ਦੇਸ਼
ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’
ਦੇ ਅੱਧੇ ਦਿਨ ਦੀ ਭੁੱਖ-ਹੜਤਾਲ ਸੱਦੇ ਉਪਰ ਇਪਟਾ ਪੰਜਾਬ
('ਭਾਰਤੀ ਲੋਕ ਨਾਟ ਸੰਘ') ਅਤੇ 'ਪ੍ਰਗਤੀਸ਼ੀਲ ਲੇਖਕ ਸੰਘ' ਵੱਲੋਂ
ਚੰਡੀਗੜ੍ਹ ਵਿਖੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ
'ਪ੍ਰਗਤੀਸ਼ੀਲ ਲੇਖਕ ਸੰਘ' ਦੇ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ,
ਕਪੂਰਥਲਾ ਵਿਖੇ ਇਪਟਾ, ਪੰਜਾਬ ਜਨਰਲ ਸੱਕਤਰ ਇੰਦਰਜੀਤ
ਰੂਪੋਵਾਲੀ, ਬਠਿੰਡਾ ਵਿਖੇ ਇਪਟਾ, ਦੀ ਜਿਲ੍ਹਾ ਇਕਾਈ ਦੇ ਕਨਵੀਨਰ ਜੇ. ਸੀ.
ਪਰਿੰਦਾ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਜਿਲਾ ਪ੍ਰਧਾਨ ਬਲਬੀਰ ਸਿੰਘ ਮੂਦਲ
ਦੀ ਰਹਿਨੁਮਾਈ ਹੇਠ ਅੱਧੇ ਦਿਨ ਦੀ ਭੁੱਖ-ਹੜਤਾਲ ਰੱਖੀ।
ਇਸ ਮੌਕੇ
ਸੰਜੀਵਨ ਸਿੰਘ ਅਤੇ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰ ਸਰਕਾਰ
ਅਤੇ 'ਭਾਜਪਾ' ਨੇਤਾ ਅੰਨਦਾਤਾ ਨੂੰ ਵਪਾਰੀ ਕਹਿਣ ਤੱਕ ਚੱਲੇ ਗਏ ਹਨ ਉਹਨਾਂ
ਮੁਤਾਬਿਕ ਕਿਸਾਨ ਆਪਣੀ ਫਸਲ ਦੀ ਕੀਮਤ ਵਸੂਲਦਾ ਹੈ। ਕੱਲ ਨੂੰ ਜੇ ਇਹ ਲੋਕ
ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾ ਬਾਰੇ ਇਹ ਕਹਿ ਦੇਣ ਕਿ ਫੌਜੀ ਵੀ ਸ਼ਹੀਦ
ਨਹੀਂ ਹਨ ਕਿਉਂਕਿ ਫੌਜੀ ਤਨਖਾਹ ਲੈ ਕੇ ਨੌਕਰੀ ਕਰਦੇ ਹਨ ਤਾਂ ਕੋਈ ਹੈਰਾਨੀ
ਨਹੀਂ ਹੋਵੇਗੀ। ਉਨਾਂ ਕਿਹਾ ਕਿ 27 ਦਸੰਬਰ ਨੂੰ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਦੀ 'ਮੰਨ ਕੀ ਬਾਤ' ਦੌਰਾਨ ਇਪਟਾ, ਪੰਜਾਬ ਅਤੇ
ਪ੍ਰਗਤੀਸ਼ੀਲ ਲੇਖਕ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਥਾਲੀਆਂ
ਖੜਕਾ ਕੇ ਹਾਕਿਮ ਨੂੰ ਗਹਿਰੀ ਨੀਂਦ ਵਿਚੋ ਜਗਾਉਣ ਦੀ ਕੌਸ਼ਿਸ਼ ਕੀਤੀ
ਜਾਵੇਗੀ।
ਚੰਡੀਗੜ੍ਹ ਸੈਕਟਰ 17 ਵਿਖੇ ਪ੍ਰੋਫੈਸਰ ਮਨਜੀਤ ਸਿੰਘ,
ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਜਨਰਲ ਸੱਕਤਰ
ਕੰਵਲਨੈਨ ਸਿੰਘ ਸੇਖੋਂ, ਡਾ. ਸਰਬਜੀਤ, ਨਾਟਕਰਮੀ ਸਵੈਰਾਜ ਸੰਧੂ, ਡਾ.
ਸਹਿਬ ਸਿੰਘ, ਲੇਖਕ ਕਸ਼ਮੀਰ ਕੌਰ, ਗੁਰਦਰਸ਼ਨ ਸਿੰਘ ਮਾਵੀ, ਕਰਮ ਸਿੰਘ ਵਕੀਲ,
ਸਾਧੂ ਸਿੰਘ ਲਾਲੀ, ਸਮਾਜਿਕ ਕਾਰਕੁਨ ਕਮਲਜੀਤ ਸਿੰਘ ਨੇ ਕਿਹਾ ਕਿ ਕੇਂਦਰ
ਸਰਕਾਰ ਜਿਨਾਂ ਲੋਕ ਅੰਦੋਲਨ ਵਿਚ ਤਬਦੀਲ ਹੋ ਚੁੱਕੇ ਕਿਸਾਨ ਅੰਦੋਲਨ ਨੂੰ
ਅੱਤਵਾਦੀ, ਨਕਸਲਵਾਲੀ, ਟੁਕੜੇ-ਟੁਕੜੇ ਗੈਂਗ ਜਾ ਕੋਈ ਹੋਰ ਦੂਸ਼ਣ ਲਾ ਕੇ
ਬਦਨਾਮ ਕਰ ਰਹੀ ਹੈ, ਉਨਾਂ ਹੀ ਅੰਦੋਲਨ ਹੋਰ ਵੀ ਤਿੱਖਾ ਤੇ ਪ੍ਰਚੰਡ ਹੋ
ਰਿਹਾ ਹੈ।
ਜਾਰੀ ਕਰਤਾ
ਪ੍ਰਚਾਰ ਸੱਕਤਰ, ਇਪਟਾ, ਪੰਜਾਬ
|