱਸੇ ਵਿੱਚ ਬੋਲੀ, “ਕੀ ਗੱਲ ਹੈ ਰਣਜੀਤ ਪੁੱਤ….?”


“ਗੱਲ ਗੁੱਲ ਕੀ ਹੈ? ਇਸਦਾ ਦਿਮਾਗ ਖਰਾਬ ਹੋ ਗਿਆ। ਸੱਭ ਨੂੰ ਮਾੜਾ ਕਹੀ ਜਾ ਰਹੀ ਹੈ, ਸਾਰਿਆਂ ‘ਚ ਕੀੜੇ ਪਾ ਰਹੀ ਹੈ, ਚੰਗੀ ਤਾਂ ਬੱਸ ਇਹ ਆਪ ਹੀ ਰਹਿ ਗਈ।” ਗੁੱਸੇ ਵਿੱਚ ਆਉਂਦੀ ਰਣਜੀਤ ਦੀ ਮਾਂ ਬੋਲੀ, “ਕੁੜੀਏ ਤੇਰਾ ਅਸੀਂ ਕੀ ਵਿਗਾੜਿਆ ਹੈ, ਤੂੰ ਸਾਡੇ ਪਿੱਛੇ ਕਿਉਂ ਪਈ ਹੈਂ? ਸਾਡੇ ਨਾਲ ਦਿਲ ਨਹੀਂ ਮਿਲਦਾ ਤਾਂ ਸਾਨੂੰ ਬੁਲਾਉਣ ਦੀ ਕੀ ਲੋੜ ਹੈ?”


“ਮੈਂ ਹੀ ਮਾੜੀ ਹਾਂ, ਤੁਸੀਂ ਸਾਰਾ ਟੱਬਰ ਚੰਗਾ, ਮਾਸੀ ਨੇ ਪਤਾ ਨਹੀਂ ਕੀ ਦੇਖ ਕੇ ਮੇਰਾ ਰਿਸ਼ਤਾ ਇੱਥੇ ਕੀਤਾ। ਮੈਨੂੰ ਸੱਭ ਮਾਰਦੇ ਹਨ, ਮੈਂ ਨਹੀਂ ਰਹਿਣਾ ਇੱਥੇ। ਮੈਂ ਚੱਲੀ ਆਪਣੇ ਘਰ।”


“ਇਹ ਲਫਜ਼ ਕਹਿ ਕੇ ਸਰਬਜੀਤ ਘਰੋਂ ਨਿਕਲ ਗਈ ਜਾ ਬਲਬੀਰ ਕੌਰ ਦਾ ਦਰਵਾਜ਼ਾ ਖੜਕਾਇਆ। ਸਰਦੀਆਂ ਦੇ ਦਿਨ 11 ਵਜੇ ਕੌਣ ਆ ਸਕਦਾ ਹੈ? ਜਦ ਦਰਵਾਜ਼ਾ ਖੋਲਿਆ ਤਾਂ ਬਲਬੀਰ ਕੌਰ ਦਾ ਮੂੰਹ ਖੁਲ੍ਹਾ ਰਹਿ ਗਿਆ, ਸਰਬਜੀਤ ਨੂੰ ਵੇਖ ਕੇ।”


“ਸੁੱਖ ਤਾਂ ਹੈ ਪੁੱਤ? ਆਹ ਕੀ ਹਾਲ ਬਣਾ ਰੱਖਿਐ ਸਰਬਜੀਤ? ਸਰਬਜੀਤ ਉੱਚੀ-ਉੱਚੀ ਰੋਣ ਲੱਗ ਪਈ। ਧਰਮ ਸਿੰਘ ਵੀ ਆ ਗਿਆ।
“ਕੀ ਹੋਇਆ ਸਰਬਜੀਤ ਪੁੱਤ? ਰਣਜੀਤ ਨਾਲ ਕੋਈ ਗੱਲ ਹੋ ਗਈ ਜਾਂ ਸੱਸ ਨਾਲ ਕੋਈ ਕਹੀ-ਸੁਣੀ ਹੋ ਗਈ।”
“ਮਾਸੜ ਜੀ ਇਹਨਾਂ ਨੇ ਮੈਨੂੰ ਕੁੱਟਿਆ ਨਾਲੇ ਬੀਬੀ ਕਹਿੰਦੀ ਸਾਨੂੰ ਬੁਲਾਉਣ ਦੀ ਕਈ ਲੋੜ ਨਹੀਂ……..।”


”ਅੱਛਾ ਪੁੱਤ, ਪਰ ਕੋਈ ਤਾਂ ਗੱਲ ਹੋਈ ਹੋਣੀ ਨਾਲੇ ਫਿਰ ਪੁੱਤ ਐਨੀ ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲੀਦਾ। ਅਜੇ ਗੱਲਾਂ ਕਰਦੇ ਹੀ ਪਏ ਸੀ ਕਿ ਬਾਹਰੋਂ ਕਾਲ ਬੈੱਲ ਵੱਜੀ। ਧਰਮ ਸਿੰਘ ਦੇ ਛੋਟੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ। ਅੱਗੋਂ ਰਣਜੀਤ ਸਿੰਘ ਅਤੇ ਉਸਦੀ ਮਾਂ ਸਨ। ਮਾਸੀ ਜੀ ਅੰਦਰ ਆ ਜਾਉ, ਸਤਿ ਸ੍ਰੀ ਆਕਾਲ।


“ਸਤਿ ਸ੍ਰੀ ਅਕਾਲ, ਜਿਉਂਦਾ ਰਹਿ ਪੁੱਤ…………।” ਇਹ ਲਫਜ਼ ਕਹਿ ਕੇ ਰਣਜੀਤ ਅਤੇ ਉਸਦੀ ਮਾਂ ਅੰਦਰ ਆ ਗਏ। ਧਰਮ ਸਿੰਘ ਨੇ ਬੈਠਣ ਲਈ ਕਿਹਾ। ਸਰਬਜੀਤ ਅੱਧੀ ਰਾਤ ਘਰ ਆਈ, ਪਹਿਲਾਂ ਤਾਂ ਅਸੀਂ ਡਰ ਹੀ ਗਏ, ਸੁੱਖ ਤਾਂ ਹੈ?


“ਭਾਅ ਜੀ, ਗੱਲ ਤਾਂ ਕੋਈ ਨਹੀਂ ਹੋਈ, ਦੋਹਾਂ ਜੀਆਂ ਵਿੱਚ ਤੂੰ-ਤੂੰ, ਮੈਂ-ਮੈਂ ਹੋ ਗਈ। ਸਰਬਜੀਤ ਛੋਟੇ ਦੀ ਵਹੁੱਟੀ ਨੂੰ ਚੰਗਾ ਮਾੜਾ ਬੋਲ ਰਹੀ ਸੀ ਤਾਂ ਮੈਂ ਗੁੱਸੇ ਵਿੱਚ ਕਹਿ ਦਿੱਤਾ ਕਿ ਜੇ ਤੈਨੂੰ ਅਸੀਂ ਚੰਗੇ ਨਹੀਂ ਲੱਗਦੇ ਤਾਂ ਸਾਡੇ ਨਾਲ ਬੋਲਣ ਦੀ ਕੋਈ ਲੋੜ ਨਹੀਂ।”


“ਭੈਣ ਜੀ ਅਜਿਹੀ ਕੋਈ ਗੱਲ ਨਹੀਂ, ਤੁਹਾਡੇ ਨਾਲ ਨਹੀਂ ਬੋਲਣਾ ਤਾਂ ਫਿਰ ਕਿਸ ਨਾਲ ਬੋਲਣਾ ਹੈ। ਤੁਸੀਂ ਹੀ ਹੁਣ ਇਸਦੇ ਮਾਂ-ਪਿਉ ਹੋ।”


“ਇਹਨਾਂ ਨੂੰ ਪੁੱਛੋ, ਮੇਰੇ ਚਪੇੜਾਂ ਕਿਉਂ ਮਾਰੀਆਂ। ਮੈਂ ਨਹੀਂ ਰਹਿਣਾ ਇੱਥੇ, ਚਲੀ ਜਾਣਾ ਹੈ ਆਪਣੇ ਮਾ-ਪਿਉ ਦੇ ਘਰ।” ਬਲਬੀਰ ਕੌਰ ਬੋਲੀ, “ਰਣਜੀਤ ਬੇਟਾ ਜੇ ਕੋਈ ਗੱਲਬਾਤ ਹੋ ਗਈ ਸੀ ਤਾਂ ਪਿਆਰ ਨਾਲ ਸਮਝਾ ਦੇਣਾ ਸੀ, ਹੱਥ ਚੁੱਕਣਾ ਮਾੜੀ ਗੱਲ ਹੈ। ਇੱਕ ਵਾਰ ਜਨਾਨੀ ਨੂੰ ਕੁੱਟਣ ਦੀ ਆਦਤ ਪੈ ਜਾਵੇ ਤਾਂ ਬੰਦਾ ਗੱਲ-ਗੱਲ ਉੱਤੇ ਹੱਥ ਚੁੱਕਦਾ ਹੈ। ਗੱਲ ਜਿਆਦਾ ਵੀ ਵਿਗੜ ਗਈ ਸੀ ਤਾਂ ਸਾਡੇ ਕੋਲ ਆ ਜਾਣਾ ਸੀ, ਅਸੀਂ ਕਿਹੜਾ ਦੂਰ ਹਾਂ, ਅਸੀਂ ਆਪੇ ਪਿਆਰ ਨਾਲ ਸਮਝਾ ਦਿੰਦੇ।”


“ਭੈਣ ਜੀ ਰਣਜੀਤ ਦੀ ਗੱਲ ਵੀ ਸੁਣੋ। ਇਹ ਛੋਟੀ ਨੂੰਹ ਤੇ ਚਿੱਕੜ ਸੁੱਟ ਰਹੀ ਸੀ, ਇਹ ਕੋਈ ਚੰਗੀ ਗੱਲ ਹੈ………।”


“ਹਾਂ, ਇਹ ਤਾਂ ਕੁੜੀਏ ਬੜੀ ਮਾੜੀ ਗੱਲ ਹੈ। ਉਹ ਵੀ ਸਾਡੀ ਨੂੰਹ ਧੀ ਹੈ। ਖ਼ਬਰਦਾਰ ਉਸਨੂੰ ਮਾੜਾ ਕਿਹਾ! ਅੱਗੇ ਤੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਤੂੰ ਮਾਂ-ਪਿਉ ਕੋਲ ਕਿਉਂ ਜਾਣਾ ਸੀ? ਅਸੀਂ ਤੇਰੇ ਕੁੱਝ ਨਹੀਂ ਲੱਗਦੇ। ਰਣਜੀਤ ਬੇਟਾ ਅੱਗੇ ਤੋਂ ਕੁੜੀ ‘ਤੇ ਹੱਥ ਨਾ ਚੁੱਕੀਂ। ਜਾਉ ਆਪਣੇ ਘਰ ਆਰਾਮ ਕਰੋ, ਕੋਈ ਗੱਲ ਹੋਈ ਤਾਂ ਸਵੇਰੇ ਵੇਖਾਂਗੇ।” ਧਰਮ ਸਿੰਘ ਨੇ ਦੋਹਾਂ ਨੂੰ ਬੜੇ ਤਰੀਕੇ ਨਾਲ ਸਮਝਾ ਕੇ ਘਰ ਭੇਜ ਦਿੱਤਾ।


ਥੋੜੀ ਖਿੱਚ-ਖਿੱਚ ਤਾਂ ਰਹੀ। ਰਣਜੀਤ ਦੀ ਮਾਂ ਕਾਫੀ ਚੁੱਸਤ ਚਲਾਕ ਔਰਤ ਸੀ ਅਤੇ ਦਿਲੋਂ ਸਰਬਜੀਤ ਨਾਲ ਈਰਖਾ ਕਰਦੀ। ਸਰਬਜੀਤ ਚਾਹੁੰਦੀ ਸੀ ਕਿ ਸਾਰੇ ਦਾ ਸਾਰਾ ਰਣਜੀਤ ਸਿਰਫ ਉਸਦਾ ਹੋਵੇ। ਮੇਰੀ ਗੱਲ ਕਰੇ ਕਿਸੇ ਹੋਰ ਦੀ ਗੱਲ ਨਾ ਕਰੇ। ਰਣਜੀਤ ਵੀ ਕੋਈ ਸਮਝਦਾਰੀ ਨਹੀ ਵਰਤ ਰਿਹਾ ਸੀ। ਉਹ ਪੂਰੀ ਤਰ੍ਹਾਂ ਆਪਣੀ ਮਾਂ ਦੇ ਕੰਟਰੋਲ ਹੇਠਾਂ ਸੀ। ਉਸਨੇ ਸਾਫ ਲਫਜ਼ਾਂ ਵਿੱਚ ਕਹਿ ਦਿੱਤਾ, “ਮੈਂ ਆਪਣੇ ਪਰਿਵਾਰ ਬਾਰੇ ਕੋਈ ਵੀ ਮਾੜਾ ਲਫਜ਼ ਨਹੀਂ ਸੁਣ ਸਕਦਾ।” ਅੱਗੋਂ ਸਰਬਜੀਤ ਵੀ ਕਿਹੜੀ ਸਿੱਧੀ ਸੀ, ਤੇਰੀ ਮਾਂ ਤੇ ਤੇਰੇ ਭਰਾ ਭਰਜਾਈ ਹੀ ਸੱਭ ਕੁਝ ਹਨ, ਇਹਨਾਂ ਨਾਲ ਐਨਾ ਹੀ ਪਿਆਰ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕੀਤਾ? ਮੇਰੀ ਮਾਂ ਨੇ ਜਿੰਦਗੀ ਵਿੱਚ ਬੜੇ ਦੁੱਖ ਵੇਖੇ ਨੇ, ਕਦੇ ਕੋਈ ਸੁੱਖ ਨਹੀਂ ਵੇਖਿਆ। ਅਗਰ ਮੈਂ ਉਸਦਾ ਸਾਥ ਨਹੀਂ ਦੇਵਾਂ ਗਾ ਤਾਂ ਕੌਣ ਦੇਵੇਗਾ? ਸਰਬਜੀਤ ਅਤੇ ਰਣਜੀਤ ਵਿੱਚ ਅਕਸਰ ਤੂੰ-ਤੂੰ, ਮੈਂ-ਮੈਂ ਹੁੰਦੀ ਰਹਿੰਦੀ। ਸਰਬਜੀਤ ਦੇ ਮਾਂ-ਬਾਪ ਪਹਿਲਾਂ ਧਰਮ ਸਿੰਘ ਘਰ ਜਾਂਦੇ ਫਿਰ ਸਰਬਜੀਤ ਦੇ ਘਰ ਆਉਂਦੇ। ਰਣਜੀਤ ਆਂਪਣੇ ਸੱਸ-ਸਹੁਰੇਦੀ ਖੂਬ ਸੇਵਾ ਕਰਦਾ। ਸੱਸ ਵੀ ਸਮਝਾਉਂਦੀ, ਪਰ ਅਸਰ ਘੱਟ ਹੁੰਦਾ। ਉੱਧਰ ਸਰਬਜੀਤ ਗਰਭਵਤੀ ਹੋ ਗਈ। ਸੱਭ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਿ ਪ੍ਰਮਾਤਮਾ ਚੰਗੀ ਚੀਜ਼ ਦੇਵੇ ਤਾਂ ਘਰ ਵਿੱਚ ਖੁਸ਼ੀਆਂ ਆ ਜਾਣ। ਸਰਬਜੀਤ ਦੀ ਸਿਹਤ ਖਰਾਬ ਹੋ ਗਈ। ਕੋਈ ਹੋਰ ਬਿਮਾਰੀ ਕਾਰਣ ਜਣੇਪਾ ਖਰਾਬ ਹੋ ਗਿਆ। ਮੁੰਡਾ ਹੋਇਆ ਕੁੱਝ ਘੰਟਿਆਂ ਬਾਅਦ ਪੂਰਾ ਹੋ ਗਿਆ। ਪੈਸਾ ਪਾਣੀ ਦੀ ਤਰ੍ਹਾਂ ਵਹਾਇਆ, ਪਰ ਬੱਚਾ ਨਾ ਬਚ ਸਕਿਆ। ਘਰ ਵਿੱਚ ਚਿੰਤਾ ਦੇ ਬੱਦਲ ਗਹਿਰੇ ਹੋ ਗਏ।


ਸਰਬਜੀਤ ਅਤੇ ਰਣਜੀਤ ਦੀ ਨਿੱਕੀ ਨਿੱਕੀ ਗੱਲ ਤੇ ਲੜਾਈ ਵੱਧਦੀ ਗਈ। ਸਰਬਜੀਤ ਮੂਰਖਤਾ ਕਰਦੀ ਤਾਂ ਰਣਜੀਤ ਉਸਨੂੰ ਸਮਝਾਉਣ ਵਿੱਚ ਅਸਫਲ ਰਹਿੰਦਾ। ਹੁਣ ਆਏ ਦਿਨ ਦੋਵੇਂ ਪਰਵਾਰ ਧਰਮ ਸਿੰਘ ਦੇ ਘਰ ਆਏ ਰਹਿੰਦੇ। ਧਰਮ ਸਿੰਗ ਕਦੇ ਰਣਜੀਤ ਦਾ ਪੱਖ ਪੂਰਾ ਕਰਦਾ ਅਤੇ ਕਦੇ ਸਰਬਜੀਤ ਦਾ। ਦੋਹਾਂ ਪਰਿਵਾਰਾਂ ਵਿੱਚ ਪਾੜਾ ਵੱਧਦਾ ਜਾ ਰਿਹਾ ਸੀ। ਪਤੀ-ਪਤਨੀ ਵਿੱਚ ਦੂਰੀਆਂ ਵੱਧ ਰਹੀਆਂ ਸਨ। ਹੁਣ ਸਰਬਜੀਤ ਦੇ ਮਾਂ-ਪਿਉ ਸਰਬਜੀਤ ਦਾ ਪੱਖ ਪੂਰਨ ਲੱਗ ਪਏ ਅਤੇ ਰਣਜੀਤ ਦੀ ਮਾਂ ਤਾਂ ਹਮੇਸ਼ਾਂ ਹੀ ਰਣਜੀਤ ਦਾ ਪੱਖ ਪੂਰਦੀ ਸੀ। ਦੋਹਾਂ ਪਰਵਾਰਾਂ ਵਿੱਚ ਅਕਸਰ ਲੜਾਈ ਝਗੜੇ ਵੱਧ ਰਹੇ ਸਨ। ਰਣਜੀਤ ਇਸ ਹਾਲਤ ਵਿੱਚ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਨ ਲੱਗਾ ਪਿਆ। ਉਹ ਸੋਚਦਾ ਕਿ ਉਹ ਵਿਆਹ ਤੋਂ ਬਗੈਰ ਹੀ ਚੰਗਾ ਸੀ। ਵਿਆਹ ਕਰਵਾ ਤਾਂ ਉਸਨੇ ਆਪਣੇ ਗਲ ਮੁਸੀਬਤ ਪੁਆ ਲਈ। ਰਣਜੀਤ ਦਿਨੋ ਦਿਨ ਹੇਠਾਂ ਆ ਰਿਹਾ ਸੀ। ਉੱਧਰੋਂ ਸਰਕਾਰ ਨੇ ਵੀ ਮਾਲ-ਡੰਗਰ ਸ਼ਹਿਰੋਂ ਬਾਹਰ ਕੱਢਣ ਦਾ ਫੈਂਸਲਾ ਕਰ ਲਿਆ ਅਤੇ ਮਾਲ ਡੰਗਰ ਬਾਹਰ ਚਲੇ ਗਏ। ਰਣਜੀਤ ਨੇ ਡੰਗਰ ਕਿਸੇ ਨਾਲ ਅੱਧ ਭਿਆਲੀ ਤੇ ਰੱਖ ਲਏ, ਦੁੱਧ ਪਾਉਣ ਦਾ ਕੰਮ ਆਪ ਖੁਦ ਕਰਨ ਲੱਗ ਪਿਆ। ਛੋਟੇ ਭਰਾ ਦੀ ਨਸ਼ੇ ਦੀ ਆਦਤ ਵੀ ਦਿਨੋ-ਦਿਨ ਵੱਧ ਰਹੀ ਸੀ। ਸਰਬਜੀਤ ਇੱਕ ਵਾਰ ਫਿਰ ਗਰਭਵਤੀ ਹੋਈ। ਇਸ ਵਾਰ ਕੁੜੀ ਪੈਦਾ ਹੋਈ, ਜੋ ਪੈਦਾ ਹੁੰਦੇ ਹੀ ਪੂਰੀ ਹੋ ਗਈ। ਡਾਕਟਰਾਂ ਨੇ ਕਿਹਾ ਕਿ ਸਰਬਜੀਤ ਸਰੀਰਿਕ ਪੱਖੋਂ ਕਾਫੀ ਕਮਜ਼ੋਰ ਹੈ। ਮਾਂ ਨੇ ਕਿਹਾ ਸਰਬਜੀਤ ਮੇਰੇ ਕੋਲ ਰਹੇਗੀ ਤਾਂ ਤੰਦਰੁਸਤ ਹੋ ਜਾਵੇਗੀ ਤਾਂ ਭੇਜ ਦਿਆਂਗੇ। ਰਣਜੀਤ ਮੰਨ ਗਿਆ। ਸਰਬਜੀਤ ਦੋ ਕੁ ਮਹੀਨੇ ਆਪਣੇ ਪੇਕੇ ਰਹੀ। ਵਿੱਚ-ਵਿੱਚ ਰਣਜੀਤ ਸਰਬਜੀਤ ਨੂੰ ਮਿਲਣ ਆਉਂਦਾ ਰਿਹਾ। ਇਸ ਵਿਛੋੜੇ ਨੇ ਰਣਜੀਤ ਅਤੇ ਸਰਬਜੀਤ ਵਿੱਚ ਪਿਆਰ ਪੈਦਾ ਕਰ ਦਿੱਤਾ ਸੀ। ਦੋ ਮਹੀਨਿਆਂ ਮਗਰੋਂ ਸਰਬਜੀਤ ਆ ਗਈ। ਉਸਨੇ ਬੱਸ ਇੱਕ ਰਾਗ ਪੜ੍ਹ ਲਿਆ, “ਮੈਂ ਤਾਂ ਵੱਖਰੀ ਪਕਾਉਣੀ ਹੈ, ਮੈਂ ਨਹੀਂ ਤੇਰੀ ਮਾਂ ਵਿੱਚ ਰਹਿਣਾ………।”


“ਦੇਖ ਸਰਬਜੀਤ ਪਹਿਲਾਂ ਕਿਹੜਾ ਤੂੰ ਬੀਬੀ ਨੂੰ ਰੋਟੀ ਪਕਾ ਕੇ ਖੁਆਉਂਦੀ ਹੈਂ, ਅਲੱਗ ਹੋਣ ਦੀ ਗੱਲ ਹੈ ਤਾਂ ਹੇਠਲੇ ਕਮਰੇ ੁਿਵੱਚ ਚਲੇ ਜਾਂਦੇ ਹਾਂ।”
“ਮੈਂ ਆਪਣਾ ਸਾਰਾ ਸਮਾਨ ਲੈਣਾ ਹੈ, ਇੱਕ ਕੌਲੀ ਤੱਕ ਨਹੀਂ ਦੇਣੀ ਤੇਰੀ ਮਾਂ ਨੂੰ…….।”
“ਨੀਅਤ ਦੀ ਮਾੜੀਏ ਤੇਰਾ ਕੁੱਝ ਨਹੀਂ ਲੈਣਾ ਉਸਨੇ, ਕਿਉਂ ਦਿਲ ਛੱਡੀ ਬੈਠੀ ਹੈਂ?”


“ਤੂੰ ਗੱਲ ਤਾਂ ਮਾਂ ਦੀ ਹੀ ਕਰੇਂਗਾ। ਮੈਨੂੰ ਤੂੰ ਕੋਈ ਕੱਢ ਕੇ ਨਹੀਂ ਲਿਆਂਦਾ। ਮੈਂ ਤੇਰੇ ਨਾਲ ਵਿਆਹ ਕੇ ਆਈ ਹਾਂ। ਜੇ ਤੂੰ ਆਪਣੀ ਮਾਂ ਅਤੇ ਭਾਬੀ ਦੀ ਹੀ ਗੱਲ ਕਰਨੀ ਸੀ ਤਾਂ ਮੇਰੇ ਨਾਲ ਵਿਆਹ ਕਰਵਾ ਕੇ ਮੇਰੀ ਜਿੰਦਗੀ ਕਿਉਂ ਬਰਬਾਦ ਕੀਤੀ….?”


“ਤੇਰਾ ਮੱਤਲਬ ਮੈਂ ਤੈਨੂੰ ਖੁਸ਼ ਨਹੀਂ ਰੱਖਦਾ। ਤੈਨੂੰ ਖੁਸ਼ ਰੱਖਣ ਲਈ ਮੈਂ ਆਪਣੀ ਮਾਂ ਨੂੰ ਛੱਡ ਦੇਣਾ। ਇਹ ਗੱਲ ਦਿਮਾਗ ਵਿੱਚੋਂ ਬਿਲਕੁੱਲ ਕੱਢ ਦੇ, ਤੈਨੂੰ ਛੱਡ ਸਕਦਾ ਹਾਂ ਆਪਣੇ ਪਰਵਾਰ ਨੂੰ ਨਹੀਂ।”


“ਜਿੱਥੇ ਸਰਬਜੀਤ ਮੂੰਹ ਜੋਰ ਸੀ, ਉੱਥੇ ਰਣਜੀਤ ਦੀ ਮਾਂ ਦੀ ਨੀਅਤ ਵੀ ਰੱਜ ਕੇ ਮਾੜੀ ਸੀ। ਬਹਾਨੇ-ਬਹਾਨੇ ਸਰਬਜੀਤ ਨੂੰ ਤੰਗ ਕਰਦੀ। ਦਿਨ ਰਾਤ ਸਰਬਜੀਤ ਦੇ ਵਿਰੁੱਧ ਰਣਜੀਤ ਦੇ ਕੰਨ ਭਰਦੀ। ਰਣਜੀਤ ਨੂੰ ਤਾਂ ਮਾਂ ਦੀਆਂ ਗੱਲਾਂ ਹੀ ਚੰਗੀਆਂ ਲੱਗਦੀਆਂ ਸਨ। ਮਾਂ ਦੀਆਂ ਗੱਲਾਂ ਅੱਗ ‘ਚ ਘਿਉ ਦਾ ਕੰਮ ਕਰਦੀਆਂ ਸਨ। ਜਦ ਰਣਜੀਤ ਸਹੁਰੇ ਗਿਆ ਤਾਂ ਸਰਬਜੀਤ ਦੀ ਮਾਂ, ਭਰਾ ਅਤੇ ਪਿਉ ਨੇ ਸੱਭ ਨੇ ਜ਼ੋਰ ਦੇ ਕੇ ਕਿਹਾ, “ਰਣਜੀਤ ਤੇਰੀ ਮਾਂ, ਭਰਜਾਈ ਸਾਡੀ ਧੀ ਨੂੰ ਤੰਗ ਕਰਦੀਆਂ ਹਨ, ਜੇ ਉਸਨੂੰ ਕੁੱਝ ਹੋ ਗਿਆ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ।”


“ਤੁਸੀਂ ਮੈਨੂੰ ਧਮਕੀ ਦਿੰਦੇ ਹੋ। ਇਹ ਕਿਹੜਾ ਮੇਰੀ ਮਾਂ ਦੀ ਇੱਜ਼ਤ ਕਰਦੀ ਹੈ। ਸਾਰਾ ਕਸੂਰ ਇਸਦਾ ਹੈ। ਉਹ ਇੰਨਾ ਕਰਦੀ ਹੈ ਇਸਦਾ ਤੇ ਇਹ ਫਿਰ ਵੀ ਉਸਨੂੰ ਬੁਰਾ ਭਲਾ ਕਹਿੰਦੀ ਹੈ।


“ਮੇਰੀਆਂ ਗੱਲਾਂ ਸੱਭ ਚੇਤੇ ਨੇ, ਆਪਣੀ ਮਾਂ ਦੀਆਂ ਕਰਤੂਤਾਂ ਨਜ਼ਰ ਨਹੀਂ ਆਉਂਦੀਆਂ। ਕਦੀ ਮੈਨੂੰ ਕੁੱਤੀਏ ਕਹਿੰਦੀ ਅਤੇ ਕਦੇ ਮੇਰੇ ਸਿਰ ਨੂੰ ਆਉਂਦੀ ਹੈ। ਕਦੇ ਮੇਰੇ ਪਿਉ ‘ਤੇ ਮੇਰੇ ਭਰਾਵਾ ਨੂੰ ਗਾਲ੍ਹਾਂ ਕੱਢਦੀ ਹੈ। ਲੜਨ ਦੇ ਬਹਾਨੇ ਲੱਭਦੀ ਰਹਿੰਦੀ ਹੈ।”


“ਘਰ ਇਵੇਂ ਨਹੀਂ ਵੱਸਦੇ, ਕਦੇ-ਕਦੇ ਜਨਾਨੀ ਦੀ ਵੀ ਸੁਣ ਲਈਦੀ ਹੈ। ਇੰਨੀ ਮਾੜੀ ਨਹੀਂ ਸਾਡੀ ਕੁੜੀ। ਲਾਡਾਂ ਪਿਆਰਾਂ ਨਾਲ ਪਾਲੀ ਹੈ। ਉਸਨੂੰ ਤਾਂ ਹਾਲੋ-ਬੇ-ਹਾਲ ਕਰ ਦਿੱਤਾ। ਫਿਕਰ ਨਾਲ ਉਸਦਾ ਕੀ ਹਾਲ ਹੋ ਗਿਆ। ਫੁੱਲਾਂ ਵਾਂਗ ਰੱਖੀ ਸੀ ਅਸੀਂ ਆਪਣੀ ਧੀ। ਅਸੀਂ ਉਸ ਵਾਸਤੇ ਸੱਭ ਕੁੱਝ ਕਰਨ ਨੂੰ ਤਿਆਰ ਹਾਂ। ਪੇਸੇ ਦੀ ਕੋਈ ਫਿਕਰ ਨਹੀਂ, ਜੋ ਚਾਹੁੰਦੇ ਹੋ ਲੈ ਕੇ ਦੇਵਾਂਗੇ, ਸਾਡੀ ਕੁੜੀ ਨੂੰ ਤੰਗ ਨਾ ਰੱਖੀਂ। ਇਹ ਲਫਜ਼ ਸਰਬਜੀਤ ਦੇ ਪਿਉ ਦੇ ਸਨ।”


“ਭਾਪਾ ਜੀ, ਜਿੰਨ੍ਹੇ ਜੋਗੇ ਹਾਂ ਉਨ੍ਹਾਂ ਕਰਦੇ ਹਾਂ, ਬੱਸ ਇੱਜ਼ਤ ਚਾਹੀਦੀ ਹੈ। ਬਾਕੀ ਗੱਲ ਇਹ ਹੈ ਕਿ ਮੈਂ ਆਪਣੀ ਮਾਂ ਦੇ ਵਿਰੁੱਧ ਨਹੀਂ ਜਾ ਸਕਦਾ। ਸਰਬਜੀਤ ਦਾ ਦਿਲ ਨਹੀਂ ਮਿਲਣ ਨੂੰ ਕਰਦਾ ਤਾਂ ਨਾ ਮਿਲੇ, ਪਰ ਮੈਂਨੂੰ ਨਾ ਰੋਕੇ ਮਿਲਣੋਂ। ਆਪਣੀ ਮਾਂ ਦੇ ਵਿਰੁੱਧ ਕੁੱਝ ਸੁਨਣਾ ਵੀ ਨਹੀਂ……..।”
“ਤੇ ਸਾਡੀ ਭੈਣ ਨੂੰ ਤੁਹਾਡੀ ਮਾਂ ਚਾਹੇ ਜੋ ਮਰਜ਼ੀ ਕਹੀ ਜਾਵੇ, ਸਾਡੀ ਭੈਣ ਕਿਸੇ ਦੀ ਧੀ-ਭੈਣ ਨਹੀਂ। ਅਸੀਂ ਮਰੇ ਨਹੀਂ। ਭਾਅ ਜੀ ਜੋ ਵੀ ਤੁਹਾਡੀ ਗੱਲਹੈ, ਜੋ ਤੁਹਾਡੀ ਮਰਜ਼ੀ ਸਮਝੋ। ਸਾਡੀ ਭੈਣ ਨੂੰ ਜਿਹੜਾ ਤੰਗ ਕਰੇਗਾ, ਸਾਥੋਂ ਬੁਰਾ ਕੋਈ ਨਹੀਂ………, ਤੱਲਖੀ ‘ਚ ਆਉਂਦਾ ਰਣਜੀਤ ਦਾ ਸਾਲਾ ਬੋਲਿਆ…।”


“ਮੈਂ ਤੁਹਾਡੀਆਂ ਧਮਕੀਆਂ ਨਹੀਂ ਸੁਨਣ ਆਇਆ! ਮੈਨੂੰ ਸੱਬ ਪਤਾ ਹੈ ਮੈਂ ਆਪਣੀ ਜਨਾਨੀ ਕਿਵੇਂ ਰੱਖਣੀ ਹੈ। ਤੇਰੀ ਅਕਲ ਦੀ ਕੋਈ ਲੋੜ ਨਹੀਂ..।” ਰਣਜੀਤ ਇੱਥੇ ਬੈਠ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਬੇ-ਇੱਜ਼ਤੀ ਮਹਿਸੂਸ ਕਰ ਰਿਹਾ ਸੀ। ਰਣਜੀਤ ਦਾ ਸਹੁਰਾ ਆਪਣੇ ਮੁੰਡੇ ਨੂੰ ਗੱਸੇ ਹੁੰਦਾ ਬੋਲਿਆ, “ਤੂੰ ਬਹੁੱਤਾ ਸਿਆਣਾ ਨਾ ਬਣ। ਅਸੀਂ ਜੁ ਬੈਠੇ ਹਾਂ, ਜੋ ਮਰਜ਼ੀ ਕਹਿ ਸਕਦੇ ਹਾਂ। ਤੇਰਾ ਕੋਈ ਹੱਕ ਨਹੀਂ ਬਣਦਾ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ। ਸਾਨੂੰ ਤੇਰੇ ਨਾਲੋਂ ਵੱਧ ਫਿਕਰ ਹੈ। ਆਪਣੀ ਧੀ ਸਰਬਜੀਤ ਦੇ ਪਰਾਹੁਣੇ ਆਪਣੇ ਜੀਜੇ ਦੀ ਇੱਜ਼ਤ ਕਰ ਕੰਜਰਾ………..!”


“ਨਾ-ਨਾ ਪੁੱਤ, ਜੀਜੇ ਨਾਲ ਇਵੇਂ ਨਾ ਬੋਲ, ਭੈਣ ਦਿੱਤੀ ਹੈ ਉਸਨੂੰ, ਮਾਂ ਵੀ ਧੀਰਜ ਨਾਲ ਬੋਲੀ। ਰਣਜੀਤ ਦਾ ਗੁੱਸਾ ਠੰਡਾ ਹੋਇਆ।, ਪਰ ਉਸਦਾ ਮਨ ਸਹੁਰਿਆਂ ਵੱਲੋਂ ਖੱਟਾ ਹੋ ਗਿਆ। ਉਸਦਾ ਆਂਪਣੀ ਮਾਂ ਵੱਲ ਝੁਕਾਅ ਹੋਰ ਵੱਧ ਗਿਆ। ਰਣਜੀਤ ਸਰਬਜੀਤ ਨੂੰ ਆਪਣੇ ਘਰ ਲੈ ਆਇਆ। ਕੁੱਝ ਸਮੈਂ ਬਾਅਦ ਸਰਬਜੀਤ ਇੱਕ ਵਾਰ ਫਿਰ ਗਰਭਵਤੀ ਹੋ ਗਈ। ਹੁਣ ਤਾਂ ਸੱਸ ਦੇ ਵੀ ਰੰਗ-ਢੰਗ ਬਦਲ ਗਏ। ਰਣਜੀਤ ਦੇਚਿਹਰ ਤੇ ਖੁਸ਼ੀ ਝਲਕ ਰਹੀ ਸੀ। ਹੁਣ ਸੋਚਿਆ ਕਿ ਸਰਬਜੀਤ ਦੇ ਘਰ ਪੁੱਤ ਜੰਮ ਪਵੇਤਾਂ ਘਰ ਦਾ ਮਾਹੌਲ ਠੀਕ ਹੋ ਜਾਵੇ। ਰਣਜੀਤ ਦੀ ਪੀੜ੍ਹੀ ਚੱਲ ਪਵੇ ਮਾਂ ਉਮੀਦ ਲਗਾਈ ਬੈਠੀ ਸੀ। ਕੁੱਝ ਮਹੀਨਿਆਂ ਬਾਅਦ ਸਰਬਜੀਤ ਨੇ ਰਿਸ਼ਟ-ਪੁਸ਼ਟ ਮੁੰਡੇ ਨੂੰ ਜਨਮ ਦਿੱਤਾ। ਘਰ ਵਿੱਚ ਖੂਬ ਖੁਸ਼ੀ ਕੀਤੀ ਗਈ। ਦੋਹਾਂ ਘਰਾਂ ਵਿੱਚ ਰੌਣਕ ਲੱਗੀ।


ਸਮਾਂ ਆਪਣੀ ਚਾਲੇ ਚੱਲਦਾ ਗਿਆ। ਸਾਲ ਕੁ ਮਾਹੌਲ ਠੀਕ ਰਿਹਾ ਫਿਰ ਕਲੇਸ਼ ਪੈਣੀ ਸ਼ੁਰੂ ਹੋ ਗਈ। ਜਿੱਥੇ ਰਣਜੀਤ ਦੀ ਮਾਂ ਦੀ ਦਖਲ-ਅੰਦਾਜ਼ੀ ਉੱਥੇ ਰਣਜੀਤ ਦੇ ਸਹੁਰਿਆਂ ਦੀ ਵੀ ਦਖਲ-ਅੰਦਾਜੀ ਕਾਫੀ ਵੱਧ ਚੁੱਕੀ ਸੀ। ਸਰਬਜੀਤ ਦੀਆਂ ਗਲਤੀਆਂ ਵੱਲ ਧਿਆਨ ਨਹੀਂ ਦੇ ਰਹੇ ੳਨ, ਉਲਟਾ ਉਸਦਾ ਉਤਸ਼ਾਹ ਵਧਾ ਰਹੇ ਸਨ। ਦੋਹਾਂ ਪ੍ਰਵਾਰਾਂ ਵਿੱਚ ਟਕਰਾ ਵੱਧ ਗਿਆ। ਹੁਣ ਸਰਬਜੀਤ ਨੇ ਰਣਜੀਤ ਦੀ ਇੱਜ਼ਤ ਕਰਨੀ ਬਿਲਕੁਲ ਛੱਡ ਦਿੱਤੀ ਸੀ। ਤੂੰ-ਤੂੰ ਕਰਕੇ ਬੋਲਦੀ। ਆਂਢ-ਗੁਆਂਡ ਸਰਬਜੀਤ ਦੀਆਂ ਬੁਰਾਈਆਂ ਦੀ ਗੱਲ ਹੋਣੀ ਸ਼ੁਰੂ ਹੋ ਗਈ।


“ਇੱਕ ਦਿਨ ਲੜਾਈ ਦੀ ਹੱਦ ਹੋ ਗਈ। ਰਣਜੀਤ ਨੇ ਸਰਬਜੀਤ ਨੂੰ ਕੁੱਟਿਆ, ਆਵਾਜ਼ ਸੁਣ ਕੇ ਆਂਢ-ਗੁਆਂਡ ਇਕੱਠਾ ਹੋ ਗਿਆ, ਬੜੀ ਮੁਸ਼ਕਲ ਨਾਲ ਮਾਹੋਲ ਸ਼ਾਂਤ ਕੀਤਾ ਗਿਆ। ਸਰਬਜੀਤ ਨੇ ਕੁੱਝ ਦਾ ਖਾਧਾ-ਪੀਤਾ। ਗੁੱਸੇ ਵਿੱਚ ਘਰ ਪਿਆ ਮਿੱਟੀ ਦਾ ਤੇਲ ਆਪਣੇ ਉੱਪਰ ਸੁੱਟ ਕੇ ਆਪਣੇ-ਆਪ ਨੂੰ ਅੱਗ ਲਗਾ ਲਈ। ਲੜਾਈ ਕਾਰਣ ਰਣਜੀਤ ਵਿਹੜੇ ਵਿੱਚ ਜਾ ਪਿਆ। ਜਦ ਅੱਗ ਦਾ ਸੇਕ ਲੱਗਿਆ ਤਾਂ ਸਰਬਜੀਤ ਚੀਕਾਂ ਮਾਰਣ ਲੱਗੀ। ਰਣਜੀਤ ਇੱਕ ਦਮ ਉਠਿਆ, ਰਾਤ ਵੇਲੇ ਲੋਕ ਇਕੱਠੇ ਹੋ ਗਏ। ਕਿਸੇ ਤਰੀਕੇ ਨਾਲ ਅੱਗ ਉੱਤੇ ਕਾਬੂ ਪਾ ਲਿਆ। ਸਰਬਜੀਤ ਦੇ ਮਾਸੀ-ਮਾਸੜ ਵੀ ਆ ਗਏ। ਉਸੇ ਵੇਲੇ ਸਰਬਜੀਤ ਨੂੰ ਹਸਪਤਾਲ ਖੜਿਆ ਗਿਆ। ਸਰਬਜੀਤ ਦੇ ਪੇਕੇ ਸੱਭ ਪਤਾ ਲੱਗਣ ‘ਤੇ ਹਸਪਤਾਲ ਪੁੱਜ ਗਏ।”


“ਰਣਜੀਤ ਸਿੰਘ ਦੇ ਸਾਲੇ ਖੜਕ ਸਿੰਘ ਨੇ ਰਣਜੀਤ ਨੂੰ ਗਲ ਤੋਂ ਫੜ੍ਹ ਲਿਆ, “ਤੂੰ ਸਾਡੀ ਭੈਣ ਸਾੜ ਦਿੱਤੀ, ਛੱਡਣਾ ਤੈਨੂੰ ਵੀ ਨਹੀਂ। ਤੇਰੇ ਪੂਰੇ ਖਾਨਦਾਨ ਨੂੰ ਤਬਾਹ ਨਾ ਕੀਤਾ ਤਾਂ ਅਸੀਂ ਵੀ ਜੱਟਾਂ ਦੇ ਪੁੱਤ ਨਹੀਂ……।” ਇਹ ਲਫਜ਼ ਕਹਿੰਦਿਆਂ ਖੜਕ ਸਿੰਘ ਨੇ ਰਣਜੀਤ ਦੇ ਘਸੁੰਨ ਛੱਡ ਦਿੱਤਾ। ਅੱਗੋਂ ਰਣਜੀਤ ਕਿਹੜਾ ਘੱਟ ਸੀ, ਬਦਲੇ ਵਿੱਚ ਉਸਨੇ ਵੀ ਖੜਕ ਸਿੰਘ ਦੇ ਚਪੇੜਾਂ ਕੱਢ ਮਾਰੀਆਂ। ਸਰਬਜੀਤ ਦੀ ਮਾਂ ਤੇ ਭਰਜਾਈ ਨੇ ਰਣਜੀਤ ਦੀ ਮਾਂ ਨੂੰ ਗੁੱਤੋਂ ਫੜ੍ਹ ਲਿਆ। ਗੁੱਸੇ ਵਿੱਚ ਚੀਖ-ਚੀਖ ਕੇ ਇੱਕ ਦੂਜੇ ‘ਤੇ ਅੱਗ ਵਰਾਉਂਦੀਆਂ ਬੋਲੀਆਂ, “ਕੁਤੀਏ, ਕੰਜਰੀਏ, ਰੰਡੀਏ ਰੰਨੇ ਤੂੰ ਸਾਡੀ ਸਰਬਜੀਤ ਨੂੰ ਸਾੜ ਕੇ ਮਾਰ ਦਿੱਤਾ, ਬਚੇਂਗੀ ਤੂੰ ਵੀ ਨਹੀਂ। ਕੰਜਰਾਂ ਦਾ ਸਾਰੇ ਦਾ ਸਾਰਾ ਟੱਬਰ ਜੇਲ੍ਹ ਵਿੱਚ ਚੱਕੀ ਪੀਸੇਗਾ।”


“ਇੱਕ ਤਾਂ ਸਰਬਜੀਤ ਸੜੀ ਪਈ ਸੀ, ਦੂਜਾ ਇਹ ਲੜਾਈ-ਝਗੜਾ, ਮਾਰ-ਕੁਟਾਈ ਮਰਨ ਮਾਰਨ ਤੇ ਆਈ ਹੋਈ ਸੀ। ਹਾਜ਼ਰ ਲੋਕਾਂ ਨੇ ਬੜੀ ਮੁਸ਼ਕਲ ਨਾਲ ਵਾਤਾਵਰਣ ਨੂੰ ਸ਼ਾਂਤ ਕੀਤਾ। ਰਾਤ ਲੰਘੀ, ਕਈ-ਕਈ ਦਿਨ ਬੀਤੇ। ਸਰਬਜੀਤ ਕਾਫੀ ਹੱਦ ਤੱਕ ਸੜ ਚੁੱਕੀ ਸੀ। ਖੜਕ ਸਿੰਘ, ਉਸਦੀ ਜਨਾਨੀ, ਮਾਂ, ਚਾਚਾ, ਮਾਮਾ ਸੱਭ ਰਣਜੀਤ ਅਤੇ ਉਸਦੇ ਪਰਵਾਰ ਨੂੰ ਫਾਹੇ ਲਗਾਉਣ ਦੇ ਹੱਕ ਵਿੱਚ ਸਨ। ਕਾਰਣ ਇੱਕ ਤਾਂ ਕੁੜੀ ਕਰੂਪ ਹੋ ਚੁੱਕੀ ਸੀ, ਦੁਜਾ ਉਸਦੇ ਮੁੰਡੇ ਦੀ ਦੇਖਭਾਲ ਅਤੇ ਉਸਦੇ ਭਵਿੱਖ ਦਾ ਫਿਕਰ। ਸਰਬਜੀਤ ਦੇ ਪਿਉ ਨੇ ਸਰਬਜੀਤ ਨੂੰ ਕਿਹਾ, “ਵੇਖ ਪੁੱਤ! ਜੋ ਹੋਣਾ ਸੀ ਸੋ ਹੋ ਗਿਆ। ਤੇਰਾ ਮੁੰਡਾ ਠੀਕ ਠਾਕ ਰਹੇ। ਤੂੰ ਪੁਲੀਸ ਨੂੰ ਇਹ ਬਿਆਨ ਦੇ ਦੇਈਂ, ਕਿ ਰੋਟੀ ਪਕਾਉਂਦੇ ਅੱਗ ਲੱਗ ਗਈ। ਕਿਸੇ ਦਾ ਨਾਮ ਨਾ ਲਈਂ………।”


“ਠੀਕ ਹੈ ਭਾਪਾ ਜੀ, ਜਿਵੇਂ ਤੁਸੀਂ ਕਹੋਗੇ, ਉਵੇਂ ਹੀ ਕਰਾਂਗੀ, ਪਰ ਭਾਪਾ ਜੀ ਉਹਨਾਂ ਨੇ ਮੇਰੇ ਨਾਲ ਘੱਟ ਨਹੀਂ ਕੀਤੀ।” ਉਹ ਤਾਂ ਸੱਭ ਪਤਾ ਹੈ, ਪਰ ਫਿਰ ਵੀ ਬੇਟਾ ਰਹਿਣਾ ਤਾਂ ਤੂੰ ਉਸੇ ਘਰ ਵਿੱਚ ਹੈ……।” ਸਰਬਜੀਤ ਦੇ ਬਿਆਨ ਨਾਲ ਰਣਜੀਤ ਅਤੇ ਉਸਦਾ ਪਰਵਾਰ ਬੱਚ ਗਿਆ।


“ਹੁਣ ਤਾਂ ਰਣਜੀਤ ਅਤੇ ਰਣਜੀਤ ਦੇ ਪਰਵਾਰ ਨੇ ਇੱਕ ਗੱਲ ਮਨ ਵਿੱਚ ਪੱਕੀ ਧਾਰ ਲਈ ਕਿ ਕਿਸੇ ਵੀ ਕੀਮਤ ਤੇ ਸਰਬਜੀਤ ਨੂੰ ਘਰ ਨਹੀਂ ਲਿਆਉਣਾ। ਉਸ ਕੋਲੋਂ ਛੁਟਕਾਰਾ ਪਾ ਲੈਣਾ ਹੈ। ਕਾਫੀ ਸਮਾਂ ਸਰਬਜੀਤ ਹਸਪਤਾਲ ਵਿੱਚ ਰਹੀ, ਫਿਰ ਆਪਣੇ ਮਾਂ-ਪਿਉ ਦੇ ਘਰ ਆ ਗਈ। ਮਾਂ-ਪਿਉ ਨੇ ਮਾਸੀ-ਮਾਸੜ ਵਿਚੋਲਿਆਂ ਨੂੰ ਸੱਦਿਆ ਅਤੇ ਉਹਨਾਂ ਦੇ ਹੱਥ ਸੁਨੇਹਾ ਭੇਜਿਆ ਕਿ ਆ ਕੇ ਸਰਬਜੀਤ ਅਤੇ ਮੁੰਡੇ ਨੂੰ ਲੈ ਜਾਉ। ਰਣਜੀਤ ਨੇ ਮਾਂ ਦੇ ਲਫਜ਼ ਸਨ, “ਹੁਣ ਚਾਹੇ ਜੋ ਮਰਜ਼ੀ ਹੋ ਜਾਵੇ, ਅਸੀਂ ਸਰਬਜੀਤ ਨੂੰ ਇਸ ਘਰ ਵਿੱਚ ਪੈਰ ਨਾਹੀਂ ਰੱਖਣਾ ਦੇਣਾ। ਪਹਿਲਾਂ ਹੀ ਮਸਾਂ ਬਚੇ ਹਾਂ, ਇਸਦਾ ਕੀ ਪਤਾ? ਹੁਣ ਤਾਂ ਤਲਾਕ ਹੋ ਕੇ ਹੀ ਰਹੇਗਾ………।”


“ਕੁੱਝ ਮਹੀਨੇ ਹੋਰ ਬੀਤ ਗਏ। ਗੱਲ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ ਸੀ। ਸਰਬਜੀਤ ਦੇ ਮਾਂ-ਪਿਉ ਨੇ ਪੁਲਿਸ ਵਿੱਚ ਰਣਜੀਤ ਤੇ ਉਸਦੇ ਪਰਵਾਰ ਦੇ ਵਿਰੁੱਧ ਪਰਚਾ ਦੇ ਦਿੱਤਾ। ਪੁਲਿਸ ਰਣਜੀਤ ਨੂੰ ਫੜ੍ਹ ਕੇ ਲੈ ਗਈ। ਕੁੱਝ ਸਮੇਂ ਬਾਅਦ ਰਣਜੀਤ ਫਿਰ ਬਾਹਰ ਆ ਗਿਆ। ਵਕੀਲ ਰਾਹੀਂ ਕੇਸ ਕਰ ਦਿੱਤ ਗਿਆ। ਅਦਾਲਤ ਦੀਆਂ ਤਰੀਕਾਂ ਤੇ ਰਣਜੀਤ ਅਤੇ ਉਸਦਾ ਪਰਵਾਰ ਪੇਸ਼ ਨਾ ਹੋਇਆ। ਕਾਫੀ ਸਮਾਂ ਲੰਘ ਗਿਆ। ਪੁਲਿਸ ਘਰ ਵਿੱਚ ਛਾਪੇ ਮਾਰਦੀ। ਰਣਜੀਤ ਅਤੇ ਉਸਦਾ ਪਰਵਾਰ ਭਗੌੜਾ ਹੋ ਗਿਆ। ਕਈ ਹਫਤਿਆਂ ਬਾਅਦ ਘਰ ਵਾਪਸ ਆਂਇਆ।


“ਅੰਤ ਭਰ ਪੰਚਾਇਤ ਫੈਂਸਲਾ ਲਿਆ ਗਿਆ। ਰਣਜੀਤ ਸਿੰਹਾਂ, ਤੇਰਾ ਕੀ ਫੈਂਸਲਾ ਹੈ? ਤੂੰ ਜੇ ਆਪਣੀ ਜਨਾਨੀ ਘਰ ਰੱਖਣੀ ਚਾਹੁੰਦਾ ਹੈਂ ਤਾਂ ਲੈ ਆ! ਜੇ ਨਹੀਂ ਰੱਖਣੀ ਚਾਹੁੰਦਾ ਤਾਂ ਵੀ ਦੱਸ….।”


“”ਪੰਚਾਇਤ ਦਾ ਫੈਂਸਲਾ ਸਿਰ ਮੱਥੇ ਭਰੀ ਪੰਚਾਇਤ ਵਿੱਚ ਮੈਂ ਸਵੀਕਾਰ ਕਰਦਾ ਹਾਂ, ਮੈਂ ਕਿਸੇ ਵੀ ਕੀਮਤ ਤੇ ਸਰਬਜੀਤ ਨੂੰ ਨਹੀਂ ਰੱਖਣਾ। ਮੇਰੇ ਸਹੁਰਿਆਂ ਨੇ ਬਾਰ-ਬਾਰ ਛਾਪੇ ਮਰਵਾ ਕੇ ਮੈਨੂੰ ਜੇਲ੍ਹ ਵਿੱਚ ਕਰਵਾਇਆ। ਮੈਂ ਜਨਾਨੀ ਕਿਉਂ ਨਹੀਂ ਰੱਖਣੀ ਸੱਭ ਨੂੰ ਪਤਾ ਹੈ, ਦੱਸਣ ਦੀ ਜ਼ਰੂਰਤ ਨਹੀਂ। ਸੱਭ ਨੂੰ ਪਤਾ ਹੈ ਕਿ ਪਹਿਲਾਂ ਇਸਨੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਕੱਲ ਨੂੰ ਫਿਰ ਆਪਣੇ ਆਪ ਨੂੰ ਅੱਗ ਲਗਾ ਲਵੇ ਫਿਰ ਅਸੀਂ ਤਾਂ ਬੱਝੇ ਨਹੀਂ ਛੁੱਟ ਸਕਦੇ………।”


“ਜੇ ਇਹ ਕੁੜੀ ਨਹੀਂ ਰੱਖਣਾ ਚਾਹੁੰਦਾ ਤਾਂ ਫਿਰ ਤੈਨੂੰ ਹਰਜਾਨਾ ਭਰਨਾ ਪਵੇਗਾ। ਸਾਰੇ ਦਾ ਸਾਰਾ ਸਾਮਾਨ ਵਾਪਸ ਕਰਨਾ ਪਵੇਗਾ। ਮੁੰਡਾ ਵੀ ਆਪਣੇ ਕੋਲ ਰੱਖੇ, ਅਸੀਂ ਇਸਦੇ ਮੁੰਡੇ ਦਾ ਠੇਕਾ ਨਹੀਂ ਲਿਆ………।” ਗੁੱਸੇ ‘ਚ ਭਰੇ ਖੜਕ ਸਿੰਘ ਦੇ ਬੋਲ ਸਨ।


“ਹਰਜਾਨਾ ਰਣਜੀਤ ਨੂੰ ਭਰਨਾ ਹੀ ਪਵੇਗਾ। ਬਾਕੀ ਵਿਆਹ ਨੂੰ ਕਾਫੀ ਸਮਾਂ ਹੋ ਗਿਆ। ਜਿਹੜਾ ਸਾਮਾਨ ਠੀਕ ਹੈ ਵਾਪਸ ਕੀਤਾ ਜਾਵੇ।”
“ਪੰਚਾਇਤ ਦੇ ਫੈਂਸਲੇ ਅਨੁਸਾਰ ਅਦਾਲਤ ਦੇ ਬਾਹਰ ਹੀ ਰਣਜੀਤ ਅਤੇ ਸਰਬਜੀਤ ਦਾ ਤਾਲਾਕ ਹੋ ਗਿਆ। ਸਮਾਨ ਵਾਪਸ ਕੀਤਾ ਗਿਆ, ਹਰਜਾਨੇ ਦੀ ਰਕਮ ਕਿਸ਼ਤਾਂ ਤੇ ਦੇਣੀ ਕਰ ਲਈ। ਠੀਕ ਸਾਮਾਨ ਰਣਜੀਤ ਦੇ ਸਹੁੱਰੇ ਲੈ ਗਏ। ਕੱਝ ਮਹੀਨੇ ਹਰਜਾਨੇ ਦੀ ਕਿਸ਼ਤ ਦਿੱਤੀ, ਫਿਰ ਹੌਲੀ-ਹੌਲੀ ਹਰਜਾਨਾ ਦਿੰਦਾ ਰਿਹਾ ਰਣਜੀਤ………………………।

ਵਰਿੰਦਰ ਆਜ਼ਾਦ
 ਅੰਮ੍ਰਿਤਸਰ।
ਮੋ. 95015-43932

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com