ਬਣ ਵਿੱਚ, ਜਦ ਉਸ ਰਾਤ ਓਂਕਾਰ ਵੜਿਆ ਸੀ, ਉਸ ਨੇ ਸੋਚਿਆ,
ਆਵਦੇ ਕੱਪੜੇ ਲਾਹ ਕੇ ਫੱਟੇ ਦੇ ਨੇੜੇ ਰੱਖਦੂਗਾ, ਫਿਰ ਨਹੀਂ ਪਾਊਗਾ। ਇੰਝ ਨਵਿਆਂ ਦੀ
ਲੋੜ ਨਹੀਂ ਰਹੂਗੀ। ਪਰ ਦਿਦਾਰ ਨੇ ਕਿਹਾ ਆਦਮੀ ਨੂੰ ਵੀ ਲਾਜ ਰੱਖਣੀ ਚਾਹੀਦੀ ਹੈ। ਇਸ
ਕਰਕੇ ਕੇਵਲ ਕੁੜਤਾ ਲਾਹ ਕੇ ਇੱਕ ਖੁੰਢ ’ਤੇ ਰੱਖਿਆ। ਫਿਰ ਜੰਗਲ਼ ’ਚ ਨਿੱਕਲ਼ ਗਿਆ।
ਬਹੁਤ ਦੇਰ ਲਈ ਤੁਰਦਾ ਫਿਰਦਾ ਰਿਹਾ। ਪੈਰ ਚੱਕ ਕੇ ਬਣ ਦੇ ਗੱਭੇ ਆ ਕੇ ਇੱਕ ਡਿੱਗੇ
ਖੜ੍ਹੇ ਸੁੱਕੇ ਦਰੱਖਤ ਉੱਤੇ ਤੇ ਬਹਿ ਗਿਆ। ਇੱਥੇ ਅੰਬਰ ਦਿਸਦਾ ਸੀ, ਚਮਕਦੇ ਤਾਰੇ
ਦਿਸਦੇ ਸਨ। ਸੀਤ ਲਗਦੀ ਸੀ, ਠੰਢੀ ਰਾਤ ਸੀ। ਓਂਕਾਰ ਨੂੰ ਫਿਕਰ ਸੀ ਕਿ ਜਿਉਂ ਜਿਉਂ
ਗੋਰਾਏ ਦੇ ਨੇੜੇ ਹੁੰਦੇ ਜਾਂਦੇ ਸਨ, ਜੰਗਲ਼ ਅਲੋਪ ਹੋਈ ਜਾਂਦੇ ਸਨ। ਖੇਤ ਵੱਧ ਸਨ,
ਸ਼ਹਿਰ ਵੱਧ, ਲੋਕ ਵੀ ਵੱਧ। ਦਬਾ ਸੱਟ ਗੋਰਾਏ ਪਹੁੰਚੀਏ, ਸ਼ੇਰ ਦਾ ਖਤਰਾ ਜਨਤਾ ਲਈ
ਚੰਗਾ ਨਹੀਂ ਸੀ। ਫਿਰ ਸੋਚਿਆ ਹੁਣ ਤਾਂ ਹਾਹ ਜਾਣੀ ਚਾਹੀਦੀ ਏ? ਜਰੂਰ ਸੀਮਾ ਮੈਨੂੰ
ਪ੍ਰੇਮ ਕਰਦੀ ਹੈ। ਉਸਨੂੰ ਹੁਣ ਪਤਾ ਤਾਂ ਹੈ ਮੈਂ ਕੀ ਹਾਂ ’ਤੇ ਕੌਣ ਹਾਂ? ਸ਼ਿਕਾਰ
ਕਰਨ ਵਾਲਿਆਂ ਤੋਂ ਵੀ ਓਂਕਾਰ ਡਰਦਾ ਸੀ। ਬੱਸ ਨਾਲ਼ੋ ਗੱਡੀ ਛੇਤੀ ਚਲਾਉਂਦੇ। ਜੇ ਲੋੜ
ਪਈ, ਅਸੀਂ ਟਰੇਨ ਫੜ ਲਵਾਂਗੇ। ਹੁਣ ਤਾ ਸੀਮਾ ਮੈਨੂੰ ਜਰੂਰ ਪਸੰਦ ਕਰਦੀ ਹੈ, ਜਰੂਰ।
ਜੇ ਐਤਕੀ ਨਹੀਂ ਕੰਮ ਬਣਿਆ, ਓਂਕਾਰ ਨੇ ਆਪਣੇ ਆਪ ਨਾਲ਼ ਵਾਇਦਾ ਕੀਤਾ ਹਮੇਸ਼ਾ ਲਈ
ਅਮਰੀਕਾ ਦੇ, ਜਾਂ ਜਕਾਰਤਾ ਦੇ ਸੰਘਣੇ ਜੰਗਲ਼ਾਂ ’ਚ ਗੁਆਚ ਜਾਊਂਗਾ। ਨਹੀਂ ਤਾਂ ਜਦ
ਰਾਤ ਸੀ ਕਿਸੇ ਸ਼ੇਰ ਸਾਹਮਣੇ ਖਲੋ ਜਾਊਂਗਾ। ਜਿਵੇਂ ਹੋਰਾਂ ਨੂੰ ਮਾਰਿਆ, ਆਪ
ਮਰਜੂੰਗਾ। ਵੈਸੇ ਕਈ ਵਾਰੀ ਓਂਕਾਰ ਨੇ ਕੋਸ਼ਿਸ਼ ਵੀ ਕੀਤੀ ਸੀ ਆਪਣੇ ਆਪ ਨੂੰ ਖਤਮ ਕਰਨ
ਦੀ। ਪਾਪ ਕਰਕੇ ਆਪਣੀ ਅਲ਼ਖ ਮੁਕਾਉਣੀ ਸੌਖੀ ਨਹੀਂ ਸੀ। ਓਂਕਾਰ ਅਵਿਨਾਸ਼ੀ ਸੀ, ਲਾਸਾਨੀ
ਭੂਤ। ਪਰ ਸੀਮਾ ਦੇ ਪਿਆਰ ਨੇ ਬਚਾ ਦੇਣਾ ਸੀ। ਫਿਰ ਹੁਣ ਤੱਕ ਕਿਉਂ ਨਹੀਂ ਅਸਰ ਪਿਆ?
ਇਹ ਓਂਕਾਰ ਦੇ ਕਰਨੀ ਭਰਨੀ ਕਰਕੇ ਸੀ? ਆਇਆ ਨੇ ਕੀ ਕਰ ਦਿੱਤਾ! ਇਹ ਸੋਚਾਂ ਕਰਕੇ
ਓਂਕਾਰ ਦਾ ਕਲ਼ੇਜਾ ਸੜਿਆ।
ਫਿਰ ਰਾਤ ਛਾਈਂ ਮਾਈਂ ਹੋ ਗਈ। ਸਵੇਰ ਹੋ ਗਈ। ਤਾਰਿਆਂ ਦੀ ਛਾਵੇਂ ਓਂਕਾਰ ਬੰਦਾ
ਸੀ। ਹੁਣ ਬਦਲਣ ਲੱਗ ਪਿਆ।
ਹਰ ਦਿਨ ਓਂਕਾਰ ਆਦਮੀ ਤੋਂ ਸ਼ੇਰ ਬਣਦਾ ਸੀ, ਪਰ ਇਸ ਰੂਪਾਂਤਰਨ ਬਾਰੇ ਉਸਨੂੰ ਕੁੱਝ
ਯਾਦ ਨਹੀਂ ਸੀ ਰਹਿੰਦਾ। ਇਹ ਵੀ ਹੈਰਾਨੀ ਦੀ ਗੱਲ ਸੀ, ਕਿਉਂਕਿ ਜਦ ਪਿੰਡਾ ਬਦਲਦਾ
ਸੀ, ਬਹੁਤ ਦੁੱਖ ਲਗਦਾ ਸੀ। ਲੱਗਣਾ ਵੀ ਸੀ, ਕਿਉਂਕਿ ਬੰਦੇ ਤੋਂ ਹੋਰ ਰੂਪ ਲੈ ਰਿਹਾ
ਹੁੰਦਾ ਸੀ। ਪਹਿਲਾਂ ਪਹਿਲਾਂ ਪਰਿਵਰਤਨ ਦਾ ਅਸਰ ਸੀ ਕਿ ਪਾਣੀ ਨਿਕਲ਼ਦਾ ਸੀ। ਮੁੜ੍ਹਕੇ
ਤੋਂ ਬਾਅਦ ਅੰਗ ਟੰਗ ਪਸਾਰਦੇ ਸਨ। ਬਦਨ ਅੰਦਰੋਂ ਅੰਗੜਾਈ ਲੈਂਦਾ ਸੀ। ਬਹੁਤ ਦੁੱਖ
ਲੱਗਦਾ ਸੀ। ਇਸ ਨਾਲ਼ ਓਂਕਾਰ ਇੰਨੀ ਉੱਚੀ ਚੀਕ ਮਾਰਦਾ ਸੀ ਕਿ ਸਾਰੇ ਜੰਗਲ਼ ਦੇ
ਬਾਸ਼ਿੰਦੇ ਡਰ ਕੇ ਚਿਚਲਾਹਟ ਪਾਉਣ ਲੱਗ ਜਾਂਦੇ ਸਨ। ਇਸ ਸ਼ੋਰ’ਚ ਓਂਕਾਰ ਸ਼ੇਰ ਰੂਪ ਹੋ
ਜਾਂਦਾ ਸੀ। ਪਹਿਲਾਂ ਗਰਮੀ ਚੜ੍ਹ ਜਾਂਦੀ ਸੀ, ਤੇ ਉਂਗਲੀਆਂ ਨਾਲ਼ ਕੱਪੜੇ ਪਾੜਣ ਲੱਗ
ਜਾਂਦਾ ਸੀ। ਫਿਰ ਜਿੱਥੇ ਨਹੁੰ ਸਨ ਤਿੱਖੇ ਪਹੁੰਚੇ ਆ ਜਾਂਦੇ ਸਨ, ਜਿਸ ਨਾਲ਼ ਆਵਦਾ
ਮਾਸ ਰੁੱਗ ਭਰ ਕੇ ਲਾਹੁਣ ਲਗਦਾ ਸੀ। ਮੂੰਹ ਲੰਬਾ ਹੋ ਜਾਂਦਾ ਸੀ, ਥੁਥਨੀ ਆ ਜਾਂਦੀ
ਸੀ। ਬਹੁਤ ਦੁੱਖ ਲੱਗਦਾ ਸੀ। ਟੰਗਾਂ ਲੰਬੀਆਂ ਹੋ ਕੇ ਸ਼ੇਰ ਦੀਆਂ ਪਿੱਛਲੀਆਂ ਲੱਤਾਂ
ਦੇ ਰੂਪ ’ਚ ਹੋ ਜਾਂਦੀਆਂ ਸਨ। ਪਿੱਛੋਂ ਪੂਛ ਨਿੱਕਲ਼ ਆਉਂਦੀ ਸੀ, ਜਿਵੇਂ ਕੋਈ ਸੱਪ
ਹੋਵੇ। ਆਵਦਾ ਮਾਸ ਪਾੜ ਕੇ ਲਿਬੜਿਆ ਹੁੰਦਾ ਸੀ। ਓਂਕਾਰ ਦਾ ਸਰੀਰ ਥੱਲੇ ਪਿਆ ਹੁੰਦਾ
ਸੀ, ਜਿਵੇਂ ਕਿਸੇ ਸੱਪ ਨੇ ਪੁਰਾਣੀ ਛਿੱਲ ਲਾਹੀ ਹੋਵੇ, ਜਾਂ ਕੋਈ ਮੱਕੜੀ ਆਪਣੇ
ਪੁਰਾਣੇ ਪਿੰਡੇ ਵਿੱਚੋਂ, ਜਾਣੀ ਅਪਣੇ ਕਰੰਗ ’ਚੋਂ ਬਾਹਰ ਨਿੱਕਲ਼ ਕੇ ਆਉਂਦੀ ਹੈ।
ਜਿਵੇਂ ਬੰਦਾ ਸ਼ੇਰ ਦਾ ਸੂਟ ਸੀ। ਸ਼ੇਰ ਨੂੰ ਆਦਮੀ ਤੋਂ ਅਜ਼ਾਦੀ ਮਿਲ ਜਾਂਦੀ ਸੀ।
ਸ਼ੇਰ ਦੇ ਸਾਹਮਣੇ ਧਰਤੀ ਤੇ ਓਂਕਾਰ ਦਾ ਮਾਸ ਪਿਆ ਹੁੰਦਾ ਸੀ, ਪਰ ਉਸਦੇ ਸਮਝ ਤੋਂ
ਬਾਹਰ ਸੀ ਕਿਉਂ ਇਸ ਨੂੰ ਵੇਖ ਕੇ ਸਹਿਮ ਜਾਂਦਾ। ਉਥੋਂ ਤੁਰ ਪੈਂਦਾ ਸੀ। ਹਮੇਸ਼ਾ
ਪਹਿਲਾ ਛੱਪੜ ਟੋਲ਼੍ਹਦਾ ਸੀ। ਜਦ ਤਿਹਾ ਬੁਝਾ ਲਈ, ਪਾਣੀ’ਚ ਛਾਲ਼ ਮਾਰਕੇ ਜਿਸਮ ਧੋ
ਲੈਂਦਾ ਸੀ। ਜਦ ਪਾਣੀ’ਚੋਂ ਬਾਹਰ ਨਿਕਲ਼ਦਾ ਸੀ, ਭੁੱਖ ਸ਼ੁਰੂ ਹੋ ਜਾਂਦੀ ਸੀ, ਧਿਆਨ
ਸ਼ਿਕਾਰ ਕਰਨ ਵੱਲ ਜਾਂਦਾ ਸੀ। ਜਦ ਆਲ਼ਾ ਦੁਆਲ਼ਾ ਵੇਖਦਾ ਸੀ ਹੱਕਾ ਬੱਕਾ ਹੋ ਜਾਂਦਾ ਸੀ
ਕਿਉਂਕਿ ਅੱਜ ਫਿਰ ਸਭ ਕੁੱਝ ਬਦਲ ਗਿਆ। ਕਿਉਂਕਿ ਜੰਗਲ਼ ਨਵਾਂ ਸੀ। ਆਸ ਪਾਸ ਜੰਗਲ਼
ਅਵਾਕ ਹੋ ਜਾਂਦਾ ਸੀ। ਨਵੇਂ ਰਾਜੇ ਤੋਂ ਡਰਦਾ।
ਇੱਕ ਬਾਰ ਫਿਰ ਹਾਹ ਦਾ ਨਿਤੀਜਾ ਜਨਮ ਦਿੰਦਾ ਸੀ।
* * * * *
ਦੋ ਦਿਨ ਪਹਿਲਾਂ ਦੋਨੋਂ ਗੜ੍ਹਸ਼ੰਕਰ ਸਨ। ਹੁਣ ਪੰਡੋਰੀ ਕੋਲ਼ ਸਨ। ਇੱਥੇ ਜੰਗਲ਼
ਨਹੀਂ ਸੀ। ਉਪਰਲੇ ਪਾਸੇ ਪਹਾੜੀਆਂ ਸਨ, ਦੱਖਣ ਵੱਲ ਖੇਤ ਹੀ ਖੇਤ। ਸੀਮਾ ਨੇ ਓਂਕਾਰ
ਨੂੰ ਦਾਮਨ ਨੇੜੇ ਛੱਡ ਦਿੱਤਾ, ਫਿਰ ਹੋਟਲ ਵਾਪਸ ਚੱਲੀ ਗਈ। ਨੀਂਦ ਬਹੁਤ ਆਉਂਦੀ ਸੀ।
ਫਿਕਰ ਵੀ ਸੀ, ਕਿਉਂਕਿ ਹੁਣ ਘਾਟੀ’ਚ ਸਨ, ਜੰਗਲ਼ ਨਹੀਂ ਸੀ, ‘ਤੇ ਜਰੂਰ ਸ਼ੇਰ ਨੇ ਆਦਮੀ
ਦੇ ਪਹੁੰਚ ਵਿੱਚ ਸ਼ਿਕਾਰ ਕਰਨਾ ਸੀ। ਬੰਦੇ ਨਾ ਮਾਰੇ! ਕਿਸੇ ਦੀ ਮੱਝ ਜਾਂ ਬਕਰੀ ਤਾਂ
ਮਾਰ ਹੀ ਲੈਣੀ ਸੀ। ਰਾਤ ਤੱਕ ਗੋਰਾਏ ਪਹੁੰਚ ਜਾਣੈ। ਬੱਸ ਆਹ ਹੀ ਦਿਨ ਸੀ। ਰੇਂਜਰ
ਕਿੱਤੇ ਨਹੀਂ ਦਿੱਸਦੇ ਸੀ। ਚੀਨ ਸ਼ਿਕਾਰੀ ਵੀ ਨਹੀਂ ਸਨ। ਫਿਰ ਵੀ ਡਰਦੀ ਡਰਦੀ ਸੀਮਾ
ਸੌਂ ਗਈ। ਜਦ ਉੱਠੀ, ਅੱਧਾ ਦਿਨ ਟਿਭ ਗਿਆ ਸੀ। ਨਕਾਬ ਵਾਂਗ ਧੁੱਪ ਦੀਆਂ ਐਨਕਾਂ ਪਾ
ਕੇ, ਬਾਹਰ ਤੁਰ ਪਈ। ਐਨਕ ਪਿੱਛੇ ਲੁਕਦੀ ਸੀ। ਜੇ ਕਿਸੇ ਨਾਲ਼ ਅੱਖ ਮਿੱਲੀ, ਡਰਦੀ ਸੀ
ਕਿ ੳਨ੍ਹਾਂ ਨੂੰ ਸਭ ਕੁੱਝ ਪਤਾ ਲੱਗ ਜਾਣਾ ਏ; ਸੀਮਾ ਨੂੰ ਲੱਗਿਆ ਸੀ ਕਿ ਅੱਖਾਂ’ਚੋਂ
ਜੋ ਮਨ’ਚ ਸੀ, ਦੇਖਣੇ ਵਾਲੇ ਨੂੰ ਪਤਾ ਲੱਗ ਜਾਂਦਾ ਏ।
ਇਨ੍ਹਾਂ ਸੋਚਾਂ’ਚ ਲਿਵਲੀਨ ਹੋਈ ਪੰਡੋਰੀ ਪਹੁੰਚ ਗਈ। ਮੰਡੀ’ਚ ਚੱਕਰ ਕੱਢ ਕੇ
ਓਂਕਾਰ ਲਈ ਸੂਟ ਸਾਟ ਟੋਲ਼੍ਹਦੀ ਸੀ। ਸਰਗਰਮ ਬਜ਼ਾਰ ਦੇ ਸੰਘ’ਚ ਤੁਰਦੀ ਸੀ। ਆਲ਼ੇ ਦੁਆਲ਼ੇ
ਵਣਜਾਰੇ, ਤਾਜਰੇ ਅਤੇ ਹੋਰ ਕਿਸਮ ਦੇ ਸੁਦਾਗਰ ਲੋਕਾਂ ਨੁੰ ਬੁਲਾਕੇ ਡੱਗੀ ਲਾਉਣ ਦੇ
ਸੀ। ਲੈਣ ਦੇਣ ਵਿੱਚੋਂ ਸੀਮਾ ਚੁੱਪ ਚਾਪ ਲੰਘਦੀ ਸੀ ਜਿਵੇਂ ਲਹੂ ਗੇੜ’ਚ ਕੋਲੇਸਟਰੋਲ
ਦੇ ਕਿਣਕੇ ਚੋਰੀ ਚੋਰੀ ਰੁੜ੍ਹਦੇ ਰਹਿੰਦੇ ਨੇ। ਛਾਬੜੀ ਵਾਲ਼ਿਆਂ ਦੇ ਨਾਲ਼ ਸੌਦਾ ਕਈ
ਕਿਸਮ ਦੇ ਲੋਕ ਕਰ ਰਹੇ ਸਨ। ਸੀਮਾਂ ਦੀ ਨਿਗਾਹ ਸਭ’ਤੇ ਸੀ, ਪਰ ਉਹ ਆਪ ਉਨ੍ਹਾਂ
ਲੋਕਾਂ ਲਈ ਓਝਲ਼ ਸੀ। ਅਮੀਰ ਬੇਗਮਾਂ ਆਵਦੀਆਂ ਮੋਟੀਆਂ ਅਸਾਮੀਆਂ ਸਾਰੀਆਂ ਵਿੱਚ
ਟਹਿਲਦੀਆਂ ਸਨ। ਹਰ ਰੰਗ ਦੇ ਪਟੰਬਰ ਪਾਏ ਸਨ, ਜਿਵੇਂ ਰੁੱਖ’ਤੇ ਪਤੇ ਹੁੰਦੇ, ਉਸੇ
ਤਰ੍ਹਾਂ ਜੇਵਰਾਤ, ਗੋਖੜ ਅਤੇ ਸੋਨਾ ਆਦਿ ਲਮਕਦੇ ਸਨ। ਰੋਲੈੱਕਸ ਰੇਬੈਂਡ ਦੀਆਂ
ਵੱਧਰੀਆਂ ਸਨ। ਇੰਝ ਹੀ ਆਦਮੀ ਟੌਹਰ ਨਾਲ਼ ਤੁਰਦੇ ਸਨ। ਆਮ ਆਦਮੀ ਨੂੰ ਪਿੱਠੂ ਸਮਝਦੇ
ਸਨ। ਇੰਨ੍ਹਾਂ ਦੇ ਆਲ਼ੇ ਦੁਆਲ਼ੇ, ਮੰਗਤੀਆਂ ਨਿਆਣੇ ਫੜੀ ਘੁੰਮਦੀਆਂ ਸਨ, ਜਿਵੇਂ
ਮੱਖੀਆਂ ਡਗ ਕੁੱਤਿਆਂ ਦੇ ਆਸ ਪਾਸ ਉੱਡਦੀਆਂ ਸਨ। ਇੱਕ ਥਾਂ ਤੇ ਸੜਕ ਕਿਨਾਰੇ ਜਪੀ
ਤਪੀ ਬਕਸੇ ਉੱਤੇ ਬੈਠਾ ਸੀ। ਸੀਮਾ ਨੇ ਦੂਜੀ ਵਾਰੀ ਉਸ ਵੱਲ ਝਾਤ ਮਾਰੀ। ਲੱਤਾਂ ਬਿਨਾ
ਸੀ ਉਹ। ਹੱਥ’ਚ ਕੱਪ ਸੀ ਭਿੱਖਿਆ ਮੰਗਣ ਲਈ। ਸੀਮਾ ਨੇ ਸੋਚਿਆ, ਇਸ ਹਾਲ ਤੋਂ ਬਿਹਤਰ
ਮਰਨਾ ਨਹੀਂ ਚੰਗਾ? ਜਾਂ ਪਹਿਲਾਂ ਹੀ ਨਹੀਂ ਜਿਉਣਾ? ਜਿੰਦਗੀ ਬੇਇੰਸਾਫ ਵੀ ਹੈ, ਪਰ
ਨਾ ਜੀਣ ਤੋਂ ਚੰਗਾ ਕੁੱਝ ਨਹੀਂ ਹੈ। ਇਨਸਾਨ ਜੰਮਦਾ ਹੀ ਹਰ ਜਾਂਦਾ ਹੈ, ਕਿਸਮਤ ਵਾਲ਼ਾ
ਲੰਮੀ ਉਮਰ’ਚ ਜਾਂਦਾ ਹੈ; ਕਈ ਵਿਚਾਰੇ ਜਲਦੀ ਹੀ ਤੁਰ ਜਾਂਦੇ ਨੇ। ਪਰ ਦੁਨੀਆ ਤਾਂ
ਦੇਖ ਕੇ ਹੀ ਜਾਂਦੇ ਨੇ। ਮਰਨ ਵਾਲ਼ੇ ਨੂੰ ਦੁੱਖ ਨਹੀਂ ਲੱਗਦਾ। ਜਿਹੜੇ ਪਿੱਛੇ ਰਹਿ
ਜਾਂਦੇ ਨੇ, ਹਮੇਸ਼ਾ ਉਨ੍ਹਾਂ ਨੂੰ ਦੁੱਖ ਲੱਗਦਾ ਹੈ। ਮਰਨ ਵਾਲ਼ਿਆਂ ਦੀ ਤਾਂ ਬੱਤੀ ਬੁਝ
ਜਾਂਦੀ ਹੈ। ਇੱਕ ਦਿਨ ਓਂਕਾਰ ਨਾਲ਼ ਵੀ ਐਸੇ ਹੋਣਾ ਏ। ਦੁਨੀਆ ਦੀ ਆਣੀ ਜਾਣੀ ਦੀ ਪੂਰੀ
ਸਮਝ ਓਦੋਂ ਆਉਂਦੀ ਜਦ ਕਿਸੇ ਦਾ ਕਰੀਬੀ ਬੰਦਾ ਪੂਰਾ ਹੋ ਜਾਂਦੈ।
ਸੀਮਾ ਨੂੰ ਮੰਡੀ’ਚ ਕੁੱਝ ਪਸੰਦ ਨਹੀਂ ਆਇਆ। ਇਸ ਕਰਕੇ ਦੁਕਾਨਾਂ ਵੱਲ ਤੁਰ ਪਈ।
ਸੜਕ ਦੇ ਖੂੰਜੇ ਮੁੰਡਿਆਂ ਦਾ ਟੋਲਾ ਖਲੋਤਾ ਸੀ, ਹੱਥਾਂ’ਚ ਸੈੱਲ ਫੋਨ ਫੜ੍ਹੇ, ਅੱਖਾਂ
ਉੱਤੇ ਧੁੱਪ ਦੀਆਂ ਐਨਕਾਂ ਪਾਈਆਂ, ਤੁਰਦੀਆਂ ਫਿਰਦੀਆਂ ਕੁੜੀਆਂ ਨੂੰ ਗੁੱਠੇ ਲਾਉਂਦੇ
ਸਨ। ਕਿਸੇ ਨੂੰ ਸੀਟੀ ਵਜਾਉਂਦੇ ਸੀ, ਕਿਸੇ ਨੂੰ ਅੱਖਾਂ ਮਾਰਕੇ ਸਤਾਉਂਦੇ ਸਨ, ਕਿਸੇ
ਨੂੰ ਕੋਈ ਹੋਰ ਛੇੜ-ਖਾਨੀ ਕਰਦੇ ਸਨ। ਸੀਮਾ ਨੇ ਇਨ੍ਹਾਂ ਲਗੜਾਂ ਭਗੜਾਂ ਤੋਂ ਪਰ੍ਹਾਂ
ਰਹਿਣ ਲਈ ਸੜਕ ਪਾਰ ਕਰ ਲਈ। ਇਸ ਕਰਕੇ ਸੀਮਾ ਨੂੰ ਉਸਦੇ ਮਗਰ ( ਪਿੱਛਾ ਕਰਦਾ) ਹੌਲ਼ੀ
ਹੌਲ਼ੀ ਤੁਰਦਾ ਅਜਨਬੀ ਨਹੀਂ ਦਿਸਿਆ।ਅਜਨਬੀ ਲਗੜ ਭਗੜ ਟੋਲੇ ਓਲ੍ਹੇ ਲੁਕ ਗਿਆ ਸੀ।
ਸੀਮਾ ਨੂੰ ਭੁੱਖ ਲੱਗੀ ਸੀ। ਓਂਕਾਰ ਤਾਂ ਦਿਨੇ ਕੁੱਝ, ਜਾਂ ਕਿਸੇ ਨੂੰ ਮਾਰਕੇ ਖਾ
ਲੈਂਦਾ ਸੀ। ਕਾਸ਼! ਅੱਜ ਨਾ ਕੋਈ ਬੇਗੁਨਾਹ ਉਸਦੇ ਪੰਜਿਆਂ’ਚ ਆ ਜਾਵੇ! ਸੀਮਾ ਨੂੰ
ਇਕੱਲੀ ਨੂੰ ਖਾਣਾ ਪੈਂਦਾ ਸੀ। ਸੀਮਾ ਨੇ ਢਾਬੇ’ਚ ਜਾ ਕੇ ਪਰਾਠ੍ਹੇ ਆਡਰ ਕਰ ਲਏ।
ਉੱਪਰ ਛੱਤ ਤੋਂ ਦੋ ਵੱਡੇ ਪੱਖੇ ਝੱਲਦੇ ਸਨ, ਜਿਵੇਂ ਹੈਲੀਕਾਪਟਰ ਦੇ ਪੱਖੇ ਚੱਕਰਾਂ’ਚ
ਘੁੰਮਦੇ ਹੋਣ। ਢਾਬਾ ਭਰਿਆ ਹੋਇਆ ਸੀ। ਜਨਤਾ ਖਾਣ’ਚ ਗੁੱਝੀ ਸੀ। ਲੋਕ ਸਭ ਕਥਾ
ਵਾਰਤਾ’ਚ ਵੀ ਰੁੱਝੇ ਸਨ; ਰੇਡਿਓ ਦੀ ਅਵਾਜ਼ ਦਾ ਸਾਹ ਗੁੰਮ ਕਰ ਦਿੱਤਾ ਸੀ। ਸੀਮਾ
ਚੁੱਪ ਚਾਪ ਮੇਜ਼ ਕੋਲ਼ ਪਈ ਇੱਕ ਕੁਰਸੀ ‘ਤੇ ਬਹਿ ਗਈ ਸੀ।
ਸੀਮਾ ਦੇ ਪਿੱਛੇ ਇੱਕ ਮੇਜ਼ ਨਾਲ਼ ਉਸਦਾ ਬਿਆਧ ਵੀ ਬੈਠ ਗਿਆ। ਬੇਇਲਮ ਸੀਮਾ ਆਵਦੇ
ਖਿਆਲਾਂ’ਚ ਗੁਆਚੀ ਸੀ। ਜੋ ਓਂਕਾਰ ਨੇ ਪਰਗਟਾਇਆ, ਉਸ ਨੇ ਬਾਰ ਬਾਰ ਸੋਚਾਂ’ਚ
ਵਿਖਾਇਆ, ਜਿੱਦਾਂ ਕੋਈ ਫਿਲਮ ਨੂੰ ਅੱਗੇ ਪਿੱਛੇ ਕਰਕੇ ਦੁਆਰਾ ਵੇਖਦੀ ਹੋਵੇ। ਹੁਣ
ਤਾਂ ਸੀਮਾ ਹਰ ਚੀਜ਼ ਨੂੰ ਤੱਜਣ ਲਈ ਤਿਆਰ ਸੀ। ਹੁਣ ਤਾਂ ਪਰੀਆਂ ਵਿੱਚ ਵੀ ਵਿਸ਼ਵਾਸ
ਸੀ। ਇਸ ਤਰ੍ਹਾਂ ਦੇ ਆਦਮੀ ਨੂੰ…ਆਦਮੀ ਜਾਂ ਅਸੁਰ? ਆਹੋ, ਆਦਮੀ। ਜਰੂਰ ਆਦਮੀ। ਇਸ
ਤਰ੍ਹਾਂ ਆਦਮੀ ਨਾਲ਼ ਪਿਆਰ ਕਰ ਸਕਦੀ? ਹਾਂ, ਕਰ ਸਕਦੀ ਸੀ। ਕਿਉਂ ਨਹੀਂ? ਰਾਮ ਨਹੀਂ
ਸੀ, ਪਰ ਰਾਵਣ ਤੋਂ ਬਿਹਤਰ ਸੀ। ਪਿਆਰ ਨੇ ਉਸਦੀ ਲੰਮੀ ਉਮਰ ਨੂੰ ਸ਼ਿਕਸਤ ਦੇਣੀ ਸੀ,
ਪਰ ਅਮਨ ਵੀ ਦੇਣਾ ਸੀ। ਇੱਕ ਪ੍ਰੇਮ ਵਾਲ਼ੀ ਜਿੰਦਗੀ ਦੇ ਮੁਕਾਬਲੇ ਦਸ ਪਿਆਰ ਵਿਗੁੱਤੇ
ਜੀਵਨ ਕੀ ਸਨ? ਕੰਗਾਲ ਸਨ। ਹੋਰ ਕੀ?
ਖਾ ਖੂ ਕੇ ਢਾਬੇ’ਚੋਂ ਉਡ ਗਈ। ਪਿੱਛੇ ਸਾਇਆ ਮਗਰ ਆਇਆ। ਸੀਮਾ ਨੇ ਆਵਦੇ ਮਾਂ-ਪਿਉ
ਬਾਰੇ ਸੋਚਿਆ। ਕਿੱਥੇ ਤੋਂ ਕਿੱਥੇ ਪਹੁੰਚ ਗਏ ਸਨ, ਕੇਵਲ ਓਂਕਾਰ ਕਰਕੇ। ਹੁਣ ਸੀਮਾ
ਨੂੰ ਓਂਕਾਰ ਵੱਲ ਕੋਈ ਨਫ਼ਰਤ ਨਹੀਂ ਰਹੀ। ਕੋਈ ਡਰ ਨਹੀਂ ਸੀ। ਸਗੋਂ ਦਇਆ ਆਉਂਦੀ ਸੀ।
ਸੀਮਾ ਨੂੰ ਇੱਕ ਸਿਨੀਮਾ ਦਿੱਸ ਪਿਆ। ਮਨ ਬਣਾ ਲਿਆ ਫਿਲਮ ਵੇਖਣ ਦਾ। ਉਸਦੇ ਮਗਰ
ਹੀ ਛਾਇਆ ਤੁਰ ਪਿਆ। ਸੀਮਾ ਫਿਲਮ ਵਿੱਚ ਰੁੱਝੀ ਸੀ…ਸਚਾਈ ਤੋਂ ਪਰ੍ਹੇ ਹੋਣ। ਚੁੱਪ
ਛਾਪ ਸੀਮਾ ਵੱਲ ਵੇਖੀ ਗਿਆ। ਜਦ ਸੀਮਾ ਨਿਕਲ ਕੇ ਹੋਟਲ ਵੱਲ ਗਈ, ਉਸਦੇ ਮਗਰ ਉਹ ਵੀ
ਚਲਿਆ ਗਿਆ। ਹੋਟਲ ਦਾ ਨਾਂਅ ਲੈ ਕੇ ਦਿਨ ਦੀ ਖੱਪ’ਚ ਸ਼ਾਮਲ ਹੋ ਗਿਆ॥
... ਚਲਦਾ
ਧਨੰਵਾਦ ਜਸਵਿੰਦਰ ਸੰਧੂ ਨੂੰ |