ਪੁਲਸ
ਵਲੋਂ ਬਗੈਰ ਪੇਪਰਾਂ ਤੋਂ ਰਹਿਣ ਵਾਲਿਆਂ ਦੀ ਫੜੋ-ਫੜੀ ਦਾ ਕੰਮ ਬੜੇ
ਜ਼ੋਰਾਂ ’ਤੇ ਸੀ। ਰੋਮ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਪੁਲਸ ਵਲੋਂ
ਛਾਪੇ ਮਾਰਨ ਦੀ ਮੁਹਿੰਮ ਬੜੀ ਤੇਜ਼ੀ ਨਾਲ ਚਲਾਈ ਹੋਈ ਸੀ। ਇਸੇ ਵਜਾ ਕਾਰਣ
ਕਈ ਪੰਜਾਬੀਆਂ ਨੂੰ ਵੀ ਪੱਕੇ ਕੰਮਾਂ ਤੋਂ ਹੱਥ ਧੋਣੇ ਪੈਣੇ ਪੈ ਗਏ। ਕੰਮ
ਦੀ ਭਾਲ ਵਿਚ ਪੰਜਾਬੀ ਨੌਜਵਾਨ ਆਪਣੇ ਬੈਗ ਵਿਚ ਚਾਰ ਕੁ ਕੱਪੜੇ ਪਾ ਕੇ
ਕੋਈ ਕਿਸੇ ਪਾਸੇ ਟੀ ਟ੍ਰੇਨ ਚੜ ਗਿਆ ਤੇ ਕੋਈ ਕਿਸੇ ਵੱਲ ਨੂੰ ਕੂਚ ਕਰ
ਗਿਆ। ਉਹੀ ਮਾਲਕ ਦੁਬਾਰਾ ਕਾਮੇ ਨੂੰ ਇਸ ਲਈ ਕੰਮ ’ਤੇ ਰੱਖ ਨਹੀਂ ਰਹੇ
ਸਨ ਕਿਉਂਕਿ ਉਨਾਂ ਨੂੰ ਵੀ ਕੱਚੇ ਬੰਦੇ ਨੂੰ ਕੰਮ ’ਤੇ ਰੱਖਣ ਦਾ ਭੈਅ
ਸਤਾਉਣ ਲੱਗ ਪਿਆ ਸੀ ਕਿ ਕਿਤੇ ਜੁਰਮਾਨਾ ਹੀ ਨਾ ਭਰਨਾ ਪੈ ਜਾਵੇ। ਯੂਰਪੀ
ਮੁਲਕਾਂ ਵਿਚੋਂ ਇਟਲੀ ਇਕ ਅਜਿਹਾ ਮੁਲਕ ਹੈ, ਜਿਥੇ ਬਾਕੀ ਮੁਲਕਾਂ ਵਾਂਗ
- ਫਰਾਂਸ ਤੇ ਜਰਮਨੀ ਨੂੰ ਛੱਡ ਕੇ - ਛੇਤੀ ਨਿਵਾਸ ਆਗਿਆ ਤੇ ਕੰਮ ਕਰਨ
ਦੀ ਇਜਾਜ਼ਤ ਮਿਲ ਜਾਂਦੀ ਹੈ। ਜੇ ਸਰਕਾਰੀ ਤੌਰ ’ਤੇ ਆਗਿਆ ਨਾ ਵੀ ਮਿਲੇ
ਤਾਂ ਵੀ ਗੈਰ-ਕਾਨੂੰਨੀ ਤੌਰ ’ਤੇ ਰਹਿਣ ਵਾਲਿਆਂ ਨੂੰ ਕਿਤੇ ਨਾ ਕਿਤੇ
ਗੁਜ਼ਾਰੇ ਲਾਇਕ ਕੰਮ ਮਿਲ ਹੀ ਜਾਂਦਾ ਹੈ ਪਰ ਇਥੇ ਅੱਜਕਲ ਪੁਲਸ ਨੇ ਸਖ਼ਤੀ
ਵਰਤੀ ਹੋਈ ਹੈ।
ਰਾਮ ਦਾਸ ਵੀ ਟ੍ਰੇਨ ਫੜ ਕੇ ਕੋਂਡੋਫੁਰੀ
ਮਰੀਨਾ ਇਲਾਕੇ ਵੱਲ ਨੂੰ ਕੂਚ ਕਰ ਗਿਆ। ਇਹ ਇਲਾਕਾ ਸਮੁੰਦਰ ਦੇ ਲਾਗੇ ਹੈ
ਤੇ ਓਸ ਟਾਪੂ ਸਿਸਲੀ ਦੇ ਨੇੜੇ ਹੈ ਜਿਥੇ ਇਕ ਕਿਸ਼ਤੀ ਡੁੱਬਣ ਨਾਲ ਇਟਲੀ
ਆਉਣ ਵਾਲੇ ਲੋਕਾਂ ਦੇ ਨਾਲ ਕਈ ਪੰਜਾਬੀ ਨੌਜਵਾਨ ਵੀ ਗੋਤੇ ਖਾ ਗਏ ਸੀ ਤੇ
ਡੂੰਘਾ ਸਮੁੰਦਰ ਉਨਾਂ ਦੀ ਕਬਰਗਾਹ ਬਣ ਗਿਆ ਸੀ। ਇਥੇ ਰਾਮਦਾਸ ਦਾ
ਹੌਲੀ-ਹੌਲੀ ਕੰਮ ਲੱਗਣ ਲੱਗ ਪਿਆ। ਰਾਮਦਾਸ ਹੱਡੋਂ ਪੈਰੋਂ ਖੁੱਲਾ ਹੋਣ
ਕਰ ਕੇ ਆਪਣੇ ਆਪ ਨੂੰ ਹਰ ਥਾਂ ਬੌਸ ਸਮਝਣ ਲੱਗ ਪੈਂਦਾ ਸੀ। ਉਸ
ਨੇ ਕੁਝ ਮਹੀਨੇ ਬਾਅਦ ਰਹਿਣ ਦਾ ਪੱਕਾ ਟਿਕਾਣਾ ਬਣਾ ਲਿਆ। ਕੰਮ ਵੀ ਇਸ
ਵਾਰ ਇਸ ਇਲਾਕੇ ਵਿਚ ਇਸ ਕਰ ਕੇ ਲੱਗ ਰਿਹਾ ਸੀ ਕਿਉਂਕਿ ਸਮੁੰਦਰ ਦੀਆਂ
ਛੱਲਾਂ ਨੇ ਸਮੁੰਦਰੀ ਰੇਤ ਦੀ ਦੋ-ਦੋ ਤਿੰਨ-ਤਿੰਨ ਫੁੱਟ ਤੱਕ ਸਮੁੰਦਰ
ਕੰਢੇ ਉਸਰੇ ਘਰਾਂ ਵਿਚ ਤਹਿ ਵਿਛਾ ਦਿੱਤੀ ਸੀ।
ਰਾਮਦਾਸ ਸਾਇਕਲ ’ਤੇ ਸਮੁੰਦਰ ਕੰਢੇ ਪਹੁੰਚ ਜਾਂਦਾ ਤੇ
ਉਥੇ ਪਹਿਲਾਂ ਤੋਂ ਰਹਿੰਦੇ ਪੰਜਾਬੀ ਮੁੰਡੇ ਜੋ ਗਲਿਆਨੋ (ਇਟੈਲੀਅਨ
ਬੋਲੀ) ਚੰਗੀ ਤਰਾਂ ਸਮਝ ਲੈਂਦੇ ਸਨ, ਉਨ੍ਹਾਂ ਦੀ ਮਦਦ ਨਾਲ ਕੰਮ ’ਤੇ
ਲੱਗ ਜਾਂਦਾ। ਇਸੇ ਤਰਾਂ ਦੇ ਮਾੜੇ ਹਾਲਾਤ ਵਿਚ ਪੰਜਾਬੀ ਗੱਭਰੂ ਇਕ ਦੂਜੇ
ਦਾ ਸਹਾਰਾ ਬਣਦੇ ਸਨ। ਉਨਾਂ ਰੇਹੜੀਆਂ ਰੇਤ ਨਾਲ ਭਰ-ਭਰ ਕੇ ਰੇਤਾ ਦੂਰ
ਸੁੱਟ ਆਉਣਾ ਤੇ ਘਰ ਨੂੰ ਚੰਗੀ ਤਰਾਂ ਸੰਵਾਰ ਦੇਣਾ। ਕਈ ਵਾਰ ਉਨ੍ਹਾਂ
ਚਾਰ ਦਿਨ ਵਿਚ ਮੁੱਕਣ ਵਾਲੇ ਕੰਮ ਨੂੰ ਹਫਤਾ-ਹਫਤਾ ਲਾ ਦੇਣਾ ਤਾਂ ਕਿ
ਕੁਝ ਕਮਾ ਵੀ ਸਕਣ। ਇਸੇ ਤਰਾਂ ਸਾਰੇ ਪੰਜਾਬੀ ਭਰਾ ਕਹਿ ਸੁਣ ਕੇ ਇਕ
ਦੂਜੇ ਨੂੰ ਕੰਮ ’ਤੇ ਲਵਾ ਦਿੰਦੇ ਤੇ ਰਹਿਣ ਆਦਿ ਲਈ ਵੀ ਸਹਾਰਾ ਦਿੰਦੇ
ਸਨ। ਰਾਮਦਾਸ ਨੇ ਇਥੇ ਰਹਿਣ ਲਈ ਚੰਗੀ ਕਮਾਈ ਕੀਤੀ ਪਰ ਰਹਿਣ ਦਾ ਉਸਦਾ
ਪੱਕਾ ਜੁਗਾੜ ਨਹੀਂ ਬਣਿਆ। ਕੰਮ-ਕਾਰ ਮੁਕਾ ਕੇ ਸ਼ੌਕ ਵਜੋਂ ਘਰ ਜਾ ਕੇ
ਰੋਟੀ ਖਾਣ ਤੋਂ ਪਹਿਲਾਂ ਹਫਤੇ ਵਿਚ ਦੋ ਵਾਰ ਲੱਗਣ ਵਾਲੇ ਪੈੱਗ ਉਸ ਦੇ
ਹੁਣ ਸੱਤੇ ਦਿਨ ਲੱਗਣ ਲੱਗੇ। ਬਾਅਦ ਵਿਚ ਦੋ ਪੈੱਗ ਵੀ ਵਧਦੇ ਵਧਦੇ ਅਧੀਏ
ਤੱਕ ਪਹੁੰਚ ਗਏ। ਰੋਜ਼ ਅੱਧੀਆ ਲਾ ਕੇ ਵੀ ਰਾਮਦਾਸ ਕਦੇ ਕਦੇ ਇਕ ਅੱਧਾ
ਪੈੱਗ ਮਾਰਨ ਲੱਗ ਗਿਆ। ਗੱਲ ਕੀ, ਰਾਮਦਾਸ ਪੂਰਾ ਸ਼ਰਾਬੀ ਬਣ ਗਿਆ। ਜਿਨਾਂ
ਮੁੰਡਿਆਂ ਨਾਲ ਉਹ ਰਹਿੰਦਾ ਸੀ ਉਨਾਂ ਵਿਚੋਂ ਇਕ ਇਕ ਨੂੰ ਹੌਲੀ ਹੌਲੀ
ਤੰਗ ਪ੍ਰੇਸ਼ਾਨ ਕਰ ਕੇ ਰਾਮਦਾਸ ‘ਉਥੋਂ’ ਜਾਣ ਲਈ ਮਜਬੂਰ ਕਰਨ ਲੱਗ ਪਿਆ।
ਰਾਮਦਾਸ ਨਾਲ ਰਹਿਣ ਵਾਲੇ ਮੁੰਡੇ ਸਾਰੇ ਕਿਤੇ ਨਾ ਕਿਤੇ ਜਾ ਚੁੱਕੇ ਸਨ
ਤੇ ਉਨਾਂ ਦੀ ਥਾਂ ਨਵੇਂ-ਨਵੇਂ ਲੋੜਵੰਦ ਮੁੰਡੇ ਆਉਂਦੇ ਗਏ। ਰਾਮਦਾਸ ਵੀ
ਟੁੱਟੀ ਫੁੱਟੀ ਗਲਿਆਨੋ ਬੋਲਣ ਲੱਗ ਪਿਆ ਸੀ। ਓਸ ਰਹਿਣ ਟਿਕਾਣੇ ਦਾ
ਰਾਮਦਾਸ ਪੱਕਾ ਬੌਸ ਬਣ ਗਿਆ। ਬੌਸਗਿਰੀ ਕਰਨਾ ਉਸ ਦੇ ਸੁਭਾਅ
ਵਿਚ ਹੀ ਸੀ। ਰੋਟੀ ਕੀਹਨੇ ਬਣਾਉਣੀ ਐ, ਝਾੜੂ ਕੀਹਨੇ ਲਾਉਣੈ, ਕੱਪੜਾ
ਲੱਤਾ ਕੀਹਨੇ ਧੋਣਾ ਏ, ਬਜ਼ਾਰੋਂ ਸਬਜ਼ੀ ਭਾਜੀ, ਆਟਾ-ਦਾਲ ਫਲ-ਫਰੂਟ ਤੇ
ਹੋਰ ਖਾਣ-ਪੀਣ ਦਾ ਸਾਮਾਨ ਕੌਣ ਲਿਆਵੇਗਾ... ਵਗੈਰਾ-ਵਗੈਰਾ ਇਹ ਸਭ
ਰਾਮਦਾਸ ਹੀ ‘ਤੈਅ’ ਕਰਨ ਲੱਗਾ। ਰੋਟੀ-ਪਾਣੀ ਦਾ ਖਰਚਾ ਤਾਂ ਉਹ ਘੱਟ-ਵੱਧ
ਹੀ ਦਿੰਦਾ, ਉਸ ਨੂੰ ਬਾਕੀਆਂ ਸਿਰੋਂ ਖਾਣ ਦੀ ਆਦਤ ਪੈ ਗਈ। ਨਵੇਂ
ਮੁੰਡਿਆਂ ਤੋਂ ਤਾਂ ਰਾਮਦਾਸ ਕਦੇ-ਕਦਾਈ ਬੋਤਲ ਵੀ ਮੰਗਵਾਉਣ ਲੱਗ ਪਿਆ ਸੀ
ਕਿਉਂਕਿ ਉਹ ‘ਡਰੰਕਰਡ’ ਬਣ ਚੁੱਕਾ ਸੀ।
ਹੁਣ ਉਹ ਕੰਮ ਤੋਂ ਛੁੱਟੀ ਵੀ ਮਾਰਨ ਲੱਗ ਪਿਆ ਸੀ
ਜਦੋਂ ਰਾਮਦਾਸ ਨਵਾਂ-ਨਵਾਂ ਆਇਆ ਸੀ ਤਾਂ ‘ਸੈਟਰਡੇ-ਸੰਡੇ’ ਵੀ ਕੰਮ ਤੋਂ
ਬਿਨਾਂ ਸੁੱਕਾ ਨਹੀਂ ਸੀ ਲੰਘਣ ਦਿੰਦਾ। ਇਹ ਦੋ ਦਿਨ ਉਹ ਸਮੁੰਦਰ ਕੰਢੇ
ਬਣੇ ਰੈਸਟੋਰੈਂਟ ਉਤੇ ਚਲਾ ਜਾਂਦਾ। ਉਹ ਕਹਿੰਦੇ ਨੇ ਨਾ
ਕਿ ਇਕ ਪੰਥ ਦੋ ਕਾਜ ਯਾਨੀ ਨਾਲੇ ਤਾਂ ਉਹ ਗੋਰੇ ਲੋਕਾਂ ਨੂੰ ਸਮੁੰਦਰ
ਕੰਢੇ ਨਹਾਉਂਦਿਆਂ ਤੇ ਚੋਹਲ-ਮੋਹਲ ਕਰਦਿਆਂ ਦੇਖਦਾ ਤੇ ਨਾਲੇ ਦਿਹਾੜੀ
ਲੈਣ ਦੇ ਨਾਲ ਨਾਲ ਉਹ ਅਪਣੀ ਮਨਪਸੰਦ ਦਾ ਪੀਜ਼ਾ ਬਣਵਾ ਕੇ ਖਾ ਲੈਂਦਾ ਤੇ
ਨਾਲ ਬੀਅਰ ਦੇ ਦੋ-ਚਾਰ ਮੱਘ ਮਾਰ ਆਉਂਦਾ । ਕਈ ਚਿਰ ਇਵੇਂ ਹੀ ਚੱਲਦਾ
ਰਿਹਾ।
ਹੁਣ ਆਪਣੀ ਰਿਹਾਇਸ਼ ਉਤੇ ਕਦੇ ਕਦਾਈਂ ਉਸ ਦੀ ਦਾਰੂ
ਪੀਤੀ ਹੋਣ ਕਾਰਨ ਉਸ ਦਾ ਮੁੰਡਿਆਂ ਨਾਲ ਬੋਲ-ਬੁਲਾਰਾ ਵੀ ਹੋ ਜਾਂਦਾ।
ਸਰੀਰਕ ਪੱਖੋਂ ਤਕੜਾ ਹੋਣ ਕਰ ਕੇ ਰਾਮ ਦਾਸ ’ਤੇ ਕੋਈ ਭਾਰੂ ਨਹੀਂ ਸੀ
ਪੈਂਦਾ। ਆਂਢ-ਗੁਆਂਢ ਦੀਆਂ ਸ਼ਿਕਾਇਤਾਂ ਕਾਰਨ ਮਾਲਕ ਮਕਾਨ ਨੇ ਉਨਾਂ ਨੂੰ
ਸ਼ਿਫਟ ਕਰਵਾ ਕੇ ਆਪਣੇ ਖੂਹ ’ਤੇ ਭੇਜ ਦਿੱਤਾ। ਇਥੇ ਸਾਡੇ ਪੰਜਾਬ ਦੇ
ਪਿੰਡਾਂ ਵਰਗੇ ਖੂਹ ਨਹੀਂ ਹਨ। ਸਾਰੀਆਂ ਸਹੂਲਤਾਂ ਮਿਲਦੀਆਂ ਹਨ ਇਧਰਲੇ
ਖੂਹਾਂ ’ਤੇ। ਕਮੀ ਹੈ ਤਾਂ ਇਹ ਕਿ ਖੂਹ ਜ਼ਰਾ ਰਿਹਾਇਸ਼ੀ ਘਰਾਂ ਤੇ ਬਜ਼ਾਰਾਂ
ਤੋਂ ਦੂਰ ਹਨ। ਇਨਾਂ ਖੂਹਾਂ ਉਤੇ ਪੰਜਾਬੀ ਮੁੰਡਿਆਂ ਨੂੰ ਇਕ ਬੜੀ ਮੌਜ
ਹੈ । ਇਥੇ ਉਨਾਂ ਨੂੰ ਰੂੜੀ ਮਾਰਕਾ ਦਾਰੂ ਕਢਣ ਤੋਂ ਰੋਕਣ ਵਾਲੀ ਪੰਜਾਬ
ਪੁਲਸ ਕਿਤੇ ਨਜ਼ਰ ਨਹੀਂ ਆਉਂਦੀ । ਇਧਰਲੀ ਪੁਲਸ ਰੋਕਦੀ ਤਾਂ ਹੈ ਪਰ ਉਹ
ਕਹਿੰਦੀ ਹੈ ਕਿ ਡਾਕਟਰ ਤੋਂ ਇਸਦੀ ਡਿਗਰੀ ਚੈੱਕ ਕਰਵਾਈ ਦਾ ਸਬੂਤ ਦਿਖਾਓ
ਤੇ ਫਿਰ ਕਰੋ ‘ਐਨਜੁਆਏ’। ਇਸੇ ਤਰਾਂ ਦੇ ਇਸ ਖੂਹ ਉਤੇ ਕਈ ਮੁੰਡੇ ਆਏ ਤੇ
ਰਾਮ ਦਾਸ ਦੇ ਜ਼ੁਲਮਾਂ ਤੋਂ ਤੰਗ ਆ ਕੇ ਆਪਣਾ ਟਿਕਾਣਾ ਛੱਡ ਤੁਰਦੇ ਬਣੇ।
ਉਸ ਨਾਲ ਜਿਹੜੇ 6 ਮੁੰਡੇ ਰਹਿੰਦੇ ਉਹ ਉਨਾਂ ਵਿਚ ਵੀ ਫੁੱਟ ਪਾਈ ਰੱਖਦਾ।
ਉਹ ਅੰਗਰੇਜ਼ਾਂ ਤੇ ਕੁਲ ਦੁਨੀਆ ਦੇ ਸਿਆਸੀ ਬੰਦਿਆਂ ਦੀ ਵਲੋਂ ਘੜੀ ਨੀਤੀ
(ਅਸਲ ਵਿਚ ਕੁ-ਨੀਤੀ) ਡਿਵਾਈਡ ਐਂਡ ਰੂਲ (ਫੁੱਟ ਪਾਓ ਤੇ ਰਾਜ
ਕਰੋ) ਅਪਣਾ ਕੇ ਵਿਚਰ ਰਿਹਾ ਸੀ। ਜਿਹੜਾ ਵੀ ਉਸ ਦੀ ਨਿੰਦਿਆ ਚੁਗਲੀ
ਕਰਦਾ ਉਹ ਉਸ ਦਾ ਬੋਰੀ ਬਿਸਤਰਾ ਇਟੈਲੀਅਨ ਮਾਲਕ ਨੂੰ ਭੜਕਾਅ ਕੇ ਦੇ
ਚੁੱਕ ਦੇ ਕੇ ਚੁਕਵਾ ਦਿੰਦਾ। ਵਿਚੋ ਵਿਚ ਰਾਮਦਾਸ ਨੂੰ ਸਾਰੇ ਮੁੰਡੇ
ਘਿਰਣਾ ਕਰਨ ਲੱਗ ਪਏ ਪਰ ਆਪਣੇ ਚਿੱਤੋਂ ਕਦੇ ਉਨਾਂ ਨੇ ਜ਼ਾਹਰ ਨਹੀਂ ਸੀ
ਹੋਣ ਦਿੱਤਾ। ਇੱਧਰ ਪੰਜਾਬ ਦੇ ਪੇਂਡੂ ਮੁੰਡੇ ਜਿਹੜੇ ਖੇਤਾਂ ਵਿਚ ਕੰਮ
ਕਰਦੇ ਹਨ ਖੂਹਾਂ ਉੱਤੇ ਮੁਫ਼ਤ ਹੀ ਰਹਿੰਦੇ ਹਨ। ਇਸ ਤਰਾਂ ਉਨਾਂ ਦੇ ਬੱਸ,
ਗੈਸ, ਕਮਰੇ ਤੇ ਹੋਰ ਕਈ ਤਰਾਂ ਦੇ ਖਰਚ ਬਚ ਜਾਂਦੇ ਹਨ। ਨਾਲੇ ਪੁਲਸ-ਪਲਸ
ਦਾ ਡਰ-ਡੁੱਕਰ ਵੀ ਨਹੀਂ ਰਹਿੰਦਾ।
ਇਸੇ ਦੌਰਾਨ ਰਾਮਦਾਸ ਦਾ ਇਕ ਵਾਰ ਓਸ ਪੰਜਾਬੀ ਮੁੰਡੇ
ਨਾਲ ਪੇਚਾ ਪੈ ਗਿਆ ਜਿਹੜਾ ਸਰੀਰਕ ਪੱਖੋਂ ਉਸ ਦੀ ਟੱਕਰ ਦਾ ਸੀ। ਉਸ ਨੂੰ
ਰਾਮਦਾਸ ਨੇ ਆਪਣੀਆਂ ਸਾਰੀਆਂ ਸ਼ਰਤਾਂ ਸਮਝਾਅ ਦਿੱਤੀਆਂ ਤੇ ਉਸ ਵਲੋਂ
ਸਾਰੀਆਂ ਸ਼ਰਤਾਂ ਮੰਨਣ ਤੋਂ ਬਾਅਦ ਹੀ ਰਾਮਦਾਸ ਨੇ ਉਸ ਨੂੰ ਆਪਣੀ ਟੋਲੀ
ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ। ਉਹ ਬੜਾ ਹੱਸਮੁਖ ਤੇ ਜ਼ਿੰਦਾਦਿਲ
ਇਨਸਾਨ ਸੀ। ਉਸ ਨੇ ਰਾਮਦਾਸ ਦੀਆਂ ਕਈ ਵਧੀਕੀਆਂ ਸਹਿਣ ਕੀਤੀਆਂ ਪਰ ਉਹ
ਉਸ ਅੱਗੇ ਕਦੇ ਨਹੀਂ ਆਕੜਿਆ ਫਾਕੜਿਆ। ਇਹ ਗੱਲ ਉਹ ਵੀ ਚੰਗੀ ਤਰਾਂ
ਜਾਣਦਾ ਸੀ ਕਿ ਰਾਮਦਾਸ ਮੂਹਰੇ ਆਕੜਣ ਦਾ ਮਤਲਬ ਹੈ ਆਪਣਾ ਬੋਰੀ ਬਿਸਤਰਾ
ਉਥੋਂ ਚੁਕਾਉਣਾ ਤੇ ਰਾਹੇ ਪੈਣਾ।
ਇਕ ਦਿਨ ਉਹ ਕੰਮ ਤੋਂ ਥੱਕਿਆ ਟੁੱਟਿਆ ਹਜੇ ਘਰ ਹੀ
ਵੜਿਆ ਸੀ ਕਿ ਰਾਮਦਾਸ ਉਸ ਨੂੰ ਕਹਿ ਬੈਠਾ ਕਿ ਫਟਾਫਟ ਮਾਰਕੀਟ ਜਾਹ ਨਹੀਂ
ਤਾਂ ਮਾਰਕੀਟ ਬੰਦ ਹੋ ਜਾਵੇਗੀ। ਰਾਮਦਾਸ ਨੇ ਉਸ ਦੇ ਹੱਥ ਵਿਚ ਸਾਮਾਨ
ਵਾਲੀ ਲਿਸਟ ਫੜਾ ਦਿੱਤੀ। ਉਸੇ ਤਰਾਂ ਥੱਕਿਆ ਹਾਰਿਆ ਤੇ ਮੈਲੇ ਕੱਪੜਿਆਂ
ਨਾਲ ਹੀ ਉਹ ਮਾਰਕੀਟ ਵੱਲ ਨੂੰ ਚਲਾ ਗਿਆ। ਵੀਹ-ਪੱਚੀ ਕਿਲੋ ਭਾਰਾ ਸਾਮਾਨ
ਜਿਹਦੇ ਵਿਚ ਆਟਾ, ਪਿਆਜ, ਦੁੱਧ, ਕੋਕ, ਬੀਅਰਾਂ ਤੇ ਹੋਰ ਸਾਮਾਨ ਦੇ
ਪੋਲੀਥੀਨ ਦੇ ਪੰਜ ਵੱਡੇ ਬੈਗਾਂ ਦੀਆਂ ਕੰਨੀਆਂ ਜੋੜ ਕੇ, ਤਿੰਨ ਇਕ ਹੱਥ
ਵਿਚ ਤੇ ਬਾਕੀ ਦੋ ਬੈਗ ਫੜ ਕੇ ਲਿਫਦਾ ਲਿਟਦਾ ਆ ਰਿਹਾ ਸੀ ਬਿਲਕੁਲ ਉਵੇਂ
ਜਿਵੇਂ ਪੰਜਾਬ ਵਿਚ ਕੋਈ ਮਰੂੰਡਾ ਵੇਚਣ ਵਾਲਾ ਤੁਰਿਆ ਜਾ ਰਿਹਾ ਹੋਵੇ।
ਉਸ ਨੂੰ ਇਹੋ-ਜਿਹੀ ਹਾਲਤ ਵਿਚ ਦੇਖ ਕੇ ਇਟੈਲੀਅਨ ਮੁੰਡੇ ਕੁੜੀਆਂ ਆਮ
ਟਿੱਚਰਾਂ ਕਰ ਰਹੇ ਸਨ ਕਿ ਇਹ ਬੰਦਾ ਏ ਕਿ ਘੋੜਾ। ਉਹ ਜਦੋਂ ਘਰ ਵੜਿਆ
ਤਾਂ ਬੜਾ ਹੱਫਿਆ ਹੋਇਆ ਸੀ। ਇਸ ਤੋਂ ਪਹਿਲਾਂ ਕਿ ਰਾਮਦਾਸ ਕੋਈ ਹੋਰ
ਹੁਕਮਨਾਮਾ ਸੁਣਾਉਂਦਾ ਉਸ ਨੇ ਤਾਅੜ ਕਰਦਾ ਥੱਪੜ ਰਾਮਦਾਸ ਦੇ ਮੂੰਹ ਉਤੇ
ਜੜ ਦਿੱਤਾ। ਰਾਮਦਾਸ ਹੈਰਾਨ ਸੀ ਕਿ ਉਸ ਨੂੰ ਆਪਣਾ ਬੋਰੀ-ਬਿਸਤਰਾ ਚੁੱਕ
ਹੋਣ ਦਾ ਫ਼ਿਕਰ ਨਹੀਂ ਸੀ ਰਿਹਾ! ਜਾਂ ਹੁਣ ਉਹ ਇਥੇ ਉਸ ’ਤੇ ਬੌਸੀ
ਕਰੇਗਾ!!
ਉਹ ਗੁੱਸੇ ਨਾਲ ਫੁੰਕਾਰ ਰਿਹਾ ਸੀ। ਇਸ ਤੋਂ ਪਹਿਲਾਂ
ਕਿ ਰਾਮਦਾਸ ਉਸ ਨੂੰ ਮੋੜਵਾਂ ਜੁਆਬ ਦਿੰਦਾ ਉਸ ਨੇ ਆਪਣਾ ਸਾਮਾਨ ਸਮੇਟਣਾ
ਸ਼ੁਰੂ ਕਰ ਦਿੱਤਾ ਤੇ ਰਾਤ ਦੇ ਅੱਠ-ਨੌਂ ਕੁ ਵਜੇ ਉਹ ਕਸਬੇ ਵੱਲ ਨੂੰ ਤੁਰ
ਪਿਆ। ਰਾਮਦਾਸ ਤੇ ਉਸ ਦੀ ਟੋਲੀ ਦੇ ਮੁੰਡਿਆਂ ਦੀ ਉਸ ਨੂੰ ਰੋਕਣ ਦੀ
ਹਿੰਮਤ ਨਾ ਪਈ। ਸਾਰੇ ਜਾਣਦੇ ਸਨ ਕਿ ਗ਼ਲਤੀ ਕੀਹਦੀ ਹੈ! ਇਹ ਗੱਲ ਰਾਮਦਾਸ
ਵੀ ਜਾਣਦਾ ਸੀ ਕਿ ਗ਼ਲਤੀ ਉਸ ਦੀ ਹੀ ਹੈ। ਖ਼ਬਰੇ ਉਹ ਕਿੰਨਾ ਕੁ ਥੱਕਿਆ
ਹੋਵੇਗਾ ਜਿਸ ਨੂੰ ਉਸ ਨੇ ਮਾਰਕੀਟ ਵੱਲ ਤੋਰ ਦਿੱਤਾ। ਰਾਮਦਾਸ ਦੀ ਟੋਲੀ
ਦੇ ਮੁੰਡੇ ਆਪਸ ਵਿਚ ਘੁਸਰ-ਫੁਸਰ ਕਰ ਕੇ ਦੰਦ ਕੱਢ ਰਹੇ ਸਨ। ਰਾਮਦਾਸ ਦੀ
ਉਨਾਂ ਨੂੰ ਵੀ ਕੁਝ ਕਹਿਣ ਜਾਂ ਟੋਕਣ ਦੀ ਹਿੰਮਤ ਨਾ ਪਈ। ਉਹ ਡਰ ਜਿਹਾ
ਗਿਆ ਸੀ ਕਿ ਕਿਤੇ ਉਹ ਸਾਰੇ ’ਕੱਠੇ ਹੋ ਕੇ ਉਸ ਦੀ ਤਾਉਣੀ ਹੀ ਨਾ ਲਾਹ
ਦੇਣ। ਉਸ ਮੁੰਡੇ ਦੇ ਥੱਪੜ ਨੇ ਜਿਵੇਂ ਰਾਮਦਾਸ ਦੀ ਸਾਰੀ ਤਾਕਤ ਹੀ
ਕਾਫੂਰ ਕਰ ’ਤੀ ਸੀ। ਉਹ ਨੇੜਲੇ ਕਸਬੇ ਵਿਚ ਆਪਣੇ ਕਿਸੇ ਮਾੜੇ ਮੋਟੇ
ਜਾਣਕਾਰ ਕੋਲ ਜਾ ਪਹੁੰਚਿਆ।
ਕੁਝ ਮਹੀਨਿਆਂ ਬਾਅਦ ਉਸ ਨਾਲ ਰਾਮਦਾਸ ਦਾ ਇਕ ਦਿਨ
ਟਾਕਰਾ ਹੋ ਗਿਆ। ਉਸ ਨਾਲ ਪੰਜ ਛੇ ਮੁੰਡਿਆਂ ਦਾ ਜੱਥਾ ਸੀ ਤੇ ਉਹ
ਸਾਰਿਆਂ ਤੋਂ ਤਕੜਾ ਜਾਪ ਰਿਹਾ ਸੀ। ਰਾਮਦਾਸ ਨੇ ਅੰਦਾਜਾ ਲਗਾਇਆ ਕਿ ਉਨੇ
ਵੀ ਉਸ ਦੀ ਸਕੀਮ ਮੁਤਾਬਕ ਆਪਣੀ ਵੱਖਰੀ ਟੋਲੀ ਬਣਾ ਲਈ ਹੋਵੇਗੀ। ਉਹ
ਰਾਮਦਾਸ ਵੱਲ ਉਂਗਲ ਕਰ ਕੇ ਕੋਈ ਇਸ਼ਾਰਾ ਜਿਹਾ ਕਰਦਾ ਜਾਪਿਆ। ਰਾਮਦਾਸ
ਨੂੰ ਲੱਗਾ ਜਿਵੇਂ ਉਹ ਸਾਰਿਆਂ ਨੂੰ ਉਸ ਦੀ ਅਸਲੀਅਤ ਦੱਸਦਾ ਪਿਆ ਹੋਵੇ।
* * *
ਇੱਧਰ, ਸਾਰੇ ਮੁੰਡੇ ਰਾਮਦਾਸ ਨਾਲੋਂ ਰਹਿਣੋ ਹਟ ’ਗੇ।
ਹੁਣ ਰਾਮਦਾਸ ਤੇ ਖੂਹ ’ਕੱਲੇ ਹੀ ਰਹਿ ਗਏ । ਖੂਹ ਵੀ ’ਕੱਲਾ ਤੇ ਰਾਮਦਾਸ
ਵੀ ’ਕੱਲਾ। ਦੋ ’ਕੱਲੇ ਪਰ ਫੇਰ ਵੀ ’ਕੱਲੇ ਦੇ ’ਕੱਲੇ। ਹੁਣ ਖਰੀਦੋ
ਫ਼ਰੋਖਤ ਲਈ ਰਾਮਦਾਸ ਨੂੰ ਖੁਦ ਹੀ ਬਜ਼ਾਰ ਜਾਣਾ ‘ਪੈਂਦਾ’... ਰਾਮਦਾਸ ਨੇ
ਇਕ ਦਿਨ ਸੁਪਰਮਾਰਕੀਟ ਤੋਂ ‘ਵੈਸਟਰਨ ਮਨੀ ਯੂਨੀਅਨ’ ਵਾਲੀ ਇਕ
ਕੁੜੀ ਤੋਂ ਇਧਰ ਦਾ ਮਸ਼ਹੂਰ ਅਖ਼ਬਾਰ ਇੰਡੋ-ਇਟੈਲੀਅਨ ਟਾਈਮਜ਼ ਮੈਗ਼ਜ਼ੀਨ ਲੈ
ਕੇ ਪੜਿਆ ਤਾਂ ਉਸ ਵਿਚ ਰਾਮਦਾਸ ਨੇ ਉਸੇ ਮੁੰਡੇ ਦਾ ਲਿਖਿਆ ਕਾਲਮ ‘ਮੇਰੀ
ਹੱਡਬੀਤੀ’ ਪੜਿਆ ਉਸ ਵਿਚ ਉਸ ਨੇ ਰਾਮਦਾਸ ਕਰ ਕੇ ਉਸ ਨਾਲ ਬੀਤੀ ਘਟਨਾ
ਦਾ ਵੀ ਜ਼ਿਕਰ ਕੀਤਾ ਹੋਇਆ ਸੀ। ਉਸ ਨੇ ਇਟਲੀ ਵਿਚ ਆਪਣੇ ਸੰਘਰਸ਼ ਬਾਰੇ
ਦੱਸਦਿਆਂ ਲਿਖਿਆ ਹੋਇਆ ਸੀ... ‘‘ ਮੈਂ ਬੜੇ ਔਖੇ ਹਾਲਾਤ ਵਿਚ ਏਜੰਟਾਂ
ਦਾ ਮੂੰਹ ਨੋਟਾਂ ਨਾਲ ਭਰ ਕੇ... ਮੌਤ ਨਾਲ ਟੱਕਰਾਂ ਲੈਂਦਾ ਹੋਇਆ ਇਟਲੀ
ਪੁੱਜਾ ਸੀ। ਮਾਲਟਾ ਕਾਂਡ ਜਿਸ ਨੇ ਕਈ ਪੰਜਾਬੀ ਚੋਬਰ ਸਮੁੰਦਰ ਵਿਚ ਡੋਬ
ਦਿੱਤੇ ਗਏ ਸੀਗੇ ਤੇ ਕਈਆਂ ਦੀਆਂ ਲਾਸ਼ਾਂ ਵੀ ਨਹੀਂ ਸਨ ਲੱਭੀਆਂ , ਵਾਲੇ
ਕਾਂਡ ਕਰ ਕੇ ਇਧਰਲੀ ਪੁਲਸ ਨੇ ਏਜੰਟਾਂ ’ਤੇ ਸ਼ਿਕੰਜਾ ਕੱਸ ਦਿੱਤਾ ਸੀ।
ਮਾਲਟਾ ਕਾਂਡ ਕਈ ਬਜ਼ੁਰਗ਼ ਮਾਪਿਆਂ ਦੀ ਡੰਗੋਰੀ ਖੋਹ ਕੇ ਲੈ ਗਿਆ। ਮਾਲਟਾ
ਕਾਂਡ ਵਿਚ ਮਾਰੇ ਗਏ ਮੁੰਡਿਆਂ ਦੇ ਮਾਪੇ ਆਪਣੇ ਪੁੱਤਰਾਂ ਦੀਆਂ ਲਾਸ਼ਾਂ
ਲੈਣ ਲਈ ਤੜਫਦੇ ਰਹੇ ਪਰ ਉਨਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ।’’ ਉਸ ਨੇ
ਇੰਨੀ ਪੀੜ-ਪਰੁੱਚੀ ਦਾਸਤਾਂ ਲਿਖੀ ਕਿ ਰਾਮਦਾਸ ਦੀਆਂ ਅੱਖਾਂ ਵਿਚੋਂ
ਸੁੱਕੇ ਅਥਰੂ ਵੀ ਤਰਲ ਹੋਣ ਦੇ ਅਮਲ ਵਿਚ ਪੈ ਗਏ ਤੇ ਵੱਗ ਤੁਰੇ। ਉਸ ਨੇ
ਇਹ ਵੀ ਲਿਖਿਆ ਸੀ...‘‘ਮੈਂ ਇਸ ਤਰਾਂ ਸੰਘਰਸ਼ ਨਾਲ ਜੂਝਦਾ ਹੋਇਆ ਇਟਲੀ ਆ
ਪੁੱਜਾ ਸਾਂ। ਇਟਲੀ ਆ ਕੇ ਵੀ ਮੈਨੂੰ ਸੰਘਰਸ਼ ਹੋਰ ਕਰਨਾ ਪਿਆ। ਮੈਨੂੰ
ਧੱਕੇ ਖਾਣ ਤੋਂ ਬਾਅਦ ਸਬਜ਼ੀ ਤੋੜਨ ਦਾ ਕੰਮ ਮਿਲ ਗਿਆ ਅਤੇ ਹਫ਼ਤੇ ਬਾਅਦ
ਤਨਖ਼ਾਹ ਮਿਲਣ ਲੱਗੀ ਪਰ ਮੇਰੀ ਰਿਹਾਇਸ਼ ਦਾ 30 ਕਿਲੋਮੀਟਰ ਦਾ ਫ਼ਾਸਲਾ ਸੀ।
ਜੇ ਕੋਈ ਬੱਸ ਨਿਕਲੀ ਜਾਂਦੀ ਤਾਂ ਉਸ ਦਿਨ ਦੀ ਦਿਹਾੜੀ ਵੀ ਟੁੱਟਦੀ ਸੀ
ਤੇ ਮਾਲਕ ਦੀਆਂ ਗਾਲਾਂ ਵੀ ਸੁਣਨੀਆਂ ਪੈਂਦੀਆਂ ਸਨ। ਇਕ ਦਿਨ ਮੇਰੇ ਮਾਲਕ
ਨੇ ਮੈਨੂੰ ਕਿਹਾ ਕਿ ਤੇਰੇ ਇੰਡੀਆ ਦੇ ਕੁਝ ਮੁੰਡੇ ਉਹ ਖੂਹ ’ਤੇ ਰਹਿੰਦੇ
ਨੇ, ਮੈਂ ਆਪ ਉਸ ਖੂਹ ਦੇ ਮਾਲਕ ਨਾਲ ਗੱਲ ਕਰ ਕੇ ਤੇਰੀ ਰਿਹਾਇਸ਼ ਦਾ
ਇੰਤਜ਼ਾਮ ਵੀ ਉਥੇ ਹੀ ਕਰਵਾ ਦਿੰਦਾ ਹਾਂ। ਨਾਲੇ ਤੇਰਾ ਆਉਣ-ਜਾਣ ਦਾ ਖ਼ਰਚਾ
ਤੇ ਸਮਾਂ ਵੀ ਬਚੇਗਾ ਕਿਉਂਕਿ ਉਹ ਸਾਰੇ ਮੁੰਡੇ ਉਥੇ ਮੁਫ਼ਤ ਰਹਿੰਦੇ ਨੇ,
ਖਾਣ-ਪੀਣ ਦੇ ਖ਼ਰਚੇ ਦਾ ਹਿਸਾਬ ਤੂੰ ਆਪ ਉਨਾਂ ਨਾਲ ਕਰ ਲਈੰ।’’
ਫਿਰ ਉਸ ਨੇ ਅਖ਼ੀਰ ਵਿਚ ਲਿਖਿਆ ਕਿ ਕਿਸ ਹਾਲਾਤ ਵਿਚ
ਉਸ ਨੂੰ ਉਥੋਂ ਆਪਣਾ ਬੋਰੀ-ਬਿਸਤਰਾ ਚੁੱਕਣਾ ਪਿਆ।
ਫਿਰ ਉਸ ਨੇ ਅਖੀਰ ਵਿਚ ਲਿਖਿਆ ਹੋਇਆ ਸੀ...‘‘ਉਸ ਖੂਹ
’ਤੇ ਰਹਿਣ ਵਾਲੇ ਬੌਸ ਨੇ ਪਤਾ ਨਹੀਂ ਕਿੰਨਿਆਂ ਕੁ ਪੰਜਾਬੀ ਨੌਜਵਾਨਾਂ
ਨਾਲ ਬੁਰਾ ਵਰਤਾਅ ਕੀਤਾ ਹੋਣਾ, ਜਿਸ ਕਾਰਨ ਕਈ ਮੁੰਡਿਆਂ ਨੇ ’ਕੱਠੇ ਹੋ
ਕੇ ਉਸ ਦੀ ਭੁਗਤ ਸੁਆਰਨ ਬਾਰੇ ਵੀ ਸੋਚਿਆ ਸੀ ਪਰ ਕੱਚੇ ਹੋਣ ਕਰ ਕੇ
ਕਸੀਸ ਵੱਟ ਕੇ ਰਹਿ ਜਾਂਦੇ। ਕਈ ਤਾਂ ਉਸ ਦੇ ਤਸ਼ੱਦਦ ਤੋਂ ਤੰਗ ਆ ਕੇ ਆਪ
ਹੀ ਉਥੋਂ ਟਿਕਾਣਾ ਛੱਡ ਦਿੰਦੇ ਜਾਂ ਉਹ ਆਪ ਹੀ ਗੋਰੇ ਨੂੰ ਪੂਰੀ ਸਿੱਧੀ
ਲੂਤੀ ਲਾ ਕੇ ਕਢਵਾ ਦਿੰਦਾ। ਅੱਜਕਲ ਉਸ ਦੇਸੀ ਬੌਸ ਦੀ ਹਾਲਤ ਇਹ ਹੈ ਕਿ
ਉਥੇ ਰਹਿੰਦੇ ਸਾਰੇ ਪੰਜਾਬੀ ਉਸ ਨੂੰ ਘਿਰਣਾ ਕਰਨ ਲੱਗ ਪਏ ਨੇ। ਬੋਲਚਾਲ
ਤੱਕ ਬੰਦ ਕੀਤੀ ਹੋਈ ਹੈ। ਜਦੋਂ ਹਫ਼ਤੇ ਬਾਅਦ ਸਾਮਾਨ ਰਾਸ਼ਨ ਆਦਿ ਲੈਣ ਲਈ
ਸ਼ਹਿਰ ਆ ਕੇ ’ਕੱਠੇ ਹੁੰਦੇ ਹਨ ਤਾਂ ਵਿਸਕੀ ਪੀ ਕੇ ਉਸ ਵੱਲ ਇਸ਼ਾਰੇ ਕਰ
ਕਰ ਕੇ ਗਾਲਾਂ ਕੱਢ ਕੱਢ ਕੇ ਕਹਿੰਦੇ ਹਨ ਕਿ- ‘‘ਉਹ ਬੈਠਾ ਈ ਮਾਲਕ ਦਾ
ਵਫ਼ਾਦਾਰ ਕੁੱਤਾ।’’
ਕਹਿੰਦੇ ਨੇ ਕਿ ਨਰਕ-ਸਵਰਗ ਮਰਨ ਤੋਂ ਬਾਅਦ ਬੰਦੇ ਨੂੰ
ਮਿਲਦਾ ਹੈ ਪਰ ਕਈਆਂ ਦੀ ਸੋਚ ਹੈ ਕਿ ਇੱਥੇ ਚੰਗੇ ਕਰਮਾਂ ਨਾਲ ਬੰਦਾ
ਆਪਣੀ ਨਰਕ ਵਰਗੀ ਜ਼ਿੰਦਗ਼ੀ ਨੂੰ ਸਵਰਗ ਬਣਾ ਸਕਦੈ ਤੇ ਮਾੜੇ ਕਰਮਾਂ ਨਾਲ
ਸਵਰਗ ਵਰਗੀ ਜ਼ਿੰਦਗ਼ੀ ਨੂੰ ਨਰਕ ਬਣਾ ਲੈਂਦੈ। ਰਾਮਦਾਸ ਵਾਂਗ ਜ਼ਿੰਦਗ਼ੀ ਨੂੰ
ਮੁੜ ਸਵਰਗ ਵਿਚ ਬਦਲਣ ਲਈ ਸਮਾਂ ਹੀ ਨਹੀਂ ਮਿਲਦਾ। ਜਿਸ ਸ਼ਖਸ ਦਾ
ਭਾਈਚਾਰਾ ਉਸ ਸ਼ਖਸ ਨੂੰ ਅੱਖਾਂ
’ਤੇ ਬਿਠਾਏ, ਉਹ ਸਵਰਗ ਹੀ ਤਾਂ ਹੁੰਦਾ ਐ..!! |