ਪਟਿਆਲਾ: 28 ਜਨਵਰੀ 2018-ਪਟਿਆਲਾ ਵਿਖੇ
ਲੁਧਿਆਣਾ ਜਿਲ੍ਹੇ ਵਿਚੋਂ ਆ ਕੇ ਵਸਣ ਵਾਲੇ ਵਿਅਕਤੀਆਂ ਦੀ ‘‘ਲੁਧਿਆਣਾ
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ’’ ਦੀ ਡਾਇਰੈਕਟਰੀ ਮੁੱਖ ਮੰਤਰੀ
ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮੋਤੀ ਬਾਗ ਪੈਲੇਸ ਵਿਖੇ ਜਾਰੀ ਕੀਤੀ।
ਇਸ ਸਮਾਗਮ ਦੇ ਕੋਆਰਡੀਨੇਟਰ ਉਜਾਗਰ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੇ
ਮੈਂਬਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ
ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਵਿਰੁਧ ਲਹਿਰ
ਸ਼ੁਰੂ ਕਰਨ ਵਿਚ ਸਵੈਇਛਤ ਸੰਸਥਾਵਾਂ ਮਹੱਤਵਪੂਰਨ ਯੋਗਦਾਨ ਪਾ ਕੇ ਸਰਕਾਰ
ਦੀਆਂ ਮਦਦਗਾਰ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ
ਸਮਾਜ ਸੇਵਾ ਦਾ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਮੈਂਬਰਾਂ
ਦਾ ਸਨਮਾਨ ਕਰਨ ਵਿਚ ਖ਼ੁਸ਼ੀ ਮਹਿਸੂਸ ਕਰਦੀ ਰਹਿੰਦੀ ਹੈ।
ਮਹਾਰਾਣੀ
ਪਰਨੀਤ ਕੌਰ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੀ
ਆਪਣਾ ਸਿਆਸੀ ਕੈਰੀਅਰ ਰੈਡ ਕਰਾਸ ਪਟਿਆਲਾ ਵਿਚ ਸਮਾਜ ਸੇਵਾ ਦੇ ਕੰਮ ਨਾਲ
ਸ਼ੁਰੂ ਕੀਤਾ ਸੀ। ਉਨ੍ਹਾਂ ਅੱਗੋਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਤੇ
ਸਮਾਜ ਸੇਵਕ ਸਰਕਾਰ ਅਤੇ ਲੋਕਾਂ ਦਰਮਿਆਨ ਕੜੀ ਦਾ ਕੰਮ ਕਰ ਸਕਦੇ ਹਨ
ਕਿਉਂਕਿ ਦਾਨੀ ਸੱਜਣ ਹਮੇਸ਼ਾ ਬੇਹਤਰੀਨ ਯੋਗਦਾਨ ਪਾਉਂਦੇ ਰਹੇ ਹਨ। ਉਜਾਗਰ
ਸਿੰਘ ਨੇ ਦੱਸਿਆ ਕਿ ਇਹ ਸੰਸਥਾ ਪਟਿਆਲਾ ਵਿਚ ਰਹਿਣ ਵਾਲੇ ਵੱਖ-ਵੱਖ
ਸਮੁਦਾਏ ਅਤੇ ਵਰਗਾਂ ਦੇ ਲੋਕਾਂ ਵਿਚ ਆਪਸੀ ਭਰਾਤਰੀ ਭਾਵ ਅਤੇ ਭਾਈਚਾਰਕ
ਸਾਂਝ ਪੈਦਾ ਕਰਨ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ ਲਾਮਬੰਦ ਢੰਗ ਨਾਲ ਮੁਹਿੰਮ
ਸ਼ੁਰੂ ਕਰਨ ਦਾ ਕੰਮ ਕਰੇਗੀ। ਨਸ਼ੇ, ਦਾਜ ਦਹੇਜ, ਭਰੂਣ ਹੱਤਿਆ, ਖ਼ੁਦਕਸ਼ੀਆਂ
ਅਤੇ ਬਲਾਤਕਾਰ ਵਰਗੀਆਂ ਘਿਨੌਣੀਆਂ ਹਰਕਤਾਂ ਦੇ ਵਿਰੁਧ ਵਿਸ਼ੇਸ ਤੌਰ ਲੋਕਾਂ
ਨੂੰ ਜਾਗਰੂਕ ਕੀਤਾ ਜਾਵੇਗਾ। ਵਿਆਹਾਂ ਅਤੇ ਮੌਤ ਦੇ ਭੋਗਾਂ ਉਪਰ ਫ਼ਜੂਲ
ਖ਼ਰਚੀ ਰੋਕਣ ਦੇ ਉਪਰਾਲੇ ਵੀ ਕੀਤੇ ਜਾਣਗੇ।
ਇਸ ਸੰਸਥਾ ਦੇ
ਮੈਂਬਰਾਂ ਦੀ ਗਿਣਤੀ 350 ਤੱਕ ਪਹੁੰਚ ਗਈ ਹੈ। ਡਾਇਰੈਕਟਰੀ ਵਿਚ ਲੁਧਿਆਣਾ
ਜਿਲ੍ਹੇ ਦੇ ਪਿਛੋਕੜ ਵਾਲੇ ਮੈਂਬਰਾਂ ਦੇ ਪਿਛਲੇ ਪਿੰਡ, ਵਰਤਮਾਨ ਪਟਿਆਲਾ
ਦੇ ਐਡਰੈਸ ਅਤੇ ਟੈਲੀਫੋਨ ਨੰਬਰ ਦਿੱਤੇ ਗਏ ਹਨ। ਇਸ ਡਾਇਰੈਕਟਰੀ ਵਿਚ
ਸਥਾਨਕ ਮਹੱਤਵਪੂਰਨ ਵਿਅਕਤੀਆਂ ਜਿਨ੍ਹਾਂ ਵਿਚ ਕਮਿਸ਼ਨਰ ਪਟਿਆਲਾ ਡਵੀਜਨ,
ਡਿਪਟੀ ਕਮਿਸ਼ਨਰ ਅਤੇ ਹੋਰ ਸਿਵਲ ਅਧਿਕਾਰੀ ਅਤੇ ਆਈ ਜੀ ਪੁਲਿਸ,
ਡੀ.ਆਈ.ਜੀ., ਐਸ.ਐਸ.ਪੀ. ਅਤੇ ਹੋਰ ਪੁਲਿਸ ਅਧਿਕਾਰੀਆਂ, ਸਰਕਾਰੀ ਅਤੇ
ਪ੍ਰਾਈਵੇਟ ਹਸਪਾਤਾਲਾਂ ਅਤੇ ਹੋਰ ਅਜਿਹੀਆਂ ਸੰਸਥਾਵਾਂ ਅਤੇ ਦਫ਼ਤਰ ਜਿਨ੍ਹਾਂ
ਦਾ ਆਮ ਲੋਕਾਂ ਨਾਲ ਵਾਹ ਵਾਸਤਾ ਰਹਿੰਦਾ ਹੈ ਦੇ ਟੈਲੀਫ਼ੋਨ ਨੰਬਰ ਵੀ ਸ਼ਾਮਲ
ਕੀਤੇ ਗਏ ਹਨ। ਇਸ ਮੌਕੇ ਮਹਾਰਣੀ ਪਰਨੀਤ ਕੌਰ ਸਾਬਕਾ ਕੇਂਦਰੀ ਮੰਤਰੀ
ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਇਸ ਮੀਟਿੰਗ ਵਿਚ ਸਰਬ ਸ੍ਰੀ ਸੁਖਦੇਵ ਮਹਿਤਾ
ਮੈਂਬਰ ਪੀ.ਪੀ.ਸੀ.ਸੀ. ਰੌਣੀ ਪੈਟਰੋਲ ਪੰਪ ਵਾਲੇ, ਇੰਦਰਜੀਤ ਸਿੰਘ
ਬੋਪਾਰਾਇ ਸਾਬਕਾ ਡਿਪਟੀ ਮੇਅਰ ਨਗਰ ਨਿਗਮ ਪਟਿਆਲਾ, ਅਸ਼ੋਕ ਰੌਣੀ ਡਿਪਟੀ
ਡਾਇਰੈਕਟਰ ਡੇਅਰੀ ਡਿਵੈਲਪਮੈਂਟ ਵਿਭਾਗ ਪੰਜਾਬ, ਈਸ਼ਵਿੰਦਰ ਸਿੰਘ ਗਰੇਵਾਲ
ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਸਵਰਨ ਸਿੰਘ ਮਾਨ ਡਿਪਟੀ ਡਾਇਰੈਕਟਰ
ਬਾਗਬਾਨੀ, ਐਡਵੋਕੇਟ ਰਿਸ਼ਵ ਮਹਿਤਾ ਵਿਦਿਆਰਥੀ ਯੂਥ ਨੇਤਾ, ਗੁਰਜੀਤ ਸਿੰਘ
ਗੁਰੀ ਸਾਬਕਾ ਐਮ.ਸੀ. ਪ੍ਰਿੰਸੀਪਲ ਬਾਬੂ ਸਿੰਘ ਗੁਰਮ, ਦਵਿੰਦਰ ਸਿੰਘ
ਭੋਲਾ, ਨਵਦੀਪ ਸਿੰਘ, ਬਲਬੀਰ ਸਿੰਘ ਗਿੱਲ, ਰਜਨੀਸ਼ ਸ਼ੋਰੀ, ਅਤੇ ਉਜਾਗਰ
ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਸ਼ਾਮਲ ਹੋਏ।
(28/01/2018)
|