“ਞਿਆਨੋ ਬੋਲੈ ਆਪੇ ਬੂਝੈ,
ਆਪੇ ਸਮਝੈ ਆਪੇ ਸੂਝੈ॥”* * * * *
ਕਿਉਂ, ਕਿਵੇਂ, ਕਦੋਂ ਇਥੇ ਆਇਆ? ਸੱਚ ਮੁੱਚ ਮੇਰੇ ਸਮਝ’ਚ ਨਹੀਂ ਸੀ। ਆਗਮ ਕਿਥੇ
ਸੀ? ਗਿਆਨ ਗੋਸ਼ਟ ਮੇਰੇ ਨਾਲ਼ ਨਹੀਂ ਹੋਣੀ। ਮੈਂ ਤਾਂ ਬੋਲ ਵੀ ਨਹੀਂ ਸੱਕਦਾ। ਸਿਰਫ਼
ਘੁਰਕ ਸਕਦਾ ਹਾਂ। ਧਿਆਨ ਆਗਮ ਵੱਲ ਨਹੀਂ ਹੈ, ਕੇਵਲ ਹਾੜਬਾ ਵੱਲ। ਪੇਟ ਦੀ ਅੱਗ
ਸਮਝਦਾ ਸਾਂ, ਸਮਝਦਾ ਹਾਂ। ਤੇਜ਼ ਤੇਜ਼ ਕਦਮ ਪੁੱਟਦਾ ਸ਼ਿਕਾਰ ਟੋਲਦਾ ਹਾਂ। ਕੇਵਲ
ਭੁੱਖ ਬੋਲੇ, ਸਿਰਫ਼ ਭੁੱਖ ਸੁੱਝੇ। ਜੰਗਲ ਵਿਚ ਸ਼ਿਕਾਰ ਨੇੜੇ ਤੇੜੇ ਹੋਵੇਗਾ। ਹਰਨ,
ਸੂਰ ਜਾਂ ਚੂਚਾ। ਖੋਹ ਖਾ ਗਈ, ਮੈਨੂੰ। ਹਰ ਰੋਜ ਇਵੇਂ ਸੀ। ਹਰ ਰੋਜ ਜੰਗਲ ਬਿਗਾਨਾ
ਸੀ। ਓਪਰਾ ਥਾਂ। ਭੁੱਖ ਮਾਰਨ ਲਈ ਕੁੱਝ ਮਾਰਨਾ ਪੈਂਦਾ ਸੀ। ਹੋਰ ਕੀ ਸਮਝਣਾ?
ਨੱਕ ਆਵਦਾ ਉਪਰ ਕਰਕੇ ਸੁੰਘਦਾ ਸਾਂ। ਪਵਨ ਨੇ ਮੇਰੇ ਵੱਲ ਇਕ ਮਾਰ ਦੀ ਮਹਿਕ
ਲਿਆਂਦੀ। ਖ਼ੁਸ਼ਬੂ ਨੂੰ ਆਵਦੇ ਮੰਨ ਵਿਚ ਖਾ ਗਿਆ। ਹਵਾ ਮਗਰ ਤੁਰ ਪਿਆ, ਹਰਨ ਦੇ
ਉਡੀਕ’ਚ। ਕਾਹਲੇ ਕਾਹਲੇ ਕਦਮੀ ਘੁਮਕੇ ਸ਼ਿਕਾਰ ਵੱਲ ਨੱਸਿਆ। ਪਵਨ ਨੇ ਮੈਨੂੰ ਉਸ ਹਰਨ
ਦੇ ਕੋਲ ਲਿਆ ਕੇ ਖੜ੍ਹਾ ਕਰ ਦਿੱਤਾ। ਲੰਬੇ ਲੰਬੇ ਝਾਟਲਿਆਂ ਪਿੱਛੇ ਲੁੱਕਅਿਾ ਸਾਂ।
ਆਪਨੂੰ ਉਰਾਂਹ ਪਰ੍ਹਾਂ ਕਰਕੇ, ਅੱਖਾਂ ਹਰਨ ਵੱਲ ਵਿੰਨ੍ਹਦੀਆਂ ਸਨ। ਮੇਰੀਆਂ ਭੁੱਖੀਆਂ
ਅੱਖਾਂ। ਹਰਨ ਦੇ ਕੰਨ ਖਲੋਤੇ, ਉਸ ਨੂੰ ਸ਼ੱਕ ਸੀ। ਮੇਰੇ ਸਾਹ ਹੌਲੇ ਹੋ ਗਏ। ਉਸਨੂੰ
ਮਹਿਸੂਸ ਸੀ, ਕਿ ਕੁੱਝ ਸੇ ਲਾਉਂਦੀ ਸੀ। ਮੈਂ ਛਹੀ’ਚ ਤਿਆਰ ਸੀ। ਹਰਨ ਦੇ ਹੱਡਾਂ ਨੂੰ
ਕਾਂਬਾ ਛਿੜ ਗਿਆ, ਮੁੜ੍ਹਕੋ ਮੁੜ੍ਹਕੀ ਹੋਇਆ ਸੀ। ਉਸ ਨੂੰ ਪਤਾ ਨਾ ਲੱਗੇ ਮੈਂ ਕਿਥੇ
ਸਾਂ, ਅਤੇ ਕਿਸ ਪਾਸੇ ਨੱਠਣ। ਮੇਰੀ ਕਿਸਮਤ ਸੀ ਕਿ ਪਵਨ ਨੇ ਉਸਦੀ ਮਦਦ ਨਹੀਂ ਕੀਤੀ।
ਹਰਨ ਦੇ ਆਲੇ ਦੁਆਲੇ ਰੁੱਖ ਜੇਲ੍ਹ ਦੀਆਂ ਸਲਾਖ਼ਾਂ ਵਾਂਗ ਸਨ। ਆਸ ਪਾਸ ਦੇਖਦਾ,
ਉਸਨੂੰ ਘਾਹ ਹੀ ਘਾਹ ਦਿਸਦਾ ਸੀ। ਉਸਨੇ ਚੁੰਗੀ ਮਾਰੀ ਅਤੇ ਮੇਰੇ ਸੱਜੇ ਪਾਸੇ ਗਿਆ।
ਪਰ ਮੈਂ ਤਾਂ ਉਸ ਤੋਂ ਤੇਜ਼ ਸਾਂ। ਸਬਜ਼ਾਂ’ਚੋਂ ਮੈਂ ਚੌਕੜੀ ਭਰੀ, ਪਰ ਇਕ ਅਵਾਜ਼
ਮੇਰੇ ਕੰਨੀ ਪਈ, ਜਿਸ ਨੇ ਮੈਨੂੰ ਵੀ ਡਰਾ ਦਿੱਤਾ। ਮੇਰੀ ਛਹੀ ਸਹੀ ਨਹੀਂ ਹੋਈ। ਭਾਲ
ਦੌੜ ਗਿਆ। ਮੈਂ ਧਰਤੀ ਉੱਤੇ ਡਿੱਗ ਪਿਆ। ਉਸ ਪੱਲ ਵਿਚ ਲੱਤ ਨੂੰ ਅੱਗ ਲੱਗੀ, ਮਾਸ
ਗਰਮ ਪੀੜ੍ਹ ਨਾਲ਼ ਦੱਝ ਗਿਆ। ਮੈਂ ਵਾਪਸ ਖੜੋਤਾ। ਹੈਰਾਨ, ਪੈਰਾਂ ਹੇਠਲੀ ਜ਼ਮੀਨ ਹੀ
ਖਿਸ਼ਕ ਗਈ। ਮੈਂ ਜਿਥੋਂ ਆਵਾਜ਼ ਆਈ ਸੀ, ਝਾਕਿਆ।
ਚਾਰ ਜਾਂ ਪੰਜ ਬਾਂਦਰ ਬਣਮਾਣਸ ਵਰਗੇ ਜਾਨਵਰ ਮੇਰੇ ਵੱਲ ਦੌੜਦੇ ਸਨ। ਅਜੀਬ ਸਨ,
ਪਿੰਡਿਆਂ’ਤੇ ਵਾਲ ਨਹੀਂ ਸਨ, ਅਤੇ ਆਵਦੇ ਪਿੱਛੇ ਪੈਰਾਂ’ਤੇ ਨੱਠਦੇ ਸਨ। ਸਰੀਰ ਉੱਤੇ
ਰੰਗੀਲੇ ਖੱਲ ਸਨ, ਮੇਰੇ ਵੱਲ ਛਮਕ ਵੱਧਾਉਂਦੇ ਸੀ, ਜਿਸ ਵਿਚੋਂ ਖੜਕਾ ਦੜਕਾ ਆਉਂਦਾ
ਸੀ। ਮੇਰੇ ਮਾਸ’ਚੋਂ ਖੂਨ ਨਿਕਲਦਾ ਸੀ। ਹੁਲੜ ਤੋਂ ਡਰਕੇ ਮੈਂ ਤਿੱਤਰ ਹੋ ਗਿਆ।
ਮੈਨੂੰ ਕੁੱਝ ਨਹੀਂ ਸਮਝ ਲੱਗਿਆ। ਕਮਾਲ ਦੀ ਗੱਲ! ਅੱਜ ਤੱਕ ਮੈਂ ਕਦੇ ਨਹੀਂ
ਬਾਂਦਰ ਤੋਂ ਡਰਕੇ ਭੱਜਿਆ! ਪਰ ੳਨ੍ਹਾਂ ਦੇ ਟਾਹਣੀਆਂ’ਚੋਂ ਕੁੱਝ ਭੂਤ ਨੇ ਮੇਰੀ
ਲੱਤ’ਚ ਦੰਦੀ ਵੱਢੀ। ਸੀਰ ਫੁੱਟਦੀ, ਟੰਗ ਦੁੱਖਦੀ, ਮੈਂ ਹੁਣ ਨੱਠ ਨਹੀਂ ਸੱਕਦਾ ਸੀ।
ਜੰਘ ਉੱਤੇ ਜਖਮ, ਫੱਟੜਿਆ ਤੁਰਦਾ ਸਬਜ਼’ਚ ਲੁੱਕ ਗਿਆ। ਕੋਈ ਸਮਝ ਨਹੀਂ ਸੀ। ਲੱਤ
ਦੁਖੇ। ਹਰਨ ਤਾਂ ਮੇਰੇ ਕਾਬੂ ਆਇਆ ਨਹੀਂ। ਚਿਤ ਕਰਦਾ ਸੀ ਉਨ੍ਹਾਂ ਬਾਂਦਰਾਂ ਨੂੰ
ਵੱਢਦਾ! ਪਰ ਜਦ ਸੋਚਿਆ ਕਿਵੇਂ ਟਾਹਣੀ ਨੇ ਮੇਰੇ ਵੱਲ ਅੱਗ ਥੁੱਕੀ, ਕਿਵੇਂ ਉਸ ਕਰਕੇ
ਹੁਣ ਲੰਙ ਮਾਰਦਾ, ਭੁੱਖਾ, ਡਰ ਨਾਲ਼ ਚੁੱਪ ਚਾਪ ਥਾਂ ਬੈਠ ਗਿਆ। ਹੁਣ ਮਾਸ ਮਿਲਨਾ
ਔਖਾ ਹੋਵੇਗਾ। ਪਰ ਕੁੱਝ ਚੀਜ਼ ਨੂੰ ਤਾਂ ਮਾਰਨਾ ਪਵੇਗਾ। ਪਰ ਇਹ ਬਾਂਦਰ ਮੇਰਾ
ਸ਼ਿਕਾਰ ਕਰ ਰਹੇ ਹਨ!
ਬਚ ਬਚ ਕੇ ਸ਼ਿਕਾਰ ਕਰਨਾ ਪਵੇਗਾ। ਬਿੰਦ ਲਈ ਹਰਨ ਲਈ ਤਰਸ ਆਇਆ। ਪਰ ਹੌਲੀ ਹੌਲੀ
ਭੁੱਖ ਨੇ ਰਹਿਮ ਪਰ੍ਹਾਂ ਕਰ ਦਿੱਤਾ। ਹੁਣ ਫਿਰ ਸ਼ਿਕਾਰ ਕਰਨ ਗਿਆ, ਲੰਙ ਮਾਰਦਾ।
ਞਿਆਨੋ ਨਹੀਂ ਬੋਲਦਾ, ਆਪੇ ਨਹੀਂ ਬੂਝੈ,
ਨਹੀਂ ਸਮਝੈ, ਨਹੀਂ ਸੂਝੈ॥ |