WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਅਮਰੀਕਾ ਤੋਂ ਭਾਰਤੀਆਂ ਦੀ ਵਾਪਸੀ - ਭਾਰਤ ਦੇ ਸ੍ਵੈਮਾਣ ਨੂੰ ਸੱਟ
ਹਰਜਿੰਦਰ ਸਿੰਘ ਲਾਲ                         (07/02/2025)

lall

06ਦਰਦ ਕੀ ਕਯਾ ਇੰਤਹਾ ਹੈ ਮਤ ਪੂਛੀਏ,
ਜਾਨ ਨਿਕਲੀ ਭੀ ਨਹੀਂ ਜੀਤੇ ਭੀ ਨਹੀਂ।
  (ਲਾਲ ਫਿਰੋਜ਼ਪੁਰੀ)

ਇਸ ਵਿਚ ਕੋਈ ਸ਼ੱਕ ਨਹੀਂ ਕਿ ਲੱਖਾਂ ਰੁਪਏ ਖਰਚ ਕੇ ਤੇ ਲੱਖਾਂ ਸੁਪਨੇ ਸਜਾ ਕੇ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ ਪਹੁੰਚੇ ਜਿਨ੍ਹਾਂ ਲੋਕਾਂ ਨੂੰ ਅਮਰੀਕਾ ਨੇ ਜਬਰੀ ਭਾਰਤ ਵਾਪਸ ਭੇਜਿਆ ਹੈ, ਉਨ੍ਹਾਂ ਦੀ ਪੀੜ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਉਨ੍ਹਾਂ ਦੇ ਸੁਪਨੇ ਹੀ ਨਹੀਂ ਟੁੱਟੇ, ਸਗੋਂ ਜ਼ਿੰਦਗੀ ਹੀ ਬਿਖਰ ਗਈ ਹੈ।

ਪਰ ਜਿਸ ਤਰ੍ਹਾਂ ਇਸ ਕੰਮ ਨੂੰ ਅਮਰੀਕਾ ਨੇ ਸਰ-ਅੰਜਾਮ ਦਿੱਤਾ ਹੈ, ਉਹ ਕਈ ਸਵਾਲ ਖੜ੍ਹੇ ਕਰਦਾ ਹੈ। ਉਸ ਨਾਲ ਭਾਰਤ ਸਰਕਾਰ ਕਟਹਿਰੇ ਵਿਚ ਖੜ੍ਹੀ ਹੋ ਗਈ ਹੈ।

ਇਸ ਮਾਮਲੇ ਵਿਚ ਉੱਠਦੇ ਸੁਆਲਾਂ ਵਿਚੋਂ ਸਭ ਤੋਂ ਪਹਿਲਾ ਸੁਆਲ ਤਾਂ ਅਮਰੀਕਾ ਵਲੋਂ ਕੀਤੇ ਮਨੁੱਖੀ ਅਧਿਕਾਰਾਂ ਦੇ ਸ਼ਰੇਆਮ ਉਲੰਘਣ ਦਾ ਹੈ। ਬੇਸ਼ੱਕ ਇਹ ਅਮਰੀਕਾ ਦਾ ਹੱਕ ਹੈ ਕਿ ਉਹ ਆਪਣੇ ਦੇਸ਼ ਵਿਚ ਆਏ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ 'ਡਿਪੋਰਟ' (ਦੇਸ਼ ਨਿਕਾਲਾ) ਕਰੇ, ਪਰ ਇਸ ਤਰ੍ਹਾਂ ਗ਼ੈਰ-ਮਨੁੱਖੀ ਵਿਵਹਾਰ ਕਰਨਾ ਤੇ ਉਸ ਨੂੰ ਪ੍ਰਵਾਨ ਕਰ ਲੈਣਾ, ਕਿਸੇ ਤਰ੍ਹਾਂ ਵੀ ਠੀਕ ਨਹੀਂ।

ਜਿਸ ਤਰ੍ਹਾਂ 104 ਭਾਰਤੀਆਂ ਨੂੰ ਬੇੜੀਆਂ ਤੇ ਹੱਥਕੜੀਆਂ ਵਿਚ ਜਕੜ ਕੇ ਜਹਾਜ਼ ਵਿਚ ਬਿਠਾਇਆ ਗਿਆ, ਉਹ ਨਾ ਤਾਂ ਅਮਰੀਕਾ ਨੂੰ ਸ਼ੋਭਾ ਦਿੰਦਾ ਹੈ ਤੇ ਨਾ ਹੀ ਭਾਰਤ ਨੂੰ ਇਹ ਪ੍ਰਵਾਨ ਕਰਨਾ ਚਾਹੀਦਾ ਹੈ। ਹਾਲਾਂਕਿ ਇਨ੍ਹਾਂ 104 ਭਾਰਤੀਆਂ ਵਿਚੋਂ ਸ਼ਾਇਦ ਹੀ ਕੋਈ ਗ਼ੈਰ-ਕਾਨੂੰਨੀ ਪ੍ਰਵਾਸ ਤੋਂ ਬਿਨਾਂ ਕਿਸੇ ਹੋਰ ਜੁਰਮ ਵਿਚ ਸ਼ਾਮਿਲ ਹੋਇਆ ਹੋਵੇ। ਅਜਿਹਾ ਵਿਵਹਾਰ ਤਾਂ ਕਾਤਲਾਂ ਨਾਲ ਵੀ ਘੱਟ ਹੀ ਕੀਤਾ ਜਾਂਦਾ ਹੈ। ਫਿਰ ਇਹ ਵੀ ਨਹੀਂ ਕਿ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਨੂੰ ਪਹਿਲੀ ਵਾਰ ਵਾਪਸ ਭੇਜਿਆ ਗਿਆ ਹੈ।

ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਨੇ 2018 ਤੋਂ 2023 ਤੱਕ 5,477 ਭਾਰਤੀ ਵਾਪਸ ਭੇਜੇ ਸਨ। 2024 ਵਿਚ ਵੀ 1,000 ਭਾਰਤੀ ਵਾਪਸ ਭੇਜੇ ਗਏ ਪਰ ਉਹ ਸਾਰੇ ਚਾਰਟਰ ਜਾਂ ਯਾਤਰੀ ਹਵਾਈ ਜਹਾਜ਼ ਵਿਚ ਭੇਜੇ ਗਏ ਸਨ। ਕਿਸੇ ਨੂੰ ਕੋਈ ਹੱਥ ਕੜੀ ਜਾਂ ਬੇੜੀ ਨਹੀਂ ਪਾਈ ਗਈ ਸੀ।

ਦੂਸਰਾ ਸਭ ਤੋਂ ਵੱਡਾ ਸੁਆਲ ਇਹ ਹੈ ਕਿ ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਇਹ ਮੰਨ ਕੇ ਆਏ ਸਨ ਕਿ ਭਾਰਤ ਸਾਰੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਲੈਣ ਲਈ ਤਿਆਰ ਹੈ ਤਾਂ ਕਿਉਂ ਅਮਰੀਕਾ ਨੇ ਉਨ੍ਹਾਂ ਨੂੰ ਵਾਪਸ ਭੇਜਣ ਲਈ ਅਮਰੀਕੀ ਫ਼ੌਜੀ ਹਵਾਈ ਜਹਾਜ਼ ਸੀ-17 ਗਲੋਬ ਮਾਸਟਰ ਦੀ ਵਰਤੋਂ ਕੀਤੀ?

ਗੌਰਤਲਬ ਹੈ ਕਿ ਜੇਕਰ ਇਹ ਵਿਅਕਤੀ ਕਿਸੇ ਯਾਤਰੀ ਜਹਾਜ਼ ਦੀ 'ਇਕੋਨਮੀ ਕਲਾਸ' ਵਿਚ ਵਾਪਸ ਭੇਜੇ ਜਾਂਦੇ ਤਾਂ ਇਨ੍ਹਾਂ ਦੀ ਟਿਕਟ ਦਾ ਖਰਚਾ 365 ਅਮਰੀਕੀ ਡਾਲਰ ਭਾਵ 32,000 ਰੁਪਏ ਪ੍ਰਤੀ ਵਿਅਕਤੀ ਹੀ ਹੋਣਾ ਸੀ। ਜੇ 'ਫਸਟ ਕਲਾਸ' ਦੀ ਟਿਕਟ ਵੀ ਹੁੰਦੀ ਤਾਂ ਵੀ ਕਰੀਬ 75,000 ਰੁਪਏ ਇਕ ਪਾਸੇ ਦਾ ਖਰਚਾ ਹੈ, ਪਰ ਜੇਕਰ 'ਚਾਰਟਡ ਫਲਾਈਟ' ਵੀ ਲਈ ਜਾਂਦੀ ਤਦ ਵੀ 2,125 ਡਾਲਰ ਪ੍ਰਤੀ ਵਿਅਕਤੀ ਬਣਦਾ ਹੈ, ਜੋ ਭਾਰਤੀ ਰੁਪਏ ਵਿਚ 1 ਲੱਖ 82 ਹਜ਼ਾਰ ਰੁਪਏ ਦੇ ਕਰੀਬ ਹੈ, ਜਦੋਂ ਕਿ ਅਮਰੀਕੀ ਫ਼ੌਜ ਦੇ ਜਹਾਜ਼ ਵਿਚ ਪ੍ਰਤੀ ਵਿਅਕਤੀ ਖਰਚਾ ਕਰੀਬ 3500 ਡਾਲਰ ਆਇਆ ਹੈ, ਜੋ ਕਰੀਬ 3 ਲੱਖ ਰੁਪਏ ਹੈ। ( ਵੈਸੇ ਇਹ ਅੰਕੜੇ ਸਿਧੇ ਨਾਨ ਸਟਾਪ ਉਡਾਣ 13 ਘੰਟੇ ਵਿਚ ਪਹੁੰਚਣ ਦੇ ਹਨ ਜਦੋਂ ਕਿ ਇਹ ਅਮਰੀਕੀ ਹਵਾਈ ਜਹਾਜ਼ ਤਾਂ 40 ਘੰਟੇ ਵਿਚ ਪਹੁੰਚਿਆ ਹੈ, ਇਸ ਹਿਸਾਬ ਨਾਲ ਤਾਂ ਪ੍ਰਤੀ ਵਿਅਕਤੀ ਖਰਚਾ 10 ਲੱਖ ਰੁਪਏ ਹੋ ਗਿਆ) ਸੋ ਸਪੱਸ਼ਟ ਹੈ ਕਿ ਆਮ ਨਾਲੋਂ 30 ਗੁਣਾ ਖਰਚਾ ਬਿਨਾਂ ਕਿਸੇ ਮਤਲਬ ਤਾਂ ਕੋਈ ਨਹੀਂ ਕਰਦਾ।

ਇਹ ਸਪੱਸ਼ਟ ਇਸ਼ਾਰਾ ਕਰਦਾ ਹੈ ਕਿ ਇਸ ਤਰ੍ਹਾਂ ਫ਼ੌਜੀ ਜਹਾਜ਼ ਭੇਜ ਕੇ ਅਮਰੀਕਾ ਭਾਰਤ ਨੂੰ ਕੋਈ ਹੋਰ ਸੰਦੇਸ਼ ਵੀ ਦੇਣਾ ਚਾਹੁੰਦਾ ਹੈ। ਉਂਜ ਇਹ ਕਿਸੇ ਧਮਕੀ ਵਰਗਾ ਹੀ ਜਾਪਦਾ ਹੈ ਤੇ ਇਹ ਭਾਰਤ ਦੇ ਸਵੈਮਾਣ 'ਤੇ ਚੋਟ ਵਰਗਾ ਵੀ ਲਗਦਾ ਹੈ।

ਬੇਸ਼ੱਕ ਕਈ ਵਾਰ ਵਿਦੇਸ਼ੀ ਫ਼ੌਜੀ ਜਹਾਜ਼ ਭਾਰਤ ਵਿਚ ਉਤਰਦੇ ਹਨ, ਪਰ ਉਹ ਜਾਂ ਤਾਂ ਭਾਰਤ ਨਾਲ ਸਾਂਝੀਆਂ 'ਵਾਰ ਡਰਿੱਲਾਂ' (ਮਸ਼ਕਾਂ) ਕਰਨ ਆਉਂਦੇ ਹਨ ਜਾਂ ਫਿਰ ਕੋਈ ਜਦੋਂ ਵਿਦੇਸ਼ੀ ਰਾਜ ਮੁਖੀ ਆਉਂਦੇ ਹਨ, ਤਦ ਉਨ੍ਹਾਂ ਦੀ ਏਅਰਫੋਰਸ ਦੇ ਜਹਾਜ਼ ਆਉਂਦੇ ਹਨ। ਸਾਨੂੰ ਯਾਦ ਹੈ ਕਿ ਜਦੋਂ ਚੰਦਰਸ਼ੇਖਰ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਉਸ ਵੇਲੇ ਇਜ਼ਰਾਈਲ ਦੀ ਮਦਦ ਲਈ ਜਾਂਦਾ ਇਕ ਅਮਰੀਕੀ ਜਹਾਜ਼ ਭਾਰਤ ਵਿਚ ਤੇਲ ਲੈਣ ਲਈ ਉਤਰਿਆ ਸੀ ਤਾਂ ਦੇਸ਼ ਵਿਚ ਇਸ ਵਿਰੁੱਧ ਹੰਗਾਮਾ ਮਚ ਗਿਆ ਸੀ।

ਅਮਰੀਕੀ ਫ਼ੌਜੀ ਜਹਾਜ਼ ਦਾ ਆਉਣਾ ਕਿਸੇ ਧੌਂਸ ਤੋਂ ਘੱਟ ਨਹੀਂ ਜਾਪਦਾ। ਜਦੋਂ ਭਾਰਤ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਲਈ ਖ਼ੁਦ ਹੀ ਤਿਆਰ ਹੈ ਤਾਂ ਉਹ ਖ਼ੁਦ ਹੀ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਮ ਕਿਉਂ ਨਹੀਂ ਕਰ ਲੈਂਦਾ? ਇਹ ਸਥਿਤੀ ਭਾਰਤ ਦੇ ਸਵੈਮਾਣ ਭਾਵ ਇੱਜ਼ਤ-ਏ-ਨਫ਼ਸ 'ਤੇ ਹਮਲੇ ਨਾਲੋਂ ਘੱਟ ਨਹੀਂ ਸਮਝੀ ਜਾਣੀ ਚਾਹੀਦੀ।

ਇੱਜ਼ਤ-ਏ-ਨਫ਼ਸ ਸੇ ਬੜ ਕਰ ਤੋ ਕੋਈ ਚੀਜ਼ ਨਹੀਂ,
ਜੋ ਤੁਮ੍ਹੇ ਛੋੜ ਕੇ ਜਾਏ, ਉਸੇ ਜਾਨੇ ਦੇਨਾ।
  (ਕੋਮਲ ਜੋਇਆ)

ਭਾਰਤ ਨੇ ਅੰਮ੍ਰਿਤਸਰ ਕਿਉਂ ਚੁਣਿਆ?

ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਮਰੀਕਾ ਵਲੋਂ ਭੇਜੇ ਇਸ ਜਹਾਜ਼ ਵਿਚ 33-33 ਬੰਦੇ ਗੁਜਰਾਤ ਅਤੇ ਹਰਿਆਣਾ ਦੇ ਸਨ, ਪੰਜਾਬ ਦੇ 30 ਪਰ ਜਹਾਜ਼ ਨੂੰ ਉਤਾਰਨ ਲਈ ਭਾਰਤ ਸਰਕਾਰ ਨੇ ਅੰਮ੍ਰਿਤਸਰ ਹੀ ਕਿਉਂ ਚੁਣਿਆ? ਇਸ ਲਈ ਦਿੱਲੀ ਜਾਂ ਚੰਡੀਗੜ੍ਹ ਜ਼ਿਆਦਾ ਬਿਹਤਰ ਜਾਪਦੇ ਹਨ, ਪਰ ਇਸ ਤਰ੍ਹਾਂ ਅੰਮ੍ਰਿਤਸਰ ਵਿਚ ਇਸ ਜਹਾਜ਼ ਦਾ ਉਤਰਨਾ ਇਸ ਪ੍ਰਭਾਵ ਨੂੰ ਹੋਰ ਪੱਕਿਆਂ ਕਰੇਗਾ ਕਿ ਸਿਰਫ਼ ਪੰਜਾਬੀ ਹੀ ਗ਼ੈਰ-ਕਾਨੂੰਨੀ ਪਰਵਾਸ ਕਰ ਰਹੇ ਹਨ ਜਦੋਂ ਕਿ ਇਹ ਸੱਚ ਨਹੀਂ ਹੈ।

ਅਮਰੀਕਾ ਵਿਚ ਗੁਜਰਾਤੀ, ਪੰਜਾਬੀਆਂ ਨਾਲੋਂ ਕਿਤੇ ਜ਼ਿਆਦਾ ਹਨ। ਅਸਲ ਵਿਚ ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਸਰਕਾਰ ਨੇ ਅਜਿਹਾ ਅੰਤਰਰਾਸ਼ਟਰੀ ਮਾਧਿਅਮ ਤੋਂ ਬਚਣ ਦੀ ਇਕ ਅਸਫਲ ਕੋਸ਼ਿਸ਼ ਵਜੋਂ ਕੀਤਾ ਹੈ, ਕਿਉਂਕਿ ਦਿੱਲੀ ਵਿਚ ਤਾਂ ਲਗਭਗ ਯਕੀਨੀ ਤੇ ਚੰਡੀਗੜ੍ਹ ਵਿਚ ਵੀ ਵਿਦੇਸ਼ੀ ਮੀਡੀਆ ਇਸ ਨੂੰ ਜ਼ਿਆਦਾ ਮਹੱਤਤਾ ਦੇ ਸਕਦਾ ਸੀ, ਪਰ ਅੰਮ੍ਰਿਤਸਰ ਭਾਰਤ ਦੇ ਇਕ ਕੋਨੇ ਵਿਚ ਸਥਿਤ ਹੈ, ਪਰ ਹੁਣ ਜਦੋਂ ਸੰਸਦ ਦੇ ਬਾਹਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬਜਟ ਇਜਲਾਸ ਦਰਮਿਆਨ ਖ਼ੁਦ ਨੂੰ ਹੱਥਕੜੀਆਂ ਬੰਨ੍ਹ ਕੇ ਵਿਖਾਵਾ ਕੀਤਾ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਸਰਕਾਰ ਦੀ ਮਾਮਲੇ ਨੂੰ ਠੰਢਾ ਰੱਖਣ ਦੀ ਕੋਸ਼ਿਸ਼ ਅਸਫਲ ਹੋ ਗਈ ਹੈ।

ਕੀ ਹੈ ਡੌਂਕੀ ਲਾ ਕੇ ਜਾਣਾ?

ਅਸਲ ਵਿਚ ਇਸ ਗ਼ੈਰ-ਕਾਨੂੰਨੀ ਪ੍ਰਵਾਸ ਦੇ ਸਭ ਤੋਂ ਭਿਆਨਕ ਰਸਤੇ ਨੂੰ 'ਡੌਂਕੀ ਰੂਟ' ਕਹਿਣਾ ਕਿਵੇਂ ਸ਼ੁਰੂ ਹੋਇਆ, ਇਸ ਦਾ ਕੁਝ ਪਤਾ ਨਹੀਂ ਲਗਦਾ। ਹਾਂ, ਅੰਗਰੇਜ਼ੀ ਭਾਸ਼ਾ ਦੇ ਸ਼ਬਦ 'ਡੌਂਕੀ' ਦਾ ਮਤਲਬ ਗਧਾ ਹੁੰਦਾ ਹੈ, ਜੋ ਭਾਰ ਢੋਣ ਵਾਲਾ ਜਾਨਵਰ ਹੈ। ਸ਼ਾਇਦ ਇਸ ਤਰ੍ਹਾਂ ਆਪਣੇ ਸਿਰਾਂ ਤੇ ਮੋਢਿਆਂ 'ਤੇ ਸਾਮਾਨ ਲੱਦ ਕੇ ਜੰਗਲਾਂ, ਪਹਾੜਾਂ ਤੇ ਖ਼ਤਰਨਾਕ ਰਸਤਿਆਂ ਰਾਹੀਂ ਜਾਣ ਕਰਕੇ ਇਨ੍ਹਾਂ ਨੂੰ 'ਡੌਂਕੀ' ਕਿਹਾ ਜਾਣ ਲੱਗਾ ਹੋਵੇ।

ਖ਼ੈਰ, ਇਸ ਕਥਿਤ 'ਡੰਕੀ ਜਾਂ ਡੌਂਕੀ ਰੂਟ' ਰਾਹੀਂ ਭਾਰਤ ਸਮੇਤ ਕਈ ਹੋਰ ਪਛੜੇ ਦੇਸ਼ਾਂ ਦੇ ਲੋਕ ਅਮਰੀਕਾ, ਕੈਨੇਡਾ ਜਾਂ ਯੂਰਪੀਅਨ ਦੇਸ਼ਾਂ ਨੂੰ ਜਾਂਦੇ ਹਨ। ਅਮਰੀਕਾ ਗ਼ੈਰ-ਕਾਨੂੰਨੀ ਜਾਣ ਵਾਲੇ ਲੋਕ ਲਤੀਨੀ ਅਮਰੀਕਾ ਦੇ ਉਨ੍ਹਾਂ ਦੇਸ਼ਾਂ ਵਿਚ ਪਹੁੰਚਾਏ ਜਾਂਦੇ ਹਨ, ਜਿੱਥੇ ਭਾਰਤੀਆਂ ਨੂੰ ਜਾਂ ਤਾਂ ਵੀਜ਼ੇ ਦੀ ਲੋੜ ਨਹੀਂ ਜਾਂ ਵੀਜ਼ਾ ਆਰਾਮ ਨਾਲ ਮਿਲ ਜਾਂਦਾ ਹੈ।

ਇਨ੍ਹਾਂ ਵਿਚ ਇਕਵਾਡੋਰ, ਬੋਲੀਵੀਆ, ਗੁਆਨਾ ਵਰਗੇ ਕਈ ਦੇਸ਼ ਹਨ ਜਾਂ ਫਿਰ ਇਨ੍ਹਾਂ ਨੂੰ ਬ੍ਰਾਜ਼ੀਲ ਤੇ ਵੈਨਜੂਏਲਾ ਭੇਜਿਆ ਜਾਂਦਾ ਹੈ। ਇੱਥੋਂ ਫਿਰ ਮਾਨਵ ਤਸਕਰ ਇਨ੍ਹਾਂ ਨੂੰ ਮੈਕਸੀਕੋ ਲੈ ਜਾਂਦੇ ਹਨ ਤੇ ਫਿਰ ਅੱਗੇ ਪਹੁੰਚਾਉਂਦੇ ਹਨ। ਜਦੋਂ ਕਿ ਕਈਆਂ ਨੂੰ ਸਿੱਧਾ ਮੈਕਸੀਕੋ ਹੀ ਭੇਜਿਆ ਜਾਂਦਾ ਹੈ।

ਲਤੀਨੀ ਅਮਰੀਕੀ ਦੇਸ਼ਾਂ ਵਿਚੋਂ ਮਾਨਵ ਤਸਕਰ ਇਨ੍ਹਾਂ ਨੂੰ ਕੋਲੰਬੀਆ ਲੈ ਜਾਂਦੇ ਹਨ, ਜਿੱਥੋਂ ਪਨਾਮਾ ਦੇ ਜੰਗਲਾਂ ਖ਼ਾਸ ਕਰ ਖ਼ਤਰਨਾਕ 'ਡਾਰੀਅਨ ਗੈਪ' ਜੰਗਲ ਵਿਚੋਂ ਲੰਘਾਇਆ ਜਾਂਦਾ ਹੈ, ਜੋ 65 ਮੀਲ ਤੋਂ ਵੀ ਲੰਮਾ ਹੈ, ਜ਼ਹਿਰੀਲੇ ਸੱਪਾਂ ਨਾਲ ਭਰਿਆ ਇਹ ਇਲਾਕਾ ਅੱਤਵਾਦੀ ਸਮੂਹਾਂ ਤੇ ਲੁਟੇਰਿਆਂ ਦਾ ਵੀ ਸ਼ਰਨ ਸਥਲ ਹੈ।

ਇੱਥੋਂ ਲੰਘਦੀਆਂ ਔਰਤਾਂ ਨਾਲ ਜਬਰ ਜਨਾਹ ਹੁੰਦੇ ਹਨ, ਬੰਦਿਆਂ ਨੂੰ ਲੁੱਟ ਲਿਆ ਜਾਂਦਾ ਹੈ। ਕਈ ਵਾਰ ਮਾਰ ਵੀ ਦਿੱਤਾ ਜਾਂਦਾ ਹੈ, ਪਰ ਇਨ੍ਹਾਂ ਦੀ ਕੋਈ ਸ਼ਿਕਾਇਤ ਦਰਜ ਨਹੀਂ ਹੁੰਦੀ। ਅਮਰੀਕਾ ਤੋਂ ਵਾਪਸ ਭੇਜੇ ਗਏ ਟਾਂਡਾ ਦੇ ਸੁਖਪਾਲ ਸਿੰਘ ਨੇ ਵੀ ਟੀ.ਵੀ. 'ਤੇ ਦੱਸਿਆ ਹੈ ਕਿ ਉਨ੍ਹਾਂ ਨਾਲ ਕੀ ਬੀਤੀ ਸੀ?

ਉਸ ਅਨੁਸਾਰ ਉਹ ਅਜਿਹੇ ਰਸਤਿਆਂ ਰਾਹੀਂ ਲੰਘੇ ਕਿ ਇਕ ਪੈਰ ਤਿਲਕਿਆਂ ਹੀ ਮੌਤ ਹੋ ਸਕਦੀ ਸੀ। ਫਿਰ ਜੇ ਕੋਈ ਰਾਹ ਵਿਚ ਜ਼ਖ਼ਮੀ ਹੋ ਗਿਆ ਜਾਂ ਕਿਸੇ ਦੇ ਕੋਈ ਸੱਪ ਲੜ ਗਿਆ ਤਾਂ ਉਸ ਨੂੰ (ਮਰਨ ਲਈ) ਉੱਥੇ ਹੀ ਛੱਡ ਦਿੱਤਾ ਜਾਂਦਾ ਹੈ। ਜਿਹੜੇ ਲੋਕ ਮੈਕਸੀਕੋ ਪਹੁੰਚਦੇ ਹਨ, ਉਹ ਵੀ ਸਰਹੱਦ 'ਤੇ ਸਖ਼ਤੀ ਹੋਣ ਕਾਰਨ 'ਰਿਓ ਗਰਾਂਡੇ' ਨਦੀ ਰਾਹੀਂ ਅਮਰੀਕਾ ਪਹੁੰਚਣ ਲਈ ਜਾਨ ਤਲੀ 'ਤੇ ਰੱਖਦੇ ਹਨ।

ਕੁਝ ਅਜਿਹਾ ਹੀ ਹਾਲ ਯੂਰਪ ਜਾਣ ਵਾਲਿਆਂ ਦਾ ਹੈ, ਉਹ ਸਾਇਬੇਰੀਆ ਦੇ ਜੰਗਲਾਂ ਵਿਚੋਂ ਲੰਘਦੇ ਹਨ ਅਤੇ ਰਾਹ ਵਿਚ ਬਰਫ਼ ਵਿਚ ਆਪਣੇ ਵਰਗਿਆਂ ਦੀਆਂ ਲਾਸ਼ਾਂ ਰੁਲਦੀਆਂ ਦੇਖਦੇ ਹਨ। ਇਹ ਲੋਕ ਇਕ ਹੋਰ ਰਸਤਾ 'ਤੁਰਕੀ' ਤੇ 'ਸਰਬੀਆ' ਆਦਿ ਦਾ ਵੀ ਅਪਣਾਉਂਦੇ ਹਨ।

ਏਜੰਟਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ?

ਇਸ ਵੇਲੇ ਇਕ ਅੰਦਾਜ਼ੇ ਮੁਤਾਬਿਕ ਅਮਰੀਕਾ ਵਿਚ 2 ਲੱਖ ਦੇ ਕਰੀਬ ਗ਼ੈਰ-ਕਾਨੂੰਨੀ ਭਾਰਤੀ ਪਰਵਾਸੀ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਗੁਜਰਾਤੀਆਂ ਤੇ ਪੰਜਾਬੀਆਂ ਦੀ ਹੈ।

ਹਾਲਤ ਇਹ ਹੈ ਕਿ ਏਜੰਟ 'ਡੌਂਕੀ ਰੂਟ' ਨੂੰ ਸੌਖਾ ਕਰਨ ਲਈ ਦੱਖਣ ਅਮਰੀਕੀ ਦੇਸ਼ਾਂ ਤੱਕ ਤਾਂ ਚਾਰਟਡ ਫਲਾਈਟਾਂ ਤੱਕ ਲੈ ਜਾਣ ਲੱਗੇ ਹਨ। ਉਹ ਪ੍ਰਤੀ ਵਿਅਕਤੀ 30 ਤੋਂ 50 ਲੱਖ ਰੁਪਏ ਲੈ ਰਹੇ ਦੱਸੇ ਜਾਂਦੇ ਹਨ।

2023 ਵਿਚ ਇਕ ਚਾਰਟਡ ਜਹਾਜ਼ ਤੇਲ ਲੈਣ ਲਈ ਫ਼ਰਾਂਸ ਉਤਰਿਆ ਸੀ। ਫ਼ਰਾਂਸ ਦੇ ਅਧਿਕਾਰੀਆਂ ਵਲੋਂ ਜਾਂਚ ਕਰਨ 'ਤੇ ਪਤਾ ਲੱਗਾ ਸੀ ਕਿ ਉਸ ਵਿਚ 303 ਭਾਰਤੀਆਂ ਨੂੰ ਮੱਧ ਅਮਰੀਕੀ ਦੇਸ਼ ਨਿਕਾਰਾਗੁਆ ਲਿਜਾਇਆ ਜਾ ਰਿਹਾ ਸੀ, ਜਿੱਥੋਂ ਅੱਗੇ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚਾਉਣਾ ਸੀ।

ਉਂਜ ਬਹੁਤ ਪਹਿਲਾਂ 1996 ਵਿਚ ਵਾਪਰਿਆ ਮਾਲਟਾ ਕਿਸ਼ਤੀ ਕਾਂਡ ਵੀ ਕੁਝ ਅਜਿਹਾ ਹੀ ਸੀ। ਇਹ ਕਿਸ਼ਤੀ ਬਹੁਤ ਸਾਰੇ ਭਾਰਤੀਆਂ ਨੂੰ ਯੂਰਪ ਲੈ ਕੇ ਜਾ ਰਹੀ ਸੀ, ਜਿਸ ਵਿਚ 283 ਲੋਕ ਮਾਰੇ ਗਏ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਵੀ ਇਨ੍ਹਾਂ ਏਜੰਟਾਂ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਕੋਈ ਨੀਤੀ ਨਾ ਤਾਂ ਕੇਂਦਰ ਸਰਕਾਰ ਨੇ ਐਲਾਨੀ ਹੈ ਤੇ ਨਾ ਹੀ ਪੰਜਾਬ ਸਰਕਾਰ ਨੇ ਕਾਰਵਾਈ ਅਜੇ ਕੋਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। (ਇਹ ਵੀ ਜਰੂਰੀ ਹੈ ਕਿ ਰਾਜਸੀ ਸ਼ਰਨ ਮਿਲਣ ਦਾ ਸੁਪਨਾ ਦਿਖਾ ਕੇ ਪੈਸੇ ਲੈ ਕੇ ਚਿੱਠੀ ਦੇਣ ਵਾਲਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ)

ਖ਼ੈਰ, ਇਹ ਚੰਗੀ ਗੱਲ ਹੈ ਕਿ ਇਸ ਵੇਲੇ ਸੰਸਦ ਦਾ ਬਜਟ ਇਜਲਾਸ ਚੱਲ ਰਿਹਾ ਹੈ ਤੇ ਵਿਰੋਧੀ ਧਿਰ ਨੇ ਮਾਮਲਾ ਬੜੇ ਜ਼ੋਰ ਨਾਲ ਉਠਾਇਆ ਹੈ, ਜਿਸ ਕਰਕੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਜੁਆਬ ਦੇਣਾ ਪਿਆ ਹੈ। (ਪਰ ਇਹ ਜਵਾਬ ਉਫ਼! ਲੱਗਾ ਹੀ ਨਹੀ ਜਿਵੇਂ ਕਿਸੇ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਫ਼ੌਜ ਦੇ ਮਾਲਿਕ ਦੇਸ਼ ਦੇ ਦੇਸ਼ ਦਾ ਵਿਦੇਸ਼ ਮੰਤਰੀ  ਬੋਲ ਰਿਹਾ ਹੋਵੇ।

ਜਦੋ ਕੁਲੰਬੀਆ ਵਰਗਾ ਨਿੱਕਾ ਜਿਹਾ ਦੇਸ਼ ਇਹ ਕਹਿਣ ਦੀ ਹਿੰਮਤ ਕਰ ਸਕਦਾ ਹੈ ਕਿ ਅਸੀਂ ਆਪਣੇ ਨਾਗਰਿਕਾਂ ਨਾਲ ਇਹ ਵਿਵਹਾਰ ਬਰਦਾਸ਼ਤ ਨਹੀਂ ਕਰਾਂਗੇ ਪਰ ਸਾਡੇ ਵਿਦੇਸ ਮੰਤਰੀ ਸੰਸਦ ਵਿਚ ਇਸਨੂੰ ਕਾਨੂੰਨੀ ਠਹਿਰਾ ਰਹੇ ਹਨ। ਫ਼ਿਰ ਉਹ ਖੁਦ ਕਹਿੰਦੇ ਹਨ ਕਿ ਔਰਤਾਂ ਨਾਲ ਇਹ ਨਹੀਂ ਕੀਤਾ ਜਾ ਸਕਦਾ , ਪਰ ਅਮਰੀਕਾ ਵੱਲੋਂ ਜਾਰੀ ਅਧਿਕਾਰਿਤ ਵੀਡੀਓ ਵਿਚ ਸਾਫ ਦਿਖਦਾ ਹੈ ਕਿ ਔਰਤਾਂ ਨਾਲ ਵੀ ਉਹੀ ਵਿਹਾਰ ਹੋਇਆ.)

ਰਾਜ ਸਭਾ ਵਿਚ ਕਾਂਗਰਸ ਮੈਂਬਰ ਰਣਦੀਪ ਸੂਰਜੇਵਾਲਾ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਅਮਰੀਕਾ ਵਿਚ 7 ਲੱਖ, 25 ਹਜ਼ਾਰ ਗ਼ੈਰ-ਪ੍ਰਵਾਸੀ ਹਨ, ਪਰ ਇਹ ਸੱਚਮੁੱਚ ਹੀ ਬਹੁਤ ਹੀ ਦਰਦ ਭਰੀ ਗੱਲ ਹੈ ਕਿ ਇਨ੍ਹਾਂ ਪਰਵਾਸੀਆਂ ਨੂੰ ਵਕਤ ਨੇ ਅਜਿਹਾ ਧੱਕਾ ਮਾਰਿਆ ਹੈ ਕਿ ਉਹ ਸੁਪਨਿਆਂ ਦੀ ਗੱਲ ਤਾਂ ਛੱਡੋ, ਮਾਨਸਿਕ ਤੇ ਆਰਥਿਕ ਤੌਰ 'ਤੇ ਵੀ ਸ਼ੀਸ਼ੇ ਵਾਂਗ ਟੁਕੜੇ-ਟੁਕੜੇ ਹੋ ਕੇ ਬਿਖਰ ਗਏ ਹਨ।

ਵਕਤ ਨੇ ਹਮੇਂ ਕੁਛ ਐਸੇ ਹੈ ਸੰਗ-ਸਾਰ ਕੀਯਾ,
ਟੂਟ ਕਰ ਬਿਖ਼ਰ ਗਏ ਆਈਨਾ-ਵਾਰੋਂ ਕੀ ਤਰਹਾ।
   ( ਲਾਲ ਫਿਰੋਜ਼ਪੁਰੀ)

1044, ਗੁਰੂ ਨਾਨਕ ਸਟਰੀਟ,
ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

 
 
 
06ਅਮਰੀਕਾ ਤੋਂ ਭਾਰਤੀਆਂ ਦੀ ਵਾਪਸੀ - ਭਾਰਤ ਦੇ ਸ੍ਵੈਮਾਣ ਨੂੰ ਸੱਟ
ਹਰਜਿੰਦਰ ਸਿੰਘ ਲਾਲ
ugcਸੰਘੀ ਢਾਂਚੇ ਦਾ ਗਲ਼ਾ ਘੋਟੂ ਕੇਂਦਰ ਸਰਕਾਰ - ਵਿਸ਼ਵਵਿਦਿਆਲਾ ਅਨੁਦਾਨ ਆਯੋਗ  ਦੇ ਖਰੜੇ ਨਾਲ ਤਿੱਖਾ ਹੋਇਆ ਵਿਵਾਦ
ਹਰਜਿੰਦਰ ਸਿੰਘ ਲਾਲ
04ਟਰੰਪ ਰਾਜ ਵਿੱਚ ਭਾਰਤ ਅਤੇ ਅਮਰੀਕਾ ਦੇ ਬਦਲਦੇ ਰਿਸ਼ਤੇ
ਹਰਜਿੰਦਰ ਸਿੰਘ ਲਾਲ
03ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵੀ ਭੰਬਲਭੂਸੇ ਵਿੱਚ
 ਉਜਾਗਰ ਸਿੰਘ
02ਕੇਂਦਰੀ ਸਰਕਾਰਾਂ ਨੇ ਪੰਜਾਬ ਨਾਲ਼ ਮੁੱਢ ਤੋਂ ਧੱਕਾ ਕੀਤਾ
ਹਰਜਿੰਦਰ ਸਿੰਘ ਲਾਲ
01ਪੰਜਾਬੀਓ/ਕਿਸਾਨ ਭਰਾਵੋ ਜਗਜੀਤ ਸਿੰਘ ਡੱਲੇਵਾਲ ਨੂੰ ਬਚਾ ਲਓ: ਪੰਜਾਬ ਬਚ ਜਾਵੇਗਾ
ਉਜਾਗਰ  ਸਿੰਘ
56ਡਾ. ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਸੁਨਹਿਰੀ ਯੁਗ ਦਾ ਅੰਤ
ਉਜਾਗਰ  ਸਿੰਘ  
55ਮੋਹਨ ਭਾਗਵਤ ਬਿਆਨ: ਤੀਰ ਏਕ - ਨਿਸ਼ਾਨੇ ਅਨੇਕ 
ਹਰਜਿੰਦਰ ਸਿੰਘ ਲਾਲ
54ਪੰਜਾਬੀ ਭਾਸ਼ਾ: ਮੌਜੂਦਾ ਸਥਿਤੀ ਅਤੇ ਫਿਕਰਮੰਦੀ  
ਜਸਵੰਤ ਸਿੰਘ ਜ਼ਫ਼ਰ,  ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ
53ਅਕਾਲੀ ਦਲ ਨੂੰ ਗ਼ਲਤੀ ਦਰ ਗ਼ਲਤੀ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ  
ਉਜਾਗਰ ਸਿੰਘ

hore-arrow1gif.gif (1195 bytes)

   
     
 

Terms and Conditions/a>
Privacy Policy
© 1999-2025, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2025, 5abi.com