ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਕਹਾਣੀ

 ਉਸੇ ਰਾਹ ਵੱਲ
ਅਨਮੋਲ ਕੌਰ।

ਅਜੇ ਸਵੇਰਾ ਹੀ ਸੀ ਕਿ ਰਾਜੀ ਦੇ ਬੇਜੀ ਉਸ ਨੂੰ ਅਵਾਜ਼ਾ ਮਾਰਨ ਲੱਗ ਪਏ, “ ਰਾਜੀ ਉੱਠ ਖੜ, ਅੱਜ ਤਾਂ ਛੁੱਟੀ ਆ, ਭਾਬੀ ਨਾਲ ਕੁੱਝ ਕਰਾ ਲਾ, ਵਿਚਾਰੀ ਤੜਕੇ ਦੀ ਲੱਗੀ ਹੋਈ ਹੈ।”
“ ਬੇਜੀ ਛੁੱਟੀ ਵਾਲੇ ਦਿਨ ਤਾਂ ਮਾੜਾ ਜਹਾ ਅਰਾਮ ਕਰ ਲੈਣ ਦਿਆ ਕਰੋ, ਤੜਕੇ ਹੀ ਅਵਾਜ਼ਾ ਮਾਰਨ ਲੱਗ ਪੈਂਦੇ ਹੋ।” ਰਾਜੀ ਨੇ ਬਿਸਤਰੇ ਵਿਚੋਂ ਹੀ ਕਿਹਾ।
“ ਆਹੋ, ਬੇਜੀ ਸੋਂ ਲੈਣ ਦਿਉ ਰਾਜੀ ਨੂੰ, ਸੁਹਰਿਆਂ ਦੇ ਜਾ ਕੇ ਫਿਰ ਸਾਜਰੇ ਹੀ ਉੱਠਨਾ ਪਿਆ ਕਰਨਾ ਹੈ, ਪੇਕਿਆਂ ਦੇ ਘਰ ਹੀ ਮੌਜ਼ਾਂ ਮਿਲਦੀਆਂ ਨੇ।” ਨਸੀਬ ਬੇਜੀ ਲਈ ਚਾਹ ਲਈ ਆਉਂਦੀ ਬੋਲੀ।
“ ਜ਼ਿਊਂਦੀ ਰਹਿ ਧੀਏ।” ਬੇਜੀ ਨੇ ਆਪਣੀ ਅਕਲ ਵਾਲੀ ਨੂੰਹ ਨੂੰ ਅਸੀਸ ਦਿਤੀ।
“ ਚੱਲ ਭਾਬੀ, ਕੋਈ ਨਹੀ , ਮੈ ਉੱਠ ਹੀ ਜਾਂਦੀ ਹਾਂ ਬੇਜੀ ਨੇ ਕਿਤੇ ਪੈਣ ਦੇਣਾ ਮੈਨੂੰ।” ਇਹ ਕਹਿੰਦੀ ਹੋਈ ਰਾਜੀ ਗੁਸਲਖਾਨੇ ਵਿਚ ਚਲੀ ਗਈ।
ਦਸ ਕੁ ਵਜੇ ਨਨਾਣ ਭਰਜਾਈ ਖੂਹ ਨੂੰ ਰੋਟੀ ਦੇਣ ਅਤੇ ਸਾਗ ਲੈਣ ਚੱਲ ਪਈਆਂ।
“ ਜਦੋਂ ਬੇਜੀ ਠੀਕ ਸਨ ਤਾਂ ਆਪਾ ਨੂੰ ਇਹ ਸਾਰੇ ਕੰਮ ਨਹੀ ਸੀ ਕਰਨੇ ਪੈਂਦੇ।” ਰਾਜੀ ਬੋਲੀ।
“ ਇਸ ਵੇਲੇ ਨੂੰ ਤਾਂ ਬੇਜੀ ਦੋ ਗੇੜੇ ਖੂਹ ਦੇ ਲਾ ਆਉਂਦੇ ਸਨ।”
“ ਭਾਬੀ , ਭਾਪੇ ਹੋਰੀ ਤਾਂ ਕਿਤੇ ਦਿਸਦੇ ਨਹੀ।” ਆਲੇ- ਦੁਆਲੇ ਨਿਗਾਹ ਮਾਰਦੀ ਰਾਜੀ ਬੋਲੀ।
“ ਉਹ ਪਰੇ ਖੇਤਾਂ ਵਿਚ ਹੋਣੇ ਨੇ ਰਾਜੂ ਨਾਲ ਪਾਣੀ-ਪੁਣੀ ਲਾਉਂਦੇ।”
ਰਾਜੀ ਮੋਟਰ ਦੇ ਨਾਲ ਵਾਲੇ ਕਮਰੇ ਵਿਚ ਗਈ, ਜਿੱਥੇ ਭਾਪਾ ਜੀ ਅਤੇ ਭਈਆ ਰਾਜੂ ਸੌਂਦੇ ਨੇ। ਕਮਰੇ ਨੂੰ ਦਰਵਾਜਾ ਤਾਂ ਹੈ ਹੀ ਨਹੀ ਸੀ, ਉਸ ਨੇ ਅਗਾਹ ਨੂੰ ਹੋ ਕੇ ਝਾਕਿਆ ਤਾਂ ਦੇਖਿਆ ਦੋਹਾਂ ਮੰਜਿਆ ਉੱਪਰ ਚਾਰ ਗਭਰੂ ਲੰਮੇ ਪਏ ਸਨ। ਤਿੰਨ ਕੇਸਾ ਵਾਲੇ ਸਨ ਅਤੇ ਇਕ ਮੋਨਾ ਸੀ। ਉਹ ਇਕਦਮ ਪਿੱਛੇ ਨੂੰ ਹੱਟ ਗਈ। ਉਦੋਂ ਹੀ ਰਾਜੂ ਅਤੇ ਭਾਪਾ ਜੀ ਵੀ ਆ ਗਏ ਅਤੇ ਨਨਾਣ ਭਰਜਾਈ ਨੂੰ ਮੋਟਰ ਵਾਲੇ ਕਮਰੇ ਵਿਚ ਜਾਣ ਦਾ ਇਸ਼ਾਰਾ ਕੀਤਾ।
“ ਭਾਪਾ ਜੀ, ਉਹ ਕੋਣ ਨੇ”?
“ ਉਹ ਪੁੱਤ, ਆਪਣੇ ਪ੍ਰੋਹਾਣੇ ਆਏ।”
“ ਹਾਂ, ਪ੍ਰੋਹਣੇ ਕਿਹੜੇ?” ਨਸੀਬ ਨੇ ਹੈਰਾਨੀ ਨਾਲ ਪੁੱਛਿਆ॥
“ ਭਾਬੀ, ਪ੍ਰੋਹਣੇ ਵੀ ਚਾਰ ਆ। ਮੰਜਿਆ ਉੱਤੇ ਅਰਾਮ ਫੁਰਮਾ ਰਹੇ।”
“ ਪੁੱਤ, ਲਿਆਂਦੀ ਰੋਟੀ ਤੁਸੀ ਉਹਨਾ ਨੂੰ ਖਵਾ ਦਿਉ, ਮੈ ਤਾਂ ਰਾਜੂ ਘਰ ਜਾ ਕੇ ਖਾ ਲਵਾਗੇ।” ਇਹ ਕਹਿ ਕੇ ਭਾਪਾ ਜੀ ਨਾਲ ਵਾਲੇ ਕਮਰੇ ਨੂੰ ਚਲੇ ਗਏ।
“ ਮੈ ਕਿਹਾ ਪ੍ਰਸ਼ਾਦਾ ਛੱਕ ਲੈਂਦੇ।”
ਪਰਸ਼ਾਦੇ ਦੇ ਨਾਮ ਉੱਪਰ ਚਾਰੇ ਝੱਟ ਉੱਠ ਕੇ ਬੈਠ ਗਏ ਜਿਵੇ ਕਈ ਦਿਨਾਂ ਦੇ ਭੁੱਖੇ ਹੋਣ।
“ ਰਾਜੀ, ਆ ਡੋਲੂ ਵਿਚ ਮੋਟਰ ਤੋਂ ਪਾਣੀ ਲਿਆ, ਰੋਟੀ ਚੌਹਾਂ ਲਈ ਥੋੜੀ ਆ, ਲੱਸੀ ਹੀ ਪਤਲੀ ਕਰ ਲਈਏ।” ਨਸੀਬ ਨੇ ਕਿਹਾ।
ਰੋਟੀ ਪਾ ਹੀ ਰਹੀਆ ਸਨ ਕਿ ਭਾਪਾ ਜੀ ਬੋਲੇ, “ ਜੇ ਸਾਗ ਤੋੜਨਾ ਹੋਇਆ ਤਾਂ ਬੇਰੀ ਵਾਲੇ ਖੇਤ ਵਿਚੋਂ ਤੋੜਿਉ, ਦੂਜੇ ਨੂੰ ਪਾਣੀ ਲਾਇਆ।”
“ ਸਾਗ ਜਰਾ ਖੁਲ੍ਹਾ ਧਰ ਲਿਉ।” ਚੋਹਾਂ ਵਿਚੋਂ ਇਕ ਬੋਲਿਆ॥
ਨਨਾਣ ਭਰਜਾਈ ਨੇ ਭਾਪਾ ਜੀ ਵੱਲ ਦੇਖਿਆ, ਪਰ ਚੁੱਪ ਕਰਕੇ ਸਾਗ ਲੈਣ ਤੁਰ ਪਈਆ।
“ ਭਾਬੀ, ਮੈਨੂੰ ਤਾਂ ਡਰ ਲੱਗਦਾ, ਇਹ ਕਿਤੇ ਅੱਤਵਾਦੀ ਨਾ ਹੋਣ।”
“ ਡਰ ਨਾ ਤੇ ਧਿਆਨ ਨਾਲ ਬਾਥੂ ਤੋੜ, ਖਾਣ ਨਹੀ ਲੱਗੇ ਅੱਤਵਾਦੀ।”
“ ਪਰ ਉਹ ਤਾਂ ਬੰਦਾ ਮਾਰਨ ਵਿਚ ਢਿਲ ਨਹੀ ਕਰਦੇ।”
“ ਰਾਜੀ, ਇਕ ਗੱਲ ਦੱਸਾ, ਬਿਨਾ ਵਜਹ ਕਿਸੇ ਨੂੰ ਨਹੀ ਮਾਰਦੇ।”
“ ਨਾਲ ਦੇ ਪਿੰਡ ਵਾਲਾ ਗੱਜਣ ਸਿੰਘ ਕਿਨਾ ਭਲਾਮਾਨਸ ਸੀ, ਅੱਤਵਾਦੀਆ ਨੇ ਮਾਰਨ ਲੱਗਿਆ ਦੇਖਿਆ ਕਿਤੇ।”
“ ਉਹ ਅੱਤਵਾਦੀਆਂ ਨੇ ਨਹੀ ਮਾਰਿਆ, ਤੇਰੇ ਵੀਰੇ ਨੇ ਮੈਨੂੰ ਸਾਰੀ ਗੱਲ ਦੱਸੀ, ਸ਼ਰੀਕਾ ਨੇ ਜ਼ਮੀਨ ਖਾਤਰ ਮਾਰ ਕੇ ਆਪ ਹੀ ਰੌਲਾ ਪਾ ਦਿੱਤਾ ਕੇ ਭਿੰਡਰਾਵਾਲੇ ਦੇ ਖਾੜਕੂ ਮਾਰ ਗਏ।”
“ ਲੋਕ ਇੰਝ ਕਿਉਂ ਕਰਨ ਲਗ ਪਏ।”
“ ਲੋਕਾਂ ਨੂੰ ਆਪਣੀਆਂ ਦੁਸ਼ਮਣੀਆਂ ਕੱਢਣ ਦਾ ਮੌਕਾ ਹੀ ਹੁਣ ਮਿਲਿਆ।”
“ਭਾਪਾ ਜੀ ਨੇ ਸਾਨੂੰ ਦੱਸਿਆ ਹੀ ਨਹੀ ਉਹ ਚਾਰੇ ਹੈ ਕੌਣ?”
“ ਰਾਜੀ, ਤੂੰ ਘਬਰਾਈ ਕਾਤੇ ਜਾਂਦੀ ਏ, ਆਪੇ ਦਸ ਦੇਣਗੇ।”
ਸਾਗ ਤੌੜ ਕੇ ਮੋਟਰ ਦੇ ਪਾਣੀ ਨਾਲ ਧੋਣ ਲਗ ਪਈਆਂ। ਰਾਜੀ ਹਰੀਆਂ ਮਿਰਚਾਂ ਤੋੜਨ ਲਈ ਬਗੀਚੇ ਵਿਚ ਗਈ ਤਾਂ ਉਸ ਨੇ ਦੇਖਿਆ ਕਿ ਉਹਨਾਂ ਚੋਹਾਂ ਵਿਚੋਂ ਇਕ ਜਣਾ ਉੱਥੇ ਸੀ। ਉਹ ਡਰਦੀ ਉਂਝ ਹੀ ਪਿੱਛੇ ਨੂੰ ਮੁੜ ਆਈ। ਰਾਜੀ ਦਾ ਵਾਹ ਕਦੀ ਕਿਸੇ ਲੁਟਰੇ ਜਾਂ ਚੋਰ ਨਾਲ ਪਿਆ ਤਾਂ ਨਹੀ ਸੀ ਫਿਰ ਵੀ ਉਹ ਇਸ ਤਰਾਂ ਦੇ ਲੋਕਾਂ ਤੋਂ ਉਹ ਡਰਦੀ ਬਹੁਤ ਸੀ। ਸਾਹ ਨਾਲ ਸਾਹ ਰਲਾਉਂਦੀ ਹੋਈ ਆਪਣੀ ਭਾਬੀ ਨੂੰ ਕਹਿਣ ਲੱਗੀ, “ਭਾਬੀ ਤੂੰ ਆਪ ਹੀ ਜਾ ਕੇ ਮਿਰਚਾ ਲੈ ਆ।”
“ ਤੂੰ ਕਿਉਂ ਨਹੀ ਲੈ ਕੇ ਆਈ।”
“ ਉੱਥੇ ਉਹਨਾਂ ਦਾ ਇਕ ਬੰਦਾ ਹੈ।”
“ ਉਹ ਬੰਦਾ ਤੈਨੂੰ ਕੁੱਝ ਨਹੀ ਕਹਿਣ ਲੱਗਾ।”
“ ਪਰ, ਮੈ ਨਹੀ ਜਾਣਾ।”
“ ਅੱਛਾ, ਮੈ ਹੀ ਲੈ ਆਉਂਦੀ ਹਾ।”
ਨਸੀਬ ਨੇ ਦੇਖਿਆ ਕਿ ਉਹ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ। ਪਰ ਨਸੀਬ ਚੁੱਪ ਕਰਕੇ ਮਿਰਚਾ ਤੋੜ ਕੇ ਲੈ ਆਈ। ਘਰ ਨੂੰ ਜਾਣ ਲੱਗੀਆਂ ਤਾ ਭਾਪਾ ਜੀ ਉਹਨਾਂ ਦੇ ਕੋਲ ਆ ਕੇ ਹੌਲੀ ਜਿਹੀ ਕਹਿਣ ਲੱਗੇ, “ ਪਿੰਡ ਕਿਸੇ ਕੋਲ ਗੱਲ ਨਾ ਕਰਿਉ ਇਹਨਾਂ ਚੋਹਾਂ ਬਾਰੇ।”
“ ਭਾਪਾ ਜੀ, ਰਾਤ ਨੂੰ ਰੋਟੀ ਖਾ ਕੇ ਚਲੇ ਜਾਣਗੇ।” ਰਾਜੀ ਨੇ ਡਰਦੇ ਜਿਹੇ ਹੌਲੀ ਜਿਹੀ ਪੁੱਛਿਆ, “ ਕੌਣ ਹਨ ਇਹ, ਬਿਨ ਬੁਲਾਏ ਮਹਿਮਾਨ। ਜੇ ਖਾੜਕੂ ਹੋਏ ਤਾਂ ਫਿਰ ਕੀ ਹੋਵੇਗਾ।”
“ ਪੁੱਤਰ, ਤੁਸੀ ਘਰ ਨੂੰ ਚਲੋ, ਹਾਂ ਜੇ ਸ਼ਹਿਰੋਂ ਜਰਨੈਲ ਵੇਲੇ ਸਿਰ ਮੁੜ ਆਵੇ ਤਾਂ ਰਾਤ ਦੀ ਰੋਟੀ ਟੈਮ ਨਾਲ ਭੇਜ ਦੇਣਾ, ਨਹੀ ਤਾਂ ਮੈ ਆਪ ਹੀ ਆ ਕੇ ਲੈ ਜਾਵਾਗਾ।”
ਘਰ ਜਾ ਕੇ ਨਸੀਬ ਨੇ ਵੱਡੇ ਭਾਤ ਦੇ ਪਤੀਲੇ ਵਿਚ ਸਾਗ ਧਰ ਦਿੱਤਾ। ਦੋਨੋ ਨਾਨਣ ਭਰਜਾਈ ਮੱਕੀ ਦੀਆਂ ਰੋਟੀਆਂ ਪਕਾਉਣ ਲੱਗ ਪਈਆਂ। ਹੌਲੀ ਹੌਲੀ ਬੇਜੀ ਵੀ ਕਮਰੇ ਵਿਚੋਂ ਬਾਹਰ ਆ ਗਏ। ਰੋਟੀਆਂ ਵੱਲ ਦੇਖ ਕੇ ਬੋਲੇ, “ ਕੁੜੇ ਤੁਸੀ ਰੋਟੀਆਂ ਦੀਆਂ ਤਹੀਆਂ ਲਾਉਣ ਡਹੀਆਂ, ਕੀ ਕਰਨੀਆਂ ਨੇ ਏਨੀਆਂ ਰੋਟੀਆਂ।”
“ ਬੀਜੀ, ਬਾਹਰ ਖੁਹ ਤੇ ਕੋਈ ਰਾਹੀਗੀਰ ਆਏ ਹੋਏ ਹਨ।” ਨਸੀਬ ਨੇ ਕਿਹਾ ,” ਭਾਪਾ ਜੀ ਕਹਿੰਦੇ ਸਨ ਕਿ ਇਹਨਾ ਲਈ ਵੀ ਰੋਟੀ ਭੇਜ ਦੇਣਾ।”
“ ਆਪਣੇ ਭਾਪਾ ਜੀ ਨੂੰ ਦਸ ਦੇਣਾ ਸੀ ਕਿ ਹੁਣ ਭਲੇ ਵੇਲਿਆਂ ਦੀਆ ਗੱਲਾਂ ਨਹੀ ਰਹੀਆਂ, ਥਾਂ ਥਾਂ ਤੇ ਲੁੱਟਾਂ ਖੋਹਾਂ ਹੁੰਦੀਆਂ ਨੇ, ਰੋਜ਼ ਰੇਡਿਉ ਵਾਲੇ ਦੱਸਦੇ ਆ। ਰੋਟੀ ਖੁਲ਼ਾ ਕੇ ਤੁਰਦੇ ਕਰੋ। ਪਤਾ ਨਹੀ ਕੋਣ ਹੋਣ?” ਬੇਜੀ ਨੇ ਸਾਰੇ ਟੱਬਰ ਨੂੰ ਹਦਾਇਤ ਕੀਤੀ।
“ ਬੇਜੀ, ਹੌਲੀ ਬੋਲੋ। ਗੁਆਂਢੀ ਸੁਣ ਲੈਣਗੇ।” ਜਦੋਂ ਰਾਜੀ ਨੇ ਇੰਨੀ ਗਲ ਕਹੀ ਤਾਂ ਬੀਜੀ ਸਹਿਮ ਜਿਹੇ ਗਏ ਅਤੇ ਮੱਧਮ ਜਿਹੀ ਅਵਾਜ਼ ਵਿਚ ਬੁੜ-ਬੁੜਾਏ, ਕਿਤੇ ਅੱਤਵਾਦੀ ਨਾ ਹੋਣ।”
ੳਦੋਂ ਹੀ ਸਕੂਟਰ ਦੀ ਅਵਾਜ਼ ਬਾਹਰੋਂ ਆਈ।
“ ਲੱਗਦਾ ਹੈ ਜਰਨੈਲ ਆ ਗਿਆ।” ਬੇਜੀ ਨੇ ਬੂਹੇ ਵੱਲ ਦੇਖ ਕੇ ਕਿਹਾ।
“ ਰਾਜੀ, ਰੋਟੀ ਬਣ ਦੇ ਆਪਣੇ ਵੀਰ ਨੂੰ।” ਨਸੀਬ ਨੇ ਕਿਹਾ, “ ਖੜੇ ਖੜੇ ਖੂਹ ਤੇ ਫੜਾ ਆਉਣ।”
“ ਨਾ, ਬਹੂ ਮੈ ਮੁੰਡੇ ਨੂੰ ਰੋਟੀ ਲੈ ਕੇ ਨਹੀ ਜਾਣ ਦੇਣਾ। ਖੋਰੇ ਜੇ ਉਹ ਅੱਤਵਾਦੀ ਹੋਏ ਤਾਂ ਐਵੇ ਗੱਲਾਂ ਵਿਚ ਭਰਮਾ ਕੇ ਮੁੰਡੇ ਨੂੰ ਵੀ ਆਪਣੇ ਨਾਲ ਰਲਾ ਲੈਣਗੇ। ਨਸੀਬ ਤੂੰ ਤੇ ਰਾਜੀ ਜਾ ਕੇ ਰੋਟੀ ਦੇ ਆਵੋ।”
“ ਤੇ ਇਹ ਚੰਗੀਆਂ ਲਗੱਦੀਆਂ ਬੇਗਾਨੇ ਬੰਦਿਆ ਦਾ ਸਾਹਮਣੇ ਜਾਂਦੀਆਂ। ਜਰਨੈਲ ਨੇ ਸਕੂਟਰ ਵਿਹੜੇ ਵਿਚ ਖੜਾ ਕਰਦੇ ਕਿਹਾ।” ਉਸ ਨੇ ਘਰ ਵਿਚ ਹੋ ਰਹੀਆਂ ਗੱਲਾਂ ਤੋਂ ਅੰਦਾਜਾ ਲਾ ਲਿਆ ਸੀ ਕਿ ਖੁਹ ਤੇ ਜ਼ਰੂਰ ਕੌਈ ਅਜਨਵੀ ਹੋਣਗੇ।
“ ਕੋਈ ਨਹੀ, ਮੈ ਆ ਗਿਆ ਹਾਂ, ਰੋਟੀ ਬੰਨ ਦਿਉ।” ਭਾਪਾ ਜੀ ਨੇ ਆਉਂਦੇ ਹੀ ਆਖਿਆ।
“ ਭਾਪਾ ਜੀ, ਤੁਸੀ ਇਕ ਦਿਨ ਸਭ ਨੂੰ ਮਰਵਾ ਕੇ ਸਾਹ ਲਉਂਗੇ।” ਜਰਨੈਲ ਨੇ ਗੁੱਸੇ ਵਿਚ ਕਿਹਾ।
“ ਪੁੱਤਰਾ, ਜਨਮ ਮਰਨ ਸਭ ਪ੍ਰਮਾਤਮਾ ਦੇ ਹੱਥ ਵਿਚ ਹੈ। ਸਾਡਾ ਤਾਂ ਇਹ ਹੀ ਫਰਜ਼ ਹੈ ਜੋ ਵੀ ਦਰਾਂ ਵਿਚ ਭੁੱਖਾ- ਭਾਣਾ ਆ ਗਿਆ ਉਸ ਦੀ ਮੱਦਦ ਕਰਨੀ।”
ਦੂਸਰੇ ਦਿਨ ਉਹਨਾਂ ਵਿਚੋਂ ਦੋ ਚਲੇ ਗਏ ਅਤੇ ਦੋ ਉੱਥੇ ਹੀ ਟਿੱਕੇ ਰਹੇ। ਉਹ ਬੋਲਦੇ ਵੀ ਘੱਟ ਸਨ ਅਤੇ ਆਪਣੇ ਹੀ ਨੇਮ ਨਾਲ ਦਿਨ ਬਿਤਾਂਦੇ। ਦਿਨ ਚੜ੍ਹਨ ਤੋਂ ਪਹਿਲਾਂ ਹੀ ਆਪਣੇ ਸਾਰੇ ਕੰਮ ਮੁਕਾ ਲੈਂਦੇ। ਦਿਨ ਦੇ ਚਾਨਣ ਵਿਚ ਪਸੂਆਂ ਵਾਲੇ ਕਮਰੇ ਵਿਚ ਹੀ ਰਹਿੰਦੇ। ਭਾਪਾ ਜੀ ਤੇ ਭਰੋਸਾ ਹੋਣ ਕਾਰਨ ਉਹਨਾਂ ਦੀ ਬਹੁਤ ਇੱਜ਼ਤ ਕਰਦੇ। ਇਕ ਦਿਨ ਭਾਪਾ ਜੀ ਕਮਰੇ ਵਿਚ ਆਏ ਤਾਂ ਉਹਨਾਂ ਥੱਲੇ ਮੰਜੇ ਦੇ ਕੋਲ ਪਇਆ ਪਿਸਤੌਲ ਝੱਟ ਹੀ ਪੈਰਾਂ ਨਾਲ ਹੀ ਮੰਜੇ ਦੇ ਥੱਲੇ ਧੱਕ ਦਿੱਤਾ। ਬੇਸ਼ੱਕ ਭਾਪਾ ਜੀ ਨੇ ਪਿਸਤੋਲ ਦੇਖ ਲਇਆ ਸੀ, ਪਰ ਉਹਨਾਂ ਅਣਡਿੱਠ ਕਰਨ ਦਾ ਬਹਾਨਾ ਕੀਤਾ। ਭਾਪਾ ਜੀ ਉਹਨਾ ਕੋਲ ਬੈਠ ਗਏ ਅਤੇ ਹੌਲੀ ਹੌਲੀ ਗੱਲਾ ਵਿਚ ਪਾ ਕੇ ਪੁੱਛਿਆ, “ ਤੁਸੀ ਕਿਸੇ ਜੱਥੇਬੰਦੀ ਨਾਲ ਸਬੰਧਤ ਹੋ?”
“ ਹਾਂ, ਜੀ ਦੋਂਨਾਂ ਨੇ ਇੱਕਠੇ ਕਿਹਾ।”
“ ਫਿਰ, ਖਾੜਕੂ ਹੋ।”
“ ਨਹੀ ਜੀ, ਅਜੇ ਨਹੀ।”
“ ਚਲੋ, ਜੋ ਵੀ ਤੁਸੀ ਹੋ, ਪਰ ਸਾਡੇ ਤੇ ਹੁਣ ਕ੍ਰਿਪਾ ਕਰੋ।” ਭਾਪਾ ਜੀ ਨੇ ਬਨੇਤੀ ਕੀਤੀ, “ ਮੈ ਵੀ ਕਬੀਲਦਾਰ ਬੰਦਾ ਹਾਂ, ਟੱਬਰ ਮੇਰੇ ਨਾਲ ਖਿੱਝਦਾ ਹੈ ਕਿ ਮੈ ਤਹਾਨੂੰ ਪਨਾਹ ਦਿੱਤੀ ਹੈ।”
“ ਟੱਬਰ ਸਾਥੋਂ ਡਰਦਾ ਹੈ।”
“ ਤੁਹਾਡੇ ਤੋਂ ਤਾਂ ਘੱਟ ਡਰ ਹੈ, ਪੁਲੀਸ ਤੋਂ ਜ਼ਿਆਦਾ।”
“ ਅਸੀ ਵੀ ਪੁਲੀਸ ਤੋਂ ਲੁਕੇ ਹੀ ਇੱਥੇ ਬੈਠੇ ਹਾਂ।” ਉਹਨਾਂ ਵਿਚੋਂ ਇਕ ਦੱਸਣ ਲੱਗਾ, “ ਅਸੀ ਸਾਰੇ ਇਕ ਹੀ ਕਾਲਜ਼ ਦੇ ਵਿਦਿਆਰਥੀ ਹਾਂ, ਸਾਡੇ ਨਾਲਦੇ ਦੋ ਮੁੰਡੇ ਪੁਲੀਸ ਨੇ ਬਿਨਾਂ ਕਿਸੇ ਵਜ੍ਹਾ ਦੇ ਪਤਾ ਨਹੀ ਕਿੱਧਰ ਛੁਪਾ-ਖੁਪਾ ਛੱਡੇ।”
“ ਇਕ ਹੋਰ ਨੂੰ ਸ਼ਰੇਆਮ ਸਾਡੀਆਂ ਅੱਖਾਂ ਦੇ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ।” ਦੂਸਰਾ ਮੁੰਡਾ ਬੋਲਿਆ, “ ਹੁਣ ਪੁਲੀਸ ਨੂੰ ਸਾਡੀ ਭਾਲ ਹੈ।”
“ ਪਰ ਤੁਸੀ ਕੀਤਾ ਕੀ।”
“ ਸਾਡੇ ਪਿੰਡਾਂ ਦੇ ਗੁਰਦੁਆਰਿਆਂ ਵਿਚ ਅੱਗਾ ਲਾਈਆਂ ਜਾ ਰਹੀਆਂ ਸਨ, ਅਸੀ ਇੱਕਠੇ ਹੋ ਕੇ ਇਸ ਦੇ ਖਿਲਾਫ ਅਸੀ ਜਲੂਸ ਕੱਢਿਆ ਸੀ।”
“ ਤੁਹਾਡੇ ਨਾਲ ਦੇ ਦੋ ਸਾਥੀ ਕਿੱਥੇ ਗਏ ਨੇ?” ਬਾਹਰੋਂ ਆਉਂਦੇ ਜਰਨੈਲ ਨੇ ਪੁੱਛਿਆ। ਜੋ ਬਾਹਰ ਦਰਵਾਜੇ ਕੋਲ ਖੜਾ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ।”
“ ਅਸੀ ਤਹਾਨੂੰ ਸਭ ਕੁੱਝ ਦੱਸ ਦਿੰਦੇ ਹਾਂ, ਪਰ ਤੁਸੀ ਸਾਡੇ ਨਾਲ ਇਕ ਵਾਅਦਾ ਕਰੋ ਕਿ ਤੁਸੀ ਸਾਡੀ ਮੱਦਦ ਕਰੋਂਗੇ।”
“ ਯੋਗ ਮੱਦਦ ਜ਼ਰੂਰ ਕਰਾਂਗੇ।” ਭਾਪਾ ਜੀ ਨੇ ਜਰਨੈਲ ਦੇ ਬੋਲਣ ਤੋਂ ਪਹਿਲਾਂ ਹੀ ਕਹਿ ਦਿੱਤਾ।
“ ਸਾਡੇ ਸਾਥੀ ਕਿਸੇ ਖਾੜਕੂ ਜੱਥੇਬੰਦੀ ਨਾਲ ਗੱਲ-ਬਾਤ ਕਰਨ ਗਏ ਹਨ, ਪੁਲੀਸ ਨੇ ਸਾਨੂੰ ਬਖਸ਼ਨਾ ਤਾਂ ਹੈ ਨਹੀ ਕਿਉਂ ਨਾ ਅਸੀ ਵੀ ਚਲਦੇ ਸੰਘਰਸ਼ ਵਿਚ ਹਿੱਸਾ ਪਾ ਕੇ ਪੰਜਾਬੀਆਂ ਦੇ ਹਿੱਤਾਂ ਲਈ ਕੁੱਝ ਕਰ ਸਕੀਏ।”
ਗੱਲਾਂ ਕਰਦਿਆਂ ਤੇ ਦੂਸਰੇ ਸਾਥੀ ਵੀ ਆ ਗਏ। ਉਹਨਾਂ ਨੂੰ ਦੇਖ ਕੇ ਸਭ ਚੁੱਪ ਹੋ ਗਏ। ਜਰਨੈਲ ਅਤੇ ਭਾਪਾ ਜੀ ਕਮਰੇ ਵਿਚੋਂ ਬਾਹਰ ਆ ਗਏ। ਖੂਹ ਤੋਂ ਘਰ ਨੂੰ ਆਉਂਦਿਆਂ ਰਸਤੇ ਵਿਚ ਵੀ ਕੋਈ ਗੱਲ ਨਾ ਕੀਤੀ।
“ ਦੋਨਾਂ ਨੂੰ ਚੁੱਪ ਦੇਖ ਕੇ ਬੇਜੀ ਨੇ ਹੀ ਗੱਲ ਛੇੜੀ, “ ਪ੍ਰਹਾਣੇ ਤੁਰ ਗਏ ਨੇ ਜਾਂ ਅਜੇ ਵੀ ਡੇਰਾ..।”
“ ਭਾਪਾ ਜੀ ਨੇ ਤਾਂ ਉਹਨਾਂ ਨੂੰ ਜਾਣ ਲਈ ਕਹਿਣਾ ਨਹੀ।” ਬੇਜੀ ਦੀ ਗੱਲ ਵਿਚ ਹੀ ਰੱਜ਼ੀ ਬੋਲੀ, “ ਵੀਰ ਜੀ ਤੁਸੀ ਆਪ ਹੀ ਗੱਲ ਕਰ ਲੈਣੀ ਸੀ।”
ਭਾਪਾ ਜੀ ਨੇ ਜਰਨੈਲ ਵੱਲ ਦੇਖਿਆ ਫਿਰ ਹੌਲੀ ਹੌਲੀ ਸਭ ਕੁੱਝ ਟੱਬਰ ਨੂੰ ਦੱਸ ਦਿੱਤਾ।
“ ਭਾਪਾ ਜੀ ਤੁਸੀ ਉਹਨਾਂ ਨੂੰ ਸਮਝਾ-ਬੁਝਾ ਕੇ ਵਾਪਸ ਘਰਾਂ ਨੂੰ ਮੋੜ ਦਿਉ।” ਨਸੀਬ ਨੇ ਸਲਾਹ ਦਿੱਤੀ, “ ਸਿੱਖ ਕੌਮ ਦਾ ਅੱਗੇ ਹੀ ਬਥੇਰਾ ਨੁਕਸਾਨ ਹੋ ਚੁੱਕਿਆ ਹੈ।”
ਉਦੋਂ ਹੀ ਕਿਸੇ ਬਾਹਰਲਾ ਗੇਟ ਖੜਕਾਇਆ ਅਤੇ ਨਾਲ ਹੀ ਅਵਾਜ਼ ਆਈ, “ ਜਰਨੈਲ ਸਿਹਾਂ ਘਰੇ ਹੀ ਹੋ।”
“ ਚੌਕੀਦਾਰ ਲੱਗਦਾ ਹੈ।” ਭਾਪਾ ਜੀ ਨੇ ਕਿਹਾ, ਆ ਜਾ ਸਵੰਰਨਿਆ, ਲੰਘ ਆ।”
ਜਰਨੈਲ ਉੱਠ ਕੇ ਗੇਟ ਵੱਲ ਨੂੰ ਚਲਾ ਗਿਆ। ਦੇਖਿਆਂ ਤਾਂ ਸਵਰਨੇ ਨਾਲ ਸਰਪੰਚ ਵੀ ਸੀ। ਜਰਨੈਲ ਨੂੰ ਇਕਦਮ ਸ਼ੱਕ ਹੋਇਆ ਕਿ ਆਏ ਮਹਿਮਾਨਾ ਦਾ ਇਹਨਾਂ ਨੂੰ ਪਤਾ ਨਾ ਚਲ ਗਿਆ ਹੋਵੇ। ਜਰਨੈਲ ਉਹਨਾਂ ਨੂੰ ਬੈਠਕ ਵਿਚ ਲੈ ਗਿਆ। ਭਾਪਾ ਜੀ ਵੀ ਨਸੀਬ ਨੂੰ ਦੁੱਧ ਦਾ ਪਤੀਲਾ ਗਰਮ ਕਰਨ ਦਾ ਕਹਿ ਕੇ ਪਿੱਛੇ ਬੈਠਕ ਵਿਚ ਚਲੇ ਗਏ।
“ ਭਾਈ, ਤੁਹਾਡੇ ਖੁਹ ਤੇ ਜਿਹੜੈ ਬੰਦੇ ਲੁਕੇ ਬੈਠੇ ਹਨ।” ਸਰਪੰਚ ਨੇ ਬੈਠਦਿਆਂ ਹੀ ਦੋ ਟੁੱਕ ਗੱਲ ਕੀਤੀ, “ ਪੁਲੀਸ ਉਹਨਾਂ ਨੂੰ ਲੈਣ ਆਈ ਸਾਡੇ ਘਰੇ ਬੈਠੀ ਆ।
“ ਪੁਲੀਸ ਤਾਂ ਸਿੱਧੀ ਖੁਹ ਤੇ ਜਾਣ ਲੱਗੀ ਸੀ।” ਸਵਰਨੇ ਨੇ ਕਿਹਾ, “ਸਰਪੰਚ ਸਾਹਿਬ ਨੇ ਤੁਹਾਡੇ ਟੱਬਰ ਦੀ ਸ਼ਰਾਫਤ ਦਾ ਵਾਸਤਾ ਪਾ ਕੇ ਉਹਨਾਂ ਨੂੰ ਰੋਕਿਆ ਪਈ ਇਸ ਪ੍ਰੀਵਾਰ ਦਾ ਉਹਨਾ ਖਾੜਕੂਆਂ ਨਾਲ ਕੋਈ ਸੰਬਧ ਨਹੀ ਹੋ ਸਕਦਾ।”
ਭਾਪਾ ਜੀ ਅਤੇ ਜਰਨੈਲ ਨੇ ਉਹਨਾ ਨੂੰ ਸਮਝਾਇਆ ਕਿ ਉਹ ਖਾੜਕੂ ਨਹੀ ਹਨ। ਉਹਨਾਂ ਬਾਰੇ ਸਭ ਕੁੱਝ ਦੱਸਿਆ। ਸਰਪੰਚ ਸਿਆਣਾ ਸੀ। ਉਸ ਨੂੰ ਪਤਾ ਸੀ ਕਿ ਪੁਲੀਸ ਨੇ ਇਸ ਤਰਾਂ ਸਾਡੀਆਂ ਗੱਲਾਂ ਤੇ ਕੋਈ ਯਕੀਨ ਨਹੀ ਕਰਨਾ। ਸੋਚ ਵਿਚਾਰ ਕੇ ਕਹਿਣ ਲੱਗਾ, “ ਫਿਰ ਇਦਾ ਕਰਦੇ ਹਾਂ ਕਿ ਸਾਰੇ ਪਿੰਡ ਨੂੰ ਇਕੱਠਾ ਕਰ ਕੇ ਲੁਕੇ ਬੰਦਿਆਂ ਦੀ ਅਸਲੀਅਤ ਦੱਸੀਏ ਤਾਂ ਸ਼ਾਇਦ ਪੁਲੀਸ ਇੱਕਠ ਦੇਖ ਉਹਨਾਂ ਨੂੰ ਲਿਜਾ ਨਾ ਸਕੇ।
“ ਹਾਂ, ਜੀ, ਇੱਦਾ ਭਾਂਵੇ ਕੋਈ ਬਚਾ ਹੋ ਸਕੇ,।” ਸਵਰਨਾ ਭਾਪਾ ਜੀ ਵੱਲ ਦੇਖ ਕੇ ਬੋਲਿਆ , “ ਉਦਾ ਤਾਂ ਪੁਲੀਸ ਨੇ ਤਹਾਨੂੰ ਵੀ ਨਹੀ ਬਖਸ਼ਨਾ।”
ਲੋਕਾਂ ਨੇ ਪੁਲੀਸ ਦਾ ਮਿੰਨਤ ਤਰਲਾ ਕੀਤਾ। ਮੁੰਡਿਆਂ ਨੇ ਨਿਰਦੋਸ਼ ਹੋਣ ਦਾ ਸਬੂਤ ਦਿੱਤਾ, ਤਾਂ ਥਾਣੇਦਾਰ ਕਿਹਾ, “ ਉਹਨਾਂ ਨੂੰ ਪੇਸ਼ ਕਰ ਦਿਉ। ਅਸੀ ਬਚਨ ਦਿੰਦੇ ਹਾਂ ਕਿ ਅਸੀ ਸਹੀ ਸਲਾਮਤ ਉਹਨਾ ਨੂੰ ਤਹਾਨੂੰ ਵਾਪਸ ਕਰ ਦੇਵਾਂਗੇ।”
ਅੱਗੇ ਅੱਗੇ ਭਾਪਾ ਜੀ ਅਤੇ ਮਗਰ ਸਾਰਾ ਪਿੰਡ ਖੁਹ ਨੂੰ ਤੁਰ ਪਿਆ। ਭਾਪਾ ਜੀ ਦੇ ਪੁਹੰਚਣ ਤੋ ਪਹਿਲਾਂ ਹੀ ਇਕ ਮੁੰਡੇ ਉਹਨਾਂ ਨੂੰ ਦੇਖ ਲਿਆ। ਕਮਰੇ ਵਿਚ ਜਾ ਕੇ ਬਾਕੀਆਂ ਨੂੰ ਚੋਕੰਨੇ ਕੀਤਾ। ਪਰ ਭਾਪਾ ਜੀ ਦੇ ਯਕੀਨ ਸਦਕਾ ਉਹ ਬਹੁਤਾ ਨਾ ਘਬਰਾਏ। ਭਾਪਾ ਜੀ ਨੇ ਸਾਰੀ ਗੱਲ ਉਹਨਾਂ ਨੂੰ ਸਮਝਾਈ ਉਹਨਾਂ ਦੇ ਮਾਪਿਆ ਦੇ ਵਾਸਤੇ ਪਾ ਕੇ ਉਹਨਾਂ ਨੂੰ ਰਾਜ਼ੀਨਾਮੇ ਲਈ ਰਾਜ਼ੀ ਕਰ ਲਿਆ।
ਪੁਲੀਸ ਵੀ ਪੁੰਹਚ ਗਈ।
ਥਾਣੇਦਾਰ ਨੇ ਬੜੀ ਹਲੀਮੀ ਨਾਲ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ, “ ਸਜਨੋ, ਗੱਲ ਇਹ ਪਈ ਅੱਜ ਅਸੀ ਇਹਨਾਂ ਚੌਹਾਂ ਨੂੰ ਛੱਡ ਕੇ ਨਹੀ ਜਾ ਸਕਦੇ। ਸਾਨੂੰ ਚਾਰ-ਪੰਜ ਘੰਟਿਆਂ ਵਾਸਤੇ ਸ਼ਹਿਰ ਖੜਨੇ ਹੀ ਪੈਣੇ ਨੇ।”
“ ਪਰ, ਥਾਨੇਦਾਰ ਸਾਹਿਬ, ਤੁਸੀ ਕਿਹਾ ਸੀ ਕਿ ਸਾਡੇ ਅੱਗੇ ਇਕ ਵਾਰੀ ਪੇਸ਼ ਕਰ ਦਿਉ, ਅਗਾਹ ਅਸੀ ਕੁੱਝ ਨਹੀ ਕਰਾਂਗੇ।” ਭਾਪਾ ਜੀ ਬੋਲੇ।
“ ਸਰਦਾਰ ਜੀ, ਸਾਨੂੰ ਥੌੜ੍ਹੀ ਬਹੁਤੀ ਤਾਂ ਕਾਨੂਨੀ ਕਾਰਵਾਈ ਕਰਨੀ ਹੀ ਪੈਣੀ ਹੈ।”
“ ਥਾਨੇਦਾਰ ਜੀ, ਫਿਰ ਇਸ ਤਰਾਂ ਕਰੋ ਜੇ ਤੁਸੀ ਜ਼ਰੂਰੀ ਲੈ ਕੇ ਜਾਣੇ ਹਨ ਤਾਂ ਲੈ ਜਾਊ ਪਰ ਪੰਜਾਂ ਘੰਟਿਆਂ ਬਾਅਦ ਸਾਡੇ ਕੋਲ ਇਸ ਜਗ੍ਹਾ ਵਾਪਸ ਕਰਨੇ ਪੈਣਗੇ।” ਸਰਪੰਚ ਨੇ ਕਿਹਾ, “ ਇਹਨਾ ਦੀ ਕੋਈ ਕੁੱਟ-ਮਾਰ ਨਹੀ ਕੀਤੀ ਹੋਵੇਗੀ।”
“ ਸਰਪੰਚ ਸਾਹਿਬ, ਕੁੱਟ-ਮਾਰ ਦਾ ਸਵਾਲ ਹੀ ਪੈਦਾ ਨਹੀ ਹੁੰਦਾ। ਇਹਨਾ ਦੇ ਸਰੀਰ ਤੇ ਕੋਈ ਝਰੀਟ ਵੀ ਨਹੀ ਹੋਵੇਗੀ।”
“ ਪੁਲੀਸ ਲਿਖ ਕੇ ਦੇ ਜਾਵੇ ਇਹ ਗੱਲ।” ਪਿੰਡ ਦੇ ਇਕ ਸਿਅਣੇ ਬੰਦੇ ਨੇ ਕਿਹਾ, “ ਪੁਲੀਸ ਦੀਆਂ ਜ਼ਬਾਨੀ ਗੱਲਾਂ ਤੇ ਪਿੰਡ ਦੇ ਲੋਕਾਂ ਨੂੰ ਯਕੀਨ ਨਹੀ ਹੈ।”
ਥਾਣੇਦਾਰ ਨੇ ਲਿਖ ਕੇ ਦਿੱਤਾ “ ਅਸੀ ਵਾਅਦਾ ਕਰਦੇ ਹਾਂ ਕਿ ਪੰਜਾਂ ਛੇ ਘੰਟਿਆਂ ਬਾਅਦ ਇਸੇ ਜਗਾਂ ਇਹ ਚਾਰੇ ਜਵਾਨ ਤੁਹਾਨੂੰ ਵਾਪਸ ਕਰ ਦੇਵਾਂਗੇ।” ਬਰੈਕਟ ਵਿਚ ਚੋਹਾਂ ਲੜਕਿਆਂ ਦੇ ਨਾਮ ਲਿਖ ਦਿੱਤੇ। ਥੱਲੇ ਡਿਸਟਕ ਪੁਲੀਸ ਲਿਖ ਕੇ ਥਾਣੇਦਾਰ ਨੇ ਆਪਣੇ ਦੱਸਤਖ ਕਰ ਦਿੱਤੇ।
ਪੰਜਾਂ ਘੰਟਿਆਂ ਬਾਅਦ ਪਿੰਡ ਦੇ ਲੋਕ ਫਿਰ ਉਸੇ ਜਗ੍ਹਾਂ ਇਕੱਠਾ ਹੋਣ ਲੱਗੇ। ਜਦੋਂ ਛੇ ਘੰਟੇ ਬਾਅਦ ਵੀ ਉੱਥੇ ਕੋਈ ਪੁਲੀਸ ਨਾ ਆਈ ਤਾਂ ਸਾਰਿਆਂ ਨੂੰ ਪੁਲੀਸ ਦਾ ਉਹ ਹੀ ਭ੍ਰਿਸਟ ਭਰਿਆ ਕਿਰਦਾਰ ਨਜ਼ਰ ਆਉਣ ਲੱਗਾ। ਪਰ ਸਾਡੇ ਕੁ ਛੇ ਘੰਟਿਆਂ ਪਿਛੋਂ ਦੂਰੋਂ ਪੁਲੀਸ ਦੀ ਜੀਪ ਨਜ਼ਰ ਆਈ।
“ ਜੀਪ ਤਾਂ ਪੁਲੀਸ ਦੀ ਹੀ ਲਗਦੀ ਹੈ।” ਕਿਸੇ ਨੇ ਕਿਹਾ।
“ ਪਹਿਲਾਂ ਦੇਖੋ ਵਿਚ ਮੁੰਡੇ ਹੈਗੇ ਵੀ ਕਿ ਨਹੀ।” ਅਮਲੀ ਨੇ ਕਿਹਾ, “ ਜਾਂ ਉਹਨਾਂ ਦੀਆਂ ਹੱਡੀਆਂ ਹੀ ਨੇ।”
“ ਅਮਲੀਆਂ, ਜੇ ਤੇਰੀ ਸ਼ਕਲ ਚੰਗੀ ਨਹੀ ਤਾਂ ਗੱਲ ਤਾਂ ਚੰਗੀ ਕਰਿਆ ਕਰ।” ਚੌਂਕੀਦਾਰ ਸਵਰਨਾ ਬੋਲਿਆ, “ ਅਖੇ, ਮੁਰਦਾ ਬੋਲੂ ਕਫਨ ਹੀ ਪਾੜੂ।”
ਪਰ ਚੋਹਾਂ ਨੂੰ ਸਹੀ ਸਲਾਮਤ ਜੀਪ ਵਿਚ ਦੇਖ ਕੇ ਲੋਕਾਂ ਨੂੰ ਚਾਅ ਚੜ੍ਹ ਗਿਆ।
“ ਲਉ ਬਈ ਮਿਤਰੋ, ਆਪਣੀ ਅਮਾਨਤ ਸਾਂਭੋ।” ਥਾਨੇਦਾਰ ਨੇ ਜੀਪ ਵਿਚੋਂ ਉਤਰਦੇ ਹੀ ਕਿਹਾ।”
“ ਪਰ ਥਾਨੇਦਾਰ ਸਾਹਿਬ, ਇਹਨਾ ਦੇ ਮੂੰਹ ਉਤਰੇ ਅਤੇ ਬੱਗੇ ਜਿਹੇ ਕਿਉਂ ਹੈ।” ਭਾਪਾ ਜੀ ਨੇ ਪੁੱਛਿਆ।
“ ਭਾਪਾ ਜੀ, ਪੁਲੀਸ ਨੇ ਸਾਨੂੰ ਜਿੰਦਗੀ ਜਿਊਣ ਜੋਗੇ…।
“ ਇਹਨਾ ਨੂੰ ਕਿਸੇ ਨੇ ਕੁੱਝ ਨਹੀ ਕਿਹਾ, ਬਸ ਇਕ ਇਕ ਟੀਕਾ ਜਿਹਾ ਲਾਇਆ, ਜਿਸ ਨਾਲ ਇਹ ਜ਼ਿਆਦਾ ਹੀ ਘਬਰਾ ਗਏ। ਥਾਣੇਦਾਰ ਵਿਚੋਂ ਹੀ ਬੋਲਿਆ, “ ਬਸ ਹੁਣ ਇਹ ਸ਼ਾਤੀ ਭਰੀ, ਜੋਗੀਆਂ ਵਾਲੀ ਜ਼ਿੰਦਗੀ ਜਿਉਣ ਗਏ।” ਇਹ ਕਹਿ ਕੇ ਥਾਣੇਦਾਰ ਗੱਡੀ ਵਿਚ ਬੈਠ ਕੇ ਉਡਾਤੰਰ ਹੋਇਆ।
ਲੋਕਾਂ ਨੂੰ ਪੁਲੀਸ ਦੀ ਗੱਲ ਸਮਝ ਤਾਂ ਪਈ ਨਹੀ। ਫਿਰ ਵੀ ਇਕ ਬੰਦਾ ਸ਼ੁਕਰ ਕਰਦਾ ਬੋਲਿਆ, “ ਚਲੋ, ਇਹ ਪੁਲੀਸ ਦੇ ਜ਼ੁਲਮ ਤੋਂ ਬਚ ਗਏ।”
“ ਹਾਂ ਬਈ, ਜਾਨ ਹੈ ਤਾਂ ਜਹਾਨ।” ਸਵਰਨਾ ਬੋਲਿਆ, “ ਆਹ ਤਾਂ ਪੁਲੀਸ ਦੀ ਮਿਹਰਬਾਨੀ ਹੋ ਗਈ, ਨਹੀ ਤਾਂ ਅੱਜਕਲ ਸਿੱਖਾਂ ਦੇ ਜਵਾਨ ਮੁੰਡੇ ਪੁਲੀਸ ਜਿਊਂਦੇ-ਜਾਗਦੇ ਵਾਪਸ ਕਰ ਜਾਵੇ।”
“ ਹਾਂ, ਅਸੀ ਤਾਂ ਬਚ ਗਏ ਹਾਂ।” ਚੌਹਾਂ ਵਿਚੋਂ ਇਕ ਨੇ ਉਦਾਸ ਅਵਾਜ ਨਾਲ ਕਿਹਾ, “ ਪਰ ਸਾਡੇ ਚੌਹਾਂ ਦੇ ਬੱਚੇ ਮਾਰ ਦਿੱਤੇ ਗਏ।”
“ ਉਹ ਕਿਵੇ।” ਹੈਰਾਨੀ ਭਰੀ ਇੱਕਠੀ ਅਵਾਜ਼ ਆਈ।
“ ਸਾਡੀ ਨੰਸਬੰਦੀ ਕਰ ਦਿੱਤੀ ਗਈ।” ਇਕ ਹੋਰ ਮੁੰਡੇ ਨਾ ਰੋ ਕੇ ਕਿਹਾ, ਅਸੀ ਉਮਰ ਪਰ ਔਂਤਰੇ ਹੀ ਰਹਾਂਗੇ।”
“ ਕੱਖ ਨਾ ਰਹੇ ਇਸ ਰੰਡੀ ਪੁਲੀਸ ਦਾ।” ਬੇਬੇ ਨਾਮੀ ਝੀਰੀ ਬੋਲੀ, “ ਤੁਹਾਡੇ ਨਿਆਣਿਆਂ ਨੇ ਇਹਨਾਂ ਦੇ ਖਾਣ ਜਾਣਾ ਸੀ। ਤੁਹਾਡੇ ਜ਼ੁਆਕਾ ਦਾ ਇਹਨਾ ਨੂੰ ਕੀ ਦੁੱਖ ਹੋਇਆ।ਮਰ ਜਾਣਿਆ ਏਡਾ ਘਿਨਉਣਾ ਜ਼ੁਲਮ ਕਰ ਛੱਡਿਆ”
“ਉਹ ਕਹਿੰਦੇ ਸਨ ਕਿ ਸਿੱਖ ਕੌਮ ਸਰਕਾਰ ਨੂੰ ਬਹੁਤ ਦੁੱਖ ਦਿੰਦੀ ਹੈ।” ਤੀਜਾ ਮੁੰਡਾ ਕਿਸੇ ਗੁੱਝੇ ਦਰਦ ਨਾਲ ਅੱਖਾਂ ਮੀਟਦਾ ਬੋਲਿਆ, “ ੳਪਰੋ ਹੁਕਮ ਹੈ ਜਿਹੜੇ ਸਿੱਖ ਮੁੰਡੇ ਤੁਹਾਥੋ ਬਚੀ ਜਾਂਦੇ ਨੇ, ਉਹਨਾਂ ਦੇ ਉਪਰੇਸ਼ਨ ਕਰੀ ਚਲੋ। ਜਿੰਨੀ ਇਹਨਾਂ ਦੀ ਨਸਲ ਘਟੇਗੀ ਉਹਨਾਂ ਸਰਕਾਰ ਦਾ ਖਤਰਾ ਵੀ ਘਟੇਗਾ।”
ਇਹ ਸੁਣ ਕੇ ਸਾਰੇ ਇਕ ਦੂਜੇ ਦੇ ਮੂੰਹ ਵੱਲ ਝਾਕਣ ਲੱਗੇ।ਭਾਪਾ ਜੀ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਕਿਸੇ ਨੂੰ ਹੋਰ ਕੁੱਝ ਕਹਿਣ ਲਈ ਕੁੱਝ ਵੀ ਨਹੀ ਸੀ ਸੁੱਝ ਰਿਹਾ। ਸਿਰਫ ਸਰਪੰਚ ਹੀ ਭਾਪਾ ਜੀ ਦੇ ਮੋਢੇ ਤੇ ਹੱਥ ਰੱਖਦਾ ਭਰੀ ਅਵਾਜ਼ ਵਿਚ ਕਹਿਣ ਲੱਗਾ, “ ਚਲੋ ਸਰਦਾਰ ਜੀ, ਮੁੰਡਿਆਂ ਨੂੰ ਇਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਆਈਏ।”
“ਨਹੀ, ਅਸੀ ਹੁਣ ਆਪਣੇ ਘਰਾਂ ਨੂੰ ਵਾਪਸ ਨਹੀ ਜਾਣਾ।” ਚਾਰੇ ਇੱਕਠੇ ਬੋਲੇ।
“ ਫਿਰ ਤੁਸੀ ਕਿੱਥੇ ਜਾਣਾ ਹੈ?” ਸਰਪੰਚ ਨੇ ਪੁੱਛਿਆ।
“ ਜਿੱਥੇ ਜਾਣ ਤੋਂ ਪਹਿਲਾ ਤੁਸੀ ਸਾਰਿਆਂ ਨੇ ਸਾਨੂੰ ਰੋਕਿਆ ਸੀ।” ਇੱਕ ਮੁੰਡੇ ਨੇ ਲੋਕਾਂ ਵੱਲ ਇਸ਼ਾਰਾ ਕਰਦੇ ਕਿਹਾ, “ ਤੁਹਾਡੇ ਕਹਿਣ ਤੇ ਅਸੀ ਆਪਣਾ ਫੈਂਸਲਾ ਬਦਲ ਲਿਆ ਸੀ।”
“ ਪਰ ਪੁਲੀਸ ਨੇ ਸਾਡੇ ਨਾਲ ਧੱਕਾ ਕਰਕੇ ਸਾਨੂੰ ਉਸੇ ਰਾਹ ਵੱਲ ਫਿਰ ਧੱਕ ਦਿੱਤਾ, ਜਿਸ ਦਾ ਪੈਂਡਾ ਇੰਨਾ ਲੰਮਾ ਹੈ ਕਿ ਉਸ ਤੇ ਚਲਦਿਆਂ ਜਿੰਦਗੀਆਂ ਕਿਸੇ ਸਮੇਂ ਵੀ ਕੁਰਬਾਨ ਹੋ ਸਕਦੀਆਂ ਨੇ।” ਦੂਸਰੇ ਨੇ ਕਿਹਾ।
“ ਵੈਸੇ ਵੀ ਹੁਣ ਸਾਡੀਆਂ ਜਿੰਦਗੀਆਂ ਗ੍ਰਹਿਸਤੀ ਜੀਵਨ ਵਲੋਂ ਤਾਂ ਬੇਅਰਥ ਹੋ ਹੀ ਚੁੱਕੀਆਂ ਹਨ।” ਤੀਜੇ ਨੇ ਕਿਹਾ।
“ ਕਿਉਂ ਨਾ ਹੁਣ ਉਹ ਕੰਮ ਕੀਤੇ ਜਾਣ ਜਿਸ ਦਾ ਪੰਥ ਕੌਮ ਜਾਂ ਪੰਜਾਬੀਆਂ ਲਈ ਕੋਈ ਅਰਥ ਹੋਵੇ।” ਚੋਥੇ ਨੇ ਕਿਹਾ।
ਦੋ ਜਣੇ ਡੰਗਰਾਂ ਵਾਲੇ ਅੰਦਰੋਂ ਆਪਣਾ ਥੈਲਾ ਚੁੱਕ ਲਿਆਏ ਅਤੇ ਚਾਰੇ ਰਲ ਕੇ ਉਸ ਰਸਤੇ ਵੱਲ ਤੁਰ ਪਏ ਜਿਸ ਦਾ ਉੱਥੇ ਖਲੋਤੇ ਸਭ ਲੋਕਾਂ ਨੂੰ ਪਤਾ ਸੀ ਕਿ ਉਹ ਕਿੱਥੇ ਜਾਂਦਾਂ ਹੈ, ਪਰ ਕਿਸੇ ਨੇ ਵੀ ਉਹਨਾਂ ਨੂੰ ਜਾਣ ਤੋਂ ਨਾ ਰੋਕਿਆ।

 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)