ਢਾਹੇ ਦੇ ਨਾਲ਼ ਮੈਂ ਤੁਰਦਾ ਸਾਂ। ਮੇਰੇ ਸੱਜੇ ਪਾਸੇ ਜੰਗਲ ਸੀ, ਮੇਰੇ ਖੱਬੇ ਪਾਸੇ
ਖੱਡ। ਹਵਾ ਸੁੰਘੀ; ਦੱਖਣ ਚੱਲਦੀ ਸੀ। ਮੈਂ ਸ਼ਿਕਾਰ ਭਾਲਦਾ ਸਾਂ। ਹਵਾ’ਚ ਸੁਗੰਧ
ਮੇਰੀਆਂ ਨਾਸਾਂ ਵੱਲ ਆਈ। ਮੈਂ ਫੱਟਾ ਫੱਟ ਮਹਿਕ ਦੇ ਮਗਰ ਦੁਲਾਂਘਾਂ ਮਾਰਦਾ ਚੱਲ
ਗਿਆ। ਜੰਗਲ ਵਿਚ ਸ਼ਿਕਾਰ ਖੇਡਣ ਗਿਆ। ਜੰਗਲ ਦੇ ਜਾਂਗ਼ਲੀਏ ਇਕ ਦਮ ਮੇਰੇ ਬਾਰੇ ਆਪਸ
ਵਿਚ ਫੁਸਰ ਫੁਸਰ ਕਰਨ ਲੱਗ ਪਏ। ਸਾਰੇ ਬਣ ਵਿਚ ਦਾਵਾ ਵਾਂਗ ਗੱਲ ਫੈਲ ਗਈ, “ ਸ਼ੇਰ ਆ
ਗਿਆ। ਭੁੱਖਾ ਹੈ। ਬਚ ਕੇ ਰਹਿਓ!”। ਪੰਛਿਆਂ ਨੇ ਬਾਂਦਰਾਂ ਨੂੰ ਦੱਸਿਆ; ਬਾਂਦਰਾਂ
ਨੇ ਗਾਲ੍ਹੜਾਂ ਨੂੰ ਦੱਸਿਆ; ਗਾਲ੍ਹੜਾਂ ਨੇ ਹਰਨ ਮਿਰਗਾਂ ਨੂੰ ਆਗਾਹ ਕੀਤਾ। ਹਾਥੀ ਵੀ
ਹੁਸ਼ਿਆਰ ਕਰ ਦਿੱਤੇ। ਪਰ ਮੇਰੇ ਸ਼ਿਕਾਰ ਨੂੰ ਚਿਤਾਵਣੀ ਨਹੀਂ ਦਿੱਤੀ। ਉਹ ਜੰਗਲ
ਨਾਲ਼ ਹਮਜ਼ਬਾਨ ਨਹੀਂ ਸੀ। ਜਬਾਨਦਾਨੀ ਦਾ ਕੋਈ ਫਾਇਦਾ ਵੀ ਨਹੀਂ ਹੋਣਾ ਸੀ।
ਮੈਂ ਇਕ ਬਲੂਤ ਕੋਲ਼ ਪਹੁੰਚ ਗਿਆ ਸਾਂ। ਇਥੇ ਚੁੱਲ ਚਾਪ ਖੜ੍ਹ ਕੇ ਸਰਜ਼ਮੀਨ ਦਾ
ਮੁਆਇਨਾ ਕੀਤਾ। ਹਾਰਕੇ ਮੇਰੀ ਨਜ਼ਰ ਨੇ ਜੋ ਨੱਲ ਦੱਸਦਾ ਸੀ ਨੂੰ ਤਸਦੀਕ ਕਰ ਦਿੱਤੀ।
ਪਧਰੇ ਥਾਂ ਸਾਏਦਾਰ ਹੇਠ, ਤਿੰਨ ਬਾਂਦਰ ਵਰਗੇ ਜਾਣਵਰ ਸਨ। ਪਹਿਲਾਂ ਮੈਂ ਡਰ ਗਿਆ,
ਕਿਉਂਕਿ ਉਹ ਦਿਨ ਯਾਦ ਆਇਆ ਜਦ ਇਸ ਤਰ੍ਹਾਂ ਦੇ ਹੈਵਾਨਾਂ ਨੇ ਮੇਰਾ ਸ਼ਿਕਾਰ ਕੀਤਾ;
ਮੇਰੇ ਵੱਲ ਝਾਂਬੜ ਵਧਾਈਆਂ, ਜਿਦ ਤੋਂ ਪਤਾ ਨਹੀਂ ਕਿਉਂ, ਕੁੱਝ ਜਾਦੂ ਕਰ ਕੇ ਮੇਰੀ
ਲੱਤ’ਚ ਗਰਮ ਦੰਦੀ ਵੱਢੀ! ਉਸ ਦਿਨ ਦਾ ਲੰਙ ਮਾਰਦਾ ਹਾਂ। ਨੀਝ ਨਾਲ਼ ਇਨ੍ਹਾਂ
ਬਣਮਾਣਸਾਂ ਵੱਲ ਤਕਿਆ। ਤਿੰਨੇ ਹੀ ਲੰਡੇ ਸਨ। ਤਿੰਨੇ ਹੀ ਅੱਧੋ ਦੁੱਸ਼ ਅਲੂੰਏ ਸਨ।
ਤਿੰਨਾਂ ਦੇ ਪਿੰਡਿਆਂ ਉੱਤੇ ਅਜੀਬ ਤੂੰਬੇ ਸਨ। ਇਕ ਤਿਰਿਆ ਸੀ, ਜਿਸ ਦਾ ਮੂੰਹ
ਮੇਰੇ ਵੱਲ ਸੀ। ਸਾਫ਼ ਦਿੱਸਦਾ ਸੀ। ਦੂਜਿਆਂ ਦੇ ਪਿੱਠ ਮੇਰੇ ਵੱਲ ਸਨ। ਤਿੰਨਾਂ ਦੇ
ਸਿਰਾਂ’ਤੇ ਵਾਲ ਸੀ, ਪਰ ਇਹਨਾਂ ਦੇ ਸਾਹਮਣੇ ਡਿੱਗੀ ਹੋਈ ਨਾਰੀ ਦੇ ਰੰਗ ਬਰੰਗੇ
ਤੂੰਬੇ ਪਾਏ ਸਨ। ਉਸਦੇ ਸਾਹਮਣੇ ਖਲੋਤੇ ਨਰ ਐਸੇ ਮੈਨੂੰ ਜਾਪਦੇ ਸਨ, ਜਿਵੇਂ ਉਸਦਾ
ਸ਼ਿਕਾਰ ਕਰਨ ਲੱਗੇ ਸਨ। ਦੋਹਾਂ ਦੇ ਖਾਕੀ ਖੋਲ ਸਨ। ਇਕ ਨੇ ਹੇਠਲਾ ਹਿਸਾ ਲਾਹ
ਦਿੱਤਾ। ਖੋਲ ਗਿੱਟਿਆਂ’ਤੇ ਡਿੱਗ ਗਿਆ। ਹੁਣ ਇਕ ਤੀਜਾ ਬੇਵਾਲ ਬਣਮਾਣਸ ਮੇਰੀਆਂ
ਅੱਖਾਂ ਸਾਹਮਣੇ ਆਇਆ। ਉਸ ਦੇ ਹੱਥ ਵਿਚ ਉਹ ਹੀ ਸੋਟਾ ਸੀ ਜਿਸ ਨਾਲ਼ ਮੇਰੇ ਮਾਸ ਨੂੰ
ਉਸ ਦਿਨ ਦੂਜਿਆਂ ਨੇ ਜਾਲ਼ਿਆ। ਨਾਰੀ ਵੱਲ ਉੱਗਰਿਆ, ‘ਤੇ ਉਸ ਪਲ ਵਿਚ ਭੁੱਖ ਦੇ ਥਾਂ
ਉਸ ‘ਕੁੜੀ’ ਲਈ ਸੇਕ ਲੱਗਿਆ।
ਮੈਂ ਬੂਟਿਆਂ’ਚੋਂ ਛਾਲ ਮਾਰ ਕੇ ਤਿੰਨਾਂ ਦੇ ਅਤੇ ਉਸ ਡਰਦੀ ਕੰਜਕ ਦੇ ਵਿਚਾਲੇ
ਖੜ੍ਹ ਗਿਆ। ਮੇਰੀ ਪਿੱਠ ਨਾਰੀ ਵੱਲ ਸੀ, ਅਤੇ ਤਿੰਨਾਂ ਗਾਂਡੂਆਂ ਦਾ ਸਾਹਮਣਾ ਕੀਤਾ।
ਮੇਰੀ ਭੁੱਖ ਵਾਪਸ ਆ ਗਈ। ਉਸ ਦਿਨ ਗੁਸਾ ਫਿਰ ਆ ਗਿਆ। ਜਦ ਛਾਲ ਮਾਰਕੇ ਧਰਤੀ’ਤੇ
ਚੁੰਮ ਕੇ ਮੇਰੇ ਪੈਰ ਲਗੇ, ਲੱਤ’ਚ ਦਰਦ ਹੋਇਆ। ਯਾਦ ਆ ਗਿਆ। ਛੜੀ ਵਾਲਾ ਤਾਂ ਦੁੰਮ
ਦਬਾ ਕੇ ਨੱਸ ਗਿਆ। ਜਿਸ ਦੇ ਗਿਟਿਆਂ’ਤੇ ਉਸਦਾ ਖੋਲ ਪਿਆ ਸੀ, ਉਸ ਹੇਠੋਂ ਜ਼ਮੀਨ
ਖ਼ਿਸਕ ਗਈ। ਤੀਜਾ ਵੀ ਕਦਮੀ ਕੰਬਿਆ। ਮੇਰੀ ਗਰਜ ਨੇ ਸਭ ਨੂੰ ਡਰਾ ਦਿੱਤਾ। ਨਾਰੀ ਵੀ
ਡਡਿਆਉਣ ਲੱਗ ਪਈ। ਜਿਹੜਾ ਮੇਰੇ ਸਾਹਮਣੇ ਪੈਰਾ ਭਾਰ ਡਿੱਗ ਗਿਆ ਸੀ, ਉਸ ਨੇ ਛਲਾਰੂ
ਵਰਗਾ ਬੋਲ ਕੱਢਿਆ। ਮੈਂ ਪੁਰਾ ਕੱਦ ਕਢ ਕੇ ਉਸਦੇ ਪੰਜਾ ਮਾਰਿਆ। ਫਿਰ ਮੂੰਹ ਅੱਡ ਕੇ
ਉਸਦੀ ਗਰਦਨ ਚਾਕ ਕਰ ਦਿੱਤੀ। ਮੈਂ ਵਾਪਸ ਆ ਕੇ ਅਰਾਮ ਨਾਲ਼ ਖਾਊਂ। ਵਿਸ਼ਰਾਮ ਕਰਨ ਲਈ
ਬਥੇਰਾ ਵਕਤ ਸੀ। ਹੁਣ ਮੈਂ ਸ਼ਿਕਾਰ ਖੇਡਣਾ ਸੀ। ਹੇੜਾ’ਚ ਮੇਰਾ ਧਿਆਨ ਸੀ।
ਨਾਰੀ ਮੈਨੂੰ ਵੇਖ ਕੇ ਗਸ਼ ਖਾ ਗਈ। ਮੈਂ ਜਿੰਨਾ ਤੇਜ਼ ਦੌੜ ਸਕਦਾ ਸਾਂ, ਉਨ੍ਹਾਂ
ਦੇ ਮਗਰ ਗਿਆ। ਭੁੱਖਾ ਸੀ। ਬਹੁਤ ਭੁੱਖਾ। ਦੋਨੋਂ ਹੀ ਹਰਨ ਹੋ ਗਏ, ਪਰ ਮੈਨੂੰ
ਓਨ੍ਹਾਂ ਦਾ ਮੁੜ੍ਹਕੇ ਦੀ ਹਬਕ ਹਵਾ’ਚ ਆਉਂਦੀ ਸੀ। ਹੁਣ ਮੇਰੀ ਕੋਸ਼ਿਸ਼ ਸੀ ਹਵਾ
ਨਾਲ਼ ਗੱਲਾਂ ਕਰਨੀਆਂ। ਦੂਜਾ ਬੇਵਾਲ ਬਣਮਾਣਸ ਲੱਭ ਗਿਆ. ਕੋਸ਼ਿਸ਼ ਕਰਦਾ ਪੇੜ ਉੱਤੇ
ਚੜ੍ਹਣ ਦੀ। ਮੈਂ ਉਸਦੇ ਗਿੱਟਿਆਂ ਹੇਠ ਚੱਕਰ ਮਾਰਦਾ ਸੀ। ਜਦ ਲੱਗਾ ਉਹ ਹੋਰ ਉੱਚਾ
ਨਹੀਂ ਚੜ੍ਹ ਸਕਦਾ, ਮੈਂ ਝਾੜੀਆਂ’ਚ ਉਰਾਂ ਪਰ੍ਹਾਂ ਹੋ ਗਿਆ। ਉਹ ਇਧਰ ਉਧਰ ਵੇਖ ਕੇ
ਕੰਬਦਾ ਸੀ। ਫਿਰ ਤੀਰ ਵਾਂਗ, ਮੈਂ ਝਾੜੀਆਂ’ਚੋਂ ਕੁਦਾੜ ਕੇ ਉਸ’ਤੇ ਪੈ ਗਿਆ।
ਦਰਖਤ ਤੋਂ ਧਰਤੀ ੳੱਤੇ ਡਿੱਗ ਗਿਆ, ਮੇਰਾ ਸ਼ਿਕਾਰ। ਮੈਂ ਆਵਦੇ ਮੂੰਹ ਅੱਡ ਕੇ ਉਸਦਾ
ਸਿਰ ਚੱਟ ਕਰ ਗਿਆ। ਭੱਖਣ ਦਾ ਵਕਤ ਨਹੀਂ ਸੀ। ਬਾਅਦ ਤੌਲਾ ਭਰੂਗਾ। ਆਮ ਇਕ ਸ਼ਿਕਾਰ
ਬਥੇਰਾ ਸੀ, ਪਰ ਉਸ ਅਭਾਗਣ ਲਈ ਰਹਿਮ ਆਉਂਦਾ ਸੀ। ਇਸ ਕਰਕੇ ਲਾਸ਼ ਛੱਡ ਕੇ ਤੀਜੇ ਦੇ
ਪਿਛਾਂਹ’ਚ ਚੱਲੇ ਗਿਆ। ਹਵਾ ਸੁੰਘਦਾ ਸੁੰਘਦਾ ਮੈਂ ਮਗਰ ਗਿਆ। ਫਰ ਫਰ ਕਰਦੀ ਪਵਨ ਨੇ
ਥਹੁ ਪਤਾ ਕਰ ਦਿੱਤਾ।
ਜਦ ਮੈਂ ਪਹਿਲੇ ਨੂੰ ਮਾਰਿਆ, ਜੰਗਲ ਨੇ ਵੇਖਿਆ। ਦੂਜੇ ਦੀ ਅਜਲ ਦਾ ਸ਼ਹਾਦਤੀ ਵੀ
ਸੀ। ਜਦ ਦੇ ਮਾਰੇ, ਜੰਗਲ ਊਧਮ’ਚ ਪੈ ਗਿਆ। ਹੱਲਾ ਗੁੱਲਾ’ਚ ਸ਼ਿਕਾਰ ਅੱਗੇ ਨਾਲੋਂ ਵੀ
ਬਹੁਤ ਭੈ ਭੀਤ ਹੋਵੇਗਾ। ਪਵਨ ਨੇ ਮੈਨੂੰ ਜੰਗਲ ਦੇ ਢਿੱਡ’ਚ ਲਿਆ ਦਿੱਤਾ ਸੀ।
ਮੇਰੇ ਸਾਹਮਣੇ ਖੜ੍ਹੇ ਸੀ। ਰੁੱਖ ਝੱਲ ਝਾਟਲੇ ਸਨ। ਸ਼ਿਕਾਰ ਹੁਣ ਨਾ ਇਧਰ ਜਾ
ਸਕਦਾ ਸੀ, ਨਾ ਉਧਰ। ਉਪਰੋਂ ਅਸੀਂ ਦੋਨੋਂ ਬਾਂਦਰਾਂ ਲਈ, ਗਾਲ੍ਹੜਾਂ ਲਈ ਅਤੇ ਪੰਛਿਆਂ
ਲਈ ਦੋਂ ਜੋਧੇ ਲੱਗਦੇ ਹੋਵਾਂਗੇ, ਅਖਾੜੇ’ਚ ਝੜਪਣ ਲਈ ਤਿਆਰ। ਉਹ ਵੀ ਭਿੜਾਉਣ ਲਈ
ਤਿਆਰ ਸੀ। ਉਸ ਨੇ ਆਵਦੇ ਸੋਟੇ ਨੂੰ ਮੇਰੇ ਵੱਲ ਤਣਿਆ। ਸੋਟੇ ਕੋਲ਼ ਅੱਖ ਸੀ। ਇਕ
ਨਿੱਕੀ ਗਲ਼ੀ, ਨਾਲ਼ੀ ਵਿਚੋਂ ਮੇਰੇ ਵੱਲ ਨਿਰਜਿੰਦ ਅੱਖ ਨਾਲ਼ ਸਿੱਧੀ ਝਾਕਦੀ ਸੀ।
ਫਿਰ ਉਸਨੇ ਕੁੱਝ ਥੁੱਕਿਆ। ਅਵਾਜ਼ ਜੰਗਲ ਵਿਚ ਖੜਕੀ। ਜੰਗਲ ਦਾ ਕੁਰਲਾਟ ਚੁੱਪ ਹੋ
ਗਿਆ। ਮੈਨੂੰ ਆਵਾਜ਼ ਪਛਾਣ ਆ ਗਈ। ਇਹ ਹੀ ਅਵਾਜ਼ ਕੰਨਾਂ ਵਿਚ ਖਵਕੀ ਸੀ, ਜਦ ਲੱਤ’ਤੇ
ਉਸ ਜਾਣਵਰ ਨੇ ਘਾ ਕੀਤਾ।
ਮੇਰੇ ਸਿਰ ਦੇ ਆਲੇ ਦੁਆਲ ਉਸ ਨਾਲ਼ੀ ਦੇ ਮੂੰਹ’ਚੋਂ ਛਲਾਵੇ ਵਾਂਗ ਕੁੱਝ ਲੰਘਿਆ,
ਜਿਵੇਂ ਹਵਾ ਕਾੜ ਕਾੜ ਕੇ ਗਰਦ ਉਡਾਂਦੀ ਸੀ। ਮੈਂ ਡਰ ਗਿਆ। ਮੇਰਾ ਜੀ ਡੁੱਲ੍ਹ ਗਿਆ।
ਥਿੜਕਦਾ ਪਿੱਛੇ ਹੋ ਗਿਆ। ਉਹਨੇ ਮੇਰੀ ਕਸ਼ਮਕਸ਼ ਦਾ ਫਾਇਦਾ ਲੈ ਲਿਆ। ਸੋਟਾ ਦੋ ਵਾਰੀ
ਹੋਰ ਥੁੱਕਿਆ,’ਤੇ ਮੈਂ ਝੱਲ’ਚ ਛਹਿ ਕੇ ਛੁਪ ਗਿਆ। ਡਰਦੇ ਨੇ ਵੀ ਉਸ ਵੱਲ ਗੱਜਿਆ। ਓਹ
ਨੱਠ ਗਿਆ। ਮੈਂ ਮਗਰ ਨਹੀਂ ਗਿਆ। ਪਹਿਲਾਂ ਮੈਨੂੰ ਸ਼ਰਮ ਆਈ। ਇਕ ਵਾਰੀ ਫਿਰ ਉਸ ਸੋਟੇ
ਨੇ ਮੇਰਾ ਠਿੱਠ ਕੀਤਾ। ਫਿਰ ਹਾੜਬਾ ਯਾਦ ਆ ਗਿਆ। ਭੁੱਖ ਤੇਹ ਨੇ ਕਿਹਾ ਉਨ੍ਹਾਂ
ਲੋਥਾਂ ਵੱਲ ਵਾਪਸ ਜਾ। ਪਰ ਕੋਈ ਡੁੰਘੀ ਗੱਲ ਨੇ ਕਿਹਾ ਓਨ੍ਹਾਂ ਦਾ ਮਾਸ ਨਹੀਂ ਖਾਣ।
ਹਲਾਲ ਸੀ। ਲੋਥੜਾ ਤਾਂ ਮਿਰਗ ਤੋਂ ਮਿਲੂਗਾ। ਮਿਲਣਾ ਚਾਹੀਦਾ ਏ। ਮੈਂ ਹਰਨ ਦੇ ਭਾਲ’ਚ
ਤੁਰ ਪਿਆ।
ਬਹੁਤ ਭੁੱਖ ਸੀ॥
ਚਲਦਾ…( ਇਕਬਾਲ ਸਿੰਘ ਧਾਲੀਵਾਲ ਨੂੰ ਬਹੁਤ ਧੰਨਵਾਦ ਮਦਦ ਲਈ)
|