-ਗਲਾਸਗੋ ਗੁਰਦੁਆਰਾ ਸਾਹਿਬ 'ਤੇ ਲਗਾਏ
ਗੈਰ-ਸਮਾਜਿਕ ਕਾਰਵਾਈਆਂ ਦੀ ਦੂਸ਼ਣਬਾਜ਼ੀ ਦਾ ਮੁੱਦਾ ਉਠਾਇਆ -ਸਿਹਤ
ਜਾਗਰੂਕਤਾ ਕੈਂਪ ਦੌਰਾਨ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਲਾਹਾ ਲਿਆ
ਗਲਾਸਗੋ/ਲੰਡਨ - ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ
ਪ੍ਰਸਿੱਧ "ਸੈਂਟਰਲ ਗੁਰਦੁਆਰਾ ਸਿੰਘ ਸਭਾ" ਵਿਖੇ ਸਿਹਤ ਜਾਗਰੂਕਤਾ ਕੈਂਪ
ਲਗਾਇਆ ਗਿਆ। ਸਥਾਨਕ ਸਿਹਤ ਸੇਵਾਵਾਂ ਅਤੇ ਵਲੰਟੀਅਰ ਸਿਹਤ
ਕਾਮਿਆਂ ਦੇ ਸਹਿਯੋਗ ਨਾਲ ਵੱਖ ਵੱਖ ਬੀਮਾਰੀਆਂ ਤੋਂ ਬਚਾਅ ਲਈ ਸੰਗਤਾਂ ਨਾਲ
ਸਿੱਧਾ ਰਾਬਤਾ ਬਣਾਇਆ ਗਿਆ।
ਇਸ ਕੈਂਪ ਦੌਰਾਨ ਭਾਰੀ ਗਿਣਤੀ ਵਿੱਚ
ਸਿੱਖ ਭਾਈਚਾਰੇ ਦੇ ਲੋਕਾਂ ਨੇ ਹਾਜ਼ਰ ਡਾਕਟਰਾਂ ਦੀਆਂ ਸਲਾਹਾਂ ਦਾ ਲਾਹਾ
ਲਿਆ।
ਇਸ ਸਮੇਂ 'ਐਡਿਨਬਰਾ' ਸਥਿਤ ਭਾਰਤੀ 'ਕੌਂਸਲੇਟ ਜਨਰਲ'
ਦਫ਼ਤਰ ਵੱਲੋਂ ਕੌਂਸਲ ਜਨਰਲ ਹਿਤੇਸ਼ ਜੋਗੇਂਦਰਪਾਲ ਰਾਜਪਾਲ ਵੀ ਗੁਰਦੁਆਰਾ
ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ
ਸੰਗਤਾਂ ਦੀ ਸਿਹਤ ਸੰਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕਰਨ ਦੀ ਤਾਰੀਫ਼
ਕਰਦਿਆਂ ਉਹਨਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚਾ ਸਿੱਖ
ਭਾਈਚਾਰਾ ਵਧਾਈ ਦਾ ਪਾਤਰ ਹੈ, ਜੋ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ
'ਤੇ ਅਮਲ ਕਰਦਿਆਂ ਸਰੀਰਕ ਨਿਰੋਗਤਾ ਨੂੰ ਪਹਿਲ ਦੇ ਕੇ ਅਜਿਹੇ ਕੈਂਪ ਲਗਾ
ਰਿਹਾ ਹੈ।
ਇਸ ਉਪਰੰਤ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ
ਸੁਰਜੀਤ ਸਿੰਘ ਚੌਧਰੀ (ਐੱਮ ਬੀ ਈ), ਗੁਰਮੇਲ ਸਿੰਘ ਢਿੱਲੋਂ, ਡਾ:
ਇੰਦਰਜੀਤ ਸਿੰਘ, ਸਾਬਕਾ ਕੌਂਸਲਰ ਸੋਹਣ ਸਿੰਘ ਰੰਧਾਵਾ, ਗੁਰਮੇਲ ਸਿੰਘ
ਧਾਮੀ, ਹਰਬੰਸ ਸਿੰਘ ਖਹਿਰਾ, ਬਖ਼ਸੀਸ਼ ਸਿੰਘ, ਬਲਵੀਰ ਸਿੰਘ ਸੂਮਲ, ਨੀਲ ਲਾਲ
ਸ਼ਰਮਾ, ਜਸਪਾਲ ਸਿੰਘ ਖਹਿਰਾ, ਨਿਰੰਜਣ ਸਿੰਘ ਬਿਨਿੰਗ ਦੀ ਮੌਜ਼ੂਦਗੀ ਵਿੱਚ
ਕੌਂਸਲ ਜਨਰਲ ਨਾਲ ਸੰਵਾਦ ਰਚਾਇਆ ਗਿਆ ਜਿਸ ਦੌਰਾਨ ਹਾਜਰੀਨ ਵੱਲੋਂ ਕੌਂਸਲ
ਜਨਰਲ ਨਾਲ ਸਿੱਧੇ ਤੌਰ 'ਤੇ ਸਵਾਲ ਜਵਾਬ ਕੀਤੇ ਗਏ।
ਜਿੱਥੇ ਇਸ
ਸਮੇਂ ਭਾਰਤ ਅੰਦਰ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ, ਘੱਟ ਗਿਣਤੀਆਂ ਉੱਪਰ
ਸ਼ਰੇਆਮ ਹੁੰਦੇ ਹਮਲਿਆਂ ਦਾ ਮੁੱਦਾ ਉਠਾਇਆ ਗਿਆ, ਉੱਥੇ ਬੀਤੇ ਸਮੇਂ ਵਿੱਚ
'ਸਿੰਘ ਸਭਾ ਗੁਰੂਘਰ, ਗਲਾਸਗੋ' ਦਾ ਨਾਂਅ ਗੈਰ-ਸਮਾਜਿਕ ਗਤੀਵਿਧੀਆਂ ਨਾਲ
ਜੋੜਨ ਵਰਗੀ ਦੂਸ਼ਣਬਾਜ਼ੀ ਵੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਗਈ।
ਇਹਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਹਿਤੇਸ਼ ਰਾਜਪਾਲ ਨੇ ਕਿਹਾ ਕਿ ਉਹ
ਸਕਾਟਲੈਂਡ ਦੇ ਸਿੱਖ ਭਾਈਚਾਰੇ ਅਤੇ ਸਰਕਾਰ ਦਰਮਿਆਨ ਇੱਕ ਮਜ਼ਬੂਤ ਕੜੀ ਦਾ
ਕੰਮ ਕਰਦੇ ਹੋਏ ਹਰ ਮੰਗ ਅਤੇ ਗਿਲੇ ਸ਼ਿਕਵੇ ਨੂੰ ਭਾਰਤ ਸਰਕਾਰ ਦੇ ਧਿਆਨ
ਵਿੱਚ ਲਿਆਉਣਗੇ। ਨਾਲ ਹੀ ਉਹਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਸਾਨੂੰ ਸਾਰੇ
ਭਾਈਚਾਰਿਆਂ ਨੂੰ ਮਿਲਵਰਤਨ ਅਤੇ ਇਕਜੁਟਤਾ ਦਾ ਪੱਲਾ ਫੜ੍ਹਨਾ ਚਾਹੀਦਾ ਹੈ।
ਜੇਕਰ ਅਸੀਂ ਸਾਰੇ ਆਪਸੀ ਪਿਆਰ, ਬਗੈਰ ਭੇਦਭਾਵ ਦੇ ਰਹਿੰਦੇ ਹਾਂ ਤਾਂ ਅਸੀਂ
ਇੱਕ ਸੰਤੁਲਤ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਪਾ ਰਹੇ ਹੁੰਦੇ ਹਾਂ।
ਭਾਈਚਾਰੇ ਦੇ ਆਗੂਆਂ ਨਾਲ ਇਸ ਮਿਲਣੀ ਉਪਰੰਤ ਕਮੇਟੀ ਰਾਹੀਂ ਉਹਨਾਂ
ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ
ਆਉਂਦੀ ਹੈ ਤਾਂ ਉਹ ਦਫ਼ਤਰੀ ਸਮੇਂ ਦੀ ਪ੍ਰਵਾਹ ਕੀਤੇ ਬਿਨਾਂ ਹਰ ਸਮੇਂ ਹਰ
ਕਿਸੇ ਦੀ ਗੱਲ ਸੁਣਨ ਅਤੇ ਉਚਿਤ ਹੱਲ ਲੱਭਣ ਲਈ ਵਚਨਬੱਧ ਹੋਣਗੇ।
|