ਬਾਂਸਲ ਪੰਜਾਬੀ ਸੰਗੀਤ ਜਗਤ ਦਾ ਤੁਰਿਆ
ਫਿਰਦਾ ਮਹਾਨ ਕੋਸ਼- ਵਰਿੰਦਰ ਸ਼ਰਮਾ
ਲੰਡਨ - ਪੰਜਾਬੀ
ਸੰਗੀਤ ਜਗਤ ਨਾਲ ਸੰਬੰਧਤ ਜਾਣਕਾਰੀ ਦੇ ਮੁਜੱਸਮੇ ਵਜੋਂ ਵਿਚਰ ਰਹੇ ਅਸ਼ੋਕ
ਬਾਂਸਲ ਮਾਨਸਾ ਅੱਜਕੱਲ੍ਹ ਇੰਗਲੈਂਡ ਦੌਰੇ 'ਤੇ ਹਨ। ਉਹਨਾਂ ਦੇ ਸਨਮਾਨ ਹਿਤ
'ਪਿੰਕ ਸਿਟੀ' ਹੇਜ਼ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ਜਿਸ
ਵਿੱਚ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਕੌਂਸਲਰ ਰਾਜੂ ਸੰਸਾਰਪੁਰੀ,
ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ, ਕੇਵਲ ਸਿੰਘ, ਅਜੈਬ ਸਿੰਘ ਪਵਾਰ, ਅਵੀ
ਸੋਢੀ ਸਮੇਤ ਸੰਗੀਤ ਪ੍ਰੇਮੀਆਂ ਤੇ ਪਤਵੰਤਿਆਂ ਨੇ ਹਾਜ਼ਰੀ ਭਰੀ।
ਜਿੱਥੇ ਇਸ ਸਮੇਂ ਅਸ਼ੋਕ ਬਾਂਸਲ ਮਾਨਸਾ ਨੂੰ ਮੈਂਬਰ ਪਾਰਲੀਮੈਂਟ ਵੀਰੇਂਦਰ
ਸ਼ਰਮਾ ਤੇ ਪਤਵੰਤਿਆਂ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ, ਉੱਥੇ ਆਪਣੇ
ਸੰਬੋਧਨ ਦੌਰਾਨ ਵੀਰੇਂਦਰ ਸ਼ਰਮਾ ਤੇ ਲਖਵਿੰਦਰ ਗਿੱਲ ਨੇ ਕਿਹਾ ਕਿ ਅਸ਼ੋਕ
ਬਾਂਸਲ ਕੋਲ ਪੰਜਾਬੀ ਸੰਗੀਤ ਜਗਤ, ਗਾਇਕਾਂ, ਗੀਤਕਾਰਾਂ, ਪੁਰਾਣੇ
ਰਿਕਾਰਡਾਂ ਆਦਿ ਨਾਲ ਸੰਬੰਧਤ ਪੁਰਾਣੀ ਤੋਂ ਪੁਰਾਣੀ ਜਾਣਕਾਰੀ ਮੂੰਹ
ਜ਼ੁਬਾਨੀ ਯਾਦ ਹੋਣਾ ਤੇ ਸਾਂਭ ਕੇ ਰੱਖਣਾ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ
ਉਹ ਆਪਣੇ ਸ਼ੌਕ ਨੂੰ ਜਨੂੰਨ ਦੀ ਹੱਦ ਤੱਕ ਪ੍ਰਣਾਇਆ ਹੋਇਆ ਹੈ।
ਸ੍ਰੀ ਸ਼ਰਮਾ ਨੇ ਉਹਨਾਂ ਦੀ ਤਾਰੀਫ਼ ਪੰਜਾਬੀ ਸੰਗੀਤ ਦੇ ਤੁਰਦੇ ਫਿਰਦੇ
ਮਹਾਨਕੋਸ਼ ਵਿਸ਼ੇਸ਼ਣ ਨਾਲ ਕੀਤੀ। ਸਨਮਾਨ ਉਪਰੰਤ ਧੰਨਵਾਦੀ ਸ਼ਬਦ ਬੋਲਦਿਆਂ
ਅਸ਼ੋਕ ਬਾਂਸਲ ਮਾਨਸਾ ਨੇ ਕਿਹਾ ਕਿ ਬੇਸ਼ੱਕ ਇਸ ਮਹਿੰਗੇ ਸ਼ੌਕ ਕਾਰਨ ਉਹਨਾਂ
ਨੇ ਲੋੜੀਂਦੀ ਆਰਥਿਕ ਤਰੱਕੀ ਤਾਂ ਨਹੀਂ ਕੀਤੀ ਪਰ ਉਹਨਾਂ ਨੂੰ ਮਾਇਆ ਨਾਲੋਂ
ਅਥਾਹ ਮਹਿੰਗਾ ਮਣਾਂਮੂੰਹੀ ਪਿਆਰ ਜਰੂਰ ਮਿਲਿਆ ਹੈ।
|