ਸੀਮਾ ਵੱਲ ਓਂਕਾਰ ਦੀਆਂ ਅੱਖਾਂ ਟਿੱਕੀਆਂ। ਨਾਜ਼ਕ ਨਜ਼ਰ
ਨਾਲ ਸਿਰ ਤੋਂ ਪੈਰ ਤੱਕ ਸੀਮਾ ਦਾ ਸਰੀਰ ਮਨ ਵਿਚ ਵਸਾ ਲਿਆ ਜਿਵੇਂ ਕੋਈ ਕਾਪੀਅਰ ਨਾਲ
ਡਿੱਟੋ ਖਿੱਚੀ ਸੀ। ਅਲਮਾਰੀ ਉੱਤੇ ਟੰਗੇ ਸ਼ੀਸ਼ੇ ਨੇ ਓਂਕਾਰ ਦੀ ਅੱਖ ਫੜ ਲਈ। ਆਵਦੇ
ਨੰਗੇ ਹਾਲ ਵੱਲ ਝਾਕਿਆ। ਉਂਜ ਉਨ੍ਹੇ ਲੱਕ ਦੁਆਲੇ ਪੱਟੂ ਲਪੇਟਿਆ ਸੀ, ਫਿਰ ਵੀ ਵੈਨ
ਅੰਦਰ ਵੜਦੇ ਨੂੰ ਸ਼ਰਮ ਆਈ। ਭਾਵੇਂ ਉਸ ਵਕਤ ਸੀਮਾ ਤਾਂ ਬੇਹੋਸ਼ ਹੋਈ ਭੂੰਜੇ ਪਈ ਸੀ,
ਪਰ ਓਂਕਾਰ ਸ਼ਰਮਸਾਰ ਸੀ। ਸ਼ੀਸ਼ੇ ਨੇ ਬੁੱਢਾ ਨਹੀਂ ਵੇਖਿਆ, ਪਰ ਇਕ ਅਧੇੜ ਆਦਮੀ,
ਜਿਸ ਦਾ ਜਿਸਮ ਹਾਲੇ ਡਾਢਾ ਸੀ।ਨਿੱਗਰ ਜਬਾੜਾ, ਪੱਤਲੀਆਂ ਗਲ੍ਹਾਂ ਅਤੇ ਬੇਝਰੜੀ ਮੂੰਹ
ਸ਼ੀਸੇ’ਚੋਂ ਵਾਪਸ ਝਾਕਦਾ ਸੀ। ਪਿੰਡਾ ਵੀ ਛੀਟਕਾ ਸੀ, ਢਿੱਡ ਦੇ ਪੱਠੇ ਪਟੜੇ ਵਾਂਗ
ਸਖ਼ਤ। ਬਾਹਾਂ ਬਲਵੰਤ ਸਨ, ਲੱਤਾਂ ਗਠੀਲੀਆਂ, ਪੱਕਾ ਭਲਵਾਨ ਜਾਪਦਾ ਸੀ । ਓਂਕਾਰ ਦਾ
ਮੂੰਹ ਰੱਤ ਨਾਲ ਲਿਬੜਿਆ ਸੀ। ਉਨ੍ਹੇ ਆਵਦੇ ਹੱਥ ਦੇ ਪਿੱਛੇ ਪਾਸੇ ਨਾਲ ਮੂੰਹ ਤੋਂ
ਧੱਬਾ ਸਾਫ਼ ਕਰ ਦਿੱਤਾ। ਹੁਣ ਉਹਦੀਆਂ ਨਜ਼ਰਾਂ ਸਾਹਮਣੇ ਤਾਕਤਵਰ ਤਨ ਬਿਰਧ ਸਰੀਰ ਬਣ
ਗਿਆ। ਜਿੱਥੇ ਜਵਾਨ ਖਲੋਇਆ ਸੀ, ਹੁਣ ਬਦਨ ਬੁਢੇਪੇ’ਚ ਢਲ਼ ਗਿਆ। ਮੂੰਹ ਦੀ ਚਮੜੀ
ਢਿੱਲੀ ਪੈ ਗਈ। ਢਿੱਡ ਨਰਮ ਹੋ ਗਿਆ, ਗੋਗੜੂ ਬਣ ਗਿਆ। ਲੱਤਾਂ ਬਾਹਾਂ’ਚੋਂ ਜਾਨ
ਨਚੋੜੀ ਗਈ। ਸਿੰਕ ਵਿਚ ਮੂੰਹ ਧੋਕੇ ਅਲਮਾਰੀ ਵਿੱਚੋਂ ਕਪੜੇ ਕੱਢ ਲਏ। ਕੱਪੜੇ ਪਾਉਂਣ
ਬਾਅਦ ਉਨ੍ਹੇ ਹੌਲੀ ਹੌਲੀ ਸੀਮਾ ਨੂੰ ਚੁੱਕ ਕੇ ਪਲੰਘ ਉੱਤੇ ਪਾ ਦਿੱਤਾ। ਬੇੜੀ ਖੋਲ੍ਹ
ਦਿੱਤੀ।
ਸੀਮਾ ਦਾ ਮੱਥਾ ਚੁੰਮ ਕੇ ਓਂਕਾਰ ਪਰੇ ਹੋ ਗਿਆ। ਬਾਂਹ ਵਾਲੀ ਕੁਰਸੀ ਉੱਤੇ ਚੁੱਪ
ਚਾਪ ਬਹਿ ਗਿਆ। ਸੀਮਾ ਨੂੰ ਘੋਖਦਾ ਸੀ। ਕੋਈ ਧੁੰਧਲੀ ਯਾਦ ਕਹਿੰਦੀ ਸੀ ਕਿ ਇਹ ਓਹੀ
ਕੁੜੀ ਸੀ ਜਿਸ ਨੂੰ ਖਾਬ ਵਿਚ ਵੇਖਿਆ, ਜਾਂ ਆਵਦੇ ਦੂਜੇ ਰੂਪ ਦੀ ਸੁੱਧ ਵਿਚ (ਜਿਸ
ਬਾਰੇ ਤੂਹਾਨੂੰ ਹੌਲੀ ਹੌਲੀ ਪਤਾ ਲੱਗ ਜਾਵੇਗਾ, ਜੇ ਤੁਸੀਂ ਹਾਲੇ ਤਕ ਓਂਕਾਰ ਦੀ
ਰਹੱਸਮਈ ਰਗ ਨਹੀਂ ਪਛਾਣੀ ), ਉਸ ਦੇ ਅਨੁਭਵ ਅੰਦਰ। ਮਨ’ਚ ਇਕ ਤਸਵੀਰ ਸੀ, ਇਸ ਲੜਕੀ
ਦੀ ਜੰਗਲ ਵਿਚ ਅਨਾਥ, ਭੈਭੀਤ ਇਕੱਲੀ ਖੜੀ ਦੀ। ਹਿਰਨੀ ਵਾਂਗ ਡਰੀ ਹੋਈ। ਦੇਖਣ ਵਾਲੇ
ਨੂੰ ਭੁੱਖ ਜਰੂਰ ਸੀ, ਪਰ ਇਸ ਸ਼ਿਕਾਰ ਨੂੰ ਮਾਰਨ ਦਾ ਚਿਤ ਨਹੀਂ ਕੀਤਾ। ਸਗੋਂ
ਹਮਦਰਦੀ ਪੈਦਾ ਹੋ ਗਈ ਸੀ। ਉਨ੍ਹੇ ਕੁਮਾਰ ਨੂੰ ਕੁੜੀ ਨੂੰ ਛੱਡ ਕੇ ਜਾਂਦਾ ਵੇਖਿਆ।
ਸਭ ਸੁਪਨੇ ਵਾਂਗ ਸੀ ਪਰ ਵਾਸਤਵ ਵੀ। ਓਂਕਾਰ ਨੂੰ ਰਾਤ ਨੂੰ ਹੋਸ਼ ਸੀ, ਪਰ ਦਿਨੇਂ ਕੀ
ਹੁੰਦਾ, ਕੁੱਝ ਪਤਾ ਨਹੀਂ ਸੀ। ਧੁੱਧ ਸੀ। ਕੋਈ ਦੂਰ ਯਾਦ, ਜਿਵੇਂ ਸੁਫਨੇ ਹੁੰਦੇ ਸਨ।
ਤਾਂਹੀ ਕੁਮਾਰ ਆਵਦੀ ਧੀ ਛੱਡਦਾ ਸੁਪਨੇ ਵਰਗੀ ਯਾਦ ਸੀ। ਇਸ ਨਿਕੀ ਯਾਦ ਨੇ ਉਸ ਦੀ
ਖੋਜ ਸ਼ੁਰੂ ਕਰ ਦਿੱਤੀ ਸੀ ਸੀਮਾ ਨੂੰ ਲੱਭਣ ਲਈ। ਇਸ ਧੁੰਧਲੀ ਸੋਚ ਨੇ ਓਂਕਾਰ ਨੂੰ
ਕੁਮਾਰ ਦੇ ਵੱਲ ਜਾਣ ਦਾ ਰਾਹ ਦਰਸਾਇਆ। ਫਿਰ ਉਸ ਨੇ ਕੁਮਾਰ ਦੇ ਟੱਬਰ ਬਾਰੇ ਸਭ
ਜਾਣਿਆ, ਅਤੇ ਸਮਝ ਲਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਸੀਮਾ ਨੂੰ ਉਥੋਂ ਕੱਢਣਾ ਚਾਹੀਦਾ
ਸੀ। ਕੁਮਾਰ ਕੁੜੀ ਨੂੰ ਬੋਝ ਸਮਝਦਾ ਸੀ। ਇਸ ਬਹਾਨੇ ਉਹ ਸੀਮਾ ਨੂੰ ਉਸ ਮਾਹੌਲ’ਚੋਂ
ਬਾਹਰ ਲੈ ਆਇਆ। ਸ਼ਾਇਦ ਸੁਪਨਾ ਹੀ ਸੀ, ਪਰ ਕੁਮਾਰ ਅਤੇ ਉਸ ਦੀਆਂ ਧੀਆਂ ਦੀ ਹੋਂਦ
ਸੁੱਚੀ ਮੁੱਚੀ ਉੱਨਤੀ ਕਰ ਗਈ ਸੀ ਓਂਕਾਰ ਨਾਲ ਸੌਦਾ ਕਰਕੇ। ਖੈਰ ਰੱਬ ਦੇ ਹੱਥ ਨੇ ਉਸ
ਦਿਨ ਸ਼ਿਕਾਰ ਨਾ ਹੋਣ ਦਿੱਤਾ, ਓਂਕਾਰ ਦੇ ਦੂਜੇ ਰੂਪ ਦੀ ਭੁੱਖ ਟਾਲ ਦਿੱਤੀ। ਹੁਣ
ਤਾਂ ਰਾਤ ਸੀ, ਅਤੇ ਓਂਕਾਰ ਦਾ ਦੂਜਾ ਪ੍ਰੇਤ ਵਾਲਾ ਰੂਪ ਸੀਮਾ ਲਈ ਖ਼ਤਰਾ ਨਹੀਂ ਸੀ।
ਜੋ ਬੀਤ ਗਿਆ, ਬੀਤ ਗਿਆ, ਹੁਣ ਬਾਕੀ ਵੇਖੀਏ।
ਓਂਕਾਰ ਨੇ ਸੀਮਾ ਵੱਲ ਬੜੇ ਗਹੁ ਨਾਲ ਵੇਖਿਆ। ਸੀਮਾ ਦੀਆਂ ਅੱਖਾਂ ਮੀਟੀਆਂ ਸਨ,
ਬੁੱਲ੍ਹ ਜੁੜੇ, ਸਵਾਸ ਹਲਕੇ, ਇਕ ਦਮ ਸ਼ਾਂਤ। ਇਕ ਦਮ ਸੁਰ ਜਾਪਦੀ ਸੀ। ਉਸ ਦਾ ਨੱਕ
ਪਤਲਾ ਅਤੇ ਤਿੱਖਾ ਸੀ ਪਰ ਥੋੜਾ ਜਿਹਾ ਖਮਦਾਰ। ਹੜਬ ਦਾ ਰੂਪ ਤੀਰ ਦੀ ਅਣੀ ਵਾਂਗ ਸੀ।
ਕੰਨ ਵਾਲਾਂ ਪਿੱਛੇ ਓਝਲੇ ਸਨ। ਕਣਕ ਭਿੰਨਾ ਮੁਖ ਸੁਖ ਦੇ ਸਾਹ ਲੈਂਦਾ ਸੀ। ਕੀ ਪਤਾ
ਸੀਮਾ ਅੰਦਰੋਂ ਡਰ ਉਡ ਗਿਆ? ਹੱਥ ਸਿਰ ਹੇਠ, ਸਿਰਹਾਣੇ ਵਾਂਗ, ਇਸ ਰੋਹਣੀ ਦਾ ਚਮਤਕਾਰ
ਸੋਹਣੇ ਚੇਹਰੇ ਨੂੰ ਸਹਾਰਾ ਦਿੰਦੇ ਸਨ। ਇਸ ਹੁਸਨਪ੍ਰਸਤ ਦੀ ਨਿਗਾਹ ਸੁੱਤੀ ਸੁੰਦਰੀ
ਦੇ ਪੈਰ ਵੱਲ ਦੀ ਗਈ। ਓਂਕਾਰ ਨੇ ਉਂਗਲੀ ਮੂੰਹ ਵਿਚ ਪਾਈ। ਉਨ੍ਹੇ ਹੈਰਾਨੀ ਨਾਲ
ਸੋਚਿਆ ਕਿ ਕੋਈ ਸ਼ਾਇਰ ਹੀ ਸੀਮਾ ਦੇ ਚਰਨ ਕਮਲਾਂ ਦੀ ਉਪਮਾ ਕਰ ਸਕਦਾ ਸੀ। ਚਰਨਾਂ ਨੇ
ਓਂਕਾਰ ਦੇ ਵਧਦੇ ਵਧਦੇ ਪਿਆਰ ਨੂੰ ਸਿਰੇ’ਤੇ ਪਹੁੰਚਾ ਦਿੱਤਾ। ਓਂਕਾਰ ਸੀਮਾ ਦਾ
ਦੀਵਾਨਾ ਹੋ ਗਿਆ। ਸੋਲ੍ਹਾਂ ਸਾਲਾਂ ਦੀ ਸਾਹਿਬਾਂ ਨੇ ਓਂਕਾਰ ਦਾ ਦਿਲ ਜਿੱਤ ਲਿਆ।
ਮਾਂ-ਪਿਉ ਦੀ ਬਾਲੜੀ ਭਾਵੇਂ ਹੋਵੇਗੀ, ਪਰ ਅਸਲੀਅਤ ਵਿਚ ਸੀਮਾ ਬੱਚੀ ਨਹੀਂ ਸੀ,
ਨੌਜਵਾਨੀ ਸੀ। ਓਂਕਾਰ ਇਆਣਾ ਨਹੀਂ ਸੀ, ਪਰ ਹਕੀਕਤ ਸੀ ਕਿ ਉਸ ਦਾ ਵਜੂਦ ਕਦੇ ਕਦੇ
ਬੁੱਢੇ ਰੂਪ ਵਿਚ ਹੁੰਦਾ ਸੀ, ਅਤੇ ਕਦੇੇ ਅਸਲੀ ਉਮਰ ਵਿਚ। ਓਂਕਾਰ ਨੂੰ ਹਾਹ ਪੈ ਗਈ
ਸੀ; ਅਜੇ ਤਾਂ ਇਹ ਝੱਲਣਾ ਪੈਣਾ ਸੀ। ਭੇਦ ਦੀ ਗੱਲ ਇਹ ਸੀ ਕਿ ਸ਼ਿਕਾਰ ਤੋਂ ਬਾਅਦ
ਥੋੜੇ ਚਿਰ ਲਈ ਉਹ ਆਵਦੀ ਅਸਲੀਂ ਉਮਰ, ਅਸਲ ਰੂਪ ਵਿਚ ਆ ਜਾਂਦਾ। ਪਰ ਕਿੰਨੇ ਹੋਰ
ਮਾਰਨੇ ਪੈਣਗੇ ਇਸ ਉਮੰਗ ਤਕ ਪਹੁੰਚਣ ਲਈ? ਆਪੇ ਤੋਂ ਬਾਹਰ ਹੋਣੋ ਪਹਿਲਾਂ ਉਨ੍ਹੇ ਸੋਚ
ਪਰੇ ਸੁੱਟ ਦਿੱਤੀ।
ਓਂਕਾਰ ਉੱਠ ਗਿਆ। ਉਸਨੇ ਇਕ ਖਾਨੇ’ਚੋਂ ਸੁੰਘਣ ਵਾਲਾ ਲੂਣ ਕੱਢ ਕੇ ਸੀਮਾ ਦੇ
ਮੂੰਹ ਅੱਗੇ ਕੀਤਾ। ਉਹਦੀ ਅੱਖ ਖੁੱਲ੍ਹ ਗਈ, ‘ਤੇ ਉਹ ਖੰਘਦੀ ਉੱਠ ਪਈ। ਉਹ ਓਂਕਾਰ
ਨੂੰ ਵੇਖ ਕੇ ਪੱਥਰ ਬਣ ਗਈ। ਫਿਰ ਉਸਨੂੰ ਯਾਦ ਆ ਗਿਆ ਓਂਕਾਰ ਕੌਣ ਸੀ। ਆਵਦੀ ਕਲਾਈ
ਵੱਲ ਝਾਕਿਆ। ਜਕੜਬੰਦ ਲਾਹ ਦਿੱਤਾ ਗਿਆ ਸੀ। ਸੁਖ ਦਾ ਸਾਹ ਲਿਆ। ਪਹਿਲੀ ਸੋਚ ਸੀ ਕਿ
ਬੁੱਢੇ ਦੇ ਵੱਟ ਕੇ ਥੱਪੜ ਮਾਰੇ। “ਕਿਉਂ? ਕਿਉਂ ਮੈਨੂੰ ਸਾਰਾ ਦਿਨ ਕੈਦੀ ਰੱਖਿਆ?”।
ਹਾਲੇ ਓਂਕਾਰ ਨੇ ਉਤਰ ਦੇਣਾ ਸੀ, ਜਦ ਦੂਜੀ ਸੋਚ ਆ ਗਈ। ਉਸ ਝਰੀਟ ਮਾਰਦੇ ਪੰਜੇ ਦੀ।
“ਬਾਹਰ ਕੋਈ ਜਾਨਵਰ ਸੀ। ਮੈਨੂੰ ਬਹੁਤ ਡਰ ਲੱਗਿਆ। ਤੁਸਾਂ ਨੇ ਮੈਨੂੰ ਕਾਹਤੋਂ ਇਸ
ਹਾਲ’ਚ, ਹੱਥਕੜੀ’ਚ ਕੱਲੀ ਛੱਡਿਆ? ਕਿਉਂ?”, ਸੀਮਾ ਕੌੜ ਨਾਲ ਭਰੀ ਪਈ ਸੀ। ਓਂਕਾਰ
ਨੂੰ ਕੁੜੀ ਦਾ ਰੋਹ ਦਿੱਸਦਾ ਸੀ। ਪਰ ਉਨ੍ਹੇ ਸ਼ਾਂਤੀ ਨਾਲ ਜਵਾਬ ਦਿੱਤਾ, “ ਦਿਨੇ ਮੈ
ਮਜਬੂਰ ਹਾਂ। ਤੈਨੂੰ ਰਾਤੀ ਵੀ ਸਮਝਾਇਆ ਸੀ। ਜੰਗਲ ਕੋਲ ਤੈਨੂੰ ਛੱਡਣਾ ਖਤਰਨਾਕ ਹੈ।
ਅਸੀਂ ਚਮੋਲੀ ਤੋਂ ਹੁਣ ਬਹੁਤ ਦੂਰ ਹਾਂ”। ਸੀਮਾ ਕਰੋਧ ਨਾਲ ਭਰੀ ਪਈ ਸੀ, ਉਸ ਦੀਆਂ
ਅੱਖਾਂ ਵਿਚੋਂ ਓਂਕਾਰ ਵੱਲ ਤੀਰ ਵੱਜਦੇ ਸਨ। ਓਂਕਾਰ ਪਰੇ ਹੋ ਗਿਆ। ਸੀਮਾ ਖੜ੍ਹ ਗਈ।
ਇਸ ਬੁੱਢੇ ਨੂੰ ਇੰਨਾ ਸੌਖਾ ਨਹੀਂ ਜਾਣ ਦੇਣਾ। ਜਿਵੇਂ ਕਿਵੇਂ ਘੁੰਡੀ ਖੋਲਣੀ ਸੀ।
ਮੇਰੇ ਲਈ ਕਿਉਂ ਪੈਸੇ ਦਿੱਤੇ? ਇਵੇਂ ਮੇਰੇ ਨਾਲ ਕਿਉਂ ਕਰਦਾ ਸੀ?
ਓਂਕਾਰ ਨੇ ਇਹ ਸਭ ਕੁਝ ਸੀਮਾ ਦੇ ਮੁੱਖੜੇ ਤੋਂ ਪੜ੍ਹ ਲਿਆ ਸੀ। ਹੌਕਾ ਭਰ ਕੇ
ਕਿਹਾ, “ ਜੇ ਤੂੰ ਨੱਸ ਜਾਂਦੀ ਤਾਂ ਇੱਥੇ ਗਵਾਚ ਜਾਣਾ ਸੀ। ਫਿਰ ਮੈ ਤੇਰੀ ਮਾਂ ਨੂੰ
ਕੀ ਦੱਸਦਾ? ਤੇਰੇ ਬਚਾ ਲਈ ਇੱਦਾਂ ਕੀਤਾ।ਇਕਰਾਰ ਕਰ ਕਿ ਤੂੰ ਨਹੀਂ ਨੱਠੇਂਗੀ। ਮੈਂ
ਕੱਲ੍ਹ ਨੂੰ ਏਦਾਂ ਨਹੀਂ ਕਰਾਂਗਾ। ਕੀ ਕਹਿੰਦੀ ੲਂੇ?”। “ ਤੂੰ ਬਹੁਤ ਅਜੀਬ ਆਦਮੀ ਏ।
ਲੱਗਦਾ ਤਾਂ ਤੂੰ ਅਗਵਾਕਾਰ ਹੀ ਹਂੈ। ਹੋਰ ਕੀ ਸੋਚਾਂ?”। “ ਤੈਨੂੰ ਤੇਰੇ ਬਾਪੂ ਤੋਂ
ਅਜ਼ਾਦ ਕੀਤਾ” “ ਰਹਿਣ ਦੇ! ਮੈਨੂੰ ਖਰੀਦਿਆ ਕਿਉਂ?” “ ਤੇਰੀ ਅਜ਼ਾਦੀ ਲਈ, ਤੈਨੂੰ
ਖੁਦਮੁਖਤਿਆਰੀ ਬਣਾਉਣ ਲਈ। ਤੂੰ ਕੀ ਸੋਚਦੀ ਏਂ ਪਈ ਤੇਰੇ ਬਾਪੂ ਨੇ ਤੇਰਾ ਵਿਆਹ ਕਰ
ਦੇਣਾ ਸੀ? ਤੇਰੀ ਮਰਜ਼ੀ ਨਾਲ? ਦੋਂ ਤੈਤੋਂ ਪਹਿਲਾਂ ਹਨ, ਤਿੰਨਾਂ ਦਾ ਦਾਜ ਕਿੱਥੋ
ਮਿਲਣਾ ਸੀ? ਕੁਮਾਰ ਨੇ ਤਾਂ ਤੈਨੂੰ ਜੰਗਲ ਵਿਚ ਮਰਨ ਲਈ ਛੱਡ ਦਿੱਤਾ ਸੀ! ਹਾਂ,
ਮੈਨੂੰ ਸਭ ਕੁਝ ਪਤਾ ਏ!”, ਹੁਣ ਓਂਕਾਰ ਵੀ ਗੁੱਸੇ ਨਾਲ ਭਰ ਗਿਆ ਸੀ। ਸੀਮਾ ਰੋਣ ਲੱਗ
ਪਈ। ਪੀੜ ਨਾਲ ਪਾਟਦੇ ਨੇ ਡਰਾਈਵਰ ਦੀ ਕੁਰਸੀ ਉੱਤੇ ਬਹਿ ਕੇ ਟੇ੍ਰੱਲਰ ਚਾਲੂ ਕਰ
ਦਿੱਤਾ। ਸੀਮਾ ਹਾਲੇ ਪਲੰਘ ਉੱਤੇ ਬੈਠੀ ਸੀ। ਅੱਖਾਂ ਗਲ਼ੇਡੂ ਨਾਲ ਭਰੀਆਂ ਸਨ। ਓਂਕਾਰ
ਦੀ ਕੰਡ ਵੱਲ ਵੇਹਦੀ ਨੂੰ ਸ਼ਰਮ ਆ ਗਈ। ਇਸ ਵਡੇਰੇ ਨਾਲ ਇਸ ਤਰਾਂ ਕਮਲ਼ ਕੁੱਟਣਾ
ਗੱਲਤ ਸੀ। ਤਾਂਘੜ ਕੇ ਕੀ ਮਿਲਣਾ? ਜੋ ਰਾਤੀ ਓਂਕਾਰ ਨੇ ਕਿਹਾ ਸੱਚ ਸੀ। ਭਾਪੇ ਨੇ
ਸੀਮਾ ਨੂੰ ਓਂਕਾਰ ਹੱਥ ਦਿੱਤਾ ਸੀ। ਸੀਮਾ ਖੁਦ ਖ਼ੁਸ਼ੀ ਨਾਲ ਅੱਗੇ ਆਈ ਸੀ। ਅੱਥਰੂਆਂ
ਦੀ ਝੜੀ ਲੱਗ ਗਈ। ਓਂਕਾਰ ਨੇ ਵੈਨ ਰੋਕ ਦਿੱਤੀ। ਓਹ ਸੀਮਾ ਕੋਲ਼ੇ ਆ ਖੜਿਆ। ਦਲਿੱਦਰੀ
ਵੇਰਵਿਆਂ ਵਿਚ ਪਈ ਹੋਣ ਕਰਕੇ ਉਸਨੂੰ ਸਮੁੱਚਾ ਰੂਪ ਨਹੀਂ ਸੀ ਦਿਸ ਰਿਹਾ। ਓਂਕਾਰ ਨੇ
ਉਸਨੂੰ ਮਾੜੇ ਪਿਓ ਤੋਂ ਬਚਾਇਆ। ਪਰ ਵਿਚਾਰੀ ਨੂੰ ਆਵਦੇ ਸਾਹਮਣੇ ਮੁਕਤੀਦਾਤਾ ਨਹੀਂ
ਦਿੱਸਿਆ ਸਗੋਂ ਇਕ ਪਾਪੀ ਛੜਾ ਬੁੱਢਾ ਦਿਸਿਆ ਜਿਸ ਨੇ ਇਕ ਕੁੜੀ ਖਰੀਦੀ ਸੀ। ਓਂਕਾਰ
ਨੇ ਸੀਮਾ ਉੱਤੇ ਆਵਦੀਆਂ ਅਜੀਬ ਅੱਖਾਂ ਵਿਛਾਈਆਂ, ਜਿਵੇਂ ਇਕ ਨਜ਼ਰ ਨਾਲ ਉਸਦਾ ਦੁੱਖ
ਧੋਣਾ ਚਾਹੁੰਦਾ ਹੋਵੇ। ਉਨ੍ਹੇ ਸੀਮਾ ਦਾ ਹੱਥ ਆਵਦੇ ਹੱਥ ਵਿਚ ਲੈ ਲਿਆ। ਸੀਮਾ ਨੇ
ਹੱਥ ਛੁਡਾਇਆ ਨਹੀਂ। ਕੀ ਪਤਾ ਹਾਲੇ ਵੀ ਮੈਨੂੰ ਪਿਆਰ ਕਰੇਗੀ, ਓਂਕਾਰ ਦੇ ਮਨ’ਚ ਆਇਆ।
ਬਿੱਲੀ ਨੂੰ ਮਾਸ ਦੇ ਸੁਫਨੇ ਆ ਗਏ। ਉਨ੍ਹੇ ਸੀਮਾ ਦੇ ਸਿਰ’ਤੇ ਹੱਥ ਧਰ ਦਿੱਤਾ।
ਕਿਵੇਂ ਸੀਮਾ ਨੂੰ ਦਸੇ ਕਿ ਇਹ ਜੀਵਨ ਨੂੰ ਸੀਸ ਉੱਤੇ ਲੋਥ ਵਾਂਗ ਚੁੱਕੀ ਫਿਰਦਾ ਸੀ।
ਸੀਮਾ ਓਂਕਾਰ ਲਈ ਅਕਸੀਰ ਸੀ, ਹਰ ਮਰਜ਼ ਦੀ ਹਵਾ। ਕੱਲੀ ਸੀਮਾ ਫਿਟਕ ਨੂੰ, ਸਰਾਪ ਨੂੰ
ਖਤਮ ਕਰ ਸਕਦੀ ਸੀ।
ਓਂਕਾਰ ਬੋਲਿਆ, “ ਕੱਲ੍ਹ ਨੂੰ ਇੱਦਾਂ ਨਹੀਂ ਕਰਾਂਗਾ। ਭਲਕੇ ਪੂਰੀ ਅਜ਼ਾਦੀ
ਹੋਵੇਗੀ। ਮੈਂ ਬਚਨ ਦਿੰਦਾ ਹਾਂ”॥
ਚਲਦਾ... |