5_cccccc1.gif (41 bytes)

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

 


ਤਿੰਨੋਂ ਮੁੰਡੇ ਸੜਕੋਂ ਉੱਤਰ ਕੇ ਕਮਾਦਾਂ ਦੇ ਓਹਲੇ ਵਿਚੋਂ ਲੰਘ ਕੇ ਅੱਗੇ ਹੋਏ ਤਾਂ ਵੇਖਿਆ ਅਰਜਨ ਸਿੰਘ ਗੋਭੀ ਦੀ ਪਨੀਰੀ ਗੋਡ ਰਿਹਾ ਸੀ। ਮਸਾਂ ਪੰਜਾਹ ਗਜ਼ ‘ਤੇ ਉਹਨਾਂ ਦੀ ਬੰਬੀ ਚੱਲ ਰਹੀ ਸੀ। ਬੰਬੀ ਦੀ ਕੰਧ ਵਿਚ ਗੱਡੀ ਲੋਹੇ ਦੀ ਨਿੱਕੀ ਜਿਹੀ ਕਿੱਲੀ ਨਾਲ ਉਹਨੇ ਆਪਣੀ ਤਿੰਨ ਫੁੱਟੀ ਕਿਰਪਾਨ ਟੰਗੀ ਹੋਈ ਸੀ। ਮੁੰਡਿਆਂ ਵੱਲ ਉਹਦੀ ਪਿੱਠ ਸੀ।

“ਚੜ੍ਹਾ ਦਾਂ ਗੱਡੀ ਬੁੱਢੇ ਨੂੰ?”

ਉਹਨਾਂ ਦੇ ਆਗੂ ‘ਲੈਫ਼ਟੀਨੈਂਟ ਜਨਰਲ’ ਗੁਰਜੀਤ ਸਿੰਘ ਨੇ ਪਤਾ ਨਹੀਂ ਇਸ਼ਾਰੇ ਨਾਲ ਕੀ ਸਮਝਾਇਆ ਕਿ ਬਿੱਲੂ ਨੇ ਸਟੇਨ ਦੀ ਨਾਲੀ ਹਾਲ ਦੀ ਘੜੀ ਨੀਵੀਂ ਕਰ ਲਈ। ਉਹ ਬੰਬੀ ਦੇ ਚੁਬੱਚੇ ਕੋਲ ਆ ਕੇ ਰੁਕੇ। ਆਗੂ ਮੂੰਹ ਹੱਥ ਧੋਣ ਲੱਗਾ। ਬਿੱਲੂ ਨੇ ਸਟੇਨ ਨਾਲ ਦੇ ਮੁੰਡੇ ਨੂੰ ਫੜਾਈ ਤੇ ਆਪ ਮਨ-ਪਸੰਦ ਗੰਨਾ ਭੰਨਣ ਲਈ ਕਮਾਦ ਵਿਚ ਵੜ ਗਿਆ।

ਕਮਾਦ ਦੇ ਓਹਲੇ ਵਿਚ ਡੁੱਬਣ ਲਈ ਹੇਠਾਂ ਨੂੰ ਜਾਂਦੇ ਸੂਰਜ ਦੀ ਲਾਲੀ ਅਸਮਾਨ ‘ਤੇ ਫ਼ੈਲੀ ਹੋਈ ਸੀ, ਜਿਸ ਨਾਲ ਚਾਰ-ਚੁਫ਼ੇਰੇ ਵਿਛੀਆਂ ਨਿੱਕੀਆਂ-ਨਿੱਕੀਆਂ ਹਰੀਆਂ ਕਣਕਾਂ ਵੀ ਲਿਸ਼ਕ ਉੱਠੀਆਂ ਸਨ।

ਅਰਜਨ ਸਿੰਘ ਆਪਣੀ ਮਸਤੀ ਵਿਚ ਪਨੀਰੀ ਵਿਚੋਂ ਘਾਹ-ਬੂਟ ਪੁੱਟ ਰਿਹਾ ਸੀ। ਉਹਨੂੰ ਮੁੰਡਿਆਂ ਦੇ ਆਉਣ ਦੀ ਕੋਈ ਖ਼ਬਰ-ਸੁਰਤ ਨਹੀਂ ਸੀ। ਕਮਾਦ ਵਿਚੋਂ ਗੰਨਾਂ ਭੱਜਣ ਦਾ ਖੜਾਕ ਆਇਆ ਤਾਂ ਉਸਨੇ ਚੌਕੰਨਾਂ ਹੋ ਕੇ ਓਧਰ ਵੇਖਿਆ। ਬਿੱਲੂ ਆਗ ਦਾ ਸਿਰਾ ਭੰਨਦਾ ਕਮਾਦ ਵਿਚੋਂ ਬਾਹਰ ਆ ਰਿਹਾ ਸੀ। ਦੂਜੇ ਮੁੰਡੇ ਨੇ ਉਸਨੂੰ ਸਟੇਨ ਫੜਾ ਕੇ ਮੂੰਹ-ਹੱਥ ਧੋਣਾ ਚਾਹਿਆ ਤਾਂ ਗੰਨਾਂ ਚੂਪਦੇ ਬਿੱਲੂ ਨੇ ਸਿਰ ਹਿਲਾ ਕੇ ਉਸਨੂੰ ਕਿੱਲੀ ਉੱਤੇ ਸਟੇਨ ਟੰਗਣ ਦਾ ਇਸ਼ਾਰਾ ਕੀਤਾ। ਉਸਦੇ ਹੱਥ ਵਿਹਲੇ ਨਹੀਂ ਸਨ।

ਅਰਜਨ ਸਿੰਘ ਨੇ ਆਪਣੀ ਕਿਰਪਾਨ ਉੱਤੇ ਸਟੇਨ ਟੰਗਦਾ ਵੇਖ ਕੇ ਮੁੰਡੇ ਨੂੰ ਲਲਕਾਰਨਾ ਚਾਹਿਆ, “ਨਾ ਉਏ! ਮੇਰੀ ਕਿਰਪਾਨ ਨੂੰ ਆਪਣੀ ਸਟੇਨ ਦੇ ਹੇਠਾਂ ਨਾ ਦੱਬੀਂ।”

ਉਹਦੇ ਲਈ ਤਾਂ ਇਹ ਕਿਰਪਾਨ ਪਵਿੱਤਰ ਯਾਦ ਵਰਗੀ ਸੀ! ਕਿਸੇ ਅਜਾਇਬ ਘਰ ਵਿਚ ਸਾਂਭਣ ਵਾਲੀ ਯਾਦ-ਯੋਗ ਵਸਤ!
ਤੇ ਉਹਨਾਂ ਮੁੰਡਿਆਂ ਨੇ ਇਸਨੂੰ ‘ਆਪਣੀ ਸਟੇਨ ਹੇਠਾਂ ਲੈ ਲਿਆ ਸੀ!’

ਪਰ ਉਹ ਮੌਕਾ ਵੇਖ ਕੇ ਚੁੱਪ ਕਰ ਰਿਹਾ। ਉਹਦਾ ਰੰਬਾ ਘਾਹ ਦੀ ਤਿੜ੍ਹ ਨੂੰ ਪੁੱਟਦਾ-ਪੁੱਟਦਾ ਗੋਭੀ ਦੇ ਬੂਟੇ ਦੀਆਂ ਜੜ੍ਹਾਂ ਵਿਚ ਖੁਭ ਗਿਆ। ਕੱਟਿਆ ਬੂਟਾ ਧੌਣ ਸੁੱਟ ਕੇ ਇਕ ਪਾਸੇ ਲੁੜਕ ਗਿਆ। ਉਸਨੇ ਕੱਟੇ ਬੂਟੇ ਨੂੰ ਹੱਥ ਵਿਚ ਫੜ੍ਹ ਕੇ ਪਲੋਸਿਆ। ਇਕ ਪਲ ਲਈ ਉਸਦਾ ਮਨ ਭਿੱਜ ਗਿਆ। ਫਿਰ ਉਸਨੂੰ ਮੁੰਡਾ ਵੀ ਤੇ ਆਪਣਾ ਆਪ ਵੀ ਮੂਰਖ਼ ਲੱਗੇ। ਦੋਵਾਂ ਦੇ ਹਥਿਆਰ ਇਸ ਵੇਲੇ ਦੋਵਾਂ ਦੇ ਹੱਥਾਂ ਵਿਚ ਨਹੀਂ ਸਨ!

ਉਹਦੀ ਯਾਦਦਾਸ਼ਤ ਹਰੀ ਸਿੰਘ ਨਲੂਏ ਦੀ ਵਾਰ ਵਿਚੋਂ ਕੁਝ ਸਤਰਾਂ ਕੱਢ ਲਿਆਈ:
“ਮੇਰੇ ਹੱਥੀਂ ਖੰਡਾ ਪਰਖਿਆ ਮੇਰੇ ਨਾਲ ਟਿਕਾਉਣਾ।”
“ਸ਼ਸ਼ਤਰ ਬਾਝੋਂ ਸੂਰਮਾ ਕਿਹੜੇ ਕੰਮ ਆਉਣਾ।”

ਜੇ ਲੋੜ ਵੇਲੇ ਹਥਿਆਰ ਕੋਲ ਨਹੀਂ ਹੋਣਾ ਤਾਂ ਅੱਗੋਂ ਪਿੱਛੋਂ ਐਵੇਂ ਭਾਰ ਚੁੱਕੀ ਫਿਰਨ ਦਾ ਕੀ ਫ਼ਾਇਦਾ!
ਕਿਰਪਾਨ ਉੱਤੇ ਸਟੇਨ ਟੰਗੀ ਵੇਖ ਕੇ ਉਹਦਾ ਦਮ ਘੁੱਟਣ ਲੱਗਾ।
ਭਾਰ ਹੇਠਾਂ ਦੱਬਿਆ ਗਿਆ ਸੀ ਉਹ!

ਮਸਾਂ ਅੱਠ-ਨੌਂ ਸਾਲ ਦਾ ਬਾਲ। ਕਿਸੇ ਵਿਆਹ ਦੀ ਗੱਲ ਸੀ ਸ਼ਾਇਦ! ਉਹ ਰਾਤ ਨੂੰ ਛੇਤੀ ਬਿਸਤਰਾ ਮੱਲ ਕੇ ਉੱਤੇ ਰਜਾਈ ਲਈ ਪਿਆ ਸੀ। ਇੱਕ ਮੋਟਾ ਮਦ-ਮਸਤ ਸ਼ਰਾਬੀ ਆਇਆ ਤੇ ਮੰਜਾ ਖਾਲੀ ਸਮਝ ਕੇ ਉਸ ਉੱਤੇ ਢੇਰੀ ਹੋ ਗਿਆ। ਉਹ ਪਹਾੜ ਹੇਠਾਂ ਆ ਗਿਆ ਸੀ। ਸਾਹ ਘੁੱਟਿਆ ਗਿਆ। ਮਰਨ-ਹਾਕਾ। ਉਹਦੀ ਤਾਂ ਚੀਕ ਵੀ ਗਲ਼ੇ ਵਿਚ ਭਰੜਾ ਗਈ। ਸ਼ਾਇਦ ਉਹ ਤਾਂ ਉਦੋਂ ਹੀ ‘ਗੱਡੀ ਚੜ੍ਹ ਜਾਂਦਾ’ ਜੇ ਉਸਦੀ ਮਾਂ ਕਾਹਲੀ ਨਾਲ ਆ ਕੇ ਸ਼ਰਾਬੀ ਨੂੰ ਨਾ ਹਲੂਣਦੀ, “ਹੈ ਹਾਇ! ਸਿੰਘ ਜੀ! ਮੁੰਡਾ ਹੇਠਾਂ ਲੈ ਕੇ ਮਾਰਨਾ ਜੇ!”

ਮਦ-ਮਸਤ ਹੋਈ ਸਟੇਨ ਨੇ ਥੱਲੇ ਲੈ ਕੇ ਉਹਦੀ ਕਿਰਪਾਨ ਦਾ ਸਾਹ ਘੁੱਟ ਛੱਡਿਆ ਸੀ।

ਇਹ ਕਿਰਪਾਨ ਉਹਦੇ ਵਡੇਰਿਆਂ ਤੇ ਉਹਦੀ ਵਿਰਾਸਤ ਦੀ ਯਾਦਗ਼ਾਰ ਸੀ। ਉਹਦੇ ‘ਜ਼ਿੰਦਾ-ਸ਼ਹੀਦ’ ਬਾਪ ਇੰਦਰ ਸਿੰਘ ਦੀ ਨਿਸ਼ਾਨੀ!

ਉਹਦਾ ਬਾਪ ਜਿਸ ਦਿਨ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਜਥੇ ਨਾਲ ਗਿਆ ਸੀ, ਉਸ ਦਿਨ ਉਸਨੇ ਇਸਨੂੰ ਉਤਾਰ ਕੇ ਕਿੱਲੀ ਉੱਤੇ ਟੰਗਿਆ ਸੀ। ਅੰਮ੍ਰਿਤ ਛਕੇ ਦੀ ਸਾਖੀ ਭਰਦੀ ਛੋਟੀ ਕਿਰਪਾਨ ਉਸਦੇ ਗਲ ਵਿਚ ਹੈ ਸੀ।

ਕਹਿੰਦਾ ਸੀ, ‘ਗੁਰੂ ਅਰਜਨ ਤੇ ਗੁਰੂ ਤੇਗ਼ ਬਹਾਦਰ ਦੇ ਗੁਰਦਵਾਰਿਆਂ ਨੂੰ ਆਜ਼ਾਦ ਕਰਾਉਣ ਜਾਣੈਂ ਮਹੰਤਾਂ ਹੱਥੋਂ। ਦੋਵਾਂ ਗੁਰੂਆਂ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਸੀ। ਤੇ ਹੁਣ ਅਸੀਂ ਵੀ ਵੇਖਣੈ ਕਿ ਉਹਨਾਂ ਦੇ ਕਿੰਨੇ ਕੁ ਸੱਚੇ ਸਿੱਖ ਆਂ! ਜਗਤ ਸਿੰਘ ਤੇ ਪ੍ਰੇਮ ਸਿੰਘ ਜਿਊਂਦੇ ਹੁੰਦੇ ਤਾਂ ਪਤਾ ਨਹੀਂ ਕੀ ਸੋਚਦੇ ਤੇ ਕੀ ਆਖਦੇ! ਉਹਨਾਂ ਨੂੰ ਤਾਂ ਸ਼ਾਇਦ ਇੰਜ ਹਥਿਆਰ ਕਿੱਲੀ ‘ਤੇ ਟੰਗਣਾ ਬੁਜ਼ਦਿਲੀ ਲੱਗਦੀ! ਪਰ ਨਹੀਂ, ਉਹਨਾਂ ਵੀ ਸ਼ਾਇਦ ਮੇਰੇ ਨਾਲ ਹੀ ਹੋਣਾ ਸੀ, ਜਥੇ ਦਾ ਆਗੂ ਬਣ ਕੇ।”

ਗ਼ਦਰ ਪਾਰਟੀ ਦੇ ਸ਼ਹੀਦਾਂ ਜਗਤ ਸਿੰਘ ਤੇ ਪ੍ਰੇਮ ਸਿੰਘ ਦਾ ਪਿੰਡ-ਸਾਥੀ ਤੇ ਲਹਿਰ-ਸਾਥੀ ਰਿਹਾ ਸੀ ਉਹਦਾ ਬਾਪੂ। ਉਹਨਾਂ ਨਾਲ ਲੋਕਾਂ ਨੂੰ ਜੋੜਨ ਤੇ ਗ਼ਦਰ ਦਾ ਪਰਚਾਰ ਕਰਨ ਪਿੰਡ ਪਿੰਡ ਮੀਟਿੰਗਾਂ ‘ਤੇ ਜਾਂਦਾ। ਲਾਹੌਰ ਮੀਆਂ-ਮੀਰ ਦੀ ਛਾਉਣੀ ਨੂੰ ਗ਼ਦਰ ਕਰਨ ਲਈ ਜਦੋਂ ਉਹ ਮਾਝੇ ਵਿਚੋਂ ਜਥਾ ਲੈ ਕੇ ਗਏ ਸਨ ਤਾਂ ਉਹ ਵੀ ਉਹਨਾਂ ਨਾਲ ਮੁਹਰਲੀਆਂ ਸਫ਼ਾਂ ਵਿਚ ਸੀ। ਗ਼ਦਰ ਫ਼ੇਲ ਹੋ ਗਿਆ ਤੇ ਗ਼ਦਰੀਆਂ ਦੀ ਫੜੋ-ਫੜਾਈ ਸ਼ੁਰੂ ਹੋ ਗਈ। ਉਹ ਵੀ ਫੜ੍ਹਿਆ ਗਿਆ ਸੀ। ਜਗਤ ਸਿੰਘ ਤੇ ਪ੍ਰੇਮ ਸਿੰਘ ਦੋਵੇਂ ਤਾਂ ਵੱਖ ਵੱਖ ਮੁਕੱਦਮਿਆਂ ਵਿਚ ਫ਼ਾਂਸੀ ਲੱਗ ਗਏ ਸਨ ਤੇ ਅੱਧੀ ਦਰਜਨ ਤੋਂ ਵੱਧ ਉਸਦੇ ਗਿਰਾਈਂਆਂ ਨੂੰ ਉਮਰ ਕੈਦ, ਜਾਇਦਾਦ-ਜ਼ਬਤੀ ਤੇ ਕਾਲੇ-ਪਾਣੀ ਦੀ ਸਜ਼ਾ ਹੋ ਗਈ ਸੀ ਪਰ ਉਹਨੂੰ ਤੇ ਇਕ ਹੋਰ ਸਾਥੀ ਨੂੰ ਸਿਰਫ਼ ਚਾਰ-ਚਾਰ ਸਾਲ ਸਖ਼ਤ ਕੈਦ ਦਾ ਹੀ ਹੁਕਮ ਹੋਇਆ ਸੀ।

ਉਹ ਕੈਦ ਕੱਟ ਕੇ ਆਇਆ ਸੀ ਤਾਂ ਪੰਜਾਬ ਵਿਚ ਲੜਾਈ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਬਣ ਚੁੱਕੀ ਸੀ। ਗੁਰਦਵਾਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦੀ ਲਹਿਰ ਜੋਬਨ ‘ਤੇ ਸੀ।

ਉਹ ਤੇ ਉਹਦੇ ਸਾਥੀ ਤਾਂ ਕਦੀ ‘ਜੇ ਚਿਤ ਪ੍ਰੇਮ ਖੇਲਣ ਕਾ ਚਾਓ’ ਪੜ੍ਹ ਕੇ ਹੀ ‘ਪ੍ਰੇਮ ਦੀ ਇਸ ਗਲ਼ੀ ਵਿਚ’ ਉੱਤਰੇ ਸਨ। ਜੇ ਉਹਨਾਂ ਦੇ ਗੁਰੂ ਦੀ ਮਰਜ਼ੀ ਇਹ ਸੀ ਕਿ ਡਾਂਗ ਝੱਲ ਕੇ ਅੱਗੋਂ ਮੋੜਵੀਂ ਡਾਂਗ ਮਾਰੋ ਤਾਂ ਉਹਨਾਂ ਉਹ ਕੰਮ ਕੀਤਾ। ਜੇ ਹੁਣ ਗੁਰੂ ਚਾਹੁੰਦਾ ਸੀ ਕਿ ਨਹੀਂ; ਸ਼ਾਂਤ ਰਹਿ ਕੇ ਡਾਂਗਾਂ ਖਾਓ ਤੇ ਆਪਣੇ ਸਬਰ ਤੇ ਸਹਿਣ-ਸ਼ਕਤੀ ਦੀ ਸਿਖ਼ਰ ਸਿਰਜ ਕੇ ਆਪਣੇ ਲੋਕਾਂ ਦੇ ਮਨਾਂ ਵਿਚ ਜ਼ਾਲਮ ਹਕੂਮਤ ਦੇ ਖਿਲਾਫ਼ ਰੋਹ ਦਾ ਸੂਰਜ ਬਾਲ ਦਿਓ! ਤਾਂ ਉਹ ਸਾਰੇ ਜਣੇ ਇਸ ਲਈ ਵੀ ਤਿਆਰ ਹੋਣੇ ਸਨ।

ਉਸ ਸੂਰਬੀਰ ਤੇ ਦੇਸ਼ਭਗਤ ਪਿਓ ਦੀ ਨਿਸ਼ਾਨੀ ਇਹ ਕਿਰਪਾਨ ਸਾਲਾਂ ਤੋਂ ਉਹਨਾਂ ਦੇ ਸੁਫ਼ੇ ਵਿਚਲੀ ਸਾਹਮਣੀ ਵਿਚਕਾਰਲੀ ਕਿੱਲੀ ‘ਤੇ ਟੰਗੀ ਰਹੀ ਸੀ।

ਇਕ ਵਾਰ ਉਸਨੇ ਬਾਪੂ ਦੀ ਹਾਜ਼ਰੀ ਵਿਚ ਕਿਰਪਾਨ ਨੂੰ ਕਿੱਲੀ ਤੋਂ ਲਾਹਿਆ। ਉਸਨੂੰ ਮਿਆਨ ਵਿਚੋਂ ਬਾਹਰ ਕੱਢਣ ਲੱਗਾ ਤਾਂ ਬਾਪੂ ਨੇ ਆਖਿਆ, “ਏਦਾਂ ਨਹੀਂ ਕੱਢੀਦਾ ਕਿਰਪਾਨ ਨੂੰ ਮਿਆਨ ਵਿਚੋਂ।”
“ਕਿੱਦਾਂ ਤੇ ਕੱਦੋਂ ਕੱਢੀਦੈ ਫਿਰ?”
“ਉਦੋਂ ਜਦੋਂ ਆਪਣਾ ਬਚਾਅ ਜਾਂ ਕਿਸੇ ਦੀਨ-ਦੁਖੀ ਦੀ ਰੱਖਿਆ ਕਰਨੀ ਹੋਵੇ!”

ਉਸਨੇ ਕੱਢੀ ਕਿਰਪਾਨ ਮਿਆਨ ਵਿਚ ਪਾ ਦਿੱਤੀ ਤੇ ਉਸਨੂੰ ਅਡੋਲ ਕਿੱਲੀ ਉੱਤੇ ਟੰਗ ਦਿੱਤਾ।
ਆਪ ਸਦਾ ਲਈ ਹੱਥ ਵਿਚ ਹਲ਼ ਦੀ ਜੰਘੀ ਫੜ੍ਹੀ ਰੱਖਣ ਦਾ ਪ੍ਰਣ ਕਰ ਲਿਆ। ਘਰ ਨੂੰ ਇਸਦੀ ਹੀ ਲੋੜ ਸੀ।

ਪਿੱਛੋਂ ਵੀ ਬਾਪੂ ਦੇ ਆਜ਼ਾਦੀ ਲਈ ਕੀਤੇ ਸੰਘਰਸ਼ ਤੇ ਜੇਲ੍ਹ ਯਾਤਰਾਵਾਂ ਨੇ ਉਸਨੂੰ ਘਰ ਦੇ ਦੂਜੇ ਪਾਸੇ ਲੱਗੇ ਮੂੰਹ ਨੂੰ ਸਿੱਧੇ ਪਾਸੇ ਕਰਨ ਦੀ ਸੋਚ ਦੇ ਲੜ ਲਾਈ ਰੱਖਿਆ। ਉਹਨਾਂ ਵੇਲਿਆਂ ਦੀਆਂ ਦਸ ਜਮਾਤਾਂ ਪਾਸ ਸੀ; ਪਰ ਉਹ ਅੰਗਰੇਜ਼ ਸਰਕਾਰ ਦੀ ਨੌਕਰੀ ਕਰੇ! ਇਹ ਗੱਲ ਬਾਪੂ ਨੂੰ ਤਾਂ ਕਿਸੇ ਸੂਰਤ ਵਿਚ ਵੀ ਪਸੰਦ ਨਹੀਂ ਸੀ। ਉਸ ਆਪ ਵੀ ਕਦੀ ਅਜਿਹਾ ਨਹੀਂ ਸੀ ਚਾਹਿਆ, ਸੋਚਿਆ।
“ਤੂੰ ਭਾਵੇਂ ਕੁੱਕੜ, ਕਬੂਤਰ ਤੇ ਚਿੜੀਆਂ-ਜਨੌਰ ਪਾਲ ਤੇ ਭਾਵੇਂ ਘੋੜੀਆਂ ਤੇ ਮੱਝਾਂ-ਗਾਵਾਂ। ਪਰ ਇਸ ਘਰ ਨੂੰ ਪਾਲਣਾ ਵੀ ਤੇਰੀ ਜ਼ਿੰਮੇਵਾਰੀ ਐ। ਮੈਨੂੰ ਤੂੰ ਮੇਰੇ ਦੇਸ਼ ਤੇ ਮੇਰੇ ਲੋਕਾਂ ਲਈ ਵਿਹਲਾ ਕਰ ਛੱਡ!”
ਬਾਪੂ ਦੇ ਇਹ ਬੋਲ ਸਾਰੀ ਉਮਰ ਉਸਦੇ ਅੰਗ-ਸੰਗ ਰਹੇ ਸਨ।

ਸਨੂੰ ਉਹ ਛਿਣ ਵੀ ਯਾਦ ਆਏ ਜਦੋਂ ਉਸਨੇ ਏਸੇ ਕਿਰਪਾਨ ਨੂੰ ਕਿੱਲੀ ਤੋਂ ਲਾਹ ਕੇ ਪਹਿਲੀ ਵਾਰ ਮਿਆਨ ਵਿਚੋਂ ਬਾਹਰ ਕੱਢਿਆ ਸੀ।
ਦੇਸ਼-ਵੰਡ ਦੇ ਘਲੂਘਾਰੇ ਦੇ ਦਿਨ ਸਨ। ਉਹਦਾ ਬਾਪੂ ਨੇੜੇ-ਤੇੜੇ ਦੇ ਪਿੰਡਾਂ ਵਿਚ ਹਮ-ਖਿਆਲ ਲੋਕਾਂ ਨੂੰ ਮਿਲ ਕੇ ‘ਅਮਨ-ਕਮੇਟੀਆਂ’ ਬਣਾ ਰਿਹਾ ਸੀ। ਪਰ ਇਤਿਹਾਸ ਉਸਦੇ ਹੱਥਾਂ ‘ਚੋਂ ਖਿਸਕ ਗਿਆ ਸੀ ਤੇ ਅੰਨ੍ਹੇ ਹੋਏ ਫਿਰਕੂ ਲੋਕਾਂ ਦੀ ਪਕੜ ਵਿਚ ਆ ਗਿਆ ਸੀ। ਉਹ ਨਿਆਈਂ ਵਾਲੇ ਖੇਤਾਂ ਵਿਚ ਪੱਠੇ ਵੱਢਦਾ ਪਿਆ ਸੀ ਕਿ ਉਸਨੇ ਕਿਸੇ ਮੁਟਿਆਰ ਦੀਆਂ ਚੀਕਾਂ ਦੀ ਆਵਾਜ਼ ਸੁਣੀ, ‘ਬਹੁੜੀ ਵੇ ਵੀਰਾ! ਬਚਾ ਲੈ ਮੈਨੂੰ। ਮੈਂ ਤੁਹਾਡੇ ਪਿੰਡ ਦੀ ਧੀ, ਤੇਰੀ ਭੈਣ ਵੇ। ਮੈਨੂੰ ਮੇਰੇ ਸਹੁਰਿਆਂ ਦੇ ਪਿੰਡੋਂ ਇਹ ਜ਼ਾਲਮ ਲੁੱਟ ਦਾ ਮਾਲ ਸਮਝ ਕੇ ਧੂਹ ਲਿਆਏ ਵੇ। ਮੇਰੇ ਸੋਹਣਿਆਂ ਵੀਰਾ। ਮੈਂ ਤੁਹਾਡੇ ਪਿੰਡ ਦੀ ਧੀ ਵੇ; ਤੁਹਾਡੀ ਭੈਣ!”

ਕਿੱਲੇ ਦੀ ਵਾਟ ‘ਤੇ ਦੋ ਜਣੇ ਲਿਸ਼ਕਦੀਆਂ ਨੰਗੀਆਂ ਤਲਵਾਰਾਂ ਦੇ ਪਰਛਾਵੇਂ ਹੇਠਾਂ ਕੁੜੀ ਨੂੰ ਧੂਹੀ ਲਿਜਾ ਰਹੇ ਸਨ। ਸਿਰੋਂ ਨੰਗੀ, ਖਿੱਲਰੇ ਵਾਲ, ਬੰਦਿਆਂ ਹੱਥੋਂ ਛੁੱਟ ਛੁੱਟ ਮਦਦ ਲਈ ਬਾਹਵਾਂ ਉਲਾਰਦੀ। ਮਿਆਂਕਦੀ ਹੋਈ ਬੱਕਰੀ ਕਸਾਈਖਾਨੇ ਵੱਲ ਬਹੁੜੀਆਂ ਪਾਉਂਦੀ ਜਾ ਰਹੀ ਸੀ। ਕੁੜੀ ਦੇ ਬੋਲਾਂ ਨੇ ਉਹਦੇ ਕਲੇਜੇ ਦਾ ਰੁੱਗ ਭਰ ਲਿਆ ਸੀ। ਉਹ ਸਿਰਫ਼ ਉਸਨੂੰ ਹੀ ਨਹੀਂ, ਉਹ ਤਾਂ ਆਪਣੇ ਪੂਰੇ ਪਿੰਡ ਨੂੰ ਆਪਣੀ ਰੱਖਿਆ ਲਈ ਆਵਾਜ਼ਾਂ ਮਾਰ ਰਹੀ ਸੀ। ਪਿੰਡ ਦੀ ਕੋਈ ਧੀ, ਪਿੰਡ ਦੀ ਕੋਈ ਭੈਣ!

ਉਹ ਦਾਤਰੀ ਟੱਕ ਵਿਚ ਛੱਡ ਕੇ ਉੱਠਿਆ। ਖਾਲੀ ਹੱਥ। ਉਸਦਾ ਸਾਥ ਦੇਣ ਵਾਲਾ ਵੀ ਨੇੜੇ-ਤੇੜੇ ਕੋਈ ਨਹੀਂ ਸੀ। ਕੁਝ ਸੋਚਿਆ ਤੇ ਘੋੜੀ ਦੇ ਨੰਗੇ ਪਿੰਡੇ ‘ਤੇ ਪਲਾਕੀ ਮਾਰ ਕੇ ਹਵੇਲੀ ਨੂੰ ਘੋੜੀ ਦੁੜਾ ਲਈ। ਕਿੱਲੀ ਨਾਲੋਂ ਕਿਰਪਾਨ ਲਾਹੀ ਤੇ ਮਿਆਨੋਂ ਕੱਢ ਕੇ ਨੰਗੀ ਤਲਵਾਰ ਲਹਿਰਾਉਂਦਾ, ਘਰ ਦਿਆਂ ਦੇ ਪੁੱਛਦਿਆਂ, ਰੋਕਦਿਆਂ ਤੇ ਲੋਕਾਂ ਦੇ ਵਿੰਹਦਿਆਂ ਪਲਾਂ-ਛਿਣਾਂ ਵਿਚ ਪਿੰਡੋਂ ਬਾਹਰ ਆ ਗਿਆ।

ਕੁੜੀ ਤੇ ਬੰਦੇ ਏਨੇ ਵਿਚ ਨਜ਼ਰੋਂ ਓਹਲੇ ਹੋ ਗਏ ਸਨ।

ਸਾਹਮਣੇ ਓਸੇ ਕੁੜੀ ਦੇ ਪਿੰਡ ਨੂੰ ਸਵੇਰੇ ਲੁੱਟਣ ਚੜ੍ਹੇ, ਦੋ ਜਣੇ, ਘੋੜੀਆਂ ‘ਤੇ ਸਵਾਰ, ਉਹਦੇ ਆਪਣੇ ਪਿੰਡ ਦੇ ਗੱਭਰੂ, ਉਸਨੂੰ ਸਾਹਮਣਿਓਂ ਟੱਕਰੇ।
“ਕਿਧਰ ਚੱਲਿਐਂ ਅਰਜਨ ਸਿਅਹਾਂ!” ਉਹਨਾਂ ਪੁੱਛਿਆ ਤਾਂ ਉਹਨੇ ਉਹਨਾਂ ਵੱਲ ਵੇਖ ਕੇ ਨਫ਼ਰਤ ਨਾਲ ਥੁੱਕਿਆ ਤੇ ਇਹ ਕਹਿੰਦਿਆਂ ਘੋੜੀ ਨੂੰ ਅੱਡੀ ਲਾ ਦਿੱਤੀ, “ਮੇਰੀ ਭੈਣ ਨੂੰ ਲੈ ਗੇ‘ ਨੇ ਉਹ ਕੁੱਤੇ!”

ਉਹਨਾਂ ਵੀ ਮਗਰੇ ਘੋੜੀਆਂ ਭਜਾ ਲਈਆਂ। ਅੱਧੇ ਕੋਹ ਦੀ ਵਾਟ ‘ਤੇ ਜਾ ਕੇ ਉਸਨੇ ਉਹਨਾਂ ਬੰਦਿਆਂ ਨੂੰ ਢਾਹ ਲਿਆ। ਬੰਦੇ ਜਾਣੂ ਸਨ। ਗੁਆਂਢੀ ਪਿੰਡ ਦੇ। ਸਿਰ ਉੱਤੇ ਉੱਲਰੀ, ਵਾਰ ਕਰਨ ਨੂੰ ਕਾਹਲੀ ਅਰਜਨ ਦੀ ਕਿਰਪਾਨ ਵੇਖ ਕੇ ਤਰਲੇ ਲੈਣ ਲੱਗੇ। ਅਰਜਨ ਅੱਗੇ ਹੱਥ ਜੋੜੇ।
ਆਪਣੇ ਬਚਾਅ ਵਾਸਤੇ ਉਹਨਾਂ ਕੁੜੀ ਨੂੰ ਦੋਵਾਂ ਬਾਹਵਾਂ ਤੋਂ ਫੜ੍ਹ ਕੇ ਢਾਲ ਵਜੋਂ ਉਸਦੇ ਅੱਗੇ ਕੀਤਾ।
“ਵੇਖੀਂ! ਜਾਹ ਜਾਂਦੀ ਨਾ ਹੋ ਜਾਏ ਕਿਤੇ, ਅਰਜਨਾ!” ਤਰਲਾ ਗੂੰਜਿਆ।
“ਇਹਦੀਆਂ ਬਾਹਵਾਂ ਛੱਡ ਦਿਓ ਕੁੱਤਿਓ! ਮੇਰੀ ਭੈਣ ਦੀਆਂ।”

ਦੂਜੇ ਦੋਵੇਂ ਗੱਭਰੂ ਵੀ ਸਿਰ ‘ਤੇ ਆਣ ਖਲੋਤੇ ਵੇਖ ਕੇ ਉਹਨਾਂ ਕੁੜੀ ਨੂੰ ਧੱਕਾ ਮਾਰ ਕੇ ਜ਼ਮੀਨ ‘ਤੇ ਸੁੱਟ ਦਿੱਤਾ ਤੇ ਆਪ ਭੱਜ ਗਏ।
ਅਰਜਨ ਨੇ ਭੱਜੇ ਜਾਂਦੇ ਬੰਦਿਆਂ ਦਾ ਪਿੱਛਾ ਕਰਨਾ ਮੁਨਾਸਬ ਨਹੀਂ ਸੀ ਸਮਝਿਆ। ਉਹ ਤਾਂ ਕੁੜੀ ਨੂੰ ਬਚਾਉਣ ਆਇਆ ਸੀ। ਘੋੜੀ ਤੋਂ ਉੱਤਰ ਕੇ ਉਹ ਡਿੱਗੀ ਹੋਈ ਕੁੜੀ ਨੂੰ ਉਠਾਉਣ ਲੱਗਾ ਤਾਂ ਕੁੜੀ ਨੇ ਭੱਜ ਕੇ ਅਰਜਨ ਨੂੰ ਜੱਫ਼ੀ ਪਾ ਲਈ।
ਸਾਰਿਆਂ ਇਕ-ਦੂਜੇ ਨੂੰ ਪਛਾਣ ਲਿਆ ਸੀ।

“ਜੁਗ ਜੁਗ ਜੀਓ ਵੇ ਮੇਰਿਓ ਛਿੰਦਿਓ ਵੀਰੋ!”

ਉਹ ਤਾਂ ਸੱਚਮੁਚ ਉਹਨਾਂ ਦੇ ਪਿੰਡ ਦੀ ਧੀ, ਉਹਨਾਂ ਦੀ ਭੈਣ ਸੀ! ਜੁੰਮੇਂ ਤੇਲੀ ਦੀ ਧੀ ਤੇ ਅਰਜਨ ਦੇ ਯਾਰ ਫੱਜੇ ਦੀ ਭੈਣ ਫ਼ਾਤਮਾ!
ਵੱਡੀ ਗੱਲ ਤਾਂ ਇਹ ਹੋਈ ਕਿ ਉਹ ਤਿੰਨੇ ਸਵਾਰ ਫ਼ਾਤਮਾ ਨੂੰ ਲੈ ਕੇ ਜਦੋਂ ਜੁੰਮੇਂ ਦੇ ਘਰ ਪੁੱਜੇ ਤਾਂ ਇਕ ਭੀੜ ਜੁੜ ਗਈ ਸੀ ਉਹਨਾਂ ਦਵਾਲੇ ਸ਼ਾਬਾਸ਼ ਦੇਣ ਵਾਲਿਆਂ ਦੀ। ਉਹਦਾ ਬਾਪੂ ਇੰਦਰ ਸਿੰਘ ਵੀ ਵੈਸਾਖੀਆਂ ਦੇ ਸਹਾਰੇ ਲੜਖੜਾਉਂਦਾ ਹੋਇਆ ਭੀੜ ਨੂੰ ਚੀਰਦਾ ਅੱਗੇ ਆਇਆ ਤੇ ਆਪਣੇ ਪੁੱਤ ਤੋਂ ਵੀ ਪਹਿਲਾਂ ਦੂਜੇ ਦੋਵਾਂ ਗੱਭਰੂਆਂ ਨੂੰ ਗਲ਼ ਨਾਲ ਲਾ ਲਿਆ।

“ਸ਼ਾਬਾਸ਼ੇ ਪੁੱਤਰੋ! ਗੁਰੂ ਦੇ ਸੱਚੇ ਸਿੱਘਾਂ ਵਾਲੀ ਕੀਤੀ ਜੇ!”

ਦੋਵੇਂ ਨੌਜਵਾਨ ਆਪਣੀ ਸ਼ਰਮ ਦੇ ਮਾਰੇ ਹੋਏ ਚੋਰ ਅੱਖੀਂ ਇਕ ਦੂਜੇ ਵੱਲ ਵੇਖ ਰਹੇ ਸਨ। ਇੱਕ ਨੇ ਆਪਣੀ ਜੇਬ ਵਿਚੋਂ ਲੁੱਟੀਆਂ ਹੋਈਆਂ ਟੂੰਮਾਂ ਦੀ ਪੋਟਲੀ ਕੱਢੀ ਤੇ ਹੇਠਾਂ ਫ਼ਾਤਮਾ ਦੇ ਪੈਰਾਂ ਅੱਗੇ ਰੱਖ ਦਿੱਤੀ, “ ਲੈ ਭੈਣਾ! ਇਹ ਹੁਣ ਤੇਰੀ। ਸਾਨੂੰ ਮਾਫ਼ ਕਰੀਂ।”
ਦੂਜੇ ਨੇ ਵੀ ਇੰਜ ਹੀ ਕੀਤਾ ਤੇ ਲੁੱਟਿਆ ਹੋਇਆ ਸੋਨੇ ਦਾ ਕੈਂਠਾ ਪੈਰਾਂ ਵਿਚ ਰੱਖਦਿਆਂ ਫ਼ਾਤਮਾ ਦੇ ਪੈਰ ਵੀ ਛੁਹ ਲਏ।

“ਬੀਬੀ! ਤੂੰ ਸਾਡੀ ਵੱਡੀ ਭੈਣ ਏਂ। ਸਾਡੇ ਪਾਪ ਬਖ਼ਸ਼ ਦੇ।”
“ਵੇ ਮੇਰੇ ਵੀਰੋ! ਤੁਸੀਂ ਤਾਂ ਮੇਰੇ ਰੱਬ ਵੇ! ਮੇਰੀਆਂ ਇੱਜ਼ਤਾਂ ਦੇ ਰਾਖੇ! ਮੈਂ ਕੌਣ ਹੁੰਦੀ ਆਂ ਤੁਹਾਡੇ ਪਾਪ ਬਖ਼ਸ਼ਣ ਵਾਲੀ!”

ਅਰਜਨ ਨੇ ਫ਼ਾਤਮਾ ਦੇ ਬਾਕੀ ਪਰਿਵਾਰ ਬਾਰੇ ਪੁੱਛਿਆ। ਪਤਾ ਲੱਗਾ ਹਮਲਾ ਹੋਣ ਦੀ ਖ਼ਬਰ ਸੁਣ ਕੇ ਸਾਰੇ ਏਧਰ-ਓਧਰ ਲੁਕਣ ਲਈ ਭੱਜੇ ਸਨ। ਤੇ ਫਿਰ ਪਤਾ ਈ ਨਾ ਲੱਗਾ ਕਦੋਂ ਉਹਨੂੰ ਰੋਂਦੀ ਕੁਰਲਾਉਂਦੀ ਨੂੰ ਪਿਛਲੇ ਅੰਦਰ ਲੁਕੀ ਨੂੰ ਜੱਫਾ ਮਾਰ ਕੇ ‘ਉਹ’ ਬਾਹਰ ਕੱਢ ਲਿਆਏ ਸਨ।

ਤਿੰਨੇ ਗੱਭਰੂ ਵਾਪਸ ਘੋੜੀਆਂ ‘ਤੇ ਸਵਾਰ ਹੋ ਕੇ ਨਿਕਲ ਪਏ ਤੇ ਤਿਰਕਾਲਾਂ ਤੱਕ ਫ਼ਾਤਮਾ ਦਾ ਸਾਰਾ ਪਰਿਵਾਰ ਲੱਭ ਕੇ ਪਿੰਡ ਪਰਤ ਆਏ। ਉਹਦਾ ਸੱਸ-ਸਹੁਰਾ, ਪਤੀ ਤੇ ਛੋਟਾ ਜਿਹਾ ਦਿਉਰ ਤੂੜੀ ਦੇ ਮੂਸਲ ਵਿਚ ਲੁਕੇ ਉਹਨਾਂ ਨੇ ਜਾ ਲੱਭੇ ਸਨ। ਉਸਦਾ ਬਾਪੂ ਕਈ ਸਾਲ ਇਹ ਕਹਿੰਦਾ ਰਿਹਾ ਸੀ ਕਿ ਇਹ ਅਰਜਨ ਵੱਲੋਂ ਐਨ ਸਮੇਂ ਸਿਰ ਮਿਆਨੋਂ ਕੱਢੀ ਤੇਗ਼ ਦੀ ਹੀ ਕਰਾਮਾਤ ਸੀ ਕਿ ਸਾਰੇ ਪਿੰਡ ਨੂੰ ਆਪਣੀ ਗਵਾਚੀ ਧੀ ਲੱਭ ਪਈ ਸੀ। ਉਹਨਾਂ ਦੇ ਪਿੰਡ ਦੀ ਇੱਜ਼ਤ ਬਚ ਗਈ ਸੀ। ਪਿੰਡ ਦੇ ਹਰ ਘਰ ‘ਚੋਂ ਕਿਸੇ ਰੇਜਾ, ਕਿਸੇ ਖੇਸ, ਕਿਸੇ ਦਰੀ-ਚੁਤੈਹੀ ਤੇ ਕਿਸੇ ਬਣਦੇ-ਸਰਦੇ ਚਵਾਨੀ-ਅਠਿਆਨੀ, ਰੁਪਈਆ, ਦੋ ਰੁਪਈਏ ਫ਼ਾਤਮਾ ਦੀ ਝੋਲੀ ਪਾਏ। ਜਿਵੇਂ ਸਾਰਾ ਪਿੰਡ ਧੀ ਦਾ ਦਾਜ ਤਿਆਰ ਕਰ ਰਿਹਾ ਹੋਵੇ! ਤੇ ਫਿਰ ਜੁੰਮੇ ਤੇ ਉਹਦੇ ਕੁੜਮਾਂ ਦਾ ਸਮਾਨ ਆਪ ਗੱਡੇ ‘ਤੇ ਲੱਦ ਕੇ ਪਿੰਡ ਦੇ ਗੱਭਰੂ ਉਹਨਾਂ ਨੂੰ ਹੱਦ ਪਾਰ ਕਰਾ ਕੇ ਆਏ ਸਨ।

ਅਰਜਨ ਦੀ ਜਥੇਦਾਰੀ ਵਿਚ ਉਹਨਾਂ ਗੱਭਰੂਆਂ ਨੇ ਮਿਲ ਕੇ ਆਪਣੇ ਪਿੰਡ ਦਾ ਜਥਾ ਬਣਾ ਲਿਆ ਸੀ। ਆਪਣੇ ਪਿੰਡ ਦੇ ਮੁਸਲਮਾਨਾਂ ਦੀ ਰਾਖੀ ਲਈ ਹੀ ਨਹੀਂ, ਸਗੋਂ ਨੇੜੇ ਤੇੜੇ ਦੇ ਪਿੰਡਾਂ ਵਿਚ ਵੀ ਉਹ ਫ਼ਸੇ ਹੋਏ ਮੁਸਲਮਾਨ ਟੱਬਰਾਂ ਨੂੰ ਕੱਢ ਕੇ ਹੱਦ ਪਾਰ ਕਰਾ ਕੇ ਆਉਣ ਲੱਗੇ। ਅਮਨ ਕਮੇਟੀਆਂ ਵਿਚ ਉਹ ਬਾਪੂ ਤੇ ਉਹਦੇ ਸਾਥੀਆਂ ਦੀ ਸਰਗਰਮ ਧਿਰ ਹੋ ਨਿੱਬੜੇ ਸਨ।

ਠੰਢ-ਠੰਢੌੜਾ ਹੋਇਆ ਤਾਂ ਅਰਜਨ ਨੇ ਕਿਰਪਾਨ ਮੁੜ ਕਿੱਲੀ ‘ਤੇ ਟੰਗ ਦਿੱਤੀ ਤੇ ਫਿਰ ਤੋਂ ਹਲ਼ ਦੀ ਜੰਘੀ ਫੜ੍ਹ ਲਈ। ਉਹ ਸਿਪਾਹੀ ਤੋਂ ਮੁੜ ਕਿਰਤੀ ਬਣ ਗਿਆ।

ਸਿਪਾਹੀ ਅਤੇ ਕਿਰਤੀ ਦੀਆਂ ਡਿਊਟੀਆਂ ਦੋਵਾਂ ਪਿਓ-ਪੁੱਤਾਂ ਨੇ ਸਹਿਵਨ ਹੀ ਸੰਭਾਲ ਲਈਆਂ ਸਨ। ਤੇ ਉਦੋਂ ਤੋਂ ਸੰਭਾਲ ਲਈਆਂ ਸਨ ਜਦੋਂ ਅਜੇ ਅਰਜਨ ਸਿੰਘ ਨੇ ਸੁਰਤ ਹੀ ਸੰਭਾਲੀ ਸੀ। ਬਾਪੂ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਗਿਆ, ਇਕ ਤਰ੍ਹਾਂ ਨਾਲ ਅਪਾਹਜ ਹੋ ਕੇ ਪਰਤਿਆ ਸੀ ਤੇ ਅਰਜਨ ਨੂੰ ਸਕੂਲ ਜਾਣ ਦੇ ਨਾਲ ਨਾਲ ਖੇਤੀ-ਬਾੜੀ ਦਾ ਕੰਮ ਵੀ ਮਾਂ ਨਾਲ ਮਿਲ ਕੇ ਆਪ ਹੀ ਸੰਭਾਲਣਾ ਪੈ ਗਿਆ ਸੀ। ਬਾਪੂ ਦੀ ਪਰਿਵਾਰਕ ਜਿੰਮੇਵਾਰੀ ਆਪਣੇ ਸਿਰ ਪੈ ਜਾਣ ਦਾ ਉਸਨੂੰ ਅਫ਼ਸੋਸ ਨਹੀਂ ਸੀ। ਜੇ ਬਾਪੂ ਸਰਕਾਰ ਦੇ ਜ਼ੁਲਮ ਦਾ ਭਾਰ ਸਿਰ ‘ਤੇ ਚੁੱਕ ਸਕਦਾ ਸੀ ਤਾਂ ਉਹ ਬਾਪੂ ਦੇ ਕਹਿਣ ‘ਤੇ ਪਰਿਵਾਰ ਦਾ ਭਾਰ ਸਿਰ ‘ਤੇ ਭਲਾ ਕਿਉਂ ਨਹੀਂ ਚੁੱਕ ਸਕਦਾ!

ਉਹਦਾ ਬਾਪੂ ਆਪਣੀਆਂ ਕੁਰਬਾਨੀਆਂ ਨਾਲ ਪਿੰਡ ਤੇ ਇਲਾਕੇ ਦਾ ਮਾਣ ਬਣ ਗਿਆ ਸੀ। ਬਾਪੂ ਕੋਲੋਂ ਸਾਕਿਆਂ ਦੀਆਂ ਗੱਲਾਂ ਸੁਣ ਸੁਣ ਕੇ ਅਰਜਨ ਨੂੰ ਲੱਗਦਾ ਕਿ ਕੁਝ ਨਾ ਕੁਝ ਕੁਰਬਾਨੀ ਕਰਨੀ ਤਾਂ ਉਸ ਦੇ ਹਿੱਸੇ ਵੀ ਆਉਣੀ ਹੀ ਸੀ! ਉਹ ਕਲਪਨਾ ਹੀ ਕਲਪਨਾ ਵਿਚ ਬਾਪੂ ਦੇ ਸਿਰ ‘ਤੇ ਪੁਲਿਸ ਅਫ਼ਸਰ ਬੀਟੀ ਵੱਲੋਂ ਵਰ੍ਹਾਈਆਂ ਡਾਂਗਾਂ ਨੂੰ ਹਵਾ ਵਿਚ ਹੀ ਰੋਕ ਲੈਂਦਾ ਤੇ ਡਾਂਗਾਂ ਦੀ ਛਾਵੇਂ ਬੈਠਾ ਬਾਪੂ ਇੰਦਰ ਸਿੰਘ ਮੋਰਚੇ ‘ਤੇ ਜਾ ਡਟਣ ਦਾ ਬਿਰਤਾਂਤ ਸੁਨਾਉਣ ਲੱਗਦਾ:

“ਅਸੀਂ ਚੌਕੜੀ ਮਾਰੀ ਬੈਠੇ ਸ਼ਬਦ ਪੜ੍ਹ ਰਹੇ ਸਾਂ ਹੱਥ ਜੋੜੀ, “ਜੋ ਲਰੈ ਦੀਨ ਕੇ ਹੇਤ; ਸੂਰਾ ਸੋਈ, ਸੂਰਾ ਸੋਈ।” ਮੈਂ ਅਗਲੀ ਕਤਾਰ ਵਿਚ ਬੈਠਾ ਸਾਂ। ਪੁਲਿਸ ਹਥਿਆਰ ਤੇ ਸੰਮਾਂ ਵਾਲੀਆਂ ਡਾਂਗਾਂ ਲੈ ਕੇ ਕੁਝ ਕਦਮਾਂ ਦੀ ਵਿੱਥ ‘ਤੇ ਸੀ। ਬੀਟੀ ਤੇ ਹੋਰ ਗੋਰੇ ਅਫ਼ਸਰ ਵੀ ਨਾਲ ਸਨ। ਸ਼ਬਦ ਦੀ ਆਵਾਜ਼ ਉੱਚੀ ਹੁੰਦੀ ਤਾਂ ਉਹ ਕਚੀਚੀਆਂ ਵੱਟਦੇ। ਖਿਝ ਕੇ ਇੱਕ ਜਣੇ ਨੇ ਮੇਰੇ ਗਲੇ ਦੀ ਹੱਡੀ ‘ਤੇ ਡਾਂਗ ਦਾ ਸੰਮ ਖੁਭੋਇਆ। ਮੈਂ ਪਿੱਛੇ ਨੂੰ ਡਿੱਗਿਆ। ਫਿਰ ਉੱਠਿਆ। ਉੱਚੀ ਆਵਾਜ਼ ਵਿਚ ਸ਼ਬਦ ਦੀ ਸੁਰ ਨਾਲ ਸੁਰ ਮਿਲਾਈ, “ਸੂਰਾ ਸੋਈ, ਸੂਰਾ ਸੋਈ!” ਤਾਂ ਉਸਨੇ ਹੋਰ ਵੀ ਜ਼ੋਰ ਨਾਲ ਡਾਂਗ ਮਾਰੀ। ਮੇਰੇ ਹੱਸ ਦਾ ਕੜਾਕਾ ਪਿਆ। ਪੀੜ ਨਾਲ ਮੇਰਾ ਆਪਾ ਸੂਤਿਆ ਗਿਆ। ਮੈਂ ਸੰਭਲ ਕੇ ਜੈਕਾਰਾ ਛੱਡਿਆ, “ਬੋਲੇ ਸੋ ਨਿਹਾਲ!” ਜਵਾਬ ਵਿਚ ਜਿਵੇਂ ਹਜ਼ਾਰਾਂ ਆਵਾਜ਼ਾਂ ਗੂੰਜੀਆਂ, “ਸਤਿ ਸ੍ਰੀ ਅਕਾਲ।” ਪੁਲਿਸ ਅਫ਼ਸਰ ਬੀਟੀ ਨੇ ਗੁੱਸੇ ਤੇ ਨਫ਼ਰਤ ਵਿਚ ਉੱਬਲਦਿਆਂ ਮੇਰੇ ਕਲੇਜੇ ਵਿਚ ਜ਼ੋਰ ਦਾ ਠੁੱਡ ਮਾਰਿਆ। ਮੈਂ ਪੀੜ ਨਾਲ ‘ਕੱਠਾ ਹੋ ਗਿਆ। ਫਿਰ ਕੀ ਸੀ! ਪੁਲਿਸ ਵੱਲੋਂ ਦੇ ਡਾਂਗ ‘ਤੇ ਡਾਂਗ। ਬੀਟੀ ਆਪ ਹਲ਼ਕਾ ਹੋਇਆ ਪਿਆ ਸੀ। ਉਸਨੇ ਮੇਰੇ ‘ਤੇ ਵਰ੍ਹਾਈਆਂ ਸਭ ਤੋਂ ਪਹਿਲੀਆਂ ਡਾਂਗਾਂ। ਤੇ ਫਿਰ ਡਿੱਗੇ ਪਏ ਦੇ ਮੇਰੇ ਗਲੇ ‘ਤੇ ਬੂਟ ਰੱਖ ਕੇ ਮੇਰੇ ਗਲ਼ ਨੂੰ ਏਦਾਂ ਮਿੱਧਿਆ ਜਿਵੇਂ ਕੋਈ ਕਿਸੇ ਕੀੜੇ ਨੂੰ ਮਸਲਦਾ ਹੈ। ਪਹਿਲਾਂ ਟੁੱਟ ਚੁੱਕਾ ਮੇਰਾ ਹੱਸ ਹੋਰ ਤਿੜਕ ਗਿਆ। ਪਰ ਅਸੀਂ ਤਾਂ ਗੁਰੂ ਦੇ ਸਿੰਘ ਸਾਂ। ਕੋਈ ਕੀੜੇ-ਕਾਢੇ ਨਹੀਂ ਸਾਂ, ਜਿਹੜੇ ਉਸਦੇ ਮਾਰਿਆਂ ਮਰ ਜਾਂਦੇ।”

ਗੱਲਾਂ ਸੁਣਾਉਂਦਿਆਂ ਬਾਪੂ ਦੇ ਚਿਹਰੇ ‘ਤੇ ਅਜੀਬ ਤੇਜ ਹੁੰਦਾ ਸੀ। ਉਹ ਆਪਣੇ ਗਲ਼ੇ ਦੀ ਟੁੱਟੀ ਤੇ ਵਿੰਗੀ ਹੋਈ ਹੱਡੀ ਹੱਥ ਨਾਲ ਵਿਖਾਉਂਦਾ, “ਆਹ ਮੇਰਾ ਹੱਸ ਉਦੋਂ ਦਾ ਈ ਵਿੰਗਾ ਹੋਇਐ। ਉਹਨਾਂ ਮੇਰੀ ਗਲੇ ਦੀ ਹੱਡੀ ਤਾਂ ਵਿੰਗੀ ਕਰ ਦਿੱਤੀ, ਮੇਰੀ ਰੀੜ੍ਹ ਦੀ ਹੱਡੀ ਦੇ ਮਣਕੇ ਤਾਂ ਤੋੜ ਦਿੱਤੇ ਪਰ ਉਹ ਮੇਰੀ ਧੌਣ ਵਿੰਗੀ ਨਾ ਕਰ ਸਕੇ ਤੇ ਨਾ ਹੀ ਮੇਰਾ ਹੌਸਲਾ ਤੋੜ ਸਕੇ।”

ਇਹ ਧੌਣ ਬਾਪੂ ਨੇ ਸੱਚਮੁਚ ਸਾਰੀ ਉਮਰ ਨੀਵੀਂ ਨਹੀਂ ਸੀ ਹੋਣ ਦਿੱਤੀ। ਰੀੜ੍ਹ ਦੀ ਹੱਡੀ ‘ਤੇ ਲੱਗੀ ਸੱਟ ਨੇ ਉਹਨੂੰ ਸਰੀਰਕ ਤੌਰ ‘ਤੇ ਅਪਾਹਜ ਬਣਾ ਦਿੱਤਾ ਸੀ। ਉਹ ਸਾਰੀ ਉਮਰ ਵੈਸਾਖੀਆਂ ਨਾਲ ਲੰਗੜਾ ਕੇ ਤੁਰਨ ਜੋਗਾ ਰਹਿ ਗਿਆ ਸੀ। ਪਰ ਜਦੋਂ ਵੇਲੇ ਦੇ ਮੁਖ-ਮੰਤਰੀ ਪਰਤਾਪ ਸਿੰਘ ਕੈਰੋਂ ਨੇ ਪਿੰਡ ਦੇ ਕਿਸੇ ਸਮਾਗ਼ਮ ‘ਤੇ ਬਾਪੂ ਦੇ ਗੋਡਿਆਂ ਨੂੰ ਹੱਥ ਲਾ ਕੇ ਕਿਹਾ ਸੀ, “ਬਾਬਾ ਜੀ! ਮੇਰੇ ਅਫ਼ਸਰ ਆਉਣਗੇ ਤੁਹਾਡੇ ਕੋਲ। ਇਹ ਆਪੇ ਈ ਇਕ ਫ਼ਾਰਮ ‘ਤੇ ਦਸਤਖ਼ਤ ਕਰਵਾ ਕੇ ਲੈ ਜਾਣਗੇ ਤੁਹਾਡੇ ਕੋਲੋਂ। ਸਾਡੀ ਸਰਕਾਰ ਨੇ ਦੇਸ਼ ਭਗਤਾਂ ਦੀਆਂ ਪੈਨਸ਼ਨਾਂ ਲਾਉਣ ਦਾ ਫ਼ੈਸਲਾ ਕੀਤੈ। ਤੁਸੀਂ ਸਾਡੇ ਏਡੇ ਵੱਡੇ ਦੇਸ਼-ਭਗਤ ਓ,” ਤਾਂ ਬਾਪੂ ਨੇ ਕਿਹਾ ਸੀ, “ ਪਰਤਾਪ ਸਿਅਹਾਂ! ਮੈਂ ਬੜਾ ਖ਼ੁਸ਼ ਆਂ ਕਿ ਤੁਸੀਂ ਏਨੇ ਅਮੀਰ ਹੋ ਗਏ ਓ ਕਿ ਸਾਨੂੰ ਹੀ ਖ਼ਰੀਦ ਸਕੋ। ਪਰ ਮੇਰੀ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲੈ! ਮੇਰੀ ਪੈਨਸ਼ਨ ਦੀ ਗੱਲ ਉਦੋਂ ਕਰੀਂ ਜਦੋਂ ਮੇਰੇ ਦੇਸ਼ ਦੇ ਸਾਰੇ ਬਜ਼ੁਰਗਾਂ ਦੀਆਂ ਤੂੰ ਪੈਨਸ਼ਨਾਂ ਲਾ ਦੇਵੇਂਗਾ!”

- ਅੱਜ ਇਹ ਮੁੰਡੇ ਅਰਜਨ ਸਿੰਘ ਦੇ ਬਾਪੂ ਦੇ ਓਸ ਇਤਿਹਾਸ ਨੂੰ ਵੰਗਾਰਨ ਆਏ ਸਨ। ਉਹਦੀ ਕਿਰਪਾਨ ਦੀ ਲਿਸ਼ਕ ਨੂੰ ਮੈਲਾ ਕਰਨ ਆਏ ਸਨ!
ਉਹ ਹੱਥਲਾ ਕੰਮ ਛੱਡ ਕੇ ਉਹਨਾਂ ਵੱਲ ਟਿਕਟਿਕੀ ਲਾ ਕੇ ਵੇਖਣ ਲੱਗਾ। ਹੁਣ ਦੂਜੇ ਦੋਵੇਂ ਮੁੰਡੇ ਵੀ ਕਮਾਦ ਵਿਚੋਂ ਗੰਨੇ ਭੰਨ ਕੇ ਖਾਲ਼ ਦੀ ਵੱਟ ‘ਤੇ ਬਹਿ ਕੇ ਚੂਪਣ ਲੱਗੇ।

ਉਹਦੇ ਅੰਦਰਲੇ ਨੇ ਜੋਸ਼ ਮਾਰਿਆ। ਉਹ ਸ਼ਾਇਦ ਉਹਦੇ ਕਮਾਦ ‘ਚੋਂ ਗੰਨੇ ਭੰਨ ਕੇ ਉਸਨੂੰ ਨੇੜੇ ਆਉਣ ਲਈ ਹੀ ਵੰਗਾਰ ਰਹੇ ਸਨ। ਉਹਨੇ ਰੰਬਾ ਪਾਸੇ ਰੱਖਿਆ। ਉੱਠਣ ਦੀ ਸੋਚੀ। ਉਂਜ ਵੀ ਸੂਰਜ ਡੁੱਬਣ ਵਿਚ ਮਸਾਂ ਹੱਥ ਭਰ ਦੀ ਹੀ ਵਿੱਥ ਸੀ। ਬੋਤੀ ‘ਤੇ ਛਟਾਲੇ ਦੀ ਚਿੱਲੀ ਲੱਦਦਿਆਂ ਵੇਖ ਕੇ ਉਸਨੇ ਆਪ ਹੀ ਆਪਣੇ ਛੋਟੇ ਪੁੱਤ ਹਰਜੀਤ ਤੇ ਵਰ੍ਹਿਆਂ ਤੋਂ ਨਾਲ ਤੁਰੇ ਆਉਂਦੇ ਕਾਮੇਂ ਫੁੰਮਣ ਨੂੰ ਕਿਹਾ ਸੀ, “ਤੁਸੀਂ ਜਾਓ, ਪੱਠਾ-ਦੱਥਾ ਪਾਓ ਪਸ਼ੂਆਂ ਨੂੰ। ਮੈਂ ਨਾਲੇ ਪਨੀਰੀ ਦੀ ਗੋਡੀ ਦਾ ਕੰਮ ਬੰਨੇਂ ਲਾ ਆਵਾਂ; ਨਾਲੇ ਓਨੇ ਚਿਰ ਤੱਕ ਬੱਤੀ ਜਾਣ ਦਾ ਟੈਮ ਵੀ ਹੋ ਜਾਣੈਂ। ਪਾਣੀ ਲੱਗੀ ਕਣਕ ਦਾ ਕਿੱਲਾ ਵੀ ਉਦੋਂ ਤੱਕ ਸਿੰਜਿਆ ਜਾਊ। ਆਉਂਦਾ ਹੋਇਆ ਮੋਟਰ ਵਾਲੇ ਕਮਰੇ ਨੂੰ ਵੀ ਤਾਲਾ ਲਾਉਂਦਾ ਆਊਂ।”

ਦੁਨਿਆਵੀ ਸਿਆਣਪ ਨੇ ਉਸਨੂੰ ਮੁੰਡਿਆਂ ਵੱਲ ਜਾਣੋਂ ਰੋਕਿਆ, “ਦੋ ਮਿੰਟ ਰੁਕ ਜਾਹ! ਕੀ ਪਤਾ ਹੁਣੇ ਚਲੇ ਜਾਣ।”
ਪਿਛਲੇ ਸਮੇਂ ਤੋਂ ਦੋਵਾਂ ਧਿਰਾਂ ਵਿਚ ਚੰਗੇ ਸੰਬੰਧ ਨਹੀਂ ਸਨ। ਉਹ ਉਸਨੂੰ ਮਾਰਨ ਵੀ ਆਏ ਹੋ ਸਕਦੇ ਨੇ! ਸਗੋਂ ਆਏ ਈ ਏਸੇ ਕਰਕੇ ਨੇ। ਇਹਨਾਂ ਦੀ ਤਾਂ ਉਹ ਕਈ ਚਿਰ ਤੋਂ ‘ਹਿੱਟ ਲਿਸਟ’ ‘ਤੇ ਸੀ। ਹੋਣਾ ਵੀ ਚਾਹੀਦਾ ਸੀ!

ਉਹ ਵੀ ਇਹਨਾਂ ਦੀ ਉਡੀਕ ਵਿਚ ਹੀ ਤਾਂ ਏਨੇ ਸਮੇਂ ਤੋਂ ਕਿਰਪਾਨ ਚੁੱਕੀ ਫਿਰਦਾ ਸੀ। ਉਹਦੇ ਆਪਣੇ ਪੁੱਤ ਤਾਂ ਸਦਾ ਉਹਨੂੰ ਹਨੇਰੇ-ਸਵੇਰੇ ਬਾਹਰ ਨਿਕਲਣੋਂ ਮਨ੍ਹਾ ਕਰਦੇ ਰਹਿੰਦੇ ਸਨ ਪਰ ਉਹ ਉਹਨਾਂ ਦੀ ਸੁਣਦਾ ਕਦੋਂ ਸੀ! ਅੱਜ ਵੀ ਅਜੇ ਹਰਜੀਤ ਨੇ ਆਖਿਆ ਹੀ ਸੀ, “ਬਾਪੂ ਜੀ! ਚੱਲੋ ਚੱਲੀਏ ਪਿੰਡ ਨੂੰ। ਫੁੰਮਣ ਆਪੇ ਮੋਟਰ ਬੰਦ ਕਰ ਆਉਂਦੈ।” ਤਾਂ ਉਹਨੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਉਹ ਚਲੇ ਜਾਣ। ਉਹ ਆਪ ਪਿੱਛੋਂ ਆ ਜਾਵੇਗਾ। ਉਹਨਾਂ ਦਾ ਵੈਰ ਵੀ ਤਾਂ ਵੰਗਾਰਵਾਂ ਬਣ ਗਿਆ ਹੋਇਆ ਸੀ। ਉਸਨੇ ਇਸ ਵੈਰ ਦੇ ਪਿਛੋਕੜ ‘ਤੇ ਤਰਦੀ ਜਿਹੀ ਝਾਤ ਮਾਰੀ।

ਅਰਜਨ ਸਿੰਘ ਦਾ ਵੱਡਾ ਮੁੰਡਾ ਜਗਜੀਤ ਸਿਹਤ ਵਿਭਾਗ ਦਾ ਕਰਮਚਾਰੀ ਸੀ ਤੇ ਪੈਰਾ-ਮੈਡੀਕਲ  ਕਾਮਿਆਂ ਦੀ ਯੂਨੀਅਨ ਦਾ ਸਟੇਟ ਕਮੇਟੀ ਦਾ ਸਕੱਤਰ ਵੀ। ਮੁਲਾਜ਼ਮ ਘੋਲਾਂ ਵਿਚ ਕਈ ਸਾਲਾਂ ਤੋਂ ਸਰਗਰਮ। ਪਹਿਲਾਂ ਤਾਂ ਬਾਬੇ ਕਰਕੇ ਉਹਨਾਂ ਦਾ ਘਰ ‘ਗ਼ਦਰੀਆਂ’ ਜਾਂ ‘ਜਥੇਦਾਰਾਂ’ ਦਾ ਘਰ ਵੀ ਵੱਜਦਾ ਸੀ। ਬਾਪੂ ਕਿਰਤੀ ਪਾਰਟੀ ਨਾਲ ਵੀ ਜੁੜਿਆ ਰਿਹਾ ਸੀ ਤੇ ਆਖ਼ਰ ਵਿਚ ‘ਕਾਮਰੇਡ’ ਵੀ ਵੱਜਣ ਪਿਆ ਸੀ। ਕਦੀ ਕੋਈ ਉਹਨੂੰ ‘ਜਥੇਦਾਰ ਜੀ’ ਤੇ ਕਦੇ ਕੋਈ ‘ਕਾਮਰੇਡ ਜੀ’ ਆਖ ਕੇ ਵੀ ਸੰਬੋਧਨ ਕਰ ਲੈਂਦਾ। ਉਹ ‘ਅੰਮ੍ਰਿਤਧਾਰੀ ਕਾਮਰੇਡ!’ ਸੀ! ਪਰ ਬਾਪੂ ਦੇ ਚਲਾਣੇ ਤੋਂ ਬਾਅਦ ਤੇ ਜਗਜੀਤ ਦੀ ਚੜ੍ਹਤ ਪਿੱਛੋਂ ਉਹਨਾਂ ਦਾ ਟੱਬਰ ‘ਕਾਮਰੇਡਾਂ ਦਾ ਟੱਬਰ’ ਵੱਜਣ ਲੱਗ ਪਿਆ। ਉਂਝ ਅਰਜਨ ਸਿੰਘ ਨੂੰ ਵੀ ਲੋਕੀਂ ਅਜੇ ਵੀ ਕਦੀ ‘ਕਾਮਰੇਡ’ ਤੇ ਕਦੇ ‘ਜਥੇਦਾਰ’ ਕਹਿ ਕੇ ਬੁਲਾ ਲੈਂਦੇ। ਉਹ ਦੋਵਾਂ ਤਰ੍ਹਾਂ ਨਾਲ ਬੁਲਾਏ ਜਾਣ ‘ਤੇ ਖ਼ੁਸ਼ ਸੀ। ਜੇ ਉਸਦੇ ਬਾਪੂ ਨੂੰ ਅਜਿਹਾ ਅਖਵਾਉਣ ‘ਤੇ ਉਜਰ ਨਹੀਂ ਸੀ ਤਾਂ ਉਸਨੂੰ ਕਿਉਂ ਹੁੰਦਾ! ਕਾਮਰੇਡ ਵੀ ਉਹਨੂੰ ਓਨੇ ਹੀ ਆਪਣੇ ਤੇ ਪਿਆਰੇ ਸਨ। ਜਗਜੀਤ ਕਰ ਕੇ ਹੋਰ ਵੀ ‘ਆਪਣੇ ਪੁੱਤਾਂ’ ਵਰਗੇ ਲੱਗਦੇ।

ਪਰ ਇਹਨੀਂ ਦਿਨੀਂ ‘ਕਾਮਰੇਡਾਂ’ ਤੇ ‘ਨਵੇਂ ਜਥੇਦਾਰ ਬਣੇ’ ਮੁੰਡਿਆਂ ਦੀ ਆਪਸੀ ਦੁਸ਼ਮਣੀ ਤਾਂ ਜੱਗ-ਜ਼ਾਹਿਰ ਸੀ। ਅਰਜਨ ਸਿੰਘ ਇਹਨੀਂ ਦਿਨੀਂ ਪੂਰੇ ਦਾ ਪੂਰਾ ਕਿਸੇ ਧਿਰ ਨਾਲ ਵੀ ਨਹੀਂ ਸੀ ਰਹਿ ਗਿਆ। ਨਾ ਕਾਮਰੇਡਾਂ ਨਾਲ ਨਾ ਨਵੇਂ ਬਣੇ ‘ਜਥੇਦਾਰਾਂ ਜਰਨੈਲਾਂ’ ਨਾਲ। ਅਰਜਨ ਸਿੰਘ ਦਾ ਛੋਟਾ ਪੁੱਤ ਹਰਜੀਤ ਸਿੰਘ ਪਿੰਡ ਦੇ ਹਾਈ ਸਕੂਲ ਵਿਚ ਹੀ ਮਾਸਟਰ ਸੀ। ਉਹ ਪਿਤਾ ਨਾਲ ਰਲ ਕੇ ਨਾਲ ਨਾਲ ਖੇਤੀ ਦਾ ਕੰਮ ਵੀ ਵੇਖੀ ਜਾਂਦਾ। ਖਿਆਲਾਂ ਪੱਖੋਂ ਆਪਣੇ ਬਾਪ ਅਰਜਨ ਸਿੰਘ ਵਾਂਗ ਹੀ ਸੀ ਉਹ। ਦੋਵਾਂ ਧਿਰਾਂ ਦੇ ਵਿਚ ਵਿਚਾਲੇ। ਨਾ ਮੁੰਡਿਆਂ ਵੱਲ ਨਾ ਨਿਰ੍ਹਾ ਕਾਮਰੇਡਾਂ ਵੱਲ। ਸਰਕਾਰ ਤੇ ਕਾਮਰੇਡਾਂ ਦਾ ਮੁੰਡਿਆਂ ਬਾਰੇ ਅੱਜ-ਕੱਲ੍ਹ ਇੱਕੋ ਜਿਹਾ ਪੈਂਤੜਾ ਹੀ ਸੀ।

ਪਰ ਅਸਲ ਵਿਚ ਗੱਲ ਤਾਂ ਵਿਗੜੀ ਸੀ ਗ਼ਦਰੀ ਸ਼ਹੀਦਾਂ ਦੀ ਬਣਾਈ ਯਾਦਗ਼ਾਰ ‘ਤੇ ਕਬਜ਼ੇ ਦੀ ਲੜਾਈ ਪਿੱਛੋਂ।

ਯਾਦਗ਼ਾਰ ਦੀ ਨੀਂਹ ਤਾਂ ਅਰਜਨ ਸਿੰਘ ਦੇ ਬਾਪੂ ਨੇ ਢਾਈ ਦਹਾਕੇ ਪਹਿਲਾਂ ਆਪਣੇ ਯੁਧ-ਸਾਥੀ ਤੇ ਆਗੂ ਬਾਬਾ ਸੋਹਨ ਸਿੰਘ ਭਕਨਾ ਤੋਂ ਰਖਵਾਈ ਸੀ। ਬਾਬੇ ਭਕਨੇ ਨੇ ਹੀ ਇਕ ਵਾਰ ਪਿੰਡ ਵਿਚ ਹੋਏ ਜਲਸੇ ਵਿਚ ਸਟੇਜ ਤੋਂ ਉਹਨਾਂ ਦੇ ਬਾਪੂ ਨੂੰ ਉਲ੍ਹਾਮਾਂ ਦਿੱਤਾ ਸੀ, “ਇੰਦਰ ਸਿਅਹਾਂ! ਤੇਰੇ ਆਪਣੇ ਗ਼ਦਰੀ ਭਰਾਵਾਂ ਦੀ ਕੁਰਬਾਨੀ ਤੇਰੇ ਪਿੰਡ ਦੇ ਪੁੱਤਾਂ-ਪੋਤਰਿਆਂ ਨੂੰ ਵੀ ਚੇਤੇ ਰਹਿ ਜਾਏ, ਉਹਨਾਂ ਦੀ ਕੋਈ ਯਾਦ ਹੀ ਬਣਵਾ ਛੱਡ ਪਿੰਡ ਆਪਣੇ ਵਿਚ। ਉਹਨਾਂ ਨੂੰ ਭੁਲਾਉਣ ਵਾਲਿਆਂ ਤਾਂ ਕੋਈ ਕਸਰ ਨਹੀਂ ਛੱਡੀ ਪਹਿਲਾਂ ਈ।”

ਬਾਪੂ ਨੂੰ ਲੱਗਾ ਸੀ, ਬਾਬੇ ਭਕਨੇ ਦੀ ਗੱਲ ਕਿੰਨੀ ਠੀਕ ਸੀ! ਬਾਬਾ ਭਕਨਾ ਦੇਸ਼ ਭਗਤਾਂ ਵੱਲ ਹੁਣ ਦੀ ਸਰਕਾਰ ਦੇ ਰਵੱਈਏ ਨੂੰ ਕੋਸ ਰਿਹਾ ਸੀ।

ਅਰਜਨ ਸਿੰਘ ਨੂੰ ਅੰਗਰੇਜ਼ੀ ਰਾਜ ਦੇ ਸਮੇਂ ਦੀ ਗੱਲ ਯਾਦ ਸੀ। ਅਰਜਨ ਅਠਵੀਂ ਜਮਾਤ ਦਾ ਵਿਦਿਆਰਥੀ ਸੀ। ਇਕ ਦਿਨ ਉਸਨੇ ਘਰ ਆ ਕੇ ਦੱਸਿਆ ਕਿ ਅੰਗਰੇਜ਼ ਸਰਕਾਰ ਨੇ ਉਹਨਾਂ ਦੇ ਸਕੂਲ ਦੇ ਮੱਥੇ ‘ਤੇ ਇੱਕ ਵੱਡੀ ਸਾਰੀ ਸੰਗਮਰਮਰ ਦੀ ਸਿਲ਼ ਲਾਈ ਸੀ। ਇਸ ਮਕਸਦ ਲਈ ਪਿੰਡ ਦੇ ਕੁਝ ਸਰਕਾਰ ਹਮਾਇਤੀ ਬੰਦੇ ਤੇ ਫੌਜੀਆਂ ਦੇ ਕੁਝ ਪਰਿਵਾਰ ਸੱਦ ਕੇ ਸਮਾਗ਼ਮ ਵੀ ਕੀਤਾ ਗਿਆ ਸੀ। ਬਾਪੂ ਇੰਦਰ ਸਿੰਘ ਨੂੰ ਵੀ ਇਸ ਸਮਾਗਮ ਦਾ ਪਤਾ ਸੀ। ਪਰ ਉਸਨੂੰ ਨਾ ਕਿਸੇ ਸੱਦਣਾ ਸੀ ਤੇ ਨਾ ਉਹ ਗਿਆ। ਪਿੱਛੋਂ ਇਕ ਦਿਨ ਜਾ ਕੇ ਉਹ ਸਿਲ਼ ਪੜ੍ਹ ਆਇਆ। ਚਿੱਟੀ ਸਿਲ਼ ‘ਤੇ ਕਾਲੇ ਅੱਖਰਾਂ ਵਿਚ ਅੰਗਰੇਜ਼ੀ ਜ਼ਬਾਨ ਵਿਚ ਖ਼ੁਦਿਆ ਹੋਇਆ ਸੀ ਕਿ ਇਸ ਪਿੰਡ ਵਿਚੋਂ ਪਹਿਲੀ ਵੱਡੀ ਜੰਗ ਵਿਚ ਭਾਗ ਲੈਣ ਲਈ 121 ਬੰਦੇ ਸ਼ਾਮਲ ਹੋਏ ਜਿਨ੍ਹਾਂ ਵਿਚੋਂ ਇਕ ਦੀ ਜਾਨ ਵੀ ਚਲੀ ਗਈ ਸੀ।

ਜੰਗ ਵਿਚ ਸ਼ਾਮਲ ਹੋਏ ਬੰਦਿਆਂ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਸੀ ਉਸ ਸਮਾਗ਼ਮ ‘ਤੇ ਅਤੇ ਮਾਰੇ ਗਏ ਜਵਾਨ ਦੇ ਪਰਿਵਾਰ ਨੂੰ ਪੰਜਾਹ ਰੁਪਏ ਦਾ ਇਨਾਮ ਤੇ ਸਰਟੀਫਿਕੇਟ ਵੀ ਦਿੱਤਾ ਗਿਆ ਸੀ ਅੰਗਰੇਜ਼ ਅਫ਼ਸਰ ਵੱਲੋਂ।

ਅੰਗਰੇਜ਼ ਆਪਣੇ ਲਈ ਲੜਨ ਵਾਲਿਆਂ ਦੀ ‘ਕਦਰ’ ਪਾ ਰਿਹਾ ਸੀ। ਉਹਨਾਂ ਲਈ ਵਫ਼ਾਦਾਰ ਰਹਿਣ ਤੇ ਲੜਨ ਮਰਨ ਵਾਲਿਆਂ ਦੀ ਯਾਦਗ਼ਾਰੀ ਸਿਲ਼ ਲਾ ਕੇ ਨਵੀਂ ਪੀੜ੍ਹੀ ਦੇ ਮਨਾਂ ਵਿਚ ਆਪਣੀ ਵਫ਼ਾਦਾਰੀ ਬਣਾਈ ਰੱਖਣ ਦੀ ਨੀਂਹ ਪੱਕੀ ਕਰ ਰਿਹਾ ਸੀ, ਪਰ ਦੂਜੇ ਪਾਸੇ ਦੇਸ਼ ਲਈ ਲੜਨ ਵਾਲਿਆਂ ਸੂਰਬੀਰਾਂ ਸ਼ਹੀਦਾਂ ਨੂੰ ਭੁਲਾ ਵਿਸਾਰ ਦਿੱਤਾ ਗਿਆ ਸੀ ਤੇ ਜਾਂ ਉਹਨਾਂ ਬਾਰੇ ਡਾਕੂ, ਕਾਤਲ ਤੇ ਲੁਟੇਰੇ ਹੋਣ ਦਾ ਜਾਲ਼ ਬੁਣ ਦਿੱਤਾ ਸੀ ਜਿਸ ਵਿਚ ਫਸੇ ਉਹ ਤੜਫ਼ ਰਹੇ ਸਨ।

ਬਾਬੇ ਇੰਦਰ ਸਿੰਘ ਨੇ ਆਪਣੇ ਕੋਲੋਂ ਪੈਸੇ ਖ਼ਰਚ ਕੇ ਪਿੰਡ ਦੀ ਪਹੁੰਚ-ਸੜਕ ‘ਤੇ ਦੋ ਕਨਾਲ ਜ਼ਮੀਨ ਖ਼ਰੀਦੀ ਸੀ। ਉਸ ਵਿਚ ਇੱਕ ਸ਼ਹੀਦੀ ਲਾਟ ਬਣਾ ਕੇ ਉਸ ਉੱਤੇ ਗ਼ਦਰੀ ਸ਼ਹੀਦਾਂ ਅਤੇ ਹੋਰ ਕੁਰਬਾਨੀ ਵਾਲੇ ਲੋਕਾਂ ਦੇ ਨਾਂ ਖੁਦਵਾ ਦਿੱਤੇ ਸਨ। ਵਿਚ ਨਿੱਕਾ ਜਿਹਾ ਬਗ਼ੀਚਾ ਵੀ ਲਵਾ ਦਿੱਤਾ ਸੀ। ਪਿੰਡ ਦੇ ਅਗਾਂਹਵਧੂ ਨੌਜਵਾਨਾਂ ਤੇ ਕੁਰਬਾਨੀ ਵਾਲੇ ਪਰਿਵਾਰਾਂ ਦੇ ਸਿਆਣੇ ਬੰਦਿਆਂ ਦੀ ਕਮੇਟੀ ਵੀ ਬਣਵਾ ਦਿੱਤੀ ਸੀ। ਪਹਿਲਾਂ ਬਾਬਾ ਇੰਦਰ ਸਿੰਘ, ਫਿਰ ਅਰਜਨ ਸਿੰਘ ਤੇ ਹੁਣ ਕੁਝ ਸਾਲਾਂ ਤੋਂ ਜਗਜੀਤ ਇਸ ਕਮੇਟੀ ਦਾ ਪ੍ਰਧਾਨ ਸੀ।

ਸਤਵੇਂ ਦਹਾਕੇ ਦੇ ਮੁਢਲੇ ਸਾਲਾਂ ਵਿਚ ਅਗਾਂਹਵਧੂ ਲਹਿਰ ਵਿਚ ਆਏ ਉਭਾਰ ਕਾਰਨ ਕਮੇਟੀ ਨੂੰ ਚਲਾਉਣ ਵਾਲੇ ਆਗੂ ਨੌਜਵਾਨਾਂ ਨੇ ਪਿੰਡ ਤੇ ਇਲਾਕੇ ਵਿਚੋਂ ਉਗਰਾਹੀ ਕਰ ਕੇ ਅਤੇ ਬਾਹਰਲੇ ਮੁਲਕਾਂ ਵਿਚ ਰਹਿੰਦੇ ਪਿੰਡ ਵਾਸੀਆਂ ਨੂੰ ਵੰਗਾਰ ਕੇ ਮਾਇਆ ਇਕੱਤਰ ਕੀਤੀ ਤੇ ਏਥੇ ਇਕ ਛੋਟਾ ਹਾਲ ਕਮਰਾ ਵੀ ਬਣਵਾ ਦਿੱਤਾ। ਹਾਲ ਵਿਚ ਮੇਜ਼ ਕੁਰਸੀਆਂ ਲਾ ਕੇ ਅਖ਼ਬਾਰਾਂ ਰਿਸਾਲਿਆਂ ਦਾ ਹੀ ਪ੍ਰਬੰਧ ਨਹੀਂ ਸੀ ਕੀਤਾ ਸਗੋਂ ਚੰਗੇ ਸਾਹਿਤ ਤੇ ਇਨਕਲਾਬੀ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਵਾਲੀ ਲਾਇਬ੍ਰੇਰੀ ਵੀ ਚਾਲੂ ਕਰ ਦਿੱਤੀ ਸੀ। ਕੋਈ ਨਾ ਕੋਈ ਨੌਜਵਾਨ ਵਾਰੀ ਨਾਲ ਲਾਇਬ੍ਰੇਰੀ ਦੀ ਦੇਖ-ਭਾਲ ਲਈ ਤੇ ਕਿਤਾਬਾਂ ਇਸ਼ੂ  ਕਰਨ ਲਈ ਵੀ ਓਥੇ ਬੈਠਣ ਲੱਗਾ। ਬਾਬੇ ਇੰਦਰ ਸਿੰਘ ਦੇ ਚੜ੍ਹਾਈ ਕਰ ਜਾਣ ਪਿੱਛੋਂ ਅਰਜਨ ਸਿੰਘ ਆਪ ਤੇ ਉਹਦੇ ਦੋਵੇਂ ਪੁੱਤ ਲਾਇਬ੍ਰੇਰੀ ਨੂੰ ਬਨਾਉਣ, ਚਲਾਉਣ ਤੇ ਖੋਲ੍ਹਣ ਵਿਚ ਸਦਾ ਅੱਗੇ ਅੱਗੇ ਰਹੇ ਸਨ।

ਪਿਛਲੇ ਦਹਾਕੇ ਵਿਚ ਯਾਦਗ਼ਾਰ ਨਾਲ ਜੁੜੇ ਨੌਜਵਾਨ ਜਾਂ ਤਾਂ ਕੰਮਾਂ ਧੰਦਿਆਂ ‘ਤੇ ਜਾ ਲੱਗੇ ਸਨ ਤੇ ਜਾਂ ਸਮੇਂ ਨਾਲ ਕਈਆਂ ਦੀ ‘ਲਾਲੀ’ ਫਿੱਕੀ ਪੈ ਗਈ ਸੀ। ਕੁਝ ਦੀ ‘ਲਾਲੀ’ ਤਾਂ ‘ਨਿਲੱਤਣ’ ਵਿਚ ਵੀ ਵਟ ਗਈ ਸੀ। ਕੁਝ ਲੋਕ, ਆਪਣੀ ਲਾਲਸਾ ਨੂੰ ਪੱਠੇ ਪਾਉਣ ਲਈ, ਕੁਝ ਨਵੇਂ ਹਾਲਾਤ ਦੇ ਦਬਾਓ ਅਧੀਨ, ਕੁਝ ਸਿੱਖ ਸਟੂਡੈਂਟ ਫੈਡਰੇਸ਼ਨ  ਦੇ ਡਰੇ ਡਰਾਏ ਕਮੇਟੀ ਵਿਚ ਆਪਣੀ ਮਰਜ਼ੀ ਦੀ ਤਬਦੀਲੀ ਕਰਨਾ ਚਾਹੁੰਦੇ ਸਨ ਤੇ ਯਾਦਗ਼ਾਰ ਨੂੰ ਵਰਤਣਾ ਵੀ ਆਪਣੇ ਮਕਸਦ ਲਈ ਲੋੜਦੇ ਸਨ। ਉਹਨਾਂ ਦੇ ਮਕਸਦ ਦੀ ਸੂਹ ਅਰਜਨ ਸਿੰਘ ਨੂੰ ਵੀ ਮਿਲਦੀ ਰਹਿੰਦੀ ਸੀ। ਇਸ ਤਬਦੀਲੀ ਲਈ ਵਿਰੋਧੀ ਧੜੇ ਨੇ ਸਕੱਤਰ ਮੋਹਨ ਸਿੰਘ ਤੇ ਪ੍ਰਧਾਨ ਜਗਜੀਤ ਸਿੰਘ ਦੀ ਸਲਾਹ ਅਤੇ ਮਰਜ਼ੀ ਤੋਂ ਬਿਨਾਂ ਹੀ ਮੀਟਿੰਗ ਵੀ ਸੱਦ ਲਈ। ਪਿੰਡ ਵਿਚ ਢੋਲ ਵੀ ਮਰਵਾ ਦਿੱਤਾ।

ਅੱਜ ਕੱਲ੍ਹ ਉਹਨਾਂ ਦਾ ‘ਰਾਜ’ ਸੀ। ਬੇਮੁਹਾਰ ਹਥਿਆਰਾਂ ਦੀ ਤਾਕਤ ਸੀ ਉਹਨਾਂ ਦੀ ਪਿੱਠ ਪਿੱਛੇ। ਇਕੱਠ ਵਾਲੇ ਦਿਨ ਕਾਮਰੇਡ ਜਗਜੀਤ ਨੇ ਤਾਂ ਓਥੇ ਜਾਣਾ ਬਿਹਤਰ ਨਾ ਸਮਝਿਆ। ਅੱਗ ਵਾਂਗ ਭਖ਼ਦੇ ਮਾਹੌਲ ਵਿਚ ਛਾਲ ਮਾਰਨੋਂ ਝਿਜਕਦਾ ਸੀ ਉਹ। ਉਂਝ ਵੀ ਮੀਟਿੰਗ ਕਿਹੜੀ ਕਮੇਟੀ ਦੇ ਨਿਸਚਿਤ ਸੰਵਿਧਾਨ ਅਨੁਸਾਰ ਹੋ ਰਹੀ ਸੀ! ਹਿੱਕ ਦੇ ਧੱਕੇ ਵਾਲਿਆਂ ਦਾ ਆਪ-ਮੁਹਾਰਾ ਇਕੱਠ ਸੀ। ਪਰ ਅਰਜਨ ਸਿੰਘ ਨੇ ਨੀਲੀ ਦਸਤਾਰ ਬੱਧੀ ਤੇ ਹੱਥ ਵਿਚ ਤਿੰਨ ਫੁੱਟੀ ਕਿਰਪਾਨ ਲੈ ਕੇ ਇਕੱਠ ਵਿਚ ਇੱਕ ਨੁੱਕਰੇ ਜਾ ਖਲੋਤਾ। ਕਿਸੇ ਨੇ ਉਹਦੀ ਬਜ਼ੁਰਗ਼ੀ ਦਾ ਖਿਆਲ ਰੱਖਦਿਆਂ ਉਸਨੂੰ ਬੈਠਣ ਵਾਸਤੇ ਵੀ ਨਾ ਕਿਹਾ। ਆਪ ਉਸਨੇ ਬੈਠਣਾ ਮੁਨਾਸਬ ਹੀ ਨਾ ਸਮਝਿਆ। ਇਕ ਧੜੇ ਦੇ ਕੁਝ ਕੁ ਕਮੇਟੀ ਮੈਂਬਰਾਂ ਤੋਂ ਇਲਾਵਾ ਪਿੰਡ ਦੀ ਹੋਰ ਮੁੰਡ੍ਹੀਰ ਵੀ ਤਮਾਸ਼ਾ ਵੇਖਣ ਲਈ ਆਣ ਜੁੜੀ ਸੀ ਤੇ ਕੁਰਸੀਆਂ ‘ਤੇ ‘ਬਿਰਾਜਮਾਨ’ ਸੀ। ਬਹੁਤੇ ਮੈਂਬਰ ਮਰਜ਼ੀ ਨਾਲ ਜਾਂ ਇਸ ਝਗੜੇ ਤੋਂ ਡਰਦੇ ਆਏ ਹੀ ਨਹੀਂ ਸਨ। ਕੌਣ ਬਲਦੀ ਦੇ ਬੁੱਥੇ ਆਉਂਦਾ!

‘ਲੈਫ਼ਟੀਨੈਂਟ ਜਨਰਲ’ ਗੁਰਜੀਤ ਦਾ ਵੱਡਾ ਭਰਾ ਅਜਾਇਬ ਸਿੰਘ ਆਖਣ ਲੱਗਾ, “ਸਾਧ ਸੰਗਤ ਜੀ! ਅੱਜ ਜਦੋਂ ਕੌਮ ਆਪਣੀ ਅਜ਼ਾਦੀ ਦੀ ਲੜਾਈ ਲੜ ਰਹੀ ਆ ਤਾਂ ਕਾਮਰੇਡ ਸਰਕਾਰ ਦਾ ਸਾਥ ਦੇ ਕੇ ਪੰਥ ਨਾਲ ਧ੍ਰੋਹ ਕਮਾ ਰਹੇ ਹਨ। ਸਾਡੀ ਪਹਿਲੀ ਮੰਗ ਤਾਂ ਇਹ ਹੈ ਕਿ ਕਮੇਟੀ ਦਾ ਪ੍ਰਧਾਨ ਕੋਈ ‘ਕਾਮਰੇਡ’ ਨਹੀਂ ਹੋਣਾ ਚਾਹੀਦਾ। ਉਂਝ ਵੀ ਖ਼ਾਲਸਾ ਜੀ! ਇਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਜੋ ਵਰ੍ਹਿਆਂ ਤੋਂ ਇਕੋ ਪਰਿਵਾਰ ਦਾ ਹੀ ਕੋਈ ਨਾ ਕੋਈ ਬੰਦਾ ਇਹਦਾ ਪ੍ਰਧਾਨ ਤੁਰਿਆ ਆਵੇ!”

ਅਕਾਲੀ ਵਿਚਾਰਾਂ ਦਾ ਕਮੇਟੀ ਮੈਂਬਰ ਭਜਨ ਸਿੰਘ ਹੁੰਗਾਰਿਆ, “ਹੂੰ, ਹੂੰ, ਆਹੋ। ਅਸੀਂ ਤਾਂ ਕਈ ਚਿਰ ਦੇ ਆਂਹਦੇ ਆਂ।”

ਉਹ ਵੀ ਪਿੰਡ ਦੇ ਕਿਸੇ ਗ਼ਦਰੀ ਪਰਿਵਾਰ ਦਾ ਪੋਤਰਾ ਸੀ। ਇਸੇ ਕਰਕੇ ਕਮੇਟੀ ਦਾ ਮੈਂਬਰ ਸੀ। ਬਹੁਤੇ ਮੈਂਬਰ ਹੈ ਈ ਉਹ ਸਨ ਜਿਹਨਾਂ ਦਾ ਕੋਈ ਨਾ ਕੋਈ ਵਡੇਰਾ ਗ਼ਦਰ ਪਾਰਟੀ ਵਿਚ ਸ਼ਾਮਲ ਰਿਹਾ ਸੀ ਜਾਂ ਜਿਨ੍ਹਾਂ ਦੇ ਕਿਸੇ ਬਜ਼ੁਰਗ ਨੇ ਗੁਰਦਵਾਰਿਆਂ ਨੂੰ ਆਜ਼ਾਦ ਕਰਾਉਣ ਲਈ ਕਿਸੇ ਮੋਰਚੇ ਵਿਚ ਜਾਂ ਕਿਸੇ ਕਿਸਾਨ ਮੋਰਚੇ ਵਿਚ ਆਜ਼ਾਦੀ ਤੋਂ ਪਹਿਲਾਂ ਕੈਦ ਕੱਟੀ ਸੀ। ਕੁਝ ਮੈਂਬਰ ਉਹ ਵੀ ਸਨ ਜਿਹੜੇ ਦਿੱਖ ਵਜੋਂ ਅਗਾਂਹਵਧੂ ਵਿਚਾਰਾਂ ਦੇ ਸਨ। ਕੁਝ ਸਾਲ ਪਹਿਲਾਂ ਜਦੋਂ ਗੁਰਜੀਤ ਦਾ ਵੱਡਾ ਭਰਾ ਅਜਾਇਬ ਸਿੰਘ ਇਸ ਕਮੇਟੀ ਦਾ ਮੈਂਬਰ ਬਣਿਆਂ ਸੀ ਤਾਂ ਉਹ ਵੀ ‘ਕਾਮਰੇਡ’ ਹੀ ਹੁੰਦਾ ਸੀ!
ਇਕੱਠ ਵਿਚ ਖ਼ਾਮੋਸ਼ੀ ਛਾ ਗਈ। ਸਾਰੇ ਅਰਜਨ ਸਿੰਘ ਦੇ ਮੂੰਹ ਵੱਲ ਵੇਖਣ ਲੱਗੇ। ਕੋਈ ਵੀ ਬੋਲ ਨਹੀਂ ਸੀ ਰਿਹਾ।

ਅਰਜਨ ਸਿੰਘ ਨੇ ਜੇਬ ਵਿਚੋਂ ਇਕ ਕਾਗਜ਼ ਕੱਢਿਆ ਤੇ ਲਾਗੇ ਖਲੋਤੇ ਮੁੰਡੇ ਦੇ ਹੱਥ ਵਿਚ ਫੜਾ ਦਿੱਤਾ। ਹੱਥੋ ਹੱਥ ਤੁਰਦਾ ਕਾਗ਼ਜ਼ ਮੁੱਖ ਬੁਲਾਰੇ ਕੋਲ ਪਹੁੰਚ ਗਿਆ। ਇਹ ਕਮੇਟੀ ਦੀ ਪ੍ਰਧਾਨਗੀ ਤੋਂ ਜਗਜੀਤ ਸਿੰਘ ਦਾ ਅਸਤੀਫ਼ਾ ਸੀ। ਅਜਾਇਬ ਸਿੰਘ ਨੇ ਬੜੇ ਉਤਸ਼ਾਹ ਵਿਚ ਪੜ੍ਹ ਕੇ ਸੁਣਾਇਆ। ਅੱਜ ਜਿਹੜੇ ਮੁੰਡੇ ਬਿੱਲੂ ਦੇ ਹੱਥ ਵਿਚ ਸਟੇਨ ਗੰਨ ਸੀ, ਉਹ ਉਹਨੀਂ ਦਿਨੀਂ ਅਜੇ ‘ਭਗੌੜਾ’ ਨਹੀਂ ਸੀ ਹੋਇਆ। ਉਸਨੇ ਜ਼ੋਰ ਦੀ ਜੈਕਾਰਾ ਬੁਲਾਇਆ ਅਤੇ ਫਿਰ ਆਪ ਹੀ ਪਹਿਲਾਂ ਸੋਚਿਆ ਫ਼ੈਸਲਾ ਸੁਣਾ ਦਿੱਤਾ, “ਲੈਫ਼ਟੀਨੈਂਟ ਜਰਨੈਲ ਗੁਰਜੀਤ ਸਿੰਘ ਦੇ ਵੱਡੇ ਭਾ ਜੀ ਸਰਦਾਰ ਅਜਾਇਬ ਸਿੰਘ ਅੱਜ ਤੋਂ ਏਸ ਕਮੇਟੀ ਦੇ ਪ੍ਰਧਾਨ ਹੋਏ।” ਮੁੰਡ੍ਹੀਰ ਵਿਚੋਂ ਕਿਸੇ ਨੇ ਫੇਰ ਜੈਕਾਰਾ ਛੱਡਿਆ।

ਅੰਦਰੇ ਅੰਦਰ ਅਰਜਨ ਸਿੰਘ ਨੂੰ ਆਪਣੇ ਇਕੱਲੇ ਰਹਿ ਜਾਣ ‘ਤੇ ਸ਼ਰਮਿੰਦਗੀ ਆਈ। ਉਸਨੂੰ ‘ਕਾਮਰੇਡਾਂ’ ‘ਤੇ ਗੁੱਸਾ ਵੀ ਆਇਆ ਕਿ ਉਹਨਾਂ ਦੀ ਧਿਰ ਖੁਰਦੀ ਖੁਰਦੀ ਅਸਲੋਂ ਹੀ ਕਿਉਂ ਖੁਰ ਗਈ ਸੀ! ਉਹਨਾਂ ਵਿਚੋਂ ਜਾਂ ਉਹਨਾਂ ਵੱਲੋਂ ਕੋਈ ਤਾਂ ਬੋਲਣ ਵਾਲਾ ਹੁੰਦਾ ਏਥੇ!

ਚੁਣੀ ਹੋਈ ਕਮੇਟੀ ਦੇ ਪੰਝੀ ਬੰਦਿਆਂ ਵਿਚੋਂ ਉਹਦੇ ਆਪਣੇ ਸਣੇ ਮਸਾਂ ਸੱਤ ਮੈਂਬਰ ਹਾਜ਼ਰ ਸਨ। ਬਾਕੀ ਭੀੜ ਤਾਂ ਤਮਾਸ਼ਬੀਨਾਂ ਦੀ ਸੀ। ਨਵਾਂ ਬਣਿਆਂ ‘ਪ੍ਰਧਾਨ’ ਕਹਿਣ ਲੱਗਾ, “ਸਾਧ ਸੰਗਤ ਜੀ! ਬਾਕੀ ਮੈਂਬਰ ਅਸੀਂ ਆਪੇ ਹੀ ਆਪਸ ਵਿਚ ਬੈਠ ਕੇ ਆਪਸੀ ਸਲਾਹ ਨਾਲ ਚੁਣ ਲਵਾਂਗੇ। ਦੂਜੀ ਗੱਲ ਜਿਹੜੀ ਅਸੀਂ ਸਭ ਤੋਂ ਪਹਿਲਾਂ ਕਰਨੀ ਏਂ ਉਹ ਇਹ ਹੈ ਕਿ ਅਸੀਂ ਲਾਇਬ੍ਰੇਰੀ ਵਿਚ ਲੱਗੀਆਂ ਇਹਨਾਂ ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਨਾਲ ‘ਆਪਣੇ ਹੁਣ ਵਾਲੇ ਏਸ ਦੌਰ ਦੇ ਧਰਮ ਯੁਧ ਦੇ ਸ਼ਹੀਦਾਂ ਸੂਰਮਿਆਂ’ ਦੀਆਂ ਤਸਵੀਰਾਂ ਵੀ ਲਾਉਣੀਆਂ ਨੇ ਤਾਕਿ ਉਹਨਾਂ ਦੀ ਯਾਦ ਵੀ ਰਹਿੰਦੀ ਦੁਨੀਆਂ ਤੱਕ ਪੰਥ ਦੇ ਚੇਤਿਆਂ ਵਿਚ ਜਿਊਂਦੀ ਰਹਿ ਸਕੇ।”

ਨਾਲ ਖਲੋਤੇ ਬਿੱਲੂ ਨੇ ਫਿਰ ਤੋਂ ਜੈਕਾਰਾ ਛੱਡਿਆ।
“ਖਲੋ ਜਾ ਉਏ! ਭੂਤਰੀ ਮੁੰਡ੍ਹੀਰੇ!”
ਅੱਗ ਭਬੂਕਾ ਹੋ ਕੇ ਅਰਜਨ ਸਿੰਘ ਗਰਜਿਆ। ਲ਼ਾਲ ਅੱਖਾਂ। ਤਪਦਾ ਚਿਹਰਾ।

ਉਹ ‘ਨਵੇਂ ਚੁਣੇ ਪ੍ਰਧਾਨ’ ਨੂੰ ਸਿੱਧਾ ਮੁਖ਼ਾਤਬ ਹੋਇਆ, “ਬਾਕੀ ਮੈਂਬਰ ਤੂੰ ਆਪੇ ਆਪਣੀ ਸਲਾਹ ਨਾਲ ਚੁਣ ਲਏਂਗਾ! ਹੈਂਅ! ਕਿਉਂ ਤੇਰੇ ਪਿਉ ਦਾ ਰਾਜ ਆ ਉਏ! ਤੇ ਜਿਹੜੇ ‘ਸ਼ਹੀਦਾਂ’ ਦੀਆਂ ਤੂੰ ਏਥੇ ਫੋਟੋ ਲਾਉਣਾ ਚਾਹੁੰਦੈਂ, ਉਹਨਾਂ ਦੀ ਗੱਲ ਤਾਂ ਬਾਅਦ ‘ਚ ਕਰਦਾਂ ਪਹਿਲਾਂ ਐਥੇ ਹੀ ਮੇਰੇ ਹੱਥੋਂ ਜਿਹੜਾ ਮਾਈ ਦਾ ਲਾਲ ਸ਼ਹੀਦ ਹੋਣਾ ਚਾਹੁੰਦੈ, ਉਹਦੀ ਫੋਟੋ ਲਾਇਓ ਏਥੇ। ਹੁਣ ਅੱਗੇ ਆਵੇ ਕੋਈ ਆਪਣੀ ਤਸਵੀਰ ਲਵਾਉਣ ਵਾਲਾ! ਮੈਂ ਛਕਾਉਂਦਾ ਉਹਨੂੰ ਸ਼ਹੀਦੀ ਬਾਟਾ!” ਉਸਨੇ ਪਿੱਛੇ ਹਟ ਕੇ ਮਿਆਨ ‘ਚੋਂ ਲਿਸ਼ਕਦੀ ਤਲਵਾਰ ਕੱਢ ਕੇ ਵਾਰ ਕਰਨ ਵਰਗਾ ਪੈਂਤੜਾ ਲੈ ਲਿਆ।

ਸਭ ਨੂੰ ਸੱਪ ਸੁੰਘ ਗਿਆ। ਮੂੰਹਾਂ ਉੱਤੋਂ ਹਵਾਈਆਂ ਛੁੱਟਣ ਲੱਗੀਆਂ।

“ਉਸ ਠੇਠਰ ਦੀ ਫੋਟੋ ਲਾਉਣੀ ਜੇ ਏਥੇ ਜਿਹੜਾ ਗਰੀਬ ਜੱਟਾਂ ਦੀ ਧੀ ਦੀ ਇਜ਼ਤ ਕਮਾਦਾਂ ਵਿਚ ਰੋਲਦਾ ਰਿਹਾ ਤੇ ਫਿਰ ਘੇਰਾ ਪੈਣ ‘ਤੇ ‘ਸ਼ਹੀਦ’ ਹੋ ਗਿਆ!”

ਅਰਜਨ ਸਿੰਘ ਨੇ ਆਪਣੇ ਹੀ ਭਾਈਚਾਰੇ ਦੇ ਉਸ ਮੁੰਡੇ ਦਾ ਜ਼ਿਕਰ ਕੀਤਾ ਜਿਹੜਾ ਆਪਣੇ ਗੁਪਤਵਾਸ ਸਮੇਂ ਕਿਸੇ ਬਹਿਕ ‘ਤੇ ਅਕਸਰ ਜਾਂਦਾ ਰਹਿੰਦਾ ਸੀ। ਜਿਸਨੇ ਉਹਨਾਂ ਦੀ ਮੁਟਿਆਰ ਧੀ ਫੁਸਲਾ ਕੇ ਆਪਣੇ ਨਾਲ ਭਜਾ ਲਈ ਸੀ ਤੇ ਉਸਦੀ ਪਤ ਰੋਲਦਾ ਰਿਹਾ ਸੀ। ਉਸ ਗ਼ਰੀਬ ਕਿਸਾਨ ਨੇ ਆਪਣੀ ਧੀ ਮੋੜ ਦੇਣ ਲਈ ਕਈ ਥਾਈਂ ਟੱਕਰਾਂ ਮਾਰੀਆਂ ਸਨ। ਤਰਲੇ ਲਏ ਸਨ। ਅਰਜਨ ਸਿੰਘ ਨੂੰ ਅਸਰ-ਰਸੂਖ ਵਾਲਾ ਬੰਦਾ ਸਮਝ ਕੇ ਉਹ ਉਸ ਕੋਲ ਵੀ ਆਇਆ ਸੀ। ਉਹਦੀ ਧੀ ਤਾਂ ਮੁੰਡੇ ਦੇ ਮਾਰੇ ਜਾਣ ਤੋਂ ਪਿੱਛੋਂ ਪੁਲਿਸ ਨੂੰ ਅਰਧ-ਕਮਲੀ ਹੋਈ ਕਮਾਦ ਵਿਚੋਂ ਮਿਲੀ ਸੀ।

ਕਿਸੇ ਦੇ ਮੂੰਹ ਵਿਚ ਜਿਵੇਂ ਜ਼ਬਾਨ ਨਹੀਂ ਸੀ।

“ਆਓ ਤਾਂ ਸਹੀ ਕੋਈ ਅੱਗੇ। ਮੈਂ ਤਾਂ ਮਰਨਾ ਠਾਣ ਲਿਐ। ਪਰ ਤੁਹਾਨੂੰ ਕਿਸੇ ਨਾ ਕਿਸੇ ਨੂੰ ‘ਸ਼ਹੀਦੀ ਜਾਮ’ ਪਿਆ ਕੇ ਈ ਮਰੂੰ। ਤੇ ਤੂੰ ਕਹਿਦੈਂ ਇਹ ਯਾਦਗ਼ਾਰ ਕਿਸੇ ਦੀ ‘ਨਿੱਜੀ ਜਾਇਦਾਦ’ ਨਹੀਂ! ਜੇ ਫੇਰ ਪੁੱਛਦੈਂ ਤਾਂ ਇਹ ਮੇਰੀ ‘ਨਿੱਜੀ ਜਾਇਦਾਦ’ ਈ ਊ ਉਏ! ਇਸ ਕਰਕੇ ਨਹੀਂ ਕਿ ਮੇਰੇ ਪਿਓ ਨੇ ਆਪਣੇ ਪੱਲਿਓ ਪੈਸੇ ਖ਼ਰਚ ਕੇ ਇਹ ਥਾਂ ਖ਼ਰੀਦੀ ਸੀ ਤੇ ਏਥੇ ਯਾਦਗ਼ਾਰ ਉਸਾਰੀ ਸੀ। ਇਹ ਮੇਰੀ ‘ਨਿੱਜੀ ਜਾਇਦਾਦ’ ਇਸ ਕਰਕੇ ਹੈ ਕਿ ਇਹ ਜਿਨ੍ਹਾਂ ਦੀ ਯਾਦ ਵਿਚ ਉਸਾਰੀ ਗਈ ਹੈ, ਉਹ ਸਾਰੇ ਮੇਰੇ ਆਪਣੇ ‘ਨਿੱਜੀ’ ਸਨ, ਮੇਰੇ ‘ਨਿਗਦੇ’ ਸਨ। ਉਹ ਕਿਸੇ ਨਿੱਜੀ ਰਿਸ਼ਤੇ ਕਰਕੇ ਨਹੀਂ, ਵਿਚਾਰਾਂ ਦੀ ਸਾਂਝ ਕਰਕੇ ਮੇਰੇ ਆਪਣੇ ਨੇ। ਉਹਨਾਂ ਦੇ ਵਿਚਾਰਾਂ ਦੀ, ਉਹਨਾਂ ਦੇ ਅਮਲਾਂ ਦੀ ਵਿਰਾਸਤ ਮੇਰੀ ਆਪਣੀ ਹੈ। ਮੇਰੀ ‘ਨਿੱਜੀ’। ਇਹ ਧਰਮ-ਨਿਰਪੱਖ, ਅਗਾਂਹਵਧੂ ਵਿਚਾਰਾਂ ਵਾਲੀ ਤੇ ਸਰਬੱਤ ਦਾ ਭਲਾ ਚਾਹੁਣ ਵਾਲੀ ਵਿਰਾਸਤ ਹੀ ਮੇਰੀ ‘ਨਿੱਜੀ ਜਾਇਦਾਦ’ ਹੈ। ਮੈਂ ਇਸ ਨਿੱਜੀ ਜਾਇਦਾਦ ‘ਤੇ ਇੰਜ ਕਿਸੇ ਡਾਕਾ ਨਹੀਂ ਪੈਣ ਦੇਣਾ ਉਏ!”

ਉਸਦੀ ਨਜ਼ਰ ਅਚਨਚੇਤ ਆਪਣੇ ਸੱਜੇ-ਖੱਬੇ ਆਣ ਖੜੋਤੇ ਦੋ ਨੌਜਵਾਨਾਂ ਵੱਲ ਮੁੜੀ। ਉਹਦੇ ਦੋਵੇਂ ਪੋਤਰੇ ਸਨ। ਮਸ-ਫੁੱਟ। ਜਵਾਨੀ ਦੀਆਂ ਬਰੂਹਾਂ ਦੇ ਆਰ-ਪਾਰ ਖਲੋਤੇ ਦਰਸ਼ਨੀ ਜਵਾਨ। ਹੱਥਾਂ ਵਿਚ ਹਾਕੀ-ਸਟਿੱਕਾਂ ਮਜ਼ਬੂਤੀ ਨਾਲ ਫੜ੍ਹੀਆਂ ਹੋਈਆਂ। ਉਹਨਾਂ ਦੋਵਾਂ ਵੱਲ ਤਰਦੀ ਝਾਤੀ ਸੁੱਟ ਕੇ ਉਸਨੇ ਲਲਕਾਰਾ ਮਾਰਿਆ ਤੇ ਕੁਰਸੀ ਮੱਲ ਕੇ ਬੈਠੇ ਕਿਸੇ ਵਾਫ਼ਰ ਮੁੰਡੇ ਦੀ ਕੁਰਸੀ ਨੂੰ ਪਾਸੇ ਧੱਕਿਆ, “ਪਾਸੇ ਹੋ ਉਏ ਛੋਕਰਿਆ! ਰਾਹ ਛੱਡ।”

ਤੇ ਉਹ ਉੱਘਰੀ ਕਿਰਪਾਨ ਲੈ ਕੇ ਇਕੱਠ ਦੇ ਵਿਚਕਾਰ ਜਾ ਖਲੋਤਾ ਤੇ ਲਲਕਾਰਾ ਮਾਰਿਆ, “ਏਥੇ ਕਿਉਂਕਿ ਕਮੇਟੀ ਦੀ ਮੀਟਿੰਗ ਈ ਸੱਦੀ ਗਈ ਏ, ਭਾਵੇਂ ਇਹ ਠੀਕ ਆ ਜਾਂ ਗ਼ਲਤ, ਇਹਦਾ ਫ਼ੈਸਲਾ ਵੀ ਹੋ ਜਾਊ। ਪਰ ਹਾਲ ਦੀ ਘੜੀ ਜਿਹੜਾ ਕਮੇਟੀ ਦਾ ਮੈਂਬਰ ਏ ਉਹ ਈ ਏਥੇ ਬੈਠਾ ਰਹੇ ਤੇ ਬਾਕੀ ਭਲੇਮਾਣਸ ਬਣ ਕੇ ਹਾਲ ਕਮਰੇ ‘ਚੋਂ ਬਾਹਰ ਹੋ ਜਾਓ। ਇਕ ਮਿੰਟ ਵਿਚ। ਫੇਰ ਨਾ ਆਖਿਓ। ਭਗਉਤੀ ਮੇਰੇ ਹੱਥ ‘ਚ ਏ। ਕਿਤੇ ਇਹ ਗੁਰੂ ਦੇ ਹੁਕਮ ਨਾਲ ਚੱਲ ਨਾ ਜਾਵੇ! ਤੁਹਾਡਾ ਏਥੇ ਕੋਈ ਕੰਮ ਨਹੀਂ।”

ਕਿਰਨ-ਮ-ਕਿਰਨੀ ਸਾਰਾ ਛੋਕਰ-ਵਾਧਾ ਉੱਠ ਕੇ ਬਾਹਰ ਨੂੰ ਤੁਰ ਪਿਆ।

“ਵਾਧਾ ਕਰਦਾ ਏਂ ਤੂੰ ਚਾਚਾ ਅਰਜਨ ਸਿਅਹਾਂ!” ਅਕਾਲੀ ਮੈਂਬਰ ਭਜਨ ਸਿੰਘ ਨੇ ਕਿਹਾ।
ਹੁਣ ਸਿਰਫ਼ ਅਰਜਨ ਸਿੰਘ ਦੇ ਦੋਵਾਂ ਪੋਤਰਿਆਂ ਤੋਂ ਇਲਾਵਾ ਕਮੇਟੀ ਦੇ ਚੁਣੇ ਹੋਏ ਸੱਤ ਮੈਂਬਰ ਹੀ ਹਾਲ ਵਿਚ ਰਹਿ ਗਏ ਸਨ।

“ਮੁੰਡਿਓ! ਤੁਸੀਂ ਵੀ ਬਾਹਰ ਜਾ ਕੇ ਖਲੋਵੋ।”

ਅਰਜਨ ਸਿੰਘ ਨੇ ਆਪਣੇ ਪੋਤਰਿਆਂ ਨੂੰ ਕਿਹਾ ਤੇ ਫਿਰ ਭਜਨ ਸਿੰਘ ਨੂੰ ਮੁਖ਼ਾਤਬ ਹੋਇਆ, “ਵਾਧਾ ਤਾਂ ਤੂੰ ਕੀਤੈ ਭਜਨ ਸਿਅਹਾਂ! ਕਈ ਚਿਰ ਦਾ ਤੂੰ ਆਪ ਪ੍ਰਧਾਨਗੀ ਲਈ ਖੁੱਡ ਪੁੱਟਦਾ ਪਿਆ ਸੈਂ ਅੰਦਰੇ ਅੰਦਰ। ਸਾਨੂੰ ਭਲਾ ਇਸਦੀ ਖ਼ਬਰ ਨਹੀਂ ਸੀ! ਪਰ ਆਹ ਕੀ ਤਰੀਕਾ ਵਰਤਿਆ ਈ! ਮੁੰਡਿਆਂ ਦੇ ਹਥਿਆਰਾਂ ਦੇ ਜ਼ੋਰ ‘ਤੇ ਪ੍ਰਧਾਨਗੀ ਹਥਿਆਉਣਾ ਚਾਹੁੰਦਾ ਸੈਂ ਨਾ! ਮਿਲੀ ਤੈਨੂੰ ਉਹ ਵੀ ਨਾ। ਪ੍ਰਧਾਨਗੀ ਤਾਂ ਲੈ ਗਿਆ ਅਜੈਬ ਸੁੰਹ। ਪਰ ਅਜੈਬ ਸਿਅਹਾਂ! ਪ੍ਰਧਾਨ ਤੂੰ ਵੀ ਨਹੀਂ। ਕਿਉਂਕ ਇਹ ਮੀਟਿੰਗ ਨਿਯਮ ਅਨੁਸਾਰ ਨਹੀਂ ਸੱਦੀ ਗਈ। ਤੇ ਜੇ ਇਸ ਮੀਟਿੰਗ ਨੂੰ ਜਾਇਜ਼ ਸੱਦਿਆ ਮੰਨ ਵੀ ਲਈਏ ਤਾਂ ਅਹੁਦੇਦਾਰਾਂ ਨੂੰ ਅਹੁਦੇ ਤੋਂ ਲਾਹੁਣ ਲਈ ਕੋਰਮ  ਪੂਰਾ ਨਹੀਂ। ਤੇ ਤੂੰ ਤਾਂ ਕਿਸੇ ਸੂਰਤ ਵਿਚ ਪ੍ਰਧਾਨ ਬਣ ਈ ਨਹੀਂ ਸਕਦਾ ਕਿਉਂਕਿ ਕਮੇਟੀ ਦੇ ਵਿਧਾਨ ਅਨੁਸਾਰ ਮੁੱਖ ਅਹੁਦੇਦਾਰ ਸਿਰਫ਼ ਦੇਸ਼ ਭਗਤਾਂ ਦੇ ਪਰਿਵਾਰਾਂ ਵਿਚੋਂ ਈ ਕੋਈ ਬਣ ਸਕਦੈ। ਜਿੱਥੋਂ ਤੱਕ ਸਾਡੇ ਟੱਬਰ ਦੀ ਗੱਲ ਏ, ਅਸੀਂ ਅੱਗੇ ਤੋਂ ਪ੍ਰਧਾਨਗੀ ਛੱਡੀ। ਪਰਿਵਾਰਵਾਦ ਵਾਲੀ ਗੱਲ ਹੈ ਈ ਮਾੜੀ। ਪਰ ਸਾਨੂੰ ਅੱਗੇ ਲਾਉਂਦੇ ਵੀ ਤਾਂ ਤੁਸੀਂ ਹੀ ਰਹੇ ਓ। ਭਜਨ ਸਿਅਹਾਂ! ਜੇ ਕਮੇਟੀ ਮੈਂਬਰ ਤੈਨੂੰ ਪ੍ਰਧਾਨ ਬਨਾਉਣਗੇ ਤਾਂ ਤੂੰ ਈ ਬਣ ਜਾਵੀਂ ਪਰ ਬਣੇਂਗਾ ਲੋਕ-ਰਾਜੀ ਢੰਗ ਨਾਲ। ਵੋਟਾਂ ਪੈ ਕੇ। ਤੇ ਜਿੰਨਾਂ ਚਿਰ ਨਵੇਂ ਪ੍ਰਧਾਨ ਦੀ ਚੋਣ ਲੋਕ-ਰਾਜੀ ਢੰਗ ਨਾਲ ਨਹੀਂ ਹੁੰਦੀ, ਓਨੇ ਦਿਨ ਏਥੇ ਮੇਰਾ ਡਿਕਟੇਟਰੀ ਰਾਜ ਚੱਲੂ। ਤੁਸੀਂ ਹੁਣ ਵਾਹਗੁਰੂ ਕਹਿ ਕੇ ਏਥੋਂ ਉੱਠੋ ਤੇ ਬਾਹਰ ਚੱਲੋ।”

“ਅਸੀਂ ਤਾਂ ਪਹਿਲਾਂ ਈ ਇਹਨਾਂ ਨੂੰ ਇਹ ਗੱਲ ਆਖਦੇ ਸਾਂ।” ਦੋ ਕੁ ਮੈਂਬਰਾਂ ਨੇ ਉੱਠਦਿਆਂ ਬੁੜ ਬੁੜ ਕੀਤੀ।

ਉਸ ਰਾਤ ਨੂੰ ਸਾਰਾ ਪਰਿਵਾਰ ਰੋਟੀ ਖਾ ਕੇ ਸੁਫ਼ੇ ਵਿਚ ਮੰਜਿਆਂ ‘ਤੇ ਜੁੜ ਬੈਠੇ ਤਾਂ ਅਚਨਚੇਤ ਵੱਡੇ ਪੋਤਰੇ ਨੇ ਕਿੱਲੀ ‘ਤੇ ਲਿਆ ਕੇ ਟੰਗੀ ਬਾਪੂ ਦੀ ਕਿਰਪਾਨ ਲਾਹ ਲਈ। ਫਿਰ ਉਹਨੂੰ ਮੁੱਠ ਤੋਂ ਫੜ੍ਹ ਕੇ ਥੋੜ੍ਹਾ ਕੁ ਮਿਆਨੋਂ ਬਾਹਰ ਕੱਢ ਕੇ ਹੱਸਿਆ, “ਅੱਜ ਬਾਪੂ ਜੀ ਦੇ ਹੱਥ ਫੜ੍ਹੀ ਕਿਰਪਾਨ ਦਾ ਚਮਤਕਾਰ ਵੇਖਿਆ। ਇੱਕੋ ਲਲਕਾਰਾ ਮਾਰਿਆ; ਸਭ ਕੱਚੇ ਪਿੱਲੇ ਝੜ ਗਏ ਤੇ ਹਾਲ ਵਿਚੋਂ ਬਾਹਰ ਹੋ ਗਏ।”

ਅਰਜਨ ਸਿੰਘ ਨੇ ਵਰਜਿਆ, “ਕਾਕਾ! ਕਿਰਪਾਨ ਐਵੇਂ ਇਸਤਰ੍ਹਾਂ ਮਿਆਨ ਵਿਚੋਂ ਬਾਹਰ ਨਹੀਂ ਕੱਢੀਦੀ!”
“ਕਿਉਂ ਬਾਪੂ ਜੀ?”

ਅਰਜਨ ਸਿੰਘ ਨੂੰ ਆਪਣਾ ਬਾਪੂ ਚੇਤੇ ਆਇਆ, “ਉਦੋਂ ਕੱਢੀਦੀ ਏ ਜਦੋਂ ਆਪਣਾ ਬਚਾਅ ਕਰਨਾ ਹੋਵੇ ਜਾਂ ਕਿਸੇ ਦੀਨ-ਦੁਖੀ ਦੀ ਰੱਖਿਆ ਕਰਨੀ ਹੋਵੇ!”
ਤੇ ਉਸਨੇ ਕੁਝ ਹੋਰ ਵੀ ਨਾਲ ਜੋੜ ਲਿਆ, “ਤੇ ਜਾਂ ਫਿਰ ਉਦੋਂ ਜਦੋਂ ਤੁਹਾਡੇ ਅੰਦਰ ਬੈਠਾ ਗੁਰੂ ਤੁਹਾਨੂੰ ਵੰਗਾਰ ਕੇ ਆਖੇ ਕਿ ਭਾਈ ਸਿੱਖਾ! ਹੁਣ ਸੱਚ ਸੁਣਾ, ਸੱਚ ਸੁਨਾਉਣ ਦਾ ਵੇਲਾ ਆ ਗਿਐ; ਤੇ ਜੇ ਕਿਸੇ ਨੂੰ ਫਿਰ ਵੀ ਬੋਲਿਆ ਗਿਆ ਸੱਚ ਨਹੀਂ ਸੁਣਦਾ, ਜਾਂ ਉਹ ਸੁਣਨਾ ਹੀ ਨਹੀਂ ਚਾਹੁੰਦਾ ਤੇ ਘੋਗਲ-ਕੰਨਾਂ ਬਣਿਆਂ ਫਿਰਦੈ ਤਾਂ ਫਿਰ ਸ਼ਾਇਦ ਉਸਨੂੰ ਕਿਰਪਾਨ ਦੀ ਆਵਾਜ਼ ਸੁਣਨੀ/ਸੁਨਾਉਣੀ ਹੀ ਠੀਕ ਲੱਗਦੀ ਏ।”
“ਏਸੇ ਕਰਕੇ ਹੀ ਤਾਂ ਅਰਦਾਸ ਕਰਦਿਆਂ ਸਭ ਤੋਂ ਪਹਿਲਾਂ ਭਗਉਤੀ ਨੂੰ ਸਿਮਰਿਆ ਜਾਂਦਾ ਏ। ਕਹਿੰਦੇ ਨੇ ਨਾ, ‘ਪ੍ਰਿਥਮ ਭਗਉਤੀ ਸਿਮਰ ਕੇ ਨਾਨਕ ਲਈਂ ਧਿਆਏ।’ ਬੜੀ ਕਰਾਮਾਤ ਹੈ ਭਗਉਤੀ ਵਿਚ!” ਮਾਸਟਰ ਹਰਜੀਤ ਸਿੰਘ ਨੇ ਕਿਹਾ।
“ਨਾ ਨਾ ਨਾ! ਮੈਂ ਪਹਿਲਾਂ ਏਹ ਭਗਉਤੀ ਨਹੀਂ ਸਿਮਰਦਾ।”
“ਫਿਰ?”
“ਅਰਦਾਸ ਵਿਚ ਤਾਂ ‘ਭਗਉਤੀ’ ਦੇ ਅਰਥ ਸ਼ਾਇਦ ਓਸ ਵਾਹਗੁਰੂ ਜਾਂ ਪਾਰਬ੍ਰਹਮ ਦੇ ਹੀ ਨੇ, ਪਰ ਇਸਨੂੰ ਸੁਣਨ ਤੇ ਸਮਝਣ ਵਾਲਿਆਂ ਇਹ ਅਰਥ ਸਿਰਫ਼ ਕਿਰਪਾਨ ਤੱਕ ਹੀ ਘਟਾ ਲਏ ਨੇ। ਤੇ ਜੇ ‘ਵਾਹਗੁਰੂ’ ਦੇ ਥਾਂ ਉਸਦੇ ਅਰਥ ਸਿਰਫ਼ ਕਿਰਪਾਨ ਦੇ ਹੀ ਲਏ ਜਾਣੇ ਨੇ ਤਾਂ ਫਿਰ ਮੈਂ ਤਾਂ ਪਹਿਲਾਂ ‘ਪ੍ਰਿਥਮੈ ਨਾਨਕ ਸਿਮਰ ਕੇ’ ਹੀ ਅੱਗੇ ਤੁਰਦਾਂ। ਨਾਨਕ ਨੂੰ ਸਿਮਰੇ ਬਿਨਾਂ ਜਾਂ ਨਾਨਕ ਤੱਕ ਪਹੁੰਚਣ ਤੋਂ ਪਹਿਲਾਂ ਚੱਲੀ ਭਗਉਤੀ ਬੜੀਆਂ ਗੜਬੜਾਂ ਕਰ ਸਕਦੀ ਏ।”

ਜਗਜੀਤ ਸਿੰਘ ਹੱਸਿਆ, “ਬਾਪੂ ਜੀ! ਤੁਹਾਡੀ ਖ਼ਾਹ-ਮ-ਖ਼ਾਹ ਪੰਗਾ ਲੈਣ ਦੀ ਆਦਤ ਨਹੀਂ ਜਾਂਦੀ। ਪਹਿਲਾਂ ਤਾਂ ਤੁਹਾਨੂੰ ਅੱਜ ਜਾਣਾ ਨਹੀਂ ਸੀ ਚਾਹੀਦਾ ਓਥੇ। ਕੋਈ ਅਭੀ ਨਭੀ ਹੋ ਜਾਂਦੀ ਤਾਂ! ਮੈਂ ਤਾਂ ਤੁਹਾਡੀ ਜ਼ਿਦ ਕਰਕੇ ਅਸਤੀਫ਼ਾ ਲਿਖ ਕੇ ਦੇ ਦਿੱਤਾ ਤੇ ਤੁਹਾਨੂੰ ਜਾਣ ਵੀ ਦਿਤਾ। ਉਂਝ ਵੀ ਤੁਸਾਂ ਕਰਨੀ ਤਾਂ ਮਨ ਦੀ ਮਰਜ਼ੀ ਈ ਹੁੰਦੀ ਏ। ਮੈਂ ਲੈਣਾ ਵੀ ਕੀ ਏ ਇਸ ਪ੍ਰਧਾਨਗੀ ਤੋਂ। ਬਣਿਆਂ ਵੀ ਤੁਹਾਡੇ ਆਖੇ ਸਾਂ। ਮੇਰੇ ਕੋਲੋਂ ਤਾਂ ਆਪਣੇ ਮਹਿਕਮੇ ਦੀ ਸਟੇਟ ਦੀ ਸਕੱਤਰੀ ਸਾਂਭਣੀ ਮੁਸ਼ਕਲ ਹੋਈ ਪਈ ਏ। ਪਰ ਝਗੜਾ ਹੋਣ ਦਾ ਤਾਂ ਓਥੇ ਸਾਰਾ ਸਮਾਨ ਅਗਲਿਆਂ ਕੀਤਾ ਹੋਇਆ ਸੀ ਨਾ! ਅਸੀਂ ਏਸੇ ਕਰਕੇ ਮੁੰਡੇ ਪਿੱਛੇ ਘੱਲੇ ਸਨ। ਹੁਣ ਵੀ ਹਾਅ ਗੱਲ ਕਿਧਰੇ ਬਾਹਰ ਨਾ ਕਰਨ ਲੱਗ ਪਿਓ, ਅਗਲੇ ਕਹਿਣਗੇ ਇਹ ‘ਸਾਡੀ ਅਰਦਾਸ’ ਈ ਉਲਟ-ਪੁਲਟ ਕਰਨ ਲੱਗ ਪਿਐ।”

“ਮੈਂ ਉਲਟ-ਪੁਲਟ ਕੀ ਕਰਨੈਂ! ਇਹ ਤਰਤੀਬ ਤਾਂ ਮੇਰੇ ਗੁਰੂਆਂ ਨੇ ਹੀ ਬਣਾਈ ਏ। ਮੈਂ ਉਹਨਾਂ ਦੀ ਬਣਾਈ ਤਰਤੀਬ ਨੂੰ ਕਿਵੇਂ ਬਦਲ ਸਕਦਾਂ! ਉਹਨਾਂ ਤਾਂ ‘ਵਾਹਿਗੁਰੂ’ ਜਾਂ ਪਾਰਬ੍ਰਹਮ’ ਨੂੰ ਹੀ ਪਹਿਲ ਦਿੱਤੀ ਸੀ। ਪਰ ਅਰਥਾਂ ਦੇ ਅਨਰਥ ਕਰਨ ਵਾਲਿਆਂ ਨੇ ਪਹਿਲ ‘ਹਥਿਆਰ’ ਨੂੰ ਦੇ ਦਿੱਤੀ। ਏਸੇ ਕਰਕੇ ਬੇਮੁਹਾਰ ਹੋਏ ਹਥਿਆਰ ਗੁਰੂਆਂ ਦੇ ਨਾਂ ‘ਤੇ ਚੱਲੀ ਜਾ ਰਹੇ ਨੇ!””

“ਹੱਛਾ! ਏਹ ਗੱਲ ਐ! ਸਾਨੂੰ ਤਾਂ ਪਤਾ ਨਹੀਂ ਸੀ!” ਹਰਜੀਤ ਲਈ ਸ਼ਾਇਦ ਇਹ ਸੱਚਮੁਚ ਨਵੀਂ ਗੱਲ ਸੀ।
“ਮੈਨੂੰ ਕਿਹੜਾ ਸਾਰਾ ਪਤੈ! ‘ਵਾਹਗੁਰੂ’ ਦਾ ਤਾਂ ਮੈਨੂੰ ਵੀ ਪਤਾ ਨਹੀਂ ਕਿ ਕੀ ਹੈ, ਕਿੱਥੇ ਹੈ, ਕੌਣ ਹੈ! ਮੈਨੂੰ ਤਾਂ ਥੋੜਾ-ਬਹੁਤਾ ਬਾਬੇ ਨਾਨਕ ਦਾ ਈ ਪਤੈ। ਏਸੇ ਕਰਕੇ ਮੈਂ ਤਾਂ ਪਹਿਲਾਂ ਆਪਣੇ ਬਾਬੇ ਦੇ ਆਖੇ ਈ ਲੱਗਣੈਂ। ਉਹ ਜੇ ਆਖੂ ਸੱਚ ਬੋਲ, ਸੱਚ ਬੋਲਾਂਗਾ; ਜੇ ਆਖੂ ਹੁਣ ਏਨੇ ਨਾਲ ਸਰਦਾ ਨਹੀਂ; ਕਿਰਪਾਨ ਚੁੱਕ ਤਾਂ ਕਿਰਪਾਨ ਚੁੱਕ ਲਊਂ। ਮੇਰਾ ਗੁਰੂ ਵੀ ਅਮਲ ਵਿਚ ਤਾਂ ਇਹੋ ਹੀ ਆਖਦਾ ਹੈ ਕਿ ਜਦੋਂ ਸਾਰੇ ਹੀਲੇ-ਵਸੀਲੇ ਫੇਲ੍ਹ ਹੋ ਜਾਣ ਤਾਂ ਹੀ ਤਲਵਾਰ ਦੀ ਮੁੱਠ ‘ਤੇ ਹੱਥ ਜਾਣਾ ਜਾਇਜ਼ ਹੈ। ਮੇਰੇ ਗੁਰੂ ਤਾਂ ਜੰਗ ਦੇ ਮੈਦਾਨਾਂ ਵਿਚ ਵੀ ਸੈਦ ਖਾਂ ਤੇ ਪੈਂਦੇ ਖ਼ਾਨ ਵਰਗਿਆਂ ਦੇ ਵੰਗਾਰਵੇਂ ਪਹਿਲੇ ਦੋ ਵਾਰ ਝੱਲ ਕੇ ਤੀਜਾ ਵਾਰ ਹੀ ਤਲਵਾਰ ਦਾ ਬਖ਼ਸ਼ਦੇ ਸਨ।”

ਜਗਜੀਤ ਸਿੰਘ ਦਾ ਚਿਹਰਾ ਅਜੇ ਵੀ ਕੱਸਿਆ ਹੋਇਆ ਸੀ।

“ਪਾਪਾ! ਤੁਸੀਂ ਐਵੇਂ ਬਾਪੂ ਜੀ ਨੂੰ ਕਹਿੰਦੇ ਰਹਿੰਦੇ ਓ। ਜੇ ਉਹ ਅੱਜ ਓਥੇ ਨਾ ਜਾਂਦੇ ਤਾਂ ਉਹ ਤਾਂ ਕਰ ਗਏ ਸੀ ਨਾ ਯਾਦਗ਼ਾਰ ‘ਤੇ ਕਬਜ਼ਾ।” ਛੋਟੇ ਪੋਤਰੇ ਨੇ ਕਿਹਾ।

“ਕਾਕਾ! ਤੇਰਾ ਪਾਪਾ ਜਿਹਨੂੰ ਮੇਰਾ ‘ਪੰਗਾ ਲੈਣਾ’ ਆਖਦੈ, ਮੈਨੂੰ ਉਹ ਆਪਣੀ ਜਿੰਮੇਵਾਰੀ ਨਿਭਾਉਣੀ ਜਾਪਦੀ ਏ।” ਆਖਦਾ ਹੋਇਆ ਅਰਜਨ ਸਿੰਘ ਆਪਣਾ ਪਰਨਾ ਸੰਭਾਲਦਾ ਸੌਣ ਲਈ ਆਪਣੇ ਕਮਰੇ ਵੱਲ ਤੁਰ ਪਿਆ।

“ਤੁਹਾਡੀਆਂ ਤੁਸੀਂ ਜਾਣੋਂ। ਪਰ ਹੁਣ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਬਹੁਤ ਸਾਵਧਾਨ ਹੋ ਕੇ ਬਾਹਰ ਨਿਕਲਣ ਦੀ ਲੋੜ ਹੈ ਸਾਰਿਆਂ ਨੂੰ। ਚਿੱਪ ਚੜ੍ਹ ਕੇ ਉਹ ਕੁਝ ਵੀ ਕਰ ਕਰਾ ਸਕਦੇ ਨੇ! ਪਤਾ ਨਹੀਂ ਕਿਹੜੇ ਵੇਲੇ ਕਿਹੜੀ ਗਲੀ ‘ਚੋਂ, ਕਿਹੜੇ ਪਾਸੇ ਤੋਂ ਕਿਸੇ ਨੇ ਕਦੋਂ ਹਮਲਾ ਕਰ ਦੇਣੈਂ। ਲਗ਼ਾਤਾਰ ਚੌਕਸੀ ਬਹੁਤ ਜ਼ਰੂਰੀ ਏ ਸਾਰੇ ਟੱਬਰ ਲਈ। ਪਰ ਬਾਪੂ ਜੀ ਤੁਹਾਡੇ ਲਈ ਇਹਦੀ ਕੁਝ ਜ਼ਿਆਦਾ ਈ ਜ਼ਰੂਰਤ ਏ।” ਤੁਰੇ ਜਾਂਦੇ ਅਰਜਨ ਸਿੰਘ ਨੂੰ ਜਗਜੀਤ ਸਿੰਘ ਦੀ ਚੇਤਾਵਨੀ ਸੀ।

- ਪਰ ਅੱਜ ਤਾਂ ਉਹ ਬਿਨਾਂ ਚੌਕਸੀ ਤੋਂ ਈ ‘ਕਾਬੂ’ ਆ ਗਿਆ ਲੱਗਦਾ ਸੀ। ਸ਼ਾਇਦ ਮੁੰਡਿਆਂ ਦਾ ਇਹ ਟੋਲਾ ਅੱਜ ਉਹਦੇ ਪਿੱਛੇ ਖੇਤਾਂ ਵਿਚ ਉਸਨੂੰ ਮਾਰਨ ਹੀ ਆਇਆ ਸੀ। ਜੇ ਮਰਨਾ ਹੀ ਏਂ ਤਾਂ ਪਿੱਠ ‘ਚ ਗੋਲੀ ਕਿਉਂ ਖਾਵੇ! ਪਰ ਫਿਰ ਖਿਆਲ ਆਇਆ; ਜੇ ਉਹਨਾਂ ਚੁੱਪ-ਚੁਪੀਤੇ ਮਾਰਨਾ ਹੁੰਦਾ ਤਾਂ ਉਹਦੀ ਪਿੱਠ ਪਿਛਲੀ ਵੱਟੇ ਹੀ ਉਹ ਬੰਬੀ ਵੱਲ ਆਏ ਜਾਪਦੇ ਸਨ। ਮਾਰ ਦਿੰਦੇ। ਤਾਂ ਕੀ ਹੁਣ ਉਸਨੂੰ ਵੰਗਾਰ ਕੇ ਮਾਰਨਗੇ? ਉਹਨਾਂ ਮਾਰਨਾ ਈ ਏਂ ਤਾਂ ਵੇਖੀ ਜਾਊ। ਪਰ ਉਹਨਾਂ ਨੂੰ ਵੰਗਾਰਨ ਦਾ ਮੌਕਾ ਦੇਣ ਤੋਂ ਪਹਿਲਾਂ ਆਪ ਕਿਉਂ ਨਾ ਵੰਗਾਰ ਬਣ ਕੇ ਉਹਨਾਂ ਅੱਗੇ ਜਾ ਖਲੋਵਾਂ! ਗੁਰੂ ਦਾ ਸਿੰਘ ਹੋ ਕੇ ਮੈਦਾਨ ਛੱਡ ਕੇ ਭੱਜਦਾ ਕੀ ਮੈਂ ਚੰਗਾ ਲੱਗਾਂਗਾ!

ਸੇਕ ਉਹਦੇ ਸਿਰ ਨੂੰ ਚੜ੍ਹਦਾ ਜਾਂਦਾ ਸੀ। ਉਹ ਇਸ ਸੇਕ ਤੋਂ ਭਾਰ-ਮੁਕਤ ਹੋਣਾ ਚਾਹੁੰਦਾ ਸੀ। ਅੰਦਰੋਂ ਬਹੁਤ ਕਾਹਲਾ ਪਰ ਬਾਹਰੋਂ ਠਰ੍ਹੰਮੇਂ ਨਾਲ ਹੌਲੀ ਹੌਲੀ ਤੁਰਦਾ ਉਹ ਬੰਬੀ ਕੋਲ ਗਿਆ।

ਮੁੰਡਿਆਂ ਨੇ ਉਹਦੇ ਵੱਲ ਵੇਖਿਆ। ਉਹ ਕਿੱਲੀ ਵੱਲ ਵਧਿਆ। ਕਿਰਪਾਨ ਨੂੰ ਹੱਥ ਲਾਉਣ ਤੋਂ ਪਹਿਲਾਂ ਉਸਨੇ ਆਖਿਆ, “ਸ-ਸ- ਸਿੰ”
ਪਰ ਉਹਦੀ ਜ਼ਬਾਨ ਰੁਕ ਗਈ।
“ਸਿੰਘਾ! ਆਹ ਹਥਿਆਰ ਪਾਸੇ ਕਰੀਂ ਜ਼ਰਾ” ਆਖਣ ਨੂੰ ਉਹਦਾ ਚਿੱਤ ਨਾ ਕੀਤਾ।
“ਕਾਕਾ! ਆਹ ਹਥਿਆਰ ਪਾਸੇ ਕਰੀਂ ਜ਼ਰਾ” ਉਸਨੇ ਆਖਿਆ।

ਬਿੱਲੂ ਨੇ ਅੱਖਾਂ ਹੀ ਅੱਖਾਂ ਵਿਚ ਆਗੂ ਗੁਰਜੀਤ ਨੂੰ ਪੁੱਛਿਆ ਤੇ ਇਸ਼ਾਰਾ ਪਾ ਕੇ ਗੰਨੇ ਦੀ ਛਿੱਲੀ ਗੁੱਲੀ ਨੂੰ ਡੱਕੀ ਵੱਢਦਿਆਂ ਗਨੇਰੀ ਮੂੰਹ ਵਿਚ ਪਾਈ ਤੇ ਗੰਨਾਂ ਚੁਬੱਚੇ ਦੇ ਬੰਨੇਂ ‘ਤੇ ਰੱਖਦਿਆਂ ਸਟੇਨ ਲਾਹ ਕੇ ਹੱਥ ਵਿਚ ਫੜ੍ਹ ਲਈ।

ਅਰਜਨ ਸਿੰਘ ਨੇ ਕਿਰਪਾਨ ਨੂੰ ਆਰਾਮ ਨਾਲ ਕਿੱਲੀ ਤੋਂ ਲਾਹਿਆ। ਉਹਦੇ ਮੱਥੇ ਵਿਚ ਫ਼ੈਲੀ ਗੈਸ ਦਾ ਦਬਾਓ ਘਟਣਾ ਸ਼ੁਰੂ ਹੋ ਗਿਆ। ਉਹ ਟਿਕਾਓ ਵਿਚ ਆ ਗਿਆ।

ਸਟੇਨ ਫੜ੍ਹ ਕੇ ਬਿੱਲੂ ਚੁਬੱਚੇ ਦੇ ਪਰਲੇ ਪਾਸੇ ਖਲੋਤੇ ਗੁਰਜੀਤ ਕੋਲ ਗਿਆ ਤੇ ਹੌਲੀ ਜਿਹੀ ਉਸਦੇ ਕੰਨ ਵਿਚ ਖੁਸਰ-ਫੁਸਰ ਕੀਤੀ, “ਹੋਰ ਨਹੀਂ ਤਾਂ ਇਹਦੇ ਪਿਓ ਮਾਇਆ ਰਾਮ ਦਾ ਸੁਨੇਹਾਂ ਤਾਂ ਇਹਨੂੰ ਦੇ ਈ ਜਾਈਏ। ਇਹਨੂੰ ਵੀ ਕੰਨ ਹੋ ਜਾਣ!” ਧਿਆਨ ਦੇਣ ਤੇ ਜ਼ੋਰ ਲਾਉਣ ਦੇ ਬਾਵਜੂਦ ਵੀ ਅਰਜਨ ਸਿੰਘ ਨੂੰ ਬੰਬੀ ਦੇ ਚੁਬੱਚੇ ਵਿਚ ਡਿੱਗਦੇ ਪਾਣੀ ਦੇ ਸ਼ੋਰ ਵਿਚ ਉਹਨਾਂ ਦੀ ਗੱਲ ਨਾ ਸੁਣੀ।

ਤੁਰਨ ਲੱਗੇ ਆਗੂ ਗੁਰਜੀਤ ਦੇ ਮਨ ਵਿਚ ਪਤਾ ਨਹੀਂ ਕੀ ਗੱਲ ਆਈ, ਕਹਿੰਦਾ, “ਚੰਗਾ ਬਾਪੂ ਜੀ! ਵਾਹਿਗੁਰੂ ਜੀ ਕਾ ਖ਼ਾਲਸਾ; ਵਾਹਿਗੁਰੂ ਜੀ ਕੀ ਫ਼ਤਹਿ!”

ਅਰਜਨ ਸਿੰਘ ਉਹਨਾਂ ਨੂੰ ਬੜੀ ਭੈੜੀ ਬਦ-ਅਸੀਸ ਦੇਣੀ ਚਾਹੁੰਦਾ ਸੀ। ਜਿਹੜੀ ਕਰਤੂਤ ਉਹਨਾਂ ਨੇ ਪਰਸੋਂ ਕੀਤੀ ਸੀ, ਉਹਦੇ ਲਈ ਤਾਂ ਉਹ ਵੱਡੀ ਤੋਂ ਵੱਡੀ ਸਜ਼ਾ ਦੇ ਹੱਕਦਾਰ ਸਨ। ਉਹਨਾਂ ਨੇ ਉਹਦੇ ਇਸ਼ਟ ਦਾ ਕਤਲ਼ ਕੀਤਾ ਸੀ! ਉਹਦੇ ਰਹਿਬਰ ਦਾ!
ਪਰ ਉਸਦੇ ਮੂੰਹੋਂ ਨਿਕਲ ਗਿਆ:
“ਵਾਹਰ ਜੀ ਕਾ ਖ਼ਾਲਸਾ ਪੁੱਤਰੋ! ਜਿਊਂਦੇ ਵੱਸਦੇ ਰਹੋ।”

ਉਹਨੇ ਜਾਂਦੇ ਤਿੰਨਾਂ ਮੁੰਡਿਆਂ ਦੀਆਂ ਪਿੱਠਾਂ ਵੱਲ ਵੇਖਿਆ। ਇਕ ਪਲ ਉਹਨੂੰ ਜਗਜੀਤ, ਹਰਜੀਤ ਤੇ ਫੁੰਮਣ ਜਾਂਦੇ ਲੱਗੇ।
ਆਪਣੇ ਆਪ ‘ਤੇ ਹਾਸਾ ਵੀ ਆਇਆ। ਇਕ ਦਮ ਕੀ ਹੋ ਜਾਂਦੈ ਉਸਨੂੰ! ਕਦੀ ਅੱਗ ਦਾ ਬਲਦਾ ਗੋਲ਼ਾ; ਕਦੀ ਪਿਘਲੀ ਹੋਈ ਬਰਫ਼!
ਦੋ ਤਿੰਨ ‘ਜਾਣ-ਪਛਾਣ’ ਵਾਲੀਆਂ ਚਿੜੀਆਂ ਉਹਦੇ ਲਾਗੇ ਆ ਕੇ ‘ਚੂੰ! ਚੂੰ’ ਕਰਨ ਲੱਗੀਆਂ।
“ਦਾਣਾ ਦੇ! ਦਾਣਾ ਦੇ!” ਨਿਆਣਿਆਂ ਵਾਲੀ ਜ਼ਿਦ!

ਬਰਫ਼ ਪਿਘਲ ਗਈ। ਬੰਬੀ ਵਾਲੇ ਕੋਠੇ ਵਿਚ ਗਿਆ ਤੇ ਮਿੱਟੀ ਦੇ ਵੱਡੇ ਮੱਘੇ ਵਿਚ ਇਸੇ ਮਕਸਦ ਲਈ ਰੱਖੇ, ਕਣਕ, ਬਾਜਰੇ ਤੇ ਚੌਲਾਂ ਦੇ ਟੋਟੇ ਦੀ ਮੁੱਠ ਭਰ ਲਿਆਇਆ। ਚੁਬੱਚੇ ਦੀ ਚੌੜੀ ਬੰਨੀ ‘ਤੇ ਥੋੜ੍ਹੀ ਜਿਹੀ ਮੁੱਠ ਢਿੱਲੀ ਕੀਤੀ ਤਾਂ ਤਿੰਨ ਚਾਰ ਹੋਰ ਚਿੜੀਆਂ ਵੀ ਪਤਾ ਨਹੀਂ ਕਿਧਰੋਂ ਆਣ ਟਪਕੀਆਂ। ਉਹ ਲਾਗੇ ਖਲੋਤਾ ਉਹਨਾਂ ਦੀਆਂ ਤੇਜ਼ ਚੱਲਦੀਆਂ ਨਿੱਕੀਆਂ ਨਿੱਕੀਆਂ ਚੁੰਝਾਂ, ਢੁਕਵਾਂ ਥਾਂ ਬਦਲਣ ਲਈ ਟਪੂਸੀਆਂ ਲਾਉਂਦੇ ਪੈਰਾਂ ਤੇ ਫੜਕਦੇ ਖੰਭਾਂ ਨੂੰ ਨਿਹਾਰਨ ਲੱਗਾ ਕਿਸੇ ਡੂੰਘ ਵਿਚ ਉੱਤਰ ਗਿਆ।

ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਦਿਨ। ਜਵਾਨੀ ਦਾ ਵਾਰਾ ਪਹਿਰਾ! ਉਹਦੇ ਅਜੀਬ ਸ਼ੌਕ! ਕੁੱਕੜ, ਕਬੂਤਰ ਤੇ ਬਟੇਰੇ ਪਾਲਣੇ। ਉਹਨਾਂ ਨੂੰ ਚਾਂਦੀ ਦੇ ਵਰਕਾਂ ਵਿਚ ਬਦਾਮਾਂ, ਮੇਵਿਆਂ ਤੇ ਮੁਨੱਕਿਆਂ ਦਾ ਚੂਰਾ ਲਪੇਟ ਕੇ ਖਵਾਉਣਾ। ਫਿਰ ਕੁੱਕੜਾਂ, ਬਟੇਰਿਆਂ ਦੀ ਲੜਾਈ ਤੇ ਕਬੂਤਰਾਂ ਨੂੰ ਉਡਾਉਣ ਦੀਆਂ ਸ਼ਰਤਾਂ ਲਾਉਣੀਆਂ।

ਇਕ ਵਾਰ ਤਰਨਤਾਰਨੋਂ ਮੱਸਿਆ ਵੇਖ ਕੇ ਆਉਂਦਿਆਂ ਉਸਨੂੰ ਆਪਣੇ ਬੇਲੀ ਫੱਜੇ ਤੇਲੀ ਦੀ ਦੱਸੀ ਗੱਲ ਯਾਦ ਆਈ, “ਝਬਾਲ ਅੱਡੇ ‘ਤੇ ਮਾਇਆ ਰਾਮ ਮਸ਼ੀਨ ਵਾਲਾ ਜਨੌਰਾਂ ਦਾ ਬੜਾ ਵਧੀਆ ਦਾਣਾ ਰੱਖਦੈ। ਅਗਲੇ ਗੇੜੇ ਜਦੋਂ ਮੱਸਿਆ ਗਏ ਤਾਂ ਓਥੋਂ ਹੁੰਦੇ ਆਵਾਂਗੇ।”
ਉਹਨੇ ਘੁੱਗੂ ਦੀ ਆਵਾਜ਼ ਦੀ ਸੂਹ ਨਾਲ ਮਸ਼ੀਨ ਲੱਭ ਲਈ। ਮਾਇਆ ਰਾਮ ਕੰਡੇ ‘ਤੇ ਬੈਠਾ ਦਾਣੇ ਜੋਖ ਰਿਹਾ ਸੀ। ਇੱਕ ਮੁੰਡਾ ਚੱਲਦੀ ਮਸ਼ੀਨ ਅੱਗੇ ਪੀਸੀਦਾ ਆਟਾ ਪਾਉਣ ਲਈ ਬੋਰੀ ਲਾਈ ਖੜਾ ਸੀ।

“ਸ਼ਾਹ ਜੀ! ਜਨੌਰਾਂ ਲਈ ਦਾਣਾ ਚਾਹੀਦੈ।”

“ਜਿੰਨਾਂ ਚਾਹੇਂ ਜਵਾਨਾ!” ਮਾਇਆ ਰਾਮ ਆਪ ਉੱਠ ਕੇ ਇੱਕ ਨੁੱਕਰ ਵੱਲ ਵਧਿਆ। ਉਹਨੇ ਦੋ ਦੋ ਸੇਰ ਦੀਆਂ ਗੁੱਥੀਆਂ ਚੁੱਕ ਕੇ ਪਾਸੇ ਕਰਦਿਆਂ ਕਿਹਾ, “ਆਹ ਲੈ ਕੰਗਣੀ, ਆਹ ਬਾਜਰਾ, ਆਹ ਚੌਲਾਂ ਦਾ ਟੋਟਾ ਤੇ ਆਹ-।”

ਪੰਜ ਸੱਤ ਥੈਲੀਆਂ ਅਰਜਨ ਨੇ ਪਾਸੇ ਰਖਵਾ ਲਈਆਂ। ਬੋਝੇ ਵਿਚ ਹੱਥ ਪਾਇਆ ਤਾਂ ਹੱਥਾਂ ਦੇ ਤੋਤੇ ਉੱਡ ਗਏ। ਹੱਥ ਸ਼ਰਮਿੰਦਾ ਹੋਇਆ ਬੋਝੇ ਵਿਚੋਂ ਹੇਠਾਂ ਨਿਕਲ ਗਿਆ। ਸੋਲਾਂ ਰੁਪਏ ਸਨ ਗੰਢ ਦੇ ਪੱਲੇ। ਕਿਸੇ ਨੇ ਮੱਸਿਆ ਵਿਚ ਉਹਦੀ ਗੰਢ ਖਿਸਕਾ ਲਈ ਸੀ। ਨਿਰਾਸ਼ਾ ਵਿਚ ਸਿਰ ਹਿਲਾ ਕੇ ਉਹਨੇ ਆਖਿਆ, “ਸ਼ਾਹ ਜੀ! ਰਹਿਣ ਦਿਓ ਦਾਣਾ। ਕੋਈ ਗੰਢ ਕੱਪ ਦਾਅ ਲਾ ਗਿਆ ਪੈਸਿਆਂ ਨੂੰ।”

ਉਸਨੇ ਆਪ ਹੀ ਦਾਣੇ ਵਾਲੀਆਂ ਗੁੱਥੀਆਂ ਚੁੱਕ ਕੇ ਟਿਕਾਣੇ ਸਿਰ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਮਾਇਆ ਰਾਮ ਕਹਿੰਦਾ, “ਜਵਾਨਾ! ਗੁੱਥੀਆਂ ਲੈ ਜਾ। ਪੈਸੇ ਆਪੇ ਆ ਜਾਣਗੇ! ਪੈਸਿਆਂ ਦਾ ਫਿਕਰ ਨਾ ਕਰ ਤੂੰ।”

ਉਹ ਮਾਇਆ ਰਾਮ ਦੀ ਸਖ਼ਾਵਤ ਤੇ ਦਰਿਆ ਦਿਲੀ ਤੇ ਹੈਰਾਨ! ਚੰਗੇ ਭਲੇ ਜਾਣ-ਪਛਾਣ ਵਾਲਿਆਂ ਨੂੰ ਵੀ ਕੋਈ ਛੇਤੀ ਕੀਤੇ ਹੁਧਾਰ ਨਹੀਂ ਦਿੰਦਾ। ਉਸ ਨਾਲ ਤਾਂ ਮਾਇਆ ਰਾਮ ਦੀ ਨਾ ਕੋਈ ਜਾਣ ਨਾ ਪਛਾਣ। ਨਾ ਉਹਦੇ ਪਿੰਡ ਦਾ ਉਹਨੂੰ ਕੋਈ ਥਹੁ ਪਤਾ। ਪਹਿਲੀ ਵਾਰ ਇਕ ਦੂਜੇ ਨੂੰ ਮਿਲੇ।

“ਸ਼ਾਹ ਜੀ! ਦਾਣਾ ਤਾਂ ਮੈਂ ਲੈ ਜਾਊਂ ਪਰ ਪਹਿਲਾਂ ਮੇਰਾ ਇੱਕ ਸ਼ੰਕਾ ਨਵਿਰਤ ਕਰੋ।”
“ਪੁੱਛ ਜਵਾਨਾ!”
“ਨਾ ਤੁਸੀਂ ਮੈਨੂੰ ਜਾਣੋਂ, ਨਾ ਪਛਾਣੋਂ। ਨਾ ਮੇਰੇ ਅੱਗੇ-ਪਿੱਛੇ ਦਾ ਤੁਹਾਨੂੰ ਕੋਈ ਪਤਾ। ਕੱਲ੍ਹ ਨੂੰ ਮੈਂ ਤੁਹਾਡੇ ਪੈਸੇ ਦੇਣ ਆਵਾਂ ਈ ਨਾ! ਤੁਸੀਂ ਇਹ ਨਹੀ ਸੋਚਿਆ ਕਿ ਮੈਨੂੰ ਕਿੱਥੋਂ ਲੱਭੋਗੇ!”
ਮਾਇਆ ਰਾਮ ਖਿਚੜੀ ਮੁੱਛਾਂ ‘ਚੋਂ ਮੁਸਕਰਾਇਆ।
“ਜਵਾਨਾਂ! ਮੈਨੂੰ ਪਤੈ ਮੇਰੇ ਇਹ ਪੈਸੇ ਮੁੜ ਆਉਣੇ ਨੇ। ਤੂੰ ਪੁੱਛ ਕਿਉਂ? ਭਲਿਆ-ਮਾਣਸਾ! ਜਿਹੜਾ ਬੰਦਾ ਪੰਛੀਆਂ ਜਨੌਰਾਂ ਨੂੰ ਦਾਣਾ ਪਾਉਂਦੈ, ਉਹ ਮੇਰੇ ਪੈਸੇ ਕਦੀ ਮਾਰ ਈ ਨਹੀਂ ਸਕਦਾ!”
ਮਾਇਆ ਰਾਮ ਦੇ ਚਿਹਰੇ ‘ਤੇ ਜਗਦਾ ਸਵੈ-ਵਿਸ਼ਵਾਸ ਉਹਦੇ ਆਪਣੇ ਚਿਹਰੇ ‘ਤੇ ਸਵੈ-ਮਾਣ ਦੀ ਆਭਾ ਬਣ ਕੇ ਲਿਸ਼ਕ ਉੱਠਿਆ। ਉਸਨੇ ਅੱਗੇ ਵਧ ਕੇ ਮਾਇਆ ਰਾਮ ਦੇ ਗੋਡਿਆਂ ਨੂੰ ਹੱਥਾਂ ਵਿਚ ਘੁੱਟ ਲਿਆ।

“ਸ਼ਾਹ ਜੀ, ਤੁਹਾਡੇ ਪੈਸੇ ਤਾਂ ਅੱਜ-ਭਲਕ ਵਿਚ ਖ਼ਰੇ ਹੋ ਜਾਣਗੇ। ਪਰ ਜੇ ਅੱਗੋਂ ਕਿਧਰੇ ਜਿੰਦਗੀ ਵਿਚ ਮੇਰਾ ਕਿਸੇ ਗੱਲੋਂ ਕਦੇ ਬੇਈਮਾਨ ਬਣਨ ਨੂੰ ਜੀਅ ਕੀਤਾ ਵੀ ਤਾਂ ਤੁਹਾਡਾ ਭਰੋਸਾ ਮੈਨੂੰ ਡਿੱਗਦੇ ਨੂੰ ਸੰਭਾਲ ਲਿਆ ਕਰੂ।”

ਮਾਇਆ ਰਾਮ ਦੇ ਬੋਲਾਂ ਨੇ ਪਤਾ ਨਹੀਂ ਉਹਨੂੰ ਕੀ ਕਰ ਦਿੱਤਾ ਸੀ! ਉਹ ਕੁਝ ਹੋਰ ਦਾ ਹੋਰ ਸੋਚੀ ਜਾ ਰਿਹਾ ਸੀ; ਹੋਰ ਦਾ ਹੋਰ ਹੁੰਦਾ ਜਾ ਰਿਹਾ ਸੀ! ਬਾਰ ਬਾਰ ਆਪਣੇ ਆਪ ਨੂੰ ਸਵਾਲ ਕਰਦਾ, “ਕੀ ਮੈਂ ਵਾਕਿਆ ਹੀ ਬੜੇ ਦਰਦਮੰਦ ਦਿਲ ਵਾਲਾ ਹਾਂ! ਕੀ ਮੈਂ ਪੰਛੀਆਂ-ਜਨੌਰਾਂ ਨੂੰ ਇਸੇ ਕਰਕੇ ਚੋਗਾ ਪਾਉਂਦਾ ਹਾਂ ਕਿਉਂਕਿ ਮੈਂ ਉਹਨਾਂ ਨੂੰ ਦਿਲੋਂ ਬੜਾ ਪਿਆਰ ਕਰਦਾ ਹਾਂ ਤੇ ਉਹਨਾਂ ਦੀ ਚੋਗੇ ਦੀ ਲੋੜ ਤੇ ਭੁੱਖ ਮੈਨੂੰ ਆਪਣੀ ਲੋੜ ਤੇ ਭੁੱਖ ਵਾਂਗ ਲੱਗਦੀ ਹੈ! ਕਿ ਕੋਈ ਹੋਰ ਵੀ ਗੱਲ ਹੈ ਇਸ ਪਿੱਛੇ?

ਡੂੰਘੇ ਅੰਦਰੋਂ ਲੱਭ ਕੇ ਉਹਦੇ ਮਨ ਨੇ ਆਖਿਆ, ‘ਹੋਰ ਗੱਲ ਵੀ ਹੈ ਇਸਦੇ ਪਿੱਛੇ!’
ਉਹ ਗੱਲ ਹੈ ਕੀ? ਉਸਨੂੰ ਇਸਦਾ ਜਵਾਬ ਅੰਦਰੋਂ ਮਿਲਿਆ ਨਾ।

ਅਗਲੇ ਦਿਨ ਹੀ ਉਹਨੂੰ ਕੁੱਕੜਾਂ ਦੀ ਲੜਾਈ ਲਈ ਲੱਗੀ ਸ਼ਰਤ ਭੁਗਤਾਉਣ ਲਾਗਲੇ ਪਿੰਡ ਜਾਣਾ ਪੈਣਾ ਸੀ।

ਲੜਾਈ ਲਈ ਉਹਦਾ ‘ਲਾਲ ਸਿਰਾ’ ਪੂਰੀ ਤਿਆਰੀ ਵਿਚ ਸੀ। ਫ਼ੈਸਲਾ ਦੇਣ ਵਾਲੇ ਪੰਚ ਇਕ ਪਾਸੇ ਵੱਡੇ ਮੰਜਿਆਂ ‘ਤੇ ਬੈਠੇ ਸਨ। ਮੁੱਖ ਪੰਚ ਦੀਵਾਨ ਚੰਦ ਦੇ ਹੱਥ ਵਿਚ ਮਘਦੇ ਹੁੱਕੇ ਦੀ ਨੜੀ ਸੀ। ਲੜਾਈ ਕਰਾਉਣ ਵਾਲਾ ਪੰਚ ਸ਼ਹਾਬੁਦੀਨ ਅਖਾੜੇ ਵਿਚਕਾਰ ਖਲੋਤਾ ਸੀ। ਉਸਨੇ ਕੁੱਕੜਾਂ ਦੇ ਮਾਲਕਾਂ ਨੂੰ ਆਵਾਜ਼ ਦਿੱਤੀ। ਦੋਵੇਂ ਮਾਲਕ ਮੈਦਾਨ ਦੇ ਅੱਧ ਵਿਚਕਾਰ ਪਹੁੰਚੇ। ਅਰਜਨ ਨੇ ਲਾਲ-ਸਿਰੇ ਦੀ ਕਲਗੀ ਨੂੰ ਚੁੰਮਿਆਂ, ਉਹਦੀ ਧੌਣ ‘ਤੇ ਹੱਥ ਫੇਰਿਆ ਤੇ ਹੱਥੋਂ ਨਿਕਲ ਨਿਕਲ ਜਾਂਦੇ ਜਨੌਰ ਨੂੰ ਲੜਨ ਲਈ ਛੱਡ ਦਿਤਾ।

ਦੋਵੇਂ ਕੁੱਕੜ ਨੀਵੀਆਂ ਤੇ ਲੰਮੀਆਂ ਧੌਣਾਂ ਕਰਦੇ ਭਲਵਾਨਾਂ ਵਾਂਗ ਦਾਅ ਲਾਉਣ ਲਈ ਗੇੜੀਆਂ ਕੱਢਣ ਲੱਗੇ। ਦੋ-ਤਿੰਨ ਚੱਕਰ ਲਾ ਕੇ ਵਿਰੋਧੀ ਕੁੱਕੜ ਪੈਰ ਜਮਾ ਕੇ ਖਲੋ ਗਿਆ ਤੇ ਇਕ ਪਲ ਲਈ ਲਾਲ-ਸਿਰੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਸ ‘ਤੇ ਸਿੱਧਾ ਭਰਪੂਰ ਹਮਲਾ ਕਰ ਦਿੱਤਾ। ਲਾਲ-ਸਿਰਾ ਮੁਕਾਬਲੇ ਲਈ ਤਿਆਰ ਸੀ। ਦੋਵੇਂ ਹਵਾ ਵਿਚ ਉੱਛਲੇ। ਜ਼ਮੀਨ ‘ਤੇ ਪੈਰ ਲਾਉਂਦਿਆਂ ਲਾਲ-ਸਿਰਾ ਥੋੜਾ ਕੁ ਪਿੱਛੇ ਨੂੰ ਉੱਲਰਿਆ। ਪਰ ਛੇਤੀ ਹੀ ਸੰਭਲ ਗਿਆ। ਅਖਾੜੇ ਵਿਚ ਸ਼ੋਰ ਦੀ ਇੱਕ ਲਹਿਰ ਉੱਠੀ। ਦੋਵਾਂ ਧਿਰਾਂ ਦੇ ਹਮਾਇਤੀ ਆਪਣੇ ਆਪਣੇ ਪੱਠੇ ਨੂੰ ਲਲਕਾਰ ਰਹੇ ਸਨ। ਭਖ਼ੇ ਮੈਦਾਨ ਵਿਚ ਦੋਵੇਂ ਕੁੱਕੜ ਹਟ ਹਟ ਕੇ ਹਮਲਾ ਕਰਦੇ। ਬਰਾਬਰ ਦਾ ਜੋੜ। ਜੇ ਇਕ ਪਲ ਲਈ ਇੱਕ ਦਾ ਹੱਥ ਉੱਤੇ ਹੁੰਦਾ ਤਾਂ ਦੂਜੇ ਪਲ ਦੂਜਾ ਹਾਵੀ ਹੋ ਜਾਂਦਾ। ਹਵਾ ਵਿਚ ਲਲਕਾਰੇ ਤੇ ਆਵਾਜ਼ਾਂ ਗੂੰਜ ਰਹੀਆਂ ਸਨ। ਯੁਧ ਦਾ ਲੰਮਾਂ ਸਮਾਂ। ਦੋਵੇਂ ਇੱਕ-ਦੂਜੇ ‘ਤੇ ਹਟ ਹਟ ਕੇ ਵਾਰ ਕਰਦੇ। ਲੜਦੇ ਲੜਦੇ ਹਵਾ ਵਿਚ ਉੱਛਲਦੇ। ਡਿੱਗਦੇ, ਉੱਠਦੇ ਤੇ ਫਿਰ ਜੁੱਟ ਪੈਂਦੇ। ਦੋਵੇਂ ਜ਼ਖ਼ਮੀ ਤੇ ਲਹੂ-ਲੁਹਾਨ! ਲੜਾਈ ਦੇ ਅੰਤਮ ਪਲ। ਪਤਾ ਨਹੀਂ ਕੀ ਹੋਇਆ! ਦੋਵਾਂ ਨੇ ਹਟ ਕੇ ਟੱਕਰ ਮਾਰੀ। ਹਵਾ ਵਿਚ ਉੱਛਲੇ ਤੇ ਫਿਰ ਦੋਵੇਂ ਇਕ ਵਾਰਗੀ ਧਰਤੀ ‘ਤੇ ਡਿੱਗੇ। ਵਿਰੋਧੀ ਕੁੱਕੜ ਹਰਫ਼ਲਿਆ ਹੋਇਆ ਉੱਠਿਆ ਤੇ ਮੈਦਾਨ ਵਿਚੋਂ ਬਾਹਰ ਭੱਜ ਗਿਆ। ‘ਲਾਲ-ਸਿਰਾ’ ਅਜੇ ਵੀ ਜ਼ਮੀਨ ‘ਤੇ ਵਿਛਿਆ ਪਿਆ ਸੀ।

ਅਰਜਨ ਨੇ ਲਲਕਾਰਾ ਮਾਰਿਆ, “ਉੱਠ ਉਏ ਮੇਰੇ ਸ਼ੇਰ ਬੱਚਿਆ! ਛਾਲ ਮਾਰ। ਐਲੀ ਐਲੀ ਕਰ। ਮੈਦਾਨ ਖਾਲੀ ਹੋ ਗਿਆ ਈ।”
ਜਿੱਤਣ ਲਈ ਜੇਤੂ ਕੁੱਕੜ ਦਾ ਮੈਦਾਨ ਵਿਚ ਖੜਾ ਹੋਣਾ ਲਾਜ਼ਮੀ ਸੀ। ‘ਲਾਲ-ਸਿਰੇ’ ਨੇ ਉਹਦੀ ਲਲਕਾਰ ਸੁਣੀ। ਉੱਠ ਕੇ ਖੰਭ ਫ਼ੜਫੜਾਏ। ਲੰਗੜਾਉਂਦਾ ਹੋਇਆ ਏਧਰ ਓਧਰ ਨਜ਼ਰ ਦੌੜਾ ਕੇ ਦੁਸ਼ਮਣ ਨੂੰ ਲੱਭਣ ਲੱਗਾ।

ਓਧਰ ਉਹਦੀ ਜਿੱਤ ਦਾ ਐਲਾਨ ਹੋਇਆ; ਓਧਰ ਲੜਖੜਾ ਕੇ ਤੁਰਦੇ ਲਾਲ-ਸਿਰੇ ਨੂੰ ਅਰਜਨ ਨੇ ਭੱਜ ਕੇ ਜਾ ਚੁੱਕਿਆ ਤੇ ਆਪਣੇ ਗਲ਼ ਨਾਲ ਘੁੱਟ ਲਿਆ। ਉਸਨੇ ਉਹਦੀ ਜ਼ਖ਼ਮੀ ਧੌਣ ‘ਤੇ ਹੱਥ ਫੇਰਿਆ। ਹੱਥ ਲਹੂ ਵਿਚ ਭਿੱਜ ਗਿਆ। ਤ੍ਰਿਪ! ਤ੍ਰਿਪ! ਉਹਦਾ ਚਿੱਟਾ ਕੁੜਤਾ ਵੀ ਲਾਲ ਹੋ ਗਿਆ। ਸਹਿਮ ਕੇ ਉਸਨੇ ਲਾਲ-ਸਿਰੇ ਦੇ ਮੂੰਹ ਵੱਲ ਵੇਖਿਆ। ਲਾਲ-ਸਿਰੇ ਨੇ ਪੀਲੀਆਂ ਭੂਰੀਆਂ ਪਲਕਾਂ ਵਿਚੋਂ ਅਰਜਨ ਵੱਲ ਵੇਖਿਆ। ਤੇ ਫਿਰ ਜਿਵੇਂ ਉਹਦੀਆਂ ਅੱਖਾਂ ਅੱਗੇ ਭੰਬੂ-ਤਾਰੇ ਨੱਚਣ ਲੱਗੇ ਹੋਣ। ਉਹਦੀਆਂ ਖੁੱਲ੍ਹੀਆਂ ਅੱਖਾਂ ਕੰਬਦੀਆਂ ਕੰਬਦੀਆਂ ਹੌਲੀ ਹੌਲੀ ਮਿਚਣ ਲੱਗੀਆਂ ਤੇ ਅਗਲੇ ਪਲ ਉਹ ਅਰਜਨ ਦੀਆਂ ਬਾਹਵਾਂ ਵਿਚ ਲੁੜਕ ਗਿਆ।

“ਉਹ ਮੇਰਿਆ ਰੱਬਾ!” ਅਰਜਨ ਨੇ ਧਾਹ ਮਾਰਨ ਵਰਗੀ ਆਵਾਜ਼ ਕੱਢੀ।
ਦੁਖ-ਸੁਖ ਦਾ ਕੇਹਾ ਅਜੀਬ ਸੁਮੇਲ ਸੀ! ਅਰਜਨ ਨੂੰ ਵਧਾਈਆਂ ਵੀ ਮਿਲ ਰਹੀਆਂ ਸਨ; ਆਖ਼ਰ ਉਹ ਸੌ ਰੁਪਏ ਦੀ ਸ਼ਰਤ ਜਿੱਤਿਆ ਸੀ ਤੇ ਇਹ ਕੋਈ ਛੋਟੀ ਰਕਮ ਨਹੀਂ ਸੀ! ਪਰ ਨਾਲ ਹੀ ਉਸ ਨਾਲ ‘ਲਾਲ-ਸਿਰੇ’ ਦੀ ਮੌਤ ਦਾ ਅਫ਼ਸੋਸ ਵੀ ਸਾਂਝਾ ਕੀਤਾ ਜਾ ਰਿਹਾ ਸੀ।

ਅਰਜਨ ਨੇ ਲਾਲ-ਸਿਰੇ ਦੀ ਲੋਥ ਹਿੱਕ ਨਾਲ ਘੁੱਟੀ ਤੇ ਪੱਗ ਦੇ ਲੜ ਨਾਲ ਅੱਖਾਂ ਪੂੰਝਦਾ ਅਖਾੜੇ ‘ਚੋਂ ਬਾਹਰ ਨਿਕਲਣ ਲੱਗਾ। ਮੁੱਖ ਪੰਚ ਦੀਵਾਨ ਚੰਦ ਨੇ ਅੱਗੇ ਵਧ ਕੇ ਵਧਾਈ ਦਿੰਦਿਆਂ ਤੇ ਉਸਦੇ ਹੱਥ ਵਿਚ ਸੌ ਦਾ ਨੋਟ ਫੜਾਉਂਦਿਆਂ ਦੁੱਖ ਸਾਂਝਾ ਕੀਤਾ, “ਅਰਜਨ ਸਿਅਹਾਂ! ਤੇਰਾ ‘ਲਾਲ ਸਿਰਾ’ ਤਾਂ ਭਰਾਵਾ ਵੱਡੇ ਵੱਡੇ ਰਣਾਂ ਦਾ ਜੇਤੂ ਸੀ। ਇਹੋ ਜਿਹੇ ਸ਼ੇਰ ਕਿਤੇ ਰੋਜ਼ ਰੋਜ਼ ਜੰਮਦੇ ਨੇ!”
“ਨਹੀਂ ਚਾਚਾ! ਮੈਂ ਆਪਣੇ ਪੁੱਤ ਦੀ ਮੌਤ ਦਾ ਮੁੱਲ ਨਹੀਂ ਲੈਣਾ!”

ਉਸਨੇ ਨੋਟ ਵਾਪਸ ਮੋੜਦਿਆਂ ਕਿਹਾ, “ਜਿਧਰ ਗਈਆਂ ਬੇੜੀਆਂ ਓਧਰ ਗਏ ਮਲਾਹ! ਜਿੱਥੇ ਇਹ ਗਿਆ, ਓਧਰ ਗਈਆਂ ਇਹਦੀਆਂ ਜਿੱਤੀਆਂ ਸ਼ਰਤਾਂ!”

ਦੀਵਾਨ ਚੰਦ ਨੇ ਨੋਟ ਉਹਦੇ ਬੋਝੇ ਵਿਚ ਤੁੰਨ ਦਿੱਤਾ।
ਉਹ ਆਪਣੀ ਢਾਣੀ ਨਾਲ ਪਿੰਡ ਨੂੰ ਤੁਰ ਪਿਆ। ਉਹਦੇ ਸਾਥੀ ਫੱਜੇ ਤੇਲੀ ਨੇ ਆਖਿਆ, “ਸਰਦਾਰ! ਆਪਣਾ ਲਾਲ-ਸਿਰਾ ਮੈਦਾਨ ਵਿਚ ਸ਼ਹੀਦ ਹੋ ਗਿਆ। ਰਣ-ਤੱਤੇ ਦਾ ਸੂਰਮਾ! ਇਹਦੀ ਤਾਂ ਯਾਦਗ਼ਾਰੀ ਸਮਾਧੀ ਬਨਾਉਣੀ ਚਾਹੀਦੀ ਹੈ।”

“ਉਏ ਚੱਲ ਉਏ ਬਿੱਜੂਆ ਜਿਹਾ। ਮੂੰਹ ਨਾ ਚੰਗਾ ਹੋਵੇ ਤਾਂ ਬੰਦਾ ਗੱਲ ਤਾਂ ਚੱਜ ਦੀ ਕਰੇ। ਜਾ ਕੇ ਮਸਾਲਾ ਲਾ ਕੇ ਭੁੰਨ ਕੇ ਖਾਂਦੇ ਆਂ। ਸੌ ਦਾ ਖੜ ਖੜ ਕਰਦਾ ਨੋਟ ਜੱਟ ਦੇ ਬੋਝੇ ‘ਚ ਆ। ਠੇਕੇ ਦੀਆਂ ਦੋ ਬੋਤਲਾਂ ਲੈਂਦੇ ਜਾਂਦੇ ਆਂ। ਜਸ਼ਨ ਹੋਊ ਅੱਜ ਤਾਂ।” ਅਰਜਨ ਦੇ ਚਚੇਰੇ ਭਰਾ ਪ੍ਰੀਤੂ ਨੇ ਫੱਜੇ ਨੂੰ ਝਿੜਕਿਆ ਤਾਂ ਅਰਜਨ ਨੇ ਲਾਲ ਗਹਿਰੀਆਂ ਅੱਖਾਂ ਨਾਲ ਉਸ ਵੱਲ ਘੂਰ ਕੇ ਵੇਖਿਆ।

ਫਿਰ ਨਹੀਂ ਸਾਰੇ ਰਾਹ ਕਿਸੇ ਨੇ ਗੱਲ ਕੀਤੀ।

ਘਰ ਜਾ ਕੇ ਚਿੱਟੇ ਲੱਠੇ ਦੇ ਨਵੇਂ ਕੱਪੜੇ ਵਿਚ ‘ਲਾਲ-ਸਿਰੇ’ ਨੂੰ ਲਪੇਟਿਆ ਤੇ ਹਵੇਲੀ ਦੀ ਇੱਕ ਨੁੱਕਰੇ ਟੋਆ ਪੁੱਟ ਕੇ ਉਸਨੂੰ ਜ਼ਮੀਨ ਵਿਚ ਨੱਪ ਦਿੱਤਾ। ਉਸਦੀ ਨਵੀਂ ਬਣੀ ‘ਸਮਾਧ’ ਦੇ ਸਿਰਹਾਣੇ ਬਹਿੰਦਿਆਂ ਅਰਜਨ ਨੇ ਪੁੱਠੇ ਹੱਥ ਨਾਲ ਸਭ ਨੂੰ ਤੁਰ ਜਾਣ ਦਾ ਇਸ਼ਾਰਾ ਕੀਤਾ। ਫੱਜਾ ਉਹਦੇ ਮੋਢੇ ਨੂੰ ਘੁੱਟ ਕੇ ਉਹਦੇ ਕੋਲ ਹੀ ਬਹਿ ਗਿਆ।

“ਫੱਜਿਆ! ਮੈਨੂੰ ਕੱਲ੍ਹ ਪੰਡਤ ਮਾਇਆ ਰਾਮ ਨੇ ਜਿਹੜੀ ਗੱਲ ਆਖੀ ਸੀ ਉਹਦੀ ਸੋਝੀ ਤਾਂ ਮੈਨੂੰ ਹੁਣ ਆਈ ਏ। ਉਹ ਸ਼ਾਇਦ ਮੈਨੂੰ ਬੜਾ ਦਿਆਲੂ ਤੇ ਦਇਆਵਾਨ ਸਮਝਦਾ ਸੀ। ਪਰ ਮੇਰਾ ਕੰਮ ਤਾਂ ਹੈ ਸੀ ਸ਼ਰਤਾ ਲਾਉਣੀਆਂ ਤੇ ਜਿੱਤਣੀਆਂ! ਵਧਾਈਆਂ ਲੈਣਾ, ਜਿੱਤ ਦੇ ਜਸ਼ਨ ਮਨਾਉਣਾ। ਵਧੀਆ ਜਨੌਰ ਪਾਲਣ ਦੀ ਸਰਦਾਰੀ ਦਾ ਮਾਣ ਕਰਨਾ ਤੇ ਨਾਲ ਲੋਕਾਂ ਦੀ ਬੱਲੇ! ਬੱਲੇ! ਸੁਣ ਕੇ ਖ਼ੁਸ਼ ਹੋਣਾ! ਇਹ ਸੀ ‘ਉਹ ਹੋਰ ਗੱਲ’ ਜਿਸਦੀ ਮੈਨੂੰ ਸਮਝ ਨਹੀਂ ਸੀ ਪਈ! ਪਰ ਸ਼ਰਤਾਂ ਨਿਭਾਉਂਦੇ ਆਪਣੇ ਜਨੌਰਾਂ ਦਾ ਹੁੰਦਾ ਘਾਣ ਤੇ ਉਹਨਾਂ ਦੀ ਤਕਲੀਫ਼ ਮੈਂ ਕਦੀ ਇਸਤਰ੍ਹਾਂ ਮਹਿਸੂਸ ਨਹੀਂ ਸੀ ਕੀਤੀ। ਸ਼ਾਇਦ ਮਹਿਸੂਸ ਤਾਂ ਮੈਂ ਕਰਦਾ ਸਾਂ ਪਰ--”

ਮਾਇਆ ਰਾਮ ਦੀ ਗੱਲ ਨੇ ਉਸਨੂੰ ਹੋਰ ਹੀ ਪਾਸੇ ਸੋਚਣ ਲਾ ਦਿੱਤਾ ਸੀ। ਉਹਨੂੰ ਲੱਗਾ; ਉਹ ਮਾਇਆ ਰਾਮ ਅੱਗੇ ਪੂਰਾ ਸੱਚਾ ਨਹੀਂ! ਉਹ ਨਿਰਸਵਾਰਥ ਹੋ ਕੇ ਨਹੀਂ ਸੀ ਪੰਛੀਆਂ ਜਨੌਰਾਂ ਨੂੰ ਚੋਗਾ ਪਾਉਂਦਾ। ਇਸ ਪਿੱਛੇ ਤਾਂ ਉਸਦਾ ਆਪਣਾ ਲਾਲਚ ਸੀ। ਆਪਣਾ ਮਕਸਦ। ਉਹਦੇ ‘ਪਹਿਲਵਾਨ’ ਸਰੀਰੋਂ ਤਕੜੇ ਰਹਿਣ ਤੇ ਜਿੱਤਾਂ ਤੇ ਮੱਲਾਂ ਮਾਰ ਕੇ ਆਉਣ। ਉਹ ਏਡਾ ਦਿਆਲੂ ਤੇ ਦਇਆਵਾਨ ਕਿੱਥੇ ਸੀ!

ਅਗਲੇ ਦਿਨ ਸਵੇਰੇ ਹੀ ਲੱਸੀ-ਪਾਣੀ ਪੀ ਕੇ ਉਹ ਤੇ ਫੱਜਾ ਘੋੜੀ ਲੈ ਕੇ ਮਾਇਆ ਰਾਮ ਦਾ ਕਰਜ਼ ਲਾਹੁਣ ਝਬਾਲ ਨੂੰ ਤੁਰ ਪਏ। ਮਾਇਆ ਰਾਮ ਦਾ ਹੁਦਾਰ ਉਹਦੇ ਹੱਥ ਫੜਾ ਕੇ ਅਤੇ ‘ਲਾਲ-ਸਿਰੇ’ ਦੀ ਮੌਤ ਦੀ ਕਹਾਣੀ ਸੁਣਾ ਕੇ ਅਰਜਨ ਕਹਿੰਦਾ, “ਸ਼ਾਹ ਜੀ! ਤੁਸੀਂ ਤਾਂ ਮੈਨੂੰ ਬੜੇ ਦਰਦਮੰਦ ਦਿਲ ਵਾਲਾ ਬੰਦਾ ਸਮਝਿਆ ਸੀ, ਜਿਹੜਾ ਜਨੌਰਾਂ ਨੂੰ ਰੱਬ ਦੇ ਜੀਅ ਸਮਝ ਕੇ ਦਾਣਾ ਪਾਉਂਦਾਂ; ਪਰ ਮੈਂ ਤਾਂ ਅਸਲ ਵਿਚ ਧੁਰ ਅੰਦਰੋਂ ਕਿਤੇ ਜ਼ਾਲਮ ਸਾਂ। ਸੱਚੀ ਪੁੱਛਦੇ ਓ ਮੈਂ ਤਾਂ ਕਾਤਲ ਆਂ ਆਪਣੇ ‘ਲਾਲ-ਸਿਰੇ’ ਦਾ। ਤੁਹਾਡੇ ਪੈਰਾਂ ਦੀ ਸਹੁੰ। ਜਨੌਰਾਂ ਨੂੰ ਦਾਣਾ ਤਾਂ ਪਾਊਂ, ਪਰ ਸ਼ਰਤਾਂ ਤੇ ਮੁਕਾਬਲੇ ਅੱਗੋਂ ਤੋਂ ਸਦਾ ਲਈ ਬੰਦ।”

ਫਿਰ ਕਈ ਦਹਾਕੇ ਬੀਤ ਗਏ, ਉਹ ਗੱਭਰੂ-ਜਵਾਨ ਤੋਂ ਬਾਬਾ ਬਣ ਗਿਆ। ਸ਼ਰਤਾਂ ਲਾਉਣੀਆਂ ਤਾਂ ਦੂਰ ਉਸਨੇ ਪੰਛੀ, ਜਨੌਰ ਰੱਖਣੇ ਹੀ ਬੰਦ ਕਰ ਦਿੱਤੇ ਪਰ ਉਹਨਾਂ ਨੂੰ ਦਾਣਾ ਪਾਉਣਾ ਨਾ ਛੱਡਿਆ। ਉਸਨੇ ਹਵੇਲੀ ਵਿਚ ਵੀ ਪਾਣੀ ਦਾ ਵੱਡਾ ਕੁੱਜਾ ਇੱਕ ਨੁੱਕਰੇ ਰੱਖਿਆ ਹੋਇਆ ਸੀ ਤੇ ਸਵੇਰੇ ਸ਼ਾਮ ਓਥੇ ਜਾਨਵਰਾਂ ਲਈ ਦਾਣਾ ਖਿਲਾਰਦਾ ਸੀ। ਚਿੜੀਆਂ, ਗੁਟਾਰਾਂ, ਘੁੱਗੀਆਂ ਉਸਦੇ ਦੁਆਲੇ ਬੇਖ਼ੌਫ਼ ਹੋ ਕੇ ਟਪੂਸੀਆਂ ਮਾਰਦੀਆਂ। ਦਾਣਾ ਚੁਗਦੀਆਂ। ਕਦੀ ਕਦੀ ਕੋਈ ਉਹਦੇ ਮੋਢੇ ਤੇ ਹੱਥਾਂ ‘ਤੇ ਵੀ ਆ ਬੈਠਦੀ। ਖੇਤਾਂ ਵਿਚ ਵੀ ਬੰਬੀ ਵਾਲੇ ਕੋਠੇ ਵਿਚ ਉਸਨੇ ਦਾਣਿਆਂ ਵਾਲਾ ਕੁੱਜਾ ਏਸੇ ਮਕਸਦ ਲਈ ਰੱਖਿਆ ਹੋਇਆ ਸੀ। ਪੁਤ ਪੋਤਰੇ ਕਹਿੰਦੇ ਸਨ ਕਿ ਬਾਪੂ ਤਾਂ ਫ਼ਸਲਾਂ ਦਾ ਨਾਸ ਮਾਰਨ ਲਈ ਜਨੌਰਾਂ ਨੂੰ ਆਪ ‘ਰੋਟੀ ਵਰਜਦੈ!’
ਪਰ ਉਹ ਹੱਸ ਕੇ ਆਖਦਾ, “ਏਹਨਾਂ ਜਨੌਰਾਂ ਦੇ ਪੈਰਾਂ ਪਿੱਛੇ ਈ ਰੱਬ ਸਾਨੂੰ ਰੋਟੀ ਦਿੰਦੈ।”

- ਉਹਨੇ ਮੁੱਠ ਵਿਚ ਰਹਿ ਗਏ ਦਾਣੇ ਵੀ ਚੁਬੱਚੇ ਦੀ ਬੰਨੀ ‘ਤੇ ਖਿਲਾਰ ਦਿੱਤੇ ਤੇ ਚਿੜੀਆਂ ਨੂੰ ਚੋਗ ਚੁਗਦਿਆਂ ਵੇਖ ਡੂੰਘੀ ਉਦਾਸੀ ਵਿਚ ਡੁੱਬ ਗਿਆ।

ਮੁੰਡੇ ਸ਼ਾਇਦ ਉਹਨੂੰ ਹੀ ਮਾਰਨ ਆਏ ਸਨ ਪਰ ਪਤਾ ਨਹੀਂ ਕਿਉਂ ਛੱਡ ਗਏ! ਇਸੇ ਗੁਰਜੀਤ ਨੇ, ਜਿਹੜਾ ਹੁਣ ਸਵੈ-ਸਿਰਜਤ ‘ਲੈਫ਼ਟੀਨੈਂਟ ਜਨਰਲ’ ਬਣਿਆਂ ਹੋਇਆ ਸੀ, ਆਪਣੇ ਦਸਤਖ਼ਤਾਂ ਵਾਲੇ ਪੈਡ ‘ਤੇ ਮਾਇਆ ਰਾਮ ਦੇ ਕਤਲ਼ ਦੀ ਜਿੰਮੇਵਾਰੀ ਓਟੀ ਸੀ। ਨੱਬੇ ਸਾਲ ਦਾ ਬੁੱਢਾ ਮਾਇਆ ਰਾਮ ਮਾਰ ਕੇ ਉਹ ਬੜੀ ਸਰਹੰਦ ਫ਼ਤਹਿ ਕੀਤੀ ਸਮਝਦੇ ਸਨ! ਮਾਇਆ ਰਾਮ ਦੀ ਅਗਲੀ ਔਲਾਦ ਨੇ ਵੀ ਬਥੇਰੀ ਕਮਾਈ ਕੀਤੀ ਸੀ। ਸ਼ੈਲਰ ਲਾ ਲਏ ਸਨ। ਕੱਪੜੇ ਦੀ ਵੱਡੀ ਦੁਕਾਨ ਚੱਲਦੀ ਸੀ। ਹੋਰ ਕਾਰੋਬਾਰ ਵੀ ਸਨ। ਇਹਨਾਂ ਨੇ ਮਾਇਆ ਰਾਮ ਨੂੰ ਅਗਵਾ ਕਰ ਲਿਆ ਸੀ। ਪੰਜ ਲੱਖ ਮੰਗਦੇ ਸਨ।

‘ਸਮੇਂ ਸਿਰ’ ਪੈਸੇ ਨਾ ਪਹੁੰਚੇ ਤੇ ਵਿਚਾਰਾ ਮਾਇਆ ਰਾਮ!

ਕੱਲ੍ਹ ਦੀ ਅਖ਼ਬਾਰ ਵਿਚ ਲਹੂ ਵਿਚ ਭਿੱਜੀ ਮਾਇਆ ਰਾਮ ਦੀ ਲਾਸ਼ ਦੀ ਤਸਵੀਰ ਵੇਖ ਕੇ ਅਤੇ ਉਹਦੀ ਮੌਤ ਦੀ ਜਿੰਮੇਵਾਰੀ ਲੈਂਦੀ ‘ਲੈਫ਼ਟੀਨੈਂਟ ਜਨਰਲ’ ਗੁਰਜੀਤ ਸਿੰਘ ਦੀ ਚਿੱਠੀ ਦਾ ਹਵਾਲਾ ਪੜ੍ਹ ਕੇ ਅਰਜਨ ਸਿੰਘ ਬੌਂਦਲ ਗਿਆ ਸੀ। ਮਾਇਆ ਰਾਮ ਅਜੇ ਵੀ ਮੁਸਕੜੀਆਂ ਵਿਚ ਹੱਸਦਾ ਉਸਨੂੰ ਕਹਿ ਰਿਹਾ ਸੀ, “ਜਿਹੜਾ ਬੰਦਾ ਪੰਛੀਆਂ ਜਨੌਰਾਂ ਨੂੰ ਦਾਣਾ ਪਾਉਂਦੈ, ਉਹ ਮੇਰੇ ਪੈਸੇ ਕਦੀ ਮਾਰ ਈ ਨਹੀਂ ਸਕਦਾ!”

“ਤੇ ਜਿਹੜਾ ਕੋਈ ਗੁਰੂ ਦਾ ਸਿੰਘ ਅਖਵਾਏ, ਉਹਦਾ ਦੱਸਿਆ ਬਾਣਾ ਪਾਏ, ਉਹਦੀ ਬਾਣੀ ਦਾ ਪਾਠ ਕਰੇ ਤੇ ਫਿਰ ਤੈਨੂੰ ਹੀ ਮਾਰ ਦਏ ਮਾਇਆ ਰਾਮਾ, ਗੁਰੂ ਦੇ ਸਿੱਖ ਨੂੰ! ਉਹ ਗੁਰੂ ਦਾ ਕੀ ਲੱਗਦਾ ਏ!”

ਉਹਦੇ ਅੰਦਰੋਂ ਹੌਕਾ ਨਿਕਲਿਆ।
ਉਹਨਾਂ ਨੇ ਉਹਦੇ ਇਸ਼ਟ ਦਾ ਕਤਲ ਕਰ ਦਿੱਤਾ ਸੀ।
ਪਹਿਲੀਆਂ ਦੋ ਮਿਲਣੀਆਂ ਤੋਂ ਬਾਅਦ ਉਹ ਮਾਇਆ ਰਾਮ ਦਾ ਮੁਰੀਦ ਹੋ ਗਿਆ ਸੀ।
“ਸ਼ਾਹ ਜੀ! ਤੁਸੀਂ ਮੈਨੂੰ ਦੁਨੀਆਂ ਨੂੰ ਵੇਖਣ ਵਾਲੀ ਨਵੀਂ ਨਜ਼ਰ ਦਿੱਤੀ ਹੈ। ਤੁਸੀਂ ਮੇਰੇ ਗੁਰੂ ਓ।”
“ਰਾਮ ਰਾਮ ਕਹੁ ਸਰਦਾਰ ਅਰਜਨ ਸਿਅਹਾਂ! ਮੈਂ ਪਾਪੀ ਬੰਦਾ। ਤੱਕੜੀ ਨੂੰ ਠੂੰਗਾ ਮਾਰਨ ਵਾਲਾ। ਛੋਟੀਆਂ ਮੋਟੀਆਂ ਬੇਈਮਾਨੀਆਂ ਕਰਨ ਵਾਲਾ। ਏਨਾ ਭਾਰ ਨਾ ਮੇਰੇ ਸਿਰ ‘ਤੇ ਚਾੜ੍ਹ।”

ਪਰ ਅਰਜਨ ਸਿੰਘ ਦੇ ਮਨ ਵਿਚ, ਸਾਲਾਂ ਦੇ ਸਾਲ ਬੀਤ ਗਏ, ਮਾਇਆ ਰਾਮ ਦੀ ਕਦਰ ਜਿਉਂ ਦੀ ਤਿਉਂ ਕਾਇਮ ਸੀ। ਉਹ ਜਦੋਂ ਵੀ ਕਦੀ ਦੋਂਹ ਚਹੁੰ-ਮਹੀਨੀਂ ਓਧਰ ਲੰਘਦਾ, ਉਚੇਚਾ ਮਾਇਆ ਰਾਮ ਦੇ ਗੋਡਿਆਂ ਨੂੰ ਹੱਥ ਲਾ ਕੇ ਆਉਂਦਾ।

ਅਰਜਨ ਸਿੰਘ ਆਖਦਾ ਹੁੰਦਾ ਸੀ ਕਿ ਉਸਦਾ ਗੁਰੂ, ਉਸਦਾ ਇਸ਼ਟ ਤਾਂ ਟੋਟੋ ਟੋਟੋ ਹੋ ਕੇ ਛੋਟੇ ਛੋਟੇ ਟੁਕੜਿਆਂ ਵਿਚ ਸਾਰੇ ਬੰਦਿਆਂ ਵਿਚ ਬੈਠਾ ਹੋਇਆ ਹੈ।

ਅੱਜ ਇਹਨਾਂ ‘ਗੁਰੂ ਦੇ ਸਿੰਘਾਂ’ ਨੇ ਮਾਇਆ ਰਾਮ ਦੇ ਅੰਦਰ ਬੈਠਾ ਅਰਜਨ ਸਿੰਘ ਦੇ ‘ਗੁਰੂ’ ਦਾ ਇਕ ਹਿੱਸਾ ਕਤਲ਼ ਕਰ ਦਿੱਤਾ ਸੀ।
ਉਸਨੇ ਤੁਰੇ ਜਾਂਦੇ ‘ਜਰਨੈਲ’ ਦੇ ਹੱਥ ਵਿਚ ਫੜ੍ਹੀ ਸਟੇਨ ‘ਤੇ ਨਜ਼ਰ ਮਾਰੀ ਤਾਂ ਮਾਇਆ ਰਾਮ ਤੜਫ਼ਦਾ ਦਿਖਾਈ ਦਿੱਤਾ। ‘ਬਾਜ਼’ ‘ਚਿੜੀਆਂ’ ਨੂੰ ‘ਤੋੜ’ ਰਹੇ ਸਨ। ਉਹਦੇ ਆਸੇ ਪਾਸੇ ਮਾਇਆ ਰਾਮ ਦੀ ਮੌਤ ‘ਤੇ ਵੈਣ ਪਾਉਂਦੀਆਂ ਚਿੜੀਆਂ ਚਿਚਲਾ ਰਹੀਆਂ ਸਨ।

ਉਹਦੇ ਅੰਦਰੋਂ ਹਾਅ ਵਰਗਾ ਹੌਕਾ ਨਿਕਲਿਆ, “ਸੱਚਿਆ ਪਾਤਸ਼ਾਹ! ਇਹ ਕੇਹਾ ਸਿਤਮ ਏਂ ਕਿ ਬਾਜ਼ ਤੇਰਾ ਹੀ ਨਾਂ ਲੈ ਲੈ ਕੇ ਤੇਰੀਆਂ ਚਿੜੀਆਂ ਨੂੰ ਤੋੜ ਰਹੇ ਨੇ!”

ਉਹਨਾਂ ਦੇ ਕਾਬੂ ਆਏ ਮਾਇਆ ਰਾਮ ਨੂੰ ਜਦੋਂ ‘ਲੈਫ਼ਟੀਨੈਂਟ ਜਨਰਲ’ ਦੇ ਨਾਂ ਦਾ ਪਤਾ ਲੱਗਾ ਸੀ ਤਾਂ ਉਸਨੂੰ ਉਹਦਾ ਪਿੰਡ ਵੀ ਪਤਾ ਲੱਗ ਗਿਆ ਸੀ। ਅਖ਼ਬਾਰਾਂ ਵਿਚ ਦੂਜੇ ਚੌਥੇ ਦਿਨ ਉਹਦਾ ਨਾਂ ਅਖ਼ਬਾਰਾਂ ਵਿਚ ਛਪਦਾ ਹੀ ਤਾਂ ਰਹਿੰਦਾ ਸੀ। ਮਾਇਆ ਰਾਮ ਨੇ ਉਸਨੂੰ ਓਸੇ ਪਿੰਡ ਦਾ ਜਾਣ ਕੇ ਅਰਜਨ ਸਿੰਘ ਦੀ ਪਛਾਣ ਅਤੇ ਮਿੱਤਰਤਾ ਦਾ ਵੀ ਵਾਸਤਾ ਪਾਇਆ ਸੀ। ਗੁਰਜੀਤ ਸਿੰਘ ਨੇ ਉਦੋਂ ਜ਼ਹਿਰੀ ਹਾਸਾ ਹੱਸਦਿਆਂ ਕਿਹਾ ਸੀ, “ਕੋਈ ਗੱਲ ਨਹੀਂ; ਉਹਨੂੰ ਪਾਗ਼ਲ ਬੁੱਢੇ ਨੂੰ ਵੀ ਤੇਰੀ ਫਤਹਿ ਬੁਲਾ ਆਵਾਂਗੇ।”

ਕਮਾਦ ਦੇ ਓਹਲੇ ਹੋਣ ਤੋਂ ਪਹਿਲਾਂ ਬਿੱਲੂ ਨੇ ਧੌਣ ਭੁਆ ਕੇ ਉੱਚੀ ਆਵਾਜ਼ ਵਿਚ ਆਖਿਆ, “ਬਾਬਾ! ਮਾਇਆ ਰਾਮ ਮਰਨ ਤੋਂ ਪਹਿਲਾਂ ਤੈਨੂੰ ‘ਆਪਣੀ ਰਾਮ ਰਾਮ’ ਬੁਲਾਉਂਦਾ ਸੀ!”

ਤਿੱਖਾ ਤੀਰ ਖੁਭ ਗਿਆ ਉਸਦੇ ਕਲੇਜੇ ਵਿਚ!
“ਓਹ! ਜ਼ਾਲਮੋਂ!! ਮੈਨੂੰ ਏਹੋ ਗੋਲੀ ਮਾਰਨ ਆਏ ਸਾਓ ਏਥੇ!”

- ਕਲੇਜਾ ਘੁੱਟ ਕੇ ਉਹ ਕਣਕ ਦੇ ਕਿਆਰੇ ਦਾ ਪਾਣੀ ਵੇਖਣ ਤੁਰ ਪਿਆ। ਹੋਰ ਪੰਜ ਕੁ ਮਿੰਟ ਤੱਕ ਕਿਆਰਾ ਬੰਨੇ ਲੱਗ ਜਾਣਾ ਸੀ।

ਅਚਨਚੇਤ ਵੇਖਿਆ; ਉਹਨਾਂ ਦੇ ਖੇਤਾਂ ਨੂੰ ਆਉਂਦੀ ਕੱਚੀ ਸੜਕ ‘ਤੇ ਪੁਲਿਸ ਦੀਆਂ ਦੋ ਜੀਪਾਂ ਧੂੜ ਉਡਾਉਂਦੀਆਂ ਆ ਰਹੀਆਂ ਸਨ। ਬੰਬੀ ਕੋਲ ਆ ਕੇ ਜੀਪਾਂ ਰੁਕ ਗਈਆਂ ਤੇ ਪੁਲਿਸ ਤੇ ਸੀ ਆਰ ਪੀ  ਦੀ ਧਾੜ ਦੀ ਧਾੜ ਬਾਹਰ ਨਿਕਲ ਕੇ ਉਸ ਵੱਲ ਵਧੀ। ਕੋਲ ਆ ਕੇ ਥਾਣੇਦਾਰ ਕਹਿਣ ਲੱਗਾ:
“ਸਾਨੂੰ ਪੱਕੀ ਸੂਹ ਮਿਲੀ ਏ ਕਿ ਮੁੰਡੇ ਏਧਰ ਆਏ ਨੇ। ਤੇਰੀ ਬੰਬੀ ‘ਤੇ ਨਹਾਉਂਦਿਆਂ ਵੇਖੇ ਨੇ ਕਿਸੇ ਨੇ। ਪੰਜ ਮਿੰਟ ਨਹੀਂ ਹੋਏ ਅਜੇ ਇਸ ਗੱਲ ਨੂੰ। ਬੁੱਢਿਆ! ਬੰਦਾ ਬਣ ਕੇ ਦੱਸ ਦੇ ਕਿੱਥੇ ਲੁਕਾਏ ਈ?”

ਅਰਜਨ ਸਿੰਘ ਦੇ ਸਿਰ ਨੂੰ ਗੁੱਸੇ ਦੀ ਕਾਂਗ ਚੜ੍ਹੀ, “ਬੰਦਾ ਤਾਂ ਮੈਂ ਸਾਰੀ ਉਮਰ ਬਣਨ ਦੀ ਕੋਸ਼ਿਸ਼ ਵਿਚ ਲੱਗਾ ਰਿਹਾਂ ਪਰ ਬੰਦਾ ਬਣਿਆਂ ਈ ਨਹੀਂ ਜਾ ਸਕਿਆ। ਪਰ ਸਰਦਾਰਾ! ਬੰਦਿਆਂ ਵਾਲੀ ਜ਼ਬਾਨ ‘ਚ ਗੱਲ ਕਰਨੀ ਤੈਨੂੰ ਵੀ ਨਹੀਂ ਆਉਂਦੀ। ਮੈਂ ਵੀ ਗੁਰੂ ਦਾ ਸਿੱਖ ਆਂ ਤੇ ਵੇਖਣ ਨੂੰ ਤਾਂ ਤੂੰ ਵੀ ਇੰਝ ਈ ਲੱਗਦੈਂ। ਇਕ ਬਜ਼ੁਰਗ ਨਾਲ, ਜਿਹੜਾ ਦਸ ਸਾਲ ਪਿੰਡ ਦਾ ਸਰਪੰਚ ਵੀ ਰਿਹਾ ਹੋਵੇ, ਗੱਲ-ਬਾਤ ਕਰਨ ਦਾ ਇਹ ਕਿਹੜਾ ਸਲੀਕਾ ਤੇ ਕਿਹੜਾ ਤਰੀਕਾ ਏ ਭਾਈ!”

ਥਾਣੇਦਾਰ ਕੋਈ ਨਵਾਂ ਹੀ ਆਇਆ ਲੱਗਦਾ ਸੀ, ਜਿਹੜਾ ਅਰਜਨ ਸਿੰਘ ਦਾ ਜਾਣੂ ਨਹੀਂ ਸੀ। ਅਰਜਨ ਸਿੰਘ ਦੀ ਝਾੜ ਸੁਣ ਕੇ ਥੋੜ੍ਹਾ ਕੁ ਝੇਪਿਆ ਜ਼ਰੂਰ ਪਰ ਫਿਰ ਸੰਭਲ ਗਿਆ।

“ਮੇਰੇ ਨਾਲ ਬਹੁਤਾ ਗਿਆਨ ਨਾ ਘੋਟ ਤੇ ਸਿੱਧੀ ਤਰ੍ਹਾਂ ਦੱਸ ਉਹ ਏਥੋਂ ਗਏ ਕਿਧਰ ਨੂੰ ਨੇ?”

ਸੀ ਆਰ ਪੀ  ਦਾ ਇੰਸਪੈਕਟਰ ਤਿਵਾੜੀ ਅਰਜਨ ਸਿੰਘ ਨੂੰ ਜਾਣਦਾ ਸੀ। ਅਰਜਨ ਸਿੰਘ ਪਿਛਲੇ ਦਿਨੀਂ ਕਿਸੇ ਕੰਮ ਲਈ ਉਸਨੂੰ ਦੋ-ਚਾਰ ਵਾਰ ਮਿਲਿਆ ਵੀ ਹੋਇਆ ਸੀ। ਗੱਲ-ਬਾਤ ਦੀ ਵਾਗ-ਡੋਰ ਤਿਵਾੜੀ ਨੇ ਆਪਣੇ ਹੱਥ ਲੈਣੀ ਚਾਹੀ, “ਬਾਬਾ ਜੀ! ਨਰਾਜ਼ ਮੱਤ ਹੋਈਏ। ਆਏ ਤੋ ਵੋਹ ਇਧਰ ਹੀ ਹੈਂ ਆਪ ਕੇ ਪਾਸ।”

ਬਿੱਲੂ ਦੀ ਬੋਲੀ ਨੇ ਅਰਜਨ ਸਿੰਘ ਦਾ ਕਲੇਜਾ ਚੀਰਿਆ ਹੋਇਆ ਸੀ।

ਅੱਜ ਉਹਨੂੰ ਆਪਣੇ ਪੁੱਤ ਜਗਜੀਤ ਸਿੰਘ ਦਾ ਪੈਂਤੜਾ ਵੀ ਠੀਕ ਹੀ ਲੱਗਾ। ਭਾਵੇਂ ਪਹਿਲਾਂ ਕਦੀ ਇਸ ਬਾਰੇ ਉਸਦੀ ਸਹਿਮਤੀ ਨਹੀਂ ਸੀ ਹੋਈ।

“ਇਹਨਾਂ ਕਾਤਲ ਟੋਲਿਆਂ ਨਾਲ ਤਾਂ ਬੇਕਿਰਕ ਹੋ ਕੇ ਨਜਿੱਠਣ ਦੀ ਲੋੜ ਏ। ਇਸ ਤੋਂ ਪਹਿਲਾਂ ਕਿ ਉਹ ਤੁਹਾਡੇ ‘ਤੇ ਵਾਰ ਕਰਨ ਤੁਹਾਨੂੰ ਉਹਨਾਂ ‘ਤੇ ਵਾਰ ਕਰ ਦੇਣਾ ਚਾਹੀਦਾ ਐ। ਜਦੋਂ ਕੋਈ ਤੁਹਾਡੇ ਖਿਲਾਫ਼ ਹਥਿਆਰ ਚੁੱਕ ਕੇ ਤੁਰ ਪਿਐ, ਫਿਰ ਇਹ ਨਾ ਵੇਖੋ ਕਿ ਉਸਦਾ ਕਸੂਰ ਕਿੰਨਾ ਕੁ ਹੈ ਤੇ ਕਿੰਨਾ ਕੁ ਨਹੀਂ! ਮੌਕਾ ਮਿਲੇ ਤੋਂ ਪਹਿਲਾਂ ਆਪਣਾ ਵਾਰ ਕਰ ਦਿਓ। ਕੋਈ ਲਿਹਾਜ ਨਹੀਂ, ਕੋਈ ਤਰਸ ਨਹੀਂ। ਇਹ ਕਿਹੜਾ ਕਿਸੇ ‘ਤੇ ਤਰਸ ਖਾਂਦੇ ਨੇ!” ਉਸ ਅੰਦਰੋਂ ਉਸਦੇ ਪੁੱਤਰ ਜਗਜੀਤ ਦੀ ਪਾਰਟੀ-ਲਾਈਨ ਬੋਲਣ ਲੱਗੀ।

ਉਸਨੂੰ ਖੁਦ ‘ਸਰਕਾਰੀ’ ਹੋਣ ਤੋਂ ਬੜੀ ਚਿੜ ਸੀ। ਸਰਕਾਰ ਅਤੇ ਸਥਾਪਤੀ ਨਾਲ ਤਾਂ ਉਹਦਾ ਖ਼ਾਨਦਾਨੀ ਵੈਰ ਸੀ। ਭਾਵੇਂ ਉਹਨੇ ਆਪ ਹੀ ਘਰ ਦੇ ਮੁਹਾਜ਼ ‘ਤੇ ਲੜਨ ਦਾ ਨਿਰਣਾ ਲਿਆ ਹੋਇਆ ਸੀ ਤੇ ‘ਬਾਹਰਲੀ ਵੱਡੀ ਲੜਾਈ’ ਲਈ ਬਾਪੂ ਇੰਦਰ ਸਿੰਘ ਸਮਰਪਿਤ ਸੀ ਤਦ ਵੀ ਕਦੀ ਕਦੀ ਉਹਦਾ ਬਾਗ਼ੀ ਆਪਾ ਉਛਾਲ ਮਾਰ ਜਾਂਦਾ ਰਿਹਾ ਸੀ। ਪੰਜਾਬੀ ਸੂਬੇ ਦੇ ਮੋਰਚੇ ਵਿਚ ਤਾਂ ਉਹ ਬਾਪੂ ਇੰਦਰ ਸਿੰਘ ਨਾਲ ਜੇਲ੍ਹ ਵਿਚ ਆਪ ਵੀ ਗਿਆ ਸੀ। ਖ਼ੁਸ਼ ਹੈਸੀਅਤੀ ਟੈਕਸ ਦੇ ਵਿਰੋਧ ਵਿਚ ਉੱਠੀ ਕਮਿਊਨਿਸਟ ਲਹਿਰ ਵਿਚ ਵੀ ਦੋਵੇਂ ਪਿਓ-ਪੁੱਤ ਗ੍ਰਿਫ਼ਤਾਰ ਹੋਏ ਸਨ। ਉਂਜ ਤੇ ਜਗਜੀਤ ਦੀ ਸਾਰੀ ਉਮਰ ਵੀ ਸਰਕਾਰ ਦੀਆਂ ਵਧੀਕੀਆਂ ਨਾਲ ਲੜਦਿਆਂ ਤੇ ਮੁਲਾਜ਼ਮ ਘੋਲ ਕਰਦਿਆਂ ਲੰਘੀ ਸੀ। ਇਕ ਵਾਰ ਮੁਲਾਜ਼ਮ ਮੰਗਾਂ ਲਈ ਉਹ ਲੰਮੀ ਭੁੱਖ ਹੜਤਾਲ ‘ਤੇ ਬੈਠਾ ਸੀ ਤਾਂ ਉਹ ਮਰਦਿਆਂ ਮਰਦਿਆਂ ਮਸਾਂ ਬਚਿਆ ਸੀ। ਉਹਨੀਂ ਦਿਨੀਂ ਤਾਂ ਅਰਜਨ ਸਿੰਘ ਨੂੰ ਉਸ ‘ਤੇ ਅੰਤਾਂ ਦਾ ਮੋਹ ਤੇ ਲਾਡ ਆਇਆ ਸੀ। ਮੋਹ ਤਾਂ ਉਹਦੇ ਅਗਾਂਹਵਧੂ ਵਿਚਾਰਾਂ ਤੇ ਕਰਮਾਂ ਨੂੰ ਉਹ ਅਜੇ ਵੀ ਕਰਦਾ ਸੀ। ਉਸ ‘ਤੇ ਮਾਣ ਵੀ ਸੀ ਉਸਨੂੰ। ਯੋਧਾ ਸੀ ਉਹ ਵੀ ਉਹਦੇ ਲਈ। ਪਰ ਅੱਜ ਕੱਲ੍ਹ ਉਸਦੇ ਇਸ ‘ਸਰਕਾਰੀ ਪੈਂਤੜੇ’ ਨਾਲ ਉਹਦੀ ਸਹਿਮਤੀ ਨਹੀਂ ਸੀ। ਕਿਸੇ ਮੁੰਡੇ ਨੂੰ ਵਿੰਹਦਿਆਂ ਜਾਂ ਫੜ੍ਹਦਿਆਂ ਹੀ ਅਗਲੇ ਨੂੰ ਗੋਲੀ ਮਾਰ ਦੇਣ ਦਾ ਸਰਕਾਰ ਤੇ ਪੁਲਿਸ ਦਾ ਫ਼ੈਸਲਾ ਉਸਨੂੰ ਹਜ਼ਮ ਹੀ ਨਹੀਂ ਸੀ ਹੁੰਦਾ।

“ਤੂੰ ਤੇ ਤੇਰੀ ਪਾਰਟੀ ਤਾਂ ਹੁਣ ਅਸਲੋਂ ਈ ਸਰਕਾਰੀ ਹੁੰਦੀ ਜਾਂਦੀ ਏ। ਤੂੰ ਵੀ ਸਰਕਾਰੀ ਬੰਦਾ ਬਣਦਾ ਜਾਂਦਾ ਏਂ ਜਗਜੀਤ ਸਿਅਹਾਂ!”
“ ਬਾਪੂ ਜੀ, ਸਾਡੇ ਹੀਰਿਆਂ ਵਰਗੇ ਕਾਮਰੇਡ ਇਹਨਾਂ ਮੁੰਡਿਆਂ ਨੇ ਸ਼ਹੀਦ ਕਰ ਦਿੱਤੇ। ਅਸੀਂ ਇਹਨਾਂ ਨੂੰ ਮਾਫ਼ ਕਿਵੇਂ ਕਰ ਦਈਏ? ਇਹਨਾਂ ਖਿਲਾਫ਼ ਬੇਕਿਰਕ ਲੜਾਈ ਲੜਨ ਦੀ ਹੀ ਲੋੜ ਹੈ।”

ਇਹ ਬਹਿਸ ਉਹਨਾਂ ਦੇ ਪਰਿਵਾਰ ਵਿਚ ਪਿਛਲੇ ਤੋਂ ਪਿਛਲੇ ਮਹੀਨੇ ਬੜਾ ਡਾਢਾ ਜ਼ੋਰ ਫੜ੍ਹ ਗਈ ਸੀ। ਰਾਤ ਨੂੰ ਟੱਬਰ ਵਿਚ ਬੈਠਿਆਂ ਉਹ ਗੱਲਾਂ-ਬਾਤਾਂ ਕਰ ਰਹੇ ਸਨ ਕਿ ‘ਲਹੀਆਂ ਦੀ ਪੱਤੀ’ ਦਾ ਪਰਤਾਪ ਸਿੰਘ ਤੇ ਉਹਦੇ ਭਾਈਚਾਰੇ ਦੇ ਦੋ-ਤਿੰਨ ਬੰਦੇ ਉਹਨਾਂ ਦੇ ਘਰ ਆਏ ਸਨ। ਉਹਨਾਂ ਦੇ ‘ਬੇਕਸੂਰ’ ਮੁੰਡੇ ਪਰਮਜੀਤ ਨੂੰ ਪਰਸੋਂ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਟੱਬਰ ਨਾਲ ਮੱਥਾ ਟੇਕਣ ਜਾਂਦਿਆ ਨੂੰ ਸੀ ਆਰ ਪੀ ਵਾਲਿਆਂ ਨੇ ਟਰਾਲੀ ਤੋਂ ਲਾਹ ਲਿਆ ਸੀ। ਕੱਲ੍ਹ ਉਹ ਮੁੰਡੇ ਦੇ ਪਿੱਛੇ ਗਏ ਸਨ, ਪਰ ਸੀ ਆਰ ਪੀ ਵਾਲੇ ਕਹਿੰਦੇ ਸਨ; ਪੁਲਿਸ ਨੂੰ ਪੁੱਛੋ, ਅਸੀਂ ਤਾਂ ਫੜ੍ਹ ਕੇ ਬੰਦੇ ਪੁਣ-ਛਾਣ ਲਈ ਪੁਲਿਸ ਨੂੰ ਹੀ ਦੇ ਦਿੰਦੇ ਆਂ। ਜੇ ਇਸ ਨਾਂ ਦਾ ਕੋਈ ਮੁੰਡਾ ਹੋਇਆ ਤਾਂ ਪੁਲਿਸ ਨੂੰ ਪਤਾ ਹੋਊ। ਅੱਗੋਂ ਪੁਲਿਸ ਉਹਨਾਂ ਨੂੰ ਕੋਈ ਨਿਆਂ ਨਹੀਂ ਸੀ ਦਿੰਦੀ। ਸਵੇਰੇ ਉਹਨਾਂ ਪੁਲਿਸ ਕੋਲ ਫੇਰ ਜਾਣਾ ਸੀ ਤੇ ਉਹ ਅਰਜਨ ਸਿੰਘ ਨੂੰ ਆਖਣ ਆਏ ਸਨ ਕਿ ਉਹ ਉਹਨਾਂ ਦੇ ਨਾਲ ਜਾਵੇ। ਪੁਰਾਣਾ ਸਰਪੰਚ ਰਿਹਾ ਹੋਣ ਕਰ ਕੇ, ਗੱਲ-ਬਾਤ ਦਾ ਸਲੀਕਾ ਜਾਨਣ ਕਰਕੇ ਤੇ ਦਲੀਲ ਵਿਚ ਜ਼ੋਰ ਹੋਣ ਕਰ ਕੇ ਅਜੇ ਵੀ ਲੋਕ ਉਹਦਾ ਆਸਰਾ ਤੱਕਦੇ ਰਹਿੰਦੇ ਸਨ। ਉਹ ਇਸ ਲਈ ਵੀ ਆਏ ਸਨ ਕਿ ਜਗਜੀਤ ਸਿੰਘ ਦੀ ਡੀ ਐਸ ਪੀ ਨਾਲ ਵੀ ਨੇੜਤਾ ਸੁਣੀਂਦੀ ਸੀ। ਜੇ ਉਹ ਵੀ ਡੀ ਐਸ ਪੀ ਨੂੰ ਆਖ ਦੇਵੇ ਤਾਂ!

ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਅਰਜਨ ਸਿੰਘ ਨੇ ਕਿਹਾ, “ਜਗਜੀਤ! ਕਰ ਵਿਚਾਰੇ ਗ਼ਰੀਬ ਜੱਟ ਦੀ ਮਦਦ; ਜੇ ਕੁਝ ਕਰ ਸਕਦਾ ਏਂ ਤਾਂ!”

“ਬਾਪੂ ਜੀ, ਮੈਂ ਤਾਂ ਕਾਤਲਾਂ ਦੇ ਟੋਲੇ ਨਾਲ ਦੁਸ਼ਮਣਾਂ ਵਾਂਗ ਨਜਿੱਠਣ ਦੇ ਹੱਕ ਵਿਚ ਆਂ। ਮਾਪਿਆਂ ਦੇ ਇਸ ‘ਬੇਕਸੂਰ’ ਮੁੰਡੇ ਨੇ ਕੀ ਪਤਾ ਕਿੰਨੇ ਬੇਕਸੂਰ ਲੋਕਾਂ ਦਾ ਘਾਣ ਕੀਤੈ! ਪਿਛਲੇ ਤਿੰਨ ਮਹੀਨੇ ਇਹ ਘਰੋਂ ਮੁੰਡਿਆਂ ਨਾਲ ਭੱਜਿਆ ਰਿਹੈ। ਉਹਨਾਂ ਨਾਲ ਦੀਵਾਲੀ ਵੇਖਣ ਤਾਂ ਨਹੀਂ ਸੀ ਗਿਆ! ਮੈਂ ਤਾਂ ਤੁਹਾਨੂੰ ਵੀ ਰੋਕੂੰ। ਪਰ ਤੁਸੀਂ ਤਾਂ ਆਪਣੀ ਮਰਜ਼ੀ ਈ ਕਰਨੀ ਹੁੰਦੀ ਏ। ਕਿਹੜਾ ਕਿਸੇ ਦੀ ਸੁਣਨੀ ਜਾਂ ਮੰਨਣੀ ਹੁੰਦੀ ਏ!”

ਉਸਨੇ ਤਾਂ ਅਸਲੋਂ ਹੱਥ ਖੜੇ ਕਰ ਦਿੱਤੇ ਸਨ।

ਮੁੰਡਾ ਹਰਜੀਤ ਦਾ ਵਿਦਿਆਰਥੀ ਰਿਹਾ ਸੀ। ਉਸਨੇ ਕੋਲੋਂ ਗਵਾਹੀ ਦਿੱਤੀ, “ਬਾਪੂ ਜੀ, ਮੁੰਡੇ ਨੇ ਪਿਛਲੇ ਸਾਲ ਹੀ ਅਜੇ ਦਸਵੀਂ ਕੀਤੀ ਏ। ਮੇਰੇ ਕੋਲ ਪੜ੍ਹਦਾ ਸੀ। ਪੜ੍ਹਦੇ ਸਮੇਂ ਨਿਹਾਇਤ ਬੀਬਾ ਮੁੰਡਾ ਸੀ। ਹੁਣ ਹਰ ਘਰ ਤੇ ਹਰ ਬਹਿਕ ‘ਤੇ ਤਾਂ ਜਦੋਂ ਜੀ ਕਰੇ ਮੁੰਡੇ ਆ ਵੜਦੇ ਨੇ। ਇਹਨਾਂ ਦੀ ਬਹਿਕ ‘ਤੇ ਵੀ ਆਉਂਦੇ-ਜਾਂਦੇ ਸਨ। ਉਹਨਾਂ ਦੀਆਂ ਗੱਲਾਂ, ਬਦਾਮਾਂ ਦੀਆਂ ਗਿਰੀਆਂ ਤੇ ਹਥਿਆਰਾਂ ਦੇ ਰੁਮਾਂਸ ਨੇ ਖਿੱਚ ਤਾਂ ਉਹਨੂੰ ਪਾ ਲਈ ਤੇ ਉਹ ਦੋ ਮਹੀਨੇ ਘਰੋਂ ਭੱਜਾ ਵੀ ਰਿਹੈ। ਪਰ ਮਾਪਿਆਂ ਦਾ ਇੱਕੋ ਇੱਕ ਪੁੱਤ ਹੋਣ ਕਰ ਕੇ ਇਕ ਤਾਂ ਮਾਪਿਆਂ ਨੇ ਅਗਲਿਆਂ ਦੇ ਤਰਲੇ ਕੀਤੇ ਕਿ ਸਾਡੇ ਪੁੱਤ ਨੂੰ ਮੋੜ ਦਿਓ ਤੇ ਦੂਜਾ ਮੁੰਡਾ ਵੀ ਉਹਨਾਂ ਨਾਲ ਜਾ ਕੇ ਫ਼ਸ ਗਿਆ ਮਹਿਸੂਸ ਕਰਦਾ ਸੀ। ਅਜੇ ਹਫ਼ਤਾ ਨਹੀਂ ਹੋਇਆ, ਉਹ ਮੈਨੂੰ ਮਿਲਿਆ ਸੀ। ਉਹਨੂੰ ਖੁੱਲ੍ਹਾ ਫਿਰਦਾ ਵੇਖ ਕੇ ਮੈਂ ਵੀ ਪੁੱਛ ਲਿਆ ਤਾਂ ਉਹ ਫਿੱਸ ਪਿਆ। ਕਹਿੰਦਾ, “ਮਾਸਟਰ ਜੀ ਐਵੇਂ ਚਾਅ ਚਾਅ ਵਿਚ ਈ ਉਹਨਾਂ ਦਾ ਝੋਲਾ ਚੁੱਕ ਕੇ ਤੁਰ ਪਿਆ ਸਾਂ। ਅੱਗੇ ਤੋਂ ਕੰਨਾਂ ਨੂੰ ਹੱਥ ਲਾਏ। ਜਿੰਨੀ ਨ੍ਹਾਤੀ ਓਨਾ ਪੁੰਨ! ਮੈਂ ਤਾਂ ਹੁਣ ਓਧਰ ਮੂੰਹ ਨਹੀਂ ਕਰਦਾ। ਸ਼ੁਕਰ ਏ ਜਿਊਂਦਿਆਂ ਘਰ ਆ ਗਏ ਆਂ। ਉਹਨਾਂ ਨਾਲ ਬਦਾਮਾਂ ਦੀਆਂ ਗਿਰੀਆਂ ਖਾਣ ਨਾਲੋਂ ਭੁੱਖੇ ਰਹਿਣਾ ਚੰਗਾ।”

“ਤਾਂ ਇਹ ਗੱਲ ਹੈ? ਵਾਕਿਆ ਈ ਕਸੂਰ ਕੋਈ ਨਹੀਂ ਉਹਦਾ?”

“ਵੇਖੋ ਜੀ, ਮੈਂ ਤਾਂ ਇਹ ਵੀ ਪੁੱਛਿਆ ਸੀ ਉਹਨੂੰ। ਉਹਨੇ ਸਹੁੰ ਖਾ ਕੇ ਆਖਿਆ ਸੀ ਕਿ ਉਸਦਾ ਕਿਸੇ ਵਾਰਦਾਤ ਵਿਚ ਕੋਈ ਹੱਥ ਨਹੀਂ। ਮੈਂ ਤਾਂ ਉਸਨੂੰ ਜਦੋਂ ਇਹ ਪੁੱਛਿਆ ਕਿ ਹੁਣ ਤੂੰ ਕਰਨਾ ਕੀ ਚਾਹੁੰਦੈਂ! ਤਾਂ ਬੜਾ ਮਾਸੂਮ ਜਵਾਬ ਦਿੱਤਾ, “ਮਾਸਟਰ ਜੀ! ਮੈਂ ਤਾਂ ਜਿਊਣਾਂ ਚਾਹੁੰਦਾਂ!” ਘਰਦਿਆਂ ਨਾਲ ਬਾਬੇ ਬੁੱਢੇ ਮੱਥਾ ਟੇਕਣ ਜਾਣ ਵਾਲੇ ਦਿਨ ਵੀ ਉਹ ‘ਨਵਿਆਂ’ ਦੀ ਟਰਾਲੀ ‘ਤੇ ਬਹਿ ਕੇ ਸੁੱਖਣਾ ਲਾਹੁਣ ਈ ਜਾ ਰਹੇ ਸਨ ਕਿ ਉਹਨਾਂ ਦਾ ਪੁੱਤ ਬਾਬੇ ਦੀ ਮਿਹਰ ਨਾਲ ਜਿਊਂਦਾ ਜਾਗਦਾ ਘਰ ਮੁੜ ਆਇਐ!”

“ਫਿਰ ਤਾਂ ਜਗਜੀਤ ਸਿਅਹਾਂ ਮੁੰਡੇ ਨੂੰ ਬਚਾਈਏ ਯਾਰ ਕਿਸੇ ਤਰ੍ਹਾਂ।” ਅਰਜਨ ਸਿੰਘ ਨੇ ਤਰਲਾ ਲਿਆ।

ਪਰ ਜਗਜੀਤ ਨਹੀਂ ਸੀ ਮੰਨਿਆਂ। ਆਪਣੇ ‘ਸਿਧਾਂਤਕ ਪੈਂਤੜੇ’ ਤੇ ਕਾਇਮ ਰਿਹਾ ਸੀ। ਅਰਜਨ ਸਿੰਘ ਪਿੰਡ ਦੇ ਹੋਰ ਮੋਅਹਤਬਰਾਂ ਨਾਲ ਮਿਲ ਕੇ ਮੁੰਡੇ ਦਾ ਪਤਾ ਕਰਨ ਜਾਂਦਾ ਰਿਹਾ ਸੀ। ਪਹਿਲਾਂ ਤਾਂ ਪੁਲਿਸ ਹੱਥ ਪੱਲਾ ਈ ਨਹੀਂ ਸੀ ਫੜਾਉਂਦੀ। ਪਰ ਆਖ਼ਰ ਉਹਨਾਂ ਨੂੰ ਸੂਹ ਮਿਲ ਗਈ ਕਿ ਮੁੰਡਾ ਸੀ ਆਰ ਪੀ ਦੇ ਇੰਸਪੈਕਟਰ ਤਿਵਾੜੀ ਕੋਲ ਹੈ। ਉਹ ਤਿਵਾੜੀ ਕੋਲ ਪੁੱਜੇ। ਤਿਵਾੜੀ ਮੰਨ ਤਾਂ ਗਿਆ ਕਿ ਮੁੰਡਾ ਉਹਦੇ ਕੋਲ ਹੈ ਪਰ ਉਹ ਛੱਡੇਗਾ ਨਹੀਂ ਕਿਉਂਕਿ ਅਜੇ ਉਸ ਕੋਲੋਂ ਪੁੱਛ-ਪੜਤਾਲ ਕਰ ਰਿਹਾ ਹੈ! ਅਰਜਨ ਸਿੰਘ ਨੇ ਦਲੀਲ ਦਿੱਤੀ, “ਮੰਨ ਲਿਆ, ਮੁੰਡਾ ਤੁਸੀਂ ਫੜ੍ਹਿਆ ਹੈ। ਪਰ ਪਿਛਲੇ ਏਨੇ ਦਿਨਾਂ ਵਿਚ ਮੁਢਲੀ ਪੁੱਛ-ਗਿੱਛ ਤਾਂ ਹੋ ਈ ਗਈ ਹੋਵੇਗੀ! ਜੇ ਉਹਦੇ ‘ਚ ਕੁਝ ਹੁੰਦਾ ਤਾਂ ਹੁਣ ਤੱਕ ਨਿਕਲ ਆਉਣਾ ਸੀ। ਅਸੀਂ ਸਹੁੰ ਦਿੰਦੇ ਆਂ ਉਹਦੀ ਕਿ ਸਾਡੇ ਮੁੰਡੇ ਨੇ ਕੀਤਾ ਕਰਾਇਆ ਕੁਝ ਨਹੀਂ। ਤੁਹਾਨੂੰ ਵੀ ਪਤਾ ਲੱਗ ਗਿਆ ਹੋਣੈਂ। ਉਂਝ ਵੀ ਜੇ ਕੱਲ੍ਹ-ਕਲੋਤਰ ਨੂੰ ਉਹਦੀ ਕੋਈ ਗੱਲ ਨਿਕਲ ਆਵੇ ਤਾਂ ਅਸੀਂ ਆਪ ਮੁੰਡੇ ਨੂੰ ਤੁਹਾਡੇ ਅੱਗੇ ਪੇਸ਼ ਕਰ ਦਿਆਂਗੇ।”

ਤਿਵਾੜੀ ਅਰਜਨ ਸਿੰਘ ਨੂੰ ਪਾਸੇ ਲੈ ਗਿਆ, “ਬਾਬਾ ਜੀ! ਆਪਸ ਕੀ ਬਾਤ ਹੈ। ਕੂਏਂ ਮੇ ਗਿਰੀ ਈਂਟ ਤੋ ਬਾਹਰ ਸੂਖੀ ਨਾਹੀਂ ਨਿਕਲੇ। ਏਕ ਲਾਖ ਪਰਸੋਂ ਤਕ ਲੇ ਆਨਾ ਔਰ ਲੜਕਾ ਲੇ ਜਾਨਾ।”

ਅਰਜਨ ਸਿੰਘ ਨੇ ਦੁਹਾਈ ਪਾਈ, “ਜੀ ਉਹਦਾ ਪਿਓ ਤਾਂ ਵਿਚਾਰਾ ਡਾਢਾ ਗਰੀਬ ਜੱਟ ਐ। ਸਿਰਫ਼ ਸਾਢੇ ਤਿੰਨ ਕਿੱਲੇ ਪੈਲੀ। ਕਰਜ਼ੇ ਦਾ ਪਹਿਲਾਂ ਈ ਭੰਨਿਆਂ ਹੋਇਆ। ਗੰਜੀ ਖਾਊ ਕੀ ਤੇ ਨਿਚੋੜੂ ਕੀ! ਕਿੱਥੋਂ ਦੇ ਲਊ ਤੁਹਾਨੂੰ ਲੱਖ ਰੁਪੈਆ! ਏਦਾਂ ਗਰੀਬ ਮਾਰ ਨਾ ਕਰੋ।”

“ਮੈਂ ਨੇ ਏਕ ਬਾਤ ਕਹਿ ਦੀ, ਸੋ ਕਹਿ ਦੀ। ਪਰਸੋਂ ਆ ਜਾਨਾ। ਨਹੀਂ ਤੋ--। ਯੇਹ ਭੀ ਆਪ ਕੇ ਕਹਿਨੇ ਪਰ ਬੋਲ ਰਹਾ ਹੂੰ।”

ਉਸਨੇ ਢੱਠੇ ਦਿਲ ਨਾਲ ਆ ਕੇ ਸਾਰਿਆਂ ਨੂੰ ਤਿਵਾੜੀ ਦਾ ਫ਼ੈਸਲਾ ਸੁਣਾ ਦਿੱਤਾ। ਸਾਰੇ ਆਖਣ ਲੱਗੇ, ਇਸ ਬਿਨਾਂ ਹੋਰ ਕੋਈ ਚਾਰਾ ਨਹੀਂ। ਮੁੰਡੇ ਦੀ ਜਾਨ ਨਾਲੋਂ ਪੈਸੇ ਚੰਗੇ ਨੇ ਕਿਤੇ! ਉਸਨੂੰ ਤਾਂ ਕਿਸੇ ਤਰ੍ਹਾਂ ਬਚਾਉਣਾ ਈ ਹੋਇਆ!

ਤਿਵਾੜੀ ਨੂੰ ਮਿਲਣ ਜਾਣ ਵਾਲੇ ਦਿਨ ਅੱਖਾਂ ਦੇ ਕੋਇਆਂ ਵਿਚ ਪਾਣੀ ਅਤੇ ਕੰਬਦੇ ਹੱਥੀਂ ਪਰਤਾਪ ਸਿੰਘ, ਅਰਜਨ ਸਿੰਘ ਕੋਲ ਆਇਆ, “ਜਥੇਦਾਰਾ! ਕੀ ਕਰੀਏ ਹੁਣ। ਮੈਂ ਤਾਂ ਸਾਰੇ ਅੰਗਾਂ ਸਾਕਾਂ ਦੇ ਖੱਲਾਂ-ਖੂੰਜੇ ਫ਼ਰੋਲ ਲਏ। ਮੇਰੇ ਕੋਲੋਂ ਤਾਂ ਮਸਾਂ ਤੀਹ ਹਜ਼ਾਰ ਹੋਇਐ। ਨੰਬਰਦਾਰ ਹਰਸਾ ਸੁੰਹ ਨੂੰ ਜ਼ਮੀਨ ਲਿਖਾ ਲੈਣ ਨੂੰ ਕਿਹੈ ਮੰਨ ਵੀ ਗਿਐ ਉਹ। ਪਰ ਉਹਦੇ ਆੜ੍ਹਤੀਏ ਨੇ ਪੈਸਿਆਂ ਦਾ ਪਰਸੋਂ ਦਾ ਕਰਾਰ ਕੀਤੈ।”

ਅਰਜਨ ਸਿੰਘ ਨੇ ਆਪਣੇ ਘਰ ਪਿਆ ਦਸ ਹਜ਼ਾਰ ਰੁਪੈਆ ਵੀ ਫੜ੍ਹ ਲਿਆ। ਉਹ ਤਿਵਾੜੀ ਕੋਲ ਗਏ। ਅਰਜਨ ਸਿੰਘ ਨੇ ਹੱਥ ਜੋੜੇ, “ਤਿਵਾੜੀ ਸਾਹਿਬ! ਆਹ ਚਾਲੀ ਹਜ਼ਾਰ ਫੜ੍ਹੋ ਹਾਲ ਦੀ ਘੜੀ। ਅਜੇ ਸਾਰਾ ਤਾਣ ਲਾ ਕੇ ਮਸਾਂ ਏਨਾ ਈ ਸਰਿਐ। ਕੱਲ੍ਹ ਜਾਂ ਹੱਦ ਪਰਸੋਂ ਤੱਕ ਬਾਕੀ ਪੈਸੇ ਮੈਂ ਆਪ ਲੈ ਕੇ ਆਊਂ। ਪਰ ਅੱਜ ਮਿਹਰਬਾਨੀ ਕਰ ਕੇ ਮੁੰਡਾ ਸਾਨੂੰ ਦੇ ਦਿਓ। ਤੁਹਾਡੇ ਅੱਗੇ ਹੱਥ ਬੰਨ੍ਹਦੇ ਆਂ।”

ਤਿਵਾੜੀ ਨੇ ਨੋਟਾਂ ਦੀ ਦੱਥੀ ਵਾਪਸ ਮੋੜਦਿਆਂ ਕਿਹਾ, “ਮੈਂ ਨੇ ਏਕ ਬਾਤ ਕਰੀ ਥੀ ਆਪ ਸੇ। ਵੋਹ ਭੀ ਗੁਰੂ ਕਾ ਸਿੱਖ ਜਾਨ ਕਰ। ਅਭੀ ਭੀ ਸ਼ਾਮ ਤੱਕ ਕਾ ਸਮੇਂ ਹੈ ਆਪ ਕੇ ਪਾਸ। ਪੈਸੇ ਲੇ ਆਓ, ਲੜਕਾ ਲੇ ਜਾਓ!”

ਨਿਰਾਸ ਹੋਏ ਉਹ ਵਾਪਸ ਪਰਤੇ ਸਨ। ਤਿਵਾੜੀ ਦੇ ਆਖੇ ਸ਼ਬਦ, “ਗੁਰੂ ਕਾ ਸਿੱਖ ਜਾਨ ਕਰ!” ਉਹਨੂੰ ਲਾਹਨਤਾਂ ਪਾ ਰਹੇ ਸਨ। ਉਹ ਗੁਰੂ ਅੱਗੇ ਸ਼ਰਮਿੰਦਾ ਸੀ। ਉਹਨੇ ਹੱਥ ਜੋੜੇ, “ਸੱਚਿਆ ਪਾਤਸ਼ਾਹ! ਮੈਂ ਦੱਲਾ ਨਹੀਂ। ਤੂੰ ਵੀ ਜਾਣਦੈਂ ਮੈਂ ਕਦੀ ਇਹੋ ਜਿਹੀ ਦਲਾਲੀ ਨਹੀਂ ਕੀਤੀ। ਕੀ ਕਰਦਾ ਮੈਂ? ਮੇਰਾ ਮੁੰਡਾ ਹੁੰਦਾ ਤਾਂ ਮੈਂ ਲੜਦਾ। ਧਰਨੇ ਦਿੰਦਾ। ਭੀੜਾਂ ਇਕੱਠੀਆਂ ਕਰਦਾ। ਅਖ਼ਬਾਰਾਂ ਕੋਲ ਜਾਂਦਾ। ਲੜਾਈ ਲੜਦਾ। ਪਰ ਏਥੇ ਕੀ ਕਰਦਾ? ਮੁੰਡੇ ਦੇ ਘਰ ਦੇ ਤਰਲੇ ਲੈਂਦੇ ਸਨ, ਹੱਥ ਜੋੜਦੇ ਸਨ, ਕਹਿੰਦੇ ਸਨ ਮੈਂ ਗਰਮ ਨਾ ਹੋਵਾਂ! ਬਣਦੀ ਖੇਡ ਕਿਤੇ ਵਿਗੜ ਨਾ ਜਾਵੇ। ਜਿਵੇਂ ਵੀ ਹੋਵੇ, ਮੁੰਡਾ ਛੁਡਵਾ ਲਈਏ। ਪਰਸੋਂ ਵਿਚ ਇਕ ਦਿਨ ਹੀ ਤਾਂ ਬਾਕੀ ਹੈ।”

ਪਰ ਮੁੰਡੇ ਦੀ ਜਿਊਂਦੇ ਰਹਿਣ ਦੀ ਸੱਧਰ ਅਧੂਰੀ ਰਹਿ ਗਈ ਸੀ। ਲੱਖ ਰੁਪਏ ਤੇ ਮੁੰਡੇ ਵਿਚਲਾ ਇੱਕ ਦਿਨ ਉਮਰਾਂ ਨਾਲੋਂ ਲੰਮਾਂ ਹੋ ਗਿਆ ਸੀ। ਸ਼ਾਮ ਤੱਕ ਉਹ ‘ਵਾਅਹਦੇ ਮੁਤਾਬਕ’ ਇੱਕ ਲੱਖ ਰੁਪਈਆ ਨਹੀਂ ਪੁਚਾ ਸਕੇ ਸਨ। ਅਗਲੇ ਦਿਨ ਪਰਮਜੀਤ ਦੇ ‘ਮੁਕਾਬਲੇ’ ਵਿਚ ਮਾਰੇ ਜਾਣ ਦੀ ਖ਼ਬਰ ਆ ਗਈ ਸੀ।

ਕਈ ਦਿਨ ਪਰਮਜੀਤ ਦੇ ਬੋਲ ਜਿਹੜੇ ਅਰਜਨ ਸਿੰਘ ਨੇ ਹਰਜੀਤ ਦੀ ਜ਼ਬਾਨੀ ਸੁਣੇ ਸਨ ਉਹਦੇ ਕੰਨਾਂ ਵਿਚ ਗੂੰਜਦੇ ਰਹੇ, “ਮੈਂ ਜਿਊਣਾ ਚਾਹੁੰਦਾਂ! ਮੈਂ ਜਿਊਣਾ ਚਾਹੁੰਦਾਂ!”

- ਪਰ ਪਰਮਜੀਤ, ਪੁਲਿਸ ਅਤੇ ਮੁੰਡਿਆਂ ਵਿਚਕਾਰ ਅਚਨਚੇਤ ਫੇਰ ਮਾਇਆ ਰਾਮ ਆ ਕੇ ਖਲੋ ਗਿਆ।

ਗੁੱਸੇ ਵਿਚ ਭਰੇ ਅਰਜਨ ਸਿੰਘ ਦਾ ਜੀ ਕੀਤਾ ਪੁਲਿਸ ਨੂੰ ਆਖੇ, “ਔਹ ਜਾਂਦੇ ਨੇ ਐਂ ਨੂੰ। ਕਮਾਦ ਦੇ ਓਹਲੇ ਹੋਇਆਂ ਅਜੇ ਮਸਾਂ ਪੰਜ ਮਿੰਟ ਨਹੀਂ ਹੋਏ।”
ਉਹ ਮਾਇਆ ਰਾਮ ਨੂੰ ਕਤਲ ਕੀਤੇ ਜਾਣ ਅਤੇ ਹੁਣੇ ਕਲੇਜੇ ਵਿਚ ਬਰਛੀ ਵਾਂਗ ਖੋਭੀ ‘ਬੋਲੀ’ ਦਾ ਤੱਤੇ ਘਾਹ ਹੀ ਬਦਲਾ ਲੈ ਲੈਣਾ ਚਾਹੁੰਦਾ ਸੀ। ਪਰ ਉਹਦੀਆਂ ਅੱਖਾਂ ਅੱਗੇ ਜਿਊਣ ਲਈ ਤਰਲੇ ਲੈਂਦਾ ਪਰਮਜੀਤ ਆ ਕੇ ਖਲੋ ਗਿਆ। ਆਖਣ ਲੱਗਾ, “ਮੈਂ ਜਿਊਣਾ ਚਾਹੁੰਦਾਂ!”

ਅਗਲੇ ਪਲ ਪਰਮਜੀਤ ਦਾ ਤਰਲਾ ਮਾਇਆ ਰਾਮ ਦੇ ਤਰਲਿਆਂ ਵਿਚ ਵਟ ਗਿਆ।
ਚਾਰ ਚੇਫ਼ੇਰੇ ਆਵਾਜ਼ਾਂ ਆਉਣ ਲੱਗੀਆਂ, “ਮੈਂ ਜਿਊਣਾ ਚਾਹੁੰਦਾਂ! ਮੈਂ ਜਿਊਣਾ ਚਾਹੁੰਦਾਂ!”
ਉਹ ਦੁਬਿਧਾ ਵਿਚ ਪੈ ਗਿਆ।
ਕੀ ਪੈਂਤੜਾ ਲਵੇ ਉਹ ਹੁਣ?

“ਆਹ ਵੇਖ ਤਾਜ਼ਾ ਗੰਨੇ ਚੂਪੇ ਹੋਏ।” ਥਾਣੇਦਾਰ ਨੇ ਦਾਣਾ ਚੁਗਦੀਆਂ ਚਿੜੀਆਂ ਨੂੰ ਸਿਸ਼ਕਾਰ ਕੇ ਉਡਾਇਆ ਤੇ ਚੁਬੱਚੇ ਲਾਗੇ ਚੂਪ ਕੇ ਸੁੱਟੀਆਂ ਗੰਨੇ ਦੀਆਂ ਛਿੱਲਾਂ ਨੂੰ ਵਿਖਾਉਣ ਲੱਗਾ

ਏਨੇ ਚਿਰ ਵਿਚ ਅਰਜਨ ਸਿੰਘ ਨੇ ਆਪਣੇ ਮਨ ਵਿਚ ਪੈਂਤੜਾ ਬਣਾ ਲਿਆ ਸੀ।

“ਇੱਕ ਮਿੰਟ ਖਲੋ ਜੋ।” ਅਰਜਨ ਸਿੰਘ ਬੰਬੀ ਨਾਲ ਲੱਗਦੇ ਕਮਾਦ ਵੱਲ ਵਧਿਆ ਤੇ ਮੁੰਡਿਆਂ ਵੱਲੋਂ ਭੰਨੇ ਗੰਨਿਆਂ ਦਾ ਆਗ ਫੜ੍ਹ ਕੇ ਹੌਲੀ ਜਿਹੀ ਤੁਰਦਾ ਉਹਨਾਂ ਕੋਲ ਆਇਆ। ਉਹ ਉਤਸੁਕਤਾ ਨਾਲ ਵੇਖ ਰਹੇ ਸਨ ਕਿ ਇਹ ਕੀ ਕਰ ਰਿਹਾ ਹੈ! ਅਰਜਨ ਸਿੰਘ ਚਾਹੁੰਦਾ ਸੀ ਕਿ ਜਿੰਨਾਂ ਵੱਧ ਤੋਂ ਵੱਧ ਸਮਾਂ ਲੰਘਾ ਸਕੇ ਚੰਗਾ ਹੈ, ਓਨੇ ਚਿਰ ਤੱਕ ਮੁੰਡੇ ਥੋੜ੍ਹਾ ਦੂਰ ਨਿਕਲ ਜਾਣਗੇ। ਇਹ ਉਹ ਜਾਣ ਗਿਆ ਸੀ ਕਿ ਪੁਲਿਸ ਵਾਲੇ ਹੁਣੇ ਹੀ ਕਿਸੇ ਵੱਲੋਂ ਦਿੱਤੀ ਪੱਕੀ ਸੂਹ ਨਾਲ ਆਏ ਹਨ। ਉਹਨਾਂ ਅੱਗੇ ਕੋਰਾ ਝੂਠ ਬੋਲਿਆਂ ਹੁਣ ਗੁਜ਼ਾਰਾ ਨਹੀਂ ਹੋਣਾ।

ਉਹਨਾਂ ਕੋਲ ਆ ਕੇ ਕਹਿੰਦਾ, “ਮੈਂ ਕਦੋਂ ਕਹਿੰਦਾਂ ਉਹਨਾਂ ਗੰਨੇ ਨਹੀਂ ਚੂਪੇ। ਆਹ ਵੇਖੋ! ਭੰਨੇ ਹੋਏ ਗੰਨਿਆਂ ਦੇ ਆਗ। ਛਿੱਲਾਂ ਵੀ ਠੀਕ ਉਹਨਾਂ ਦੀਆਂ ਨੇ। ਪਰ ਜਿੱਥੋਂ ਤੱਕ ਨਹਾਉਣ ਦੀ ਗੱਲ ਏ, ਉਹ ਏਥੇ ਨ੍ਹਾਤੇ ਬਿਲਕੁਲ ਨਹੀਂ। ਮੂੰਹ ਹੱਥ ਜ਼ਰੂਰ ਧੋਤਾ। ਮੈਂ ਤਾਂ ਔਹ ਗੋਭੀ ਦੀ ਪਨੀਰੀ ਗੋਡਣ ਡਿਹਾ ਸਾਂ। ਓਥੇ ਈ ਰਿਹਾਂ ਮੈਂ ਤਾਂ। ਡਰਦਾ ਸਾਂ ਕਿ ਕਿਤੇ ਮੈਨੂੰ ਈ ਮਾਰਨ ਨਾ ਆਏ ਹੋਣ। ਮੈਂ ਤਾਂ ਸਾਹਬ ਜੀ ਕੋਲ ਈ ਨਹੀਂ ਆਇਆ ਉਹਨਾਂ ਦੇ। ਕਿਹੜਾ ਮੌਤ ਨੂੰ ਮਾਸੀ ਆਖੇ!” ਉਹ ਜਾਣ ਬੁੱਝ ਕੇ ਬੇਮਤਲਬ ਗੱਲ ਲੰਮੀ ਕਰੀ ਜਾ ਰਿਹਾ ਸੀ।

“ਬਜ਼ੁਰਗਾ! ਬਹੁਤੀਆਂ ਕ੍ਹਾਣੀਆਂ ਨਾ ਪਾਈ ਜਾ। ਤੂੰ ਇਹ ਦੱਸ ਏਥੋਂ ਗਏ ਕਿਧਰ ਨੂੰ ਨੇ ਉਹ? ਸਾਡੇ ਕੋਲ ਤੇਰੀ ਰਮਾਇਣ ਸੁਣਨ ਦਾ ਟੈਮ ਨਹੀਂ।” ਥਾਣੇਦਾਰ ਖਿਝ ਗਿਆ ਸੀ।

“ਗਏ?” ਅਰਜਨ ਸਿੰਘ ਨੇ ਜਿਵੇਂ ਆਪਣੇ ਆਪ ਨੂੰ ਪੁੱਛਿਆ। ਫਿਰ ਉਹ ਚਾਰੇ ਪਾਸੇ ਵੇਖਦਾ ਚਾਰੇ ਦਿਸ਼ਾਵਾਂ ਵੱਲ ਘੁੰਮਿਆਂ ਤੇ ਆਖ਼ਰਕਾਰ ਇਸ ਸੌ ਅੱਸੀ ਦਰਜੇ ਦੇ ਕੋਨ ‘ਤੇ ਮੁੰਡਿਆਂ ਦੇ ਜਾਣ ਦੀ ਬਿਲਕੁਲ ਉਲਟ ਦਿਸ਼ਾ ਵੱਲ ਹੱਥ ਕਰ ਦਿੱਤਾ, “ਐਧਰ ਨੂੰ ਗਏ ਨੇ। ਮਸਾਂ ਪੰਜ ਮਿੰਟ ਹੋਏ ਹੋਣਗੇ।”

ਉਸਦਾ ਖਿਆਲ ਸੀ ਕਿ ਜਿੰਨੇ ਚਿਰ ਵਿਚ ਉਹ ਉਹਨਾਂ ਨੂੰ ਇਸ ਪਾਸਿਓਂ ਲੱਭਦੇ ਨਿਰਾਸ ਹੋ ਕੇ ਮੁੜਨਗੇ, ਓਨੇ ਚਿਰ ਤੱਕ ਮੁੰਡੇ ਦੂਜੇ ਪਾਸੇ ਦੂਰ ਨਿਕਲ ਜਾਣਗੇ।

“ਚੱਲੋ, ਛੇਤੀ ਕਰੋ। ਹਰੀ ਅੱਪ।” ਉਹ ਫਟਾ ਫਟ ਗੱਡੀਆਂ ‘ਤੇ ਸਵਾਰ ਹੋਏ ਤੇ ਅਰਜਨ ਸਿੰਘ ਦੀ ਦੱਸੀ ਦਿਸ਼ਾ ਵੱਲ ਗੱਡੀਆਂ ਭਜਾ ਲਈਆਂ।

ਉਹ ਅੰਦਰੇ ਅੰਦਰ ‘ਪੁੰਨ ਦਾ ਕੰਮ’ ਕਰਕੇ ਖ਼ੁਸ਼ ਸੀ। ਮਾਇਆ ਰਾਮ ਉਸਦੇ ਸਾਹਮਣੇ ਆ ਕੇ ਖਲੋ ਗਿਆ, “ਮੇਰੇ ਕਾਤਲਾਂ ਨੂੰ ਬਚਾ ਕੇ ਤੂੰ ਚੰਗਾ ਨਹੀਂ ਕੀਤਾ।”

ਉਹ ਮਾਇਆ ਰਾਮ ਨਾਲ ਅੱਖਾਂ ਨਹੀਂ ਸੀ ਮਿਲਾ ਸਕਦਾ। ਸ਼ਰਮਿੰਦਾ ਜਿਹਾ ਹੋ ਗਿਆ ਉਹ!
ਏਨੇ ਚਿਰ ਵਿਚ ਬੰਬੀ ਦੀ ਬੱਤੀ ਚਲੀ ਗਈ। ਉਸਨੇ ਕੋਠੇ ਨੂੰ ਤਾਲਾ ਲਾਇਆ ਤੇ ਕਿਰਪਾਨ ਹੱਥ ਵਿਚ ਫੜ੍ਹ ਕੇ ਪਿੰਡ ਨੂੰ ਤੁਰਨ ਲੱਗਾ। ਦੋ ਕਦਮ ਹੀ ਚੱਲਿਆ ਸੀ ਕਿ ਗੋਲੀਆਂ ਦੀ ਗੜਗੜਾਹਟ ਨਾਲ ਚੌਗਿਰਦਾ ਗੂੰਜ ਉੱਠਿਆ। ਦਾਣਾ ਚੁਗਦੀਆਂ ਚਿੜੀਆਂ-ਗੁਟਾਰਾਂ ਦਾ ਝੁੰਡ ‘ਚੀਂ ਚੀਂ’ ਦਾ ਸ਼ੋਰ ਕਰਦਾ ਉੱਡ ਗਿਆ। ਅਰਜਨ ਸਿੰਘ ਨੇ ਕਲੇਜਾ ਫੜ੍ਹ ਲਿਆ।

“ਜਾਹ ਜਾਂਦੀਏ! ਹੋਣੀ ਵਰਤ ਗਈ ਲੱਗਦੀ ਐ!”
ਪਰ ਮੁੰਡੇ ਤਾਂ ਗੋਲੀ ਚੱਲਣ ਦੀ ਉਲਟ ਦਿਸ਼ਾ ਨੂੰ ਗਏ ਸਨ! ਓਧਰ ਕਿਉਂ ਮੁੜ ਗਏ? ਕਿਵੇਂ ਮੁੜ ਗਏ!

ਅਰਜਨ ਸਿੰਘ ਦੇ ਕਦਮਾਂ ਨਾਲ ਪਹਾੜ ਬੱਝ ਗਿਆ ਸੀ। ਤੁਰਨਾ ਮੁਹਾਲ ਹੋ ਗਿਆ। ਆਪਣੇ ਆਪ ਨੂੰ ਖਿੱਚਦਿਆਂ ਧੂਹਦਿਆਂ ਉਹ ਅਜੇ ਪਿੰਡ ਨੂੰ ਜਾਂਦੀ ਪੱਕੀ ਸੜਕੇ ਚੜ੍ਹਿਆ ਹੀ ਸੀ ਕਿ ਪੁਲਿਸ ਦੀ ਜੀਪ ਪਿਛੋਂ ਆਉਂਦੀ ਦਿਸੀ। ਥਾਣੇਦਾਰ ਨੇ ਬਾਬੇ ਨੂੰ ਤੁਰਿਆਂ ਜਾਂਦਾ ਪਛਾਣ ਕੇ ਡਰਾਈਵਰ ਨੂੰ ਜੀਪ ਹੌਲੀ ਕਰਨ ਦਾ ਇਸ਼ਾਰਾ ਕੀਤਾ ਤੇ ਹੌਲੀ ਹੋਈ ਜੀਪ ਵਿਚੋਂ ਉਸ ਵੱਲ ਹੱਥ ਹਿਲਾਉਂਦਾ ਬੋਲਿਆ, “ਬਾਬਾ! ਵਧਾਈ ਹੋਵੇ। ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ!”

ਤੇ ਜੀਪ ਧੂੜਾਂ ਉਡਾਉਂਦੀ ਥਾਣੇ ਵੱਲ ਭੱਜ ਗਈ। ਸਪੀਡ ਫੜ ਰਹੀ ਜੀਪ ਦਾ ਅਨੁਮਾਨ ਲਾਉਂਦਿਆਂ ਨੇੜੇ ਬੈਠੇ ਹੌਲਦਾਰ ਨੇ ਸੁਝਾ ਦਿੱਤਾ, “ਬਾਬੇ ਤੋਂ ਈ ਨਾ ਇਹਨਾਂ ਦੀ ਸ਼ਨਾਖ਼ਤ ਕਰਾ ਲਈਏ!”

“ਸ਼ਨਾਖ਼ਤਾਂ ਤੇ ਕਾਗ਼ਜ਼ੀ ਕਾਰਵਾਈ ਬਾਅਦ ਦੀ ਗੱਲ ਏ। ਢੇਕਿਆ! ਪਹਿਲਾਂ ਵੱਡੇ ਅਫ਼ਸਰਾਂ ਨੂੰ ਖ਼ੁਸ਼ੀ ਦੀ ਖ਼ਬਰ ਤਾਂ ਸੁਣਾ ਲਈਏ।”
ਅਰਜਨ ਸਿੰਘ ਦੇ ਤਾਂ ਥਾਂ ‘ਤੇ ਹੀ ਪੈਰ ਜੰਮ ਗਏ। ਥਾਣੇਦਾਰ ਦੇ ਬੋਲ ਗੋਲੀਆਂ ਦੀ ਗੜਗੜਾਹਟ ਵਾਂਗ ਹੀ ਉਸਦੇ ਅੰਦਰ ਗੂੰਜਣ ਲੱਗੇ।
“ਬਾਬਾ! ਵਧਾਈ ਹੋਵੇ। ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ! ਤੇਰੇ ਦੱਸੇ -–ਤੇਰੇ ਦੱਸੇ--ਤੇਰੇ ਦੱਸੇ-।”
“ਮੇਰੇ ਦੱਸੇ? ਮੇਰੇ ਦੱਸੇ! ਪਰ ਮੈਂ ਕਦੋਂ ਦੱਸਿਆ ਸੀ। ਤੂੰ ਦੱਸਿਆ ਨਹੀਂ ਸੀ? ਕਦੋ? ਨਹੀਂ ਦੱਸਿਆ। ਦੱਸਿਆ ਸੀ। ਨਹੀਂ।”

ਭੱਜੀ ਜਾਂਦੀ ਧੂੜਾਂ ਉਡਾਉਂਦੀ ਜੀਪ ਦਾ ਘੱਟਾ ਉਹਦੇ ਅੰਦਰ ਧੁੰਦੂਕਾਰ ਬਣ ਕੇ ਫੈਲ ਗਿਆ। ਜੀਪ ਦੀ ਆਵਾਜ਼ ਆਖੀ ਜਾਂਦੀ ਸੀ, “ਅਰਜਨ ਸਿੰਘ ਸਾਡਾ ਮੁਖ਼ਬਰ! ਅਰਜਨ ਸਿੰਘ ਸਾਡਾ ਮੁਖ਼ਬਰ!”

ਇਤਿਹਾਸ ਦੇ ਸਾਰੇ ਮੁਖ਼ਬਰ ਉਹਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਲੋਕਾਂ ਦੀਆਂ ਫਿਟਕਾਰਾਂ ਦੇ ਮਾਰੇ ਹੋਏ! ਉਹਨਾਂ ਵਿਚ ਉਹ ਵੀ ਖਲੋਤਾ ਸੀ!
ਉਹ ਬੌਂਦਲ ਗਿਆ।
“ਮੇਰਾ ਕੀ ਕਸੂਰ ਐ ਇਹਦੇ ਵਿਚ? ਮੈਂ ਤਾਂ ਨਹੀਂ ਦਿੱਤੀ ਉਹਨਾਂ ਦੀ ਸੂਹ!” ਉਸ ਆਪਣੇ ਆਪ ਨੂੰ ਕਿਹਾ।

ਸਾਰਾ ਤਾਣ ਲਾ ਕੇ ਜ਼ਮੀਨ ਨਾਲ ਚਿੰਬੜ ਗਏ ਆਪਣੇ ਪੈਰ ਪੁੱਟੇ ਤੇ ਪਿੰਡ ਨੂੰ ਤੁਰਨ ਲੱਗਾ। ਅੱਖਾਂ ਅੱਗੇ ਬਾਰ ਬਾਰ ਹਨੇਰਾ ਆਵੇ।
ਏਨੇ ਚਿਰ ਵਿਚ ਏਧਰ ਮੁੜਦੀ ਸੜਕ ‘ਤੇ ਥਾਣੇਦਾਰ ਜਾਂਦਾ ਜਾਂਦਾ ਦੋ ਸਿਪਾਹੀ ਖੜੇ ਕਰ ਗਿਆ ਸੀ। ਉਹ ਪਿੰਡ ਵੱਲੋਂ ਏਸ ਰਾਹੇ ਜਾਣ ਵਾਲਿਆਂ ਨੂੰ ਰੋਕ ਰਹੇ ਸਨ, “ਓਧਰ ਮੁਕਾਬਲਾ ਹੋਇਐ!”

ਨਾਕੇ ‘ਤੇ ਡੱਕੇ ਖਲੋਤੇ ਦੋ-ਚਾਰ ਜਣਿਆਂ ਨੇ ਸਾਹਮਣਿਓਂ ਅਰਜਨ ਸਿੰਘ ਨੂੰ ਆਉਂਦਾ ਵੇਖਿਆ।
ਇਕ ਗੱਭਰੂ ਨੇ ਪੁੱਛਿਆ, “ਬਾਬਾ! ਤ੍ਹਾਡੀਆਂ ਪੈਲੀਆਂ ਕੋਲ ਹੋਇਆ ਲੱਗਦੈ ਮੁਕਾਬਲਾ! ਓਥੋਂ ਕੁ ਖੜਾਕ ਸੁਣਿਆਂ ਸੀ ਗੋਲੀਆਂ ਦਾ! ਕੌਣ ਸਨ ਭਲਾ?”
ਅਰਜਨ ਸਿੰਘ ਨੂੰ ਜਾਪਿਆ ਜਿਵੇਂ ਗੱਭਰੂ ਨੇ ਵੀ ਉਸਨੂੰ ਟੇਢੇ ਤਰੀਕੇ ਨਾਲ ਇਹੋ ਕਿਹਾ ਹੋਵੇ ਕਿ ਤੇਰੇ ਦੱਸਣ ‘ਤੇ ਈ ਤੇਰੀਆਂ ਪੈਲੀਆਂ ਕੋਲ ਮਾਰੇ ਗਏ ਨੇ ਮੁੰਡੇ!

“ਮੈਨੂੰ ਨਹੀਂ ਕੁਝ ਵੀ ਪਤਾ ਜਵਾਨਾਂ!” ਉਸਨੇ ਖਿਝ ਕੇ ਆਖਿਆ ਤੇ ਪਿੰਡ ਦੇ ਰਾਹੇ ਪੈ ਗਿਆ।
“ਸਭ ਪਤੈ ਬਾਬੇ ਨੂੰ।” ਉਸਨੂੰ ਪਿੱਛੋਂ ਆਵਾਜ਼ ਸੁਣੀ। ਇਹ ਨਾਕੇ ‘ਤੇ ਖਲੋਤਾ ਸਿਪਾਹੀ ਸੀ, ਜਿਹੜਾ ਕੁਝ ਚਿਰ ਪਹਿਲਾਂ ਪੁਲਿਸ ਦੀ ਜੀਪ ਵਿਚ ਉਹਨਾਂ ਦੀ ਬੰਬੀ ‘ਤੇ ਪੁਲਿਸ ਨਾਲ ਗਿਆ ਸੀ।
ਸਿਰ ਵਿਚ ਬੰਬ ਫਟਣ ਲੱਗੇ।

“ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ!--- ਸਭ ਪਤੈ ਬਾਬੇ ਨੂੰ!”

ਲੱਗਾ ਹੁਣੇ ਸਿਪਾਹੀ ਨੇ ਨਾਕੇ ‘ਤੇ ਖਲੋਤੇ ਬੰਦਿਆਂ ਕੋਲ ਸਾਰੀ ਗੱਲ ਖੋਲ੍ਹ ਦੇਣੀ ਐਂ। ਤੇ ਸਵੇਰ ਤੱਕ ਉਹਦੀ ‘ਕਰਤੂਤ’ ਤਾਂ ਬੱਚੇ ਬੱਚੇ ਦੀ ਜ਼ਬਾਨ ‘ਤੇ ਹੋਵੇਗੀ।

“ਮੈਂ ਨਹੀਂ ਮੁੰਡਿਆਂ ਦਾ ਕਾਤਲ।” ਉਹਨਾਂ ਜ਼ੋਰ ਨਾਲ ਆਪਣੇ ਆਪ ਨੂੰ ਆਖਣਾ ਚਾਹਿਆ। ਪਰ ਉਹਦੇ ਅੰਦਰਲੇ ਨੇ ਇਸ ਆਵਾਜ਼ ਨੂੰ ਸੁਣਨੋਂ ਇਨਕਾਰ ਕਰ ਦਿੱਤਾ।

ਘਰ ਆਉਂਦਿਆਂ ਤੱਕ ਅਰਜਨ ਸਿੰਘ ਨੂੰ ਜਿਹੜਾ ਵੀ ਬੰਦਾ ਰਾਹ ਵਿਚ ਆਉਂਦਾ ਮਿਲਿਆ, ਉਹਦੀਆਂ ਨਜ਼ਰਾਂ ਇਹੋ ਕਹਿੰਦੀਆਂ ਲੱਗੀਆਂ, “ਮੁੰਡੇ ਮਰਵਾ ਕੇ ਤੂੰ ਚੰਗਾ ਨਹੀਂ ਕੀਤਾ ਅਰਜਨ ਸਿਅਹਾਂ!”

ਗਲੀਆਂ ਦੇ ਕੱਖ ਵੀ ਉਹਨੂੰ ਮਿਹਣੇ ਮਾਰ ਰਹੇ ਸਨ , “ਬੜਾ ਪਾਪ ਕੀਤੈ ਤੂੰ! ਦੁਰ ਲਾਹਨਤ ਏ ਤੈਨੂੰ!”

“ਮੈਨੂੰ ਕਾਹਦੀ ਦੁਰ ਲਾਹਨਤ! ਦੁਰ ਲਾਹਨਤ ਉਹਨਾਂ ਨੂੰ ਜਿਹੜੇ ਬੇਦੋਸਿਆਂ ਦੇ ਖੂੰਨ ਵਿਚ ਨਹਾਉਂਦੇ ਨੇ ਹਰ ਰੋਜ਼! ਜਿਹਨਾਂ ਮਾਇਆ ਰਾਮ ਜਿਹੀ ਹਸਤੀ ਨੂੰ ਕਤਲ ਕੀਤੈ! ਨਾਲੇ ਮੈਂ ਤਾਂ ਆਪਣੀ ਵੱਲੋਂ ਉਹਨਾਂ ਨੂੰ ਬਚਾਉਣ ਦੀ ਹੀ ਕੋਸ਼ਿਸ਼ ਕੀਤੀ ਸੀ।”

ਥਾਣੇਦਾਰ ਦੇ ਬੋਲ ਉਹਦੇ ਟਿਕਣ ਦਾ ਯਤਨ ਕਰ ਰਹੇ ਮਨ ਵਿਚ ਫਿਰ ਵਿਸਫ਼ੋਟ ਕਰਨ ਲੱਗਦੇ, “ਬਾਬਾ! ਵਧਾਈ ਹੋਵੇ। ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ! ਤੇਰੇ ਦੱਸੇ -–ਤੇਰੇ ਦੱਸੇ--ਤੇਰੇ ਦੱਸੇ-।”

ਉਹ ਆਪਣੇ ਆਪ ਨੂੰ ਗੁਨਾਹਗਾਰ ਸਮਝਣ ਲੱਗ ਪਿਆ ਸੀ। ਅੱਜ ਸਿਪਾਹੀ ਨੇ ਦੱਸ ਸਿੱਤਾ ਸੀ ਕੱਲ੍ਹ ਨੂੰ ਥਾਣੇਦਾਰ ਨੇ ਸਾਰੀ ਦੁਨੀਆਂ ਨੂੰ ਦੱਸ ਦੇਣੈਂ ਕਿ ਮੈਂ ਹੀ ਉਹਨਾਂ ਨੂੰ ਮੁੰਡਿਆਂ ਦੀ ਸੂਹ ਦਿੱਤੀ ਸੀ। ਗੱਲ ਬਾਹਰ ਆਉਣੋਂ ਤਾਂ ਰਹਿਣੀ ਨਹੀਂ! ਬਾਹਰ ਤਾਂ ਆ ਈ ਗਈ ਏ ਹੁਣ ਤਾਂ!

ਪੁੱਤਰਾਂ ਉਹਦਿਆਂ ਬੜਾ ਸਮਝਾਇਆ, “ਬਾਪੂ ਜੀ! ਇਸ ਵਿਚ ਤੁਹਾਡਾ ਕਸੂਰ ਕੀ ਏ! ਪਹਿਲੀ ਗੱਲ ਤਾਂ ਤੁਸੀਂ ਉਹਨਾਂ ਨੂੰ ਨਾ ਫੜਵਾਇਆ ਤੇ ਨਾ ਮਰਵਾਇਆ ਏ। ਤੁਸਾਂ ਤਾਂ ਪੁਲਿਸ ਨੂੰ ਉਹਨਾਂ ਤੋਂ ਉਲਟ ਰਾਹੇ ਤੋਰ ਕੇ ਆਪਣੀ ਵੱਲੋਂ ਬਚਾਉਣ ਦਾ ਹੀ ਚਾਰਾ ਕੀਤਾ ਸੀ। ਇਹ ਤਾਂ ਉਹਨਾਂ ਦੀ ਮਾੜੀ ਕਿਸਮਤ ਕਿ ਓਸੇ ਪਾਸੇ ਮੋੜਾ ਕੱਟ ਗਏ ਤੇ ਪੁਲਿਸ ਨੂੰ ਟੱਕਰ ਗਏ। ਜੇ ਕਸੂਰ ਗਿਣੀਏਂ ਵੀ ਤਾਂ ਕਿਸੇ ਓਸ ਦਾ ਏ, ਜਿਸ ਨੇ ਉਹਨਾਂ ਨੂੰ ਆਪਣੀ ਬੰਬੀ ਵੱਲ ਆਉਂਦਿਆਂ ਵੇਖਿਆ ਤੇ ਪੁਲਿਸ ਨੂੰ ਸੂਹ ਦਿੱਤੀ। ਤੁਸੀਂ ਤਾਂ ਬਿਲਕੁਲ ਨਿਰਦੋਸ਼ ਓ। ਉਝ ਵੀ ਉਹ ਜਿਹੜੀਆਂ ਕਰਤੂਤਾਂ ਕਰਦੇ ਸਨ, ਉਹਨਾਂ ਦੀ ਕੀਤੀ ਦਾ ਫ਼ਲ ਕਿਸੇ ਨਾ ਕਿਸੇ ਦਿਨ ਮਿਲਣਾ ਈ ਸੀ ਉਹਨਾਂ ਨੂੰ। ਕੱਲ੍ਹ ਨਹੀਂ ਤਾਂ ਅੱਜ ਮਿਲ ਗਿਆ।”

ਪਰ ਅਰਜਨ ਸਿੰਘ ਦਾ ਮਨ ਧੀਰ ਨਹੀਂ ਸੀ ਧਰ ਰਿਹਾ।

“ਮੈਂ ਆਪਣੀ ਅਣਖ਼ ਲਈ, ਖ਼ਾਨਦਾਨ ਦੀ ਇੱਜ਼ਤ ਲਈ ਆਪਣਾ ਪੁੱਤ ਤਾਂ ਮਰਵਾ ਸਕਦਾਂ, ਪਰ ਕਦੀ ਪੁਲਿਸ ਦਾ ਮੁਖ਼ਬਰ ਨਹੀਂ ਬਣ ਸਕਦਾ!”
ਤੇ ਉਹਦੇ ਪੁੱਤ ਜਗਜੀਤ ਸਿੰਘ ਨੂੰ ਉਹ ਦਿਨ ਚੇਤੇ ਆਏ ਜਦੋਂ ਉਸਨੇ ਆਪਣੀ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਚੰਡੀਗੜ੍ਹ ਵਿਚ ਪੰਜਾਹ ਦਿਨ ਦੀ ਲੰਮੀ ਭੁੱਖ ਹੜਤਾਲ ਨਿਭਾਈ ਸੀ। ਉਦੋਂ ਤਾਂ ਅਜੇ ਬਾਪੂ ਇੰਦਰ ਸਿੰਘ ਵੀ ਜਿਊਂਦਾ ਸੀ। ਬਾਪੂ ਇੰਦਰ ਸਿੰਘ ਨੇ ਕਿਹਾ ਸੀ, “ਸਾਡਾ ਮੁੰਡਾ ਗ਼ਲਤ ਫ਼ੈਸਲਾ ਲੈ ਬੈਠੈ। ਭੁੱਖ ਹੜਤਾਲ ਸਿਰੇ ਚੜ੍ਹਾਉਣਾ ਬੜਾ ਔਖਾ ਕੰਮ ਏਂ। ਅਸੀਂ ਕਰ ਕਰ ਕੇ ਵੇਖੀਆਂ ਨੇ। ਮਾਸਟਰ ਤਾਰਾ ਸਿੰਘ ਤੇ ਸੰਤ ਫ਼ਤਹਿ ਸਿੰਘ ਨੇ ਬਿਨਾਂ ਕੁਝ ਪ੍ਰਾਪਤ ਕੀਤਿਆਂ ਮਰਨ ਵਰਤ ਤੋੜ ਕੇ ਆਪਣੀ ਤੇ ਕੌਮ ਦੀ ਬੜੀ ਹੇਠੀ ਕਰਾਈ ਏ। ਇਹ ਤਾਂ ਫੇਰੂਮਾਨ ਰੱਖ ਵਿਖਾ ਗਿਆ ਤੇ ਇਹਨਾਂ ਵੱਲੋਂ ਲਬੇੜਿਆ ਕੌਮ ਦਾ ਮੂੰਹ ਧੋ ਗਿਆ। ਹੁਣ ਸਾਡਾ ਮੁੰਡਾ ਕਿਤੇ ਸਾਨੂੰ ਉਲ੍ਹਾਮਾਂ ਨਾ ਦਿਵਾ ਦੇਵੇ! ਮੇਰੇ ‘ਚ ਤਾਂ ਇਸ ਉਮਰ ‘ਚ ਜਾਣ ਦੀ ਹਿੰਮਤ ਨਹੀਂ। ਜਾਓ ਮੁੰਡੇ ਨੂੰ ਦਿਲਬਰੀ ਦੇ ਕੇ ਆਓ।”

ਜਿਸ ਦਿਨ ਉਹਦਾ ਪਿਓ ਅਰਜਨ ਸਿੰਘ ਪਿੰਡ ਦੇ ਦਸ ਬੰਦਿਆਂ ਨੂੰ ਨਾਲ ਲੈ ਕੇ ਉਹਨੂੰ ਭੁੱਖ-ਹੜਤਾਲ ਤੇ ਬੈਠੇ ਨੂੰ ਮਿਲਣ ਗਿਆ ਸੀ ਤਾਂ ਜਗਜੀਤ ਦੀ ਭੁੱਖ ਹੜਤਾਲ ਨੂੰ ਬੱਤੀ ਦਿਨ ਗੁਜ਼ਰ ਚੁੱਕੇ ਸਨ। ਉਹ ਮਰਨ-ਹਾਰ, ਨਿਢਾਲ ਹੋਇਆ ਅੱਧ ਮੀਟੀਆਂ ਅੱਖਾਂ ‘ਚੋਂ ਪਿੰਡ ਦੇ ਬਜ਼ੁਰਗਾਂ ਵੱਲ ਝਾਕਿਆ ਸੀ। ਬਾਪ ਅਰਜਨ ਸਿੰਘ ਦੀ ਚਿੱਟੀ ਹੋ ਗਈ ਦਾਹੜੀ ਵੱਲ ਵੇਖਦਿਆਂ ਉਸ ਸੋਚਿਆ ਸੀ, “ਪਹਿਲਾਂ ਵੱਡੇ ਬਾਪੂ ਜੀ ਦੇ ਬਿਖੜੇ ਰਾਹੀਂ ਤੁਰਨ ਕਰਕੇ ਮੇਰੇ ਬਾਪੂ ਨੂੰ ਸਾਰੀ ਉਮਰ ਆਪਣੇ ਭੈਣ ਭਰਾਵਾਂ ਦਾ ਤੇ ਸਾਡਾ ਪਰਿਵਾਰ ਪਾਲਣਾ ਪਿਆ ਸੀ। ਤੇ ਹੁਣ ਭਾਵੇਂ ਮੇਰੇ ਮਰਨ ਤੋਂ ਬਾਅਦ ਉਸਨੂੰ ਮੇਰਾ ਪਰਿਵਾਰ ਵੀ ਪਾਲਣਾ ਪੈ ਜਾਏ!”

ਬਾਪ ਦੇ ਉਮਰ ਭਰ ਲੰਮੇ ਸੰਘਰਸ਼ ਦਾ ਧਿਆਨ ਧਰਦਿਆਂ ਉਸਦੀਆਂ ਅੱਖਾਂ ਵਿਚ ਪਾਣੀ ਭਰ ਆਇਆ ਸੀ। ਪਰ ਇਹ ਕਿਸੇ ਕਮਜ਼ੋਰੀ ਦਾ ਪਾਣੀ ਨਹੀਂ ਸੀ। ਦਾਦੇ ਤੇ ਬਾਪ ਬਾਰੇ ਸੋਚਦਿਆਂ ਪੈਦਾ ਹੋਏ ਗੌਰਵ ਦਾ ਅਹਿਸਾਸ ਸੀ। ਉਹਦੀ ਅੱਖ ਦੇ ਕੋਏ ‘ਚੋਂ ਕਿਰਦੀ ਪਾਣੀ ਦੀ ਬੂੰਦ ਉਹਦੇ ਪਿਉ ਨੇ ਤਾੜ ਲਈ ਸੀ। ਉਸਦੀ ਆਵਾਜ਼ ਗਰਜੀ ਸੀ, “ਜਗਜੀਤ ਸਿੰਅਹਾਂ, ‘ਅਜੀਤ’ ਬਣ! ਤੇਰਾ ਪਿੰਡ ਸ਼ਹੀਦਾਂ ਸੂਰਮਿਆਂ ਦਾ ਪਿੰਡ ਏ। ਓਸ ਪਿੰਡ ਦੇ ਨਾਂ ਨੂੰ ਵੱਟਾ ਨਾ ਲਾਵੀਂ। ਆਪਣੇ ਦਾਦੇ ਤੇ ਪਿਓ ਦੀ ਚਿੱਟੀ ਦਾਹੜੀ ਤੇ ਉਜਲੀ ਪੱਗ ਨੂੰ ਦਾਗ਼ ਨਾ ਲੱਗਣ ਦਈਂ। ਵੇਖੀਂ ਕਿਧਰੇ ਰਾਹ ‘ਚੋਂ ਨਾ ਮੁੜ ਆਈਂ। ਪਿੱਛੇ ਦੀ ਫਿਕਰ ਨਾ ਕਰੀਂ। ਆਹ ਤੇਰੇ ਸਾਥੀ ਤੇ ਵਡੇਰੇ ਤੈਨੂੰ ਏਹੋ ਗੱਲ ਆਖਣ ਆਏ ਆਂ, ਸ਼ਹੀਦ ਹੋਣਾ ਪਏ ਤਾਂ ਖਿੜੇ ਮੱਥੇ ਹੋਈਂ। ਘਬਰਾਈਂ ਨਾ। ਮੇਰੇ ਗੁਰੂ ਦੇ ਪੁੱਤ ਵੀ ਮੈਦਾਨ ਵਿਚੋਂ ਨਹੀਂ ਸੀ ਮੁੜੇ ਤੇ ਮੇਰਾ ਪੁੱਤ ਵੀ ਨਹੀਂ ਮੁੜਨਾ ਚਾਹੀਦਾ।”

ਬਾਪੂ ਦੇ ਗਰਜਦੇ ਬੋਲ ਉਹਦੀ ਤਾਕਤ ਬਣ ਗਏ ਸਨ ਤੇ ਉਹਨਾਂ ਦੇ ਆਸਰੇ ਉਹ ਬਾਕੀ ਅਠਾਰਾਂ ਦਿਨ ਵੀ ਕੱਢ ਗਿਆ ਸੀ। ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਲਈ ਆਖ਼ਰਕਾਰ ਝੁਕਣਾ ਪਿਆ ਸੀ।

ਜਗਜੀਤ ਨੇ ਫੇਰ ਸਮਝਾਇਆ, “ਬਾਪੂ ਜੀ! ਤੁਹਾਡਾ ਕੋਈ ਕਸੂਰ ਨਹੀਂ। ਤੁਸੀਂ ਐਵੇਂ ਮਨ ਨੂੰ ਵਹਿਮ ਲਾ ਲਿਐ।”
“ਕਿਉਂ ਹਰਜੀਤ ਸਿਅਹਾਂ! ਜਗਜੀਤ ਸੁੰਹ ਠੀਕ ਆਖਦੈ? ਮੈਨੂੰ ਤਾਂ ਲੱਗਦੈ ਕਿ ਸਵੇਰੇ ਸਾਰਾ ਪਿੰਡ ਮੈਨੂੰ ਥੂਹ ਥੂਹ ਕਰੂਗਾ।”
“ਬਾਪੂ ਜੀ ਕੀ ਗੱਲਾਂ ਕਰਦੇ ਓ! ਤੁਹਾਡਾ ਸਾਰਾ ਜੀਵਨ ਸਾਫ਼ ਸੁਥਰੀ ਸਲੇਟ ਹੈ। ਅਸਲੋਂ ਬੇਦਾਗ਼! ਤੁਹਾਨੂੰ ਕੋਈ ਇਹੋ ਜਿਹੀ ਤੁਹਮਤ ਕਿਵੇਂ ਲਾ ਸਕਦਾ ਐ!” ਹਰਜੀਤ ਨੇ ਹੌਂਸਲਾ ਦਿੱਤਾ। ਉਸਨੇ ਕੋਲ ਖਲੋਤੇ ਆਪਣੇ ਪੁੱਤ ਤੇ ਭਤੀਜੇ ਨੂੰ ਇਸ਼ਾਰਾ ਕੀਤਾ ਤੇ ਅਗਲੇ ਪਲ ਦੋਵਾਂ ਪੋਤਰਿਆਂ ਨੇ ਆਪਣੇ ਦਾਦੇ ਦੇ ਗਲ ਨੂੰ ਜੱਫ਼ੀ ਪਾ ਲਈ।

“ਸਾਡਾ ਬਾਪੂ ਦਲਾ ਦਾ ਸੂਰਮਾਂ। ਸ਼ੇਰ ਬੱਬਰ” ਵੱਡੇ ਪੋਤਰੇ ਨੇ ਉਹਦੀ ਸਫ਼ੈਦ ਦਾੜ੍ਹੀ ਨੂੰ ਲਾਡ ਨਾਲ ਸਹਿਲਾਇਆ।

ਅਰਜਨ ਸਿੰਘ ਨੂੰ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ, “ਬੱਚਿਓ! ਤੁਹਾਡਾ ਵੱਡਾ ਬਾਪੂ ਅਜੇ ਜਿਊਂਦਾ ਸੀ, ਜਦ ਇਕ ਦਿਨ ਮੈਂ ਸਭਾਉਕੀ ਉਹਨੂੰ ਆਖਿਆ, “ਬਾਪੂ ਜੀ! ਤੁਸੀਂ ਤਾਂ ਆਪਣੀ ਜਿੰਦਗੀ ਸੋਹਣੀ ਨਿਭਾ ਲਈ; ਅੱਗੋਂ ਸਾਡੀ ਵੇਖੀਏ ਕਿਵੇਂ ਲੰਘਦੀ ਐ। ਤਾਂ ਉਹਨੇ ਅੱਗੋਂ ਪਤੈ ਕੀ ਅਖਿਆ ਸੀ? ਆਖਣ ਲੱਗਾ, “ਅਰਜਨ ਸਿਅਹਾਂ! ਪੁੱਤਰਾ!! ਕਾਹਦੀ ਚੰਗੀ ਨਿਭ ਗਈ! ਮੇਰੀ ਪੂਰੀ ਚੰਗੀ ਨਿਭੀ ਉਸ ਦਿਨ ਜਾਣਿਓਂ ਜਿਸ ਦਿਨ ਆਹ ਚਿੱਟੀ ਦਾਹੜੀ ਏਸਤਰ੍ਹਾਂ ਚਿੱਟੀ ਦੀ ਚਿੱਟੀ ਹੀ ਮੇਰੇ ਨਾਲ ਮੜ੍ਹੀਆਂ ਵਿਚ ਸੜ ਗਈ। ਬੰਦੇ ਦਾ ਕੀ ਪਤਾ ਕਿਹੜੇ ਵੇਲੇ ਕਦੋਂ ਕਾਲਖ਼ ਲੱਗ ਜਾਵੇ!--”

ਏਨੀ ਆਖ ਕੇ ਉਸ ਨੇ ਦੋ-ਤਿੰਨ ਵਾਰ ਨਾਂਹ ਵਿਚ ਸਿਰ ਹਿਲਾਇਆ।
“ਬਾਪੂ ਤੂੰ ਤਾਂ ਲੈ ਗਿਓਂ ਚਿੱਟੀ ਦਾਹੜੀ ਨਾਲ ਆਪਣੇ ਪਰ ਮੇਰੀ ਤਾਂ ਦਾਹੜੀ ਨੂੰ ਲੱਗ ਗਈ ਕਾਲਖ਼!”
ਉਸਨੇ ਧਾਹ ਮਾਰਨ ਵਾਂਗ ਆਖਿਆ ਤੇ ਦੋਵਾਂ ਹੱਥਾਂ ਵਿਚ ਸਿਰ ਘੁੱਟ ਲਿਆ।

ਟੱਬਰ ਦੇ ਜ਼ੋਰ ਦੇਣ ‘ਤੇ ਵੀ ਉਸ ਰੋਟੀ ਦੀ ਬੁਰਕੀ ਮੂੰਹ ਨਾ ਲਾਈ। ਸਾਰੀ ਰਾਤ ਬਿਸਤਰੇ ‘ਤੇ ਪਿਆ ਉੱਸਲ ਵੱਟੇ ਲੈਂਦਾ ਰਿਹਾ। ਉਹਦੀ ਨਜ਼ਰ ਆਪਣੇ ਪਿੰਡ ਦੇ ਮਾਣ-ਮੱਤੇ ਇਤਿਹਾਸ ‘ਤੇ ਫ਼ੈਲ ਗਈ। ਏਸੇ ਪਿੰਡ ਦੇ ਭਾਈ ਹਰਦਾਸ ਸਿੰਘ ਨੇ ਉਹ ਨਾਗ਼ਣੀ ਬਣਾਈ ਸੀ ਜਿਹੜੀ ਭਾਈ ਬਚਿੱਤਰ ਸਿੰਘ ਨੇ ਗੁਰੂ ਦਾ ਥਾਪੜਾ ਲੈ ਕੇ ਮਸਤ ਹੋਏ ਹਾਥੀ ਦੇ ਮੱਥੇ ਵਿਚ ਮਾਰੀ ਸੀ। ਪਰ ਅੱਜ ਇਹ ਨਾਗਣੀ ਉਸਦੇ ਆਪਣੇ ਕਲੇਜੇ ਵਿਚ ਖੁਭੀ ਪਈ ਸੀ। ਏਸੇ ਪਿੰਡ ਦੇ ਭਾਈ ਮਹਾਂ ਸਿੰਘ ਨੇ ਸਿਰ ਦੀ ਬਾਜ਼ੀ ਲਾ ਕੇ ਗੁਰੂ ਦੀ ਗੋਦ ਦਾ ਨਿੱਘ ਮਾਣਿਆਂ ਸੀ ਤੇ ਭਰਾਵਾਂ ਵੱਲੋਂ ਲਿਖਿਆ ਬੇਦਾਵਾ ਪੜਵਾ ਕੇ ਮੁੜ ਤੋਂ ‘ਟੁੱਟੀ ਗੰਢ ਲਈ ਸੀ।’ ਪਰ ਅੱਜ ਗੁਰੂ ਨੇ ਉਸ ਨਾਲੋਂ ਆਪ ਹੀ ਤੋੜ ਲਈ ਸੀ। ਉਸਨੂੰ ਖ਼ੁਦ ਨੂੰ ਗੋਦ ਵਿਚੋਂ ਧੱਕਾ ਦੇ ਕੇ ਗੁਰੂ ਨੇ ਪਾਸੇ ਸੁੱਟ ਦਿੱਤਾ ਸੀ। ਉਹ ਆਪਣੇ ਗੁਰੂ ਘਰੋਂ ਧੱਕਿਆ ਗਿਆ ਸੀ। ਨਮੋਸ਼ੀ ਵਿਚ ਗਲ਼ ਗਲ਼ ਧਸਿਆਂ ਹੋਇਆ! ਉਸ ਮਹਿਸੂਸ ਕੀਤਾ ਉਹਦੀ ਦਾੜ੍ਹੀ ਅੱਥਰੂਆਂ ਨਾਲ ਭਿੱਜ ਚੱਲੀ ਸੀ।

ਕਦੀ ਉਹਨੂੰ ਆਪਣੇ ਗ਼ਦਰੀ ਸੂਰਮਿਆਂ ‘ਤੇ ਬੜਾ ਮਾਣ ਸੀ। ਆਪਣੇ ਪਿੰਡ ਦਾ ਤੇ ਆਪਣੇ ਖ਼ਾਨਦਾਨ ਦਾ ਗੌਰਵਮਈ ਇਤਿਹਾਸ ਲੋਕਾਂ ਨਾਲ ਸਾਂਝਾ ਕਰਦਿਆਂ ਉਹਦੀ ਛਾਤੀ ਮਾਣ ਵਿਚ ਫੁੱਲ ਜਾਇਆ ਕਰਦੀ ਸੀ। ਚਿਹਰੇ ‘ਤੇ ਜਲਾਲ ਆ ਜਾਂਦਾ ਸੀ। ਪਰ ਅੱਜ ਉਹਨੂੰ ਆਪਣੇ ਪਿੰਡ ਦੇ ਗ਼ਦਰੀ ਪ੍ਰੇਮ ਸਿੰਘ ਨੂੰ ਧੋਖੇ ਨਾਲ ਫੜਾਉਣ ਵਾਲੇ ਉਹਦੇ ਗ਼ਦਰੀ ਯਾਰ ਭੂਰਿਆਂ ਵਾਲੇ ਲਾਲ ਸਿੰਘ ਦੇ ਪੁੱਤ ਚੰਨਣ ਸਿੰਘ ਦਾ ਖਿਆਲ ਆ ਰਿਹਾ ਸੀ ਜਿਸਨੇ ਆਪਣੇ ਮਾਮੇ ਬਲਵੰਤ ਸਿੰਘ ਨਾਲ ਮਿਲ ਕੇ ਪ੍ਰੇਮ ਸਿੰਘ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਸੀ। ਅੱਜ ਉਹ ਆਪ ਚੰਨਣ ਸਿੰਘ ਤੇ ਬਲਵੰਤ ਸਿੰਘ ਬਣ ਗਿਆ ਸੀ!

ਫਿਰ ਉਹਦੀ ਸੋਚ ਉਹਨੂੰ ਹੋਰ ਪਾਸੇ ਖਿੱਚ ਕੇ ਲੈ ਗਈ। ਉਹ ਤਾਂ ਐਵੇਂ ਆਪਣੇ ਪਿੰਡ ਦੇ ਮਾਣ-ਮੱਤੇ ਇਤਿਹਾਸ ਅਤੇ ਗੌਰਵ ਦਾ ਰੌਲਾ ਪਾਉਂਦਾ ਰਿਹਾ ਸੀ। ਮਾਇਆ ਰਾਮ ਦੇ ਕਾਤਲ ਇਹ ਮੁੰਡੇ ਵੀ ਤਾਂ ਏਸੇ ਪਿੰਡ ਦੇ ਸਨ। ਕਿਸੇ ਗ਼ਰੀਬ ਜੱਟ ਦੀ ਕੁੜੀ ਦੀ ਇੱਜ਼ਤ ਰੋਲਣ ਵਾਲਾ ਅੱਜ ਦਾ ‘ਸ਼ਹੀਦ ਸੂਰਮਾ!’ ਵੀ ਤਾਂ ਏਸੇ ਪਿੰਡ ਦਾ ਸੀ ਤੇ ਸੀ ਵੀ ਉਹਦੇ ਆਪਣੇ ਭਾਈਚਾਰੇ ਵਿਚੋਂ! ਨਿਹਾਲ ਸਿੰਘ ਵੀ ਤਾਂ ਏਸੇ ਹੀ ਪਿੰਡ ਦਾ ਸੀ, ਜਿਹੜਾ ਪ੍ਰੇਮ ਸਿੰਘ ਹੁਰਾਂ ਦਾ ਸਾਥੀ ਸੀ ਤੇ ਜਿਸਨੇ ਪਿੱਛੋਂ ਵਾਅਹਦਾ ਮੁਆਫ਼ ਗਵਾਹ ਬਣ ਕੇ ਪ੍ਰੇਮ ਸਿੰਘ ਹੁਰਾਂ ਨੂੰ ਫਾਹੇ ਲਵਾਇਆ ਸੀ! ਉਸਨੂੰ ਅਦਾਲਤ ਵਿਚ ਵਾਅਹਦਾ ਮੁਆਫ਼ ਬਣਿਆਂ ਵੇਖ ਕੇ ਪ੍ਰੇਮ ਸਿੰਘ ਨੇ ਆਪਣਾ ਮੂੰਹ ਪਰਨੇ ਨਾਲ ਢੱਕ ਲਿਆ ਸੀ ਤੇ ਕਿਹਾ ਸੀ, “ਮੈਂ ਇਸ ਗ਼ਦਾਰ ਦਾ ਮੂੰਹ ਨਹੀਂ ਵੇਖਣਾ ਚਾਹੁੰਦਾ।”

ਪ੍ਰੇਮ ਸਿੰਘ ਨੇ ਤਾਂ ਇਹ ਵੀ ਕਿਹਾ ਸੀ, “ਨਿਹਾਲ ਸਿਅਹਾਂ! ਜਿਹੜੀ ਮੌਤ ਤੋਂ ਡਰਦਿਆਂ ਤੂੰ ਵਾਅਹਦਾ ਮੁਆਫ਼ ਬਣਿਆਂ ਏਂ, ਯਾਦ ਰੱਖੀਂ! ਤੇਰੀ ਗ਼ਦਾਰੀ ਤੇ ਤੇਰੀ ਨਮੋਸ਼ੀ ਤੈਨੂੰ ਸਾਡੇ ਤੋਂ ਵੀ ਪਹਿਲਾਂ ਲੈ ਡੁੱਬੇਗੀ। ਸਾਡੇ ਤੋਂ ਪਹਿਲਾਂ ਮਰੇਂਗਾ ਤੂੰ!”

ਨਿਹਾਲ ਸਿੰਘ ਨਮੋਸ਼ੀ ਦਾ ਮਾਰਿਆ ਘਰ ਆ ਕੇ ਪਿਛਲੇ ਅੰਦਰ ਲੁਕ ਗਿਆ ਸੀ। ਪ੍ਰੇਮ ਸਿੰਘ ਦੀ ਬੋਲੀ ਉਸਦੇ ਅੰਦਰ ਖੁਭ ਗਈ ਸੀ। ਜੇ ਕਿਤੇ ਹਨੇਰੇ-ਸਵੇਰੇ, ਬਾਹਰ-ਅੰਦਰ ਜੰਗਲ-ਪਾਣੀ ਜਾਂਦਾ ਵੀ ਤਾਂ ਕਿਸੇ ਨਾਲ ਅੱਖ ਮਿਲਾਉਣੋਂ ਡਰਦਾ। ਉਸਨੂੰ ਲੱਗਦਾ ਸੀ ਜਿਵੇਂ ਉਹਨੂੰ ਵੇਖਣ ਵਾਲਾ ਹਰ ਬੰਦਾ ਵੇਖਦੇ ਸਾਰ ਮੂੰਹ ਉੱਤੇ ਪਰਨਾ ਲੈ ਲੈਣ ਲੱਗਾ ਹੋਵੇ! ਸਾਰਾ ਦਿਨ ਉਹ ਪਿਛਲੇ ਕਮਰੇ ਦੇ ਹਨੇਰੇ ਵਿਚ ਲੁਕਿਆ ਰਹਿੰਦਾ। ਆਏ ਗਏ ਕਿਸੇ ਨੂੰ ਵੀ ਮਿਲਦਾ ਨਹੀਂ ਸੀ। ਪਿਛਲੇ ਦਿਨਾਂ ਵਿਚ ਤਾਂ ਉਹ ਘਰ ਦੇ ਜੀਆਂ ਨੂੰ ਵੀ ਕਹਿਣ ਲੱਗ ਪਿਆ ਸੀ, “ਆਪਣੇ ਮੂੰਹ ਤੋਂ ਪਰਨਾ ਪਾਸੇ ਕਿਉਂ ਨਹੀਂ ਕਰਦੇ! ਕੀ ਵਿਗਾੜਿਐ ਮੈਂ ਤੁਹਾਡਾ! ਮੇਰੇ ਵੱਲ ਵਿੰਹਦੇ ਕਿਉਂ ਨਹੀਂ ਤੁਸੀਂ? ਕਿਉਂ ਮੂੰਹ ਮੋੜਦੇ ਓ ਮੇਰੇ ਤੋਂ?”

ਤੇ ਸੱਚੀਂ ਨਮੋਸ਼ੀ ਦਾ ਮਾਰਿਆ ਨਿਹਾਲ ਸਿੰਘ ਪ੍ਰੇਮ ਸਿੰਘ ਹੁਰਾਂ ਦੇ ਫਾਹੇ ਲੱਗਣ ਤੋਂ ਪਹਿਲਾਂ ਹੀ ਪ੍ਰਾਣ ਤਿਆਗ ਗਿਆ ਸੀ। ਇਹ ਕਿਸੇ ਵਲੀ-ਔਲੀਏ ਪ੍ਰੇਮ ਸਿੰਘ ਦਾ ਸਰਾਪ ਨਹੀਂ ਸੀ। ਇਹ ਤਾਂ ਇਕ ਦੇਸ਼ ਭਗਤ ਅੰਦਰੋਂ ਗ਼ਦਾਰੀ ਕਰ ਗਏ ਆਪਣੇ ਹੀ ਸਾਥੀ ਲਈ ਸਹਿਜ-ਸੁਭਾ ਨਿਕਲੀ ਦੁਰ-ਅਸੀਸ ਸੀ, ਜਿਸ ਨੇ ਭੈਅ ਵਿਚ ਫਸ ਕੇ ਆਦਰਸ਼ੋਂ ਡਿੱਗ ਪਏ ਨਿਹਾਲ ਸਿੰਘ ਦੀ ਜ਼ਮੀਰ ਨੂੰ ਲਾਹਨਤ ਪਾਈ ਸੀ। ਆਪਣੇ ਹੀ ਅੰਦਰੋਂ ਪਈ ਇਸ ਫਿਟਕਾਰ ਨੇ ਉਹਦੀ ਜ਼ਮੀਰ ਢੇਰੀ ਕਰ ਦਿੱਤੀ ਸੀ ਤੇ ਨਾਲ ਹੀ ਸਰੀਰ ਵੀ।

ਅੱਜ ਉਹ ਖ਼ੁਦ ਵੀ ਨਿਹਾਲ ਸਿੰਘ ਬਣ ਗਿਆ ਸੀ!
ਸਵੇਰੇ ਕਿਸੇ ਨੂੰ ਕੀ ਮੂੰਹ ਵਿਖਾਏਗਾ ਉਹ! ਸਾਰੇ ਲੋਕ ਉਹਨੂੰ ਵੇਖ ਕੇ ਮੂੰਹ ‘ਤੇ ਪਰਨੇ ਲੈ ਲੈਣਗੇ। ਕਿਵੇਂ ਕਰੇਗਾ ਉਹ ਉਹਨਾਂ ਦਾ ਸਾਹਮਣਾ! ਕੀ ਹੁਣ ਉਹ ਵੀ ਪਿਛਲੇ ਅੰਦਰ ਲੁਕ ਜਾਵੇ!

ਜਗਜੀਤ ਤੇ ਹਰਜੀਤ ਤਾਂ ਬਾਰ ਬਾਰ ਆਖਦੇ ਸਨ ਕਿ ਉਸਦਾ ਕੋਈ ਕਸੂਰ ਨਹੀਂ! ਮੁੰਡਿਆਂ ਦੀ ਮੌਤ ਤਾਂ ‘ਬਾਜ਼ਾਂ’ ਦੀ ‘ਬਾਜ਼ਾਂ’ ਨਾਲ ਲੜਾਈ ਦਾ ਫ਼ਲ ਸੀ। ਉਹਨਾਂ ‘ਬਾਜ਼ਾਂ’ ਨੇ ਹੀ ਤਾਂ ਮਾਇਆ ਰਾਮ ਦਾ ਕਤਲ ਕੀਤਾ ਸੀ। ਮਾਇਆ ਰਾਮ ਦੇ ਕਾਤਲ ਪ੍ਰੇਮ ਸਿੰਘ ਦੀ ਥਾਂ ਕਿਵੇਂ ਲੈ ਸਕਦੇ ਸਨ! ਪ੍ਰੇਮ ਸਿੰਘ ਤੇ ਉਹ ਆਪ ਤਾਂ ‘ਚਿੜੀਆਂ ਦੇ ਯਾਰ’ ਸਨ!

ਠੀਕ ਹੀ ਤਾਂ ਸੀ। ਮਾਇਆ ਰਾਮ ਦੇ ਕਾਤਲ ਪ੍ਰੇਮ ਸਿੰਘ ਦੀ ਥਾਂ ਕਿਵੇਂ ਲੈ ਸਕਦੇ ਨੇ! ਪਰ ਥਾਣੇਦਾਰ ਹੱਸਦਾ ਹੋਇਆ ਆਖ ਰਿਹਾ ਸੀ, “ਬਾਬਾ! ਵਧਾਈ ਹੋਵੇ। ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ! ਤੇਰੇ ਦੱਸੇ -–ਤੇਰੇ ਦੱਸੇ--ਤੇਰੇ ਦੱਸੇ-।”

ਉਹ ਇੱਕ ਤਰ੍ਹਾਂ ਆਪਣੇ ਮੁੰਡਿਆਂ ‘ਤੇ ਚੀਕ ਪਿਆ, “ਮਸਲਾ ‘ਮਾਇਆ ਰਾਮ ਦੇ ਕਾਤਲ ਮਾਰੇ ਹੀ ਜਾਣੇ ਚਾਹੀਦੇ ਨੇ’ ਦਾ ਨਹੀਂ ਸਗੋਂ ਮਸਲਾ ਮੇਰੇ ਸਹਿਵਨ ਹੀ ‘ਮੁਖ਼ਬਰ’ ਬਣ ਜਾਣ ਦਾ ਹੈ; ਜਿਸਦੀ ਧੁੱਖ ਥਾਣੇਦਾਰ ਤੇ ਹੋਰਨਾਂ ਪੁਲਸੀਆਂ ਰਾਹੀਂ ਅੱਜ-ਭਲਕ ਬਾਹਰ ਨਿਕਲ ਹੀ ਜਾਣੀ ਹੈ!
ਉਸਨੇ ਫਿਰ ਤੋਂ ਸਿਰ ਫੜ੍ਹ ਲਿਆ।

ਸਾਰੀ ਰਾਤ ਉਸ ਜਾਗਦਿਆਂ ਕੱਟੀ। ਲੋਅ ਲੱਗੀ ਤਾਂ ਉਸਨੇ ਦੀਵਾਰ ‘ਤੇ ਟੰਗੀਆਂ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਵੱਲ ਵੇਖਿਆ।

“ਮੇਰੇ ਬਾਬਾ ਨਾਨਕਾ! ਮੈਂ ਤਾਂ ਸਦਾ ਪਹਿਲਾਂ ਤੈਨੂੰ ਈ ਸਿਮਰਿਐ! ਤੂੰ ਈ ਹੁਣ ਰਾਹ ਦੱਸ ਕੋਈ। ਮੇਰੇ ਨਾਨਕ ਦੀ ਦਸਵੀਂ ਜੋਤ, ਹੋਰਨਾਂ ਦੇ ‘ਬਾਜ਼ਾਂ ਵਾਲਿਆ’, ਪਰ ਮੇਰਿਆ ‘ਚਿੜੀਆਂ ਵਾਲਿਆ!’ ਤੂੰ ਤਾਂ ਜਾਣਦੈਂ ਕਿ ਮੈਂ ਕਿਤਿਓਂ ਵੀ ਅੰਮ੍ਰਿਤ ਨਹੀਂ ਸੀ ਛਕਿਆ। ਮੈਂ ਤਾਂ ਜਦੋਂ ਫ਼ਾਤਮਾਂ ਨੂੰ ਛੁਡਾਉਣ ਜਾਣ ਲਈ ਘਰੋਂ ਕਿੱਲੀ ਨਾਲੋਂ ਬਾਪੂ ਦੀ ਕਿਰਪਾਨ ਲਾਹੀ ਸੀ ਤਾਂ ਕੇਵਲ ਤੇਰਾ ਹੀ ਆਸਰਾ ਤਕਾਇਆ ਸੀ। ਮੈਂ ਤਾਂ ਲੋੜ ਵੇਲੇ ਆਪਣੀ ਜਿੰਮੇਵਾਰੀ ਸਮਝਦਿਆਂ ਤੇਰਾ ਨਾਂ ਲੈ ਕੇ ਤੇਰੀ ਕਿਰਪਾਨ ਕਦੀ ਕਦੀ ਉਠਾ ਲੈਂਦਾ ਸਾਂ ਤਾਂ ਭੋਲੇ ਲੋਕ ਸਮਝਦੇ ਸਨ ਕਿ ਮੈਂ ਅੰਮ੍ਰਿਤ ਛਕਿਆ ਹੋਇਐ! ਲੋਕਾਂ ਲਈ ਮੈਂ ਅੰਮ੍ਰਿਤਧਾਰੀ ਸਾਂ। ਮੈਂ ਲੋਕਾਂ ਦੇ ਵਿਸ਼ਵਾਸ ਨੂੰ ਤੋੜ ਕੇ ਤੇਰੀ ਹੇਠੀ ਨਹੀਂ ਸਾਂ ਕਰਵਾਉਣਾ ਚਾਹੁੰਦਾ। ਇਸ ਲਈ ਅਣਛਕੇ ਅੰਮ੍ਰਿਤ ਦਾ ਭੇਦ ਮੈਂ ਕਦੀ ਕਿਸੇ ‘ਤੇ ਉਜਾਗਰ ਨਹੀਂ ਸੀ ਹੋਣ ਦਿੱਤਾ। ਮੈਂ ਅਣਛਕਿਆ ਅੰਮ੍ਰਿਤ ਵੀ ਕਦੀ ਤੇਰੇ ਲਈ ਮਿਹਣਾ ਨਹੀਂ ਸੀ ਬਣਨ ਦਿੱਤਾ। ਹੁਣ ਤੂੰ ਦੱਸ ਤਾਂ ਸਹੀ ਮੈਂ ਮਾਛੀਵਾੜੇ ਦੇ ਜੰਗਲ ਵਿਚੋਂ ਕਿਵੇਂ ਪਾਰ ਜਾਵਾਂ! ਫਸ ਗਿਆ ਮੈਂ ਤਾਂ ਭੁੱਲ ਭੁਲਈਆਂ ਵਿਚ।”

ਦੋਵੇਂ ਬਾਬੇ ਅੱਗੋਂ ਕੁਝ ਨਹੀਂ ਬੋਲੇ। ਉਹ ਪਰੇਸ਼ਾਨ ਹੋਇਆ ਆਪਣੇ ‘ਪਿੰਡ’ ਨੂੰ ਪੁੱਛਣ ਲੱਗਾ। ਸਾਰੇ ਜਿਵੇਂ ਕਹਿ ਰਹੇ ਸਨ; ਤੂੰ ਸਾਨੂੰ ਕਿਉਂ ਪੁੱਛਦਾ ਏਂ; ਆਪਣੇ ਮਨ ਨੂੰ ਪੁੱਛ। ਪਰ ਮਨ ਵਿਚ ਤਾਂ ਚਾਰ ਚੁਫ਼ੇਰੇ ਹਨੇਰਾ ਹੀ ਹਨੇਰਾ ਸੀ।

ਉਹ ਵਾਰ ਵਾਰ ਆਪਣੇ ਆਪ ਨੂੰ ਸਵਾਲ ਕਰਦਾ। ਵਾਰ ਵਾਰ ਵੱਖਰੇ ਵੱਖਰੇ ਜਵਾਬ ਮਿਲਦੇ।
ਤੇ ਫੇਰ ਜਿਵੇਂ ਉਸਨੂੰ ਅਚਨਚੇਤ ਰਾਹ ਦਿਸ ਪਿਆ ਹੋਵੇ।

ਦਿਨ ਚੜ੍ਹੇ ਉਹ ਖ਼ੁਸ਼ੀ ਖ਼ੁਸ਼ੀ ਸਾਰੇ ਟੱਬਰ ਨੂੰ ਮਿਲਿਆ। ਚਾਹ ਵੀ ਪੀਤੀ, ਨਾਸ਼ਤਾ ਵੀ ਕੀਤਾ। ਕਿਰਪਾਨ ਕਿੱਲੀ ਨਾਲੋਂ ਲਾਹੀ ਤੇ ਮਜ਼ਬੂਤ ਕਦਮੀਂ ਤੁਰਦਾ ਉਹ ਪਿੰਡ ਵਿਚ ਵੜਦੀ ਸੜਕ ਦੇ ਸਾਹਮਣੇ ਪੈਂਦੇ ਚੌਰਾਹੇ ਵਿਚਲੇ ਥੜ੍ਹੇ ‘ਤੇ ਆ ਕੇ ਬੈਠ ਗਿਆ। ਉਸਨੂੰ ਪਤਾ ਸੀ ਪੁਲਿਸ ਇਸ ਵੇਲੇ ਰੋਜ਼ ਗ਼ਸ਼ਤ ‘ਤੇ ਆਉਂਦੀ ਹੈ।

ਪੁਲਿਸ ਦੀ ਜੀਪ ਆਈ ਤਾਂ ਉਸਨੇ ਹੱਥ ਦੇ ਕੇ ਰੋਕ ਲਈ।
“ਕੱਲ੍ਹ ਵਾਲਾ ਬਾਬਾ ਅਰਜਨ ਸੁੰਹ ਏਂ।” ਹੌਲਦਾਰ ਨੇ ਥਾਣੇਦਾਰ ਨੂੰ ਆਖਿਆ।
“ਸੁਣਾ ਬਾਬਾ!” ਥਾਣੇਦਾਰ ਨੇ ‘ਆਪਣਾ ਬੰਦਾ’ ਜਾਣ ਕੇ ਚਾਅ ਵਿਚ ਖੱਬਾ ਪੈਰ ਜੀਪ ਤੋਂ ਹੇਠਾਂ ਲਾਹੁੰਦਿਆਂ ਉਤਸ਼ਾਹ ਨਾਲ ਪੁੱਛਿਆ।

“ਸੁਣਾਉਂਦਾਂ ਤੈਨੂੰ ਹਰਾਮੀਆਂ!” ਉਹਨੇ ਮਿਆਨ ਸਣੇ ਕਿਰਪਾਨ ਉਹਦੀਆਂ ਬਾਹਵਾਂ ‘ਤੇ ਮਾਰੀ। ਉਹਦੀ ਗਰਜਦੀ ਆਵਾਜ਼ ਦੂਰ ਦੂਰ ਖਲੋਤੇ ਲੋਕਾਂ ਦੇ ਕੰਨਾਂ ਤੱਕ ਜਾ ਗੂੰਜੀ।

“ਤੂੰ ਮੈਨੂੰ ਮੁਖ਼ਬਰ ਬਣਾ ‘ਤਾ ਕੰਜਰਾ! ਮੈਂ ਦੁਨੀਆਂ ਸਾਹਮਣੇਂ ਕਿਤੇ ਮੂੰਹ ਦੇਣ ਜੋਗਾ ਨਹੀਂ ਰਹਿ ਗਿਆ। ਹਰਾਮੀਆਂ! ਕਲੰਕ ਲਵਾ ‘ਤਾ ਈ ਮੇਰੇ ਮੱਥੇ ‘ਤੇ। ਮੇਰੇ ਪਿੰਡ ਦੇ ਮੱਥੇ ‘ਤੇ। ਮੇਰੀ ਉਮਰ ਭਰ ਦੀ ਕਮਾਈ ਮਿੱਟੀ ਚ ਰੋੜ੍ਹ ‘ਤੀ। ਮੁੰਡਿਆਂ ਨੇ ਤਾਂ ਜੋ ਉਹ ਕਰਦੇ ਸਨ, ਅੱਜ ਭਲਕ ਮਰਨਾ ਈ ਸੀ। ਪਰ ਤੂੰ ਉਹਨਾਂ ਦੀ ਮੌਤ ਮੇਰੇ ਲੇਖੇ ਕਿਉਂ ਪਾ ‘ਤੀ। ਦੱਲਾ ਬਣਾ ‘ਤਾ ਤੂੰ ਮੈਨੂੰ।”

ਪੁਲਿਸ ਦੇ ਬੰਦੇ ਭੱਜ ਕੇ ਬਾਹਰ ਨਿਕਲੇ। ਅਰਜਨ ਸਿੰਘ ਦਾ ਹਮਲਾ ਜੀਪ ਦੇ ਸਾਹਮਣੇ ਪਾਸਿਓਂ ਹੋਣ ਕਰ ਕੇ ਪਿਛਲੀਆਂ ਸੀਟਾਂ ਤੋਂ ਉੱਤਰੇ ਸਿਪਾਹੀਆਂ ਦੇ ਅੱਗੇ ਅਰਜਨ ਸਿੰਘ ਨਾਲ ਗੁੱਥ-ਮ-ਗੁੱਥਾ ਹੁੰਦਾ ਥਾਣੇਦਾਰ ਆ ਗਿਆ। ਉਹ ਪਾਸਾ ਵਲ਼ ਕੇ ਹਰਫ਼ਲੀ ਕਾਹਲੀ ਨਾਲ ਅਰਜਨ ਸਿੰਘ ਵੱਲ ਵਧਣ ਲਈ ਲਪਕੇ।

ਅਰਜਨ ਸਿੰਘ ਪਹਿਲਾਂ ਤਾਂ ਤਲਵਾਰ ਨੂੰ ਮਿਆਨੋਂ ਕੱਢਣ ਲੱਗਾ ਪਰ ਫਿਰ ਕੁਝ ਸੋਚ ਕੇ ਉਸਨੇ ਥਾਣੇਦਾਰ ਦੀ ਪੇਟੀ ਨਾਲ ਲਮਕਦੇ ਰੀਵਾਲਵਰ ਨੂੰ ਹੱਥ ਪਾ ਲਿਆ। ਥਾਣੇਦਾਰ ਨੇ ਉਸਨੂੰ ਧੱਕਾ ਮਾਰ ਕੇ ਨਾਲੋਂ ਤੋੜਨਾ ਚਾਹਿਆ। ਪਰ ਉਹਦੇ ਹੱਥ ਤਾਂ ਲੋਹੇ ਦੇ ਬਣੇ ਹੋਏ ਸਨ। ਜੀਪ ਤੋਂ ਭੱਜ ਕੇ ਉਤਰੇ ਸਾਹੋ-ਸਾਹ ਹੋਏ ਹਵਾਲਦਾਰ ਨੇ ਉਸਨੂੰ ਪਿੱਛੋਂ ਦੀ ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਝਟਕੇ ਨਾਲ ਉਸਦੇ ਜੱਫੇ ‘ਚੋਂ ਨਿਕਲ ਗਿਆ। ਪੂਰੇ ਜ਼ੋਰ ਨਾਲ ਉਸਨੇ ਥਾਣੇਦਾਰ ਦਾ ਰੀਵਾਲਵਰ ਖਿਚ ਲਿਆ।

“ਫੜ੍ਹੋ ਉਏ ਇਹਨੂੰ। ਜਦੋਂ ਮੈਨੂੰ ਮਾਰ ਈ ਦਊਗਾ, ਉਦੋਂ ਈ ਕੁਝ ਕਰੋਗੇ।” ਥਾਣੇਦਾਰ ਦੀ ਕੰਬਦੀ-ਵਿਲਕਦੀ ਚੀਕ ਗੂੰਜੀ।
“ਕੁੱਤਿਆਂ ਮੈਂ ਤੈਨੂੰ ਮਾਰਨਾ ਨਹੀਂ। ਪਰ ਮੈਂ ਤੈਨੂੰ ਸੁੱਕਾ ਵੀ ਨਹੀਂ ਛੱਡਣਾ। ਤੇਰੇ ਲਹੂ ਨਾਲ ਮੈਂ ਆਪਣੇ ਮੱਥੇ ‘ਤੇ ਲੱਗ ਗਈ ਕਾਲਖ਼ ਧੋਣੀ ਐਂ।” ਉਹਨੇ ਖੱਬੇ ਹੱਥ ਵਿਚ ਕਿਰਪਾਨ ਸੰਭਾਲੀ ਤੇ ਸੱਜੇ ਹੱਥ ਨਾਲ ਰੀਵਾਲਵਰ ਦਾ ਬੱਟ ਪੂਰੇ ਤਾਣ ਨਾਲ ਥਾਣੇਦਾਰ ਦੇ ਮੱਥੇ ਵਿਚ ਮਾਰਿਆ। ਲਹੂ ਦੀਆਂ ਘਰਾਲਾਂ ਵਗਣ ਲੱਗੀਆਂ।

“ਬੱਅਅਸ!” ਏਨੀ ਕਰ ਕੇ ਉਸ ਤਸੱਲੀ ਦਾ ਡੂੰਘਾ ਸਾਹ ਲਿਆ ਤੇ ਰੀਵਲਵਰ ਨੂੰ ਹਵਾ ਵਿਚ ਉੱਚਾ ਉਛਾਲ ਕੇ ਦੂਰ ਸੁੱਟਦਿਆਂ ਜੇਤੂ ਖ਼ੁਸ਼ੀ ਵਿਚ ਕਿਹਾ, “ਹੇਅ, ਆਹ ਲੈ।”

ਮੀਚੀ ਮੁੱਠੀ ਵਾਲਾ ਉਸਦਾ ਸੱਜਾ ਗੁੱਟ ਮਜ਼ਬੂਤੀ ਨਾਲ ਅੱਗੇ ਵਧਿਆ ਵੰਗਾਰ ਰਿਹਾ ਸੀ, “ਲਓ, ਫੜ੍ਹ ਲਓ ਮੈਨੂੰ।”
ਦੋ ਪੁਲਸੀਆਂ ਨੇ ਅਰਜਨ ਸਿੰਘ ਨੂੰ ਜੱਫਾ ਮਾਰ ਲਿਆ।
ਲਹੂ ਚੋਂਦੇ ਮੱਥੇ ਨੂੰ ਪੂੰਝਦਿਆਂ ਘਰਕਦੇ ਹੋਏ ਥਾਣੇਦਾਰ ਨੇ ਨਾਲ ਦੇ ਸਾਥੀਆਂ ਨੂੰ ਲਲਕਾਰਿਆ, “ਹੁਣ ਮਾਰੋ ਵੀ ਗੋਲੀ ਇਹਨੂੰ ਭੈਣ ਚੋਦੋ! ਪਿਓ ਨੂੰ ਜੱਫੀਆਂ ਕਾਹਦੀਆਂ ਪਾਉਣ ਡਹੇ ਜੇ!”

ਜੱਫਾ ਪਾਉਣ ਵਾਲਿਆਂ ਅਰਜਨ ਸਿੰਘ ਨੂੰ ਧੱਕਾ ਦੇ ਕੇ ਇੱਕ ਪਾਸੇ ਕਰ ਦਿੱਤਾ।

ਸਿਪਾਹੀ ਨੇ ਸਟੇਨਗੰਨ ਸਿੱਧੀ ਕੀਤੀ ਤੇ ਨਿਸ਼ਾਨਾ ਬੰਨ੍ਹ ਕੇ ਗੋਲੀ ਚਲਾ ਦਿੱਤੀ। ‘ਗੜ ਗੜ’ ਹੋਈ ਤੇ ਅਗਲੇ ਪਲ ਅਰਜਨ ਸਿੰਘ ਜ਼ਮੀਨ ‘ਤੇ ਡਿੱਗਾ, ਲਹੂ ਵਿਚ ਲੱਥ ਪੱਥ, ਤੜਫ਼ ਰਿਹਾ ਸੀ।

ਪਲਾਂ ਵਿਚ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ। ਇਹ ਕੀ ਭਾਣਾ ਵਾਪਰ ਗਿਆ ਸੀ!

ਰੁਮਾਲ ਨਾਲ ਮੱਥੇ ਤੋਂ ਲਹੂ ਪੂੰਝਦਾ ਹੋਇਆ ਥਾਣੇਦਾਰ ਕਦੇ ਮੁੱਠ-ਭੇੜ ਵਿਚ ਪਾਟ ਗਈ ਤੇ ਤਿਪ ਤਿਪ ਡੁੱਲ੍ਹਦੇ ਲਹੂ ਨਾਲ ਲਿਬੜ ਰਹੀ ਆਪਣੀ ਵਰਦੀ ਵੱਲ ਵੇਖ ਰਿਹਾ ਸੀ; ਕਦੀ ਜ਼ਮੀਨ ‘ਤੇ ਡਿੱਗੇ ਅਰਜਨ ਸਿੰਘ ਵੱਲ। ਲਹੂ ਚੋ ਚੋ ਕੇ ਉਹਦੇ ਚਿਹਰੇ ਤੇ ਅੱਖਾਂ ਨੂੰ ਭਿਉਂ ਰਿਹਾ ਸੀ।

ਪੁਲਿਸ ਨੇ ਦਬਕਾ ਮਾਰ ਕੇ ਭੀੜ ਨੂੰ ਪਾਸੇ ਹਟ ਜਾਣ ਲਈ ਕਿਹਾ। ਲੋਕ ਦੂਰ ਜਾ ਕੇ ਖੜੇ ਹੋ ਗਏ। ਜਿਨ੍ਹਾਂ ਕੁਝ ਇਕ ਜਣਿਆਂ ਨੇ ਆਪਣੀ ਹਾਜ਼ਰੀ ਵਿਚ ਘਟਨਾ ਵਾਪਰਦੀ ਵੇਖੀ ਸੀ, ਉਹ ਡਰੇ-ਸਹਿਮੇ ਵੀ ਸਨ ਤੇ ਹੁਲਾਸ ਵਿਚ ਵੀ ਸਨ। ਕੰਬਦੇ, ਸਹਿਮੇਂ ਤੇ ਉਤਸ਼ਾਹੀ ਬੋਲਾਂ ਨਾਲ ਉਹ ਘਟਨਾ ਦਾ ਬਿਆਨ ਕਰ ਰਹੇ ਸਨ। ਵਧਾ ਚੜ੍ਹਾ ਕੇ ਅਰਜਨ ਸਿੰਘ ਦੀ ਬਹਾਦਰੀ ਤੇ ਜਵਾਂ-ਮਰਦੀ ਦੀ ਕਹਾਣੀ ਸੁਣਾ ਰਹੇ ਸਨ।

“ਨਹੀਂ ਉਏ ਰੀਸਾਂ! ਸਾਡੇ ਸੂਰਮੇ ਬਾਪੂ ਦੀਆਂ! ਓਸ ਬੱਬਰ ਸ਼ੇਰ ਦੀਆਂ!” ਕਿਸੇ ਨੇ ਜੋਸ਼ ਵਿਚ ਭਰ ਕੇ ਪਰ ਪੁਲਿਸ ਤੋਂ ਡਰਦਿਆਂ ਹੌਲੀ ਜਿਹੀ ਆਖਿਆ।

ਭੀੜ ਤੋਂ ਪਰ੍ਹੇ ਇਕ ਪਾਸੇ ਆਣ ਖਲੋਤਾ ਅਕਾਲੀ ਭਜਨ ਸਿੰਘ ਆਪਣੇ ਨਾਲ ਖਲੋਤੇ ਸਾਥੀ ਨੂੰ ਹੌਲੀ ਜਿਹੀ ਕਹਿੰਦਾ, “ਇਹੋ ਜਿਹੇ ਇੰਜ ਈ ਕੁੱਤੇ ਦੀ ਮੌਤ ਮਰਦੇ ਹੁੰਦੇ ਨੇ। ਜਿਹੜੇ ਨਾ ਏਧਰ ਹੋਣ ਨਾ ਓਧਰ।”

“ਸ਼ਰਮ ਕਰ ਓ ਭਜਨ ਸਿਅਹਾਂ! ਉਂਜ ‘ਅਕਾਲੀ’ ਬਣਿਆਂ ਫਿਰਦੈਂ!” ਨਾਲ ਦੇ ਗਾਲ੍ਹ ਕੱਢਣ ਵਾਂਗ ਆਖਿਆ।
“ਠਾਣੇਦਾਰ ਨੇ ਤਾਂ ਆਪਣੀ ਡਿਊਟੀ ਨਿਭਾਉਣੀ ਸੀ! ਪਹਿਲਾਂ ਮੁੰਡਿਆਂ ਦੀ ਸੂਹ ਨਾ ਦਿੰਦਾ ਇਹ!” ਭਜਨ ਸਿੰਘ ਅਜੇ ਵੀ ਆਪਣੀ ਗੱਲ ‘ਤੇ ਕਾਇਮ ਸੀ।
“ਕੋਈ ਨਹੀਂ ਉਹਨੇ ਵੀ ਆਪਣੀ ਡਿਊਟੀ ਨਿਭਾ ਦਿੱਤੀ ਆ।”

ਭਜਨ ਸਿੰਘ ਦੇ ਮੋਢੇ ‘ਤੇ ਕਿਸੇ ਨੇ ਹੱਥ ਰੱਖਿਆ।
ਇਹ ਪਿੱਛੇ ਆ ਖਲੋਤਾ ਬਾਬੇ ਦਾ ਮੁੰਡਾ ਜਗਜੀਤ ਸਿੰਘ ਸੀ ਜਿਹੜਾ ਕਿਸੇ ਦੁਕਾਨ ਤੋਂ ਹਾਦਸੇ ਦੀ ਖ਼ਬਰ ਸੁਣਕੇ ਭੱਜਾ ਆਇਆ ਸੀ।
ਜਗਜੀਤ ਕਾਹਲੀ ਨਾਲ ਖੂੰਨ ਵਿਚ ਲਿੱਬੜੇ ਬਾਪੂ ਦੀ ਲਾਸ਼ ਵੱਲ ਵਧਿਆ। ਲਹੂ ਦਾ ਛੱਪੜ ਲੱਗਾ ਹੋਇਆ ਸੀ। ਛਾਤੀ ਗੋਲੀਆਂ ਨਾਲ ਛਲਣੀ ਹੋਈ ਪਈ ਸੀ। ਤੇ ਛਾਤੀ ਦੇ ਨਾਲ ਹੀ ਖੱਬੇ ਪਾਸੇ ਉਸਦੀ ਮੁੱਠ ਵਿਚ ਘੁੱਟੀ ਉਹਦੇ ਬਾਬੇ ਦੀ ਕਿਰਪਾਨ ਪਈ ਸੀ।
ਚੜ੍ਹਦੇ ਸੂਰਜ ਦੀਆਂ ਕਿਰਨਾਂ ਦੇ ਸੁਨਹਿਰੀ ਚਾਨਣ ਵਿਚ ਬਾਬੇ ਦੀ ਚਿੱਟੀ ਦਾੜ੍ਹੀ ਲਿਸ਼ ਲਿਸ਼ ਕਰ ਰਹੀ ਸੀ।
 


ਕਹਾਣੀ ‘ਰਿਮ ਝਿਮ ਪਰਬਤ‘ ਨੂੰ ਪੜ੍ਹਦਿਆਂ

-ਬਲਕਾਰ ਸਿੰਘ
ਫੋਨ:93163-01328

ਸਾਹਿਤ ਦੀ ਸਫਲਤਾ ਇਸ ਗੱਲ ਵਿਚ ਹੈ ਕਿ ਉਹ ਕਿਸ ਮਾਤਰਾ ਵਿਚ ਆਪਣੇ ਸਮਕਾਲ ਨੂੰ ਸੰਭਾਲਦਾ ਹੈ। ਵਰਿਆਮ ਸੰਧੂ ਦੀਆˆ ਕਹਾਣੀਆˆ ਇਸ ਪਰਖ ਤੇ ਖਰੀਆˆ ਉਤਰਦੀਆˆ ਪ੍ਰਵਾਨ ਹੋ ਚੁਕੀਆˆ ਹਨ। ਪੰਜਾਬ ਦੇ ਸਮਕਾਲ ਦੀ ਜਿਸ ਪਰਤ ਨੂੰ ਵਰਿਆਮ ਸੰਧੂ ਨੇ ਇਸ ਕਹਾਣੀ ਵਿਚ ਹੱਥ ਪਾਇਆ ਹੈ, ਇਹ ਸੌਖਾ ਨਹੀˆ ਹੈ ਅਤੇ ਇਸ ਨੂੰ ਜਿਸ ਸਫਲਤਾ ਨਾਲ ਉਸ ਨੇ ਨਿਭਾਇਆ ਹੈ, ਇਸੇ ਵਿਚ ਸੰਧੂ ਦੀ ਕਹਾਣੀ-ਕਲਾ ਲੁਕੀ ਹੋਈ ਹੈ। ਕਹਾਣੀਆˆ ਦੀ ਪੜ੍ਹਤ ਜਿੰਨੀ ਸੰਤੁਸ਼ਟ ਕਰਦੀ ਹੈ, ਕਹਾਣੀਆˆ ਤੇ ਪਰਤੌ ਉਨਾ ਹੀ ਔਖਾ ਹੁੰਦਾ ਚਲਾ ਜਾˆਦਾ ਹੈ। ‘ਰਿਮ ਝਿਮ ਪਰਬਤ‘ ਕੇਵਲ ਮਾਤਰ ਕਹਾਣੀ ਨਹੀਂ, ਸਗੋਂ ਪੰਜਾਬ ਦੇ ਇਕ ਦਹਾਕੇ ਦੇ ਇਤਿਹਾਸ ਦਾ ਅਚੇਤ-ਵਹਿਣ ਹੈ, ਇਸੇ ਲਈ ਇਸ ਕਹਾਣੀ ਵਿਚ ਕਹਾਣੀਆˆ ਦਾ ਹੜ੍ਹ ਆ ਗਿਆ ਕਹਿਣਾ ਚਾਹੀਦਾ ਹੈ।

ਕਿਸੇ ਵੀ ਕੌਮੀ ਜਾ ਭਾਈਚਾਰਕ ਮਾਨਸਿਕਤਾ ਦੇ ਸੁਚੇਤ ਨਾਲੋਂ ਉਸਦਾ ਅਚੇਤ ਬਹੁਤ ਬਲਵਾਨ ਹੁੰਦਾ ਹੈ। ਸੁਚੇਤ ਕੋਲ ਤਾ ਕਿਰਪਾਨ ਵੀ ਹੈ ਅਤੇ ਸਟੇਨ ਵੀ। ਦੋਵੇˆ ਹਥਿਆਰ ਵੀ ਹਨ ਅਤੇ ਇਤਿਹਾਸ ਵੀ। ਕਿਰਪਾਨ ਤਾˆ ਚੁਕਣੀ ਹੀ ਉਦੋਂ ਚਾਹੀਦੀ ਹੈ ਜਦੋਂ ਬਾਕੀ ਸਾਰੇ ਹੀਲੇ ਮੁੱਕ ਜਾਣ। ਇਸੇ ਲਈ ਕਿਰਪਾਨ ਮਿਆਨ ਵਿਚੋਂ ਕਢਣ ਬਾਰੇ ਵੀ ਅਰਜਨ ਸਿੰਘ ਆਪਣੇ ਪੋਤਰੇ ਨੂੰ ਨਸੀਹਤ ਕਰਦਾ ਹੈ ਕਿ ਕਿਰਪਾਨ ਉਦੋਂ ਕਢੀਦੀ ਏ ਜਦੋਂ ਆਪਣਾ ਬਚਾਅ ਕਰਨਾ ਹੋਵੇ ਜਾˆ ਕਿਸੇ ਦੀਨ ਦੁਖੀ ਦੀ ਰਖਿਆ ਕਰਨੀ ਹੋਵੇ। ਪਰ ਕਹਾਣੀ ਵਿਚ ਦੋਹਾˆ ਹਥਿਆਰਬੰਦ ਹੱਥਾˆ ਪਿਛੇ ਕੰਮ ਕਰਦੇ ਅਚੇਤ ਵਾਸਤੇ ਲੇਖਕ ਦੇ ਸ਼ਬਦਾˆ ਵਿਚ “ਦੋਵਾˆ ਦੇ ਹਥਿਆਰ ਇਸ ਵੇਲੇ ਦੋਵਾˆ ਦੇ ਹੱਥਾˆ ਵਿਚ ਨਹੀਂ ਸਨ”। ਗੱਲ ਕਿੱਲੀ ਉਤੇ ਟੰਗੇ ਦੋਹਾˆ ਹਥਿਆਰਾˆ ਦੀ ਹੈ, ਪਰ ਇਸ ਨਾਲ ਮਾਨਸਿਕਤਾ ਦੇ ਅਚੇਤ ਅਤੇ ਸੁਚੇਤ ਦਾ ਭੇੜ ਸਾਹਮਣੇ ਆ ਜਾˆਦਾ ਹੈ। ਅਸਲ ਵਿਚ ਇਹ ਕਹਾਣੀ ਪੰਜਾਬ ਦੀ ਕਿਰਸਾਨੀ ਦੇ ਸੁਚੇਤ ਅਤੇ ਅਚੇਤ ਦੇ ਮਹਾˆ ਬਿਰਤਾˆਤ ਦਾ ਮੰਤਰ ਹੋ ਗਈ ਹੈ। ਇਸ ਉਤੇ ਉਸੇ ਤਰ੍ਹਾˆ ਇਕ ਪੁਸਤਕ ਸੰਭਵ ਹੈ ਜਿਵੇˆ ਅਮਰਜੀਤ ਗਰੇਵਾਲ ਨੇ “ਤਵੀ ਦਾ ਸੱਚ” ਬਾਰੇ ਲਿਖਦਿਆˆ ਪੂਰੀ ਕਿਤਾਬ ਲਿਖ ਦਿਤੀ ਸੀ ਅਤੇ ਇਕ ਨਵੀਂ ਵਿਧਾ ਵੀ ਸਿਰਜ ਦਿਤੀ ਸੀ।

ਜਿਸ ਤਰ੍ਹਾˆ ‘ਰਿਮ ਝਿਮ ਪਰਬਤ’ ਵਿਚ ਸਮੇˆ ਦੇ ਸੱਚ ਨਾਲ ਜੁੜੇ ਹੋਏ ਸਭਿਆਚਾਰਕ ਅਤੇ ਧਾਰਮਿਕ ਸਰੋਕਾਰ ਕਹਾਣੀ-ਕਲਾ ਵਿਚ ਢਲ ਗਏ ਹਨ, ਮੈਨੂੰ ਇਹੋ ਲੇਖਕ ਦੀ ਇਕਹਿਰੀ ਤੇ ਵਿਲਖਣ ਪ੍ਰਾਪਤੀ ਲਗਣ ਲਗ ਪਏ ਹਨ। ਬੰਦਾ ਜਨਮ ਤਾˆ ਲੈˆਦਾ ਹੈ, ਸਭਿਆਚਾਰ ਵਿਚ ਅਤੇ ਉਸ ਦਾ ਸਹਿਜ-ਜਿਊਣ ਵੀ ਪ੍ਰਾਪਤ ਸਭਿਆਚਾਰ ਨਾਲ ਹੀ ਜੁੜਿਆ ਹੋਇਆ ਹੁੰਦਾ ਹੈ। ਸਭਿਆਚਾਰਕ ਸਹਿਜ- ਜੀਵਨ, ਆਪਣੇ ਸਮਕਾਲ ਤੋਂ ਪ੍ਰਭਾਵਤ ਹੁੰਦਾ ਵੀ ਹੈ ਅਤੇ ਸਮਕਾਲ ਨੂੰ ਪ੍ਰਭਾਵਤ ਕਰਦਾ ਵੀ ਹੈ। ਇਸ ਕਹਾਣੀ ਦੇ ਪਾਤਰ ਇਕੋ ਹੀ ਪਿੰਡ ਵਿਚ ਜੰਮਦੇ ਹਨ, ਇਕੋ ਜਿਹੇ ਮਾਹੌਲ ਵਿਚ ਪਲਦੇ ਹਨ ਪਰ ਆਪਣੇ ਆਪਣੇ ਰੰਗ ਵਿਚ ਜਿਊਂਦੇ ਹਨ। ਗੁਰਬਾਣੀ ਦੀ ਰੋਸ਼ਨੀ ਵਿਚ ਮੈਨੂੰ ਇਹ ਸਾਰੇ ਪਾਤਰ “ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ” 473 ਦੇ ਵਡੇ ਸੱਚ ਦੇ ਨਾਨਤਵ ਦਾ ਹੀ ਹਿੱਸਾ ਲਗਦੇ ਹਨ। ਪਰ ਕਹਾਣੀ ਦੇ ਵਹਿਣ ਨਾਲ ਤੁਰਦਿਆˆ ਲਗਦਾ ਹੈ ਕਿ ਜਿਊਣ ਦਾ ਇਹ ਨਾਨਤਵ ਕਿਸੇ ਵੀ ਸਭਿਆਚਾਰ ਦੀ ਜਾਨ ਵੀ ਹੁੰਦਾ ਹੈ ਅਤੇ ਉਸ ਦਾ ਨੁਕਸਾਨ ਵੀ। ਪਿੰਡ ਦੀ ਇਕਾਈ ਵਿਚੋਂ ਲੇਖਕ ਨੇ ਜ਼ਿੰਦਗੀ ਦੇ ਸਮੁੱਚ ਨੂੰ ਸੰਸਕਾਰਾˆ, ਜਜ਼ਬਿਆˆ ਅਤੇ ਮਜਬੂਰੀਆˆ ਨਾਲ ਜੁੜੀਆˆ ਹੋਈਆˆ ਘਟਨਾਵਾˆ ਰਾਹੀਂ ਉਸੇ ਤਰ੍ਹਾˆ ਸਿਰਜਿਆ ਹੈ ਜਿਵੇˆ ਕੋਈ ਕਲਾਕਾਰ ਰੰਗਾˆ ਦੀ ਭਾਸ਼ਾ ਵਿਚ ਪੇਂਟਿੰਗ ਦੀ ਸਿਰਜਣਾ ਕਰ ਲੈˆਦਾ ਹੈ। ਏਸੇ ਲਈ ਮੈˆ ਇਸ ਨੂੰ ਮਹਿਜ ਇਕ ਕਹਾਣੀ ਨਹੀਂ ਸਗੋਂ ਅਜਿਹੀ ਸਾਹਿਤਕ ਸਿਰਜਣਾ ਸਮਝਦਾ ਹਾˆ, ਜਿਸ ਵਿਚ ਲੇਖਕ ਨੇ ਜ਼ਿੰਦਗੀ ਨੂੰ ਬੰਦ ਕਰ ਦਿਤਾ ਹੈ ਅਤੇ ਕੋਈ ਵੀ ਇਸ ਵਿਚੋਂ ਸਮਰਥਾ ਮੁਤਾਬਿਕ ਜ਼ਿੰਦਗੀ ਦੇ ਦੀਦਾਰੇ ਕਰ ਸਕਦਾ ਹੈ ਅਤੇ ਜ਼ਿੰਦਗੀ ਸਿਰਜ ਵੀ ਸਕਦਾ ਹੈ, ਜ਼ਿੰਦਗੀ ਨੂੰ ਸਮਝ ਵੀ ਸਕਦਾ ਹੈ ਅਤੇ ਹੰਢਾ ਵੀ ਸਕਦਾ ਹੈ।

ਕਹਾਣੀ ਦਾ ਮੁੱਖ ਪਾਤਰ ਅਰਜਨ ਸਿੰਘ ਹੈ ਅਤੇ ਇਹ ਪਾਤਰ ਅਚੇਤ ਅਤੇ ਸੁਚੇਤ ਦੀ ਸਜਿੰਦ-ਮਾਨਸਿਕਤਾ ਹੈ। ਉਸ ਨਾਲ ਜੁੜਿਆ ਹੋਇਆ ਉਸ ਦਾ ਸਮਾਜ ਵੀ ਹੈ ਅਤੇ ਉਸ ਦਾ ਪਰਿਵਾਰ ਵੀ। ਸਮਾਜ ਅਤੇ ਪਰਿਵਾਰ ਨਾਲ ਜੁੜਿਆ ਹੋਇਆ ਉਸ ਦਾ ਪਿੰਡ ਹੈ। ਪਿੰਡ ਨਾਲ ਜੁੜਿਆ ਹੋਇਆ ਹੈ ਪੰਜਾਬੀ-ਭਾਈਚਾਰੇ ਦੇ ਅਚੇਤ ਦਾ ਸੁਚੇਤ। ਭਾਈਚਾਰੇ ਵਿਚ ਵਿਰਾਸਤੀ ਅਵਚੇਤਨ,ਧਾਰਮਿਕ-ਸਰੋਕਾਰ ਅਤੇ ਸਿਆਸੀ ਲੋੜਾ ਨੂੰ ਇਕੱਠੀਆˆ ਤੁਰਦੀਆˆ ਦਸਿਆ ਹੈ। ਕਲਾਕਾਰ ਲਈ ਇਸ ਕੋਟੀ-ਵੰਡ ਦਾ ਯਥਾਰਥ ਅਚੇਤ ਅਤੇ ਸੁਚੇਤ ਵਿਚ ਸਹਿਜ ਨਾਲ ਨਿਭਦਾ ਰਹਿੰਦਾ ਹੈ। ਕਹਾਣੀ ਗਦਰੀ ਬਾਬਿਆˆ ਤੋਂ ਲੈ ਕੇ ਖਾੜਕੂ ਲਹਿਰ ਤਕ ਦੀ ਪੰਜਾਬੀ-ਮਾਨਸਿਕਤਾ ਨਾਲ ਜੁੜੀ ਹੋਈ ਹੈ। ਵਿਰਾਸਤੀ ਫਖਰ ਨੂੰ ਸਮਕਾਲੀ ਤ੍ਰਾਸਦੀ ਵਿਚ ਵਟਦਿਆˆ ਜਿਵੇˆ ਲੇਖਕ ਨੇ ਮਹਿਸੂਸ ਕੀਤਾ ਹੈ, ਉਵੇˆ ਹੀ ਪ੍ਰਗਟ ਕੀਤਾ ਹੋਇਆ ਹੈ। ਕੋਮਲ ਸਰੋਕਾਰਾˆ ਦੇ ਸਹਿਜਸੰਤੁਲਨ ਦਾ ਪ੍ਰਗਟਾਵਾ ਲੇਖਕ ਦੀ ਪ੍ਰਾਪਤੀ ਹੈ।

ਅਰਜਨ ਸਿੰਘ ਦਾ ਪਿਤਾ ਪੂਰਬ ਅਕਾਲੀ ਲਹਿਰ ਦੀ ਸਿੱਖ ਮਾਨਸਿਕਤਾ ਦਾ ਰੋਲ-ਮਾਡਲ ਕਿਹਾ ਜਾ ਸਕਦਾ ਹੈ। ਪੰਜਾਬ ਦੇ ਇਸ ਰੋਲਮਾਡਲ ਦੇ ਗੁਆਚਣ ਦਾ ਉਦਰੇਵਾˆ ਵੀ ਕਹਾਣੀ ਵਿਚ ਰਮਿਆ ਪਿਆ ਹੈ। ਉਸ ਵਾਸਤੇ ਮੈਨੂੰ ਲਗਦਾ ਹੈ ਕਿ “ਗੁਰੂ ਦੇ ਨਾਮ ਤੇ ਜਿਊਣ” ਵਾਲੀ ਪੰਜਾਬੀ ਮਾਨਸਿਕਤਾ ਦੀ ਸਿਰਜਨਾ ਇਥੋˆ ਹੋਈ ਸੀ ਕਿ “ਮੈˆ ਗੁਰੂ ਦਾ ਹਾˆ” ਅਤੇ ਇਹੀ ਮੇਰੇ ਲਈ ਸਭ ਕੁਝ ਹੈ। ਇਸ ਵਾਸਤੇ ਅਰਜਨ ਸਿੰਘ “ਕੇਸਾˆ ਸੁਆਸਾˆ ਨਾਲ ਨਿਭਣ” ਦੀ ਵਚਨਬੱਧਤਾ ਨਿਭਾਉਂਦਾ ਹੈ। ਅਰਜਨ ਸਿੰਘ ਇਹੀਓ ਸਿਦਕ ਗ੍ਰਹਿਸਤੀ ਅਤੇ ਕਿਰਤੀ ਰਹਿ ਕੇ ਨਿਭਾਉਂਦਾ ਹੈ। ਗ੍ਰਹਿਸਤ ਅਤੇ ਕਿਰਤ ਸ਼ਾਇਦ ਇਕ ਦੂਜੇ ਨਾਲੋਂ ਨਿਖੇੜੇ ਵੀ ਨਹੀਂ ਜਾ ਸਕਦੇ। ਇਹੋ ਸਿੱਖੀ-ਸਿਦਕ ਤੀਜੀ ਪੀੜ੍ਹੀ ਵਿਚ ਜਗਜੀਤ ਸਿੰਘ ਵੀ ਨਿਭਾਉਂਦਾ ਹੈ, ਪਰ ਉਹ ਆਧੁਨਿਕਤਾ ਨੂੰ ਨਾਲ ਲੈ ਕੇ ਤੁਰਦਾ ਹੈ ਅਤੇ ਪੰਜਾਬ ਦੇ ਸਭਿਆਚਾਰਕ-ਨਾਨਤਵ ਨੂੰ ਅਗੇ ਤੋਰਦਾ ਨਜ਼ਰ ਆਉਂਦਾ ਹੈ। ਪਰ ਦੂਜੇ ਪਾਸੇ ਲੈਫਟੀਨੈˆਟ ਜਨਰਲ ਗੁਰਜੀਤ ਸਿੰਘ ਹੈ, ਜੋ ਉਸ ਸਿੱਖ-ਮਾਨਸਿਕਤਾ ਦਾ ਪ੍ਰਤੀਨਿਧ ਹੈ, ਜਿਸ ਨੇ “ਮੈˆ ਗੁਰੂ ਦਾ ਹਾˆ” ਦੇ ਵਿਰਾਸਤੀ-ਅਚੇਤ ਦੀ ਥਾˆ ਤੇ “ਗੁਰੂ ਮੇਰਾ ਹੈ” ਦੀ ਸਿਆਸਤੀ ਲੋੜ ਦਾ ਪੱਲਾ ਫੜ ਲਿਆ ਹੈ। ਇਕੋ ਹੀ ਵਿਰਾਸਤੀ ਜੜ੍ਹ ਵਿਚੋਂ ਪੈਦਾ ਹੋ ਗਈਆˆ ਦੋ ਮੁਤਜ਼ਾਦ ਮਾਨਸਿਕਤਾਵਾਂ ਦਾ ਬਿਰਤਾˆਤ ਕਹਾਣੀ ਹੋ ਗਿਆ ਹੈ।

ਅਰਜਨ ਸਿੰਘ ਪੰਜਾਬ ਦੀ ਟਰਾˆਜ਼ੀਸ਼ਨਲਮਾਨਸਿਕਤਾ ਦਾ ਪ੍ਰਤੀਨਿਧ ਹੋ ਗਿਆ ਹੈ। ਉਹ ਆਪਣੇ ਪਿਤਾ ਨੂੰ ਜੈਤੋ ਦੇ ਮੋਰਚੇ ਵਿਚ “ਜਬਰ ਦਾ ਮੁਕਾਬਲਾ ਸਬਰ ਨਾਲ” ਕਰਦਾ ਵੇਖਦਾ ਹੈ। ਗੁਰੂ ਦੇ ਗੁਰਦੁਆਰੇ ਨੂੰ ਵਿਅਕਤੀਆˆ ਦੀ ਮਲਕੀਅਤ ਬਣ ਜਾਣ ਤੋਂ ਬਚਾ ਕੇ ਆਪਣੇ ਘਰ ਉਹ ਫੌੜੀਆˆ ਤੇ ਪਰਤਦਾ ਹੈ। ਉਸ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ। ਇਸ ਫਖਰ ਦਾ ਮੁੱਲ ਪਾਉਣ ਵਾਲੀ ਪੈਨਸ਼ਨ ਸਿਆਸਤ ਨੂੰ ਵੀ ਉਹ ਨੇੜੇ ਨਹੀਂ ਲਗਣ ਦੇˆਦਾ। ਪਰ ਅਰਜਨ ਸਿੰਘ ਦੇ ਸਾਹਮਣੇ ਤਾˆ ਕੌਮੀ ਮੁੱਦਾ ਹੀ ਕੋਈ ਨਹੀਂ ਹੈ। ਜੋ ਕੁਝ ਹੈ ਉਹ ਮੁੱਦਿਆˆ ਦੀ ਸਿਆਸਤ ਹੈ। ਸਿਆਸਤ ਵੀ ਕਾਹਦੀ, ਮੰਡੀਹਰ ਮਾਨਸਿਕਤਾ ਦਾ ਸ਼ੁਗਲ ਮੇਲਾ ਹੀ ਲਗਦਾ ਹੈ। 1947 ਦੀ ਵੰਡ ਵੇਲੇ ਅਰਜਨ ਸਿੰਘ ਦੇ ਆਪਣੇ ਪਿੰਡ ਦੀ ਮੰਡੀਹਰ ਲਾਗਲੇ ਪਿੰਡੋਂ ਆਪਣੇ ਹੀ ਪਿੰਡ ਦੀ ਕੁੜੀ “ਜੁੰਮੇ ਤੇਲੀ ਦੀ ਧੀ ਤੇ ਅਰਜਨ ਦੇ ਯਾਰ ਫੱਜੇ ਦੀ ਭੈਣ ਫਾਤਮਾ” ਨੂੰ ਚੁੱਕ ਲਿਆਉਂਦੀ ਹੈ ਅਤੇ ਲੇਖਕ ਦਾ ਇਕ ਸੰਵਾਦੀ-ਵਾਕ “ਮੇਰੀ ਭੈਣ ਨੂੰ ਲੈ ਗੇ ਨੇ ਉਹ ਕੁੱਤੇ” ਸਮਕਾਲੀ-ਹਲਕਾਅ ਨੂੰ ਸਾਹਮਣੇ ਲੈ ਆਉਂਦਾ ਹੈ। 1947 ਵੇਲੇ ਦੇਸ਼ ਦੀ ਵੰਡ ਦੀ ਸਿਆਸਤ ਦਾ ਦੁਖਾˆਤ ਵੀ ਬੰਦੇ ਦੇ ਪਾਗਲ ਹੋ ਜਾਣ ਦਾ ਦੁਖਾˆਤ ਹੀ ਸੀ। ਇਹੋ ਜਿਹੇ ਹਾਲਾਤ ਵਿਚ “ਇਲਤ ਦਾ ਨਾਉਂ ਚੌਧਰੀ” ਬਾਣੀ-ਬੋਲਾ ਸੱਚ ਹੋ ਜਾˆਦਾ ਹੈ। ਅਰਜਨ ਦੇ ਪਿਤਾ ਦੀ ਕੁਰਬਾਨੀ ਦੇ ਹਵਾਲੇ ਨਾਲ ਅਰਜਨ ਇਸ ਸੱਚ ਦਾ ਸ਼ਾਹਦ ਹੋ ਗਿਆ ਹੈ ਕਿ ਮਰਨਾ ਅਤੇ ਮਰਨ ਤਕ ਕੁਰਬਾਨੀ ਦੇਣੀ ਉਨੀ ਮੁਸ਼ਕਲ ਨਹੀਂ ਹੈ, ਜਿੰਨਾ ਔਖਾ ਮੰਡੀਹਰ-ਮਾਨਸਿਕਤਾ ਨਾਲ ਨਿਭਣਾ ਹੈ। ਅਰਜਨ ਦਾ ਸਿਦਕ ਜਿਸ ਨੂੰ ਸਰਕਾਰੀ ਜਬਰ ਨਹੀਂ ਤੋੜ ਸਕਦਾ ਸੀ, ਗੁਰੂ ਦੇ ਨਾਮ ਤੇ ਸਿਆਸਤ ਕਰਨ ਵਾਲੇ ਕਿਵੇˆ ਚਕਨਾਚੂਰ ਕਰ ਦੇˆਦੇ ਹਨ, ਇਸ ਕਹਾਣੀ ਦੇ ਕੇˆਦਰੀ-ਬਿੰਦੂ ਵਜੋਂ ਸਾਹਮਣੇ ਆ ਗਿਆ ਹੈ।

ਅਰਜਨ ਵਿਚ ‘ਭਗਤੀ ਤੇ ਸ਼ਕਤੀ‘ ਦੇ ਸਿੱਖ-ਸੁਮੇਲ ਵਾˆਗ ਸਿਪਾਹੀ ਅਤੇ ਕਿਰਤੀ ਦਾ ਸੁਮੇਲ ਪ੍ਰਾਪਤ ਹੈ। ਇਸ ਦਾ ਸਿਖਰ ਅਰਜਨ ਨੂੰ ਮਾਰਨ ਆਏ ਮੁੰਡਿਆˆ ਦੀ ਮੌਤ ਨਾਲ ਸਾਹਮਣੇ ਆ ਜਾˆਦਾ ਹੈ। ਮੁੰਡਿਆˆ ਨੂੰ ਬਚਾਉਣ ਦੀ ਕੋਸ਼ਿਸ਼ ਵੇਲੇ ਅਰਜਨ ਦੇ ਅੰਦਰ ਚਲਦਾ ਘੋਲ ਹੀ ਅਰਜਨ ਦਾ ਸਮਕਾਲ ਹੋ ਗਿਆ ਹੈ। ਜਿਸ ਤਰ੍ਹਾˆ ਮੌਤ ਅਰਜਨ ਤਕ ਪਹੁੰਚ ਜਾˆਦੀ ਹੈ, ਇਸ ਦਾ ਅਹਿਸਾਸ ਤਾˆ ਕਹਾਣੀ ਨੂੰ ਪੜ੍ਹਿਆˆ ਹੀ ਹੋ ਸਕਦਾ ਹੈ। ਬਚਪਨ ਵਿਚ ਪੜ੍ਹੀਆˆ ਸੋਹਣ ਸਿੰਘ ਸੀਤਲ ਦੀਆˆ ਇਹ ਸੱਤਰਾˆ ਯਾਦ ਆ ਰਹੀਆˆ ਹਨ:

ਤੁਰੀਆˆ ਸਨ ਕਲਜੋਗਣਾˆ ਲੈ ਖੱਪਰ ਖਾਲੀ
ਹੋਵੇਗਾ ਅਸਮੇਧ ਜੱਗ ਰੱਜ ਖਾਣ ਸਵਾਲੀ

ਗਿਲਝਾˆ ਵਾˆਗ ਮੌਤ ਚਿਤਵਣ ਵਾਲੀ ਮਾਨਸਿਕਤਾ ਜੇ ਕਿਸੇ ਸਭਿਆਚਾਰ ਵਿਚ ਪ੍ਰਵੇਸ਼ ਕਰ ਜਾਵੇ ਤਾˆ ਇਹ ਤੁਰਤ ਧਰਮ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਹੌਲੀ ਹੌਲੀ ਉਸ ਦਾ ਸੇਕ ਅਧਿਆਤਮਿਕਤਾ ਤਕ ਵੀ ਪਹੁੰਚਣ ਲਗ ਪੈˆਦਾ ਹੈ। ਇਸ ਦੀਆˆ ਜਿੰਨੀਆˆ ਪਰਤਾˆ ਇਸ ਕਹਾਣੀ ਵਿਚ ਖੁਲ੍ਹ ਗਈਆˆ ਹਨ, ਉਨ੍ਹਾˆ ਨਾਲ ਵਰਿਆਮ ਸੰਧੂ ਦੀ ਉਸਾਰੂ ਸਾਹਿਤਕਾਰੀ ਦਾ ਪ੍ਰਭਾਵ ਮੇਰੇ ਮਨ ਵਿਚ ਬਹੁਤ ਵਧ ਗਿਆ ਹੈ।
 


'ਕਾਕਪਿੱਟ' ਤੋਂ ਬਾਹਰ ਬਣੇ ਰਹਿਣ ਦਾ 'ਤੀਜੀ ਧਿਰ' ਦਾ ਪ੍ਰਵਚਨ-'ਰਿਮ ਝਿਮ ਪਰਬਤ'

ਬਲਵਿੰਦਰ ਸਿੰਘ ਗਰੇਵਾਲ

ਵਰਿਆਮ ਸਿੰਘ ਸੰਧੂ ਦੀ ਕਹਾਣੀ 'ਰਿਮ ਝਿਮ ਪਰਬਤ' ਦਾ ਪਾਠ ਕਰਦਿਆਂ, ਪਿਛੋਕੜ ਵਿੱਚ ਇੱਕ ਧਮਕੀ ਭਰੀ ਆਵਾਜ਼ ਲਗਾਤਾਰ ਸੁਣਾਈ ਦਿੰਦੀ ਰਹਿੰਦੀ ਹੈ, "ਜਿਹੜਾ ਸਾਡੇ ਨਾਲ ਨਹੀਂ, ਉਹ ਸਾਡੇ ਵਿਰੋਧ ਵਿੱਚ ਹੈ"। ਭਾਵੇਂ ਸਖਸ਼ੀ ਰੂਪ ਵਿੱਚ ਇਸ ਆਵਾਜ਼ ਨੂੰ ਇਸ ਨਵੀਂ ਸਦੀ ਦੇ ਆਰੰਭ ਵਿੱਚ ਗੂੰਜਦੀ ਰਹੀ 'ਬੁਸ਼' ਦੀ ਆਵਾਜ਼ ਵਜੋਂ ਪਛਾਣਿਆ ਜਾ ਸਕਦਾ ਹੈ ਪਰ ਆਪਣੇ 'ਸਰਵ-ਵਿਆਪਕ' ਸਰੂਪ ਵਿੱਚ ਇਹ ਆਵਾਜ਼ 'ਕਾਕਪਿੱਟ' ਵਿੱਚ ਆਪਣੇ 2 ਕੁੱਕੜ ਲੜਾ ਰਹੀਆਂ ਧਿਰਾਂ ਦੀ ਹੈ। ਵਰਿਆਮ ਸੰਧੂ ਦੀ ਕਲਾ-ਕੌਸ਼ਲਤਾ ਇਸ ਤੱਤ ਵਿੱਚ ਨਿਹਿਤ ਹੈ ਕਿ ਜਿਊਂ 2 ਕਹਾਣੀ ਅੱਗੇ ਵਧਦੀ ਹੈ ਉਹ ਉਹਨਾਂ ਧਿਰਾਂ ਦੀ ਨਿਸ਼ਾਨ ਦੇਹੀ ਵੀ ਕਰਦਾ ਜਾਂਦਾ ਹੈ ਜਿਹੜੀਆਂ ਆਪਣੇ ਅਸਲ ਖਾਸੇ ਵਿੱਚ ਜਨੌਰਾਂ ਵਰਗੀ ਮਾਸੂਮ ਲੋਕਾਈ ਦਾ ਹਰਿਆਵਲ ਦਸਤਾ ਹਨ ਪਰ ਅਸਪਸ਼ਟ ਸਿਧਾਂਤਕ ਪੈਂਤੜਿਆਂ ਕਾਰਨ ਉਹ 'ਕਾਕਪਿੱਟ'ਵਿਚ ਲੜਦੇ ਕੁੱਕੜਾਂ ਦੀਆਂ 'ਤਾੜੀਮਾਰ' ਹਮਾਇਤੀ ਧਿਰਾਂ ਹੋਣ ਦੀ ਵਿਰੋਧੀ ਹੋਣੀ ਹੰਢਾ ਰਹੀਆਂ ਹਨ। ਫਿਰ ਇੱਕ ਸਥਿਤੀ ਆਉਂਦੀ ਹੈ ਕਿ ਇਹ ਤਾੜੀਮਾਰਨ ਵਾਲੇ ਹੀ ਕੁਕੜਾਂ ਦੀ ਥਾਂ ਆਹਮੋ ਸਾਹਮਣੇ ਆ ਖੜ੍ਹਦੇ ਹਨ। ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਸਮਝ ਵੀ ਨੀ ਪਾਉਂਦੇ ਕਿ ਉਹ ਕੀਹਦੀ ਲੜਾਈ ਲੜ ਰਹੇ ਹਨ। ਇਸ ਕਹਾਣੀ ਰਾਹੀਂ ਇਹਨਾ ਧਿਰਾਂ ਨਾਲ ਰਚਾਇਆ ਗਿਆ 'ਬਹੁ-ਪਰਤੀ' ਸੰਵਾਦ ਪੰਜਾਬ ਲਈ ਇੱਕ ਇਤਿਹਾਸਕ ਵਰਤਾਰਾ ਤਾਂ ਹੈ ਹੀ ਪਰ ਕਹਾਣੀ ਦੀ ਅਸਲ ਪ੍ਰਾਪਤੀ ਉਸ 'ਤੀਜੀ ਧਿਰ' ਦੀ ਪਛਾਣ ਹੈ ਜੋ ਆਪਣੇ ਮਨੁੱਖੀ ਖਾਸੇ ਦੀ ਹੋਂਦ ਬਣਾਈ ਰੱਖਣ ਲਈ, ਆਪਣੀ ਮਿੱਟੀ ‘ਚੋਂ ਨਾਬਰੀ ਦਾ ਆਪਣਾ ਸੁਤੰਤਰ ਪ੍ਰਵਚਨ ਉਸਾਰਦੀ ਹੈ। ਵੱਖੋ-ਵੱਖਰੀਆਂ ਧਿਰਾਂ ਨਾਲ ਇਤਿਹਾਸਕ ਸੰਵਾਦ ਵਿੱਚ ਰੁਝਿਆ ਹੋਇਆ ਵੀ ਲੇਖਕ ਦਰਪੇਸ਼ ਵੰਗਾਰਾਂ ਦਾ ਇੱਕ ਕਰੜਾ ਪ੍ਰਤੀ-ਉੱਤਰ ਸਿਰਜਦਾ ਜਾਂਦਾ ਹੈ। ਮਾਇਆ ਰਾਮ ਦੇ ਸਾਹਮਣੇ ਅੱਤਿ ਨਿਮਰ ਹੋ ਕੇ ਕੀਤਾ ਅਰਜਨ ਦਾ ਬਚਨ:

"ਸ਼ਾਹ ਜੀ! ਤੁਹਾਡੇ ਪੈਰਾਂ ਦੀ ਸੌਂਹ। ਜਨੌਰਾਂ ਨੂੰ ਦਾਣਾ ਤਾਂ ਪਾਊਂ,
ਪਰ ਸ਼ਰਤਾਂ ਤੇ ਮੁਕਾਬਲੇ ਅੱਗੋਂ ਤੋਂ ਸਦਾ ਲਈ ਬੰਦ। "

ਕਹਾਣੀ ਦੇ ਅੰਤ ਤੱਕ ਆਉਂਦਾ 2 'ਤੀਜੀ ਧਿਰ' ਦੀ ਲਲਕਾਰ ਬਣ ਜਾਂਦਾ ਹੈ। ਅਰਜਨ ਥਾਣੇਦਾਰ ਨੂੰ ਵੰਗਾਰਦਾ ਹੈ:

"ਕੁੱਤਿਆ ਮੈਂ ਤੈਨੂੰ ਮਾਰਨਾ ਨਹੀਂ। ਪਰ ਤੈਨੂੰ ਸੁੱਕਾ ਵੀ ਨਹੀਂ ਛੱਡਣਾ।
ਤੇਰੇ ਲਹੂ ਨਾਲ ਮੈਂ ਆਪਣੇ ਮੱਥੇ ਤੇ ਲੱਗ ਗਈ ਕਾਲਖ ਧੋਣੀ ਐ। "

ਇਸ ਲਲਕਾਰ ਦੀ ਪਿੱਠ-ਭੂਮੀ ਵਿੱਚ ਅਸਲ ਵਿੱਚ ਪੰਜਾਬ ਦਾ ਉਹ ਅਕਹਿ ਦਰਦ ਛੁਪਿਆ ਹੋਇਐ ਜੋ ਵਰ੍ਹਿਆਂ ਤੋਂ ਉਡੀਕ ਰਿਹਾ ਹੈ ਕਿ ਕੋਈ ਪੰਜਾਬੀ-ਪੁੱਤ ਦੇਹ ਤੇ ਲੱਗੇ ਜ਼ਖਮਾਂ ਦੇ ਰੁਦਨ ਵਿੱਚ ਲਹੂ ਲੁਹਾਣ ਚਾਦਰ ਨੂੰ ਪਰੇ ਹਟਾ ਕੇ ਰੂਹ ਦੇ ਮਾਰੂ ਜ਼ਖਮ ਦੀ ਗਹਿਰਾਈ ਤੱਕ ਝਾਕੇ। ਜ਼ਖਮ ਦੀ ਇਸ ਗਹਿਰਾਈ ਦੀ ਦੱਸ 'ਕਾਲਖ ਧੋਣ' ਆਏ ਅਰਜਨ ਦੇ ਥਾਣੇਦਾਰ ਨੂੰ ਮਾਰੇ ਲਲਕਾਰੇ ਤੋਂ ਸ਼ੁਰੂ ਹੋਈ ਗੱਲਬਾਤ ਤੋਂ ਹੁੰਦੀ ਹੈ:

"ਸੁਣਾਉਂਦਾਂ ਤੈਨੂੰ ਹਰਾਮੀਆਂ …", ਦੀ ਵੰਗਾਰ ਤੋਂ ਸ਼ੁਰੂ ਹੋਈ ਗੱਲ…"ਦੱਲਾ ਬਣਾ'ਤਾ ਤੂੰ ਮੈਨੂੰ", ਦੀ ਲੇਰ ਤੇ ਆਕੇ ਮੁੱਕਦੀ ਹੈ। ਵਰਿਆਮ ਸੰਧੂ ਪੰਜਾਬ ਦੀ ਰੂਹ ਨੂੰ ਧੁਰ ਤੱਕ ਪੱਛ ਦੇਣ ਵਾਲੇ ਜ਼ਖਮ ‘ਚ 'ਥਹਿ' ਲੱਗੇ ਤਿੰਨ ਟੱਕ ਅੱਡ 2 ਕਰਕੇ ਪਛਾਣਦਾ ਹੈ; ਮੁਖਬਰ, ਗੱਦਾਰ ਤੇ…ਤੇ…ਦੱਲਾ। ਮਰਨ-ਮਾਰਨ ਤੇ ਉਤਾਰੂ ਹੋਏ ਖੜ੍ਹੇ ਅਰਜਣ ‘ਚੋਂ 'ਦੱਲਾ ਬਣਾ ਦਿੱਤਾ ਗਿਆ' ਪੰਜਾਬ ਵਿਲਕਦਾ ਸੁਣਦਾ ਹੈ। ਇੱਥੇ ਲੇਖਕ ਤੁਹਾਨੂੰ ਲੁੱਟੇ ਗਏ ਅਸਲੀ 'ਤੋਸ਼ਾ-ਖਾਨੇ' ਦੇ ਦੀਦਾਰ ਕਰਵਾਉਂਦਾ ਹੈ। ਇਥੇ ਆ ਕੇ ਹੀ, 'ਖੜ੍ਹੀ' ਰਹਿ ਗਈ ਘਾਹ ਦੀ ਤਿੜ੍ਹ ਦੀ ਥਾਂ ਆਪਣੇ ਹੱਥੀਂ ਕੱਟਿਆ ਗਿਆ ਗੋਭੀ ਦਾ ਬੂਟਾ ਅਰਜਣ ਦੇ ਹੱਥ ‘ਚ ਲੁੜਕਿਆ ਦਿਸਦਾ ਹੈ।

ਕਹਾਣੀ ‘ਚ 'ਦਿਸਦੇ' ਬਾਰੇ ਵਿਸਥਾਰ ‘ਚ ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾ ਦੋ ਮਹੀਨ ਵੇਰਵਿਆਂ ਬਾਰੇ ਗੱਲ ਕਰਾਂਗਾ ਜਿਹੜੇ ਲਗਦੇ ਤਾਂ 'ਪ੍ਰਸੰਗਵਸ' ਆਏ ਹੋਏ ਨੇ ਪਰ ਅਸਲ ਵਿੱਚ ਸਾਹਿਤ ਬਾਰੇ ਇਸ ਧਾਰਨਾ ਦੀ ਪੁਸ਼ਟੀ ਕਰਦੇ ਹਨ ਕਿ ਸੱਚਾ ਲੇਖਕ ਯਥਾਰਥ ਤੋਂ ਅਸੰਤੁਸ਼ਟ ਹੋ ਕੇ ਹੀ ਕਲਮ ਚੁੱਕਦਾ ਹੈ। ਅਜਿਹਾ ਕਰਦੇ ਹੋਏ ਉਹ ਮਨੁੱਖ, ਸਮਾਜ ਅਤੇ ਆਪਣੇ ਦੌਰ ਦੇ ਇਤਿਹਾਸਕ ਸਬੰਧਾਂ ਤੇ ਵਿਸ਼ਸ਼ਲੇਣੀ ਟਿੱਪਣੀ ਕਰਦਾ ਹੈ। ਇਹ ਵੇਰਵੇ ਹੀ ਤੁਹਾਨੂੰ ਲੇਖਕ ਦੀ 'ਪਾਲਿਟਿਕਸ' ਦੀ ਸੂਹ ਦਿੰਦੇ ਹਨ। ਗਦਰੀ ਸ਼ਹੀਦਾਂ ਦੀ ਯਾਦਗਾਰ ਤੇ ਧੱਕੇ ਨਾਲ ਕਬਜਾ ਕਰਨ ਆਈ ਜੁੰਡਲੀ ਨੂੰ ਅਰਜਨ ਦਾ ਫੈਸਲਾਕੁਨ ਸੰਬੋਧਨ ਸੁਣੋ:

"…ਭਜਨ ਸਿਅਹਾਂ! ਜੇ ਕਮੇਟੀ ਮੈਂਬਰ ਤੈਨੂੰ ਪ੍ਰਧਾਨ ਬਣਾਉਣਗੇ
ਤਾਂ ਤੂੰ ਈ ਬਣ ਜਾਵੀਂ; ਪਰ ਬਣੇਂਗਾ ਲੋਕ-ਰਾਜੀ ਢੰਗ ਨਾਲ।
ਵੋਟਾਂ ਪੈ ਕੇ। ਤੇ ਜਿੰਨਾ ਚਿਰ ਨਵੇਂ ਪ੍ਰਧਾਨ ਦੀ ਚੋਣ ਲੋਕ-ਰਾਜੀ
ਢੰਗ ਨਾਲ ਨਹੀਂ ਹੁੰਦੀ, ਓਨੇ ਦਿਨ ਏਥੇ ਮੇਰਾ ਡਿਕਟੇਟਰੀ ਰਾਜ
ਚੱਲੂ…"

ਜਾਹਰਾ ਰੂਪ ਵਿੱਚ ਅਰਜਨ ਭਾਵੇਂ ਭਜਨ ਸਿੰਘ ਅਤੇ ਉਹਦੇ ਉਹਲੇ ‘ਚ ਸਰਗਰਮ ਧਿਰਾਂ ਨੂੰ ਸੰਬੋਧਿਤ ਹੈ ਪਰ ਵਰਿਆਮ ਸੰਧੂ ਤਾਂ ਲਗਭਗ ਇੱਕ ਸਦੀ ਪਿੱਛੇ ਇਤਿਹਾਸ ਦੇ ਓਸ ਦੌਰ ਦੀਆਂ ਅੱਖਾਂ ‘ਚ ਦੇਖ ਰਿਹਾ ਹੈ ਜਿਹਨੇ 'ਲੋਕ-ਰਾਜ' ਅਤੇ 'ਡਿਕਟੇਟਰਸ਼ਿਪ' ਨੂੰ ਇੱਕ ਕਰਕੇ 'ਪਰੋਲੋਤਾਰੀ ਡਿਕਟੇਟਰਸ਼ਿਪ' ਦਾ ਨਵਾਂ ਨਾਂ ਦਿੱਤਾ ਤੇ ਮੁੜਕੇ ਇਹ ਭੁੱਲ ਹੀ ਗਿਆ ਕਿ ਅਸਲ ਕਾਰਜ ਤਾਂ 'ਡਿਕਟੇਟਰਸ਼ਿਪ' ਨੂੰ 'ਲੋਕ-ਰਾਜ' ਨਾਲ ਬਦਲਣਾ ਹੈ। ਇਸ ਲਈ ਅਰਜਣ ਦੇ ਬੋਲੇ ਇਹ ਦੋ ਸ਼ਬਦ ਉਹਨਾ ਪਾਰਟੀਆਂ ਨੂੰ ਸਮਝਣੇ ਪੈਣਗੇ ਜਿਹਨਾ ਦੇ ਨੀਤੀਗਤ ਫੈਸਲਿਆਂ ਵਿੱਚ ਅਜਿਹੇ ਕਿੰਨੇ ਹੀ ਵਿਸ਼ੇ ਅਜੇ ਵੀ 'ਅਣਸੁਲਝੀ' ਸਮੱਸਿਆ ਦੇ ਰੂਪ ਵਿੱਚ ਮੌਜੂਦ ਹਨ। ਇਹ ਨਾ ਹੋਵੇ ਕਿ 70 ਸਾਲ ਦੀ ਲੰਮੀ ਉਡੀਕ ਤੁਹਾਡੀਆਂ ਧਿਰਾਂ ਨੂੰ 'ਦੂਸਰਿਆਂ' ਦੇ ਧੱਕੇ ਚੜ੍ਹਾ ਕੇ ਅਠੀ-ਖੰਡ ਕਰ ਦੇਵੇ। ਤੇ ਤੁਹਾਡੇ ਉਤਰੇ ਚਿਹਰਿਆਂ ਤੇ ਨਾ-ਸਮਝੀ ਵਾਲਾ ਇਕੋ ਸਵਾਲ ਹੋਵੇ, "ਸਮਝ ਨੀ ਆਉਂਦੀ ਗਲਤੀ ਕਿੱਥੇ' ਹੋ ਗਈ'। ਤੇ ਜਦ ਨੂੰ ਤੁਹਾਡਾ ਸਿਆਣਾ ਸਿਰ 'ਹਾਂ' ਵਿੱਚ ਹਿੱਲੇ ਸੰਸਾਰ 'ਗਲੋਬਲਾਈਜ਼ਡ' ਹੋ ਚੁੱਕਿਆ ਹੋਵੇ।

ਦੂਜਾ ਵੇਰਵਾ ਵੀ ਦਿਸਦੇ ਰੂਪ ਵਿੱਚ ਭਾਵੇਂ ਕੁਕੜਾਂ ਦੀ ਲੜਾਈ ਦਾ ਹੈ ਪਰ ਜਿਊਂ ਹੀ ਜ਼ਮੀਨ ਤੇ ਵਿਛੇ ਪਏ 'ਲਾਲ ਸਿਰੇ' ਨੂੰ ਅਰਜਨ ਲਲਕਾਰਾ ਮਾਰਦਾ ਹੈ:

"ਉੱਠ ਉਏ ਮੇਰੇ ਸ਼ੇਰ ਬੱਚਿਆ! ਛਾਲ ਮਾਰ! ਐਲੀ 2 ਕਰ। ਮੈਦਾਨ ਖਾਲੀ ਹੋ ਗਿਆ ਈ। "

ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਦੇ ਆਖਰੀ ਦਹਾਕੇ ‘ਚ ਹੋਇਆ 'ਹਿੰਦ ਪੰਜਾਬ ਦਾ ਜੰਗ' ਨਗਾਰੇ ਵਾਂਗ ਤੁਹਾਡੇ ਚੇਤਿਆਂ ‘ਚ ਵੱਜ ਉੱਠਦਾ ਹੈ ਜਿੱਥੇ ਉਹ, ਜਿਹਨਾ ਨੇ 'ਵਿਛੇ ਪਏ' ਸਿੰਘਾਂ ਨੂੰ ਜਿੱਤ ਦਾ ਲਲਕਾਰਾ ਮਾਰ ਕੇ 'ਪੈਰਾਂ ਸਿਰ' ਕਰਨਾ ਸੀ ਤੇ ਆਪਣੇ 'ਗਲ਼ ਨਾਲ ਘੁੱਟਣਾ' ਸੀ, ਸਿੰਘਾਂ ਦੀਆਂ ਵਿਛੀਆਂ ਲਾਸ਼ਾਂ ਉਲ਼ੰਘ ਕੇ ਦੁਸ਼ਮਣ ਦੇ ਮਗਰ 2 ਲੇਲ੍ਹੜੀਆਂ ਕੱਢਦੇ ਜਾਂਦੇ ਸਨ:

'ਤੁਸੀਂ ਜਿਹੜੇ ਸਿੰਘਾਂ ਤੋਂ ਡਰਕੇ ਮੈਦਾਨੋਂ ਭੱਜੇ ਜਾਂਦੇ ਹੋ, ਉਹ ਤਾਂ ਸਾਰੇ ਮਰ ਮੁਕ'ਗੇ। ਜੰਗ ਤੁਸੀਂ ਜਿੱਤੇ ਹੋ, ਅੰਗਰੇਜ਼ ਪਾਤਸ਼ਾਹ! '

ਇਹ ਵੇਰਵੇ ਕੁਕੜਾਂ ਦੀ ਲੜਾਈ ‘ਚ 'ਤਾੜੀਮਾਰ ਧਿਰਾਂ' ਨੂੰ ਵਰਿਆਮ ਸੰਧੂ ਦਾ ਇਤਿਹਾਸਕ 'ਇਸ਼ਾਰਾ' ਹੈ। ਭਾਵੇਂ ਇਹ ਗੱਲ ਚੰਗੀ ਤਰ੍ਹਾਂ ਤਾਂ ਬਾਅਦ ‘ਚ ਵਿਚਾਰੀ ਜਾਵੇਗੀ ਪਰ ਕਹਾਣੀ ਦੇ ਅਖੀਰ ‘ਚ 'ਗੋਲੀਆਂ ਨਾਲ ਛਲਣੀ ਹੋਏ ਅਰਜਨ ਦੀ ਮੁੱਠੀ ‘ਚ ਘੁੱਟੀ ਉਹਦੇ ਬਾਬੇ ਦੀ ਕ੍ਰਿਪਾਨ' ਜਿਵੇਂ 'ਪਰ੍ਹੇ' ‘ਚ 'ਵੰਗਾਰ' ਬਣੀ ਪਈ ਹੈ, ਲੇਖਕ ਦੇ ਇਸ ਵਿਸ਼ਵਾਸ਼ ਦੀ ਹਾਮੀ ਭਰਦੀ ਹੈ ਕਿ 'ਸਬੰਧਿਤ ਧਿਰਾਂ' ਇਹ ਇਸ਼ਾਰਾ ਸਮਝ ਜਾਣਗੀਆਂ।

ਪੰਜਾਬ, ਜਿਹੜਾ ਆਪਣੇ 'ਰਾਜਨੀਤਕ ਅਵਚੇਤਨ' ਤੇ ਚੜ੍ਹੀ ਬਹੁ-ਪਰਤੀ ਧੂੜ ਛੰਡਣ ਲਈ ਤਰਲੋਮੱਛੀ ਹੋ ਰਿਹਾ, ਉਸ ਅਵਚੇਤਨ ਦੀ ਕਹਾਣੀ ਵਰਿਆਮ ਸੰਧੂ ਹੀ ਲਿਖ ਸਕਦਾ ਸੀ। ਇਸ ਅਵਚੇਤਨ ਦੀ ਤਹਿ ‘ਚ ਬੜਾ ਕੁਸ਼ ਪਿਆ ਹੈ ਜਿਹਨੂੰ ਯਾਦ ਰੱਖੇ ਬਿਨਾ ਅਤਿ ਦੀਆਂ ਜਟਿਲ ਸਥਿਤੀਆਂ ਵਿੱਚ 'ਪੰਜਾਬੀ ਬੰਦੇ' ਦੇ ਵਿਵਹਾਰ ਦੀ ਥਾਹ ਪਾਉਣਾ ਸੰਭਵ ਨਹੀਂ। ਵਰਿਆਮ ਸੰਧੂ ਅਚਾਨਕ ਉਸ ਅੱਤਿ ਲੋੜੀਂਦੇ ਅਵਚੇਤਨ ਨੂੰ ਪਾਠਕ ਅੱਗੇ ਲਿਆ ਖੜ੍ਹਾਉਂਦਾ ਹੈ। ਜਿਹਨਾ ਨੂੰ ਅਰਜਨ ਭੜੀ ਭੈੜੀ ਅਸੀਸ ਦੇਣੀ ਚਾਹੁੰਦਾ ਸੀ, ਜਿਹੜੇ ਵੱਡੀ ਤੋਂ ਵੱਡੀ ਸਜਾ ਦੇ ਹੱਕਦਾਰ ਸਨ, ਜਿਹਨਾ ਨੇ ਉਹਦੇ ਇਸ਼ਟ ਦਾ ਕਤਲ ਕੀਤਾ ਸੀ, ਉਹ ਉਹਨਾ ਨੂੰ 'ਜਿਊਂਦੇ ਵਸਦੇ ਰਹਿਣ' ਦੀ ਅਸੀਸ ਦਿੰਦਾ ਹੈ; ਉਹੀ ਮੁੰਡੇ ਉਹਨੂੰ 'ਜਗਜੀਤ, ਹਰਜੀਤ ਤੇ ਫੁੰਮਣ ਲਗਦੇ ਹਨ। ਇਹ ਬੰਦਾ ਪੰਜਾਬ ‘ਚ ਕਿੱਥੋਂ ਆ ਗਿਆ? ਹੈਰਾਨੀ ਹੁੰਦੀ ਹੈ ਨਾ! ਪਰ ਇਹ ਹੈਰਾਨੀ ਇਸ ਲਈ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਅਵਚੇਤਨ ‘ਚ ਪਏ ਉਸ 'ਰਹਿਬਰ' ਦੀ ਯਾਦ ਗੁਆ ਬੈਠੇ ਹਾਂ ਜਿਹਨੂੰ ਲਿਖਤੀ ਬੇਦਾਵਾ ਦੇ ਕੇ ਜਾ ਰਹੇ ਸਿੰਘ ਵੀ 'ਆਪਣੇ ਪੁੱਤਾਂ' ਵਰਗੇ ਲਗਦੇ ਹਨ। ਅਰਜਨ ਦੇ ਅੰਦਰ ਵੀ ਤਾਂ 'ਉਹਦਾ ਗੁਰੂ' ਹੀ ਬੈਠਾ ਹੈ ਜਿਹੜਾ ਮੌਕਾ ਆਏ ਤੋਂ ਪਾੜਨ ਲਈ ਉਹੀ ਬੇਦਾਵਾ ਹਿੱਕ ਨਾਲ ਲਾ ਕੇ ਰੱਖਦਾ ਹੈ। ਬਰਫ ਨੂੰ ਪਿਘਲਾਉਣ ਵਾਲੀ 'ਸਮਝ ਦਾ ਸੇਕ' ਆਨੰਦ ਪੁਰ ਤੋਂ ਹੀ ਤਾਂ ਆਉਂਦਾ ਹੈ। ਇਸ ਅਵਚੇਤਨ ਦੀ ਸਮਝ ਹੀ ਪਾਠਕ ਨੂੰ ਉਹਨਾ ਦੋ ਵੱਖਰੇ 2 'ਸੰਸਾਰ ਦ੍ਰਿਸ਼ਟੀਕੋਣਾਂ' ਤੱਕ ਲੈ ਕੇ ਜਾਵੇਗੀ ਜਿਹੜੇ ਕੀਲੀ ਟੰਗੀ 'ਕ੍ਰਿਪਾਨ' ਅਤੇ ਉਹਦੇ ਉਤੇ ਟੰਗੀ ਜਾ ਰਹੀ 'ਸਟੇਨ' ਦੇ ਮਾਧਿਅਮ ਰਾਹੀਂ ਸਾਹਮਣੇ ਆਉਂਦੇ ਹਨ। ਇਹਨਾ ਅੰਤਰ ਦ੍ਰਿਸ਼ਟੀਆਂ ਦੀ ਅਣਹੋਂਦ ‘ਚ ਹੀ ਇਹ ਵਾਪਰਦਾ ਹੈ ਕਿ ਸਾਨੂੰ ਉਸ ਵੇਲੇ ਦੀ ਪਛਾਣ ਭੁੱਲ ਗਈ ਹੈ ਜਦੋਂ 'ਭਗਾਉਤੀ' 'ਬ੍ਰਹਮ' ਬਣਦੀ ਹੈ ਤੇ 'ਬ੍ਰਹਮ', 'ਭਗਾਉਤੀ' ਦੇ ਰੂਪ ਵਿੱਚ ਪਰਗਟ ਹੁੰਦਾ ਹੈ।

ਵਰਿਆਮ ਸੰਧੂ ਦੀਆਂ ਹੋਰ ਕਹਾਣੀਆਂ ਵਾਂਗ ਹੀ ਬਿਆਨ ਜਿੰਨਾ ਸਰਲ ਤੇ ਸਹਿਜ ਦਿਸਦਾ ਹੈ ਓਨਾ ਹੀ ਗਹਿਰਾ ਤੇ ਤਿੱਖਾ ਵੀ ਹੈ। ਦਿਸਦੇ ਵਰਾਤਰਿਆਂ ਪਿੱਛੇ ਛੁਪੇ ਸੱਭਿਆਚਾਰਕ ਮੁੱਲ, ਕਹੀ ਜਾਣ ਵਾਲ ਗੱਲ ਦੀ ਗਹਿਰਾਈ ਅਤੇ ਦਿਸਦੇ ਅਰਥਾਂ ਤੋਂ ਪਾਰ ਜਾਣ ਦੀ ਸਮਰੱਥਾ ਵਿੱਚ ਅਥਾਹ ਵਾਧਾ ਕਰਦੇ ਹਨ। ਇਸ ਤਰ੍ਹਾਂ ਰਚਨਾ ਦੇ ਆਪਣੇ ਸਮੁੱਚੇ ਵਿਸਥਾਰ ਵਿੱਚ ਖੁੱਲ੍ਹਣ ਦਾ ਸਬੱਬ ਵੀ ਬਣਦਾ ਹੈ। ਸਥਿਤੀ ਦੇਖੋ ਕੀ ਹੈ; ਕਮਾਦ ਵਿਚੋਂ ਗੰਨੇ
ਭੰਨੇ ਜਾਣ ਦਾ ਖੜਕਾ ਸੁਣ ਕੇ ਉੱਪਰ ਉੱਠੀ ਅਰਜਨ ਦੀ 'ਅੱਖ' ਕ੍ਰਿਪਾਨ ਤੇ ਟੰਗੀ ਜਾ ਰਹੀ ਸਟੇਨ ਦਾ ਦ੍ਰਿਸ਼ ਦੇਖਦੀ ਹੈ। 'ਕ੍ਰਿਪਾਨ ਉਤੇ ਟੰਗੀ ਸਟੇਨ ਵੇਖ ਕੇ ਉਹਦਾ ਦਮ ਘੁਟਣ ਲੱਗਾ'। ਪਰ ਇਸ 'ਘੁਟਦੇ ਦਮ' ਦੀ ਗਹਿਰਾਈ ਸਿਰਫ ਇਹ ਸ਼ਬਦ ਹੀ ਨਹੀਂ ਮਾਪ ਸਕਦੇ। 'ਭੰਨਿਆ ਜਾ ਰਿਹਾ ਗੰਨਾ' ਮਾਪ ਸਕਦਾ ਹੈ। ਅਰਜਨ ਨੂੰ ਮੁੰਡਿਆਂ ਦਾ ਆਉਣਾ ਨਹੀਂ, 'ਗੰਨਾ ਭੱਜਣ ਦਾ ਖੜਾਕ' ਚੌਕੰਨਾਂ ਕਰਦਾ ਹੈ। ਇਹ ਇਸ ਲਈ ਹੈ ਕਿਉਂਕਿ ਲੇਖਕ ਖੇਤੀ ਭਾਈਚਾਰੇ (
ਐਗਰੇਰੀਅਨ ਸੁਸਾਇਟੀ) ਵਿੱਚ ਪ੍ਰਚਲਤ ਇਸ ਸੱਚ ਤੋਂ ਜਾਣੂ ਹੈ ਕਿ 'ਜੱਟ ਭੇਲੀ ਦੇ ਦਊ, ਗੰਨਾ ਨੀ ਦਿੰਦਾ'। ਗੰਨਾ ਭੰਨੇ ਜਾਣ ਨਾਲ ਘੁਟਿਆ ਜਾ ਰਿਹਾ ਦਮ 'ਬੀਜ' ਖੋਹੇ ਜਾਣ ਦਾ ਗਵਾਹ ਹੈ। ਕ੍ਰਿਪਾਨ ਬੀਜ ਹੈ। ਗੋਭੀ ਦੇ ਬੂਟੇ ਦੀਆਂ ਜੜ੍ਹਾਂ ‘ਚ ਫਿਰ ਗਿਆ ਰੰਬਾ ਇਸ ਬੁਨਿਆਦੀ 'ਭੈਅ' ਨੂੰ ਹੀ ਸਾਹਮਣੇ ਲਿਆਉਣ ਦਾ ਕਾਰਜ ਕਰਦਾ ਹੈ।

ਗੱਲ ਭਾਵੇਂ ਮੋਟੀ ਠੁਲ਼੍ਹੀ ਹੀ ਹੈ ਫਿਰ ਵੀ ਜੀਅ ਕਰਦਾ ਹੈ ਕਿ ਮੈਂ ਆਪਣੀ ਇਹ ਸਮਝ ਸਾਂਝੀ ਕਰਾਂ ਕਿ 'ਖਬਰੇ ਬੰਦਾ ਮਾਰਨ' ਆਏ ਮੁੰਡਿਆਂ ਦਾ ਗੰਨੇ ਚੂਪਣ ਲੱਗ ਜਾਣਾ (ਬਿਲੂ ਦਾ ਸਟੇਨ ਫੜਨ ਦੀ ਥਾਂ ਗੰਨਾ ਚੂਪਣ ਨੂੰ ਤਰਜੀਹ ਦੇਣਾ ਵੀ) ਐਵੇਂ ਸਬੱਬ ਦੀ ਥਾਂ ਉਹਨਾ ਦੇ ਧੁਰ ਅੰਦਰ ਪਈ ਜ਼ਿੰਦਗੀ ਦੀ ਮਿਠਾਸ ਮਾਨਣ ਦੀ ਤਰਜੀਹ ਦਾ ਹੀ ਸੰਕੇਤ ਹੋਵੇ। ਇਥੇ ਉਹ ਬੋਲਦੇ ਨਹੀਂ ਪਰ ਕਹਿੰਦੇ 'ਗੰਨੇ' ਰਾਹੀਂ, ਪੁਲੀਸ ਦੇ ਫੜੇ ਪਰਮਜੀਤ ਵਾਂਗ ' ਅਸੀਂ ਜਿਊਣਾ ਚਾਹੁੰਦੇ ਹਾਂ' ਹੀ ਨੇ। ਉਂਜ ਵੀ ਜਿਸ ਕੁਦਰਤੀ ਮਹੌਲ ਵਿੱਚ ਲੇਖਕ ਇਹ ਸਭ ਵਾਪਰਦਾ ਦਰਸਾਉਂਦਾ ਹੈ ਉਹ ਕੁਦਰਤੀ ਰੂਪ ਵਿੱਚ ਮਹਿਕਦੇ/ਟਹਿਕਦੇ ਅਤੇ ਵਿਗਸਦੇ ਜੀਵਨ ਦੀ ਹਾਮੀ ਭਰਦਾ ਹੈ।

ਕਹਾਣੀ ਦੇ ਆਰੰਭ ਵਿੱਚ ਹੀ ਲੇਖਕ ਇੱਕ ਸੰਕੇਤ ਰਾਹੀਂ ਸਾਫ ਕਰਦਾ ਹੈ ਕਿ ਉਹ ਬਰੀਕ ਦਿਸਦੀਆਂ ਪਰ ਅੱਤਿ ਦੀ 'ਹੈਜਮੌਨਿਕ' ਤਾਸੀਰ ਰੱਖਣ ਵਾਲੀਆਂ ਗੱਲਾਂ ਦੇ 'ਰਾਜਨੀਤਕ ਸੁਭਾਅ' ਅਤੇ ਵੱਡੇ ਵਰਤਾਰਿਆਂ ਵਿੱਚ ਉਹਨਾ ਦੀ ਪ੍ਰਭਾਵਸ਼ਾਲੀ ਭੂਮਿਕਾ ਤੇ ਨਜ਼ਰ ਸਾਨੀ ਕਰੇਗਾ। ਉਦਾਹਰਣ ਲਈ ਮੁੰਡੇ ਨੂੰ ਕ੍ਰਿਪਾਨ ਤੋਂ ਸਟੇਨ ਚੁੱਕਣ ਲਈ ਕਹਿਣ ਲੱਗੇ ਉਹਦੇ ਅੰਦਰਲਾ ਮੁੰਡੇ ਲਈ 'ਸਿੰਘ' ਸ਼ਬਦ ਵਰਤਣਾ ਨਹੀਂ ਕਬੂਲਦਾ। ਮਾਮੂਲੀ ਜਿਹੀ ਦਿਸਦੀ ਇਹ ਗੱਲ 'ਸੱਤਾ' ਪ੍ਰਾਪਤੀ ਦੀ ਮੂਲ ਜੁਗਤ ਅਤੇ ਨਾਬਰ ਧਿਰਾਂ ਦੀ ਇਸ ਜੁਗਤ ਤੋਂ ਚੌਕੰਨਾ ਰਹਿਣ ਦੀ ਲੋੜ ਉਭਾਰਦੀ ਹੈ। ਹਰ ਖੇਤਰ ਵਿੱਚ ਹਰ ਪੱਧਰ ਤੇ 'ਆਪਣੇ ਹਥਿਆਰ' ਤਿੱਖੇ ਰੱਖਣ ਦੀ ਲੋੜ ਬਣੀ ਰਹਿੰਦੀ ਹੈ। ਇਹ ਨੀ ਹੈ ਕਿ 'ਉਹ' ਫੈਸਲਾ ਕਰਨਗੇ ਕਿ 'ਸਿੰਘ' ਕੌਣ ਹੈ ਤੇ ਕੌਣ ਨਹੀਂ। ਮਾਇਆ ਰਾਮ ਨੂੰ 'ਗੁਰੂ ਦਾ ਸਿੱਖ' ਮੰਨਣ ਦਾ ਅਧਿਕਾਰ ਅਰਜਨ ਅਪਣੇ ਕੋਲ ਰੱਖਦਾ ਹੈ। ਪੈਸੇ ਸਮੇ ਸਿਰ ਨਾ ਪਹੁੰਚਣ ਤੇ ਇੱਕ ਪਾਸੇ ਮਾਇਆ ਰਾਮ ਤੇ ਦੂਜੇ ਪਾਸੇ ਪਰਮਜੀਤ ਨੂੰ ਮਾਰ ਦੇਣ ਵਾਲੀਆਂ ਧਿਰਾਂ ਨੂੰ ਇਕੋ ਪਾਸੇ ਖੜ੍ਹਾ ਕੇ ਵੇਖਣ ਦੀ ਸਮਝ ਅਤੇ ਪਾਤਰ ਦੀ 'ਇਕਰਸਤਾ' (ਇੰਟੈਗਰਿਟੀ) ਓਨੀ ਦੇਰ ਪੈਦਾ ਹੀ ਨਹੀਂ ਹੋਵੇਗੀ ਜਿੰਨੀ ਦੇਰ 'ਕਾਕਾ' ਕਹੇ ਜਾਣ ਦੀ ਬਗਾਵਤੀ ਧੁਨੀ ਪਛਾਣ ਵਿੱਚ ਨਹੀਂ ਆਉਂਦੀ। ਇਸੇ ਤਰ੍ਹਾਂ 'ਯਾਦਗਾਰੀ ਹਾਲ' ਵਿੱਚ 'ਦੇਸ਼ ਭਗਤਾਂ' ਦੀਆਂ ਤਸਵੀਰਾਂ ਦੇ ਨਾਲ 'ਧਰਮ-ਯੁੱਧ ਮੋਰਚੇ ਦੇ ਸੂਰਮਿਆਂ ਦੀਆਂ ਤਸਵੀਰਾਂ ਲਾਉਣ' ਦੇ ਖਿਲਾਫ ਅਰਜਨ ਦਾ ਵਿਰੋਧ, ਨਾਬਰੀ ਦੇ ਬਹੁਤ ਜ਼ਰੂਰੀ ਪੈਂਤੜੇ ਵਜੋਂ ਉਭਰਦਾ ਹੈ। ਮਾਮੂਲੀ ਦਿਸਦੀਆਂ ਇਹ ਗੱਲਾਂ 'ਲੋਕ ਮਨ' ਤੱਕ ਸੱਤਾ ਦੀ ਰਸਾਈ ਦੇ ਅਣਦਿਸਦੇ ਪਰ ਬਹੁਤ ਜ਼ਿਆਦਾ ਪ੍ਰਭਾਵਸ਼ਲੀ ਹਥਿਆਰ ਹਨ। ਸੰਸਥਾਵਾਂ ਤੇ ਕਬਜਾ ਅਜਿਹੇ ਸਾਧਨਾ ਰਾਹੀਂ ਹੀ ਤਾਂ ਕੀਤਾ ਜਾਂਦਾ ਹੈ।

ਆਪਣੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਵਿੱਚ ਵਰਿਆਮ ਸੰਧੂ ਵਰਤਾਰਿਆਂ ਦੇ ਪਾਸਾਰ ਬਾਹਰ ਵੱਲ ਖੋਲ੍ਹਦਾ/ਫੈਲਾਉਂਦਾ ਹੈ। ਪਰ 'ਰਿਮ ਝਿਮ ਪਰਬਤ' ਵਿੱਚ ਬਹੁਤੇ ਪਾਸਾਰ ਪਾਤਰ ਦੇ ਅੰਦਰ ਵੱਲ ਖੁਲ੍ਹਦੇ ਹਨ ਜਿੱਥੇ ਉਹ ਬਹੁ-ਧਿਰੀ ਸੰਵਾਦ ਵਿੱਚ ਪਿਆ ਹੋਇਆ ਹੈ। ਤੇ ਸੰਵਾਦ ਦੇ ਦੂਜੇ ਸਿਰੇ ਤੇ ਜਿੱਥੇ ਇਤਿਹਾਸ, ਧਰਮ, ਸੰਗਤ, ਸਮਾਜ, ਕੁਦਰਤ, ਰਾਜਨੀਤਕ ਪਾਰਟੀਆਂ, ਕਦਰਾਂ ਕੀਮਤਾਂ, ਆਦਰਸ਼ ਆਦਿ ਅਨੇਕ ਧਿਰਾਂ ਹਨ ਉਥੇ ਅਰਜਨ ਆਪਣੇ ਅੰਦਰ ਬੈਠੇ ਵੱਖ 2 ਬੰਦਿਆਂ ਨਾਲ ਵੀ ਇੱਕ ਨਿਰੰਤਰ ਅਤੇ ਬਹੁਤੀ ਵਾਰ ਦੁਖਦਾਈ ਸੰਵਾਦ ਵਿੱਚ ਹੈ। ਖਾਸ ਤੌਰ ਤੇ ਪ੍ਰੰਪਰਾ ਅਤੇ ਵਾਸਤਵਿਕਤਾ ਦਾ ਯੁੱਧ ਤਾਂ ਸਦੈਵ ਉਹਦੇ ਅੰਦਰ ਚਲਦਾ ਰਹਿੰਦਾ ਹੈ। ਗੱਲ ਓਪਰੀ ਲੱਗ ਸਕਦੀ ਹੈ ਪਰ ਮੇਰਾ ਮੰਨਣਾ ਇਹ ਹੈ ਕਿ ਅਰਜਨ ਦੇ ਇਸ ਦੁਖਾਂਤ ਵਿੱਚ ਇੱਕ ਸੁਖਾਂਤ ਵੀ ਵਾਪਰ ਰਿਹਾ ਹੈ। ਮੈਂ ਸਾਹਿਤ ਵਿੱਚ ਪ੍ਰਸਿੱਧ ਇਹ ਕਥਨ ਦੁਹਰਾਉਣਾ ਚਾਹਾਂਗਾ ਕਿ 'ਬੰਦੇ ਅੰਦਰ ਅਨੇਕ ਬੰਦੇ ਹੁੰਦੇ ਹਨ'। ਪਰ ਪੰਜਾਬੀ ਸਾਹਿਤ, ਖਾਸ ਤੌਰ ਤੇ ਪੰਜਾਬੀ ਕਹਾਣੀ ਵਿੱਚ ਪਿਛਲੇ ਸਮੇ ਵਿੱਚ ਵਾਰ 2 ਬੰਦੇ ਦੇ ਅੰਦਰਲਾ 'ਕਾਮ ਪਿਪਾਸੂ' ਜੀਵ ਹੀ ਸਾਹਮਣੇ ਆਇਆ ਹੈ। ਜਦੋਂ ਵੀ ਕਿਸੇ ਕਹਾਣੀਕਾਰ ਨੇ 'ਬੰਦੇ ਅੰਦਰਲੇ ਬੰਦੇ' ਨੂੰ ਲੱਭਣ ਖਾਤਰ ਚੁੱਭੀ ਮਾਰੀ, ਇਕ 'ਕਾਮ ਗ੍ਰਸਿਆ' ਬੰਦਾ ਬਾਹਰ ਆ ਗਿਆ। ਜਿੰਨੀ ਡੂੰਘੀ ਚੁੱਭੀ ਓਨੀ ਹੀ ਕਾਮ ਦੀ ਵੱਧ ਭੁੱਖ ਨਜ਼ਰ ਆਈ। ਕਈ ਸਮਕਾਲੀ ਲੇਖਕਾਂ ਨੇ ਬੰਦੇ ਅੰਦਰੋਂ 'ਹੋਰ' ਬੰਦਾ ਲੱਭਣ ਲਈ ਪੂਰੇ ਦੇ ਪੂਰੇ ਟੱਬਰ ਨਾਲ ਵੀ ਸੰਵਾਦ ਰਚਾ ਕੇ ਦੇਖਿਆ ਪਰ ਉਥੇ ਵੀ ਹਰ ਜੀਅ ਦੇ ਅੰਦਰ ਬੱਸ ਇਹੀ 'ਕਾਮੀ ਬੰਦਾ' ਨਿਕਲਿਆ। 'ਬੰਦੇ ਅੰਦਰ ਬੰਦੇ' ਹੋਣ ਦੀ ਗੱਲ ਝੂਠੀ ਲੱਗਣ ਲੱਗ ਪਈ। ਵਰਿਆਮ ਸੰਧੂ ਦੀ ਕਹਾਣੀ ਨੇ ਆ ਕੇ ਕਿਤੇ ਇਸ ਗੱਲ ਦੀ ਸੱਚਾਈ ਸਾਬਤ ਕੀਤੀ ਹੈ ਕਿ ਭਾਈ ਪੰਜਾਬੀ ਬੰਦੇ ਦੇ ਅੰਦਰ ਇੱਕ ਆਹ, ਅਰਜਨ ਵੀ ਬੈਠੈ। ਤੇ ਇਹਦੇ 'ਅੰਦਰ' ਹੋਰ ਕਿੰਨੇ ਬੰਦੇ ਬੈਠੇ ਨੇ ਜਿਹਨਾ ਦੀ ਆਪਸੀ ਸਮਝਦਾਰੀ ਦੀ ਵੀ ਹੱਦ ਨੀ ਤੇ ਵਿਰੋਧਾਂ ਦੀ ਵੀ। 'ਬੰਦੇ ਅੰਦਰਲੇ ਬੰਦਿਆਂ' ਦੇ ਆਪਸੀ ਸਬੰਧਾਂ ਨੂੰ ਲੇਖਕ ਉਦੋਂ ਬਹੁਤ ਗਹਿਰਾਈ ‘ਚ ਜਾ ਕੇ ਦੇਖਦਾ ਹੈ ਜਦੋਂ ਅਰਜਨ ਆਪਣੇ ਅੰਦਰਲੇ ਬੰਦੇ ਨੂੰ 'ਡੂੰਘੇ ਅੰਦਰੋਂ' ਲੱਭਦਿਆਂ ਆਖਦਾ ਹੈ, 'ਹੋਰ ਗੱਲ ਵੀ ਹੈ ਇਹਦੇ ਪਿੱਛੇ! ' ਆਹ ਏ 'ਬੰਦੇ ਅੰਦਰਲਾ ਬੰਦਾ'! ਜਿਹੜਾ ਪਖੰਡ ‘ਚੋਗੇ' ਦਾ ਕਰਦੈ ਤੇ ਚਾਹੁੰਦੈ ਸ਼ਰਤਾਂ ਜਿੱਤਣੀਆਂ। ਇਸ ਬੰਦੇ ਤੱਕ ਪਹੁੰਚ ਮਾਰਗ ਇੰਨਾ ਜਟਿਲ ਹੈ ਕਿ ਉਹਨੂੰ ਆਪਣੇ ਆਪ ਨੂੰ ਵੀ ਕੁੱਝ ਸਪਸ਼ਟ ਨਹੀਂ। ਇਥੇ ਅਸਲ ਵਿੱਚ ਪੰਜਾਬ ਦੀ ਪ੍ਰੰਪਰਾ ਤੇ ਵਾਸਤਵਿਕਤਾ ਵਿਚਲਾ ਜਬਰਦਸਤ ਭੇੜ ਉਭਾਰਿਆ ਗਿਆ ਹੈ। ਪੰਛੀਆਂ ਨੂੰ ਚੋਗਾ ਪਾ ਕੇ ਨਾਮ ਤੇ ਨਾਮਾ ਕਮਾਉਣ ਦਾ ਲਾਲਚੀ ਇਹੀ ਅਰਜਨ ਜਦੋਂ ਫਸਲ ਪੋਰਦਾ/ਕੇਰਦਾ ਹੋਵੇਗਾ ਤਾਂ ਪਹਿਲੇ ਦਾਣੇ 'ਚਿੜੀ-ਜਨੌਰ ਦੇ ਭਾਗਾਂ ਦਾ…ਰਾਹੀ-ਪਾਂਧੀ ਦੇ ਭਾਗਾਂ ਦਾ… ਗਰੀਬ-ਗੁਰਬੇ ਦੇ ਭਾਗਾਂ ਦਾ… …'ਕਹਿਕੇ ਬੀਜ ਹੱਥੋਂ ਛੱਡਦਾ ਹੋਵੇਗਾ।

'ਅੰਦਰਲੇ ਬੰਦੇ' ਦਾ ਆਪਣੇ ਆਪ ਨਾਲ ਸੰਵਾਦ ਅਸਲ ਟਕਰਾਵੇਂ ਰੂਪ ਵਿੱਚ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਮਾਇਆ ਰਾਮ ਨੂੰ ਮਾਰਨ ਵਾਲਾ ਕਾਤਿਲ ਟੋਲਾ 'ਬਾਬੇ' (ਪੰਜਾਬ ਵਿੱਚ ਇਹ ਸ਼ਬਦ ਸੱਪ ਲਈ ਵਰਤਿਆ ਜਾਂਦਾ ਹੈ ਤੇ ਬਾਬੇ ਦੇ ਮੂੰਹ ਲਾਉਣ ਨੂੰ 'ਮਿਹਰ ਹੋਣੀ' ਕਿਹਾ ਜਾਂਦਾ ਹੈ) ਵਾਂਗ ਦਿਖਾਈ ਹੀ ਨਹੀਂ ਦੇ ਕੇ ਗਿਆ ਸਗੋਂ ਮਾਇਆ ਰਾਮ ਦੇ 'ਸੁਨੇਹੇ' ਦੀ 'ਮਿਹਰ' ਵੀ ਕਰ ਗਿਆ ਹੈ। ਮੁੰਡਿਆਂ ਦੇ ਜਾਂਦੀ ਸਾਰ ਅਰਜਨ ਦੀ 'ਖਾਨਦਾਨੀ' ਦੁਸ਼ਮਣ ਸਥਾਪਤੀ ਦੇ 'ਗੁਰਗੇ' ਪਹੁੰਚ ਗਏ। ਇਥੇ ਸਹੀ ਮਾਅਨਿਆਂ ਵਿੱਚ ਅਰਜਨ ਲਈ ਇਕਰਸਤਾ (ਇੰਟੈਗਰਿਟੀ) ਦੀ ਆਪਾ-ਮਾਰੂ ਜੰਗ ਸ਼ੁਰੂ ਹੁੰਦੀ ਹੈ।

ਵਰਿਆਮ ਸੰਧੂ ਦੀਆਂ ਕਈ ਕਹਾਣੀਆਂ ਦਾ ਸੰਕਟ ਗ੍ਰਸਤ ਪਾਤਰ (ਜਿਵੇਂ 'ਮੈਂ ਹੁਣ ਠੀਕ ਠਾਕ ਹਾਂ ਦਾ ਜੁਗਿੰਦਰ ਅਸਪਸ਼ਟਤਾ ਦੀ ਧੁੰਦ ਵਿੱਚ ਹੀ ਆਪਣੇ 'ਸ਼ੇਰ ਬੱਚੇ' ਟੌਮੀ ਨੂੰ ਆਪਣੇ ਹੱਥੀਂ ਮਾਰ ਬਹਿੰਦਾ ਹੈ) ਇਸ ਵਾਰ 'ਸਰਕਾਰੀ ਪੈਂਤੜੇ' ਪ੍ਰਤੀ ਵੀ ਪੂਰੀ ਤਰ੍ਹਾਂ ਸਪਸ਼ਟ ਹੈ ਤੇ ਆਪਣੇ ਹਥਿਆਰ ਦੀ ਵਰਤੋਂ ਬਾਰੇ ਵੀ। ਇਸ ਵਾਰ ਉਹ 'ਟੌਮੀ' ਦੇ ਮਰਨ ਨਾਲ ਆਉਂਦੀ 'ਬੋ' ਤੋਂ ਸੁਚੇਤ ਹੋ ਕੇ ਹੀ ਨਹੀਂ ਰਹਿ ਜਾਂਦਾ ਸਗੋਂ 'ਲਾਲ ਸਿਰੇ' ਦੇ ਮਰਨ ਤੋਂ ਬਾਅਦ ਆਪਣਾ ਸਮੁੱਚਾ ਜੀਵਨ ਫਲਸਫਾ ਨਵੇਂ ਸਿਰੇ ਤੋਂ ਵਿਊਂਤਦਾ ਹੈ। ਉਹ ਸਿਰਫ ਆਪਣੀਆਂ ਹਮਾਇਤੀ ਧਿਰਾਂ ਪ੍ਰਤੀ ਹੀ ਸਪਸ਼ਟ ਨਹੀਂ ਸਗੋਂ ਲੋੜ ਵੇਲੇ ਮੈਦਾਨ ‘ਚੋਂ ਉਹਨਾ ਦੀ ਗੈਰਹਾਜ਼ਰੀ ਪ੍ਰਤੀ ਇਤਰਾਜ ਵੀ ਦਰਜ ਕਰਵਾਉਂਦਾ ਹੈ। ਆਪਣੇ ਪੁੱਤਰ ਜਗਜੀਤ ਸਿੰਘ ਅਤੇ ਉਸਦੀ ਪਾਰਟੀ ਨੂੰ 'ਸਰਕਾਰੀ' ਹੋ ਜਾਣ ਦਾ ਮਿਹਣਾ ਦੇਣ ਤੋਂ ਕਿਤੇ ਪਹਿਲਾਂ ਅਰਜਨ ਕਾਮਰੇਡਾਂ ਦੀ ਗੈਰਹਾਜਰੀ ਦਾ ਇਤਰਾਜ ਉਠਾ ਚੁਕਿਆ ਹੈ। ਯਾਦਗਾਰ ਕਮੇਟੀ ਦੀ ਪ੍ਰਧਾਨਗੀ ਹਥਿਆਉਣ ਦੇ ਜੋਸ਼ ‘ਚ ਮੁੰਡ੍ਹੀਰ ਦਾ ਜੈਕਾਰਾ ਸੁਣਕੇ ਅਰਜਨ ਦਾ ਪ੍ਰਤੀਕ੍ਰਮ ਦੇਖੋ:

ਅੰਦਰੇ ਅੰਦਰ ਅਰਜਨ ਸਿੰਘ ਨੂੰ ਆਪਣੇ ਇਕੱਲੇ ਰਹਿ
ਜਾਣ ਤੇ ਸ਼ਰਮਿੰਦਗੀ ਆਈ। ਉਸ ਨੂੰ ਕਾਮਰੇਡਾਂ ਤੇ ਵੀ
ਗੁੱਸਾ ਆਇਆ ਕਿ ਉਹਨਾ ਦੀ ਧਿਰ ਖੁਰਦੀ 2 ਅਸਲੋਂ
ਹੀ ਕਿਉਂ ਖੁਰ ਗਈ ਸੀ। ਉਹਨਾ ਵਿਚੋਂ ਜਾਂ ਉਹਨਾ ਵੱਲੋਂ
ਬੋਲਣ ਵਾਲਾ ਕੋਈ ਤਾਂ ਹੁੰਦਾ ਏਥੇ!

ਕਮਿਉਨਿਸਟ ਪਾਰਟੀਆਂ ਨੂੰ ਕੀਤਾ ਗਿਆ ਅਰਜਨ ਦਾ ਇਹ ਪ੍ਰਸ਼ਨ ਬਹੁਤ ਮਹੱਤਵ ਪੂਰਨ ਹੈ। ਇਸ ਤਰ੍ਹਾਂ ਹੀ ਥਾਣੇਦਾਰ ਨੂੰ ਨਾ ਮਾਰਨ ਦਾ ਅਰਜਨ ਦਾ ਫੈਸਲਾ ਨਾ ਅਚਾਨਕ ਹੈ ਅਤੇ ਨਾ ਹੀ ਵਰਿਆਮ ਸੰਧੂ ਦਾ 'ਇੱਛਿਤ ਯਥਾਰਥ'। ਸਗੋਂ 'ਅਸਲ ਦੁਸ਼ਮਣ' ਦੀ ਪਛਾਣ ਦਾ ਜ਼ਾਮਨ ਹੈ। ਵਿਅਕਤੀਗਤ ਕਤਲਾਂ ਦੀ ਨੀਤੀ ਦੇ ਖਿਲਾਫ ਲਿਆ ਹੋਇਆ ਇੱਕ ਸੁਚੇਤ ਫੈਸਲਾ। ਥਾਣੇਦਾਰ ਤੇ ਕ੍ਰਿਪਾਨ ਵਾਹੁਣ ਲੱਗਿਆ ਅਰਜਨ ਕ੍ਰਿਪਾਨ ਮਿਆਨੋਂ ਨਹੀਂ ਕੱਢਦਾ। ਰਿਵਾਲਵਰ ‘ਚੋਂ ਗੋਲੀ ਨਹੀਂ ਚਲਾਉਂਦਾ, ਸਿਰਫ ਮੁੱਠਾ ਉਹਦੇ ਸਿਰ ਵਿੱਚ ਮਾਰਦਾ ਹੈ। ਸੁਨੇਹਾ ਬੜਾ ਸਾਫ ਹੈ। ਭਗਤ ਸਿੰਘ ਵੀ ਅਸੈਂਬਲੀ ‘ਚ 'ਬੰਦੇ ਮਾਰ' ਬੰਬ ਲਿਜਾ ਸਕਦਾ ਸੀ। ਨਹੀਂ ਲੈ ਲੈਕੇ ਗਿਆ ਕਿਉਂਕਿ ਮਕਸਦ 'ਬੋਲਿਆਂ ਦੇ ਕੰਨ ਖੋਲ੍ਹਣਾ' ਸੀ। ਬੋਲਿਆਂ ਦੀ ਇੱਕ ਨਸਲ ਅਜੇ ਵੀ ਸਮਵਿੱਥ ਚਲੀ ਆ ਰਹੀ ਹੈ। ਅਰਜਨ ਨੇ ਉਹ ਗੱਲ ਵੀ ਸਾਬਤ ਕਰਨੀ ਹੈ ਜਿਹੜੀ ਉਹ ਆਪਣੇ ਬਾਪ ਦੇ ਨਾਂ ਤੇ ਵਾਰ 2 ਦੁਹਰਾਉਂਦਾ ਰਿਹਾ ਹੈ। 'ਕ੍ਰਿਪਾਨ ਐਵੇਂ ਇਸ ਤਰ੍ਹਾਂ ਮਿਆਨ ਵਿਚੋਂ ਬਾਹਰ ਨੀ ਕੱਢੀਦੀ…ਉਦੋਂ ਕੱਢੀਦੀ ਏ ਜਦੋਂ ਆਪਣਾ ਬਚਾ ਕਰਨਾ ਹੋਵੇ ਜਾਂ ਕਿਸੇ ਦੀਨ ਦੁਖੀ ਦੀ ਰੱਖਿਆ ਕਰਨੀ ਹੋਵੇ। ' ਆਪਣੇ ਇਸ ਵਿਸ਼ਵਾਸ਼ ਦੀ ਰਾਖੀ ਉਹ ਅੱਤਿ ਦੇ ਸੰਕਟ ਸਮੇਂ ਵੀ ਕਰਦਾ ਹੈ। ਉਹਨਾ ਧਿਰਾਂ ਲਈ ਇਹ ਇੱਕ ਸਪਸ਼ਟ ਸਵਾਲ ਹੈ ਜਿਹਨਾ ਨੂੰ ਅਸੀਂ ਗੱਲ 2 ਤੇ ਬਾਜ਼ਾਰਾਂ ਵਿੱਚ ਨੰਗੀਆਂ ਤਲਵਾਰਾਂ ਲਹਿਰਾਉਂਦੇ ਦੇਖਦੇ ਹਾਂ ਤੇ ਜਦ ਲੁਧਿਆਣੇ ਮਰਨ ਦੀ ਲੋੜ ਪਈ ਤਾਂ ਮਰਿਆ ਇੱਕ ਨਿਹੱਥਾ ਰਿਕਸ਼ੇ ਵਾਲਾ। ਭਗਾਉਤੀ ਦੇ ਅਰਥਾਂ ਨੂੰ ਲੈ ਕੇ ਕੀਤੀ ਵਰਿਆਮ ਸੰਧੂ ਦੀ ਵਿਆਖਿਆ ਵੀ ਅਜਿਹੇ ਹੀ ਪ੍ਰਸ਼ਨਾਂ ਨੂੰ ਜ਼ਮੀਨ ਪ੍ਰਦਾਨ ਕਰਦੀ ਹੈ।
ਪਰ ਅਰਜਨ ਦੀ ਇਹ ਸਪਸ਼ਟਤਾ ਉਦੋਂ ਦੁਬਿਧਾ ਵਿੱਚ ਪੈਂਦੀ ਹੈ ਜਦੋਂ ਸਥਿਤੀਆਂ ਅਸਲ ਵਿੱਚ ਜਟਿਲ ਖਾਸਾ ਅਖਤਿਆਰ ਕਰਦੀਆਂ ਹਨ। ਇੱਥੇ ਆ ਕੇ ਹੀ ਪਤਾ ਲਗਦਾ ਹੈ ਕਿ ਵਰਿਆਮ ਸੰਧੂ ਆਪਣੇ 'ਸਭ ਤੋਂ ਪਿਆਰੇ' ਪਾਤਰਾਂ ਨਾਲ ਵੀ ਕਿੰਨਾ ਕੋਰਾ ਹੋ ਸਕਦਾ ਹੈ! ਇਸ ਕੋਰੇਪਣ ‘ਚੋਂ ਹੀ ਉਹ ਸਾਰਵਜਨਿਕ ਜ਼ਿੰਦਗੀ ਵਿੱਚ 'ਅਦਰਸ਼' ਦੀ ਮਹੱਤਤਾ ਤੇ ਜੋਰ ਦਿੰਦਾ ਹੈ। ਅਸਲ ਵਿੱਚ ਇਹ ਅਦਰਸ਼ ਬੰਦੇ ਦੇ 'ਘੱਟੋ ਘੱਟ' ਆਪਣੇ ਆਪ ਨਾਲ ਪੂਰਾ ਸੱਚਾ ਹੋਣ ਦੀ ਅਣਸਰਦੀ ਲੋੜ ਹੈ। ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝੇ ਬਿਨਾ, ਪੁਲਿਸ ਦੀ ਗੋਲੀ ਨਾਲ ਮਾਰੇ ਗਏ ਅਰਜਨ ਦੀ 'ਚਿੱਟੀ ਦਾੜ੍ਹੀ' ਦੀ 'ਲਿਸ਼ਕ' ਦੇ ਰਾਜਨੀਤਕ/ਸੱਭਿਆਚਾਰਕ ਅਰਥਾਂ ਵਿੱਚ ਨਹੀਂ ਉਤਰਿਆ ਜਾ ਸਕਦਾ। ਮੈਂ ਇੱਕ ਰੂਬਰੂ ‘ਚ ਸੰਧੂ ਸਾਹਿਬ ਨੂੰ ਪੁੱਛਿਆ ਸੀ ਕਿ 'ਕੁਰਾਹੀਆ' ਕਹਾਣੀ ਵਾਲੇ ਹੈਡਮਾਸਟਰ ਹਜ਼ਾਰਾ ਸਿੰਘ ਦੀ ਮੌਤ ਕਤਲ ਹੈ ਜਾਂ ਆਤਮਹੱਤਿਆ? ਤਾਂ ਉਹਨਾ ਦਾ ਜਵਾਬ ਬੜਾ ਸਪਸ਼ਟ ਸੀ: "ਆਤਮਹੱਤਿਆ"। ਸੰਧੂ ਸਾਹਿਬ ਦਾ ਤਰਕ ਇਹ ਸੀ ਕਿ ਉਹਨੂੰ ਕਿਸੇ ਵੀ ਹਾਲਤ ਵਿੱਚ ਚੇਅਰਮੈਨ ਨੂੰ ਮੁਬਾਰਕਵਾਦ ਦੇਣ ਨਹੀਂ ਸੀ ਜਾਣਾ ਚਾਹੀਦਾ। ਆਪਣਾ ਰਾਹ ਛੱਡਿਆ, ਤਾਂ ਮਰਿਆ। ਇਥੋਂ ਹੀ ਅਸੀਂ ਆਪਣੇ 'ਅੰਦਰਲੇ ਬੰਦੇ' ਨਾਲ ਸੰਵਾਦ ‘ਚ ਪਏ ਅਰਜਨ ਨੂੰ ਦਰਪੇਸ਼ ਅਸਲ ਜਟਿਲਤਾ ਸਮਝ ਸਕਦੇ ਹਾਂ।

ਤਹਿ ਦਰ ਤਹਿ ਜਟਿਲ ਹੁੰਦੀ ਜਾਂਦੀ ਸਥਿਤੀ ਅਰਜਨ ਦੇ ਵਿਵਹਾਰ ਨੂੰ ਗੁੰਝਲਦਾਰ ਬਣਾ ਦਿੰਦੀ ਹੈ। ਮੁੰਡਿਆਂ ਦੇ 'ਕੰਮ' ਅਤੇ 'ਸਰਕਾਰ' ਨਾਲ ਉਸਦੀ 'ਖਾਨਦਾਨੀ' ਦੁਸ਼ਮਣੀ, ਜ਼ਿੰਦਗੀ ਵਿੱਚ ਉਸ ਨੂੰ ਮਨਚਾਹਿਆ ਦਖਲ ਨਹੀਂ ਦੇਣ ਦਿੰਦੀ। ਕਿਸੇ ਵੀ ਗਲਤ ਵੱਲ 'ਭੁਗਤ ਜਾਣ' ਦਾ ਉਹਦਾ ਡਰ ਉਹਨੂੰ ਵਾਰ 2 ਸਮਝ ਤੋਂ ਪਰੇ ਹਟਾ ਕੇ ਆਦਰਸ਼ ਦੀ ਵਲਗਣ ਵਿੱਚ ਵਲ਼ ਲੈਂਦਾ ਹੈ। ਪਰਮਜੀਤ ਦੇ ਜਿਊਣ ਜੋਗੀ ਸਪੇਸ ਪੈਦਾ ਕਰਨ ਲਈ 'ਪਾਰਟੀ' ਵੱਲ ਉਹ ਦੇਖਦਾ ਤਾਂ ਹੈ ਪਰ ਆਖਰਕਾਰ ਉਸੇ ਦਲਦਲ ਵਿੱਚ ਜਾ ਫਸਦਾ ਹੈ ਜਿੱਥੇ ਪ੍ਰਚਲਤ ਤੰਤਰ ਉਸ ਨੂੰ ਲੈ ਕੇ ਜਾਣਾ ਚਾਹੁੰਦਾ ਹੈ। ਅਰਜਨ ਦੇ ' 'ਅੰਦਰ' ਲੜਦੇ ਬੰਦਿਆਂ ਦੇ ਕਲੇਸ਼ ਦੀ ਸਿਖਰ ਹੀ ਉਸ ਨੂੰ 'ਦੱਲਾ' ਹੋਣ ਦੇ ਅਹਿਸਾਸ ਤੱਕ ਲੈ ਜਾਂਦੀ ਹੈ ਤੇ ਪੁਲਿਸ ਦੇ ਦਬਾਅ ਹੇਠ ਖੁਲ੍ਹਿਆ ਉਸਦਾ ਮੂੰਹ ਉਹਨੂੰ ਆਪਣੀਆਂ ਨਜ਼ਰਾਂ ‘ਚ ਮੁਖਬਰ ਬਣਾ ਦਿੰਦਾ ਹੈ। ਆਪਣੀ ਮਰਜ਼ੀ ‘ਚ ਇਸ ਸਰਕਾਰੀ ਦਖਲ ਨੂੰ ਕਬੂਲ ਕਰ ਲੈਣ ਦਾ ਬਦਲ ਹੀ ਉਹਦੀ ਮੌਤ ਹੈ।

ਕਹਿੰਦੇ ਹਨ ਕਿ ਰਚਨਾ ਵਿੱਚ ਬਹੁਤ ਕੁੱਝ ਅਣਕਿਹਾ ਵੀ ਹੁੰਦਾ ਹੈ। ਇਸੇ ਅਣਕਹੇ ਨੂੰ ਵਿਦਵਾਨ ਮਿੱਤਰ 'ਬਿਟਵੀਨ 'ਦ ਲਾਈਨਜ਼' ਕਹਿੰਦੇ ਹਨ। ਮਸਲਾ ਹੈ ਪਰਿਵਾਰ ਵਾਦ ਦਾ। ਵਰਿਆਮ ਸੰਧੂ ਹੋਰਾਂ ਦੇ ਮਨ ਵਿੱਚ ਪਾਤਰਾਂ ਦੀ ਸਮਾਂ ਸਾਰਣੀ ਪਤਾ ਨੀ ਕੀ ਹੋਵੇਗੀ ਪਰ ਮੇਰਾ ਭਾਰਤੀ ਅਵਚੇਤਨ ਅਰਜਨ ਦੇ ਖਾਨਦਾਨੀ ਵਰਤਾਰਿਆਂ ਦੇ ਸਮਾਨਅੰਤਰ ਇੱਕ ਹੋਰ ਵਰਤਾਰੇ ਦੀ ਦੱਸ ਵਾਰ 2 ਪਾਉਂਦਾ ਹੈ। ਮੈਨੂੰ ਲਗਦੈ ਇੱਕ ਪਾਸੇ ਗਦਰੀ ਬਾਬੇ ਜਗਤ ਸਿੰਘ ਤੇ ਪ੍ਰੇਮ ਸਿੰਘ ਪਿੰਡੋ-ਪਿੰਡੀ ਫਿਰ ਰਹੇ ਨੇ ਲਹਿਰ ਉਸਾਰਦੇ ਤੇ ਦੂਜੇ ਪਾਸੇ ਮਹਾਤਮਾ ਗਾਂਧੀ ਇੱਕ ਲਹਿਰ ਉਸਾਰ ਰਿਹਾ ਹੈ। ਇੰਦਰ ਸਿੰਘ ਗਦਰੀਆਂ ਦੀ ਉਂਗਲੀ ਫੜੀਂ ਚੱਲ ਰਿਹਾ ਹੈ ਤੇ ਮੋਤੀ ਲਾਲ ਦੇ ਘਰ ਜੰਮਿਆ ਜਵਾਹਰ ਲਾਲ, ਗਾਂਧੀ ਦੀ ਚਾਦਰ ਦਾ ਲੜ। ਉਦੋਂ ਕੁ ਜਿਹੇ ਕਿਤੇ ਜਦੋਂ ਜੇਲ੍ਹ ਵਿੱਚ ਨਹਿਰੂ ਜੀ ਨੂੰ ਇਕੱਲ 'ਝੱਲਣੀ' ਪੈ ਰਹੀ ਸੀ, ਦੇਸ਼ ਦੀ ਕਿਸੇ ਹੋਰ ਜੇਲ੍ਹ ਵਿੱਚ ਅਰਜਣ ਦੇ 'ਦੇਸ਼ ਭਗਤ' ਬਾਪੂ ਇੰਦਰ ਸਿੰਘ ਦੇ ਹੰਸ ਨੂੰ ਤੋੜਣ ਤੋਂ ਬਾਅਦ ਪੈਰ ਨਾਲ ਮਸਲ਼ਿਆ ਜਾ ਰਿਹਾ ਸੀ। ਜਦ ਕੁ ਜਿਹੇ ਨਹਿਰੂ ਦੇ ਘਰ ਵਿਖੇ ਜਨਮੀਂ ਇੰਦਰਾ ਸਟਿਜ਼ਰਲੈਂਡ ਵਿੱਚ ਪੜ੍ਹ ਰਹੀ ਸੀ ਤੇ ਬਾਪ ਵੱਲੋਂ ਧੀ ਨੂੰ ਲਿਖੇ 'ਵਿਗਿਆਨਕ ਚੇਤਨਾ' ਨਾਲ ਲੈਸ ਪੱਤਰ ਦੇ ਜਵਾਬ ਵਿਚ, ਸਕੂਲ ਵੱਲੋਂ ਤਿੰਨ ਘੰਟੇ ਦੀ 'ਹਫਤਾਵਾਰੀ ਲਾਜ਼ਮੀ ਕਿਰਤ' ਕਾਰਨ ਹੋਈ ਥਕਾਵਟ ਦਾ 'ਰੋਣਾ ਰੋ ਰਹੀ' ਸੀ; ਉਦੋਂ ਕੁ ਜਿਹੇ ਹੀ ਕਿਤੇ ਇੰਦਰ ਸਿੰਘ ਦੇ ਘਰ ਜਨਮਿਆ ਅਰਜਣ ਆਪਣੇ ਬਾਪ ਨੂੰ ਦੇਸ਼ ਦੇ ਲੋਕਾਂ ਲਈ ਵਿਹਲਾ ਕਰਕੇ, ਘਰ ਦੇ ਦੂਜੇ ਪਾਸੇ ਲੱਗੇ ਮੂੰਹ ਨੂੰ ਸਿੱਧੇ ਪਾਸੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹਦੇ ਵਿੱਚ ਜਿਹੇ ਹੀ ਕਿਤੇ ਉਹ ਸਮਾਂ ਹੋਵੇਗਾ ਜਦੋਂ ਦੇਸ਼ ਸੇਵਾ ਵਿੱਚ ਅਪਾਹਜ ਹੋਇਆ ਇੰਦਰ ਸਿੰਘ, ਪ੍ਰਤਾਪ ਸਿੰਘ ਕੈਰੋਂ ਦੀ ਪੈਨਸ਼ਨ ਠੁਕਰਾ ਕੇ, ਦੇਸ਼ ਦੇ ਸਾਰੇ ਬਜ਼ੁਰਗਾਂ ਵਾਸਤੇ ਸਹੂਲਤਾਂ ਮੰਗ ਰਿਹਾ ਸੀ, ਨਹਿਰੂ ਜੀ ਆਪਣੀ ਧੀ ਇੰਦਰਾ ਨੂੰ ਦੇਸ਼ ਦੀ ਵਾਗਡੋਰ ਸੰਭਾਲਣ ਦੇ 'ਯੋਗ ਬਣਾਉਣ' ਲਈ ਵਿਦੇਸ਼ ਦੌਰਿਆਂ ਤੇ ਨਾਲ ਲਈਂ ਫਿਰ ਰਹੇ ਸਨ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਤੇ ਅਰਜਨ ਕਿਰਤੀ ਬਣ ਗਿਆ ਸੀ। ਫਿਰ ਜਦੋਂ ਪਹਿਲਾਂ ਸੰਜੇ ਤੇ ਬਾਅਦ ਵਿੱਚ ਰਾਜੀਵ ਗਾਂਧੀ ਸੱਤਾ ਵਿਚੋਂ ਆਪਣੀ 'ਖਾਨਦਾਨੀ' ਹਿੱਸਾ-ਪੱਤੀ ਸਾਂਭਣ ਲਈ 'ਵਾਰਮ-ਅੱਪ' ਹੋ ਰਹੇ ਸੀ ਅਰਜਣ ਦਾ ਵੱਡਾ ਜਗਜੀਤ ਕਰਮਚਾਰੀਆਂ ਨਾਲ ਹੋ ਰਹੇ ਦੇ ਧੱਕੇ ਦੇ ਖਿਲਾਫ 'ਮਰਨ-ਵਰਤ' ਤੇ ਬੈਠਾ ਸੀ ਤੇ ਛੋਟਾ ਗੁਰਜੀਤ 'ਜਿਊਂਦੇ ਰਹਿਣ' ਲਈ ਪਰਮਜੀਤ ਵਰਗੇ ਵਿਦਿਆਰਥੀਆਂ ਦੇ ਹੌਲਨਾਕ ਸੰਘਰਸ਼ ਲਈ ਹਾਅ ਦਾ ਨਾਹਰਾ ਮਾਰ ਰਿਹਾ ਸੀ। …ਤੇ …ਹੁਣ ਜਦ ਰਾਹੁਲ ਗਾਂਧੀ ਤੇ ਵਰੁਣ ਗਾਂਧੀ ਆਪਣੇ 'ਪੁਰਖਿਆਂ' ਦੀ ਵਿਰਾਸਤ ਸਾਂਭਣ ਲਈ 'ਹਾਲੋਂ ਬੇ-ਹਾਲ' ਹੋ ਰਹੇ ਨੇ, ਅਰਜਨ ਦੇ ਦੋਵੇਂ ਪੋਤੇ ਆਪਣੀਆਂ 'ਹਾਕੀ ਸਟਿੱਕਾਂ' ਹੱਥਾਂ ‘ਚ ਘੁੱਟੀਂ ਉਹਦੇ ਸੱਜੇ ਖੱਬੇ ਖੜ੍ਹੇ ਨੇ। ਫਰਕ ਸਿਰਫ ਇਹ ਹੈ ਕਿ ਇੱਕ ਪਰਿਵਾਰ 'ਲੋਕਤੰਤਰ' ਮਾਣ ਰਿਹਾ ਹੈ, ਤੇ ਇੱਕ ਬਚਾ ਰਿਹਾ ਹੈ। ਇਕ ਦੀ ਰੀਸ ਕਰਨ ਵਾਲੇ ਪਰਿਵਾਰ ਖੁੰਭਾਂ ਵਾਂਗ ਵਧ ਰਹੇ ਨੇ ਤੇ ਦੂਜੇ ਬਾਰੇ ਭਜਨ ਸਿਓਂ 'ਅਕਾਲੀ' ਦੀ ਫੈਸਲਾਕੁਨ ਟਿੱਪਣੀ ਹੈ:

'ਇਹੋ ਜਿਹੇ ਇੰਝ ਹੀ ਕੁੱਤੇ ਦੀ ਮੌਤ ਮਰਦੇ ਹੁੰਦੇ ਨੇ…'
…ਅਜੇ ਹੁਣੇ ਜਿਹੇ ਦੇ ਇਤਿਹਾਸ ਵਿਚੋਂ ਅਜਿਹੀ ਹੀ ਇੱਕ ਟਿੱਪਣੀ ਹੋਰ ਵੀ 'ਪੰਜਾਬ' ਦੀ ਯਾਦ ਵਿੱਚ ਮੌਜੂਦ ਹੈ। ਅਮਰੀਕਾ ਤੋਂ ਛਪਦੇ 'ਪੰਜਾਬ ਟਾਈਮਜ਼' ਨੇ ਪਾਸ਼ ਦੇ ਕਤਲ ਤੇ ਹਰਿੰਦਰ ਸਿੰਘ ਮਹਿਬੂਬ ਦਾ 'ਅਫਸੋਸ' ਪ੍ਰਕਾਸ਼ਿਤ ਕੀਤਾ ਹੈ:

-ਮੈਨੂੰ ਪਾਸ਼ ਦੀ ਮੌਤ ਤੇ ਬਹੁਤ ਤਰਸ ਆਇਆ। …। ਪਾਸ਼ ਇਮਾਨਦਾਰ ਜ਼ਰੂਰ ਸੀ ਪਰ ਅਜਿਹੇ ਸੰਕਟ ਲੱਦੇ ਸਮੇ ਜ਼ਖਮੀ ਦਿਲਾਂ ਦੇ ਸਭ ਪਹਿਲੂਆਂ ਦਾ ਜਾਇਜ਼ਾ ਲਏ ਬਿਨਾ ਈਮਾਨਦਾਰੀ ਦਾ ਹਥਿਆਰ ਵਰਤਣਾ ਗਲਤੀ ਵੀ ਹੋ ਸਕਦੀ ਹੈ। ਹੋ ਸਕਦਾ ਹੈ ਕਤਲ ਹੋਣ ਵਾਲੇ ਦੀ ਇਮਾਨਦਾਰੀ ਦਾ ਘੇਰਾ ਛੋਟਾ ਹੋਵੇ ਤੇ ਕਾਤਲ ਦੇ ਜ਼ਖਮੀ ਦਿਲ ਦੀ ਪੀੜ ਵੱਡੀ ਹੋਵੇ…-

ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਹਰਿੰਦਰ ਸਿੰਘ ਮਹਿਬੂਬ ਪਾਸ਼ ਦੇ ਕਤਲ ਨੂੰ ਸਹੀ ਠਹਿਰਾਉਣ ਲਈ ਜਿਸ ਇਮਾਨਦਾਰੀ ਦੇ ਘੇਰੇ ਨੂੰ ਛੋਟਾ ਕਹਿੰਦਾ ਹੈ ਉਸੇ ਲਈ ਭਜਨ ਸਿੰਘ ਅਣਬੋਲਿਆ ਸ਼ਬਦ ਮੂਰਖਤਾ ਕਹਿਣਾ ਚਾਹੁੰਦਾ ਹੈ। ਮਹਿਬੂਬ ਲਈ ਅੱਤਿ ਮਹੱਤਵਪੂਰਨ 'ਕਾਤਲਾਂ ਦੇ ਜ਼ਖਮੀ ਦਿਲ ਦਾ ਦਰਦ' ਹੀ ਭਜਨ ਸਿੰਘ ਲਈ ਥਾਣੇਦਾਰ ਵੱਲੋਂ ਨਿਭਾਈ 'ਡਿਊਟੀ' ਹੈ। ਮੇਰੇ ਲਈ ਕਹਾਣੀ ਸਾਫ 2 ਇਹ ਕਹਿੰਦੀ ਹੈ ਕਿ ਪਾਸ਼ ਤੇ ਅਰਜਨ ਸਿੰਘ ਇੱਕ 'ਪ੍ਰਵਚਨ' ਦੀ ਨੁਮਾਇੰਦਗੀ ਕਰਦੇ ਹਨ, ਮਹਿਬੂਬ ਤੇ ਭਜਨ ਸਿੰਘ ਵੱਖਰੇ ਹੀ ਨਹੀਂ ਵਿਰੋਧੀ ਪ੍ਰਵਚਨ ਦੀ।

ਭਜਨ ਸਿੰਘ ਦੀ ਟਿੱਪਣੀ ਨਾਲ ਸ਼ੁਰੂ ਹੋਏ 'ਸ਼ੁਰੂਆਤ' ਮੰਗਦੇ ਕਹਾਣੀ ਦੇ ਅੰਤ ਦਾ ਆਰੰਭ ਹੁੰਦਾ ਹੈ। ਅਰਜਨ ਦੀ 'ਚਿੱਟੀ ਦਾੜ੍ਹੀ' ਦੀ ਬੁੱਕਲ ‘ਚ 'ਪਾਨਾ ਦੇ ਬੀੜੇ' ਵਾਂਗ ਪਈ ਕ੍ਰਿਪਾਨ 'ਹੱਥ' ਵੀ ਉਡੀਕ ਰਹੀ ਹੈ ਤੇ 'ਫਸੀਆਂ' ਧਿਰਾਂ ਨੂੰ ਸੁਝਾ ਵੀ ਰਹੀ ਹੈ। ਦ੍ਰਿਸ਼ ਵਿੱਚ ਹਾਜਰ ਧਿਰਾਂ ਦੇਖੋ! ਅਕਾਲੀ ਭਜਨ ਸਿੰਘ ਆਪਣਾ ਫੈਸਲਾ ਦੇ ਹੀ ਚੁੱਕਿਆ ਹੈ। ਦੂਜੀ ਧਿਰ ਡਰੇ, ਸਹਿਮੇ ਤੇ ਅਰਜਨ ਦੇ ਕਾਰਨਾਮੇ ਨਾਲ ਹੁਲਾਸ ਵਿੱਚ ਆਏ ਹੋਏ ਲੋਕ ਹਨ ਜਿਹੜੇ ਮੌਕੇ ਤੇ ਹਾਜਰ ਸੱਤਾ ਦੀ ਨੁਮਾਇੰਦਾ 'ਪੁਲੀਸ' ਦੇ ਦਬਕੇ ਤੋਂ ਡਰਦੇ ਵੀ ਨੇ ਪਰ ਅਰਜਨ ਨੂੰ 'ਅਪਣਾ' ਵੀ ਰਹੇ ਨੇ:

"ਨਹੀਂ ਉਏ ਰੀਸਾਂ ਸਾਡੇ ਸੂਰਮੇ ਬਾਪੂ ਦੀਆਂ! ਓਸ ਬੱਬਰ ਸ਼ੇਰ ਦੀਆਂ! " ਇੱਥੇ ਧਿਆਨ ਯੋਗ ਗੱਲ ਇਹ ਹੈ ਕਿ ਅਰਜਨ ਪ੍ਰਤੀ ਇਹ ਸ਼ਬਦ ਉਹਦੇ ਪੋਤੇ ਪਹਿਲਾਂ ਵੀ ਵਰਤ ਚੁੱਕੇ ਨੇ। ਸ਼ਬਦਾਂ ਦਾ ਇਹ ਦੁਹਰਾਅ ਸਬੱਬੀ ਨਹੀਂ, ਅਰਜਨ ਦੀ ਵਿਰਾਸਤ ਤੈਅ ਕਰਨ ਲਈ ਕੀਤਾ ਗਿਆ ਹੈ।

ਇਸ ਅਚੇਤ ਲੋਕਾਈ ਦੇ ਵਿੱਚ ਪੜ੍ਹੀ ਲਿਖੀ ਤੇ ਸੁਚੇਤ ਧਿਰ ਵੀ ਖੜ੍ਹੀ ਹੈ, ਜਗਜੀਤ। ਇਹ ਉਹ ਧਿਰ ਹੈ ਜਿਹੜੀ ਪੁਲਿਸ ਵਾਲੇ ਪਾਸੇ ਖੜ੍ਹ ਕੇ ਆਪਣੇ ਆਪ ਨੂੰ 'ਲੋਕ ਪੱਖੀ' ਸਾਬਤ ਕਰਦੀ ਰਹੀ ਹੈ। ਉਹੀ ਜਗਜੀਤ ਜਿਹੜਾ ਪਰਮਜੀਤ ਦੀ ਮੱਦਦ ਕਰਦੇ ਅਰਜਨ ਨੂੰ ਕਹਿੰਦਾ ਹੈ, "ਮੈਂ ਤਾਂ ਤੈਨੂੰ ਵੀ ਰੋਕੂੰ"। ਤੇ ਹੁਣ ਉਹਦੇ ਅਰਜਨ ਬਾਰੇ ਕਹੇ ਸ਼ਬਦ ਨੇ:

"ਕੋਈ ਨੀ, ਇਹਨੇ ਵੀ ਆਪਣੀ ਡਿਊਟੀ ਨਿਭਾਅ ਦਿੱਤੀ ਆ। "

ਅਰਜਨ ਪ੍ਰਤੀ ਸਮਝ ਵਿੱਚ ਇਹ ਇੱਕ 'ਵੱਢ-ਪਾਊ' ਮੋੜਾ ਹੈ। ਇਥੇ ਕੁਥਾਂ ਅਤੇ ਗੈਰਜ਼ਰੂਰੀ ਸਮਝੇ ਜਾਣ ਦਾ ਖਤਰਾ ਸਹੇੜਕੇ ਵੀ ਮੈਂ ਜਸਪਾਲ ਜੱਸੀ ਦੁਆਰਾ, ਸਾਧੂ ਸਿੰਘ ਤਖਤੂਪੁਰੇ ਨੂੰ ਸ਼ਰਧਾਂਜਲੀ ਹਿਤ ਲਿਖੀ ਗਈ ਇੱਕ ਸੰਪਾਦਕੀ ਵਿੱਚ ਵਰਤੀਆਂ ਗਈਆਂ ਕਾਵਿ-ਸਤਰਾਂ ਦੇ ਹਵਾਲੇ ਨਾਲ ਕਹਾਣੀ ਦੇ ਸੰਦੇਸ਼ ਨੂੰ ਸਪਸ਼ਟ ਕਰਨਾ ਚਾਹਾਂਗਾ। ਸਤਰਾਂ ਨੇ:

ਦੱਸ ਨੀ ਤੂੰ ਪੀਕਿੰਗ ਹਨੋਈ ਦੀਏ ਲਾਲੀਏ
ਕੀਕੁਣ ਬਨੇਰਿਆਂ ‘ਤੇ ਕਿਰਨਾ ਹੰਗਾਲੀਏ।

ਜੇ ਇਹਨਾ ਸਤਰਾਂ ਨਾਲ ਪੈਦਾ ਹੁੰਦਾ ਕਹਾਣੀ ਦੇ ਅੰਤ ਦਾ ਸੰਵਾਦ ਸਮਝ ਸਕੀਏ ਤਾਂ ਕਹਾਣੀ ਦਾ ਅੰਤ ਓਨਾ ਖੁਲ੍ਹਾ ਨਹੀਂ ਰਹਿੰਦਾ ਜਿੰਨਾ ਦਿਸਦਾ ਹੈ। (ਇਹ ਗੱਲ ਸਪਸ਼ਟ ਹੈ ਕਿ ਸਾਧੂ ਸਿੰਘ ਤਖਤੂਪੁਰਾ ਦੇ ਸੰਘਰਸ਼-ਸਿਧਾਂਤ ਜਾਂ ਪੀਕਿੰਗ/ਹਨੋਈ ਦੀ ਇਤਿਹਾਸਕ ਮਹੱਤਤਾ ਨਾਲ ਮੈਂ ਜਸਪਾਲ ਜੱਸੀ ਜਿੰਨਾ ਹੀ ਸਹਿਮਤ ਹਾਂ)। ਅਰਜਨ ਦੇ ਹੱਥ ‘ਚ ਘੁੱਟੀ ਕ੍ਰਿਪਾਨ ਇੱਕ ਪ੍ਰੰਪਰਾ ਦਾ ਪ੍ਰਤੀਕ ਹੈ। ਜਿਹੜੇ ਲੋਕ ਆਪਣੇ 'ਬੱਬਰ ਸ਼ੇਰ' ਦੇ ਆਲੇ ਦੁਆਲੇ ਖੜ੍ਹੇ ਨੇ, ਨਾਬਰੀ ਦਾ ਉਹਨਾ ਦਾ ਆਪਣਾ ਇਤਿਹਾਸ/ਮਿਥਿਹਾਸ ਹੈ। ਲੋਕਾਂ ਦੇ ਇਸ ਧਾਰਮਿਕ/ਰਾਜਨੀਤਕ/ ਅਤੇ ਸੱਭਿਆਚਾਰਕ ਅਵਚੇਤਨ ਪ੍ਰਤੀ ਵਰਿਆਮ ਸੰਧੂ ਕਿੰਨਾ ਚੇਤੰਨ ਹੈ ਇਸ ਦਾ ਇੱਕ ਨਮੂਨਾ ਕਹਾਣੀ ਦੇ ਮੁੱਖ ਪਾਤਰਾਂ ਦੇ ਨਾਵਾਂ ਵਿਚੋਂ ਦੇਖਿਆ ਜਾ ਸਕਦਾ ਹੈ। ਜਾਹਰਾ ਤੌਰ ਤੇ ਲੜਾਕੂ ਪਾਤਰ 'ਅਰਜਨ'। ਬਾਪ 'ਇੰਦਰ' ਤੇ ਇਕੋ ਇੱਕ ਧਿਰ ਜਿਸ ਦਾ ਪੈਸੇ ਕਮਾੳੇਣ ਨਾਲ ਕੋਈ ਸਬੰਧ ਹੈ ਤੇ ਜਿਸ ਨੇ 'ਦੁਨਿਆਵੀ ਰਹਿਬਰ' ਦਾ ਰੋਲ ਵੀ ਨਿਭਾਉਣਾ ਹੈ, 'ਮਾਇਆ ਰਾਮ'। ਅਕਾਲੀ ਦਾ ਨਾਂ 'ਭਜਨ' ਸਿੰਘ…ਇਹ ਸਾਰੇ ਨਾਂ ਸਬੱਬੀ ਨਹੀਂ ਹਨ। ਇਹਨਾ ਨਾਵਾਂ ਦੇ ਪਿੱਛੇ ਸਦੀਆਂ ਖੜ੍ਹੀਆਂ ਹਨ। ਐਵੇਂ ਨੀ ਪੰਜਾਬ ਦੇ ਪਿੰਡਾਂ ‘ਚ ਇਹ ਸੁਨਣ ਨੂੰ ਮਿਲਦਾ, 'ਛੱਡ ਯਾਰ ਤੈਂ ਤਾਂ ਨਾਂ ਨੂੰ ਏ ਲਾਜ ਲ'ਤੀ'। ਲੋਕ ਪੱਖੀ ਧਿਰਾਂ ਨੂੰ ਇਸ 'ਲੋਕ ਅਵਚੇਤਨ' ‘ਚੋਂ ਸੰਬੋਧਿਤ ਹੋਣਾ ਪਵੇਗਾ। ਖਿੱਤੇ ਦੇ ਇਤਿਹਾਸਕ /ਸੱਭਿਆਚਾਰਕ ਮੁੱਲ ਹੀ ਲੋਕਾਂ ਦੀ ਲੜਾਕੂ ਸ਼ਕਤੀ ਦਾ ਪ੍ਰੇਰਣਾ ਸਰੋਤ ਹੁੰਦੇ ਹਨ। ਇਹ ਕਹਾਣੀ ਆਪਣੇ ਸਿਖਰ ਤੇ 'ਪਾਨਾ ਦਾ ਬੀੜਾ' ਚੁਕਣ ਵਾਲਾ ਯੋਧਾ ਉਡੀਕ ਰਹੀ ਹੈ। ਘੱਟੋ ਘੱਟ 'ਪੰਜਾਬ ਚੈਪਟਰ' ਲਈ ਤਾਂ ਲੇਖਕ ਨੇ ਉਹਦੀ ਨਿਸ਼ਾਨ ਦੇਹੀ ਕਰ ਹੀ ਦਿੱਤੀ ਹੈ:
'ਜਥੇਦਾਰ ਕਾਮਰੇਡ' ਜਾਂ 'ਕਾਮਰੇਡ ਜਥੇਦਾਰ'
ਹਨੋਈ/ਪੀਕਿੰਗ/ਮਾਸਕੋ/ਕਿਊਬਾ ‘ਚੋਂ ਪਿਓਂਦ ਲਿਆਵਾਂਗੇ ਪਰ ਬੂਟਾ ਤਾਂ ਫਲ਼ੂ-ਫੁੱਲੂ, ਜੇ ਜੜ੍ਹਾਂ ‘ਚ ਦੇਸੀ ਮਿੱਟੀ ਹੋਊ।

 


‘ਰਿਮ ਝਿਮ ਪਰਬਤ’, ਦੇ ਅੰਗ-ਸੰਗ...
-ਉਂਕਾਰਪ੍ਰੀਤ-

ਭਾਰਤੀ ਮਿਥਿਹਾਸ ਵਿੱਚ ਇੱਕ ‘ਅਰਜੁਨ’ ਨਾਂ ਦੇ ਰੁੱਖ ਦਾ ਜ਼ਿਕਰ ਹੈ। ਇਹ ਰੁੱਖ ਸਦਾਬਹਾਰ ਹੈ। ਇਸਦੀ ਲੱਕੜ ਸਭ ਤੋਂ ਸਖਤ ਮੰਨੀ ਗਈ ਹੈ। ਇਸਨੂੰ ਸਿਉਂਕ ਨਹੀਂ ਲੱਗਦੀ। ਰਿਮ ਝਿਮ ਪਰਬਤ ਕਹਾਣੀ ਦੇ ਮੁੱਖ ਪਾਤਰ ਦਾ ਨਾਮ ਵੀ ਅਰਜੁਨ ਹੈ। ਕਹਾਣੀ ਦੁਆਰਾ ਸਿਰਜੇ ਬਾਹਰੀ ਪਲਾਟ ਦੇ ਅੰਤ੍ਰੀਵ ‘ਚ ਇਹ ਕਹਾਣੀ ਅਣਖੀ, ਜੰਗਜੂ ਅਤੇ ਜਾਗਰੂਕ ਪੰਜਾਬੀ ਖਾਸੇ ਦੀ ਕਹਾਣੀ ਹੈ। ਇਸ ਸਦਾਬਾਹਾਰ ਪੰਜਾਬੀ ਖਾਸੇ ਦਾ ਨਾਮ ਅਰਜਨ ਹੀ ਹੋ ਸਕਦਾ ਹੈ। ਆਦਿ ਕਾਲੀਨ ਰਿਸ਼ੀਆਂ ਮੁਨੀਆਂ ਤੋਂ ਲੈ ਕੇ ਆਧੁਨਿਕ ‘ਸਾਹਿਤ ਆਚਾਰੀਆ’ ਕਿਸੇ ਰਚਨਾ ਵਿਚਲੇ ਅਜਿਹੇ ਸੰਚਾਰ ਨੂੰ ਰਚਨਾ ਦੇ ਸਾਹਿਤਕ ਹੋਣ ਦਾ ਮੁਢਲਾ ਪ੍ਰਮਾਣ ਮੰਨਦੇ ਹਨ। ਇਹ ਉਹਨਾਂ ਪਲਾਂ ‘ਚ ਵਾਪਰਦਾ ਹੈ ਜਦ ਕਲਾਕਾਰ ਦੀ ਸੁਰਤ,ਮਤ,ਮਨ,ਬੁੱਧ ਬ੍ਰਹਿਮੰਡ ‘ਚ ਰਮੀ ਇਕਰਸ ਸਿਰਜਣਾਤਮਿਕ ਸ਼ਕਤੀ ਨਾਲ ਇਕਮਿਕ ਹੁੰਦੀ ਹੈ। ਅਜਿਹੇ ਆਵੇਸ਼ੀ ਪਲਾਂ ‘ਚ ਕਲਾ ਦੀ ਜਿਹੜੀ ਟੈਕਸਟ ਜਾਂ ਰੂਪ ਪ੍ਰਗਟ ਹੁੰਦਾ ਹੈ ਉਸੇ ਨੂੰ ਆਮਦ ਕਿਹਾ ਗਿਆ ਹੈ। ਬਾਬੇ ਨਾਨਕ ਦੀ ‘ਧੁਰ ਕੀ ਬਾਣੀ ਆਈ’ ਅਜਿਹੇ ਹੀ ਪਲਾਂ ਦਾ ਵਿਸਮਾਦੀ ਨਾਮ ਹੈ। ਕਿਉਂਕਿ ਕਹਾਣੀਕਾਰ ਵਰਿਆਮ ਸੰਧੂ ਭਾਰਤੀ ਇਤਿਹਾਸ ਮਿਥਿਹਾਸ ਦੀ ਧਰਾਤਲ ਚੋਂ ਉਪਜਿਆ ਜਿਊੜਾ ਹੈ ਇਸ ਲਈ ਉਸਦੇ ਅਵਚੇਤਨ ‘ਚ ਇਸੇ ਧਰਾਤਲ ‘ਚ ਪਰਵਾਹਿਤ ਪੌਣ-ਪਾਣੀ ਅਤੇ ਧਰਤੀ ਦੇ ਅੰਸ਼ ਕੁਦਰਤੀ ਤੌਰ ਤੇ ਮੌਜੁਦ ਹਨ। ਇਸੇ ਧਰਾਤਲ ਦੇ ਇੱਕ ਭੂ-ਖੰਡ ਦੇ ਲੋਕਮਨ ਦੀ ਜਦ ਉਹ ਗਾਥਾ ਛੇੜਦਾ ਹੈ ਤਾਂ ਉਸਦਾ ਇਤਿਹਾਸਕ+ਮਿਥਿਹਾਸਕ ਅਵਚੇਤਨ ਪ੍ਰਗਟ ਹੋ ਜਾਂਦਾ ਹੈ। ਇਹਨਾਂ ਪਲਾਂ ‘ਚ ਉਸ ਦੁਆਰਾ ਲਿਖੀ ਗਈ ਟੈਕਸਟ ਡੂੰਘੇ ਤਲ ਤੇ ਅਸਲ ‘ਚ ਸ਼ੱਧ ਕਲਾ ਦਾ ਇਲਹਾਮ ਹੈ। ਇਸ ਤਰਾਂ ਇਹਨਾਂ ਗਹਿਰੇ ਤਲਾਂ ਤੇ ਕਹਾਣੀ ਵਿਚਲਾ ‘ਅਰਜਨ’ ਅਸਲ ‘ਚ ਪੰਜਾਬੀ ਵਿਰਸੇ ਦਾ ਹੀ ਨਾਮ ਹੈ।

ਪੰਜਾਬ ਦਾ ਇਹ ‘ਅਰਜੁਨੀ’ ਖਾਸਾ ਜ਼ਾਬਰ ਅਤੇ ਬਾਬਰ ਦਾ ਨਿਤਾਰਾ ਕਰਦਾ ਹੈ। ਲੋਕਾਂ ਦੇ ਲਈ ਹੂਕਦਾ ਹੈ। ਹੈ ਹੈ ਕਰਦੀ ਲੋਕਾਈ ਨਾਲ ਖੜਨ ਲਈ ਬਿਖਮ-ਅਸਗਾਹ ਉਦਾਸੀਆਂ ਧਾਰਦਾ ਹੈ। ਵਲੀਆਂ ਦੇ ਪੱਥਰਾਂ ਨਾਲ ਦਸਤ-ਪੰਜੇ ਲੈਂਦਾ ਹੈ। ਇਸ ਖਾਸੇ ਦੇ ਸਫ਼ਰ ‘ਚ ਕੌਡੇ ਰਾਕਸ਼ਾਂ ਦੇ ਉਬਲਦੇ ਕੜਾਹੇ, ਤੱਤੀਆਂ ਤਵੀਆਂ, ਚਾਂਦਨੀ ਚੌਕ ਅਤੇ ਮਾਛੀਵਾੜੇ ਦੇ ਜੰਗਲ ਆਉਂਦੇ ਹਨ। ਕਰਤਾਰਪੁਰ ਦੇ ਖੇਤਾਂ ‘ਚ ਹਲ ਵਾਹੁੰਦਾ ਇਹੀ ਖਾਸਾ ਕਿਰਤੀ ਰੂਪ ‘ਚ ‘ਘਾਲ ਖਾਇ’ ਨੂੰ ਸਥਾਪਿਤ ਕਰਦਾ ਹੈ।

ਇਹੀ ਖਾਸਾ ਗਰਜਾ ਸਿੰਘ ਅਤੇ ਬੋਤਾ ਸਿੰਘ ਬਣ ਕੇ ਪਿੱਠਾਂ ਨਾਲ ਪਿੱਠਾ ਜੋੜ ਲੜਿਆ ਹੈ। ਅਪਣੇ ਹੋਣ ਦਾ ਅਹਿਸਾਸ ਕਰਵਾਉਂਦਾ ਰਿਹਾ ਹੈ। ਸਿਕੰਦਰ-ਏ-ਆਜ਼ਮਾਂ ਮੂਹਰੇ ਵੰਗਾਰ ਬਣਿਆ ਹੈ। ਰੋਜ਼ੀ ਰੋਟੀ ਲਈ ਸਤ ਸਮੁੰਦਰ ਪਾਰ ਜਾ ਕੇ ਪੰਜਾਬੀ ਆਨ ਸ਼ਾਨ ਅਤੇ ਸਵੈਮਾਨ ਨੂੰ ਚੇਤੇ ਰੱਖਦਾ ਰਿਹਾ ਹੈ। ਅਣਖ-ਇਜ਼ੱਤ ਦੀ ਬਹਾਲੀ ਲਈ ਪਰਤ ਪਰਤ ਆਉਂਦਾ ਰਿਹਾ ਹੈ। ਫਾਂਸੀਆਂ ਦੇ ਫੰਦਿਆਂ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਝਾਕਿਆ ਹੈ। ਕਾਲੇਪਾਣੀ ਦੀਆਂ ਹਨੇਰੀਆਂ ਕੋਠੜੀਆਂ ‘ਚ ਬਹਿ ਕੇ ਅਪਣੇ ਲੋਕਾਂ ਲਈ ਸੂਹੇ ਅਤੇ ਉੱਜਲੇ ਸੁਪਨੇ ਵੇਖਦਾ ਰਿਹਾ ਹੈ।

ਵਰਿਆਮ ਸੰਧੂ ਦੀ ਇਸ ਕਹਾਣੀ ‘ਚ ਇਹ ਖਾਸਾ ਉਦਾਸ ਹੈ। ਇਸਦੇ ਪਰਬਤੀ ਦਾਈਏ ਨੂੰ ਖੋਰਾ ਲੱਗ ਚੁਕਿਆ ਹੈ। ਅਰਜੁਨ ਰੁੱਖ ਦੀ ਸਖ਼ਤ ਲੱਕੜ ਦੇ ਬਣੇ ਕਿਰਪਾਨ ਦੇ ਮੁੱਠੇ ਨੂੰ ਜਿਉਂ ਸਿਉਂਕ ਪੈ ਗਈ ਹੈ। ਬਾਹਰਲੇ ਧਾੜਵੀਆਂ ਤੋਂ ਸਦਾ ਜੇਤੂ ਰਿਹਾ ਇਹ, ਘਰਦਿਆਂ ਤੋਂ ਹਾਰਦਾ ਜਾ ਰਿਹਾ ਹੈ। ਸੰਤਾਲੀ ‘ਚ ਇਸਦੇ ਹੱਥੋਂ ਖਿਸਿਕਿਆ ਇਤਿਹਾਸ ਚੌਰਾਸੀ ਤੀਕ ਲਾਪਤਾ ਹੋ ਗਿਆ ਹੈ। ਆਜ਼ਾਦ-ਜਿਊਣ ਦੀ ਰਾਖੀ ਲਈ ਇਸਨੂੰ ਵਿਰਸੇ ‘ਚ ਮਿਲੀ ਪਵਿੱਤਰ ਸ਼ਕਤੀ, ਲੋਕਮਾਰੂ ਮਦ-ਮਸਤ ਤਾਕਤਾਂ ਹੇਠ ਦਬਦੀ ਜਾ ਰਹੀ ਹੈ। ਕੁਦਰਤ ਨਾਲ ਇਕਮਿਕਤਾ ਸਿਖਾਉਂਦੀ ਪ੍ਰੌਢ ਜੀਵਨ ਜਾਚ ਉਧਾਲ ਕੇ ਕਤਲ ਕੀਤੀ ਜਾ ਚੁੱਕੀ ਹੈ। ‘ਭੂਤਰੀ ਮੁੰਡੀਰ’ ‘ਚ ਉਸਦਾ ਦਮ ਘੁਟ ਰਿਹਾ ਹੈ। ਇਸਦੀ ਸਹਿਜਤਾ ਰਿਮ-ਝਿਮ ਕਣੀਆਂ ਸੁੱਟ ਰਹੀ ਹੈ। ਤਦ ਹੀ ਇਹ ਕਹਾਣੀ ਆਦਿ ਤੋਂ ਅੰਤ ਤੀਕ ਪੰਜਾਬੀ-ਖਾਸੇ ਦੇ ਨੈਣੋਂ ਰਿਮ-ਝਿਮ ਬਰਸਦੀਆਂ ਕਣੀਆਂ ਨਾਲ ਲਿਸ਼ਕਦੀ ਹੈ:

- ਕਿਰਪਾਨ ਉੱਤੇ ਸਟੇਨ ਟੰਗਦੇ ਵੇਖ ਚਾਹ ਕੇ ਵੀ ਨਾ ਮਾਰਿਆ ਲਲਕਾਰਾ।
- ਕੱਟੇ ਗਏ ਬੂਟੇ ਦੀ ਲੁੜਕੀ ਧੌਣ ਵੇਖ ਕੇ ਭਿੱਜਾ ਮਨ।
- ਗਦਰੀ ਸ਼ਹੀਦਾਂ ਦੇ ਅਸਥਾਨ ਤੇ ਕਬਜ਼ਾ ਕਰਨ ਆਈ ਮੁੰਡੀਰ ਦੇ ਇੱਕਠ ‘ਚ ਇੱਕਲੇ ਰਹਿ ਜਾਣ ਦਾ ਅਹਿਸਾਸ।
- ਅਪਣੇ ਇਸ਼ਟ ਦੇ ਕਾਤਲਾਂ ਨੂੰ ਨਾ ਚਾਹੁੰਦਿਆਂ ਦਿੱਤੀ ਅਸੀਸ।
- ਲ਼ਾਲ-ਸਿਰੇ ਦੀ ਸਮਾਧ ਤੇ ਬਹਿ ਕੇ ਪੁੱਠੇ ਹੱਥ ਨਾਲ ਸਭ ਨੂੰ ਚਲੇ ਜਾਣ ਦਾ ਇਸ਼ਾਰਾ।
- ਕੋਸਿ਼ਸ਼ ਦੇ ਬਾਵਜੂਦ ਪੁਲਿਸ ਹੱਥੋਂ ਨਾ ਬਚਾਏ ਜਾ ਸਕੇ ਮੁੰਡੇ ਦੇ ਗੂੰਜਦੇ ਬੋਲ “ਮੈਂ ਜੀਣਾ ਚਾਹੁੰਦਾ। ਮੈਂ ਜੀਣਾ ਚਾਹੁੰਦਾ।”
- ਧੂੰਦੁਕਾਰੇ ਵਾਲੇ ਸਮੇਂ ‘ਚ ਅਚੇਤ ਹੀ ਅਰਜਨ ਸੂਰਮੇ ਤੋਂ ਨਿਹਾਲ-ਮੁਖਬਰ ਬਣ ਜਾਣ ਦਾ ਝੋਰਾ।

ਰਿਮਝਿਮ ਪਰਬਤ ਇਹ ਕਣੀਆਂ ਸੁੱਟਦਾ ਉਦਾਸ ਹੈ। ਨਿਰਾਸ਼ ਨਹੀਂ। ਜ਼ਬਰ ਦੇ ਲਹੂ ਨਾਲ ਅਪਣੇ ਮੱਥੇ ਦੀ ਕਾਲਖ਼ ਧੋਣ ਦਾ ਤਾਣ ਉਸ ਅੰਦਰ ਹਾਲੇ ਕਾਇਮ ਹੈ। ਸੁਨਹਿਰੀ ਆਸਥਾ ਦੇ ਚਾਨਣ ‘ਚ ਉਸਦੀ ਦਾਹੜੀ ਹੁਣ ਵੀ ਮਾਣ ਨਾਲ ਲਿਸ਼ ਲਿਸ਼ ਕਰਦੀ ਹੈ। “ਨਹੀਂ ਉਏ ਰੀਸਾਂ ਸਾਡੇ ਸੂਰਮੇ ਬਾਪੂ ਦੀਆਂ” ਭੀੜ ਚੋਂ ਉਮਡੇ ਜੋਸੀਲੇ਼ ਬੋਲ ਸ਼ਾਹਦੀ ਭਰਦੇ ਹਨ ਕਿ ਇਸ ‘ਸੁਨਹਿਰੀ ਪੰਜਾਬੀ ਆਸਥਾ’ ਦਾ ਬੀਜ ਨਾਸ ਨਈਂ ਹੋਇਆ। ਨਾ ਹੋ ਸਕੇਗਾ ਕਹਾਣੀ ਵਿਚਲਾ ‘ਹੁਣ’ 1980-90ਵਿਆਂ ਦਾ ਸਮਾਂ ਹੈ। ਕਹਾਣੀਕਾਰ ਦੁਆਰਾ ਇਸ ਸਮੇਂ ਦੀ ਚੋਣ ਬੜੀ ਮਹੱਤਵਪੂਰਨ ਹੈ। ਕਹਾਣੀਕਾਰ ਨੇ ਇਹ ਸਮਾਂ ਕਿਉਂ ਚੁਣਿਆ ਹੈ? ਇਸ ‘ਕਿਉਂ’ ਦੇ ਉੱਤਰ ਦੀ ਭਾਲ ਸਹਿਜੇ ਹੀ ਸ਼ਾਹ ਮੁਹੰਮਦ ਦੀ ਵਾਰ ‘ਜੰਗ ਸਿੰਘਾਂ ਅਤੇ ਫਿਰੰਗੀਆਂ’ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਵਾਰ ‘ਚ ਉਹ ਬਿਆਨ ਕਰਦਾ ਹੈ ਕਿ ਫਿਰੰਗੀਆਂ ਦੇ ਆਉਣ ਤੋਂ ਪਹਿਲਾਂ ਪੰਜਾਬੀ ਕਿਵੇਂ ਆਪਸ ਵਿੱਚ ‘ਸੁਖੀ ਵਸਦੇ’ ਸਨ। ਬੇਸ਼ੱਕ ਫਿਰੰਗੀਆਂ ਦੇ ਪੰਜਾਬ ‘ਚ ਆਉਣ ਦਾ ਮੁੱਖ ਕਾਰਨ ਰਾਜੇ ਰਣਜੀਤ ਸਿੰਘ ਦੀ ਘਰ ਦੀਆਂ ਹੱਦਾਂ ਤੋਂ ਪਾਰਲੀ ਦੂਰ-ਦ੍ਰਿਸ਼ਟਤਾ ਤੋਂ ਸੱਖਣੀ ਰਾਜਨੀਤਕ ਸੂਝ, ਐਸ਼-ਪ੍ਰਸਤੀ ਅਤੇ ਅਯਾਸ਼ ਤਬੀਅਤ ਸੀ ਪਰ ਫਿਰੰਗੀ ਤਾਂ ਆ ਚੁੱਕੇ ਸਨ। ਵਿਸ਼ਾਲ ਪੰਜਾਬ ਹੌਲੀ ਹੌਲੀ ਉਹਨਾਂ ਦੇ ਕਬਜ਼ੇ ਹੇਠ ਆ ਚੁੱਕਾ ਸੀ। ਪੰਜਾਬੀ ਵਿਰਸਾ ਬੇਸ਼ੱਕ ਉਸ ਖਿਲਾਫ਼ ਉੱਠ ਖੜਿਆ ਸੀ ਪਰ ‘ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਈਆਂ ਸਨ’। ਪੰਜਾਬੀਆਂ ਦੇ ਸੁੱਖ ਨੂੰ ਖੋਰਾ ਲੱਗਣਾ ਸ਼ੁਰੂ ਹੋ ਚੁਕਿਆ ਸੀ। ਅਗਲੇ ਸੌ ਵਰ੍ਹੇ ਪੰਜਾਬੀ ਵਿਰਸੇ ਦੀ ਬਾਂਹ ਕਿਸੇ ਨਾ ਫੜੀ। ਇਸਦੇ ਅਖੋਤੀ ਨਾਲਾਇਕ ਲੀਡਰ ਪੰਜਾਬੀ ਕੌਮ ਨੂੰ ਸਿੱਖ, ਹਿੰਦੂ, ਮੁਸਲਮਾਨਾਂ ‘ਚ ਤੋੜਨ ਦਾ ਕਾਰਨ ਬਣਦੇ ਰਹੇ। ਫਿਰੰਗੀਆ ਵਲੋਂ ਅਪਣੇ ਮੁਫ਼ਾਦ ਹਿੱਤ ਖੜੀ ਕੀਤੀ ਗਈ ‘ਨੈਸ਼ਨਲ ਕਾਂਗਰਸ’ ਦੇ ਨੇਤਾਵਾਂ ਨੂੰ ‘ਕੌਮੀ ਭਲਾ ਚਾਹੁਣ ਵਾਲੇ’ ਨੇਤਾਵਾਂ ਵਜੋਂ ਮੰਨ ਕੇ ਪੰਜਾਬੀ ਲੀਡਰਾਂ ਨੇ ਇਤਿਹਾਸਕ ਭੁੱਲ ਕੀਤੀ। ਜਦ ਤੀਕ ਸਰਾਭੇ, ਭਗਤ ਸਿੰਘ ਪੈਦਾ ਹੋਏ ਓਦੋਂ ਤੀਕ ਬਹੁਤ ਪਾਣੀ ਪੁਲਾਂ ਹੇਠੋਂ ਵਗ ਚੁਕਿਆ ਸੀ। ਫਿਰੰਗੀਆਂ ਦੁਆਰਾ ਸਥਾਪਿਤ ਕਾਂਗਰਸ ਦੇ ‘ਬਾਪੂ’ ਕਹਾਂਉਂਦੇ ਲੋਕ ਸ਼ਰੇਆਮ ਗੁਰੂ ਗੋਬਿੰਦ ਸਿੰਘ ਨੂੰ ਭੁੱਲੜ ਦੇਸ਼-ਭਗਤ ਗਰਦਾਨਣ ਲੱਗੇ ਸਨ। ਇਹ ਪੰਜਾਬੀ ਵਿਰਸੇ ਤੇ ਐਸਾ ਹੀ ਹਮਲਾ ਸੀ ਜਿਸ ਦੀ ਨਿਸ਼ਾਨਦੇਹੀ ‘ਰਿਮ ਝਿਮ ਪਰਬਤ’ ਦੇ ਉਹ ਪਲ ਹਨ ਜਦੋਂ ਅਰਜਨ ਦੀ ਕਿਰਪਾਨ ਨੂੰ ਮੁੰਡੀਰ ਦੀ ਸਟੇਨ ਥੱਲੇ ਦੱਬ ਲੈਂਦੀ ਹੈ।

ਪੰਜਾਬੀ ਕੌਮ ਚੋਂ ਉੱਠੇ ਵਿਰਾਸਤੀ ਲਲਕਾਰਿਆਂ ਦੀ ਇਕ ਇਕ ਕਰਕੇ ਸੰਘੀ ਘੁੱਟੀ ਜਾਂਦੀ ਰਹੀ। 1947 ਆਇਆ। ਸ਼ਾਹ ਮੁਹੰਮਦ ਦੇ ਪੰਜਾਬੀ ਸਿੱਖ, ਹਿੰਦੂ, ਮੁਸਲਮਾਨ ਬਣ ਕੇ ਟੁੱਟੇ ਅਤੇ ਸਦਾ ਲਈ ਹਾਰ ਗਏ। ਪੰਜਾਬ ਫਿਰਕੂ ਆਧਾਰ ਤੇ ਵੰਡਿਆ ਗਿਆ। ਸਾਂਝੇ ਪੰਜਾਬੀ ਵਿਰਸੇ ਨੇ ਬੇਸ਼ੱਕ ‘ਰਿਮਝਿਮ ਪਰਬਤ’ ਵਾਲੇ ਇੰਦਰ ਸਿੰਘ ਅਤੇ ਫਿਰ ਅਰਜਨ ਸਿੰਘ ਰੂਪ ‘ਚ ਅਪਣੇ ਆਪ ਨੂੰ ਪ੍ਰਗਟ ਕੀਤਾ ਪਰ ਉਹਨਾਂ ਦੇ ਸਿਆਸੀ ਨੇਤਾਵਾਂ ਨੇ ਇਸ ਨੂੰ ਨਾ ਗੌਲਿਆ।

ਜਿਸ ਸਿੱਖ ਲੀਡਰਸਿੱਪ ਨੇ ਜ਼ਜ਼ਬਾਤ ਦੇ ਵਹਾਅ ‘ਚ ਅਪਣੀ ਆਜ਼ਾਦੀ ਨੂੰ ‘ਸਾਰੇ ਜਹਾਂ ਸੇ ਅੱਛੇ ਹਿੰਦੁਸਤਾਨ’ ਦੇ ਝੰਡੇ ਥੱਲੇ ਵੇਖਿਆ। ਉਹੀ ਲੀਡਰਸਿੱਪ ਰਾਜਨੀਤਕ ਤਾਕਤ ਦੀ ਪ੍ਰਾਪਤੀ ਲਈ ਕੁਝ ਕੁ ਹੀ ਸਾਲਾਂ ‘ਚ ਅਪਣੇ ਬਾਪੂਆਂ ਅਤੇ ਚਾਚਿਆਂ ਦੀਆਂ ਲੇਲ੍ਹੜੀਆਂ ਕੱਢਦੀ ਨਜ਼ਰ ਆਈ। ਪੰਜਾਬ ਨੂੰ ਹੋਰ ਝੰਬਿਆ ਗਿਆ। ਕੱਟਿਆ ਵੱਢਿਆ ਗਿਆ। ‘ਪੂਰੀ ਮਨੁੱਖਤਾ’ ਨੂੰ ਅਪਣੇ ਕਲੇਵਰ ‘ਚ ਲੈਣ ਦੇ ਸਮਰੱਥ ਪੰਜਾਬੀਅਤ, ਸੱਠਵਿਆਂ ‘ਚ ਗੁਰਮੁਖੀ ਅਧਾਰਤ ‘ਪੰਜਾਬੀ ਸੂਬੀ’ ਲੈ ਕੇ ਇੱਕ ਵੇਰ ਫਿਰ ਹਾਰ ਗਈ। ਜਾਗਰੂਕ ਪੰਜਾਬੀ ਹਲਕਿਆਂ ‘ਚ ਮਾਰਕਸੀ ਵਿਚਾਰਧਾਰਾ ਦਾ ਨਾਲੋ ਨਾਲ ਚੱਲਦਾ ਰਿਹਾ ਪ੍ਰਵਾਹ ਸੱਤਰਵਿਆਂ ‘ਚ ਅਗਾਂਹਵਧੂ ਉਭਾਰ ਵਾਲੀ ‘ਸਰਬਸਾਂਝੀ ਵਾਲਤਾ’ ਵੱਲ ਸੇਧਿਤ ਲਹਿਰ ਦੇ ਰੂਪ ‘ਚ ਉਭਰਦਾ ਨਜ਼ਰ ਆਇਆ ਪਰ ਇਸਨੂੰ ‘ਸਿੱਖ ਸਰਕਾਰ’ ਨੇ ਹੀ ਬੁਰੀ ਤਰਾਂ ਦਬਾ ਦਿੱਤਾ। ‘ਆਪੰਗ-ਪੰਜਾਬੀਅਤ’ ਵਾਲੇ ਪੰਜਾਬ ‘ਚ ਵਸਦੇ ਹਿੰਦੂ, ਸਿੱਖਾਂ ਦੀ ਗੁਰਮੁਖੀ ਨਾਲ ਸਕਿਆਂ ਵਰਗਾ ਰਿਸ਼ਤਾ ਨਾ ਜੋੜ ਸਕੇ। 1980ਵਿਆਂ ਤੀਕ ਆਉਂਦਿਆਂ ਉਹ ਇਕ ਦੂਜੇ ਦੇ ਵਿਰੋਧ ‘ਚ ਖੜੇ ਦਿਸਣ ਲੱਗੇ। ਇਸ ਤਰਾਂ ਦਾ ਆਪਸੀ ਵਿਰੋਧ ਸਿੱਖਾਂ ਅਤੇ ਹਿੰਦੂਆਂ ‘ਚ ਪਹਿਲਾਂ ਨਈਂ ਸੀ ਹੋਇਆ। ਐਤਕਾਂ ਇਸਦੇ ਪਿਛਲੇ ਹੱਥ ਅਪਣੇ ਹੀ ਦੇਸ਼ ਦੇ ਕੌਮੀ ਸਿਆਸਤਦਾਨ ਸਨ।ਬਚਿਆ ਖੁਚਿਆ ਪੰਜਾਬੀ ਵਿਰਸਾ ਇਕ ਵਾਰ ਫਿਰ ਖਤਰੇ ‘ਚ ਸੀ। ਸ਼ਰੀਕਾਂ ਦੀ ਸ਼ਹਿ ਤੇ ਹਥਿਆਰਬੰਦ ਟੋਲੇ ਇਕ ਵੇਰ ਫਿਰ ਅਪਣਿਆਂ ਨੂੰ ਮਾਰ ਮੁਕਾਉਣ ਤੇ ਉਤਾਰੂ ਸਨ।

ਰਿਮ ਝਿਮ ਪਰਬਤ ਕਹਾਣੀ ਦਾ ਪ੍ਰਮੁੱਖ ਸਾਰੋਕਾਰ ਕਿਉਂਕਿ ਪੰਜਾਬੀ ਵਿਰਸੇ ਦਾ ਖੁਰ ਰਿਹਾ ਆਧਾਰ ਹੈ, ਇਸ ਲਈ ਸਮੇਂ ਦੀ ਇਹ ਚੋਣ ਬੇਹੱਦ ਢੁੱਕਵੀ ਹੈ। ਇਸ ਸਮੇਂ ਰਾਹੀਂ ਜਿੱਥੇ ਅਰਜਨ ਸਿੰਘ ਅਪਣੇ ਬਾਪ ਇੰਦਰ ਸਿੰਘ ਦੇ ਸਮੇਂ ‘ਚ ਬੀਤੇ ਕੱਲ ਵਾਂਗ ਵਿਚਰ ਸਕਦਾ ਹੈ ਓਥੇ ਇਸ ਅੱਜ ਚੋਂ ਉਪਜ ਰਿਹਾ ਆਉਣ ਵਾਲਾ ਕੱਲ੍ਹ ਉਸਨੂੰ ਅਪਣੇ ਪੁੱਤ ਪੋਤਿਆਂ ਵਾਂਗ ਸਪੱਸ਼ਟ ਦਿਸ ਰਿਹਾ ਹੈ। ਇਵੇਂ ਕਥਾਨਿਕ ‘ਚ ਸਮੇਂ ਦੀ ਇਹ ਚੋਣ ਸਹਿਜੇ ਹੀ ਤ੍ਰੈਕਾਲਿਕ ਚੇਤਨਾ ਵਜੋਂ ਪੇਸ਼ ਹੋਈ ਹੈ।

ਇਸ ਕਹਾਣੀ ‘ਚ ‘ਭਗਾਉਤੀ’ ਦਾ ਸੰਕਲਪ ਬੜਾ ਅਹਿਮ ਹੈ। ਕਹਾਣੀ ‘ਚ ਇਹ ਸੰਕਲਪ ਪੰਜਾਬੀ ਲੋਕਮਨ ਜਾਂ ਜਨਸਾਧਾਰਨ ਪੱਧਰ ਤੇ ਪੇਸ਼ ਹੋਇਆ ਹੈ। ਭਗਾਉਤੀ, ਭਗਵਤ ਦੀ ਸੰਗਿਆ ਹੈ। ਇਸਦਾ ਸੰਸਕ੍ਰਿਤਿਕ ਸਮਰੂਪ ਭਗਵਤੀ ਹੈ। ਸਿੱਖ ਫਲਸਫੇ ‘ਚ ਇਸਦਾ ਮੂਲ ਅਰਥ ‘ਪਾਰਬ੍ਰਹਮਤਾ’ ਹੈ। ਗੁਰੁ ਗੋਬਿੰਦ ਸਿੰਘ ਦੁਆਰਾ ਰਚਿਤ ‘ਵਾਰ ਸ੍ਰੀ ਭਗਾਉਤੀ ਜੀ ਕੀ’ ਵਿੱਚ ਇਸਦਾ ਅਰਥ ਪਾਰਬ੍ਰਹਮਤਾ/ਅਕਾਲਿਕ/ਮਹਾਂਕਾਲ ਸ਼ਕਤੀ ਹੈ ਤਲਵਾਰ ਨਹੀਂ। ਭਾਵੇਂ ਗੁਰੁ ਗੋਬਿੰਦ ਸਿੰਘ ਜੀ ਦੁਆਰਾ ਰਚਿਤ ‘ਚੰਡੀ ਦੀ ਵਾਰ’ ‘ਚ ਇਸਦੇ ਅਰਥ ਤਲਵਾਰ ਦੇ ਵੀ ਆਏ ਹਨ ਜਦੋਂ ਉਹ ਚੰਡੀ ਦੇ ਰਾਖਸ਼ਾਂ ਨਾਲ ਯੁੱਧ-ਵਰਨਣ ‘ਚ ਲਿਖਦੇ ਹਨ ‘ਲਈ ਭਗਾਉਤੀ ਦੁਰਗਸਾਹ’। ਪਰ ਏਥੇ ਸੰਦਰਭ ਬਿਕੁਲ ਵੱਖਰੇ ਹਨ ‘ਵਾਰ ਸ੍ਰੀ ਭਗਾਉਤੀ’ ਨਾਲੋਂ।

ਸੁਮੇਰ ਪਰਬਤ ਤੇ ਗੁਰੂ ਨਾਨਕ ਦੇਵ ਜੀ ਨੂੰ ਜਦ ਸਿੱਧਾਂ ਨੇ ਪੁੱਛਿਆ ਸੀ ਤੂੰ ਇੱਥੇ ਤੀਕ ਕਿਵੇਂ ਪੁਜਿਆ ਹੈ ਅਤੇ ਤੇਰਾ ਗੁਰੁ ਕੌਣ ਹੈ ਤਾਂ ਸਾਹਿਬੇ ਕਮਾਲ ਨੇ ਅਪਣਾ ਉੱਤਰ ਸ਼ੁਰੂ ਕਰਦਿਆਂ ਕਿਹਾ ਸੀ ‘ਹਉਂ ਜਪਿਆ ਪਰਮੇਸ਼ਰੋ’। ਏਥੇ ਉਹਨਾਂ ਦਾ ਸੰਕੇਤ ਨਿਰਸੰਦੇਹ ‘ਪਾਰਬ੍ਰਹਮੀ’ ਸ਼ਕਤੀ ਵੱਲ ਹੈ। ਖੁਦ ਗੁਰੁ ਗੋਬਿੰਦ ਸਿੰਘ ਬਚਿੱਤਰ ਨਾਟਕ ‘ਚ ਕਹਿੰਦੇ ਹਨ ‘ਪਾਰਬ੍ਰਹਮ, ਗੁਰੁ ਨਾਨਕ ਸਾਖੀ’। ਜਿਸਦਾ ਸਿੱਧਾ ਭਾਵ ਸਭਨਾ ਦੇ ‘ਪ੍ਰਥਮ ਇਸ਼ਟ’ ਪਾਰਬ੍ਰਹਮ ਤੋਂ ਸ਼ੁਰੂ ਹੋ ਕੇ ਗੁਰੁ ਨਾਨਕ ਦੀ ਗਵਾਹੀ ‘ਚ ਕਹੀ ਗਈ ਗੱਲ ਹੈ। ਇਵੇਂ ਹੀ ਵਾਰ ਸ੍ਰੀ ਭਗਾਉਤੀ ਜੀ ਕੀ ‘ਚ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਤੋਂ ਪਹਿਲੇ ਸਾਰੀਆਂ ਗੁਰ-ਸ਼ਖਸੀਅਤਾਂ ਪ੍ਰਤੀ ਅਕੀਦਤ ਪੇਸ਼ ਕੀਤੀ ਹੈ ਤਾਂ ਨਿਰਸੰਦੇਹ ਉਹ ਇਸਦੀ ਸ਼ੁਰੂਆਤ ਉਸ ਪਰਮ ਸ਼ਕਤੀ, ਅਕਾਲਿਕ ਰੂਪ ਤੋਂ ਸ਼ੁਰੂ ਕਰਦੇ ਹਨ ਜੋ ‘ਪਾਰਬ੍ਰਹਮ’ ਹੈ। ਜਿਸਦੇ ਦਸੇ ਰੂਪ ਉਪਾਸ਼ਕ ਹਨ। ਇਹ ਤਲਵਾਰ ਨਹੀਂ ਹੋ ਸਕਦੀ।

ਤਲਵਾਰ ਵਕਤੀ ਰੂਪ ‘ਚ ਉਸ ਪਾਰਬ੍ਰਹਮਤਾ ਦੀ ਮੌਜ ਨੂੰ ਸੰਚਾਰਨ ਕਰਨ ਵਾਲਾ ਧਾਤ ਤੋਂ ਬਣਿਆ ਸੰਦ/ਹਥਿਾਆਰ ਤਾਂ ਹੋ ਸਕਦਾ ਹੈ ਪਰ ‘ਅਕਾਲ’ ਨਹੀਂ। ਤਲਵਾਰ ਨਾਸ਼ਮਾਨ ਵਸਤੂ ਹੈ। ਗੁਰੂ ਸ਼ਖਸੀਤਆਂ (ਜੋਤ ਸਰੂਪਾਂ) ਤੋਂ ਪਹਿਲਾਂ ਪਾਰਬ੍ਰਹਮ ਦੀ ਜਿ਼ਆਰਤ ਹੋ ਸਕਦੀ ਹੈ ਨਾਸ਼ਮਾਨਤਾ ਦੀ ਨਹੀਂ। ਸਿੱਖ ਫਲਸਫ਼ੇ ‘ਚ ਤਦ ਹੀ ਪੂਜਾ ਆਕਾਲ ਦੀ ਹੈ। ਬੁੱਤਾਂ ਅਤੇ ਪਦਾਰਥਾਂ ਦੀ ਪ੍ਰਭੂਤਾ ਨੂੰ ‘ਧੂੰਏ ਦਾ ਮਹਿਲ’ ਹੀ ਦੱਸਿਆ ਹੈ।
ਕਹਾਣੀ, ਰਿਮ ਝਿਮ ਪਰਬਤ, ‘ਪ੍ਰਥਮ ਭਗਾਉਤੀ’ਦੇ ਅਰਥ ‘ਪ੍ਰਥਮ ਤਲਵਾਰ’ ਦੇ ਨਾ ਕਰਕੇ ਪੰਜਾਬੀ ਲੋਕਮਨ ਦੀ ਇਸ ਮਾਮਲੇ ‘ਚ ਅਗਿਆਨਤਾ/ਜੜ੍ਹਤਾ ਵਿੱਚ ਇਕ ਕਾਰਗਰ ਵੱਢ ਮਾਰਦੀ ਹੈ। ਦਰਅਸਲ ਤਲਵਾਰ/ਕਿਰਪਾਨ ਨੂੰ ‘ਸ੍ਰੀ ਸਾਹਿਬ’ ਕਹਿਣ ਦੀ ਪਿਰਤ ਵੀ ਇਸੇ ਅਗਿਆਨਤਾ ਚੋਂ ਉਪਜੀ ਹੈ। ਸਿੱਖ ਫਲਸਫੇ ਵਿੱਚ ‘ਸਾਹਿਬ-ਏ-ਸਿਰਮੌਰ’ ਅਕਾਲ ਅਤੇ ਕੇਵਲ ਅਕਾਲ ਹੈ। ਤਲਵਾਰ ਨੂੰ ‘ਸ੍ਰੀ ਸਾਹਿਬ’ ਕਹਿਣਾ ਉਹੀ ਅਵੱਗਿਆ ਹੈ ਜਿਸ ਤੋਂ ਸਾਨੂੰ ਗੁਰੁ ਨਾਨਕ ਨੇ ‘ਗਗਨ ਮਹਿ ਥਾਲ’ ਉਚਾਰ ਕੇ ਸੁਚੇਤ ਕੀਤਾ ਸੀ।

ਸ਼ਾਇਦ ਇਸ ਕਹਾਣੀ ਨਾਲ ਪਹਿਲੀ ਵੇਰ ਇਹ ਮੌਕਾ ਬਣਿਆ ਹੈ ਕਿ ਇਸ ਜੜ੍ਹਤਾ ਨੂੰ ਤੋੜਿਆ ਜਾਵੇ। ਵਰਿਆਮ ਸੰਧੂ ਨੇ ਇਹ ਮੌਕਾ ਨਾ ਖੁੰਝਾ ਕੇ ਬੜੇ ਦਿਲ ਗੁਰਦੇ ਨਾਲ ਪੰਜਾਬੀ ਲੋਕਮਨ ‘ਚ ਵਸੀ ਇਸ ‘ਗਲਤ ਧਾਰਨਾ’ ਨੂੰ ਸਹੀ ਕਰਨ ਦੀ ਸਾਹਿਤਕ-ਪਹਿਲ ਕੀਤੀ ਹੈ। ਜਿਸਦੀ ਭਰਪੂਰ ਪ੍ਰਸੰਸਾਂ ਕਰਨੀ ਬਣਦੀ ਹੈ।

ਕਹਾਣੀ ਵਿੱਚ ਬਾਬੇ ਅਰਜਨ ਸਿੰਘ ਦੀ ਆਖਰੀ ਲੜਾਈ ‘ਚ ਉਹ ਖੂੰਨ ਜਿਸ ਨਾਲ ਉਸਨੇ ਅਪਣੇ ਮੱਥੇ ਦੀ ਕਾਲਖ ਧੋਣੀ ਹੈ, ਪਿਸਤੋਲ ਦੇ ਬੱਟ ਮਾਰਨ ਨਾਲ ਨਿਕਲਦਾ ਹੈ ਤਲਵਾਰ ਨਾਲ ਨਹੀਂ। ਇਹ ਕਹਾਣੀ ਦੇ ਅੰਤ੍ਰੀਵ ਸੰਸਾਰ ਦੁਆਰਾ ਬਾਹਰੀ ਸੰਸਾਰ ਨੂੰ, “ਅਪਣਾ ਬਚਾਅ ਜਾਂ ਕਿਸੇ ਦੀਨ-ਦੁਖੀ ਦੀ ਰੱਖਿਆ ਕਰਨ ਲਈ” ਨਵੇਂ ਸਮਿਆਂ ਦੇ ਹਾਣ ਦੇ ਨਵੇਂ ਹਥਿਆਰ ਅਪਣਾਉਣ ਦਾ ਸੰਕੇਤ ਵੀ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਕਹਾਣੀਕਾਰ ਪੰਜਾਬੀ ਮਨੁੱਖ ‘ਵਰਿਆਮ ਸੰਧੂ’, ਹਾਲੇ ਖੁਦ ਇਸ ਨਾਲ ਸਹਿਮਤ ਹੋਵੇ। ਇਸ ਲਈ ਤਿਆਰ ਹੋਵੇ।

ਕਹਾਣੀ ਦੇ ਅੰਤਲੇ ਪਲਾਂ ‘ਚ ਬਾਬਾ ਅਰਜੁਨ ਸਿੰਘ ‘ਕਿਰਤੀ-ਸਿਪਾਹੀ’ ਖਾਸੇ ਵਾਲੀ ਅਤੇ ‘ਮਨੁੱਖਤਾ’ ਦੇ ਹੱਕ-ਸੱਚ ਦੀ ਪੈਰੋਕਾਰ ‘ਪੰਜਾਬੀ ਵਿਰਾਸਤ’ ਦੇ ਵਾਰਸ ਤੋਂ ਇਕਦਮ ‘ਮੁਖਬਰ’ ਅਤੇ ਸਟੇਟ ਦਾ ਹੱਥ-ਠੋਕਾ ਬਣ ਗਿਆ ਮਹਿਸੂਸ ਕਰਦਾ ਹੈ। ਉਸਨੂੰ ਅਪਣੇ ਵੱਡੇ ਵਡੇਰਿਆਂ ਦੀ ਸ਼ਾਨਾਮੱਤੀ ਇੱਜ਼ਤ ਦਾਗੀ ਹੋ ਚੁੱਕੀ ਜਾਪਣ ਲੱਗਦੀ ਹੈ। ਇਸ ਦਾਗ਼ ਨੂੰ ਧੋਣ ਲਈ ਉਹ ਸਟੇਟ ਦੀ ਮਸ਼ੀਨਰੀ ਤੇ ਹਮਲਾ ਕਰਦਾ ਹੈ। ਹਿੰਸਕ ਹੋ ਜਾਂਦਾ ਹੈ। ਥਾਣੇਦਾਰ ਤੇ ਹਮਲਾ ਕਰਦਾ ਹੈ। ਸ਼ਹੀਦ ਹੋ ਜਾਂਦਾ ਹੈ।

ਬਾਬੇ ਅਰਜੁਨ ਸਿੰਘ ਦਾ ਇਹ ‘ਐਕਸ਼ਨ’ ਉਸਦੇ ਅਪਣੇ ‘ਪ੍ਰੰਪਰਾਗਤ’ ਸੰਦਰਭਾਂ ‘ਚ ਹੀ ਵਾਜਿਬ ਹੈ। ਉਸਨੂੰ ਪ੍ਰਾਪਤ ‘ਹੁਣ’ ਦੇ ਸੰਦਰਭ ‘ਚ ਇਹ ਉਲਾਰ, ਭਾਵੁਕ ਅਤੇ ਹਿੰਸਕ ਮਨੋਬਿਰਤੀ ਦਾ ਪ੍ਰਗਟਾ ਹੈ। ਕਿਉਂਕਿ ਸਮੇਂ ਦੀ ਰਾਜਨੀਤਕ ‘ਸੂਝ’, ਅਤੇ ਸਮਾਜਿਕ ‘ਬੂਝ’ ਅਨੁਸਾਰ ਤਾਂ ‘ਥਾਣੇਦਾਰ’ ਵੀ ‘ਵਿਕਟਮ’ ਹੈ। ਹੋਰ ਤਾਂ ਹੋਰ ‘ਥਾਣੇਦਾਰ’ ਜਿਸ ਮਸ਼ੀਨਰੀ ਦਾ ਪੁਰਜ਼ਾ ਹੈ ਉਸ ਮਸ਼ੀਨੀਰੀ ਦੇ ‘ਰਾਸ਼ਟਰ’ ਪੱਧਰੀ ਆਕਿਆਂ ਦੇ ‘ਆਕੇ’ ਵਧੇਰੇ ਰਾਜਨੀਤਕ ਅਸਰ ਰਸੂਖ ਅਤੇ ਧੰਨ-ਸੰਪਤੀ ਵਾਲੇ ਹੋਰ ਰਾਸ਼ਟਰ ਹਨ। ਭਾਰਤ ਵਰਗੇ ‘ਗਰੀਬ’ ਰਾਸ਼ਟਰ ਸਮੁੱਚ ਵਿੱਚ ਖੁਦ ਕਿਸੇ ਹੋਰ ਦੇ ਹੱਥ ਠੋਕੇ ਹਨ। ਇਹਨਾਂ ਵਿਰਾਟ ਸੰਦਰਭਾਂ ਵਾਲੀ ਰਾਜਨੀਤੀ ਵਾਸਤੇ ਰਾਸ਼ਟਰਾਂ ਅੰਦਰ ਵਿਕਸਤ ਲੋਕ-ਪ੍ਰੰਪਰਾਵਾਂ, ਖਾਸੇ, ਅਤੇ ਸਭਿਆਚਾਰਕ ਪਛਾਣਾਂ ਬੇਮਾਯਨੇ ਹਨ। ਤਦ ਹੀ ਅੱਜ ‘ਸੰਸਾਰਕ ਮਹਾਂਸ਼ਕਤੀਆਂ’ ਦੇ ਚਿਹਨ ‘ਲੋਕ ਦਮਨੀ’ ਸੁਰ ਵਾਲੇ ਹਨ।

ਇੱਕ ਹੋਰ ਬਾਬਾ ਅਰਜੁਨ ਸਿੰਘ ਸ਼ਹੀਦ ਹੋ ਗਿਆ ਹੈ। ਹੁਣ? ਉਸਦੇ ਵਿਰਸੇ ਦੀ ਵਾਰਿਸ ਆਵਾਜ਼ ਭੀੜ ਚੋਂ ਹੌਲੇ ਜਿਹੀ ਉੱਠਦੀ ਹੈ, “ਨਹੀਂ ਉਏ ਰੀਸਾਂ ਸਾਡੇ ਸੂਰਮੇ ਬਾਪੂ ਦੀਆਂ।” ਸਟੇਟ ਦੀ ਮਸ਼ੀਨਰੀ ਦਾ ਡਰ ਇਹਨਾਂ ਬੋਲਾਂ ‘ਚ ਸ਼ਾਮਿਲ ਹੋ ਚੁੱਕਾ ਹੈ। ਜੇ ਇਹ ਬੋਲ ਸ਼ਾਨਾਮੱਤੇ ਪੰਜਾਬੀ ਵਿਰਸੇ ਦੇ ਹਨ ਤਾਂ ਇਹਨਾਂ ਬੋਲਾਂ ‘ਚ ਸ਼ਮਿਲ ‘ਡਰ’, ‘ਅਰਜੁਨੀ’ ਲੱਕੜ ਨੂੰ ਲੱਗ ਚੁੱਕਾ ਘੁਣ ਤਾਂ ਨਹੀਂ? ਭੀੜ ਚੋਂ ਉੱਠੀ ਇਸ ਆਵਾਜ਼ ਪਾਸ ਹਾਲੇ ਚਿਹਰਾ ਨਹੀਂ। ਸਮੇਂ ਨਾਲ ਇਹ ਚਿਹਰਾ ਉਘੜ ਵੀ ਆਵੇਗਾ। ਪਰ ਉਸ ਵਾਰਸ ਦਾ ਰਾਹ ਕੀ ਹੋਵੇਗਾ? ਕੀ ਹੋਵੇ? ਬਾਬੇ ਅਰਜੁਨ ਸਿੰਘ ਵਾਲਾ ਰਾਹ ਤਾਂ ਸ਼ਹੀਦੀ ਤੇ ਪੁਜ ਕੇ ਮੁੱਕ ਗਿਆ ਹੈ। ਸਮੇਂ ਦੀ ਹਾਣੀ ਲੋਕ-ਸੂਝ ‘ਚ ਤਾਂ ਇਹ ਡੈੱਡ-ਐਂਡ ਹੈ। ਨਿਰਸੰਦੇਹ ‘ਮਨੁੱਖਤਾ’ ਦੇ ਭਲੇ ਨੂੰ ਸਮਰਪਿਤ ਜਿਸ ਸ਼ਾਨਾਮੱਤੀ ਪ੍ਰੰਪਰਾ ਦਾ ਸ਼ਹੀਦ ਬਾਬਾ ਅਰਜੁਨ ਸਿੰਘ ਹੈ ਉਸਦੇ ਭਲਕ ਨੂੰ ਵੱਖਰਾ ਰਾਹ ਦਰਕਾਰ ਹੈ। ਇਹ ਰਾਹ ਕੀ ਹੋਵੇ? ਇਸ ਪਰਬਤੀ ਦਾਈਏ ਵਾਲੀ ਖੁਰਦੀ ਜਾ ਰਹੀ ਲੋਕ-ਵਿਰਾਸਤ ਦੇ ਹੱਕ ਵਾਲੀ ‘ਸੱਤਾ’ ਦੀ ਪ੍ਰਾਪਤੀ ਲਈ ‘ਰਾਜਨੀਤਕ ਪੈਂਤੜਾ’ ਕੀ ਹੋਵੇ?

ਕਹਾਣੀ ਦੇ ਨਾਇਕ ਅਰਜਨ ਨੂੰ ਸਰਕਾਰੀ ਹੋਣ ਤੋਂ ਚਿੜ੍ਹ ਹੈ। ਸਥਾਪਿਤੀ ਨਾਲ ਉਸਦਾ ਖਾਨਦਾਨੀ ਵੈਰ ਹੈ। ਉਹ ਨਾ ਕਾਮਰੇਡਾਂ ਵੱਲ ਹੈ ਨਾ ਨਵੇਂ ਜਥੇਦਾਰ ਬਣੇ ਮੁੰਡਿਆਂ ਵੱਲ। ਨਿਰਸੰਦੇਹ ਭੀੜ ਚੋਂ ਉੱਠੇ ਇਹ ਬੇ-ਨਕਸ਼ ਬੋਲ, ਫਿਰ ਕਿਸੇ ਉਸ ਨਵੀਂ ਧਿਰ ਦੇ ਹਨ ਜੋ ਕਾਮਰੇਡਾਂ ਅਤੇ ਜਥੇਦਾਰਾਂ ਤੋਂ ਵੱਖਰੀ ਹੈ। ਹੋਵੇਗੀ। ਜੇ ਇਹ ਕੋਈ ‘ਹੋਰ ਵੀ ਉਠਸੀ ਮਰਦ ਕਾ ਚੇਲਾ’ ਦੀ ਨਿਸ਼ਾਨਦੇਹੀ ਹੈ ਤਾਂ ਕੀ ਇਹ ਨਵੀਂ ਧਿਰ ‘ਸਟੇਟ ਦੇ ਡਰ’ ਤੋਂ ਮੁਕਤ ਹੋ ਕੇ ਬੋਲਣ ਵਾਲੀ ਹੋਵੇਗੀ? ਬੋਲ ਸਕੇਗੀ? ਸਥਾਪਤੀ ਨੂੰ ਵੰਗਾਰਨ, ਜ਼ਾਬਰਾਂ ਨੂੰ ਲਲਕਾਰਨ ਦੀ ਅਪਣੀ ਵਿਰਾਸਤ ਨੂੰ ਨਿਭਾ ਸਕੇਗੀ? ਜਿਵੇਂ ਅਰਜਨ ਸਿੰਘ ਇਸਨੂੰ ਨਿਭਾ ਗਿਆ ਹੈ! ਸ਼ਹੀਦ ਅਰਜਨ ਸਿੰਘ ਦੀ ਲਿਸ਼ ਲਿਸ਼ ਕਰਦੀ ਦਾਹੜੀ ਦਾ ਮਾਣ ਕਾਇਮ ਰੱਖ ਸਕੇਗੀ? ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਭਾਲਣ ਲਈ ਪਾਠਕ ਨੂੰ ਤੁਰਨਾ ਪੈਣਾ ਹੈ। ਇਸ ਸਫ਼ਰ ਲਈ ਸੰਕੇਤਕ ਦਿਸ਼ਾ ਅਤੇ ਊਰਜਾ ਦੋਵੇਂ ‘ਰਿਮ ਝਿਮ ਪਰਬਤ’ ‘ਚ ਮੌਜੂਦ ਹਨ।

‘ਸਿੰਘ ਸਭਾ’ ਲਹਿਰ ਦਾ ਸਿਪਾਹੀ ‘ਇੰਦਰ ਸਿੰਘ’ ਗਦਰੀਆਂ ਦਾ ਸਾਥੀ ਵੀ ਰਿਹਾ ਹੈ। ਖੁਦ ਅਰਜਨ ਸਿੰਘ ‘ਕਾਮਰੇਡ ਜਥੇਦਾਰ’ ਕਹਾਉਣ ‘ਚ ਬਹੁਤਾ ਸੰਕੋਚ ਨਹੀਂ ਕਰਦਾ। ਅਪਣੇ ਟਰੇਡ ਯੂਨੀਅਨ ਕਾਮੇ ਪੁੱਤਰਾਂ ਦੇ ਰਾਜਨੀਤਕ ਪੈਂਤੜੇ ਨਾਲ ਭਾਵੇਂ ਉਹ ਸਹਿਮਤ ਨਹੀਂ ਪਰ ਉਸਤੋਂ ਬਹੁਤਾ ਦੂਰ ਵੀ ਨਹੀਂ। ਜੀਵਨ ਦੇ ਮਹੱਤਵਪੂਰਨ ਫੈਸਲੇ ਉਹ ਪਰਿਵਾਰਕ ਤੋਰ ਤੇ ਹੀ ਕਰਦੇ ਹਨ। ਨਵੇਂ ਬਣੇ ਜਥੇਦਾਰ ਮੁੰਡਿਆਂ ਦੀਆਂ ਸਟੇਨਾਂ ਦੀ ਛਾਂ ਥੱਲੇ ਭਾਵੇਂ ਉਸਦੀ ‘ਲੋਕ ਆਜ਼ਾਦੀ’ ਨੂੰ ਸਮਰਪਿਤ ਵਿਰਾਸਤ ਦਾ ਦਮ ਘੁਟਦਾ ਹੈ, ਪਰ ਫਿਰ ਵੀ ਉਹ ਪਿੱਠ ਕਰਕੇ ਤੁਰੇ ਜਾਂਦੇ ਉਸਨੂੰ ਅਪਣੇ ਹੀ ਪੁੱਤਰ ਜਾਪਦੇ ਹਨ। ਉਹ ਚਾਹੁੰਦਾ ਹੈ ਉਹ ਜੀਉਣ।

‘ਰਿਮਝਿਮ ਪਰਬਤ’ ਵਿਚਲੇ ਇਹ ਸਾਰੇ ਬ੍ਰਿਤਾਂਤ ਇਕ ਸੰਭਾਵਤ ‘ਤੀਸਰੇ ਰਾਜਨੀਤਕ’ ਪਲੈਟਫਾਰਮ ਵੱਲ ਇਸ਼ਾਰਾ ਕਰਦੇ ਹਨ। ਇਸ ਪਲੈਟਫਾਰਮ ਦਾ ਪਰਚਮ ਸੂਹਾ ਲਾਲ ਨਹੀਂ। ਗੂੜਾ ਨੀਲਾ ਨਹੀਂ। ਉਘੜਵਾਂ ਕੇਸਰੀ ਨਹੀਂ। ਇਹ ਪਰਚਮ ‘ਲਾਲ-ਨੀਲੇ-ਕੇਸਰੀ’ ਸ਼ੇਡਜ਼ ਵਾਲਾ ਹੈ। ‘ਸ਼ੇਡਜ਼’ ਦੀ ਉਤਪਤੀ ਦਾ ਫਲਸਫ਼ਾ ਨਿਰਸੰਦੇਹ ਇੱਕ ਰੰਗ ਨੂੰ ਦੂਜੇ ਰੰਗ ਵਾਸਤੇ ਸਪੇਸ ਮੁਹੱਈਆ ਕਰਨ ਅਤੇ ਦੂਜੇ ਰੰਗ ‘ਚ ਅਪਣੇ ਰੰਗ ਲਈ ਸਪੇਸ ਬਣਾਉਣ ਤੇ ਟਿਕਿਆ ਹੈ। ਅਜਿਹੇ ਪਰਚਮ ਨੂੰ ਸਿਰਜਦੀ ਕਹਾਣੀ ‘ਰਿਮਝਿਮ ਪਰਬਤ’ ਅਜੋਕੇ ਸਮੇਂ ਦੀ ਪੰਜਾਬੀ ਕਹਾਣੀ ‘ਚ ਇਕ ਮਹੱਤਵ ਪੂਰਨ ਮੋੜ ਹੈ। ਸੂਖਮ ਤਲਾਂ ਤੇ ਇੱਕ ਨਵੀਂ ਸੂਝ ਵਾਲੀ ਰਾਜਨੀਤਕ-ਵਿਚਾਰਧਾਰਾ ਦੀ ਸ਼ੁਰੂਆਤ ਹੈ, ਜੋ ਕਿ ਪਰਬਤੀ ਦਾਈਏ ਵਾਲੀ ਖੁਰਦੀ ਜਾ ਰਹੀ ਪੰਜਾਬੀ-ਲੋਕ-ਵਿਰਾਸਤ ਦੇ ਹੱਕ ਵਾਲੀ ‘ਸੱਤਾ’ ਦੀ ਪ੍ਰਾਪਤੀ ਲਈ ‘ਰਾਜਨੀਤਕ ਪੈਂਤੜਾ’ ਹੋ ਸਕਦੀ ਹੈ।
 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com