ਧਿਆਨ ਨਾਲ ਸੀਮਾ ਕੋਸ਼ਿਸ਼ ਕਰਦੀ ਸੀ ਓਂਕਾਰ ਦਾ ਕਥਾਨਕ ਸੁਣਨ ਦੀ। ਪਰ ਉਸ
ਦੀਆਂ ਗੱਲਾਂ ਇੰਨੀਆਂ ਅਸੰਭਵ ਸਨ ਕਿ ਸੀਮਾ ਨੂੰ ਔਖਾ ਲੱਗਾ ਗੱਲ ਮਨਣੀ। ਸੀਮਾ ਨੂੰ
ਤਾਂ ਅਫ਼ਸਾਨਾ ਹੀ ਲੱਗਿਆ। ਜੇ ਓਂਕਾਰ ਪਟਿਆਲੇ ਦਾ ਰਾਜਾ ਸੀ, ਫਿਰ ਅੱਜ ਦੇ ਰਾਜੇ
ਨੂੰ ਪਤਾ ਹੋਣਾ ਸੀ। ਪਰ ਦੂਜੇ ਪਾਸੇ ਸੀਮਾ ਦੇ ਸਾਹਮਣੇ ਇਕ ਬੁੱਢਾ ਹੁਣ ਜਵਾਨ ਛੈਲਾ
ਜਾਪਦਾ ਸੀ। ਨਿਤ ਜੰਗਲ'ਚ ਜਾਂਦਾ ਸੀ। ਸੀਮਾ ਨੇ ਕਦੀ ਉਸ ਨੂੰ ਖਾਂਦੇ ਨੂੰ ਵੇਖਿਆ
ਨਹੀਂ ਸੀ। ਭੂਤ ਹੀ ਸੀ, ਹੋਰ ਕੀ? ਪਰ ਇਹ ਗੱਲ ਤਰਕਸ਼ੀਲ ਨਹੀਂ ਸੀ। ਮਨ ਘੜਤ ਗੱਲਾਂ
ਸਨ। ਹੋਰ ਕੀ?'ਤੇ ਜੇ ਸੱਚ ਮੁੱਚ ਐਸੇ ਹੋਇਆ, ਫਿਰ ਓਂਕਾਰ ਉਚੱਕਾ ਮਰਦ ਸੀ। ਜੋਤੀ
ਨਾਲ ਕੀ ਬੀਤਿਆ, ਬਿਲੋ ਨਾਲ ਕੀ ਬੀਤਿਆ। ਵੱਡੇ ਲੋਕਾਂ ਦਾ ਇਖਲਾਕ ਕਿਥੇ ਸੀ? ਸੀਮਾ
ਨੂੰ ਇਸ ਵੇਲੇ ਲੱਗਾ ਹਰ ਆਦਮੀ ਸੁਭਾਵਿਕ ਪਾਪੀ ਸੀ। ਹਰ ਜਨਾਨੀ ਉਸਦੀ ਮਜ਼ਲੂਮ।
ਜਿੰਨੀ ਇੱਜ਼ਤ ਓਂਕਾਰ ਲਈ ਸੀ, ਉੱਡਣ ਲੱਗ ਪਈ। ਫਿਰ ਵੀ ਉਸਦੀ ਮਿੱਠੀ ਆਵਾਜ਼ ਨੇ
ਸੀਮਾ ਦਾ ਟੂਣਾ ਕਰ ਦਿੱਤੀ। ਨਾਲੇ ਜਿਸ ਤਰਾ ਕਹਾਣੀ ਦੱਸਦਾ ਸੀ, ਸਭ ਸੱਚ ਲੱਗਿਆ।
ਓਂਕਾਰ ਰੋਂਦਾ ਸੀ। ਸੀਮਾ ਨੇ ਆਵਦੀਆਂ ਬਾਹਾਂ'ਚ ਲੈ ਲਿਆ। ਜਦ ਸਿਸਕਣ ਹਟ ਗਿਆ,
ਸੀਮਾ ਨੇ ਉਸ ਨੂੰ ਆਹਿਆ, " ਜਦ ਜੋਤੀ ਨੂੰ ਪਤਾ ਲੱਗਾ, ਫਿਰ ਕੀ ਹੋਇਆ?"। ਬੁੱਲ੍ਹ
ਕੱਢਕੇ ਓਂਕਾਰ ਨੇ ਉੱਤਰ ਦਿੱਤਾ, " ਸਾੜ੍ਹਸਤੀ ਸ਼ੁਰੂ ਹੋ ਗਈ। ਕਿਆਮਤ ਢਹਿ ਪਈ।
ਕਿਆਮਤ", ਕਹਿ ਕੇ ਓਂਕਾਰ ਸੁੰਨ ਮੁੰਨ ਹੋ ਗਿਆ। ਇੰਨਾ ਚੁੱਪ ਸੀ ਕਿ ਆਲੇ ਦੁਆਲੇ ਦੀ
ਖਮੋਸ਼ੀ ਖੜਕੀ। ਹਾਰਕੇ ਸੀਮਾ ਨੇ ਆਖਿਆ, " ਕੀ ਗੱਲ?"।
ਓਂਕਾਰ ਨੇ ਆਵਦਾ ਜੀਵਨ ਚਰਿੱਤਰ ਅੱਗੇ ਤੋਰਿਆ।
" ਜੋਤੀ ਇੰਨੀ ਚੰਗੀ ਨਹੀਂ ਸੀ। ਉਸ ਨੂੰ ਈਰਖਾ ਭਰਿਆ। ਬਿਲੋ ਤਾਂ ਆਵਦੇ ਘਰ ਖਸਤਾ
ਹਾਲੀ ਪਈ ਸੀ, ਮੱਹਲ ਦੇ ਨੇੜੇ ਨਹੀਂ ਆਈ। ਫਿਰ ਵੀ ਮੇਰੇ ਮੁਖ ਨੇ ਸਾਫ਼ ਜੋਤੀ ਨੂੰ
ਦੱਸਿਆ, ਮੈਂ ਤਾਂ ਉਸ ਦੀ ਘਾਟ ਮਹਿਸੂਸ ਕਰਦਾ ਸਾਂ। ਇਕ ਆਦਮੀ ਸੀ ਸਾਡੇ ਦਰਬਾਰ ਜਿਸ
ਦੀ ਅੱਖ ਜੋਤੀ'ਤੇ ਸੀ। ਉਸ ਨੂੰ ਸਾਫ਼ ਦਿੱਸਦਾ ਸੀ ਸਾਡੀ ਜੋੜੀ ਕੰਮ ਨਹੀਂ ਕਰਦੀ ਸੀ।
ਆਨੇ ਬਹਾਨੇ ਨਾਲ ਜੋਤੀ ਦੇ ਸਾਹਮਣੇ ਆ ਜਾਂਦਾ ਸੀ। ਜੋਤੀ ਪਾਗਲ ਨਹੀਂ ਸੀ। ਸਮਝ ਗਈ।
ਬੰਦੇ ਦਾ ਨਾਂ ਰਵਨੀਤ ਸਿੰਘ ਸੀ। ਉਸ ਨਾਲ ਜੋਤੀ ਨੇ ਸਬੀਲ ਬਣਾਈ। ਰਵਨੀਤ ਜੋਤੀ ਦਾ
ਝੋਲ਼ੀ ਚੁੱਕ ਸੀ। ਉਸ ਨੇ ਆਵਦੇ ਚੇਲੇ ਆਸ ਪਾਸ ਖਿਲਾਰ ਦਿੱਤੇ, ਬਿਲੋ ਨੂੰ ਭਾਲ਼ਨ
ਲਈ। ਜਦ ਲੱਭ ਗਈ, ਉਨ੍ਹਾਂ ਨੇ ਜੋਤੀ ਨੂੰ ਸਮਾਚਾਰ ਦਿੱਤਾ। ਕੁੜੀ ਜੋਤੀ ਤੋਂ ਵੱਧ
ਦਿਲਕਸ਼ ਸੀ। ਇਹ ਗੱਲ ਜੋਤੀ ਸੁਣ ਕੇ ਖੌਲ ਗਈ। ਜੋਤੀ ਨੇ ਰਵਨੀਤ ਨੂੰ ਹਲਾਹਲ ਦੀ
ਸ਼ੀਸ਼ੀ ਦੇ ਦਿੱਤੀ। ਉਸ ਨੇ ਆਵਦੇ ਆਦਮੀ ਨੂੰ ਮਹੁਰਾ ਦੇ ਕੇ ਬਿਲੋ ਦੇ ਘਰ ਭੇਜ
ਦਿੱਤਾ"। ਓਂਕਾਰ ਚੁੱਪ ਹੋ ਗਿਆ।
ਸੀਮਾ ਨੂੰ ਸਾਫ਼ ਸਾਫ਼ ਸਮਝ ਸੀ ਕਿ ਇਹ ਰੰਦ ਦਾ ਅੰਤ ਕਿਥੇ ਪਹੁੰਚਣਾ ਸੀ, ਕਿਸ
ਅੰਜਾਮ ਤੇ ਹਸ਼ਰ ਹੋਣਾ ਸੀ। ਓਂਕਾਰ ਉੱਤੇ ਤਰਸ ਆਇਆ ਪਰ ਬਿਲੋ ਲਈ ਪਸੀਜੀ। ਪਿਆਰ ਦੇ
ਚੱਕਰ ਵਿੱਚ ਓਂਕਾਰ ਨੇ ਉਸ ਨੂੰ ਲਿਆਂਦਾ। ਬੰਦੇ ਨੇ ਇਸ ਰਾਹ'ਚ ਕੁੜੀ ਨੂੰ ਪਾਇਆ।
ਬਿਲੋ ਇਵੇਂ ਫਸ ਗਈ। ਹਮੇਸ਼ਾ ਔਰਤ ਨੂੰ ਹੀ ਦੁੱਖ ਹੁੰਦਾ ਸੀ, ਆਦਮੀ ਦੀ ਚਾਲਬਾਜੀ
ਜਾਂ ਹੀਂਗਣੀ ਕਰਕੇ। ਬੰਦਾ ਤਾਂ ਤੁਰ ਪੈਂਦਾ। ਸਮਾਜ ਤਾਂ ਜਨਾਨੀ ਵੱਲ ਘੁਰ ਕੇ
ਵੇਖਦਾ। ਜਹਾਲਤ ਜੱਨਤ ਇੰਝ ਹੀ ਹਮੇਸ਼ਾ ਕਰਦੀ ਹੈ। ਸੀਮਾ ਨੂੰ ਲੱਗੇ ਹਰ ਨਾਰੀ ਨੂੰ
ਇੰਨ੍ਹਾਂ ਨੂੰ ਮੂੰਹ ਮੋੜਣਾ ਚਾਹੀਦਾ ਸੀ। ਪਰ ਇਸ ਦੇਸ ਵਿੱਚ ਹਿੱਮਤ ਨਹੀਂ ਆਈ।
ਵਿਚਾਰੀ ਬਿਲੋ! ਜੇ ਓਂਕਾਰ ਨੇ ਉਸ ਵੱਲ ਅੱਖ ਨਹੀਂ ਮਾਰੀ, ਉਸ ਦਾ ਅੰਨ-ਜਲ ਹੋਰ ਹੋਣਾ
ਸੀ।
ਓਂਕਾਰ ਨੇ ਆਵਦੀ ਗਾਥਾ ਅੱਗੇ ਤੋਰੀ। ਹੁਣ ਉਸ ਦੇ ਦੀਦੇ ਦੁਰਾਡੇ ਥਾਂ ਸਨ।
ਕਲਦਾਰ, ਯਾਨੀ ਮਸ਼ੀਨ-ਮਾਨਵ ਵਾਂਗ, ਕਹਾਣੀ ਬੋਲਦਾ ਸੀ। ਪਰ ਵੇਖਣ'ਚ ਆਪਣੇ ਆਪ ਤੋਂ
ਦੂਰ ਹੋ ਗਿਆ ਸੀ। ਸੀਮਾ ਦੀਆਂ ਅੱਖਾਂ ਘੜੀ ਵੱਲ ਗਈਆਂ। ਘੰਟੇ ਦਾ ਹੱਥ ਅਤੇ ਮਿੰਟਾਂ
ਦਾ ਹੱਥ ਨਾਲੇ ਨਾਲ ਆਏ, ਜਿਵੇਂ ਘੜੀ ਸਤਿ ਸ੍ਰੀ ਅਕਾਲ ਕਰਦੀ ਸੀ। ਪੂਰੇ ਬਾਰਾਂ ਵਜ
ਗਏ ਸੀ। ਸੀਮਾ ਦਾ ਧਿਆਨ ਉਸ ਪਲ ਲਈ ਟੁਟ ਗਿਆ ਸੀ। ਹੁਣ ਓਂਕਾਰ ਦੀ ਗੱਲ ਉੱਤੇ ਲਿਵ
ਲਾਉਂਦੀ ਸੀ।
" ਰਵਨੀਤ ਦੇ ਬੰਦੇ ਨੇ ਆਵਦਾ ਕੰਮ ਕਰ ਦਿੱਤਾ। ਬਿਲੋ ਨੂੰ ਹੌਲੀ ਹੌਲੀ ਜ਼ਹਿਰ
ਚੜ੍ਹ ਗਈ। ਪਰ ਗੱਲ ਇਥੇ ਨਹੀਂ ਨਿਬੇੜੀ। ਉਸ ਨੇ ਬਿਲੋ ਦੀ ਲੋਥ ਨੂੰ ਜੰਗਲ ਰੱਖ
ਦਿੱਤਾ...ਜਿਥੇ ਕਿਸਮਤ ਨਾਲ ਸ਼ੇਰ ਨੇ ਲੱਭ ਕੇ ਲਾਸ਼ ਖਾ ਲਈ...ਬਿਲੋ ਦੇ...ਟੁਕੜੇ
ਟੁਕੜੇ ਕਰ ਦਿੱਤੇ...ਮੇਰੀ ਬਿਲੋ ਦੇ...ਉਸ ਨੂੰ ਇਸ ਭਿਆਨਕ ਤਰੀਕੇ ਨਾਲ ਮੁੱਕਾ
ਦਿੱਤਾ...ਜੰਗਲ ਵਿੱਚ ਛੱਡ ਦਿੱਤੀ ਸ਼ੇਰ ਲਈ ਭਾਲ"। ਇਹ ਲਫ਼ਜ਼ ਓਂਕਾਰ ਨੇ ਬਹੁਤ ਔਖੀ
ਦੇਣੀ ਹੋਠ ਤੋਂ ਬਾਹਰ ਕੱਢੇ, " ਸ਼ੇਰ ਨੇ ਖਾ ਲਈ...ਮੇਰੀ ਬੁਲਬੁਲ ਨੂੰ...ਤੇਰੀਆਂ
ਅੱਖਾਂ ਵਿੱਚ ਜੋਤੀ ਮਜ਼ਲੂਮ ਸੀ, ਕਿਉਂ? ਹੁਣ ਕਿਵੇਂ ਮੇਰੀ ਅਰਧੰਗਣੀ?"।
ਸੀਮਾ ਲਾ-ਜੁਆਬ ਹੋ ਗਈ। ਹੁਣ ਤਰਸ ਕੱਲੀ ਬਿਲੋ ਲਈ ਨਹੀਂ ਸੀ। ਓਂਕਾਰ ਲਈ ਵੀ ਸੀ।
ਓਂਕਾਰ ਜਿਸ ਨੇ ਆਵਦੀ ਯਾਰਣੀ ਗੁਆਈ, ਓਂਕਾਰ ਜੋ ਸਦੀਆਂ ਲਈ ਦੁਨੀਆ'ਚ ਰਮਿਆ। ਹੁਣ
ਗੱਲ ਸਰਾਪ'ਤੇ ਆਈ। ਕਿਉਂ ਅਤੇ ਕਿਵੇਂ।
" ਮੈਨੂੰ ਉਸ ਵੇਲੇ ਪਤਾ ਨਹੀਂ ਸੀ ਬਿਲੋ ਨਾਲ ਕੀ ਬੀਤਿਆ। ਜਦ ਲਾਂਸ਼ ਜੰਗਲ'ਚੋਂ
ਲੱਭ ਕੇ ਪੇਂਡੂਆਂ ਨੇ ਮਾਂ ਕੋਲ਼ ਲਿਆਂਦੀ, ਮਾਂ ਝੱਲ ਗਈ। ਉਸ ਨੂੰ ਕੁੱਝ ਨਹੀਂ ਪਤਾ
ਲੱਗੇ। ਸ਼ੁਦੈਣ ਹੋ ਗਈ। ਉਸ ਦੇ ਮਨ ਨੇ ਕਿਹਾ ਕਿ ' ਓਂਕਾਰ ਰਾਜਕੁਮਾਰ ਨੇ ਕੀਤਾ। ਉਸ
ਦੇ ਵਜਾ ਕਰਕੇ ਹੋਈ। ਉਨ੍ਹੇਂ ਮੇਰੀ ਪਿਆਰੀ ਧੀ ਮਾਰੀ ਆ'। ਉਸ ਹੀ ਵੇਲੇ ਮੇਰੇ ਉੱਤੇ
ਸਰਾਪ ਲਾ ਦਿੱਤਾ। ਮੈਂ ਸ਼ੇਰ ਦੇ ਐਬ ਦੇ ਦਿੱਤੇ। ਜਾਨਵਰ ਵਰਗਾ ਬਣ ਗਿਆ...ਹਾਲੇ
ਰੂਪ'ਚ ਨਹੀਂ...ਪਰ ਮੂਲ ਪਰਵਿਰਤੀ'ਚ, ਸੁਭਾ'ਚ। ਉਸ ਵੇਲੇ ਮੇਰੇ ਪੱਲੇ ਨਹੀਂ ਪਿਆ"।
"ਨਿੱਤ ਨਿੱਤ ਮੇਰੀ ਭੁੱਖ ਵੱਧ ਗਈ। ਜੋ ਮੇਰੇ ਸਾਹਮਣੇ ਧਰਿਆ, ਮੈਂ ਰਜ ਰਜ ਕੇ
ਖਾਈ ਗਿਆ। ਪਰ ਪੇਟ ਦੀ ਅੱਗ ਨਹੀਂ ਉੱਤਰੀ। ਸਬਜ਼ੀਆਂ, ਫ਼ਲ ਅਤੇ ਹੋਰ ਸਮਾਨ ਬੇਸੁਆਦ
ਬਣ ਗਏ। ਮੀਟ ਤੋਂ ਛੁੱਟ ਸਭ ਕੁੱਝ ਬੁਰਾ ਲੱਗਣ ਲੱਗ ਪਿਆ। ਅੱਠੇ ਪਹਿਰ ਮੈਂ ਮਾਸ ਖਾਣ
ਲੱਗ ਪਿਆ। ਇਹ ਹਾਲ'ਚ ਮੈਂ ਦਸ ਦਿਨਾਂ ਲਈ ਰਿਹਾ। ਖਾ ਖਾ ਕੇ ਰਜ ਕੇ ਸੌਂਦਾ ਸੀ।
ਜੋਤੀ ਵੀ ਹੈਰਾਨ ਹੋ ਗਈ ਸੀ, ਪਿਤਾ ਜੀ ਵੀ, ਮਾਂ ਭਰਾ ਵੀ। ਮੇਰੀ ਸੁਣਨ ਸੁੰਘਣ
ਸ਼ਕਤੀ ਵੱਧ ਗਈ। ਸੁੰਘ ਕੇ ਹੀ ਪਤਾ ਲੱਗ ਜਾਂਦਾ ਸੀ ਜੇ ਕੋਈ ਮੇਰੇ ਕਮਰੇ ਦੇ ਦਰ ਵੱਲ
ਆਉਂਦਾ ਸੀ। ਜੇ ਕਮਰੇ'ਚ ਕੋਈ ਚੂਹਾ ਸੀ, ਵੇਖਣ ਤੋਂ ਪਹਿਲਾ ਹੀ ਉਸ ਬਾਰੇ ਪਤਾ ਲੱਗ
ਜਾਂਦਾ ਸੀ। ਪਰ ਉਸ ਬਾਸ ਤੋਂ ਸਹਿਮਦਾ ਨਹੀਂ ਸੀ; ਵੈਸੇ ਖੁਸ਼ਬੂ ਆਉਂਦੀ ਸੀ। ਛੱਤ'ਤੇ
ਉਥੱਲੀਆਂ ਕਿਰਲੀਆਂ( ਕਹਿਣ ਦਾ ਮਤਲਬ, ਛੱਤ ਨਾਲ ਚੰਬੜੀਆਂ) ਵੱਲ ਝਾਕਦਾ ਸੀ, ਘੰਟਿਆਂ
ਲਈ। ਜੇ ਕੋਈ ਮੇਰੇ ਨੇੜੇ ਆਉਂਦੀ ਸੀ, ਗੋਲ਼ੀ ਵਾਂਗ ਹੱਥ ਵਿਚ ਉਸ ਨੂੰ ਫੜ ਲੈਂਦਾ
ਸੀ"।
" ਗੋਸ਼ਤ ਖਾਣ ਬਾਅਦ ਸਾਰਾ ਦਿਨ ਸੀਨੇ ਠੰਢ ਪੈ ਜਾਂਦੀ ਸੀ। ਜਦ ਘੋੜਿਆ ਵੱਲ
ਜਾਂਦਾ, ਹਿਣ ਹਿਣ ਕਰਦੇ ਮੈਂਥੋਂ ਪਰ੍ਹਾਂ ਹੋ ਜਾਂਦੇ ਸੀ। ਹਰ ਮੱਹਲ ਦਾ ਜਾਨਵਰ ਇਸ
ਤਰਾ ਕਰਨ ਲੱਗ ਪਿਆ। ਇਕ ਦਿਨ ਮੈਂ ਸਬਾਤ'ਚ ਜਾ ਕੇ, ਸੇਵਕਾਂ ਤੋਂ ਓੱਲ੍ਹੇ, ਚੋਰੀ
ਚੋਰੀ ਕੱਚੀ ਬੋਟੀ ਖਾ ਲਈ। ਬਹੁਤ ਸੁਆਦ ਲੱਗੀ। ਇਕ ਦਿਨ ਮੈਂ ਵੀਰੇ ਨਾਲ ਬੈਠਾ ਬੁਰਦ
ਖੇਡਦਾ ਸੀ। ਉਨ੍ਹੇ ਮੇਰੇ ਕਈ ਪਿਆਦੇ ਲੈ ਲਏ, ਅਤੇ ਮੈਨੂੰ ਐਰਾ ਕੱਢਣਾ ਪਿਆ। ਭਾਜੀ
ਸ਼ਤਰੰਜਬਾਜ਼ ਸੀ। ਮੇਰਾ ਧਿਆਨ ਘੋੜੇ ਫਰਜੀਆਂ ਤੋਂ ਉਸ ਦੀ ਬਾਂਹ ਵੱਲ ਗਿਆ। ਇਸ ਵੇਲੇ
ਉਸ ਦੇ ਹੱਥ'ਚ ਵਜ਼ੀਰ ਫੜ੍ਹਿਆ ਸੀ। ਉਸ ਦੀ ਕਲਾਈ ਦਿਸਦੀ ਸੀ ( ਆਸਤੀਨ ਪਿੱਛੇ ਡਿੱਗ
ਗਈ ਸੀ),'ਤੇ ਨੰਗੇ ਮਾਸ ਨੂੰ ਵੇਖ ਕੇ ਆਵੇਗ ਚੜ ਗਿਆ। ਸ਼ਿਕਾਰ ਖੇਲਣਾ ਚਾਹੁੰਦਾ ਸੀ,
ਉਸ ਦੀ ਬਾਂਹ ਨਾਲ। ਪਤਾ ਨਹੀਂ ਕਿਥੋਂ, ਪਰ ਮੇਰੇ ਮੂੰਹੋ ਚੰਘਾੜ ਆਈ। ਮੈਂ ਸ਼ਤਰੰਜ
ਪਾਸੇ ਮਾਰਿਆ ਅਤੇ ਵੀਰੇ ਵੱਲ ਹਲ਼ਕੇ ਹੈਵਾਨ ਵਾਂਗ ਛਾਲ ਮਾਰੀ। ਭਾਜੀ ਭੁੰਜੇ ਡਿੱਗ
ਪਿਆ...ਉਸ ਦੀ ਕਲਾਈ ਦਾ ਮਾਸ ਮੇਰੇ ਮੂੰਹ ਵਿਚ...ਮੈਂ ਚੱਕ ਮਾਰਿਆ। ਦੰਦੀ ਵੱਢਣ 'ਤੇ
ਬਾਂਹ'ਚੋਂ ਰੱਤ ਡੁਲ੍ਹਿਆ। ਬਾਂਹ ਤੋਂ ਮਾਸ ਲਾਹ ਦਿੱਤਾ ਸੀ..ਅਸੀਂ ਦੋਨਾਂ ਇਕ ਦੂਜੇ
ਵੱਲ ਹੈਰਤ ਨਾਲ ਵੇਖਿਆ। ਫਿਰ ਉਸ ਨੇ ਮੇਰੇ ਚਪੜੇ ਮਾਰੀ। ਮੈਂ ਸਮਝਿਆ ਨਹੀਂ ਕਿਉਂ
ਮੈਂ ਐਸਾ ਕੀਤਾ। ਪਿਤਾ ਜੀ ਵੀ ਬਹੁਤ ਗੁਸੇ ਹੋ ਗਏ"।
" ਪਿਤਾ ਜੀ ਦੀ ਹਦ ਹੋ ਗਈ ਸੀ। ਹੋਰ ਬਰਦਾਸ਼ਤ ਨਹੀਂ ਕਰ ਸਕਦੇ ਸੀ। ਦਰਬਾਰ'ਚੋਂ
ਛੇਕ ਦਟ ਦਿੱਤਾ। ਪਿਤਾ ਜੀ ਦਾ ਜੀ ਖੱਟਾ ਹੋ ਗਿਆ। ਮਾਂ ਦਾ ਦਿਲ ਦੁਖਿਆ ਜਦ ਉਨ੍ਹਾਂ
ਨੇ ਆਗਿਆ ਕੀਤੀ ਕਿ ਮੈਂ ਅਤੇ ਜੋਤੀ ਨੂੰ ਮਹੱਲ ਛੱਡ ਕੇ ਬਾਹਰ ਰਹਿਣਾ ਪਵੇਗਾ। ਸਾਨੂੰ
ਪਟਿਆਲੇ'ਚੋਂ ਬਾਹਰ ਭੇਜ ਦਿੱਤਾ, ਨੌਕਰਾਂ ਦੇ ਜਥੇ ਨਾਲ। ਅਸੀਂ ਦਿਹਾਤ'ਚ ਧੌਲਰ'ਚ
ਰਹਿਣ ਲੱਗ ਪਏ। ਸਭ ਕੁੱਝ ਸੀ। ਘੋੜੇ, ਖੇਤ, ਗੱਡੀਆਂ...ਪਰ ਘਰ ਤਾਂ ਪਟਿਆਲੇ'ਚ ਹੀ
ਸੀ। ਦਰਬਾਰ ਤੋਂ ਦੂਰ ਸਨ। ਜੋਤੀ ਮੇਰੀ ਵਹੁਟੀ ਸੀ ਕਰਕੇ ਉਸ ਨੂੰ ਮੇਰੇ ਨਾਲ ਆਉਣਾ
ਪਿਆ। ਕੱਪੜਿਆਂ ਤੋਂ ਬਾਹਰ ਹੋ ਗਈ। ਮੇਰੇ ਨਾਲ ਮਹੀਨੇ ਲਈ ਬੋਲੀ ਨਹੀਂ। ਮੈਂ ਉਂਝ
ਆਪਣੇ ਆਪ'ਚ ਵੜ ਗਿਆ। ਮੈਂ ਸਮਾਧੀ ਲਾਈ। ਮਾਂ ਅਤੇ ਵੀਰਾ ਕਈ ਕਈ ਵਾਰੀ ਗੇੜਾ ਮਾਰ
ਲੈਂਦੇ ਸੀ। ਪਿਤਾ ਜੀ ਨਹੀਂ ਆਏ। ਰਵਨੀਤ ਵੀ ਆਨੇ ਬਹਾਨੇ ਨਾਲ ਆ ਜਾਂਦਾ ਸੀ। ਹੌਲੀ
ਹੌਲੀ ਜੋਤੀ ਦਾ ਧਿਆਨ ਉਸ ਵੱਲ ਚੱਲੇ ਗਿਆ। ਇਸ ਸਮੇ ਮੈਨੂੰ ਬਿਲੋ ਬਾਰੇ ਪਤਾ ਲੱਗ
ਗਿਆ ਸੀ"। ਓਂਕਾਰ ਖਮੋਸ਼ੀ'ਚ ਡੁਬ ਗਿਆ।
"ਮੈਨੂੰ ਖਬਰ ਮਿਲ ਗਈ ਬਿਲੋ ਤੁਰ ਪਈ। ਲੋਕਾਂ ਨੇ ਨੌਕਰਾਂ ਨੂੰ ਦੱਸਿਆ ਸੀ ਅਤੇ
ਉਨ੍ਹਾਂ ਦੀਆਂ ਗੱਲਾਂ ਮੇਰੇ ਕੰਨਾਂ'ਚ ਖੜਕੀਆਂ। ਬਿਲੋ ਨੂੰ ਸ਼ੇਰ ਨੇ ਮਾਰ ਦਿੱਤਾ
ਸੀ। ਟਸੂਏ ਵਰਾਉਣ ਤੋਂ ਬਾਅਦ ਮੈਂ ਆਵਦੀ ਘੋੜੀ ਉੱਤੇ ਫਟਾ ਫਟ ਉਸ ਦੇ ਘਰ ਪਹੁੰਚਿਆ।
ਉਸ ਵਕਤ ਤਕ ਮੈਂ ਬੁਖਾਰ ਦਾ ਭੰਨਿਆ ਪਿਆ ਸੀ, ਪਰ ਬਿਲੋ ਦੀ ਖਬਰ ਨੇ ਮੈਨੂੰ ਨਵਾਂ
ਜੋਸ਼ ਦਿੱਤਾ ਸੀ। ਉਥੇ ਅਪੜ ਕੇ ਦਰਵਾਜ਼ਾ ਖੜਕਾਇਆ। ਝੀਤ ਖੁਲ੍ਹੀ...ਮੇਰੇ ਵੱਲ
ਅੱਖੀਆਂ ਝਾਕੀਆਂ। ਬਿਲੋ ਦੀ ਮਾਂ ਸੀ"।
" " ਫਿੱਟੇ ਮੂੰਹ..."
" ਨਹੀਂ ਮਾਂ ਜੀ...ਮੈਂ ਸੁਣਿਆ, ਬਿਲੋ..."
" ਕੁੱਤਿਆ, ਮੇਰੀ ਰਜਣੀ ਬਲਦੀ ਅੱਗ ਵਿਚ ਦੇ ਕੇ ਹਾਲੇ ਵੀ ਖ਼ੁਸ਼ ਨਹੀਂ...",
" ਨਹੀਂ! ਅੰਦਰ ਵੜਣ ਦਿਓ...ਮਾਂ"
" ਮਾਂ! ਮੈਂ ਤਾਂ ਸਿਰਫ਼ ਤੇਰੀ ਆਇਆ ਹੀ ਸੀ! ਮਾਂ ਦਾ ਲੱਗਦਾ! ਜਾ ਇਥੋ!"
" ਮੇਰਾ ਕੀ ਕਸੂਰ ਏ? ਜੰਗਲ ਵਿਚ ਕੀ ਕਰਦੀ ਸੀ? ਕਿਵੇਂ ਹੋਇਆ? ਮੈਨੂੰ ਅੰਦਰ ਵੜਣ
ਦਿਓ!"
" ਪਤਾ ਨਹੀਂ। ਜਿਸ ਝੌਂਪੜੀ ਦੋਨੋਂ ਮਿਲਦੇ ਸੀ, ਉਸ ਦੇ ਨੇੜੇ ਤੇੜੇ ਜੰਗਲ ਵਿਚ
ਤੁਰਦੀ ਫਿਰਦੀ ਸੀ...ਸ਼ੇਰ ਨੇ ਮਾਰ ਦਿੱਤਾ। ਉਡਾਸ ਸੀ, ਤੇਰੇ ਵਜਾਹ ਕਰਕੇ। ਤੂੰ ਉਸ
ਨੂੰ ਛੱਡ ਦਿੱਤਾ..ਕਿਥੇ ਪਿਆਰ ਕਰਦਾ ਹੈ! ਇਥੋਂ ਜਾ!"।"
" ਮੈਂ ਧਰਤੀ ਉੱਤੇ ਡਿੱਗ ਪਿਆ। ਦਿਲ ਨੂੰ ਡੋਬ ਜਿਹਾ ਪਿਆ। ਫਿਰ ਕਹਿਰ ਨਾਲ ਬਿਲੋ
ਦੀ ਮਾਂ ਬੋਲੀ " ਹਾਂ, ਪੈਰਾਂ'ਤੇ ਰਹਿ! ਤੂੰ ਹੁਣ ਬੰਦਾ ਨਹੀਂ ਰਿਹਾ। ਹੁਣ ਜੰਗਲ ਦਾ
ਬਾਦਸ਼ਾਹ ਹੈ"।
" ਕੀ?", ਮੈਂ ਘਬਰਾ ਕੇ ਆਖਿਆ।
" ਆਪ ਨੂੰ ਰਾਜਾ ਸਮਝਦਾ ਹੈਂ ਨਾ? ਹੁਣ ਜੰਗਲ ਦਾ ਰਾਜਾ ਬਣ, ਹੁਣ ਉਹ ਦਰਿੰਦਾ ਬਣ
ਜਿਸ ਨੇ ਮੇਰੀ ਧੀ ਮਾਰੀ...ਮਾਰੀ ਤਾਂ ਤੂੰ ਹੀ!", ਟਕੋਰ ਕੀਤੀ।
" ਕੀ"?, ਇਹ ਗੱਲ ਅਰਲਿਆ ਬਰਲਿਆ ਸੀ।
" ਤੂੰ ਜੋ ਕੀਤਾ, ਮੈਂ ਕਦੀ ਨ੍ਹੀਂ ਮਾਫ਼ ਕਰ ਸਕਦੀ ਏ। ਤੇਰੇ'ਤੇ ਹਾਹ ਪਾ ਦਿੱਤੀ।
ਤੂੰ ਦਿਨੋਂ ਦਿਨ ਉਹ ਜਾਨਵਰ ਬਣ ਰਿਹਾ ਹੈ, ਜਿਸ ਨੇ ਮੇਰੀ ਧੀ ਦਾ ਮਾਸ ਖਾਧਾ..ਇਹ
ਸਰਾਪ ਹਮੇਸ਼ਾ ਲਈ ਤੈਨੂੰ ਇਸ ਹਾਲ'ਚ ਰੱਖੂਗਾ! ਜਾ ਡੈਣ!"। ਉਸ ਨੇ ਝੀਤ ਬੰਦ ਕਰ
ਦਿੱਤੀ। ਚਿਤ ਕੀਤਾ ਦੁੰਮ ਦਬਾ ਕੇ ਨੱਠਾ, ਪਰ ਧਰਤੀ ਨੇ ਮੇਰੇ ਕਦਮਾਂ ਨੂੰ ਸੰਭਾਲਿਆ
ਨਹੀਂ। ਬਿਲੋ ਦੀ ਮਾਂ ਕਹਿਰ ਨਾਲ ਬੋਲੀ ਸੀ; ਜਹਿਰ ਨਾਲ। ਜੋ ਉਸ ਨੇ ਕਿਹਾ ਸੱਚ ਹੋ
ਸਕਦਾ ਸੀ? ਕਿਉਂ ਨਹੀਂ? ਮੇਰੀ ਹਾਲਤ ਅਜੀਬ ਸੀ। ਮੈਂ ਮਾਸ ਹੀ ਖਾਂਦਾ ਸਾਂ। ਇਸ ਦਾ
ਮਤਲਬ ਜਦ ਦਾ ਮੈਂ ਇਸ ਹਾਲ'ਚ ਆਂ, ਉਸ ਵਕਤ ਦੀ ਬਿਲੋ ਰੱਬ ਨੂੰ ਪਿਆਰੀ ਹੋਈ ਹੈ?
ਬਲਦੇ ਕੋਲਿਆਂ ਵਾਂਗ ਮਘ ਉਠਿਆ। ਕਿਉਂ ਮੈਂ ਬਿਲੋ ਨੂੰ ਇਸ ਹਾਲ'ਚ ਛੱਡ ਦਿੱਤਾ? ਕਿਉਂ
ਇੱਜਤ ਪਿਆਰ ਤੋਂ ਪਹਿਲਾ ਰੱਖੀ? ਜਦ ਗਲਤ ਕੰਮ ਕਰਦਾ ਸੀ, ਉਦੋਂ ਤਾਂ ਇੱਜਤ ਕਿਥੇ
ਗਈ?"। ਬਿਲੋ ਦੀ ਮਾਂ ਨੂੰ ਇਸ ਵੇਲੇ ਓਂਕਾਰ ਵੱਲ ਇੰਨੀ ਨਫਰਤ ਸੀ, ਉਸ ਨੇ ਹਾਹ ਪਾ
ਦਿੱਤੀ। ਸੱਚ ਸੀ ਕਿ ਓਂਕਾਰ ਦੇ ਬਿਲੋ ਨੂੰ ਛੱਡ ਦੇਣ ਕਰਕੇ, ਬਿਲੋ ਦਾ ਇਹ ਹਾਲ
ਹੋਇਆ। " ਗਲਤ ਕੀਤਾ। ਇਸ ਦੇ ਬਦਲੇ'ਚ ਉਸ ਨੇ ਮੈਨੂੰ ਸਰਾਪ ਲਾ ਦਿੱਤਾ ਮਾਸ ਹੀ ਖਾਣ
ਦਾ, ਮੈਨੂੰ ਸਰਾਪ ਲਾ ਦਿੱਤਾ ਮਾਰ ਮਾਰ ਕੇ ਖਾਣ ਦਾ"।
" ਮੈਂ ਉਸ ਥਾਂ ਤੋਂ ਨੱਸ ਗਿਆ। ਆਲੇ ਦੁਆਲੇ ਦੇਖਦਿਆਂ ਮੈਂ ਸੋਚਿਆ, ਚੰਗੀ ਸਜ਼ਾ
ਸੀ। ਸਹੀ ਸੀ। ਮੈਂ ਬਿਲੋ ਦਾ ਸਭ ਨਾਸ ਕਰ ਦਿੱਤਾ ਸੀ। ਜੋ ਸੀ ਗੀ, ਅਤੇ ਜੋ ਹੋਣਾ
ਸੀ, ਉਸ ਤੋਂ ਖੋਹ ਲਈ। ਮੇਰੀ ਭੁੱਖ ਵੱਧ ਗਈ। ਮਾਸ ਲਈ। ਮੇਰੇ ਕੇਸ ਕੇਸਰੀ ਬਣਨ ਲੱਗ
ਪਏ। ਅੱਖਾਂ ਬਦਲਣ ਲੱਗ ਪਈਆਂ। ਜਦ ਮੈਂ ਧੌਲਰ ਪਹੁੰਚਿਆ, ਨਵਾਂ ਸਿਆਪਾ ਸ਼ੁਰੂ
ਹੋਇਆ"।
" ਕੀ ਹੋਇਆ? ਜੋਤੀ ਨੂੰ ਪਤਾ ਲੱਗਿਆ?"
" ਨਹੀਂ। ਹਾਲੇ ਨਹੀਂ। ਮੇਰਾ ਉਮਾਹ ਮੀਟ ਲਈ ਵੱਧ ਗਿਆ। ਮੈਂ ਘਰ ਦੇ ਨੌਕਰ ਨੂੰ ਝਈਆਂ
ਲੈ ਲੈ ਪਿਆ। ਉਸ ਨੂੰ ਖਾਣ ਦੀ ਕੋਸ਼ਿਸ਼ ਕੀਤੀ। ਮਸਾਂ ਆਪ ਨੂੰ ਸੰਭਾਲਿਆ। ਇਹ ਗੱਲ
ਲਹਿਰ ਵਾਂਗ ਸਾਰੇ ਘਰ'ਚ ਲੰਘੀ। ਮੈਂ ਕੱਚੇ ਮਾਸ ਮਗਰ ਪਾਗਲ ਹੋ ਗਿਆ ਸੀ। ਜੋ ਸ਼ੇਰ
ਚਾਹੁੰਦਾ ਸੀ, ਮੈਂ ਚਾਹੁੰਦਾ ਸੀ"।
" ਇਸ ਵੇਲੇ ਮੈਨੂੰ ਪਤਾ ਨਹੀਂ ਸੀ ਜੋਤੀ ਬਿਲੋ ਦੀ ਮੌਤ ਪਿੱਛੇ ਸੀ। ਹੁਣ ਨੌਕਰ
ਰਾਜੀ ਨਹੀਂ ਸੀ ਸਾਡੇ ਲਈ ਕੰਮ ਕਰਨ ਨੂੰ। ਮੈਨੂੰ ਆਪਨੂੰ ਰੋਖਣਾ ਪਿਆ ਆਦਮੀ ਦੇ ਮਾਸ
ਮਗਰ ਜਾਣ ਤੋਂ। ਨਿਕੇ ਜਾਨਵਰ, ਖੇਤਾ ਵਿਚ ਜਾ ਕੇ ਮਾਰ ਮਾਰ ਖਾਣ ਲੱਗ ਪਿਆ"॥
|