ਗਿਆਤਾ*
ਸੰਸਾਰ ਦਾ ਇਸ ਥਾਂ ਬਾਰੇ ਸਭ ਕੁੱਝ ਜਾਣਦਾ ਹੋਵੇਗਾ, ਪਰ ਮੈਂ ਅਗਿਆਨ ਸਾਂ,
ਕਿਵੇਂ, ਕਿਉਂ ਅਤੇ ਕਿਥੋਂ ਇਥੇ ਪਹੁੰਚ ਗਿਆ ਸੀ। ਆਲੇ ਦੁਆਲੇ ਸਭ ਸਬਜ਼ ਸੀ, ਹਰਿਆ
ਭਰਿਆ ਝਾੜੀਆਂ ਨਾਲ, ਢੱਕਾਂ ਨਾਲ ਅਤੇ ਬੂਟਿਆਂ ਨਾਲ। ਰੁੱਖ ਅਸਮਾਨ ਤੱਕ ਛੂਹੰਦੇ ਸਨ।
ਇਨੇ ਉੱਚੇ ਸਨ, ਕਿ ਗਗਨ ਦਿੱਸਦਾ ਨਹੀਂ ਸੀ। ਜੰਗਲ ਦੇ ਹਨੇਰੇ ਪੇਟ’ਚ ਸ਼ਿਕਾਰ ਦੀ
ਭਾਲ ਵਿਚ ਚੱਕਰ ਕੱਟਦਾ ਸਾਂ। ਪੇਟ ਪੀੜ ਨੇ ਮੈਨੂੰ ਬਦਹਵਾਸ ਕੀਤਾ ਹੋਇਆ ਸੀ। ਤਿਹਾਅ
ਅਤੇ ਭੁੱਖ ਅੰਤਾਂ ਦੀ ਸੀ। ਕੁੱਝ ਖਾਣ ਪੀਣ ਲਈ ਮਿਲਣ ਦੀ ਤਲਾਸ਼ ਸੀ। ਨਜ਼ਰ ਤੇਜ਼
ਸੀ; ਚੰਗੀ ਤਰ੍ਹਾਂ ਸੁੰਘਦਾ ਸੀ ਅਤੇ ਸੁਣਨ’ਚ ਕੰਨ ਤਿੱਖੇ ਸਨ। ਹਰੇਕ ਆਵਾਜ਼ ਵਣ ਦੀ
ਸੁਣਾਈ ਦੇਂਦੀ ਸੀ, ਹਰੇਕ ਸੁਗੰਧ ਸੁੰਘਦਾ ਸੀ ਅਤੇ ਕੋਈ ਸ਼ਿਕਾਰ ਲਭਣ ਲਈ ਨੀਝ
ਲਾਉਂਦਾ ਸੀ। ਤਲਾਸ਼ ਸੀ ਚੰਗੇ ਚੋਖੇ ਲਈ, ਸੁਆਦ ਮਾਸ ਲਈ।ਕਿਸੇ ਪਾਸਿਓਂ ਵੀ ਆਉਂਦੀ
ਪੈਰ-ਚਾਪ ਦਬੋਚਣ ਲਈ ਤਿਆਰ ਸਾਂ। ਮੇਰੇ ਲਈ ਤਾਂ ਮਾਸ ਦਾ ਇਕ ਟੁੱਕੜਾ ਹੀ ਕਾਫੀ ਸੀ।
ਹੱਡੋਰੋੜੀ ਦਾ ਨਾ ਹੋਵੇ, ਕਿਉਂਕਿ ਮੈਂ ਆਪ ਸ਼ਿਕਾਰ ਮਾਰ ਕੇ ਖਾਣਾ ਚਾਹੁੰਦਾ ਸਾਂ।
ਸ਼ਹਿ ਲਾਉਣ’ਚ ਮਾਹਰ ਸਾਂ। ਯਾਦ ਨਹੀਂ ਕਦ ਸਿੱਖਿਆ, ਪਰ ਸ਼ਿਕਾਰ ਕਰਨਾ ਜਾਣਦਾ ਸਾਂ।
ਕੇਵਲ ਯਾਦ ਕਰਨਾ ਚਾਹੁੰਦਾ ਸਾਂ, ਕਿਥੋਂ ਮੈਂ ਆਇਆ, ਅਤੇ ਕੌਣ ਹਾਂ? ਸੋਚ ਨਹੀਂ
ਸਕਿਆ, ਕਿਉਂਕਿ ਭੁੱਖ ਨਾਲ ਖਪਿਆ ਹੋਇਆ ਸਾਂ। ਮੇਰੇ ਕੋਲ ਬਾਕਾਇਦਾ ਸ਼ਿਕਾਰਗਾਹ
ਨਹੀਂ ਸੀ। ਜਦ ਵੀ ਹੋਸ਼ ਆਉਂਦਾ, ਸਮਝ ਨਹੀਂ ਸੀ ਪਹਿਲਾਂ ਕਿਥੇ ਤੁਰਦਾ ਫਿਰਦਾ ਸਾਂ।
ਧੁੰਧਲ਼ੀਆਂ ਯਾਦਾਂ ਸਨ, ਰੋਜ਼ ਜੰਗਲ ਬੇਪਛਾਣ ਹੋ ਜਾਂਦਾ ਸੀ। ਅੱਜ ਵੀ ਇਵੇਂ ਸੀ।
ਸਬੱਬ ਨਾਲ ਪਾਣੀ ਲੱਭ ਗਿਆ, ਛੱਪੜ ਕੋਲ ਆ ਗਿਆ। ਪਾਣੀ ਵਿਚ ਆਵਦੇ ਬਿੰਬ ਵੱਲ ਝਾਕਿਆ।
ਗੋਲ਼ ਕੰਨ, ਚੌੜਾ ਬੂਥਾ ਅਤੇ ਕੇਸਰੀਆ ਸਿਰ। ਮੁਖ ਭਰਿਆ ਸੀ, ਕਾਲੀਆਂ ਲੀਕਾਂ ਨਾਲ।
ਮੇਰੀਆਂ ਅੱਖਾਂ ਨੇ ਇਹ ਸਭ ਵੇਖਿਆ; ਪਾਣੀ ਦੇ ਦਰਪਣ ਵਿਚ। ਰੰਗ’ਚ ਨਾਰੰਗੀਆਂ ਸਨ।
ਸ਼ੀਂਹ ਵਾਪਸ ਝਾਕਦਾ ਸੀ। ਮੈਂ ਵਾਪਸ ਝਾਕਦਾ ਸਾਂ॥
* ਙਿਆਤਾ; ਉਂਝ ਹਰੇਕ ਕਾਂਡ ਵਿਚ
ਪਹਿਲਾ ਲਫ਼ਜ਼ ਪੈਂਤੀ ਦੇ ਅੱਖਰ ਨਾਲ ਸ਼ਰੂਰ ਹੋਣਾ ਸੀ, ਪਰ ਆਮ ਰੀਡਰ ਨੂੰ ਙਿਆਤਾ
ਬਹੁਤ ਨਿਰਾਲਾ ਲੱਗਣਾ ਕਰਕੇ ਗਿਆਤਾ ਹੀ ਲਿਖਿਆ ਗਿਆ! ਙਿਆਤਾ ਗ੍ਰਾਂਥ ਵਿਚ ਹੈ। ਰੂਪ
ਢਿੱਲੋਂ
07/02/2012
ਚਲਦਾ…( ਇਕਬਾਲ ਸਿੰਘ ਧਾਲੀਵਾਲ ਨੂੰ ਬਹੁਤ ਧੰਨਵਾਦ ਮਦਦ
ਲਈ) |