WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਹੀਰੋ, ਕਾਂਗਰਸ ਜ਼ੀਰੋ ਤੇ ਆਮ ਆਦਮੀ ਪਾਰਟੀ ਲੀਰੋ-ਲੀਰ
ਉਜਾਗਰ ਸਿੰਘ                          (12/02/2025)

 08ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿੱਚੋਂ ਹਾਰਨ ਨਾਲ ਭਗਵੰਤ ਮਾਨ ਨੂੰ ਸੁੱਖ ਦਾ ਸਾਹ ਆਉਣ ਦੀ ਉਮੀਦ ਬੱਝ ਗਈ ਹੈ। ਹੁਣ ਉਹ ਪੰਜਾਬ ਵਿੱਚ ਦਖ਼ਲ ਨਹੀਂ ਦੇ ਸਕੇਗਾ।

ਭਗਵੰਤ ਮਾਨ ਨੂੰ ਪਾਰਟੀ ‘ਤੇ ਪਕੜ ਬਣਾਉਣ ਦਾ ਮੌਕਾ ਮਿਲ ਗਿਆ ਹੈ। ਬਦਲਾਓ ਦੇ ਮੁੱਦੇ ਨਾਲ ਦਿੱਲੀ ਦੇ ਤਖ਼ਤ ਨੂੰ ਸਰ ਕਰਨ ਵਾਲਾ ਕੇਜਰੀਵਾਲ ਦਾ ਛੇਤੀ ਹੀ ਬਾਕੀ ਸਿਆਸੀ ਪਾਰਟੀਆਂ ਦੇ ਰਾਹ ‘ਤੇ ਤੁਰਨ ਕਰਕੇ ਦਿੱਲੀ ਵਿੱਚੋਂ ਸਫ਼ਾਇਆ ਹੋ ਗਿਆ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਨਾਲ 27 ਸਾਲ ਬਾਅਦ 'ਭਾਰਤੀ ਜਨਤਾ ਪਾਰਟੀ' ਦਾ ਕਮਲ ਦਾ ਫੁੱਲ ਦਿੱਲੀ ਵਿੱਚ ਖਿੜਨ ਜਾ ਰਿਹਾ ਹੈ।

1993 ਵਿੱਚ ਦਿੱਲੀ ਵਿਧਾਨ ਸਭਾ ਦੀਆਂ ਪਹਿਲੀਆਂ ਚੋਣਾਂ ਵਿੱਚ 'ਭਾਰਤੀ ਜਨਤਾ ਪਾਰਟੀ' ਨੇ 70 ਵਿੱਚੋਂ 49 ਸੀਟਾਂ ਜਿੱਤਕੇ ਇੱਕ ਪੰਜਾਬੀ ਮਦਨ ਲਾਲ ਖੁਰਾਣਾ ਨੂੰ ਮੁੱਖ ਮੰਤਰੀ ਬਣਾਇਆ ਸੀ। ਉਦੋਂ ਭਾਜਪਾ ਨੂੰ ਪੰਜਾਂ ਸਾਲਾਂ ਵਿੱਚ ਤਿੰਨ ਮੁੱਖ ਮੰਤਰੀ ਬਦਲਣੇ ਪਏ।

ਸਾਹਿਬ ਸਿੰਘ ਵਰਮਾ ਮੁੱਖ ਮੰਤਰੀ ਬਣੇ ਤੇ ਫਿਰ ਸ਼ੁਸ਼ਮਾ ਸਵਰਾਜ 51 ਦਿਨਾ ਲਈ ਪਹਿਲੀ ਇਸਤਰੀ ਮੁੱਖ ਮੰਤਰੀ ਬਣੀ। ਉਸ ਤੋਂ ਬਾਅਦ 1998 ਵਿੱਚ ਕਾਂਗਰਸ ਪਾਰਟੀ ਨੇ 52 ਸੀਟਾਂ ਜਿੱਤੀਆਂ ਤੇ ਸ਼ੀਲਾ ਦੀਕਸ਼ਤ ਦੂਜੀ ਇਸਤਰੀ ਮੁੱਖ ਮੰਤਰੀ ਬਣੀ, ਜੋ ਪੰਦਰਾਂ ਸਾਲ ਲਗਾਤਾਰ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਰਹੀ। ਉਸਨੇ ਦਿੱਲੀ ਦਾ ਅਥਾਹ ਵਿਕਾਸ ਕਰਵਾਇਆ। ਪਹਿਲੇ ਚਾਰੇ ਮੁੱਖ ਮੰਤਰੀ ਪੰਜਾਬੀ ਸਨ।

2013 ਵਿੱਚ 'ਆਮ ਆਦਮੀ ਪਾਰਟੀ' ਨੇ 28 ਸੀਟਾਂ ਜਿੱਤੀਆਂ ਅਤੇ ਕਾਂਗਰਸ ਦੇ ਅੱਠ ਮੈਂਬਰਾਂ ਦੀ ਬਾਹਰੋਂ ਸਪੋਰਟ ਨਾਲ ਸਰਕਾਰ ਬਣਾਈ, ਹਾਲਾਂ ਕਿ ਭਾਰਤੀ ਜਨਤਾ ਪਾਰਟੀ 31 ਸੀਟਾਂ ਜਿੱਤਕੇ ਵੱਡੀ ਪਾਰਟੀ ਸੀ। ਕੇਜਰੀਵਾਲ ਦੀ ਸਰਕਾਰ ਸਿਰਫ਼ 49 ਦਿਨ ਰਹੀ, ਦੁਬਾਰਾ ਫਰਵਰੀ 2015 ਵਿੱਚ ਆਮ ਆਦਮੀ ਪਾਰਟੀ 67 ਸੀਟਾਂ ਜਿੱਤ ਗਈ ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ। 2020 ਵਿੱਚ ਫਿਰ ਆਮ ਆਦਮੀ ਪਾਰਟੀ ਨੇ 62 ਸੀਟਾਂ ਜਿੱਤੀਆਂ ਤੇ ਕੇਜਰੀਵਾਲ ਮੁੱਖ ਮੰਤਰੀ ਬਣੇ।

ਫਰਵਰੀ 2025 ਵਿੱਚ ਹੋਈਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ 48 ਸੀਟਾਂ ਜਿੱਤ ਗਈ, ਆਮ ਆਦਮੀ ਪਾਰਟੀ 22 ਤੇ ਸਿਮਟ ਗਈ ਤੇ ਕਾਂਗਰਸ ਕੋਈ ਸੀਟ ਨਹੀਂ ਜਿੱਤ ਸਕੀ। ਅਰਵਿੰਦ ਕੇਜਰੀਵਾਲ ਜਿਤਨਾ ਚਿਰ ਮੁੱਖ ਮੰਤਰੀ ਰਹੇ ਭਾਰਤੀ ਜਨਤਾ ਪਾਰਟੀ ਨਾਲ ਇੱਟ ਖੜੱਕਾ ਰਿਹਾ। ਕੇਜਰੀਵਾਲ ਹਮੇਸ਼ਾ ਕੇਂਦਰ ਸਰਕਾਰ ਨਾਲ ਟਕਰਾਓ ਦੀ ਸਿਆਸਤ ਕਰਦੇ ਰਹੇ ਹਨ। ਗੱਲਾਂ ਦਾ ਕੜਾਹ ਬਣਾਉਣਾ ਕੇਜਰੀਵਾਲ ਨੂੰ ਆਉਂਦਾ ਹੈ ਪ੍ਰੰਤੂ ਇਸ ਵਾਰ ਵਿਧਾਨ ਸਭਾ ਚੋਣਾ ਵਿੱਚ ਉਨ੍ਹਾਂ ਕੜਾਹ ਬਣਾਉਣ ਦੀ ਥਾਂ ਕੜ੍ਹੀ ਘੋਲ ਦਿੱਤੀ।

ਕੁਦਰਤ ਦਾ ਨਿਯਮ ਹੈ, ਜਿਵੇਂ ਸਵੇਰੇ ਸੂਰਜ ਚੜ੍ਹਦਾ ਹੈ ਤਾਂ ਸ਼ਾਮ ਨੂੰ ਛਿਪ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਇੱਕ ਵਾਰ ਰਾਜ ਦਰਬਾਰ ਦਾ ਮਾਲਕ ਬਣਦਾ ਹੈ, ਇੱਕ-ਨਾ-ਇੱਕ ਦਿਨ ਉਸਨੇ ਗੱਦੀ ਤੋਂ ਉਤਰਨਾ ਹੁੰਦਾ ਹੈ। ਅਰਵਿੰਦ ਕੇਜਰੀਵਾਲ ਆਪਣੇ ਘੁਮੰਡ ਕਰਕੇ ਉਸਨੂੰ ਆਪਣੀ ਸਿਆਸਤ ਦੀ ਕੁਰਸੀ ਦਾ ਸੂਰਜ ਡੁੱਬਣ ਦੀ ਉਮੀਦ ਹੀ ਨਹੀਂ ਸੀ, ਉਹ ਕੁਦਰਤ ਦੇ ਨਿਯਮ ਨੂੰ ਬਦਲਣਾ ਚਾਹੁੰਦਾ ਸੀ ਪ੍ਰੰਤੂ ਕੁਦਰਤ ਨੂੰ ਮਾਤ ਦੇਣਾ ਇਨਸਾਨ ਦੇ ਵਸ ਦੀ ਗੱਲ ਨਹੀਂ। ਇਸ ਕਰਕੇ ਹੀ ਕੇਜਰੀਵਾਲ ਦਾ ਝੂਠੀ ਬਿਆਨਬਾਜ਼ੀ ਨਾਲ ਬਿਨਾ ਨੀਂਹਾਂ ਦੇ ਉਸਾਰਿਆ ਮਹਿਲ ਢਹਿ ਢੇਰੀ ਹੋ ਗਿਆ।

ਯੂ.ਪੀ.ਏ ਸਰਕਾਰ ਵਿਰੁੱਧ ਨਵੰਬਰ 2011 ਵਿੱਚ ਸਮਾਜ ਸੇਵਕ 'ਅੰਨਾ ਹਜ਼ਾਰੇ' ਨੇ ਉਚ ਅਹੁਦਿਆਂ ਤੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਸ਼ਕਤੀਸ਼ਾਲੀ 'ਜਨ ਲੋਕ ਪਾਲ' ਨਿਯੁਕਤ ਕਰਨ ਦਾ ਕਾਨੂੰਨ ਬਣਾਉਣ ਲਈ ਦਿੱਲੀ ਵਿਖੇ ਅੰਦੋਲਨ ਸ਼ੁਰੂ ਕੀਤਾ ਸੀ। ਭਾਰਤੀ ਜਨਤਾ ਪਾਰਟੀ ਨੇ ਅੰਦਰਖਾਤੇ ਉਸਦੇ ਅੰਦੋਲਨ ਦੀ ਸਪੋਰਟ ਕੀਤੀ ਸੀ। ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਉਸ ਸਮੇਂ ਅੰਨਾ ਹਜ਼ਾਰੇ ਦੀ ਲੋਕ ਲਹਿਰ ਬਣ ਗਈ, ਜਿਸ ਕਰਕੇ ਲੋਕਾਂ ਦਾ ਹਜੂਮ ਉਨ੍ਹਾਂ ਨਾਲ ਜੁੜ ਗਿਆ ਸੀ।

ਅਰਵਿੰਦ ਕੇਜਰੀਵਾਲ ਨੇ ਲੋਕਾਂ ਦੇ ਉਤਸ਼ਾਹ ਦਾ ਲਾਭ ਉਠਾਉਂਦਿਆਂ। 20 ਨਵੰਬਰ 2012 ਨੂੰ ਆਮ ਆਦਮੀ ਪਾਰਟੀ ਦੀ ਸਥਾਪਨਾ ਕਰ ਲਈ ਸੀ। ਹਾਲਾਂਕਿ ਅੰਨਾ ਹਜ਼ਾਰੇ ਸਿਆਸੀ ਪਾਰਟੀ ਬਣਾਉਣ ਲਈ ਕੇਜਰੀਵਾਲ ਨੂੰ ਰੋਕਦਾ ਰਿਹਾ ਪ੍ਰੰਤੂ ਅਰਵਿੰਦ ਕੇਜ਼ਰੀਵਾਲ ਨੇ ਅੰਨਾ ਹਜ਼ਾਰੇ ਦੀ ਪ੍ਰਵਾਹ ਨਾ ਕਰਦਿਆਂ ਆਪ ਮੁਹਾਰੇ ਹੋ ਕੇ ਆਮ ਆਦਮੀ ਪਾਰਟੀ ਬਣਾ ਲਈ ਸੀ। 

ਆਮ ਆਦਮੀ ਪਾਰਟੀ ਵਾ-ਵਰੋਲੇ ਦੀ ਤਰ੍ਹਾਂ ਸਿਆਸੀ ਸੀਨ ‘ਤੇ ਆਈ ਸੀ, ਉਸੇ ਤਰ੍ਹਾਂ ਜਿਵੇਂ ਵਾ-ਵਰੋਲਾ ਚੰਦ ਮਿੰਟਾਂ ਵਿੱਚ ਅਸਮਾਨ ਵਿੱਚ ਪਹੁੰਚਦਾ ਤੇ ਫਿਰ ਜਲਦੀ ਹੀ ਤੀਲਾ-ਤੀਲਾ ਹੋ ਕੇ ਧਰਤੀ ‘ਤੇ ਬਿਖਰ ਜਾਂਦਾ ਹੈ, ਉਸੇ ਤਰ੍ਹਾਂ ਦਿੱਲੀ ਵਿੱਚ ਫਰਵਰੀ 2025 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਕੇ ਖਿੰਡ ਗਿਆ। ਅਰਵਿੰਦ ਕੇਜਰੀਵਾਲ ਸਥਾਪਤ ਪਾਰਟੀਆਂ ਤੋਂ ਵੱਖਰਾ ਢੰਗ ਵਰਤਕੇ ਸਿਆਸਤ ਵਿੱਚ ਬਦਲਾਓ ਲਿਆਉਣ ਦੇ ਦਾਅਵੇ ਕਰਦਾ ਸੀ। ਉਹ ਵਾਅਦੇ ਵਫ਼ਾ ਨਹੀਂ ਹੋਏ।

ਭ੍ਰਿਸ਼ਟਾਚਾਰ ਮੁਕਤ ਪਾਰਦਰਸ਼ੀ ਪ੍ਰਸ਼ਾਸ਼ਨ, ਸ਼ਕਤੀਸ਼ਾਲੀ ਲੋਕ ਪਾਲ ਦੀ ਨਿਯੁਕਤੀ, ਵੀ.ਆਈ.ਪੀ.ਕਲਚਰ ਖ਼ਤਮ ਕਰਨ, ਸੁਰੱਖਿਆ ਦੀ ਛੱਤਰੀ ਤੋਂ ਬਿਨਾ ਸਿਆਸਤ ਕਰਨ, ਸਾਦਗੀ ਨਾਲ ਜੀਵਨ ਬਸਰ ਕਰਨ, ਵੱਡੀਆਂ ਗੱਡੀਆਂ ਤੇ ਵੱਡੇ ਘਰ ਨਾ ਲੈਣਾ ਅਤੇ ਵਿਕਾਸ ਸਕੀਮਾ ਤੇ ਰਾਜਨੀਤਕ ਫ਼ੈਸਲੇ ਲੈਣ ਵਿੱਚ ਲੋਕਾਂ ਦੀ ਭਾਗੇਦਾਰੀ ਵਾਅਦਿਆਂ ਦੇ ਲਾਰਿਆਂ ਨਾਲ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਸਰਕਾਰ ਬਣਾਉਣ ਵਿੱਚ ਸਫ਼ਲ ਹੋਈ ਸੀ। ਦਿੱਲੀ ਦੇ ਲੋਕ 10 ਸਾਲ ਆਮ ਆਦਮੀ ਪਾਰਟੀ ਤੋਂ ਕੀਤੇ ਵਾਅਦਿਆਂ ਅਤੇ ਗਰੰਟੀਆਂ ਦੇ ਪੂਰੇ ਹੋਣ ਦੀ ਉਡੀਕ ਕਰਦੇ ਰਹੇ।

ਆਮ ਆਦਮੀ ਪਾਰਟੀ  ਨੇ ਦਿੱਲੀ ਦੇ ਲੋਕਾਂ ਨਾਲ ਜਦੋਂ ਵਾਅਦੇ ਪੂਰੇ ਨਹੀਂ ਕੀਤੇ ਤਾਂ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ।

ਅਰਵਿੰਦ ਕੇਜਰੀਵਾਲ ਦੇ ਘੁਮੰਡੀ, ਆਪ ਹੁਦਰੇਪਣ ਅਤੇ ਏਕਾਅਧਿਕਾਰ ਵਾਲੇ ਰਵੱਈਏ ਕਰਕੇ ਪਾਰਟੀ ਦੇ ਸੀਨੀਅਰ ਨੇਤਾ ਪਾਰਟੀ ਨੂੰ ਅਲਵਿਦਾ ਕਹਿ ਗਏ ਤੇ ਕੁਝ ਨੂੰ ਉਸਨੇ ਆਪਣੇ ਰਸਤੇ ਦਾ ਰੋੜਾ ਸਮਝਦਿਆਂ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਝੂਠ, ਘੁਮੰਡ ਅਤੇ ਲਾਰਿਆਂ ਦਾ ਮਹਿਲ ਲੜਖੜਾ ਗਿਆ ਹੈ। ਕਹਿਣੀ ਤੇ ਕਰਨੀ ਦੇ ਅੰਤਰ ਦਾ ਖ਼ਮਿਆਜਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੌਰਭ ਭਾਰਦਵਾਜ਼, ਸਤਿੰਦਰ ਜੈਨ ਅਤੇ ਦੁਰਗੇਸ਼ ਪਾਠਕ ਨੂੰ ਬੁਰੀ ਤਰ੍ਹਾਂ ਚੋਣ ਹਾਰ ਕੇ ਭੁਗਤਣਾ ਪਿਆ।

ਇਸਤਰੀਆਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ 11 ਸਾਲ ਵਿੱਚ ਪੂਰਾ ਨਹੀਂ ਕੀਤਾ, ਸਗੋਂ 2025 ਦੀ ਚੋਣ ਵਿੱਚ 2,500 ਰੁਪਏ ਦੇਣ ਦਾ ਐਲਾਨ ਕਰ ਦਿੱਤਾ। ਅਜਿਹੇ ਫੋਕੇ ਵਾਅਦੇ ਤੇ ਗਰੰਟੀਆਂ ਹੀ ਕੇਜਰੀਵਾਲ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਕਰ ਗਏ।  ਸਾਦਗੀ ਦੀ ਡੌਂਡੀ ਪਿੱਟਦੇ ਹੋਇਆਂ ਕੇਜਰੀਵਾਲ ਨੇ ਆਪਣੇ ਰਹਿਣ ਲਈ 48 ਕਰੋੜ ਰੁਪਏ ਨਾਲ ਸ਼ੀਸ਼ ਮਹਿਲ ਦੀ ਉਸਾਰੀ ਕਰ ਲਈ। ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਆਪਣੇ ਆਪ ਨੂੰ ਕੱਟੜ ਇਮਾਨਦਾਰ ਸਾਬਤ ਕਰਦਿਆਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਲੋਕਾਂ ਕੋਲ ਪਾਰਦਰਸ਼ਤਾ ਦਾ ਭਾਂਡਾ ਫੁੱਟ ਗਿਆ। ਲਾਲ ਬੱਤੀ ਕਲਚਰ ਤੇ ਸੁਰੱਖਿਆ ਦਾ ਰੌਲਾ ਪਾਉਂਦੇ ਰਹੇ ਪ੍ਰੰਤੂ ਖੁਦ ਲਈ ਪੰਜਾਬ ਪੁਲਿਸ ਦੇ 100 ਮੁਲਾਜ਼ਮਾ ਨੂੰ ਸੁਰੱਖਿਆ ਲਈ ਨਿਯੁਕਤ ਕਰਵਾ ਰੱਖਿਆ ਸੀ। ਸਾਰੇ ਵਾਅਦੇ ਝੂਠ ਦਾ ਪੁਲੰਦਾ ਸਾਬਤ ਹੋ ਗਏ। ਇਨਕਲਾਬ ਦਾ ਮਖੌਟਾ ਉਤਰ ਗਿਆ ਹੈ।

ਭਾਰਤੀ ਜਨਤਾ ਪਾਰਨੀ ਨੇ 48 ਵਿਧਾਨ ਸਭਾ ਦੀਆਂ ਸੀਟਾਂ ਜਿੱਤਕੇ 45.6 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ, ਜਦੋਂ ਕਿ ਆਮ ਆਦਮੀ ਪਾਰਟੀ ਨੇ 22 ਸੀਟਾਂ ਜਿੱਤਕੇ 43.6 ਫ਼ੀ ਸਦੀ ਵੋਟਾਂ ਲਈਆਂ ਹਨ। ਦੋਹਾਂ ਪਾਰਟੀਆਂ ਦਾ ਸਿਰਫ਼ 2 ਫ਼ੀ ਸਦੀ ਵੋਟਾਂ ਦਾ ਅੰਤਰ ਹੈ। ਕਾਂਗਰਸ ਪਾਰਟੀ ਨੂੰ 6.34 ਫ਼ੀ ਸਦੀ ਵੋਟਾਂ ਮਿਲੀਆਂ ਹਨ ਤੇ ਉਹ ਇੱਕ ਵੀ ਸੀਟ ਨਹੀਂ ਜਿੱਤ ਸਕੀ।

ਭਾਰਤੀ ਜਨਤਾ ਪਾਰਟੀ ਨੂੰ ਦੋ ਤਿਹਾਈ ਬਹੁਮਤ ਮਿਲ ਗਿਆ ਹੈ। ਕਾਂਗਰਸ 19 ਹਲਕਿਆਂ ਵਿੱਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਸਮਰੱਥਾ ਵਿੱਚ ਸਫਲ ਰਿਹਾ, ਇਨ੍ਹਾਂ ਵਿੱਚੋਂ 12 ਸੀਟਾਂ ਵਿੱਚ ਜੇਕਰ ਉਹ ਆਮ ਆਦਮੀ ਨਾਲ ਰਲਕੇ ਚੋਣ ਲੜਦੀ ਤਾਂ ਉਸਦੇ ਉਮੀਦਵਾਰ ਜਿੱਤ ਸਕਦੇ ਸੀ। ਆਮ ਆਦਮੀ ਪਾਰਟੀ ਨੇ ਆਪਣੇ 62 ਵਿਧਾਇਕਾਂ ਵਿੱਚੋਂ 25 ਦੀਆਂ ਟਿਕਟਾਂ ਕੱਟ ਦਿੱਤੀਆਂ ਸਨ,  ਨਵੇਂ 22 ਉਮੀਦਵਾਰ ਚੋਣ ਹਾਰ ਗਏ। ਜਿਹੜੇ 37 ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਸਨ, ਉਨ੍ਹਾਂ ਵਿੱਚੋਂ ਵੀ 22 ਚੋਣ ਹਾਰ ਗਏ ਸਿਰਫ 15 ਹੀ ਜਿੱਤ ਸਕੇ ਹਨ। ਇਸ ਪ੍ਰਕਾਰ ਆਮ ਆਦਮੀ ਪਾਰਟੀ ਦੀਆਂ 30 ਫ਼ੀ ਸਦੀ ਸੀਟਾਂ ਘਟ ਗਈਆਂ ਹਨ।

ਇਨ੍ਹਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਤਿੰਨ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਚਾਰ-ਚਾਰ ਟਿਕਟਾਂ ਸਿੱਖ ਉਮੀਦਵਾਰਾਂ ਨੂੰ ਦਿੱਤੀਆਂ ਸਨ। ਇਸ ਵਾਰ ਤਿੰਨਾ ਪਾਰਟੀਆਂ ਨੇ 11 ਸਿੱਖ ਉਮੀਦਵਾਰਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਤਿੰਨੇ ਉਮੀਦਵਾਰ ਅਰਵਿੰਦਰ ਸਿੰਘ ਲਵਲੀ, ਮਨਜਿੰਦਰ ਸਿੰਘ ਸਿਰਸਾ ਅਤੇ ਤਰਵਿੰਦਰ ਮਰਵਾਹਾ, ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਅਤੇ ਕਰਨੈਲ ਸਿੰਘ ਚੋਣ ਜਿੱਤ ਗਏ ਹਨ।

ਕਾਂਗਰਸ  ਪਾਰਟੀ ਦੇ ਚਾਰੇ ਉਮੀਦਵਾਰ ਚੋਣ ਹਾਰ ਗਏ ਹਨ। ਦਿੱਲੀ ਦੀ ਗ਼ਰੀਬ ਜਨਤਾ ਨੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸਪੋਰਟ ਕੀਤੀ ਪ੍ਰੰਤੂ ਮੱਧਵਰਗ ਨੇ ਜਿਨ੍ਹਾਂ ਵਿੱਚ ਸਰਕਾਰੀ ਮੁਲਾਜਮ ਸ਼ਾਮਲ ਹਨ, ਉਨ੍ਹਾਂ ਨੇ ਕੇਂਦਰੀ ਬਜਟ ਵਿੱਚ ਇਨਕਮ ਟੈਕਸ ਵਿੱਚ 12 ਰੁਪਏ ਲੱਖ ਤੱਕ ਵਾਲਿਆਂ ਨੂੰ ਆਮਦਨ ਕਰ ਦੀ ਛੋਟ ਦੇਣ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਹੈ। ਇਨ੍ਹਾਂ ਨਤੀਜਿਆਂ ਦਾ ਪੰਜਾਬ ਦੀ ਸਿਆਸਤ ‘ਤੇ ਵੀ ਪ੍ਰਭਾਵ ਪੈਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

 
 
 
08ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਹੀਰੋ, ਕਾਂਗਰਸ ਜ਼ੀਰੋ ਤੇ ਆਮ ਆਦਮੀ ਪਾਰਟੀ ਲੀਰੋ-ਲੀਰ
ਉਜਾਗਰ ਸਿੰਘ
07ਗ਼ੈਰ ਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਣਾ ਭਾਰਤ ਦਾ ਅਪਮਾਨ ਅਮਰੀਕਾ ਦਾ  ਗੁਮਾਨ
ਉਜਾਗਰ ਸਿੰਘ
06ਅਮਰੀਕਾ ਤੋਂ ਭਾਰਤੀਆਂ ਦੀ ਵਾਪਸੀ - ਭਾਰਤ ਦੇ ਸ੍ਵੈਮਾਣ ਨੂੰ ਸੱਟ
ਹਰਜਿੰਦਰ ਸਿੰਘ ਲਾਲ
ugcਸੰਘੀ ਢਾਂਚੇ ਦਾ ਗਲ਼ਾ ਘੋਟੂ ਕੇਂਦਰ ਸਰਕਾਰ - ਵਿਸ਼ਵਵਿਦਿਆਲਾ ਅਨੁਦਾਨ ਆਯੋਗ  ਦੇ ਖਰੜੇ ਨਾਲ ਤਿੱਖਾ ਹੋਇਆ ਵਿਵਾਦ
ਹਰਜਿੰਦਰ ਸਿੰਘ ਲਾਲ
04ਟਰੰਪ ਰਾਜ ਵਿੱਚ ਭਾਰਤ ਅਤੇ ਅਮਰੀਕਾ ਦੇ ਬਦਲਦੇ ਰਿਸ਼ਤੇ
ਹਰਜਿੰਦਰ ਸਿੰਘ ਲਾਲ
03ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵੀ ਭੰਬਲਭੂਸੇ ਵਿੱਚ
 ਉਜਾਗਰ ਸਿੰਘ
02ਕੇਂਦਰੀ ਸਰਕਾਰਾਂ ਨੇ ਪੰਜਾਬ ਨਾਲ਼ ਮੁੱਢ ਤੋਂ ਧੱਕਾ ਕੀਤਾ
ਹਰਜਿੰਦਰ ਸਿੰਘ ਲਾਲ
01ਪੰਜਾਬੀਓ/ਕਿਸਾਨ ਭਰਾਵੋ ਜਗਜੀਤ ਸਿੰਘ ਡੱਲੇਵਾਲ ਨੂੰ ਬਚਾ ਲਓ: ਪੰਜਾਬ ਬਚ ਜਾਵੇਗਾ
ਉਜਾਗਰ  ਸਿੰਘ
56ਡਾ. ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਸੁਨਹਿਰੀ ਯੁਗ ਦਾ ਅੰਤ
ਉਜਾਗਰ  ਸਿੰਘ  
55ਮੋਹਨ ਭਾਗਵਤ ਬਿਆਨ: ਤੀਰ ਏਕ - ਨਿਸ਼ਾਨੇ ਅਨੇਕ 
ਹਰਜਿੰਦਰ ਸਿੰਘ ਲਾਲ
54ਪੰਜਾਬੀ ਭਾਸ਼ਾ: ਮੌਜੂਦਾ ਸਥਿਤੀ ਅਤੇ ਫਿਕਰਮੰਦੀ  
ਜਸਵੰਤ ਸਿੰਘ ਜ਼ਫ਼ਰ,  ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ
53ਅਕਾਲੀ ਦਲ ਨੂੰ ਗ਼ਲਤੀ ਦਰ ਗ਼ਲਤੀ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ  
ਉਜਾਗਰ ਸਿੰਘ

hore-arrow1gif.gif (1195 bytes)

   
     
 

Terms and Conditions/a>
Privacy Policy
© 1999-2025, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2025, 5abi.com