WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


ਖ਼ਤ ਖਤਮ ਕਰਕੇ ਓਂਕਾਰ ਨੇ ਸੀਮਾ ਵੱਲ ਝਾਕਿਆ। ਸੀਮਾ ਜੁਗਤੂ ਪੜ੍ਹ ਰਹੀ ਸੀ। ਓਂਕਾਰ ਨੂੰ ਪਤਾ ਸੀ ਕਿ ਚੋਰੀ ਛਿਪੇ ਉਹ ਵੀ ਮੇਰੇ ਵੱਲ ਤੱਕ ਦੀ ਸੀ।

“ ਤੈਨੂੰ ਮੈਂ ਕਿਹਾ ਸੀ ਮੰਗਿਆਂ ਨੂੰ ਧਿਆਨ ਨਹੀਂ ਦੇਈਦਾ। ਮੈਨੂੰ ਦਿੱਸਦਾ ਸੀ ਤੇਰੀਆਂ ਅੱਖਾਂ ਵਿਚ ਤੈਨੂੰ ਚੁਬਦਾ, ਤਰਸ ਆਉਂਦਾ। ਗਰੀਬੀ ਪਾਪ ਜਰੂਰ ਹੈ, ਪਰ ਕਈਆਂ ਦਾ ਪੇਸ਼ਾ ਹੈ”।

ਸੀਮਾ ਨੇ ਜੁਗਤੂ ਰੱਖ ਦਿੱਤੀ। ਸਿਧਾ ਓਂਕਾਰ ਦੀਆਂ ਅਜੀਬ ਅੱਖਾਂ ਨੂੰ ਆਵਦੀਆਂ ਅੱਖਾਂ ਨਾਲ ਗਡੀਆਂ। “ ਲੱਗਦਾ ਤੁਸਾਂ ਵੀ ਜੁਗਤੂ ਦੇ ਭਰਾ ਹੋ। ਇਕ ਪਾਸੇ ਮੇਰਾ ਚਿਤ ਕਰਦਾ ਤੁਹਾਡੇ ਨਾਲ ਬਹਿਸ ਕਰਾ, ਕਿ ਇਹਨਾਂ ਖਿਆਲਾਂ ਕਰ ਕੇ ਸਾਡੇ ਮੁਲਕ ਵਿਚ ਅਸੀਂ ਥੁੜ ਦੀ ਪਰਵਾਹ ਨਹੀਂ ਕਰਦੇ। ਹਮੇਸ਼ਾ ‘ ਰੱਬ ਰੱਬ’ ਕਰਦੇ ਨੇ, ਗੁਰੂਆਂ ਦੀਆਂ ਸਿਫਤਾਂ ਕਰਦੇ ਨੇ , ਪਰ ਕਦੀ ਉਨ੍ਹਾਂ ਦੀਆਂ ਗੁਰਮਤਾਂ ਤੋਂ ਕੁੱਝ ਨਹੀਂ ਸਿਖ ਦੇ। ਕਦੇ ਵਿਚਾਰਿਆਂ ਦੀ ਮਦਦ ਨਹੀਂ ਕਰਦੇ। ਦੂਜੇ ਪਾਸੇ ਮੈਨੂੰ ਗੁਸਾ ਬਹੁਤ ਲੱਗਿਆ ਜਦ ਮੰਗੀ ਆਵਦੇ ਟੋਲੇ ਵੱਲ ਗਈ। ਸਾਫ਼ ਦਿੱਸਦਾ ਸੀ ਸਾਰਾ ਨਾਟਕ ਹੀ ਸੀ”।

“ ਤਾਈਂ ਤੈਨੂੰ ਧਿਆਨ ਨਾ ਦੇਣ ਲਈ ਕਿਹਾ ਸੀ। ਦੇਖ, ਦੁਖ ਤਾਂ ਮੈਨੂੰ ਵੀ ਲੱਗਦਾ ਗਰੀਬੀ ਦੇਖ ਕੇ। ਪਰ ਸਾਫ਼ ਸੱਚਾਈ ਹੈ ਇਹ ਗੰਦੀ ਦੁਨੀਆ ਏ। ਇਨਸਾਨ ਦੂਜੇ ਇਨਸਾਨ ਦੀ ਕਦੀ ਨ੍ਹੀਂ ਕਦਰ ਕਰਦਾ। ਸਾਡੇ ਮਹਾਨ ਮੁਲਕ’ਚ ਸਾਧੂ, ਰਿਸ਼ੀ, ਗ੍ਰੰਥੀ ਕਈ ਹਨ, ਪਰ ਆਵਦੇ ਹੀ ਢਿੱਡ ਭਰਦੇ ਨੇ। ਦਿਲ ਵਿਚ ਸਭ ਨੂੰ ਪਤਾ ਰੱਬ ਨਹੀਂ ਹੈ, ਸਾਰੇ ਅਪਣੇ ਹੀ ਦੇਖਦੇ ਨੇ। ਕੋਈ ਫਰਿਸ਼ਤਾ ਨਹੀਂ ਹੈ”।

“ ਜੇ ਇਹ ਗੱਲ ਹੈ, ਤਸਾਂ ਕਿਉਂ ਮੇਰੇ ਮਾਂ-ਪਿਓ ਦੀ ਮਦਦ ਕੀਤੀ? ਕੀ ਸੱਚ ਮੁੱਚ ਮੈਨੂੰ ਰਖੇਲ ਸਮਝ ਕੇ ਖਰੀਦਿਆ?”, ਸੀਮਾ ਨੂੰ ਹਾਲੇ ਵੀ ਗੁਸਾ ਸੀ, ਅਤੇ ਆਵਦੇ ਅੰਦਰਲੇ ਦੁੱਖਾਂ ਨੂੰ ਹੁਣ ਨਹੀਂ ਲੁਕੋ ਸਕਦੀ ਸੀ। “ ਇਸ ਦਾ ਮੈ ਤੈਨੂੰ ਇਕ ਵਾਰੀ ਜਵਾਬ ਦੇ ਚੁਕਾਂ ਜਾਂ ਦੇ ਦਿੱਤਾ ਏ । ਤੂੰ ਦਸ, ਅੱਜ ਤਕ ਤੇਰੇ ’ਤੇ ਹੱਥ ਰਖਿਆ? ਨਹੀਂ ਨਾ...” “ ਤੁਸੀਂ ਸਾਫ਼ ਦਸੋਂ ਅਸੀਂ ਕੀ ਕਰ ਕਹੇ ਹਾਂ, ਅਤੇ ਤੁਸੀਂ ਮੈਨੂੰ ਕਿੱਥੇ ਲੈ ਕੇ ਚੱਲੇ ਹੋ? ਤੁਸੀਂ ਹੋ ਕੌਣ?”। “ ਸੀਮਾ, ਮੈਂ ਆਵਦੇ ਦੇਸ਼, ਪੰਜਾਬ ਤੈਨੂੰ ਲੈ ਕੇ ਚੱਲਿਆ। ਮੈਂ ਬਹੁਤ ਲੰਬੇ ਸਫਰ’ਤੇ ਹਾਂ, ਬਹੁਤ ਸਾਲਾਂ ਬਾਅਦ ਘਰ ਵਾਪਸ ਚੱਲਿਆ। ਮੈਨੂੰ ਸਾਥ ਦੀ ਲੋੜ ਹੈ। ਜੇ ਚੀਜ਼ਾਂ ਜਿੱਦਾਂ ਮੈ ਚਾਹੁੰਦਾ ਚੱਲੂ ਗੀਆਂ, ਮੈਂ ਚਾਹੁਨਾਂ ਤੂੰ ਖੁਦ ਚੁਣੇਗੀ ਮੇਰੇ ਨਾਲ ਪੰਜਾਬ ਰਹਿਣ। ਜੇ ਉਸ ਟਾਇਮ ਤੇਰਾ ਹਾਲੇ ਵੀ ਚਿਤ ਕਰੇਗਾ ਚਮੋਲੀ ਵਾਪਸ ਜਾਣ ਨੂੰ , ਮੈਂ ਤੈਨੂੰ ਘਰ ਵਾਪਸ ਲੈ ਕੇ ਜਾਵਾਂਗਾ । ਮੇਰਾ ਸਾਥ ਦੇ ਸੀਮਾ, ਦੁਗਰੀ ਪੁੱਜਣ ਤੱਕ। ਹੋਰ ਕੁਝ ਨਹੀਂ ਆਖਦਾ”। “ ਮੇਰੇ ਕੋਲ ਚੋਏਸ ਹੈ? ਹੁਣ ਤੱਕ ਤੁਹਾਡੇ ਕਾਇਦੇ ਦੇ ਹਿਸਾਬ ਨਾਲ਼ ਚੱਲੀ। ਹੁਣ ਤੁਹਾਨੂੰ ਮੇਰੇ ਜਾਬਤਿਆਂ ਨਾਲ਼ ਵੀ ਚਲਣਾ ਪਾਵੇਗਾ”। “ ਹੁਕਮ?”, “ ਤੁਸਾਂ ਹਮਬਿਸਤਰ ਹੋਣ ਦਾ ਸੋਚਣਾ ਨਹੀਂ। ਇਕ ਉਂਗਲ ਵੀ ਨਹੀਂ ਲਾਉਣੀ...”, “ ਮਨਜ਼ੂਰ”, “ ਆਵਦੇ ਬਾਰੇ ਸਭ ਕੁੱਝ ਦਸਣਾ ਪਵੇਗਾ”,। “ ਹੌਲੀ ਹੌਲੀ...” “ ਨਹੀਂ...” “ ਹਾਂ। ਜੇ ਕਿਸੇ ਨੂੰ ਪਹਿਲਾਂ ਹੀਂ ਪਤਾ ਹੁੰਦਾ ਕਿੱਸਾ ਕਿਵੇਂ ਮੁਕਣਾ, ਜੋ ਬੀਤਦਾ, ਦਾ ਸੁਣਨ ਦਾ ਸੁਆਦ ਚੱਲੇ ਜਾਂਦਾ। ਮੁਕਾਮ ਕਰਾਂਗੇ। ਤੱਸਲੀ ਰੱਖ। ਸਭ ਪਤਾ ਲੱਗ ਜਾਵੇਗਾ। ਗੱਲਾਂ ਬਾਤਾਂ ਵਿਚ ਹੀਂ ਸਭ ਜਾਹਰ ਹੋ ਜਾਵੇਗਾ। ਭੇਤ ਖੋਲ੍ਹਣ ਦੀ ਗੱਲ ਨਹੀਂ। ਇਕ ਦੂਜੇ ਨੂੰ ਜਾਣਨ ਦੀ ਗੱਲ ਹੈ”। “ ਤੁਸੀਂ ਤਾਂ ਇੱਦਾਂ ਗੱਲਾਂ ਕਰਦੇ ਜਿਵੇਂ ਸਾਡੀ ਸੁਭਾਗ ਜੋੜੀ ਏਂ ਯਾ ਅਸੀਂ ਸੁਭਾਗ ਜੋੜੀ ਆਂ !”। “ ਸਜ ਵਿਆਹੇ ਤਾਂ ਨਹੀਂ ਹਾਂ, ਪਰ ਕੀ ਸਾਥੀ ਵੀ ਹੋ ਸਕਦੇ ਨਹੀਂ?”, ਓਂਕਾਰ ਨੇ ਹੱਸਕੇ ਉੱਤਰ ਦਿੱਤਾ। “ ਕਾਸ਼! ਤੁਸਾਂ ਆਵਦਾ ਰੂਪ ਸ਼ੀਸ਼ੇ ਵਿਚ ਵੇਖਿਆ ਹੁੰਦਾ ! ਦਹਿਸਿਰ ਦਾ ਕੋਈ ਦਾਨਵ ਲੱਗਦੇ ਹੋ!”, ਉਸ ਨੂੰ ਟੁੱਟ ਕੇ ਪੈ ਗਈ। ਗੱਲ ਜਦੋਂ ਨਿਕਲ ਜਾਂਦੀ, ਵਾਪਸ ਨਹੀਂ ਲੈ ਸੱਕਦੇ। ਸੀਮਾ ਨੂੰ ਸੁਝ ਗਿਆ ਕਿ ਓਂਕਾਰ ਨੂੰ ਇਹ ਨਿਰਦਈ ਗੱਲ ਸੁਣਕੇ ਬਹੁਤ ਦਰਦ ਹੋਇਆ ਹੋਵੇਗਾ। ਸੀਮਾ ਕਚੀ ਹੋ ਗਈ। ਨਾਦਮ ਆਵਾਜ਼ ਵਿਚ ਕਿਹਾ, “ ਸੋਰੀ”। ਪਰ ਓਂਕਾਰ ਬਾਹਰ ਨੂੰ ਤੁਰ ਪਿਆ। ਸੀਮਾ ਨੇ ਬਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਦਰਵਾਜ਼ਾ ਜੋਰ ਦੇਣੀ ਬੰਦ ਕਰ ਦਿਤਾ । ਸੀਮਾ ਨੇ ਬਾਰੀ ਤੋਂ ਪਰਦਾ ਉਠਾਇਆ । ਬਾਹਰ ਹਨੇਰਾ ਸੀ। ਲੱਗਦਾ ਸੀ ਜੰਗਲ ਵਿਚ ਚੱਲੇ ਗਿਆ। ਪਰਦਾ ਛੱਡ ਕੇ ਸੀਮਾ ਬਹਿ ਗਈ। ਸੋਚਣ ਲੱਗੀ, “ ਰਾਖਸ਼ ਕੌਣ ਸੀ?”

* * * * *

ਓਂਕਾਰ ਨੂੰ ਬਹੁਤ ਗੁਸਾ ਚੜਿਆ ਸੀ। ਇਧਰ ਉਧਰ ਚਕਵੇਂ ਪੈਰੀ ਤੁਰਦਾ ਫਿਰਦਾ ਸੀ। ਆਲੇ ਦੁਆਲੇ ਜੰਗਲ ਦਾ ਹੁੱਲੜ ਸੀ। ਪਰ ਓਂਕਾਰ ਦੇ ਕੰਨ ਬੰਦ ਸਨ। ਹਫੂੰ ਹਫੂੰ ਕਰਦਾ ਰਵਾਂ ਰਵੀ ਸੋਚਾਂ’ਚ ਪੈ ਗਿਆ। ਕਿੰਨੀ ਕ੍ਰਿਤਘਣ ਹੈ! ਮੈਂ ਉਸਦੇ ਮਾਂ-ਪਿਓ ਨੂੰ ਪੈਸੇ ਦਿੱਤੇ! ਉਸਦੇ ਨਮਕ ਹਰਾਮ ਭੈਣਾਂ ਨੂੰ ਸੈੱਟ ਕੀਤਾ ! ਉਸ ਗੰਦੇ ਬੁੱਢੇ ਨੂੰ ਹੈਸੀਅਤ ਦਿੱਤੀ। ਆਪ ਨਹੀਂ ਕਮਾਈ ਪਰ ਹੁਣ ਧਨ ਸੀ। ਓਂਕਾਰ ਦਾ ਦਰਬ! ਨਾਲ਼ੇ ਉਸ ਗੰਦੇ ਬੁੱਢੇ ਨੇ ਤਾਂ ਓਂਕਾਰ ਤੋਂ ਚੋਰੀ ਕੀਤੀ ਸੀ! ਇਸ ਤਰਾਂ ਦੇ ਬਾਪ ਨੇ ਸੀਮਾ ਨੂੰ ਦੇਣਾ ਕੀ ਸੀ? ਜਦ ਮੌਕਾ ਮਿਲਿਆ, ਉਸਨੇ ਜੰਮੀ ਹੋਈ ਨੂੰ ਪਾਣੀ ਵਿਚ ਡੋਬ ਦੇਣਾ ਸੀ, ਜਾਂ ਗਲਾ ਘੁਟ ਦੇਣਾ ਸੀ! ਸੀਮਾ ਨੂੰ ਵੀ ਦਿਲ ਵਿਚ ਪਤਾ ਸੀ ਉਸ ਹੀਂ ਪਿਤਾ ਨੇ ਸੀਮਾ ਨੂੰ ਜੰਗਲ ਵਿਚ ਛੱਡ ਦਿੱਤਾ ਸੀ। ਹਾਂ, ਸੀਮਾ ਖਰੀਦੀ ਸੀ! ਇਹਦਾ ਕੀਹ! ਕੀ ਚਾਹੁੰਦੀ ਸੀ, ਕਿ ਉਸ ਗਰੀਬਾਂ ਵਾਂਗ, ਜਿਸ ਲਈ ਉਹ ਤਰਸਦੀ ਸੀ, ਸੜਕਾਂ’ਤੇ ਮੰਗਤੀ ਬਣੇ? ਓਂਕਾਰ ਵੱਲ ਉਂਗਲੀ ਵਧਾ ਕੇ ਰਖੇਲ ਕਹਿੰਦੀ ਸੀ; ਪਰ ਸੱਚ ਮੁੱਚ ਗਰੀਬੀ ਨੇ ਹੀਂ ਰੰਡੀ ਬਣਾ ਦੇਣਾ ਸੀ! ਇਕ ਬਾਰ ਪਹਿਲਾਂ ਓਂਕਾਰ ਨੂੰ ਵੀ ਕੰਗਾਲੀ ਦੇ ਕੈਦੀਆਂ ਲਈ ਤਰਸ ਸੀ। ਪਰ ਫਿਰ ਜਿੰਦਗੀ ਨੇ ਓਂਕਾਰ ਦਾ ਦਿਲ ਸਖਤ ਕਰ ਦਿੱਤਾ। ਉਂਝ ਸੀਮਾ ਦਾ ਗੁੱਸਾ ਵੀ ਸਹੀ ਸੀ। ਮੰਗਤੀ ਦਾ ਜੀਵਨ ਚਰਿੱਤਰ ਕਿੱਦਾਂ ਦਾ ਸੀ? ਲੋਕ ਕਿਸੇ ਦੀ ਧੀ ਨੂੰ ਬੰਗਾਲ ਤੋਂ ਚੱਕ ਕੇ ਬੰਬਈ ਦੀਆਂ ਕੋਠੀਆਂ’ਚ ਬਿਠਾ ਦਿੰਦੇ ਨੇ। ਜਾਂ ਕੋਈ ਮੁੰਡੇ ਨੂੰ ਪੰਜਾਬ ’ਚੋਂ ਚੱਕ ਕੇ ਅੰਨ੍ਹਾ ਕਰ ਕੇ ਜਾਂ ਅੰਗ ਕੱਟ ਕੇ ਤਾਜ ਮਹੱਲ ਦੇ ਸਾਹਮਣੇ ਗੋਰਿਆਂ ਤੋਂ ਭਿੱਖ ਮੰਗਣ ਲਾ ਦਿੰਦੇ ਨੇ। ਜੇ ਕਿਸੇ ਮਾਂ ਨੇ ਇਕ ਪਲ ਆਵਦੇ ਨਿਆਣੇ ਉੱਤੋ ਅੱਖ ਪਰੇ ਕੀਤੀ, ਲੋਕ ਚੁੱਕ ਕੇ ਲੈ ਜਾਂਦੇ ਨੇ। ਪੁਲਸ ਨੇ ਕੀ ਕਰਨਾ? ਗੋਗੜਾਂ ਵਧਾ ਕੇ ਕਮਜੋਰ ਬੰਦੇ ਨੂੰ ਸੁਣੀ ਅਣਸੁਣੀ ਕਰਦੇ। ਪੁਲਸੀਆਂ ਨੂੰ ਕਾਨੂੰਨ ਨਾਲ਼ ਪਿਆਰ ਨਹੀਂ ਹੈ; ਕੇਵਲ ਪੈਸੇ ਜਾਂ ਤਾਕਤ ਨਾਲ ।

ਗਰੀਬੀ ਪਾਪ ਹੈ। ਲੋਕ ਸ਼ੁਕਰ ਕਰਦੇ ਨੇ , “ ਅਸੀਂ ਗਰੀਬ ਨਹੀਂ ਹਾਂ”। ਉਸ ਬੇਅੰਗ ਬੱਚੇ ਲਈ ਪਹਿਲਾਂ ਪਹਿਲਾਂ ਰਹਿਮ ਹੈ, ਪਰ ਹਾਰਕੇ ਬੰਦਾ ਅੱਕ ਜਾਂਦਾ। ਨਾਲ਼ੇ ਕਈ ਮੰਗਤੇ ਪੈਸੇ ਬਣਾਉਂਦੇ, ਉਨ੍ਹਾਂ ਲਈ ਕਾਰ ਵਿਹਾਰ ਹੈ। ਕੰਮ ਲਈ ਵਟਾਵਾਂ, ਇਕ ਸੌਖਾ ਰਸਤਾ। ਓਂਕਾਰ ਨੂੰ ਕਈ ਬਾਰ ਨੌਕਰੀ ਦਾ ਆਫਰ ਆਇਆ , ਪਰ ਸਾਫ਼ ਦੇਣੀ ਨਾ ਕਰ ਦਿੰਦਾ । ਕੋਈ ਕੋਈ ਮੰਗਤੇ ਕੰਮ-ਚੋਰ ਹੀ ਹਨ।

ਓਂਕਾਰ ਨੂੰ ਪੂਰਾ ਪਤਾ ਸੀ ਕਿ ਸੀਮਾ ਦਾ ਅਸਲੀਂ ਗੁਸਾ ਹਾਲੇ ਉਸਦੇ “ ਕੈਦ” ਹੋਣ ‘ਤੇ ਸੀ। ਭਾਵੇਂ ਓਂਕਾਰ ਦੇ ਨਜ਼ਰ ’ਚ “ ਕੈਦ” ਨਹੀਂ ਸੀ, ਪਰ ਕੁੜੀ ਦੇ ਪੱਖ ਤੋਂ ਹੋਰ ਕੀ ਸੀ? ਕੋਈ ਕੁੜੀ ਨਾਲ਼ ਵਿਆਹ ਕਰਨਾ ਜਾਂ ਮੰਗ ਕੇ ਲੈਣਾ, ਉਸ ਦੀ ਇੱਛਾ ਤੋਂ ਬਿਨਾ ਪਕਾ ਪਾਪ ਹੈ। ਇੱਦਾਂ ਕੇਵਲ ਭਾਰਤ ਵਰਗੇ ਦੇਸ਼ ’ਚ ਹੀ ਹੁੰਦਾ। ਵਿਕਾਸੀ ਮੁਲਕ ’ਚ ਨਹੀਂ ਹੁੰਦਾ। ਹੋਰ ਸਾਰੀ ਦੁਨੀਆ ਵਿਚ ਜਨਾਨੀ ਮਰਜ਼ੀ ਨਾਲ ਰਿਸ਼ਤਾ ਕਰਦੀ ਹੈ। ਜੇ ਕਿਸੇ ਕੁੜੀ ਨੇ ਆਦਮੀ ਨਾਲ ਹਮਬਿਸਤਰਾ ਵਿਆਹ ਤੋਂ ਬਿਨਾ ਕਰਨਾ ਵੀ ਸੀ, ਉਸਦਾ ਹੱਕ ਸੀ, ਨਾ ਕਿ ਉਸਦੇ ਮਾਂ-ਬਾਪ ਜਾਂ ਸਮਾਜ ਦਾ। ਭਾਰਤ ਦੇ ਮੁੰਡੇ ਪਿੱਟਦੇ ਜਦ ਕੁੜੀ ਵਲੈਤ ਜਾਂਦੀ ਹੈ, ਪਰ ਕਦੀ ਸੋਚਦੇ ਹਾਂ ਕਿਉਂ ਬਾਹਰਲੇ ਮੁਲਕ ਦਿਲਕਸ਼ ਹਨ? ਭਾਵੇਂ ਸੱਚਾਈ ’ਚ ਮਿੱਠੇ ਮਹੁਰੇ ਹਨ, ਅਜ਼ਾਦੀ ਹੈ, ਬਰਾਬਰੀ ਹੈ।

ਸੀਮਾ ਦੇ ਆਖਣ ਵਿਚ ਓਂਕਾਰ ਨਾਲ਼ ਪੰਜਾਬ ਜਾਣ ਦੀ ਅਜ਼ਾਦੀ ਨਹੀਂ ਸੀ, ਜਬਰਦਸਤੀ ਸੀ। ਜੇ ਸੀਮਾ ਓਂਕਾਰ ਬਾਰੇ ਪਤਾ ਵੀ ਲੈਣਾ ਚਾਹੁੰਦੀ ਸੀ; ਇਸ ਵਿਚ ਕਿਹੜੀ ਵੱਡੀ ਗੱਲ ਸੀ? ਪਰ ਕੀ ਦਸੇ? ਜੇ ਸੱਚ ਦਸ ਦਿੱਤਾ, ਸੀਮਾ ਡਰ ਕੇ ਦੌੜ ਜਾਵੇਗੀ। ਜੇ ਨੱਠੀ ਨਹੀਂ, ਖੌਫ਼ ਨਾਲ ਖੜੀ ਬੇਹੋਸ਼ ਹੋ ਸੱਕਦੀ ਸੀ। ਜਦ ਹੋਸ਼ ਆਇਆ, ਕੀ ਕਰੇਗੀ? ਥਾਂ ਮਰਜੇਗੀ? ਕੀ ਪਤਾ? ਅਸਲੀਂ ਗੁਸਾ ਤਾਂਹੀ ਓਂਕਾਰ ਨੂੰ ਚੜ੍ਹਿਆ ਸੀ। ਸੱਚ ਮੁੱਚ ਹਵਾੜ੍ਹ ਚੜ੍ਹਿਆ ਜਦ ਸੀਮਾ ਨੇ “ ਰਾਖਸ਼” ਕਿਹਾ, ਕਿਉਂਕਿ ਸੱਚ ਸੀ। ਪੈਰਾਂ ਦੇ ਨੇੜੇ ਇਕ ਪੋਖਰ ਸੀ। ਉਸ ਵਿਚ ਆਵਦਾ ਪਰਛਾਵਾਂ ਦਿੱਸ ਗਿਆ। ਆਵਦਾ ਹਾਲ ਵੇਖਕੇ ਡਰ ਗਿਆ।

ਜੇ ਖੁਦ ਆਪਨੂੰ ਵੇਖਕੇ ਡਰਦਾ ਸੀ, ਫਿਰ ਸੀਮਾ ਨੇ ਤਾਂ ਭੈਭੀਤ ਹੋਣਾ ਹੀ ਸੀ! ਕੀ ਸੋਚਦਾ ਸੀ? ਕਿ ਸੀਮਾ ਵਰਗੀ ਸੁੰਦਰ ਕੁੜੀ ਮੇਰੇ ਵਰਗੇ ਨਾਲ਼ ਵਿਆਹ ਕਰਨ ਤਿਆਰ ਹੋਵੇਗੀ? ਸੁਫਨਾ ਲੈਂਦਾ ਸੀ! ਸੀਮਾ ਨੂੰ ਆਵਾਜ਼ ਪਸੰਦ ਸੀ, ਇਹ ਤਾਂ ਸਾਫ਼ ਦਿੱਸਦਾ ਸੀ; ਪਰ ਜਦ ਵੀ ਕੁੜੀ ਮੇਰੇ ਵੱਲ ਝਾਕਦੀ, ਖੌਫ਼ ਨਾਲ਼ ਭਰ ਜਾਂਦੀ ਸੀ। ਪਰ ਜੇ ਮੈਂ ਉਸ ਨੂੰ ਸਭ ਕੁੱਝ ਸੁਣਾ ਦੇਵਾ? ਫਿਰ ਕੀ? ਨਹੀਂ, ਹਾਲੇ ਨਹੀਂ। ਸਮਝਣਾ ਨਹੀਂ ਉਸ ਨੇ, ਹਾਲੇ।ਸਮਝਣਾ ਨਹੀਂ। ਰੋਜ ਉਸਨੂੰ ਮੇਰਾ ਬਦਲਦਾ ਰੂਪ ਦਿੱਸਦਾ। ਜਦ ਤੱਕ ਪੰਜਾਬ ਪਹੁੰਚੇ, ਮੇਰਾ ਅਸਲੀਂ ਰੂਪ ਹੋਵੇਗਾ। ਜੇ ਥੌੜੇ ਹੋਰ ਦਿਨ ਜੰਗਲਾਂ ’ਚ ਸ਼ਿਕਾਰ ਕਰਕੇ ਖਾਵੇਂ, ਪੰਜਾਬ ਤੱਕ ਅਸਲੀਂ ਉਮਰ ’ਚ ਸੀਮਾ ਸਾਹਮਣੇ ਖੜ੍ਹ ਸਕਦਾ। ਜੇ ਸੀਮਾ ਨੂੰ ਮੇਰੇ ਨਾਲ ਪਿਆਰ ਹੋ ਗਿਆ, ਹਾਹ ਲੈ ਜਾ ਸਕਦੀ ਹੈ।

ਓਂਕਾਰ ਨੂੰ ਪਤਾ ਨਹੀਂ ਸੀ ਦਿਨੇ ਕੀ ਕਰਦਾ ਸੀ, ਜਾਂ ਕਿਸ ਨੂੰ ਮਾਰਦਾ। ਪਤਾ ਵੀ ਨਹੀਂ ਲੈਣਾ ਚਾਹੁੰਦਾ ਸੀ। ਰੱਬ ਕਰੇ, ਜੰਗਲ ’ਚੋਂ ਬਾਹਰ ਨਹੀਂ ਸ਼ਿਕਾਰ ਕੀਤਾ, ਜਾਂ ਕੋਈ ਬਦ-ਕਿਸਮਤ ਇਨਸਾਨ ਜੰਗਲ ’ਚ ਮਿਲਿਆ! ਇੰਨਾ ਯਾਦ ਸੀ ਕਿ ਕੋਈ ਟੋਲਾ ਉਸ ਦਾ ਸ਼ਿਕਾਰ ਕਰ ਰਿਹਾ ਸੀ। ਪਰ ਦਿਨ ਧੁੰਧਲੇ ਸਨ। ਦੌੜ ਸੀ ਸ਼ਿਕਾਰਾਂ ਤੋਂ ਬੱਚ ਕੇ ਪੰਜਾਬ ਪਹੁੰਚਣ ਦੀ ! ਫਿਰ ਸੀਮਾ ਤੈਨੂੰ ਸਭ ਕੁੱਝ ਸਮਝ ਆ ਜਾਵੇਗਾ! ਅੱਗੇ ਨਾਲੋਂ ਓਂਕਾਰ ਸ਼ਾਂਤ ਹੋ ਗਿਆ ਸੀ। ਸਭ ਕੁੱਝ ਠੀਕ ਠਾਕ ਹੋਵੇਗਾ! ਤੱਸਲੀ ਰੱਖ! ਵੈਨ `ਚ ਵਾਪਸ ਜਾ, ਸੀਮਾ ਨਾਲ ਮੇਲ ਕਰ! ਸਭ ਠੀਕ ਠਾਕ ਹੋ ਜਾਵੇਗਾ!

* * * * *

ਜਦ ਓਂਕਾਰ ਨੇ ਵੈਨ ਦਾ ਬੂਹਾ ਖੋਲ੍ਹਿਆ, ਉਸ ਨੂੰ ਕਿਸ਼ੋਰ ਕੁਮਾਰ ਦੀ ਅਵਾਜ਼ ਮਿੱਲੀ। “ ਹਮ ਹੈ ਬੇਵਫ਼ਾ..”। ਸੀਮਾ ਦੇ ਬਣਾਏ ਖਾਣੇ ਦੀ ਮਹਿਕ ਵੀ ਮਿਲੀ। ਸੀਮਾ ਬੈਠੀ ਸੀ, ਖਾਂਧੀ। ਉਸ ਨੇ ਸਿਰਫ਼ ਆਵਦੇ ਲਈ ਮੇਜ਼ ਸੈਟ ਕੀਤਾ ਸੀ। ਉਸ ਨੂੰ ਪਤਾ ਤਾਂ ਸੀ ਓਂਕਾਰ ਖਾਂਦਾ ਨਹੀਂ ਸੀ...ਉਸ ਦੇ ਨਾਲ਼। ਫਿਰ ਵੀ, ਉਸ ਦੇ ਮੁਖੜੇ ਤੋਂ ਸਾਫ ਦਿੱਸਦਾ ਸੀ ਕਿ ਓਹ ਵੀ ਮੇਲ ਕਰਨਾ ਚਾਹੁੰਦੀ ਸੀ। ਓਂਕਾਰ ਉਸ ਦੇ ਸਾਹਮਣੇ ਬਹਿ ਗਿਆ, ਆਰਾਮ ਚੇਅਰ ’ਤੇ। ਦੋਨੋਂ ਕੁੱਝ ਦੇਰ ਲਈ ਚੁੱਪ ਚਾਪ ਸਨ। “ ਸੱਚ ਕੀ ਹੈ? ਸੱਚ ਦੇ ਕੋਲ ਹਜ਼ਾਰ ਰੂਪ ਹੁੰਦੇ ਨੇ ਸੀਮਾ...ਸੱਚ ਲੱਭਣ ਲਈ ਪਹਿਲਾਂ ਸਭ ਤੋਂ ਵੱਡਾ ਦਰੋਗ ਟੋਲ, ਕਹਿਣ ਦਾ ਮਤਲਬ, ਸਫ਼ੈਦ ਝੂੱਠ। ਸਾਡੇ ਮੁਲਕ, ਸਾਡੀ ਰੀਤ ਵਿਚ ਬਹੁਤ ਵੱਡੇ ਝੂੱਠ ਹਨ, ਤਾਈ ਅਮੀਰ ਖ਼ੁਸ਼ ਹਨ, ਤੇ ਗਰੀਬ ਦੁਖੀ ਹਨ”, ਓਂਕਾਰ ਨੇ ਗੱਲ ਛੇੜੀ। “ ਤੁਹਾਡੇ ਖਿਆਲ ਵਿਚ ਵੱਡਾ ਝੂੱਠ ਕੀ ਹੈ? ਮੈਨੂੰ ਲੱਗਦਾ ਆਦਮੀ ਦੀ ਹਕੂਮਤ ਸਭ ਤੋਂ ਵੱਡਾ ਝੂੱਠ ਹੈ...” “ ਉਫ! ਥੋੜ੍ਹਾ ਜਿਹਾ ਮਨ ਖੋਲ੍ਹ! ਸੋਚ...ਜਿਹੜੇ ਲੋਕ ਰੱਬ ਨੂੰ ਨਹੀਂ ਮੰਨਦੇ, ਉਨ੍ਹਾਂ ਲਈ ਕੀ ਹੋਵੇਗਾ?”, “ ਇਹ ਤਾਂ ਸਿਧੀ ਗੱਲ ਹੈ। ਦਿਹਾਂਤ ਤੋਂ ਬਾਅਦ ਸੁਰਗ ਜਾਣਾ। ਮੈਨੂੰ ਇਹ ਸਭ ਹਵਾਈ ਗੱਲਾਂ ਲਗਦੀਆਂ ਨੇ। ਮੈ ਉਨ੍ਹਾਂ ਦੇ ਖਿਆਲਾਂ ਨਾਲ ਰਾਜ਼ੀ ਹਾਂ।" “ ਭਾਵੇਂ, ਪਰ ਇਸ ਤਰ੍ਹਾਂ ਦੇ ਲੋਕ ਸੋਚਦੇ- ਮੌਤ ਤੋਂ ਬਾਅਦ ਕੁੱਝ ਨਹੀਂ ਹੈ ਇਸ ਕਰਕੇ ਕੁੱਝ ਭੋਗਣਾ ਨਹੀਂ ਪਵੇਗਾ। ਜਿੰਦਗੀ ’ਚ ਜੋ ਮਰਜ਼ੀ ਕਰੋ, ਭਾਵੇਂ ਦੂਜੇ ਨੂੰ ਦੁੱਖ ਲੱਗੇ। ਹੋਰ ਲੋਕ ਕਹਿੰਦੇ ਸਭ ਤੋਂ ਵੱਡਾ ਝੂੱਠ ਹੈ, ‘ਨੋ ਲਾਈਫ ਆਫਟਰ ਡੈਥ’। ਕੌਣ ਸਚਾ ਹੈ? ਇਸ ਤਰ੍ਹਾਂ ਦਾ ਬੰਦਾ ਮਰਨ ਤੋਂ ਨਹੀਂ ਡਰਦਾ।" “ ਤੁਸਾਂ ਵੱਡੇ ਵਿਚਾਰਕ ਨਿਕਲ ਗਏ!”

ਸਾਰੀ ਰਾਤ ਓਂਕਾਰ ਅਤੇ ਸੀਮਾ ਨੇ ਇਸ ਤਰ੍ਹਾਂ ਗੱਲਾਂ ਕੀਤੀਆਂ। ਸੀਮਾ ਨੇ ਕਿਹਾ ਕਿ ਸਭ ਤੋਂ ਵੱਡਾ ਝੂੱਠ ਮਾਂ-ਪਿਓ ਨਿਆਣਿਆਂ ਨੂੰ ਦੱਸਦੇ, ਜਦ ਕਹਿੰਦੇ, “ ਵੱਡੇ ਹੋ ਕੇ ਖ਼ੁਸ਼ ਹੋਵੋਗੇ, ਦੁਨੀਆ ਵਿਚ ਬਹੁਤ ਚੰਗੀਆਂ ਚੀਜ਼ਾਂ ਨੇ, ਲੋਕ ਸਾਫ਼ ਦਿਲ ਵਾਲੇ ਨੇ। ਸਰਲ ਸੁਭੇ ਬੱਚੇ ਮਨ ਜਾਂਦੇ ਨੇ। ਨਹੀਂ ਤਾਂ ਇਸ ਦਾ ਪੂਰਾ ਉਲਟਾ ਦੱਸਦੇ ਨੇ।" ਓਂਕਾਰ, ਆਵਦੇ ਬਾਰੇ ਸੋਚਦਾ ਕਹਿੰਦਾ ਸੀ, “ ਸਭ ਤੋਂ ਵੱਡਾ ਝੂੱਠ ਹੈ ਅਰਸਾ ਅਵਧੀ ਖਿਆਲੀ ਨਹੀਂ ਹੈ।" ਜਦ ਸੀਮਾ ਨੇ ਆਖਿਆ, “ ਕਿਉਂ?”, ਜਵਾਬ ਆਇਆ, “ ਕਿਉਂ ਨਿਆਣੇ ਲਈ ਜੀਵਨ ਦਾ ਸਫਰ ਲੰਬਾ ਹੈ, ਪਰ ਬੁਢੇ ਲਈ ਨਿੱਕਾ। ਇਕ ਲਈ ਸਦੀਵ ਕਾਲ ਹੈ, ਦੂਜੇ ਲਈ ਅੱਖ ਦਾ ਪਲਕਾਰਾ ਹੈ।"

ਫਿਰ ਸੀਮਾ ਨੇ ਕਿਹਾ, “ ਸਭ ਤੋਂ ਵੱਡਾ ਝੂੱਠ ਸੱਚ ਹੈ।" ਓਂਕਾਰ ਕਾਇਲ ਹੋ ਗਿਆ, “ ਕਾਹਤੋ?” “ ਸ਼ੇਰ ਦਾ ਸੱਚ ਮਿਰਗ ਦਾ ਸੱਚ ਨਹੀਂ ਹੈ। ਗੁਲਾਮ ਦਾ ਸੱਚ, ਰਾਜੇ ਦਾ ਸੱਚ ਨਹੀਂ ਹੈ। ਜਿਸ ਬੰਦੇ ਦੇ ਪਿੰਡੇ ਵਿਚ ਗੋਲ਼ੀ ਫੁੰਡਦੀ, ਉਸ ਦਾ ਸੱਚ ਨਿਸ਼ਾਨਾ ਬਣਾਉਣ ਵਾਲੇ ਦਾ ਨਹੀਂ ਹੈ। ਅੱਗ ਦਾ ਸੱਚ, ਬਰਫ਼ ਦਾ ਸੱਚ ਨਹੀਂ ਹੈ। ਮੇਰਾ ਸੱਚ ਅਤੇ ਤੁਹਾਡਾ ਸੱਚ ਕਿੰਨਾ ਅਲੱਗ ਹੈ? ਤੁਸੀਂ ਮੈਨੂੰ ਪੰਜਾਬ ਲੈ ਚੱਲੇ ਹੋ, ਮੈਂ ਚਮੋਲੀ ਰਹਿਣਾ ਚਾਹੁੰਦੀ ਆਂ । ਜੰਗ ਸੱਚ ਉਪਰ ਹੀ ਲੜੀ ਦੇ ਨੇ। ਦੋਨੋਂ ਪਾਸੇ ਆਪ ਨੂੰ ਸਹੀ ਸਮਝਦੇ ਨੇ, ਹੈ ਨਾ?”

“ ਅੰਨ੍ਹੇ ਲਈ ਅਤੇ ਸੁਜਾਖੇ ਲਈ ਵੀ ਸੱਚ ਵੱਖਰਾ ਹੁੰਦਾ ਹੈ। ਮੇਰੇ ਨਾਲ ਕੁੱਝ ਹੋਰ ਟਾਇਮ ਬਿਤਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇਂਗੀ । ਕੋਈ ਸ਼ਕ?” ਓਂਕਾਰ ਨੇ ਉੱਤਰ ਦਿੱਤਾ। “ ਦੇਖਦੇ ਆਂ ਫਿਲਾਸਫ਼ਰ ਸਾਹਿਬ।"

ਓਂਕਾਰ ਅਤੇ ਸੀਮਾ ਹਰ ਰਾਤ ਕੋਈ ਨਾ ਕੋਈ ਪ੍ਰਕਰਣ ਤੋਰਨ ਲੱਗ ਪਏ। ਘੰਟਿਆਂ ਲਈ ਬਹਿਸ ਕਰਦੇ ਰਹਿੰਦੇ, ਪੰਜਾਬ ਪਹੁੰਚਣ ਤੱਕ। ਤੂਲ ਦਿੰਦੇ ਇਕ ਦੂਜੇ ਦੇ ਖਿਆਲਾਂ ਦੀ ਰੋਸ਼ਨੀ ਵਧਾਉਣ ਲੱਗ ਪਏ ਪਰ ਪੰਜਾਬ ਤਾਂ ਦੂਰ ਸੀ। ਬਹੁਤ ਕੁੱਝ ਹਾਲੇ ਰਾਹ ’ਚ ਹੋ ਸੱਕਦਾ ਸੀ। ਇਸ ਬਾਰੇ ਓਂਕਾਰ ਸੁਚੇਤ ਸੀ। ਨਿੱਤ ਨਿੱਤ ਜੰਗਲਾਂ ’ਚ ਜਾਣਾ ਪੈਂਦਾ ਸੀ। ਰੋਜ ਡੋਰੇ ਪੈਣ ਦਾ ਡਰ ਸੀ। ਕੌਣ ਕਿਸ ਨੂੰ ਸ਼ਿਕਾਰ ਕਰਦਾ ਸੀ?

ਸੀਮਾ ਤੋਂ ਕਿੰਨੇ ਹੋਰ ਦਿਨਾਂ ਲਈ ਉਰ੍ਹਾਂ ਪਰ੍ਹਾਂ ਕਰ ਸਕਦਾ ਸੀ? ਓਂਕਾਰ ਦਾ ਸੱਚ ਕਿੰਨੇ ਚਿਰ ਲਈ ਛੁਪ ਸਕਦਾ ਸੀ? ਦੁਨੀਆ ਤੋਂ ਰੂਪੋਸ਼ ਹੋ ਜਾਣਾ ਸੌਖਾ ਸੀ। ਪਰ ਆਵਦੀ ਸਾਥਣ ਤੋਂ? ਤੇਜ ਕੁੜੀ ਸੀ। ਓਂਕਾਰ ਉਸ ਲਈ ਰਹੱਸ ਹੈ, ਪਰ ਕਦ ਤੱਕ?

ਮੰਨ ਵਿਚ ਓਂਕਾਰ ਨੂੰ ਪੂਰਾ ਪਤਾ ਸੀ ਸ਼ਿਕਾਰ ਨੇੜੇ ਹੁੰਦੇ ਜਾਂਦੇ ਸੀ॥

ਚਲਦਾ…( ਇਕਬਾਲ ਸਿੰਘ ਧਾਲੀਵਾਲ ਨੂੰ ਬਹੁਤ ਧੰਨਵਾਦ ਮਦਦ ਲਈ)


         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com