ਨਿੱਤ ਨਿੱਤ ਜੰਗਲ'ਚ ਜਾ ਕੇ ਛੋਟੇ ਚੂਚੇ ਢੇਰ ਮਾਰਦਾ ਸਾਂ, ਬਿੱਜੂਆਂ ਤਿੱਤਰਾਂ ਅਤੇ
ਖਰਗੋਸ਼ਾਂ ਨੂੰ ਮਾਰਦਾ ਸਾਂ। ਪਹਿਲਾਂ ਪਹਿਲਾਂ ਮੈਂ ਨਿਕੇ ਜਾਨਵਰਾਂ ਨੂੰ ਖਤਮ ਕਰਦਾ
ਸੀ। ਦਰਖ਼ਤ ਦੀ ਛਾਂ'ਚ ਲੁਕ ਕੇ ਉਨ੍ਹਾਂ ਦਾ ਕੱਚਾ ਮਾਸ ਚੱਟ ਕਰ ਜਾਂਦਾ ਸੀ"। ਓਂਕਾਰ
ਨੇ ਸੀਮਾ ਵੱਲ ਜਾਂਚਦੀਆਂ ਅੱਖਾਂ ਨਾਲ ਝਾਕਿਆ। ਸੀਮਾ ਨੇ ਕੁੱਝ ਨਹੀਂ ਕਿਹਾ। ਉਸ ਦੇ
ਮੁਖ ਤੋਂ ਓਂਕਾਰ ਨੂੰ ਪਤਾ ਨਹੀਂ ਲੱਗਦਾ ਸੀ ਇਸ ਵੇਲੇ ਕੀ ਸੋਚਦੀ ਹੋਵੇਗੀ। ਕੀ ਪਤਾ
ਹਾਲੇ ਜੋਤੀ ਬਾਰੇ ਹੀ ਸੋਚਸੀ ਸੀ? ਪਹਿਲਾਂ ਤਾਂ ਐਵੇਂ ਲੱਗਾ ਕਿ ਹਮਦਾਰਦੀ ਜੋਤੀ ਨਾਲ
ਸੀ। ਬੇਵਫ਼ਾ ਤਾਂ ਓਂਕਾਰ ਹੀ ਸੀ। ਸੀਮਾ ਦਾ ਧਿਆਨ ਬਿਲੋ ਵੱਲ ਕਰਨਾ ਹੈ, ਓਂਕਾਰ ਨੇ
ਸੋਚਿਆ।
"ਇਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਬਿਲੋ ਅਕਾਲ ਚਲਾਣਾ ਜੋਤੀ ਦੀ ਚਾਲ ਸੀ।
ਮੇਰੀਆਂ ਅੱਖਾਂ ਸਾਹਮਣੇ ਨੌਕਰ ਸ਼ਿਕਾਰ ਲੱਗਦੇ ਸਨ। ਕਚੀਚੀ ਆਉਂਦੀ ਸੀ, ਉਨ੍ਹਾਂ ਨੂੰ
ਵੇਖਕੇ...ਮਾਰ ਕੇ ਖਾਣਾ ਚਾਹੁੰਦਾ ਸੀ, ਪਰ ਮੈਂ ਆਪਣੇ ਆਪ ਨੂੰ ਸੰਭਾਲਿਆ। ਮਾਰਕੇ
ਸੱਸਿਆਂ ਦੇ ਥਾਂ ਹੁਣ ਮਂੈ ਵੱਡੇ ਸ਼ਿਕਾਰ ਮਗਰ ਗਿਆ। ਦਿਨੋਂ ਦਿਨ ਬਹੁਤ ਹੱਟਾ ਕੱਟਾ
ਹੋ ਗਿਆ। ਆਮ ਬੰਦੇ ਤੋਂ ਤਕੜਾ ਅਤੇ ਤਿੱਖਾ ਸੀ। ਚੀਤੇ ਵਾਂਗ ਤੇਜ ਸੀ। ਕਪੜੇ ਬਿਨ
ਬਿਹਤਰ ਹੇੜਾ ਖੇਡ ਸਕਦਾ ਸੀ। ਹੁਣ ਮੈਂ ਹਰਨਾਂ ਦੇ ਜਵਾਕ ਮਾਰਦਾ ਸੀ। ਮੇਰੇ ਨਹੁੰ
ਚਾਕੂ ਜਿੰਨੇ ਤਿੱਖੇ ਸਨ ਕਿ ਮਾਸ ਲਾ ਦਿੰਦੇ ਸਨ। ਰੂਪ'ਚ ਮੈਂ ਹਾਲੇ ਵੀ ਬੰਦਾ ਸੀ।
ਪਰ ਰੂਪਾਂਤਰਨ ਸ਼ੁਰੂ ਹੋ ਗਿਆ। ਮੈਂ ਹੌਲੀ ਹੌਲੀ ਜੋਤੀ ਤੋਂ ਪਰ੍ਹਾਂ ਰਹਿਣ ਲੱਗ
ਪਿਆ। ਇਸ ਹਾਲ'ਚ ਕਿਉਂ ਉਹਨੂੰ ਆਪ ਨੂੰ ਦਿਖਾਵਾਂ? ਖ਼ੌਫ਼ ਨਾਲ ਡਰ ਕੇ ਪਤਾ ਨਹੀਂ ਕੀ
ਕਰਲੂਗੀ? ਵੈਸੇ ਉਸ ਦੇ ਮਨ ਵਿੱਚ ਹੋ ਸਕਦਾ ਕਿ ਮੈਂ ਫਿਰ ਹੋਰਨਾਂ ਜਨਾਨੀਆਂ ਨਾਲ
ਫਿਰਨ ਲੱਗ ਪਿਆ ਹੋਵਾਂ। ਕੀ ਪਤਾ? ਨੌਕਰ ਵੀ ਮੈਂਤੋਂ ਪਰ੍ਹਾਂ ਹੀ ਰਹਿੰਦੇ ਸਨ। ਮੇਰਾ
ਹਾਲ ਅਫਸਾਨਾ ਬਣ ਗਿਆ। ਗੱਪ ਠੋਕਣੀ ਤੋਂ ਬਿਨ੍ਹਾ ਹੋਰ ਇੰਨ੍ਹਾਂ ਨੂੰ ਕੀ ਪਤਾ ਸੀ?
ਕਪੜੇ ਮੈਲ਼ੇ ਹੁੰਦੇ ਸੀ, ਖੂਨ ਵਿਚ ਲਤਪਤ। ਮੈਂ ਹਰ ਰਾਤ ਕਪੜੇ ਸੁੱਟ ਦਿੰਦਾ ਸੀ"।
ਓਂਕਾਰ ਫਿਰ ਚੁੱਪ ਹੋ ਗਿਆ।
ਸੀਮਾ ਤਵੱਜੋ ਭਰੀ ਲੋਚਨ ਨਾਲ ਵੇਖਦੀ ਸੀ, ਧਿਆਨ ਨਾਲ ਸੁਣਦੀ ਸੀ। ਉਸ ਦੀ ਹੈਰਾਨੀ
ਹੁਣ ਦੂਰ ਹੋ ਗਈ ਸੀ। ਓਂਕਾਰ ਦਾ ਮਨ ਹੌਲ਼ਾ ਹੋ ਗਿਆ ਸੀ, ਸੀਮਾ ਨਾਲ ਆਵਦੀ ਕਹਾਣੀ
ਵੰਡ ਕੇ।
" ਦਿਨ ਕਟੀ ਗਿਆ। ਲਾਂਘੇ ਨਾਲ ਮੇਰਾ ਸਰੀਰ ਬਦਲਦਾ ਸੀਗਾ। ਰੰਗ ਚੜ੍ਹਦਾ, ਮੇਰੇ
ਵਾਲ ਕਾਲੇ ਰੰਗ ਤੋਂ ਸੰਗਤਰੀ ਹੋ ਗਏ। ਕਈ ਕਈ ਥਾਂ'ਚ ਕਾਲੀਆਂ ਰੇਖਾਂ ਸਨ, ਕਈ ਕਈ
ਥਾਂ ਚਿੱਟੀਆਂ ਧਾਰੀਆਂ ਸਨ। ਨੈਣ ਵੀ ਬਦਲ ਗਏ। ਸਾਫ਼ ਸ਼ੇਰ ਵਰਗੇ ਸਨ, ਨਾ ਕੇ ਇਨਸਾਨ
ਵਰਗੇ। ਆਪਨੂੰ ਪਰਛਾਵੇਂ ਹੀ ਰੱਖਿਆ। ਜਦ ਮਾਂ ਆਉਂਦੀ ਸੀ ਜਾਂ ਵੀਰਾ, ਮੈਂ ਕੋਈ
ਘੁਸਮੁਸੇ ਕੁੰਜੇ ਰੱਖਦਾ ਸੀ। ਹਾਰਕੇ ਹੱਟ ਗਿਆ ਉਨ੍ਹਾਂ ਨੂੰ ਮਿਲਣ ਤੋਂ। ਰਾਤ ਜਦ
ਜੋਤੀ ਸੁਤੀ ਹੁੰਦੀ ਸੀ, ਚੋਰੀ ਚੋਰੀ ਪਲੰਘ'ਚ ਵੜ ਜਾਂਦਾ ਸੀ। ਦਿਨ ਧੁੰਧ ਦੇ ਘੁੰਡ'ਚ
ਲੁਕਣ ਲੱਗ ਪਿਆ। ਮੇਰਾ ਯਾਦ ਦਿਨ ਬਾਰੇ ਘਟੀ ਗਿਆ। ਹੌਲੀ ਹੌਲੀ ਹਾਹ ਦਾ ਨਤੀਜਾ ਪੂਰਾ
ਹੋ ਗਿਆ ਸੀ। ਮੈਂ ਨਾ ਕੇ ਸ਼ੇਰ ਸੀ, ਨਾ ਕੇ ਨਰ। ਸਾਰਦੂਲ ਹੁਣ ਸੀ। ਨਹੀਂ, ਅੱਧਾ
ਆਦਮੀ, ਅੱਧਾ ਸ਼ੇਰ: ਕੋਈ ਅਣੌਖੀ ਸ਼ੇਰ-ਬੰਦਾ। ਇਕ ਦਿਨ ਮੈਂ ਰੂਪ ਵਟਾ ਦਿੱਤਾ ਸ਼ੇਰ
ਦੇ ਨਾਲ। ਉਸ ਰਾਤ ਜਦ ਮੈਨੂੰ ਹੋਸ਼ ਆਇਆ, ਮੈਂ ਨੰਗ ਧੜੰਗ ਸਾਡੇ ਧੌਲਰ ਦੇ ਸਾਹਮਣੇ
ਬੈਠਾ ਸੀ। ਕੁੱਝ ਯਾਦ ਨਹੀਂ ਸੀ...ਧੁੰਧ ਸੀ। ਸ਼ੱਕ ਸੀ ਕਿ ਬਹੁਤ ਦੁੱਖ'ਚੋਂ ਲੰਘਿਆ।
ਬਸ, ਹੋਰ ਕੁੱਝ ਨਹੀਂ। ਪਿੰਡਾ ਲਿਬੜਿਆ ਸੀ ਲਹੂ ਨਾਲ। ਭੁੱਖ ਮਰ ਗਈ ਸੀ। ਭੁੱਖ ਨੇ
ਮੈਨੂੰ ਛੱਡ ਦਿੱਤਾ ਸੀ"।
" ਨੌਕਰ ਵੀ ਸਾਨੂੰ ਛੱਡਣ ਲੱਗ ਪਏ। ਜੋਤੀ ਨੂੰ ਬਹੁਤ ਫਿਕਰ ਹੋ ਗਿਆ। ਰਵਨੀਤ ਨੇ
ਉਸ ਨੂੰ ਸਲਾਹ ਦਿੱਤੀ ਹੋਵੇਗੀ ਮੇਰੇ ਨਾਲ ਕਰੀਬ ਰਹਿਣ ਦੀ। ਜੋ ਮਰਜ਼ੀ, ਇਸ ਵੇਲੇ
ਜੋਤੀ ਮੇਰੇ ਨੇੜੇ ਸੀ। ਉਸ ਨੇ ਮੇਰੀ ਅਜੀਬ ਸ਼ਕਲ ਵੱਲ ਅੱਖ ਬੰਦ ਕਰਕੇ ਰੱਖੀ"।
" ਹਰ ਰਾਤ ਘਰ ਦੇ ਨੇੜੇ ਨੰਗਾ ਹੁੰਦਾ ਸੀ। ਕਪੜਿਆਂ ਦੀ ਲੋੜ ਸੀ। ਜਦ ਜੋਤੀ ਨੇ
ਮੈਨੂੰ ਕਿਹਾ ਉਹ ਫਿਕਰ ਕਰਦੀ ਸੀ, ਮੈਂ ਉਸ ਨੂੰ ਹਦਾਇਤ ਦਿੱਤੀ ਕਿ ਹਰ ਰਾਤ ਧੌਲਰ ਦੀ
ਪਿੱਛਲੀ ਸਰਦਲ'ਤੇ ਕਪੜੇ ਰੱਖਣ। "ਸੁਆਲ ਨਾ ਪੁੱਛ। ਬਸ ਇਵੇਂ ਮੇਰੇ ਲਈ ਕਰ"। ਕਰਨ
ਲੱਗ ਪਈ। ਸਾਰਾ ਦਿਨ ਮੈਂ ਵਾਂਢੇ ਰਹਿੰਦਾ ਸੀ, ਰਾਤ ਨੂੰ ਵਾਪਸ ਆ ਜਾਂਦਾ ਸੀ। ਹਰ
ਰਾਤ ਜਿਹੜੇ ਕਪੜੇ ਮੇਰੇ ਲਈ ਰੱਖੇ ਸੀ, ਉਨ੍ਹਾਂ ਦੇ ਥਾਂ ਸਰਦਲ ਤੋਂ ਚੱਕ ਕੇ ਨਵੇਂ
ਪਾਏ ਹੁੰਦੇ ਸੀ। ਹਾਰਕੇ ਉਸ ਨੇ ਮੇਰੇ ਲਈ ਜੰਗਲ ਦੇ ਕੰਢੇ ਦੇ ਖਾਸ ਵਿਸ਼ਿਸ਼ਟ ਥਾਂ
ਕਪੜੇ ਰੱਖਾਏ। ਹਰ ਰਾਤ ਮੈਂ ਇਸ ਥਾਂ ਆ ਕੇ ਕਪੜੇ ਪਾ ਲੈਂਦਾ ਸੀ। ਜੰਗਲ ਸਾਡੇ
ਟਿਕਾਣੇ ਤੋਂ ਬਹੁਤਾ ਦੂਰ ਨਹੀਂ ਸੀ। ਜੋਤੀ ਨੂੰ ਸਮਝ ਨਹੀਂ ਲੱਗੀ ਮੈਂ ਕਿਥੇ ਜਾਂਦਾ
ਸੀ। ਸ਼ੱਕੀ ਬਣ ਗਈ। ਰਵਨੀਤ ਨੇ ਦੱਸਿਆ ਕਿ ਮੈਂ ਪਟਿਆਲੇ ਟੱਬਰ ਨੂੰ ਮਿਲਣ ਤਾਂ ਆਇਆ
ਨਹੀਂ। ਜੋਤੀ ਦੇ ਦਿਮਾਗ'ਚ ਕੀੜੀ ਪੈ ਗਈ ਕਿ ਮੈਂ ਫਿਰ ਕਿਸੇ ਨਾਲ ਯਾਰੀ ਕਰਦਾ ਸੀ।
ਉਸ ਨੂੰ ਸਿੱਧਾ ਜਵਾਬ ਚਾਹੀਦਾ ਸੀ"।
" ਫਿਰ?", ਸੀਮਾ ਨੇ ਆਖਿਆ।
" ਫਿਰ ਮੈਂ ਸੱਚ ਦੱਸ ਦਿੱਤਾ", ਓਂਕਾਰ ਨੇ ਸੀਮਾ ਦੀਆਂ ਅੱਖਾਂ'ਚ ਆਵਦੀਆਂ ਅੱਖਾਂ
ਪਾਈਆਂ।
" ਜੋ ਤੁਸਾਂ ਮੈਨੂੰ ਹੁਣ ਦੱਸਦੇ ਹੋ?"
" ਆਹੋ"।
"'ਤੇ ਉਸ ਨੇ ਕੀ ਕਿਹਾ?"
" ਡਰ ਗਈ। ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਆਪ ਨੂੰ ਜਾਨ - ਬੁਝ ਕੇ ਮੇਰੇ ਰੂਪ ਵੱਲ
ਅੰਧਾ ਕੀਤਾ ਸੀ। ਹੁਣ ਖੁਲ੍ਹੀਆਂ ਅੱਖਾਂ ਨਾਲ ਮੇਰੇ ਵੱਲ ਝਾਕਿਆ। ਮੇਰੇ ਨਾਲ
ਸਾਂਝੀਵਾਲ ਹੁਣ ਨਹੀਂ ਹੋਣਾ ਚਾਹੁੰਦੀ ਸੀ। ਮੈਨੂੰ ਸੂਗ ਕਰਨੀ ਲੱਗ ਪਈ। ਹਰ ਰਾਹ
ਮੈਂਥੋਂ ਛੁਟਕਾਰਾ ਪਾਉਣ ਦੀ ਸੋਚਣ ਲੱਗ ਪਈ। ਰਾਜੇ ਕੋਲ਼ੇ ਜਾਣ ਲੱਗੀ ਸੀ ਜਦ ਉਸ ਨੇ
ਤਜਵੀਜ ਬਦਲ ਦਿੱਤੀ। ਰਵਨੀਤ ਕੋਲ਼ੇ ਜਾ ਕਿ ਸਭ ਕੁੱਝ ਦੱਸ ਦਿੱਤਾ। ਰਵਨੀਤ ਨੇ ਸਕੀਮ
ਬਣਾਈ। ਉਸ ਨੂੰ ਪਤਾ ਲੱਗਿਆ ਮੇਰੇ ਵਰਗੇ ਜਿੰਨ ਆਮ ਜਾਦੂਗਰ ਹੁੰਦੇ ਨੇ, ਅਤੇ ਸਾਡੇ
ਕੋਲ਼ੇ ਦਿੱਬ ਦਰਿਸ਼ਟੀ ਹੁੰਦੀ ਹੈ, ਮਹਾਸ਼ਕਤੀ ਹੁੰਦੀ ਹੈ। ਪਰ ਕਮਜ਼ੋਰੀਆਂ ਵੀ
ਹੁੰਦੀਆਂ ਨੇ। ਇਕ ਕਮਜ਼ੋਰੀ ਮੈਨੂੰ ਬੰਦਾ ਵਾਪਸ ਬਣਨ ਤੋਂ ਰੋਕ ਸਕਦੀ ਸੀ"।
" ਕੀ? ਕਿਵੇਂ?",
" ਬਸ, ਜੇ ਮੇਰੇ ਕੱਪੜੇ ਨਹੀਂ ਰਖੇ, ਮੈਂ ਆਦਮੀ ਦੇ ਰੂਪ'ਚ ਨਹੀਂ ਵਾਪਸ ਆ ਸਕਦਾ ਸੀ।
ਇੰਨੀ ਅਸਾਨ ਗੱਲ ਨਹੀਂ ਸੀ। ਪਹਿਲਾਂ ਮੇਰੇ ਲੀੜਿਆਂ ਉੱਤੇ ਤਿਲਿੱਸਮ ਪਾਉਣਾ ਪਵੇਗਾ।
ਰਵਨੀਤ ਮੈਨੂੰ ਮਾਰਨਾ ਨਹੀਂ ਚਾਹੁੰਦਾ ਸੀ। ਉਸ ਦਾ ਵਿਚਾਰ ਸੀ ਮੈਂ ਜੰਗਲ'ਚ ਗਾਇਬ ਹੋ
ਜਾਵਾਂਗਾ। ਹਾਰ ਕੇ ਜੋਤੀ ਵਿਧਵਾ ਬਣ ਜਾਵੇਗੀ, ਅਤੇ ਸਹੀ ਵਕਤ 'ਤੇ ਪਿਤਾ ਜੀ ਨੂੰ
ਕਰੇਵੇ ਲਈ ਆਖੂਗਾ। ਰਵਨੀਤ ਨੇ ਆਵਦਾ ਪਿਆਰ ਜੋਤੀ ਨੂੰ ਇਲਾਨ ਕਰ ਦਿੱਤਾ"।
" ਇੱਦਾਂ ਇਕ ਦੰਮ ਕਿਵੇਂ ਹੋ ਸਕਦਾ ਐ?"।
" ਇਕ ਦੰਮ ਨਹੀਂ। ਪਹਿਲਾਂ ਮੇਰੇ ਕੱਪੜੇ ਚੋਰੀ ਕਰਨ ਰਵਨੀਤ ਨੂੰ ਭੇਜਿਆ। ਫਿਰ ਸਾਰੇ
ਲੋਕ ਮੈਨੂੰ ਲਭਣ ਗਏ। ਚਾਰ ਚੁਫੇਰੇ ਮੈਨੂੰ ਟੋਲਿਆ। ਬਹੁਤ ਦੇਰ ਲਈ। ਇਹ ਗੱਲਾਂ
ਮੈਨੂੰ ਬਾਅਦ ਵਿਚ ਪਤਾ ਲਗੀਆ, ਕਿਉਂਕਿ ਉਸ ਵੇਲੇ ਮੈਂ ਤਾਂ ਹੋਰ ਕੁੱਝ ਬਣ ਗਿਆ ਸਾਂ।
ਧੁੰਧ ਹੀ ਧੁੰਧ ਸੀ। ਸਾਲ ਤੋਂ ਉਪਰ ਇਸ ਹਾਲ'ਚ ਰਿਹਾ। ਹਾਰ ਕੇ ਸਾਰੇ ਹਟ ਗਏ ਮੈਨੂੰ
ਲਭਣ ਤੋਂ। ਸਭ ਸੋਚਦੇ ਸੀ ਬਿਲੋ ਕਰਕੇ ਮੈਂ ਵੀ ਜੰਗਲ'ਚ ਆਪ ਨੂੰ ਨਸ਼ਟ ਕਰ ਦਿੱਤਾ।
ਕਿਸੇ ਨੇ ਮੇਰੇ ਘਰ ਵਾਲਿਆਂ ਨੂੰ ਕਾਇਲ ਕਰ ਦਿੱਤਾ ਕਿ ਜੋਤੀ ਦਾ ਵਿਆਹ ਰਵਨੀਤ ਨਾਲ
ਕਰਨ"।
* * * * *
" ਮੈਂ ਵਕਤ ਗਵਾਇਆ ਪੂਰੇ ਸਾਲ ਲਈ ਪਟਿਆਲੇ ਦੇ ਸੱਜੇ ਖੱਬੇ ਜੰਗਲਾਂ ਵਿਚ। ਮੈਨੂੰ
ਖੁਦ ਸਮਝ ਨਹੀਂ ਸੀ, ਕਿਉਂ। ਸੱਚ ਹੈ ਇਕ ਮੁੱਦਤ ਮੈਂ ਹਮੇਸ਼ਾ ਸ਼ੇਰ ਦੇ ਸਰੂਪ'ਚ
ਸਾਂ। ਉਸ ਵੇਲੇ ਦਾ ਕੁੱਝ ਚੇਤਾ ਨਹੀਂ ਹੈ। ਆਦਮੀ ਦੇ ਖੇਤਾਂ ਨੇੜੇ ਗੁਜਾਰਨੇ ਕਰਕੇ
ਉਹ ਦਿਨ ਆ ਗਿਆ ਜਦ ਮੇਰੇ ਪਿਤਾ ਅਤੇ ਉਸ ਦੇ ਸ਼ਿਕਾਰਿਆਂ ਦੇ ਟੋਲੇ ਨੇ ਮੈਨੂੰ ਘੇਰ
ਲਿਆ। ਰਾਜੇ ਲੋਕ ਅਤੇ ਗੋਰੇ ਲੋਕਾਂ ਨੂੰ ਬਹੁਤ ਸ਼ੋਕ ਸੀ ਸ਼ਿਕਾਰ ਕਰਨ ਦਾ। ਸ਼ੇਰ
ਕੀਮਤੀ ਪੁਰਸਕਾਰ ਸੀ। ਕਿਸਮਤ ਨਾਲ ਮੇਰਾ ਪਿਉ ਮੈਨੂੰ ਸ਼ਿਕਾਰ ਕਰਦਾ ਸੀ। ਉਸ ਨੇ
ਮੈਨੂੰ ਇਕ ਕੁੰਜੇ ਫਸਾਲਿਆ ਸੀ। ਆਵਦੀ ਰਫ਼ਲ ਨਾਲ ਨਿਸ਼ਾਨਾ ਲਾਇਆ, ਪਰ ਬਾਵਜੂਦ ਉਸ
ਦੇ ਆਦਮੀ ਉਸ ਨੂੰ ਪ੍ਰੇਰਦੇ ਸੀ ਬੰਦੂਕ ਚਲਾਉਣ ਲਈ, ਉਸ ਦੇ ਅੰਦਰੋਂ ਕੋਈ ਆਵਾਜ਼
ਨਿਕਲੀ, " ਇਸ ਨੂੰ ਨਹੀਂ ਮਾਰਨਾ"। ਉਸ ਨੂੰ ਸਮਝ ਨਹੀਂ ਸੀ ਕਿਉਂ ਨਹੀਂ ਮੈਨੂੰ ਮਾਰ
ਸਕਦਾ, ਪਰ ਉਸ ਨੇ ਰਫ਼ਲ ਨੀਵੀਂ ਕਰ ਦਿੱਤੀ। ਕਹਿੰਦੇ ਸੀ, ਮੈਂ ਵੀ ਵਿਚਿੱਤਰ ਚੀਜ਼
ਕੀਤੀ ਸੀ। ਹੌਲੀ ਹੌਲੀ ਅੱਗੇ ਹੋ ਕੇ, ਮੈਂ ਪਿਤਾ ਜੀ ਦੇ ਸਾਹਮਣੇ ਆ ਕੇ ਸੀਸ
ਝੁਕਾਇਆ"।
" ਸਾਰੇ ਹੈਰਾਨ ਹੋ ਗਏ ਕਿ ਸ਼ੇਰ ਮੂੰਹ ਪਰਦਾ ਸੀ। ਰਾਜੇ ਨੇ ਇਸ ਗੱਲ ਤੋਂ ਇਕ ਹੀ
ਸਿਲਾ ਚੁਗਿਆ। ਇਹ ਸੀ ਉਸਦੇ ਮਤਹਿਤਾਂ ਲਈ ਅਲਾਮਤ ਕਿ ਉਹ ਇਲਾਹੀ ਰਾਜਾ ਸੀ ਜਿਸਦਾ
ਰਾਜ ਸ਼ੇਰਾਂ ਨੂੰ ਵੀ ਅਧੀਨ ਕਰ ਲੈਂਦਾ ਸੀ। ਇਸ ਕਰਕੇ ਮੈਨੂੰ ਮਾਰਨ ਦੇ ਥਾਂ,
ਕਫ਼ਸ'ਚ ਪਾ ਕੇ ਮੱਹਲ ਲੈ ਗਏ, ਪਟਿਆਲੇ ਵਿਚ। ਮੇਰੇ ਲਈ ਬਹੁਤ ਵੱਡਾ ਪਿੰਜਰਾ ਬਣਾ
ਦਿੱਤਾ ਸੀ। ਬਹੁਤ ਫਬਿਆ ਪਿੰਜਰਾ ਸੀ। ਦਰਬਾਰ ਦੇ ਦਰਵਾਜ਼ੇ ਨੇੜੇ ਡਾਹ ਦਿੱਤਾ ਸੀ"।
" ਪਿਤਾ ਜੀ ਦੇ ਦਰਬਾਰ ਕਈ ਵਾਰੀ ਅੰਗ੍ਰੇਜ਼ ਆਉਂਦੇ ਸੀ। ਹੁਣ ਤਾਂ ਗੋਰਿਆਂ ਨੇ
ਸਾਰਿਆਂ ਦੇਸਾਂ ਦਾ ਨਵਾਂ ਰਾਸ਼ਟਰ ਉਤਪੰਨ ਦਿੱਤਾ ਸੀ। ਇੰਡੀਆ। ਅਧਿਕਾਰੀ ਵਰਗ ਆਉਂਦੇ
ਜਾਂਦੇ ਸੀ। ਸਾਡੇ'ਤੇ ਅੱਖ ਰਖਦੇ ਸੀ। ਉਨ੍ਹਾਂ ਦੇ ਆਮੋਦ ਲਈ ਪਿਤਾ ਜੀ ਤਮਾਸ਼ੇ
ਲਾਉਂਦੇ ਸੀ। ਪਰ ਇਕ ਚੀਜ਼ ਸਾਰਿਆਂ ਦੀ ਫੂਕ ਕੱਢ ਦਿੰਦੀ ਸੀ, ਸਭ ਨੂੰ ਹੱਕਾ ਬੱਕਾ
ਕਰ ਦਿੰਦੀ ਸੀ। ਪਿੰਜਰਾ ਖੋਲ੍ਹ ਕੇ ਕਦੀ ਪਿਤਾ ਜੀ, ਕਦੀ ਵੀਰਾ ਅੰਦਰ ਆ ਜਾਂਦੇ ਸੀ।
ਮੇਰੇ ਮਨ ਵਿੱਚ ਕੁੱਝ ਹੋਣਾ ਸੀ ਜਿਸ ਨੇ ਮੈਨੂੰ ਕਿਹਾ, ਗਲ਼ੇ ਨਹੀਂ ਪੈਣਾ। ਮੈਂ
ਸਮਾਂ ਦੋਨਾਂ ਨਾਲ ਸੀਲ ਸੀ। ਸਾਰੇ ਸਾਊ ਸ਼ੇਰ ਨੂੰ ਵੇਖ ਕੇ ਹੈਰਾਨ ਸਨ। ਪਿਤਾ ਜੀ
ਕੰਡ ਤੇ ਹੱਥ ਫੇਰ ਦਿੰਦੇ ਸੀ। ਵੀਰਾ ਵੀ ਥਾਪੀ ਦੇ ਦਿੰਦਾ ਸੀ। ਮੈਂ ਕਦੀ ਨਹੀਂ ਸੱਟ
ਫੇਟ ਕੀਤੀ। ਪਰ ਮੈਂ ਬਿੱਲੀ ਵੀ ਨਹੀਂ ਸੀ। ਉਂਝ ਇਹ ਗੱਲਾਂ ਬਾਅਦ ਸੁਣੀਆਂ ਸੀ, ਪਰ
ਮੈਨੂੰ ਦੱਸਿਆ ਗਿਆ ਕਿ ਇਕ ਵਾਰੀ ਮੱਹਲ'ਚ ਜਸੂਸ ਫੜ ਹੋ ਗਿਆ। ਭੇਤੀਆ ਨੂੰ ਮੇਰੇ
ਪਿੰਜਰੇ'ਚ ਸੁੱਟ ਦਿੱਤਾ। ਸ਼ੱਕ ਸੀ ਕਿ ਇਹ ਆਦਮੀ ਗੋਰਿਆਂ ਲਈ ਮੁਖਬਰ ਸੀ। ਬਸ, ਮੈਂ
ਤਾਂ ਹੁਣ ਸ਼ੇਰ ਸੀ। ਸ਼ੇਰ ਦੀ ਮੂਲ ਪ੍ਰਵ੍ਰਿੱਤੀ ਬਾਹਰ ਆ ਗਈ। ਹੋ ਸੱਕਦਾ ਸਭ ਤੋਂ
ਪਹਿਲਾਂ ਆਦਮੀ ਮੈਂ ਮਾਰ ਕੇ...", ਹਿਚਕਚਾਇਆ, " ਖਾਇਆ"।
ਸੀਮਾ ਦੇ ਮੂੰਹ'ਤੇ ਪਹਿਲੀ ਵਾਰੀ ਅਵਾਜ਼ਾਰੀ ਆਈ, ਹਿਰਾਸ ਕੀਤਾ। " ਤੂੰ ਕਈ ਬੰਦੇ
ਮਾਰੇ? ਖਾਧੇ?",
" ਪਤਾ ਨਹੀਂ। ਕੁੱਝ ਕਹਿ ਨਹੀਂ ਸਕਦਾ। ਇਹ ਵਿਚਾਰੇ ਨੂੰ ਮਾਰਿਆ, ਅੰਗ੍ਰੇਜ਼ਾਂ ਦੇ
ਸਾਹਮਣੇ। ਉਨ੍ਹਾਂ ਨੂੰ ਜਾਣ ਕੇ ਦਿਖਾਇਆ, ਕਿਉਂਕਿ ਜੇ ਕੁੱਝ ਬੋਲੇ, ਇਕਬਾਲ ਕਰਨ ਦੀ
ਗੱਲ ਸੀ। ਹੁਣ ਉਨ੍ਹਾਂ ਨੂੰ ਪਤਾ ਸੀ ਪਿਤਾ ਜੀ ਕੀ ਸੋਚਦਾ ਸੀ। ਪਰ ਸੱਚ ਸੀ ਪਿਤਾ ਜੀ
ਕੋਲ਼ੇ ਗਲਬਾ ਨਹੀਂ ਸੀ। ਤਾਣ ਲਾਉਣ ਦੀ ਗੱਲ ਸੀ"।
" ਸਾਰੇ ਦਰਬਾਰ ਨੂੰ ਮੇਰੇ ਬਾਰੇ ਪਤਾ ਸੀ। ਹੈਰਾਨ ਦੀ ਗੱਲ ਹੈ ਕਿ ਅੱਜ ਸਭ
ਕਾਗ਼ਜ਼ਾਤ ਹੁਣ ਮਿਟਾ ਦਿੱਤੇ। ਪਿੰਜਰਾ ਵੀ ਢਾਹ ਦਿੱਤਾ ਸੀ। ਮੇਰੇ ਜੀਉਂਦੇ ਦਾ
ਅੰਦਰਾਜ ਵੀ ਮਿਟਾ ਦਿੱਤਾ। ਚੱਲ, ਇਹ ਤਾਂ ਹੁਣ ਦੀ ਗੱਲ ਹੈ। ਉਸ ਟਾਇਮ ਤਾਂ ਸਭ ਮੇਰੇ
ਬਾਰੇ ਜਾਂਦੇ ਸਨ। ਹਾਰਕੇ ਜਦ ਰਾਜਾ, ਯਾਨੀ ਪਿਤਾ ਜੀ, ਸ਼ਿਕਾਰ ਕਰਨ ਝਾਦੇ ਸਨ,
ਮੈਨੂੰ ਨਾਲ ਲੈ ਜਾਂਦੇ ਸੀ। ਪਿਤਾ ਜੀ ਨੂੰ ਪੂਰੀ ਆਸ ਸੀ ਕਿ ਨਾ ਤਾਂ ਮੈਂ ਘੋਰਿਆਂ
ਨੂੰ ਮਾਰਨਾ ਹੈ, ਨਾ ਕਿਸੇ ਇਨਸਾਨ ਨੂੰ। ਜਿਵੇਂ ਹੋਰ ਕੁਲਵੰਤੀ ਸ਼ਿਕਾਰੀ ਕੁੱਤੇ ਨਾਕ
ਲੈ ਕੇ ਜਾਂਦੇ ਸਨ, ਉਂਝ ਪਿਤਾ ਜੀ ਮੈਂਨੂੰ, ਇਕ ਸ਼ੇਰ ਨੂੰ ਨਾਲ ਲੈ ਕੇ ਜਾਂਦੇ ਸਨ।
ਹਰਨ, ਸੂਰ ਅਤੇ ਬਾਰਾਂਸਿੰਗੇ ਅਸੀਂ ਭਾਲਦੇ ਸਾਂ। ਪਰ ਜਦ ਵੀ ਮੈਂ ਨਾਲ ਹੁੰਦਾ ਸਾਂ,
ਸ਼ੇਰਾਂ ਨੂੰ ਨਹੀਂ ਸ਼ਿਕਾਰ ਕੀਤਾ। ਇਸ ਤਰ੍ਹਾਂ ਇਕ ਦਿਨ ਰਵਨੀਤ ਵੀ ਨਾਲ ਆਇਆ ਸੀ।
ਕੁੱਝ ਮੇਰੇ ਮਨ ਵਿਚ ਜਾਗ ਗਿਆ। ਇਹ ਗੱਲ ਵੀ ਮੈਨੂੰ ਯਾਦ ਨਹੀਂ ਪਰ ਲੋਕਾਂ ਨੇ ਮੈਨੂੰ
ਬਾਅਦ ਸ਼ਾਹਦੀ ਦਿੱਤਾ। ਕਹਿੰਦੇ ਮੈਂ ਉਸ ਨੂੰ ਵੇਖ ਕੇ ਉੱਖੜ ਗਿਆ। ਮੇਰੀ ਅਸੀਲ ਆਦਤ
ਉੱਡ ਗਈ। ਮੈਂ ਰਵਨੀਤ ਨੂੰ ਵੇਖ ਕੇ ਉਸ ਨੂੰ ਕੁੱਦ ਕੇ ਪੈ ਗਿਆ। ਪਿਤਾ ਜੀ ਚਕਿਤ ਹੋ
ਗਏ। ਸੈਨਿਕਾਂ ਨੇ ਮੈਨੂੰ ਕਾਬੂ ਕਰ ਲਿਆ"।
" ਫਿਰ ਕੀ ਹੋਇਆ?", ਸੀਮਾ ਨੇ ਦਿਲਚਸਪੀ ਨਾਲ ਆਖਿਆ।
" ਮੈਨੂੰ ਮਾਰਨਾ ਚਾਹੀਦਾ ਸੀ। ਪਰ ਕਿਸਮਤ ਵੀ ਚੀਜ਼ ਹੁੰਹੀ ਏ। ਵਜ਼ੀਰ ਵੀ ਸਾਡੇ ਨਾਲ
ਸੀ। ਉਸ ਨੇ ਮੈਨੂੰ ਬਚਾ ਦਿੱਤਾ"।
" ਕਿਵੇਂ?",
" ਉਸ ਨੂੰ ਬਹੁਤ ਦੇਰ ਦੀ ਇਕ ਸ਼ੱਕ ਸੀ ਮੇਰੇ'ਤੇ। ਉਸ ਨੇ ਸੇਵਕਾਂ ਦੀਆਂ ਗੱਲਾਂ
ਬਾਤਾਂ ਸੁਣੀਆਂ ਸੀ। ਨੌਕਰਾਂ ਨੇ ਧੌਲਰ ਦੇ ਵਾਰੇ ਬਹੁਤ ਕੁੱਝ ਕਿਹਾ ਸੀ। ਮੇਰੇ ਬਾਰੇ
ਕਈ ਅਵਾਈਆਂ ਉੱਡੀਆਂ ਸੀਗੀਆਂ। ਇਸ ਕਰਕੇ ਵਜ਼ੀਰ ਨੇ ਰਾਜੇ, ਯਾਨੀ ਪਿਤਾ ਜੀ ਨੂੰ
ਅਰਜ਼ ਕੀਤੀ ਸੀ। ਮੈਨੂੰ ਅਤੇ ਰਵਨੀਤ ਨੂੰ ਇਕ ਥਾਂ ਲੈ ਕੇ ਆਉਣ...ਰਵਨੀਤ ਦੀ ਸਿਠਾਣੀ
ਨਾਲ...ਕਹਿਣ ਦਾ ਮਤਲਬ ਮੇਰੀ ਦੁਹਾਗਣ ਨਾਲ। ਪਿਤਾ ਜੀ ਮਨ ਗਏ। ਉਸ ਦਿਨ ਵਜ਼ੀਰ ਨੇ
ਪਿਤਾ ਜੀ ਨੂੰ ਕੰਨੀ ਕੱਢਿਆ, ਸ਼ੇਰ ਕਿਵੇਂ ਅਸੀਲ ਮਨ'ਚ ਸੀ। ਇਸ ਦਾ ਸੰਕੇਤ ਕਰਨ ਲਈ
ਖੁਦ ਮੇਰੇ ਕੋਲ਼ੇ ਆ ਕੇ ਮੈਨੂੰ ਹੱਥ ਲਾਇਆ। ਮੈਂ ਕੁੱਝ ਨਹੀਂ ਕੀਤਾ। ਫਿਰ ਮੇਰੇ
ਸਾਹਮਣੇ ਰਵਨੀਤ ਅਤੇ ਮੇਰੀ ਰੰਡੀ ਨੂੰ ਪੇਸ਼ ਕੀਤਾ। ਐਤਕੀਂ ਰਵਨੀਤ ਨੂੰ ਮੈਂ ਕੁੱਝ
ਨਹੀਂ ਕੀਤਾ। ਪਰ ਮੈਂ ਜੋਤੀ ਨੂੰ ਟੁੱਟ ਕੇ ਪਿਆ। ਮੇਰੇ ਗਾਟੇ'ਤੇ ਵੱਧਰ ਬੰਨੀ ਸੀ।
ਇਸ ਨੂੰ ਵਜ਼ੀਰ ਨੇ ਜੋਰ ਦੇਣੀ ਫੜ ਕਿ ਰਖਿਆ। ਵੀਰਾ ਇਕ ਦਮ ਸਮਝ ਗਿਆ। ਪਿਤਾ ਜੀ
ਹੈਰਾਨ ਸੀ। ਜੋਤੀ ਮੇਰੇ ਹੱਥ ਨਹੀਂ ਆਈ, ਪਰ ਵਜ਼ੀਰ ਨੇ ਮੈਨੂੰ ਉਸ ਦੇ ਨੇੜੇ ਰੱਖਿਆ
ਸੀ। ਉਸ ਨੂੰ ਸੁਆਲ ਉੱਤੇ ਸੁਆਲ ਆਖੀ ਗਿਆ। ਕਹਿੰਦਾ ਸੀ, ਜੇ ਸੱਚ ਨ੍ਹੀਂ ਦੱਸਿਆ, ਉਸ
ਨੇ ਮੈਨੂੰ ਛੱਡ ਦੇਣਾ ਸੀ। ਡਰਦੀ ਨੇ ਸਭ ਕੁੱਝ ਕਬੂਲ ਕਰ ਦਿੱਤਾ ਸੀ। ਰਵਨੀਤ ਨੇ ਵੀ
ਮੌਤ ਤੋਂ ਡਰਦੇ ਮੰਨ ਲਿਆ ਕਿ ਉਹ ਵੀ ਇਸ ਨਾਟਕ'ਚ ਅਦਾਕਾਰ ਸੀ। ਪਿਤਾ ਜੀ ਨੇ ਦੋਨਾਂ
ਨੂੰ ਕੈਦ ਕਰਾ ਕੇ ਬੰਦੀਖਾਨੇ'ਚ ਪਵਾ ਦਿੱਤਾ। ਫਿਰ ਮੇਰੇ ਵੱਲ ਦੋਸ਼ੀਆਂ ਅੱਖਾਂ ਨਾਲ
ਵੇਖਿਆ। ਵਜ਼ੀਰ ਨੇ ਮੇਰੇ ਕੱਪੜੇ ਮੰਗਵਾਏ। ਜਦ ਮੇਰੇ ਅੱਗੇ ਰੱਖੇ, ਉਥੇ ਮੈਂ ਰੂਪ
ਵਟਾ ਕੇ ਆਦਮੀ ਫਿਰ ਬਣ ਗਿਆ...ਪਰ ਪਹਿਲਾਂ ਵਰਗਾ ਨਹੀਂ...ਸਾਲ ਵਿਚ ਹੀ ਸ਼ੇਰ-ਰੂਪ
ਨੇ ਮੈਥੋਂ ਮੱਨੁਖਤਾ ਦਾ ਕੁੱਝ ਲੁੱਟ ਲਿਆ। ਜਿਸ ਹਾਲ'ਚ ਤੂੰ ਮੈਨੂੰ ਪਹਿਲਾਂ ਵੇਖਿਆ
ਸੀ, ਉਸ ਸੂਰਤ'ਚ ਸੀ। ਜਾਦੂਗਰ ਦੇ ਤੰਤਰ ਸਨ। ਪਰ ਮੈਂ ਘਰ ਵਾਲਿਆਂ ਨਾਲ ਵਾਪਸ ਸੀ"।
" ਪਹਿਲੇ ਦਿਨ ਮੇਰਾ ਪਰਿਵਾਰ ਬਹੁਤ ਖ਼ੁਸ ਸੀ ਕਿ ਮੈਂ ਵਾਪਸ ਆ ਗਿਆ ਸੀ। ਮਾਂ ਨੇ
ਮੇਰੇ ਅਜੀਬ ਰੂਪ ਵੱਲ ਚਸ਼ਮਪੋਸ਼ੀ ਕੀਤੀ। ਪਿਤਾ ਜੀ ਨੇ ਮੈਨੁੰ ਦਰਬਾਰ ਤੋਂ ਪਰ੍ਹੇ
ਰਖਿਆ। ਲੋਕ ਗੱਪੀ ਸਨ। ਮੈਨੂੰ ਵੇਖ ਕੇ ਡਰ ਜਾਊਗੇ, ਪਿਤਾ ਜੀ ਨੇ ਸੋਚਿਆ। ਮੇਰਾ ਹਾਲ
ਸਭ ਤੋਂ ਛੁਪਾ ਕੇ ਰੱਖਿਆ। ਸਰਾਪ ਬਾਰੇ ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਸੀ। ਜਦ
ਲੋਕਾਂ ਨੇ ਸ਼ੇਰ ਬਾਰੇ ਆਖਿਆ, ਵਜ਼ੀਰ ਨੇ ਦੱਸਿਆ, " ਸ਼ੇਰ ਜੰਗਲ'ਚ ਦੌੜ੍ਹ ਗਿਆ
ਸੀ"। ਮੇਰਾ ਭੇਸ ਬਦਲ ਕੇ ਹਾਰਕੇ ਕੁੱਝ ਮੰਤਰੀਆਂ ਦੇ ਸਾਹਮਣੇ ਮੈਨੂੰ ਕੀਤਾ, ਉਡਦੀ
ਗੱਪ ਦਾ ਸਿਰਾ ਕਰਨ ਲਈ।
ਹਰ ਦਿਨ ਮਾਂ-ਪਿਉਂ ਪਾਠ ਕਰਦੇ ਸੀ ਕਿ ਮੈਂ ਠੀਕ ਹੋ ਜਾਵਾਂ। ਪਰ ਮੈਂ ਓਦਾਂ ਹੀ
ਰਿਹਾ। ਹਰ ਦਿਨ ਮੈਂ ਮੱਹਲ ਤੋਂ ਨੱਸ ਕੇ ਖੇਤਾਂ'ਚ ਜਾ ਕੇ, ਪਤਾ ਨਹੀਂ...ਕੁੱਝ ਯਾਦ
ਨਹੀਂ। ਉਸ ਵੇਲੇ ਕਈ ਕਿਸਾਨਾਂ ਦੀਆਂ ਮੱਝਾਂ ਅਲੋਪ ਹੋ ਗਈਆਂ ਸੀ, ਅਤੇ ਕਈ ਵਾਰੀ
ਲੋਥਾਂ ਲਭੀਆਂ, ਅੱਧੀਆਂ ਖਾਧੀਆਂ। ਜਨਤਾ ਡਰ ਗਈ। ਪਿਤਾ ਜੀ ਦੁੱਖੀ ਸਨ। ਵੀਰਾ ਜਦ
ਮੈਨੂੰ ਕਵੇਲੇ ਫੜ ਲੈਂਦਾ ਸੀ, ਸੰਗਲ਼ ਨਾਲ ਬੰਨ੍ਹ ਦਿੰਦਾ ਸੀ। ਜਦ ਮੈਨੂੰ ਹੋਸ਼
ਆਉਂਦੀ ਸੀ, ਹਨੇਰਾ ਹੁੰਦਾ ਸੀ, ਮੇਰੇ ਪਿੰਡੇ'ਤੇ ਪਾਟੇ ਲੀੜੇ ਸਨ। ਜਦ ਪਿਤਾ ਜੀ ਅੱਕ
ਗਏ, ਆਇਆ ਦੇ ਘਰ ਗਏ। ਉਸ ਨੂੰ ਪੁੱਛਿਆ, ਸਰਾਪ ਲਾਹੇ। ਜਦ ਉਸ ਨੇ ਕਿਹਾ ਹੋ ਨਹੀਂ
ਸਕਦਾ, ਮਿਨਤਾਂ ਕੀਤੀਆਂ। ਜਵਾਬ ਉਹੀ ਸੀ, ਜੋ ਮੈਨੂੰ ਪਹਿਲਾਂ ਦਿੱਤਾ ਸੀ, " ਜਦ ਤੱਕ
ਕਿਸੇ ਜਨਾਨੀ ਜਿਸ ਨੂੰ ਸਾਫ਼ ਪਤਾ ਹੈ ਓਂਕਾਰ ਕੀ ਹੈ, ਉਸ ਨੂੰ ਦਿਲ ਤੋਂ ਪਿਆਰ ਨਹੀਂ
ਕਰਦੀ, ਉਸ ਨੇ ਜੁਗਾਂ ਜੁਗਾਂਤਰ ਲਈ ਐਵੀਂ ਹੀ ਰਹਿਣਾ ਹੈ। ਪੀੜ੍ਹੀ ਦਰ ਪੀੜ੍ਹੀ ਇਹੀ
ਹਾਲ ਹੋਵੇਗਾ। ਮੈਂ ਵਾਪਸ ਨਹੀਂ ਲੈ ਸਕਦੀ ਜੋ ਮੈਂ ਕਹਿ ਦਿੱਤਾ"।
" ਪਿਤਾ ਜੀ ਨੇ ਗੁਸੇ'ਚ ਆ ਕੇ ਆਇਆ ਨੂੰ ਹਨੇਰ ਕੋਠੜੀ'ਚ ਪਵਾ ਦਿੱਤਾ। ਇਹ ਗੱਲ
ਗਲਤ ਸੀ। ਮੇਰੇ ਕਰਕੇ ਬਿਲੋ ਮਰੀ ਸੀ। ਮੈਂ ਜਾਦੂ ਨਾਲ ਮੱਹਲ'ਚ ਗੁਬਾਰ ਲਿਆਂਦਾ।
ਧੁੰਧ'ਚ ਮੈਂ ਆਇਆ ਨੂੰ ਬਾਹਰ ਲੈ ਕੇ ਆ ਗਿਆ ਸਾਂ। ਉਸ ਦੇ ਅੱਗੇ ਸਿਰ ਨਿਵਾ ਕਰਕੇ
ਮਾਫ਼ੀ ਮੰਗੀ। ਪਹਿਲੀ ਵਾਰੀ ਉਸ ਦੀਆਂ ਅੱਖਾਂ'ਚ ਤਰਸ ਵੇਖਿਆ। ਉਸ ਨੂੰ ਪਤਾ ਸੀ ਮੇਰੇ
ਲਈ ਕੀ ਬੀਤਿਆ, 'ਤੇ ਕੀ ਬਾਕੀ ਸੀ। ਖਿਮਾ ਮਿਲ ਗਈ, ਪਰ ਹਾਹ ਨਹੀਂ ਲਾਹੀ। ਧੁੰਧ'ਚ
ਤੁਰ ਪਈ। ਅਸੀਂ ਕਦੀ ਫਿਰ ਮਿਲੇ ਨਹੀਂ। ਸਾਰੀ ਰਾਤ ਬਿਲੋ ਬਾਰੇ ਸੋਚਿਆ। ਮੈਂ ਹੋਰ
ਕਿਸੇ ਨੂੰ ਪਿਆਰ ਕਰ ਸਕਦਾ ਸੀ? ਮੇਰੇ ਵਰਗੇ ਭੂਤ ਨੂੰ ਤਾਂ ਫਫੇਕੁੱਟਣ ਨੇ ਨਹੀਂ
ਵੇਖਣਾ ਸੀ, ਸ਼ਾਹਜ਼ਾਦੀ ਦੀ ਗੱਲ ਤਾਂ ਹੋਰ ਸੀ"।
" ਜਦ ਪਿਤਾ ਜੀ ਨੂੰ ਪਤਾ ਲੱਗ ਗਿਆ ਆਇਆ ਅਲੋਪ ਹੋ ਗਈ, ਮੇਰੇ ਨਾਲ ਬਹੁਤ ਗੁਸੇ
ਹੋ ਗਏ। ਫਿਰ ਪਕੇ ਹੋ ਗਏ ਮੇਰੇ ਲਈ ਘਰ ਵਾਲੀ ਟੋਲਣ ਲਈ"।
ਪਹਿਲਾਂ ਹਰ ਛਤਰਧਾਰੀ ਦੇ ਘਰ ਗਏ। ਉਸ ਤੋਂ ਬਾਅਦ ਖਾਨਦਾਨੀ ਘਰੀਂ ਗਏ, ਹਾਰਕੇ ਆਮ
ਲੋਕਾਂ ਦੇ ਘਰ ਵੀ ਗਏ। ਸਾਡੇ ਮੁਲਕ'ਚ ਲੀਡਰ ਕਿਥੇ ਆਮ ਲੋਕਾਂ ਵੱਲ ਤਕਦੇ ਹਨ? ਆਮ
ਲੋਕਾਂ ਦੇ ਹਾਲ ਬਾਰੇ ਕਦੀ ਨਹੀਂ ਸੋਚਦੇ, ਰਾਜੇ, ਮੰਤਰੀ ਜਾਂ ਗ੍ਰਾਂਥੀ ਇਹ ਗੱਲ'ਚ
ਇਕੋ ਹੀ ਨੇ। ਆਪਸ ਵਿਚ ਤਖਤ ਤਾਜ ਰਖਦੇ ਨੇ। ਪਰ ਮੇਰੀ ਗੱਲ ਆਮ ਨਹੀਂ ਸੀ ਜਿਸ ਕਰਕੇ
ਆਮ ਬੰਦੇ ਵੱਲ ਗਏ। ਸਾਰੇ ਪਾਸੇ ਓਹੀ ਗੱਲ ਹੋਈ। ਜਦ ਘਰ ਦੇ ਸਰਤਾਜ ਨੇ ਮੈਨੂੰ
ਵੇਖਿਆ, ਸਾਫ਼ ਨਾ ਕੀਤਾ। ਵਿਚੋਲੇ ਵੀ ਅੱਗੇ ਨਹੀਂ ਆਉਂਦੇ ਸਨ। ਉਨ੍ਹਾਂ ਦਿਨਾਂ'ਚ
ਕੁੜੀ ਨੂੰ ਤਾਂ ਮਿਲਾਉਂਦੇ ਨਹੀਂ ਸੀ। ਜਿਥੇ ਪਿਤਾ ਜੀ ਨੇ ਆਗਰਹਿ ਕੀਤਾ, ਮੈਨੂੰ
ਕੁੜੀ ਦੇ ਸਾਹਮਣੇ ਕਰ ਦਿੱਤਾ। ਕੁੜੀ ਹਮੇਸ਼ਾ ਕੋਈ ਚਿਲਮਨ ਪਿੱਛੇ ਹੁੰਦੀ ਸੀ। ਇਕ
ਵਾਰੀ ਚਿਲਮਨ ਪਿੱਛੋਂ ਚਾਂਗ ਨਿਕਲ਼ ਗਈ; ਇਕ ਵਾਰੀ ਖਿੱਲੀ ਆਈ। ਮੈਨੂੰ ਤਾਂ ਓਦੋਂ
ਚੁਭਿਆ, ਜਦ ਇਕ ਲੜਕੀ ਨੇ ਉੱਚੀ ਦੇਣੀ " ਨਾ ਮਾਂ! ਦੈਂਤ ਹੈ!" ਕਿਹਾ।ਕੋਈ ਆਮ ਕੁੜੀ
ਮਾਂ-ਪਿਉਂ ਦੇ ਖਿਲਾਫ਼ ਨਹੀਂ ਜਾਂਦੀ ਸੀ। ਉਸ ਜਮਾਨੇ ਵਿਚ ਕੁੜੀ ਦੀ ਮਰਜ਼ੀ ਨਹੀਂ
ਚਲਦੀ ਸੀ। ਫਿਰ ਵੀ ਫ਼ੈਸਲਾ ਪਿਉਂ ਦਾ ਹੁੰਦਾ ਸੀ, ਪਰ ਮੇਰੇ ਵੱਲ ਵੇਖ ਕੇ ਹੈਬਤ
ਗਏ...",
" ਕੁੱਝ ਨਹੀਂ ਬਦਲਿਆ...ਸੋਰੀ ਤੁਹਾਡੀ ਗੱਲ ਨ੍ਹੀਂ ਕਰਦੀ...ਉਨ੍ਹਾਂ ਕੁੜੀਆਂ
ਬਾਰੇ ਸੋਚਦੀ ਹਾਂ...ਮਤਲਬ ਪਸੰਦ ਆਪ ਨਹੀਂ ਕਰ ਸਕਦੀਆਂ...ਮਾਫ਼ੀ, ਗੱਲ ਕਰੋਂ!",
ਸੀਮਾ ਨੇ ਆਵਦੀ ਲੱਤ ਅੜਾਈ।
" ਬੱਸ, ਮੇਰੇ ਵੱਲ ਤਾਂ ਕੋਈ ਝਾਕਦੀ ਨਹੀਂ ਸੀ। ਪਿਆਰ ਤਾਂ ਦੂਰ ਸੀ। ਲੋਕਾਂ ਨੂੰ
ਮੇਰੇ ਬਾਰੇ ਸੱਚ ਕਿਵੇਂ ਦੱਸ ਸਕਦੇ ਸੀ?"।
" ਓਂਕਾਰ ਇਹ ਗਲਤ ਹੈ। ਤੁਹਾਨੂੰ ਸੱਚ ਹੀ ਸੱਚ ਦੱਸਣਾ ਚਾਹੀਦਾ ਸੀ। ਆਪ ਕਿਸੇ
ਨੂੰ ਭਾਲਣ ਜਾਣਾ ਸੀ। ਅੱਜ ਜਿਥੇ ਹੀ ਸਫ਼ੈਦ ਝੂਠ ਬੋਲਦੇ, ਕੁੜੀ ਦੀ ਜਿੰਦਗੀ ਨੂੰ
ਬਰਬਾਦ ਕਰ ਦਿੰਦੇ ਨੇ। ਮੁੰਡੇ ਵੀ ਇਸ ਜਾਲ'ਚ ਫੱਸ ਜਾਂਦੇ ਨੇ। ਘਰ ਵਾਲੇ ਬਹੁਤ ਝੂਠੇ
ਹੁੰਦੇ ਨੇ। ਤੁਸਾਂ ਨੇ ਖੁਦ ਕਿਸੇ ਨੂੰ ਟੋਲਣਾ ਸੀ"।
" ਸੀਮਾ ਉਸ ਦਿਨਾਂ'ਚ ਇੱਦਾਂ ਨਹੀਂ ਹੁੰਦਾ ਸੀ, ਨਾ ਹੀ ਹੋ ਸਕਦਾ ਸੀ। ਪਿਆਰ ਤਾਂ
ਕੇਵਲ ਫਿਲਮਾਂ'ਚ ਆਮ ਗੱਲ ਹੈ। ਸਾਡੇ ਕਿੱਸਿਆਂ'ਚ ਵੀ, ਪਰ ਸਚਾਈ'ਚ ਨਹੀਂ। ਮੇਰਾ
ਪਿਆਰ ਬਿਲੋ ਲਈ...ਬੱਸ ਲੈ ਡੁੱਬਣ ਦੀ ਗੱਲ ਸੀ। ਹੋਰ ਕੀ? ਪਿਤਾ ਜੀ ਅੱਕ ਗਏ। ਸ਼ੁਰੂ
ਤੋਂ ਮੈਂ ਕੁੱਲਜ ਸਾਂ। ਘਰ ਤੇ ਤਕਦੀਰ ਫੁੱਟ ਗਈ ਸੀ। ਨੱਕ ਵਢਾ ਕੇ ਮੈਂ ਕਿਥੇ ਪਹੁੰਚ
ਗਿਆ ਸੀ? ਟੱਬਰ ਅੱਕ ਗਿਆ"।
" ਮੈਨੂੰ ਤਿਲਾਂਜਲੀ ਦੇ ਦਿੱਤੀ। ਟੱਬਰ ਦੀਆਂ ਅੱਖਾਂ'ਚ, ਜੋ ਹੋਇਆ ਸਜ਼ਾ ਸੀ,
ਮੇਰੀਆਂ ਖਰਾਬੀਆਂ ਲਈ। ਮੈਨੂੰ ਐਤਕੀਂ ਘਰੋਂ ਕੱਢ ਦਿੱਤਾ। ਪੈਸੇ ਮੇਰੇ ਲਈ
ਅੰਗ੍ਰੇਜ਼ੀ ਬੈਂਕ'ਚ ਪਾ ਦਿੱਤੇ। ਬਹੁਤ ਪੈਸੇ ਸੀ। ਇੰਨਾਂ'ਚੋਂ ਮੈਂ ਤੇਰੇ ਬਾਪੂ
ਨੂੰ..."
"...ਬਾਪੂ ਜੀ ਦੀ ਮੁੱਠ ਗਰਮ ਕੀਤੀ...ਮੈਨੂੰ ਅਜ਼ਾਦ ਕਰਾਉਣ, ਪਤੈ...",
" ਆਹੋ"। ਥੋੜ੍ਹਾ ਚਿਰ ਲਈ ਸ਼ਰਮ ਨਾਲ ਓਂਕਾਰ ਚੁੱਪ ਹੋ ਗਿਆ। " ਲੇਕਨ ਪੈਸੇ ਮਾਂ
ਜਾਂ ਪਿਤਾ ਦਾ ਪਿਆਰ ਲਈ ਮੁਤਬਾਦਲ ਨਹੀਂ ਹੁੰਦੇ। ਮੈਂ ਮਲਵੇ'ਚੋਂ ਬਾਹਰ ਆ ਗਿਆ।
ਸਤਲੁਜ ਪਾਰ ਕਰਕੇ ਦੋਆਬ'ਚ ਆ ਗਿਆ, ਜਿਥੇ ਮੈਂ ਜੰਗਲਾਂ'ਚ ਉਰ੍ਹਾਂ ਪਰ੍ਹਾਂ ਹੋ ਗਿਆ।
ਪੈਸੇ ਮੈਂ ਇਕ ਨਕਲ਼ੀ ਟੱਬਰ ਦੇ ਹੱਥਾਂ'ਚ ਹਿਫਾਜਤ ਕਰ ਦਿੱਤੇ। ਨਾਂਅ ਬਦਲ ਦਿੱਤਾ।
ਓਂਕਾਰ ਨਾਂਅ ਰਖ ਲਿਆ, ਅਤੇ ਗੋਰਾਇਆ ਪਿੰਡ ਦੇ ਨੇੜੇ ਜੰਗਲਾਂ'ਚ ਡੇਰਾ ਜਮਾਇਆ। ਉਸ
ਦਿਨਾਂ'ਚ ਗੋਰਾਇਆ ਸ਼ਹਿਰ ਨਹੀ ਸੀ। ਇਥੋਂ ਇਕ ਅੱਖ ਪੰਜਾਬੀਆਂ ਤੇ ਰੱਖੀ, ਇਕ ਹਰਨਾਂ
ਤੇ। ਦਿਨੇ ਜੰਗਲ'ਚ ਖਾਣਾ ਢੂੰਡਦਾ ਸੀ, ਰਾਤ ਨੂੰ ਪਿੰਡ'ਚ ਆ ਵੜ ਕੇ ਲੋਕਾਂ'ਚ ਅੱਖ
ਬਚਾ ਕੇ ਜਿਊਂਦਾ ਸਾਂ। ਹੌਲੀ ਹੌਲੀ ਦੋਆਬੇ ਨਾਲ ਮੋਹ ਹੋ ਗਿਆ। ਸਿਰਸੇ ਦੇ ਜੱਟਾਂ ਨੇ
ਜੰਮੂ ਤੋਂ ਆ ਕੇ ਇਥੇਂ ਜੜ੍ਹ ਲਾਏ। ਢਿੱਲੋਂ ਗੋਥ ਸੀ। ਮੈਂ ਇੰਨ੍ਹਾਂ ਲਈ ਮਿਸਤਰੀਆਂ
ਦਾ ਕੰਮ ਸ਼ੁਰੂ ਕੀਤਾ ਸੀ। ਹਾਰਕੇ ਮੈਂ ਇੰਨ੍ਹਾਂ ਲਈ ਕਰਜ਼ ਦੇਣ ਲੱਗ ਪਿਆ। ਪਰ ਸਰਾਪ
ਕਰਕੇ, ਜਦ ਵੀ ਮੈਂ ਜਾਨਵਰ ਮਾਰਦਾ ਸੀ, ਹਮ ਉਮਰ ਰਹਿੰਦਾ ਸੀ। ਹਾਣ ਦੇ ਰੋਜ ਬੁਢੇਪਾ
ਵੱਲ ਨੱਸਦੇ ਸੀ। ਇਸ ਕਰਕੇ ਮੈਂ ਭੇਸ ਬਦਲਦਾ ਸੀ ਜਾਂ ਉਹਲੇ ਰਹਿੰਦਾ ਸੀ। ਜਦ ਮੈਨੂੰ
ਆਵਦਾ ਟੱਬਰ ਯਾਦ ਆਉਂਦਾ ਸੀ, ਪਟਿਆਲੇ ਚੱਲੇ ਜਾਂਦਾ ਸੀ। ਦੂਰੋਂ ਟੱਬਰ ਵੱਲ ਤੱਕਦਾ
ਸੀ। ਜਿਸ ਪਿੰਜਾਰੇ'ਚ ਮੈਨੂੰ ਰਖਿਆ ਸੀ, ਹੁਣ ਉਸਦੀ ਮਿੱਟੀ ਕਰ ਦਿੱਤੀ। ਕਾਗ਼ਜ਼
ਪੱਤਰ ਸਾੜ ਦਿੱਤੇ। ਮੇਰੇ ਬਾਰੇ ਦਰਬਾਰ'ਚ ਕੋਈ ਨਹੀਂ ਬੋਲਦਾ ਸੀ। ਆਮ ਲੋਕਾਂ ਨੂੰ
ਯਾਦ ਸੀ, ਪਰ ਸਾਲਾਂ ਬਾਅਦ ਚੇਤਾ ਭੁਲਾ ਦਿੱਤਾ। ਤਾਰੀਖ ਤਾਂ ਅਮੀਰ ਆਦਮੀ ਹੀ ਕਲਮਬੰਦ
ਕਰਦਾ ਹੈ, ਨਾ ਕੇ ਅਣਪੜ੍ਹ ਗਰੀਬ। ਜੇ ਵੱਡੇ ਨੇ ਨਹੀਂ ਲਿੱਖੀ, ਕਿਸੇ ਨੇ ਚੇਤਾ
ਕਰਨਾ? ਵੀਰੇ ਨੇ ਚਿੱਤਰ'ਤੇ ਫੋਟੋਆਂ ਜਾਲ਼ ਦਿੱਤੀਆਂ। ਕਲਮ ਫੇਰਨੀ ਤੋਂ ਬਾਅਦ
ਇਤਿਹਾਸ ਨੇ ਮੈਨੂੰ ਜੰਗਲਾਂ'ਚ ਥੁੱਕ ਦਿੱਤਾ। ਮੈਂ ਪਹਿਲਾਂ ਸ਼ਾਸਕ ਵਰਗ ਦਾ ਸਾਮੰਤ
ਸੀ, ਹੁਣ ਦੂਜੀ ਸਾਰੀ ਦੁਨੀਆ ਵਾਂਗ ਕੀੜਾ ਹਾਂ। ਆਮ ਬੰਦਾ। ਉਸ ਆਦਮੀ ਵਾਂਗ ਜਿਸ
ਕੋਲ਼ ਆਵਾਜ਼ ਨਹੀਂ ਹੈ, ਨਾ ਕਿ ਸਾਡੇ ਲੀਡਰਾਂ ਨੇ ਆਵਾਜ਼ ਦੇਣੀ ਹੈ। ਮੈਨੂੰ ਇਸ ਗੱਲ
ਨੇ ਬੰਦਾ ਬਣਾ ਦਿੱਤਾ, ਵਿਨਮਰ ਬਣਾ ਦਿੱਤਾ। ਆਲੇ ਦੁਆਲੇ ਮੇਰੇ ਪੰਜਾਬ ਨੂੰ ਵੱਡੇ
ਲੋਕ ਇੰਡੀਆ ਆਖਣ ਲੱਗ ਗਏ। ਮੈਨੂੰ ਇੰਝ ਜਾਪਿਆ ਜਿਵੇਂ ਕਿਸੇ ਨੇ ਜਲਤੋਰੀ ਦਾ ਸਿਰ
ਕੱਟ ਕੇ ਜੇਰਜ ਦੇ ਪਿੰਡੇ'ਤੇ ਜੋੜ ਦਿੱਤਾ ਸੀ। ਗੈਰ ਕੁਦਤਰੀ ਮੁਲਕ। ਜਿਵੇਂ ਮੈਂ
ਹਾਂ। ਨਾ ਬੰਦਾ, ਨਾ ਸ਼ੇਰ"।
"ਜੋਤੀ ਅਤੇ ਰਵਨੀਤ ਨੂੰ ਫਾਂਸੀ ਲਾ ਦਿੱਤੀ, ਅਤੇ ਮੈਂ ਸੁਣਿਆ ਬਿਲੋ ਦੀ ਮਾਂ ਨੂੰ
ਲਭ ਕੇ ਵੀ ਸ਼ਹੀਦ ਕਰ ਦਿੱਤਾ। ਜਿਹੜਾ ਮੈਨੂੰ ਜਾਣਦਾ ਸੀ, ਪਛਾਣਦਾ ਸੀ, ਉਸਦੀ
ਸੰਸਾਰ'ਚੋਂ ਛੁੱਟੀ ਕਰ ਦਿੱਤੀ। ਇੱਦਾਂ ਸੀ ਜਿਵੇਂ ਮੈਂ ਕਦੀ ਹੋਂਦ ਵਿਚ ਆਇਆ ਹੀ
ਨਹੀਂ। ਉਸ ਤੋਂ ਬਾਅਦ ਜਿਵੇਂ ਪੰਜਾਬ ਬਦਲ ਲਿਆ, ਮੈਂ ਬਦਲ ਗਿਆ। ਨਹੀਂ, ਮੈਂ ਤਾਂ
ਉਹਵੇਂ ਹੀ ਸਾਂ, ਪਰ ਜਗ ਬਦਲ ਗਿਆ"।
" ਫਿਰ ਕੀ ਹੋਇਆ?"।
" ਮੇਰੀ ਉਮਰ ਉਥੇ ਹੀ ਖੜ੍ਹ ਗਈ ਸੀ। ਮੇਰੇ ਆਲੇ ਦੁਆਲੇ ਮੇਰੇ ਸਕੇ ਸਬੰਧੀ ਉਮਰ'ਚ
ਮੇਰੇ ਨਾਲੋਂ ਵੱਧ ਦੇ ਸੀ। ਦੁਨੀਆ ਬਦਲਦੀ ਸੀ। ਮਨ ਬਹੁਤ ਦੁਖਿਆ, ਜਦ ਪਿਤਾ ਜੀ ਪੂਰੇ
ਹੋ ਗਏ। ਉਸ ਤੋਂ ਬਾਅਦ ਮਾਂ ਉੱਠ ਗਈ। ਇਹ ਤਾਂ ਹੋਣਾ ਹੀ ਹੋਣਾ ਸੀ। ਅਫਸੋਸ ਉਦੋਂ
ਹੋਇਆ ਜਦ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਭਤੀਜੇ, ਭਤੀਜੀਆਂ ਉੜ ਗਏ,'ਤੇ ਸੰਸਾਰ
ਛੱਡ ਗਏ। ਮੈਂ ਘੁਲ਼ ਘੁਲ਼ ਹਾਲੇ ਵੀ ਜਿਉਂਦਾ ਸਾਂ, ਹਾਲੇ ਵੀ ਗੱਭਰੂ ਸੀ। ਪਰ ਪੰਜਾਬ
ਦਾ ਨਕਸ਼ਾ ਮੇਰੇ ਲਈ ਦਿਨੋਂ ਦਿਨ ਕੁਦੇਸੀ ਹੁੰਦਾ ਜਾ ਰਿਹਾ ਸੀ। ਗੋਰਿਆਂ ਨੇ ਨਹਿਰਾਂ
ਬਣਾ ਦਿੱਤੀਆਂ, ਰੇਲਾਂ ਬਣਾ ਦਿੱਤੀਆਂ। ਹੁਣ ਗੋਰਾ ਰਾਜ ਸੀ। ਪੰਜਾਬੀ ਵੀ ਹੁਣ ਇਕ
ਨਹੀਂ ਸੀ। ਹਿੰਦੂ ਮੁਸਲਮਾਨਾਂ ਤੋਂ ਅੱਡ ਹੋ ਗਏ। ਸਿੱਖ ਵੀ ਜੁਦਾ ਹੋ ਗਏ। ਆਉਣ ਵਾਲੇ
ਝੱਖੜ ਝੁੱਲਣ ਦੇ ਦਾਣੇ ਬੀਜ ਦਿੱਤੇ ਸੀ। ਜਿੰਨ੍ਹਾਂ ਨੂੰ ਮੈਂ ਜਾਣਦਾ ਸੀ, ਸਭ ਤੁਰ
ਪਏ। ਮੇਰੇ ਲਈ ਪਟਿਆਲੇ'ਚ ਕੁੱਝ ਨਹੀਂ ਸੀ। ਨਵੇਂ ਰਾਜਿਆਂ ਨੂੰ ਮੇਰੇ ਬਾਰੇ ਕੁੱਝ
ਨਹੀਂ ਪਤਾ ਸੀ। ਮੈਂ ਹੁਣ ਅਮਰ ਆਦਮੀ ਸੀ, ਲਾਫ਼ਾਨੀ ਲੋਥ। ਇਸ ਗੱਲ ਨੇ ਖ਼ੁਸ਼ੀ ਨਹੀਂ
ਲਿਆਂਦੀ, ਪਰ ਦੁੱਖ ਲਿਆਂਦਾ। ਬਹੁਤ ਦੁੱਖ। ਚੁਰਾਸੀ ਕੱਟ ਕੇ ਸਰਾਪ ਹੀ ਸਰਾਪ ਹੈ।
ਮੈਂ ਹੁਣ ਨਵੇਂ ਜਗ'ਚ ਸਾਂ ਜਿਥੇ ਮੇਰੇ ਖਿਆਲ ਪੁਰਾਣੇ ਸੀ, ਜਿਸ ਦੀਆਂ ਰੀਤਾਂ ਮੇਰੇ
ਲਈ ਅਜੀਬ ਸਨ। ਮੈਂਨੂੰ ਇਸ ਹਾਲ ਨਾਲ਼ ਨਫਰਤ ਹੀ ਸੀ। ਕਿਹੜਾ ਪਾਗਲ ਹਮੇਸ਼ਾ ਲਈ
ਜਿਊਣਾ ਚਾਹੁੰਦਾ? ਜੋ ਜਾਣਦਾ ਸਾਂ, ਚੱਲੇ ਗਿਆ। ਜੋ ਆਉਂਦਾ ਸੀ, ਅਣੋਖਾ ਸੀ। ਜਿਹੜੀ
ਦੁਨੀਆ ਨੂੰ ਮੈਂ ਜਾਣਦਾ ਸੀ, ਹੁਣ ਰਹੀ ਨਹੀਂ। ਜਿੰਨੇ ਮੇਰੇ ਲਈ ਪਿਆਰੇ ਸੀ ਮਿੱਟ
ਗਏ। ਮੈਂ ਕੋਸ਼ਿਸ਼ ਤਾਂ ਕੀਤੀ... ਸ਼ਹਿਰਾਂ'ਚ ਰਹਿਣ ਦੀ...ਪਰ ਜਦ ਵੀ ਰਾਤ ਨੂੰ
ਉੱਠਦਾ ਸੀ, ਸਾਫ਼ ਦਿਸਦਾ ਸੀ ਕਿ ਮੈਂ ਦਿਨੇ ਕਿਸੇ ਇਨਸਾਨ ਦੀ ਜਾਨ ਲੈ ਲਈ ਸੀ। ਇਸ
ਕਰਕੇ ਆਦਤ ਬਣਾ ਲਈ ਜੰਗਲਾਂ ਦੇ ਨੇੜੇ ਤੇੜੇ ਰਹਿਣ ਦੀ"। ਓਂਕਾਰ ਫਿਰ ਚੁੱਪ ਹੋ ਗਿਆ।
ਸੀਮਾ ਦੀਆਂ ਅੱਖਾਂ'ਚ ਅੰਦੇਸ਼ੇ ਨਾਲ ਝਾਕਿਆ।
" ਕੀ?", ਸੀਮਾ ਨੇ ਆਖਿਆ।
" ਪੈਸੇ ਮੁਕਣ ਲੱਗ ਪਏ। ਖਾਣੇ ਲਈ ਪੈਸੇ ਦੀ ਲੋੜ ਨਹੀਂ ਸੀ, ਪਰ ਕੱਪੜੇ, ਘਰਾਂ ਲਈ
ਅਤੇ ਜੇ ਕਿਸੇ ਕੁੜੀ ਨੂੰ ਪਿਆਰ ਲਈ ਟੋਲਣਾ ਸੀ, ਉਸ ਲਈ ਪੈਸੇ ਦੀ ਲੋੜ ਸੀ"।
" ਪੈਸੇ ਚੋਰੀ ਕੀਤੇ?"
" ਹਾਂ। ਪਰ ਮੈਂ ਇਸ ਵਕਤ ਜਾਣ ਬੁੱਝ ਕੇ ਇਨਸਾਨਾਂ ਨੂੰ ਸ਼ਹਿਰਾਂ'ਚ ਮਾਰਨ ਲੱਗ ਪਿਆ।
ਉਨ੍ਹਾਂ ਦੇ ਪੈਸੇ ਮਾਰ ਕੇ ਚੋਰੀ ਕਰਦਾ ਸਾਂ। ਪੈਸੇ ਜਿੰਨਾਂ ਨਾਲ ਮੈਂ ਸਾਰੀ ਦੁਨੀਆ
ਦੇਖਣਾ ਚਾਹੁੰਦਾ ਸਾਂ। ਕਾਲਾ ਪਾਣੀ ਪਾਰ ਕਰਕੇ, ਵਲੈਤ, ਅਮਰੀਕਾ, ਯੂਰੋਪਾ,
ਸਿੰਘਾਪੁਰ...ਆਵਦੀ ' ਸੀਮਾ' ਨੂੰ ਟੋਲਦਾ ਸੀ"। ਓਂਕਾਰ ਨੇ ਪਹਿਲੀ ਵਾਰੀ ' ਬਿਲੋ'
ਨਹੀਂ ਕਿਹਾ, ਪਰ ' ਸੀਮਾ' ਕਿਹਾ।
" ਮੈਂ ਆਵਦੇ ਦਿਮਾਗ਼ ਨੂੰ ਕਾਇਮ ਰਖਣ ਸਭ ਕੁੱਝ ਸਿੱਖਦਾ ਸੀ। ਬੋਲਿਆਂ, ਸੰਗੀਤ
ਸ਼ਾਸ਼ਤਰ, ਸਾਇੰਸ..ਸਾਰੇ ਇਲਮ। ਜਦ ਪੰਜਾਬ ਵਾਪਸ ਪਹੁੰਚਿਆ ਉੱਨੀ ਸੌ ਸੰਤਾਲੀ ਹੋਣ
ਲੱਗਾ ਸੀ"।
ਸੀਮਾ ਨੂੰ ਆਖਰੀ ਗੱਲ ਸੁਣੀ ਨਹੀਂ, ਕਿਉਂਕਿ ਉਹ ਹੈਰਾਨ ਹੋ ਗਈ ਸੀ ਇਹ ਸੁਣ ਕੇ
ਕਿ ਓਂਕਾਰ ਨੇ ਇਨਸਾਨਾਂ ਨੂੰ ਸਰਗਰਮੀ ਨਾਲ ਮਾਰਿਆ...ਖਾਣ ਲਈ ਨਹੀਂ, ਪੈਸੇ ਜੋੜਨ
ਲਈ! ਹੌਲੀ ਹੌਲੀ ਓਂਕਾਰ ਲਈ ਸਨੇਹ ਹੁੰਦਾ ਸੀ, ਤਰਸ ਖਾਂਧੀ ਸੀ, ਪਰ ਹੁਣ ਇਕ ਬਾਰੇ
ਫਿਰ ਤਰਾਸ ਚੜ੍ਹ ਗਿਆ। ਆਇਆ ਨੇ ਸੱਚ ਮੁੱਚ ਰਾਖਸ਼ ਬਣਾ ਦਿੱਤਾ ਸੀ! ਹੁਣ ਕੀ ਸੋੱਚੇ?
ਫਿਰ ਮੂੰਹ 'ਚੋਂ ਓਂਕਾਰ ਨੂੰ ਸਿਰਫ਼ ਕਿਹਾ, " 'ਸੰਤਾਲੀ?"॥
ਚਲਦੀ ... |