ਕੇਂਦਰ
ਸਰਕਾਰ ਪੁਨਰ ਵਸੇਬੇ ਲਈ ਠੋਸ ਯੋਜਨਾ ਬਣਾਵੇ ਰੰਜ-ਓ-ਗ਼ਮ,
ਦਰਦ-ਓ-ਅਲਮ, ਜ਼ਿੱਲਤ-ਓ-ਰੁਸਵਾਈ ਹੈ, ਹਮ ਨੇ ਯੇ ਦਿਲ
ਲਗਾਨੇ ਕੀ ਸਜ਼ਾ ਪਾਈ ਹੈ।
ਫ਼ਿਦਾ ਕੜਵੀ ਦਾ ਇਹ ਸ਼ਿਅਰ ਅਮਰੀਕਾ ਵਿੱਚ
ਗ਼ੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ ਭਾਰਤੀਆਂ ਤੇ ਹੋਰ ਦੇਸ਼ਾਂ ਦੇ ਨਾਗਰਿਕਾਂ 'ਤੇ ਐਨ
ਢੁਕ ਰਿਹਾ ਹੈ। ਬੇਸ਼ੱਕ ਉਨ੍ਹਾਂ ਨੂੰ ਦੁੱਖ, ਦਰਦ ਤੇ ਬੇਇਜ਼ਤੀ ਸਭ ਕੁਝ ਉਨ੍ਹਾਂ ਦੇ
ਦਿਲ ਦੀ ਚੰਗੀ ਜ਼ਿੰਦਗੀ ਜਿਊਣ ਦੀ ਚਾਹਤ ਲਈ ਆਪਣੀ ਜਾਨ ਅਤੇ ਪੈਸਾ ਦੋਵੇਂ ਤਲੀ 'ਤੇ
ਰੱਖਣ ਦੇ ਬਦਲੇ ਵਿਚ ਮਿਲ ਰਿਹਾ ਹੈ।
ਅਸੀਂ ਤਾਂ ਅਜੇ ਫ਼ੌਜੀ ਜਹਾਜ਼ਾਂ ਵਿਚ
ਹੱਥਕੜੀਆਂ ਤੇ ਬੇੜੀਆਂ ਲਾ ਕੇ ਭੇਜੇ ਜਾ ਰਹੇ ਭਾਰਤੀਆਂ ਤੇ ਪੰਜਾਬੀਆਂ ਦੀ ਸਥਿਤੀ
ਤੋਂ ਪ੍ਰੇਸ਼ਾਨ ਤੇ ਉਦਾਸ ਹੋ ਰਹੇ ਸਾਂ, ਪਰ ਹੁਣ ਅਮਰੀਕਾ ਨੇ ਅਮਰੀਕਾ ਵਿਚਲੇ
ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦਾ ਜੋ ਰਸਤਾ ਅਪਣਾ ਲਿਆ ਹੈ, ਉਹ ਕੁੜਿੱਕੀ
ਵਿਚ ਫਸੇ ਕਿਸਮਤ ਦੇ ਮਾਰੇ ਪ੍ਰਵਾਸੀਆਂ ਨੂੰ ਹੋਰ ਵੀ ਫ਼ਿਕਰਮੰਦ ਕਰਨ ਵਾਲਾ ਹੈ।
ਅਮਰੀਕਾ ਨੇ ਹੁਣ ਕਰੀਬ 10 ਦੇਸ਼ਾਂ ਜਿਨ੍ਹਾਂ ਵਿਚ ਭਾਰਤ ਤੋਂ ਇਲਾਵਾ ਪਾਕਿਸਤਾਨ,
ਸ੍ਰੀਲੰਕਾ ਅਤੇ ਈਰਾਨ ਵਰਗੇ ਏਸ਼ਿਆਈ ਦੇਸ਼ ਵੀ ਸ਼ਾਮਿਲ ਹਨ, ਦੇ 300 ਨਾਗਰਿਕਾਂ ਨੂੰ
ਉਨ੍ਹਾਂ ਦੇ ਦੇਸ਼ਾਂ ਵਿਚ ਭੇਜਣ ਦੀ ਬਜਾਏ ਪਨਾਮਾ ਭੇਜ ਦਿੱਤਾ ਹੈ, ਜਿੱਥੋਂ ਉਹ ਕਿੱਥੇ
ਅਤੇ ਕਿਵੇਂ ਜਾਣਗੇ ਬਾਰੇ ਅਜੇ ਕੁਝ ਪਤਾ ਨਹੀਂ।
ਬੇਸ਼ੱਕ ਇਹ 300 ਪ੍ਰਵਾਸੀ
ਨਾ ਤਾਂ ਕੈਦ ਹਨ ਤੇ ਨਾ ਹੀ ਆਜ਼ਾਦ। ਉਨ੍ਹਾਂ ਨੂੰ ਪਨਾਮਾ ਦੇ ਇਕ ਹੋਟਲ ਵਿੱਚ ਰੱਖਿਆ
ਗਿਆ ਹੈ, ਜਿੱਥੋਂ ਉਹ ਬਾਹਰ ਨਹੀਂ ਨਿਕਲ ਸਕਦੇ। ਇਨ੍ਹਾਂ ਵਿਚੋਂ 128 ਵਿਅਕਤੀਆਂ ਨੇ
ਕਿਸੇ ਵੀ ਕੀਮਤ 'ਤੇ ਆਪਣੇ ਦੇਸ਼ਾਂ ਵਿਚ ਪਰਤਣ ਤੋਂ ਨਾਂਹ ਕੀਤੀ ਹੈ, ਜਦੋਂ ਕਿ 171
ਵਿਅਕਤੀ ਆਪੋ-ਆਪਣੇ ਦੇਸ਼ਾਂ ਨੂੰ ਵਾਪਸ ਜਾਣ ਲਈ ਤਿਆਰ ਹਨ। ਬੇਸ਼ੱਕ ਇਸ ਵੇਲੇ ਸੰਯੁਕਤ
ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਅਤੇ ਅੰਤਰਰਾਸ਼ਟਰੀ ਪ੍ਰਵਾਸ ਸੰਸਥਾ ਉਨ੍ਹਾਂ ਨੂੰ ਕਿਸੇ
ਤੀਸਰੇ ਦੇਸ਼ ਵਿਚ ਵਸਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਉਹ ਕਿਸ ਦੇਸ਼ ਨੂੰ
ਪ੍ਰਵਾਨ ਹੋਣਗੇ ਅਤੇ ਉੱਥੇ ਜ਼ਿੰਦਗੀ ਕਿਹੋ ਜਿਹੀ ਹੋਵੇਗੀ, ਕਿਸੇ ਨੂੰ ਨਹੀਂ ਪਤਾ।
ਬਾਕੀ ਸ਼ਰਨਾਰਥੀਆਂ ਲਈ ਉਨ੍ਹਾਂ ਦੇ ਦੇਸ਼ਾਂ ਦੀਆਂ ਸਰਕਾਰਾਂ ਕੀ ਕਰਦੀਆਂ ਹਨ,
ਇਸ ਦਾ ਵੀ ਕੁਝ ਪਤਾ ਨਹੀਂ। ਬੇਸ਼ੱਕ ਅਸੀਂ ਸਿੱਖ ਧਰਮ ਦੇ 'ਸਰਬੱਤ ਦੇ ਭਲੇ' ਦੇ ਅਸੂਲ
ਮੁਤਾਬਿਕ ਸਭ ਲਈ ਫ਼ਿਕਰਮੰਦ ਹਾਂ, ਪਰ ਇਕ ਭਾਰਤੀ ਹੋਣ ਦੇ ਨਾਤੇ ਘੱਟੋ-ਘੱਟ ਆਪਣੀ
ਭਾਰਤੀ ਹਕੂਮਤ ਨੂੰ ਇਹ ਪੁਰਜ਼ੋਰ ਮੰਗ ਕੀਤੇ ਬਿਨਾਂ ਨਹੀਂ ਰਹਿ ਸਕਦੇ ਕਿ ਉਹ
ਘੱਟੋ-ਘੱਟ ਆਪਣੇ ਨਾਗਰਿਕਾਂ ਨੂੰ ਭਾਰਤ ਲਿਆਉਣ ਲਈ ਖ਼ੁਦ ਹੀ ਕੋਈ ਨੀਤੀ ਬਣਾਵੇ।
ਅਸਲ ਵਿਚ ਗੱਲ ਬਹੁਤ ਵੱਡੀ ਹੈ
ਇਹ ਸਿਰਫ਼ 3-4 ਸੌ
ਬੰਦਿਆਂ ਦੀ ਗੱਲ ਨਹੀਂ ਹੈ, ਫਿਲਹਾਲ ਭਾਵੇਂ ਸਿਰਫ਼ 18,000 ਭਾਰਤੀਆਂ 'ਤੇ
ਡਿਪੋਰਟ ਕਰਨ (ਜਬਰੀ ਵਾਪਸ ਭੇਜਣ) ਦੀ ਤਲਵਾਰ ਲਟਕ ਰਹੀ ਹੈ ਪਰ ਇਹ ਗਿਣਤੀ ਅਸਲ
ਵਿਚ ਲੱਖਾਂ ਵਿਚ ਹੋ ਸਕਦੀ ਹੈ।
ਅਮਰੀਕਾ ਦੇ 'ਮਾਤ੍ਰਭਾਮੀ ਸੁਰੱਖਿਆ
ਵਿਭਾਗ' ਅਨੁਸਾਰ ਅਮਰੀਕਾ ਵਿਚ ਇਸ ਵੇਲੇ 2 ਲੱਖ 20 ਹਜ਼ਾਰ ਭਾਰਤੀ ਬਿਨਾਂ ਦਸਤਾਵੇਜ਼ਾਂ
ਦੇ ਰਹਿ ਰਹੇ ਹਨ, ਪਰ ਅਮਰੀਕੀ ਸਰਕਾਰ ਜਿਨ੍ਹਾਂ ਤਿੰਨ ਸੰਸਥਾਵਾਂ ਦੇ ਅੰਕੜਿਆਂ ਨੂੰ
ਮਾਨਤਾ ਦਿੰਦੀ ਹੈ, ਉਨ੍ਹਾਂ ਵਿਚੋਂ 2 ਤਾਂ ਇਹ ਗਿਣਤੀ 5 ਤੋਂ 7 ਲੱਖ ਵਿਚਕਾਰ ਵੀ
ਦੱਸ ਰਹੀਆਂ ਹਨ। ਇਨ੍ਹਾਂ ਵਿਚੋਂ ਇਕ 'ਪੀਊ ਅਨ੍ਵੇਸ਼ਣ ਕੇਂਦਰ', ਜਿਸ ਨੂੰ ਅਮਰੀਕਾ
ਵਿਚ ਇਕ 'ਚਿੰਤਨ ਦਲ' ਦਾ ਦਰਜਾ ਹਾਸਿਲ ਹੈ, ਅਮਰੀਕਾ ਵਿਚ ਵਸਦੇ ਗ਼ੈਰ-ਕਾਨੂੰਨੀ
ਭਾਰਤੀਆਂ ਦੀ ਗਿਣਤੀ ਕਰੀਬ 7 ਲੱਖ 25 ਹਜ਼ਾਰ ਦੱਸਦਾ ਹੈ। ਜੇਕਰ ਇਨ੍ਹਾਂ ਸਾਰਿਆਂ ਨੂੰ
'ਦੇਸ਼ ਨਿਕਾਲਾ' ਕਰਨ ਦੀ ਗੱਲ ਤੁਰਦੀ ਹੈ ਤਾਂ ਇਹ ਭਾਰਤ ਲਈ ਇਕ ਆਫ਼ਤ ਵਰਗੀ ਹਾਲਤ
ਹੋਵੇਗੀ। ਇਹ ਸੱਚਮੁੱਚ ਭਾਰਤ ਸਰਕਾਰ ਲਈ ਸੋਚਣ ਦੀ ਘੜੀ ਹੈ ਕਿ ਇਨ੍ਹਾਂ ਲੋਕਾਂ ਨੂੰ
ਲਿਆਉਣ ਤੇ ਇਨ੍ਹਾਂ ਦਾ ਮੁੜ ਵਸੇਬਾ ਕਰਨ ਲਈ ਕਿਹੋ ਜਿਹੀ ਨੀਤੀ ਬਣਾਉਣ ਦੀ ਲੋੜ ਹੈ।
ਵੈਸੇ 'ਪੀਊ ਅਨ੍ਵੇਸ਼ਣ ਕੇਂਦਰ' ਦੀ ਰਿਪੋਰਟ ਜ਼ਿਆਦਾ ਸਟੀਕ ਜਾਪਦੀ ਹੈ, ਕਿਉਂਕਿ
ਅਮਰੀਕਾ ਦੇ 'ਮਾਤ੍ਰਭਾਮੀ ਸੁਰੱਖਿਆ ਵਿਭਾਗ' ਦੀ 2016 ਦੀ ਰਿਪੋਰਟ ਅਨੁਸਾਰ ਅਮਰੀਕਾ
ਵਿਚ 5 ਲੱਖ 60 ਹਜ਼ਾਰ ਭਾਰਤੀ ਗ਼ੈਰ-ਕਾਨੂੰਨੀ ਜਾਂ ਦਸਤਾਵੇਜ਼ਾਂ ਰਹਿਤ ਸਨ, ਜੋ ਹੁਣ
ਘਟਦੇ-ਘਟਦੇ 2 ਲੱਖ 20 ਹਜ਼ਾਰ ਰਹਿ ਗਏ ਹਨ, ਪਰ ਬਾਕੀ ਸੂਤਰਾਂ ਅਨੁਸਾਰ 2016 ਤੋਂ
ਬਾਅਦ ਅਮਰੀਕਾ ਵਿਚ ਭਾਰਤੀਆਂ ਦਾ ਗ਼ੈਰ-ਕਾਨੂੰਨੀ ਪ੍ਰਵਾਸ ਵਧਿਆ ਹੈ, ਘਟਿਆ ਨਹੀਂ।
ਫਿਰ ਕੈਨੇਡਾ ਤੇ ਬਰਤਾਨੀਆ ਤੋਂ ਵੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ 'ਵਾਪਸ
ਮੋੜਨ' ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ ਤੇ ਅਜਿਹੀਆਂ ਖ਼ਬਰਾਂ ਆਸਟ੍ਰੇਲੀਆ ਤੋਂ ਵੀ
ਆ ਰਹੀਆਂ ਹਨ। ਸੋ, ਜ਼ਰੂਰੀ ਹੈ ਕਿ ਭਾਰਤ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਕੋਈ
ਰਣਨੀਤੀ ਬਣਾਏ ਤੇ ਫੰਡਾਂ ਦਾ ਇੰਤਜ਼ਾਮ ਵੀ ਕਰੇ। ਨਹੀਂ ਤਾਂ ਜਿਸ ਤਰ੍ਹਾਂ ਦੀ ਜ਼ਿੱਲਤ
ਭਾਰਤੀ ਨਾਗਰਿਕਾਂ ਨੂੰ ਉਠਾਉਣੀ ਪੈ ਸਕਦੀ ਹੈ, ਉਹ ਦੇਸ਼ ਦੇ ਸਵੈਮਾਣ ਲਈ ਠੀਕ ਨਹੀਂ
ਤੇ ਨਾ-ਕਾਬਲ-ਏ-ਬਰਦਾਸ਼ਤ ਵੀ ਹੈ।
ਪ੍ਰਸਿੱਧ ਸ਼ਾਇਰ ਅੱਬਾਸ ਦਾਨਾ ਦਾ ਇਕ
ਸ਼ਿਅਰ ਹੈ ਅਣਖ ਤਾਂ ਮੰਗਤਿਆਂ ਵਿੱਚ ਵੀ ਹੁੰਦੀ ਹੈ, ਉਹ ਵੀ ਜਿਸ ਦਰਵਾਜ਼ੇ 'ਤੇ
ਉਨ੍ਹਾਂ ਨੂੰ ਜ਼ਿੱਲਤ (ਬੇਇਜ਼ਤੀ) ਮਿਲਦੀ ਹੈ, ਉਸ ਦਰਵਾਜ਼ੇ 'ਤੇ ਜਾਣਾ ਬੰਦ ਕਰ ਦਿੰਦੇ
ਹਨ। ਇਹ ਮਸਲਾ ਤਾਂ ਖ਼ੈਰ ਲੱਖਾਂ ਰੁਪਏ ਖਰਚ ਕੇ ਚੰਗੇ ਜੀਵਨ ਦੀ ਭਾਲ਼ ਵਿੱਚ ਗਏ ਹੋਏ
ਸਾਡੇ ਨਾਗਰਿਕ ਦਾ ਹੈ।
ਅਨਾ ਕੇ ਸਿੱਕੇ ਹੋਤੇ ਫ਼ਕੀਰੋਂ ਕੀ ਭੀ ਝੋਲੀ
ਮੇਂ ਜਹਾਂ ਜ਼ਿੱਲਤ ਮਿਲੇ ਉਸ ਦਰ ਪੇ ਜਾਨਾ ਛੋੜ ਦੇਤੇ ਹੈਂ।
(ਅਨਾ-ਅਣਖ)
ਧਾਮੀ ਦਾ
ਅਸਤੀਫ਼ਾ ਮੇਰੇ ਹਾਲਾਤ ਕੋ ਬਸ ਯੂੰ ਸਮਝ ਲੋ ਪਰਿੰਦੇ ਪਰ ਸ਼ਜਰ
ਰੱਖਾ ਹੂਆ ਹੈ।
ਸ਼ੁਜਾ ਖ਼ਾਵਰ ਦਾ ਇਹ ਸ਼ਿਅਰ ਮੈਨੂੰ ਉਸ ਵੇਲੇ ਯਾਦ ਆਇਆ
ਜਦੋਂ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ
ਵਾਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਹਾਲਾਤ ਸਮਝਣ ਲਈ ਗੱਲ ਕਰ
ਰਿਹਾ ਸਾਂ। ਸ਼ਜਰ ਦਾ ਅਰਥ ਰੁੱਖ ਹੁੰਦਾ ਹੈ ਤੇ ਮੈਨੂੰ ਉਨ੍ਹਾਂ ਦੀ ਹਾਲਤ ਉਸ ਪੰਛੀ
ਵਰਗੀ ਹੀ ਜਾਪੀ, ਜੋ ਦਰੱਖਤ 'ਤੇ ਬੈਠਾ ਹੋਇਆ ਨਹੀਂ, ਸਗੋਂ ਸਾਰਾ ਦਰੱਖਤ ਉਸ ਉਤੇ
ਰੱਖ ਦਿੱਤਾ ਗਿਆ ਹੋਵੇ। ਉਹ ਸੱਚਮੁੱਚ ਹੀ ਹਾਲਾਤ ਦੇ ਬੋਝ ਦੇ ਦਬਾਅ ਤੋਂ ਬਹੁਤ
ਪ੍ਰੇਸ਼ਾਨ ਜਾਪੇ, ਪਰ ਧਾਮੀ ਦੇ ਅਸਤੀਫ਼ੇ ਨੇ ਅਕਾਲੀ ਦਲ, ਸਿੱਖ ਰਾਜਨੀਤੀ ਤੇ ਸਿੱਖ
ਧਾਰਮਿਕ ਸਥਿਤੀ ਦੀ ਹਾਲਤ ਨੂੰ ਹੋਰ ਉਲਝਾ ਦਿੱਤਾ ਹੈ।
ਅਕਾਲੀ ਦਲ, ਧਾਮੀ
ਨੂੰ ਅਸਤੀਫ਼ਾ ਵਾਪਸ ਲੈਣ ਲਈ ਮਨਾਉਣ ਦੇ ਯਤਨ ਕਰ ਰਿਹਾ ਹੈ, ਪਰ ਇਸ ਗੱਲ ਦੀ ਉਮੀਦ
ਹੁਣ ਬਹੁਤ ਘੱਟ ਜਾਪਦੀ ਹੈ ਕਿ ਉਹ ਹੁਣ ਅਸਤੀਫ਼ਾ ਵਾਪਸ ਲੈਣਗੇ। ਦੂਸਰੀ ਸਥਿਤੀ ਇਹ ਹੋ
ਸਕਦੀ ਹੈ ਕਿ 'ਸ਼੍ਰੋਮਣੀ ਕਮੇਟੀ' ਦੀ ਕਾਰਜਕਾਰਨੀ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਾ
ਕਰੇ, ਪਰ ਜਿਸ ਤਰ੍ਹਾਂ ਦਾ ਪ੍ਰਭਾਵ ਉਨ੍ਹਾਂ ਨਾਲ ਗੱਲ ਕਰਨ ਤੋਂ ਬਣਿਆ ਹੈ, ਉਸ ਤੋਂ
ਤਾਂ ਇਹੀ ਜਾਪਦਾ ਹੈ ਕਿ ਅਸਤੀਫ਼ਾ ਅਪ੍ਰਵਾਨ ਹੋਣ ਦੀ ਸੂਰਤ ਵਿਚ ਵੀ ਉਹ ਸ਼ਾਇਦ ਦੁਬਾਰਾ
ਅਹੁਦਾ ਨਹੀਂ ਸੰਭਾਲਣਗੇ। ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਸ੍ਰੀ ਅਕਾਲ ਤਖ਼ਤ
ਸਾਹਿਬ ਦੇ ਜਥੇਦਾਰ ਸ. ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ 'ਤੇ ਸਿੰਘ ਸਾਹਿਬਾਨ ਵਲੋਂ
ਅਕਾਲੀ ਦਲ ਦੀ ਨਵੀਂ ਭਰਤੀ ਲਈ ਬਣਾਈ ਗਈ 7 ਮੈਂਬਰੀ ਕਮੇਟੀ ਦੇ ਸੰਕਟ ਸੰਬੰਧੀ ਕੀ
ਪਹੁੰਚ ਅਖ਼ਤਿਆਰ ਕਰਦੇ ਹਨ?
ਸਾਡੀ ਜਾਣਕਾਰੀ ਅਨੁਸਾਰ ਇਨ੍ਹਾਂ ਹਾਲਤਾਂ ਵਿਚ
ਇਕ ਤਰੀਕਾ ਤਾਂ ਇਹ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਜਾਵੇ। ਇਸ ਨਾਲ
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਆਪਣੇ-ਆਪ ਹੀ
ਕਾਰਜਕਾਰੀ ਪ੍ਰਧਾਨ ਬਣ ਜਾਣਗੇ। ਹਾਲਾਂਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਵਲੋਂ ਉਨ੍ਹਾਂ 'ਤੇ ਲਾਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਇਹ ਸੌਖਾ ਨਹੀਂ ਰਿਹਾ ਜਾਂ ਫਿਰ
ਇਕ ਹੋਰ ਰਸਤਾ ਹੈ ਕਿ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ
ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਬੁਲਾ ਕੇ ਸ਼੍ਰੋਮਣੀ ਕਮੇਟੀ ਦੇ ਕਿਸੇ
ਜਨਰਲ ਮੈਂਬਰ ਨੂੰ ਕਾਰਜਕਾਰਨੀ ਵਿਚ ਸ਼ਾਮਿਲ ਕਰ ਲਿਆ ਜਾਵੇ ਤੇ ਨਵੇਂ ਕਾਰਜਕਾਰੀ
ਮੈਂਬਰ ਸਮੇਤ ਕਾਰਜਕਾਰਨੀ ਦੇ ਕਿਸੇ ਮੈਂਬਰ ਨੂੰ ਕਾਰਜਕਾਰੀ ਨਵਾਂ ਪ੍ਰਧਾਨ ਚੁਣ ਲਿਆ
ਜਾਵੇ।
ਅਜਿਹਾ ਅਕਾਲੀ ਦਲ ਬਾਦਲ ਅਤੇ ਸਰਬਹਿੰਦ ਅਕਾਲੀ ਦਲ ਦੇ ਮੁੜ ਰਲੇਵੇਂ
ਵੇਲੇ ਵੀ ਹੋਇਆ ਸੀ, ਜਦੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਥਾਂ ਜਥੇ. ਗੁਰਚਰਨ
ਸਿੰਘ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦਾ ਦੁਬਾਰਾ ਪ੍ਰਧਾਨ ਬਣਾਇਆ ਗਿਆ ਸੀ। ਨਹੀਂ ਤਾਂ
ਜੇਕਰ ਸੀਨੀਅਰ ਮੀਤ ਪ੍ਰਧਾਨ ਵਿਰਕ ਨੂੰ ਇਕ ਵਾਰ ਕਾਰਜਕਾਰੀ ਪ੍ਰਧਾਨ ਬਣਾ ਲਿਆ ਗਿਆ
ਤਾਂ ਫਿਰ ਉਹ ਅਗਲੀ ਚੋਣ ਤੱਕ ਕਾਰਜਕਾਰੀ ਪ੍ਰਧਾਨ ਹੀ ਰਹਿਣਗੇ। ਉਸ ਤੋਂ ਬਾਅਦ ਨਵਾਂ
ਪ੍ਰਧਾਨ ਚੁਣਨ ਲਈ ਜਨਰਲ ਹਾਊਸ ਹੀ ਬਲਾਉਣਾ ਪਵੇਗਾ।
ਸਿਰਸਾ ਦਾ
ਮੰਤਰੀ ਬਣਨਾ
ਹਾਲਾਂਕਿ ਇਸ ਗੱਲ ਦੀ ਬਹੁਤ ਆਸ ਸੀ ਕਿ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਦੁਨੀਆ ਨੂੰ ਇਹ ਸੰਦੇਸ਼ ਦੇਣ ਲਈ ਕਿ ਭਾਰਤ ਵਿਚ ਘੱਟ-ਗਿਣਤੀਆਂ
ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ, ਇਕ ਸਿੱਖ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ
ਸਕਦੇ ਹਨ। ਕਿਉਂਕਿ ਉਨ੍ਹਾਂ ਕੋਲ ਇਕ ਵੀ ਮੁਸਲਮਾਨ ਵਿਧਾਇਕ ਨਹੀਂ। ਗੌਰਤਲਬ ਹੈ ਕਿ
ਆਜ਼ਾਦੀ ਤੋਂ ਬਾਅਦ ਦਿੱਲੀ ਦਾ ਦੂਜਾ ਮੁੱਖ ਮੰਤਰੀ ਇਕ ਸਿੱਖ ਗੁਰਮੁੱਖ ਨਿਹਾਲ ਸਿੰਘ
ਸੀ ਅਤੇ ਦਿੱਲੀ ਦਾ ਮੇਅਰ ਵੀ ਕਰੀਬ ਇੱਕ ਦਹਾਕੇ ਤੱਕ ਇੱਕ ਸਿੱਖ ਬਾਬਾ
ਬਚਿੱਤਰ ਸਿੰਘ ਰਿਹਾ, ਜੋ ਵਿਦੇਸ਼ ਤੋਂ ਆਉਣ ਵਾਲੇ ਨੇਤਾਵਾਂ ਨੂੰ ਨਿਯਮਤ ਨੀਤੀ ਅਧੀਨ
ਹਵਾਈ ਅੱਡੇ 'ਤੇ ਲੈਣ ਵੀ ਜਾਂਦੇ ਰਹੇ ਤੇ ਉਨ੍ਹਾਂ ਦੀਆਂ ਤਸਵੀਰਾਂ ਦੇਸ਼ ਦੇ
ਧਰਮ-ਨਿਰਪੱਖ ਹੋਣ ਦਾ ਪ੍ਰਚਾਰ ਕਰਦੀਆਂ ਰਹੀਆਂ।
ਪਰ ਸ਼ਾਇਦ ਭਾਜਪਾ ਲਈ ਆ
ਰਹੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਇਕ ਹਿੰਦੂ ਔਰਤ ਰੇਖਾ ਗੁਪਤਾ ਦਾ ਮੁੱਖ ਮੰਤਰੀ
ਬਣਨਾ ਜ਼ਿਆਦਾ ਲਾਹੇਵੰਦ ਹੈ। ਫਿਰ ਇਹ ਬਰਾਦਰੀ ਅਰਵਿੰਦ ਕੇਜਰੀਵਾਲ ਨਾਲ ਜ਼ਿਆਦਾ ਜੁੜੀ
ਹੋਈ ਮੰਨੀ ਜਾਂਦੀ ਹੈ। ਇਸ ਲਈ ਕੇਜਰੀਵਾਲ ਦੀ ਰਾਜਨੀਤੀ ਖ਼ਤਮ ਕਰਨ ਲਈ ਵੀ ਰੇਖਾ
ਗੁਪਤਾ ਸ਼ਾਇਦ ਭਾਜਪਾ ਹਾਈਕਮਾਨ ਨੂੰ ਜ਼ਿਆਦਾ ਰਾਸ ਆਵੇਗੀ। ਹਾਲਾਂਕਿ
ਕੇਜਰੀਵਾਲ ਦੀ ਤਿੱਖੀ ਰਾਜਨੀਤੀ ਦਾ ਜਵਾਬ ਦੇਣ ਵਿੱਚ ਮਨਜਿੰਦਰ ਸਿੰਘ ਸਿਰਸਾ ਜ਼ਿਆਦਾ
ਹਾਜ਼ਰ ਜਵਾਬ ਮੰਨੇ ਜਾਂਦੇ ਹਨ। ਉਂਝ ਵੀ ਭਾਜਪਾ ਕੋਲ ਕੋਈ ਔਰਤ ਮੁੱਖ ਮੰਤਰੀ ਨਹੀਂ ਸੀ
ਪਰ ਫਿਰ ਵੀ ਖ਼ੁਸ਼ੀ ਦੀ ਗੱਲ ਹੈ ਕਿ ਭਾਜਪਾ ਨੇ ਇਕ ਸਿੱਖ ਮਨਜਿੰਦਰ ਸਿੰਘ ਸਿਰਸਾ ਨੂੰ
ਦਿੱਲੀ ਵਿੱਚ ਕੈਬਨਿਟ ਮੰਤਰੀ ਬਣਾਇਆ ਹੈ।
ਨਹੀਂ ਤਾਂ 'ਆਪ' ਤੇ ਕੇਜਰੀਵਾਲ
ਨੇ ਤਾਂ ਦਿੱਲੀ ਸਰਕਾਰ ਵਿਚ ਸਿੱਖਾਂ ਨੂੰ ਅੱਖੋਂ-ਪਰੋਖੇ ਹੀ ਕੀਤਾ ਹੋਇਆ ਸੀ। ਇਹ ਵੀ
ਚੰਗੀ ਗੱਲ ਹੈ ਕਿ ਸਿਰਸਾ ਨੇ ਆਪਣੇ ਅਹੁਦੇ ਦੀ ਸਹੁੰ ਪੰਜਾਬੀ ਵਿਚ ਚੁੱਕੀ ਹੈ,
ਉਹਨਾਂ ਸਿੱਖ ਫਤਹਿ ਵੀ ਬੁਲਾਈ, ਆਸ ਤਾਂ ਕੀਤੀ ਜਾ ਸਕਦੀ ਹੈ ਕਿ ਉਹ ਦਿੱਲੀ ਵਿਚ
ਪੰਜਾਬੀ ਦੀ ਹੋ ਰਹੀ ਅਣਦੇਖੀ ਰੋਕਣ ਅਤੇ ਤਰੱਕੀ ਲਈ ਤੇ ਸ਼ਾਇਦ ਕੁਝ ਸਥਾਨਕ ਸਿੱਖ
ਮਸਲਿਆਂ ਦੇ ਹੱਲ ਵਿਚ ਵੀ ਸਹਾਇਕ ਹੋਣਗੇ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਮੋਬਾਈਲ : 92168-60000
E. mail : hslall@ymail.com
|