ਯਾਤਰਾ ਹਾਨ ਕੂ ਲਈ ਵੀ ਪੂਰੀ ਹੋਣ ਲੱਗੀ ਸੀ। ਜਦੋਂ ਦੀ
ਵੈਨ ਛੱਡੀ ਲੁਕ ਲੁਕ ਕੇ ਸਾਰੇ ਪੰਜਾਬ ਦੀ ਸਰਹੱਦ ਤੱਕ ਪਹੁੰਚ ਗਏ ਸਨ। ਪਰ ਆਪਾਂ ਇਸ
ਗੱਲ ਦਾ ਬਾਅਦ 'ਚ ਪਤਾ ਕਰਾਂਗੇ। ਜਿਵੇਂ ਸ਼ੇਰ, ਸ਼ੈਤਾਨ, ਜਾਂ ਓਂਕਾਰ ( ਹਰਨਾਂ ਲਈ
ਸ਼ੇਰ, ਸ਼ਿਕਾਰਾਂ ਲਈ ਸ਼ੈਤਾਨ,'ਤੇ ਸਾਡੇ ਲਈ ਓਂਕਾਰ) ਮੱਝ ਦੇ ਬੱਚੇ ਨੂੰ ਬੈਠਾ
ਖਾਂਦਾ ਸੀ।
ਹਾਨ ਨੇ ਸਾਰਿਆਂ ਨੂੰ ਇਸ਼ਾਰਾ ਕੀਤਾ ਚੁੱਪ ਚਾਪ ਰਹਿਣ ਲਈ। ਸੜਕਾਂ ਕੋਈ ਬਹੁਤੀ
ਦੂਰ ਨਹੀਂ ਸਨ। ਉਨ੍ਹਾਂ ਤੋਂ ਟੀਂ ਟੀਂ ਦੀ ਅਵਾਜ਼ ਆਉਂਦੀ ਸੀ। ਇੱਕ ਪਾਸੇ ਖੇਤ'ਚੋਂ
ਟ੍ਰੈੱਕਟਰ ਦੀ ਵਾਜ ਆਉਂਦੀ ਸੀ। ਸ਼ੇਰ ਬੈਠਾ ਸੀ ਬੇਇਲਮ, ਕਟਰੂ ਨੂੰ ਖਾਂਦਾ। ਐਤਕੀ
ਹਾਨ ਭਾਂਜ ਨਹੀਂ ਖਾਣ ਚਾਹੁੰਦਾ ਸੀ। ਉਸ ਨੇ ਢਾਸੀ ਨੂੰ ਇਸ਼ਾਰਿਆ ਨਾਲ਼ ਕਿਹਾ ਜਾਲ਼
ਤਿਆਰ ਕਰ। ਪਰ ਫਿਰ ਵੀ ਬੰਦਿਆਂ ਦੀ ਘੁਸਰ ਮੁਸਰ ਸ਼ੈਤਾਨ ਨੂੰ ਸੁਣ ਗਈ ਸੀ।
" ਲੈ! ਸੁੱਟ ਉਪਰ ਕੁੱਤਿਆ!", ਹਾਨ ਨੇ ਢਾਸੀ ਨੂੰ ਚੀਕ ਕੇ ਕਿਹਾ। ਜਾਲ਼
ਸ਼ੇਰ'ਤੇ ਸੁੱਟ ਦਿੱਤਾ। ਜਾਨਵਰ ਡਰਦਾ ਲੱਗਦਾ ਸੀ। ਹਾਨ ਦਾ ਹੌਂਸਲਾ ਵਧ ਗਿਆ।
" ਚੱਲੋ! ਉਸਦੇ ਸੱਟ ਮਾਰੋਂ!"।
ਰੱਘੇ ਦੇ ਹੱਥ'ਚ ਨੇਜ਼ਾ ਸੀ। ਉਸ ਨੇ ਸ਼ੇਰ ਵੱਲ ਵਧਾਇਆ। ਪਿੱਛੇ ਖੜ੍ਹੇ
ਸ਼ਿਕਾਰਾਂ ਨੇ ਆਵਦੀਆਂ ਬੰਦੂਕਾਂ ਤਿਆਰ ਕਰ ਲੀਆਂ। ਸ਼ੇਰ ਦੇ ਆਲ਼ੇ ਦੁਆਲ਼ੇ ਖੜ੍ਹ
ਗਏ। ਹਾਨ'ਤੇ ਸ਼ੈਤਾਨ ਦੀਆਂ ਅੱਖਾਂ ਮਿਲੀਆਂ। ਦੋਨੋਂ ਪਾਸਿਓਂ ਗੁੱਸਾ ਸੀ। ਹਾਨ ਨੇ
ਆਵਦਾ ਸੱਜਾ ਹੱਥ ( ਬਲੈਡ ਸੀ ਹੁਣ, ਹੱਥ ਨਹੀਂ) ਉਪਰ ਕੀਤਾ। ਸ਼ੈਤਾਨ ਨੇ ਜਿੱਥੇ
ਕਟਰੂ ਦੀ ਲਾਸ਼ ਪਈ ਸੀ, ਖੱਪਾ ਲੱਭ ਕੇ ਜਾਲ'ਚੋਂ ਬਾਹਰ ਆ ਗਿਆ। ਰੱਘੇ ਨੇ ਨੇਜ਼ਾ
ਸ਼ੇਰ ਵੱਲ ਵੱਧਾਇਆ। ਸ਼ੈਤਾਨ ਨੇ ਮੂੰਹ ਅੱਡ ਕੇ ਆਦਮੀਆਂ ਨੂੰ ਡਰਾਉਣ ਦੀ ਕੋਸ਼ਿਸ਼
ਕੀਤੀ। ਪਰ ਅੱਜ ਸਭ ਤਿਆਰ ਸਨ। ਇਸ ਸ਼ੇਰ ਦਾ ਪਿੱਛਾ ਕਰ ਕਰਕੇ ਅੱਕ ਗਏ ਸਨ। ਹੁਣ
ਪੱਕੇ ਪੈਰੀਂ ਸਨ। ਸ਼ੈਤਾਨ ਨੂੰ ਵੀ ਇਹ ਗੱਲ ਸਮਝ ਆ ਗਈ। ਉਸ ਨੇ ਛਾਲ ਮਾਰੀ, ਪੰਜੇ
ਨਾਲ਼ ਨੇਜ਼ਾ ਪਰ੍ਹਾਂ ਕਰ ਦਿੱਤਾ। ਰੱਘੇ ਨੂੰ ਪਤਾ ਨਹੀਂ ਕਦ ਸ਼ੈਤਾਨ ਦੇ ਤਿੱਖੇ
ਨੰਹੁ ਉਸ ਦੇ ਪੇਟ ਨੂੰ ਪਾੜ ਗਏ। ਇੱਕ ਦਮ ਪੀੜ੍ਹ ਚੜ੍ਹ ਗਈ। ਕੁੱਬਾ ਹੋ ਕੇ ਭੁੰਜੇ
ਪੈ ਗਿਆ।
ਜਦ ਸਾਰਿਆਂ ਨੇ ਰੱਘੇ ਨੂੰ ਹੇਠ ਡਿੱਗਦਾ ਵੇਖਿਆ, ਉਨ੍ਹਾਂ ਨੇ ਗੋਲੀਆਂ ਭਰੀਆਂ
ਬੰਦੂਕਾਂ ਛੱਡ ਦਿੱਤੀਆਂ। ਰੱਘਾ ਬਹੁਤ ਉੱਚੀ ਦੇਣੀ ਚੀਕਿਆ। ਆਵਾਜ਼ ਸੁਣ ਕੇ ਸਾਰੇ
ਜਾਨਵਰ ਡਰ ਗਏ। ਪੰਛੀ ਉੱਡ ਗਏ। ਸ਼ੇਰ ਵੀ, ਛਾਲਾਂ ਮਾਰਦਾ ਉੱਡ ਗਿਆ। ਉਸ ਦੇ ਮਗਰ
ਜਿਹੜੇ ਚਾਰ ਹਾਲੇ ਖੜ੍ਹੇ ਸਨ, ਨੱਠ ਪਏ।
" ਹੁਣ ਨ੍ਹੀਂ ਛੱਡਣਾ ਕਪੀਸ਼!", ਹਾਨ ਭੌਂਕਿਆ।
" ਮੇਰੇ'ਤੇ ਰਹਿਣ ਦੇ!", ਚੈਂਗ ਫੱਟਾ ਫੱਟ ਸਭ ਦੇ ਅੱਗੇ ਦੌੜਦਾ ਜਡ ਰਿਹਾ ਸੀ, ਇੱਕ
ਹੱਥ'ਚ ਰਫਲ, ਇੱਕ'ਚ ਰੱਸਾ। ਰਫਲਾਂ ਦੀਆਂ ਅਵਾਜ਼ਾਂ ਨੇ ਕਿਸਾਨਾਂ ਦਾ ਧਿਆਨ ਵੀ ਖਿੱਚ
ਲਿਆ ਸੀ। ਕੰਬਾਇਨ'ਤੇ ਟਰੈੱਕਟਰ ਰੁਕ ਗਏ। ਪਰ ਸ਼ਿਕਾਰਾਂ ਨੂੰ ਕੋਈ ਪਰਵਾਹ ਨਹੀਂ ਸੀ।
ਚੈਂਗ ਨੇ ਰੱਸਾ ਘੁੰਮਾ ਘੁੰਮਾ ਕੇ ਛੱਡ ਦਿੱਤਾ। ਤਿੰਨ ਹੀ ਥਾਂ ਭਾਰ ਬੰਨ੍ਹੇ ਸਨ।
ਜਦ ਹਵਾ'ਚ ਉੱਡਿਆ ਚਰਖੇ ਵਾਂਗ ਘੁੰਮਿਆ। ਸ਼ੈਤਾਨ ਦੀਆਂ ਪਿੱਛਲੀਆਂ ਲੱਤਾਂ ਲਪੇਟ
ਦਿੱਤੀਆਂ। ਸ਼ੇਰ ਆਵਦੇ ਢਿੱਡ'ਤੇ ਡਿੱਗ ਗਿਆ। ਚੈਂਗ ਨੇ ਆਵਦੀ ਰਫ਼ਲ ਚੱਕ ਕੇ ਸ਼ੇਰ
ਵੱਲ ਸੇਧੀ। ਨਿਸ਼ਾਨਾ ਐਣ ਅੱਖ'ਚ ਪਾਇਆ।ਘੋੜਾ ਦੱਬਣ ਲੱਗਾ ਸੀ ਜਦ ਸ਼ੈਤਾਨ ਨੇ ਉਸਨੂੰ
ਚੌਂਕਾ ਦਿੱਤਾ। ਸ਼ੇਰ ਆਵਦੀਆਂ ਪਿੱਛਲੀਆਂ ਲੱਤਾਂ'ਤੇ ਖੜ੍ਹ ਗਿਆ ( ਰੱਸਾ ਖੁੱਲ੍ਹ
ਗਿਆ ਸੀ), ਰਿੱਛ ਵਾਂਗ, ਇਨਸਾਨ ਵਾਂਗ। ਚੈਂਗ ਨੂੰ ਉਸਦਾ ਇਹ ਰੂਪ ਪਹਿਲੀ ਵਾਰੀ ਧਿਆਨ
ਨਾਲ਼ ਦਿੱਸਿਆ। ਪਿੰਡੇ ਮੂੰਹ'ਤੇ ਹਾਲੇ ਵੀ ਫਰ ਸੀ, ਪਰ ਮੁਖ ਦਾ ਰੂਪ ਆਦਮੀ ਵਰਗਾ
ਲੱਗਿਆ। ਚੈਂਗ ਡਰ ਗਿਆ।
" ਛੇਤੀ ਆਓ!", ਚੈਂਗ ਉੱਚੀ ਦੇਣੀ ਰਿੰਗਿਆ। ਮਗਰੋਂ ਹਾਨ, ਢਾਸੀ'ਤੇ ਅਜੋਹੇ
ਆਉਂਦੇ ਸਨ, ਸ਼ੇਰ ਵੱਲ ਗੋਲ਼ੀਆਂ ਚਲਾਉਂਦੇ। ਚੈਂਗ ਉੱਥੇ ਹੀ ਹਲਕਾ ਹੋ ਗਿਆ। ਘੱਟ
ਤੋਂ ਘੱਟ ਸ਼ੇਰ, ਇਨਸਾਨ ਵਾਂਗ ਖੜ੍ਹ ਕੇ ਅੱਠ ਫੁੱਟ ਲੰਬਾ ਸੀ। ਮੋਢੇ ਬੰਦੇ ਵਰਗੇ
ਸੀ, ਹਿੱਕ ਚਾਰ ਫੁੱਟ ਚੌੜ੍ਹਾ ਸੀ। ਡੋਲ਼ੇ ਵੀ ਦਾਰਾ ਸਿੰਘ ਵਰਗੇ ਸੀ। ਅੱਧਾ ਸ਼ੇਰ,
ਅੱਧਾ ਆਦਮੀ। ਪੰਜੇ ਵੀ ਪੰਜ ਉਂਗਲਾਂ ਵਾਲ਼ੇ ਸਨ, ਦੇਖਣ'ਚ ਮਰਦ ਦੇ ਹੱਥ ਲੱਗਦੇ ਸੀ।
ਚੈਂਗ ਨੇ ਸੋਚਿਆ, " ਇਹ ਮਿੱਟੀ ਦਾ ਪੁਤਲਾ ਹੈ?"। ਸ਼ੇਰ ਵਰਗੇ ਸ਼ੈਤਾਨ ਨੇ ਚੈਂਗ ਦਾ
ਸੀਸ ਆਵਦੇ ਮੂੰਹ'ਚ ਪਾ ਲਿਆ। ਫਿਰ ਇੱਧਰ ਉੱਧਰ ਘੁੰਮਾ ਕੇ ਧਰਤੀ'ਤੇ ਸੁਟ ਦਿੱਤਾ।
ਚੈਂਗ ਦਾ ਆਖਰੀ ਅਨੁਭਵ ਸੀ ਸ਼ੇਰ ਦੇ ਗਿੱਲੇ ਸਿੱਲੇ ਮੂੰਹ ਵਿੱਚ ਦੇਖਣਾ। ਉਸਦੇ ਕੋਸੇ
ਕੋਸੇ ਸਾਹਾਂ ਤੋਂ ਤਕਲੀਫ਼ ਸਹਿਣੀ। ਚੈਂਗ ਖਤਮ ਹੋ ਗਿਆ। ਹੋਂਦ ਵਿੱਚੋਂ ਗਿਆ।
" ਭੈਣ -!"। ਹਾਨ ਖਿਝ ਗਿਆ।
" ਚੈਂਗ ਦਾ?", ਅਜੋਹੇ ਨੇ ਆਖਿਆ।
" ਮਰ ਗਿਆ। ਇੱਥੇ ਰਹਿਣ ਦੇ। ਪਹਿਲਾਂ ਉਸ ਦੈਂਤ ਨੂੰ ਲੱਭੀਏ। ਚੱਲੋ!", ਹਾਨ ਅੱਗੇ
ਦੌੜਿਆ, ਉਸ ਦੇ ਪਿੱਛੇ ਢਾਸੀ'ਤੇ ਅਜੋਹਾ। ਖੇਤਾਂ ਤੋਂ ਕਿਸਾਨਾਂ ਦੀਆਂ ਅਵਾਜ਼ਾਂ
ਆਉਂਦੀਆਂ ਸਨ। ਢਾਸੀ ਨੂੰ ਡਰ ਲੱਗਦਾ ਸੀ ਕਿ ਪੁਲਸ ਨੂੰ ਬਲਾਉਣਗੇ। ਸ਼ੇਰ ਕਿਤੇ
ਝਾੜੀਆਂ'ਚ ਲੁਕ ਗਿਆ ਸੀ। ਪੱਧਰੇ ਥਾਂ ਤਾਂ ਦਿਸ ਜਾਣਾ ਸੀ। ਢਾਸੀ ਨੇ ਆਵਦੀ ਬਾਂਕ
ਕੱਢ ਲਈ। ਇਸ ਨਾਲ਼ ਡਰਦਾ ਡਰਦਾ ਝਾੜੀਆਂ ਕੱਟੀ ਗਿਆ। ਰਾਤ ਦਾ ਹਨੇਰਾ ਆ ਗਿਆ। ਚੰਦ
ਦਿੱਸਦਾ ਨਹੀਂ ਸੀ। ਇੱਕ ਦਮ ਔਖਾਂ ਹੋ ਗਿਆ।
" ਹੁਣ ਮੈਂ ਨਹੀਂ ਛੱਡਣਾ ਇਸ ਨੂੰ!", ਹਾਨ ਉੱਚੀ ਦੇਣੀ ਕਹਿੰਦਾ ਸੀ। ਹਾਨ ਲਸੂੜੇ
ਵਾਂਗ ਸ਼ੇਰ ਨੂੰ ਚੰਬੜ ਗਿਆ। ਪਰ ਇਸ ਲਈ ਢਾਸੀ ਮਰਨ ਲਈ ਤਿਆਰ ਨਹੀਂ ਸੀ। ਪਰ ਕੀ
ਕਰੇ? ਹਾਨ ਤੋਂ ਸ਼ੇਰ ਤੋਂ ਵੀ ਜਿਆਦਾ ਡਰਦਾ ਸੀ। ਨਹੀਂ; ਡਰਕੇ ਤਾਂ ਜਰੂਰ
ਮਰਜਾਵਾਂਗੇ। ਆਪ ਨੂੰ ਕੁੱਝ ਤਕੜਾ ਕਰ ਲਿਆ। ਅੱਜ ਸ਼ੇਰ ਨੂੰ ਮਾਰਨਾ ਹੀ ਸੀ। ਪਰ
ਕਿਵੇਂ? ਹੁਣ ਰਾਤ ਪੈ ਗਈ ਸੀ। ਇੱਧਰ aੁੱਧਰ ਤੁਰੇ, ਪਰ ਸ਼ੇਰ ਅਲੋਪ ਸੀ। ਸੜਕ ਵੱਲ
ਤਿੰਨੇ ਤੁਰ ਪਏ। ਗੱਡੀਆਂ ਇੱਧਰ ਉੱਧਰ ਚਲ ਰਹੀਆਂ ਸਨ, ਪਰ ਸ਼ੇਰ ਦਾ ਕੋਈ ਨਿਸ਼ਾਨ
ਨਹੀਂ ਸੀ। ਹਾਨ ਨੂੰ ਫਿਕਰ ਹੋ ਗਿਆ ਕਿ ਆਦਮੀ ਦੇ ਰੂਪ'ਚ ਸ਼ੈਤਾਨ ਵਾਪਸ ਆ ਗਿਆ।
" ਬੇਵਕੂਫ਼ ਬਣਾਉਂਦਾ।ਝਾੜੀਆਂ'ਚ ਵਾਪਸ ਘੁੰਮ ਕੇ ਚਲਿਆ ਗਿਆ! ਸਾਤੋਂ ਡਰਦਾ ਏ!",
ਕਹਿ ਕੇ ਘੁੰਮ ਗਿਆ, ਮਗਰ ਢਾਸੀ'ਤੇ ਅਜੋਹਾ।
ਤਿੰਨ ਹੀ ਦੌੜ ਕੇ ਗਏ। ਹੁਣ ਕੋਈ ਨਹੀਂ ਪਰਵਾਹ ਸੀ ਜੇ ਕਿਸੇ ਨੂੰ ਸੁਣ ਜਾਵੇ।
" ਇੱਧਰ ਦੇਖ!"
" ਉੱਥੇ ਕੀ ਏ!"
" ਆਹ ਸੀ! ਚੁੱਪ! ਨਹੀਂ; ਭੁਲੇਖਾ ਲੱਗਿਆ"
" ਦੇਖ, ਉਸਦੇ ਕਦਮਾਂ ਦੇ ਨਿਸ਼ਾਨ! ਆਓ!"।
ਇਸ ਤਰ੍ਹਾਂ ਇੱਕ ਹੋਰ ਸੜਕ'ਤੇ ਪਹੁੰਚ ਗਏ। ਰਾਤ ਨੇ ਭਾਵੇਂ ਸ਼ੈਤਾਨ ਦੀ ਮਦਦ
ਕੀਤੀ ਸੀ, ਪਰ ਇੱਥੇ ਆਦਮੀ ਦੀਆਂ ਬੱਤੀਆਂ ਨੇ ਬਹੁਤ ਚਾਨਣ ਦਿੱਤਾ। ਸ਼ੈਤਾਨ ਵੇਖ
ਲਿਆ। ਇੱਕ ਨੰਗਾ ਆਦਮੀ, ਗੱਡੀ ਵਿੱਚ ਵੜਦਾ। ਅਜੋਹੇ ਨੇ ਆਵਦੀ ਬੰਦੂਕ ਵਧਾਈ, ਪਰ
ਬਾਂਹ ਨਾਲ਼ ਹਾਨ ਨੇ ਹੇਠਾਂ ਕਰ ਦਿੱਤੀ।
" ਏਥੇਂ ਨਹੀਂ। ਲੋਕ ਬਹੁਤੇ ਹਨ"। ਗੱਡੀ ਘੁੰਮੀ, ਹਾਨ ਨੇ ਉਸਦਾ ਨੰਬਰ ਪਲੇਟ
ਪੜ੍ਹ ਲਿਆ। ਡਰਾਈਵਰ ਇੱਕ ਕੁੜੀ ਸੀ। ਫੋਟੋ ਵਾਂਗ ਉਸਦਾ ਚਿਹਰਾ ਮਨ'ਚ ਪਾ ਲਿਆ। "
ਜਨਾਨੀ ਵੱਲ ਧਿਆਨ ਕਰ ਅਜੋਹੇ"।
ਫਿਰ ਇੱਕ ਪਲ ਲਈ ਸ਼ੈਤਾਨ ਵੇਖਿਆ, ਆਵਦੇ ਆਦਮੀ ਰੂਪ'ਚ। ਵਾਲ਼ ਖਿੱਲਰੇ ਹੋਏ ਸਨ।
ਸਾਧੂ ਜਿਹਾ ਲੱਗਦਾ ਸੀ। ਦੋਨਾਂ ਦੀਆਂ ਅੱਖਾਂ ਮਿਲੀਆਂ। ਹਾਨ ਨੂੰ ਮਹਿਸੂਸ ਹੋਇਆ ਕਿ
ਸ਼ੇਰ-ਆਦਮੀ ਟਿੱਚਰ ਕਰ ਰਿਹਾ ਸੀ। ਬੰਦੇ ਨੇ ਤਿੰਨਾਂ ਵੱਲ ਹੱਥ ਮਾਰਿਆ।
" ਗੋਲੀ ਨਾਲ਼ ਮਾਰ ਦਿਓ ਸਰਦਾਰ!", ਢਾਸੀ ਨੇ ਕਿਹਾ।
" ਨਹੀਂ। ਮਜ਼ਾ ਨਹੀਂ ਆਉਣਾ। ਸ਼ੇਰ ਚਾਹੀਦਾ"।
" ਬੰਦੇ ਨੂੰ ਫੜ੍ਹੋਂ ਸਰਦਾਰ, ਜਦ ਸ਼ੇਰ ਬਣ ਗਿਆ ਫਿਰ…" ਢਾਸੀ ਬੋਲਿਆ।
" ਆਹੋ। ਚਾਲ ਚੰਗੀ ਹੈ। ਜਨਾਨੀ ਦੇਖ ਲਈ ਅਜੋਹੇ? ਚੰਗਾ। ਮੇਰੇ ਲਈ ਟੋਲ। ਇੱਥੇ ਹੀ
ਨੇੜੇ ਤੇੜੇ ਹੋਣਗੇ। ਦੂਰ ਨਹੀਂ ਜਾ ਸਕਦੇ"।
" ਰੱਘਿਆ?",
" ਹਾਂ। ਚੱਲ ਵਾਪਸ ਚੱਲੀਏ"।
ਰੱਘਾ ਭੁੰਜੇ ਬੈਠਾ ਸੀ, ਗਾਲ਼੍ਹ ਉੱਤੇ ਗਾਲ਼੍ਹ ਕੱਢ ਰਿਹਾ ਸੀ। ਬਹੁਤ ਦੁੱਖ'ਚ
ਸੀ। ਸਹੀ ਗੱਲ ਸੀ ਤਾਂ ਉਸ ਨੂੰ ਸ਼ਫ਼ਾਖ਼ਾਨੇ ਲੈ ਕੇ ਜਾਣਾ ਚਾਹੀਦਾ ਸੀ। ਪਰ ਇਹ ਸਭ
ਪਨਾਹੀ ਸਨ, ਕਨੂੰਨ ਤੋਂ ਲੁਕਦੇ ਫਿਰਦੇ। ਦੇਸ਼ ਦੇ ਕੀਮਤੀ ਸ਼ੇਰ ਮਾਰਦੇ ਸੀ। ਲੀਰੇ
ਪਾੜ ਕੇ ਰੱਘੇ ਦੇ ਪੱਟੀਆਂ ਬੰਨ੍ਹ ਦਿੱਤੀਆਂ। ਫਿਰ ਢਾਸੀ'ਤੇ ਹਾਨ ਗਏ ਚੈਂਗ ਨੂੰ
ਭਾਲਣ। ਕਿਸਾਨ ਹੁਣ ਨਹੀਂ ਸੁਣਦੇ ਸੀ, ਪਰ ਫਿਰ ਵੀ ਜੇ ਲਾਸ਼ ਲੱਭ ਗਈ? ਹਾਨ ਨਾਲ਼
ਨਹੀਂ ਲੈ ਕੇ ਜਾ ਰਿਹਾ ਸੀ। ਘੜੀਸ ਕੇ ਦੋਨਾਂ ਨੇ ਝਾੜੀਆਂ'ਚ ਲੋਥ ਲੁਕੋ ਦਿੱਤੀ। ਫਿਰ
ਰੱਘੇ ਨਾਲ਼ ਅਲੋਪ ਹੋ ਗਏ।
ਗੋਲੀਆਂ ਸੁਣੀਆਂ ਸੀ ਕਰਕੇ ਕੁੱਝ ਕਿਸਾਨ ਹਾਲੇ ਵੀ ਝਾੜੀਆਂ'ਚ ਟੋਲ੍ਹਦੇ ਸੀ।
ਜਿੰਨ੍ਹਾਂ ਦਾ ਕਟੂਰ ਗਾਇਬ ਹੋ ਗਿਆ ਸੀ, ਉਸਨੂੰ ਭਾਲਦੇ ਸੀ। ਇਸ ਤਰ੍ਹਾਂ ਹਾਰ ਕੇ
ਇੱਕ ਕਿਸਾਨ ਨੇ ਚੈਂਗ ਦਾ ਪੈਰ ਵੇਖ ਲਿਆ ਝਾੜੀ'ਚ। ਜਦ ਲੋਥ ਵੇਖੀ ਡਰ ਗਿਆ॥
|