ਟੋਰੋਂਟੋ – ਬੀਤੇ ਐਤਵਾਰ 1 ਜੁਲਾਈ, 2018 ਨੂੰ "ਗਲੋਬਲ ਪੰਜਾਬ
ਫਾਊਂਡੇਸ਼ਨ" (ਟੋਰੋਂਟੋ ਚੈਪਟਰ) ਵੱਲੋਂ ਫਰੈਡਰਿਕ ਬੈਂਟਿੰਗ ਇੰਟਰਨੈਸ਼ਨਲ
ਸਕੂਲ, ਬਰੈਂਪਟਨ ਵਿਖੇ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਅਵਾਰਡ ਵਿਜੇਤਾ,
ਡਾ. ਰਤਨ ਸਿੰਘ ਢਿੱਲੋਂ ਹੋਰਾਂ ਨਾਲ ਰੂ-ਬ-ਰੂ ਅਤੇ ਸਨਮਾਨ ਸਮਾਗਮ ਆਯੋਜਿਤ
ਕੀਤਾ ਗਿਆ। ਯਾਦ ਰਹੇ ਡਾ. ਢਿੱਲੋਂ ਐਸ ਡੀ ਕਾਲਜ, ਅੰਬਾਲਾ ਕੈਂਟ ਦੇ
ਪੰਜਾਬੀ ਵਿਭਾਗ ‘ਚੋਂ ਬਤੌਰ ਮੁਖੀ ਰਿਟਾਇਰ ਹੋਏ ਹਨ ਅਤੇ ਅੱਜਕੱਲ
ਟੋਰਾਂਟੋ, ਕੈਨੇਡਾ ਵਿਖੇ ਇੱਕ ਕੰਨਵੈਸ਼ਨ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ
ਹੋਏ ਹਨ। ਡਾ. ਢਿੱਲੋਂ ਇੱਕ ਉੱਚ ਕੋਟੀ ਦੇ ਕਵੀ, ਵਿਦਵਾਨ, ਪ੍ਰਾਅਧਿਆਪਕ,
ਸਮਾਜ ਸੇਵਕ, ਮੈਗਜ਼ੀਨਾਂ ਦੇ ਐਡੀਟਰ ਅਤੇ ਪੱਤਰਕਾਰਤਾ ਨਾਲ ਜੁੜੀ ਹੋਈ
ਸ਼ਖਸੀਅਤ ਹਨ। ਪ੍ਰਾਅਧਿਆਪਕ ਦੇ ਤੌਰ ਤੇ ਉਨ੍ਹਾਂ ਨੇ ਵੱਖ-ਵੱਖ ਵਿਦਿਅੱਕ
ਅਦਾਰਿਆਂ ਵਿੱਚ ਲੰਮਾ ਸਮਾਂ ਕੰਮ ਕੀਤਾ ਹੈ।
ਸਮਾਗਮ ਦੁਪਹਿਰ ਦੋ
ਵਜੇ ਆਰੰਭ ਹੋਇਆ । ਤਪਦੀ ਦੁਪਹਿਰ ਵਿੱਚ ਇੱਥੋਂ ਦੀਆਂ ਸਾਰੀਆਂ ਸਥਾਨਕ
ਜਥੇਬੰਦੀਆਂ ਜਿਵੇਂ ਚੇਤਨਾ ਵਿਚਾਰ ਮੰਚ, ਗੀਤ ਗ਼ਜ਼ਲ ਅਤੇ ਸ਼ਾਇਰੀ, ਕੈਨੇਡੀਅਨ
ਪੰਜਾਬੀ ਸਾਹਿਤ ਸਭਾ, ਪੰਜਾਬੀ ਕਲਮਾਂ ਦਾ ਕਾਫਲਾ, ਕਹਾਣੀ ਵਿਚਾਰ ਮੰਚ,
ਹਿੰਦੀ ਗਿਲਡ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਨੁਮਾਂਇੰਦਗੀ ਕਰਕੇ
ਸੁਹਿਰਦਤਾ ਦਾ ਸਬੂਤ ਦਿੱਤਾ।
ਇਸ ਉੱਦਮ ਅਤੇ ਸਹਿਯੋਗ ਲਈ ਸਮੂਹ
ਜਥੇਬੰਦੀਆਂ ਵਧਾਈ ਦੀਆਂ ਪਾਤਰ ਹਨ।
ਸਮਾਗਮ ਦਾ ਆਗਾਜ਼ ਸੰਸਥਾ ਦੀ
ਵਾਈਸ ਪ੍ਰਧਾਨ ਅਤੇ ਸਟੇਜ ਸੰਚਾਲਕ ਸੁਰਜੀਤ ਕੌਰ ਨੇ ਸਰੋਤਿਆਂ ਅਤੇ ਡਾ
ਢਿੱਲੋਂ ਦਾ ਸਵਾਗਤ ਕਰਕੇ ਕੀਤਾ ਅਤੇ ਡਾ ਢਿੱਲੋਂ ਬਾਰੇ ਸੰਖੇਪ ਜਾਣਕਾਰੀ
ਕਰਵਾਈ। ਪ੍ਰਧਾਨਗੀ ਮੰਡਲ ਵਿੱਚ ਡਾ. ਢਿੱਲੋਂ ਨਾਲ ਸੁਸ਼ੋਭਿਤ ਸਨ ਸੰਸਥਾ ਦੇ
ਪ੍ਰਧਾਨ ਡਾ ਕੁਲਜੀਤ ਸਿੰਘ ਜੰਜੂਆ ਅਤੇ ਐਫ ਬੀ ਆਈ ਸਕੂਲ ਦੇ ਪ੍ਰਿੰਸੀਪਲ
ਸੰਜੀਵ ਧਵਨ। ਪ੍ਰੋ ਰਾਮ ਸਿੰਘ ਨੇ ਡਾ ਰਤਨ ਸਿੰਘ ਢਿੱਲੋਂ ਦੀ ਸ਼ਖਸੀਅਤ ਅਤੇ
ਉਨ੍ਹਾਂ ਦੇ ਨਾਲ ਆਪਣੀ ਲੰਮੇਰੀ ਸਾਂਝ ਬਾਰੇ ਚਾਨਣਾ ਪਾਇਆ। ਡਾ ਢਿੱਲੋਂ ਨੇ
ਬੜੇ ਹੀ ਵਿਸਥਾਰ ਨਾਲ ਆਪਣੇ ਸਾਹਿਤਕ ਅਤੇ ਅਧਿਆਪਨ ਦੇ ਸਫ਼ਰ ਨੂੰ ਸਰੋਤਿਆਂ
ਨਾਲ ਸਾਂਝਾ ਕੀਤਾ। ਹਾਲ ‘ਚ ਬੈਠੇ ਸਮੂਹ ਸਰੋਤਿਆਂ ਨੇ ਉਨ੍ਹਾਂ ਦੇ
ਵਿਚਾਰਾਂ ਨੂੰ ਬੜੇ ਗਹੁ ਨਾਲ ਸੁਣਿਆਂ ਅਤੇ ਉਨ੍ਹਾਂ ਦੀ ਸ਼ਖਸੀਅਤ ਤੋਂ ਬਹੁਤ
ਪ੍ਰਭਾਵਿਤ ਹੋਏ।
ਗਲੋਬਲ ਪੰਜਾਬ ਫਾਊਂਡੇਸ਼ਨ ਦੀ ਸਮੁੱਚੀ ਟੀਮ ਨੇ
ਡਾ. ਢਿੱਲੋਂ ਨੂੰ ਲੋਈ ਅਤੇ ਪਲੈਕ ਨਾਲ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਦਾ
ਕਾਵਿ ਸੰਗ੍ਰਿਹ ‘ਸੰਦਲੀ ਸਵੇਰ’ ਵੀ ਲੋਕ ਅਰਪਣ ਕੀਤਾ।
ਪ੍ਰੋਗਰਾਮ
ਦੇ ਅਗਲੇ ਪੜਾਅ ‘ਚ ਕਵੀ ਦਰਬਾਰ ਹੋਇਆ ਜਿਸ ਵਿੱਚ ਟੋਰੋਂਟੋ ਦੇ ਨਾਮਵਾਰ
ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਜਿਨ੍ਹਾਂ ਵਿੱਚ ਬਲਰਾਜ
ਧਾਲੀਵਾਲ, ਨਿਰਮਲ ਸਿੱਧੂ, ਸਲੀਮ ਪਾਸ਼ਾ, ਸੁਖਿੰਦਰ, ਜਗੀਰ ਸਿੰਘ ਕਾਹਲੋਂ
ਅਤੇ ਸੁੰਦਰਪਾਲ ਰਾਜਾਸਾਂਸੀ ਸ਼ਾਮਿਲ ਸਨ। ਰਿੰਟੂ ਭਾਟੀਆ, ਇਕਬਾਲ ਬਰਾੜ ਅਤੇ
ਮੀਤਾ ਖੰਨਾ ਨੇ ਖੂਬਸੂਰਤ ਗਜ਼ਲਾਂ ਅਤੇ ਗੀਤ ਗਾ ਕੇ ਸਰੋਤਿਆਂ ਨੂੰ ਸਰਸ਼ਾਰ
ਕੀਤਾ। ਦੇਸੋਂ ਆਏ ਦੋ ਮਹਿਮਾਨ ਕਵੀ ਤਰਲੋਚਨ ਸਿੰਘ ਬੱਲ ਅਤੇ ਮਨੋਜ
ਫਗਵਾੜਵੀ ਨੇ ਵੀ ਸਰੋਤਿਆਂ ਨਾਲ ਆਪਣੇ ਕਲਾਮ ਸਾਂਝੇ ਕੀਤੇ। ਤਲਵਿੰਦਰ ਮੰਡ,
ਪਿਆਰਾ ਸਿੰਘ ਕੁੱਦੋਵਾਲ, ਨਾਹਰ ਸਿੰਘ ਔਜਲਾ, ਸ਼ਮਸ਼ਾਦ, ਯਕੀਆ ਸ਼ਮਸ਼ਾਦ,
ਰਮਿੰਦਰ ਵਾਲਿਆ, ਬਲਜੀਤ ਧਾਲੀਵਾਲ, ਸਰਬਜੀਤ ਕਾਹਲੋਂ, ਜੋਗਿੰਦਰ ਸਿੰਘ
ਸੈਣੀ, ਡਾ ਦਰਸ਼ਨ ਸਿੰਘ ਹਰਵਿੰਦਰ, ਡਾ ਅਰਵਿੰਦਰ ਕੌਰ, ਕੁਲਦੀਪ ਢਿੱਲੋਂ,
ਕੁਲਵਿੰਦਰ ਸਿੰਘ ਸੈਣੀ, ਸੁਖਵਿੰਦਰ ਸਿੰਘ ਜੰਜੂਆ, ਸੰਜੀਵ ਭੱਟੀ, ਹਰਦਿਆਲ
ਝੀਤਾ, ਕੁਲਵਿੰਦਰ ਖਹਿਰਾ, ਮਿਸਿਜ਼ ਸਿੱਧੂ, ਮੋਨਾ ਜੱਜ ਅਤੇ ਤਜਿੰਦਰ ਸਿੰਘ
ਦੇ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਅਤਿ ਦੀ ਗਰਮੀ ਵਿੱਚ ਇਸ ਸਮਾਗਮ ‘ਚ
ਹਾਜ਼ਰੀ ਲਗਵਾ ਕੇ ਇਸ ਨੂੰ ਕਾਮਯਾਬ ਬਣਾਇਆ।
ਡਾ. ਕੁਲਜੀਤ ਸਿੰਘ
ਜੰਜੂਆ ਦੇ ਪ੍ਰਧਾਨਗੀ ਭਾਸ਼ਣ ਤੋਂ ਉਪਰੰਤ ਮਹਿਫ਼ਲ ਨੇ ਰੁਖਸਤੀ ਲਈ।
|