ਤਪਦੇ ਹਿਰਦੇ ਠਾਰਨਾ ਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਹੀ ਹਰ
ਸਿੱਖ ਦਾ ਫ਼ਰਜ਼- ਸ਼ਰਮਾ, ਸੋਹੀ ਸ਼ਹਾਦਤ ਦੇ ਮਹੀਨੇ ਵਜੋਂ ਜਾਣੇ
ਜਾਂਦੇ ਜੂਨ ਮਹੀਨੇ ਹਰ ਸਾਲ ਦੀ ਇਸ ਵਾਰ ਵੀ ਸਾਲਾਨਾ 10ਵੀਂ ਛਬੀਲ ਲੰਡਨ
ਦੇ ਹੇਜ਼ ਕਸਬੇ ਸਥਿਤ ਪਿੰਕ ਸਿਟੀ ਵਿਖੇ ਲਗਾਈ ਗਈ ਜਿੱਥੇ ਇਲਾਕੇ ਦੀਆਂ
ਰਾਜਨੀਤਕ, ਸਮਾਜਿਕ ਅਤੇ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਨੇ ਕੜਕਦੀ
ਧੁੱਪ ਵਿੱਚ ਰਾਹਗੀਰਾਂ ਨੂੰ ਠੰਡੇ ਮਿੱਠੇ ਜਲ, ਕੋਲਡ ਡਰਿੰਕਸ
ਆਦਿ ਵਰਤਾ ਕੇ ਸੇਵਾ ਕੀਤੀ।
ਉੱਘੇ ਸਮਾਜਸੇਵੀ ਅਤੇ ਵਪਾਰੀ
ਲਖਲਿੰਦਰ ਗਿੱਲ ਕੋਕਰੀ, ਕੌਂਸਲਰ ਰਾਜੂ ਸੰਸਾਰਪੁਰੀ ਦੀ ਅਗਵਾਈ ਵਿੱਚ
ਉਲੀਕੇ ਇਸ ਉੱਦਮ ਵਿੱਚ ਸਾਊਥਾਲ ਈਲਿੰਗ ਦੇ ਸੰਸਦ ਸਦੱਸ (ਮੈਂਬਰ
ਪਾਰਲੀਮੈਂਟ) ਵੀਰੇਂਦਰ ਸ਼ਰਮਾ, ਗਰੇਟਰ ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ
ਸਹੋਤਾ, ਕੌਂਸਲਰ ਰਘਵਿੰਦਰ ਸਿੰਘ ਸਿੱਧੂ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ
ਦੇ ਸਾਬਕਾ ਪ੍ਰਧਾਨ ਹਿੰਮਤ ਸਿੰਘ ਸੋਹੀ, ਬਲਵੰਤ ਸਿੰਘ ਗਿੱਲ ਕੋਕਰੀ, ਅਵੀ
ਸੋਢੀ, ਅਜੈਬ ਸਿੰਘ ਪੁਆਰ, ਕੇਵਲ ਸਿੰਘ, ਮਹਾਂ ਸਿੰਘ ਢਿੱਲੋਂ, ਗੁਰੂ
ਜੌਹਲ, ਜਗਦੀਸ਼ ਸਿੰਘ ਜੌਹਲ, ਗੁਰਤੇਜ ਤਤਲਾ, ਤਲਵਿੰਦਰ ਸਿੰਘ ਲੱਕੀ, ਜਗਪਾਲ
ਸਿੰਘ ਗਿੱਲ, ਗੁਰਨਿੱਕ ਸਿੰਘ ਸੋਢੀ, ਹਰਪ੍ਰੀਤ ਸਿੰਘ ਕੁਲਾਰ ਆਦਿ ਨੇ
ਜਿੱਥੇ ਸਾਰਾ ਦਿਨ ਰਾਹਗੀਰਾਂ ਦੀ ਪਿਆਸ ਬੁਝਾਈ, ਉੱਥੇ ਪੀਣ ਵਾਲੇ ਪਦਾਰਥਾਂ
ਨੂੰ ਮੁਫ਼ਤ ਵਰਤਾਏ ਜਾਣ ਦੇ ਕਾਰਨਾਂ ਸੰਬੰਧੀ ਜਾਨਣ ਦੇ ਇੱਛੁਕ ਰਾਹਗੀਰਾਂ
ਨੂੰ ਸਿੱਖ ਇਤਿਹਾਸ ਵਿੱਚ ਜੂਨ ਮਹੀਨੇ ਦੀ ਅਹਿਮੀਅਤ ਅਤੇ ਛਬੀਲ ਦੇ ਪਿਛੋਕੜ
ਬਾਰੇ ਵੀ ਜਾਣਕਾਰੀ ਨਾਲੋ ਨਾਲ ਪ੍ਰਦਾਨ ਕੀਤੀ ਗਈ।
ਪਿਛਲੇ
ਲਗਾਤਾਰ 10 ਸਾਲਾਂ ਤੋਂ ਇੱਕੋ ਜਗ੍ਹਾ 'ਤੇ ਛਬੀਲ ਲਗਦੀ ਆ ਰਹੀ ਛਬੀਲ ਵਿੱਚ
ਸੇਵਾ ਕਰਨ ਲਈ ਦੂਰ ਦੁਰੇਡੇ ਤੋਂ ਸੇਵਾ ਕਰਨ ਦੇ ਇੱਛੁਕ ਵੀ ਸਵੈ ਇੱਛਾ ਨਾਲ
ਪਹੁੰਚਦੇ ਹਨ।
ਇਸ ਸਮੇਂ ਬੋਲਦਿਆਂ ਵੀਰੇਂਦਰ ਸ਼ਰਮਾ, ਡਾ: ਉਂਕਾਰ
ਸਹੋਤਾ ਤੇ ਹਿੰਮਤ ਸਿੰਘ ਸੋਹੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ
ਜਿੱਥੇ ਸਾਨੂੰ ਸਾਡੇ ਅਤੀਤ ਨਾਲ ਜੋੜੀ ਰੱਖਦੇ ਹਨ, ਉੱਥੇ ਅਸੀਂ ਭਾਈਚਾਰਕ
ਸਾਂਝ ਨੂੰ ਵੀ ਅਛੋਪਲੇ ਜਿਹੇ ਗੂੜ੍ਹੀ ਕਰ ਰਹੇ ਹੁੰਦੇ ਹਾਂ। ਅਜੋਕੇ ਹਫੜਾ
ਦਫੜੀ ਅਤੇ ਮੈਂ, ਮੇਰੀ ਦੇ ਆਲਮ ਵਿੱਚ ਅਜਿਹੇ ਉੱਦਮ ਬੇਹੱਦ ਜਰੂਰੀ ਹਨ।
|