"...ਦੁਨੀਆ ਕਰਕੇ ਮੇਰੇ ਉੱਤੇ ਇਕ ਸਰਾਪ, ਇਕ ਲਾਹਨਤ ਪਈ ਏ। ਕਈ ਬਾਰ ਮੈਂ
ਵੇਖਦਾ, ਤੂੰ ਕਿਵੇਂ ਮੇਰੀਆਂ ਅੱਖਾਂ ਵੱਲ ਝਾਕਦੀ। ਸਰਾਪ ਦਾ ਵਜ੍ਹਾ ਹੈ", ਓਂਕਾਰ ਨੇ
ਉਸ ਵੇਲੇ ਸੀਮਾ ਨੂੰ ਕਿਹਾ। ਓਂਕਾਰ ਨੂੰ ਲੱਗਿਆ ਇਹ ਗੱਲ ਕਹਿਣ ਤੋਂ ਬਾਅਦ ਸੰਨਾਟਾ
ਛਾ ਗਿਆ। ਫਿਰ ਪਿਆਰੀ ਸੀਮਾ ਨੇ ਮੂੰਹ ਖੋਲ੍ਹ ਲਿਆ, " ਚੱਲ ਦਸੋ"।
ਓਂਕਾਰ ਨੇ ਆਵਦੇ ਮਨ'ਚ ਸੋਚਿਆ, ਮੈਂ ਤਾਂ ਅਵਾਰਾ ਕੁੱਤੇ ਵਾਂਗ ਲੰਮੀ ਵਾਟ ਖਾਕ
ਛਾਣਦਾ ਹਾਂ। ਮੈਂ ਸਦੀਆਂ ਤੋਂ ਤਲਾਸ਼ ਕਰ ਰਿਹਾ ਹਾਂ...ਸੀਮਾ ਲਈ। ਸੀਮਾ ਕੁੰਜੀ ਹੈ
ਮੇਰੇ ਛੁਟਕਾਰੇ ਲਈ ਇਸ ਲਾਹਨਤ ਤੋਂ। ਜੇ ਮੈਂ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਦੱਸ
ਦਿੱਤਾ, ਮੇਰਾ ਸਾਥ ਰੱਖੂਗੀ? ਚੱਲ, ਸਾਫ਼ ਦਿੱਸਦਾ ਕਿ ਸੀਮਾ ਨੂੰ ਸ਼ੱਕ ਹੈ ਕਿ ਗੈਬੀ
ਗੱਲ ਹੋ ਰਹੀ ਹੈ। ਓਂਕਾਰ ਨੇ ਆਵਦੇ ਅਕਸ ਵੱਲ ਝਾਕਿਆ। ਜਦ ਸੀਮਾ ਨੇ ਪਹਿਲੀ ਵਾਰੀ
ਮੇਰੇ ਰੂਪ'ਤੇ ਨਜ਼ਰ ਟਿੱਕਾਈ, ਮੈਂ ਬਾਬਾ ਸੀ। ਹੁਣ ਇਕ ਛਲਾਰੂ ਹਾਂ। ਮੇਰੇ ਵੱਲ ਗਹੁ
ਨਾਲ ਤੱਕਦੀ ਹੈ, ਓਂਕਾਰ ਨੇ ਸੋਚਿਆ। ਚੱਲ, ਭਾਣਾ ਹੈ ਉਸ ਨੂੰ ਅੱਜ ਹੀ ਦੱਸ ਦੇਵਾਂ।
" ਸੀਮਾ ਤੇਰਾ ਇਮਾਨ ਨਰੋਆ ਹੈ? ਮਤਲਬ, ਤੂੰ ਰੱਬ'ਚ ਮੰਨਦੀ ਏਂ?"।
" ਹਾਂ"।
" 'ਤੇ ਭੂਤ ਪ੍ਰੇਤਾਂ'ਚ?"
" ਮੈਂ...ਮਤਲਬ ਜਿੰਨ ਭੂਤ ਖਿਆਲੀ..ਸੱਚ..ਯਤਾਰਥਿਕ ਚੀਜ਼ਾਂ ਹਨ...ਪਰ..." ਸੀਮਾ ਨੇ
ਕਹਿਣਾ ਸ਼ੁਰੂ ਕੀਤਾ।
"...ਭੂਤ ਪ੍ਰੇਤ ਅਸਲੀ ਨਹੀਂ ਹੈ? ਕਿਉਂ?"
" ਕਿਸ ਨੇ ਭੂਤ ਵੇਖਿਆ..."
" ਤੂੰ ਰੱਬ'ਚ ਮੰਨਦੀ ਹੈ। ਰੱਬ ਕਦੀ ਵੇਖਿਆ? ਉਸ ਦੀ ਤਸਵੀਰ ਦੀ ਗੱਲ ਨਹੀਂ ਕਰਦਾ,
ਕੋਈ ਮੰਦਰ'ਚ ਮੂਰਤੀ ਦੀ ਗੱਲ ਨਹੀਂ ਕਰਦਾ। ਰੱਬ ਕਦੀ ਵੇਖਿਆ? ਨਹੀਂ? ਕਿਉਂ ਭੂਤ
ਨਹੀਂ ਸੱਚ ਹੋ ਸਕਦਾ ਜੇ ਰੱਬ ਸੱਚ ਹੈ?"
" ਮੈਂ ਤਾਂ ਇੰਨਾ ਹੀ ਕਹਿ ਸਕਦੀ ਹਾਂ, ਜਦ ਦੀ ਤੁਹਾਡੇ ਨਾਲ ਰਟਨ ਕਰਦੀ ਹਾਂ, ਬਹੁਤ
ਅਜੀਬ ਚੀਜ਼ਾਂ ਦੇਖੀਆਂ ਨੇ। ਬਹੁਤ ਅਜੀਬ...", ਬੋਲਦੀ ਬੋਲਦੀ ਚੁੱਪ ਹੋ ਕੇ ਓਂਕਾਰ
ਦੀਆਂ ਅੱਖਾਂ'ਚ ਵੜ ਗਈ, ਜਿਵੇਂ ਨਜ਼ਰ ਨਾਲ ਕਹਿੰਦੀ ਸੀ ' ਤੂੰ ਕੋਈ ਹੋਰ ਮੰਡਲ ਤੋਂ
ਹੈ'।
" ਮੇਰੀਆਂ ਸੰਗਤਰੀ ਅੱਖਾਂ, ਮੇਰੇ ਕਾਲੇ ਕੇਸਰੀ ਵਾਲ, ਸਭ ਅਜੀਬ ਲੱਗਦੇ ਹੈ ਨਾ?
ਜਿਹੜਾ ਮੈਂ ਦਿਨੇ ਤੁਰ ਪੈਂਦਾ ਜੰਗਲ'ਚ, ਤੇ ਰਾਤ ਵਾਪਸ ਆ ਜਾਂਦਾ। ਸਭ ਅਜੀਬ ਲੱਗਦਾ
ਹੈ ਨਾ? ਮੇਰੇ ਬਦਨ ਵੱਲ ਝਾਕਦੀ? ਹਾਂ, ਜਦ ਮਿਲੇ ਮੈਂ ਬੁੱਢਾ ਸੀ। ਹੁਣ ਨੌਜਵਾਨ। ਸਭ
ਅਣੋਖਾ। ਮੈਂ ਸਰਾਪੀ ਹਾਂ। ਇਸ ਸਰਾਪ ਲਾਹੁਣ ਲਈ ਪੰਜਾਬ ਪਹੁੰਚਣਾ ਹੈ...ਜਿਥੇ ਕੇਵਲ
ਪਿਆਰ, ਕਿਸ ਦਾ ਸੱਚਾ ਸੁੱਚਾ ਪਿਆਰ..."
"...ਹਾਹ ਤੋੜ ਜਾਣੀ ਹੈ", ਸੀਮਾ ਨੇ ਓਂਕਾਰ ਦਾ ਵਾਕ ਉਸ ਲਈ ਖਤਮ ਕਰ ਦਿੱਤਾ।
" ਆਹੋ", ਓਂਕਾਰ ਦੀ ਨਜ਼ਰ ਛਿਪ ਗਈ। ਸ਼ਰਮ ਆਈ। ਪਰ ਪਿਆਰ ਨਾਲ ਭਰੀਆਂ ਅੱਖਾਂ
ਅੰਨੀਆਂ ਹੁੰਦੀਆਂ। ਸੀਮਾ ਨੇ ਹੌਂਸਲਾ ਵੱਧਾ ਕੇ ਕਿਹਾ, " ਦਸੋ ਆਵਦੀ ਕਥਾ ਮੇਰੇ
ਸ਼ੇਰ"।
ਆਖਰੀ ਸ਼ਬਦ ਘਰੋੜ ਕੇ ਕਿਹਾ। ਉਸ ਪਲ ਓਂਕਾਰ ਨੂੰ ਸਮਝ ਆ ਗਈ ਕਿ ਸੀਮਾ ਜਾਣ ਗਈ
ਕਿ ਓਂਕਾਰ ਅਤੇ ਸ਼ੈਤਾਨ ਇਕੋ ਹੀ ਸੀ।
ਸੀਮਾ ਨੇ ਅੱਗੇ ਆਖਿਆ, " ਕਿਸ ਨੇ ਤੁਹਾਨੂੰ ਇਹ ਬੇਹਾਲ'ਚ ਪਾਇਆ, 'ਤੇ ਕਿਉਂ?"।
" ਮੁੱਦਤ ਦੀ ਗੱਲ ਹੈ, ਸੰਨ ਅਠਾਰਾਂ ਸੌ ਸੱਠ..."
" ੧੮੬੦!", ਸੀਮਾ ਹੈਰਾਨ ਹੋ ਗਈ।
" ਹਾਂ"। ਓਂਕਾਰ ਨੇ ਧਿਆਨ ਨਾਲ ਸੀਮਾ ਵੱਲ ਤਕਿਆ। ਸੀਮਾ ਓਂਕਾਰ ਦੇ ਹਰੇਕ ਲਫ਼ਜ਼
ਉੱਤੇ ਲਿਵ ਲਾਉਂਦੀ ਸੀ। " ਸੀਮਾ ਮੈਂ ਇਕ ਸੌ ਬਵੰਜਾ ਵਰ੍ਹਿਆਂ ਦਾ ਹਾਂ। ਮੇਰਾ ਜਨਮ
ਉਸ ਵਕਤ ਦਾ ਹੈ ਜਦੋਂ ਅਸੀਂ ਈਸਟ ਇੰਡਿਆ ਕੰਪਣੀ ਦੇ ਗੁਲਾਮ ਸਾਂ। ਵੈਸੇ ਉਸ ਸਮੇਂ
ਗੋਰਾ ਰਾਜ ਕਾਇਮ ਸੀ। ਮੇਰੇ ਪਿਤਾ ਨੇ ਵੀਹ ਸਾਲ ਪਹਿਲਾਂ ਅੰਗ੍ਰੇਜ਼ਾਂ ਨਾਲ ਸੌਦਾ
ਕੀਤਾ ਸੀ, ਕਿਉਂਕਿ ਉਸ ਨੂੰ ਡਰ ਸੀ ਰਣਜੀਤ ਸਿੰਘ ਦੀ ਅੱਖ ਪੁਆਧ ਉੱਤੇ ਸੀ। ਇਸ ਲਈ
ਅੱਸੀਂ ਗੋਰਿਆਂ ਦੇ ਪਾਸੇ ਹੋ ਗਏ ਸੀ"।
" ਮੈਨੂੰ ਸਮਝ ਨਹੀਂ ਲੱਗੀ..ਤੁਸਾਂ ਕਹਿੰਦੇ ਕਿ ਤੁਹਾਡਾ ਪਿਤਾ ਕੋਈ ਵਜ਼ੀਰ ਸੀ
ਪਟਿਆਲੇ ਦਾ?"।
" ਵਜ਼ੀਰ ਨਹੀਂ...ਰਾਜਾ। ਹਾਂ, ਉਸ ਦਾ ਨਿੱਕਾ ਪੁੱਤਰ ਸੀ, ਪਰ ਮੇਰਾ ਨਾਂ ਤਾਂ
ਇਤਿਹਾਸ ਦੇ ਸਫ਼ਿਆਂ ਤੋਂ ਮਿਟਾ ਦਿੱਤਾ। ਇੱਦਾਂ ਤਾਂ ਹੈ ਨਹੀਂ ਜਿਵੇਂ ਕੋਈ ਲੋਹੇ ਦੇ
ਨਕਾਬ'ਚ ਲੁਕੋ ਕੇ ਹਨੇਰੀ ਕੋਠੜੀ'ਚ ਛੱਡ ਦਿੱਤਾ। ਪਰ ਨਾਂ ਆਵਦੇ ਅਤੇ ਸਮਾਜ ਦੇ
ਦਿਲਾਂ ਵਿਚੋਂ ਮਿਟਾ ਦਿੱਤਾ। ਮੈਨੂੰ ਹਾਲੇ ਵੀ ਯਾਦ ਨੇ, ਆਵਦੇ ਦਿਨ ਉਸ ਮਹੱਲ ਵਿਚ।
ਵੱਡਾ ਭਰਾ ਤਾਂ ਰਾਜਾ ਬਣ ਗਿਆ, ਪਰ ਮੇਰੇ 'ਤੇ ਸਰਾਪ ਲਾ ਦਿੱਤਾ, ਅਤੇ ਘਰੋਂ ਕੱਢ
ਦਿੱਤਾ। ਆਦਮੀ ਨਹੀਂ ਰਿਹਾ, ਇਕ ਰਾਖਸ਼ ਬਣ ਗਿਆ, ਜਿਸ ਨੂੰ ਵੇਖ ਕੇ ਟੱਬਰ ਨੂੰ ਸ਼ਰਮ
ਆਉਂਦੀ ਸੀ... ਪਰ ਇਸ ਤੋਂ ਪਹਿਲਾਂ ਮੈਂ ਹੋਰ ਬੰਦਾ ਸਾਂ, ਉਹ ਨਹੀਂ ਜੋ ਤੇਰੇ
ਸਾਮ੍ਹਣੇ ਅੱਜ ਹਾਂ। ਸ਼ਿਕਾਰ ਖੇਡਦਾ, ਸ਼ਰਾਬ ਪੀਂਦਾ, ਜੂਆ ਖੇਡਦਾ ਅਤੇ ਕਿਉਂਕਿ ਕਰ
ਸੱਕਦਾ ਸੀ, ਜਿਹੜੀ ਮਰਜੀ ਜਨਾਨੀ ਰੱਖਦਾ। ਇਸ ਤਰ੍ਹਾ ਦਾ ਆਦਮੀ ਸੀ... ਪਿਤਾ ਦਾ
ਲਾਡਲਾ ਕਰਕੇ ਕੁੱਝ ਵੀ ਕਰ ਸਕਦਾ ਸੀ...ਪਰ ਹਾਰ ਕੇ ਬਹੁਤਾ ਦੂਰ ਚੱਲ ਗਿਆ ਕਰਕੇ
ਪਿਤਾ ਜੀ ਨੇ ਵੀ ਮੁਨਕਰ ਕੀਤਾ"।
" ਕਿਵੇਂ?", ਸੀਮਾ ਨੇ ਪੁੱਛਿਆ।
" ਇਸ ਦੇ ਜਵਾਬ ਤੋਂ ਪਹਿਲਾਂ, ਮੈਂ ਤੈਨੂੰ ਥੋੜ੍ਹਾ ਆਵਦੇ ਪਿਛੋਕੜ ਬਾਰੇ ਦਸਾਂ"।
"ਪਟਿਆਲੇ ਦਾ ਸ਼ਾਹਜ਼ਾਦਾ!"।
" ਹਾਂ। ਇਹ ਸੱਚ ਹੈ। ਸੱਚ ਸੀ। ਮੇਰੇ ਵੱਡੇ ਵੀਰੇ ਨੇ ਪਿਤਾ ਜੀ ਤੋਂ ਬਾਅਦ ਰਾਜਾ ਬਣ
ਜਾਣਾ ਸੀ। ਇਹ ਤਾਂ ਕਦੇ ਮੇਰੀ ਕਿਸਮਤ ਨਹੀਂ ਸੀ। ਇਸ ਲਈ ਲਾਡ ਨਾਲ ਮੈਨੂੰ ਖਰਾਬ ਕਰ
ਦਿੱਤਾ। ਮਗਰੂਰੀ ਬਹੁਤ ਸਨ। ਸ਼ਾਹਜਾਦਾ ਬਹੁਤ ਕੁੱਝ ਕਰ ਸਕਦਾ ਹੈ। ਮੈਂ ਅੰਗ੍ਰੇਜ਼ਾਂ
ਦੇ ਅਸਰ ਹੇਠ ਸੀ। ਅੰਗ੍ਰੇਜ਼ਾਂ ਵਾਂਗ ਕਪੜੇ ਪਾਉਂਦਾ ਸੀ। ਨਕਲ ਵਿਚ ਪੂਰਾ ਇੰਗਲਿਸ਼
ਜੈਂਟਲਮੈਨ। ਉਨ੍ਹਾਂ ਵਾਂਗ ਕ੍ਰਿਕਟ ਖੇਲਦਾ ਸੀ, ਚੌਗਾਨ ਖੇਲਦਾ ਸੀ ਜਾਂ ਤਾਸ਼।
ਪੰਜਾਬੀ ਦੇ ਥਾਂ ਉਰਦੂ ਬੋਲਦੇ ਸੀ; ਹੁਣ ਅੰਗ੍ਰੇਜ਼ੀ ਬੋਲਣ ਲੱਗ ਗਏ। ਮੇਰੇ ਕੋਲ਼
ਅੰਗ੍ਰੇਜ਼ੀ ਬਾਈਸਿਕਲ ਸੀ, ਰਫ਼ਲ ਅਤੇ ਸ਼ਿਕਾਰ ਕੁੱਤੇ। ਲੋਕ ਸੋਚਦੇ ਨੇ ਗੋਰੇ ਸਭ
ਇੰਡੀਅਨ ਨੂੰ ਨਫ਼ਰਤ ਕਰਦੇ ਨੇ, ਨਸਲਵਾਦੀ ਨੇ, ਪਰ ਸੱਚ ਹੈ ਉਨ੍ਹਾਂ ਨੂੰ ਰੰਗ ਬਾਰੇ
ਕੋਈ ਫਰਕ ਨਹੀਂ ਸੀ। ਉਹ ਜਾਤ ਪਾਤ ਬਾਰੇ ਦੇਖਦੇ ਸੀ। ਕੇਵਲ ਊਚ ਨੀਚ ਦੇਖਦੇ ਸੀ।
ਤਕਰੀਬਨ ਹਰੇਕ ਆਦਮੀ ਸਾਡੇ ਮੁਲਕ'ਚ ਕਿਸਾਨ ਜਾਂ ਕਾਮਾ, ਇਸ ਤਰ੍ਹਾਂ ਦੇ ਨੇ; ਬਹੁਤ
ਘੱਟ ਸ਼ਾਸਕ ਵਰਗ ਨੇ। ਗੋਰੇ ਕੇਵਲ ਰਾਜਿਆਂ ਨੂੰ ਪਸੰਦ ਕਰਦੇ ਸੀ; ਹੋਰ ਸਭ ਸ਼ੂਦਰ
ਨੇ। ਨਾਲ ਗਿਣਤੀ ਦੇ ਗੋਰੇ ਕਿਵੇਂ ਰਾਜ ਕਰ ਸਕਦੇ ਨੇ? ਅਸਲ ਵਿੱਚ ਜਿਹੜੇ ਭਾਰਤੀ
ਉਨ੍ਹਾਂ ਨਾਲ ਉਸ ਵੇਲੇ ਸੀ, ਲੋਕਾਂ ਦਾ ਇੰਤਜ਼ਾਮ ਕਰਦੇ ਸੀ, ਅੱਜ ਵੀ ਕਰਦੇ ਨੇ।
ਅਸਲੀਂ ਰਾਜ ਜਿਸ ਨੇ ਹਮਲਾ ਕਰਨ ਵਾਲਿਆਂ'ਤੇ ਓਦੋਂ ਵੀ ਅੰਜਾਮ ਦਿੱਤਾ'ਤੇ ਅੱਜ ਵੀ
ਦਿੰਦੇ ਨੇ। ਮੈਂ ਵੀ ਉਨ੍ਹਾਂ ਜਰਵਾਣਿਆਂ'ਚੋਂ ਹਾਂ। ਉਦੋਂ ਤਾਂ ਮੈਨੂੰ ਅੰਗ੍ਰੇਜ਼ੀ
ਜਾਨੀ ਦੋਸਤ ਜਾਪਦੇ ਸੀ, ਨਾ ਕੇ ਆਸਤੀਨ ਦੇ ਸੱਪ। ਮੈਂ ਤਾਂ ਆਕਸਫੋਰਡ ਪਹੁੰਚ ਗਿਆ
ਸੀ। ਉਥੇ ਮੈਂ ਵੇਖਿਆ ਇਥੇ ਵਾਂਗ ਹਾਲ ਸੀ। ਜਿਵੇਂ ਮੈਂ ਉਸ ਦਫ਼ੇ ਮੇਰੇ ਬਾਪੂ ਦੀ
ਬਾਦਸ਼ਾਹਤ ਦੇ ਆਮ ਲੋਕ ਅਣਡਿਠ ਕਰਦਾ ਸਾਂ; ਉਸ ਤਰ੍ਹਾਂ ਬਰਤਾਨੀਆਂ'ਚ ਵੀ ਆਮ ਲੋਕ
ਕੁੱਝ ਨਹੀਂ ਸੀ, 'ਤੇ ਉਚੇ ਥਾਂ ਦੇ ਲੋਕ ਵੀ ਉਨ੍ਹਾਂ ਨਾਲ ਸੁਣੀ ਅਣਸੁਣੀ ਕਰਦੇ ਸੀ।
ਇਥੇ ਸਭ ਨੂੰ ਲੱਗਿਆ ਕੌਮ ਸਾਰੀ ਚੰਗੀ ਸੀ। ਸੱਚਾਈ ਹੋਰ ਸੀ। ਪੰਜਾਬ ਵਰਗਾ ਹਾਲ ਸੀ;
ਹਾਲੇ ਵੀ ਹੈਗਾ। ਸਾਰੇ ਅਮੀਰ ਮੁੰਡੇ ਜਿੰਨ੍ਹਾਂ ਵਿੱਚ ਮੈਂ ਸ਼ਾਮਲ ਸਾਂ, ਗਰੀਬ
ਕਨੀਜ਼ਾਂ ਮਗਰ ਜਾਂਦੇ ਸੀ। ਮੈਨੂੰ ਲੌਂਡੀਆਂ, 'ਕਾਲਾ ਕੰਵਰ' ਆਖਦੀਆਂ ਸੀ। ਹੁਣ ਤਾਂ
ਸ਼ਰਮ ਆਉਂਦੀ, ਪਰ ਉਸ ਵੇਲੇ ਮੈਂ ਉਸ ਤਰਾ ਦਾ ਬੰਦਾ ਸੀ। ਪੰਜਾਬ ਵਾਪਸ ਆ ਕੇ ਕਈ
ਰਾਤਾਂ ਗਨਕਾਂ ਨਾਲ ਕੱਟੀਆਂ। ਨਾਚੀਆਂ ਨੂੰ ਵੇਖਣ ਜਾਂਦਾ ਸਾਂ। ਸੀਸ'ਤੇ ਦਸਤਾਰ
ਭਾਵੇਂ ਬੰਨ੍ਹਿਆ, ਪਰ ਰਾਜੇ ਕਿਥੇ ਪਵੀਤਰ ਹਨ? ਅੱਜ ਦਾ ਸਿੱਖ ਤਾਂ ਮੇਰੇ ਵਰਗੇ ਨੂੰ
ਬਰਦਾਸ਼ਤ ਨਾ ਕਰੂਗਾ। ਪਿਤਾ ਜੀ ਨੂੰ ਹੌਲੀ ਹੌਲੀ ਮੇਰੇ ਬਾਰੇ ਫਿਕਰ ਹੋ ਗਿਆ। ਕਈ
ਰਾਜਕੁਮਾਰੀਆਂ ਨਾਲ ਮਿਲਾਇਆ। ਪਰ ਕੋਈ ਪਸੰਦ ਨਹੀਂ ਆਈ। ਜਿਸ ਆਦਮੀ ਨੇ ਬਦੇਸੀ ਬਦਨ
ਨਾਲ ਸਾਂਝੀਵਾਲ ਕੀਤਾ, ਉਸਨੂੰ ਸਰਲ ਤੀਵੀਂ ਕਦੇ ਚੰਗੀ ਲੱਗਣੀ ਸੀ?"।
"ਪਰ ਕਰਿਸ਼ਮੇ ਹੁੰਦੇ ਨੇ। ਮੇਰੇ'ਤੇ ਕਿਸੇ ਨੇ ਪਰਚਾ ਵੀ ਲਾ ਦਿੱਤਾ ਸੀ। ਸਾਡੀ
ਆਇਆ ਦੀ ਧੀ ਮੱਹਲ'ਚ ਨੌਕਰਾਣੀ ਸੀ। ਬਹੁਤ ਸੁੰਦਰ ਸੀ। ਉਸ ਦਾ ਨਾਂ ਬਿਲੋ ਸੀ। ਆਹੂ
ਚਸ਼ਮ, ਖੁਬਸੂਰਤ ਸੀ। ਰੰਗ ਗੋਰਾ, ਨਫ਼ੀਸ ਮੁਖੜਾ ਅਤੇ ਜਲੇਬੀ ਜੂੜਾ ਸੀ। ਮੈਨੂੰ
ਲੱਗਾ ਰੱਬ ਨੇ ਸੁਰ ਧਰਤੀ ਉੱਤੇ ਭੇਜ ਦਿੱਤਾ। ਸਾਰੀਆਂ ਸ਼ਾਹਜਾਦੀਆਂ ਤੋਂ ਰੂਪਮਤੀ
ਸੀ। ਰੱਬ ਨੇ ਪਾਪ ਕੀਤਾ ਇਸ ਪਰੀ ਨੂੰ ਗਰੀਬ ਘਰ'ਚ ਪੈਦਾ ਕੀਤਾ। ਇਸ ਹੂਰ ਲਈ ਮੈਂ
ਤਿਆਰ ਸੀ ਤੱਲੀ'ਤੇ ਸੀਸ ਰੱਖਣ ਨੂੰ", ਓਂਕਾਰ ਚੁੱਪ ਹੋ ਗਿਆ। ਆਵਦੇ ਸੋਚਾਂ ਦੇ ਭੁੱਲ
ਭੁਲਈਆਂ'ਚ ਉਲਝ ਗਿਆ। ਫਿਰ ਸੀਮਾ ਵੱਲ ਤੱਕਿਆ, ਜਿਵੇਂ ਪਹਿਲੀ ਵਾਰੀ ਸੋਝੀ ਆਈ।
" ਹਾਂ। ਉਸ ਵੇਲੇ ਤਿਆਰ ਸੀ, ਪਰ ਤੈਨੂੰ ਤਾਂ ਪਤਾ ਹੀ ਹੈ; ਘਰ ਵਾਲਿਆਂ ਦੀ ਇੱਜਤ
ਵੀ ਦੇਖਣੀ ਪੈਂਦੀ ਏਂ। ਅਸੀਂ ਸਭ ਤਿਆਰ ਹਾਂ ਮਹੀਵਾਲ ਬਣਨ ਲਈ। ਪਰ ਸੁਪਨੇ ਅਤੇ
ਸੱਚਾਈ ਵੱਖਰੀਆਂ ਚੀਜ਼ਾਂ ਹੁੰਦੀਆਂ ਨੇ। ਐਪਰ ਜਦ ਵੇਖਿਆ, ਮੈਨੂੰ ਪਿਆਰ ਹੋ ਗਿਆ।
ਪਹਿਲੀ ਵਾਰੀ ਜ਼ਿੰਦਗੀ'ਚ। ਕਾਸ਼! ਬਿਲੋ ਸੁਭਾਉ ਦੀ ਚੰਗੀ ਹੁੰਦੀ ਸੀ। ਪਹਿਲਾਂ
ਪਹਿਲਾਂ ਸੰਗਦੀ ਸੀ ਕਿਉਂਕਿ ਉਸ ਨੂੰ ਪਤਾ ਸੀ ਮੈਂ ਕੌਣ ਹਾਂ, ਪਰ ਮੈਂ ਹੌਲੀ ਹੌਲੀ
ਉਸ ਨੂੰ ਮਨਾ ਦਿੱਤਾ ਕਿ ਮੈਂ ਉਸ ਨੂੰ ਪਿਆਰ ਕਰਦਾ ਸੀ। ਡਰਦੀ ਸੀ, ਇਸ ਲਈ ਅਸੀਂ
ਉਲ੍ਹੇ ਮਿਲਦੇ ਸੀ। ਸਾਡੀ ਬਾਦਸ਼ਾਹਤ'ਚ ਜੰਗਲ ਸਨ। ਭਵਨ ਤੋਂ ਖਿਤਿਜ ਤੱਕ ਸਾਡੀਆਂ
ਸਰਜ਼ਮੀਨਾਂ ਸਨ। ਇਕ ਖੇਤਰ ਦੇ ਨਾਲ ਬਣ ਖਲੋਤਾ ਸੀ। ਇਸ ਦੀ ਕੰਨੀ'ਤੇ ਝੌਫੜੀ ਸੀ।
ਸਾਡੀ ਮੁਲਾਕਾਤ ਇਥੇ ਹੁੰਦੀ ਸੀ"।
" ਬਿਲੋ ਨੂੰ ਰੋਜ ਸ਼ਾਇਰੀ ਸੁਣਾਉਂਦਾ ਸੀ ਜਾਂ ਲਿਖਣਾ ਸਿਖਾਉਂਦਾ ਸੀ ਜਾਂ ਬਦਾਮ
ਖਵਾਉਂਦਾ ਸੀ। ਸਾਈਕਲ ਚਲਾਉਣ ਵੀ ਸਿਖਾਇਆ, ਘੌੜੀ'ਤੇ ਸਵਾਰ ਹੋਣ ਵੀ ਸਿਖਾਇਆ। ਆਮ
ਦੁਬੇਲੇ ਜੰਗਲ ਜਾਂਦੇ ਸਨ। ਬਿਲੋ ਮੈਨੂੰ ਪਿਆਰ ਕਰਦੀ ਸੀ, ਪਰ ਡਰਦੀ ਸੀ ਕਿਉਂਕਿ ਉਸ
ਦੀ ਪਦਵੀ ਮੇਰੀ ਹੈਸੀਅਤ ਤੋਂ ਨੀਚ ਸੀ। ਮੈਨੂੰ ਤਾਂ ਪਿਤਾ ਜੀ ਕੇਵਲ ਝਾੜੇਗਾ, ਪਰ ਉਸ
ਨੂੰ'ਤੇ ਉਸ ਦੀ ਮਾਂ ਨੂੰ ਮਰਵਾ ਵੀ ਸਕਦਾ ਸੀ। ਪਰ ਮੈਂ ਤਾਂ ਢੀਠ ਸੀ। ਹਾਰਕੇ ਪਿਤਾ
ਜੀ ਨੂੰ ਸ਼ੱਕ ਪੈ ਗਈ, ਮੈਂ ਕਿਸੇ ਨੂੰ ਮਿਲਦਾ ਸੀ। ਉਨ੍ਹਾਂ ਨੂੰ ਡਰ ਸੀ ਮੈਂ ਵੇਸਵਾ
ਨਾਲ ਫਿਰਦਾ ਸੀ। ਇਕ ਦਿਨ ਬਿਲੋ ਅਤੇ ਮੈਂ ਝੋਪੜੀ'ਚ ਸੀ, ਜਦ ਬਾਰੀ ਰਾਹੀਂ ਪਿਤਾ ਜੀ
ਦੇ ਸੂਹੀਆ ਨੇ ਸਾਨੂੰ ਵੇਖ ਲਿਆ। ਜਸੂਸ ਨੇ ਉਨ੍ਹਾਂ ਨੂੰ ਦਸ ਦਿੱਤਾ ਕਿ ਮੈਂ
ਨੌਕਰਾਣੀ ਨਾਲ ਯਰਾਨਾ ਕਰ ਰਿਹਾ ਸੀ। ਸਾਡੇ ਸਿਲਸਿਲਾ ਬਾਰੇ ਉਨ੍ਹਾਂ ਨੇ ਇਕ ਦਿਨ
ਮੈਨੂੰ ਆਖਿਆ। ਜਦ ਮੈਂ ਖਰਾ ਖਰਾ ਸੁਣਾਇਆ, ਮੈਂ ਬਿਲੋ ਨੂੰ ਪ੍ਰੇਮ ਕਰਦਾ ਸੀ, ਮੇਰੇ
ਚਪੇੜ ਜੜੀ"।
" ਮੈਂ ਪਿਤਾ ਜੀ ਨੂੰ ਬਹੁਤ ਪਿਆਰ ਕਰਦਾ ਸੀ, ਪਰ ਬਿਲੋ ਨੂੰ ਛੱਡਣਾ ਨਹੀਂ
ਚਾਹੁੰਦਾ ਸੀ। ਇਸ ਲਈ ਮੈਂ ਬਾਪੂ ਜੀ ਨੂੰ ਸੁਣਾ ਦਿੱਤਾ ਮੈਂ ਉਸ ਦਾ ਹੁਕਮ ਪੂਰਾ
ਕਰੂੰਗਾ, ਪਰ ਇਰਾਦਾ ਸੀ ਬਿਲੋ ਨੂੰ ਰੋਜ ਮਿਲਣ ਦਾ। ਪਿਤਾ ਜੀ ਨੇ ਉਸਦੀ ਮਾਂ ਨੂੰ
ਸਾਫ਼ ਕਹਿ ਦਿੱਤਾ ਲੜਕੀ ਮੱਹਲ'ਚ ਨਹੀਂ ਕੰਮ ਕਰ ਸਕਦੀ ਹੈ, ਅਤੇ ਉਸਦਾ ਵਿਆਹ ਜਲਦੀ
ਕਰਨ। ਆਇਆ ਕੋਲ਼ੇ ਕੋਈ ਹੋਰ ਰਸਤਾ ਨਹੀਂ ਸੀ। ਪਰ ਮੈਂ ਬਿਲੋ ਦੀ ਮਾਂ ਨੂੰ ਐਲਾਨ
ਕੀਤਾ ਕਿ ਮੈਂ ਬਿਲੋ ਨਾਲ ਹੀ ਵਿਆਹੂੰ। ਪਿਤਾ ਜੀ ਦੀ ਇੱਛਾ ਸੀ ਮੈਂ ਕੋਈ ਭੱਦਰ ਟੱਬਰ
ਦੀ ਬੇਟੀ ਨਾਲ ਸ਼ਗਨ ਕਰਾਂਵਾਂ। ਮੈਨੂੰ ਸਾਹੇਬੱਧਾ ਬਣਾ ਦਿੱਤਾ। ਕਿਹਾ ਮੈਨੂੰ ਘਰ ਦੀ
ਇੱਜ਼ਤ ਦੀ ਗੱਲ ਹੈ, ਜਾਤ ਦੀ ਇੱਜ਼ਤ'ਤੇ ਖਾਨਦਾਨ ਦੀ ਇੱਜ਼ਤ ਦੀ। ਮੈਨੂੰ ਬੇਸ਼ਰਮ
ਕਰਕੇ ਕਾਇਲ ਕਰ ਦਿੱਤਾ ਸ਼ਾਦੀ ਕਰਨ ਲਈ। ਇਕ ਰਾਇਸ ਘਰ ਦੀ ਧੀ, ਜੋਤੀ ਦੇ ਨਾਲ ਮੇਰਾ
ਵਿਆਹ ਕਰ ਦਿੱਤਾ। ਜੋਤੀ ਸੋਹਣੀ ਕੁੜੀ ਸੀ, ਪਰ ਮੈਂ ਉਸ ਨੂੰ ਦਿਲ ਤੋਂ ਪਿਆਰ ਨਹੀਂ
ਕਰਦਾ ਸੀ ਨਾ ਹੀ ਕਦੀ ਕਰ ਸਕਦਾ ਸੀ। ਮੇਰੇ ਖਿਆਲ'ਚ ਵਿਆਹ ਤਾਂ ਸਮਾਜ ਦਾ ਬਣਾਇਆ
ਜ਼ੰਜੀਰ ਹੈ ਸਵੈਇੱਛਾ ਦੇ ਉਤੇ। ਬੰਦਾ ਤਾਂ ਜਾਨਵਰ ਹੈ,'ਤੇ ਜਾਨਵਰ ਲਈ ਵਿਆਹ
ਜਮਾਂਦਰੂ ਨਹੀਂ ਹੈ। ਵਿਚਾਰੀ ਜੋਤੀ! ਉਸ ਦੇ ਪਿੱਠ ਪਿੱਛੇ,'ਤੇ ਬਿਲੋ ਦੀ ਮਾਂ ਦੀ
ਪਿੱਠ ਪਿੱਛੇ, ਮੈਂ ਬਿਲੋ ਨਾਲ ਹਾਲੇ ਵੀ ਮਿਲਦਾ ਸੀ। ਮੇਰੇ ਲਈ ਬਿਰਦ ਪਾਲਣ ਦੀ ਗੱਲ
ਸੀ। ਬਿਲੋ ਨੂੰ ਪਿਆਰ ਕਰਦਾ ਸੀ, ਹਾਲੇ ਵੀ। ਅਸੀਂ ਦੋਨਾਂ ਨੇ ਜੋਤੀ ਬਾਰੇ, ਮਾਂ
ਬਾਰੇ ਜਾਂ ਮਹਾਰਾਜੇ ਬਾਰੇ ਸੋਚਿਆ ਨਹੀਂ।ਇਹ ਚੱਕਰ ਸੀ। ਜੋਤੀ ਦੇ ਪੱਲੇ ਨਹੀਂ ਪਿਆ
ਕੀ ਹੁੰਦਾ ਸੀ। ਹਾਰਕੇ ਉਸ ਨੂੰ ਮੇਰੇ ਬਦਨਾਮੀ ਦੇ ਧੱਬੇ ਬਾਰੇ ਪਤਾ ਲੱਗ ਗਿਆ। ਸੜਦੀ
ਸੀ"।
" ਸੜਦੀ? ਓਂਕਾਰ ਉਹ ਤਾਂ ਤੇਰੀ ਸਤਵੰਤੀ ਸੀ! ਤੂੰ ਕਿਵੇਂ ਅਬੋਲ ਔਰਤ ਨਾਲ ਇੰਝ
ਧੋਖਾ ਕਰ ਸਕਦਾ ਏ! ਜੇ ਹੋਰ ਕਿਸੇ ਨੂੰ ਪਿਆਰ ਕਰਦਾ, ਤੇਰਾ ਹਕ ਨਹੀਂ ਵਿਆਹ ਕਰਨ ਦਾ!
ਇਸਤਰੀ ਇਨਸਾਨ ਹੁੰਦੀ ਹੈ ਨਾ ਕਿ ਕੋਈ ਚੀਜ਼!", ਸੀਮਾ ਖਿੱਝ ਗਈ।
ਓਂਕਾਰ ਦੇਰ ਲਈ ਸ਼ਰਮ ਨਾਲ ਚੁੱਪ ਚਾਪ ਰਿਹਾ। ਫਿਰ ਬੋਲਿਆ, " ਸ਼ਾਹਜ਼ਾਦੀ ਮਨਮੁਖ
ਸੀ। ਅੱਜ ਤੇਰੇ ਸਾਹਮਣੇ ਓਂਕਾਰ ਹੈ। ਉਸ ਵੇਲੇ ਇੱਕ ਭੰਡ ਸੀ, ਇੱਕ ਬੇਵਕੂਫ਼,
ਉੱਲੂ...",
" ਹਾਂ, ਹਾਂ। ਚੱਲ ਫਿਰ ਕੀ ਹੋਇਆ?", ਸੀਮਾ ਨੇ ਆਖਿਆ।
" ਬਿਲੋ ਦੀ ਮਾਂ ਨੂੰ ਪਤਾ ਲੱਗ ਗਿਆ। ਉਹ ਖ਼ੁਸ਼ ਨਹੀਂ ਸੀ। ਉਸ ਨੇ ਮੈਨੂੰ ਆਖਰੀ
ਮੌਕਾ ਦਿੱਤਾ, ਉਸਦੀ ਧੀ ਨਾਲ ਵਿਆਹ ਕਰਨ ਜਾਂ ਛੱਡਣ ਦਾ। ਬਿਲੋ ਦਾ ਪਿਆਰ ਗੁਜਰ ਜਾਣਾ
ਸੀ ਜੇ ਮੈਂ ਪਿਤਾ ਜੀ ਨੂੰ ਸੱਚ ਨਹੀਂ ਦੱਸਿਆ। ਮੈਨੂੰ ਫ਼ੈਸਲਾ ਬਣਾਉਣਾ ਪੈਣਾ ਸੀ।
ਬਿਲੋ ਜਾਂ ਜੋਤੀ। ਪਿਆਰ ਜਾਂ ਅਣਖ। ਪਿਤਾ ਜੀ ਲਈ ਇਕਰਾਰ ਨਿਭਾਊ ਜਾਂ ਬਿਲੋ ਦਾ ਮਾਣ
ਰੱਖਾਂ। ਵਾਇਦਾ ਤਾਂ ਪਿਤਾ ਜੀ ਨੂੰ ਕਰਿਆ ਸੀ। ਨਾਲੇ ਮੇਰੇ ਲਈ ਵਾਇਦਾ ਖਿਲਾਫ਼ੀ
ਕਰਨਾ ਔਖਾ ਸੀ"।
" ਪਿਆਰ ਲਈ ਵੀ?"।
" ਹਾਂ। ਬਿਲੋ ਦੀ ਮਾਂ ਨੂੰ ਜਵਾਬ ਦੇ ਕੇ ਉਥੋਂ ਤੁਰ ਪਿਆ। ਅੰਦਰ ਮਂੈ ਬੇਹਾਲ ਸੀ।
ਪਰ ਮੈਂ ਜੋਤੀ ਨੂੰ ਕਿਵੇਂ ਇਕ ਨੌਕਰਾਣੀ ਲਈ ਤਲਾਕ ਦੇਵਾਂ? ਫਿਰ ਬਿਲੋ ਨੂੰ ਵੀ
ਛੱਡਣਾ ਨਹੀਂ ਚਾਹੁੰਦਾ ਸੀ। ਪਰ ਮਾਂ ਸਹੀ ਸੀ। ਇਕ ਰਾਹ ਤਾਂ ਲੈਣਾ ਸੀ। ਸਮਾਜ ਦੇ
ਹਸਬ ਜ਼ਾਬਤੇ ਨਿਆਂਹੀਣ ਹਨ"।
" ਯਾਨੀ ਤੂੰ ਪਿਆਰ ਨੂੰ ਤਲਾਕ ਦੇ ਦਿੱਤਾ?"
" ਆਹੋ। ਜੋਤੀ ਦਾ ਸ਼ੋਹਰ ਸੀ"।
" ਵਾਹ! ਬੰਦਾ ਜੋ ਮਰਜੀ ਕਰੇ, ਕੋਈ ਫਰਕ ਨਹੀਂ। ਪਰ ਵਿਚਾਰੀ ਜਨਾਨੀ! ਦੋਨਾਂ ਨੂੰ
ਖਰਾਬ ਕਰ ਦਿੱਤਾ! ਵਾਹ! ਗਲਤੀ ਤਾਂ ਸਾਡੀ ਏ, ਜਿਹੜੇ ਪੁੱਤਰਾਂ ਨੂੰ ਲਾਡ ਦੇਣੇ ਆਂ!
ਵਾਹ! ਫਿਰ ਬਿਲੋ ਦਾ ਕੀ ਹੋਇਆ?" ਸੀਮਾ ਨੂੰ ਧੁਖ ਉੱਠਦਾ ਸੀ। ਆਪਣੇ ਆਪ ਨੂੰ ਸੰਭਾਲ
ਕੇ ਓਂਕਾਰ ਨੂੰ ਇਸ਼ਾਰਾ ਕੀਤਾ ਅੱਗੇ ਗੱਲ ਤੋਰਨ ਦਾ।
" ਮੈਂ ਮਹਿਲ ਬੈਠ ਕੇ ਆਪਣੇ ਆਪ ਨੂੰ ਸੇਕ ਦਿੱਤਾ, ਸਾਗਰ ਸ਼ਰਾਬ ਨਾਲ ਭਰ ਭਰ ਕੇ।
ਨਿਤ ਨਿਤ ਉਸ ਵਾਰੇ ਸੋਚਿਆ, ਪਰ ਕੀ ਕਰ ਸਕਦਾ ਸੀ? ਖਸਤਾ ਹਾਲਤ'ਚ ਮੱਹਲ'ਚ ਚੱਕਰ
ਕੱਢਦਾ ਸੀ। ਉਸ ਲਈ ਪਿਆਰ ਗੁੱਲ ਕਰਨਾ ਪਿਆ। ਹੋਰ ਕੀ ਕਰਦਾ ਸੀਮਾ! ਮੈਂ ਰਾਜੇ ਦਾ
ਮੁੰਡਾ ਸੀ! ਹੀਰ ਰਾਂਝਾ ਕੇਵਲ ਕਹਾਣੀਆਂ ਹਨ! ਸਚਾਈ ਨਹੀਂ! ਕੀ ਕਰਦਾ!", ਕਾਵਰ ਕੇ
ਤਪਾਅ ਉੱਠ ਗਿਆ ਸੀ। ਆਪਨੂੰ ਥੋੜ੍ਹਾ ਚਿਰ ਬਾਅਦ ਗਹਿਰ ਗੰਭੀਰ ਕਰ ਲਿਆ, ਅਤੇ ਆਵਦਾ
ਕੱਥ ਫਿਰ ਸੁਣਾਉਣ ਲੱਗ ਪਿਆ।
" ਬਾਅਦ ਵਿਚ ਮੈਨੂੰ ਪਤਾ ਲੱਗਾ ਬਿਲੋ ਬਿਮਾਰ ਹੋ ਗਈ। ਉਸ ਦਾ ਦਿਲ ਟੁਟ ਗਿਆ
ਸੀ...", ਓਂਕਾਰ ਉਮਡ ਗਿਆ, ਮਸਾਂ ਬੋਲ ਸਕਦਾ ਸੀ, " ਵਿਚਾਰੀ ਅਲੀਲ ਹਾਲ ਵਿਚ
ਗੁਜ਼ਰਦੀ ਸੀ...ਸਭ ਨੂੰ ਪਤਾ ਸੀ ਉਸ ਨੇ ਮੇਰੇ ਨਾਲ ਸਹੇੜ ਕੀਤਾ ਅਤੇ ਮੈਂ ਨਾਤਾ ਤੋੜ
ਦਿੱਤਾ। ਕੋਈ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਰਾਜਿਆਂ ਦੀ ਰੰਡੀ
ਸੀ...ਹਾਰਕੇ ਉਸ ਦਾ ਨਾਂ ਜੋਤੀ ਨੂੰ ਵੀ ਪਤਾ ਲੱਗ ਗਿਆ ਸੀ...", ਹੰਝੂ ਪੀ ਕੇ ਸੀਮਾ
ਨੂੰ ਆਖਿਆ, " ਜਨਾਨੀ ਕਿਉਂ ਜਨਾਨੀ ਨਾਲ ਅਦਾਵਤ ਕਰਦੀ ਏ?"॥ |