ਸਥਾਪਤ
ਲੇਖਕਾਂ ਵਿੱਚ ਸ਼ਾਮਲ ਹੋ ਚੁੱਕੇ 'ਇੰਡੋਜ਼ ਸਹਿਤਕ ਅਕੈਡਮੀ ਬ੍ਰਿਸਬੇਨ' ਦੇ
ਖਜ਼ਾਨਚੀ, ਪ੍ਰਸਿੱਧ ਗੀਤਕਾਰ ਸੁਰਜੀਤ ਸੰਧੂ ਦੀ ਪਲੇਠੀ ਬਾਲ ਪੁਸਤਕ
"ਨਿੱਕੇ-ਨਿੱਕੇ ਤਾਰੇ" ਉਹਨਾਂ ਦੇ ਜੱਦੀ ਪਿੰਡ ਅਜੀਤਵਾਲ (ਮੋਗਾ) ਵਿਖੇ
ਲੋਕ ਅਰਪਣ ਕੀਤੀ ਗਈ। ਸਹਿਤਕ ਖੇਤਰ ਵਿੱਚ ਨਵੀਂ ਪਿਰਤ ਦਾ ਮੁੱਢ
ਬੰਨ੍ਹਦਿਆਂ ਉਹਨਾਂ ਉਕਤ ਬਾਲ ਪੁਸਤਕ ਆਪਣੇ ਮਾਤਾ-ਪਿਤਾ ਜੀ ਅਤੇ ਪਿੰਡ ਦੇ
ਬੱਚਿਆਂ ਹੱਥੋਂ ਲੋਕ ਅਰਪਣ ਕਰਵਾਈ ਗਈ।
ਜ਼ਿਕਰਯੋਗ ਹੈ ਕਿ ਸੰਗੀਤ
ਜਗਤ ਵਿੱਚ ਇੱਕ ਪ੍ਰਸਿੱਧ ਗੀਤਕਾਰ ਵਜੋਂ ਜਾਣੇ ਜਾਂਦੇ ਸੁਰਜੀਤ ਸੰਧੂ ਦੇ
ਪਿਤਾ ਸਰਦਾਰ ਅਜਮੇਰ ਸਿੰਘ ਜੀ ਨੇ ਮਾਣ ਨਾਲ ਕਿਹਾ ਕਿ ਉਹਨਾਂ ਦੇ ਪੁੱਤਰ
ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਨਿਭਾਈ ਜਾ ਰਹੀ ਨਿਰੰਤਰ ਵਧੀਆ
ਭੂਮਿਕਾ ਉਹਨਾਂ ਦਾ ਸੀਨਾ ਚੌੜਾ ਕਰਦੀ ਹੈ।
ਇਸ ਅਨੋਖੇ ਸਮਾਗਮ
ਸੰਬੰਧੀ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸੁਰਜੀਤ ਸੰਧੂ ਨੇ ਦੱਸਿਆ ਕਿ ਇਹ
ਉਹਨਾਂ ਦਾ ਸੁਪਨਾ ਸੀ ਕਿ ਉਹ ਆਪਣੀ ਪਹਿਲੀ ਪੁਸਤਕ ਆਪਣੇ ਮਾਤਾ-ਪਿਤਾ ਦੇ
ਹੱਥੋਂ ਲੋਕ ਅਰਪਿਤ ਕਰਵਾਉਣ ਤੇ ਇਹ ਸਬੱਬ ਹੈ ਕਿ ਇਹ ਪੁਸਤਕ ਇੱਕ ਬਾਲ
ਪੁਸਤਕ ਹੀ ਹੋਈ।
ਪੁਸਤਕ ਦੇ ਲੋਕ ਅਰਪਣ ਸਮਾਗਮ ਸਮੇਂ ਉਨ੍ਹਾਂ ਦੇ
ਘਰ ਪਿੰਡ ਦੇ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਮਾਨ ਉਚੇਚੇ ਤੌਰ ਉੱਤੇ
ਹਾਜ਼ਰ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ
ਸਾਡੇ ਨਗਰ ਵਿਚ ਨੌਜਵਾਨ ਪੀੜ੍ਹੀ ਵਿਚ ਸਾਹਿਤ ਪ੍ਰਤੀ ਰੁਚੀ ਰੱਖਣ ਵਾਲੇ
ਅਜੋਕੇ ਸਮੇਂ ਵਿੱਚ ਵੀ ਮੌਜੂਦ ਹਨ ਤੇ ਸੁਰਜੀਤ ਸੰਧੂ ਇਸ ਖੇਤਰ ਵਿੱਚ
ਉਹਨਾਂ ਨੂੰ ਰਾਹ ਦਿਖਾਉਣ ਦਾ ਕਾਰਜ਼ ਕਰ ਰਹੇ ਹਨ।
ਉਹਨਾਂ ਤੋਂ
ਇਲਾਵਾ ਲੇਖਕ ਸੁਰਜੀਤ ਸੰਧੂ ਦੇ ਮਾਤਾ ਸ੍ਰੀਮਤੀ ਹਰਜੀਤ ਕੌਰ ਸੰਧੂ, ਸ:
ਅਮਰ ਸਿੰਘ ਸੰਧੂ (ਤਾਇਆ) ਸਾਬਕਾ ਪ੍ਰਧਾਨ ਗੁਰੂਦੁਆਰਾ ਸੰਧੂ ਪੱਤੀ, ਦਲਜੀਤ
ਸਿੰਘ ਸੰਧੂ, ਸਨਦੀਪ ਕੌਰ ਸੰਧੂ, ਨਾਨਕ ਸਿੰਘ, ਜਸਵਿੰਦਰ ਕੌਰ ਸਮੇਤ
ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।
|