70 ਬੱਚਿਆਂ ਨੂੰ ਸਿੱਖੀ ਦੀ ਜਮਾਤ ਲਈ
ਲੋੜੀਂਦੀ ਸਮੱਗਰੀ ਵਾਲੇ ਬਸਤੇ ਤਕਸੀਮ ਕੀਤੇ ਗਲਾਸਗੋ/ਲੰਡਨ -
ਵਿਦੇਸ਼ਾਂ ਵਿੱਚ ਕੋਈ ਟਾਂਵਾਂ ਗੁਰੂਘਰ ਹੀ ਹੋਵੇਗਾ ਜਿੱਥੇ ਨਵੀਂ ਪਨੀਰੀ
ਨੂੰ ਮਾਂ ਬੋਲੀ ਜਾਂ ਸਿੱਖੀ ਰਹਿਤ ਮਰਿਆਦਾ ਦੀ ਸਿੱਖਿਆ ਦੇ ਪੁਖਤਾ ਪ੍ਰਬੰਧ
ਨਾ ਕੀਤੇ ਗਏ ਹੋਣ।
ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ
ਗੁਰੂਘਰਾਂ ਅੰਦਰ ਚਲਦੇ ਪੰਜਾਬੀ ਸਕੂਲ ਅਤੇ ਸਿੱਖੀ ਕਲਾਸਾਂ ਸੁਚੱਜੇ
ਪ੍ਰਬੰਧਾਂ ਕਰਕੇ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਸੈਂਕੜਿਆਂ ਦੀ ਗਿਣਤੀ ਵਿੱਚ ਬੱਚੇ ਹਸੂੰ ਹਸੂੰ ਕਰਦੇ ਚਿਹਰਿਆਂ ਨਾਲ ਆਪਣੀ
ਸਕੂਲੀ ਵਿੱਦਿਆ ਦੇ ਨਾਲ ਨਾਲ ਇਹਨਾਂ ਕਲਾਸਾਂ ਵਿੱਚ ਹਿੱਸਾ ਲੈਣ ਪਹੁੰਚਦੇ
ਹਨ।
ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਗਲਾਸਗੋ ਵਿਖੇ ਸਿੱਖੀ
ਕਲਾਸਾਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਦੇ ਸਨਮਾਨ ਹਿਤ
ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਜਿੱਥੇ ਚਾਰ ਕਲਾਸਾਂ ਦੇ
ਪ੍ਰਤਿਭਾਸ਼ਾਲੀ ਬੱਚਿਆਂ ਨੂੰ ਵਿਸ਼ੇਸ਼
ਪ੍ਰਮਾਣ-ਪੱਤਰਾਂ ਨਾਲ ਨਿਵਾਜਿਆ ਗਿਆ, ਉੱਥੇ ਸਿੱਖੀ ਕਲਾਸਾਂ
ਰਾਹੀਂ ਗਿਆਨ ਹਾਸਲ ਕਰ ਰਹੇ 70 ਬੱਚਿਆਂ ਨੂੰ ਲੋੜੀਂਦੀ ਸਮੱਗਰੀ ਨਾਲ ਲੈਸ
ਬਸਤੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਗੁਰਦੁਆਰਾ
ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਲਭਾਇਆ ਸਿੰਘ ਮਹਿਮੀ, ਟਰਸਟੀ
ਵਿਜੇਪਾਲ ਸਿੰਘ ਬਾਰਹਾ, ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਦੇ
ਮਨਾਂ ਅੰਦਰ ਪੁੰਗਰੇ ਸਿੱਖੀ ਦੇ ਬੂਟੇ ਨੂੰ ਸੰਭਾਲਣ ਅਤੇ ਸਹੀ ਦਿਸ਼ਾ ਦੇਣ
ਵਾਲੇ ਅਧਿਆਪਕਾਂ ਜਸਪ੍ਰੀਤ ਕੌਰ ਬਾਰਹਾ, ਪ੍ਰਭਜੋਤ ਕੌਰ ਬਾਰਹਾ, ਰਣਜੀਤ
ਕੌਰ ਹੇਅਰ, ਪ੍ਰਭਜੋਤ ਕੌਰ ਵਿਰਹਾ, ਅਮਨ ਸਿੰਘ, ਗੁੰਜਨ ਕੌਰ, ਦਿਲਮੀਤ
ਕੌਰ, ਮਨਦੀਪ ਕੌਰ, ਕੁਲਵਿੰਦਰ ਕੌਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ
ਕੀਤਾ ਗਿਆ।
ਇਸ ਸਮੇਂ ਬੋਲਦਿਆਂ ਲਭਾਇਆ ਸਿੰਘ ਮਹਿਮੀ ਤੇ
ਜਸਪ੍ਰੀਤ ਕੌਰ ਬਾਰਹਾ ਨੇ ਕਿਹਾ ਕਿ ਬੱਚਿਆਂ ਨੂੰ ਵਡਮੁੱਲੇ ਸਿੱਖ ਇਤਿਹਾਸ
ਤੋਂ ਜਾਣੂੰ ਕਰਵਾਉਣ ਲਈ ਸਿੱਖੀ ਕਲਾਸਾਂ ਵਿੱਚ ਭੇਜਣ ਵਾਲੇ ਮਾਪੇ ਵਧਾਈ ਦੇ
ਪਾਤਰ ਹਨ ਅਤੇ ਅਧਿਆਪਕ ਵੀ ਉਹਨਾਂ ਦੀਆਂ ਉਮੀਦਾਂ 'ਤੇ ਖ਼ਰੇ ਉੱਤਰਦਿਆਂ
ਤਨਦੇਹੀ ਨਾਲ ਸੇਵਾ ਕਰਦੇ ਹਨ। ਇਸ ਲਈ ਗੁਰੂਘਰ ਦੀ ਪ੍ਰਬੰਧਕੀ ਕਮੇਟੀ
ਬੱਚਿਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਖੁਸ਼ੀ ਮਹਿਸੂਸ ਕਰਦੀ ਹੈ।
|